ਦਲੇਰੀ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰੋ
“ਜਾਹ, ਮੇਰੀ ਪਰਜਾ ਇਸਰਾਏਲ ਕੋਲ ਅਗੰਮ ਵਾਚ!”—ਆਮੋਸ 7:15.
1, 2. ਆਮੋਸ ਕੌਣ ਸੀ ਅਤੇ ਬਾਈਬਲ ਵਿਚ ਉਸ ਬਾਰੇ ਕੀ ਦੱਸਿਆ ਗਿਆ ਹੈ?
ਇਕ ਵਾਰ ਪ੍ਰਚਾਰ ਕਰਦੇ ਹੋਏ ਯਹੋਵਾਹ ਦੇ ਇਕ ਸੇਵਕ ਦਾ ਇਕ ਧਾਰਮਿਕ ਆਗੂ ਨਾਲ ਟਾਕਰਾ ਹੋਇਆ। ਉਸ ਆਗੂ ਨੇ ਦੁਹਾਈ ਪਾਈ ਕਿ ‘ਪ੍ਰਚਾਰ ਕਰਨਾ ਬੰਦ ਕਰ! ਇੱਥੋਂ ਚਲੇ ਜਾ!’ ਰੱਬ ਦੇ ਉਸ ਸੇਵਕ ਨੇ ਕੀ ਕੀਤਾ? ਕੀ ਉਸ ਨੇ ਹਾਰ ਮੰਨ ਲਈ ਜਾਂ ਕੀ ਉਹ ਦਲੇਰੀ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਦਾ ਰਿਹਾ? ਕੀ ਤੁਸੀਂ ਜਾਣਨਾ ਚਾਹੋਗੇ? ਯਹੋਵਾਹ ਦੇ ਇਸ ਸੇਵਕ ਦਾ ਨਾਂ ਆਮੋਸ ਸੀ। ਉਸ ਨੇ ਆਪਣਾ ਇਹ ਅਨੁਭਵ ਲਿਖਿਆ ਤੇ ਅਸੀਂ ਬਾਈਬਲ ਵਿਚ ਇਸ ਨੂੰ ਪੜ੍ਹ ਸਕਦੇ ਹਾਂ। ਪਰ ਪਹਿਲਾਂ ਆਓ ਆਪਾਂ ਆਮੋਸ ਬਾਰੇ ਕੁਝ ਗੱਲਾਂ ਸਿੱਖੀਏ।
2 ਆਮੋਸ ਕੌਣ ਸੀ? ਉਹ ਕਿਹੜੇ ਸ਼ਹਿਰੋਂ ਸੀ? ਉਹ ਕਿਸ ਸਮੇਂ ਰਹਿੰਦਾ ਸੀ? ਸਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਆਮੋਸ 1:1 ਵਿਚ ਮਿਲਦੇ ਹਨ: ‘ਆਮੋਸ ਦੀ ਬਾਣੀ ਜਿਹੜੀ ਤਕੋਆ ਦੇ ਚਰਵਾਹਿਆਂ ਵਿੱਚੋਂ ਸੀ। ਉਹ ਇਸਰਾਏਲ ਦੇ ਪਾਤਸ਼ਾਹ ਊਜ਼ੀਯਾਹ ਦੇ ਦਿਨਾਂ ਵਿੱਚ ਅਤੇ ਯੋਆਸ਼ ਦੇ ਪੁੱਤ੍ਰ ਯਾਰਾਬੁਆਮ ਇਸਰਾਏਲ ਦੇ ਪਾਤਸ਼ਾਹ ਦੇ ਦਿਨਾਂ ਵਿੱਚ ਰਹਿੰਦਾ ਸੀ।’ ਆਮੋਸ ਯਰੂਸ਼ਲਮ ਤੋਂ 16 ਕਿਲੋਮੀਟਰ ਦੱਖਣ ਵੱਲ ਯਹੂਦਾਹ ਦੇ ਤਕੋਆ ਸ਼ਹਿਰ ਤੋਂ ਸੀ। ਉਹ ਅੱਜ ਤੋਂ ਤਕਰੀਬਨ 2,800 ਸਾਲ ਪਹਿਲਾਂ ਰਹਿੰਦਾ ਸੀ ਜਦੋਂ ਊਜ਼ੀਯਾਹ ਯਹੂਦਾਹ ਦਾ ਪਾਤਸ਼ਾਹ ਸੀ ਅਤੇ ਯਾਰਾਬੁਆਮ ਦੂਜਾ ਇਸਰਾਏਲ ਦਾ ਪਾਤਸ਼ਾਹ ਸੀ। ਆਮੋਸ ‘ਚਰਵਾਹਾ’ ਸੀ। ਪਰ ਆਮੋਸ 7:14 ਵਿਚ ਅਸੀਂ ਨੋਟ ਕਰ ਸਕਦੇ ਹਾਂ ਕਿ ਉਹ ਇਕ “ਅਯਾਲੀ” ਹੋਣ ਦੇ ਨਾਲ-ਨਾਲ “ਗੁੱਲਰਾਂ ਦਾ ਛਾਂਗਣ ਵਾਲਾ” ਵੀ ਸੀ। ਗੁੱਲਰਾਂ ਯਾਨੀ ਅੰਜੀਰਾਂ ਨੂੰ ਜਲਦੀ ਪਕਾਉਣ ਲਈ ਛਾਂਗਿਆ ਜਾਂਦਾ ਸੀ। ਸੋ ਇਸ ਤੋਂ ਪਤਾ ਲੱਗਦਾ ਹੈ ਕਿ ਸਾਲ ਵਿਚ ਉਹ ਕੁਝ ਸਮਾਂ ਇਸ ਕੰਮ ਵਿਚ ਮਿਹਨਤ ਕਰਦਾ ਹੁੰਦਾ ਸੀ।
‘ਜਾਹ, ਅੰਗਮ ਵਾਚ’
3. ਜੇ ਅਸੀਂ ਪ੍ਰਚਾਰ ਕਰਨ ਦੇ ਯੋਗ ਨਹੀਂ ਮਹਿਸੂਸ ਕਰਦੇ, ਤਾਂ ਆਮੋਸ ਦੀ ਮਿਸਾਲ ਤੋਂ ਸਾਨੂੰ ਕਿਵੇਂ ਹੌਸਲਾ ਮਿਲ ਸਕਦਾ ਹੈ?
3 ਆਮੋਸ ਨੇ ਸਾਫ਼-ਸਾਫ਼ ਦੱਸਿਆ: “ਨਾ ਮੈਂ ਨਬੀ ਹਾਂ, ਨਾ ਨਬੀ ਦਾ ਪੁੱਤ੍ਰ ਹਾਂ।” (ਆਮੋਸ 7:14) ਇਹ ਸੱਚ ਸੀ ਕਿ ਆਮੋਸ ਨਾ ਤਾਂ ਨਬੀ ਦਾ ਪੁੱਤਰ ਸੀ ਅਤੇ ਨਾ ਹੀ ਉਸ ਨੂੰ ਨਬੀ ਬਣਨ ਲਈ ਸਿੱਖਿਆ ਮਿਲੀ ਸੀ। ਫਿਰ ਵੀ ਯਹੂਦਾਹ ਦੇ ਸਾਰੇ ਲੋਕਾਂ ਵਿੱਚੋਂ ਯਹੋਵਾਹ ਨੇ ਆਪਣਾ ਕੰਮ ਕਰਾਉਣ ਵਾਸਤੇ ਕਿਸੇ ਮਹਾਨ ਰਾਜੇ, ਵਿਦਵਾਨ, ਪਾਦਰੀ ਜਾਂ ਕਿਸੇ ਅਮੀਰ ਸਰਦਾਰ ਨੂੰ ਨਹੀਂ, ਬਲਕਿ ਇਕ ਨਿਮਰ ਚਰਵਾਹੇ ਨੂੰ ਚੁਣਿਆ। ਇਸ ਤੋਂ ਸਾਨੂੰ ਬਹੁਤ ਹੀ ਹੌਸਲਾ ਮਿਲ ਸਕਦਾ ਹੈ। ਆਮੋਸ ਵਾਂਗ ਸ਼ਾਇਦ ਅਸੀਂ ਸਾਧਾਰਣ ਇਨਸਾਨ ਹੋਈਏ, ਅਤੇ ਸ਼ਾਇਦ ਅਸੀਂ ਜ਼ਿਆਦਾ ਪੜ੍ਹੇ-ਲਿਖੇ ਨਾ ਹੋਈਏ। ਪਰ ਕੀ ਇਸ ਕਰਕੇ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਪਰਮੇਸ਼ੁਰ ਦਾ ਬਚਨ ਸੁਣਾਉਣ ਦੇ ਯੋਗ ਨਹੀਂ ਹਾਂ? ਬਿਲਕੁਲ ਨਹੀਂ! ਯਹੋਵਾਹ ਸਾਨੂੰ ਪ੍ਰਚਾਰ ਕਰਨ ਲਈ ਤਿਆਰ ਕਰ ਸਕਦਾ ਹੈ, ਉਨ੍ਹਾਂ ਹਾਲਤਾਂ ਦੌਰਾਨ ਵੀ ਜਦੋਂ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ। ਯਹੋਵਾਹ ਨੇ ਆਮੋਸ ਨੂੰ ਮੁਸ਼ਕਲ ਹਾਲਤਾਂ ਦੌਰਾਨ ਪ੍ਰਚਾਰ ਕਰਨ ਲਈ ਤਿਆਰ ਕੀਤਾ ਸੀ। ਇਸ ਲਈ ਸਾਨੂੰ ਸਾਰਿਆਂ ਨੂੰ ਆਮੋਸ ਦੀ ਮਿਸਾਲ ਵੱਲ ਚੰਗੀ ਤਰ੍ਹਾਂ ਧਿਆਨ ਦੇਣਾ ਚਾਹੀਦਾ ਹੈ ਜੇ ਅਸੀਂ ਦਲੇਰੀ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਨਾ ਚਾਹੁੰਦੇ ਹਾਂ।
4. ਆਮੋਸ ਲਈ ਇਸਰਾਏਲ ਦੇ ਲੋਕਾਂ ਨੂੰ ਪ੍ਰਚਾਰ ਕਰਨਾ ਮੁਸ਼ਕਲ ਕਿਉਂ ਸੀ?
4 ਯਹੋਵਾਹ ਨੇ ਆਮੋਸ ਨੂੰ ਹੁਕਮ ਦਿੱਤਾ: “ਜਾਹ, ਮੇਰੀ ਪਰਜਾ ਇਸਰਾਏਲ ਕੋਲ ਅਗੰਮ ਵਾਚ!” (ਆਮੋਸ 7:15) ਇਹ ਕੰਮ ਬਹੁਤ ਹੀ ਔਖਾ ਸੀ। ਇਸਰਾਏਲ ਦੇ ਦਸ-ਗੋਤੀ ਰਾਜ ਦੇ ਲੋਕ ਸੁੱਖ-ਸ਼ਾਂਤੀ ਵਿਚ ਜੀ ਰਹੇ ਸਨ। ਉਹ ਬਹੁਤ ਖ਼ੁਸ਼ਹਾਲ ਸਨ। ਕਈਆਂ ਕੋਲ ‘ਸਿਆਲ ਵਾਲੇ ਮਹਿਲਾਂ’ ਦੇ ਨਾਲ-ਨਾਲ ਗਰਮੀ ਦੀ ਰੁੱਤ ਵਿਚ ਰਹਿਣ ਵਾਲੇ ਮਹਿਲ ਵੀ ਸਨ ਜੋ ਕੱਚੀਆਂ ਇੱਟਾਂ ਨਾਲ ਨਹੀਂ, ਬਲਕਿ ‘ਘੜੇ ਹੋਏ ਪੱਥਰਾਂ’ ਨਾਲ ਬਣਾਏ ਗਏ ਸਨ। ਕਈਆਂ ਦੇ ਘਰਾਂ ਵਿਚ ਹਾਥੀ-ਦੰਦ ਤੋਂ ਬਣਿਆ ਸ਼ਾਨਦਾਰ ਫਰਨੀਚਰ ਵੀ ਸੀ ਅਤੇ ਉਹ ‘ਸੋਹਣੇ ਅੰਗੂਰੀ ਬਾਗਾਂ’ ਤੋਂ ਬਣੀ ਮੈ ਪੀਂਦੇ ਸਨ। (ਆਮੋਸ 3:15; 5:11) ਲੱਗਦਾ ਹੈ ਕਿ ਇਸਰਾਏਲ ਦੇ ਲੋਕ ਬੜੇ ਆਰਾਮ ਨਾਲ ਰਹਿੰਦੇ ਸਨ। ਨਤੀਜੇ ਵਜੋਂ ਉਹ ਲਾਪਰਵਾਹ ਬਣਨ ਲੱਗ ਪਏ। ਜੀ ਹਾਂ, ਇੱਦਾਂ ਲੱਗਦਾ ਹੈ ਕਿ ਆਮੋਸ ਨੇ ਅਜਿਹੇ ਹਾਲਾਤਾਂ ਵਿਚ ਪ੍ਰਚਾਰ ਕੀਤਾ ਸੀ ਜਿਨ੍ਹਾਂ ਵਿਚ ਸਾਡੇ ਵਿੱਚੋਂ ਕਈਆਂ ਨੂੰ ਪ੍ਰਚਾਰ ਕਰਨਾ ਪੈਂਦਾ ਹੈ।
5. ਕੁਝ ਇਸਰਾਏਲੀ ਬੇਈਮਾਨੀ ਨਾਲ ਕੀ ਕਰ ਰਹੇ ਸਨ?
5 ਇਸਰਾਏਲੀਆਂ ਲਈ ਦੌਲਤਮੰਦ ਹੋਣਾ ਕੋਈ ਬੁਰੀ ਗੱਲ ਨਹੀਂ ਸੀ। ਪਰ ਉਨ੍ਹਾਂ ਵਿੱਚੋਂ ਕਈਆਂ ਨੇ ਬੇਈਮਾਨੀ ਨਾਲ ਧੰਨ ਇਕੱਠਾ ਕੀਤਾ ਸੀ। ਅਮੀਰ ਲੋਕ ‘ਗਰੀਬਾਂ ਨੂੰ ਸਤਾਉਂਦੇ’ ਸਨ, ਇੱਥੋਂ ਤਕ ਕਿ ‘ਕੰਗਾਲਾਂ ਨੂੰ ਚਿੱਥਦੇ’ ਸਨ। (ਆਮੋਸ 4:1) ਵਪਾਰੀਆਂ, ਨਿਆਂਕਾਰਾਂ ਅਤੇ ਪਾਦਰੀਆਂ ਨੇ ਮਿਲ ਕੇ ਗ਼ਰੀਬਾਂ ਨੂੰ ਲੁੱਟਣ ਦੀ ਸਾਜ਼ਸ਼ ਘੜੀ ਹੋਈ ਸੀ। ਆਓ ਆਪਾਂ ਇਨ੍ਹਾਂ ਬੰਦਿਆਂ ਦੀਆਂ ਕਰਤੂਤਾਂ ਵੱਲ ਧਿਆਨ ਦੇਈਏ।
ਪਰਮੇਸ਼ੁਰ ਦੀ ਬਿਵਸਥਾ ਦੀ ਉਲੰਘਣਾ
6. ਇਸਰਾਏਲ ਦੇ ਵਪਾਰੀ ਲੋਕਾਂ ਨੂੰ ਕਿਸ ਤਰ੍ਹਾਂ ਲੁੱਟ ਰਹੇ ਸਨ?
6 ਪਹਿਲਾਂ ਆਮੋਸ ਨੇ ਸਾਨੂੰ ਬਾਜ਼ਾਰ ਵਿਚ ਹੋ ਰਹੇ ਕੰਮਾਂ ਬਾਰੇ ਦੱਸਿਆ। ਉੱਥੇ ਵਪਾਰੀ ਤੋਲਦੇ ਸਮੇਂ ਬੇਈਮਾਨੀ ਨਾਲ “ਏਫਾਹ ਛੋਟਾ ਅਤੇ ਸ਼ਕਲ ਵੱਡਾ” ਬਣਾਉਂਦੇ ਸਨ। ਉਹ “ਕਣਕ ਦਾ ਕੂੜਾ” ਵੀ ਵੇਚਦੇ ਸਨ। (ਆਮੋਸ 8:5, 6) ਇਹ ਵਪਾਰੀ ਗਾਹਕਾਂ ਨੂੰ ਪੂਰੀ ਤਰ੍ਹਾਂ ਠੱਗ ਰਹੇ ਸਨ। ਕੋਈ ਚੀਜ਼ ਵੇਚਦੇ ਸਮੇਂ ਉਹ ਘੱਟ ਤੋਲਦੇ ਅਤੇ ਦਾਮ ਵਧਾ ਕੇ ਮਾੜੀਆਂ ਚੀਜ਼ਾਂ ਵੇਚਦੇ ਸਨ। ਫਿਰ ਜਦੋਂ ਗ਼ਰੀਬਾਂ ਦਾ ਸਭ ਕੁਝ ਲੁੱਟ ਲਿਆ ਜਾਂਦਾ ਸੀ, ਤਾਂ ਉਨ੍ਹਾਂ ਨੂੰ ਖ਼ੁਦ ਆਪਣੇ ਆਪ ਨੂੰ ਗ਼ੁਲਾਮਾਂ ਵਜੋਂ ਵੇਚਣਾ ਪੈਂਦਾ ਸੀ। ਫਿਰ ਵਪਾਰੀ ਉਨ੍ਹਾਂ ਨੂੰ ‘ਜੁੱਤੀ ਦੇ ਜੋੜੇ ਦੇ ਮੁੱਲ’ ਖ਼ਰੀਦ ਲੈਂਦੇ ਸਨ। (ਆਮੋਸ 8:6) ਜ਼ਰਾ ਇਸ ਦੀ ਕਲਪਨਾ ਕਰੋ: ਉਹ ਲਾਲਚੀ ਵਪਾਰੀ ਆਪਣੇ ਸਾਥੀ ਇਸਰਾਏਲੀਆਂ ਦੀ ਕੀਮਤ ਪੈਰਾਂ ਦੀ ਜੁੱਤੀ ਜਿੰਨੀ ਹੀ ਸਮਝਦੇ ਸਨ! ਲੋੜਵੰਦ ਲੋਕਾਂ ਦਾ ਕਿੰਨਾ ਵੱਡਾ ਅਪਮਾਨ ਕੀਤਾ ਜਾ ਰਿਹਾ ਸੀ ਅਤੇ ਪਰਮੇਸ਼ੁਰ ਦੀ ਬਿਵਸਥਾ ਦੀ ਕਿੰਨੀ ਉਲੰਘਣਾ ਕੀਤੀ ਜਾ ਰਹੀ ਸੀ! ਪਰ ਇਹੀ ਵਪਾਰੀ ਬੜੇ ਧਿਆਨ ਨਾਲ ਸਮੇਂ ਸਿਰ “ਸਬਤ” ਮਨਾਉਂਦੇ ਸਨ। (ਆਮੋਸ 8:5) ਹਾਂ, ਉਹ ਧਰਮੀ ਹੋਣ ਦਾ ਦਿਖਾਵਾ ਕਰਦੇ ਸਨ।
7. ਇਸਰਾਏਲ ਦੇ ਵਪਾਰੀ ਪਰਮੇਸ਼ੁਰ ਦੀ ਬਿਵਸਥਾ ਦੀ ਉਲੰਘਣਾ ਕਿਉਂ ਕਰ ਸਕੇ ਸਨ?
7 ਪਰਮੇਸ਼ੁਰ ਦੀ ਬਿਵਸਥਾ ਵਿਚ ਇਹ ਹੁਕਮ ਦਿੱਤਾ ਗਿਆ ਸੀ: “ਤੂੰ ਆਪਣੇ ਗਵਾਂਢੀ ਨਾਲ ਆਪਣੇ ਜੇਹਾ ਪਿਆਰ ਕਰੀਂ।” ਤਾਂ ਫਿਰ, ਇਹ ਵਪਾਰੀ ਇਸ ਹੁਕਮ ਦੀ ਉਲੰਘਣਾ ਕਰ ਕੇ ਸਜ਼ਾ ਤੋਂ ਕਿੱਦਾਂ ਬਚੇ ਸਨ? (ਲੇਵੀ 19:18) ਉਹ ਸਜ਼ਾ ਤੋਂ ਇਸ ਲਈ ਬਚੇ ਸਨ ਕਿਉਂਕਿ ਜਿਨ੍ਹਾਂ ਨਿਆਂਕਾਰਾਂ ਨੂੰ ਬਿਵਸਥਾ ਨੂੰ ਅਮਲ ਵਿਚ ਲਿਆਉਣਾ ਚਾਹੀਦਾ ਸੀ, ਉਹ ਖ਼ੁਦ ਇਨ੍ਹਾਂ ਵਪਾਰੀਆਂ ਨਾਲ ਰਲੇ-ਮਿਲੇ ਹੋਏ ਸਨ। ਸ਼ਹਿਰ ਦੇ ਫਾਟਕ ਵਿਚ ਜਿੱਥੇ ਅਦਾਲਤੀ ਮੁਕੱਦਮੇ ਚਲਾਏ ਜਾਂਦੇ ਸਨ, ਨਿਆਂਕਾਰ ‘ਵੱਢੀ ਲੈਂਦੇ ਅਤੇ ਕੰਗਾਲਾਂ ਦਾ ਹੱਕ ਮਾਰਦੇ ਸਨ!’ ਗ਼ਰੀਬਾਂ ਦੀ ਰੱਖਿਆ ਕਰਨ ਦੀ ਬਜਾਇ ਨਿਆਂਕਾਰ ਰਿਸ਼ਵਤ ਲੈ ਕੇ ਉਨ੍ਹਾਂ ਨਾਲ ਅਨਿਆਂ ਕਰ ਰਹੇ ਸਨ। (ਆਮੋਸ 5:10, 12) ਸੋ ਨਿਆਂਕਾਰ ਵੀ ਪਰਮੇਸ਼ੁਰ ਦੀ ਬਿਵਸਥਾ ਦੀ ਉਲੰਘਣਾ ਕਰ ਰਹੇ ਸਨ।
8. ਭੈੜੇ ਆਗੂ ਕਿਹੜੇ ਕੰਮ ਦੇਖ ਕੇ ਅੱਖਾਂ ਮੀਟ ਲੈਂਦੇ ਸਨ?
8 ਇਹ ਸਭ ਕੁਝ ਦੇਖ ਕੇ ਇਸਰਾਏਲ ਦੇ ਜਾਜਕ ਕੀ ਕਰ ਰਹੇ ਸਨ? ਇਹ ਪਤਾ ਕਰਨ ਲਈ ਸਾਨੂੰ ਧਿਆਨ ਦੇਣ ਦੀ ਲੋੜ ਹੈ ਕਿ ਧਾਰਮਿਕ ਆਗੂ ਦੇਵੀ-ਦੇਵਤਿਆਂ ਦੇ ਮੰਦਰਾਂ ਵਿਚ ਕੀ-ਕੀ ਹੋਣ ਦਿੰਦੇ ਸਨ। ਆਮੋਸ ਰਾਹੀਂ ਪਰਮੇਸ਼ੁਰ ਨੇ ਕਿਹਾ: “ਪਿਉ ਪੁੱਤ੍ਰ ਇੱਕੋ ਮੁਟਿਆਰ ਕੋਲ ਜਾਂਦੇ ਹਨ, ਭਈ ਓਹ ਮੇਰਾ ਪਵਿੱਤਰ ਨਾਮ ਭ੍ਰਿਸ਼ਟ ਕਰਨ।” (ਆਮੋਸ 2:7, 8) ਜ਼ਰਾ ਸੋਚੋ, ਪਿਉ-ਪੁੱਤ ਇੱਕੋ ਦੇਵ-ਦਾਸੀ ਨਾਲ ਵਿਭਚਾਰ ਕਰਦੇ ਸਨ ਤੇ ਉਹ ਭੈੜੇ ਆਗੂ ਇਹ ਅਨੈਤਿਕ ਕੰਮ ਦੇਖ ਕੇ ਅੱਖਾਂ ਮੀਟ ਲੈਂਦੇ ਸਨ!—ਲੇਵੀਆਂ 19:29; ਬਿਵਸਥਾ ਸਾਰ 5:18; 23:17.
9, 10. ਇਸਰਾਏਲੀਆਂ ਨੇ ਪਰਮੇਸ਼ੁਰ ਦੇ ਕਿਹੜੇ ਹੁਕਮ ਤੋੜੇ ਸਨ ਅਤੇ ਸਾਡੇ ਜ਼ਮਾਨੇ ਦੀ ਹਾਲਤ ਪ੍ਰਾਚੀਨ ਇਸਰਾਏਲ ਵਰਗੀ ਕਿਵੇਂ ਹੈ?
9 ਹੋਰ ਬੁਰੇ ਚਾਲ-ਚਲਣ ਬਾਰੇ ਯਹੋਵਾਹ ਨੇ ਕਿਹਾ: “ਓਹ ਹਰ ਜਗਵੇਦੀ ਕੋਲ ਗਿਰਵੀ ਬਸਤਰਾਂ ਉੱਤੇ ਲੇਟਦੇ ਹਨ, ਓਹ ਪਰਮੇਸ਼ੁਰ ਦੇ ਭਵਨ ਵਿੱਚ ਜੁਰਮਾਨੇ ਵਾਲਿਆਂ ਦੀ ਮੈ ਪੀਂਦੇ ਹਨ।” (ਆਮੋਸ 2:8) ਜਾਜਕ ਅਤੇ ਆਮ ਲੋਕ ਇਸ ਕਾਨੂੰਨ ਨੂੰ ਵੀ ਤੋੜ ਰਹੇ ਸਨ ਜੋ ਕੂਚ 22:26, 27 ਵਿਚ ਲਿਖਿਆ ਹੋਇਆ ਹੈ ਕਿ ਜੇ ਤੁਸੀਂ ਕਿਸੇ ਦੀ ਚਾਦਰ ਗਹਿਣੇ ਰੱਖੋ, ਤਾਂ ਸੂਰਜ ਡੁੱਬਣ ਤੋਂ ਪਹਿਲਾਂ ਉਸ ਨੂੰ ਮੋੜ ਦਿਓ। ਪਰ ਇਸ ਤਰ੍ਹਾਂ ਕਰਨ ਦੀ ਬਜਾਇ ਉਹ ਮੰਦਰਾਂ ਵਿਚ ਲੰਗਰ ਛੱਕਦੇ ਤੇ ਸ਼ਰਾਬਾਂ ਪੀਂਦੇ ਸਮੇਂ ਚਾਦਰਾਂ ਤੇ ਚੌੜੇ ਹੋ ਕੇ ਬਹਿੰਦੇ ਸਨ। ਅਤੇ ਉਹ ਗ਼ਰੀਬਾਂ ਤੋਂ ਲੁੱਟੇ ਪੈਸਿਆਂ ਨਾਲ ਤਿਉਹਾਰਾਂ ਵਿਚ ਪੀਣ ਲਈ ਮੈ ਖ਼ਰੀਦਦੇ ਸਨ। ਉਹ ਸੱਚੀ ਭਗਤੀ ਦੇ ਰਾਹ ਤੋਂ ਕਿੰਨੇ ਭਟਕ ਚੁੱਕੇ ਸਨ।
10 ਇਸਰਾਏਲੀਆਂ ਦੇ ਇਨ੍ਹਾਂ ਕੰਮਾਂ ਤੋਂ ਇਹ ਸਾਫ਼ ਜ਼ਾਹਰ ਹੁੰਦਾ ਹੈ ਕਿ ਉਹ ਬੇਸ਼ਰਮੀ ਨਾਲ ਬਿਵਸਥਾ ਦੇ ਦੋ ਸਭ ਤੋਂ ਵੱਡੇ ਹੁਕਮਾਂ ਨੂੰ ਤੋੜ ਰਹੇ ਸਨ: (1) ਯਹੋਵਾਹ ਨੂੰ ਪਿਆਰ ਕਰੋ ਅਤੇ (2) ਆਪਣੇ ਗੁਆਂਢੀ ਨੂੰ ਪਿਆਰ ਕਰੋ। ਉਨ੍ਹਾਂ ਦੀ ਬੇਵਫ਼ਾਈ ਕਾਰਨ ਯਹੋਵਾਹ ਨੇ ਆਮੋਸ ਰਾਹੀਂ ਉਨ੍ਹਾਂ ਨੂੰ ਸਜ਼ਾ ਸੁਣਾਈ। ਅੱਜ ਦੁਨੀਆਂ ਦੀਆਂ ਸਾਰੀਆਂ ਕੌਮਾਂ ਵਿਚ ਪ੍ਰਾਚੀਨ ਇਸਰਾਏਲ ਵਰਗੀ ਵਿਗੜੀ ਤੇ ਬੁਰੀ ਹਾਲਤ ਹੈ। ਭਾਵੇਂ ਕਿ ਕੁਝ ਲੋਕ ਖ਼ੁਸ਼ਹਾਲ ਹਨ, ਪਰ ਦੂਸਰੇ ਲੋਕ ਬੇਈਮਾਨ ਵਪਾਰੀਆਂ, ਨੇਤਾਵਾਂ ਅਤੇ ਝੂਠੇ ਧਰਮ ਦੇ ਆਗੂਆਂ ਕਾਰਨ ਮਾਲੀ ਅਤੇ ਜਜ਼ਬਾਤੀ ਤੌਰ ਤੇ ਬਰਬਾਦ ਹੋ ਗਏ ਹਨ। ਫਿਰ ਵੀ ਯਹੋਵਾਹ ਨੂੰ ਉਨ੍ਹਾਂ ਦੀ ਚਿੰਤਾ ਹੈ ਜੋ ਦੁਖੀ ਹਨ ਅਤੇ ਜੋ ਉਸ ਨੂੰ ਭਾਲਦੇ ਹਨ। ਇਸ ਲਈ ਉਸ ਨੇ ਅੱਜ ਆਪਣੇ ਸੇਵਕਾਂ ਨੂੰ ਉਸੇ ਤਰ੍ਹਾਂ ਦਾ ਕੰਮ ਦਿੱਤਾ ਹੈ ਜੋ ਉਸ ਨੇ ਆਮੋਸ ਨੂੰ ਦਿੱਤਾ ਸੀ, ਮਤਲਬ ਕਿ ਉਹ ਦਲੇਰੀ ਨਾਲ ਉਸ ਦੇ ਬਚਨ ਦਾ ਪ੍ਰਚਾਰ ਕਰਨ।
11. ਅਸੀਂ ਆਮੋਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?
11 ਸਾਨੂੰ ਵੀ ਆਮੋਸ ਵਰਗਾ ਕੰਮ ਦਿੱਤਾ ਗਿਆ ਹੈ, ਇਸ ਲਈ ਉਸ ਦੀ ਮਿਸਾਲ ਵੱਲ ਧਿਆਨ ਦੇਣਾ ਸਾਡੇ ਲਈ ਬਹੁਤ ਫ਼ਾਇਦੇਮੰਦ ਹੋਵੇਗਾ। ਆਮੋਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ (1) ਸਾਨੂੰ ਕਿਸ ਗੱਲ ਦਾ ਪ੍ਰਚਾਰ ਕਰਨਾ ਚਾਹੀਦਾ ਹੈ, (2) ਕਿਸ ਤਰ੍ਹਾਂ ਪ੍ਰਚਾਰ ਕਰਨਾ ਚਾਹੀਦਾ ਹੈ ਅਤੇ (3) ਪ੍ਰਚਾਰ ਦੇ ਕੰਮ ਨੂੰ ਸਾਡੇ ਵਿਰੋਧੀ ਰੋਕ ਕਿਉਂ ਨਹੀਂ ਸਕਦੇ। ਆਓ ਆਪਾਂ ਇਕ-ਇਕ ਕਰ ਕੇ ਇਨ੍ਹਾਂ ਤਿੰਨ ਗੱਲਾਂ ਵੱਲ ਧਿਆਨ ਦੇਈਏ।
ਆਮੋਸ ਦੀ ਰੀਸ ਕਰੋ
12, 13. ਯਹੋਵਾਹ ਨੇ ਕਿਵੇਂ ਦਿਖਾਇਆ ਸੀ ਕਿ ਉਹ ਇਸਰਾਏਲੀਆਂ ਨਾਲ ਨਾਰਾਜ਼ ਸੀ, ਪਰ ਉਨ੍ਹਾਂ ਨੇ ਕੀ ਕੀਤਾ ਸੀ?
12 ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਅਸੀਂ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਦੇ ਹਾਂ ਅਤੇ ਲੋਕਾਂ ਨੂੰ ਯਿਸੂ ਦੇ ਚੇਲੇ ਬਣਾਉਂਦੇ ਹਾਂ। (ਮੱਤੀ 28:19, 20; ਮਰਕੁਸ 13:10) ਪਰ ਆਮੋਸ ਵਾਂਗ ਅਸੀਂ ਦੁਸ਼ਟ ਲੋਕਾਂ ਨੂੰ ਸੁਧਰ ਜਾਣ ਲਈ ਪਰਮੇਸ਼ੁਰ ਵੱਲੋਂ ਚੇਤਾਵਨੀਆਂ ਵੀ ਦਿੰਦੇ ਹਾਂ। ਆਮੋਸ 4:6-11 ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਇਸਰਾਏਲੀਆਂ ਨੂੰ ਸੁਧਰ ਜਾਣ ਦੇ ਵਾਰ-ਵਾਰ ਮੌਕੇ ਦਿੱਤੇ। ਮਿਸਾਲ ਲਈ, ਉਸ ਨੇ ਉਨ੍ਹਾਂ ਨੂੰ ‘ਰੋਟੀ ਦੀ ਥੁੜ’ ਦੇ ਕੇ, ਉਨ੍ਹਾਂ ਤੋਂ “ਮੀਂਹ ਰੋਕ” ਕੇ, ਉਨ੍ਹਾਂ ਨੂੰ ‘ਸੋਕੜੇ ਅਤੇ ਉੱਲੀ ਨਾਲ ਮਾਰ’ ਕੇ ਅਤੇ ਉਨ੍ਹਾਂ ਵਿਚ “ਬਵਾ” ਘੱਲ ਕੇ ਦਿਖਾਇਆ ਕੇ ਉਹ ਉਨ੍ਹਾਂ ਨਾਲ ਨਾਰਾਜ਼ ਸੀ। ਕੀ ਇਨ੍ਹਾਂ ਘਟਨਾਵਾਂ ਕਾਰਨ ਇਸਰਾਏਲੀ ਸੁਧਰ ਗਏ ਸਨ? ਪਰਮੇਸ਼ੁਰ ਨੇ ਕਿਹਾ: “ਤੁਸੀਂ ਮੇਰੀ ਵੱਲ ਨਹੀਂ ਮੁੜੇ।” ਇਸਰਾਏਲੀਆਂ ਨੇ ਯਹੋਵਾਹ ਨੂੰ ਵਾਰ-ਵਾਰ ਠੁਕਰਾਇਆ ਸੀ।
13 ਹਾਂ, ਯਹੋਵਾਹ ਨੇ ਅਪਸ਼ਚਾਤਾਪੀ ਇਸਰਾਏਲੀਆਂ ਨੂੰ ਸਜ਼ਾ ਦਿੱਤੀ। ਪਰ ਸਜ਼ਾ ਤੋਂ ਪਹਿਲਾਂ ਉਨ੍ਹਾਂ ਨੂੰ ਹਮੇਸ਼ਾ ਚੇਤਾਵਨੀ ਵੀ ਦਿੱਤੀ ਗਈ ਸੀ। ਯਹੋਵਾਹ ਨੇ ਖ਼ੁਦ ਐਲਾਨ ਕੀਤਾ ਸੀ ਕਿ “ਪ੍ਰਭੁ ਯਹੋਵਾਹ ਕੋਈ ਕੰਮ ਨਹੀਂ ਕਰੇਗਾ, ਜੇ ਉਹ ਆਪਣੇ ਸੇਵਕ ਨਬੀਆਂ ਨੂੰ ਆਪਣਾ ਭੇਤ ਪਰਗਟ ਨਾ ਕਰੇ।” (ਆਮੋਸ 3:7) ਠੀਕ ਜਿੱਦਾਂ ਯਹੋਵਾਹ ਨੇ ਜਲ-ਪਰਲੋ ਦੇ ਆਉਣ ਬਾਰੇ ਨੂਹ ਨੂੰ ਪਹਿਲਾਂ ਹੀ ਦੱਸਿਆ ਸੀ ਅਤੇ ਉਸ ਨੂੰ ਹੋਰਨਾਂ ਨੂੰ ਚੇਤਾਵਨੀ ਦੇਣ ਲਈ ਕਿਹਾ ਸੀ, ਉਸੇ ਤਰ੍ਹਾਂ ਯਹੋਵਾਹ ਨੇ ਆਮੋਸ ਨੂੰ ਆਖ਼ਰੀ ਚੇਤਾਵਨੀ ਦੇਣ ਲਈ ਕਿਹਾ ਸੀ। ਅਫ਼ਸੋਸ ਦੀ ਗੱਲ ਹੈ ਕਿ ਇਸਰਾਏਲੀਆਂ ਨੇ ਪਰਮੇਸ਼ੁਰ ਵੱਲੋਂ ਉਸ ਚੇਤਾਵਨੀ ਨੂੰ ਰੱਦ ਕੀਤਾ ਅਤੇ ਉਹ ਸਹੀ ਰਸਤੇ ਨਹੀਂ ਚੱਲੇ।
14. ਆਮੋਸ ਦੇ ਦਿਨਾਂ ਦੀਆਂ ਅਤੇ ਸਾਡੇ ਦਿਨਾਂ ਦੀਆਂ ਕਿਹੜੀਆਂ ਗੱਲਾਂ ਮਿਲਦੀਆਂ-ਜੁਲਦੀਆਂ ਹਨ?
14 ਤੁਸੀਂ ਇਸ ਗੱਲ ਨਾਲ ਜ਼ਰੂਰ ਸਹਿਮਤ ਹੋਵੋਗੇ ਕਿ ਆਮੋਸ ਦੇ ਦਿਨਾਂ ਦੀਆਂ ਅਤੇ ਸਾਡੇ ਦਿਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਮਿਲਦੀਆਂ-ਜੁਲਦੀਆਂ ਹਨ। ਯਿਸੂ ਨੇ ਕਈ ਬਿਪਤਾਵਾਂ ਬਾਰੇ ਦੱਸਿਆ ਸੀ ਜੋ ਅੰਤ ਦਿਆਂ ਦਿਨਾਂ ਵਿਚ ਆਉਣੀਆਂ ਸਨ। ਉਸ ਨੇ ਸੰਸਾਰ ਭਰ ਵਿਚ ਪ੍ਰਚਾਰ ਕੀਤੇ ਜਾਣ ਦੀ ਭਵਿੱਖਬਾਣੀ ਵੀ ਕੀਤੀ ਸੀ। (ਮੱਤੀ 24:3-14) ਪਰ ਆਮੋਸ ਦੇ ਦਿਨਾਂ ਵਾਂਗ ਅੱਜ ਵੀ ਬਹੁਤ ਸਾਰੇ ਲੋਕ ਸਾਡੇ ਸਮੇਂ ਦੇ ਨਿਸ਼ਾਨਾਂ ਵੱਲ ਅਤੇ ਪਰਮੇਸ਼ੁਰ ਦੇ ਸੇਵਕਾਂ ਦੇ ਸੰਦੇਸ਼ ਵੱਲ ਧਿਆਨ ਨਹੀਂ ਦਿੰਦੇ ਹਨ। ਇਨ੍ਹਾਂ ਲੋਕਾਂ ਦਾ ਕੀ ਬਣੇਗਾ? ਇਨ੍ਹਾਂ ਦਾ ਵੀ ਉਹੀ ਹਾਲ ਹੋਵੇਗਾ ਜੋ ਅਪਸ਼ਚਾਤਾਪੀ ਇਸਰਾਏਲੀਆਂ ਦਾ ਹੋਇਆ ਸੀ। ਯਹੋਵਾਹ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਸੀ: “ਹੇ ਇਸਰਾਏਲ, ਆਪਣੇ ਪਰਮੇਸ਼ੁਰ ਦੇ ਮਿਲਣ ਦੀ ਤਿਆਰੀ ਕਰ!” (ਆਮੋਸ 4:12) ਇਸਰਾਏਲੀਆਂ ਨੂੰ ਪਰਮੇਸ਼ੁਰ ਦੀ ਸਖ਼ਤ ਸਜ਼ਾ ਉਦੋਂ ਮਿਲੀ ਸੀ ਜਦੋਂ ਅੱਸ਼ੂਰੀ ਫ਼ੌਜ ਨੇ ਉਨ੍ਹਾਂ ਨੂੰ ਹਰਾਇਆ ਸੀ। ਅੱਜ ਇਹ ਦੁਸ਼ਟ ਦੁਨੀਆਂ ਆਰਮਾਗੇਡਨ ਵੇਲੇ ‘ਪਰਮੇਸ਼ੁਰ ਨੂੰ ਮਿਲੇਗੀ।’ (ਪਰਕਾਸ਼ ਦੀ ਪੋਥੀ 16:14,16) ਪਰ ਜਿੰਨਾ ਚਿਰ ਯਹੋਵਾਹ ਧੀਰਜ ਰੱਖਦਾ ਹੈ, ਉੱਨਾ ਚਿਰ ਅਸੀਂ ਸਾਰਿਆਂ ਲੋਕਾਂ ਨੂੰ ਤਾਕੀਦ ਕਰਦੇ ਹਾਂ ਕਿ “ਯਹੋਵਾਹ ਨੂੰ ਭਾਲੋ ਅਤੇ ਜੀਓ!”—ਆਮੋਸ 5:6.
ਵਿਰੋਧੀਆਂ ਦੀਆਂ ਚਾਲਾਂ
15-17. (ੳ) ਅਮਸਯਾਹ ਕੌਣ ਸੀ ਅਤੇ ਉਸ ਨੇ ਆਮੋਸ ਦੇ ਐਲਾਨ ਸੁਣ ਕੇ ਕੀ ਕੀਤਾ ਸੀ? (ਅ) ਅਮਸਯਾਹ ਨੇ ਆਮੋਸ ਉੱਤੇ ਕਿਹੜੇ ਦੋਸ਼ ਲਾਏ ਸਨ?
15 ਅਸੀਂ ਆਮੋਸ ਵਾਂਗ ਪਰਮੇਸ਼ੁਰ ਦੇ ਸੰਦੇਸ਼ ਦਾ ਪ੍ਰਚਾਰ ਕਰਦੇ ਹਾਂ ਅਤੇ ਉਸ ਵੱਲੋਂ ਲੋਕਾਂ ਨੂੰ ਚੇਤਾਵਨੀ ਵੀ ਦਿੰਦੇ ਹਾਂ। ਇਸ ਤੋਂ ਇਲਾਵਾ ਅਸੀਂ ਉਸ ਦੀ ਦਲੇਰੀ ਦੀ ਨਕਲ ਕਰਦੇ ਹਾਂ। ਇਹ ਗੱਲ ਆਮੋਸ ਦੇ 7ਵੇਂ ਅਧਿਆਇ ਵਿਚ ਜ਼ਾਹਰ ਹੁੰਦੀ ਹੈ, ਜਿੱਥੇ ਉਸ ਧਾਰਮਿਕ ਆਗੂ ਦੀ ਗੱਲ ਕੀਤੀ ਗਈ ਹੈ ਜਿਸ ਬਾਰੇ ਅਸੀਂ ਸ਼ੁਰੂ ਵਿਚ ਗੱਲ ਕੀਤੀ ਸੀ। ਉਹ ਆਗੂ ‘ਬੈਤਏਲ ਦਾ ਜਾਜਕ ਅਮਸਯਾਹ’ ਸੀ। (ਆਮੋਸ 7:10) ਇਸਰਾਏਲ ਦਾ ਬੈਤਏਲ ਸ਼ਹਿਰ ਦੇਵੀ-ਦੇਵਤਿਆਂ ਦੀ ਪੂਜਾ ਦਾ ਕੇਂਦਰ ਸੀ, ਜਿਸ ਵਿਚ ਵੱਛੇ ਦੀ ਪੂਜਾ ਵੀ ਕੀਤੀ ਜਾਂਦੀ ਸੀ। ਅਮਸਯਾਹ ਉਸ ਮੰਦਰ ਦਾ ਮੁੱਖ ਜਾਜਕ ਸੀ। ਉਸ ਨੇ ਆਮੋਸ ਦੇ ਦਲੇਰ ਐਲਾਨ ਸੁਣ ਕੇ ਕੀ ਕੀਤਾ ਸੀ?
16 ਅਮਸਯਾਹ ਨੇ ਆਮੋਸ ਨੂੰ ਕਿਹਾ: “ਹੇ ਦਰਸ਼ਣ ਵੇਖਣ ਵਾਲੇ, ਜਾਹ, ਯਹੂਦਾਹ ਦੇ ਦੇਸ ਨੂੰ ਨੱਠ ਜਾਹ! ਉੱਥੇ ਰੋਟੀ ਖਾ ਅਤੇ ਉੱਥੇ ਅਗੰਮ ਵਾਚ। ਪਰ ਬੈਤਏਲ ਵਿੱਚ ਫੇਰ ਕਦੇ ਨਾ ਅਗੰਮ ਵਾਚੀਂ ਕਿਉਂ ਜੋ ਉਹ ਪਾਤਸ਼ਾਹ ਦਾ ਪਵਿੱਤਰ ਅਸਥਾਨ ਹੈ ਅਤੇ ਸ਼ਾਹੀ ਮੰਦਰ ਹੈ।” (ਆਮੋਸ 7:12, 13) ਅਮਸਯਾਹ ਅਸਲ ਵਿਚ ਕਹਿ ਰਿਹਾ ਸੀ ਕਿ ‘ਜਾ, ਆਪਣੇ ਘਰ ਚਲੇ ਜਾ! ਸਾਡਾ ਆਪਣਾ ਧਰਮ ਹੈ।’ ਅਮਸਯਾਹ ਨੇ ਯਾਰਾਬੁਆਮ ਦੂਜੇ ਨੂੰ ਆਮੋਸ ਦੇ ਕੰਮ ਉੱਤੇ ਪਾਬੰਦੀ ਲਾਉਣ ਲਈ ਉਕਸਾਉਣ ਦੀ ਵੀ ਕੋਸ਼ਿਸ਼ ਕੀਤੀ ਸੀ। ਉਸ ਨੇ ਪਾਤਸ਼ਾਹ ਨੂੰ ਦੱਸਿਆ: “ਆਮੋਸ ਨੇ ਇਸਰਾਏਲ ਦੇ ਘਰਾਣੇ ਦੇ ਵਿੱਚ ਤੇਰੇ ਵਿਰੁੱਧ ਮਤਾ ਪਕਾਇਆ ਹੈ।” (ਆਮੋਸ 7:10) ਜੀ ਹਾਂ, ਅਮਸਯਾਹ ਨੇ ਆਮੋਸ ਉੱਤੇ ਰਾਜਧਰੋਹੀ ਹੋਣ ਦਾ ਦੋਸ਼ ਲਾਇਆ! ਉਸ ਨੇ ਰਾਜੇ ਨੂੰ ਕਿਹਾ: “ਆਮੋਸ ਇਉਂ ਆਖਦਾ ਹੈ,—ਯਾਰਾਬੁਆਮ ਤਲਵਾਰ ਨਾਲ ਮਰੇਗਾ, ਅਤੇ ਇਸਰਾਏਲ ਜ਼ਰੂਰ ਆਪਣੇ ਵਤਨ ਤੋਂ ਅਸੀਰ ਹੋ ਕੇ ਚੱਲਾ ਜਾਵੇਗਾ।”—ਆਮੋਸ 7:11.
17 ਇਸ ਇਕ ਵਾਕ ਵਿਚ ਅਮਸਯਾਹ ਨੇ ਰਾਜੇ ਨੂੰ ਬਹਿਕਾਉਣ ਵਾਲੀਆਂ ਤਿੰਨ ਗੱਲਾਂ ਕਹੀਆਂ। ਉਸ ਨੇ ਕਿਹਾ: “ਆਮੋਸ ਇਉਂ ਆਖਦਾ ਹੈ।” ਪਰ ਆਮੋਸ ਨੇ ਕਦੀ ਵੀ ਦਾਅਵਾ ਨਹੀਂ ਕੀਤਾ ਸੀ ਕਿ ਇਹ ਭਵਿੱਖਬਾਣੀ ਉਸ ਵੱਲੋਂ ਸੀ। ਇਸ ਦੀ ਬਜਾਇ ਉਸ ਨੇ ਹਮੇਸ਼ਾ ਇਹ ਕਿਹਾ ਸੀ ਕਿ “ਯਹੋਵਾਹ ਇਉਂ ਫ਼ਰਮਾਉਂਦਾ ਹੈ।” (ਆਮੋਸ 1:3) ਆਮੋਸ ਤੇ ਇਹ ਕਹਿਣ ਦਾ ਵੀ ਦੋਸ਼ ਲਾਇਆ ਗਿਆ ਸੀ ਕਿ “ਯਾਰਾਬੁਆਮ ਤਲਵਾਰ ਨਾਲ ਮਰੇਗਾ।” ਪਰ ਜਿੱਦਾਂ ਆਮੋਸ 7:9 ਵਿਚ ਦਿਖਾਇਆ ਗਿਆ ਹੈ ਯਹੋਵਾਹ ਨੇ ਆਮੋਸ ਰਾਹੀਂ ਭਵਿੱਖਬਾਣੀ ਕੀਤੀ ਸੀ ਕਿ “ਮੈਂ ਯਾਰਾਬੁਆਮ ਦੇ ਘਰਾਣੇ ਦੇ ਵਿਰੁੱਧ ਤਲਵਾਰ ਲੈ ਕੇ ਉੱਠਾਂਗਾ।” ਯਹੋਵਾਹ ਨੇ ਯਾਰਾਬੁਆਮ ਦੇ ਘਰਾਣੇ ਨੂੰ ਸਜ਼ਾ ਸੁਣਾਈ ਸੀ। ਇਸ ਦੇ ਨਾਲ-ਨਾਲ ਅਮਸਯਾਹ ਨੇ ਦਾਅਵਾ ਕੀਤਾ ਕਿ ਆਮੋਸ ਨੇ ਇਹ ਕਿਹਾ ਕਿ “ਇਸਰਾਏਲ ਜ਼ਰੂਰ ਆਪਣੇ ਵਤਨ ਤੋਂ ਅਸੀਰ ਹੋ ਕੇ ਚੱਲਾ ਜਾਵੇਗਾ।” ਪਰ ਆਮੋਸ ਨੇ ਇਹ ਵੀ ਭਵਿੱਖਬਾਣੀ ਕੀਤੀ ਸੀ ਕਿ ਜਿਹੜੇ ਵੀ ਇਸਰਾਏਲੀ ਪਰਮੇਸ਼ੁਰ ਵੱਲ ਵਾਪਸ ਮੁੜਨਗੇ ਉਨ੍ਹਾਂ ਨੂੰ ਬਰਕਤਾਂ ਮਿਲਣਗੀਆਂ। ਇਹ ਗੱਲ ਸਾਫ਼ ਸੀ ਕਿ ਅਮਸਯਾਹ ਨੇ ਆਮੋਸ ਦੇ ਕੰਮ ਉੱਤੇ ਸਰਕਾਰੀ ਪਾਬੰਦੀ ਲਗਵਾਉਣ ਲਈ ਉਸ ਦੀਆਂ ਗੱਲਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਸੀ।
18. ਅਮਸਯਾਹ ਦੀਆਂ ਚਾਲਾਂ ਅੱਜ ਪਾਦਰੀਆਂ ਦੀਆਂ ਚਾਲਾਂ ਨਾਲ ਕਿੱਦਾਂ ਰਲਦੀਆਂ-ਮਿਲਦੀਆਂ ਹਨ?
18 ਕੀ ਤੁਸੀਂ ਧਿਆਨ ਦਿੱਤਾ ਕਿ ਅਮਸਯਾਹ ਦੀਆਂ ਚਾਲਾਂ ਕਿੱਦਾਂ ਉਨ੍ਹਾਂ ਦੀਆਂ ਚਾਲਾਂ ਨਾਲ ਰਲਦੀਆਂ-ਮਿਲਦੀਆਂ ਹਨ ਜੋ ਅੱਜ ਯਹੋਵਾਹ ਦੇ ਲੋਕਾਂ ਦਾ ਵਿਰੋਧ ਕਰਦੇ ਹਨ? ਠੀਕ ਜਿੱਦਾਂ ਅਮਸਯਾਹ ਨੇ ਆਮੋਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਸੀ, ਉਸੇ ਤਰ੍ਹਾਂ ਸਾਡੇ ਜ਼ਮਾਨੇ ਦੇ ਪਾਦਰੀ, ਬਿਸ਼ਪ ਅਤੇ ਹੋਰ ਵੱਡੇ ਆਦਮੀ ਯਹੋਵਾਹ ਦੇ ਸੇਵਕਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਹਨ। ਅਮਸਯਾਹ ਨੇ ਆਮੋਸ ਉੱਤੇ ਰਾਜਧਰੋਹ ਦਾ ਇਲਜ਼ਾਮ ਲਾਇਆ ਸੀ। ਅੱਜ ਕੁਝ ਪਾਦਰੀ ਯਹੋਵਾਹ ਦੇ ਗਵਾਹਾਂ ਉੱਤੇ ਇਹ ਝੂਠਾ ਇਲਜ਼ਾਮ ਲਾਉਂਦੇ ਹਨ ਕਿ ਉਹ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਪੇਸ਼ ਕਰਦੇ ਹਨ। ਆਮੋਸ ਦਾ ਵਿਰੋਧ ਕਰਨ ਲਈ ਜਿੱਦਾਂ ਅਮਸਯਾਹ ਨੇ ਰਾਜੇ ਦੀ ਮਦਦ ਮੰਗੀ ਸੀ ਉਸੇ ਤਰ੍ਹਾਂ ਅੱਜ ਦੇ ਪਾਦਰੀ ਵੀ ਆਪਣੇ ਰਾਜਨੀਤਿਕ ਸਾਥੀਆਂ ਨਾਲ ਮਿਲ ਕੇ ਯਹੋਵਾਹ ਦੇ ਸੇਵਕਾਂ ਤੇ ਜ਼ੁਲਮ ਕਰਦੇ ਹਨ।
ਵਿਰੋਧੀ ਸਾਡਾ ਪ੍ਰਚਾਰ ਦਾ ਕੰਮ ਰੋਕ ਨਹੀਂ ਸਕਦੇ
19, 20. ਆਮੋਸ ਨੇ ਅਮਸਯਾਹ ਦੇ ਵਿਰੋਧ ਦਾ ਸਾਮ੍ਹਣਾ ਕਿੱਦਾਂ ਕੀਤਾ ਸੀ?
19 ਆਮੋਸ ਨੇ ਅਮਸਯਾਹ ਦੇ ਵਿਰੋਧ ਦਾ ਸਾਮ੍ਹਣਾ ਕਿੱਦਾਂ ਕੀਤਾ ਸੀ? ਪਹਿਲਾਂ ਆਮੋਸ ਨੇ ਉਸ ਨੂੰ ਕਿਹਾ: “ਤੂੰ ਕਹਿੰਦਾ ਹੈਂ, ਇਸਰਾਏਲ ਦੇ ਵਿਰੁੱਧ ਅਗੰਮ ਨਾ ਵਾਚ।” ਫਿਰ ਝਿਜਕਣ ਤੋਂ ਬਗੈਰ ਆਮੋਸ ਉਹੀ ਗੱਲਾਂ ਸੁਣਾਉਣ ਲੱਗ ਪਿਆ ਜੋ ਅਮਸਯਾਹ ਸੁਣਨੀਆਂ ਨਹੀਂ ਚਾਹੁੰਦਾ ਸੀ। (ਆਮੋਸ 7:16, 17) ਆਮੋਸ ਡਰਿਆ ਨਹੀਂ ਸੀ। ਸਾਡੇ ਲਈ ਇਹ ਕਿੰਨੀ ਵਧੀਆ ਮਿਸਾਲ ਹੈ। ਪਰਮੇਸ਼ੁਰ ਦੇ ਬਚਨ ਬਾਰੇ ਗੱਲ ਕਰਨ ਵਿਚ ਅਸੀਂ ਪਰਮੇਸ਼ੁਰ ਦੀ ਸੁਣਾਂਗੇ, ਉਨ੍ਹਾਂ ਦੇਸ਼ਾਂ ਵਿਚ ਵੀ ਜਿੱਥੇ ਅਮਸਯਾਹ ਵਰਗੇ ਲੋਕ ਬੇਰਹਿਮੀ ਨਾਲ ਸਾਡੇ ਉੱਤੇ ਅਤਿਆਚਾਰ ਕਰਦੇ ਹਨ। ਆਮੋਸ ਵਾਂਗ ਅਸੀਂ ਐਲਾਨ ਕਰਦੇ ਰਹਾਂਗੇ: “ਯਹੋਵਾਹ ਇਉਂ ਫ਼ਰਮਾਉਂਦਾ ਹੈ।” ਵਿਰੋਧੀ ਸਾਡਾ ਪ੍ਰਚਾਰ ਕਦੀ ਨਹੀਂ ਰੋਕ ਸਕਦੇ ਕਿਉਂਕਿ ਯਹੋਵਾਹ ਦਾ ਹੱਥ ਸਾਡੇ ਨਾਲ ਹੈ।—ਰਸੂਲਾਂ ਦੇ ਕਰਤੱਬ 11:19-21.
20 ਅਸਲ ਵਿਚ ਅਮਸਯਾਹ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਉਸ ਦੇ ਹਮਲੇ ਬੇਕਾਰ ਹੋਣੇ ਸਨ। ਆਮੋਸ ਨੇ ਪਹਿਲਾਂ ਹੀ ਦੱਸਿਆ ਸੀ ਕਿ ਉਸ ਨੂੰ ਪ੍ਰਚਾਰ ਕਰਨ ਤੋਂ ਕੋਈ ਵੀ ਇਨਸਾਨ ਕਿਉਂ ਨਹੀਂ ਰੋਕ ਸਕਦਾ ਸੀ। ਆਮੋਸ 3:3-8 ਵਿਚ ਆਮੋਸ ਨੇ ਕੁਝ ਸਵਾਲਾਂ ਅਤੇ ਦ੍ਰਿਸ਼ਟਾਂਤਾਂ ਨਾਲ ਗੱਲ ਸ਼ੁਰੂ ਕੀਤੀ ਸੀ। ਇਨ੍ਹਾਂ ਰਾਹੀਂ ਉਸ ਨੇ ਦਿਖਾਇਆ ਕਿ ਹਰ ਗੱਲ ਦਾ ਕੋਈ-ਨ-ਕੋਈ ਕਾਰਨ ਹੁੰਦਾ ਹੈ। ਫਿਰ ਉਸ ਨੇ ਸਮਝਾਇਆ: “ਬਬਰ ਸ਼ੇਰ ਗੱਜਿਆ ਹੈ, ਕੌਣ ਨਾ ਡਰੇਗਾ? ਪ੍ਰਭੁ ਯਹੋਵਾਹ ਬੋਲਿਆ, ਕੌਣ ਨਾ ਅਗੰਮ ਵਾਚੇਗਾ?” ਆਮੋਸ ਸੁਣਨ ਵਾਲਿਆਂ ਨੂੰ ਦੱਸ ਰਿਹਾ ਸੀ: ‘ਜਿੱਦਾਂ ਅਸੀਂ ਸ਼ੇਰ ਦੀ ਗਰਜ ਸੁਣ ਕੇ ਆਪਣਾ ਡਰ ਨਹੀਂ ਰੋਕ ਸਕਦੇ ਉਸੇ ਤਰ੍ਹਾਂ ਜਦੋਂ ਮੈਂ ਯਹੋਵਾਹ ਦਾ ਹੁਕਮ ਸੁਣਦਾ ਹਾਂ, ਤਾਂ ਮੈਂ ਉਸ ਦਾ ਪ੍ਰਚਾਰ ਕਰਨ ਤੋਂ ਨਹੀਂ ਰੁਕ ਸਕਦਾ।’ ਯਹੋਵਾਹ ਪਰਮੇਸ਼ੁਰ ਦੇ ਭੈ ਨੇ ਆਮੋਸ ਨੂੰ ਦਲੇਰੀ ਨਾਲ ਬੋਲਣ ਲਈ ਮਜਬੂਰ ਕੀਤਾ ਸੀ।
21. ਪ੍ਰਚਾਰ ਕਰਨ ਲਈ ਯਹੋਵਾਹ ਦਾ ਹੁਕਮ ਸੁਣ ਕੇ ਅਸੀਂ ਕੀ ਕਰਦੇ ਹਾਂ?
21 ਯਹੋਵਾਹ ਨੇ ਸਾਨੂੰ ਵੀ ਪ੍ਰਚਾਰ ਕਰਨ ਦਾ ਹੁਕਮ ਦਿੱਤਾ ਹੈ। ਇਹ ਹੁਕਮ ਸੁਣ ਕੇ ਅਸੀਂ ਕੀ ਕਰਦੇ ਹਾਂ? ਆਮੋਸ ਨਬੀ ਅਤੇ ਯਿਸੂ ਦੇ ਮੁਢਲੇ ਚੇਲਿਆਂ ਵਾਂਗ ਅਸੀਂ ਵੀ ਦਲੇਰੀ ਨਾਲ ਯਹੋਵਾਹ ਦੇ ਬਚਨ ਦਾ ਪ੍ਰਚਾਰ ਕਰਦੇ ਹਾਂ। (ਰਸੂਲਾਂ ਦੇ ਕਰਤੱਬ 4:23-31) ਨਾ ਵਿਰੋਧੀਆਂ ਦਾ ਅਤਿਆਚਾਰ ਅਤੇ ਨਾ ਹੀ ਲੋਕਾਂ ਦੀ ਬੇਪਰਵਾਹੀ ਸਾਨੂੰ ਚੁੱਪ ਕਰਵਾ ਸਕਦੀ ਹੈ। ਯਹੋਵਾਹ ਦੇ ਗਵਾਹਾਂ ਦਾ ਪੱਕਾ ਇਰਾਦਾ ਹੈ ਕਿ ਉਹ ਆਮੋਸ ਵਾਂਗ ਦਲੇਰੀ ਅਤੇ ਜੋਸ਼ ਨਾਲ ਸੰਸਾਰ ਭਰ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹਿਣਗੇ। ਭਵਿੱਖ ਵਿਚ ਯਹੋਵਾਹ ਨੇ ਲੋਕਾਂ ਨੂੰ ਸਜ਼ਾ ਦੇਣੀ ਹੈ ਤੇ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਲੋਕਾਂ ਨੂੰ ਇਸ ਬਾਰੇ ਵੀ ਖ਼ਬਰਦਾਰ ਕਰੀਏ। ਇਹ ਸਜ਼ਾ ਕਿਨ੍ਹਾਂ ਨੂੰ ਅਤੇ ਕਦੋਂ ਮਿਲੇਗੀ? ਇਸ ਸਵਾਲ ਦਾ ਜਵਾਬ ਅਗਲੇ ਲੇਖ ਵਿਚ ਦਿੱਤਾ ਜਾਵੇਗਾ।
ਤੁਸੀਂ ਕੀ ਜਵਾਬ ਦਿਓਗੇ?
• ਆਮੋਸ ਨੇ ਕਿਨ੍ਹਾਂ ਹਾਲਾਤਾਂ ਵਿਚ ਪਰਮੇਸ਼ੁਰ ਵੱਲੋਂ ਆਪਣਾ ਕੰਮ ਪੂਰਾ ਕੀਤਾ ਸੀ?
• ਆਮੋਸ ਵਾਂਗ ਸਾਨੂੰ ਕਿਸ ਗੱਲ ਦਾ ਪ੍ਰਚਾਰ ਕਰਨਾ ਚਾਹੀਦਾ ਹੈ?
• ਸਾਨੂੰ ਕਿਸ ਤਰ੍ਹਾਂ ਪ੍ਰਚਾਰ ਕਰਨਾ ਚਾਹੀਦਾ ਹੈ?
• ਵਿਰੋਧੀ ਸਾਡੇ ਪ੍ਰਚਾਰ ਦੇ ਕੰਮ ਨੂੰ ਰੋਕ ਕਿਉਂ ਨਹੀਂ ਸਕਦੇ?
[ਸਫ਼ੇ 10 ਉੱਤੇ ਤਸਵੀਰ]
ਪਰਮੇਸ਼ੁਰ ਨੇ ਗੁੱਲਰਾਂ ਦੇ ਛਾਂਗਣ ਵਾਲੇ ਆਮੋਸ ਨੂੰ ਆਪਣਾ ਕੰਮ ਕਰਨ ਲਈ ਚੁਣਿਆ ਸੀ
[ਸਫ਼ੇ 13 ਉੱਤੇ ਤਸਵੀਰ]
ਕੀ ਤੁਸੀਂ ਆਮੋਸ ਵਾਂਗ ਯਹੋਵਾਹ ਦਾ ਸੰਦੇਸ਼ ਦਲੇਰੀ ਨਾਲ ਐਲਾਨ ਕਰ ਰਹੇ ਹੋ?