ਆਓ ਆਪਾਂ ਉਨ੍ਹਾਂ ਵਿੱਚੋਂ ਹੋਈਏ ਜਿਹੜੇ ਨਿਹਚਾ ਕਰਦੇ ਹਨ
‘ਅਸੀਂ ਉਹਨਾਂ ਵਿੱਚੋਂ ਹਾਂ ਜਿਹੜੇ ਨਿਹਚਾ ਕਰ ਕੇ ਜਾਨ ਬਚਾ ਰੱਖਦੇ ਹਨ।’—ਇਬਰਾਨੀਆਂ 10:39.
1. ਇਸ ਤਰ੍ਹਾਂ ਕਿਉਂ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਦੇ ਹਰੇਕ ਵਫ਼ਾਦਾਰ ਸੇਵਕ ਦੀ ਨਿਹਚਾ ਬਹੁਮੁੱਲੀ ਹੈ?
ਅਗਲੀ ਵਾਰ ਜਦੋਂ ਤੁਸੀਂ ਯਹੋਵਾਹ ਦੇ ਉਪਾਸਕਾਂ ਨਾਲ ਭਰੇ ਹੋਏ ਕਿੰਗਡਮ ਹਾਲ ਵਿਚ ਹਾਜ਼ਰ ਹੋਵੋਗੇ ਤਾਂ ਇਕ ਪਲ ਲਈ ਰੁਕ ਕੇ ਆਪਣੇ ਆਲੇ-ਦੁਆਲੇ ਦੇਖਿਓ। ਉਨ੍ਹਾਂ ਤਰੀਕਿਆਂ ਬਾਰੇ ਸੋਚੋ ਜਿਨ੍ਹਾਂ ਵਿਚ ਸਾਡੇ ਭੈਣਾਂ-ਭਰਾਵਾਂ ਨੇ ਨਿਹਚਾ ਦਿਖਾਈ ਹੈ। ਤੁਸੀਂ ਸ਼ਾਇਦ ਵੱਡੀ ਉਮਰ ਦੇ ਵਿਅਕਤੀਆਂ ਨੂੰ ਦੇਖੋਗੇ ਜਿਨ੍ਹਾਂ ਨੇ ਕਈ ਦਹਾਕਿਆਂ ਲਈ ਪਰਮੇਸ਼ੁਰ ਦੀ ਸੇਵਾ ਕੀਤੀ ਹੈ, ਨੌਜਵਾਨਾਂ ਨੂੰ ਜੋ ਰੋਜ਼ ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰਦੇ ਹਨ, ਅਤੇ ਮਾਪਿਆਂ ਨੂੰ ਜੋ ਆਪਣੇ ਬੱਚਿਆਂ ਨੂੰ ਪਾਲਣ-ਪੋਸਣ ਲਈ ਸਖ਼ਤ ਮਿਹਨਤ ਕਰਦੇ ਹਨ ਤਾਂਕਿ ਉਹ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਬਣਨ। ਕਲੀਸਿਯਾ ਵਿਚ ਬਜ਼ੁਰਗ ਅਤੇ ਸਹਾਇਕ ਸੇਵਕ ਹਨ ਜੋ ਕਈਆਂ ਜ਼ਿੰਮੇਵਾਰੀਆਂ ਦਾ ਭਾਰ ਚੁੱਕਦੇ ਹਨ। ਜੀ ਹਾਂ, ਤੁਸੀਂ ਹਰੇਕ ਉਮਰ ਦੇ ਭੈਣਾਂ-ਭਰਾਵਾਂ ਨੂੰ ਦੇਖੋਗੇ ਜੋ ਯਹੋਵਾਹ ਦੀ ਸੇਵਾ ਕਰਨ ਵਾਸਤੇ ਹਰ ਤਰ੍ਹਾਂ ਦੀਆਂ ਰੁਕਾਵਟਾਂ ਦਾ ਸਾਮ੍ਹਣਾ ਕਰਦੇ ਹਨ। ਇਨ੍ਹਾਂ ਸਾਰਿਆਂ ਦੀ ਨਿਹਚਾ ਕਿੰਨੀ ਬਹੁਮੁੱਲੀ ਹੈ!—1 ਪਤਰਸ 1:7.
2. ਇਬਰਾਨੀਆਂ ਦੇ 10ਵੇਂ ਅਤੇ 11ਵੇਂ ਅਧਿਆਵਾਂ ਵਿਚ ਪੌਲੁਸ ਦੀ ਸਲਾਹ ਅੱਜ ਸਾਡੇ ਲਈ ਕਿਉਂ ਫ਼ਾਇਦੇਮੰਦ ਹੈ?
2 ਅਪੂਰਣ ਮਨੁੱਖਾਂ ਵਿੱਚੋਂ ਬਹੁਤ ਹੀ ਘੱਟ ਲੋਕਾਂ ਨੇ ਨਿਹਚਾ ਦੀ ਮਹੱਤਤਾ ਨੂੰ ਪੌਲੁਸ ਰਸੂਲ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਸਮਝਿਆ ਹੈ। ਦਰਅਸਲ, ਉਸ ਨੇ ਕਿਹਾ ਸੀ ਕਿ ਸੱਚੀ ਨਿਹਚਾ ‘ਜਾਨ ਬਚਾ ਰੱਖਦੀ ਹੈ।’ (ਇਬਰਾਨੀਆਂ 10:39) ਪਰ, ਪੌਲੁਸ ਜਾਣਦਾ ਸੀ ਕਿ ਇਸ ਨਿਹਚਾਹੀਣ ਦੁਨੀਆਂ ਵਿਚ ਨਿਹਚਾ ਉੱਤੇ ਹਮਲਾ ਕੀਤਾ ਜਾਵੇਗਾ ਅਤੇ ਇਹ ਤੋੜੀ ਵੀ ਜਾ ਸਕਦੀ ਹੈ। ਉਹ ਯਰੂਸ਼ਲਮ ਅਤੇ ਯਹੂਦਾਹ ਵਿਚ ਇਬਰਾਨੀ ਮਸੀਹੀਆਂ ਬਾਰੇ ਬਹੁਤ ਫ਼ਿਕਰਮੰਦ ਸੀ, ਕਿਉਂ ਜੋ ਉਹ ਆਪਣੀ ਨਿਹਚਾ ਕਾਇਮ ਰੱਖਣ ਲਈ ਸੰਘਰਸ਼ ਕਰ ਰਹੇ ਸਨ। ਹੁਣ ਜਿਵੇਂ ਅਸੀਂ ਇਬਰਾਨੀਆਂ ਦੇ 10ਵੇਂ ਅਤੇ 11ਵੇਂ ਅਧਿਆਵਾਂ ਦੇ ਕੁਝ ਹਿੱਸਿਆਂ ਵੱਲ ਦੇਖਾਂਗੇ, ਆਓ ਆਪਾਂ ਉਨ੍ਹਾਂ ਤਰੀਕਿਆਂ ਵੱਲ ਧਿਆਨ ਦੇਈਏ ਜੋ ਪੌਲੁਸ ਨੇ ਨਿਹਚਾ ਵਧਾਉਣ ਲਈ ਵਰਤੇ ਸਨ। ਇਸ ਦੇ ਨਾਲ-ਨਾਲ ਅਸੀਂ ਦੇਖਾਂਗੇ ਕਿ ਅਸੀਂ ਆਪਣੀ ਅਤੇ ਹੋਰਨਾਂ ਦੀ ਨਿਹਚਾ ਨੂੰ ਕਿਸ ਤਰ੍ਹਾਂ ਮਜ਼ਬੂਤ ਕਰ ਸਕਦੇ ਹਾਂ।
ਇਕ ਦੂਸਰੇ ਉੱਤੇ ਭਰੋਸਾ ਰੱਖੋ
3. ਇਬਰਾਨੀਆਂ 10:39 ਵਿਚ ਪਾਏ ਗਏ ਪੌਲੁਸ ਦੇ ਸ਼ਬਦ ਕਿਸ ਤਰ੍ਹਾਂ ਦਿਖਾਉਂਦੇ ਹਨ ਕਿ ਉਹ ਆਪਣੇ ਭੈਣਾਂ-ਭਰਾਵਾਂ ਦੀ ਨਿਹਚਾ ਵਿਚ ਭਰੋਸਾ ਰੱਖਦਾ ਸੀ?
3 ਧਿਆਨ ਦੇਣ ਵਾਲੀ ਪਹਿਲੀ ਗੱਲ ਇਹ ਹੈ ਕਿ ਪੌਲੁਸ ਖਤ ਪੜ੍ਹਨ ਵਾਲਿਆਂ ਦੀ ਬਹੁਤ ਇੱਜ਼ਤ ਕਰਦਾ ਹੈ। ਉਸ ਨੇ ਲਿਖਿਆ: “ਪਰ ਅਸੀਂ ਓਹਨਾਂ ਵਿੱਚੋਂ ਨਹੀਂ ਜਿਹੜੇ ਪਿਛਾਹਾਂ ਹਟ ਕੇ ਨਸ਼ਟ ਹੋ ਜਾਂਦੇ ਹਨ ਸਗੋਂ ਓਹਨਾਂ ਵਿੱਚੋਂ ਜਿਹੜੇ ਨਿਹਚਾ ਕਰ ਕੇ ਜਾਨ ਬਚਾ ਰੱਖਦੇ ਹਨ।” (ਇਬਰਾਨੀਆਂ 10:39) ਪੌਲੁਸ ਨੇ ਆਪਣੇ ਵਫ਼ਾਦਾਰ ਸੰਗੀ ਮਸੀਹੀਆਂ ਬਾਰੇ ਬੁਰਾ ਨਹੀਂ, ਪਰ ਹਮੇਸ਼ਾ ਭਲਾ ਸੋਚਿਆ ਸੀ। ਇਸ ਵੱਲ ਵੀ ਧਿਆਨ ਦਿਓ ਕਿ ਉਸ ਨੇ “ਅਸੀਂ” ਸ਼ਬਦ ਵਰਤਿਆ ਸੀ। ਪੌਲੁਸ ਇਕ ਨੇਕ ਆਦਮੀ ਸੀ। ਲੇਕਿਨ, ਉਸ ਨੇ ਖਤ ਪੜ੍ਹਨ ਵਾਲਿਆਂ ਨਾਲ ਇਸ ਤਰੀਕੇ ਵਿਚ ਗੱਲ ਨਹੀਂ ਕੀਤੀ ਜਿਵੇਂ ਕਿ ਉਹ ਬਹੁਤ ਨੀਵੇਂ ਸਨ ਅਤੇ ਉਹ ਆਪ ਉਨ੍ਹਾਂ ਨਾਲੋਂ ਕਿਤੇ ਹੀ ਜ਼ਿਆਦਾ ਨੇਕ ਸੀ। (ਉਪਦੇਸ਼ਕ ਦੀ ਪੋਥੀ 7:16 ਦੀ ਤੁਲਨਾ ਕਰੋ।) ਇਸ ਦੀ ਬਜਾਇ ਉਸ ਨੇ ਆਪਣੇ ਆਪ ਨੂੰ ਉਨ੍ਹਾਂ ਵਰਗਾ ਸਮਝਿਆ। ਉਸ ਨੇ ਸੱਚੇ ਦਿੱਲੋਂ ਭਰੋਸਾ ਪ੍ਰਗਟ ਕੀਤਾ ਕਿ ਉਹ ਅਤੇ ਉਸ ਦੇ ਸਾਰੇ ਵਫ਼ਾਦਾਰ ਮਸੀਹੀ ਪਾਠਕ ਆਉਣ ਵਾਲੀਆਂ ਡਰਾਉਣੀਆਂ ਰੁਕਾਵਟਾਂ ਦਾ ਸਾਮ੍ਹਣਾ ਕਰ ਸਕਣਗੇ, ਉਹ ਪਿਛਾਹਾਂ ਹਟ ਕੇ ਨਸ਼ਟ ਵੱਲ ਜਾਣ ਤੋਂ ਦਲੇਰੀ ਨਾਲ ਇਨਕਾਰ ਕਰਨਗੇ, ਅਤੇ ਉਹ ਅਜਿਹੇ ਵਿਅਕਤੀ ਸਾਬਤ ਹੋਣਗੇ ਜੋ ਨਿਹਚਾ ਕਰਦੇ ਹਨ।
4. ਪੌਲੁਸ ਨੇ ਆਪਣੇ ਸੰਗੀ ਵਿਸ਼ਵਾਸੀਆਂ ਉੱਤੇ ਕਿਨ੍ਹਾਂ ਕਾਰਨਾਂ ਕਰਕੇ ਭਰੋਸਾ ਰੱਖਿਆ ਸੀ?
4 ਪੌਲੁਸ ਇਸ ਤਰ੍ਹਾਂ ਦਾ ਭਰੋਸਾ ਕਿਸ ਤਰ੍ਹਾਂ ਰੱਖ ਸਕਦਾ ਸੀ? ਕੀ ਇਬਰਾਨੀ ਮਸੀਹੀਆਂ ਦੀਆਂ ਗ਼ਲਤੀਆਂ ਉਸ ਨੂੰ ਦਿੱਸਦੀਆਂ ਨਹੀਂ ਸਨ? ਜ਼ਰੂਰ ਦਿੱਸਦੀਆਂ ਸਨ, ਇਸੇ ਲਈ ਤਾਂ ਪੌਲੁਸ ਨੇ ਉਨ੍ਹਾਂ ਨੂੰ ਆਪਣੀਆਂ ਰੂਹਾਨੀ ਕਮਜ਼ੋਰੀਆਂ ਉੱਤੇ ਜੇਤੂ ਹੋਣ ਲਈ ਖ਼ਾਸ ਸਲਾਹ ਦਿੱਤੀ ਸੀ। (ਇਬਰਾਨੀਆਂ 3:12; 5:12-14; 6:4-6; 10:26, 27; 12:5) ਫਿਰ ਵੀ, ਆਪਣਿਆਂ ਭਰਾਵਾਂ ਵਿਚ ਭਰੋਸਾ ਰੱਖਣ ਲਈ ਪੌਲੁਸ ਕੋਲ ਦੋ ਖ਼ਾਸ ਕਾਰਨ ਸਨ। (1) ਯਹੋਵਾਹ ਦੀ ਰੀਸ ਕਰਦੇ ਹੋਏ, ਪੌਲੁਸ ਪਰਮੇਸ਼ੁਰ ਦੇ ਲੋਕਾਂ ਨੂੰ ਉਸ ਤਰ੍ਹਾਂ ਦੇਖਣ ਦੀ ਕੋਸ਼ਿਸ਼ ਕਰਦਾ ਸੀ ਜਿਸ ਤਰ੍ਹਾਂ ਯਹੋਵਾਹ ਦੇਖਦਾ ਹੈ। ਉਹ ਉਨ੍ਹਾਂ ਦੀਆਂ ਗ਼ਲਤੀਆਂ ਹੀ ਨਹੀਂ, ਪਰ ਉਨ੍ਹਾਂ ਦੇ ਚੰਗੇ ਗੁਣ ਵੀ ਦੇਖਦਾ ਸੀ ਅਤੇ ਯਾਦ ਰੱਖਦਾ ਸੀ ਕਿ ਭਵਿੱਖ ਵਿਚ ਉਹ ਚੰਗੇ ਕੰਮ ਕਰਨ ਦੀ ਵੀ ਚੋਣ ਕਰ ਸਕਦੇ ਹਨ। (ਜ਼ਬੂਰ 130:3; ਅਫ਼ਸੀਆਂ 5:1) (2) ਪਵਿੱਤਰ ਸ਼ਕਤੀ ਦੇ ਬਲ ਵਿਚ ਪੌਲੁਸ ਪੂਰਾ ਵਿਸ਼ਵਾਸ ਕਰਦਾ ਸੀ। ਉਹ ਜਾਣਦਾ ਸੀ ਕਿ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਨ ਵਾਲੇ ਮਸੀਹੀਆਂ ਦੀਆਂ ਮੁਸ਼ਕਲਾਂ ਜਾਂ ਮਨੁੱਖੀ ਕਮਜ਼ੋਰੀਆਂ, ਯਹੋਵਾਹ ਨੂੰ ਆਪਣੀ “ਮਹਾਂ-ਸ਼ਕਤੀ” ਦੇਣ ਤੋਂ ਨਹੀਂ ਰੋਕ ਸਕਦੀਆਂ ਸਨ। (2 ਕੁਰਿੰਥੀਆਂ 4:7, ਨਵਾਂ ਅਨੁਵਾਦ; ਫ਼ਿਲਿੱਪੀਆਂ 4:13) ਤਾਂ ਫਿਰ ਪੌਲੁਸ ਦਾ ਆਪਣਿਆਂ ਭੈਣਾਂ-ਭਰਾਵਾਂ ਵਿਚ ਭਰੋਸਾ ਗ਼ਲਤ ਨਹੀਂ ਸੀ ਅਤੇ ਨਾ ਹੀ ਉਸ ਨੇ ਬਿਨਾਂ ਕਾਰਨ ਜਾਂ ਬਿਨਾਂ ਸੋਚੇ-ਸਮਝੇ ਉਨ੍ਹਾਂ ਉੱਤੇ ਆਸ਼ਾ ਰੱਖੀ ਸੀ। ਇਹ ਭਰੋਸਾ ਪੱਕੀਆਂ ਅਤੇ ਸ਼ਾਸਤਰ-ਸੰਬੰਧੀ ਗੱਲਾਂ ਉੱਤੇ ਆਧਾਰਿਤ ਸੀ।
5. ਅਸੀਂ ਪੌਲੁਸ ਦੇ ਭਰੋਸੇ ਦੀ ਰੀਸ ਕਿਸ ਤਰ੍ਹਾਂ ਕਰ ਸਕਦੇ ਹਾਂ, ਅਤੇ ਇਸ ਦਾ ਨਤੀਜਾ ਕੀ ਹੋਵੇਗਾ?
5 ਪੌਲੁਸ ਦਾ ਭਰੋਸਾ ਦੇਖ ਕੇ ਭਰਾਵਾਂ ਨੇ ਜ਼ਰੂਰ ਉਸ ਦੀ ਰੀਸ ਕੀਤੀ ਹੋਣੀ। ਯਰੂਸ਼ਲਮ ਅਤੇ ਯਹੂਦਾਹ ਦੀਆਂ ਕਲੀਸਿਯਾਵਾਂ ਲਈ ਇਹ ਬਹੁਤ ਹੀ ਵੱਡੀ ਗੱਲ ਹੋਣੀ ਸੀ ਕਿ ਪੌਲੁਸ ਨੇ ਆਪਣਿਆਂ ਸ਼ਬਦਾਂ ਰਾਹੀਂ ਉਨ੍ਹਾਂ ਦਾ ਇੰਨਾ ਹੌਸਲਾ ਵਧਾਇਆ। ਇਬਰਾਨੀ ਮਸੀਹੀ ਆਪਣੇ ਯਹੂਦੀ ਵਿਰੋਧੀਆਂ ਵੱਲੋਂ ਨਫ਼ਰਤ ਅਤੇ ਘਮੰਡੀ ਰਵੱਈਏ ਦਾ ਸਾਮ੍ਹਣਾ ਕਰ ਰਹੇ ਸਨ। ਇਸ ਲਈ ਪੌਲੁਸ ਦੀਆਂ ਗੱਲਾਂ ਨੇ ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਉਨ੍ਹਾਂ ਨੇ ਆਪਣਿਆਂ ਦਿਲਾਂ ਵਿਚ ਪੱਕਾ ਇਰਾਦਾ ਬਣਾਇਆ ਕਿ ਉਹ ਨਿਹਚਾ ਕਰਨ ਵਾਲਿਆਂ ਵਿੱਚੋਂ ਹੋਣਗੇ। ਕੀ ਅਸੀਂ ਅੱਜ ਇਕ ਦੂਸਰੇ ਲਈ ਇਸ ਤਰ੍ਹਾਂ ਕਰ ਸਕਦੇ ਹਾਂ? ਦੂਸਰਿਆਂ ਦੀਆਂ ਗ਼ਲਤੀਆਂ ਅਤੇ ਬੁਰੀਆਂ ਆਦਤਾਂ ਦੇਖਣੀਆਂ ਬਹੁਤ ਆਸਾਨ ਹੈ। (ਮੱਤੀ 7:1-5) ਲੇਕਿਨ, ਜੇਕਰ ਅਸੀਂ ਸਾਰਿਆਂ ਦੀ ਅਨਮੋਲ ਨਿਹਚਾ ਵੱਲ ਧਿਆਨ ਦੇਈਏ ਅਤੇ ਉਸ ਦੀ ਕਦਰ ਕਰੀਏ, ਤਾਂ ਅਸੀਂ ਇਕ ਦੂਸਰੇ ਦੀ ਜ਼ਿਆਦਾ ਮਦਦ ਕਰ ਸਕਾਂਗੇ। ਅਜਿਹੇ ਉਤਸ਼ਾਹ ਨਾਲ ਸਾਰਿਆਂ ਦੀ ਨਿਹਚਾ ਜ਼ਰੂਰ ਵਧੇਗੀ।—ਰੋਮੀਆਂ 1:11, 12.
ਪਰਮੇਸ਼ੁਰ ਦੇ ਬਚਨ ਦੀ ਚੰਗੀ ਵਰਤੋਂ
6. ਇਬਰਾਨੀਆਂ 10:38 ਦੇ ਸ਼ਬਦ ਲਿਖਦੇ ਹੋਏ ਪੌਲੁਸ ਕਿੱਥੋਂ ਹਵਾਲਾ ਦੇ ਰਿਹਾ ਸੀ?
6 ਪੌਲੁਸ ਨੇ ਬਾਈਬਲ ਦੀ ਚੰਗੀ ਵਰਤੋਂ ਰਾਹੀਂ ਵੀ ਆਪਣੇ ਸੰਗੀ ਭੈਣਾਂ-ਭਰਾਵਾਂ ਦੀ ਨਿਹਚਾ ਵਧਾਈ ਸੀ। ਮਿਸਾਲ ਲਈ, ਉਸ ਨੇ ਲਿਖਿਆ: “ਪਰ ਮੇਰਾ ਧਰਮੀ ਬੰਦਾ ਨਿਹਚਾ ਤੋਂ ਜੀਵੇਗਾ, ਅਤੇ ਜੇ ਉਹ ਪਿਛਾਹਾਂ ਹਟ ਜਾਵੇ, ਮੇਰਾ ਜੀ ਉਸ ਤੋਂ ਪਰਸੰਨ ਨਹੀਂ ਹੋਵੇਗਾ।” (ਇਬਰਾਨੀਆਂ 10:38) ਪੌਲੁਸ ਹਬੱਕੂਕ ਨਬੀ ਦੀਆਂ ਗੱਲਾਂ ਦੁਹਰਾ ਰਿਹਾ ਸੀ।a ਸੰਭਵ ਹੈ ਕਿ ਪੌਲੁਸ ਦਾ ਖਤ ਪੜ੍ਹਨ ਵਾਲੇ ਇਨ੍ਹਾਂ ਗੱਲਾਂ ਬਾਰੇ ਜਾਣਦੇ ਸਨ, ਕਿਉਂਕਿ ਇਬਰਾਨੀ ਮਸੀਹੀ ਨਬੀਆਂ ਦੀਆਂ ਪੋਥੀਆਂ ਨਾਲ ਵਾਕਫ਼ ਸਨ। ਪੌਲੁਸ ਉਨ੍ਹਾਂ ਵਫ਼ਾਦਾਰ ਮਸੀਹੀਆਂ ਦੀ ਨਿਹਚਾ ਵਧਾਉਣੀ ਚਾਹੁੰਦਾ ਸੀ ਜੋ ਲਗਭਗ 61 ਸਾ.ਯੁ. ਵਿਚ ਯਰੂਸ਼ਲਮ ਅਤੇ ਉਸ ਦੇ ਲਾਗੇ-ਚਾਗੇ ਰਹਿੰਦੇ ਸਨ। ਇਸ ਲਈ ਹਬੱਕੂਕ ਦੀ ਮਿਸਾਲ ਚੰਗੀ ਸੀ। ਅਸੀਂ ਇਹ ਕਿਉਂ ਕਹਿ ਸਕਦੇ ਹਾਂ?
7. ਹਬੱਕੂਕ ਨੇ ਆਪਣੀ ਭਵਿੱਖਬਾਣੀ ਕਦੋਂ ਲਿਖੀ ਸੀ ਅਤੇ ਉਸ ਸਮੇਂ ਤੇ ਯਹੂਦਾਹ ਵਿਚ ਹਾਲਾਤ ਕਿਸ ਤਰ੍ਹਾਂ ਦੇ ਸਨ?
7 ਜ਼ਾਹਰ ਹੈ ਕਿ ਹਬੱਕੂਕ ਨੇ 607 ਸਾ.ਯੁ.ਪੂ. ਵਿਚ ਯਰੂਸ਼ਲਮ ਦੇ ਨਾਸ਼ ਹੋਣ ਤੋਂ ਵੀਹ ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਆਪਣੀ ਪੁਸਤਕ ਲਿਖੀ ਸੀ। ਦਰਸ਼ਣ ਵਿਚ, ਨਬੀ ਨੇ ਕਸਦੀਆਂ (ਬਾਬਲੀ ਲੋਕ) ਨੂੰ ਦੇਖਿਆ ਜੋ ਕਿ ਇਕ “ਕੌੜੀ ਅਤੇ ਜੋਸ਼ ਵਾਲੀ ਕੌਮ” ਸੀ। ਉਸ ਨੇ ਉਨ੍ਹਾਂ ਨੂੰ ਯਹੂਦਾਹ ਉੱਤੇ ਅਚਾਨਕ ਹਮਲਾ ਕਰਦਿਆਂ ਅਤੇ ਯਰੂਸ਼ਲਮ ਦਾ ਨਾਸ ਕਰਦਿਆਂ, ਅਤੇ ਨਾਲ-ਨਾਲ ਲੋਕਾਂ ਅਤੇ ਕੌਮਾਂ ਦਾ ਵੀ ਨਾਸ ਕਰਦਿਆਂ ਦੇਖਿਆ। (ਹਬੱਕੂਕ 1:5-11) ਲੇਕਿਨ ਅਜਿਹੀ ਬਿਪਤਾ ਦੀ ਭਵਿੱਖਬਾਣੀ, ਇਕ ਸਦੀ ਤੋਂ ਜ਼ਿਆਦਾ ਚਿਰ ਪਹਿਲਾਂ, ਯਸਾਯਾਹ ਦੇ ਦਿਨਾਂ ਵਿਚ ਵੀ ਕੀਤੀ ਗਈ ਸੀ। ਹਬੱਕੂਕ ਦੇ ਸਮੇਂ ਵਿਚ, ਯੋਸੀਯਾਹ ਤੋਂ ਬਾਅਦ ਯਹੋਯਾਕੀਮ ਰਾਜਾ ਬਣਿਆ ਅਤੇ ਬੁਰਾਈ ਫਿਰ ਯਹੂਦਾਹ ਵਿਚ ਫੈਲਰ ਗਈ। ਯਹੋਯਾਕੀਮ ਨੇ ਯਹੋਵਾਹ ਦਾ ਨਾਂ ਲੈਣ ਵਾਲਿਆਂ ਉੱਤੇ ਜ਼ੁਲਮ ਕੀਤੇ, ਇੱਥੋਂ ਤਕ ਕਿ ਉਨ੍ਹਾਂ ਦੇ ਕਤਲ ਵੀ ਕੀਤੇ। (2 ਇਤਹਾਸ 36:5; ਯਿਰਮਿਯਾਹ 22:17; 26:20-24) ਤਾਂ ਫਿਰ, ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਹਬੱਕੂਕ ਨਬੀ ਨੇ ਦੁਹਾਈ ਦਿੱਤੀ: ‘ਹੇ ਯਹੋਵਾਹ, ਕਦ ਤਾਈਂ?’—ਹਬੱਕੂਕ 1:2.
8. ਹਬੱਕੂਕ ਦੀ ਮਿਸਾਲ ਪਹਿਲੀ ਸਦੀ ਦੇ ਅਤੇ ਅੱਜ ਦੇ ਮਸੀਹੀਆਂ ਲਈ ਲਾਭਦਾਇਕ ਕਿਉਂ ਹੋਵੇਗੀ?
8 ਹਬੱਕੂਕ ਨੂੰ ਪਤਾ ਨਹੀਂ ਸੀ ਕਿ ਯਰੂਸ਼ਲਮ ਦਾ ਨਾਸ ਕਿੰਨਾ ਕੁ ਨਜ਼ਦੀਕ ਸੀ। ਇਸੇ ਤਰ੍ਹਾਂ, ਪਹਿਲੀ ਸਦੀ ਦੇ ਮਸੀਹੀਆਂ ਨੂੰ ਵੀ ਨਹੀਂ ਪਤਾ ਸੀ ਕਿ ਯਹੂਦੀ ਰੀਤੀ ਕਦੋਂ ਖ਼ਤਮ ਹੋਣੀ ਸੀ। ਨਾ ਹੀ ਅੱਜ ਸਾਨੂੰ ਉਸ “ਦਿਨ ਅਤੇ ਘੜੀ” ਦਾ ਪਤਾ ਹੈ ਜਦੋਂ ਯਹੋਵਾਹ ਦਾ ਨਿਆਉਂ ਇਸ ਦੁਸ਼ਟ ਸੰਸਾਰ ਉੱਤੇ ਆਵੇਗਾ। (ਮੱਤੀ 24:36) ਤਾਂ ਫਿਰ, ਆਓ ਆਪਾਂ ਹਬੱਕੂਕ ਨੂੰ ਦਿੱਤੇ ਗਏ ਯਹੋਵਾਹ ਦੇ ਜਵਾਬ ਵੱਲ ਧਿਆਨ ਦੇਈਏ ਜਿਸ ਵਿਚ ਉਸ ਨੇ ਦੋ ਗੱਲਾਂ ਦੱਸੀਆਂ। ਪਹਿਲਾਂ, ਉਸ ਨੇ ਨਬੀ ਨੂੰ ਪੱਕਾ ਭਰੋਸਾ ਦਿਲਾਇਆ ਕਿ ਅੰਤ ਸਹੀ ਸਮੇਂ ਤੇ ਆਵੇਗਾ। ਭਾਵੇਂ ਕਿ ਮਾਨਵੀ ਨਜ਼ਰੀਏ ਤੋਂ ਲੱਗਦਾ ਸੀ ਕਿ ਅੰਤ ਆਉਣ ਵਿਚ ਚਿਰ ਲਾ ਰਿਹਾ ਸੀ, ਪਰਮੇਸ਼ੁਰ ਕਹਿੰਦਾ ਹੈ ਕਿ “ਉਹ ਚਿਰ ਨਾ ਲਾਵੇਗਾ।” (ਹਬੱਕੂਕ 2:3) ਦੂਜੀ ਗੱਲ ਜੋ ਯਹੋਵਾਹ ਨੇ ਹਬੱਕੂਕ ਨੂੰ ਯਾਦ ਕਰਵਾਈ ਇਹ ਸੀ ਕਿ “ਧਰਮੀ ਆਪਣੀ ਵਫ਼ਾਦਾਰੀ ਨਾਲ ਜੀਵੇਗਾ।” (ਹਬੱਕੂਕ 2:4) ਇਹ ਕਿੰਨੀਆਂ ਸਪੱਸ਼ਟ ਅਤੇ ਸੋਹਣੀਆਂ ਸੱਚਾਈਆਂ ਹਨ! ਸਭ ਤੋਂ ਜ਼ਰੂਰੀ ਗੱਲ ਇਹ ਨਹੀਂ ਹੈ ਕਿ ਅੰਤ ਕਦੋਂ ਆਵੇਗਾ, ਪਰ ਇਹ ਹੈ ਕਿ ਕੀ ਅਸੀਂ ਨਿਹਚਾ ਵਾਲੀ ਜ਼ਿੰਦਗੀ ਜੀਉਂਦੇ ਰਹਾਂਗੇ ਜਾਂ ਨਹੀਂ।
9. (ੳ) ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਦੇ ਕਾਰਨ 607 ਸਾ.ਯੁ.ਪੂ. ਵਿਚ ਉਸ ਦੇ ਸੇਵਕ ਕਿਸ ਤਰ੍ਹਾਂ ਜੀਉਂਦੇ ਰਹੇ? (ਅ) ਅਤੇ 66 ਸਾ.ਯੁ. ਤੋਂ ਬਾਅਦ ਕਿਸ ਤਰ੍ਹਾਂ ਜੀਉਂਦੇ ਰਹੇ? (ੲ) ਸਾਡੇ ਲਈ ਆਪਣੀ ਨਿਹਚਾ ਨੂੰ ਪੱਕਾ ਕਰਨਾ ਕਿਉਂ ਜ਼ਰੂਰੀ ਹੈ?
9 ਜਦੋਂ 607 ਸਾ.ਯੁ.ਪੂ. ਵਿਚ ਯਰੂਸ਼ਲਮ ਦਾ ਨਾਸ ਕੀਤਾ ਗਿਆ ਸੀ, ਤਾਂ ਯਿਰਮਿਯਾਹ ਨੇ, ਉਸ ਦੇ ਸਕੱਤਰ ਬਾਰੂਕ ਨੇ, ਅਬਦ-ਮਲਕ ਨੇ, ਅਤੇ ਵਫ਼ਾਦਾਰ ਰੇਕਾਬੀਆਂ ਨੇ ਹਬੱਕੂਕ ਨਾਲ ਕੀਤੇ ਗਏ ਯਹੋਵਾਹ ਦੇ ਵਾਅਦੇ ਦੀ ਪੂਰਤੀ ਦੇਖੀ। ਉਹ ਯਰੂਸ਼ਲਮ ਦੇ ਭਿਆਨਕ ਵਿਨਾਸ਼ ਤੋਂ ਬਚ ਕੇ ‘ਜੀਉਂਦੇ ਰਹੇ।’ ਕਿਉਂ? ਕਿਉਂਕਿ ਯਹੋਵਾਹ ਨੇ ਉਨ੍ਹਾਂ ਦੀ ਵਫ਼ਾਦਾਰੀ ਦੇ ਕਾਰਨ ਉਨ੍ਹਾਂ ਨੂੰ ਬਰਕਤ ਦਿੱਤੀ। (ਯਿਰਮਿਯਾਹ 35:1-19; 39:15-18; 43:4-7; 45:1-5) ਇਸੇ ਤਰ੍ਹਾਂ, ਪਹਿਲੀ ਸਦੀ ਦੇ ਇਬਰਾਨੀ ਮਸੀਹੀਆਂ ਨੇ ਪੌਲੁਸ ਦੀ ਸਲਾਹ ਵੱਲ ਚੰਗੀ ਤਰ੍ਹਾਂ ਧਿਆਨ ਦਿੱਤਾ ਹੋਣਾ, ਕਿਉਂਕਿ ਜਦੋਂ 66 ਸਾ.ਯੁ. ਵਿਚ ਰੋਮੀ ਫ਼ੌਜਾਂ ਯਰੂਸ਼ਲਮ ਉੱਤੇ ਹਮਲਾ ਕਰਨ ਤੋਂ ਬਾਅਦ ਅਚਾਨਕ ਹੀ ਪਿੱਛੇ ਹਟ ਗਈਆਂ ਸਨ, ਤਾਂ ਉਹ ਮਸੀਹੀ ਯਿਸੂ ਦੀ ਸਲਾਹ ਪ੍ਰਤੀ ਵਫ਼ਾਦਾਰ ਰਹੇ ਅਤੇ ਉੱਥੋਂ ਭੱਜ ਨਿਕਲੇ। (ਲੂਕਾ 21:20, 21) ਉਹ ਆਪਣੀ ਵਫ਼ਾਦਾਰੀ ਕਾਰਨ ਜੀਉਂਦੇ ਰਹੇ। ਇਸੇ ਤਰ੍ਹਾਂ, ਅਸੀਂ ਵੀ ਜੀਉਂਦੇ ਰਹਾਂਗੇ ਜੇ ਅਸੀਂ ਅੰਤ ਆਉਣ ਤਕ ਵਫ਼ਾਦਾਰ ਰਹਾਂਗੇ। ਆਪਣੀ ਨਿਹਚਾ ਨੂੰ ਹੁਣ ਪੱਕਾ ਕਰਨ ਲਈ ਇਹ ਕਿੰਨਾ ਵੱਡਾ ਕਾਰਨ ਹੈ!
ਨਿਹਚਾ ਦੀਆਂ ਮਿਸਾਲਾਂ ਉੱਤੇ ਮਨਨ ਕਰਨਾ
10. ਪੌਲੁਸ ਨੇ ਮੂਸਾ ਦੀ ਨਿਹਚਾ ਦਾ ਕਿਸ ਤਰ੍ਹਾਂ ਵਰਣਨ ਕੀਤਾ ਸੀ, ਅਤੇ ਅਸੀਂ ਮੂਸਾ ਦੀ ਰੀਸ ਕਿਸ ਤਰ੍ਹਾਂ ਕਰ ਸਕਦੇ ਹਾਂ?
10 ਪੌਲੁਸ ਨੇ ਮਿਸਾਲਾਂ ਦੀ ਚੰਗੀ ਵਰਤੋਂ ਰਾਹੀਂ ਵੀ ਨਿਹਚਾ ਵਧਾਈ ਸੀ। ਜਿਉਂ-ਜਿਉਂ ਤੁਸੀਂ ਇਬਰਾਨੀਆਂ ਦੇ ਗਿਆਰ੍ਹਵੇਂ ਅਧਿਆਇ ਨੂੰ ਪੜ੍ਹਦੇ ਹੋ, ਧਿਆਨ ਦਿਓ ਕਿ ਉਹ ਬਾਈਬਲ ਦੀਆਂ ਕਹਾਣੀਆਂ ਨੂੰ ਕਿਸ ਤਰ੍ਹਾਂ ਜ਼ਿੰਦਾ ਬਣਾਉਂਦਾ ਹੈ। ਮਿਸਾਲ ਲਈ, ਉਹ ਕਹਿੰਦਾ ਹੈ ਕਿ ਮੂਸਾ “ਇਸ ਤਰ੍ਹਾਂ ਅਟਲ ਰਿਹਾ, ਜਿਸ ਤਰ੍ਹਾਂ ਕਿ ਉਸ ਨੇ ਅਣਦੇਖੇ ਪਰਮੇਸ਼ੁਰ ਦਾ ਦਰਸ਼ਨ ਕਰ ਲਿਆ ਸੀ।” (ਟੇਢੇ ਟਾਈਪ ਸਾਡੇ; ਇਬਰਾਨੀਆਂ 11:27, ਨਵਾਂ ਅਨੁਵਾਦ) ਯਾਨੀ ਕਿ, ਮੂਸਾ ਲਈ ਯਹੋਵਾਹ ਇੰਨਾ ਅਸਲੀ ਸੀ ਮਾਨੋ ਉਸ ਨੇ ਅਣਦੇਖੇ ਪਰਮੇਸ਼ੁਰ ਨੂੰ ਦੇਖ ਲਿਆ ਸੀ। ਕੀ ਸਾਡੇ ਬਾਰੇ ਵੀ ਇਸੇ ਤਰ੍ਹਾਂ ਕਿਹਾ ਜਾ ਸਕਦਾ ਹੈ? ਯਹੋਵਾਹ ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕਰਨੀ ਸੌਖੀ ਹੈ, ਪਰ ਉਸ ਰਿਸ਼ਤੇ ਨੂੰ ਅੱਗੇ ਵਧਾਉਣ ਅਤੇ ਮਜ਼ਬੂਤ ਰੱਖਣ ਲਈ ਮਿਹਨਤ ਦੀ ਜ਼ਰੂਰਤ ਹੈ। ਅਤੇ ਇਹ ਮਿਹਨਤ ਸਾਨੂੰ ਕਰਨੀ ਚਾਹੀਦੀ ਹੈ! ਕੀ ਯਹੋਵਾਹ ਸਾਡੇ ਲਈ ਇੰਨਾ ਅਸਲੀ ਹੈ ਕਿ ਅਸੀਂ ਛੋਟੇ-ਛੋਟੇ ਫ਼ੈਸਲੇ ਕਰਦੇ ਸਮੇਂ ਵੀ ਉਸ ਨੂੰ ਧਿਆਨ ਵਿਚ ਰੱਖਦੇ ਹਾਂ? ਇਸ ਤਰ੍ਹਾਂ ਦੀ ਨਿਹਚਾ ਸਖ਼ਤ ਤੋਂ ਸਖ਼ਤ ਵਿਰੋਧਤਾ ਦਾ ਵੀ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰੇਗੀ।
11, 12. (ੳ) ਹਨੋਕ ਦੀ ਨਿਹਚਾ ਕਿਨ੍ਹਾਂ ਹਾਲਾਤਾਂ ਅਧੀਨ ਪਰਖੀ ਗਈ ਹੋਵੇਗੀ? (ਅ) ਹਨੋਕ ਨੂੰ ਕਿਹੜਾ ਵਧੀਆ ਫਲ ਮਿਲਿਆ ਸੀ?
11 ਹਨੋਕ ਦੀ ਨਿਹਚਾ ਵੱਲ ਵੀ ਧਿਆਨ ਦਿਓ। ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਉਸ ਨੇ ਕਿਸ ਤਰ੍ਹਾਂ ਦੀ ਵਿਰੋਧਤਾ ਸਹਾਰੀ। ਹਨੋਕ ਨੂੰ ਉਨ੍ਹਾਂ ਦਿਨਾਂ ਵਿਚ ਜੀ ਰਹੇ ਦੁਸ਼ਟ ਲੋਕਾਂ ਦੇ ਵਿਰੁੱਧ ਨਿਆਉਂ ਦਾ ਡਾਢਾ ਸੰਦੇਸ਼ ਐਲਾਨ ਕਰਨਾ ਪਿਆ ਸੀ। (ਯਹੂਦਾਹ 14, 15) ਜ਼ਾਹਰ ਹੈ ਕਿ ਇਸ ਵਫ਼ਾਦਾਰ ਆਦਮੀ ਉੱਤੇ ਕੀਤੇ ਗਏ ਇੰਨੇ ਭੈੜੇ ਅਤੇ ਹਿੰਸਕ ਜ਼ੁਲਮ ਕਰਕੇ ਯਹੋਵਾਹ ਨੇ “ਉਹ ਨੂੰ ਉਤਾਹਾਂ ਚੁੱਕ ਲਿਆ,” ਯਾਨੀ ਕਿ ਉਸ ਦੇ ਦੁਸ਼ਮਣਾਂ ਦੁਆਰਾ ਮਾਰੇ ਜਾਣ ਤੋਂ ਪਹਿਲਾਂ, ਯਹੋਵਾਹ ਨੇ ਉਸ ਨੂੰ ਮੌਤ ਦੀ ਨੀਂਦ ਵਿਚ ਸੁਲਾ ਦਿੱਤਾ ਸੀ। ਇਸ ਲਈ ਹਨੋਕ ਆਪਣੀ ਭਵਿੱਖਬਾਣੀ ਦੀ ਪੂਰਤੀ ਨਹੀਂ ਦੇਖ ਸਕਿਆ। ਲੇਕਿਨ ਉਸ ਨੂੰ ਅਜਿਹਾ ਦਾਨ ਮਿਲਿਆ ਜੋ ਪੂਰਤੀ ਦੇਖਣ ਨਾਲੋਂ ਵੀ ਬਿਹਤਰ ਸੀ।—ਇਬਰਾਨੀਆਂ 11:5; ਉਤਪਤ 5:22-24.
12 ਪੌਲੁਸ ਸਮਝਾਉਂਦਾ ਹੈ ਕਿ “ਉਤਾਹਾਂ ਚੁੱਕੇ ਜਾਣ ਤੋਂ ਪਹਿਲਾਂ [ਹਨੋਕ ਨੂੰ] ਇਹ ਸਾਖੀ ਦਿੱਤੀ ਗਈ ਸੀ ਭਈ ਉਹ ਪਰਮੇਸ਼ੁਰ ਦੇ ਮਨ ਭਾਉਂਦਾ ਹੈ।” (ਇਬਰਾਨੀਆਂ 11:5) ਇਸ ਦਾ ਕੀ ਮਤਲਬ ਹੈ? ਹੋ ਸਕਦਾ ਹੈ ਕਿ ਮੌਤ ਦੀ ਨੀਂਦ ਵਿਚ ਸੌਣ ਤੋਂ ਪਹਿਲਾਂ ਹਨੋਕ ਨੂੰ ਕੋਈ ਦਰਸ਼ਣ ਮਿਲਿਆ ਹੋਵੇ, ਸ਼ਾਇਦ ਫਿਰਦੌਸ ਵਰਗੀ ਧਰਤੀ ਦਾ ਦਰਸ਼ਣ ਜਿਸ ਵਿਚ ਉਹ ਕਿਸੇ ਦਿਨ ਜਾਗੇਗਾ। ਕਿਸੇ-ਨ-ਕਿਸੇ ਤਰੀਕੇ ਯਹੋਵਾਹ ਨੇ ਹਨੋਕ ਨੂੰ ਦੱਸਿਆ ਕਿ ਉਹ ਉਸ ਦੀ ਵਫ਼ਾਦਾਰੀ ਤੋਂ ਖ਼ੁਸ਼ ਸੀ। ਹਨੋਕ ਨੇ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕੀਤਾ ਸੀ। (ਕਹਾਉਤਾਂ 27:11 ਦੀ ਤੁਲਨਾ ਕਰੋ।) ਹਨੋਕ ਦੀ ਜ਼ਿੰਦਗੀ ਬਾਰੇ ਸੋਚਣਾ ਸਾਨੂੰ ਪ੍ਰਭਾਵਿਤ ਕਰਦਾ ਹੈ, ਹੈ ਨਾ? ਕੀ ਤੁਸੀਂ ਉਸ ਵਰਗੀ ਵਫ਼ਾਦਾਰੀ ਦੀ ਜ਼ਿੰਦਗੀ ਜੀਉਣੀ ਚਾਹੋਗੇ? ਤਾਂ ਫਿਰ ਅਜਿਹਿਆਂ ਵਿਅਕਤੀਆਂ ਦੀਆਂ ਕਹਾਣੀਆਂ ਉੱਤੇ ਮਨਨ ਕਰੋ; ਇਨ੍ਹਾਂ ਨੂੰ ਅਸਲੀ ਸਮਝੋ। ਹਰ ਰੋਜ਼, ਨਿਹਚਾ ਵਿਚ ਜੀਉਣ ਦਾ ਪੱਕਾ ਇਰਾਦਾ ਬਣਾਓ। ਇਹ ਵੀ ਯਾਦ ਰੱਖੋ ਕਿ ਜੋ ਨਿਹਚਾ ਕਰਦੇ ਹਨ ਉਹ ਯਹੋਵਾਹ ਦੀ ਸੇਵਾ ਕਿਸੇ ਤਾਰੀਖ਼ ਨੂੰ ਮਨ ਵਿਚ ਰੱਖ ਕੇ ਨਹੀਂ ਕਰਦੇ। ਉਹ ਫ਼ਿਕਰ ਨਹੀਂ ਕਰਦੇ ਕਿ ਯਹੋਵਾਹ ਆਪਣੇ ਵਾਅਦੇ ਕਦੋਂ ਨਿਭਾਵੇਗਾ। ਇਸ ਦੀ ਬਜਾਇ, ਅਸੀਂ ਯਹੋਵਾਹ ਦੀ ਸੇਵਾ ਹਮੇਸ਼ਾ ਲਈ ਕਰਨ ਦਾ ਪੱਕਾ ਇਰਾਦਾ ਬਣਾਇਆ ਹੈ! ਇਸ ਤਰ੍ਹਾਂ ਕਰਨਾ, ਇਸ ਰੀਤੀ ਵਿਚ ਅਤੇ ਅਗਲੀ ਰੀਤੀ ਵਿਚ ਵੀ, ਜੀਵਨ ਦਾ ਸਭ ਤੋਂ ਵਧੀਆ ਰਾਹ ਹੈ।
ਨਿਹਚਾ ਵਿਚ ਮਜ਼ਬੂਤ ਹੋਣ ਦੇ ਤਰੀਕੇ
13, 14. (ੳ) ਇਬਰਾਨੀਆਂ 10:24, 25 ਤੇ ਦਰਜ ਪੌਲੁਸ ਦੇ ਸ਼ਬਦ, ਸਭਾਵਾਂ ਨੂੰ ਖ਼ੁਸ਼ੀ-ਭਰੇ ਮੌਕੇ ਬਣਾਉਣ ਵਿਚ ਸਾਡੀ ਕਿਸ ਤਰ੍ਹਾਂ ਮਦਦ ਕਰ ਸਕਦੇ ਹਨ? (ਅ) ਸਭਾਵਾਂ ਤੇ ਜਾਣ ਦਾ ਮੁੱਖ ਕਾਰਨ ਕੀ ਹੈ?
13 ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਨਿਹਚਾ ਮਜ਼ਬੂਤ ਕਰਨ ਦੇ ਕਈ ਚੰਗੇ ਤਰੀਕੇ ਦਿਖਾਏ ਸਨ। ਆਓ ਆਪਾਂ ਇਨ੍ਹਾਂ ਵਿੱਚੋਂ ਦੋ ਤਰੀਕਿਆਂ ਵੱਲ ਧਿਆਨ ਦੇਈਏ। ਅਸੀਂ ਇਬਰਾਨੀਆਂ 10:24, 25 ਵਿਚ ਦਰਜ ਉਸ ਦੇ ਉਪਦੇਸ਼ ਨੂੰ ਤਾਂ ਜਾਣਦੇ ਹੀ ਹਾਂ, ਜੋ ਸਾਨੂੰ ਨਿਯਮਿਤ ਤੌਰ ਤੇ ਆਪਣੀਆਂ ਮਸੀਹੀ ਸਭਾਵਾਂ ਤੇ ਜਾਣ ਲਈ ਉਤੇਜਿਤ ਕਰਦਾ ਹੈ। ਪਰ, ਯਾਦ ਰੱਖੋ ਕਿ ਇੱਥੇ ਪੌਲੁਸ ਦੀ ਗੱਲ ਦਾ ਇਹ ਮਤਲਬ ਨਹੀਂ ਸੀ ਕਿ ਅਸੀਂ ਇਨ੍ਹਾਂ ਸਭਾਵਾਂ ਤੇ ਸਿਰਫ਼ ਬੈਠ-ਬੂਠ ਕੇ ਆ ਜਾਈਏ। ਇਸ ਦੀ ਬਜਾਇ, ਪੌਲੁਸ ਨੇ ਵਰਣਨ ਕੀਤਾ ਕਿ ਸਭਾਵਾਂ ਇਕ ਦੂਸਰੇ ਨੂੰ ਚੰਗੀ ਤਰ੍ਹਾਂ ਜਾਣਨ, ਪਰਮੇਸ਼ੁਰ ਦੀ ਸੇਵਾ ਵਿਚ ਇਕ ਦੂਸਰੇ ਨੂੰ ਅੱਗੇ ਵਧਾਉਣ, ਅਤੇ ਇਕ ਦੂਸਰੇ ਨੂੰ ਉਤਸ਼ਾਹਿਤ ਕਰਨ ਦੇ ਮੌਕੇ ਹਨ। ਅਸੀਂ ਉੱਥੇ ਸਿਰਫ਼ ਲੈਣ ਵਾਸਤੇ ਹੀ ਨਹੀਂ ਪਰ ਦੇਣ ਵਾਸਤੇ ਜਾਂਦੇ ਹਾਂ। ਇਸ ਤਰ੍ਹਾਂ ਦਾ ਦੇਣਾ ਸਾਡੀਆਂ ਸਭਾਵਾਂ ਨੂੰ ਖ਼ੁਸ਼ੀ-ਭਰੇ ਮੌਕੇ ਬਣਾਉਣ ਵਿਚ ਮਦਦ ਕਰਦਾ ਹੈ।—ਰਸੂਲਾਂ ਦੇ ਕਰਤੱਬ 20:35.
14 ਲੇਕਿਨ ਮੁੱਖ ਤੌਰ ਤੇ, ਅਸੀਂ ਮਸੀਹੀ ਸਭਾਵਾਂ ਤੇ ਯਹੋਵਾਹ ਪਰਮੇਸ਼ੁਰ ਦੀ ਉਪਾਸਨਾ ਕਰਨ ਲਈ ਜਾਂਦੇ ਹਾਂ। ਅਸੀਂ ਪ੍ਰਾਰਥਨਾ ਕਰਨ ਦੁਆਰਾ ਅਤੇ ਗੀਤ ਗਾਉਣ ਦੁਆਰਾ, ਧਿਆਨ ਨਾਲ ਸੁਣਨ ਦੁਆਰਾ, ਅਤੇ “ਬੁੱਲ੍ਹਾਂ ਦਾ ਫਲ” ਦੇਣ ਦੁਆਰਾ, ਯਾਨੀ ਆਪਣੀਆਂ ਟਿੱਪਣੀਆਂ ਅਤੇ ਸਭਾਵਾਂ ਵਿਚ ਹੋਰ ਤਰੀਕਿਆਂ ਵਿਚ ਭਾਗ ਲੈਣ ਰਾਹੀਂ ਯਹੋਵਾਹ ਦੀ ਉਸਤਤ ਕਰਦੇ ਹਾਂ। (ਇਬਰਾਨੀਆਂ 13:15) ਜੇਕਰ ਅਸੀਂ ਇਨ੍ਹਾਂ ਟੀਚਿਆਂ ਨੂੰ ਆਪਣੇ ਮਨ ਵਿਚ ਰੱਖੀਏ ਅਤੇ ਹਰੇਕ ਸਭਾ ਤੇ ਇਨ੍ਹਾਂ ਨੂੰ ਲਾਗੂ ਕਰੀਏ, ਤਾਂ ਸਾਡੀ ਨਿਹਚਾ ਹਰੇਕ ਸਭਾ ਤੇ ਜ਼ਰੂਰ ਮਜ਼ਬੂਤ ਕੀਤੀ ਜਾਵੇਗੀ।
15. ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਆਪਣੇ ਪ੍ਰਚਾਰ ਦੇ ਕੰਮ ਨੂੰ ਫੜੀ ਰੱਖਣ ਲਈ ਕਿਉਂ ਕਿਹਾ ਸੀ, ਅਤੇ ਇਹ ਸਲਾਹ ਅੱਜ ਸਾਡੇ ਲਈ ਵੀ ਕਿਉਂ ਚੰਗੀ ਹੈ?
15 ਨਿਹਚਾ ਵਧਾਉਣ ਦਾ ਇਕ ਹੋਰ ਤਰੀਕਾ ਪ੍ਰਚਾਰ ਦਾ ਕੰਮ ਹੈ। ਪੌਲੁਸ ਨੇ ਲਿਖਿਆ ਕਿ ਆਓ “ਅਸੀਂ ਆਸ ਦੇ ਸੱਚੇ ਇਕਰਾਰ ਨੂੰ ਤਕੜਾਈ ਨਾਲ ਫੜੀ ਰੱਖੀਏ ਕਿਉਂਕਿ ਜਿਹ ਨੇ ਵਾਇਦਾ ਕੀਤਾ ਹੈ ਉਹ ਵਫ਼ਾਦਾਰ ਹੈ।” (ਇਬਰਾਨੀਆਂ 10:23) ਮਿਸਾਲ ਲਈ, ਅਸੀਂ ਦੂਸਰਿਆਂ ਨੂੰ ਕਿਸੇ ਚੀਜ਼ ਨੂੰ ਫੜੀ ਰੱਖਣ ਲਈ ਹੌਸਲਾ ਦੇ ਸਕਦੇ ਹਾਂ ਜਦੋਂ ਇਸ ਤਰ੍ਹਾਂ ਲੱਗਦਾ ਹੋਵੇ ਕਿ ਉਹ ਹਾਰ ਮੰਨਣ ਵਾਲੇ ਹਨ। ਸ਼ਤਾਨ ਉਨ੍ਹਾਂ ਇਬਰਾਨੀ ਮਸੀਹੀਆਂ ਉੱਤੇ ਪ੍ਰਚਾਰ ਸੇਵਕਾਈ ਨੂੰ ਛੱਡਣ ਦਾ ਸੱਚ-ਮੁੱਚ ਦਬਾਅ ਪਾ ਰਿਹਾ ਸੀ, ਅਤੇ ਉਹ ਅੱਜ ਵੀ ਪਰਮੇਸ਼ੁਰ ਦੇ ਲੋਕਾਂ ਉੱਤੇ ਦਬਾਅ ਪਾ ਰਿਹਾ ਹੈ। ਇਨ੍ਹਾਂ ਦਬਾਵਾਂ ਦੇ ਅਧੀਨ ਸਾਨੂੰ ਕੀ ਕਰਨਾ ਚਾਹੀਦਾ ਹੈ? ਧਿਆਨ ਦਿਓ ਕਿ ਪੌਲੁਸ ਨੇ ਕੀ ਕੀਤਾ ਸੀ?
16, 17. (ੳ) ਸੇਵਕਾਈ ਦੇ ਕੰਮ ਵਿਚ ਪੌਲੁਸ ਇੰਨਾ ਦਲੇਰ ਕਿਸ ਤਰ੍ਹਾਂ ਬਣਿਆ ਸੀ? (ਅ) ਜੇਕਰ ਸਾਡੇ ਲਈ ਮਸੀਹੀ ਸੇਵਕਾਈ ਦਾ ਕੋਈ ਪਹਿਲੂ ਔਖਾ ਹੋਵੇ, ਤਾਂ ਸਾਨੂੰ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ?
16 ਥੱਸਲੁਨੀਕੀਆਂ ਦੇ ਮਸੀਹੀਆਂ ਨੂੰ ਪੌਲੁਸ ਨੇ ਲਿਖਿਆ ਕਿ “ਭਾਵੇਂ ਅਸਾਂ ਅੱਗੇ ਫਿਲਿੱਪੈ ਵਿੱਚ ਜਿਹਾ ਤੁਸੀਂ ਜਾਣਦੇ ਹੋ ਦੁਖ ਅਤੇ ਅਪਜਸ ਝੱਲਿਆ ਤਾਂ ਵੀ ਪਰਮੇਸ਼ੁਰ ਦੀ ਖੁਸ਼ ਖਬਰੀ ਬਹੁਤ ਝਗੜੇ ਰਗੜੇ ਵਿੱਚ ਤੁਹਾਨੂੰ ਸੁਣਾਉਣ ਲਈ ਆਪਣੇ ਪਰਮੇਸ਼ੁਰ ਦੇ ਆਸਰੇ ਦਿਲੇਰ ਹੋਏ।” (1 ਥੱਸਲੁਨੀਕੀਆਂ 2:2) ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਫ਼ਿਲਿੱਪੈ ਵਿਚ ਕਿਸ ਤਰ੍ਹਾਂ ‘ਅਪਜਸ ਝੱਲਣਾ’ ਪਿਆ ਸੀ? ਕੁਝ ਵਿਦਵਾਨਾਂ ਦੇ ਅਨੁਸਾਰ, ਜਿਸ ਯੂਨਾਨੀ ਸ਼ਬਦ ਨੂੰ ਪੌਲੁਸ ਨੇ ਵਰਤਿਆ ਸੀ ਉਸ ਤੋਂ ਨਿਰਾਦਰ ਭਰੇ, ਸ਼ਰਮਨਾਕ, ਜਾਂ ਜ਼ਾਲਮ ਸਲੂਕ ਦਾ ਸੰਕੇਤ ਮਿਲਦਾ ਹੈ। ਫ਼ਿਲਿੱਪੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਬੈਂਤਾਂ ਨਾਲ ਮਾਰਿਆ, ਕੈਦ ਵਿਚ ਸੁੱਟਿਆ, ਅਤੇ ਉਨ੍ਹਾਂ ਦੇ ਪੈਰੀਂ ਕਾਠ ਠੋਕੇ। (ਰਸੂਲਾਂ ਦੇ ਕਰਤੱਬ 16:16-24) ਇਸ ਦਰਦਨਾਕ ਅਨੁਭਵ ਨੇ ਪੌਲੁਸ ਉੱਤੇ ਕਿਸ ਤਰ੍ਹਾਂ ਦਾ ਅਸਰ ਪਾਇਆ? ਕੀ ਉਸ ਦੇ ਮਿਸ਼ਨਰੀ ਦੌਰੇ ਦੇ ਅਗਲੇ ਸ਼ਹਿਰ, ਥੱਸਲੁਨੀਕਾ, ਦੇ ਲੋਕਾਂ ਨੇ ਪੌਲੁਸ ਨੂੰ ਡਰ ਦੇ ਮਾਰੇ ਪਿਛਾਹਾਂ ਹਟਦੇ ਪਾਇਆ ਸੀ? ਨਹੀਂ, ਉਸ ਨੇ ‘ਦਿਲੇਰੀ’ ਦਿਖਾਈ ਸੀ। ਉਸ ਨੇ ਆਪਣੇ ਡਰ ਉੱਤੇ ਕਾਬੂ ਪਾ ਕੇ ਦਲੇਰੀ ਨਾਲ ਪ੍ਰਚਾਰ ਦੇ ਕੰਮ ਵਿਚ ਹਿੱਸਾ ਲਿਆ।
17 ਪੌਲੁਸ ਇੰਨਾ ਦਲੇਰ ਕਿਸ ਤਰ੍ਹਾਂ ਬਣਿਆ ਸੀ? ਕੀ ਇਹ ਉਸ ਦੀ ਆਪਣੀ ਸ਼ਕਤੀ ਨਾਲ ਸੀ? ਨਹੀਂ, ਉਸ ਨੇ ਕਿਹਾ ਕਿ ਉਹ “ਆਪਣੇ ਪਰਮੇਸ਼ੁਰ ਦੇ ਆਸਰੇ” ਦਲੇਰ ਹੋਇਆ ਸੀ। ਬਾਈਬਲ ਦੇ ਅਨੁਵਾਦਕਾਂ ਲਈ ਇਕ ਪੁਸਤਕ ਕਹਿੰਦੀ ਹੈ ਕਿ ਇਨ੍ਹਾਂ ਸ਼ਬਦਾਂ ਦਾ ਇਸ ਤਰ੍ਹਾਂ ਵਰਣਨ ਕੀਤਾ ਜਾ ਸਕਦਾ ਹੈ ਕਿ “ਪਰਮੇਸ਼ੁਰ ਨੇ ਉਨ੍ਹਾਂ ਦੇ ਦਿਲਾਂ ਵਿੱਚੋਂ ਡਰ ਕੱਢ ਦਿੱਤਾ ਸੀ।” ਇਸ ਲਈ ਜੇ ਤੁਹਾਨੂੰ ਆਪਣੀ ਪ੍ਰਚਾਰ ਦੀ ਸੇਵਕਾਈ ਵਿਚ ਡਰ ਲੱਗਦਾ ਹੋਵੇ ਜਾਂ ਉਸ ਦਾ ਕੋਈ ਖ਼ਾਸ ਪਹਿਲੂ ਤੁਹਾਨੂੰ ਔਖਾ ਲੱਗਦਾ ਹੋਵੇ, ਤਾਂ ਕਿਉਂ ਨਾ ਯਹੋਵਾਹ ਨੂੰ ਬੇਨਤੀ ਕਰੋ ਕਿ ਉਹ ਤੁਹਾਡੇ ਲਈ ਵੀ ਉਸੇ ਤਰ੍ਹਾਂ ਕਰੇ ਜਿਸ ਤਰ੍ਹਾਂ ਉਸ ਨੇ ਪੌਲੁਸ ਲਈ ਕੀਤਾ ਸੀ। ਉਸ ਤੋਂ ਮੰਗ ਕਰੋ ਕਿ ਉਹ ਤੁਹਾਡੇ ਦਿਲ ਵਿੱਚੋਂ ਡਰ ਕੱਢ ਦੇਵੇ ਅਤੇ ਤੁਹਾਨੂੰ ਵੀ ਇਸ ਕੰਮ ਲਈ ਦਲੇਰ ਬਣਾਵੇ। ਇਸ ਦੇ ਨਾਲ-ਨਾਲ, ਹੋਰ ਵੀ ਲਾਭਦਾਇਕ ਕਦਮ ਚੁੱਕੋ। ਮਿਸਾਲ ਲਈ, ਅਜਿਹੇ ਵਿਅਕਤੀ ਨਾਲ ਪ੍ਰਚਾਰ ਦੇ ਕੰਮ ਵਿਚ ਜਾਣ ਦਾ ਪ੍ਰਬੰਧ ਬਣਾਓ ਜੋ ਸੇਵਕਾਈ ਦੇ ਉਸ ਪਹਿਲੂ ਵਿਚ ਕਾਮਯਾਬ ਹੋਵੇ ਜੋ ਤੁਹਾਨੂੰ ਔਖਾ ਲੱਗਦਾ ਹੈ। ਇਸ ਵਿਚ ਸ਼ਾਇਦ ਬਿਜ਼ਨਿਸ ਖੇਤਰ, ਸੜਕਾਂ ਤੇ, ਟੈਲੀਫ਼ੋਨ ਤੇ, ਜਾਂ ਕਿਸੇ ਹੋਰ ਗ਼ੈਰ-ਰਸਮੀ ਤਰੀਕੇ ਵਿਚ ਗਵਾਹੀ ਦੇਣੀ ਸ਼ਾਮਲ ਹੋਵੇ। ਸ਼ਾਇਦ ਤੁਹਾਡਾ ਸਾਥੀ ਪਹਿਲਾਂ ਗੱਲ ਸ਼ੁਰੂ ਕਰ ਸਕਦਾ ਹੈ। ਜੇ ਇਸ ਤਰ੍ਹਾਂ ਹੈ ਤਾਂ ਧਿਆਨ ਨਾਲ ਸੁਣੋ ਅਤੇ ਸਿੱਖੋ। ਫਿਰ ਦਲੇਰ ਹੋ ਕਿ ਖ਼ੁਦ ਵਾਰੀ ਲਵੋ।
18. ਜੇ ਅਸੀਂ ਆਪਣੀ ਸੇਵਕਾਈ ਦਲੇਰੀ ਨਾਲ ਕਰੀਏ ਤਾਂ ਅਸੀਂ ਕਿਨ੍ਹਾਂ ਬਰਕਤਾਂ ਨੂੰ ਅਨੁਭਵ ਕਰਾਂਗੇ?
18 ਜ਼ਰਾ ਸੋਚੋ ਕਿ ਦਲੇਰੀ ਦਿਖਾਉਣ ਦੇ ਨਤੀਜੇ ਕੀ ਹੋ ਸਕਦੇ ਹਨ। ਜਦੋਂ ਤੁਸੀਂ ਇਸ ਤਰ੍ਹਾਂ ਕਰਨਾ ਜਾਰੀ ਰੱਖੋਗੇ ਅਤੇ ਹਿੰਮਤ ਨਾ ਹਾਰੋਗੇ ਤਾਂ ਸੰਭਵ ਹੈ ਕਿ ਦੂਸਰਿਆਂ ਨੂੰ ਸੱਚਾਈ ਦੱਸਣ ਵਿਚ ਤੁਹਾਡੇ ਵਧੀਆ ਅਨੁਭਵ ਹੋਣਗੇ, ਅਜਿਹੇ ਅਨੁਭਵ ਜੋ ਸ਼ਾਇਦ ਇਸ ਤਰ੍ਹਾਂ ਕਰਨ ਤੋਂ ਬਗੈਰ ਕਦੀ ਨਾ ਹੁੰਦੇ। (ਸਫ਼ਾ 25 ਦੇਖੋ।) ਇਹ ਜਾਣ ਕੇ ਤੁਹਾਨੂੰ ਸੰਤੁਸ਼ਟੀ ਹੋਵੇਗੀ ਕਿ ਅਜਿਹਾ ਔਖਾ ਕੰਮ ਕਰ ਕੇ ਤੁਸੀਂ ਯਹੋਵਾਹ ਨੂੰ ਖ਼ੁਸ਼ ਕੀਤਾ ਹੈ। ਤੁਸੀਂ ਆਪਣੇ ਡਰ ਉੱਤੇ ਕਾਬੂ ਪਾਉਣ ਵਿਚ ਉਸ ਦੀ ਬਰਕਤ ਅਤੇ ਮਦਦ ਅਨੁਭਵ ਕਰੋਗੇ। ਤੁਹਾਡੀ ਨਿਹਚਾ ਜ਼ਿਆਦਾ ਮਜ਼ਬੂਤ ਹੋਵੇਗੀ। ਸੱਚ-ਮੁੱਚ, ਤੁਸੀਂ ਦੂਸਰਿਆਂ ਦੀ ਨਿਹਚਾ ਨੂੰ ਵਧਾਉਣ ਵਿਚ ਮਿਹਨਤ ਕਰ ਕੇ ਆਪਣੀ ਨਿਹਚਾ ਵੀ ਵਧਾਉਂਦੇ ਹੋ।—ਯਹੂਦਾਹ 20, 21.
19. ‘ਜਿਹੜੇ ਨਿਹਚਾ ਕਰਦੇ’ ਹਨ ਉਨ੍ਹਾਂ ਲਈ ਕਿਹੜਾ ਵਧੀਆ ਫਲ ਹੈ?
19 ਤੁਸੀਂ ਆਪਣੀ ਅਤੇ ਹੋਰਨਾਂ ਦੀ ਨਿਹਚਾ ਨੂੰ ਮਜ਼ਬੂਤ ਕਰਨ ਵਿਚ ਲੱਗੇ ਰਹੋ। ਪਰਮੇਸ਼ੁਰ ਦੇ ਬਚਨ ਦੀ ਚੰਗੀ ਵਰਤੋਂ ਕਰਨ ਰਾਹੀਂ, ਬਾਈਬਲ ਵਿਚ ਨਿਹਚਾ ਦੀਆਂ ਮਿਸਾਲਾਂ ਦਾ ਅਧਿਐਨ ਕਰਨ ਅਤੇ ਉਨ੍ਹਾਂ ਨੂੰ ਜ਼ਿੰਦਾ ਕਰਨ ਰਾਹੀਂ, ਮਸੀਹੀ ਸਭਾਵਾਂ ਲਈ ਤਿਆਰੀ ਕਰਨ ਅਤੇ ਉਨ੍ਹਾਂ ਵਿਚ ਹਿੱਸਾ ਲੈਣ ਰਾਹੀਂ, ਅਤੇ ਪ੍ਰਚਾਰ ਦੀ ਸੇਵਕਾਈ ਦੇ ਵੱਡੇ ਸਨਮਾਨ ਨੂੰ ਫੜੀ ਰੱਖਣ ਰਾਹੀਂ, ਤੁਸੀਂ ਆਪਣੇ ਆਪ ਅਤੇ ਦੂਸਰਿਆਂ ਨੂੰ ਮਜ਼ਬੂਤ ਕਰ ਸਕਦੇ ਹੋ। ਜਿਉਂ-ਜਿਉਂ ਤੁਸੀਂ ਇਹ ਚੀਜ਼ਾਂ ਕਰਦੇ ਹੋ, ਨਿਸ਼ਚਿਤ ਹੋਵੋ ਕਿ ਤੁਸੀਂ ਜ਼ਰੂਰ ‘ਉਹਨਾਂ ਵਿੱਚੋਂ ਹੋ ਜਿਹੜੇ ਨਿਹਚਾ ਕਰਦੇ’ ਹਨ। ਇਹ ਵੀ ਯਾਦ ਰੱਖੋ ਕਿ ਇਸ ਤਰ੍ਹਾਂ ਕਰਨ ਵਾਲਿਆਂ ਨੂੰ ਵਧੀਆ ਫਲ ਮਿਲੇਗਾ। ਉਹ “ਉਨ੍ਹਾਂ ਵਿੱਚੋਂ” ਹਨ “ਜਿਹੜੇ ਨਿਹਚਾ ਕਰ ਕੇ ਜਾਨ ਬਚਾ ਰੱਖਦੇ ਹਨ।”b ਸਾਡੀ ਉਮੀਦ ਹੈ ਕਿ ਤੁਹਾਡੀ ਨਿਹਚਾ ਹਮੇਸ਼ਾ ਵਧਦੀ ਰਹੇ ਅਤੇ ਯਹੋਵਾਹ ਪਰਮੇਸ਼ੁਰ ਤੁਹਾਨੂੰ ਹਮੇਸ਼ਾ ਲਈ ਬਚਾ ਕੇ ਰੱਖੇ!
[ਫੁਟਨੋਟ]
a ਪੌਲੁਸ ਨੇ ਸੈਪਟੁਜਿੰਟ ਤਰਜਮੇ ਤੋਂ ਹਬੱਕੂਕ 2:4 ਦਾ ਹਵਾਲਾ ਦਿੱਤਾ ਸੀ, ਜਿਸ ਵਿਚ ਇਹ ਸ਼ਬਦ ਸ਼ਾਮਲ ਹਨ ਕਿ “ਜੇ ਕੋਈ ਵੀ ਪਿਛਾਹਾਂ ਹਟ ਜਾਵੇ, ਮੇਰਾ ਜੀ ਉਸ ਤੋਂ ਪਰਸੰਨ ਨਹੀਂ ਹੋਵੇਗਾ।” ਅੱਜ ਦੀਆਂ ਕਿਸੇ ਵੀ ਇਬਰਾਨੀ ਹੱਥ-ਲਿਖਤਾਂ ਵਿਚ ਇਹ ਸ਼ਬਦ ਨਹੀਂ ਪਾਏ ਜਾਂਦੇ। ਕੁਝ ਲੋਕਾਂ ਨੇ ਕਿਹਾ ਹੈ ਕਿ ਸੈਪਟੁਜਿੰਟ ਉਨ੍ਹਾਂ ਇਬਰਾਨੀ ਹੱਥ-ਲਿਖਤਾਂ ਤੋਂ ਕੀਤਾ ਗਿਆ ਸੀ ਜੋ ਹੁਣ ਹੋਂਦ ਵਿਚ ਨਹੀਂ ਹਨ। ਜੋ ਵੀ ਹੋਵੇ, ਪੌਲੁਸ ਨੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੇ ਪ੍ਰਭਾਵ ਅਧੀਨ ਇਨ੍ਹਾਂ ਸ਼ਬਦਾਂ ਨੂੰ ਇਸ ਹਵਾਲੇ ਵਿਚ ਲਿਖਿਆ। ਇਸ ਲਈ ਪਰਮੇਸ਼ੁਰ ਨੇ ਇਸ ਹਵਾਲੇ ਨੂੰ ਮਨਜ਼ੂਰ ਕੀਤਾ।
b ਯਹੋਵਾਹ ਦੇ ਗਵਾਹਾਂ ਲਈ ਸਾਲ 2000 ਦਾ ਵਰ੍ਹਾ-ਪਾਠ ਇਹ ਹੈ: ‘ਅਸੀਂ ਓਹਨਾਂ ਵਿੱਚੋਂ ਨਹੀਂ ਜਿਹੜੇ ਪਿਛਾਹਾਂ ਹਟ ਜਾਂਦੇ ਹਨ ਸਗੋਂ ਓਹਨਾਂ ਵਿੱਚੋਂ ਜਿਹੜੇ ਨਿਹਚਾ ਰੱਖਦੇ ਹਨ।’—ਇਬਰਾਨੀਆਂ 10:39.
ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?
◻ ਪੌਲੁਸ ਨੇ ਇਬਰਾਨੀ ਮਸੀਹੀਆਂ ਵਿਚ ਭਰੋਸਾ ਕਿਸ ਤਰ੍ਹਾਂ ਦਿਖਾਇਆ ਸੀ, ਅਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ?
◻ ਪੌਲੁਸ ਦਾ ਹਬੱਕੂਕ ਨਬੀ ਦੀ ਗੱਲ ਨੂੰ ਦੁਹਰਾਉਣਾ ਇੰਨਾ ਉਚਿਤ ਕਿਉਂ ਸੀ?
◻ ਪੌਲੁਸ ਨੇ ਬਾਈਬਲ ਵਿੱਚੋਂ ਨਿਹਚਾ ਦੀਆਂ ਕਿਹੜੀਆਂ ਮਿਸਾਲਾਂ ਨੂੰ ਅਸਲੀ ਰੂਪ ਦਿੱਤਾ ਸੀ?
◻ ਪੌਲੁਸ ਨੇ ਨਿਹਚਾ ਵਧਾਉਣ ਲਈ ਕਿਨ੍ਹਾਂ ਚੰਗਿਆਂ ਤਰੀਕਿਆਂ ਦੀ ਸਲਾਹ ਦਿੱਤੀ ਸੀ?
[ਸਫ਼ੇ 23 ਉੱਤੇ ਤਸਵੀਰ]
ਫ਼ਿਲਿੱਪੈ ਵਿਚ ਪੌਲੁਸ ਨਾਲ ਕੀਤੇ ਗਏ ਭੈੜੇ ਸਲੂਕ ਤੋਂ ਬਾਅਦ, ਉਹ ਦਲੇਰ ਹੋ ਕੇ ਪ੍ਰਚਾਰ ਦੀ ਸੇਵਕਾਈ ਵਿਚ ਲੱਗਾ ਰਿਹਾ
[ਸਫ਼ੇ 24 ਉੱਤੇ ਤਸਵੀਰਾਂ]
ਕੀ ਤੁਸੀਂ ਦਲੇਰ ਹੋ ਕੇ ਗਵਾਹੀ ਦੇਣ ਦੇ ਵੱਖਰੇ-ਵੱਖਰੇ ਤਰੀਕੇ ਵਰਤਣ ਦੀ ਕੋਸ਼ਿਸ਼ ਕਰ ਸਕਦੇ ਹੋ?