ਅਧਿਆਇ 17
‘ਹੇ ਗੋਗ, ਮੈਂ ਤੇਰੇ ਖ਼ਿਲਾਫ਼ ਹਾਂ’
ਮੁੱਖ ਗੱਲ: “ਗੋਗ” ਕੌਣ ਹੈ ਅਤੇ ਉਹ ਜਿਸ “ਦੇਸ਼” ਉੱਤੇ ਹਮਲਾ ਕਰੇਗਾ, ਉਹ ਕੀ ਹੈ
1, 2. ਬਹੁਤ ਜਲਦੀ ਕਿਹੜਾ ਵੱਡਾ ਯੁੱਧ ਹੋਣ ਵਾਲਾ ਹੈ ਅਤੇ ਇਸ ਬਾਰੇ ਕਿਹੜੇ ਸਵਾਲ ਖੜ੍ਹੇ ਹੁੰਦੇ ਹਨ? (ਪਹਿਲੀ ਤਸਵੀਰ ਦੇਖੋ।)
ਹਜ਼ਾਰਾਂ ਸਾਲਾਂ ਤੋਂ ਦੁਨੀਆਂ ਵਿਚ ਕਿੰਨੇ ਹੀ ਯੁੱਧ ਲੜੇ ਗਏ ਹਨ ਤੇ ਖ਼ੂਨ ਦੀਆਂ ਨਦੀਆਂ ਵਹਾਈਆਂ ਗਈਆਂ। ਇਨ੍ਹਾਂ ਵਿਚ 20ਵੀਂ ਸਦੀ ਵਿਚ ਹੋਏ ਦੋ ਵਿਸ਼ਵ ਯੁੱਧ ਵੀ ਸ਼ਾਮਲ ਹਨ। ਪਰ ਬਹੁਤ ਜਲਦੀ ਇਕ ਅਜਿਹਾ ਵੱਡਾ ਯੁੱਧ ਹੋਣ ਵਾਲਾ ਹੈ ਜਿਸ ਤਰ੍ਹਾਂ ਦਾ ਪਹਿਲਾਂ ਕਦੀ ਨਹੀਂ ਹੋਇਆ। ਇਹ ਯੁੱਧ ਬਿਲਕੁਲ ਵੱਖਰਾ ਹੋਵੇਗਾ ਕਿਉਂਕਿ ਇਹ ਦੇਸ਼ਾਂ ਵਿਚਕਾਰ ਹੋਣ ਵਾਲੀ ਕੋਈ ਲੜਾਈ ਨਹੀਂ ਹੋਵੇਗੀ ਜੋ ਸੁਆਰਥ ਲਈ ਲੜੀ ਜਾਂਦੀ ਹੈ। ਇਹ ‘ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ʼਤੇ ਹੋਣ ਵਾਲਾ ਯੁੱਧ’ ਹੈ। (ਪ੍ਰਕਾ. 16:14) ਇਸ ਯੁੱਧ ਨੂੰ ਪਰਮੇਸ਼ੁਰ ਦਾ ਇਕ ਕੱਟੜ ਦੁਸ਼ਮਣ ਭੜਕਾਏਗਾ। ਉਹ ਪਹਿਲਾਂ ਇਕ ਅਜਿਹੇ ਦੇਸ਼ ʼਤੇ ਹਮਲਾ ਕਰੇਗਾ ਜੋ ਪਰਮੇਸ਼ੁਰ ਨੂੰ ਬਹੁਤ ਪਿਆਰਾ ਹੈ। ਫਿਰ ਸਾਰੇ ਜਹਾਨ ਦਾ ਮਾਲਕ ਯਹੋਵਾਹ ਉਸ ਦੇਸ਼ ਨੂੰ ਬਚਾਉਣ ਲਈ ਆਪਣੀ ਵਿਨਾਸ਼ਕਾਰੀ ਸ਼ਕਤੀ ਦਿਖਾਵੇਗਾ ਜੋ ਉਸ ਨੇ ਪਹਿਲਾਂ ਕਦੇ ਨਹੀਂ ਦਿਖਾਈ।
2 ਸਾਡੇ ਮਨ ਵਿਚ ਇਹ ਕੁਝ ਸਵਾਲ ਆ ਸਕਦੇ ਹਨ: ਇਹ ਦੁਸ਼ਮਣ ਕੌਣ ਹੈ? ਉਹ ਕਿਹੜੇ ਦੇਸ਼ ਉੱਤੇ ਹਮਲਾ ਕਰੇਗਾ? ਉਹ ਇਸ ਦੇਸ਼ ਉੱਤੇ ਕਦੋਂ, ਕਿਉਂ ਅਤੇ ਕਿਵੇਂ ਹਮਲਾ ਕਰੇਗਾ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨੇ ਜ਼ਰੂਰੀ ਹਨ ਕਿਉਂਕਿ ਭਵਿੱਖ ਵਿਚ ਹੋਣ ਵਾਲੀਆਂ ਇਨ੍ਹਾਂ ਘਟਨਾਵਾਂ ਦਾ ਪਰਮੇਸ਼ੁਰ ਦੇ ਲੋਕਾਂ ਯਾਨੀ ਸਾਡੇ ਉੱਤੇ ਗਹਿਰਾ ਅਸਰ ਪਵੇਗਾ। ਇਹ ਜਵਾਬ ਸਾਨੂੰ ਹਿਜ਼ਕੀਏਲ ਦੇ 38ਵੇਂ ਅਤੇ 39ਵੇਂ ਅਧਿਆਇ ਵਿਚ ਦਰਜ ਇਕ ਰੋਮਾਂਚਕ ਭਵਿੱਖਬਾਣੀ ਤੋਂ ਮਿਲ ਸਕਦੇ ਹਨ।
ਦੁਸ਼ਮਣ—ਮਾਗੋਗ ਦਾ ਗੋਗ
3. ਮਾਗੋਗ ਦੇ ਗੋਗ ਬਾਰੇ ਭਵਿੱਖਬਾਣੀ ਨੂੰ ਥੋੜ੍ਹੇ ਸ਼ਬਦਾਂ ਵਿਚ ਦੱਸੋ।
3 ਹਿਜ਼ਕੀਏਲ 38:1, 2, 16, 18; 39:4, 11 ਪੜ੍ਹੋ। ਥੋੜ੍ਹੇ ਸ਼ਬਦਾਂ ਵਿਚ ਕਹੀਏ, ਤਾਂ ਭਵਿੱਖਬਾਣੀ ਇਹ ਹੈ: “ਆਖ਼ਰੀ ਦਿਨਾਂ ਵਿਚ” ਇਕ ਦੁਸ਼ਮਣ ‘ਮਾਗੋਗ ਦਾ ਗੋਗ’ ਪਰਮੇਸ਼ੁਰ ਦੇ ਲੋਕਾਂ ਦੇ “ਦੇਸ਼” ਉੱਤੇ ਹਮਲਾ ਕਰੇਗਾ। ਇਸ ਕਾਰਨ ਯਹੋਵਾਹ ਦੇ “ਡਾਢੇ ਗੁੱਸੇ ਦੀ ਅੱਗ” ਭੜਕ ਉੱਠੇਗੀ ਅਤੇ ਉਹ ਆਪਣੇ ਲੋਕਾਂ ਦੀ ਖ਼ਾਤਰ ਕਦਮ ਚੁੱਕੇਗਾ ਤੇ ਗੋਗ ਨੂੰ ਹਰਾ ਦੇਵੇਗਾ।a ਯਹੋਵਾਹ ਆਪਣੇ ਇਸ ਦੁਸ਼ਮਣ ਅਤੇ ਉਸ ਦਾ ਸਾਥ ਦੇਣ ਵਾਲਿਆਂ ਨੂੰ ‘ਹਰ ਕਿਸਮ ਦੇ ਸ਼ਿਕਾਰੀ ਪੰਛੀਆਂ ਅਤੇ ਮੈਦਾਨ ਦੇ ਸਾਰੇ ਜੰਗਲੀ ਜਾਨਵਰਾਂ ਦਾ ਭੋਜਨ ਬਣਾ ਦੇਵੇਗਾ।’ ਅਖ਼ੀਰ ਵਿਚ ਯਹੋਵਾਹ ਗੋਗ ਨੂੰ “ਇਕ ਕਬਰਸਤਾਨ” ਦੇਵੇਗਾ। ਜਲਦੀ ਹੀ ਇਹ ਭਵਿੱਖਬਾਣੀ ਕਿਵੇਂ ਪੂਰੀ ਹੋਵੇਗੀ, ਇਹ ਸਮਝਣ ਤੋਂ ਪਹਿਲਾਂ ਸਾਡੇ ਲਈ ਜਾਣਨਾ ਜ਼ਰੂਰੀ ਹੈ ਕਿ ਗੋਗ ਅਸਲ ਵਿਚ ਕੌਣ ਹੈ।
4. ਮਾਗੋਗ ਦਾ ਗੋਗ ਕਿਸ ਨੂੰ ਦਰਸਾਉਂਦਾ ਹੈ?
4 ਹਿਜ਼ਕੀਏਲ ਨੇ ਗੋਗ ਬਾਰੇ ਜੋ ਦੱਸਿਆ, ਉਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਗੋਗ ਸ਼ੁੱਧ ਭਗਤੀ ਕਰਨ ਵਾਲਿਆਂ ਦਾ ਦੁਸ਼ਮਣ ਹੈ। ਤਾਂ ਫਿਰ, ਕੀ ਗੋਗ ਸ਼ੈਤਾਨ ਦਾ ਦੂਜਾ ਨਾਂ ਹੈ ਜੋ ਸ਼ੁੱਧ ਭਗਤੀ ਦਾ ਸਭ ਤੋਂ ਵੱਡਾ ਦੁਸ਼ਮਣ ਹੈ? ਕਈ ਦਹਾਕਿਆਂ ਤਕ ਸਾਡੇ ਪ੍ਰਕਾਸ਼ਨਾਂ ਵਿਚ ਇਹੀ ਦੱਸਿਆ ਜਾਂਦਾ ਰਿਹਾ। ਪਰ ਹਿਜ਼ਕੀਏਲ ਦੀ ਭਵਿੱਖਬਾਣੀ ਉੱਤੇ ਹੋਰ ਜ਼ਿਆਦਾ ਅਧਿਐਨ ਕਰ ਕੇ ਸਾਨੂੰ ਆਪਣੀ ਸਮਝ ਵਿਚ ਫੇਰ-ਬਦਲ ਕਰਨ ਦੀ ਲੋੜ ਪਈ। ਹਾਲ ਹੀ ਦੇ ਪਹਿਰਾਬੁਰਜ ਵਿਚ ਸਮਝਾਇਆ ਗਿਆ ਕਿ ਮਾਗੋਗ ਦਾ ਗੋਗ ਨਾ ਦਿਸਣ ਵਾਲੇ ਕਿਸੇ ਪ੍ਰਾਣੀ ਨੂੰ ਨਹੀਂ ਦਰਸਾਉਂਦਾ, ਸਗੋਂ ਕਈ ਕੌਮਾਂ ਦੇ ਗਠਜੋੜ ਨੂੰ ਦਰਸਾਉਂਦਾ ਹੈ ਜੋ ਸ਼ੁੱਧ ਭਗਤੀ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨਗੀਆਂ।b ਇਹ ਅਸੀਂ ਕਿਉਂ ਕਹਿੰਦੇ ਹਾਂ, ਇਸ ਬਾਰੇ ਦੇਖਣ ਤੋਂ ਪਹਿਲਾਂ ਆਓ ਆਪਾਂ ਜਾਣੀਏ ਕਿ ਗੋਗ ਸ਼ੈਤਾਨ ਕਿਉਂ ਨਹੀਂ ਹੋ ਸਕਦਾ। ਅਸੀਂ ਹਿਜ਼ਕੀਏਲ ਦੀ ਭਵਿੱਖਬਾਣੀ ਤੋਂ ਦੋ ਸਬੂਤ ਦੇਖਾਂਗੇ।
5, 6. ਕਿਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਮਾਗੋਗ ਦਾ ਗੋਗ ਨਾ ਦਿਸਣ ਵਾਲਾ ਕੋਈ ਪ੍ਰਾਣੀ ਨਹੀਂ ਹੈ?
5 “ਮੈਂ ਤੈਨੂੰ ਹਰ ਕਿਸਮ ਦੇ ਸ਼ਿਕਾਰੀ ਪੰਛੀਆਂ ਅਤੇ ਮੈਦਾਨ ਦੇ ਸਾਰੇ ਜੰਗਲੀ ਜਾਨਵਰਾਂ ਦਾ ਭੋਜਨ ਬਣਾਵਾਂਗਾ।” (ਹਿਜ਼. 39:4) ਪਰਮੇਸ਼ੁਰ ਨੇ ਕਈ ਵਾਰ ਦੁਸ਼ਟਾਂ ਨੂੰ ਸਜ਼ਾ ਦੇਣ ਤੋਂ ਪਹਿਲਾਂ ਚੇਤਾਵਨੀ ਦਿੱਤੀ ਕਿ ਉਹ ਉਨ੍ਹਾਂ ਨੂੰ ਸ਼ਿਕਾਰੀ ਪੰਛੀਆਂ ਦਾ ਭੋਜਨ ਬਣਾ ਦੇਵੇਗਾ। ਪਰਮੇਸ਼ੁਰ ਨੇ ਇਹੋ ਜਿਹੀਆਂ ਚੇਤਾਵਨੀਆਂ ਇਜ਼ਰਾਈਲ ਕੌਮ ਅਤੇ ਗ਼ੈਰ-ਇਜ਼ਰਾਈਲੀ ਕੌਮਾਂ ਨੂੰ ਵੀ ਦਿੱਤੀਆਂ ਸਨ। (ਬਿਵ. 28:26; ਯਿਰ. 7:33; ਹਿਜ਼. 29:3, 5) ਪਰ ਧਿਆਨ ਦਿਓ ਕਿ ਪਰਮੇਸ਼ੁਰ ਨੇ ਇਹ ਚੇਤਾਵਨੀਆਂ ਅਦਿੱਖ ਪ੍ਰਾਣੀਆਂ ਨੂੰ ਨਹੀਂ, ਸਗੋਂ ਹੱਡ-ਮਾਸ ਦੇ ਬਣੇ ਇਨਸਾਨਾਂ ਨੂੰ ਦਿੱਤੀਆਂ ਸਨ। ਇਸ ਲਈ ਸ਼ਿਕਾਰੀ ਪੰਛੀ ਅਤੇ ਜੰਗਲੀ ਜਾਨਵਰ ਅਦਿੱਖ ਪ੍ਰਾਣੀਆਂ ਨੂੰ ਨਹੀਂ ਖਾ ਸਕਦੇ ਕਿਉਂਕਿ ਉਹ ਹੱਡ-ਮਾਸ ਦੇ ਨਹੀਂ ਬਣੇ ਹੁੰਦੇ। ਹਿਜ਼ਕੀਏਲ ਦੀ ਭਵਿੱਖਬਾਣੀ ਵਿਚ ਦਿੱਤੀ ਇਸ ਚੇਤਾਵਨੀ ਤੋਂ ਪਹਿਲਾ ਸਬੂਤ ਮਿਲਦਾ ਹੈ ਕਿ ਗੋਗ ਸ਼ੈਤਾਨ ਨਹੀਂ ਹੋ ਸਕਦਾ।
6 ‘ਮੈਂ ਗੋਗ ਨੂੰ ਇਜ਼ਰਾਈਲ ਵਿਚ ਇਕ ਕਬਰਸਤਾਨ ਦਿਆਂਗਾ।’ (ਹਿਜ਼. 39:11) ਬਾਈਬਲ ਵਿਚ ਕਿਤੇ ਨਹੀਂ ਲਿਖਿਆ ਕਿ ਅਦਿੱਖ ਪ੍ਰਾਣੀਆਂ ਨੂੰ ਧਰਤੀ ਉੱਤੇ ਦਫ਼ਨਾਇਆ ਜਾਵੇਗਾ। ਇਸ ਦੀ ਬਜਾਇ, ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਨੂੰ 1,000 ਸਾਲ ਲਈ ਅਥਾਹ ਕੁੰਡ ਵਿਚ ਸੁੱਟਿਆ ਜਾਵੇਗਾ। ਬਾਅਦ ਵਿਚ ਉਨ੍ਹਾਂ ਨੂੰ ਗੰਧਕ ਨਾਲ ਬਲ਼ਦੀ ਅੱਗ ਦੀ ਝੀਲ ਵਿਚ ਸੁੱਟ ਦਿੱਤਾ ਜਾਵੇਗਾ ਜਿਸ ਦਾ ਮਤਲਬ ਹੈ ਹਮੇਸ਼ਾ ਲਈ ਨਾਸ਼। (ਲੂਕਾ 8:31; ਪ੍ਰਕਾ. 20:1-3, 10) ਪਰ ਗੋਗ ਬਾਰੇ ਕਿਹਾ ਗਿਆ ਹੈ ਕਿ ਉਸ ਨੂੰ ਧਰਤੀ ਉੱਤੇ “ਇਕ ਕਬਰਸਤਾਨ” ਦਿੱਤਾ ਜਾਵੇਗਾ। ਇਹ ਦੂਜਾ ਸਬੂਤ ਹੈ ਕਿ ਗੋਗ ਸ਼ੈਤਾਨ ਨਹੀਂ ਹੋ ਸਕਦਾ।
7, 8. ‘ਉੱਤਰ ਦੇ ਰਾਜੇ’ ਦਾ ਅੰਤ ਕਦੋਂ ਹੋਵੇਗਾ ਅਤੇ ਇਸ ਦੇ ਅਤੇ ਮਾਗੋਗ ਦੇ ਗੋਗ ਦੇ ਅੰਤ ਵਿਚ ਕੀ ਸਮਾਨਤਾ ਹੈ?
7 ਜੇ ਗੋਗ ਅਦਿੱਖ ਪ੍ਰਾਣੀ ਨਹੀਂ ਹੈ, ਤਾਂ ਉਹ ਕੌਣ ਹੈ ਜਾਂ ਕੀ ਹੈ ਜੋ ਸ਼ੁੱਧ ਭਗਤੀ ਕਰਨ ਵਾਲਿਆਂ ʼਤੇ ਆਖ਼ਰੀ ਹਮਲਾ ਕਰੇਗਾ? ਆਓ ਆਪਾਂ ਬਾਈਬਲ ਦੀਆਂ ਦੋ ਭਵਿੱਖਬਾਣੀਆਂ ʼਤੇ ਗੌਰ ਕਰੀਏ ਜੋ ਮਾਗੋਗ ਦੇ ਗੋਗ ਦੀ ਪਛਾਣ ਕਰਨ ਵਿਚ ਸਾਡੀ ਮਦਦ ਕਰਨਗੀਆਂ।
8 “ਉੱਤਰ ਦਾ ਰਾਜਾ।” (ਦਾਨੀਏਲ 11:40-45 ਪੜ੍ਹੋ।) ਦਾਨੀਏਲ ਨੇ ਭਵਿੱਖਬਾਣੀ ਕੀਤੀ ਸੀ ਕਿ ਉਸ ਦੇ ਜ਼ਮਾਨੇ ਤੋਂ ਲੈ ਕੇ ਸਾਡੇ ਜ਼ਮਾਨੇ ਤਕ ਕਿਹੜੀਆਂ ਵਿਸ਼ਵ-ਸ਼ਕਤੀਆਂ ਆਉਣਗੀਆਂ। ਭਵਿੱਖਬਾਣੀ ਵਿਚ ਇਹ ਵੀ ਦੱਸਿਆ ਸੀ ਕਿ “ਉੱਤਰ ਦਾ ਰਾਜਾ” ਅਤੇ “ਦੱਖਣ ਦਾ ਰਾਜਾ” ਇਕ-ਦੂਜੇ ਨੂੰ ਹਰਾਉਣ ਲਈ ਆਪਸ ਵਿਚ ਲੜਦੇ ਰਹਿਣਗੇ। ਸਦੀਆਂ ਦੌਰਾਨ ਅਲੱਗ-ਅਲੱਗ ਦੇਸ਼ਾਂ ਨੇ ਇਨ੍ਹਾਂ ਦੋ ਰਾਜਿਆਂ ਨੂੰ ਦਰਸਾਇਆ ਹੈ। ਇਹ ਰਾਜੇ ਇਕ-ਦੂਜੇ ਤੋਂ ਉੱਪਰ ਉੱਠਣ ਲਈ ਲਗਾਤਾਰ ਸੰਘਰਸ਼ ਕਰਦੇ ਆਏ ਹਨ। “ਅੰਤ ਦੇ ਸਮੇਂ ਵਿਚ” ਉੱਤਰ ਦੇ ਰਾਜੇ ਦੇ ਆਖ਼ਰੀ ਹਮਲੇ ਬਾਰੇ ਦਾਨੀਏਲ ਨੇ ਕਿਹਾ: “ਉਹ ਬੜੇ ਗੁੱਸੇ ਨਾਲ ਬਹੁਤਿਆਂ ਨੂੰ ਨਾਸ਼ ਕਰਨ ਅਤੇ ਖ਼ਤਮ ਕਰਨ ਲਈ ਨਿਕਲੇਗਾ।” ਯਹੋਵਾਹ ਦੇ ਸੇਵਕ ਉੱਤਰ ਦੇ ਰਾਜੇ ਦਾ ਮੁੱਖ ਨਿਸ਼ਾਨਾ ਹਨ।c ਪਰ ਮਾਗੋਗ ਦੇ ਗੋਗ ਵਾਂਗ ਉੱਤਰ ਦਾ ਰਾਜਾ ਵੀ ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲਾ ਕਰਨ ਵਿਚ ਨਾਕਾਮ ਹੋਵੇਗਾ ਅਤੇ “ਉਸ ਦਾ ਅੰਤ ਹੋ ਜਾਵੇਗਾ।”
9. ਮਾਗੋਗ ਦੇ ਗੋਗ ਅਤੇ “ਸਾਰੀ ਧਰਤੀ ਦੇ ਰਾਜਿਆਂ” ਦੇ ਅੰਤ ਵਿਚ ਕੀ ਸਮਾਨਤਾ ਹੈ?
9 ‘ਸਾਰੀ ਧਰਤੀ ਦੇ ਰਾਜੇ।’ (ਪ੍ਰਕਾਸ਼ ਦੀ ਕਿਤਾਬ 16:14, 16; 17:14; 19:19, 20 ਪੜ੍ਹੋ।) ਪ੍ਰਕਾਸ਼ ਦੀ ਕਿਤਾਬ ਵਿਚ ਭਵਿੱਖਬਾਣੀ ਕੀਤੀ ਗਈ ਹੈ ਕਿ “ਧਰਤੀ ਦੇ ਰਾਜੇ” ਸਵਰਗ ਵਿਚ ਰਹਿੰਦੇ ‘ਰਾਜਿਆਂ ਦੇ ਰਾਜੇ’ ਯਿਸੂ ਉੱਤੇ ਹਮਲਾ ਕਰਨ ਲਈ ਨਿਕਲਣਗੇ। ਉਹ ਸਵਰਗ ਤਕ ਤਾਂ ਪਹੁੰਚ ਨਹੀਂ ਸਕਦੇ, ਇਸ ਲਈ ਉਹ ਧਰਤੀ ਉੱਤੇ ਉਨ੍ਹਾਂ ਲੋਕਾਂ ʼਤੇ ਹਮਲਾ ਕਰਨਗੇ ਜੋ ਪਰਮੇਸ਼ੁਰ ਦੇ ਰਾਜ ਦਾ ਸਮਰਥਨ ਕਰਦੇ ਹਨ। ਫਿਰ ਆਰਮਾਗੇਡਨ ਦੇ ਯੁੱਧ ਵਿਚ ਧਰਤੀ ਦੇ ਇਨ੍ਹਾਂ ਰਾਜਿਆਂ ਦੀ ਹਾਰ ਹੋਵੇਗੀ। ਧਿਆਨ ਦਿਓ ਕਿ ਯਹੋਵਾਹ ਦੇ ਲੋਕਾਂ ਉੱਤੇ ਹਮਲਾ ਕਰਨ ਤੋਂ ਬਾਅਦ ਉਨ੍ਹਾਂ ਦਾ ਅੰਤ ਹੋ ਜਾਵੇਗਾ। ਮਾਗੋਗ ਦੇ ਗੋਗ ਦਾ ਅੰਤ ਵੀ ਇਸੇ ਤਰ੍ਹਾਂ ਹੋਵੇਗਾ।d
10. ਅਸਲ ਵਿਚ ਮਾਗੋਗ ਦਾ ਗੋਗ ਕੌਣ ਹੈ?
10 ਇਨ੍ਹਾਂ ਸਾਰੀਆਂ ਗੱਲਾਂ ʼਤੇ ਗੌਰ ਕਰ ਕੇ ਦੋ ਗੱਲਾਂ ਸਪੱਸ਼ਟ ਹੋ ਜਾਂਦੀਆਂ ਹਨ। ਪਹਿਲੀ, ਗੋਗ ਇਕ ਅਦਿੱਖ ਪ੍ਰਾਣੀ ਨਹੀਂ ਹੈ। ਦੂਜੀ, ਗੋਗ ਧਰਤੀ ਉਤਲੀਆਂ ਕੌਮਾਂ ਨੂੰ ਦਰਸਾਉਂਦਾ ਹੈ ਜੋ ਬਹੁਤ ਜਲਦ ਪਰਮੇਸ਼ੁਰ ਦੇ ਲੋਕਾਂ ʼਤੇ ਹਮਲਾ ਕਰਨਗੀਆਂ। ਬਿਨਾਂ ਸ਼ੱਕ, ਇਹ ਕੌਮਾਂ ਆਪਸ ਵਿਚ ਗਠਜੋੜ ਕਰਨਗੀਆਂ। ਕਿਉਂ? ਕਿਉਂਕਿ ਪਰਮੇਸ਼ੁਰ ਦੇ ਲੋਕ ਸਾਰੀ ਧਰਤੀ ਉੱਤੇ ਹਨ, ਇਸ ਲਈ ਉਨ੍ਹਾਂ ʼਤੇ ਹਮਲਾ ਕਰਨ ਲਈ ਉਨ੍ਹਾਂ ਕੌਮਾਂ ਨੂੰ ਇਕਜੁੱਟ ਹੋਣਾ ਪਵੇਗਾ। (ਮੱਤੀ 24:9) ਇਹ ਸੱਚ ਹੈ ਕਿ ਹਮਲਾ ਕੌਮਾਂ ਕਰਨਗੀਆਂ, ਪਰ ਉਨ੍ਹਾਂ ਨੂੰ ਭੜਕਾਉਣ ਵਾਲਾ ਸ਼ੈਤਾਨ ਹੀ ਹੋਵੇਗਾ। ਉਹ ਸਦੀਆਂ ਤੋਂ ਕੌਮਾਂ ਨੂੰ ਸ਼ੁੱਧ ਭਗਤੀ ਦਾ ਵਿਰੋਧ ਕਰਨ ਲਈ ਉਕਸਾ ਰਿਹਾ ਹੈ। (1 ਯੂਹੰ. 5:19; ਪ੍ਰਕਾ. 12:17) ਹਿਜ਼ਕੀਏਲ ਦੀ ਭਵਿੱਖਬਾਣੀ ਵਿਚ ਜਿਸ ਮਾਗੋਗ ਦੇ ਗੋਗ ਦੀ ਗੱਲ ਕੀਤੀ ਗਈ ਹੈ, ਉਹ ਧਰਤੀ ਦੀਆਂ ਕੌਮਾਂ ਹਨ ਜੋ ਯਹੋਵਾਹ ਦੇ ਲੋਕਾਂ ʼਤੇ ਹਮਲਾ ਕਰਨਗੀਆਂ।e
“ਦੇਸ਼”—ਇਹ ਕੀ ਹੈ?
11. ਹਿਜ਼ਕੀਏਲ ਦੀ ਭਵਿੱਖਬਾਣੀ ਵਿਚ ਉਸ “ਦੇਸ਼” ਬਾਰੇ ਕੀ ਕਿਹਾ ਗਿਆ ਹੈ ਜਿਸ ਉੱਤੇ ਗੋਗ ਹਮਲਾ ਕਰੇਗਾ?
11 ਜਿਵੇਂ ਅਸੀਂ ਤੀਜੇ ਪੈਰੇ ਵਿਚ ਦੇਖਿਆ ਸੀ, ਮਾਗੋਗ ਦਾ ਗੋਗ ਇਕ ਅਜਿਹੇ ਦੇਸ਼ ʼਤੇ ਹਮਲਾ ਕਰੇਗਾ ਜੋ ਯਹੋਵਾਹ ਨੂੰ ਬਹੁਤ ਪਿਆਰਾ ਹੈ। ਇਸ ਕਾਰਨ ਯਹੋਵਾਹ ਦੇ ਗੁੱਸੇ ਦੀ ਅੱਗ ਭੜਕ ਉੱਠੇਗੀ। ਇਹ ਦੇਸ਼ ਕੀ ਹੈ? ਆਓ ਆਪਾਂ ਹਿਜ਼ਕੀਏਲ ਦੀ ਭਵਿੱਖਬਾਣੀ ʼਤੇ ਦੁਬਾਰਾ ਗੌਰ ਕਰੀਏ। (ਹਿਜ਼ਕੀਏਲ 38:8-12 ਪੜ੍ਹੋ।) ਇਸ ਵਿਚ ਦੱਸਿਆ ਹੈ ਕਿ ਗੋਗ ‘ਉਸ ਦੇਸ਼ ਉੱਤੇ ਹਮਲਾ ਕਰੇਗਾ ਜਿਸ ਦੇ ਲੋਕ ਸੰਭਲ ਚੁੱਕੇ ਹਨ’ ਅਤੇ “ਹੋਰ ਕੌਮਾਂ ਵਿੱਚੋਂ ਇਕੱਠੇ ਕੀਤੇ ਗਏ” ਹਨ। ਇਹ ਵੀ ਦੱਸਿਆ ਗਿਆ ਹੈ ਕਿ ਇਸ ਦੇਸ਼ ਵਿਚ ਰਹਿੰਦੇ ਯਹੋਵਾਹ ਦੇ ਲੋਕ “ਸੁਰੱਖਿਅਤ ਵੱਸਦੇ ਹਨ।” ਉਹ ਅਜਿਹੇ ਪਿੰਡਾਂ ਵਿਚ ਰਹਿੰਦੇ ਹਨ “ਜਿਨ੍ਹਾਂ ਦੀ ਸੁਰੱਖਿਆ ਲਈ ਕੋਈ ਕੰਧ, ਕੁੰਡਾ ਜਾਂ ਦਰਵਾਜ਼ਾ ਨਹੀਂ ਹੈ” ਅਤੇ ਉਹ ‘ਧਨ-ਦੌਲਤ ਜਮ੍ਹਾ ਕਰ ਰਹੇ ਹਨ।’ ਪੂਰੀ ਦੁਨੀਆਂ ਵਿਚ ਯਹੋਵਾਹ ਦੀ ਭਗਤੀ ਕਰਨ ਵਾਲੇ ਲੋਕ ਇਸ “ਦੇਸ਼” ਵਿਚ ਰਹਿੰਦੇ ਹਨ। ਅਸੀਂ ਇਸ ਦੀ ਪਛਾਣ ਕਿਵੇਂ ਕਰ ਸਕਦੇ ਹਾਂ?
12. ਇਜ਼ਰਾਈਲ ਦੇਸ਼ ਵਿਚ ਕਿਸ ਤਰ੍ਹਾਂ ਦੀ ਬਹਾਲੀ ਹੋਈ ਸੀ?
12 ਆਓ ਪ੍ਰਾਚੀਨ ਇਜ਼ਰਾਈਲ ਵਿਚ ਹੋਈ ਬਹਾਲੀ ʼਤੇ ਗੌਰ ਕਰੀਏ ਜਿੱਥੇ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਸਦੀਆਂ ਤੋਂ ਰਹਿੰਦੇ ਸਨ, ਕੰਮ ਕਰਦੇ ਸਨ ਤੇ ਉਸ ਦੀ ਭਗਤੀ ਕਰਦੇ ਸਨ। ਪਰ ਜਦੋਂ ਇਜ਼ਰਾਈਲੀ ਯਹੋਵਾਹ ਦੇ ਕਹਿਣੇ ਤੋਂ ਬਾਹਰ ਹੋ ਗਏ, ਤਾਂ ਉਸ ਨੇ ਹਿਜ਼ਕੀਏਲ ਰਾਹੀਂ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਦੇਸ਼ ਉਜਾੜਿਆ ਜਾਵੇਗਾ ਤੇ ਵੀਰਾਨ ਹੋ ਜਾਵੇਗਾ। (ਹਿਜ਼. 33:27-29) ਯਹੋਵਾਹ ਨੇ ਇਹ ਵੀ ਭਵਿੱਖਬਾਣੀ ਕੀਤੀ ਕਿ ਤੋਬਾ ਕਰਨ ਵਾਲੇ ਕੁਝ ਲੋਕ ਬਾਬਲ ਦੀ ਗ਼ੁਲਾਮੀ ਤੋਂ ਆਪਣੇ ਦੇਸ਼ ਮੁੜਨਗੇ ਤੇ ਸ਼ੁੱਧ ਭਗਤੀ ਬਹਾਲ ਕਰਨਗੇ। ਯਹੋਵਾਹ ਦੀ ਬਰਕਤ ਨਾਲ ਇਜ਼ਰਾਈਲ ਦੇਸ਼ “ਅਦਨ ਦੇ ਬਾਗ਼ ਵਰਗਾ” ਬਣ ਜਾਵੇਗਾ ਤੇ ਵਧੇ-ਫੁੱਲੇਗਾ। (ਹਿਜ਼. 36:34-36) ਇਹ ਬਹਾਲੀ 537 ਈਸਵੀ ਪੂਰਵ ਵਿਚ ਸ਼ੁਰੂ ਹੋਈ ਜਦੋਂ ਸ਼ੁੱਧ ਭਗਤੀ ਬਹਾਲ ਕਰਨ ਲਈ ਯਹੂਦੀ ਗ਼ੁਲਾਮੀ ਵਿੱਚੋਂ ਯਰੂਸ਼ਲਮ ਵਾਪਸ ਆਏ।
13, 14. (ੳ) “ਦੇਸ਼” ਕੀ ਹੈ? (ਅ) ਇਹ “ਦੇਸ਼” ਯਹੋਵਾਹ ਲਈ ਕਿਉਂ ਕੀਮਤੀ ਹੈ?
13 ਅੱਜ ਦੇ ਜ਼ਮਾਨੇ ਵਿਚ ਵੀ ਪਰਮੇਸ਼ੁਰ ਦੇ ਲੋਕਾਂ ਨੇ ਇਸੇ ਤਰ੍ਹਾਂ ਦੀ ਬਹਾਲੀ ਹੁੰਦੀ ਦੇਖੀ ਹੈ। ਅਸੀਂ ਇਸ ਕਿਤਾਬ ਦੇ 9ਵੇਂ ਅਧਿਆਇ ਵਿਚ ਦੇਖਿਆ ਸੀ ਕਿ 1919 ਤਕ ਪਰਮੇਸ਼ੁਰ ਦੇ ਲੋਕ ਮਹਾਂ ਬਾਬਲ ਦੀ ਗ਼ੁਲਾਮੀ ਤੋਂ ਆਜ਼ਾਦ ਹੋ ਗਏ। ਉਸ ਸਾਲ ਤੋਂ ਉਹ ਆਪਣੇ “ਦੇਸ਼” ਵਿਚ ਵੱਸਣ ਲੱਗੇ ਯਾਨੀ ਉਹ ਇਸ ਹੱਦ ਤਕ ਸ਼ੁੱਧ ਹੋ ਗਏ ਕਿ ਉਹ ਉੱਚੇ-ਸੁੱਚੇ ਤਰੀਕੇ ਨਾਲ ਇੱਕੋ-ਇਕ ਸੱਚੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰ ਸਕਦੇ ਸਨ। ਉਦੋਂ ਤੋਂ ਪਰਮੇਸ਼ੁਰ ਦੇ ਲੋਕ ਵਧ-ਫੁੱਲ ਰਹੇ ਹਨ, ਸੁੱਖ-ਸਾਂਦ ਨਾਲ ਵੱਸ ਰਹੇ ਹਨ ਤੇ ਉਨ੍ਹਾਂ ਨੂੰ ਮਨ ਦੀ ਸ਼ਾਂਤੀ ਮਿਲੀ ਹੈ। (ਕਹਾ. 1:33) ਸਾਨੂੰ ਪਰਮੇਸ਼ੁਰ ਦਾ ਭਰਪੂਰ ਗਿਆਨ ਮਿਲ ਰਿਹਾ ਹੈ ਤੇ ਸਾਡੇ ਕੋਲ ਪਰਮੇਸ਼ੁਰ ਦੇ ਰਾਜ ਨਾਲ ਜੁੜਿਆ ਬਹੁਤ ਸਾਰਾ ਕੰਮ ਹੈ ਜਿਸ ਤੋਂ ਸਾਨੂੰ ਸੰਤੁਸ਼ਟੀ ਮਿਲਦੀ ਹੈ। ਵਾਕਈ, ਅਸੀਂ ਇਸ ਕਹਾਵਤ ਨੂੰ ਸੱਚ ਹੁੰਦੀ ਦੇਖ ਰਹੇ ਹਾਂ: “ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ ਅਤੇ ਉਹ ਇਸ ਨਾਲ ਕੋਈ ਸੋਗ ਨਹੀਂ ਮਿਲਾਉਂਦਾ।” (ਕਹਾ. 10:22) ਚਾਹੇ ਅਸੀਂ ਧਰਤੀ ਉੱਤੇ ਕਿਤੇ ਵੀ ਰਹਿੰਦੇ ਹੋਈਏ, ਅਸੀਂ ਆਪਣੀ ਕਹਿਣੀ ਤੇ ਕਰਨੀ ਰਾਹੀਂ ਸ਼ੁੱਧ ਭਗਤੀ ਦਾ ਸਮਰਥਨ ਕਰ ਕੇ ਇਸ “ਦੇਸ਼” ਵਿਚ ਵੱਸੇ ਰਹਿੰਦੇ ਹਾਂ।
14 ਇਹ “ਦੇਸ਼” ਯਹੋਵਾਹ ਦੀਆਂ ਨਜ਼ਰਾਂ ਵਿਚ “ਕੀਮਤੀ” ਹੈ ਕਿਉਂਕਿ ਯਹੋਵਾਹ ਨੇ ਇਸ ਦੇ ਵਾਸੀਆਂ ਨੂੰ “ਸਾਰੀਆਂ ਕੌਮਾਂ” ਵਿੱਚੋਂ ਸ਼ੁੱਧ ਭਗਤੀ ਵੱਲ ਖਿੱਚਿਆ ਹੈ। (ਹੱਜ. 2:7; ਯੂਹੰ. 6:44) ਉਹ ਨਵੇਂ ਸੁਭਾਅ ਨੂੰ ਪਹਿਨਣ ਯਾਨੀ ਯਹੋਵਾਹ ਵਰਗੇ ਗੁਣ ਜ਼ਾਹਰ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। (ਅਫ਼. 4:23, 24; 5:1, 2) ਯਹੋਵਾਹ ਦੇ ਇਹ ਸੇਵਕ ਜੀ-ਜਾਨ ਨਾਲ ਉਸ ਦੀ ਸੇਵਾ ਕਰਦੇ ਹਨ ਕਿਉਂਕਿ ਉਹ ਉਸ ਨਾਲ ਪਿਆਰ ਕਰਦੇ ਹਨ ਤੇ ਉਸ ਦੀ ਮਹਿਮਾ ਕਰਨੀ ਚਾਹੁੰਦੇ ਹਨ। (ਰੋਮੀ. 12:1, 2; 1 ਯੂਹੰ. 5:3) ਯਹੋਵਾਹ ਨੂੰ ਇਹ ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੋਣੀ ਕਿ ਉਸ ਦੇ ਸੇਵਕ ਇਸ “ਦੇਸ਼” ਦੀ ਖ਼ੂਬਸੂਰਤੀ ਵਧਾਉਣ ਲਈ ਕਿੰਨੀ ਮਿਹਨਤ ਕਰਦੇ ਹਨ। ਸ਼ੁੱਧ ਭਗਤੀ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇ ਕੇ ਤੁਸੀਂ ਨਾ ਸਿਰਫ਼ ਇਸ “ਦੇਸ਼” ਦੀ ਖ਼ੂਬਸੂਰਤੀ ਵਧਾਉਂਦੇ ਹੋ, ਸਗੋਂ ਯਹੋਵਾਹ ਦੇ ਦਿਲ ਨੂੰ ਵੀ ਖ਼ੁਸ਼ ਕਰਦੇ ਹੋ।—ਕਹਾ. 27:11.
ਦੇਸ਼ ਉੱਤੇ ਗੋਗ ਕਦੋਂ, ਕਿਉਂ ਅਤੇ ਕਿਵੇਂ ਹਮਲਾ ਕਰੇਗਾ?
15, 16. ਮਾਗੋਗ ਦਾ ਗੋਗ ਸ਼ੁੱਧ ਭਗਤੀ ਦੇ “ਦੇਸ਼” ʼਤੇ ਕਦੋਂ ਹਮਲਾ ਕਰੇਗਾ?
15 ਉਹ ਸਮਾਂ ਬਹੁਤ ਨੇੜੇ ਹੈ ਜਦੋਂ ਕੌਮਾਂ ਦਾ ਗਠਜੋੜ ਸਾਡੇ ਪਿਆਰੇ “ਦੇਸ਼” ʼਤੇ ਹਮਲਾ ਕਰੇਗਾ। ਯਹੋਵਾਹ ਦੇ ਸੇਵਕ ਹੋਣ ਕਰਕੇ ਇਹ ਹਮਲਾ ਸਾਡੇ ਸਾਰਿਆਂ ʼਤੇ ਹੋਵੇਗਾ, ਇਸ ਲਈ ਅਸੀਂ ਇਸ ਹਮਲੇ ਬਾਰੇ ਹੋਰ ਜਾਣਨਾ ਚਾਹੁੰਦੇ ਹਾਂ। ਆਓ ਆਪਾਂ ਤਿੰਨ ਸਵਾਲਾਂ ʼਤੇ ਗੌਰ ਕਰੀਏ।
16 ਮਾਗੋਗ ਦਾ ਗੋਗ ਸ਼ੁੱਧ ਭਗਤੀ ਦੇ “ਦੇਸ਼” ʼਤੇ ਕਦੋਂ ਹਮਲਾ ਕਰੇਗਾ? ਇਸ ਦਾ ਜਵਾਬ ਭਵਿੱਖਬਾਣੀ ਤੋਂ ਮਿਲਦਾ ਹੈ: ਗੋਗ ‘ਆਖ਼ਰੀ ਦਿਨਾਂ ਵਿਚ ਦੇਸ਼’ ਉੱਤੇ ਹਮਲਾ ਕਰੇਗਾ। (ਹਿਜ਼. 38:16) ਇਸ ਤੋਂ ਪਤਾ ਲੱਗਦਾ ਹੈ ਕਿ ਇਹ ਹਮਲਾ ਇਸ ਦੁਨੀਆਂ ਦੇ ਆਖ਼ਰੀ ਦਿਨਾਂ ਵਿਚ ਹੋਵੇਗਾ। ਯਾਦ ਰੱਖੋ ਕਿ ਮਹਾਂਕਸ਼ਟ ਦੀ ਸ਼ੁਰੂਆਤ ਉਦੋਂ ਹੋਵੇਗੀ ਜਦੋਂ ਮਹਾਂ ਬਾਬਲ ਯਾਨੀ ਝੂਠੇ ਧਰਮਾਂ ਦਾ ਨਾਸ਼ ਹੋਵੇਗਾ। ਝੂਠੇ ਧਰਮਾਂ ਦੇ ਸੰਗਠਨਾਂ ਦੇ ਨਾਸ਼ ਤੋਂ ਬਾਅਦ ਅਤੇ ਆਰਮਾਗੇਡਨ ਸ਼ੁਰੂ ਹੋਣ ਤੋਂ ਪਹਿਲਾਂ ਗੋਗ ਯਹੋਵਾਹ ਦੇ ਸੇਵਕਾਂ ਉੱਤੇ ਆਖ਼ਰੀ ਹਮਲਾ ਕਰੇਗਾ।
17, 18. ਮਹਾਂਕਸ਼ਟ ਦੌਰਾਨ ਯਹੋਵਾਹ ਘਟਨਾਵਾਂ ਦਾ ਰੁਖ ਕਿਵੇਂ ਬਦਲੇਗਾ?
17 ਗੋਗ ਯਹੋਵਾਹ ਦੇ ਸੱਚੇ ਭਗਤਾਂ ਦੇ “ਦੇਸ਼” ʼਤੇ ਕਿਉਂ ਹਮਲਾ ਕਰੇਗਾ? ਹਿਜ਼ਕੀਏਲ ਦੀ ਭਵਿੱਖਬਾਣੀ ਤੋਂ ਸਾਨੂੰ ਦੋ ਕਾਰਨ ਪਤਾ ਲੱਗਦੇ ਹਨ। ਪਹਿਲਾ, ਯਹੋਵਾਹ ਕਦਮ ਚੁੱਕੇਗਾ ਅਤੇ ਦੂਜਾ, ਗੋਗ ਦੇ ਬੁਰੇ ਇਰਾਦੇ।
18 ਯਹੋਵਾਹ ਕਦਮ ਚੁੱਕੇਗਾ। (ਹਿਜ਼ਕੀਏਲ 38:4, 16 ਪੜ੍ਹੋ।) ਧਿਆਨ ਦਿਓ ਕਿ ਯਹੋਵਾਹ ਨੇ ਗੋਗ ਨੂੰ ਕਿਹਾ: ‘ਮੈਂ ਤੇਰੇ ਜਬਾੜ੍ਹਿਆਂ ਵਿਚ ਕੁੰਡੀਆਂ ਪਾਵਾਂਗਾ’ ਅਤੇ “ਮੈਂ ਤੈਨੂੰ ਆਪਣੇ ਦੇਸ਼ ਦੇ ਖ਼ਿਲਾਫ਼ ਲਿਆਵਾਂਗਾ।” ਕੀ ਇਸ ਦਾ ਇਹ ਮਤਲਬ ਹੈ ਕਿ ਯਹੋਵਾਹ ਜ਼ਬਰਦਸਤੀ ਕੌਮਾਂ ਤੋਂ ਆਪਣੇ ਸੇਵਕਾਂ ਉੱਤੇ ਹਮਲਾ ਕਰਾਵੇਗਾ? ਨਹੀਂ। ਉਹ ਆਪਣੇ ਲੋਕਾਂ ਨਾਲ ਕਦੇ ਵੀ ਬੁਰਾ ਨਹੀਂ ਕਰ ਸਕਦਾ। (ਅੱਯੂ. 34:12) ਪਰ ਯਹੋਵਾਹ ਆਪਣੇ ਦੁਸ਼ਮਣਾਂ ਨੂੰ ਜਾਣਦਾ ਹੈ ਕਿ ਉਹ ਉਸ ਦੇ ਸੇਵਕਾਂ ਨਾਲ ਨਫ਼ਰਤ ਕਰਨਗੇ ਅਤੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾਉਣ ਦਾ ਮੌਕਾ ਹੱਥੋਂ ਨਹੀਂ ਜਾਣ ਦੇਣਗੇ। (1 ਯੂਹੰ. 3:13) ਯਹੋਵਾਹ ਗੋਗ ਦੇ ਜਬਾੜ੍ਹਿਆਂ ਵਿਚ ਕੁੰਡੀਆਂ ਪਾ ਕੇ ਉਸ ਨੂੰ ਖਿੱਚੇਗਾ ਯਾਨੀ ਉਹ ਘਟਨਾਵਾਂ ਦਾ ਰੁਖ ਇਸ ਤਰ੍ਹਾਂ ਬਦਲੇਗਾ ਕਿ ਉਸ ਦੀ ਮਰਜ਼ੀ ਪੂਰੀ ਹੋਵੇ ਤੇ ਉਹ ਵੀ ਉਸ ਦੇ ਠਹਿਰਾਏ ਹੋਏ ਸਮੇਂ ਤੇ। ਮਹਾਂ ਬਾਬਲ ਦੇ ਨਾਸ਼ ਤੋਂ ਬਾਅਦ ਇਕ ਸਮੇਂ ਤੇ ਯਹੋਵਾਹ ਸ਼ਾਇਦ ਕੌਮਾਂ ਨੂੰ ਉਹ ਕੰਮ ਕਰਨ ਲਈ ਉਕਸਾਵੇਗਾ ਜੋ ਉਨ੍ਹਾਂ ਨੇ ਪਹਿਲਾਂ ਹੀ ਕਰਨ ਦਾ ਠਾਣਿਆ ਹੋਇਆ ਸੀ। ਯਹੋਵਾਹ ਅਜਿਹਾ ਮਾਹੌਲ ਪੈਦਾ ਕਰੇਗਾ ਕਿ ਗੋਗ ਉਸ ਦੇ ਲੋਕਾਂ ਉੱਤੇ ਹਮਲਾ ਕਰੇ। ਇਸ ਤੋਂ ਬਾਅਦ ਦੁਨੀਆਂ ਦਾ ਸਭ ਤੋਂ ਵੱਡਾ ਯੁੱਧ ਆਰਮਾਗੇਡਨ ਸ਼ੁਰੂ ਹੋਵੇਗਾ। ਫਿਰ ਉਹ ਆਪਣੇ ਲੋਕਾਂ ਨੂੰ ਛੁਟਕਾਰਾ ਦਿਵਾਏਗਾ, ਆਪਣੀ ਹਕੂਮਤ ਬੁਲੰਦ ਕਰੇਗਾ ਤੇ ਆਪਣੇ ਨਾਂ ਨੂੰ ਪਵਿੱਤਰ ਕਰੇਗਾ।—ਹਿਜ਼. 38:23.
ਕੌਮਾਂ ਸਾਨੂੰ ਸ਼ੁੱਧ ਭਗਤੀ ਕਰਨ ਤੋਂ ਰੋਕਣਗੀਆਂ ਕਿਉਂਕਿ ਉਨ੍ਹਾਂ ਨੂੰ ਸ਼ੁੱਧ ਭਗਤੀ ਅਤੇ ਇਸ ਦਾ ਸਮਰਥਨ ਕਰਨ ਵਾਲਿਆਂ ਤੋਂ ਸਖ਼ਤ ਨਫ਼ਰਤ ਹੈ
19. ਕਿਹੜੀ ਗੱਲ ਗੋਗ ਨੂੰ ਸਾਡੀ ਧਨ-ਦੌਲਤ ਲੁੱਟਣ ਲਈ ਪ੍ਰੇਰੇਗੀ?
19 ਗੋਗ ਦੇ ਬੁਰੇ ਇਰਾਦੇ। ਕੌਮਾਂ ‘ਬੁਰਾ ਕਰਨ ਦੀ ਸਾਜ਼ਸ਼ ਘੜਨਗੀਆਂ।’ ਉਹ ਲੰਬੇ ਸਮੇਂ ਤੋਂ ਪਰਮੇਸ਼ੁਰ ਦੇ ਲੋਕਾਂ ਨਾਲ ਨਫ਼ਰਤ ਕਰਦੀਆਂ ਆਈਆਂ ਹਨ, ਇਸ ਲਈ ਉਹ ਉਨ੍ਹਾਂ ʼਤੇ ਆਪਣੀ ਭੜਾਸ ਕੱਢਣਗੀਆਂ। ਉਨ੍ਹਾਂ ਨੂੰ ਲੱਗੇਗਾ ਕਿ ਯਹੋਵਾਹ ਦੇ ਲੋਕ ਲਾਚਾਰ ਹਨ ਜਿਵੇਂ ਕਿ ਉਹ ਅਜਿਹੇ “ਪੇਂਡੂ ਇਲਾਕਿਆਂ ਵਿਚ ਰਹਿੰਦੇ ਹਨ ਜਿਨ੍ਹਾਂ ਦੀ ਸੁਰੱਖਿਆ ਲਈ ਕੋਈ ਕੰਧ, ਕੁੰਡਾ ਜਾਂ ਦਰਵਾਜ਼ਾ ਨਹੀਂ ਹੈ।” ਨਾਲੇ ਕੌਮਾਂ ਉਨ੍ਹਾਂ ਕੋਲੋਂ “ਲੁੱਟ ਦਾ ਬਹੁਤ ਸਾਰਾ ਮਾਲ” ਲੁੱਟਣ ਲਈ ਉਤਾਵਲੀਆਂ ਹੋਣਗੀਆਂ ‘ਜਿਹੜੇ ਧਨ-ਦੌਲਤ ਜਮ੍ਹਾ ਕਰ ਰਹੇ ਹਨ।’ (ਹਿਜ਼. 38:10-12) ਉਹ “ਧਨ-ਦੌਲਤ” ਕੀ ਹੈ? ਅਸੀਂ ਸਿਰਫ਼ ਯਹੋਵਾਹ ਦੀ ਸ਼ੁੱਧ ਭਗਤੀ ਕਰਦੇ ਹਾਂ ਤੇ ਇਹੀ ਸਾਡੀ ਸਭ ਤੋਂ ਅਨਮੋਲ ਧਨ-ਦੌਲਤ ਹੈ। ਕੌਮਾਂ ਸਾਡੀ ਇਹ ਧਨ-ਦੌਲਤ ਲੁੱਟਣ ਦੀ ਕੋਸ਼ਿਸ਼ ਕਰਨਗੀਆਂ ਕਿਉਂਕਿ ਉਨ੍ਹਾਂ ਨੂੰ ਸ਼ੁੱਧ ਭਗਤੀ ਅਤੇ ਇਸ ਦਾ ਸਮਰਥਨ ਕਰਨ ਵਾਲਿਆਂ ਤੋਂ ਸਖ਼ਤ ਨਫ਼ਰਤ ਹੈ।
20. ਗੋਗ ਯਹੋਵਾਹ ਦੇ ਸੱਚੇ ਭਗਤਾਂ ਦੇ “ਦੇਸ਼” ʼਤੇ ਕਿਵੇਂ ਹਮਲਾ ਕਰੇਗਾ?
20 ਗੋਗ ਯਹੋਵਾਹ ਦੇ ਸੱਚੇ ਭਗਤਾਂ ਦੇ “ਦੇਸ਼” ʼਤੇ ਕਿਵੇਂ ਹਮਲਾ ਕਰੇਗਾ? ਹੋ ਸਕਦਾ ਹੈ ਕਿ ਕੌਮਾਂ ਸਾਨੂੰ ਮਸੀਹੀਆਂ ਵਜੋਂ ਜ਼ਿੰਦਗੀ ਜੀਉਣ ਤੋਂ ਰੋਕਣ ਅਤੇ ਸਾਡੀ ਭਗਤੀ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਨ। ਸ਼ਾਇਦ ਉਹ ਸਾਡੇ ਤਕ ਬਾਈਬਲ-ਆਧਾਰਿਤ ਪ੍ਰਕਾਸ਼ਨ ਨਾ ਪਹੁੰਚਣ ਦੇਣ, ਸਾਨੂੰ ਸਭਾਵਾਂ ਵਿਚ ਇਕੱਠੇ ਨਾ ਹੋਣ ਦੇਣ, ਸਾਡੇ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕਰਨ ਅਤੇ ਸਾਨੂੰ ਪਰਮੇਸ਼ੁਰ ਦੇ ਸੰਦੇਸ਼ ਦਾ ਐਲਾਨ ਕਰਨ ਤੋਂ ਰੋਕਣ। ਉਹ ਸ਼ਾਇਦ ਇਨ੍ਹਾਂ ਸਾਰੀਆਂ ਬਰਕਤਾਂ ʼਤੇ ਰੋਕ ਲਾ ਦੇਣ ਜੋ ਸਾਨੂੰ ਆਪਣੇ ਦੇਸ਼ ਵਿਚ ਮਿਲਦੀਆਂ ਹਨ। ਸ਼ੈਤਾਨ ਦੇ ਉਕਸਾਉਣ ਤੇ ਕੌਮਾਂ ਧਰਤੀ ਉੱਤੋਂ ਯਹੋਵਾਹ ਦੇ ਸਾਰੇ ਲੋਕਾਂ ਅਤੇ ਸ਼ੁੱਧ ਭਗਤੀ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨਗੀਆਂ।
21. ਤੁਸੀਂ ਕਿਹੜੀ ਗੱਲ ਲਈ ਯਹੋਵਾਹ ਦੇ ਸ਼ੁਕਰਗੁਜ਼ਾਰ ਹੋ?
21 ਗੋਗ ਦਾ ਹਮਲਾ ਪਰਮੇਸ਼ੁਰ ਦੇ ਸਾਰੇ ਸੱਚੇ ਭਗਤਾਂ ਉੱਤੇ ਗਹਿਰਾ ਅਸਰ ਪਾਵੇਗਾ। ਇਸ ਲਈ ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਨੇ ਇਸ ਹਮਲੇ ਬਾਰੇ ਸਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ! ਜਿਉਂ-ਜਿਉਂ ਮਹਾਂਕਸ਼ਟ ਨੇੜੇ ਆ ਰਿਹਾ ਹੈ, ਆਓ ਆਪਾਂ ਠਾਣ ਲਈਏ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਸ਼ੁੱਧ ਭਗਤੀ ਨੂੰ ਪਹਿਲ ਦਿੰਦੇ ਰਹਾਂਗੇ। ਇਸ ਤਰ੍ਹਾਂ ਅਸੀਂ ਆਪਣੇ “ਦੇਸ਼” ਨੂੰ ਹੋਰ ਵੀ ਸੋਹਣਾ ਬਣਾਵਾਂਗੇ। ਅਸੀਂ ਬਹੁਤ ਜਲਦ ਇਤਿਹਾਸ ਦੀ ਸਭ ਤੋਂ ਰੋਮਾਂਚਕ ਘਟਨਾ ਆਪਣੀ ਅੱਖੀਂ ਦੇਖਾਂਗੇ ਕਿ ਯਹੋਵਾਹ ਕਿਸ ਤਰ੍ਹਾਂ ਆਰਮਾਗੇਡਨ ਦੌਰਾਨ ਆਪਣੇ ਲੋਕਾਂ ਨੂੰ ਬਚਾਵੇਗਾ ਅਤੇ ਆਪਣੇ ਪਵਿੱਤਰ ਨਾਂ ਨੂੰ ਬੁਲੰਦ ਕਰੇਗਾ। ਇਸ ਬਾਰੇ ਅਗਲੇ ਅਧਿਆਇ ਵਿਚ ਦੱਸਿਆ ਜਾਵੇਗਾ।
a ਇਸ ਕਿਤਾਬ ਦੇ ਅਗਲੇ ਅਧਿਆਇ ਵਿਚ ਅਸੀਂ ਦੇਖਾਂਗੇ ਕਿ ਮਾਗੋਗ ਦੇ ਗੋਗ ਉੱਤੇ ਯਹੋਵਾਹ ਦੇ ਕ੍ਰੋਧ ਦੀ ਅੱਗ ਕਿਵੇਂ ਤੇ ਕਦੋਂ ਭੜਕੇਗੀ ਅਤੇ ਸ਼ੁੱਧ ਭਗਤੀ ਕਰਨ ਵਾਲਿਆਂ ਉੱਤੇ ਇਸ ਦਾ ਕੀ ਅਸਰ ਪਵੇਗਾ।
b 15 ਮਈ 2015 ਦੇ ਪਹਿਰਾਬੁਰਜ ਦੇ ਸਫ਼ੇ 29-30 ਉੱਤੇ “ਪਾਠਕਾਂ ਵੱਲੋਂ ਸਵਾਲ” ਦੇਖੋ।
c ਦਾਨੀਏਲ 11:45 ਤੋਂ ਪਤਾ ਲੱਗਦਾ ਹੈ ਕਿ ਉੱਤਰ ਦਾ ਰਾਜਾ ਪਰਮੇਸ਼ੁਰ ਦੇ ਲੋਕਾਂ ʼਤੇ ਹਮਲਾ ਕਰੇਗਾ ਕਿਉਂਕਿ ਇੱਥੇ ਲਿਖਿਆ ਹੈ ਕਿ ਇਹ ਰਾਜਾ “ਵੱਡੇ ਸਮੁੰਦਰ [ਭੂਮੱਧ ਸਾਗਰ] ਅਤੇ ਸੋਹਣੇ ਦੇਸ਼ ਦੇ ਪਵਿੱਤਰ ਪਹਾੜ [ਜਿੱਥੇ ਇਕ ਸਮੇਂ ਤੇ ਪਰਮੇਸ਼ੁਰ ਦਾ ਮੰਦਰ ਹੁੰਦਾ ਸੀ ਅਤੇ ਉਸ ਦੇ ਲੋਕ ਉਸ ਦੀ ਭਗਤੀ ਕਰਦੇ ਸਨ] ਵਿਚਕਾਰ ਆਪਣਾ ਸ਼ਾਹੀ ਤੰਬੂ ਲਾਵੇਗਾ।”
d ਬਾਈਬਲ ਇਹ ਵੀ ਦੱਸਦੀ ਹੈ ਕਿ ਅੱਜ ਦੇ ਜ਼ਮਾਨੇ ਦਾ ‘ਅੱਸ਼ੂਰ’ ਪਰਮੇਸ਼ੁਰ ਦੇ ਲੋਕਾਂ ʼਤੇ ਹਮਲਾ ਕਰ ਕੇ ਉਨ੍ਹਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕਰੇਗਾ। (ਮੀਕਾ. 5:5) ਪਰਮੇਸ਼ੁਰ ਦੇ ਲੋਕਾਂ ਉੱਤੇ ਹੋਣ ਵਾਲੇ ਚਾਰ ਹਮਲਿਆਂ ਬਾਰੇ ਭਵਿੱਖਬਾਣੀ ਕੀਤੀ ਗਈ ਹੈ: ਮਾਗੋਗ ਦੇ ਗੋਗ ਦਾ ਹਮਲਾ, ਉੱਤਰ ਦੇ ਰਾਜੇ ਦਾ ਹਮਲਾ, ਧਰਤੀ ਦੇ ਰਾਜਿਆਂ ਦਾ ਹਮਲਾ ਅਤੇ ਅੱਸ਼ੂਰੀਆਂ ਦਾ ਹਮਲਾ। ਸ਼ਾਇਦ ਵੱਖੋ-ਵੱਖਰੇ ਨਾਵਾਂ ਨਾਲ ਇੱਕੋ ਹਮਲੇ ਦੀ ਗੱਲ ਕੀਤੀ ਗਈ ਹੈ।
e ਪ੍ਰਕਾਸ਼ ਦੀ ਕਿਤਾਬ 20:7-9 ਵਿਚ ਜ਼ਿਕਰ ਕੀਤਾ “ਗੋਗ ਅਤੇ ਮਾਗੋਗ” ਕੌਣ ਹੈ, ਇਸ ਬਾਰੇ ਇਸ ਕਿਤਾਬ ਦਾ ਅਧਿਆਇ 22 ਦੇਖੋ।