ਯਹੋਵਾਹ ਦਾ ਬਚਨ ਜੀਉਂਦਾ ਹੈ
ਯੋਏਲ ਤੇ ਆਮੋਸ ਦੀਆਂ ਪੋਥੀਆਂ ਦੇ ਕੁਝ ਖ਼ਾਸ ਨੁਕਤੇ
ਯੋਏਲ ਦੀ ਪੋਥੀ ਦਾ ਲਿਖਾਰੀ ਆਪਣੇ ਆਪ ਬਾਰੇ ਸਿਰਫ਼ ਇਹੀ ਦੱਸਦਾ ਹੈ ਕਿ ਉਹ ‘ਪਥੂਏਲ ਦਾ ਪੁੱਤ੍ਰ ਯੋਏਲ’ ਹੈ। (ਯੋਏਲ 1:1) ਬਾਈਬਲ ਦੀ ਇਸ ਪੋਥੀ ਵਿਚ ਯੋਏਲ ਯਹੋਵਾਹ ਦੇ ਸੰਦੇਸ਼ ਤੋਂ ਇਲਾਵਾ ਘੱਟ ਹੀ ਕਿਸੇ ਹੋਰ ਗੱਲ ਦਾ ਜ਼ਿਕਰ ਕਰਦਾ ਹੈ। ਤਾਹੀਓਂ ਇਹ ਸਹੀ-ਸਹੀ ਦੱਸਣਾ ਮੁਸ਼ਕਲ ਹੈ ਕਿ ਇਹ ਪੋਥੀ ਕਦੋਂ ਲਿਖੀ ਗਈ ਸੀ। ਇਸ ਦਾ ਸਿਰਫ਼ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ। ਹੋ ਸਕਦਾ ਹੈ ਕਿ ਇਹ 820 ਈ.ਪੂ. ਵਿਚ ਉਜ਼ੀਯਾਹ ਦੇ ਰਾਜਾ ਬਣਨ ਤੋਂ ਨੌਂ ਸਾਲ ਬਾਅਦ ਲਿਖੀ ਗਈ ਹੋਵੇ। ਇਸ ਪੋਥੀ ਵਿਚ ਯੋਏਲ ਨੇ ਆਪਣੇ ਆਪ ਬਾਰੇ ਘੱਟ ਹੀ ਕਿਉਂ ਗੱਲ ਕੀਤੀ? ਇਕ ਤਾਂ ਗੱਲ ਇਹ ਹੋ ਸਕਦੀ ਹੈ ਕਿ ਉਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਬਜਾਇ ਆਪਣੇ ਸੰਦੇਸ਼ ਵੱਲ ਖਿੱਚਣਾ ਚਾਹੁੰਦਾ ਸੀ।
ਰਾਜਾ ਉਜ਼ੀਯਾਹ ਦੇ ਦਿਨਾਂ ਵਿਚ ਯਹੂਦਾਹ ਦੇ ਰਹਿਣ ਵਾਲੇ ਅਤੇ ‘ਅਯਾਲੀ ਅਤੇ ਗੁੱਲਰਾਂ ਦੇ ਛਾਂਗਣ ਵਾਲੇ’ ਆਮੋਸ ਨੂੰ ਵੀ ਨਬੀ ਵਜੋਂ ਚੁਣਿਆ ਗਿਆ ਸੀ। (ਆਮੋਸ 7:14) ਯਹੋਵਾਹ ਦਾ ਸੰਦੇਸ਼ ਸੁਣਾਉਣ ਲਈ ਯੋਏਲ ਨੂੰ ਯਹੂਦਾਹ ਵਿਚ ਤੇ ਆਮੋਸ ਨੂੰ ਇਸਰਾਏਲ ਦੇ ਦਸਾਂ ਗੋਤਾਂ ਦੇ ਰਾਜ ਵਿਚ ਭੇਜਿਆ ਗਿਆ ਸੀ। ਆਮੋਸ ਦੀ ਪੋਥੀ ਲਗਭਗ 804 ਈ.ਪੂ. ਵਿਚ ਉਦੋਂ ਲਿਖਣੀ ਖ਼ਤਮ ਹੋਈ ਸੀ ਜਦ ਆਮੋਸ ਵਾਪਸ ਯਹੂਦਾਹ ਵਿਚ ਆਇਆ ਸੀ। ਇਹ ਪੋਥੀ ਸੌਖੀ ਭਾਸ਼ਾ ਵਿਚ ਅਤੇ ਸੋਹਣੇ ਢੰਗ ਨਾਲ ਲਿਖੀ ਗਈ ਹੈ।
“ਹਾਇ ਉਸ ਦਿਨ ਨੂੰ!”
ਯੋਏਲ ਨੇ ਦਰਸ਼ਣ ਵਿਚ ਟੋਕੇ, ਸਲਾ ਅਤੇ ਟਿੱਡੀਆਂ ਨੂੰ ਹਮਲਾ ਕਰਦੇ ਹੋਏ ਦੇਖਿਆ। ਇਨ੍ਹਾਂ ਹੱਲਾ ਬੋਲਣ ਵਾਲਿਆਂ ਨੂੰ “ਇੱਕ ਉੱਮਤ ਬਹੁਤੀ ਅਤੇ ਤਕੜੀ” ਕਿਹਾ ਗਿਆ ਸੀ। ਇਹ ਵੀ ਕਿਹਾ ਗਿਆ ਸੀ ਕਿ ਉਹ “ਸੂਰਮਿਆਂ ਵਾਂਙੁ” ਸਨ। (ਯੋਏਲ 1:4; 2:2-7) ਯੋਏਲ ਨੇ ਕੁਰਲਾਉਂਦੇ ਹੋਏ ਕਿਹਾ: “ਹਾਇ ਉਸ ਦਿਨ ਨੂੰ!” ਹਾਏ ਉਸ ਦੇ ਮੂੰਹੋਂ ਇਸ ਲਈ ਨਿਕਲੀ ਸੀ ਕਿਉਂਕਿ ਉਹ ਜਾਣਦਾ ਸੀ ਕਿ “ਯਹੋਵਾਹ ਦਾ ਦਿਨ ਤਾਂ ਨੇੜੇ ਹੈ, ਉਹ ਸਰਬ ਸ਼ਕਤੀਮਾਨ ਵੱਲੋਂ ਬਰਬਾਦੀ ਵਾਂਙੁ ਆ ਰਿਹਾ ਹੈ!” (ਯੋਏਲ 1:15) ਯਹੋਵਾਹ ਨੇ ਇਸਰਾਏਲੀਆਂ ਨੂੰ ਕਿਹਾ ਕਿ ਤੁਸੀਂ “ਆਪਣੇ ਸਾਰੇ ਦਿਲ ਨਾਲ ਮੇਰੀ ਵੱਲ ਮੁੜੋ।” ਜੇ ਉਹ ਇੱਦਾਂ ਕਰਦੇ, ਤਾਂ ਯਹੋਵਾਹ ਨੇ ‘ਆਪਣੀ ਪਰਜਾ ਉੱਤੇ ਤਰਸ ਖਾਣਾ’ ਸੀ ਅਤੇ ਉਨ੍ਹਾਂ ਨੂੰ ਟਿੱਡੀਆਂ ਤੋਂ ਬਚਾ ਲੈਣਾ ਸੀ। ਯਹੋਵਾਹ ਨੇ ਕਿਹਾ ਕਿ ਆਪਣਾ ਦਿਨ ਲਿਆਉਣ ਤੋਂ ਪਹਿਲਾਂ ਉਹ ਆਪਣੀ ‘ਆਤਮਾ ਸਾਰੇ ਸਰੀਰਾਂ ਉੱਤੇ ਵਹਾਵੇਗਾ’ ਅਤੇ ‘ਅਕਾਸ਼ ਅਤੇ ਧਰਤੀ ਵਿੱਚ ਅਚੰਭੇ ਵਿਖਾਵੇਗਾ।’—ਯੋਏਲ 2:12, 18-20, 28-31.
ਯਹੋਵਾਹ ਨੇ ਕੌਮਾਂ ਨੂੰ ਲਲਕਾਰਿਆ: “ਤੁਸੀਂ ਆਪਣਿਆਂ ਫਾਲਿਆਂ ਨੂੰ ਕੁੱਟ ਕੇ ਤਲਵਾਰਾਂ, ਅਤੇ ਆਪਣਿਆਂ ਦਾਤਾਂ ਨੂੰ ਬਰਛੀਆਂ ਬਣਾਓ” ਅਤੇ ਲੜਾਈ ਲਈ ਤਿਆਰ ਹੋ ਜਾਓ। ਕੌਮਾਂ ਨੂੰ “ਯਹੋਸ਼ਾਫਾਟ ਦੀ ਖੱਡ ਵਿੱਚ” ਆਉਣ ਦਾ ਹੁਕਮ ਦਿੱਤਾ ਗਿਆ। ਇੱਥੇ ਉਨ੍ਹਾਂ ਦਾ ਨਿਆਂ ਕੀਤਾ ਜਾਣਾ ਸੀ ਅਤੇ ਉਨ੍ਹਾਂ ਨੂੰ ਕੁਚਲਿਆ ਜਾਣਾ ਸੀ। ਪਰ ਯਹੂਦਾਹ ਬਾਰੇ ਕਿਹਾ ਗਿਆ ਸੀ ਕਿ ਉਹ “ਸਦਾ ਲਈ ਵੱਸਿਆ ਰਹੇਗਾ।”—ਯੋਏਲ 3:10, 12, 20.
ਕੁਝ ਸਵਾਲਾਂ ਦੇ ਜਵਾਬ:
1:15; 2:1, 11, 31; 3:14—“ਯਹੋਵਾਹ ਦਾ ਦਿਨ” ਕੀ ਹੈ? ਬਾਈਬਲ ਵਿਚ ਜਦ ਯਹੋਵਾਹ ਦੇ ਦਿਨ ਦਾ ਜ਼ਿਕਰ ਆਉਂਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਯਹੋਵਾਹ ਆਪਣੇ ਦੁਸ਼ਮਣਾਂ ਦਾ ਨਿਆਂ ਕਰ ਕੇ ਉਨ੍ਹਾਂ ਨੂੰ ਨਾਸ਼ ਕਰਦਾ ਹੈ, ਪਰ ਆਪਣੇ ਵਫ਼ਾਦਾਰ ਲੋਕਾਂ ਨੂੰ ਬਚਾਉਂਦਾ ਹੈ। ਮਿਸਾਲ ਲਈ, ਯਹੋਵਾਹ ਦਾ ਇਕ ਦਿਨ 539 ਈ.ਪੂ. ਵਿਚ ਆਇਆ ਸੀ ਜਦ ਉਸ ਨੇ ਮਾਦੀ-ਫ਼ਾਰਸੀਆਂ ਰਾਹੀਂ ਬਾਬਲ ਨੂੰ ਤਬਾਹ ਕੀਤਾ ਸੀ। (ਯਸਾਯਾਹ 13:1, 6) “ਯਹੋਵਾਹ ਦਾ ਦਿਨ” ਹੁਣ ਫਿਰ ਆਉਣ ਵਾਲਾ ਹੈ। ਇਸ ਦਿਨ ਯਹੋਵਾਹ ‘ਵੱਡੀ ਬਾਬੁਲ’ ਦਾ ਨਿਆਂ ਕਰੇਗਾ। ‘ਵੱਡੀ ਬਾਬੁਲ’ ਉਨ੍ਹਾਂ ਸਾਰੇ ਧਰਮਾਂ ਨੂੰ ਦਰਸਾਉਂਦੀ ਹੈ ਜੋ ਪਰਮੇਸ਼ੁਰ ਦੇ ਰਾਹਾਂ ਤੇ ਨਹੀਂ ਚੱਲਦੇ।—ਪਰਕਾਸ਼ ਦੀ ਪੋਥੀ 18:1-4, 21.
2:1-10, 28—ਟਿੱਡੀਆਂ ਦੇ ਹਮਲੇ ਵਾਲੀ ਭਵਿੱਖਬਾਣੀ ਕਿਵੇਂ ਪੂਰੀ ਹੋਈ ਸੀ? ਬਾਈਬਲ ਦੀ ਹੋਰ ਕਿਸੇ ਪੋਥੀ ਵਿਚ ਯਹੂਦਾਹ ਦੇ ਦੇਸ਼ ਵਿਚ ਐਡੇ ਵੱਡੇ ਪੈਮਾਨੇ ਤੇ ਟਿੱਡੀਆਂ ਦੇ ਹਮਲੇ ਬਾਰੇ ਗੱਲ ਨਹੀਂ ਕੀਤੀ ਗਈ। ਇਸ ਤਰ੍ਹਾਂ ਲੱਗਦਾ ਹੈ ਕਿ ਯੋਏਲ ਇੱਥੇ 33 ਈ. ਵਿਚ ਹੋਣ ਵਾਲੀ ਗੱਲ ਵੱਲ ਇਸ਼ਾਰਾ ਕਰ ਰਿਹਾ ਸੀ, ਜਦ ਯਹੋਵਾਹ ਨੇ ਧਰਤੀ ਉੱਤੇ ਯਿਸੂ ਦੇ ਚੇਲਿਆਂ ਉੱਤੇ ਆਪਣੀ ਪਵਿੱਤਰ ਆਤਮਾ ਵਹਾਉਣੀ ਸੀ। ਇਸ ਪਿੱਛੋਂ ਉਨ੍ਹਾਂ ਨੇ ਪ੍ਰਚਾਰ ਦਾ ਕੰਮ ਸ਼ੁਰੂ ਕਰਨਾ ਅਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਧਰਮ ਗੁਰੂਆਂ ਦਾ ਪਰਦਾ ਫ਼ਾਸ਼ ਕਰਨਾ ਸੀ। (ਰਸੂਲਾਂ ਦੇ ਕਰਤੱਬ 2:1, 14-21; 5:27-33) ਇਸੇ ਤਰ੍ਹਾਂ ਅੱਜ ਸਾਨੂੰ ਵੀ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਦਾ ਸਨਮਾਨ ਦਿੱਤਾ ਗਿਆ ਹੈ।
2:32—‘ਯਹੋਵਾਹ ਦਾ ਨਾਮ ਲੈ ਕੇ ਪੁਕਾਰਨ’ ਦਾ ਕੀ ਮਤਲਬ ਹੈ? ਯਹੋਵਾਹ ਦੇ ਨਾਮ ਨੂੰ ਪੁਕਾਰਨ ਦਾ ਮਤਲਬ ਹੈ ਉਸ ਦੇ ਨਾਮ ਨੂੰ ਜਾਣਨਾ, ਉਸ ਲਈ ਗਹਿਰੀ ਸ਼ਰਧਾ ਰੱਖਣੀ ਅਤੇ ਉਸ ਉੱਤੇ ਪੂਰਾ ਭਰੋਸਾ ਰੱਖਣਾ।—ਰੋਮੀਆਂ 10:13, 14.
3:14—“ਨਬੇੜੇ ਦੀ ਖੱਡ” ਕੀ ਹੈ? ਇਹ ਕੋਈ ਅਸਲੀ ਜਗ੍ਹਾ ਨਹੀਂ, ਸਗੋਂ ਯਹੋਵਾਹ ਦੇ ਨਿਆਂ ਨੂੰ ਦਰਸਾਉਂਦੀ ਹੈ। ਰਾਜੇ ਯਹੋਸ਼ਾਫ਼ਾਟ ਦੇ ਦਿਨਾਂ ਵਿਚ ਯਹੋਵਾਹ ਨੇ ਯਹੂਦਾਹ ਦੇ ਲੋਕਾਂ ਨੂੰ ਆਲੇ-ਦੁਆਲੇ ਦੀਆਂ ਕੌਮਾਂ ਦੀਆਂ ਫ਼ੌਜਾਂ ਤੋਂ ਬਚਾਇਆ ਸੀ। ਇਸੇ ਲਈ ਜਿੱਥੇ ਪਰਮੇਸ਼ੁਰ ਨਿਆਂ ਕਰਦਾ ਹੈ ਉਸ ਜਗ੍ਹਾ ਨੂੰ “ਯਹੋਸ਼ਾਫਾਟ ਦੀ ਖੱਡ” ਵੀ ਕਿਹਾ ਜਾਂਦਾ ਹੈ। (ਯੋਏਲ 3:2, 12) ਨਾਲੇ ਯਹੋਸ਼ਾਫ਼ਾਟ ਦੇ ਨਾਮ ਦਾ ਅਰਥ ਵੀ ਇਹੀ ਹੈ ਕਿ “ਯਹੋਵਾਹ ਨਿਆਈ ਹੈ।” ਸਾਡੇ ਦਿਨਾਂ ਵਿਚ “ਨਬੇੜੇ ਦੀ ਖੱਡ” ਇਸ ਗੱਲ ਨੂੰ ਦਰਸਾਉਂਦੀ ਹੈ ਕਿ ਕੌਮਾਂ ਨੂੰ ਅੰਗੂਰਾਂ ਵਾਂਗ ਕੁਚਲਿਆ ਜਾਵੇਗਾ।—ਪਰਕਾਸ਼ ਦੀ ਪੋਥੀ 19:15.
ਸਾਡੇ ਲਈ ਸਬਕ:
1:13, 14. ਮੁਕਤੀ ਪਾਉਣ ਲਈ ਸਾਨੂੰ ਦਿਲੋਂ ਤੋਬਾ ਕਰਨ ਦੀ ਅਤੇ ਇਹ ਮੰਨਣ ਦੀ ਲੋੜ ਹੈ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ।
2:12, 13. ਯਹੋਵਾਹ ਨੇ ਕਿਹਾ ਸੀ: “ਆਪਣੇ ਦਿਲਾਂ ਨੂੰ ਪਾੜੋ, ਨਾ ਕਿ ਆਪਣੇ ਕੱਪੜੇ।” ਇਸ ਦਾ ਮਤਲਬ ਹੈ ਕਿ ਸਾਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਪਛਤਾਵਾ ਕਰਨਾ ਚਾਹੀਦਾ ਹੈ।
2:28-32. “ਜੋ ਕੋਈ ਯਹੋਵਾਹ ਦਾ ਨਾਮ ਲੈ ਕੇ ਪੁਕਾਰੇਗਾ” ਉਹੀ “ਯਹੋਵਾਹ ਦੇ ਵੱਡੇ ਤੇ ਹੌਲਨਾਕ ਦਿਨ” ਤੋਂ ਬਚਾਇਆ ਜਾਵੇਗਾ। ਅਸੀਂ ਧੰਨਵਾਦੀ ਹਾਂ ਕਿ ਯਹੋਵਾਹ ਆਪਣੀ ਪਵਿੱਤਰ ਆਤਮਾ ਆਦਮੀਆਂ-ਔਰਤਾਂ ਤੇ ਛੋਟੇ-ਵੱਡੇ ਸਭ ਇਨਸਾਨਾਂ ਨੂੰ ਦਿੰਦਾ ਹੈ। ਇਸ ਦੀ ਮਦਦ ਸਦਕਾ ਹਰ ਕੋਈ “ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ” ਦਾ ਪ੍ਰਚਾਰ ਕਰ ਸਕਦਾ ਹੈ। (ਰਸੂਲਾਂ ਦੇ ਕਰਤੱਬ 2:11) ਜਿਉਂ-ਜਿਉਂ ਯਹੋਵਾਹ ਦਾ ਦਿਨ ਨੇੜੇ ਆਉਂਦਾ ਜਾਂਦਾ ਹੈ, ਤਿਉਂ-ਤਿਉਂ ਸਾਡਾ ਚਾਲ-ਚਲਣ ਪਵਿੱਤਰ ਹੋਣਾ ਚਾਹੀਦਾ ਹੈ ਅਤੇ ਸਾਨੂੰ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣਾ ਚਾਹੀਦਾ ਹੈ।—2 ਪਤਰਸ 3:10-12.
3:4-8, 19. ਯੋਏਲ ਨੇ ਭਵਿੱਖਬਾਣੀ ਕੀਤੀ ਸੀ ਕਿ ਯਹੂਦਾਹ ਦੇ ਇਰਦ-ਗਿਰਦ ਦੀਆਂ ਕੌਮਾਂ ਨੂੰ ਆਪਣੀ ਕਰਨੀ ਦਾ ਫਲ ਭੁਗਤਣਾ ਪਵੇਗਾ ਕਿਉਂ ਜੋ ਉਨ੍ਹਾਂ ਨੇ ਪਰਮੇਸ਼ੁਰ ਦੇ ਲੋਕਾਂ ਨਾਲ ਬਦਸਲੂਕੀ ਕੀਤੀ ਸੀ। ਇਹ ਭਵਿੱਖਬਾਣੀ ਸੋਲਾਂ ਆਨੇ ਸੱਚ ਸਾਬਤ ਹੋਈ। ਬਾਬਲ ਦੇ ਰਾਜੇ ਨਬੂਕਦਨੱਸਰ ਨੇ ਸੂਰ ਦੇ ਮੁੱਖ ਸ਼ਹਿਰ ਨੂੰ ਤਬਾਹ ਕਰ ਦਿੱਤਾ। ਬਾਅਦ ਵਿਚ ਸਿਕੰਦਰ ਮਹਾਨ ਨੇ ਟਾਪੂ ਤੇ ਬਣੇ ਸੂਰ ਸ਼ਹਿਰ ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਉਸ ਨੇ ਸੂਰ ਦੇ ਹਜ਼ਾਰਾਂ ਫ਼ੌਜੀਆਂ ਤੇ ਮੰਨੇ-ਪ੍ਰਮੰਨੇ ਬੰਦਿਆਂ ਨੂੰ ਮਾਰ ਮੁਕਾਇਆ ਅਤੇ 30,000 ਲੋਕਾਂ ਨੂੰ ਗ਼ੁਲਾਮੀ ਵਿਚ ਵੇਚ ਦਿੱਤਾ। ਇੱਦਾਂ ਦਾ ਹੀ ਕੁਝ ਹਸ਼ਰ ਸਿਕੰਦਰ ਮਹਾਨ ਅਤੇ ਉਸ ਤੋਂ ਬਾਅਦ ਆਉਣ ਵਾਲੇ ਰਾਜਿਆਂ ਨੇ ਫਿਲਿਸਤੀਆਂ ਦਾ ਕੀਤਾ। ਚੌਥੀ ਸਦੀ ਈ.ਪੂ. ਤਕ ਅਦੋਮ ਵੀ ਤਬਾਹ ਹੋ ਚੁੱਕਾ ਸੀ। (ਮਲਾਕੀ 1:3) ਇਨ੍ਹਾਂ ਭਵਿੱਖਬਾਣੀਆਂ ਦੀ ਪੂਰਤੀ ਤੋਂ ਸਾਡਾ ਭਰੋਸਾ ਯਹੋਵਾਹ ਪਰਮੇਸ਼ੁਰ ਦੇ ਵਾਅਦਿਆਂ ਉੱਤੇ ਹੋਰ ਵੀ ਪੱਕਾ ਹੋ ਜਾਂਦਾ ਹੈ। ਨਾਲੇ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਯਹੋਵਾਹ ਉਨ੍ਹਾਂ ਸਾਰੀਆਂ ਕੌਮਾਂ ਦਾ ਕੀ ਹਾਲ ਕਰੇਗਾ ਜੋ ਉਸ ਦੇ ਸੇਵਕਾਂ ਤੇ ਅਤਿਆਚਾਰ ਕਰਦੀਆਂ ਹਨ।
3:16-21. “ਅਕਾਸ਼ ਅਰ ਧਰਤੀ ਕੰਬਣਗੇ” ਅਤੇ ਕੌਮਾਂ ਨੂੰ ਪਰਮੇਸ਼ੁਰ ਦੇ ਨਿਆਂ ਦਾ ਸਾਮ੍ਹਣਾ ਕਰਨਾ ਪਵੇਗਾ। “ਪਰ ਯਹੋਵਾਹ ਆਪਣੀ ਪਰਜਾ ਲਈ ਓਟ” ਸਾਬਤ ਹੋਵੇਗਾ। ਉਹ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ। ਜਿਉਂ-ਜਿਉਂ ਯਹੋਵਾਹ ਦੇ ਨਿਆਂ ਦਾ ਦਿਨ ਨੇੜੇ ਆਉਂਦਾ ਜਾਂਦਾ ਹੈ, ਤਿਉਂ-ਤਿਉਂ ਸਾਨੂੰ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਕਰਨ ਚਾਹੀਦਾ ਹੈ।
“ਆਪਣੇ ਪਰਮੇਸ਼ੁਰ ਦੇ ਮਿਲਣ ਦੀ ਤਿਆਰੀ ਕਰ!”
ਆਮੋਸ ਨੇ ਇਸਰਾਏਲ ਦੇ ਆਲੇ-ਦੁਆਲੇ ਦੀਆਂ ਕੌਮਾਂ, ਯਹੂਦਾਹ ਅਤੇ ਇਸਰਾਏਲ ਨੂੰ ਯਹੋਵਾਹ ਦਾ ਸੰਦੇਸ਼ ਸੁਣਾਇਆ। ਸੀਰੀਆ, ਫਲਿਸਤ, ਸੂਰ, ਅਦੋਮ ਅਤੇ ਮੋਆਬ ਨੇ ਪਰਮੇਸ਼ੁਰ ਦੇ ਲੋਕਾਂ ਨਾਲ ਬੁਰਾ ਸਲੂਕ ਕੀਤਾ ਸੀ, ਇਸ ਲਈ ਹੁਣ ਉਨ੍ਹਾਂ ਨੂੰ ਪਰਮੇਸ਼ੁਰ ਦਾ ਕਹਿਰ ਦੇਖਣਾ ਪੈਣਾ ਸੀ। ਦੂਜੇ ਪਾਸੇ, ਯਹੂਦਾਹ ਦੇ ਵਾਸੀਆਂ ਤੇ ਵੀ ਪਰਮੇਸ਼ੁਰ ਨੇ ਵਰ੍ਹਨਾ ਸੀ ਕਿਉਂਕਿ “ਓਹਨਾਂ ਨੇ ਯਹੋਵਾਹ ਦੀ ਬਿਵਸਥਾ ਨੂੰ ਰੱਦ ਕੀਤਾ” ਸੀ। (ਆਮੋਸ 2:4) ਇਸਰਾਏਲ ਦੇ ਦਸ ਗੋਤੀ ਰਾਜ ਬਾਰੇ ਕੀ ਭਵਿੱਖਬਾਣੀ ਕੀਤੀ ਗਈ ਸੀ? ਇਨ੍ਹਾਂ ਨੇ ਵੀ ਘਿਣਾਉਣੇ ਪਾਪ ਕੀਤੇ ਸਨ। ਇਨ੍ਹਾਂ ਨੇ ਗ਼ਰੀਬਾਂ ਤੇ ਜ਼ੁਲਮ ਢਾਹੇ, ਬਦਚਲਣੀ ਕੀਤੀ ਅਤੇ ਪਰਮੇਸ਼ੁਰ ਦੇ ਨਬੀਆਂ ਦੀ ਬੇਕਦਰੀ ਕੀਤੀ। ਆਮੋਸ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਯਹੋਵਾਹ ‘ਬੈਤਏਲ ਦੀਆਂ ਜਗਵੇਦੀਆਂ ਦੀ ਖ਼ਬਰ ਲਵੇਗਾ’ ਅਤੇ ਉਹ ਉਨ੍ਹਾਂ ਦੇ ਸਰਦੀਆਂ ਅਤੇ ਗਰਮੀਆਂ ਦੇ ਮਹਿਲਾਂ ਨੂੰ ਨਾਸ਼ ਕਰੇਗਾ।—ਆਮੋਸ 3:14, 15.
ਭਾਵੇਂ ਇਸਰਾਏਲੀਆਂ ਨੂੰ ਪਹਿਲਾਂ ਵੀ ਯਹੋਵਾਹ ਕੋਲੋਂ ਕਈ ਵਾਰ ਸਜ਼ਾ ਮਿਲ ਚੁੱਕੀ ਸੀ, ਪਰ ਫਿਰ ਵੀ ਇਨ੍ਹਾਂ ਜ਼ਿੱਦੀ ਲੋਕਾਂ ਨੇ ਯਹੋਵਾਹ ਦੀ ਚੇਤਾਵਨੀ ਵੱਲ ਕੋਈ ਧਿਆਨ ਨਾ ਦਿੱਤਾ। ਆਮੋਸ ਨੇ ਉਨ੍ਹਾਂ ਨੂੰ ਕਿਹਾ: ‘ਆਪਣੇ ਪਰਮੇਸ਼ੁਰ ਦੇ ਮਿਲਣ ਦੀ ਤਿਆਰੀ ਕਰੋ!’ (ਆਮੋਸ 4:12) ਯਹੋਵਾਹ ਦੇ ਦਿਨ ਦਾ ਇਸਰਾਏਲੀਆਂ ਲਈ ਕੀ ਮਤਲਬ ਸੀ? ਇਹ ਕਿ ਉਨ੍ਹਾਂ ਨੂੰ “ਦੰਮਿਸਕ ਤੋਂ ਪਰੇ ਅਸੀਰੀ ਵਿੱਚ” ਯਾਨੀ ਅੱਸ਼ੂਰ ਵਿਚ ਗ਼ੁਲਾਮਾਂ ਵਜੋਂ ਲਿਜਾਇਆ ਜਾਵੇਗਾ। (ਆਮੋਸ 5:27) ਬੈਤਏਲ ਦੇ ਜਾਜਕ ਆਮੋਸ ਨਾਲ ਬੇਰਹਿਮੀ ਨਾਲ ਪੇਸ਼ ਆਏ। ਪਰ ਇਸ ਦੇ ਬਾਵਜੂਦ ਵੀ ਉਹ ਯਹੋਵਾਹ ਦਾ ਸੰਦੇਸ਼ ਸੁਣਾਉਣ ਤੋਂ ਪਿੱਛੇ ਨਾ ਹਟਿਆ। ਯਹੋਵਾਹ ਨੇ ਆਮੋਸ ਨੂੰ ਕਿਹਾ: “ਮੇਰੀ ਪਰਜਾ ਇਸਰਾਏਲ ਦਾ ਅੰਤ ਆ ਪੁੱਜਿਆ ਹੈ!” ਯਹੋਵਾਹ ਨੇ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਉਨ੍ਹਾਂ ਨੂੰ ਦੇਣੀ ਸੀ। (ਆਮੋਸ 8:2) ਨਾ ਪਤਾਲ ਤੇ ਨਾ ਹੀ ਆਕਾਸ਼ ਨੇ ਉਨ੍ਹਾਂ ਨੂੰ ਉਸ ਦੇ ਕ੍ਰੋਧ ਤੋਂ ਬਚਾ ਪਾਉਣਾ ਸੀ। (ਆਮੋਸ 9:2, 3) ਪਰ ਯਹੋਵਾਹ ਨੇ ਉਨ੍ਹਾਂ ਨੂੰ ਉਮੀਦ ਦੀ ਕਿਰਨ ਵੀ ਦਿੱਤੀ ਸੀ। ਉਸ ਨੇ ਕਿਹਾ: “ਮੈਂ ਆਪਣੀ ਪਰਜਾ ਇਸਰਾਏਲ ਦੀ ਅਸੀਰੀ ਨੂੰ ਮੁਕਾ ਦਿਆਂਗਾ, ਓਹ ਵਿਰਾਨ ਸ਼ਹਿਰਾਂ ਨੂੰ ਉਸਾਰਨਗੇ ਅਤੇ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ, ਅਤੇ ਉਨ੍ਹਾਂ ਦੀ ਮੈ ਪੀਣਗੇ, ਓਹ ਬਾਗ ਲਾਉਣਗੇ ਅਤੇ ਓਹਨਾਂ ਦਾ ਫਲ ਖਾਣਗੇ।”—ਆਮੋਸ 9:14.
ਕੁਝ ਸਵਾਲਾਂ ਦੇ ਜਵਾਬ:
4:1—‘ਬਾਸ਼ਾਨ ਦੀਆਂ ਗਾਵਾਂ’ ਕਿਨ੍ਹਾਂ ਨੂੰ ਦਰਸਾਉਂਦੀਆਂ ਸਨ? ਗਲੀਲ ਦੀ ਝੀਲ ਦੇ ਪੂਰਬ ਵਿਚ ਪੈਂਦੀਆਂ ਬਾਸ਼ਾਨ ਦੀਆਂ ਉੱਚੀਆਂ ਥਾਵਾਂ ਮੋਟੀਆਂ-ਤਾਜ਼ੀਆਂ ਗਾਵਾਂ ਤੇ ਹੋਰਾਂ ਜਾਨਵਰਾਂ ਲਈ ਮਸ਼ਹੂਰ ਸਨ। ਇਸ ਦਾ ਕਾਰਨ ਸੀ ਉੱਥੇ ਦੀ ਹਰਿਆਵਲ। ਆਮੋਸ ਨੇ ਐਸ਼ੋ-ਆਰਾਮ ਵਿਚ ਜੀ ਰਹੀਆਂ ਸਾਮਰੀ ਔਰਤਾਂ ਦੀ ਤੁਲਨਾ ਬਾਸ਼ਾਨ ਦੀਆਂ ਗਾਵਾਂ ਨਾਲ ਕੀਤੀ ਸੀ। ਇਨ੍ਹਾਂ ਔਰਤਾਂ ਨੇ ਆਪਣੇ “ਸੁਆਮੀਆਂ” ਮਤਲਬ ਕਿ ਆਪਣੇ ਘਰ ਵਾਲਿਆਂ ਤੇ ਜ਼ੋਰ ਪਾਇਆ ਕਿ ਉਹ ਆਪਣੇ ਘਰ ਭਰਨ ਲਈ ਗ਼ਰੀਬਾਂ ਦੇ ਢਿੱਡ ਉੱਤੇ ਲੱਤ ਮਾਰਨ।
4:6—“ਦੰਦਾਂ ਦੀ ਸਫ਼ਾਈ” ਤੋਂ ਕੀ ਭਾਵ ਸੀ? ਇਨ੍ਹਾਂ ਸ਼ਬਦਾਂ ਅਤੇ ‘ਰੋਟੀ ਦੀ ਥੁੜ’ ਦਾ ਇੱਕੋ ਹੀ ਮਤਲਬ ਹੈ। ਹੋ ਸਕਦਾ ਹੈ ਕਿ ਇਹ ਉਸ ਸਮੇਂ ਦੀ ਗੱਲ ਸੀ ਜਦ ਇਸਰਾਏਲ ਵਿਚ ਕਾਲ ਪਿਆ ਸੀ ਅਤੇ ਉਦੋਂ ਖਾਣੇ ਦੀ ਘਾਟ ਹੋਣ ਕਾਰਨ ਲੋਕਾਂ ਦੇ ਦੰਦ ਸਾਫ਼ ਸਨ।
5:5—ਇਸਰਾਏਲੀਆਂ ਨੂੰ ਇਹ ਕਿਉਂ ਕਿਹਾ ਗਿਆ ਸੀ ਕਿ “ਬੈਤਏਲ ਨੂੰ ਨਾ ਭਾਲੋ”? ਕਿਉਂਕਿ ਯਾਰਾਬੁਆਮ ਨੇ ਬੈਤਏਲ ਵਿਚ ਵੱਛੇ ਦੀ ਪੂਜਾ ਕਰਨੀ ਸ਼ੁਰੂ ਕੀਤੀ ਸੀ ਤੇ ਉਦੋਂ ਤੋਂ ਇਸ ਸ਼ਹਿਰ ਵਿਚ ਯਹੋਵਾਹ ਦੀ ਨਹੀਂ, ਸਗੋਂ ਮੂਰਤੀਆਂ ਦੀ ਪੂਜਾ ਕੀਤੀ ਜਾਣ ਲੱਗੀ। ਇਹੀ ਹਾਲਾਤ ਗਿਲਗਾਲ ਅਤੇ ਬਏਰ-ਸ਼ਬਾ ਵਿਚ ਸੀ। ਯਹੋਵਾਹ ਦੇ ਕ੍ਰੋਧ ਤੋਂ ਬਚਣ ਲਈ ਇਸਰਾਏਲੀਆਂ ਨੂੰ ਇਨ੍ਹਾਂ ਥਾਵਾਂ ਤੇ ਜਾਣਾ ਬੰਦ ਕਰਨਾ ਪੈਣਾ ਸੀ ਅਤੇ ਯਹੋਵਾਹ ਨੂੰ ਭਾਲਣਾ ਪੈਣਾ ਸੀ।
7:1—“ਹਾੜੀ ਸ਼ਾਹੀ ਕਟਾਈ” ਦਾ ਕੀ ਮਤਲਬ ਹੈ? ਇਹ ਸ਼ਾਇਦ ਉਹ ਟੈਕਸ ਸੀ ਜੋ ਰਾਜੇ ਨੇ ਆਪਣੇ ਘੋੜਿਆਂ ਅਤੇ ਜਾਨਵਰਾਂ ਦੀ ਦੇਖ-ਭਾਲ ਦੇ ਸੰਬੰਧ ਵਿਚ ਲਾਇਆ ਸੀ। ਇਹ ਟੈਕਸ “ਹਾੜੀ ਦੇ ਉੱਗਣ ਦੇ ਅਰੰਭ ਵਿਚ” ਦੇਣਾ ਪੈਂਦਾ ਸੀ। ਇਹ ਦੇਣ ਤੋਂ ਬਾਅਦ ਲੋਕ ਆਪਣੀ ਫ਼ਸਲ ਦੀ ਵਾਢੀ ਕਰ ਸਕਦੇ ਸਨ। ਪਰ ਵਾਢੀ ਤੋਂ ਪਹਿਲਾਂ ਹੀ ਟਿੱਡੀ ਦਲ ਨੇ ਉਨ੍ਹਾਂ ਦੀ ਸਾਰੀ ਦੀ ਸਾਰੀ ਫ਼ਸਲ ਤਬਾਹ ਕਰ ਦਿੱਤੀ।
8:1, 2—“ਗਰਮੀ ਦੇ ਫਲਾਂ ਦੀ ਟੋਕਰੀ” ਦਾ ਕੀ ਮਤਲਬ ਸੀ? ਇਹ ਕਿ ਯਹੋਵਾਹ ਦਾ ਦਿਨ ਨੇੜੇ ਸੀ। ਗਰਮੀਆਂ ਦੇ ਫਲ ਵਾਢੀ ਦੇ ਮੌਸਮ ਦੇ ਅੰਤ ਵਿਚ ਤੋੜੇ ਜਾਂਦੇ ਸਨ। ਜਦ ਯਹੋਵਾਹ ਨੇ ਆਮੋਸ ਨੂੰ “ਗਰਮੀ ਦੇ ਫਲਾਂ ਦੀ ਟੋਕਰੀ” ਦਿਖਾਈ ਸੀ, ਤਾਂ ਇਸ ਦਾ ਮਤਲਬ ਸੀ ਕਿ ਇਸਰਾਏਲ ਦਾ ਅੰਤ ਨੇੜੇ ਸੀ। ਇਸ ਲਈ ਯਹੋਵਾਹ ਨੇ ਆਮੋਸ ਨੂੰ ਕਿਹਾ: “ਮੇਰੀ ਪਰਜਾ ਇਸਰਾਏਲ ਦਾ ਅੰਤ ਆ ਪੁੱਜਿਆ ਹੈ!” ਯਹੋਵਾਹ ਨੇ ਉਨ੍ਹਾਂ ਨੂੰ ਸਜ਼ਾ ਦੇ ਕੇ ਹੀ ਰਹਿਣਾ ਸੀ।
ਸਾਡੇ ਲਈ ਸਬਕ:
1:3, 6, 9, 11, 13; 2:1, 4, 6. ਯਹੋਵਾਹ ਨੇ ਇਸਰਾਏਲ, ਯਹੂਦਾਹ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੀਆਂ ਛੇ ਕੌਮਾਂ ਨੂੰ ਕਿਹਾ: “ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ।” ਯਹੋਵਾਹ ਦੀ ਸਜ਼ਾ ਤੋਂ ਕੋਈ ਨਹੀਂ ਬਚ ਸਕਦਾ।—ਆਮੋਸ 9:2-5.
2:12. ਸਾਨੂੰ ਕਦੇ ਵੀ ਮਿਹਨਤ ਕਰਨ ਵਾਲੇ ਪਾਇਨੀਅਰਾਂ, ਸਫ਼ਰੀ ਨਿਗਾਹਬਾਨਾਂ, ਮਿਸ਼ਨਰੀਆਂ ਜਾਂ ਬੈਥਲ ਵਿਚ ਸੇਵਾ ਕਰਨ ਵਾਲੇ ਭੈਣਾਂ-ਭਰਾਵਾਂ ਉੱਤੇ ਜ਼ੋਰ ਨਹੀਂ ਪਾਉਣਾ ਚਾਹੀਦਾ ਕਿ ਉਹ ਇਹ ਖ਼ਾਸ ਸੇਵਾ ਛੱਡ ਕੇ ਘਰ-ਗ੍ਰਹਿਸਥੀ ਦੇ ਕੰਮਾਂ ਵਿਚ ਪੈ ਜਾਣ। ਇਸ ਦੀ ਬਜਾਇ ਸਾਨੂੰ ਇਨ੍ਹਾਂ ਨੂੰ ਇਸ ਸੇਵਾ ਵਿਚ ਲੱਗੇ ਰਹਿਣ ਲਈ ਹੱਲਾਸ਼ੇਰੀ ਦੇਣੀ ਚਾਹੀਦੀ ਹੈ।
3:8. ਜਿੱਦਾਂ ਸ਼ੇਰ ਦੀ ਗਰਜ ਸੁਣ ਕੇ ਕੋਈ ਡਰ ਜਾਂਦਾ ਹੈ ਉੱਦਾਂ ਜਦੋਂ ਆਮੋਸ ਨੇ ਯਹੋਵਾਹ ਦਾ ਹੁਕਮ ਸੁਣਿਆ, ਤਾਂ ਉਹ ਉਸ ਦਾ ਪ੍ਰਚਾਰ ਕਰਨ ਤੋਂ ਨਹੀਂ ਰੁਕ ਸਕਿਆ। (ਆਮੋਸ 7:15) ਪਰਮੇਸ਼ੁਰ ਲਈ ਸ਼ਰਧਾ ਹੋਣ ਕਰਕੇ ਸਾਨੂੰ ਵੀ ਲੋਕਾਂ ਨੂੰ ਜੋਸ਼ ਨਾਲ ਯਹੋਵਾਹ ਦੇ ਰਾਜ ਬਾਰੇ ਦੱਸਣਾ ਚਾਹੀਦਾ ਹੈ।
3:13-15; 5:11. ਯਹੋਵਾਹ ਦੀ ਮਦਦ ਨਾਲ ਭੇਡਾਂ ਨੂੰ ਚਾਰਨ ਵਾਲਾ ਆਮੋਸ ਉਨ੍ਹਾਂ ਧਨੀ ਲੋਕਾਂ ਨੂੰ ਪ੍ਰਚਾਰ ਕਰ ਪਾਇਆ ਜੋ ਉਸ ਦੀ ਗੱਲ ਸੁਣਨਾ ਵੀ ਨਹੀਂ ਚਾਹੁੰਦੇ ਸਨ। ਇੱਦਾਂ ਹੀ ਅੱਜ ਲੋਕੀ ਭਾਵੇਂ ਸਾਡੀ ਗੱਲ ਸੁਣਨਾ ਚਾਹੁਣ ਜਾਂ ਨਾ, ਫਿਰ ਵੀ ਅਸੀਂ ਯਹੋਵਾਹ ਦੀ ਮਦਦ ਨਾਲ ਉਨ੍ਹਾਂ ਨੂੰ ਪ੍ਰਚਾਰ ਕਰ ਪਾਉਂਦੇ ਹਾਂ।
4:6-11; 5:4, 6, 14. ਯਹੋਵਾਹ ਨੇ ਇਸਰਾਏਲੀਆਂ ਨੂੰ ਵਾਰ-ਵਾਰ ਉਸ ਵੱਲ ਮੁੜਨ ਲਈ ਕਿਹਾ ਸੀ, ਪਰ ਉਨ੍ਹਾਂ ਨੇ ਯਹੋਵਾਹ ਦੀ ਇਕ ਨਾ ਸੁਣੀ। ਇਸ ਦੇ ਬਾਵਜੂਦ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ ਕਿ ਮੈਨੂੰ “ਭਾਲੋ ਅਤੇ ਜੀਓ!” ਜਿੰਨਾ ਚਿਰ ਯਹੋਵਾਹ ਇਸ ਭੈੜੀ ਦੁਨੀਆਂ ਨੂੰ ਖ਼ਤਮ ਨਹੀਂ ਕਰਦਾ ਉੱਨਾ ਚਿਰ ਸਾਨੂੰ ਲੋਕਾਂ ਨੂੰ ਯਹੋਵਾਹ ਬਾਰੇ ਸਿਖਾਉਂਦੇ ਰਹਿਣਾ ਚਾਹੀਦਾ ਹੈ ਤਾਂਕਿ ਉਹ ਵੀ ਯਹੋਵਾਹ ਦੀ ਭਗਤੀ ਕਰ ਸਕਣ।
5:18, 19. ਤਿਆਰੀ ਕਰਨ ਤੋਂ ਬਿਨਾਂ “ਯਹੋਵਾਹ ਦੇ ਦਿਨ ਨੂੰ ਲੋਚਦੇ” ਰਹਿਣਾ ਮੂਰਖਤਾਈ ਹੈ। ਜੋ ਇੱਦਾਂ ਕਰੇਗਾ ਉਸ ਦਾ ਹਸ਼ਰ ਕੁਝ ਇਸ ਤਰ੍ਹਾਂ ਦਾ ਹੋਵੇਗਾ ਕਿ ਉਹ ਸ਼ੇਰ ਦੇ ਮੂੰਹੋਂ ਬਚਦਾ-ਬਚਦਾ ਜਾ ਕੇ ਰਿੱਛ ਅੱਗੇ ਡਿੱਗ ਪੈਂਦਾ ਹੈ। ਉਹ ਰਿੱਛ ਅੱਗਿਓਂ ਭੱਜਣ ਹੀ ਲੱਗਦਾ ਹੈ ਕਿ ਮੁਹਰੇ ਸੱਪ ਉਸ ਨੂੰ ਡੰਗ ਮਾਰ ਦਿੰਦਾ ਹੈ। ਯਹੋਵਾਹ ਦੇ ਦਿਨ ਤੋਂ ਬਚਣ ਲਈ ਸਾਨੂੰ “ਜਾਗਦੇ” ਰਹਿਣ ਦੀ ਲੋੜ ਹੈ। ਜਾਗਣ ਦਾ ਭਾਵ ਹੈ ਕਿ ਲਗਾਤਾਰ ਪਰਮੇਸ਼ੁਰ ਦਾ ਗਿਆਨ ਲੈਂਦੇ ਰਹਿਣਾ ਤਾਂਕਿ ਅਸੀਂ ਜਾਣ ਸਕੀਏ ਕਿ ਪਰਮੇਸ਼ੁਰ ਨੂੰ ਕਿਵੇਂ ਖ਼ੁਸ਼ ਕਰਨਾ ਹੈ। ਇੱਦਾਂ ਅਸੀਂ ਯਹੋਵਾਹ ਦੇ ਦਿਨ ਲਈ ਤਿਆਰ ਹੋਵਾਂਗੇ।—ਲੂਕਾ 21:36.
7:12-17. ਸਾਨੂੰ ਨਿਡਰ ਹੋ ਕੇ ਜੋਸ਼ ਨਾਲ ਯਹੋਵਾਹ ਦੇ ਸੰਦੇਸ਼ ਸੁਣਾਉਂਦੇ ਰਹਿਣਾ ਚਾਹੀਦਾ ਹੈ।
9:7-10. ਯਹੂਦੀ ਲੋਕ ਯਹੋਵਾਹ ਦੇ ਆਪਣੇ ਲੋਕ ਸਨ। ਇਹ ਲੋਕ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਦੀ ਕੁਲ ਵਿੱਚੋਂ ਸਨ। ਨਾਲੇ ਯਹੋਵਾਹ ਨੇ ਇਨ੍ਹਾਂ ਨੂੰ ਮਿਸਰ ਤੋਂ ਆਜ਼ਾਦ ਕਰਵਾਇਆ ਸੀ। ਫਿਰ ਵੀ ਜਦ ਇਨ੍ਹਾਂ ਨੇ ਪਾਪ ਕੀਤੇ ਸਨ, ਤਾਂ ਯਹੋਵਾਹ ਇਨ੍ਹਾਂ ਨੂੰ ਸਜ਼ਾ ਦੇਣ ਤੋਂ ਪਿੱਛੇ ਨਹੀਂ ਹਟਿਆ। ਇਨ੍ਹਾਂ ਨੂੰ ਕੂਸ਼ੀਆਂ ਦੀ ਤਰ੍ਹਾਂ ਆਪਣੀ ਕਰਨੀ ਦਾ ਫਲ ਭੁਗਤਣਾ ਪਿਆ ਸੀ। ਤਾਂ ਫਿਰ ਅਸੀਂ ਇਸ ਤੋਂ ਕੀ ਸਬਕ ਸਿੱਖ ਸਕਦੇ ਹਾਂ? ਇਹ ਕਿ ਯਹੋਵਾਹ ਪਰਮੇਸ਼ੁਰ ਸਭ ਨੂੰ ਇਕ ਨਜ਼ਰ ਨਾਲ ਦੇਖਦਾ ਹੈ। ਉਸ ਦੇ ਅੱਗੇ ਇਹ ਗੱਲ ਕੋਈ ਮਾਅਨਾ ਨਹੀਂ ਰੱਖਦੀ ਕਿ ਤੁਸੀਂ ਕਿਸ ਕੌਮ ਦੇ ਹੋ। ਯਹੋਵਾਹ ਦੇ ਦਿਲ ਨੂੰ ਸਿਰਫ਼ ਉਹੀ ਬੰਦਾ ਭਾਉਂਦਾ ਹੈ ਜੋ “ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ।”—ਰਸੂਲਾਂ ਦੇ ਕਰਤੱਬ 10:34, 35.
ਸਾਨੂੰ ਕੀ ਕਰਨਾ ਚਾਹੀਦਾ ਹੈ
ਯਹੋਵਾਹ ਹੁਣ ਜਲਦ ਹੀ ਸ਼ਤਾਨ ਦੀ ਇਸ ਭੈੜੀ ਦੁਨੀਆਂ ਦਾ ਅੰਤ ਕਰੇਗਾ। ਯਹੋਵਾਹ ਨੇ ਆਪਣੇ ਲੋਕਾਂ ਉੱਤੇ ਆਪਣੀ ਪਵਿੱਤਰ ਆਤਮਾ ਪਾਈ ਹੈ ਤਾਂਕਿ ਉਹ ਦੂਸਰਿਆਂ ਨੂੰ ਉਸ ਦੇ ਆਉਣ ਵਾਲੇ ਦਿਨ ਬਾਰੇ ਦੱਸਣ। ਸਾਨੂੰ ਆਪਣੀ ਪੂਰੀ ਵਾਹ ਲਾ ਕੇ ਲੋਕਾਂ ਨੂੰ ਯਹੋਵਾਹ ਬਾਰੇ ਸਿਖਾਉਣਾ ਚਾਹੀਦਾ ਹੈ ਤਾਂਕਿ ਉਹ ਵੀ “ਯਹੋਵਾਹ ਦਾ ਨਾਮ ਲੈ ਕੇ” ਉਸ ਨੂੰ ਪੁਕਾਰ ਸਕਣ।—ਯੋਏਲ 2:31, 32.
ਆਮੋਸ ਨੇ ਕਿਹਾ ਸੀ ਕਿ “ਬਦੀ ਤੋਂ ਘਿਣ ਕਰੋ, ਨੇਕੀ ਨੂੰ ਪਿਆਰ ਕਰੋ, ਫਾਟਕ ਵਿੱਚ ਇਨਸਾਫ਼ ਕਾਇਮ ਕਰੋ।” (ਆਮੋਸ 5:15) ਯਹੋਵਾਹ ਦਾ ਦਿਨ ਆਵੇ, ਇਸ ਤੋਂ ਪਹਿਲਾਂ ਸਾਨੂੰ ਕੁਝ ਕਰਨ ਦੀ ਲੋੜ ਹੈ। ਸਾਨੂੰ ਯਹੋਵਾਹ ਨਾਲ ਆਪਣਾ ਰਿਸ਼ਤਾ ਪੱਕਾ ਕਰਨ ਅਤੇ ਇਸ ਦੁਨੀਆਂ ਨਾਲੋਂ ਤਅੱਲਕ ਤੋੜਨ ਦੀ ਲੋੜ ਹੈ। ਵਾਕਈ ਅਸੀਂ ਯੋਏਲ ਅਤੇ ਆਮੋਸ ਦੀਆਂ ਪੋਥੀਆਂ ਤੋਂ ਵਧੀਆ ਸਬਕ ਸਿੱਖ ਸਕਦੇ ਹਾਂ।—ਇਬਰਾਨੀਆਂ 4:12.
[ਸਫ਼ਾ 12 ਉੱਤੇ ਤਸਵੀਰ]
ਯੋਏਲ ਨੇ ਭਵਿੱਖਬਾਣੀ ਕੀਤੀ ਕਿ “ਯਹੋਵਾਹ ਦਾ ਦਿਨ ਤਾਂ ਨੇੜੇ ਹੈ!”
[ਸਫ਼ਾ 15 ਉੱਤੇ ਤਸਵੀਰਾਂ]
ਆਮੋਸ ਦੀ ਤਰ੍ਹਾਂ ਸਾਨੂੰ ਵੀ ਨਿਡਰ ਹੋ ਕੇ ਯਹੋਵਾਹ ਦਾ ਸੰਦੇਸ਼ ਲੋਕਾਂ ਨੂੰ ਸੁਣਾਉਣਾ ਚਾਹੀਦਾ ਹੈ