ਚੌਥਾ ਅਧਿਆਇ
ਇਕ ਵੱਡੀ ਮੂਰਤ ਦਾ ਉਤਾਰ ਅਤੇ ਚੜ੍ਹਾਅ
1. ਸਾਨੂੰ ਉਸ ਗੱਲ ਵਿਚ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ ਜੋ ਰਾਜਾ ਨਬੂਕਦਨੱਸਰ ਦੁਆਰਾ ਦਾਨੀਏਲ ਅਤੇ ਹੋਰਨਾਂ ਨੂੰ ਕੈਦੀ ਬਣਾਉਣ ਤੋਂ ਦਸ ਸਾਲ ਬਾਅਦ ਹੋਈ ਸੀ?
ਤਕਰੀਬਨ ਦਸ ਸਾਲ ਪਹਿਲਾਂ ਰਾਜਾ ਨਬੂਕਦਨੱਸਰ ਨੇ ਦਾਨੀਏਲ ਅਤੇ “ਦੇਸ ਦਿਆਂ [ਹੋਰਨਾਂ] ਮਹਾਂ ਪੁਰਸ਼ਾਂ” ਨੂੰ ਯਹੂਦਾਹ ਤੋਂ ਬਾਬਲ ਵਿਚ ਕੈਦੀ ਬਣਾ ਕੇ ਲਿਆਂਦਾ ਸੀ। (2 ਰਾਜਿਆਂ 24:15) ਨੌਜਵਾਨ ਦਾਨੀਏਲ ਰਾਜੇ ਦੇ ਦਰਬਾਰ ਵਿਚ ਸੇਵਾ ਕਰ ਰਿਹਾ ਹੈ ਜਦੋਂ ਕੁਝ ਅਜਿਹਾ ਹੁੰਦਾ ਹੈ ਜਿਸ ਕਾਰਨ ਉਸ ਦੀ ਜਾਨ ਖ਼ਤਰੇ ਵਿਚ ਪੈ ਜਾਂਦੀ ਹੈ। ਸਾਨੂੰ ਇਸ ਗੱਲ ਵਿਚ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ? ਇਸ ਲਈ ਕਿ ਜੋ ਕੁਝ ਯਹੋਵਾਹ ਪਰਮੇਸ਼ੁਰ ਕਰਦਾ ਹੈ ਉਹ ਨਾ ਸਿਰਫ਼ ਦਾਨੀਏਲ ਅਤੇ ਹੋਰਨਾਂ ਦੀ ਜਾਨ ਬਚਾਉਂਦਾ ਹੈ, ਪਰ ਉਹ ਸਾਨੂੰ ਬਾਈਬਲ ਭਵਿੱਖਬਾਣੀ ਦੀਆਂ ਉਨ੍ਹਾਂ ਵਿਸ਼ਵ ਸ਼ਕਤੀਆਂ ਦੇ ਉਤਾਰ ਅਤੇ ਚੜ੍ਹਾਅ ਦਾ ਨਜ਼ਾਰਾ ਵੀ ਪੇਸ਼ ਕਰਦਾ ਹੈ ਜੋ ਸਾਡੇ ਸਮਿਆਂ ਤਕ ਜਾਰੀ ਰਹੀਆਂ ਹਨ।
ਇਕ ਬਾਦਸ਼ਾਹ ਮੁਸ਼ਕਲ ਸਮੱਸਿਆ ਦਾ ਸਾਮ੍ਹਣਾ ਕਰਦਾ ਹੈ
2. ਨਬੂਕਦਨੱਸਰ ਨੂੰ ਉਸ ਦਾ ਪਹਿਲਾ ਭਵਿੱਖ-ਸੂਚਕ ਸੁਪਨਾ ਕਦੋਂ ਆਇਆ ਸੀ?
2 ਦਾਨੀਏਲ ਨਬੀ ਨੇ ਲਿਖਿਆ ਕਿ “ਨਬੂਕਦਨੱਸਰ ਨੇ ਆਪਣੇ ਰਾਜ ਦੇ ਦੂਜੇ ਵਰ੍ਹੇ ਵਿੱਚ ਅਜਿਹੇ ਸੁਫ਼ਨੇ ਵੇਖੇ ਜਿਨ੍ਹਾਂ ਤੋਂ ਉਹ ਦੀ ਜਾਨ ਘਬਰਾ ਗਈ ਅਤੇ ਉਹ ਦੀ ਨੀਂਦ ਜਾਂਦੀ ਰਹੀ।” (ਦਾਨੀਏਲ 2:1) ਇਹ ਸੁਪਨਾ ਦੇਖਣ ਵਾਲਾ ਬਾਬਲੀ ਸਾਮਰਾਜ ਦਾ ਬਾਦਸ਼ਾਹ ਨਬੂਕਦਨੱਸਰ ਸੀ। ਉਹ ਅਸਲ ਵਿਚ, 607 ਸਾ.ਯੁ.ਪੂ. ਵਿਚ ਦੁਨੀਆਂ ਦਾ ਸ਼ਾਸਕ ਬਣ ਗਿਆ ਸੀ ਜਦੋਂ ਯਹੋਵਾਹ ਪਰਮੇਸ਼ੁਰ ਨੇ ਉਸ ਨੂੰ ਯਰੂਸ਼ਲਮ ਅਤੇ ਉਸ ਦੀ ਹੈਕਲ ਬਰਬਾਦ ਕਰਨ ਦੀ ਇਜਾਜ਼ਤ ਦਿੱਤੀ। ਦੁਨੀਆਂ ਦੇ ਸ਼ਾਸਕ ਦੇ ਤੌਰ ਤੇ ਨਬੂਕਦਨੱਸਰ ਦੇ ਦੂਜੇ ਵਰ੍ਹੇ (606/605 ਸਾ.ਯੁ.ਪੂ.) ਵਿਚ, ਪਰਮੇਸ਼ੁਰ ਨੇ ਉਸ ਨੂੰ ਇਕ ਡਰਾਉਣਾ ਸੁਪਨਾ ਦਿਖਾਇਆ।
3. ਰਾਜੇ ਦਾ ਸੁਪਨਾ ਕੌਣ ਨਹੀਂ ਦੱਸ ਸਕੇ, ਅਤੇ ਇਸ ਕਾਰਨ ਨਬੂਕਦਨੱਸਰ ਨੇ ਕੀ ਕੀਤਾ?
3 ਨਬੂਕਦਨੱਸਰ ਇਸ ਸੁਪਨੇ ਤੋਂ ਇੰਨਾ ਘਬਰਾਇਆ ਕਿ ਉਸ ਦੀ ਨੀਂਦ ਉੱਡ ਗਈ। ਇਹ ਕੁਦਰਤੀ ਹੈ ਕਿ ਉਹ ਇਸ ਸੁਪਨੇ ਦਾ ਭੇਤ ਜਾਣਨਾ ਚਾਹੁੰਦਾ ਸੀ। ਪਰ ਇਹ ਸ਼ਕਤੀਸ਼ਾਲੀ ਬਾਦਸ਼ਾਹ ਆਪਣਾ ਸੁਪਨਾ ਭੁੱਲ ਗਿਆ ਸੀ! ਇਸ ਲਈ ਉਸ ਨੇ ਬਾਬਲ ਦੇ ਜਾਦੂਗਰਾਂ, ਜੋਤਸ਼ੀਆਂ, ਅਤੇ ਮੰਤਰੀਆਂ ਨੂੰ ਸੱਦ ਕੇ ਹੁਕਮ ਦਿੱਤਾ ਕਿ ਉਹ ਉਸ ਦਾ ਸੁਪਨਾ ਹੀ ਨਹੀਂ, ਬਲਕਿ ਉਹ ਦਾ ਅਰਥ ਵੀ ਦੱਸਣ। ਪਰ ਉਹ ਦੱਸ ਨਹੀਂ ਸਕੇ। ਇਸ ਕਾਰਨ ਨਬੂਕਦਨੱਸਰ ਇੰਨਾ ਕ੍ਰੋਧਵਾਨ ਹੋਇਆ ਕਿ ਉਸ ਨੇ ਹੁਕਮ ਦਿੱਤਾ ਕਿ ‘ਬਾਬਲ ਦੇ ਸਾਰੇ ਗਿਆਨੀਆਂ ਦਾ ਨਾਸ ਕੀਤਾ ਜਾਵੇ!’ ਇਹ ਹੁਕਮ ਦਾਨੀਏਲ ਨਬੀ ਨੂੰ ਥਾਪੇ ਗਏ ਜਲਾਦ ਦੇ ਸਾਮ੍ਹਣੇ ਲਿਆਵੇਗਾ। ਕਿਉਂ? ਕਿਉਂਕਿ ਉਹ ਅਤੇ ਉਸ ਦੇ ਤਿੰਨ ਇਬਰਾਨੀ ਸਾਥੀ, ਹਨਨਯਾਹ, ਮੀਸ਼ਾਏਲ ਤੇ ਅਜ਼ਰਯਾਹ, ਬਾਬਲ ਦੇ ਗਿਆਨੀਆਂ ਵਿਚ ਗਿਣੇ ਜਾਂਦੇ ਸਨ।—ਦਾਨੀਏਲ 2:2-14.
ਦਾਨੀਏਲ ਬਚਾਉਣ ਆਉਂਦਾ ਹੈ
4. (ੳ) ਦਾਨੀਏਲ ਨੂੰ ਨਬੂਕਦਨੱਸਰ ਦੇ ਸੁਪਨੇ ਅਤੇ ਉਸ ਦੇ ਭੇਤ ਦਾ ਕਿਵੇਂ ਪਤਾ ਲੱਗਾ? (ਅ) ਦਾਨੀਏਲ ਨੇ ਯਹੋਵਾਹ ਪਰਮੇਸ਼ੁਰ ਦਾ ਸ਼ੁਕਰਗੁਜ਼ਾਰ ਕਰਦਿਆਂ ਕੀ ਕਿਹਾ?
4 ਨਬੂਕਦਨੱਸਰ ਦੇ ਸਖ਼ਤ ਹੁਕਮ ਬਾਰੇ ਪਤਾ ਲੱਗਣ ਤੋਂ ਬਾਅਦ, ‘ਦਾਨੀਏਲ ਨੇ ਅੰਦਰ ਜਾ ਕੇ ਰਾਜੇ ਅੱਗੇ ਅਰਦਾਸ ਕੀਤੀ ਭਈ ਜੇ ਉਸ ਨੂੰ ਵਕਤ ਦਿੱਤਾ ਜਾਵੇ ਤਾਂ ਉਹ ਰਾਜੇ ਨੂੰ ਅਰਥ ਦੱਸੇਗਾ।’ ਦਾਨੀਏਲ ਨੂੰ ਆਗਿਆ ਦਿੱਤੀ ਗਈ। ਆਪਣੇ ਘਰ ਵਾਪਸ ਆ ਕੇ ਦਾਨੀਏਲ ਅਤੇ ਉਸ ਦੇ ਤਿੰਨ ਇਬਰਾਨੀ ਸਾਥੀਆਂ ਨੇ “ਏਸ ਭੇਤ ਦੇ ਵਿਖੇ ਅਕਾਸ਼ ਦੇ ਪਰਮੇਸ਼ੁਰ ਤੋਂ ਦਯਾ” ਲਈ ਪ੍ਰਾਰਥਨਾ ਕੀਤੀ। ਉਸੇ ਰਾਤ, ਯਹੋਵਾਹ ਨੇ ਇਕ ਦਰਸ਼ਣ ਰਾਹੀਂ ਦਾਨੀਏਲ ਨੂੰ ਸੁਪਨੇ ਦਾ ਭੇਤ ਦੱਸ ਦਿੱਤਾ। ਦਿਲੋਂ ਸ਼ੁਕਰਗੁਜ਼ਾਰ ਕਰਦਿਆਂ ਦਾਨੀਏਲ ਨੇ ਕਿਹਾ: “ਪਰਮੇਸ਼ੁਰ ਦਾ ਨਾਮ ਸਦਾ ਤਾਈਂ ਮੁਬਾਰਕ ਹੋਵੇ, ਕਿਉਂ ਜੋ ਬੁੱਧ ਤੇ ਸ਼ਕਤੀ ਉਸ ਦੀ ਹੈ! ਉਹੀ ਸਮਿਆਂ ਤੇ ਵੇਲਿਆਂ ਨੂੰ ਬਦਲਦਾ ਹੈ, ਉਹੀ ਰਾਜਿਆਂ ਨੂੰ ਹਟਾਉਂਦਾ ਤੇ ਅਸਥਾਪਦਾ ਹੈ, ਉਹੀ ਬੁੱਧਵਾਨਾਂ ਨੂੰ ਬੁੱਧ ਤੇ ਗਿਆਨੀਆਂ ਨੂੰ ਗਿਆਨ ਦਿੰਦਾ ਹੈ। ਉਹੀ ਡੂੰਘੀਆਂ ਤੇ ਛਿਪੀਆਂ ਹੋਈਆਂ ਗੱਲਾਂ ਨੂੰ ਪਰਗਟ ਕਰਦਾ ਹੈ, ਅਤੇ ਜੋ ਕੁਝ ਅਨ੍ਹੇਰੇ ਵਿੱਚ ਹੈ ਉਹ ਨੂੰ ਜਾਣਦਾ ਹੈ, ਅਤੇ ਚਾਨਣ ਉਸੇ ਦੇ ਨਾਲ ਵੱਸਦਾ ਹੈ।” ਇਸ ਜਾਣਕਾਰੀ ਲਈ ਦਾਨੀਏਲ ਨੇ ਯਹੋਵਾਹ ਦੀ ਵਡਿਆਈ ਕੀਤੀ।—ਦਾਨੀਏਲ 2:15-23.
5. (ੳ) ਜਦੋਂ ਦਾਨੀਏਲ ਨੂੰ ਰਾਜੇ ਦੇ ਸਾਮ੍ਹਣੇ ਲਿਆਂਦਾ ਗਿਆ, ਤਾਂ ਉਸ ਨੇ ਯਹੋਵਾਹ ਦੀ ਵਡਿਆਈ ਕਿਵੇਂ ਕੀਤੀ? (ਅ) ਦਾਨੀਏਲ ਨੇ ਜੋ ਕਿਹਾ ਉਹ ਅੱਜ ਸਾਡੇ ਲਈ ਕਿਉਂ ਦਿਲਚਸਪ ਹੈ?
5 ਅਗਲੇ ਦਿਨ, ਦਾਨੀਏਲ, ਅਰਯੋਕ ਨਾਮਕ ਜਲਾਦਾਂ ਦੇ ਸਰਦਾਰ ਕੋਲ ਗਿਆ ਜਿਹ ਨੂੰ ਰਾਜੇ ਨੇ ਬਾਬਲ ਦੇ ਗਿਆਨੀਆਂ ਨੂੰ ਨਾਸ ਕਰਨ ਲਈ ਥਾਪਿਆ ਸੀ। ਇਹ ਪਤਾ ਲੱਗਣ ਤੇ ਕਿ ਦਾਨੀਏਲ ਸੁਪਨੇ ਦਾ ਅਰਥ ਦੱਸ ਸਕਦਾ ਹੈ, ਅਰਯੋਕ ਉਸ ਨੂੰ ਛੇਤੀ ਨਾਲ ਰਾਜੇ ਦੇ ਸਾਮ੍ਹਣੇ ਲੈ ਜਾਂਦਾ ਹੈ। ਦਾਨੀਏਲ ਨੇ ਆਪਣੇ ਆਪ ਵੱਲ ਜ਼ਰਾ ਵੀ ਧਿਆਨ ਨਹੀਂ ਖਿੱਚਿਆ ਅਤੇ ਨਾ ਹੀ ਆਪਣੀ ਵਡਿਆਈ ਕੀਤੀ, ਪਰ ਨਬੂਕਦਨੱਸਰ ਨੂੰ ਦੱਸਿਆ: “ਅਕਾਸ਼ ਉੱਤੇ ਇੱਕ ਪਰਮੇਸ਼ੁਰ ਹੈ ਜਿਹੜਾ ਭੇਤਾਂ ਦੀਆਂ ਗੱਲਾਂ ਪਰਗਟ ਕਰਦਾ ਹੈ ਅਤੇ ਉਹ ਨੇ ਮਹਾਰਾਜ ਨਬੂਕਦਨੱਸਰ ਉੱਤੇ ਪਰਗਟ ਕੀਤਾ ਹੈ ਕਿ ਅੰਤ ਦੇ ਦਿਨਾਂ ਵਿੱਚ ਕੀ ਕੁਝ ਹੋ ਜਾਵੇਗਾ।” ਦਾਨੀਏਲ ਨਾ ਸਿਰਫ਼ ਬਾਬਲੀ ਸਾਮਰਾਜ ਦਾ ਭਵਿੱਖ ਪ੍ਰਗਟ ਕਰਨ ਲਈ ਤਿਆਰ ਸੀ, ਪਰ ਨਬੂਕਦਨੱਸਰ ਦੇ ਸਮੇਂ ਤੋਂ ਲੈ ਕੇ ਸਾਡੇ ਸਮੇਂ ਤਕ, ਅਤੇ ਸਾਡੇ ਭਵਿੱਖ ਵਿਚ ਹੋਣ ਵਾਲੀਆਂ ਸਾਰੀਆਂ ਵਿਸ਼ਵ ਘਟਨਾਵਾਂ ਪ੍ਰਗਟ ਕਰਨ ਲਈ ਵੀ ਤਿਆਰ ਸੀ।—ਦਾਨੀਏਲ 2:24-30.
ਸੁਪਨਾ ਯਾਦ ਕਰਵਾਇਆ ਜਾਂਦਾ ਹੈ
6, 7. ਉਹ ਸੁਪਨਾ ਕੀ ਸੀ ਜੋ ਦਾਨੀਏਲ ਨੇ ਰਾਜੇ ਨੂੰ ਯਾਦ ਕਰਵਾਇਆ?
6 ਨਬੂਕਦਨੱਸਰ ਨੇ ਕੰਨ ਲਾ ਕੇ ਸੁਣਿਆ ਜਦੋਂ ਦਾਨੀਏਲ ਨੇ ਸੁਪਨਾ ਦੱਸਿਆ: “ਹੇ ਮਹਾਰਾਜ, ਤੁਸਾਂ ਨਿਗਾਹ ਕੀਤੀ ਤਾਂ ਕੀ ਵੇਖਿਆ ਭਈ ਇੱਕ ਵੱਡੀ ਮੂਰਤ ਹੈਸੀ। ਉਹ ਮੂਰਤ ਜਿਹੜੀ ਬਲਵੰਤ ਸੀ ਜਿਹ ਦੀ ਚਮਕ ਅੱਤ ਉੱਤਮ ਸੀ ਤੁਹਾਡੇ ਸਾਹਮਣੇ ਖੜੀ ਹੋਈ ਅਤੇ ਉਹ ਦਾ ਰੂਪ ਭਿਆਣਕ ਸੀ। ਰਹੀ ਉਹ ਮੂਰਤ,—ਉਹ ਦਾ ਸਿਰ ਚੋਖੇ ਸੋਨੇ ਦਾ ਸੀ, ਉਹ ਦੀ ਹਿੱਕ ਤੇ ਉਹ ਦੀਆਂ ਬਾਂਹਾਂ ਚਾਂਦੀ ਦੀਆਂ, ਉਹ ਦਾ ਢਿੱਡ ਤੇ ਉਹ ਦੇ ਪੱਟ ਪਿੱਤਲ ਦੇ, ਉਹ ਦੀਆਂ ਲੱਤਾਂ ਲੋਹੇ ਦੀਆਂ, ਉਹ ਦੇ ਪੈਰ ਕੁਝ ਲੋਹੇ ਦੇ ਕੁਝ ਮਿੱਟੀ ਦੇ ਸਨ। ਤੁਸੀਂ ਉਹ ਨੂੰ ਵੇਖਦੇ ਰਹੇ ਇਥੋਂ ਤੀਕ ਭਈ ਇੱਕ ਪੱਥਰ ਬਿਨਾ ਹੱਥ ਲਾਏ ਵੱਢ ਕੇ ਕੱਢਿਆ ਗਿਆ ਜਿਹ ਨੇ ਉਸ ਮੂਰਤ ਨੂੰ ਉਹ ਦੇ ਪੈਰਾਂ ਉੱਤੇ ਜਿਹੜੇ ਲੋਹੇ ਤੇ ਮਿੱਟੀ ਦੇ ਸਨ ਮਾਰਿਆ ਅਤੇ ਉਹ ਨੂੰ ਟੋਟੇ ਟੋਟੇ ਕਰ ਦਿੱਤਾ। ਤਦ ਲੋਹਾ, ਮਿੱਟੀ, ਪਿੱਤਲ, ਚਾਂਦੀ ਤੇ ਸੋਨਾ ਸਾਰੇ ਟੋਟੇ ਟੋਟੇ ਕਰ ਦਿੱਤੇ ਗਏ ਅਤੇ ਗਰਮੀ ਦੀ ਰੁੱਤ ਦੇ ਪਿੜ ਦੀ ਤੂੜੀ ਵਾਂਙੁ ਹੋ ਗਏ ਅਤੇ ਵਾਉ ਉਨ੍ਹਾਂ ਨੂੰ ਉਡਾ ਲੈ ਗਈ ਇਥੋਂ ਤਾਈਂ ਕਿ ਉਨ੍ਹਾਂ ਦੇ ਲਈ ਕੋਈ ਥਾਂ ਨਾ ਰਿਹਾ ਅਤੇ ਉਹ ਪੱਥਰ ਜਿਹ ਨੇ ਉਸ ਮੂਰਤ ਨੂੰ ਮਾਰਿਆ ਇੱਕ ਵੱਡਾ ਪਹਾੜ ਬਣ ਗਿਆ ਅਤੇ ਸਾਰੀ ਧਰਤੀ ਨੂੰ ਭਰ ਦਿੱਤਾ।”—ਦਾਨੀਏਲ 2:31-35.
7 ਨਬੂਕਦਨੱਸਰ ਉਦੋਂ ਕਿੰਨਾ ਖ਼ੁਸ਼ ਹੋਇਆ ਹੋਣਾ ਜਦੋਂ ਦਾਨੀਏਲ ਨੇ ਉਹ ਨੂੰ ਉਹ ਸੁਪਨਾ ਯਾਦ ਕਰਵਾਇਆ! ਪਰ ਜ਼ਰਾ ਠਹਿਰੋ! ਬਾਬਲ ਦੇ ਗਿਆਨੀਆਂ ਦੀ ਜਾਨ ਤਾਂ ਹੀ ਬਚਣੀ ਸੀ ਜੇ ਦਾਨੀਏਲ ਸੁਪਨੇ ਦਾ ਅਰਥ ਵੀ ਦੱਸਦਾ। ਆਪਣੇ ਅਤੇ ਆਪਣੇ ਤਿੰਨ ਇਬਰਾਨੀ ਮਿੱਤਰਾਂ ਬਾਰੇ ਗੱਲ ਕਰਦੇ ਹੋਏ, ਦਾਨੀਏਲ ਨੇ ਕਿਹਾ: “ਸੁਫ਼ਨਾ ਇਹੀ ਹੈ ਅਤੇ ਅਸੀਂ ਉਹ ਦਾ ਅਰਥ ਮਹਾਰਾਜ ਦੇ ਦਰਬਾਰ ਦੱਸਦੇ ਹਾਂ।”—ਦਾਨੀਏਲ 2:36.
ਇਕ ਸ਼ਾਨਦਾਰ ਰਾਜ
8. (ੳ) ਸੋਨੇ ਦਾ ਸਿਰ ਕੌਣ ਜਾਂ ਕੀ ਸੀ, ਇਸ ਬਾਰੇ ਦਾਨੀਏਲ ਨੇ ਕੀ ਕਿਹਾ? (ਅ) ਸੋਨੇ ਦਾ ਸਿਰ ਕਦੋਂ ਪ੍ਰਗਟ ਹੋਇਆ?
8 “ਹੇ ਮਹਾਰਾਜ, ਤੁਸੀਂ ਰਾਜਿਆਂ ਦੇ ਮਹਾਰਾਜੇ ਹੋ ਜਿਹ ਨੂੰ ਅਕਾਸ਼ ਦੇ ਪਰਮੇਸ਼ੁਰ ਨੇ ਰਾਜ ਤੇ ਸ਼ਕਤੀ ਤੇ ਬਲ ਤੇ ਤੇਜ ਦੇ ਦਿੱਤਾ ਹੈ। ਅਤੇ ਜਿੱਥੇ ਕਿਤੇ ਮਨੁੱਖ ਦੀ ਵੰਸ ਵੱਸਦੀ ਹੈ ਉਸ ਨੇ ਖੇਤ ਦੇ ਜਨਾਉਰ ਅਤੇ ਅਕਾਸ਼ ਦੇ ਪੰਛੀ ਤੁਹਾਡੇ ਹੱਥ ਵਿੱਚ ਕਰ ਕੇ ਤੁਹਾਨੂੰ ਉਨ੍ਹਾਂ ਸਭਨਾਂ ਦਾ ਮਾਲਿਕ ਬਣਾਇਆ ਹੈ। ਉਹੀ ਸੋਨੇ ਦਾ ਸਿਰ ਤੁਸੀਂ ਹੋ।” (ਦਾਨੀਏਲ 2:37, 38) ਯਹੋਵਾਹ ਨੇ 607 ਸਾ.ਯੁ.ਪੂ. ਵਿਚ ਨਬੂਕਦਨੱਸਰ ਦੇ ਹੱਥੀਂ ਯਰੂਸ਼ਲਮ ਨੂੰ ਤਬਾਹ ਕਰਵਾਇਆ ਅਤੇ ਉਸ ਤੋਂ ਬਾਅਦ ਇਹ ਸ਼ਬਦ ਨਬੂਕਦਨੱਸਰ ਉੱਤੇ ਲਾਗੂ ਹੋਣ ਲੱਗੇ। ਇਸ ਦਾ ਕਾਰਨ ਇਹ ਹੈ ਕਿ ਯਰੂਸ਼ਲਮ ਦੇ ਸਿੰਘਾਸਣ ਉੱਤੇ ਬੈਠਣ ਵਾਲੇ ਰਾਜੇ, ਦਾਊਦ ਦੇ ਵੰਸ ਵਿੱਚੋਂ ਹੁੰਦੇ ਸਨ ਅਤੇ ਯਹੋਵਾਹ ਨੇ ਦਾਊਦ ਨੂੰ ਮਸਹ ਕੀਤਾ ਸੀ। ਯਰੂਸ਼ਲਮ, ਯਹੂਦਾਹ ਦੀ ਰਾਜਧਾਨੀ ਸੀ ਅਤੇ ਇਹ ਪਰਮੇਸ਼ੁਰ ਦੇ ਰਾਜ ਦਾ ਨਮੂਨਾ ਸੀ ਜੋ ਧਰਤੀ ਉੱਤੇ ਯਹੋਵਾਹ ਦੀ ਸਰਬਸੱਤਾ ਨੂੰ ਦਰਸਾਉਂਦਾ ਸੀ। ਸਾਲ 607 ਸਾ.ਯੁ.ਪੂ. ਵਿਚ ਯਰੂਸ਼ਲਮ ਦੀ ਤਬਾਹੀ ਨਾਲ, ਪਰਮੇਸ਼ੁਰ ਦਾ ਇਹ ਖ਼ਾਸ ਰਾਜ ਖ਼ਤਮ ਹੋ ਗਿਆ। (1 ਇਤਹਾਸ 29:23; 2 ਇਤਹਾਸ 36:17-21) ਮਗਰੋਂ ਆਉਣ ਵਾਲੀਆਂ ਵਿਸ਼ਵ ਸ਼ਕਤੀਆਂ ਜੋ ਮੂਰਤ ਦੇ ਧਾਤੀ ਹਿੱਸਿਆਂ ਦੁਆਰਾ ਦਰਸਾਈਆਂ ਗਈਆਂ ਹਨ, ਹੁਣ ਪਰਮੇਸ਼ੁਰ ਦੇ ਇਸ ਖ਼ਾਸ ਰਾਜ ਦੇ ਦਖ਼ਲ ਦੇ ਬਿਨਾਂ ਸੰਸਾਰ ਭਰ ਵਿਚ ਸ਼ਾਸਨ ਕਰ ਸਕਦੀਆਂ ਸਨ। ਨਬੂਕਦਨੱਸਰ ਨੂੰ ਸੋਨੇ ਦੇ ਸਿਰ ਦੁਆਰਾ ਦਰਸਾਇਆ ਗਿਆ ਸੀ। ਪ੍ਰਾਚੀਨ ਸਮਿਆਂ ਵਿਚ ਸੋਨਾ ਸਭ ਤੋਂ ਕੀਮਤੀ ਧਾਤ ਸੀ। ਸੋਨੇ ਦੇ ਸਿਰ ਵਜੋਂ, ਨਬੂਕਦਨੱਸਰ ਯਰੂਸ਼ਲਮ ਨੂੰ ਨਾਸ਼ ਕਰ ਕੇ ਪਰਮੇਸ਼ੁਰ ਦੇ ਰਾਜ ਨੂੰ ਪਲਟਾਉਣ ਵਾਲੇ ਦਾ ਨਾਂ ਖੱਟ ਚੁੱਕਾ ਸੀ।—ਸਫ਼ਾ 63 ਉੱਤੇ “ਇਕ ਯੋਧਾ ਬਾਦਸ਼ਾਹ ਇਕ ਸਾਮਰਾਜ ਖੜ੍ਹਾ ਕਰਦਾ ਹੈ,” ਦੇਖੋ।
9. ਸੋਨੇ ਦੇ ਸਿਰ ਦੁਆਰਾ ਕੀ ਦਰਸਾਇਆ ਗਿਆ ਸੀ?
9 ਨਬੂਕਦਨੱਸਰ ਨੇ 43 ਸਾਲਾਂ ਲਈ ਸ਼ਾਸਨ ਕੀਤਾ। ਉਹ ਉਸ ਸ਼ਾਹੀ ਖ਼ਾਨਦਾਨ ਦਾ ਮੁਖੀਆ ਸੀ ਜਿਸ ਨੇ ਬਾਬਲੀ ਸਾਮਰਾਜ ਉੱਤੇ ਹਕੂਮਤ ਕੀਤੀ। ਇਸ ਖ਼ਾਨਦਾਨ ਵਿਚ ਉਸ ਦਾ ਜਵਾਈ ਨਬੋਨਾਈਡਸ ਅਤੇ ਉਸ ਦਾ ਜੇਠਾ ਪੁੱਤਰ ਅਵੀਲ ਮਰੋਦਕ ਸ਼ਾਮਲ ਸਨ। ਇਹ ਸ਼ਾਹੀ ਖ਼ਾਨਦਾਨ 539 ਸਾ.ਯੁ.ਪੂ. ਵਿਚ ਨਬੋਨਾਈਡਸ ਦੇ ਪੁੱਤਰ ਬੇਲਸ਼ੱਸਰ ਦੀ ਮੌਤ ਹੋਣ ਤਕ ਹੋਰ 43 ਸਾਲਾਂ ਤਕ ਸ਼ਾਸਨ ਕਰਦਾ ਰਿਹਾ। (2 ਰਾਜਿਆਂ 25:27; ਦਾਨੀਏਲ 5:30) ਸੋ ਸੁਪਨੇ ਵਿਚਲੀ ਮੂਰਤ ਦੇ ਸੋਨੇ ਦੇ ਸਿਰ ਨੇ ਸਿਰਫ਼ ਨਬੂਕਦਨੱਸਰ ਨੂੰ ਹੀ ਨਹੀਂ, ਬਲਕਿ ਬਾਬਲ ਦੇ ਇਸ ਸ਼ਾਹੀ ਖ਼ਾਨਦਾਨ ਦੀ ਸਾਰੀ ਹਕੂਮਤ ਨੂੰ ਵੀ ਦਰਸਾਇਆ।
10. (ੳ) ਨਬੂਕਦਨੱਸਰ ਦੇ ਸੁਪਨੇ ਨੇ ਕਿਵੇਂ ਦਿਖਾਇਆ ਕਿ ਬਾਬਲੀ ਵਿਸ਼ਵ ਸ਼ਕਤੀ ਖ਼ਤਮ ਹੋ ਜਾਵੇਗੀ? (ਅ) ਯਸਾਯਾਹ ਨਬੀ ਨੇ ਪਹਿਲਾਂ ਹੀ ਬਾਬਲ ਦੇ ਵਿਜੇਤਾ ਬਾਰੇ ਕੀ ਦੱਸਿਆ ਸੀ? (ੲ) ਮਾਦੀ-ਫ਼ਾਰਸ ਕਿਸ ਤਰੀਕੇ ਨਾਲ ਬਾਬਲ ਨਾਲੋਂ ਇਕ ਘਟੀਆ ਸਾਮਰਾਜ ਸੀ?
10 ਦਾਨੀਏਲ ਨੇ ਨਬੂਕਦਨੱਸਰ ਨੂੰ ਦੱਸਿਆ: “ਤੁਹਾਡੇ ਪਿੱਛੋਂ ਇੱਕ ਹੋਰ ਰਾਜ ਉੱਠ ਖੜਾ ਹੋਵੇਗਾ ਜਿਹੜਾ ਤੁਹਾਥੋਂ ਛੋਟਾ ਹੋਵੇਗਾ।” (ਦਾਨੀਏਲ 2:39) ਨਬੂਕਦਨੱਸਰ ਦੇ ਸ਼ਾਹੀ ਖ਼ਾਨਦਾਨ ਦੇ ਰਾਜ ਤੋਂ ਬਾਅਦ, ਉਹ ਰਾਜ ਖੜ੍ਹਾ ਹੋਵੇਗਾ ਜੋ ਮੂਰਤ ਦੀ ਚਾਂਦੀ ਦੀ ਹਿੱਕ ਅਤੇ ਬਾਹਾਂ ਦੁਆਰਾ ਦਰਸਾਇਆ ਗਿਆ ਸੀ। ਕੁਝ 200 ਸਾਲ ਪਹਿਲਾਂ ਯਸਾਯਾਹ ਨੇ ਇਸ ਰਾਜ ਬਾਰੇ ਦੱਸਿਆ ਸੀ, ਇੱਥੋਂ ਤਕ ਕਿ ਉਸ ਦੇ ਜੇਤੂ ਰਾਜੇ ਦਾ ਨਾਂ ਵੀ ਦੱਸਿਆ। ਉਸ ਦਾ ਨਾਂ ਖੋਰਸ (ਸਾਈਰਸ) ਸੀ। (ਯਸਾਯਾਹ 13:1-17; 21:2-9; 44:24–45:7, 13) ਇਹ ਮਾਦੀ-ਫ਼ਾਰਸੀ ਸਾਮਰਾਜ ਸੀ। ਭਾਵੇਂ ਕਿ ਮਾਦੀ-ਫ਼ਾਰਸ ਇਕ ਵਿਸ਼ਾਲ ਸਭਿਅਤਾ ਬਣਿਆ ਅਤੇ ਬਾਬਲੀ ਸਾਮਰਾਜ ਜਿੰਨਾ ਹੀ ਸ਼ਾਨਦਾਰ ਸੀ, ਪਰ ਇਹ ਰਾਜ ਫਿਰ ਵੀ ਸੋਨੇ ਨਾਲੋਂ ਘਟੀਆ ਧਾਤ, ਅਰਥਾਤ, ਚਾਂਦੀ ਦੁਆਰਾ ਦਰਸਾਇਆ ਗਿਆ ਹੈ। ਯਹੂਦਾਹ ਜੋ ਪਰਮੇਸ਼ੁਰ ਦੇ ਰਾਜ ਦਾ ਨਮੂਨਾ ਸੀ, ਅਤੇ ਉਸ ਦੀ ਰਾਜਧਾਨੀ ਯਰੂਸ਼ਲਮ, ਮਾਦੀ-ਫ਼ਾਰਸ ਦੇ ਰਾਜ ਦੇ ਹੱਥੀਂ ਨਹੀਂ ਪਲਟਿਆ ਸੀ। ਇਸ ਤਰੀਕੇ ਵਿਚ ਮਾਦੀ-ਫ਼ਾਰਸ ਬਾਬਲੀ ਵਿਸ਼ਵ ਸ਼ਕਤੀ ਨਾਲੋਂ ਘਟੀਆ ਸੀ।
11. ਨਬੂਕਦਨੱਸਰ ਦਾ ਸ਼ਾਹੀ ਖ਼ਾਨਦਾਨ ਕਦੋਂ ਖ਼ਤਮ ਹੋਇਆ ਸੀ?
11 ਇਸ ਸੁਪਨੇ ਦਾ ਭੇਤ ਦੱਸਣ ਤੋਂ ਕੁਝ 60 ਸਾਲ ਬਾਅਦ, ਦਾਨੀਏਲ ਨੇ ਆਪਣੀ ਅੱਖੀਂ ਨਬੂਕਦਨੱਸਰ ਦੇ ਸ਼ਾਹੀ ਖ਼ਾਨਦਾਨ ਦੇ ਰਾਜ ਨੂੰ ਖ਼ਤਮ ਹੁੰਦੇ ਦੇਖਿਆ। ਦਾਨੀਏਲ, 5/6 ਅਕਤੂਬਰ 539 ਸਾ.ਯੁ.ਪੂ. ਦੀ ਰਾਤ ਨੂੰ ਉੱਥੇ ਸੀ ਜਦੋਂ ਮਾਦੀ-ਫ਼ਾਰਸੀ ਸੈਨਾ ਨੇ ਅਜਿੱਤ ਜਾਪਦੇ ਬਾਬਲ ਉੱਤੇ ਹਮਲਾ ਕਰ ਕੇ ਰਾਜਾ ਬੇਲਸ਼ੱਸਰ ਦਾ ਕਤਲ ਕੀਤਾ ਸੀ। ਬੇਲਸ਼ੱਸਰ ਦੀ ਮੌਤ ਨਾਲ, ਸੁਪਨੇ ਵਿਚਲੀ ਮੂਰਤ ਦਾ ਸੋਨੇ ਦਾ ਸਿਰ, ਅਰਥਾਤ ਬਾਬਲੀ ਸਾਮਰਾਜ ਮਿਟ ਗਿਆ।
ਜਲਾਵਤਨ ਇਕ ਰਾਜ ਦੁਆਰਾ ਆਜ਼ਾਦ ਕੀਤੇ ਗਏ
12. ਜਲਾਵਤਨ ਯਹੂਦੀਆਂ ਨੂੰ 537 ਸਾ.ਯੁ.ਪੂ. ਵਿਚ ਖੋਰਸ ਦੁਆਰਾ ਜਾਰੀ ਕੀਤੇ ਗਏ ਫ਼ਰਮਾਨ ਤੋਂ ਕਿਹੜਾ ਲਾਭ ਪਹੁੰਚਿਆ?
12 ਫਿਰ 539 ਸਾ.ਯੁ.ਪੂ. ਵਿਚ ਮਾਦੀ-ਫ਼ਾਰਸ ਇਕ ਮਹਾਨ ਵਿਸ਼ਵ ਸ਼ਕਤੀ ਬਣ ਕੇ ਬਾਬਲੀ ਸਾਮਰਾਜ ਦੀ ਥਾਂ ਤੇ ਖੜ੍ਹਾ ਹੋ ਗਿਆ। ਦਾਰਾ (ਡਾਰੀਅਸ) ਮਾਦੀ, 62 ਸਾਲ ਦੀ ਉਮਰ ਤੇ, ਕਬਜ਼ਾ ਕੀਤੇ ਗਏ ਬਾਬਲ ਸ਼ਹਿਰ ਦਾ ਪਹਿਲਾ ਹਾਕਮ ਬਣਿਆ। (ਦਾਨੀਏਲ 5:30, 31) ਥੋੜ੍ਹੇ ਸਮੇਂ ਲਈ, ਉਸ ਨੇ ਅਤੇ ਖੋਰਸ ਫ਼ਾਰਸੀ ਨੇ ਇਕੱਠੇ ਮਿਲ ਕੇ ਮਾਦੀ-ਫ਼ਾਰਸੀ ਸਾਮਰਾਜ ਉੱਤੇ ਰਾਜ ਕੀਤਾ। ਦਾਰਾ ਦੀ ਮੌਤ ਹੋਣ ਤੇ, ਖੋਰਸ ਫ਼ਾਰਸੀ ਸਾਮਰਾਜ ਦਾ ਇੱਕੋ-ਇਕ ਹਾਕਮ ਬਣ ਗਿਆ। ਬਾਬਲ ਵਿਚ ਵਸਦੇ ਯਹੂਦੀਆਂ ਲਈ ਖੋਰਸ ਦੇ ਰਾਜ ਦਾ ਅਰਥ ਕੈਦ ਤੋਂ ਆਜ਼ਾਦੀ ਸੀ। ਖੋਰਸ ਨੇ 537 ਸਾ.ਯੁ.ਪੂ. ਵਿਚ ਇਕ ਫ਼ਰਮਾਨ ਜਾਰੀ ਕੀਤਾ ਜਿਸ ਨੇ ਬਾਬਲ ਵਿਚ ਰਹਿੰਦੇ ਯਹੂਦੀਆਂ ਨੂੰ ਆਪਣੇ ਵਤਨ ਵਾਪਸ ਜਾਣ ਦਿੱਤਾ ਤਾਂਕਿ ਉਹ ਯਰੂਸ਼ਲਮ ਸ਼ਹਿਰ ਨੂੰ ਅਤੇ ਯਹੋਵਾਹ ਦੀ ਹੈਕਲ ਨੂੰ ਦੁਬਾਰਾ ਬਣਾ ਸਕਣ। ਪਰ, ਪਰਮੇਸ਼ੁਰ ਦਾ ਉਹ ਨਮੂਨਾ ਰਾਜ ਯਹੂਦਾਹ ਅਤੇ ਯਰੂਸ਼ਲਮ ਵਿਚ ਦੁਬਾਰਾ ਸਥਾਪਿਤ ਨਹੀਂ ਹੋਇਆ।—2 ਇਤਹਾਸ 36:22, 23; ਅਜ਼ਰਾ 1:1-2:2ੳ।
13. ਨਬੂਕਦਨੱਸਰ ਦੇ ਸੁਪਨੇ ਵਿਚਲੀ ਮੂਰਤ ਦੀ ਚਾਂਦੀ ਦੀ ਹਿੱਕ ਅਤੇ ਬਾਹਾਂ ਵਾਲਾ ਹਿੱਸਾ ਕਿਸ ਨੂੰ ਦਰਸਾਉਂਦਾ ਸੀ?
13 ਸੁਪਨੇ ਵਿਚਲੀ ਮੂਰਤ ਦੀ ਚਾਂਦੀ ਦੀ ਹਿੱਕ ਅਤੇ ਬਾਹਾਂ ਵਾਲਾ ਹਿੱਸਾ ਫ਼ਾਰਸੀ ਰਾਜਿਆਂ ਦੇ ਵੰਸ ਨੂੰ ਦਰਸਾਉਂਦਾ ਸੀ ਜੋ ਖੋਰਸ ਮਹਾਨ ਨਾਲ ਆਰੰਭ ਹੋਇਆ। ਇਸ ਸ਼ਾਹੀ ਖ਼ਾਨਦਾਨ ਦਾ ਰਾਜ 200 ਸਾਲਾਂ ਲਈ ਚੱਲਦਾ ਰਿਹਾ। ਇਹ ਮੰਨਿਆ ਜਾਂਦਾ ਹੈ ਕਿ 530 ਸਾ.ਯੁ.ਪੂ. ਵਿਚ ਖੋਰਸ ਇਕ ਸੈਨਿਕ ਕਾਰਵਾਈ ਦੌਰਾਨ ਦਮ ਤੋੜ ਗਿਆ ਸੀ। ਉਸ ਦੇ ਮਗਰੋਂ ਫ਼ਾਰਸੀ ਸਾਮਰਾਜ ਦੇ ਸਿੰਘਾਸਣ ਉੱਤੇ ਬੈਠਣ ਵਾਲੇ ਕੁਝ 12 ਰਾਜਿਆਂ ਵਿੱਚੋਂ ਘੱਟੋ-ਘੱਟ 2 ਰਾਜਿਆਂ ਨੇ ਯਹੋਵਾਹ ਦੇ ਚੁਣੇ ਹੋਏ ਲੋਕਾਂ ਨਾਲ ਚੰਗਾ ਵਰਤਾਉ ਕੀਤਾ ਸੀ। ਇਕ ਸੀ ਦਾਰਾ ਪਹਿਲਾ (ਫ਼ਾਰਸੀ), ਅਤੇ ਦੂਸਰਾ ਸੀ ਅਰਤਹਸ਼ਸ਼ਤਾ ਪਹਿਲਾ।
14, 15. ਦਾਰਾ ਮਹਾਨ ਅਤੇ ਅਰਤਹਸ਼ਸ਼ਤਾ ਪਹਿਲੇ ਨੇ ਯਹੂਦੀਆਂ ਨੂੰ ਕਿਹੜੀ ਮਦਦ ਦਿੱਤੀ ਸੀ?
14 ਦਾਰਾ ਪਹਿਲਾ, ਖੋਰਸ ਮਹਾਨ ਤੋਂ ਬਾਅਦ ਦੇ ਫ਼ਾਰਸੀ ਰਾਜਿਆਂ ਦੇ ਵੰਸ ਵਿੱਚੋਂ ਤੀਜਾ ਰਾਜਾ ਸੀ। ਪਹਿਲੇ ਦੋ ਰਾਜੇ ਕੈਮਬਾਈਸੀਜ਼ ਦੂਜਾ ਅਤੇ ਉਸ ਦਾ ਭਰਾ ਬਾਰਡੀਆ (ਜਾਂ ਸ਼ਾਇਦ ਗੋਮਾਟਾ ਨਾਮਕ ਇਕ ਪ੍ਰਾਚੀਨ ਈਰਾਨੀ ਢੌਂਗੀ ਪੁਜਾਰੀ) ਸਨ। ਸੰਨ 521 ਸਾ.ਯੁ.ਪੂ. ਵਿਚ ਦਾਰਾ ਪਹਿਲਾ, ਜਿਸ ਨੂੰ ਦਾਰਾ ਮਹਾਨ ਵੀ ਸੱਦਿਆ ਜਾਂਦਾ ਹੈ, ਸਿੰਘਾਸਣ ਤੇ ਬੈਠਾ। ਉਦੋਂ ਹੈਕਲ ਦੀ ਮੁੜ-ਉਸਾਰੀ ਦੇ ਕੰਮ ਉੱਤੇ ਪਾਬੰਦੀ ਲੱਗੀ ਹੋਈ ਸੀ। ਜਦੋਂ ਅਹਮਥਾ (ਐਕਬਟਾਨਾ) ਸ਼ਹਿਰ ਦੀਆਂ ਪੁਰਾਣੀਆਂ ਲਿਖਤਾਂ ਵਿੱਚੋਂ ਇਕ ਪੱਤਰੀ ਲੱਭੀ, ਜਿਸ ਵਿਚ ਹੈਕਲ ਨੂੰ ਮੁੜ-ਉਸਾਰਨ ਬਾਰੇ ਖੋਰਸ ਦਾ ਫ਼ਰਮਾਨ ਦਰਜ ਸੀ, ਉਦੋਂ 520 ਸਾ.ਯੁ.ਪੂ. ਵਿਚ ਦਾਰਾ ਨੇ ਨਾ ਸਿਰਫ਼ ਪਾਬੰਦੀ ਹਟਾਈ, ਬਲਕਿ ਇਸ ਤੋਂ ਵੀ ਜ਼ਿਆਦਾ ਕੀਤਾ। ਹੈਕਲ ਨੂੰ ਦੁਬਾਰਾ ਬਣਾਉਣ ਲਈ ਉਸ ਨੇ ਸ਼ਾਹੀ ਖ਼ਜ਼ਾਨੇ ਵਿੱਚੋਂ ਖ਼ਰਚ ਦਿੱਤਾ।—ਅਜ਼ਰਾ 6:1-12.
15 ਯਹੂਦੀ ਲੋਕਾਂ ਨੂੰ ਮੁੜ-ਬਹਾਲ ਹੋਣ ਵਿਚ ਮਦਦ ਦੇਣ ਵਾਲਾ ਅਗਲਾ ਫ਼ਾਰਸੀ ਪਾਤਸ਼ਾਹ ਅਰਤਹਸ਼ਸ਼ਤਾ ਪਹਿਲਾ ਸੀ। ਉਹ 475 ਸਾ.ਯੁ.ਪੂ. ਵਿਚ ਆਪਣੇ ਪਿਤਾ ਅਹਸ਼ਵੇਰੋਸ਼ (ਜ਼ਰਕਸੀਜ਼ ਪਹਿਲਾ) ਦੇ ਸਿੰਘਾਸਣ ਉੱਤੇ ਬੈਠਾ। ਅਰਤਹਸ਼ਸ਼ਤਾ (ਆਟਾਜ਼ਰਕਸੀਜ਼) ਦਾ ਦੂਜਾ ਨਾਂ ਲੌਂਗੀਮੇਨਸ ਸੀ ਕਿਉਂਕਿ ਉਸ ਦਾ ਸੱਜਾ ਹੱਥ ਖੱਬੇ ਨਾਲੋਂ ਲੰਬਾ ਸੀ। ਸੰਨ 455 ਸਾ.ਯੁ.ਪੂ. ਵਿਚ, ਆਪਣੀ ਪਾਤਸ਼ਾਹੀ ਦੇ 20ਵੇਂ ਸਾਲ ਦੌਰਾਨ, ਉਸ ਨੇ ਆਪਣੇ ਯਹੂਦੀ ਸਾਕੀ ਨਹਮਯਾਹ ਨੂੰ ਯਹੂਦਾਹ ਦਾ ਹਾਕਮ ਬਣਾਇਆ। ਉਸ ਨੇ ਨਹਮਯਾਹ ਨੂੰ ਯਰੂਸ਼ਲਮ ਦੀਆਂ ਕੰਧਾਂ ਮੁੜ ਕੇ ਖੜ੍ਹੀਆਂ ਕਰਨ ਦਾ ਕੰਮ ਵੀ ਸੌਂਪਿਆ। ਇਸ ਕਾਰਵਾਈ ਨਾਲ ਦਾਨੀਏਲ ਦੇ 9ਵੇਂ ਅਧਿਆਇ ਵਿਚ ਦਰਜ ‘ਵਰ੍ਹਿਆਂ ਵਾਲੇ ਸੱਤਰ ਸਾਤੇ’ ਸ਼ੁਰੂ ਹੋਏ ਅਤੇ ਮਸੀਹਾ, ਜਾਂ ਮਸੀਹ, ਅਰਥਾਤ ਯਿਸੂ ਨਾਸਰੀ ਦੇ ਪ੍ਰਗਟ ਹੋਣ ਅਤੇ ਉਸ ਦੀ ਮੌਤ ਦੀ ਤਾਰੀਖ਼ ਸਥਾਪਿਤ ਹੋ ਗਈ।—ਦਾਨੀਏਲ 9:24-27; ਨਹਮਯਾਹ 1:1; 2:1-18.
16. ਮਾਦੀ-ਫ਼ਾਰਸੀ ਵਿਸ਼ਵ ਸ਼ਕਤੀ ਕਦੋਂ ਸਮਾਪਤ ਹੋਈ ਅਤੇ ਉਸ ਦਾ ਅੰਤਲਾ ਰਾਜਾ ਕੌਣ ਸੀ?
16 ਅਰਤਹਸ਼ਸ਼ਤਾ ਪਹਿਲੇ ਦੇ ਮਗਰੋਂ ਫ਼ਾਰਸੀ ਸਾਮਰਾਜ ਦੇ ਸਿੰਘਾਸਣ ਉੱਤੇ ਛੇ ਪਾਤਸ਼ਾਹ ਬੈਠੇ। ਇਨ੍ਹਾਂ ਵਿੱਚੋਂ ਆਖ਼ਰੀ ਪਾਤਸ਼ਾਹ ਦਾਰਾ ਤੀਜਾ ਸੀ। ਉਸ ਦਾ ਰਾਜ 331 ਸਾ.ਯੁ.ਪੂ. ਵਿਚ ਅਚਾਨਕ ਹੀ ਖ਼ਤਮ ਹੋ ਗਿਆ ਜਦੋਂ ਉਹ ਪ੍ਰਾਚੀਨ ਨੀਨਵਾਹ ਦੇ ਨਜ਼ਦੀਕ, ਗੋਗਾਮੀਲਾ ਸ਼ਹਿਰ ਵਿਚ ਸਿਕੰਦਰ ਮਹਾਨ ਦੇ ਹੱਥੀਂ ਬੁਰੀ ਤਰ੍ਹਾਂ ਹਰਾਇਆ ਗਿਆ। ਇਸ ਹਾਰ ਨੇ ਮਾਦੀ-ਫ਼ਾਰਸੀ ਵਿਸ਼ਵ ਸ਼ਕਤੀ ਨੂੰ ਖ਼ਤਮ ਕਰ ਦਿੱਤਾ। ਇਹ ਸ਼ਕਤੀ ਨਬੂਕਦਨੱਸਰ ਦੇ ਸੁਪਨੇ ਵਿਚਲੀ ਮੂਰਤ ਵਿਚ ਚਾਂਦੀ ਦੇ ਹਿੱਸੇ ਦੁਆਰਾ ਦਰਸਾਈ ਗਈ ਸੀ। ਅਗਲੀ ਸ਼ਕਤੀ ਕੁਝ ਤਰੀਕਿਆਂ ਵਿਚ ਵਧੀਆ ਸੀ ਅਤੇ ਕੁਝ ਤਰੀਕਿਆਂ ਵਿਚ ਘਟੀਆ ਵੀ ਸੀ। ਨਬੂਕਦਨੱਸਰ ਦੇ ਸੁਪਨੇ ਬਾਰੇ ਦਾਨੀਏਲ ਦੇ ਹੋਰ ਅਰਥਾਂ ਉੱਤੇ ਵਿਚਾਰ ਕਰਨ ਨਾਲ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ।
ਇਕ ਵਿਸ਼ਾਲ ਪਰ ਘਟੀਆ ਰਾਜ
17-19. (ੳ) ਪਿੱਤਲ ਦੇ ਢਿੱਡ ਅਤੇ ਪੱਟਾਂ ਨੇ ਕਿਹੜੀ ਵਿਸ਼ਵ ਸ਼ਕਤੀ ਨੂੰ ਦਰਸਾਇਆ, ਅਤੇ ਉਸ ਦਾ ਸਾਮਰਾਜ ਕਿੰਨਾ ਵੱਡਾ ਸੀ? (ਅ) ਸਿਕੰਦਰ ਤੀਜਾ ਕੌਣ ਸੀ? (ੲ) ਯੂਨਾਨੀ ਭਾਸ਼ਾ ਇਕ ਅੰਤਰਰਾਸ਼ਟਰੀ ਭਾਸ਼ਾ ਕਿਵੇਂ ਬਣੀ ਅਤੇ ਉਹ ਕਿਹੜੇ ਕੰਮ ਲਈ ਬਹੁਤ ਉਚਿਤ ਸਾਬਤ ਹੋਈ?
17 ਦਾਨੀਏਲ ਨੇ ਨਬੂਕਦਨੱਸਰ ਨੂੰ ਦੱਸਿਆ ਕਿ ਇਸ ਵੱਡੀ ਮੂਰਤ ਦਾ ਢਿੱਡ ਅਤੇ ਉਸ ਦੇ ਪੱਟ “ਤੀਜਾ ਰਾਜ, ਪਿੱਤਲ ਦਾ ਰਾਜ ਹੋਵੇਗਾ ਜਿਹੜਾ ਸਾਰੀ ਧਰਤੀ ਉੱਤੇ ਰਾਜ ਕਰੇਗਾ।” (ਦਾਨੀਏਲ 2:32, 39) ਇਹ ਤੀਜਾ ਰਾਜ ਬਾਬਲ ਅਤੇ ਮਾਦੀ-ਫ਼ਾਰਸ ਦੇ ਮਗਰੋਂ ਆਵੇਗਾ। ਜਿਵੇਂ ਪਿੱਤਲ ਚਾਂਦੀ ਨਾਲੋਂ ਘਟੀਆ ਹੁੰਦਾ ਹੈ, ਇਹ ਨਵੀਂ ਵਿਸ਼ਵ ਸ਼ਕਤੀ ਇਸ ਭਾਵ ਵਿਚ ਮਾਦੀ-ਫ਼ਾਰਸ ਨਾਲੋਂ ਘਟੀਆ ਹੋਵੇਗੀ ਕਿ ਇਸ ਨੂੰ ਯਹੋਵਾਹ ਦੇ ਲੋਕਾਂ ਨੂੰ ਆਜ਼ਾਦ ਕਰਨ ਵਰਗਾ ਸਨਮਾਨ ਨਹੀਂ ਮਿਲੇਗਾ। ਫਿਰ ਵੀ, ਇਹ ਪਿੱਤਲ ਵਰਗਾ ਰਾਜ “ਸਾਰੀ ਧਰਤੀ ਉੱਤੇ ਰਾਜ ਕਰੇਗਾ,” ਜਿਸ ਦਾ ਅਰਥ ਹੈ ਕਿ ਇਹ ਬਾਬਲ ਜਾਂ ਮਾਦੀ-ਫ਼ਾਰਸ ਦੋਹਾਂ ਨਾਲੋਂ ਕਿਤੇ ਹੀ ਜ਼ਿਆਦਾ ਵਿਸ਼ਾਲ ਹੋਵੇਗਾ। ਇਸ ਵਿਸ਼ਵ ਸ਼ਕਤੀ ਬਾਰੇ ਸਾਨੂੰ ਇਤਿਹਾਸ ਕੀ ਦੱਸਦਾ ਹੈ?
18 ਸੰਨ 336 ਸਾ.ਯੁ.ਪੂ. ਵਿਚ, 20 ਸਾਲ ਦੀ ਉਮਰ ਤੇ, ਸਿਕੰਦਰ ਤੀਜੇ ਨੇ ਵਿਰਸੇ ਵਿਚ ਮਕਦੂਨਿਯਾ (ਮੈਸੇਡੋਨੀਆ) ਦੀ ਰਾਜ-ਗੱਦੀ ਪ੍ਰਾਪਤ ਕੀਤੀ। ਇਸ ਤੋਂ ਥੋੜ੍ਹੇ ਸਮੇਂ ਬਾਅਦ, ਇਸ ਅਭਿਲਾਸ਼ੀ ਸ਼ਾਸਕ ਨੇ ਜਿੱਤਾਂ ਦਾ ਇਕ ਸਿਲਸਿਲਾ ਸ਼ੁਰੂ ਕਰ ਦਿੱਤਾ। ਆਪਣੀਆਂ ਸੈਨਿਕ ਕਾਮਯਾਬੀਆਂ ਦੇ ਕਾਰਨ, ਉਹ ਸਿਕੰਦਰ ਮਹਾਨ ਸੱਦਿਆ ਜਾਣ ਲੱਗਾ। ਇਕ ਤੋਂ ਬਾਅਦ ਦੂਜੀ ਜਿੱਤ ਹਾਸਲ ਕਰਦੇ ਹੋਏ, ਉਹ ਫ਼ਾਰਸੀ ਰਾਜ ਦੇ ਖੇਤਰ ਉੱਤੇ ਕਬਜ਼ਾ ਕਰਦਾ ਗਿਆ। ਸਾਲ 331 ਸਾ.ਯੁ.ਪੂ. ਵਿਚ ਜਦੋਂ ਉਸ ਨੇ ਗੋਗਾਮੀਲਾ ਵਿਖੇ ਜੰਗ ਦੌਰਾਨ ਦਾਰਾ ਤੀਜੇ ਨੂੰ ਹਰਾ ਦਿੱਤਾ, ਤਾਂ ਫ਼ਾਰਸੀ ਸਾਮਰਾਜ ਟੁੱਟਣ ਲੱਗ ਪਿਆ ਅਤੇ ਸਿਕੰਦਰ ਨੇ ਯੂਨਾਨ ਨੂੰ ਨਵੀਂ ਵਿਸ਼ਵ ਸ਼ਕਤੀ ਬਣਾ ਦਿੱਤਾ।
19 ਗੋਗਾਮੀਲਾ ਵਿਚ ਜਿੱਤਣ ਤੋਂ ਬਾਅਦ, ਸਿਕੰਦਰ ਨੇ ਫ਼ਾਰਸੀ ਰਾਜਧਾਨੀਆਂ, ਅਰਥਾਤ ਬਾਬਲ, ਸੂਸਾ, ਪਰਸੇਪੋਲਿਸ, ਅਤੇ ਐਕਬਟਾਨਾ ਨੂੰ ਕਬਜ਼ੇ ਵਿਚ ਲੈ ਲਿਆ। ਬਾਕੀ ਦੇ ਫ਼ਾਰਸੀ ਸਾਮਰਾਜ ਨੂੰ ਕਬਜ਼ੇ ਵਿਚ ਲੈਣ ਤੋਂ ਬਾਅਦ, ਉਹ ਲੜਾਈਆਂ ਲੜਦਾ-ਲੜਦਾ ਪੱਛਮੀ ਭਾਰਤ ਪਹੁੰਚਿਆ। ਜਿੱਤੇ ਦੇਸ਼ਾਂ ਵਿਚ ਯੂਨਾਨੀ ਛਾਉਣੀਆਂ ਸਥਾਪਿਤ ਕੀਤੀਆਂ ਗਈਆਂ। ਇਸ ਤਰ੍ਹਾਂ ਯੂਨਾਨੀ ਭਾਸ਼ਾ ਅਤੇ ਸਭਿਆਚਾਰ ਸਾਰਿਆਂ ਇਲਾਕਿਆਂ ਵਿਚ ਫੈਲ ਗਏ। ਅਸਲ ਵਿਚ ਯੂਨਾਨੀ ਸਾਮਰਾਜ ਉਸ ਤੋਂ ਪਹਿਲੇ ਆਏ ਕਿਸੇ ਵੀ ਸਾਮਰਾਜ ਨਾਲੋਂ ਵੱਡਾ ਬਣ ਗਿਆ। ਜਿਵੇਂ ਦਾਨੀਏਲ ਨੇ ਪਹਿਲਾਂ ਹੀ ਦੱਸਿਆ ਸੀ, ਪਿੱਤਲ ਦੇ ਰਾਜ ਨੇ ‘ਸਾਰੀ ਧਰਤੀ ਉੱਤੇ ਰਾਜ ਕੀਤਾ।’ ਇਸ ਦਾ ਇਕ ਨਤੀਜਾ ਇਹ ਸੀ ਕਿ ਯੂਨਾਨੀ ਭਾਸ਼ਾ (ਕੋਇਨੀ) ਇਕ ਅੰਤਰਰਾਸ਼ਟਰੀ ਭਾਸ਼ਾ ਬਣ ਗਈ। ਸਪੱਸ਼ਟ ਬੋਲੀ ਹੋਣ ਦੇ ਕਾਰਨ, ਇਹ ਮਸੀਹੀ ਯੂਨਾਨੀ ਸ਼ਾਸਤਰ ਲਿਖਣ ਲਈ ਅਤੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਦੇ ਕੰਮ ਲਈ ਬਹੁਤ ਉਚਿਤ ਸਾਬਤ ਹੋਈ।
20. ਸਿਕੰਦਰ ਮਹਾਨ ਦੀ ਮੌਤ ਤੋਂ ਬਾਅਦ ਯੂਨਾਨੀ ਸਾਮਰਾਜ ਨੂੰ ਕੀ ਹੋਇਆ?
20 ਵਿਸ਼ਵ ਹਾਕਮ ਦੇ ਤੌਰ ਤੇ ਸਿਕੰਦਰ ਮਹਾਨ ਨੇ ਸਿਰਫ਼ ਅੱਠਾਂ ਸਾਲਾਂ ਲਈ ਹੀ ਰਾਜ ਕੀਤਾ। ਇਕ ਦਾਅਵਤ ਤੋਂ ਬਾਅਦ, 32 ਸਾਲਾਂ ਦਾ ਨੌਜਵਾਨ ਸਿਕੰਦਰ ਬੀਮਾਰ ਹੋ ਗਿਆ ਅਤੇ ਥੋੜ੍ਹੀ ਦੇਰ ਮਗਰੋਂ 13 ਜੂਨ 323 ਸਾ.ਯੁ.ਪੂ. ਨੂੰ ਮਰ ਗਿਆ। ਸਮੇਂ ਦੇ ਬੀਤਣ ਨਾਲ, ਉਸ ਦਾ ਵਿਸ਼ਾਲ ਸਾਮਰਾਜ ਚਾਰ ਹਿੱਸਿਆਂ ਵਿਚ ਵੰਡਿਆ ਗਿਆ ਅਤੇ ਇਨ੍ਹਾਂ ਉੱਤੇ ਉਸ ਦੇ ਜਨਰਲਾਂ ਨੇ ਰਾਜ ਕੀਤਾ। ਇਸ ਤਰ੍ਹਾਂ ਇਕ ਵੱਡੇ ਰਾਜ ਵਿੱਚੋਂ ਚਾਰ ਛੋਟੇ ਰਾਜ ਨਿਕਲੇ ਜੋ ਅੰਤ ਵਿਚ ਰੋਮੀ ਸਾਮਰਾਜ ਦੇ ਕਬਜ਼ੇ ਵਿਚ ਆ ਗਏ। ਇਹ ਪਿੱਤਲ ਵਰਗੀ ਵਿਸ਼ਵ ਸ਼ਕਤੀ ਸਿਰਫ਼ 30 ਸਾ.ਯੁ.ਪੂ. ਤਕ ਹੀ ਰਹੀ। ਉਦੋਂ ਇਨ੍ਹਾਂ ਚਾਰ ਰਾਜਾਂ ਵਿੱਚੋਂ ਆਖ਼ਰੀ ਰਾਜ, ਅਰਥਾਤ ਮਿਸਰ ਵਿਚ ਸ਼ਾਸਨ ਕਰ ਰਿਹਾ ਟਾਲਮੀ ਖ਼ਾਨਦਾਨ ਅੰਤ ਵਿਚ ਰੋਮ ਦੇ ਕਬਜ਼ੇ ਵਿਚ ਆ ਗਿਆ।
ਇਕ ਰਾਜ ਜੋ ਚੂਰ ਚੂਰ ਕਰ ਕੇ ਕੁਚਲਦਾ ਹੈ
21. ਦਾਨੀਏਲ ਨੇ ‘ਚੌਥੇ ਰਾਜ’ ਦਾ ਵਰਣਨ ਕਿਵੇਂ ਕੀਤਾ?
21 ਦਾਨੀਏਲ ਨੇ ਸੁਪਨੇ ਵਿਚਲੀ ਮੂਰਤ ਦੀ ਆਪਣੀ ਵਿਆਖਿਆ ਜਾਰੀ ਰੱਖੀ: “ਚੌਥਾ ਰਾਜ [ਬਾਬਲ, ਮਾਦੀ-ਫ਼ਾਰਸ ਅਤੇ ਯੂਨਾਨ ਤੋਂ ਬਾਅਦ] ਲੋਹੇ ਵਰਗਾ ਕਰੜਾ ਹੋਵੇਗਾ ਅਤੇ ਜਿਵੇਂ ਲੋਹਾ ਤੋੜ ਕੇ ਟੋਟੇ ਟੋਟੇ ਕਰਦਾ ਤੇ ਸਾਰੀਆਂ ਚੀਜ਼ਾਂ ਨੂੰ ਜਿੱਤ ਲੈਂਦਾ ਹੈ, ਹਾਂ, ਜਿਵੇਂ ਲੋਹਾ ਏਹਨਾਂ ਸਭਨਾ ਨੂੰ ਕੁਚਲਦਾ ਤਿਵੇਂ ਉਹ ਤੋੜ ਕੇ ਚੂਰ ਚੂਰ ਕਰੇਗਾ ਅਤੇ ਕੁਚਲ ਦੇਵੇਗਾ।” (ਦਾਨੀਏਲ 2:40) ਆਪਣੀ ਕੁਚਲਣ ਦੀ ਤਾਕਤ ਅਤੇ ਯੋਗਤਾ ਵਿਚ ਇਹ ਵਿਸ਼ਵ ਸ਼ਕਤੀ ਲੋਹੇ ਵਰਗੀ ਹੋਵੇਗੀ, ਯਾਨੀ ਕਿ ਉਨ੍ਹਾਂ ਸਾਮਰਾਜਾਂ ਨਾਲੋਂ ਵੀ ਮਜ਼ਬੂਤ ਹੋਵੇਗੀ ਜੋ ਸੋਨੇ, ਚਾਂਦੀ ਜਾਂ ਪਿੱਤਲ ਦੁਆਰਾ ਦਰਸਾਏ ਗਏ ਸਨ। ਰੋਮ ਅਜਿਹੀ ਸ਼ਕਤੀ ਸਿੱਧ ਹੋਇਆ।
22. ਰੋਮੀ ਸਾਮਰਾਜ ਲੋਹੇ ਵਰਗਾ ਕਿਵੇਂ ਸੀ?
22 ਰੋਮ ਨੇ ਯੂਨਾਨੀ ਸਾਮਰਾਜ ਨੂੰ ਕੁਚਲ ਦਿੱਤਾ ਅਤੇ ਮਾਦੀ-ਫ਼ਾਰਸੀ ਅਤੇ ਬਾਬਲੀ ਵਿਸ਼ਵ ਸ਼ਕਤੀਆਂ ਦੇ ਰਹਿੰਦੇ-ਖੁੰਹਦੇ ਹਿੱਸਿਆਂ ਨੂੰ ਵੀ ਆਪਣੇ ਕਬਜ਼ੇ ਵਿਚ ਲੈ ਲਿਆ। ਉਸ ਨੇ ਯਿਸੂ ਮਸੀਹ ਦੁਆਰਾ ਐਲਾਨ ਕੀਤੇ ਗਏ ਪਰਮੇਸ਼ੁਰ ਦੇ ਰਾਜ ਲਈ ਕੋਈ ਆਦਰ ਨਹੀਂ ਦਿਖਾਇਆ, ਅਤੇ 33 ਸਾ.ਯੁ. ਵਿਚ ਯਿਸੂ ਨੂੰ ਤਸੀਹੇ ਦੀ ਸੂਲੀ ਉੱਤੇ ਮਾਰ ਸੁੱਟਿਆ। ਸੱਚੀ ਮਸੀਹੀਅਤ ਨੂੰ ਕੁਚਲਣ ਦੀ ਕੋਸ਼ਿਸ਼ ਵਿਚ ਰੋਮ ਨੇ ਯਿਸੂ ਦੇ ਚੇਲਿਆਂ ਨੂੰ ਸਤਾਇਆ। ਇਸ ਤੋਂ ਇਲਾਵਾ, 70 ਸਾ.ਯੁ. ਵਿਚ ਰੋਮੀ ਲੋਕਾਂ ਨੇ ਯਰੂਸ਼ਲਮ ਅਤੇ ਉਸ ਦੀ ਹੈਕਲ ਨੂੰ ਤਬਾਹ ਕਰ ਦਿੱਤਾ।
23, 24. ਰੋਮੀ ਸਾਮਰਾਜ ਤੋਂ ਇਲਾਵਾ, ਮੂਰਤ ਦੀਆਂ ਲੱਤਾਂ ਹੋਰ ਕਿਸ ਨੂੰ ਦਰਸਾਉਂਦੀਆਂ ਹਨ?
23 ਨਬੂਕਦਨੱਸਰ ਦੇ ਸੁਪਨੇ ਵਿਚਲੀ ਮੂਰਤ ਦੀਆਂ ਲੋਹੇ ਦੀਆਂ ਲੱਤਾਂ ਨੇ ਸਿਰਫ਼ ਰੋਮੀ ਸਾਮਰਾਜ ਨੂੰ ਹੀ ਨਹੀਂ ਦਰਸਾਇਆ ਪਰ ਉਸ ਦੇ ਰਾਜਨੀਤਿਕ ਵਾਧੇ ਨੂੰ ਵੀ ਦਰਸਾਇਆ ਸੀ। ਪਰਕਾਸ਼ ਦੀ ਪੋਥੀ 17:10 ਵਿਚ ਦਰਜ ਕੀਤੇ ਗਏ ਇਨ੍ਹਾਂ ਸ਼ਬਦਾਂ ਉੱਤੇ ਵਿਚਾਰ ਕਰੋ: “ਓਹ ਸੱਤ ਰਾਜੇ ਵੀ ਹਨ। ਪੰਜ ਤਾਂ ਡਿੱਗ ਪਏ ਹਨ, ਇੱਕ ਹੈ ਅਤੇ ਇੱਕ ਅਜੇ ਆਇਆ ਨਹੀਂ। ਜਦੋਂ ਆਵੇਗਾ ਤਾਂ ਉਹ ਨੂੰ ਥੋੜਾ ਚਿਰ ਰਹਿਣਾ ਜ਼ਰੂਰੀ ਹੈ।” ਜਦੋਂ ਯੂਹੰਨਾ ਰਸੂਲ ਨੇ ਇਹ ਸ਼ਬਦ ਲਿਖੇ ਸਨ, ਉਦੋਂ ਉਹ ਰੋਮੀਆਂ ਦੁਆਰਾ ਇਕ ਜਲਾਵਤਨ ਦੇ ਤੌਰ ਤੇ ਪਾਤਮੁਸ ਟਾਪੂ ਉੱਤੇ ਕੈਦੀ ਬਣਾਇਆ ਗਿਆ ਸੀ। ਪੰਜ ਡਿਗੇ ਹੋਏ ਰਾਜੇ, ਜਾਂ ਵਿਸ਼ਵ ਸ਼ਕਤੀਆਂ ਮਿਸਰ, ਅੱਸ਼ੂਰ, ਬਾਬਲ, ਮਾਦੀ-ਫ਼ਾਰਸ, ਅਤੇ ਯੂਨਾਨ ਸਨ। ਛੇਵਾਂ ਰਾਜਾ, ਅਰਥਾਤ ਰੋਮੀ ਸਾਮਰਾਜ, ਹਾਲੇ ਵੀ ਖੜ੍ਹਾ ਸੀ। ਪਰ ਇਸ ਨੇ ਵੀ ਡਿੱਗਣਾ ਸੀ, ਅਤੇ ਸੱਤਵੇਂ ਰਾਜੇ ਨੇ ਰੋਮ ਦੇ ਜਿੱਤੇ ਇਲਾਕਿਆਂ ਵਿੱਚੋਂ ਖੜ੍ਹਾ ਹੋਣਾ ਸੀ। ਉਹ ਕਿਹੜੀ ਵਿਸ਼ਵ ਸ਼ਕਤੀ ਹੋਵੇਗੀ?
24 ਇਕ ਸਮੇਂ ਬਰਤਾਨੀਆ ਰੋਮੀ ਸਾਮਰਾਜ ਦਾ ਉੱਤਰ-ਪੱਛਮੀ ਹਿੱਸਾ ਹੁੰਦਾ ਸੀ। ਪਰ ਸੰਨ 1763 ਤਕ, ਇਹ ਬਰਤਾਨਵੀ ਸਾਮਰਾਜ ਬਣ ਚੁੱਕਾ ਸੀ—ਉਹ ਬਰਤਾਨੀਆ ਜੋ ਸੱਤਾਂ ਸਮੁੰਦਰਾਂ ਉੱਤੇ ਸ਼ਾਸਨ ਕਰਦਾ ਸੀ। ਸੰਨ 1776 ਤਕ ਇਸ ਦੀਆਂ 13 ਅਮਰੀਕੀ ਬਸਤੀਆਂ ਆਪਣੀ ਆਜ਼ਾਦੀ ਦਾ ਐਲਾਨ ਕਰ ਚੁੱਕੀਆਂ ਸਨ ਤਾਂਕਿ ਉਹ ਸੰਯੁਕਤ ਰਾਜ ਅਮਰੀਕਾ ਸਥਾਪਿਤ ਕਰ ਸਕਣ। ਪਰ ਬਾਅਦ ਦੇ ਸਾਲਾਂ ਵਿਚ, ਬਰਤਾਨੀਆ ਅਤੇ ਸੰਯੁਕਤ ਰਾਜ ਅਮਰੀਕਾ ਯੁੱਧ ਅਤੇ ਸ਼ਾਂਤੀ ਵਿਚ ਇਕ ਦੂਜੇ ਦਾ ਸਾਥ ਦੇਣ ਲੱਗ ਪਏ। ਇਸ ਤਰ੍ਹਾਂ ਐਂਗਲੋ-ਅਮਰੀਕੀ ਜੁੱਟ ਬਾਈਬਲ ਭਵਿੱਖਬਾਣੀ ਦੀ ਸੱਤਵੀਂ ਸ਼ਕਤੀ ਵਜੋਂ ਪ੍ਰਗਟ ਹੋਇਆ। ਰੋਮੀ ਸਾਮਰਾਜ ਵਾਂਗ, ਇਹ “ਲੋਹੇ ਵਰਗਾ ਕਰੜਾ” ਸਾਬਤ ਹੋਇਆ ਹੈ ਅਤੇ ਲੋਹੇ ਵਰਗੀ ਸਖ਼ਤੀ ਵਰਤਦਾ ਆ ਰਿਹਾ ਹੈ। ਸੁਪਨੇ ਵਿਚਲੀ ਮੂਰਤ ਦੀਆਂ ਲੋਹੇ ਦੀਆਂ ਲੱਤਾਂ ਰੋਮੀ ਸਾਮਰਾਜ ਅਤੇ ਐਂਗਲੋ-ਅਮਰੀਕੀ ਦੂਹਰੀ ਵਿਸ਼ਵ ਸ਼ਕਤੀ ਨੂੰ ਦਰਸਾਉਂਦੀਆਂ ਹਨ।
ਇਕ ਕਮਜ਼ੋਰ ਗੱਠਜੋੜ
25. ਦਾਨੀਏਲ ਨੇ ਮੂਰਤ ਦੇ ਪੈਰ ਤੇ ਉਂਗਲੀਆਂ ਬਾਰੇ ਕੀ ਕਿਹਾ?
25 ਦਾਨੀਏਲ ਨੇ ਨਬੂਕਦਨੱਸਰ ਨੂੰ ਅੱਗੇ ਦੱਸਿਆ: “ਜੋ ਤੁਸਾਂ ਵੇਖਿਆ ਕਿ ਉਹ ਦੇ ਪੈਰ ਤੇ ਉਂਗਲੀਆਂ ਕੁਝ ਤਾਂ ਘਮਿਆਰਾਂ ਦੀ ਮਿੱਟੀ ਦੀਆਂ ਅਤੇ ਕੁਝ ਲੋਹੇ ਦੀਆਂ ਸਨ ਸੋ ਉਸ ਰਾਜ ਵਿੱਚ ਵੰਡ ਪੈ ਜਾਵੇਗੀ ਅਤੇ ਜਿਵੇਂ ਤੁਸਾਂ ਵੇਖਿਆ ਹੈ ਕਿ ਲੋਹਾ ਮਿੱਟੀ ਨਾਲ ਮਿਲਿਆ ਹੋਇਆ ਸੀ ਤਿਵੇਂ ਉਸ ਵਿੱਚ ਲੋਹੇ ਦੀ ਤਕੜਾਈ ਹੋਵੇਗੀ। ਅਤੇ ਜਿਵੇਂ ਪੈਰਾਂ ਦੀਆਂ ਉਂਗਲੀਆਂ ਕੁਝ ਲੋਹੇ ਦੀਆਂ ਤੇ ਕੁਝ ਮਿੱਟੀ ਦੀਆਂ ਸਨ ਤਿਵੇਂ ਰਾਜ ਕੁਝ ਤਕੜਾ ਅਤੇ ਕੁਝ ਕਮਜ਼ੋਰ ਹੋਵੇਗਾ। ਜਿਵੇਂ ਤੁਸਾਂ ਵੇਖਿਆ ਕਿ ਲੋਹਾ ਮਿੱਟੀ ਨਾਲ ਮਿਲਿਆ ਹੋਇਆ ਸੀ ਤਿਵੇਂ ਓਹ ਮਨੁੱਖ ਦੀ ਅੰਸ ਨਾਲ ਮਿਲਣਗੇ ਪਰ ਜਿਵੇਂ ਲੋਹਾ ਮਿੱਟੀ ਨਾਲ ਰਲਦਾ ਨਹੀਂ ਤਿਵੇਂ ਉਨ੍ਹਾਂ ਦਾ ਆਪੋ ਵਿੱਚ ਕੋਈ ਮੇਲ ਨਾ ਹੋਵੇਗਾ।”—ਦਾਨੀਏਲ 2:41-43.
26. ਪੈਰ ਅਤੇ ਉਂਗਲੀਆਂ ਦੁਆਰਾ ਦਰਸਾਈ ਗਈ ਹਕੂਮਤ ਆਪਣੇ ਆਪ ਨੂੰ ਕਦੋਂ ਪ੍ਰਗਟ ਕਰਦੀ ਹੈ?
26 ਵਿਸ਼ਵ ਸ਼ਕਤੀਆਂ ਦਾ ਉਤਾਰ-ਚੜ੍ਹਾਅ ਨਬੂਕਦਨੱਸਰ ਦੇ ਸੁਪਨੇ ਵਿਚਲੀ ਮੂਰਤ ਦੇ ਵੱਖੋ-ਵੱਖਰੇ ਹਿੱਸਿਆਂ ਦੁਆਰਾ ਦਰਸਾਇਆ ਗਿਆ ਅਤੇ ਇਹ ਸਿਰ ਤੋਂ ਸ਼ੁਰੂ ਹੋ ਕੇ ਪੈਰਾਂ ਤਕ ਪਹੁੰਚਿਆ। ਫਿਰ ਉਚਿਤ ਤੌਰ ਤੇ, ‘ਲੋਹੇ ਅਤੇ ਮਿੱਟੀ ਨਾਲ ਮਿਲੇ’ ਹੋਏ ਪੈਰ ਅਤੇ ਉਂਗਲੀਆਂ ਮਨੁੱਖੀ ਹਕੂਮਤ ਦੇ ਅੰਤਲੇ ਹਿੱਸੇ ਨੂੰ ਦਰਸਾਉਂਦੇ ਹਨ ਜੋ “ਓੜਕ ਦੇ ਸਮੇਂ” ਦੌਰਾਨ ਰਾਜ ਕਰ ਰਿਹਾ ਹੋਵੇਗਾ।—ਦਾਨੀਏਲ 12:4.
27. (ੳ) ਲੋਹੇ ਅਤੇ ਮਿੱਟੀ ਨਾਲ ਮਿਲੇ ਹੋਏ ਪੈਰ ਅਤੇ ਉਂਗਲੀਆਂ ਦੁਨੀਆਂ ਦੇ ਕਿਸ ਤਰ੍ਹਾਂ ਦੇ ਹਾਲਾਤਾਂ ਨੂੰ ਦਰਸਾਉਂਦੇ ਹਨ? (ਅ) ਮੂਰਤ ਦੇ ਪੈਰਾਂ ਦੀਆਂ ਉਂਗਲੀਆਂ ਕੀ ਦਰਸਾਉਂਦੀਆਂ ਹਨ?
27 ਵੀਹਵੀਂ ਸਦੀ ਦੇ ਆਰੰਭ ਵਿਚ, ਬਰਤਾਨਵੀ ਸਾਮਰਾਜ ਧਰਤੀ ਦੇ ਚੌਥੇ ਹਿੱਸੇ ਉੱਤੇ ਸ਼ਾਸਨ ਕਰਦਾ ਸੀ। ਦੂਜੇ ਯੂਰਪੀ ਸਾਮਰਾਜਾਂ ਨੇ ਲੱਖਾਂ ਹੀ ਹੋਰ ਲੋਕਾਂ ਨੂੰ ਆਪਣੇ ਅਧੀਨ ਕੀਤਾ। ਪਰ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਵੱਡੇ-ਵੱਡੇ ਸਾਮਰਾਜਾਂ ਦੀ ਥਾਂ ਛੋਟੀਆਂ-ਛੋਟੀਆਂ ਕੌਮਾਂ ਬਣ ਗਈਆਂ। ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਇਸ ਤਬਦੀਲੀ ਦਾ ਸਿਲਸਿਲਾ ਹੋਰ ਵੀ ਤੇਜ਼ ਹੋ ਗਿਆ। ਜਿਉਂ-ਜਿਉਂ ਰਾਸ਼ਟਰਵਾਦ ਵਧਦਾ ਗਿਆ, ਸੰਸਾਰ ਵਿਚ ਕੌਮਾਂ ਦੀ ਗਿਣਤੀ ਵੀ ਕਾਫ਼ੀ ਵਧਦੀ ਗਈ। ਮੂਰਤ ਦੇ ਪੈਰਾਂ ਦੀਆਂ ਦਸ ਉਂਗਲੀਆਂ ਅਜਿਹੀਆਂ ਸਾਰੀਆਂ ਹਕੂਮਤਾਂ ਅਤੇ ਸਰਕਾਰਾਂ ਨੂੰ ਮਿਲ ਕੇ ਦਰਸਾਉਂਦੀਆਂ ਹਨ, ਕਿਉਂਕਿ ਬਾਈਬਲ ਵਿਚ ਦਸ ਨੰਬਰ ਸੰਸਾਰਕ ਸੰਪੂਰਣਤਾ ਨੂੰ ਸੰਕੇਤ ਕਰਦਾ ਹੈ।—ਕੂਚ 34:28; ਮੱਤੀ 25:1; ਪਰਕਾਸ਼ ਦੀ ਪੋਥੀ 2:10 ਦੀ ਤੁਲਨਾ ਕਰੋ।
28, 29. (ੳ) ਦਾਨੀਏਲ ਦੇ ਅਨੁਸਾਰ, ਮਿੱਟੀ ਕਿਸ ਨੂੰ ਦਰਸਾਉਂਦੀ ਸੀ? (ਅ) ਲੋਹੇ ਅਤੇ ਮਿੱਟੀ ਦੀ ਰਲਾਵਟ ਬਾਰੇ ਕੀ ਕਿਹਾ ਜਾ ਸਕਦਾ ਹੈ?
28 ਕਿਉਂ ਜੋ ਅਸੀਂ ਹੁਣ “ਓੜਕ ਦੇ ਸਮੇਂ” ਵਿਚ ਹਾਂ, ਅਸੀਂ ਮੂਰਤ ਦੇ ਪੈਰਾਂ ਤਕ ਪਹੁੰਚ ਗਏ ਹਾਂ। ਕੁਝ ਸਰਕਾਰਾਂ ਜੋ ਮੂਰਤ ਦੇ ਲੋਹੇ ਅਤੇ ਮਿੱਟੀ ਨਾਲ ਮਿਲੇ ਹੋਏ ਪੈਰ ਅਤੇ ਉਂਗਲੀਆਂ ਦੁਆਰਾ ਦਰਸਾਈਆਂ ਗਈਆਂ ਹਨ, ਲੋਹੇ ਵਰਗੀਆਂ ਹਨ। ਉਹ ਸੱਤਾਵਾਦੀ ਅਤੇ ਜ਼ਾਲਮ ਹਨ। ਦੂਜੀਆਂ ਮਿੱਟੀ ਵਰਗੀਆਂ ਹਨ। ਕਿਸ ਤਰ੍ਹਾਂ? ਦਾਨੀਏਲ ਨੇ ਮਿੱਟੀ ਦਾ ਸੰਬੰਧ “ਮਨੁੱਖ ਦੀ ਅੰਸ” ਨਾਲ ਜੋੜਿਆ। (ਦਾਨੀਏਲ 2:43) ਮਿੱਟੀ ਦੀ ਨਾਜ਼ੁਕ ਵਿਸ਼ੇਸ਼ਤਾ ਦੇ ਬਾਵਜੂਦ, ਜਿਸ ਤੋਂ ਮਨੁੱਖ ਦੀ ਅੰਸ ਬਣੀ ਹੋਈ ਹੈ, ਲੋਹੇ ਵਰਗੀਆਂ ਸਰਕਾਰਾਂ ਨੂੰ ਹੁਣ ਆਮ ਜਨਤਾ ਦੀ ਗੱਲ ਪਹਿਲਾਂ ਨਾਲੋਂ ਜ਼ਿਆਦਾ ਮੰਨਣੀ ਹੀ ਪੈਂਦੀ ਹੈ। (ਅੱਯੂਬ 10:9) ਜਨਤਾ ਚਾਹੁੰਦੀ ਹੈ ਕਿ ਉਨ੍ਹਾਂ ਉੱਪਰ ਹਕੂਮਤ ਕਰ ਰਹੀਆਂ ਸਰਕਾਰਾਂ ਉਨ੍ਹਾਂ ਦੀ ਸਲਾਹ ਵੀ ਪੁੱਛਣ। ਪਰ ਸੱਤਾਵਾਦੀ ਹਕੂਮਤ ਅਤੇ ਆਮ ਜਨਤਾ ਆਪਸ ਵਿਚ ਜ਼ਰਾ ਵੀ ਨਹੀਂ ਰਲਦੀਆਂ-ਮਿਲਦੀਆਂ, ਠੀਕ ਜਿਵੇਂ ਲੋਹਾ ਅਤੇ ਮਿੱਟੀ ਇਕ ਦੂਜੇ ਨਾਲ ਨਹੀਂ ਰਲਦੇ-ਮਿਲਦੇ। ਜਦੋਂ ਮੂਰਤ ਡਿੱਗਣ ਵਾਲੀ ਹੋਵੇਗੀ, ਸੰਸਾਰ ਵਾਕਈ ਰਾਜਨੀਤਿਕ ਤੌਰ ਤੇ ਟੁੱਕੜੇ-ਟੁੱਕੜੇ ਹੋ ਚੁੱਕਾ ਹੋਵੇਗਾ!
29 ਕੀ ਪੈਰਾਂ ਤੇ ਉਂਗਲੀਆਂ ਦੀ ਆਪਸ ਵਿਚ ਫੁੱਟ ਸਾਰੀ ਦੀ ਸਾਰੀ ਮੂਰਤ ਨੂੰ ਢਹਿ-ਢੇਰੀ ਕਰ ਦੇਵੇਗੀ? ਮੂਰਤ ਨੂੰ ਕੀ ਹੋਵੇਗਾ?
ਇਕ ਜ਼ਬਰਦਸਤ ਅੰਤ!
30. ਨਬੂਕਦਨੱਸਰ ਦੇ ਸੁਪਨੇ ਦੇ ਅੰਤ ਬਾਰੇ ਦੱਸੋ।
30 ਸੁਪਨੇ ਦੇ ਅੰਤ ਉੱਤੇ ਗੌਰ ਕਰੋ। ਦਾਨੀਏਲ ਨੇ ਰਾਜੇ ਨੂੰ ਇਹ ਦੱਸਿਆ: “ਤੁਸੀਂ ਉਹ ਨੂੰ ਵੇਖਦੇ ਰਹੇ ਇਥੋਂ ਤੀਕ ਭਈ ਇੱਕ ਪੱਥਰ ਬਿਨਾ ਹੱਥ ਲਾਏ ਵੱਢ ਕੇ ਕੱਢਿਆ ਗਿਆ ਜਿਹ ਨੇ ਉਸ ਮੂਰਤ ਨੂੰ ਉਹ ਦੇ ਪੈਰਾਂ ਉੱਤੇ ਜਿਹੜੇ ਲੋਹੇ ਤੇ ਮਿੱਟੀ ਦੇ ਸਨ ਮਾਰਿਆ ਅਤੇ ਉਹ ਨੂੰ ਟੋਟੇ ਟੋਟੇ ਕਰ ਦਿੱਤਾ। ਤਦ ਲੋਹਾ, ਮਿੱਟੀ, ਪਿੱਤਲ, ਚਾਂਦੀ ਤੇ ਸੋਨਾ ਸਾਰੇ ਟੋਟੇ ਟੋਟੇ ਕਰ ਦਿੱਤੇ ਗਏ ਅਤੇ ਗਰਮੀ ਦੀ ਰੁੱਤ ਦੇ ਪਿੜ ਦੀ ਤੂੜੀ ਵਾਂਙੁ ਹੋ ਗਏ ਅਤੇ ਵਾਉ ਉਨ੍ਹਾਂ ਨੂੰ ਉਡਾ ਲੈ ਗਈ ਇਥੋਂ ਤਾਈਂ ਕਿ ਉਨ੍ਹਾਂ ਦੇ ਲਈ ਕੋਈ ਥਾਂ ਨਾ ਰਿਹਾ ਅਤੇ ਉਹ ਪੱਥਰ ਜਿਹ ਨੇ ਉਸ ਮੂਰਤ ਨੂੰ ਮਾਰਿਆ ਇੱਕ ਵੱਡਾ ਪਹਾੜ ਬਣ ਗਿਆ ਅਤੇ ਸਾਰੀ ਧਰਤੀ ਨੂੰ ਭਰ ਦਿੱਤਾ।”—ਦਾਨੀਏਲ 2:34, 35.
31, 32. ਦਾਨੀਏਲ ਨੇ ਨਬੂਕਦਨੱਸਰ ਦੇ ਸੁਪਨੇ ਦੇ ਅੰਤਲੇ ਹਿੱਸੇ ਬਾਰੇ ਕੀ ਦੱਸਿਆ ਸੀ?
31 ਇਸ ਦਾ ਅਰਥ ਸਮਝਾਉਣ ਲਈ, ਭਵਿੱਖਬਾਣੀ ਨੇ ਅੱਗੇ ਦੱਸਿਆ: “ਉਨ੍ਹਾਂ ਰਾਜਿਆਂ ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ। ਅਤੇ ਜਿਹਾਕੁ ਤੁਸਾਂ ਵੇਖਿਆ ਭਈ ਉਹ ਪੱਥਰ ਬਿਨ ਹੱਥ ਲਾਏ ਪਹਾੜ ਵਿੱਚੋਂ ਵੱਢ ਕੇ ਕੱਢਿਆ ਗਿਆ ਅਤੇ ਉਹ ਨੇ ਲੋਹੇ, ਪਿੱਤਲ, ਮਿੱਟੀ, ਚਾਂਦੀ ਤੇ ਸੋਨੇ ਨੂੰ ਚੂਰ ਚੂਰ ਕੀਤਾ, ਮਹਾਂ ਪਰਮੇਸ਼ੁਰ ਨੇ ਉਹੋ ਕੁਝ ਰਾਜੇ ਨੂੰ ਵਿਖਾਇਆ ਹੈ ਜੋ ਕੁਝ ਅੱਗੇ ਨੂੰ ਹੋਣ ਵਾਲਾ ਹੈ, ਏਹ ਸੁਫ਼ਨਾ ਪੱਕਾ ਹੈ ਤੇ ਉਹ ਦਾ ਅਰਥ ਵੀ ਪੱਕਾ।”—ਦਾਨੀਏਲ 2:44, 45.
32 ਇਸ ਗੱਲ ਦੀ ਕਦਰ ਕਰਦੇ ਹੋਏ ਕਿ ਨਬੂਕਦਨੱਸਰ ਨੂੰ ਸਿਰਫ਼ ਉਸ ਦਾ ਸੁਪਨਾ ਹੀ ਨਹੀਂ ਯਾਦ ਕਰਵਾਇਆ ਗਿਆ ਸੀ ਪਰ ਉਸ ਦਾ ਅਰਥ ਵੀ ਸਮਝਾਇਆ ਗਿਆ ਸੀ, ਉਸ ਨੇ ਕਬੂਲ ਕੀਤਾ ਕਿ ਕੇਵਲ ਦਾਨੀਏਲ ਦਾ ਪਰਮੇਸ਼ੁਰ ਹੀ “ਰਾਜਿਆਂ ਦਾ ਪ੍ਰਭੁ ਅਤੇ ਭੇਤ ਖੋਲ੍ਹਣ ਵਾਲਾ” ਸੀ। ਰਾਜੇ ਨੇ ਦਾਨੀਏਲ ਅਤੇ ਉਸ ਦੇ ਤਿੰਨ ਇਬਰਾਨੀ ਸਾਥੀਆਂ ਨੂੰ ਵੱਡੀ ਜ਼ਿੰਮੇਵਾਰੀ ਵਾਲੀਆਂ ਪਦਵੀਆਂ ਵੀ ਸੌਂਪੀਆਂ। (ਦਾਨੀਏਲ 2:46-49) ਪਰ ਫਿਰ, ਸਾਡੇ ਸਮਿਆਂ ਲਈ ਦਾਨੀਏਲ ਦੁਆਰਾ ਦੱਸੇ ਗਏ ‘ਪੱਕੇ ਅਰਥ’ ਦੀ ਕੀ ਮਹੱਤਤਾ ਹੈ?
‘ਇੱਕ ਪਹਾੜ ਸਾਰੀ ਧਰਤੀ ਨੂੰ ਭਰ ਦਿੰਦਾ ਹੈ’
33. “ਪੱਥਰ” ਕਿਸ “ਪਹਾੜ” ਵਿੱਚੋਂ ਵੱਢਿਆ ਗਿਆ, ਅਤੇ ਇਹ ਕਦੋਂ ਅਤੇ ਕਿਵੇਂ ਵੱਢਿਆ ਗਿਆ ਸੀ?
33 ਅਕਤੂਬਰ 1914 ਵਿਚ ਜਦੋਂ “ਪਰਾਈਆਂ ਕੌਮਾਂ ਦੇ ਸਮੇ” ਸਮਾਪਤ ਹੋ ਗਏ, ‘ਅਕਾਸ਼ ਦੇ ਪਰਮੇਸ਼ੁਰ’ ਨੇ ਆਪਣੇ ਮਸਹ ਕੀਤੇ ਹੋਏ ਪੁੱਤਰ, ਯਿਸੂ ਮਸੀਹ ਨੂੰ ‘ਰਾਜਿਆਂ ਦੇ ਰਾਜੇ ਅਤੇ ਪ੍ਰਭੁਆਂ ਦੇ ਪ੍ਰਭੁ’ ਵਜੋਂ ਸਿੰਘਾਸਣ ਤੇ ਬਿਠਾ ਕੇ ਸਵਰਗੀ ਰਾਜ ਸਥਾਪਿਤ ਕੀਤਾ।a (ਲੂਕਾ 21:24; ਪਰਕਾਸ਼ ਦੀ ਪੋਥੀ 12:1-5; 19:16) ਸੋ ਉਹ ਮਸੀਹਾਈ ਰਾਜ “ਪੱਥਰ” ਮਨੁੱਖ ਦੇ ਹੱਥੀਂ ਨਹੀਂ, ਬਲਕਿ ਈਸ਼ਵਰੀ ਸ਼ਕਤੀ ਦੁਆਰਾ ਯਹੋਵਾਹ ਦੀ ਵਿਸ਼ਵ ਸਰਬਸੱਤਾ ਦੇ “ਪਹਾੜ” ਵਿੱਚੋਂ ਵੱਢਿਆ ਗਿਆ ਸੀ। ਇਹ ਸਵਰਗੀ ਸਰਕਾਰ ਯਿਸੂ ਮਸੀਹ ਦੇ ਹੱਥਾਂ ਵਿਚ ਹੈ, ਜਿਸ ਨੂੰ ਪਰਮੇਸ਼ੁਰ ਨੇ ਅਮਰਤਾ ਬਖ਼ਸ਼ੀ ਹੈ। (ਰੋਮੀਆਂ 6:9; 1 ਤਿਮੋਥਿਉਸ 6:15, 16) ਇਸ ਕਾਰਨ, ‘ਸਾਡੇ ਪ੍ਰਭੁ ਪਰਮੇਸ਼ੁਰ ਅਤੇ ਉਹ ਦੇ ਮਸੀਹ ਦਾ ਇਹ ਰਾਜ,’ ਯਾਨੀ ਕਿ ਯਹੋਵਾਹ ਦੀ ਵਿਸ਼ਵ-ਵਿਆਪੀ ਸਰਬਸੱਤਾ ਦਾ ਪ੍ਰਗਟਾਵਾ, ਕਿਸੇ ਦੂਜੇ ਲਈ ਨਹੀਂ ਛੱਡਿਆ ਜਾਵੇਗਾ। ਉਹ ਸਦਾ ਤਾਈਂ ਖੜ੍ਹਾ ਰਹੇਗਾ।—ਪਰਕਾਸ਼ ਦੀ ਪੋਥੀ 11:15.
34. ਪਰਮੇਸ਼ੁਰ ਦੇ ਰਾਜ ਦਾ ਜਨਮ “ਉਨ੍ਹਾਂ ਰਾਜਿਆਂ ਦੇ ਦਿਨਾਂ ਵਿੱਚ” ਕਿਵੇਂ ਹੋਇਆ ਸੀ?
34 ਇਸ ਰਾਜ ਦਾ ਜਨਮ “ਉਨ੍ਹਾਂ ਰਾਜਿਆਂ ਦੇ ਦਿਨਾਂ ਵਿੱਚ” ਹੋਇਆ। (ਦਾਨੀਏਲ 2:44) ਇਹ ਸਿਰਫ਼ ਉਹੀ ਰਾਜੇ ਨਹੀਂ ਸਨ ਜੋ ਮੂਰਤ ਦੇ ਪੈਰਾਂ ਦੀਆਂ ਦਸ ਉਂਗਲੀਆਂ ਨਾਲ ਦਰਸਾਏ ਗਏ ਸਨ, ਪਰ ਉਹ ਵੀ ਜੋ ਲੋਹੇ, ਪਿੱਤਲ, ਚਾਂਦੀ, ਅਤੇ ਸੋਨੇ ਦੇ ਹਿੱਸਿਆਂ ਨਾਲ ਦਰਸਾਏ ਗਏ ਸਨ। ਭਾਵੇਂ ਕਿ ਬਾਬਲੀ, ਫ਼ਾਰਸੀ, ਯੂਨਾਨੀ ਅਤੇ ਰੋਮੀ ਸਾਮਰਾਜ ਵਿਸ਼ਵ ਸ਼ਕਤੀਆਂ ਵਜੋਂ ਸਮਾਪਤ ਹੋ ਗਏ ਸਨ, ਉਨ੍ਹਾਂ ਦੇ ਰਹਿੰਦੇ-ਖੁੰਹਦੇ ਹਿੱਸੇ 1914 ਵਿਚ ਹਾਲੇ ਵੀ ਮੌਜੂਦ ਸਨ। ਉਦੋਂ ਬੈਬੀਲੋਨੀਆ ਦਾ ਖੇਤਰ ਤੁਰਕੀ ਉਸਮਾਨੀ ਸਾਮਰਾਜ ਦੇ ਅਧਿਕਾਰ ਹੇਠ ਸੀ ਅਤੇ ਕੌਮੀ ਸਰਕਾਰਾਂ ਅਜੇ ਫ਼ਾਰਸ (ਈਰਾਨ) ਅਤੇ ਯੂਨਾਨ ਅਤੇ ਰੋਮ, ਇਟਲੀ ਵਿਚ ਕਾਇਮ ਸਨ।
35. “ਪੱਥਰ” ਮੂਰਤ ਨੂੰ ਕਦੋਂ ਮਾਰੇਗਾ, ਅਤੇ ਮੂਰਤ ਦਾ ਕਿਸ ਹੱਦ ਤਕ ਨਾਸ਼ ਕੀਤਾ ਜਾਵੇਗਾ?
35 ਪਰਮੇਸ਼ੁਰ ਦਾ ਸਵਰਗੀ ਰਾਜ ਹੁਣ ਜਲਦੀ ਹੀ ਉਸ ਪ੍ਰਤੀਕਾਤਮਕ ਮੂਰਤ ਦੇ ਪੈਰਾਂ ਨੂੰ ਮਾਰੇਗਾ। ਇਸ ਦੇ ਨਤੀਜੇ ਵਜੋਂ ਮੂਰਤ ਦੁਆਰਾ ਦਰਸਾਈਆਂ ਗਈਆਂ ਸਾਰੀਆਂ ਪਾਤਸ਼ਾਹੀਆਂ ਦਾ ਚੂਰ-ਚੂਰ ਕਰ ਕੇ ਸੱਤਿਆ ਨਾਸ ਕੀਤਾ ਜਾਵੇਗਾ। ਵਾਕਈ, “ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਓਸ ਵੱਡੇ ਦਿਹਾੜੇ ਦੇ ਜੁੱਧ” ਤੇ, ਉਹ “ਪੱਥਰ” ਇੰਨੀ ਜ਼ੋਰ ਨਾਲ ਵੱਜੇਗਾ ਕਿ ਇਹ ਮੂਰਤ ਟੋਟੇ ਟੋਟੇ ਕਰ ਦਿੱਤੀ ਜਾਵੇਗੀ ਅਤੇ ਪਰਮੇਸ਼ੁਰ ਦਾ ਤੂਫ਼ਾਨ ਉਸ ਨੂੰ ਪਿੜ ਦੀ ਤੂੜੀ ਵਾਂਙੁ ਉਡਾ ਕੇ ਲੈ ਜਾਵੇਗਾ। (ਪਰਕਾਸ਼ ਦੀ ਪੋਥੀ 16:14, 16) ਫਿਰ ਉਸ ਪੱਥਰ ਵਾਂਗ ਜਿਸ ਨੇ ਪਹਾੜ ਜਿੰਨਾ ਵੱਡਾ ਹੋ ਕੇ ਸਾਰੀ ਧਰਤੀ ਨੂੰ ਭਰ ਦਿੱਤਾ ਸੀ, ਪਰਮੇਸ਼ੁਰ ਦਾ ਰਾਜ ਉਹ ਸਰਕਾਰੀ ਪਹਾੜ ਬਣ ਜਾਵੇਗਾ ਜਿਸ ਦਾ ਪ੍ਰਭਾਵ “ਸਾਰੀ ਧਰਤੀ” ਉੱਤੇ ਪਵੇਗਾ।—ਦਾਨੀਏਲ 2:35.
36. ਮਸੀਹਾਈ ਰਾਜ ਨੂੰ ਇਕ ਸਥਿਰ ਸਰਕਾਰ ਕਿਉਂ ਕਿਹਾ ਜਾ ਸਕਦਾ ਹੈ?
36 ਭਾਵੇਂ ਕਿ ਮਸੀਹਾਈ ਰਾਜ ਸਵਰਗੀ ਹੈ, ਉਹ ਇਸ ਧਰਤੀ ਦੇ ਸਾਰੇ ਆਗਿਆਕਾਰ ਵਾਸੀਆਂ ਦੇ ਭਲੇ ਲਈ ਆਪਣੀ ਸ਼ਕਤੀ ਇਸਤੇਮਾਲ ਕਰੇਗਾ। ਇਹ ਸਥਿਰ ਰਾਜ “ਸਦਾ ਤੀਕ ਨੇਸਤ ਨਾ ਹੋਵੇਗਾ” ਅਤੇ “ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ।” ਮਰਨਹਾਰ ਮਨੁੱਖੀ ਹਾਕਮਾਂ ਦੀਆਂ ਪਾਤਸ਼ਾਹੀਆਂ ਦੇ ਉਲਟ, ਉਹ ਰਾਜ “ਆਪ ਸਦਾ ਤਾਈਂ ਖੜਾ ਰਹੇਗਾ।” (ਦਾਨੀਏਲ 2:44) ਅਸੀਂ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਵੀ ਸਦਾ ਲਈ ਉਸ ਦੀ ਪਰਜਾ ਵਿਚ ਹੋਣ ਦਾ ਸਨਮਾਨ ਪ੍ਰਾਪਤ ਹੋਵੇਗਾ।
[ਫੁਟਨੋਟ]
a ਇਸ ਪੁਸਤਕ ਦਾ ਛੇਵਾਂ ਅਧਿਆਇ ਦੇਖੋ।
ਅਸੀਂ ਕੀ ਸਿੱਖਿਆ?
• ਨਬੂਕਦਨੱਸਰ ਦੇ ਸੁਪਨੇ ਵਿਚਲੀ ਵੱਡੀ ਮੂਰਤ ਦੇ ਵੱਖੋ-ਵੱਖਰੇ ਹਿੱਸੇ ਕਿਨ੍ਹਾਂ ਵਿਸ਼ਵ ਸ਼ਕਤੀਆਂ ਨੂੰ ਦਰਸਾਉਂਦੇ ਹਨ?
• ਲੋਹੇ ਅਤੇ ਮਿੱਟੀ ਨਾਲ ਮਿਲੇ ਹੋਏ ਪੈਰ ਅਤੇ ਦਸ ਉਂਗਲੀਆਂ ਕਿਹੜੀ ਵਿਸ਼ਵ ਹਾਲਾਤ ਨੂੰ ਦਰਸਾਉਂਦੇ ਹਨ?
• “ਪੱਥਰ” ਕਿਹੜੇ “ਪਹਾੜ” ਵਿੱਚੋਂ ਵੱਢਿਆ ਗਿਆ ਸੀ ਅਤੇ ਕਦੋਂ?
• “ਪੱਥਰ” ਮੂਰਤ ਨੂੰ ਕਦੋਂ ਮਾਰੇਗਾ?
[ਸਫ਼ੇ 63-67 ਉੱਤੇ ਡੱਬੀ/ਤਸਵੀਰਾਂ]
ਇਕ ਯੋਧਾ ਬਾਦਸ਼ਾਹ ਇਕ ਸਾਮਰਾਜ ਖੜ੍ਹਾ ਕਰਦਾ ਹੈ
ਬਾਬਲ ਦੇ ਰਾਜਕੁਮਾਰ ਅਤੇ ਉਸ ਦੀ ਫ਼ੌਜ ਨੇ ਫ਼ਿਰਊਨ ਨਕੋ ਦੀਆਂ ਮਿਸਰੀ ਫ਼ੌਜਾਂ ਨੂੰ ਕਰਕਮਿਸ਼, ਸੀਰੀਆ ਵਿਚ ਬਰਬਾਦ ਕਰ ਦਿੱਤਾ। ਹਰਾਏ ਗਏ ਮਿਸਰੀ ਹੁਣ ਦੱਖਣ ਵੱਲ ਮਿਸਰ ਨੂੰ ਭੱਜਦੇ ਹਨ, ਅਤੇ ਬਾਬਲੀ ਫ਼ੌਜ ਉਨ੍ਹਾਂ ਦਾ ਪਿੱਛਾ ਕਰਦੀ ਹੈ। ਪਰ ਬਾਬਲ ਤੋਂ ਇਕ ਖ਼ਬਰ ਆਉਂਦੀ ਹੈ ਜਿਸ ਕਾਰਨ ਇਹ ਜੇਤੂ ਰਾਜਕੁਮਾਰ ਆਪਣੀ ਸੈਨਿਕ ਕਾਰਵਾਈ ਨੂੰ ਛੱਡ ਕੇ ਘਰ ਵਾਪਸ ਜਾਣ ਲਈ ਮਜਬੂਰ ਹੋ ਜਾਂਦਾ ਹੈ। ਖ਼ਬਰ ਇਹ ਹੈ ਕਿ ਉਸ ਦਾ ਪਿਤਾ ਨਬੋਪੋਲੱਸਰ ਮਰ ਗਿਆ ਸੀ। ਆਪਣੇ ਜਰਨੈਲਾਂ ਨੂੰ ਕੈਦੀਆਂ ਅਤੇ ਲੁੱਟੀਆਂ ਵਸਤਾਂ ਵਾਪਸ ਲਿਆਉਣ ਲਈ ਹੁਕਮ ਦੇ ਕੇ, ਨਬੂਕਦਨੱਸਰ ਫ਼ੌਰਨ ਘਰ ਵਾਪਸ ਮੁੜ ਜਾਂਦਾ ਹੈ ਅਤੇ ਆਪਣੇ ਪਿਤਾ ਦੀ ਥਾਂ ਰਾਜ-ਗੱਦੀ ਤੇ ਬੈਠ ਜਾਂਦਾ ਹੈ।
ਇਸ ਤਰ੍ਹਾਂ 624 ਸਾ.ਯੁ.ਪੂ. ਵਿਚ ਨਬੂਕਦਨੱਸਰ ਬਾਬਲ ਦੇ ਨਵੇਂ-ਨਵੇਂ ਸਾਮਰਾਜ ਦਾ ਦੂਜਾ ਬਾਦਸ਼ਾਹ ਬਣਿਆ। ਆਪਣੀ 43 ਸਾਲ ਦੀ ਬਾਦਸ਼ਾਹੀ ਦੌਰਾਨ ਉਸ ਨੇ ਉਨ੍ਹਾਂ ਇਲਾਕਿਆਂ ਉੱਪਰ ਵੀ ਕਬਜ਼ਾ ਕਰ ਲਿਆ ਜਿਹੜੇ ਪਹਿਲਾਂ ਅੱਸ਼ੂਰੀ ਵਿਸ਼ਵ ਸ਼ਕਤੀ ਦੇ ਕਬਜ਼ੇ ਵਿਚ ਸਨ। ਉਸ ਨੇ ਉੱਤਰ ਵੱਲ ਸੀਰੀਆ, ਪੱਛਮ ਵੱਲ ਫਲਸਤੀਨ ਅਤੇ ਦੱਖਣ ਵੱਲ ਮਿਸਰ ਦੀ ਸਰਹੱਦ ਤਕ ਸਾਰਾ ਇਲਾਕਾ ਜਿੱਤ ਕੇ ਆਪਣੇ ਰਾਜ-ਖੇਤਰ ਨੂੰ ਵਧਾ ਲਿਆ।—ਨਕਸ਼ਾ ਦੇਖੋ।
ਆਪਣੀ ਬਾਦਸ਼ਾਹੀ ਦੇ ਚੌਥੇ ਵਰ੍ਹੇ (620 ਸਾ.ਯੁ.ਪੂ.) ਵਿਚ, ਨਬੂਕਦਨੱਸਰ ਨੇ ਯਹੂਦਾਹ ਦੇ ਰਾਜ ਨੂੰ ਆਪਣਾ ਦਾਸ ਬਣਾ ਲਿਆ। (2 ਰਾਜਿਆਂ 24:1) ਤਿੰਨ ਸਾਲ ਬਾਅਦ, ਜਦੋਂ ਯਹੂਦੀ ਲੋਕਾਂ ਨੇ ਵਿਦਰੋਹ ਕੀਤਾ, ਤਾਂ ਬਾਬਲੀਆਂ ਨੇ ਯਰੂਸ਼ਲਮ ਸ਼ਹਿਰ ਉੱਤੇ ਚੜ੍ਹਾਈ ਕਰ ਕੇ ਉਸ ਨੂੰ ਘੇਰ ਲਿਆ। ਨਬੂਕਦਨੱਸਰ, ਯਹੋਯਾਕੀਨ, ਦਾਨੀਏਲ, ਅਤੇ ਹੋਰਨਾਂ ਨੂੰ ਬਾਬਲ ਵਿਚ ਕੈਦੀ ਬਣਾ ਕੇ ਲੈ ਗਿਆ। ਇਹ ਬਾਦਸ਼ਾਹ ਯਹੋਵਾਹ ਦੀ ਹੈਕਲ ਦੇ ਕੁਝ ਭਾਂਡੇ ਵੀ ਨਾਲ ਲੈ ਆਇਆ। ਉਸ ਨੇ ਯਹੋਯਾਕੀਨ ਦੇ ਚਾਚੇ ਸਿਦਕੀਯਾਹ ਨੂੰ ਆਪਣੇ ਅਧੀਨ ਇਕ ਪਾਤਸ਼ਾਹ ਬਣਾਇਆ।—2 ਰਾਜਿਆਂ 24:2-17; ਦਾਨੀਏਲ 1:6, 7.
ਕੁਝ ਸਮੇਂ ਬਾਅਦ ਸਿਦਕੀਯਾਹ ਨੇ ਵੀ ਵਿਦਰੋਹ ਕਰ ਦਿੱਤਾ ਅਤੇ ਉਸ ਨੇ ਮਿਸਰ ਦੇਸ਼ ਨਾਲ ਮਿੱਤਰਤਾ ਕਰ ਲਈ। ਨਬੂਕਦਨੱਸਰ ਨੇ ਫਿਰ ਤੋਂ ਯਰੂਸ਼ਲਮ ਦੇ ਆਲੇ-ਦੁਆਲੇ ਘੇਰਾ ਪਾਇਆ, ਅਤੇ 607 ਸਾ.ਯੁ.ਪੂ. ਵਿਚ, ਉਹ ਸ਼ਹਿਰ ਦੀਆਂ ਕੰਧਾਂ ਨੂੰ ਢਾਹ ਕੇ ਅੰਦਰ ਲੰਘ ਆਇਆ ਅਤੇ ਉਸ ਨੇ ਹੈਕਲ ਨੂੰ ਸਾੜ ਦਿੱਤਾ ਅਤੇ ਸ਼ਹਿਰ ਨੂੰ ਵੀ ਨਾਸ਼ ਕਰ ਦਿੱਤਾ। ਉਸ ਨੇ ਸਿਦਕੀਯਾਹ ਦੇ ਸਾਰੇ ਪੁੱਤਰਾਂ ਦਾ ਕਤਲ ਕਰ ਕੇ ਸਿਦਕੀਯਾਹ ਦੀਆਂ ਅੱਖਾਂ ਕੱਢ ਛੱਡੀਆਂ ਅਤੇ ਉਸ ਨੂੰ ਬੇੜੀਆਂ ਨਾਲ ਜਕੜ ਕੇ ਬਾਬਲ ਵਿਚ ਲੈ ਆਇਆ। ਨਬੂਕਦਨੱਸਰ ਨੇ ਤਕਰੀਬਨ ਸਾਰੀ ਜਨਤਾ ਨੂੰ ਕੈਦੀ ਬਣਾ ਲਿਆ ਅਤੇ ਹੈਕਲ ਦੇ ਬਾਕੀ ਰਹਿੰਦੇ ਭਾਂਡੇ ਵੀ ਉਹ ਬਾਬਲ ਨੂੰ ਲੈ ਆਇਆ। “ਸੋ ਯਹੂਦਾਹ ਆਪਣੀ ਹੀ ਭੂਮੀ ਵਿੱਚੋਂ ਅਸੀਰ ਹੋ ਗਿਆ।”—2 ਰਾਜਿਆਂ 24:18–25:21.
ਨਬੂਕਦਨੱਸਰ ਨੇ ਸੂਰ ਨਾਮਕ ਸ਼ਹਿਰ ਜਿੱਤਿਆ। ਸ਼ਹਿਰ ਨੂੰ ਜਿੱਤਣ ਲਈ ਉਸ ਨੇ 13 ਸਾਲਾਂ ਤਕ ਘੇਰਾ ਪਾ ਕੇ ਰੱਖਿਆ। ਘੇਰੇ ਦੌਰਾਨ, ਟੋਪੀਆਂ ਨਾਲ ਰਗੜਾਂ ਲੱਗ-ਲੱਗ ਕੇ ਫ਼ੌਜੀਆਂ ਦੇ ‘ਸਿਰ ਗੰਜੇ’ ਹੋ ਗਏ, ਅਤੇ ਘੇਰਾਬੰਦੀ ਉਸਾਰਨ ਦੇ ਸਮਾਨ ਦੀ ਢੋਆ-ਢੁਆਈ ਨਾਲ ਉਨ੍ਹਾਂ ਦੇ ‘ਮੋਢੇ ਛਿੱਲੇ’ ਗਏ। (ਹਿਜ਼ਕੀਏਲ 29:18) ਅੰਤ ਵਿਚ ਸੂਰ ਸ਼ਹਿਰ ਨੇ ਬਾਬਲੀ ਫ਼ੌਜਾਂ ਦੇ ਸਾਮ੍ਹਣੇ ਹਾਰ ਮਨ ਲਈ।
ਇਸ ਤੋਂ ਪਤਾ ਲੱਗਦਾ ਹੈ ਕਿ ਬਾਬਲੀ ਬਾਦਸ਼ਾਹ ਨਬੂਕਦਨੱਸਰ ਫ਼ੌਜੀ ਤਰੀਕਿਆਂ ਵਿਚ ਹੱਦੋਂ ਵੱਧ ਮਾਹਰ ਸੀ। ਕੁਝ ਸਾਹਿੱਤਕ ਲੇਖ, ਖ਼ਾਸ ਕਰਕੇ ਬਾਬਲੀ ਲੇਖ, ਉਸ ਨੂੰ ਇਕ ਨਿਆਂਕਾਰ ਬਾਦਸ਼ਾਹ ਸੱਦਦੇ ਹਨ। ਜਦ ਕਿ ਬਾਈਬਲ ਸਪੱਸ਼ਟ ਤੌਰ ਤੇ ਨਬੂਕਦਨੱਸਰ ਨੂੰ ਨਿਆਂਕਾਰ ਨਹੀਂ ਸੱਦਦੀ ਹੈ, ਯਿਰਮਿਯਾਹ ਨਬੀ ਨੇ ਕਿਹਾ ਕਿ ਸਿਦਕੀਯਾਹ ਦੇ ਵਿਦਰੋਹ ਕਰਨ ਦੇ ਬਾਵਜੂਦ ਵੀ, ‘ਜੇ ਉਹ ਬਾਬਲ ਦੇ ਪਾਤਸ਼ਾਹ ਦੇ ਸਰਦਾਰਾਂ ਕੋਲ ਚੱਲਾ ਜਾਵੇ,’ ਉਸ ਨਾਲ ਚੰਗਾ ਸਲੂਕ ਕੀਤਾ ਜਾਵੇਗਾ। (ਯਿਰਮਿਯਾਹ 38:17, 18) ਅਤੇ ਯਰੂਸ਼ਲਮ ਦੀ ਤਬਾਹੀ ਤੋਂ ਬਾਅਦ, ਨਬੂਕਦਨੱਸਰ ਨੇ ਯਿਰਮਿਯਾਹ ਨਾਲ ਚੰਗਾ ਸਲੂਕ ਕੀਤਾ। ਯਿਰਮਿਯਾਹ ਦੇ ਸੰਬੰਧ ਵਿਚ, ਰਾਜੇ ਨੇ ਹੁਕਮ ਦਿੱਤਾ: “ਉਹ ਨੂੰ ਲੈ ਅਤੇ ਉਹ ਦੇ ਉੱਤੇ ਤੇਰੀ ਨਿਗਾਹ ਰਹੇ। ਉਹ ਦੇ ਨਾਲ ਕੋਈ ਬੁਰਿਆਈ ਨਾ ਕਰ ਪਰ ਜਿਵੇਂ ਉਹ ਤੈਨੂੰ ਬੋਲੇ ਉਹ ਦੇ ਨਾਲ ਤਿਵੇਂ ਹੀ ਕਰ।”—ਯਿਰਮਿਯਾਹ 39:11, 12; 40:1-4.
ਇਕ ਪ੍ਰਬੰਧਕ ਵਜੋਂ, ਨਬੂਕਦਨੱਸਰ ਨੇ ਦਾਨੀਏਲ ਅਤੇ ਉਸ ਦੇ ਤਿੰਨਾਂ ਸਾਥੀਆਂ, ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਦੇ ਸਦਗੁਣ ਜਲਦੀ ਹੀ ਪਛਾਣ ਲਏ। ਇਸ ਲਈ ਰਾਜੇ ਨੇ ਉਨ੍ਹਾਂ ਨੂੰ ਆਪਣੀ ਬਾਦਸ਼ਾਹੀ ਵਿਚ ਸੂਬੇਦਾਰ ਬਣਾਇਆ। ਇਨ੍ਹਾਂ ਦੇ ਇਬਰਾਨੀ ਨਾਂ ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਸਨ।—ਦਾਨੀਏਲ 1:6, 7, 19-21; 2:49.
ਨਬੂਕਦਨੱਸਰ ਖ਼ਾਸ ਕਰਕੇ ਬਾਬਲ ਦੇ ਮੁੱਖ ਦੇਵਤੇ, ਮਾਰਦੁੱਕ, ਦੀ ਪੂਜਾ ਕਰਦਾ ਸੀ। ਰਾਜੇ ਦੇ ਅਨੁਸਾਰ ਉਸ ਨੇ ਜੋ ਵੀ ਜਿੱਤਿਆ, ਉਹ ਮਾਰਦੁੱਕ ਦੀ ਬਰਕਤ ਨਾਲ ਹੀ ਜਿੱਤਿਆ ਸੀ। ਬਾਬਲ ਵਿਚ, ਨਬੂਕਦਨੱਸਰ ਨੇ ਮਾਰਦੁੱਕ ਅਤੇ ਦੂਜੇ ਬਾਬਲੀ ਦੇਵੀ-ਦੇਵਤਿਆਂ ਦੇ ਮੰਦਰ ਬਣਾਏ ਅਤੇ ਸਜਾਏ ਸਨ। ਦੂਰਾ ਦੇ ਮਦਾਨ ਵਿਚ ਖੜ੍ਹੀ ਸੋਨੇ ਦੀ ਮੂਰਤ ਸ਼ਾਇਦ ਮਾਰਦੁੱਕ ਨੂੰ ਹੀ ਸਮਰਪਿਤ ਸੀ। ਇਸ ਤਰ੍ਹਾਂ ਵੀ ਜਾਪਦਾ ਹੈ ਕਿ ਨਬੂਕਦਨੱਸਰ ਆਪਣੀਆਂ ਸੈਨਿਕ ਕਾਰਵਾਈਆਂ ਦੀ ਤਿਆਰੀ ਵਿਚ ਜਾਦੂ-ਟੂਣੇ ਦਾ ਕਾਫ਼ੀ ਸਹਾਰਾ ਲੈਂਦਾ ਸੀ।
ਨਬੂਕਦਨੱਸਰ ਨੂੰ ਬਾਬਲ ਦੀ ਮੁਰੰਮਤ ਕਰਨ ਤੇ ਵੀ ਬਹੁਤ ਫ਼ਖ਼ਰ ਸੀ। ਕੰਧ ਨਾਲ ਚਾਰੇ ਪਾਸਿਓਂ ਘੇਰਿਆ ਹੋਇਆ ਬਾਬਲ ਉਸ ਸਮੇਂ ਦਾ ਸਭ ਤੋਂ ਸ਼ਾਨਦਾਰ ਸ਼ਹਿਰ ਸੀ। ਸ਼ਹਿਰ ਦੀਆਂ ਉਨ੍ਹਾਂ ਦੁਹਰੀਆਂ ਕੰਧਾਂ ਨੂੰ ਪੂਰਾ ਕਰ ਕੇ, ਜੋ ਉਸ ਦੇ ਪਿਤਾ ਨੇ ਬਣਾਉਣੀਆਂ ਸ਼ੁਰੂ ਕੀਤੀਆਂ ਸਨ, ਨਬੂਕਦਨੱਸਰ ਨੇ ਰਾਜਧਾਨੀ ਨੂੰ ਸੁਰੱਖਿਅਤ ਬਣਾ ਦਿੱਤਾ। ਇੰਨਾ ਸੁਰੱਖਿਅਤ ਕਿ ਇਸ ਤਰ੍ਹਾਂ ਲੱਗਦਾ ਸੀ ਕਿ ਉਸ ਦੇ ਵਿਰੁੱਧ ਕੋਈ ਚੜ੍ਹਾਈ ਨਹੀਂ ਕਰ ਸਕਦਾ ਸੀ। ਬਾਦਸ਼ਾਹ ਨੇ ਸ਼ਹਿਰ ਦੇ ਗੱਭੇ ਇਕ ਪੁਰਾਣੇ ਮਹਿਲ ਦੀ ਮੁਰੰਮਤ ਵੀ ਕਰਵਾਈ ਅਤੇ ਗਰਮੀਆਂ ਲਈ ਕੁਝ ਦੋ ਕਿਲੋਮੀਟਰ ਦੂਰ ਉੱਤਰ ਵੱਲ ਇਕ ਹੋਰ ਮਹਿਲ ਬਣਵਾਇਆ। ਉਸ ਦੀ ਮਾਦੀ ਪਤਨੀ ਆਪਣੇ ਜੱਦੀ ਦੇਸ਼ ਦੀਆਂ ਪਹਾੜੀਆਂ ਅਤੇ ਜੰਗਲਾਂ ਨੂੰ ਯਾਦ ਕਰਦੀ ਰਹਿੰਦੀ ਸੀ। ਇਹ ਕਿਹਾ ਜਾਂਦਾ ਹੈ ਕਿ ਨਬੂਕਦਨੱਸਰ ਨੇ ਉਸ ਨੂੰ ਖ਼ੁਸ਼ ਰੱਖਣ ਲਈ ਝੂਲਦੇ ਬਗੀਚੇ ਬਣਵਾਏ। ਇਨ੍ਹਾਂ ਨੂੰ ਪ੍ਰਾਚੀਨ ਸੰਸਾਰ ਦੇ ਸੱਤ ਅਜੂਬਿਆਂ ਵਿਚ ਗਿਣਿਆ ਜਾਂਦਾ ਹੈ।
ਇਕ ਦਿਨ ਜਦੋਂ ਬਾਦਸ਼ਾਹ ਬਾਬਲ ਦੇ ਸ਼ਾਹੀ ਮਹਿਲ ਵਿਚ ਤੁਰ-ਫਿਰ ਰਿਹਾ ਸੀ, ਤਾਂ ਉਸ ਨੇ ਸ਼ੇਖ਼ੀ ਮਾਰੀ ਕਿ “ਕੀ ਏਹ ਉਹ ਵੱਡਾ ਬਾਬਲ ਨਹੀਂ ਜਿਹ ਨੂੰ ਮੈਂ ਆਪਣੀ ਸ਼ਕਤੀ ਦੇ ਬਲ ਨਾਲ ਮਹਾਰਾਜੇ ਦੇ ਵਾਸ ਲਈ ਬਣਾਇਆ ਹੈ ਭਈ ਮੇਰੀ ਮਹਿਮਾ ਦੀ ਵੱਡਿਆਈ ਹੋਵੇ? ਰਾਜਾ ਏਹ ਗੱਲ ਕਰ ਹੀ ਰਿਹਾ ਸੀ” ਕਿ ਉਹ ਨੂੰ ਪਾਗਲਪਣ ਦਾ ਦੌਰਾ ਪੈ ਗਿਆ। ਉਹ ਸੱਤ ਸਾਲਾਂ ਲਈ ਰਾਜ ਕਰਨ ਦੇ ਕਾਬਲ ਨਾ ਰਿਹਾ ਅਤੇ ਉਹ ਘਾਹ ਖਾਣ ਲੱਗ ਪਿਆ ਠੀਕ ਜਿਵੇਂ ਦਾਨੀਏਲ ਨੇ ਪਹਿਲਾਂ ਹੀ ਦੱਸਿਆ ਸੀ। ਸੱਤ ਸਾਲ ਪੂਰੇ ਹੋਣ ਤੇ ਨਬੂਕਦਨੱਸਰ ਮੁੜ ਬਾਦਸ਼ਾਹ ਬਣਿਆ ਅਤੇ ਉਸ ਨੇ 582 ਸਾ.ਯੁ.ਪੂ. ਵਿਚ ਆਪਣੀ ਮੌਤ ਹੋਣ ਤਕ ਰਾਜ ਕੀਤਾ।—ਦਾਨੀਏਲ 4:30-36.
ਅਸੀਂ ਕੀ ਸਿੱਖਿਆ?
• ਫ਼ੌਜੀ ਤਰੀਕਿਆਂ ਵਿਚ ਇਕ ਮਾਹਰ ਵਜੋਂ ਨਬੂਕਦਨੱਸਰ ਬਾਰੇ ਕੀ ਕਿਹਾ ਜਾ ਸਕਦਾ ਹੈ?
• ਇਕ ਪ੍ਰਬੰਧਕ ਵਜੋਂ ਉਸ ਬਾਰੇ ਕੀ ਕਿਹਾ ਜਾ ਸਕਦਾ ਹੈ?
• ਮਾਰਦੁੱਕ ਦੇ ਪੁਜਾਰੀ ਵਜੋਂ ਉਸ ਬਾਰੇ ਕੀ ਕਿਹਾ ਜਾ ਸਕਦਾ ਹੈ?
• ਇਕ ਉਸਰਈਏ ਵਜੋਂ ਉਸ ਬਾਰੇ ਕੀ ਕਿਹਾ ਜਾ ਸਕਦਾ ਹੈ?
[ਨਕਸ਼ਾ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਬਾਬਲੀ ਸਾਮਰਾਜ
ਲਾਲ ਸਮੁੰਦਰ
ਯਰੂਸ਼ਲਮ
ਫਰਾਤ ਦਰਿਆ
ਟਾਈਗ੍ਰਿਸ ਦਰਿਆ
ਨੀਨਵਾਹ
ਸੂਸਾ
ਬਾਬਲ
ਊਰ
[ਤਸਵੀਰ]
ਕੰਧਾਂ ਨਾਲ ਚਾਰੇ ਪਾਸਿਓਂ ਘੇਰਿਆ ਹੋਇਆ ਬਾਬਲ ਸ਼ਹਿਰ ਉਸ ਸਮੇਂ ਦਾ ਸਭ ਤੋਂ ਸ਼ਾਨਦਾਰ ਸ਼ਹਿਰ ਸੀ
[ਤਸਵੀਰ]
ਅਜਗਰ ਮਾਰਦੁੱਕ ਦੇਵਤੇ ਦਾ ਇਕ ਚਿੰਨ੍ਹ ਸੀ
[ਤਸਵੀਰ]
ਬਾਬਲ ਦੇ ਮਸ਼ਹੂਰ ਝੂਲਦੇ ਬਗੀਚੇ
[ਸਫ਼ਾ 56 ਉੱਤੇ ਡਾਇਆਗ੍ਰਾਮ/ਤਸਵੀਰ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਦਾਨੀਏਲ ਦੀ ਭਵਿੱਖਬਾਣੀ ਦੀਆਂ ਵਿਸ਼ਵ ਸ਼ਕਤੀਆਂ
ਵੱਡੀ ਮੂਰਤ (ਦਾਨੀਏਲ 2:31-45)
607 ਸਾ.ਯੁ.ਪੂ. ਤੋਂ ਬੈਬੀਲੋਨੀਆ
539 ਸਾ.ਯੁ.ਪੂ. ਤੋਂ ਮਾਦੀ-ਫ਼ਾਰਸ
331 ਸਾ.ਯੁ.ਪੂ. ਤੋਂ ਯੂਨਾਨ
30 ਸਾ.ਯੁ.ਪੂ. ਤੋਂ ਰੋਮ
1763 ਸਾ.ਯੁ. ਤੋਂ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ
ਅੰਤ ਦੇ ਸਮੇਂ ਵਿਚ ਰਾਜਨੀਤਿਕ ਤੌਰ ਤੇ ਵੰਡਿਆ ਹੋਇਆ ਸੰਸਾਰ
[ਪੂਰੇ ਸਫ਼ੇ 47 ਉੱਤੇ ਤਸਵੀਰ]
[ਪੂਰੇ ਸਫ਼ੇ 58 ਉੱਤੇ ਤਸਵੀਰ]