ਕੀ ਤੁਸੀਂ ਪਰਮੇਸ਼ੁਰ ਦੇ ਨਾਲ-ਨਾਲ ਚੱਲੋਗੇ?
“ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲ।”—ਮੀਕਾਹ 6:8.
1, 2. ਯਹੋਵਾਹ ਦੀ ਤੁਲਨਾ ਮਾਪਿਆਂ ਨਾਲ ਕਿਵੇਂ ਕੀਤੀ ਜਾ ਸਕਦੀ ਹੈ ਜੋ ਆਪਣੇ ਬੱਚੇ ਨੂੰ ਤੁਰਨਾ ਸਿਖਾਉਂਦੇ ਹਨ?
ਜਦੋਂ ਬੱਚਾ ਲੜਖੜਾਉਂਦੇ ਹੋਏ ਆਪਣੇ ਮਾਤਾ-ਪਿਤਾ ਵੱਲ ਪਹਿਲਾ ਕਦਮ ਵਧਾਉਂਦਾ ਹੈ, ਤਾਂ ਉਸ ਦੇ ਮਾਪਿਆਂ ਲਈ ਇਹ ਵੱਡੀ ਖ਼ੁਸ਼ੀ ਦਾ ਮੌਕਾ ਹੁੰਦਾ ਹੈ। ਉਨ੍ਹਾਂ ਨੂੰ ਆਪਣੇ ਬੱਚੇ ਦਾ ਹੱਥ ਫੜ ਕੇ ਉਸ ਦੇ ਨਾਲ-ਨਾਲ ਚੱਲਣ ਦਾ ਬਹੁਤ ਚਾਹ ਹੁੰਦਾ ਹੈ ਅਤੇ ਉਹ ਉਸ ਦੇ ਹਰ ਕਦਮ ਤੇ ਸਹਾਰਾ ਦੇਣ ਲਈ ਤਿਆਰ ਰਹਿੰਦੇ ਹਨ। ਦਰਅਸਲ, ਉਹ ਜ਼ਿੰਦਗੀ ਦੇ ਸਫ਼ਰ ਵਿਚ ਹਰ ਕਦਮ ਤੇ ਆਪਣੇ ਬੱਚੇ ਨੂੰ ਨਿਰਦੇਸ਼ਨ ਤੇ ਸਹਾਰਾ ਦੇਣਾ ਚਾਹੁੰਦੇ ਹਨ।
2 ਯਹੋਵਾਹ ਪਰਮੇਸ਼ੁਰ ਇਨਸਾਨਾਂ ਬਾਰੇ ਵੀ ਇਵੇਂ ਹੀ ਮਹਿਸੂਸ ਕਰਦਾ ਹੈ ਕਿਉਂਕਿ ਅਸੀਂ ਉਸ ਦੇ ਬੱਚੇ ਹਾਂ। ਇਕ ਵਾਰ ਉਸ ਨੇ ਅਫ਼ਰਾਈਮ ਯਾਨੀ ਇਸਰਾਏਲ ਬਾਰੇ ਇਸ ਤਰ੍ਹਾਂ ਕਿਹਾ: “ਮੈਂ ਅਫ਼ਰਾਈਮ ਨੂੰ ਤੁਰਨਾ ਸਿਖਾਇਆ, ਮੈਂ ਓਹਨਾਂ ਨੂੰ ਆਪਣੀਆਂ ਬਾਹਾਂ ਉੱਤੇ ਚੁੱਕ ਲਿਆ . . . ਮੈਂ ਓਹਨਾਂ ਨੂੰ ਆਦਮੀ ਦਿਆਂ ਰੱਸਿਆਂ ਨਾਲ, ਅਤੇ ਪ੍ਰੇਮ ਦਿਆਂ ਬੰਧਨਾਂ ਨਾਲ ਖਿੱਚਿਆ।” (ਹੋਸ਼ੇਆ 11:3, 4) ਯਹੋਵਾਹ ਇੱਥੇ ਆਪਣੀ ਤੁਲਨਾ ਇਕ ਪਿਤਾ ਨਾਲ ਕਰਦਾ ਹੈ ਜੋ ਧੀਰਜ ਨਾਲ ਆਪਣੇ ਬੱਚੇ ਨੂੰ ਤੁਰਨਾ ਸਿਖਾਉਂਦਾ ਹੈ ਅਤੇ ਡਿੱਗਣ ਤੇ ਬੱਚੇ ਨੂੰ ਆਪਣੀਆਂ ਬਾਹਾਂ ਤੇ ਚੁੱਕ ਲੈਂਦਾ ਹੈ। ਯਹੋਵਾਹ ਸਾਨੂੰ ਜ਼ਿੰਦਗੀ ਵਿਚ ਸਹੀ ਤਰੀਕੇ ਨਾਲ ਚੱਲਣਾ ਸਿਖਾਉਂਦਾ ਹੈ। ਇਸ ਤੋਂ ਇਲਾਵਾ ਉਹ ਹਰ ਕਦਮ ਤੇ ਸਾਡੇ ਨਾਲ-ਨਾਲ ਚੱਲਦਾ ਹੈ। ਇਹ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਅਸੀਂ ਪਰਮੇਸ਼ੁਰ ਦੇ ਨਾਲ-ਨਾਲ ਚੱਲ ਸਕਦੇ ਹਾਂ! (ਮੀਕਾਹ 6:8) ਪਰ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦਾ ਮਤਲਬ ਕੀ ਹੈ? ਸਾਨੂੰ ਉਸ ਨਾਲ ਚੱਲਣ ਦੀ ਕਿਉਂ ਲੋੜ ਹੈ? ਅਸੀਂ ਉਸ ਨਾਲ ਕਿਸ ਤਰ੍ਹਾਂ ਚੱਲ ਸਕਦੇ ਹਾਂ ਅਤੇ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ? ਆਓ ਆਪਾਂ ਇਨ੍ਹਾਂ ਚਾਰ ਸਵਾਲਾਂ ਵੱਲ ਇਕ-ਇਕ ਕਰ ਕੇ ਧਿਆਨ ਦੇਈਏ।
ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦਾ ਕੀ ਮਤਲਬ ਹੈ?
3, 4. (ੳ) ਪਰਮੇਸ਼ੁਰ ਦੇ ਨਾਲ-ਨਾਲ ਚੱਲਣਾ ਇਕ ਅਨੋਖੀ ਗੱਲ ਕਿਉਂ ਹੈ? (ਅ) ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦਾ ਕੀ ਮਤਲਬ ਹੈ?
3 ਅਸੀਂ ਪਰਮੇਸ਼ੁਰ ਦੇ ਨਾਲ ਉਸ ਤਰੀਕੇ ਨਾਲ ਨਹੀਂ ਤੁਰ ਸਕਦੇ ਜਿੱਦਾਂ ਕਿਸੇ ਇਨਸਾਨ ਨਾਲ। ਇਨਸਾਨ ਪਰਮੇਸ਼ੁਰ ਦੇ ਹਜ਼ੂਰ ਨਹੀਂ ਆ ਸਕਦੇ ਕਿਉਂਕਿ ਉਹ ਸਵਰਗ ਵਿਚ ਵੱਸਦਾ ਹੈ। (ਕੂਚ 33:20; ਯੂਹੰਨਾ 4:24) ਜਦ ਬਾਈਬਲ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦੀ ਗੱਲ ਕਰਦੀ ਹੈ, ਤਾਂ ਸਾਡੇ ਮਨ ਵਿਚ ਦੋ ਜਿਗਰੀ ਦੋਸਤਾਂ ਦੇ ਇਕੱਠੇ ਤੁਰਦਿਆਂ ਦੀ ਸੋਹਣੀ ਤਸਵੀਰ ਆਉਂਦੀ ਹੈ। ਇਹ ਸਾਡੀ ਇਹ ਸਮਝਣ ਵਿਚ ਮਦਦ ਕਰਦੀ ਹੈ ਕਿ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦਾ ਕੀ ਮਤਲਬ ਹੈ। ਪਰ ਆਓ ਆਪਾਂ ਇਸ ਗੱਲ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੀਏ।
4 ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਹਨੋਕ ਅਤੇ ਨੂਹ ਦੀਆਂ ਉਦਾਹਰਣਾਂ ਉੱਤੇ ਗੌਰ ਕਰੋ। ਉਨ੍ਹਾਂ ਬਾਰੇ ਇਹ ਕਿਉਂ ਕਿਹਾ ਗਿਆ ਸੀ ਕਿ ਉਹ ਪਰਮੇਸ਼ੁਰ ਦੇ ਨਾਲ-ਨਾਲ ਚੱਲਦੇ ਸਨ? (ਉਤਪਤ 5:24; 6:9) ਬਾਈਬਲ ਵਿਚ ਜਦ ‘ਚੱਲਣ’ ਦੀ ਗੱਲ ਕੀਤੀ ਜਾਂਦੀ ਹੈ, ਤਾਂ ਅਕਸਰ ਇਸ ਦਾ ਮਤਲਬ ਜ਼ਿੰਦਗੀ ਵਿਚ ਕੋਈ ਖ਼ਾਸ ਰਾਹ ਚੁਣਨਾ ਹੁੰਦਾ ਹੈ। ਹਨੋਕ ਅਤੇ ਨੂਹ ਨੇ ਪਰਮੇਸ਼ੁਰ ਦੀ ਇੱਛਾ ਅਨੁਸਾਰ ਆਪਣੀ ਜ਼ਿੰਦਗੀ ਜੀਉਣ ਦਾ ਰਾਹ ਚੁਣਿਆ ਸੀ। ਆਪਣੀ ਪੀੜ੍ਹੀ ਦੇ ਲੋਕਾਂ ਤੋਂ ਉਲਟ ਉਨ੍ਹਾਂ ਨੇ ਪਰਮੇਸ਼ੁਰ ਦਾ ਕਹਿਣਾ ਮੰਨਿਆ ਅਤੇ ਉਸ ਦੇ ਨਿਰਦੇਸ਼ਨ ਮੁਤਾਬਕ ਚੱਲੇ। ਉਨ੍ਹਾਂ ਨੂੰ ਪਰਮੇਸ਼ੁਰ ਉੱਤੇ ਪੂਰਾ ਭਰੋਸਾ ਸੀ। ਕੀ ਇਸ ਦਾ ਇਹ ਮਤਲਬ ਹੈ ਕਿ ਉਨ੍ਹਾਂ ਦੇ ਸਾਰੇ ਫ਼ੈਸਲੇ ਯਹੋਵਾਹ ਕਰਦਾ ਸੀ? ਨਹੀਂ। ਪਰਮੇਸ਼ੁਰ ਨੇ ਇਨਸਾਨਾਂ ਨੂੰ ਸੋਚਣ ਦੀ ਸ਼ਕਤੀ ਦਿੱਤੀ ਹੈ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਇਸ ਨੂੰ ਚੰਗੀ ਤਰ੍ਹਾਂ ਵਰਤੀਏ। ਪਰ ਫ਼ੈਸਲੇ ਕਰਦੇ ਸਮੇਂ ਅਸੀਂ ਨਿਮਰਤਾ ਨਾਲ ਆਪਣੇ ਸਰਬ ਬੁੱਧੀਮਾਨ ਪਰਮੇਸ਼ੁਰ ਯਹੋਵਾਹ ਦੀ ਅਗਵਾਈ ਵਿਚ ਚੱਲਦੇ ਹਾਂ। (ਕਹਾਉਤਾਂ 3:5, 6; ਯਸਾਯਾਹ 55:8, 9) ਇਸ ਤਰ੍ਹਾਂ ਅਸੀਂ ਜ਼ਿੰਦਗੀ ਦੇ ਸਫ਼ਰ ਤੇ ਪਰਮੇਸ਼ੁਰ ਦੇ ਨਾਲ-ਨਾਲ ਚੱਲਦੇ ਹਾਂ।
5. ਯਿਸੂ ਨੇ “ਉਮਰ” ਨੂੰ ਅੱਧਾ ਗਜ਼ ਵਧਾਉਣ ਬਾਰੇ ਕਿਉਂ ਗੱਲ ਕੀਤੀ ਸੀ?
5 ਬਾਈਬਲ ਵਿਚ ਅਕਸਰ ਜ਼ਿੰਦਗੀ ਦੀ ਤੁਲਨਾ ਸਿੱਧੇ ਜਾਂ ਅਸਿੱਧੇ ਤੌਰ ਤੇ ਸਫ਼ਰ ਕਰਨ ਜਾਂ ਇਕ ਰਾਹ ਨਾਲ ਕੀਤੀ ਗਈ ਹੈ। ਮਿਸਾਲ ਲਈ, ਯਿਸੂ ਨੇ ਕਿਹਾ: “ਤੁਹਾਡੇ ਵਿੱਚੋਂ ਉਹ ਕਿਹੜਾ ਹੈ ਜਿਹੜਾ ਚਿੰਤਾ ਕਰ ਕੇ ਆਪਣੀ ਉਮਰ ਨੂੰ ਇੱਕ ਪਲ [ਇੱਥੇ ਯਿਸੂ ਦੁਆਰਾ ਵਰਤੇ ਗਏ ਯੂਨਾਨੀ ਸ਼ਬਦ ਦਾ ਅਰਥ ਹੈ ਅੱਧਾ ਗਜ਼] ਵਧਾ ਸੱਕਦਾ ਹੈ?” (ਮੱਤੀ 6:27) ਯਿਸੂ ਨੇ ਇੱਥੇ ਕਿਸੇ ਦੀ “ਉਮਰ” ਨੂੰ ਅੱਧਾ ਗਜ਼ ਵਧਾਉਣ ਬਾਰੇ ਕਿਉਂ ਗੱਲ ਕੀਤੀ ਸੀ ਜਦ ਕਿ ਆਮ ਤੌਰ ਤੇ ਉਮਰ ਸਮੇਂ ਨਾਲ ਮਾਪੀ ਜਾਂਦੀ ਹੈ?a ਲੱਗਦਾ ਹੈ ਕਿ ਯਿਸੂ ਜ਼ਿੰਦਗੀ ਦੀ ਤੁਲਨਾ ਇਕ ਸਫ਼ਰ ਨਾਲ ਕਰ ਰਿਹਾ ਸੀ। ਅਸਲ ਵਿਚ ਉਹ ਕਹਿ ਰਿਹਾ ਸੀ ਕਿ ਚਿੰਤਾ ਕਰਨ ਨਾਲ ਅਸੀਂ ਜ਼ਿੰਦਗੀ ਦੇ ਸਫ਼ਰ ਦੀ ਲੰਬਾਈ ਨੂੰ ਅੱਧਾ ਗਜ਼ ਵੀ ਨਹੀਂ ਵਧਾ ਸਕਦੇ। ਤਾਂ ਫਿਰ ਕੀ ਇਸ ਦਾ ਇਹ ਮਤਲਬ ਹੈ ਕਿ ਅਸੀਂ ਯਹੋਵਾਹ ਨਾਲ ਕੁਝ ਹੀ ਸਾਲ ਚੱਲ ਕੇ ਮਰ ਜਾਣਾ ਹੈ? ਨਹੀਂ, ਬਿਲਕੁਲ ਨਹੀਂ। ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣ ਲਈ ਆਓ ਆਪਾਂ ਹੁਣ ਦੂਸਰੇ ਸਵਾਲ ਉੱਤੇ ਗੌਰ ਕਰੀਏ: ਸਾਨੂੰ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦੀ ਕਿਉਂ ਲੋੜ ਹੈ?
ਸਾਨੂੰ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦੀ ਕਿਉਂ ਲੋੜ ਹੈ?
6, 7. ਨਾਮੁਕੰਮਲ ਇਨਸਾਨਾਂ ਨੂੰ ਕਿਸ ਚੀਜ਼ ਦੀ ਸਖ਼ਤ ਜ਼ਰੂਰਤ ਹੈ ਅਤੇ ਇਸ ਮਾਮਲੇ ਵਿਚ ਸਾਨੂੰ ਯਹੋਵਾਹ ਦੀ ਮਦਦ ਕਿਉਂ ਲੈਣੀ ਚਾਹੀਦੀ ਹੈ?
6 ਯਹੋਵਾਹ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦਾ ਇਕ ਕਾਰਨ ਯਿਰਮਿਯਾਹ 10:23 ਵਿਚ ਸਮਝਾਇਆ ਗਿਆ ਹੈ: “ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” ਇਨਸਾਨ ਪਰਮੇਸ਼ੁਰ ਤੋਂ ਬਿਨਾਂ ਸੁਖੀ ਜ਼ਿੰਦਗੀ ਨਹੀਂ ਜੀ ਸਕਦੇ ਅਤੇ ਨਾ ਹੀ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਦਾ ਹੱਕ ਦਿੱਤਾ ਗਿਆ ਹੈ। ਸਾਨੂੰ ਨਿਰਦੇਸ਼ਨ ਦੀ ਸਖ਼ਤ ਜ਼ਰੂਰਤ ਹੈ। ਜਿਹੜੇ ਇਨਸਾਨ ਪਰਮੇਸ਼ੁਰ ਦੇ ਰਾਹਾਂ ਉੱਤੇ ਚੱਲਣ ਦੀ ਬਜਾਇ ਆਪਣੀ ਮਰਜ਼ੀ ਕਰਨੀ ਚਾਹੁੰਦੇ ਹਨ, ਉਹ ਆਦਮ ਅਤੇ ਹੱਵਾਹ ਵਾਂਗ ਵੱਡੀ ਗ਼ਲਤੀ ਕਰ ਰਹੇ ਹਨ। ਆਦਮ ਅਤੇ ਹੱਵਾਹ ਭਲੇ-ਬੁਰੇ ਬਾਰੇ ਫ਼ੈਸਲੇ ਆਪ ਕਰਨੇ ਚਾਹੁੰਦੇ ਸਨ। (ਉਤਪਤ 3:1-6) ਪਰ ਇਹ ਗੱਲ ਸਾਡੇ “ਵੱਸ ਵਿੱਚ ਨਹੀਂ” ਹੈ ਕਿਉਂਕਿ ਪਰਮੇਸ਼ੁਰ ਨੇ ਸਾਨੂੰ ਇਸ ਤਰ੍ਹਾਂ ਕਰਨ ਦਾ ਹੱਕ ਨਹੀਂ ਦਿੱਤਾ।
7 ਕੀ ਤੁਸੀਂ ਜ਼ਿੰਦਗੀ ਦੇ ਸਫ਼ਰ ਵਿਚ ਕਦੇ-ਕਦੇ ਨਿਰਦੇਸ਼ਨ ਦੀ ਲੋੜ ਮਹਿਸੂਸ ਨਹੀਂ ਕਰਦੇ? ਹਰ ਦਿਨ ਸਾਨੂੰ ਕਈ ਛੋਟੇ-ਵੱਡੇ ਫ਼ੈਸਲੇ ਕਰਨੇ ਪੈਂਦੇ ਹਨ। ਇਨ੍ਹਾਂ ਵਿੱਚੋਂ ਕੁਝ ਫ਼ੈਸਲੇ ਬਹੁਤ ਔਖੇ ਹੁੰਦੇ ਹਨ ਜਿਨ੍ਹਾਂ ਦਾ ਸਾਡੇ ਅਤੇ ਸਾਡੇ ਪਰਿਵਾਰ ਦੇ ਭਵਿੱਖ ਉੱਤੇ ਅਸਰ ਪੈ ਸਕਦਾ ਹੈ। ਪਰ ਜ਼ਰਾ ਇਸ ਬਾਰੇ ਸੋਚੋ, ਯਹੋਵਾਹ ਪਰਮੇਸ਼ੁਰ ਖ਼ੁਸ਼ੀ-ਖ਼ੁਸ਼ੀ ਸਾਨੂੰ ਨਿਰਦੇਸ਼ਨ ਦੇਣ ਲਈ ਤਿਆਰ ਹੈ ਅਤੇ ਉਸ ਦੀ ਬੁੱਧ ਸਾਡੀ ਬੁੱਧ ਨਾਲੋਂ ਕਿਤੇ ਉੱਤਮ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਜ਼ਿਆਦਾਤਰ ਲੋਕ ਆਪਣੀ ਹੀ ਸਮਝ ਉੱਤੇ ਭਰੋਸਾ ਕਰ ਕੇ ਆਪਣੀ ਮਰਜ਼ੀ ਕਰਨੀ ਚਾਹੁੰਦੇ ਹਨ। ਉਹ ਕਹਾਉਤਾਂ 28:26 ਵਿਚ ਲਿਖੀ ਸੱਚਾਈ ਵੱਲ ਕੋਈ ਧਿਆਨ ਨਹੀਂ ਦਿੰਦੇ: “ਜਿਹੜਾ ਆਪਣੇ ਆਪ ਉੱਤੇ ਹੀ ਭਰੋਸਾ ਰੱਖਦਾ ਹੈ ਉਹ ਮੂਰਖ ਹੈ, ਪਰ ਜੋ ਮੱਤ ਨਾਲ ਤੁਰਦਾ ਹੈ ਉਹ ਛੁਡਾਇਆ ਜਾਵੇਗਾ।” ਯਹੋਵਾਹ ਨਹੀਂ ਚਾਹੁੰਦਾ ਕਿ ਅਸੀਂ ਆਪਣੇ ਧੋਖੇਬਾਜ਼ ਦਿਲ ਦੀ ਸੁਣ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਬੈਠੀਏ। (ਯਿਰਮਿਯਾਹ 17:9) ਉਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਨਿਰਦੇਸ਼ਨ ਵਿਚ ਚੱਲ ਕੇ ਬੁੱਧਵਾਨ ਬਣੀਏ। ਜਦ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਸਾਨੂੰ ਜ਼ਿੰਦਗੀ ਦਾ ਸਫ਼ਰ ਕਰਦਿਆਂ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ।
8. ਪਾਪ ਅਤੇ ਨਾਮੁਕੰਮਲਤਾ ਦੇ ਕਾਰਨ ਹਰ ਇਨਸਾਨ ਦੀ ਮੰਜ਼ਲ ਕੀ ਹੁੰਦੀ ਹੈ, ਪਰ ਯਹੋਵਾਹ ਸਾਡੇ ਲਈ ਕੀ ਚਾਹੁੰਦਾ ਹੈ?
8 ਬਾਈਬਲ ਦੱਸਦੀ ਹੈ ਕਿ ਹਰ ਇਨਸਾਨ ਦੀ ਇੱਕੋ ਮੰਜ਼ਲ ਹੈ। ਬੁਢਾਪੇ ਦੀ ਗੱਲ ਕਰਦੇ ਹੋਏ ਉਪਦੇਸ਼ਕ ਦੀ ਪੋਥੀ 12:5 ਵਿਚ ਲਿਖਿਆ ਹੈ: “ਮਨੁੱਖ ਆਪਣੇ ਸਦੀਪਕ ਦੇ ਟਿਕਾਣੇ ਨੂੰ ਤੁਰ ਜਾਂਦਾ, ਅਤੇ ਸੋਗ ਕਰਨ ਵਾਲੇ ਗਲੀ ਗਲੀ ਭੌਂਦੇ ਹਨ।” ਮਨੁੱਖ ਦਾ ਇਹ ‘ਸਦੀਪਕ ਟਿਕਾਣਾ’ ਕੀ ਹੈ? ਇਹ ਕਬਰ ਨੂੰ ਸੰਕੇਤ ਕਰਦਾ ਹੈ ਜਿੱਥੇ ਪਾਪ ਅਤੇ ਨਾਮੁਕੰਮਲਤਾ ਦੇ ਕਾਰਨ ਹਰ ਇਨਸਾਨ ਜਾਂਦਾ ਹੈ। (ਰੋਮੀਆਂ 6:23) ਇਹ ਜ਼ਿੰਦਗੀ ਦਾ ਇਕ ਕੌੜਾ ਸੱਚ ਹੈ। ਪਰ ਯਹੋਵਾਹ ਨਹੀਂ ਚਾਹੁੰਦਾ ਕਿ ਅਸੀਂ ਥੋੜ੍ਹਿਆਂ ਦਿਨਾਂ ਲਈ ਦੁੱਖਾਂ ਨਾਲ ਭਰੀ ਜ਼ਿੰਦਗੀ ਜੀ ਕੇ ਮਰ ਜਾਈਏ। (ਅੱਯੂਬ 14:1) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸਦਾ ਦੀ ਜ਼ਿੰਦਗੀ ਪਾ ਕੇ ਉਸ ਦੇ ਨਾਲ-ਨਾਲ ਹਮੇਸ਼ਾ ਚੱਲਦੇ ਰਹੀਏ। ਕੀ ਇਹ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦਾ ਜ਼ਬਰਦਸਤ ਕਾਰਨ ਨਹੀਂ ਹੈ?
ਅਸੀਂ ਪਰਮੇਸ਼ੁਰ ਦੇ ਨਾਲ-ਨਾਲ ਕਿਸ ਤਰ੍ਹਾਂ ਚੱਲ ਸਕਦੇ ਹਾਂ?
9. ਯਹੋਵਾਹ ਕਦੇ-ਕਦੇ ਆਪਣੇ ਲੋਕਾਂ ਤੋਂ ਕਿਉਂ ਲੁਕਿਆ ਹੋਇਆ ਸੀ, ਪਰ ਯਸਾਯਾਹ 30:20 ਵਿਚ ਉਹ ਕਿਹੜੀ ਗੱਲ ਦਾ ਭਰੋਸਾ ਦਿਲਾਉਂਦਾ ਹੈ?
9 ਤੀਜੇ ਸਵਾਲ ਉੱਤੇ ਸਾਨੂੰ ਗਹੁ ਨਾਲ ਵਿਚਾਰ ਕਰਨ ਦੀ ਲੋੜ ਹੈ। ਅਸੀਂ ਪਰਮੇਸ਼ੁਰ ਦੇ ਨਾਲ-ਨਾਲ ਕਿਸ ਤਰ੍ਹਾਂ ਚੱਲ ਸਕਦੇ ਹਾਂ? ਇਸ ਦਾ ਜਵਾਬ ਸਾਨੂੰ ਯਸਾਯਾਹ 30:20, 21 ਵਿਚ ਮਿਲਦਾ ਹੈ: “ਤੁਹਾਡਾ ਗੁਰੂ ਆਪ ਨੂੰ ਨਾ ਲੁਕਾਵੇਗਾ, ਸਗੋਂ ਤੁਹਾਡੀਆਂ ਅੱਖਾਂ ਆਪਣੇ ਗੁਰੂ ਨੂੰ ਵੇਖਣਗੀਆਂ ਅਤੇ ਤੁਹਾਡੇ ਕੰਨ ਤੁਹਾਡੇ ਪਿੱਛੋਂ ਏਹ ਗੱਲ ਸੁਣਨਗੇ ਕਿ ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ, ਜਦ ਤੁਸੀਂ ਸੱਜੇ ਨੂੰ ਮੁੜੋ ਅਤੇ ਜਦ ਤੁਸੀਂ ਖੱਬੇ ਨੂੰ ਮੁੜੋ।” ਜਦੋਂ ਇਸਰਾਏਲੀਆਂ ਨੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ, ਉਦੋਂ ਉਹ ਇਕ ਤਰੀਕੇ ਨਾਲ ਉਨ੍ਹਾਂ ਤੋਂ ਲੁਕਿਆ ਹੋਇਆ ਸੀ (ਯਸਾਯਾਹ 1:15; 59:2) ਪਰ ਇਨ੍ਹਾਂ ਆਇਤਾਂ ਵਿਚ ਯਹੋਵਾਹ ਨੂੰ ਆਪਣੇ ਵਫ਼ਾਦਾਰ ਲੋਕਾਂ ਦੇ ਸਾਮ੍ਹਣੇ ਖੜ੍ਹਾ ਦਰਸਾਇਆ ਗਿਆ ਹੈ, ਠੀਕ ਜਿਵੇਂ ਇਕ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਸਾਮ੍ਹਣੇ ਖੜ੍ਹਾ ਹੋ ਕੇ ਉਨ੍ਹਾਂ ਨੂੰ ਸਿਖਾਉਂਦਾ ਹੈ।
10. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਅਸੀਂ ਆਪਣੇ ਮਹਾਨ ਗੁਰੂ ਦੀ ਆਵਾਜ਼ “ਪਿੱਛੋਂ” ਸੁਣਦੇ ਹਾਂ?
10 ਇੱਕੀਵੀਂ ਆਇਤ ਵਿਚ ਇਕ ਹੋਰ ਤਸਵੀਰ ਪੇਸ਼ ਕੀਤੀ ਗਈ ਹੈ। ਯਹੋਵਾਹ ਨੂੰ ਆਪਣੇ ਲੋਕਾਂ ਦੇ ਪਿੱਛੇ-ਪਿੱਛੇ ਚੱਲਦਿਆਂ ਅਤੇ ਉਨ੍ਹਾਂ ਨੂੰ ਸਹੀ ਰਾਹ ਤੇ ਚੱਲਣ ਲਈ ਨਿਰਦੇਸ਼ਨ ਦਿੰਦੇ ਹੋਏ ਦਰਸਾਇਆ ਗਿਆ ਹੈ। ਬਾਈਬਲ ਦੇ ਵਿਦਵਾਨਾਂ ਦਾ ਕਹਿਣਾ ਹੈ ਕਿ ਇਹ ਗੱਲ ਸ਼ਾਇਦ ਅਯਾਲੀ ਦੀ ਉਦਾਹਰਣ ਉੱਤੇ ਆਧਾਰਿਤ ਹੈ ਜੋ ਆਪਣੀਆਂ ਭੇਡਾਂ ਦੇ ਪਿੱਛੇ-ਪਿੱਛੇ ਚੱਲਦਿਆਂ ਉਨ੍ਹਾਂ ਨੂੰ ਆਵਾਜ਼ ਦਿੰਦਾ ਹੈ ਤਾਂਕਿ ਉਹ ਗ਼ਲਤ ਰਸਤੇ ਨਾ ਪੈ ਜਾਣ। ਇਹ ਗੱਲ ਸਾਡੇ ਉੱਤੇ ਕਿਵੇਂ ਲਾਗੂ ਹੁੰਦੀ ਹੈ? ਜਦੋਂ ਅਸੀਂ ਨਿਰਦੇਸ਼ਨ ਲਈ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਦੇ ਹਾਂ, ਤਾਂ ਅਸੀਂ ਪਿੱਛਿਓਂ ਆਵਾਜ਼ ਸੁਣਦੇ ਹਾਂ ਯਾਨੀ ਹਜ਼ਾਰਾਂ ਸਾਲ ਪਹਿਲਾਂ ਲਿਖੀਆਂ ਗੱਲਾਂ ਪੜ੍ਹਦੇ ਹਾਂ। ਲੇਕਿਨ ਇਹ ਗੱਲਾਂ ਅੱਜ ਵੀ ਉੱਨੀਆਂ ਫ਼ਾਇਦੇਮੰਦ ਹਨ ਜਿੰਨੀਆਂ ਇਹ ਲਿਖਣ ਵੇਲੇ ਸਨ। ਬਾਈਬਲ ਦੀ ਸਲਾਹ ਲਾਗੂ ਕਰ ਕੇ ਅਸੀਂ ਹੁਣ ਅਤੇ ਭਵਿੱਖ ਲਈ ਵੀ ਸਹੀ ਫ਼ੈਸਲੇ ਕਰ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 119:105) ਜਦੋਂ ਅਸੀਂ ਦਿਲੋਂ ਪਰਮੇਸ਼ੁਰ ਦੀ ਸਲਾਹ ਭਾਲ ਕੇ ਉਸ ਨੂੰ ਲਾਗੂ ਕਰਦੇ ਹਾਂ, ਤਾਂ ਅਸੀਂ ਕਹਿ ਸਕਦੇ ਹਾਂ ਕਿ ਯਹੋਵਾਹ ਸਾਡੀ ਅਗਵਾਈ ਕਰ ਰਿਹਾ ਹੈ। ਹਾਂ, ਅਸੀਂ ਪਰਮੇਸ਼ੁਰ ਦੇ ਨਾਲ-ਨਾਲ ਚੱਲ ਰਹੇ ਹੋਵਾਂਗੇ।
11. ਯਿਰਮਿਯਾਹ 6:16 ਅਨੁਸਾਰ ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਹੜੀ ਸਲਾਹ ਦਿੱਤੀ ਸੀ, ਪਰ ਉਨ੍ਹਾਂ ਦਾ ਕੀ ਰਵੱਈਆ ਸੀ?
11 ਕੀ ਅਸੀਂ ਪਰਮੇਸ਼ੁਰ ਦੇ ਬਚਨ ਦੀ ਸਲਾਹ ਉੱਤੇ ਪੂਰੀ ਤਰ੍ਹਾਂ ਚੱਲਦੇ ਹਾਂ? ਚੰਗਾ ਹੋਵੇਗਾ ਜੇਕਰ ਅਸੀਂ ਇਸ ਸੰਬੰਧੀ ਸੱਚੇ ਦਿਲੋਂ ਆਪਣੀ ਜਾਂਚ ਕਰੀਏ। ਇਸ ਤਰ੍ਹਾਂ ਕਰਨ ਵਿਚ ਇਹ ਆਇਤ ਸਾਡੀ ਮਦਦ ਕਰੇਗੀ: “ਯਹੋਵਾਹ ਐਉਂ ਫ਼ਰਮਾਉਂਦਾ ਹੈ,—ਤੁਸੀਂ ਰਾਹਾਂ ਵਿੱਚ ਖਲੋ ਜਾਓ ਅਤੇ ਵੇਖੋ, ਅਤੇ ਪੁਰਾਣੇ ਰਸਤਿਆਂ ਲਈ ਪੁੱਛੋ, ਭਈ ਅੱਛਾ ਰਾਹ ਕਿੱਥੇ ਹੈ? ਤਾਂ ਉਹ ਦੇ ਵਿੱਚ ਚੱਲੋ। ਤੁਸੀਂ ਆਪਣੀਆਂ ਜਾਨਾਂ ਲਈ ਅਰਾਮ ਪਾਓਗੇ।” (ਯਿਰਮਿਯਾਹ 6:16) ਇਹ ਸ਼ਬਦ ਪੜ੍ਹ ਕੇ ਸ਼ਾਇਦ ਸਾਡੇ ਮਨ ਵਿਚ ਕਿਸੇ ਮੁਸਾਫ਼ਰ ਦਾ ਖ਼ਿਆਲ ਆਵੇ ਜੋ ਚੁਰਾਹੇ ਤੇ ਰੁਕ ਕੇ ਰਸਤਾ ਪੁੱਛਦਾ ਹੈ। ਬਾਗ਼ੀ ਇਸਰਾਏਲੀਆਂ ਨੂੰ ਵੀ ਰੂਹਾਨੀ ਤੌਰ ਤੇ ਇਸੇ ਤਰ੍ਹਾਂ ਕਰਨ ਦੀ ਲੋੜ ਸੀ। ਉਨ੍ਹਾਂ ਨੂੰ ‘ਪੁਰਾਣੇ ਰਸਤੇ’ ਲੱਭਣ ਦੀ ਲੋੜ ਸੀ। “ਅੱਛਾ ਰਾਹ” ਉਹ ਸੀ ਜਿਸ ਉੱਤੇ ਉਨ੍ਹਾਂ ਦੇ ਪਿਓ-ਦਾਦੇ ਯਾਨੀ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਚੱਲੇ ਸਨ। ਪਰ ਦੁੱਖ ਦੀ ਗੱਲ ਹੈ ਕਿ ਇਸਰਾਏਲੀਆਂ ਨੇ ਯਹੋਵਾਹ ਦੀ ਸਲਾਹ ਵੱਲ ਕੋਈ ਧਿਆਨ ਨਾ ਦਿੱਤਾ। ਆਇਤ ਅੱਗੇ ਕਹਿੰਦੀ ਹੈ: “ਪਰ ਓਹਨਾਂ ਆਖਿਆ, ਅਸੀਂ ਉਸ ਵਿੱਚ ਨਾ ਚੱਲਾਂਗੇ।” ਇਸ ਦੇ ਉਲਟ ਅੱਜ ਯਹੋਵਾਹ ਦੇ ਲੋਕ ਇਸ ਸਲਾਹ ਪ੍ਰਤੀ ਬਿਲਕੁਲ ਵੱਖਰਾ ਰਵੱਈਆ ਦਿਖਾਉਂਦੇ ਹਨ।
12, 13. (ੳ) ਮਸੀਹ ਦੇ ਮਸਹ ਕੀਤੇ ਹੋਏ ਚੇਲਿਆਂ ਨੇ ਯਿਰਮਿਯਾਹ 6:16 ਦੀ ਸਲਾਹ ਨੂੰ ਕਿਵੇਂ ਮੰਨਿਆ ਹੈ? (ਅ) ਅਸੀਂ ਆਪਣੀ ਜਾਂਚ ਕਿਵੇਂ ਕਰ ਸਕਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਰਾਹਾਂ ਉੱਤੇ ਚੱਲਦੇ ਹਾਂ ਕਿ ਨਹੀਂ?
12 ਉੱਨੀਵੀਂ ਸਦੀ ਦੇ ਅਖ਼ੀਰ ਤੋਂ ਯਿਸੂ ਮਸੀਹ ਦੇ ਮਸਹ ਕੀਤੇ ਹੋਏ ਚੇਲੇ ਯਿਰਮਿਯਾਹ 6:16 ਦੀ ਸਲਾਹ ਉੱਤੇ ਚੱਲਦੇ ਆਏ ਹਨ। ਇਕ ਸਮੂਹ ਵਜੋਂ ਉਨ੍ਹਾਂ ਨੇ “ਪੁਰਾਣੇ ਰਸਤਿਆਂ” ਵੱਲ ਮੁੜਨ ਵਿਚ ਪਹਿਲ ਕੀਤੀ ਹੈ। ਈਸਾਈ-ਜਗਤ ਤੋਂ ਉਲਟ ਉਨ੍ਹਾਂ ਨੇ ਯਿਸੂ ਮਸੀਹ ਦੁਆਰਾ ਕਾਇਮ ਕੀਤੇ ਗਏ “ਖਰੀਆਂ ਗੱਲਾਂ ਦੇ ਨਮੂਨੇ” ਨੂੰ ਫੜੀ ਰੱਖਿਆ ਹੈ। ਪਹਿਲੀ ਸਦੀ ਦੇ ਚੇਲੇ ਵੀ ਇਸ ਨਮੂਨੇ ਉੱਤੇ ਚੱਲਦੇ ਸਨ। (2 ਤਿਮੋਥਿਉਸ 1:13) ਮਸਹ ਕੀਤੇ ਹੋਏ ਮਸੀਹੀ ਅੱਜ ਵੀ ਜ਼ਿੰਦਗੀ ਦੇ ਇਸ ਸਹੀ ਰਾਹ ਉੱਤੇ ਚੱਲਣ ਵਿਚ ਇਕ-ਦੂਜੇ ਦੀ ਅਤੇ ‘ਹੋਰ ਭੇਡਾਂ’ ਦੀ ਮਦਦ ਕਰਦੇ ਹਨ।—ਯੂਹੰਨਾ 10:16.
13 ਮਾਤਬਰ ਨੌਕਰ ਵਰਗ ਨੇ ਵੇਲੇ ਸਿਰ ਭੋਜਨ ਦੇਣ ਦੁਆਰਾ ਲੱਖਾਂ ਹੀ ਲੋਕਾਂ ਦੀ “ਪੁਰਾਣੇ ਰਸਤਿਆਂ” ਨੂੰ ਲੱਭਣ ਅਤੇ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਵਿਚ ਮਦਦ ਕੀਤੀ ਹੈ। (ਮੱਤੀ 24:45-47) ਕੀ ਤੁਸੀਂ ਇਨ੍ਹਾਂ ਲੱਖਾਂ ਲੋਕਾਂ ਵਿਚ ਸ਼ਾਮਲ ਹੋ? ਜੇ ਹਾਂ, ਤਾਂ ਤੁਸੀਂ ਇਸ ਰਸਤੇ ਤੋਂ ਭਟਕਣ ਅਤੇ ਆਪਣੀ ਮਰਜ਼ੀ ਕਰਨ ਤੋਂ ਕਿਵੇਂ ਬਚ ਸਕਦੇ ਹੋ? ਚੰਗਾ ਹੋਵੇਗਾ ਜੇਕਰ ਤੁਸੀਂ ਸਮੇਂ-ਸਮੇਂ ਤੇ ਆਪਣੀ ਜਾਂਚ ਕਰੋ ਕਿ ਤੁਸੀਂ ਪਰਮੇਸ਼ੁਰ ਦੇ ਰਾਹਾਂ ਉੱਤੇ ਚੱਲਦੇ ਹੋ ਕਿ ਨਹੀਂ। ਜੇਕਰ ਤੁਸੀਂ ਹਰ ਰੋਜ਼ ਬਾਈਬਲ ਅਤੇ ਬਾਈਬਲ-ਆਧਾਰਿਤ ਕਿਤਾਬਾਂ ਪੜ੍ਹਦੇ ਹੋ ਅਤੇ ਮਸਹ ਕੀਤੇ ਗਏ ਮਸੀਹੀਆਂ ਦੁਆਰਾ ਤਿਆਰ ਕੀਤੀਆਂ ਗਈਆਂ ਮੀਟਿੰਗਾਂ ਵਿਚ ਹਾਜ਼ਰ ਹੁੰਦੇ ਹੋ, ਤਾਂ ਤੁਹਾਨੂੰ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦੀ ਸਿੱਖਿਆ ਮਿਲ ਰਹੀ ਹੈ। ਅਤੇ ਜਦੋਂ ਤੁਸੀਂ ਨਿਮਰਤਾ ਨਾਲ ਦਿੱਤੀ ਗਈ ਸਲਾਹ ਨੂੰ ਲਾਗੂ ਕਰਦੇ ਹੋ, ਤਾਂ ਤੁਸੀਂ ਸੱਚ-ਮੁੱਚ “ਪੁਰਾਣੇ ਰਸਤਿਆਂ” ਉੱਤੇ ਪਰਮੇਸ਼ੁਰ ਦੇ ਨਾਲ-ਨਾਲ ਚੱਲਦੇ ਹੋ।
ਇਵੇਂ ਤੁਰੋ ਜਿਵੇਂ ਤੁਸੀਂ “ਅਣਦੇਖੇ ਪਰਮੇਸ਼ਰ ਦਾ ਦਰਸ਼ਨ ਕਰ ਲਿਆ” ਹੋਵੇ
14. ਜੇ ਅਸੀਂ ਮੰਨਦੇ ਹਾਂ ਕਿ ਯਹੋਵਾਹ ਹੈ, ਤਾਂ ਅਸੀਂ ਫ਼ੈਸਲੇ ਕਰਦੇ ਸਮੇਂ ਕੀ ਕਰਾਂਗੇ?
14 ਯਹੋਵਾਹ ਦੇ ਨਾਲ-ਨਾਲ ਚੱਲਣ ਲਈ ਸਾਡਾ ਇਹ ਮੰਨਣਾ ਜ਼ਰੂਰੀ ਹੈ ਕਿ ਪਰਮੇਸ਼ੁਰ ਹੈ। ਯਾਦ ਰੱਖੋ ਕਿ ਯਹੋਵਾਹ ਨੇ ਵਫ਼ਾਦਾਰ ਇਸਰਾਏਲੀਆਂ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਤੋਂ ਲੁਕਿਆ ਹੋਇਆ ਨਹੀਂ ਸੀ। ਅੱਜ ਵੀ ਉਹ ਇਕ ਮਹਾਨ ਗੁਰੂ ਵਜੋਂ ਆਪਣੇ ਲੋਕਾਂ ਦੇ ਸਾਮ੍ਹਣੇ ਹੈ। ਕੀ ਤੁਹਾਡੇ ਲਈ ਪਰਮੇਸ਼ੁਰ ਇੰਨਾ ਅਸਲੀ ਹੈ ਜਿਵੇਂ ਉਹ ਸੱਚ-ਮੁੱਚ ਤੁਹਾਡੇ ਸਾਮ੍ਹਣੇ ਖੜ੍ਹਾ ਹੈ? ਜੇਕਰ ਅਸੀਂ ਪਰਮੇਸ਼ੁਰ ਦੇ ਨਾਲ-ਨਾਲ ਚੱਲਣਾ ਚਾਹੁੰਦੇ ਹਾਂ, ਤਾਂ ਸਾਨੂੰ ਅਜਿਹੇ ਪੱਕੇ ਵਿਸ਼ਵਾਸ ਦੀ ਲੋੜ ਹੈ। ਮੂਸਾ ਦਾ ਵਿਸ਼ਵਾਸ ਪੱਕਾ ਸੀ ਕਿਉਂਕਿ ਉਹ “ਅਟਲ ਰਿਹਾ, ਜਿਸ ਤਰ੍ਹਾਂ ਕਿ ਉਸ ਨੇ ਅਣਦੇਖੇ ਪਰਮੇਸ਼ਰ ਦਾ ਦਰਸ਼ਨ ਕਰ ਲਿਆ ਸੀ।” (ਇਬਰਾਨੀਆਂ 11:27, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜੇ ਅਸੀਂ ਵਾਕਈ ਮੰਨਦੇ ਹਾਂ ਕਿ ਯਹੋਵਾਹ ਹੈ, ਤਾਂ ਅਸੀਂ ਉਸ ਦੇ ਅਸੂਲਾਂ ਨੂੰ ਧਿਆਨ ਵਿਚ ਰੱਖ ਕੇ ਹਰ ਫ਼ੈਸਲਾ ਕਰਾਂਗੇ। ਮਿਸਾਲ ਲਈ, ਅਸੀਂ ਪਾਪ ਕਰਨ ਅਤੇ ਇਸ ਨੂੰ ਕਲੀਸਿਯਾ ਦੇ ਬਜ਼ੁਰਗਾਂ ਜਾਂ ਘਰ ਦਿਆਂ ਤੋਂ ਛੁਪਾਉਣ ਬਾਰੇ ਸੋਚਾਂਗੇ ਵੀ ਨਹੀਂ। ਅਸੀਂ ਉਸ ਸਮੇਂ ਵੀ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦੀ ਕੋਸ਼ਿਸ਼ ਕਰਾਂਗੇ ਜਦ ਕੋਈ ਇਨਸਾਨ ਸਾਨੂੰ ਦੇਖ ਨਹੀਂ ਰਿਹਾ ਹੁੰਦਾ। ਰਾਜਾ ਦਾਊਦ ਵਾਂਗ ਸਾਡਾ ਵੀ ਇਹ ਪੱਕਾ ਇਰਾਦਾ ਹੋਵੇਗਾ: “ਮੈਂ ਆਪਣੇ ਘਰ ਵਿਚ ਭਲਾ ਜੀਵਨ ਗੁਜ਼ਾਰਾਂਗਾ।”—ਭਜਨ 101:2, ਨਵਾਂ ਅਨੁਵਾਦ।
15. ਕਲੀਸਿਯਾ ਦੇ ਭੈਣਾਂ-ਭਰਾਵਾਂ ਨਾਲ ਮਿਲ ਕੇ ਸਾਡਾ ਵਿਸ਼ਵਾਸ ਕਿਵੇਂ ਪੱਕਾ ਹੁੰਦਾ ਹੈ ਕਿ ਵਾਕਈ ਯਹੋਵਾਹ ਹੈ?
15 ਯਹੋਵਾਹ ਸਮਝਦਾ ਹੈ ਕਿ ਨਾਮੁਕੰਮਲ ਹੋਣ ਕਾਰਨ ਸ਼ਾਇਦ ਸਾਨੂੰ ਕਦੇ-ਕਦੇ ਉਸ ਚੀਜ਼ ਵਿਚ ਵਿਸ਼ਵਾਸ ਕਰਨਾ ਔਖਾ ਲੱਗੇ ਜਿਸ ਨੂੰ ਅਸੀਂ ਦੇਖ ਨਹੀਂ ਸਕਦੇ। (ਜ਼ਬੂਰਾਂ ਦੀ ਪੋਥੀ 103:14) ਪਰ ਇਸ ਵਿਚ ਉਹ ਸਾਡੀ ਬਹੁਤ ਮਦਦ ਕਰਦਾ ਹੈ। ਮਿਸਾਲ ਲਈ, ਉਸ ਨੇ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚੋਂ “ਇੱਕ ਪਰਜਾ ਆਪਣੇ ਨਾਮ ਦੇ ਲਈ” ਚੁਣੀ ਹੈ। (ਰਸੂਲਾਂ ਦੇ ਕਰਤੱਬ 15:14) ਇਕੱਠੇ ਮਿਲ ਕੇ ਉਸ ਦੀ ਭਗਤੀ ਕਰਨ ਨਾਲ ਸਾਨੂੰ ਇਕ-ਦੂਜੇ ਤੋਂ ਹੌਸਲਾ ਮਿਲਦਾ ਹੈ। ਜਦੋਂ ਅਸੀਂ ਸੁਣਦੇ ਹਾਂ ਕਿ ਕਲੀਸਿਯਾ ਵਿਚ ਕਿਸੇ ਭੈਣ ਜਾਂ ਭਰਾ ਦੀ ਆਪਣੀ ਕਿਸੇ ਕਮਜ਼ੋਰੀ ਉੱਤੇ ਕਾਬੂ ਪਾਉਣ ਜਾਂ ਕਿਸੇ ਅਜ਼ਮਾਇਸ਼ ਦਾ ਸਾਮ੍ਹਣਾ ਕਰਨ ਵਿਚ ਯਹੋਵਾਹ ਨੇ ਕਿਵੇਂ ਮਦਦ ਕੀਤੀ ਹੈ, ਤਾਂ ਸਾਡਾ ਵਿਸ਼ਵਾਸ ਹੋਰ ਵੀ ਪੱਕਾ ਹੁੰਦਾ ਹੈ ਕਿ ਪਰਮੇਸ਼ੁਰ ਵਾਕਈ ਹੈ।—1 ਪਤਰਸ 5:9.
16. ਯਿਸੂ ਬਾਰੇ ਸਿੱਖਣ ਨਾਲ ਸਾਨੂੰ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਵਿਚ ਕਿਵੇਂ ਮਦਦ ਮਿਲੇਗੀ?
16 ਇਸ ਤੋਂ ਇਲਾਵਾ, ਯਹੋਵਾਹ ਨੇ ਸਾਨੂੰ ਆਪਣੇ ਪੁੱਤਰ ਦੀ ਉਦਾਹਰਣ ਦਿੱਤੀ ਹੈ। ਯਿਸੂ ਨੇ ਕਿਹਾ: “ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ। ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ।” (ਯੂਹੰਨਾ 14:6) ਜਦੋਂ ਯਿਸੂ ਧਰਤੀ ਉੱਤੇ ਸੀ, ਤਾਂ ਉਸ ਨੇ ਬਿਲਕੁਲ ਉਹੀ ਕਿਹਾ ਅਤੇ ਕੀਤਾ ਜੋ ਯਹੋਵਾਹ ਨੇ ਉਸ ਨੂੰ ਸਿਖਾਇਆ ਸੀ। ਯਿਸੂ ਦਾ ਸੁਭਾਅ ਅਤੇ ਉਸ ਦੇ ਗੁਣ ਹੂ-ਬਹੂ ਆਪਣੇ ਪਿਤਾ ਯਹੋਵਾਹ ਵਰਗੇ ਸਨ। (ਯੂਹੰਨਾ 14:9) ਇਸ ਲਈ ਜੇ ਅਸੀਂ ਉਸ ਦੀ ਉਦਾਹਰਣ ਉੱਤੇ ਗੌਰ ਕਰਾਂਗੇ, ਤਾਂ ਸਾਡਾ ਵਿਸ਼ਵਾਸ ਹੋਰ ਵੀ ਪੱਕਾ ਹੋਵੇਗਾ ਕਿ ਯਹੋਵਾਹ ਹੈ। ਫ਼ੈਸਲੇ ਕਰਦੇ ਸਮੇਂ ਸਾਨੂੰ ਸੋਚਣ ਦੀ ਲੋੜ ਹੈ ਕਿ ਯਿਸੂ ਇਸ ਹਾਲਤ ਵਿਚ ਕੀ ਫ਼ੈਸਲਾ ਕਰਦਾ। ਜਦੋਂ ਅਸੀਂ ਇਸ ਤਰ੍ਹਾਂ ਸੋਚ-ਸਮਝ ਕੇ ਅਤੇ ਪ੍ਰਾਰਥਨਾ ਕਰ ਕੇ ਫ਼ੈਸਲਾ ਕਰਦੇ ਹਾਂ, ਤਾਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਮਸੀਹ ਦੀ ਮਿਸਾਲ ਉੱਤੇ ਚੱਲਦੇ ਹਾਂ। (1 ਪਤਰਸ 2:21) ਨਤੀਜੇ ਵਜੋਂ ਅਸੀਂ ਪਰਮੇਸ਼ੁਰ ਦੇ ਨਾਲ-ਨਾਲ ਚੱਲ ਰਹੇ ਹੋਵਾਂਗੇ।
ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਵਾਲਿਆਂ ਲਈ ਬਰਕਤਾਂ
17. ਯਹੋਵਾਹ ਦੇ ਰਾਹਾਂ ਤੇ ਚੱਲ ਕੇ ਅਸੀਂ ਆਪਣੀਆਂ ਜਾਨਾਂ ਲਈ ਕਿਹੋ ਜਿਹਾ “ਅਰਾਮ” ਪਾਵਾਂਗੇ?
17 ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਵਾਲਿਆਂ ਨੂੰ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ। ਯਾਦ ਕਰੋ ਕਿ ਯਹੋਵਾਹ ਨੇ ‘ਅੱਛੇ ਰਾਹ’ ਦੀ ਭਾਲ ਕਰਨ ਸੰਬੰਧੀ ਆਪਣੇ ਲੋਕਾਂ ਨਾਲ ਕੀ ਵਾਅਦਾ ਕੀਤਾ ਸੀ। ਉਸ ਨੇ ਕਿਹਾ ਸੀ: “ਉਹ ਦੇ ਵਿੱਚ ਚੱਲੋ। ਤੁਸੀਂ ਆਪਣੀਆਂ ਜਾਨਾਂ ਲਈ ਅਰਾਮ ਪਾਓਗੇ।” (ਯਿਰਮਿਯਾਹ 6:16) ਇੱਥੇ “ਅਰਾਮ” ਪਾਉਣ ਦਾ ਕੀ ਮਤਲਬ ਹੈ? ਕੀ ਇਸ ਦਾ ਇਹ ਮਤਲਬ ਹੈ ਕਿ ਪਰਮੇਸ਼ੁਰ ਦੇ ਲੋਕ ਐਸ਼ੋ-ਆਰਾਮ ਵਾਲੀ ਜ਼ਿੰਦਗੀ ਗੁਜ਼ਾਰਨਗੇ? ਨਹੀਂ। ਯਹੋਵਾਹ ਦੀਆਂ ਬਰਕਤਾਂ ਇਸ ਤੋਂ ਵੀ ਬਿਹਤਰ ਹਨ। ਉਹ ਉਸ ਚੀਜ਼ ਦਾ ਵਾਅਦਾ ਕਰਦਾ ਹੈ ਜੋ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਕੋਲ ਵੀ ਨਹੀਂ। ਆਪਣੀਆਂ ਜਾਨਾਂ ਲਈ ਆਰਾਮ ਪਾਉਣ ਦਾ ਮਤਲਬ ਹੈ ਮਨ ਦੀ ਸ਼ਾਂਤੀ ਤੇ ਖ਼ੁਸ਼ੀ ਪਾਉਣੀ ਅਤੇ ਪਰਮੇਸ਼ੁਰ ਨਾਲ ਮਜ਼ਬੂਤ ਰਿਸ਼ਤੇ ਦਾ ਆਨੰਦ ਮਾਣਨਾ। ਅਸੀਂ ਇਹ ਆਰਾਮ ਪਾਉਂਦੇ ਹਾਂ ਕਿਉਂਕਿ ਸਾਨੂੰ ਪੂਰਾ ਭਰੋਸਾ ਹੈ ਕਿ ਅਸੀਂ ਜ਼ਿੰਦਗੀ ਦਾ ਸਭ ਤੋਂ ਵਧੀਆ ਰਾਹ ਚੁਣਿਆ ਹੈ। ਇਸ ਦੁੱਖਾਂ ਭਰੀ ਦੁਨੀਆਂ ਵਿਚ ਮਨ ਦੀ ਸ਼ਾਂਤੀ ਸੱਚ-ਮੁੱਚ ਇਕ ਵੱਡੀ ਬਰਕਤ ਹੈ!
18. ਯਹੋਵਾਹ ਤੁਹਾਨੂੰ ਕਿਹੜੀ ਬਰਕਤ ਦੇਣੀ ਚਾਹੁੰਦਾ ਹੈ ਅਤੇ ਤੁਹਾਡਾ ਕੀ ਇਰਾਦਾ ਹੈ?
18 ਇਸ ਵਿਚ ਕੋਈ ਸ਼ੱਕ ਨਹੀਂ ਕਿ ਜ਼ਿੰਦਗੀ ਇਕ ਬਰਕਤ ਹੈ ਭਾਵੇਂ ਇਹ ਛੋਟੀ ਹੋਵੇ ਜਾਂ ਲੰਬੀ। ਪਰ ਯਹੋਵਾਹ ਪਰਮੇਸ਼ੁਰ ਇਹ ਕਦੇ ਨਹੀਂ ਸੀ ਚਾਹੁੰਦਾ ਕਿ ਇਨਸਾਨ ਸਿਰਫ਼ ਪਲ ਭਰ ਦੀ ਹੀ ਜ਼ਿੰਦਗੀ ਜੀਉਣ ਅਤੇ ਉਹ ਵੀ ਦੁੱਖਾਂ ਭਰੀ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਨਾਲ-ਨਾਲ ਹਮੇਸ਼ਾ ਚੱਲਦੇ ਰਹੀਏ! ਇਹ ਗੱਲ ਮੀਕਾਹ 4:5 ਵਿਚ ਬਹੁਤ ਹੀ ਸੋਹਣੇ ਤਰੀਕੇ ਨਾਲ ਦੱਸੀ ਗਈ ਹੈ: “ਸਾਰੀਆਂ ਉੱਮਤਾਂ ਆਪੋ ਆਪਣੇ ਦਿਓਤਿਆਂ ਦੇ ਨਾਉਂ ਲੈ ਕੇ ਚੱਲਦੀਆਂ ਹਨ, ਪਰ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਸਦੀਪ ਕਾਲ ਤੀਕੁਰ ਚੱਲਾਂਗੇ।” ਕੀ ਤੁਸੀਂ ਸਦਾ ਦੀ ਜ਼ਿੰਦਗੀ ਪਾਉਣੀ ਚਾਹੁੰਦੇ ਹੋ? ਯਹੋਵਾਹ ਦੀਆਂ ਨਜ਼ਰਾਂ ਵਿਚ ਇਹੋ “ਅਸਲ ਜੀਵਨ” ਹੈ। (1 ਤਿਮੋਥਿਉਸ 6:19) ਤਾਂ ਫਿਰ ਆਓ ਆਪਾਂ ਅੱਜ, ਭਲਕੇ ਅਤੇ ਸਦਾ ਤਕ ਯਹੋਵਾਹ ਦੇ ਨਾਲ-ਨਾਲ ਚੱਲਣ ਦਾ ਪੱਕਾ ਇਰਾਦਾ ਕਰੀਏ!
[ਫੁਟਨੋਟ]
a ਕੁਝ ਬਾਈਬਲ ਤਰਜਮਿਆਂ ਵਿਚ ਇਸ ਆਇਤ ਵਿਚ ‘ਅੱਧੇ ਗਜ਼’ ਦੀ ਥਾਂ ਸਮੇਂ ਦਾ ਮਾਪ ਵਰਤਿਆ ਗਿਆ ਹੈ, ਜਿਵੇਂ ਕਿ “ਇੱਕ ਪਲ” (ਪਵਿੱਤਰ ਬਾਈਬਲ) ਅਤੇ “ਇਕ ਦਿਨ” (ਪੰਜਾਬੀ ਬਾਈਬਲ ਨਵਾਂ ਅਨੁਵਾਦ)। ਲੇਕਿਨ ਮੁਢਲੀਆਂ ਲਿਖਤਾਂ ਵਿਚ ਜੋ ਸ਼ਬਦ ਵਰਤਿਆ ਗਿਆ ਸੀ ਉਸ ਦਾ ਸਹੀ ਮਤਲਬ ਅੱਧਾ ਗਜ਼ ਸੀ, ਜੋ ਲਗਭਗ 18 ਇੰਚ ਦੇ ਬਰਾਬਰ ਸੀ।
ਤੁਸੀਂ ਕਿਵੇਂ ਜਵਾਬ ਦੇਵੋਗੇ?
• ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦਾ ਕੀ ਮਤਲਬ ਹੈ?
• ਤੁਸੀਂ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦੀ ਜ਼ਰੂਰਤ ਕਿਉਂ ਮਹਿਸੂਸ ਕਰਦੇ ਹੋ?
• ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰੇਗੀ?
• ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਵਾਲਿਆਂ ਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?
[ਸਫ਼ੇ 23 ਉੱਤੇ ਤਸਵੀਰਾਂ]
ਜਦੋਂ ਅਸੀਂ ਬਾਈਬਲ ਪੜ੍ਹਦੇ ਹਾਂ, ਤਾਂ ਮਾਨੋ ਯਹੋਵਾਹ ਪਿੱਛੋਂ ਆਵਾਜ਼ ਦੇ ਕੇ ਸਾਨੂੰ ਕਹਿੰਦਾ ਹੈ “ਤੁਹਾਡਾ ਰਾਹ ਏਹੋ ਈ ਹੈ”
[ਸਫ਼ੇ 25 ਉੱਤੇ ਤਸਵੀਰ]
ਮੀਟਿੰਗਾਂ ਵਿਚ ਹਾਜ਼ਰ ਹੋ ਕੇ ਸਾਨੂੰ ਵੇਲੇ ਸਿਰ ਰੂਹਾਨੀ ਭੋਜਨ ਮਿਲਦਾ ਹੈ