ਆਓ ਆਪਾਂ ਕਦੀ ਵੀ ਪਿਛਾਹਾਂ ਹਟ ਕੇ ਨਸ਼ਟ ਨਾ ਹੋਈਏ!
“ਅਸੀਂ ਓਹਨਾਂ ਵਿੱਚੋਂ ਨਹੀਂ ਜਿਹੜੇ ਪਿਛਾਹਾਂ ਹਟ ਕੇ ਨਸ਼ਟ ਹੋ ਜਾਂਦੇ ਹਨ।”—ਇਬਰਾਨੀਆਂ 10:39.
1. ਪਤਰਸ ਰਸੂਲ ਡਰ ਦੇ ਮਾਰੇ ਕਿਨ੍ਹਾਂ ਹਾਲਾਤਾਂ ਅੱਗੇ ਝੁਕ ਗਿਆ ਸੀ?
ਰਸੂਲ ਬਹੁਤ ਹੀ ਹੈਰਾਨ ਹੋਏ ਹੋਣੇ ਜਦੋਂ ਉਨ੍ਹਾਂ ਦੇ ਪਿਆਰੇ ਸੁਆਮੀ, ਯਿਸੂ, ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਸਾਰੇ ਉਸ ਨੂੰ ਛੱਡ ਕੇ ਦੌੜ ਜਾਣਗੇ। ਉਸ ਦੀ ਸਭ ਤੋਂ ਔਖੀ ਘੜੀ ਤੇ ਇਹ ਕਿਸ ਤਰ੍ਹਾਂ ਹੋ ਸਕਦਾ ਸੀ? ਪਤਰਸ ਨੇ ਦ੍ਰਿੜ੍ਹਤਾ ਨਾਲ ਕਿਹਾ ਕਿ “ਭਾਵੇਂ ਸੱਭੇ ਠੋਕਰ ਖਾਣ ਪਰ ਮੈਂ ਨਹੀਂ ਖਾਵਾਂਗਾ!” ਇਹ ਸੱਚ ਹੈ ਕਿ ਪਤਰਸ ਇਕ ਬਹਾਦਰ ਅਤੇ ਦਲੇਰ ਆਦਮੀ ਸੀ। ਪਰ ਜਦੋਂ ਯਿਸੂ ਨਾਲ ਵਿਸ਼ਵਾਸਘਾਤ ਕੀਤਾ ਗਿਆ ਅਤੇ ਉਸ ਨੂੰ ਗਿਰਫ਼ਤਾਰ ਕੀਤਾ ਗਿਆ, ਤਾਂ ਪਤਰਸ ਵੀ ਬਾਕੀ ਰਸੂਲਾਂ ਨਾਲ ਉਹ ਨੂੰ ਛੱਡ ਕੇ ਦੌੜ ਗਿਆ ਸੀ। ਬਾਅਦ ਵਿਚ, ਜਦੋਂ ਪ੍ਰਧਾਨ ਜਾਜਕ ਕਯਾਫ਼ਾ ਦੇ ਘਰ ਯਿਸੂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਸੀ, ਪਤਰਸ ਬੇਚੈਨੀ ਨਾਲ ਵਿਹੜੇ ਵਿਚ ਖੜ੍ਹਾ ਰਿਹਾ। ਜਿਉਂ-ਜਿਉਂ ਠੰਢੀ ਰਾਤ ਬੀਤਦੀ ਗਈ, ਪਤਰਸ ਦੇ ਮਨ ਵਿਚ ਸ਼ਾਇਦ ਇਹ ਡਰ ਪੈ ਗਿਆ ਹੋਵੇ ਕਿ ਯਿਸੂ ਅਤੇ ਉਸ ਦਿਆਂ ਦੋਸਤਾਂ ਨੂੰ ਵੀ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਜਦੋਂ ਉੱਥੇ ਖੜ੍ਹੇ ਕੁਝ ਲੋਕਾਂ ਨੇ ਪਤਰਸ ਨੂੰ ਯਿਸੂ ਦੇ ਇਕ ਸਾਥੀ ਵਜੋਂ ਪਛਾਣਿਆ, ਤਾਂ ਡਰ ਨੇ ਉਸ ਨੂੰ ਘੇਰ ਲਿਆ। ਉਹ ਤਿੰਨ ਵਾਰ ਮੁਕਰਿਆ ਕਿ ਉਹ ਯਿਸੂ ਦਾ ਕਦੇ ਸਾਥੀ ਸੀ ਜਾਂ ਉਸ ਨੂੰ ਜਾਣਦਾ ਸੀ!—ਮਰਕੁਸ 14:27-31, 66-72.
2. (ੳ) ਯਿਸੂ ਦੀ ਗਿਰਫ਼ਤਾਰੀ ਦੀ ਰਾਤ ਤੇ ਪਤਰਸ ਦੇ ਡਰ ਨੇ ਉਸ ਨੂੰ ਉਨ੍ਹਾਂ ਵਿਚ ਕਿਉਂ ਨਹੀਂ ਸ਼ਾਮਲ ਕੀਤਾ ‘ਜਿਹੜੇ ਪਿਛਾਹਾਂ ਹਟ ਜਾਂਦੇ ਹਨ’? (ਅ) ਸਾਡਾ ਪੱਕਾ ਇਰਾਦਾ ਕੀ ਹੋਣਾ ਚਾਹੀਦਾ ਹੈ?
2 ਪਤਰਸ ਦੀ ਜ਼ਿੰਦਗੀ ਵਿਚ ਇਹ ਇਕ ਬੁਰੀ ਘੜੀ ਸੀ, ਇਕ ਅਜਿਹਾ ਪਲ ਜਿਸ ਦਾ ਉਸ ਨੇ ਜ਼ਿੰਦਗੀ-ਭਰ ਜ਼ਰੂਰ ਪਛਤਾਵਾ ਕੀਤਾ ਹੋਣਾ। ਪਰ ਉਸ ਰਾਤ ਜੋ ਪਤਰਸ ਨੇ ਕੀਤਾ, ਕੀ ਉਸ ਨੇ ਪਤਰਸ ਨੂੰ ਡਰਪੋਕ ਬਣਾਇਆ ਸੀ? ਕੀ ਇਸ ਨੇ ਉਸ ਨੂੰ ‘ਉਹਨਾਂ ਵਿਚ’ ਸ਼ਾਮਲ ਕੀਤਾ ਜਿਨ੍ਹਾਂ ਬਾਰੇ ਪੌਲੁਸ ਰਸੂਲ ਨੇ ਬਾਅਦ ਵਿਚ ਇਹ ਸ਼ਬਦ ਲਿਖੇ: “ਪਰ ਅਸੀਂ ਓਹਨਾਂ ਵਿੱਚੋਂ ਨਹੀਂ ਜਿਹੜੇ ਪਿਛਾਹਾਂ ਹਟ ਕੇ ਨਸ਼ਟ ਹੋ ਜਾਂਦੇ ਹਨ।” (ਇਬਰਾਨੀਆਂ 10:39) ਸਾਡੇ ਵਿੱਚੋਂ ਜ਼ਿਆਦਾ ਜਣੇ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਪੌਲੁਸ ਦੇ ਸ਼ਬਦ ਪਤਰਸ ਉੱਤੇ ਲਾਗੂ ਨਹੀਂ ਹੁੰਦੇ। ਕਿਉਂ? ਕਿਉਂਕਿ ਪਤਰਸ ਪਲ-ਭਰ ਲਈ ਹੀ ਡਰਿਆ ਸੀ, ਪਰ ਉਸ ਦੀ ਬਾਕੀ ਦੀ ਜ਼ਿੰਦਗੀ ਬੇਹੱਦ ਬਹਾਦਰੀ ਅਤੇ ਨਿਹਚਾ ਨਾਲ ਭਰੀ ਹੋਈ ਸੀ। ਇਸੇ ਤਰ੍ਹਾਂ, ਸਾਡੇ ਵਿੱਚੋਂ ਵੀ ਕਈ ਸ਼ਾਇਦ ਅਜਿਹੀਆਂ ਬੀਤੀਆਂ ਘਟਨਾਵਾਂ ਯਾਦ ਕਰ ਸਕਦੇ ਹਨ ਜਿਨ੍ਹਾਂ ਤੋਂ ਸਾਨੂੰ ਸ਼ਰਮ ਆਉਂਦੀ ਹੈ, ਅਜਿਹੀਆਂ ਘਟਨਾਵਾਂ ਜਦੋਂ ਡਰ ਨੇ ਸਾਨੂੰ ਅਚਾਨਕ ਹੀ ਘੇਰ ਲਿਆ ਹੋਵੇ ਅਤੇ ਅਸੀਂ ਦਲੇਰੀ ਨਾਲ ਸੱਚਾਈ ਦਾ ਪੱਖ ਉਸ ਤਰ੍ਹਾਂ ਨਾ ਲਿਆ ਹੋਵੇ ਜਿਸ ਤਰ੍ਹਾਂ ਅਸੀਂ ਚਾਹੁੰਦੇ ਸੀ। (ਰੋਮੀਆਂ 7:21-23 ਦੀ ਤੁਲਨਾ ਕਰੋ।) ਅਸੀਂ ਵਿਸ਼ਵਾਸ ਰੱਖ ਸਕਦੇ ਹਾਂ ਕਿ ਅਜਿਹੀਆਂ ਪਲ-ਭਰ ਦੀਆਂ ਕਮਜ਼ੋਰੀਆਂ ਕਾਰਨ ਅਸੀਂ ਉਨ੍ਹਾਂ ਵਿਚ ਨਹੀਂ ਸ਼ਾਮਲ ਕੀਤੇ ਜਾਂਦੇ ਜਿਹੜੇ ਪਿਛਾਹਾਂ ਹਟ ਕੇ ਨਸ਼ਟ ਹੋ ਜਾਂਦੇ ਹਨ। ਫਿਰ ਵੀ, ਸਾਨੂੰ ਇਸ ਤਰ੍ਹਾਂ ਦੇ ਵਿਅਕਤੀ ਨਾ ਬਣਨ ਦਾ ਪੱਕਾ ਇਰਾਦਾ ਬਣਾਉਣਾ ਚਾਹੀਦਾ ਹੈ। ਕਿਉਂ? ਅਤੇ ਅਸੀਂ ਇਸ ਤਰ੍ਹਾਂ ਦੇ ਬਣਨ ਤੋਂ ਕਿਸ ਤਰ੍ਹਾਂ ਪਰਹੇਜ਼ ਕਰ ਸਕਦੇ ਹਾਂ?
ਪਿਛਾਹਾਂ ਹਟ ਕੇ ਨਸ਼ਟ ਹੋਣ ਦਾ ਮਤਲਬ
3. ਏਲੀਯਾਹ ਅਤੇ ਯੂਨਾਹ ਨਬੀਆਂ ਨੇ ਡਰ ਦੇ ਮਾਰੇ ਕੀ ਕੀਤਾ?
3 ਜਦੋਂ ਪੌਲੁਸ ਨੇ ਉਨ੍ਹਾਂ ਬਾਰੇ ਲਿਖਿਆ ‘ਜਿਹੜੇ ਪਿਛਾਹਾਂ ਹਟ ਜਾਂਦੇ ਹਨ,’ ਤਾਂ ਉਹ ਉਨ੍ਹਾਂ ਵੱਲ ਸੰਕੇਤ ਨਹੀਂ ਕਰ ਰਿਹਾ ਸੀ ਜੋ ਪਲ-ਭਰ ਲਈ ਕਮਜ਼ੋਰ ਹੋ ਜਾਂਦੇ ਹਨ। ਪੌਲੁਸ ਨੂੰ ਪਤਰਸ ਦੇ ਅਤੇ ਅਜਿਹੇ ਹੋਰ ਅਨੁਭਵਾਂ ਬਾਰੇ ਜ਼ਰੂਰ ਪਤਾ ਹੋਣਾ ਸੀ। ਏਲੀਯਾਹ ਇਕ ਦਲੇਰ ਅਤੇ ਖੁੱਲ੍ਹੀ ਤਰ੍ਹਾਂ ਗੱਲ ਕਰਨ ਵਾਲਾ ਨਬੀ ਸੀ, ਪਰ ਇਕ ਵਾਰ ਜਦੋਂ ਦੁਸ਼ਟ ਰਾਣੀ ਈਜ਼ਬਲ ਨੇ ਉਸ ਨੂੰ ਮਰਵਾਉਣ ਦੀ ਧਮਕੀ ਦਿੱਤੀ, ਤਾਂ ਉਹ ਡਰ ਦੇ ਮਾਰੇ ਆਪਣੀ ਜਾਨ ਬਚਾਉਣ ਲਈ ਭੱਜ ਗਿਆ ਸੀ। (1 ਰਾਜਿਆਂ 19:1-4) ਯੂਨਾਹ ਨਬੀ ਨੂੰ ਇਸ ਤੋਂ ਵੀ ਵੱਡੇ ਡਰ ਨੇ ਘੇਰਿਆ ਸੀ। ਯਹੋਵਾਹ ਨੇ ਉਸ ਨੂੰ ਨੀਨਵਾਹ ਸ਼ਹਿਰ ਨੂੰ ਜਾਣ ਦਾ ਹੁਕਮ ਦਿੱਤਾ। ਇਹ ਸ਼ਹਿਰ ਹਿੰਸਾ ਅਤੇ ਦੁਸ਼ਟਤਾ ਨਾਲ ਭਰਿਆ ਹੋਇਆ ਸੀ। ਯੂਨਾਹ ਭਜ ਕੇ ਤਰਸ਼ੀਸ਼ ਨੂੰ ਜਾ ਰਹੀ ਇਕ ਕਿਸ਼ਤੀ ਤੇ ਸਵਾਰ ਹੋ ਗਿਆ। ਤਰਸ਼ੀਸ਼ ਸ਼ਹਿਰ ਨੀਨਵਾਹ ਤੋਂ 3,500 ਕਿਲੋਮੀਟਰ ਦੂਰ ਸੀ। (ਯੂਨਾਹ 1:1-3) ਲੇਕਿਨ, ਇਨ੍ਹਾਂ ਵਿੱਚੋਂ ਕਿਸੇ ਵੀ ਨਬੀ ਨੂੰ ਅਤੇ ਨਾ ਹੀ ਪਤਰਸ ਰਸੂਲ ਨੂੰ ਅਜਿਹਾ ਵਿਅਕਤੀ ਸੱਦਿਆ ਜਾ ਸਕਦਾ ਹੈ ਜੋ ਪਿਛਾਹਾਂ ਹਟਣ ਵਾਲਾ ਹੈ। ਕਿਉਂ ਨਹੀਂ?
4, 5. (ੳ) ਇਬਰਾਨੀਆਂ 10:39 ਤੇ ‘ਨਸ਼ਟ ਹੋਣ’ ਦਾ ਮਤਲਬ ਸਮਝਣ ਵਿਚ ਪੌਲੁਸ ਦੀ ਪੂਰੀ ਗੱਲ ਸਾਡੀ ਕਿਸ ਤਰ੍ਹਾਂ ਮਦਦ ਕਰਦੀ ਹੈ? (ਅ) ਪੌਲੁਸ ਦਾ ਕੀ ਮਤਲਬ ਸੀ ਜਦੋਂ ਉਸ ਨੇ ਕਿਹਾ: “ਅਸੀਂ ਓਹਨਾਂ ਵਿੱਚੋਂ ਨਹੀਂ ਜਿਹੜੇ ਪਿਛਾਹਾਂ ਹਟ ਕੇ ਨਸ਼ਟ ਹੋ ਜਾਂਦੇ ਹਨ”?
4 ਪੌਲੁਸ ਦੀ ਪੂਰੀ ਗੱਲ ਵੱਲ ਧਿਆਨ ਦਿਓ: “ਪਰ ਅਸੀਂ ਓਹਨਾਂ ਵਿੱਚੋਂ ਨਹੀਂ ਜਿਹੜੇ ਪਿਛਾਹਾਂ ਹਟ ਕੇ ਨਸ਼ਟ ਹੋ ਜਾਂਦੇ ਹਨ।” ਪੌਲੁਸ ਦੇ ਸ਼ਬਦ ‘ਨਸ਼ਟ ਹੋਣ’ ਦਾ ਕੀ ਮਤਲਬ ਸੀ? ਜੋ ਯੂਨਾਨੀ ਸ਼ਬਦ ਉਸ ਨੇ ਵਰਤਿਆ ਸੀ ਉਹ ਕਦੀ-ਕਦੀ ਸਦੀਪਕ ਵਿਨਾਸ਼ ਨੂੰ ਸੰਕੇਤ ਕਰਦਾ ਹੈ। ਪੌਲੁਸ ਦੀ ਗੱਲ ਦਾ ਇਹੋ ਮਤਲਬ ਸੀ। ਪੌਲੁਸ ਨੇ ਥੋੜ੍ਹੀ ਦੇਰ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ “ਜੇ ਅਸੀਂ ਸਤ ਦਾ ਗਿਆਨ ਪਰਾਪਤ ਕਰਨ ਦੇ ਪਿੱਛੋਂ ਜਾਣ ਬੁਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਨਮਿੱਤ ਫੇਰ ਕੋਈ ਬਲੀਦਾਨ ਨਹੀਂ। ਪਰ ਨਿਆਉਂ ਦੀ ਭਿਆਣਕ ਉਡੀਕ ਅਤੇ ਅੱਗ ਦੀ ਸੜਨ ਬਾਕੀ ਹੈ ਜਿਹੜੀ ਵਿਰੋਧੀਆਂ ਨੂੰ ਭਸਮ ਕਰ ਦੇਵੇਗੀ।”—ਇਬਰਾਨੀਆਂ 10:26, 27.
5 ਇਸ ਲਈ ਜਦੋਂ ਪੌਲੁਸ ਨੇ ਆਪਣੇ ਸੰਗੀ ਵਿਸ਼ਵਾਸੀਆਂ ਨੂੰ ਲਿਖਿਆ ਕਿ “ਅਸੀਂ ਓਹਨਾਂ ਵਿੱਚੋਂ ਨਹੀਂ ਜਿਹੜੇ ਪਿਛਾਹਾਂ ਹਟ ਕੇ ਨਸ਼ਟ ਹੋ ਜਾਂਦੇ ਹਨ,” ਤਾਂ ਉਸ ਦਾ ਮਤਲਬ ਇਹ ਸੀ ਕਿ ਉਸ ਨੇ ਅਤੇ ਉਸ ਦਾ ਖਤ ਪੜ੍ਹਨ ਵਾਲੇ ਵਫ਼ਾਦਾਰ ਮਸੀਹੀਆਂ ਨੇ ਪੱਕਾ ਇਰਾਦਾ ਬਣਾਇਆ ਸੀ ਕਿ ਉਹ ਕਦੀ ਵੀ ਯਹੋਵਾਹ ਤੋਂ ਮੂੰਹ ਮੋੜ ਕੇ ਉਸ ਦੀ ਸੇਵਾ ਕਰਨੋਂ ਨਹੀਂ ਹਟਣਗੇ। ਪਿਛਾਹਾਂ ਹਟਣਾ ਸਿਰਫ਼ ਸਦੀਪਕ ਵਿਨਾਸ਼ ਵੱਲ ਹੀ ਲੈ ਜਾ ਸਕਦਾ ਹੈ। ਯਹੂਦਾ ਇਸਕਰਿਯੋਤੀ ਅਜਿਹਾ ਆਦਮੀ ਸੀ ਜੋ ਪਿਛਾਹਾਂ ਹਟ ਕੇ ਅਜਿਹੇ ਨਸ਼ਟ ਵੱਲ ਗਿਆ ਸੀ, ਜਿਵੇਂ ਸੱਚਾਈ ਦੇ ਹੋਰ ਦੁਸ਼ਮਣ ਵੀ ਗਏ ਸਨ ਜੋ ਜਾਣ-ਬੁੱਝ ਕੇ ਯਹੋਵਾਹ ਦੀ ਸ਼ਕਤੀ ਦੇ ਵਿਰੁੱਧ ਕੰਮ ਕਰਦੇ ਸਨ। (ਯੂਹੰਨਾ 17:12; 2 ਥੱਸਲੁਨੀਕੀਆਂ 2:3) ਅਜਿਹੇ ਵਿਅਕਤੀ ਉਨ੍ਹਾਂ “ਡਰਾਕਲਾਂ” ਵਿੱਚੋਂ ਹਨ ਜੋ ਪ੍ਰਤੀਕਾਤਮਕ ‘ਅੱਗ ਦੀ ਝੀਲ’ ਵਿਚ ਸਦੀਪਕ ਵਿਨਾਸ਼ ਭੋਗਣਗੇ। (ਪਰਕਾਸ਼ ਦੀ ਪੋਥੀ 21:8) ਅਸੀਂ ਕਦੀ ਵੀ ਉਨ੍ਹਾਂ ਵਰਗੇ ਨਹੀਂ ਹੋਣਾ ਚਾਹੁੰਦੇ!
6. ਸ਼ਤਾਨ ਸਾਡੇ ਤੋਂ ਕੀ ਚਾਹੁੰਦਾ ਹੈ?
6 ਸ਼ਤਾਨ ਚਾਹੁੰਦਾ ਹੈ ਕਿ ਅਸੀਂ ਪਿਛਾਹਾਂ ਹਟ ਕੇ ਨਸ਼ਟ ਹੋ ਜਾਈਏ। “ਖ਼ਤਰਨਾਕ ਚਾਲਾਂ” ਦਾ ਇਹ ਮਾਹਰ ਜਾਣਦਾ ਹੈ ਕਿ ਅਜਿਹੇ ਨਸ਼ਟ ਦੇ ਰਾਹ ਉੱਤੇ ਚੱਲਣਾ ਅਕਸਰ ਛੋਟੀਆਂ-ਛੋਟੀਆਂ ਗੱਲਾਂ ਨਾਲ ਸ਼ੁਰੂ ਹੁੰਦਾ ਹੈ। (ਅਫ਼ਸੀਆਂ 6:11, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜੇਕਰ ਅਤਿਆਚਾਰ ਰਾਹੀਂ ਉਸ ਦਾ ਕੰਮ ਨਹੀਂ ਬਣਦਾ, ਤਾਂ ਉਹ ਸੱਚੇ ਮਸੀਹੀਆਂ ਦੀ ਨਿਹਚਾ ਤੋੜਨ ਲਈ ਜ਼ਿਆਦਾ ਚਲਾਕ ਤਰੀਕੇ ਵਰਤਣ ਦੀ ਕੋਸ਼ਿਸ਼ ਕਰਦਾ ਹੈ। ਉਹ ਯਹੋਵਾਹ ਦੇ ਦਲੇਰ ਅਤੇ ਜੋਸ਼ੀਲੇ ਗਵਾਹਾਂ ਨੂੰ ਚੁੱਪ ਕਰਵਾਉਣਾ ਚਾਹੁੰਦਾ ਹੈ। ਆਓ ਆਪਾਂ ਦੇਖੀਏ ਕਿ ਉਸ ਨੇ ਉਨ੍ਹਾਂ ਇਬਰਾਨੀ ਮਸੀਹੀਆਂ ਦੇ ਵਿਰੁੱਧ ਕਿਹੜੇ ਤਰੀਕੇ ਇਸਤੇਮਾਲ ਕੀਤੇ ਸਨ ਜਿਨ੍ਹਾਂ ਨੂੰ ਪੌਲੁਸ ਨੇ ਖਤ ਲਿਖਿਆ ਸੀ।
ਮਸੀਹੀਆਂ ਉੱਤੇ ਪਿਛਾਹਾਂ ਹਟਣ ਲਈ ਕਿਸ ਤਰ੍ਹਾਂ ਦਬਾਅ ਪਾਇਆ ਗਿਆ ਸੀ
7. (ੳ) ਯਰੂਸ਼ਲਮ ਦੀ ਕਲੀਸਿਯਾ ਦਾ ਇਤਿਹਾਸ ਕੀ ਸੀ? (ਅ) ਪੌਲੁਸ ਦਾ ਖਤ ਪੜ੍ਹਨ ਵਾਲਿਆਂ ਦੀ ਰੂਹਾਨੀ ਸਥਿਤੀ ਬਾਰੇ ਦੱਸੋ।
7 ਮੰਨਿਆ ਜਾਂਦਾ ਹੈ ਕਿ ਪੌਲੁਸ ਨੇ ਆਪਣਾ ਖਤ ਇਬਰਾਨੀਆਂ ਨੂੰ 61 ਸਾ.ਯੁ. ਵਿਚ ਲਿਖਿਆ ਸੀ। ਯਰੂਸ਼ਲਮ ਦੀ ਕਲੀਸਿਯਾ ਦਾ ਇਤਿਹਾਸ ਹਲਚਲ ਨਾਲ ਭਰਿਆ ਹੋਇਆ ਸੀ। ਯਿਸੂ ਦੀ ਮੌਤ ਤੋਂ ਬਾਅਦ, ਸਖ਼ਤ ਅਤਿਆਚਾਰ ਦੀ ਲਹਿਰ ਸ਼ੁਰੂ ਹੋਈ ਜਿਸ ਕਰਕੇ ਕਈ ਮਸੀਹੀ ਮਜਬੂਰ ਹੋ ਕੇ ਸ਼ਹਿਰ ਵਿਚ ਖਿੰਡ ਗਏ। ਲੇਕਿਨ, ਬਾਅਦ ਵਿਚ ਸ਼ਾਂਤੀ ਦਾ ਸਮਾਂ ਆਇਆ ਜਿਸ ਕਾਰਨ ਮਸੀਹੀਆਂ ਦੀ ਗਿਣਤੀ ਵਧਣ ਲੱਗ ਪਈ। (ਰਸੂਲਾਂ ਦੇ ਕਰਤੱਬ 8:4; 9:31) ਜਿਉਂ-ਜਿਉਂ ਸਮਾਂ ਬੀਤਦਾ ਗਿਆ ਅਤਿਆਚਾਰ ਅਤੇ ਦੁੱਖ-ਤਕਲੀਫ਼ਾਂ ਆਉਂਦੀਆਂ ਜਾਂਦੀਆਂ ਰਹੀਆਂ। ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਸਮੇਂ ਪੌਲੁਸ ਨੇ ਇਹ ਖਤ ਇਬਰਾਨੀਆਂ ਨੂੰ ਲਿਖਿਆ ਸੀ, ਕਲੀਸਿਯਾ ਕੁਝ ਹੱਦ ਤਕ ਸ਼ਾਂਤੀ ਦਾ ਆਨੰਦ ਮਾਣ ਰਹੀ ਸੀ। ਫਿਰ ਵੀ, ਉਨ੍ਹਾਂ ਤੇ ਦਬਾਅ ਵੀ ਆਏ ਸਨ। ਯਰੂਸ਼ਲਮ ਦੇ ਵਿਨਾਸ਼ ਬਾਰੇ ਯਿਸੂ ਦੀ ਭਵਿੱਖਬਾਣੀ ਦੇਣ ਤੋਂ ਲਗਭਗ ਤਿੰਨ ਦਹਾਕੇ ਗੁਜ਼ਰ ਚੁੱਕੇ ਸਨ। ਸੰਭਵ ਹੈ ਕਿ ਕੁਝ ਮਹਿਸੂਸ ਕਰਦੇ ਸਨ ਕਿ ਅੰਤ ਆਉਣ ਵਿਚ ਬਹੁਤ ਹੀ ਦੇਰ ਲਾ ਰਿਹਾ ਸੀ ਅਤੇ ਇਹ ਸ਼ਾਇਦ ਉਨ੍ਹਾਂ ਦੀ ਜ਼ਿੰਦਗੀ ਵਿਚ ਨਹੀਂ ਆਵੇਗਾ। ਦੂਸਰੇ, ਖ਼ਾਸ ਕਰਕੇ ਉਹ ਜੋ ਸੱਚਾਈ ਵਿਚ ਨਵੇਂ-ਨਵੇਂ ਸਨ, ਹਾਲੇ ਸਖ਼ਤ ਅਤਿਆਚਾਰ ਦੁਆਰਾ ਪਰਖੇ ਨਹੀਂ ਗਏ ਸਨ ਅਤੇ ਉਨ੍ਹਾਂ ਨੂੰ ਅਜ਼ਮਾਇਸ਼ਾਂ ਅਧੀਨ ਧੀਰਜ ਦੀ ਜ਼ਰੂਰਤ ਬਾਰੇ ਬਹੁਤ ਹੀ ਘੱਟ ਪਤਾ ਸੀ। (ਇਬਰਾਨੀਆਂ 12:4) ਯਕੀਨਨ, ਸ਼ਤਾਨ ਨੇ ਅਜਿਹਿਆਂ ਹਾਲਾਤਾਂ ਦਾ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਹੜੀਆਂ “ਖ਼ਤਰਨਾਕ ਚਾਲਾਂ” ਵਰਤੀਆਂ ਸਨ?
8. ਕਈ ਯਹੂਦੀ ਨਵੀਂ-ਨਵੀਂ ਮਸੀਹੀ ਕਲੀਸਿਯਾ ਬਾਰੇ ਕੀ ਸੋਚਦੇ ਸਨ?
8 ਯਰੂਸ਼ਲਮ ਅਤੇ ਯਹੂਦਾਹ ਦਾ ਯਹੂਦੀ ਸਮਾਜ ਇਸ ਨਵੀਂ-ਨਵੀਂ ਮਸੀਹੀ ਕਲੀਸਿਯਾ ਨੂੰ ਨਫ਼ਰਤ ਕਰਦਾ ਸੀ। ਪੌਲੁਸ ਦੇ ਖਤ ਤੋਂ ਸਾਨੂੰ ਉਨ੍ਹਾਂ ਤਾਅਨਿਆਂ ਬਾਰੇ ਕੁਝ ਪੱਤਾ ਲੱਗਦਾ ਹੈ ਜੋ ਯਹੂਦਾਹ ਦੇ ਘਮੰਡੀ ਧਾਰਮਿਕ ਆਗੂ ਅਤੇ ਉਨ੍ਹਾਂ ਦੇ ਚੇਲੇ, ਮਸੀਹੀਆਂ ਨੂੰ ਮਾਰ ਰਹੇ ਸਨ। ਹੋ ਸਕਦਾ ਹੈ ਕਿ ਉਨ੍ਹਾਂ ਨੇ ਅਜਿਹਾ ਕੁਝ ਕਿਹਾ ਹੋਵੇ: ‘ਯਰੂਸ਼ਲਮ ਵਿਚ ਸਾਡੀ ਸਦੀਆਂ ਪੁਰਾਣੀ ਇਕ ਵਿਸ਼ਾਲ ਹੈਕਲ ਹੈ! ਸਾਡਾ ਪ੍ਰਧਾਨ ਜਾਜਕ ਭਲਾਮਾਣਸ ਹੈ ਅਤੇ ਉਸ ਦੇ ਨਾਲ-ਨਾਲ ਉਪ-ਜਾਜਕ ਵੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ। ਹਰ ਰੋਜ਼ ਭੇਟਾਂ ਚੜ੍ਹਾਈਆਂ ਜਾਂਦੀਆਂ ਹਨ। ਸਾਡੇ ਕੋਲ ਦੂਤਾਂ ਰਾਹੀਂ ਮੂਸਾ ਨੂੰ ਦਿੱਤੀ ਗਈ ਬਿਵਸਥਾ ਵੀ ਹੈ, ਜੋ ਸੀਨਈ ਪਹਾੜ ਉੱਤੇ ਵਿਸ਼ਾਲ ਨਿਸ਼ਾਨਾਂ ਰਾਹੀਂ ਕਾਇਮ ਕੀਤੀ ਗਈ ਸੀ। ਮਸੀਹੀਆਂ ਦੇ ਇਸ ਨਵੇਂ-ਨਵੇਂ ਫਿਰਕੇ ਨੇ ਤਾਂ ਯਹੂਦੀ ਧਰਮ ਨੂੰ ਤਿਆਗ ਦਿੱਤਾ ਹੈ, ਅਤੇ ਇਨ੍ਹਾਂ ਕੋਲ ਤਾਂ ਇਨ੍ਹਾਂ ਚੀਜ਼ਾਂ ਵਿੱਚੋਂ ਕੁਝ ਵੀ ਨਹੀਂ ਹੈ!’ ਕੀ ਅਜਿਹੀ ਨਫ਼ਰਤ ਨੇ ਉਸ ਤਰ੍ਹਾਂ ਦਾ ਅਸਰ ਪਾਇਆ ਜਿਸ ਤਰ੍ਹਾਂ ਦਾ ਉਹ ਚਾਹੁੰਦੇ ਸਨ? ਬਿਨਾਂ ਸ਼ੱਕ ਕੁਝ ਇਬਰਾਨੀ ਮਸੀਹੀ ਇਨ੍ਹਾਂ ਹਮਲਿਆਂ ਕਰਕੇ ਪਰੇਸ਼ਾਨ ਹੋਏ ਸਨ। ਪਰ ਪੌਲੁਸ ਦਾ ਖਤ ਉਨ੍ਹਾਂ ਦੀ ਮਦਦ ਕਰਨ ਵਾਸਤੇ ਐਨ ਸਹੀ ਸਮੇਂ ਤੇ ਪਹੁੰਚਿਆ।
ਉਨ੍ਹਾਂ ਨੂੰ ਕਦੀ ਵੀ ਪਿਛਾਹਾਂ ਕਿਉਂ ਨਹੀਂ ਹਟਣਾ ਚਾਹੀਦਾ
9. (ੳ) ਇਬਰਾਨੀਆਂ ਨੂੰ ਲਿਖੇ ਗਏ ਖਤ ਵਿਚ ਕਿਹੜੀ ਮੁੱਖ ਗੱਲ ਹੈ? (ਅ) ਮਸੀਹੀ ਕਿਸ ਅਰਥ ਵਿਚ ਯਰੂਸ਼ਲਮ ਦੀ ਹੈਕਲ ਨਾਲੋਂ ਇਕ ਬਿਹਤਰ ਹੈਕਲ ਵਿਚ ਸੇਵਾ ਕਰਦੇ ਸਨ?
9 ਪੌਲੁਸ ਨੇ ਯਹੂਦਾ ਵਿਚ ਆਪਣੇ ਭੈਣ-ਭਰਾਵਾਂ ਨੂੰ ਪਿਛਾਹਾਂ ਹਟ ਕੇ ਨਸ਼ਟ ਨਾ ਹੋਣ ਲਈ ਦੋ ਕਾਰਨ ਦਿੱਤੇ ਸਨ। ਆਓ ਆਪਾਂ ਇਨ੍ਹਾਂ ਦੀ ਜਾਂਚ ਕਰੀਏ। ਪਹਿਲਾ ਕਾਰਨ ਹੈ ਮਸੀਹੀ ਉਪਾਸਨਾ ਦੀ ਉੱਤਮਤਾ। ਇਬਰਾਨੀਆਂ ਨੂੰ ਲਿਖੇ ਗਏ ਪੌਲੁਸ ਦੇ ਖਤ ਵਿਚ ਇਹੀ ਗੱਲ ਮੁੱਖ ਹੈ ਅਤੇ ਉਹ ਇਸ ਵਿਸ਼ੇ ਉੱਤੇ ਚਾਨਣ ਪਾਉਂਦਾ ਹੈ। ਯਰੂਸ਼ਲਮ ਦੀ ਹੈਕਲ ਵੱਡੀ ਅਸਲੀਅਤ ਦੀ ਸਿਰਫ਼ ਨਕਲ ਹੀ ਸੀ, ਯਾਨੀ ਯਹੋਵਾਹ ਦੀ ਰੂਹਾਨੀ ਹੈਕਲ, ਇਕ ਅਜਿਹੀ ਇਮਾਰਤ ‘ਜੋ ਹੱਥਾਂ ਨਾਲ ਨਹੀਂ ਬਣਾਈ ਹੋਈ।’ (ਇਬਰਾਨੀਆਂ 9:11) ਉਨ੍ਹਾਂ ਮਸੀਹੀਆਂ ਨੂੰ ਉਸ ਰੂਹਾਨੀ ਪ੍ਰਬੰਧ ਵਿਚ ਸ਼ੁੱਧ ਉਪਾਸਨਾ ਲਈ ਸੇਵਾ ਕਰਨ ਦਾ ਸਨਮਾਨ ਮਿਲਿਆ। ਉਹ ਬਹੁਤ ਚਿਰ ਪਹਿਲਾਂ ਵਾਅਦਾ ਕੀਤੇ ਗਏ ਬਿਹਤਰ ਅਤੇ ਨਵੇਂ ਨੇਮ ਅਧੀਨ ਸੇਵਾ ਕਰ ਰਹੇ ਸਨ, ਜਿਸ ਦਾ ਵਿਚੋਲਾ ਯਿਸੂ ਮਸੀਹ ਸੀ ਜੋ ਮੂਸਾ ਨਾਲੋਂ ਉੱਤਮ ਸੀ।—ਯਿਰਮਿਯਾਹ 31:31-34.
10, 11. (ੳ) ਯਿਸੂ ਨੇ ਆਪਣੀ ਵੰਸ਼ਾਵਲੀ ਕਾਰਨ ਰੂਹਾਨੀ ਹੈਕਲ ਵਿਚ ਪ੍ਰਧਾਨ ਜਾਜਕ ਵਜੋਂ ਸੇਵਾ ਕਰਨ ਦਾ ਹੱਕ ਕਿਉਂ ਨਹੀਂ ਖੋਹਿਆ ਸੀ? (ਅ) ਯਿਸੂ ਕਿਨ੍ਹਾਂ ਤਰੀਕਿਆਂ ਵਿਚ ਉਸ ਪ੍ਰਧਾਨ ਜਾਜਕ ਨਾਲੋਂ ਉੱਤਮ ਸੀ ਜੋ ਯਰੂਸ਼ਲਮ ਦੀ ਹੈਕਲ ਵਿਚ ਸੇਵਾ ਕਰਦਾ ਸੀ?
10 ਉਨ੍ਹਾਂ ਮਸੀਹੀਆਂ ਦਾ ਪ੍ਰਧਾਨ ਜਾਜਕ, ਯਿਸੂ ਮਸੀਹ, ਵੀ ਬਿਹਤਰ ਸੀ। ਉਹ ਹਾਰੂਨ ਦੀ ਨਸਲ ਵਿੱਚੋਂ ਨਹੀਂ ਸੀ। ਪਰ, ਉਹ “ਮਲਕਿ-ਸਿਦਕ ਦੀ ਪਦਵੀ ਦੇ ਅਨੁਸਾਰ” ਇਕ ਪ੍ਰਧਾਨ ਜਾਜਕ ਸੀ। (ਜ਼ਬੂਰ 110:4) ਮਲਕਿ-ਸਿਦਕ ਪ੍ਰਾਚੀਨ ਸ਼ਾਲੇਮ ਦਾ ਰਾਜਾ ਅਤੇ ਪ੍ਰਧਾਨ ਜਾਜਕ ਸੀ ਪਰ ਉਸ ਦੀ ਵੰਸ਼ਾਵਲੀ ਰਿਕਾਰਡ ਨਹੀਂ ਕੀਤੀ ਗਈ ਸੀ। ਇਸ ਲਈ ਉਹ ਯਿਸੂ ਦੇ ਭਵਿੱਖ ਦੇ ਰੂਪ ਨੂੰ ਚੰਗੀ ਤਰ੍ਹਾਂ ਦਰਸਾ ਸਕਦਾ ਸੀ। ਯਿਸੂ ਦੀ ਜਾਜਕਾਈ ਕਿਸੇ ਅਪੂਰਣ ਮਾਨਵੀ ਵੰਸ਼ਾਵਲੀ ਉੱਤੇ ਨਹੀਂ ਪਰ ਇਸ ਤੋਂ ਬਹੁਤ ਹੀ ਮਹਾਨ ਚੀਜ਼ ਉੱਤੇ ਨਿਰਭਰ ਸੀ—ਕਿ ਯਹੋਵਾਹ ਪਰਮੇਸ਼ੁਰ ਨੇ ਉਸ ਨੂੰ ਜਾਜਕ ਬਣਾਉਣ ਦੀ ਸਹੁੰ ਖਾਧੀ ਸੀ। ਮਲਕਿ-ਸਿਦਕ ਵਾਂਗ, ਯਿਸੂ ਸਿਰਫ਼ ਪ੍ਰਧਾਨ ਜਾਜਕ ਵਜੋਂ ਹੀਂ ਨਹੀਂ ਪਰ ਰਾਜੇ ਵਜੋਂ ਵੀ ਸੇਵਾ ਕਰੇਗਾ, ਅਜਿਹਾ ਰਾਜਾ ਜੋ ਕਦੀ ਨਾ ਮਰੇਗਾ।—ਇਬਰਾਨੀਆਂ 7:11-21.
11 ਇਸ ਤੋਂ ਇਲਾਵਾ, ਯਰੂਸ਼ਲਮ ਦੀ ਹੈਕਲ ਦੇ ਪ੍ਰਧਾਨ ਜਾਜਕ ਤੋਂ ਭਿੰਨ, ਯਿਸੂ ਨੂੰ ਹਰ ਸਾਲ ਬਲੀਆਂ ਨਹੀਂ ਚੜ੍ਹਾਉਣੀਆਂ ਪਈਆਂ। ਉਸ ਦੀ ਬਲੀ ਉਸ ਦਾ ਆਪਣਾ ਸੰਪੂਰਣ ਜੀਵਨ ਸੀ, ਜੋ ਉਸ ਨੇ ਹਮੇਸ਼ਾ ਲਈ ਇਕ ਵਾਰ ਚੜ੍ਹਾਇਆ। (ਇਬਰਾਨੀਆਂ 7:27) ਹੈਕਲ ਵਿਚ ਚੜ੍ਹਾਏ ਗਏ ਚੜ੍ਹਾਵੇ ਯਿਸੂ ਦੇ ਪੇਸ਼ ਕੀਤੇ ਗਏ ਬਲੀਦਾਨ ਦੇ ਸਿਰਫ਼ ਪਰਛਾਵੇਂ ਸਨ। ਉਸ ਦੇ ਸੰਪੂਰਣ ਬਲੀਦਾਨ ਦੁਆਰਾ ਨਿਹਚਾ ਰੱਖਣ ਵਾਲਿਆਂ ਦੇ ਪਾਪ ਸੱਚ-ਮੁੱਚ ਮਾਫ਼ ਕੀਤੇ ਜਾ ਸਕਦੇ ਸਨ। ਯਰੂਸ਼ਲਮ ਦੇ ਮਸੀਹੀ ਪੌਲੁਸ ਦੇ ਇਹ ਸ਼ਬਦ ਸੁਣ ਕੇ ਖ਼ੁਸ਼ ਹੋਏ ਕਿ ਇਹ ਪ੍ਰਧਾਨ ਜਾਜਕ ਉਹੀ ਯਿਸੂ ਹੈ ਜਿਸ ਨੂੰ ਉਹ ਜਾਣਦੇ ਸਨ। ਉਹ ਨਿਮਰ ਤੇ ਦਿਆਲੂ ਸੀ ਅਤੇ ਜੋ “ਸਾਡੀਆਂ ਕਮਜ਼ੋਰੀਆਂ ਵਿਚ ਹਮਦਰਦੀ” ਦਿਖਾ ਸਕਦਾ ਹੈ। (ਇਬਰਾਨੀਆਂ 4:15, ਨਵਾਂ ਅਨੁਵਾਦ; ਇਬਰਾਨੀਆਂ 13:8) ਉਨ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਕੋਲ ਮਸੀਹ ਦੇ ਉਪ-ਜਾਜਕਾਂ ਵਜੋਂ ਸੇਵਾ ਕਰਨ ਦੀ ਸੰਭਾਵਨਾ ਸੀ! ਇਸ ਲਈ ਉਹ ਭ੍ਰਿਸ਼ਟ ਯਹੂਦੀ ਧਰਮ ਦੀਆਂ “ਨਿਰਬਲ ਅਤੇ ਨਿਕੰਮੀਆਂ” ਚੀਜ਼ਾਂ ਵੱਲ ਪਿਛਾਹਾਂ ਮੁੜਨ ਬਾਰੇ ਸੋਚ ਵੀ ਕਿਸ ਤਰ੍ਹਾਂ ਸਕਦੇ ਸਨ!—ਗਲਾਤੀਆਂ 4:9.
12, 13. (ੳ) ਪੌਲੁਸ ਨੇ ਕਦੀ ਵੀ ਪਿਛਾਹਾਂ ਨਾ ਹਟਣ ਦਾ ਦੂਸਰਾ ਕਿਹੜਾ ਕਾਰਨ ਦਿੱਤਾ ਸੀ? (ਅ) ਇਬਰਾਨੀ ਮਸੀਹੀਆਂ ਨੂੰ ਆਪਣੇ ਧੀਰਜ ਦੀ ਮਿਸਾਲ ਦੇ ਕਾਰਨ ਕਦੀ ਵੀ ਪਿਛਾਹਾਂ ਹਟ ਕੇ ਨਸ਼ਟ ਹੋਣ ਤੋਂ ਆਪਣਾ ਬਚਾਅ ਕਰਨ ਲਈ ਹੌਸਲਾ ਕਿਉਂ ਮਿਲਿਆ?
12 ਜਿੱਦਾਂ ਕਿ ਇਹ ਕਾਰਨ ਕਾਫ਼ੀ ਨਹੀਂ ਸੀ, ਪੌਲੁਸ ਨੇ ਇਬਰਾਨੀਆਂ ਨੂੰ ਕਦੀ ਵੀ ਪਿਛਾਹਾਂ ਨਾ ਹਟਣ ਦਾ ਦੂਸਰਾ ਕਾਰਨ ਵੀ ਦਿੱਤਾ—ਉਨ੍ਹਾਂ ਦੇ ਆਪਣੇ ਧੀਰਜ ਦੀ ਮਿਸਾਲ। ਉਸ ਨੇ ਲਿਖਿਆ: “ਪਹਿਲਿਆਂ ਦਿਨਾਂ ਨੂੰ ਚੇਤੇ ਕਰੋ ਜਦੋਂ ਆਪਣੇ ਉਜਿਆਲੇ ਕੀਤੇ ਜਾਣ ਦੇ ਪਿੱਛੋਂ ਤੁਸਾਂ ਦੁਖਾਂ ਦੇ ਵੱਡੇ ਘੋਲਮਘੋਲੇ ਨੂੰ ਸਹਿ ਲਿਆ।” ਪੌਲੁਸ ਨੇ ਉਨ੍ਹਾਂ ਨੂੰ ਯਾਦ ਦਿਲਾਇਆ ਕਿ ਦੂਜਿਆਂ ਵੱਲੋਂ ਨਿੰਦਿਆ ਅਤੇ ਬਿਪਤਾ ਦੇ ਕਾਰਨ ਉਨ੍ਹਾਂ ਦਾ “ਤਮਾਸ਼ਾ” ਬਣਾਇਆ ਗਿਆ ਸੀ। ਕਈਆਂ ਨੇ ਕੈਦ ਵਿਚ ਦੁੱਖ ਸਹਾਰੇ ਸਨ; ਪਰ ਹੋਰਨਾਂ ਨੇ ਇਨ੍ਹਾਂ ਕੈਦੀਆਂ ਨੂੰ ਹਮਦਰਦੀ ਨਾਲ ਸਹਾਰਾ ਦਿੱਤਾ ਸੀ। ਜੀ ਹਾਂ, ਉਨ੍ਹਾਂ ਦੀ ਦ੍ਰਿੜ੍ਹਤਾ ਅਤੇ ਨਿਹਚਾ ਵਧੀਆ ਸੀ। (ਇਬਰਾਨੀਆਂ 10:32-34) ਲੇਕਿਨ, ਪੌਲੁਸ ਨੇ ਉਨ੍ਹਾਂ ਨੂੰ ਅਜਿਹੀਆਂ ਦੁੱਖ-ਭਰੀਆਂ ਗੱਲਾਂ ਨੂੰ ‘ਚੇਤੇ ਕਰਨ’ ਲਈ ਕਿਉਂ ਕਿਹਾ ਸੀ? ਕੀ ਇਹ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰਨਗੀਆਂ?
13 ਨਿਰਾਸ਼ ਕਰਨ ਦੀ ਬਜਾਇ, ‘ਪਹਿਲਿਆਂ ਦਿਨਾਂ ਨੂੰ ਚੇਤੇ ਕਰਨ’ ਦੁਆਰਾ ਇਬਰਾਨੀ ਯਾਦ ਕਰਨਗੇ ਕਿ ਯਹੋਵਾਹ ਨੇ ਅਜ਼ਮਾਇਸ਼ਾਂ ਦੇ ਅਧੀਨ ਉਨ੍ਹਾਂ ਨੂੰ ਕਿਸ ਤਰ੍ਹਾਂ ਸੰਭਾਲਿਆ ਸੀ। ਉਸ ਦੀ ਮਦਦ ਨਾਲ, ਉਨ੍ਹਾਂ ਨੇ ਪਹਿਲਾਂ ਹੀ ਸ਼ਤਾਨ ਦੇ ਕਈ ਹਮਲਿਆਂ ਦਾ ਸਾਮ੍ਹਣਾ ਕੀਤਾ ਸੀ। ਪੌਲੁਸ ਨੇ ਲਿਖਿਆ: “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ।” (ਇਬਰਾਨੀਆਂ 6:10) ਜੀ ਹਾਂ, ਯਹੋਵਾਹ ਨੇ ਉਨ੍ਹਾਂ ਦੇ ਸਾਰੇ ਵਫ਼ਾਦਾਰ ਕੰਮ ਚੇਤੇ ਰੱਖੇ ਸਨ, ਉਸ ਨੇ ਉਨ੍ਹਾਂ ਨੂੰ ਆਪਣੀ ਅਸੀਮ ਯਾਦਾਸ਼ਤ ਵਿਚ ਰੱਖਿਆ ਸੀ। ਸਾਨੂੰ ਸਵਰਗ ਵਿਚ ਆਪਣੇ ਲਈ ਧਨ ਜੋੜਨ ਬਾਰੇ ਯਿਸੂ ਦੀ ਸਲਾਹ ਯਾਦ ਦਿਲਾਈ ਜਾਂਦੀ ਹੈ। ਕੋਈ ਵੀ ਚੋਰ ਇਸ ਧਨ ਨੂੰ ਚੁਰਾ ਨਹੀਂ ਸਕਦਾ; ਨਾ ਹੀ ਕੀੜਾ ਜਾਂ ਜ਼ੰਗਾਲ ਉਸ ਨੂੰ ਵਿਗਾੜ ਸਕਦਾ ਹੈ। (ਮੱਤੀ 6:19-21) ਇਸ ਤਰ੍ਹਾਂ ਦਾ ਧਨ ਉਦੋਂ ਹੀ ਵਿਗੜ ਸਕਦਾ ਹੈ ਜਦੋਂ ਮਸੀਹੀ ਪਿਛਾਹਾਂ ਹਟ ਕੇ ਨਾਸ਼ ਵੱਲ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਉਹ ਸਵਰਗ ਵਿਚ ਜੋੜਿਆ ਹੋਇਆ ਆਪਣਾ ਸਾਰਾ ਧਨ ਗੁਆ ਬੈਠੇਗਾ। ਪੌਲੁਸ ਨੇ ਇਸ ਤਰ੍ਹਾਂ ਦੇ ਰਸਤੇ ਉੱਤੇ ਕਦੀ ਨਾ ਪੈਣ ਦਾ ਕਿੰਨਾ ਵਧੀਆ ਕਾਰਨ ਦਿੱਤਾ ਸੀ! ਵਫ਼ਾਦਾਰ ਸੇਵਾ ਵਿਚ ਆਪਣੇ ਇੰਨੇ ਸਾਰੇ ਸਾਲਾਂ ਦੀ ਮਿਹਨਤ ਨੂੰ ਬਰਬਾਦ ਕਰਨ ਦਾ ਕੀ ਫ਼ਾਇਦਾ ਹੈ? ਇਸ ਨਾਲੋਂ ਬਿਹਤਰ ਇਹ ਹੋਵੇਗਾ ਕਿ ਅਸੀਂ ਦ੍ਰਿੜ੍ਹ ਰਹੀਏ।
ਸਾਨੂੰ ਪਿਛਾਹਾਂ ਹਟ ਕੇ ਨਸ਼ਟ ਵੱਲ ਕਿਉਂ ਨਹੀਂ ਜਾਣਾ ਚਾਹੀਦਾ
14. ਅਸੀਂ ਪਹਿਲੀ ਸਦੀ ਦੇ ਮਸੀਹੀਆਂ ਵਾਂਗ ਕਿਨ੍ਹਾਂ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਾਂ?
14 ਅੱਜ ਵੀ ਸੱਚੇ ਮਸੀਹੀਆਂ ਕੋਲ ਅਜਿਹੇ ਦੇ ਪਿਛਾਹਾਂ ਨਾ ਹਟਣ ਦੇ ਵਧੀਆ ਕਾਰਨ ਹਨ। ਪਹਿਲਾਂ, ਆਓ ਆਪਾਂ ਚੇਤੇ ਰੱਖੀਏ ਕਿ ਯਹੋਵਾਹ ਨੇ ਸਾਨੂੰ ਸ਼ੁੱਧ ਉਪਾਸਨਾ ਦੀ ਕਿੰਨੀ ਵੱਡੀ ਬਰਕਤ ਦਿੱਤੀ ਹੈ। ਪਹਿਲੀ ਸਦੀ ਦੇ ਮਸੀਹੀਆਂ ਵਾਂਗ, ਅਸੀਂ ਵੀ ਅਜਿਹੇ ਸਮੇਂ ਵਿਚ ਜੀ ਰਹੇ ਹਾਂ ਜਦ ਜ਼ਿਆਦਾ ਪ੍ਰਸਿੱਧ ਧਰਮ ਸਾਨੂੰ ਤਾਅਨੇ ਮਾਰਦੇ ਅਤੇ ਸਾਡਾ ਮਜ਼ਾਕ ਉਡਾਉਂਦੇ ਹਨ, ਅਤੇ ਉਹ ਸ਼ਾਇਦ ਘਮੰਡ ਨਾਲ ਆਪਣੇ ਧਰਮ ਦੀਆਂ ਵੱਡੀਆਂ-ਵੱਡੀਆਂ ਇਮਾਰਤਾਂ ਅਤੇ ਆਪਣਿਆਂ ਪੁਰਾਣਿਆਂ ਰੀਤਾਂ-ਰਿਵਾਜਾਂ ਵੱਲ ਇਸ਼ਾਰਾ ਕਰਨ। ਪਰ, ਯਹੋਵਾਹ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਉਹ ਸਾਡੀ ਉਪਾਸਨਾ ਤੋਂ ਖ਼ੁਸ਼ ਹੈ। ਦਰਅਸਲ, ਸਾਨੂੰ ਅੱਜ ਅਜਿਹੀਆਂ ਬਰਕਤਾਂ ਮਿਲਦੀਆਂ ਹਨ ਜੋ ਪਹਿਲੀ ਸਦੀ ਦੇ ਮਸੀਹੀਆਂ ਨੂੰ ਨਹੀਂ ਮਿਲੀਆਂ ਸਨ। ਤੁਸੀਂ ਸ਼ਾਇਦ ਪੁੱਛੋ: ‘ਇਹ ਕਿੱਦਾਂ ਹੋ ਸਕਦਾ ਹੈ?’ ਉਹ ਤਾਂ ਉਸ ਸਮੇਂ ਤੇ ਜੀ ਰਹੇ ਸਨ ਜਦੋਂ ਰੂਹਾਨੀ ਹੈਕਲ ਸ਼ੁਰੂ ਹੋਈ ਸੀ। ਮਸੀਹ 29 ਸਾ.ਯੁ. ਵਿਚ ਆਪਣੇ ਬਪਤਿਸਮੇ ਦੇ ਸਮੇਂ ਤੇ ਪ੍ਰਧਾਨ ਜਾਜਕ ਬਣਿਆ ਸੀ। ਉਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਪਰਮੇਸ਼ੁਰ ਦੇ ਪੁੱਤਰ ਨੂੰ ਚਮਤਕਾਰ ਕਰਦੇ ਦੇਖਿਆ ਸੀ। ਉਸ ਦੀ ਮੌਤ ਤੋਂ ਬਾਅਦ ਵੀ ਚਮਤਕਾਰ ਕੀਤੇ ਗਏ ਸਨ। ਲੇਕਿਨ, ਜਿੱਦਾਂ ਭਵਿੱਖਬਾਣੀ ਕੀਤੀ ਗਈ ਸੀ ਅਜਿਹੀਆਂ ਦਾਤਾਂ ਅਖ਼ੀਰ ਵਿਚ ਖ਼ਤਮ ਹੋ ਗਈਆਂ।—1 ਕੁਰਿੰਥੀਆਂ 13:8.
15. ਸੱਚੇ ਮਸੀਹੀ ਅੱਜ ਕਿਸ ਭਵਿੱਖਬਾਣੀ ਦੀ ਪੂਰਤੀ ਦੌਰਾਨ ਜੀ ਰਹੇ ਹਨ, ਅਤੇ ਸਾਡੇ ਲਈ ਇਸ ਦਾ ਕੀ ਮਤਲਬ ਹੈ?
15 ਲੇਕਿਨ, ਅਸੀਂ ਹਿਜ਼ਕੀਏਲ ਦੇ 40-48 ਅਧਿਆਵਾਂ ਵਿਚ ਪਾਈ ਗਈ ਹੈਕਲ ਦੀ ਵਿਸ਼ਾਲ ਭਵਿੱਖਬਾਣੀ ਦੀ ਮਹੱਤਵਪੂਰਣ ਪੂਰਤੀ ਦੇ ਸਮੇਂ ਵਿਚ ਜੀ ਰਹੇ ਹਾਂ।a ਇਸ ਲਈ, ਅਸੀਂ ਸ਼ੁੱਧ ਉਪਾਸਨਾ ਲਈ ਪਰਮੇਸ਼ੁਰ ਦੇ ਪ੍ਰਬੰਧ ਨੂੰ ਦੁਬਾਰਾ ਸਥਾਪਿਤ ਹੁੰਦੇ ਹੋਏ ਦੇਖਿਆ ਹੈ। ਉਸ ਰੂਹਾਨੀ ਹੈਕਲ ਨੂੰ ਧਰਮ ਦੇ ਹਰ ਕਿਸਮ ਦੇ ਗੰਦ ਅਤੇ ਮੂਰਤੀ-ਪੂਜਾ ਤੋਂ ਸ਼ੁੱਧ ਕੀਤਾ ਗਿਆ ਹੈ। (ਹਿਜ਼ਕੀਏਲ 43:9; ਮਲਾਕੀ 3:1-5) ਉਨ੍ਹਾਂ ਫ਼ਾਇਦਿਆਂ ਬਾਰੇ ਸੋਚੋ ਜੋ ਸਾਨੂੰ ਇਹ ਸਫ਼ਾਈ ਕਰਨ ਤੋਂ ਮਿਲੇ ਹਨ।
16. ਪਹਿਲੀ ਸਦੀ ਦੇ ਮਸੀਹੀਆਂ ਨੂੰ ਕਿਸ ਗੱਲ ਨੇ ਨਿਰਾਸ਼ ਕੀਤਾ ਸੀ?
16 ਪਹਿਲੀ ਸਦੀ ਦੀ ਸੰਗਠਿਤ ਮਸੀਹੀ ਕਲੀਸਿਯਾ ਲਈ ਭਵਿੱਖ ਨਿਰਾਸ਼ਾ-ਭਰਿਆ ਲੱਗਦਾ ਸੀ। ਯਿਸੂ ਨੇ ਪਹਿਲਾਂ ਹੀ ਦੱਸਿਆ ਸੀ ਕਿ ਇਸ ਤਰ੍ਹਾਂ ਹੋਵੇਗਾ ਜਿਵੇਂ ਇਕ ਖੇਤ ਵਿਚ ਨਵੀਂ ਕਣਕ ਦੇ ਨਾਲ-ਨਾਲ ਜੰਗਲੀ ਬੂਟੀ ਬੀਜੀ ਹੋਵੇ ਅਤੇ ਇਸ ਦੇ ਕਾਰਨ ਕਣਕ ਤੇ ਜੰਗਲੀ ਬੂਟੀ ਵਿਚ ਫ਼ਰਕ ਦੇਖਣਾ ਬਹੁਤ ਔਖਾ ਹੋਵੇਗਾ। (ਮੱਤੀ 13:24-30) ਅਤੇ ਯਿਸੂ ਦੀ ਗੱਲ ਪੂਰੀ ਹੋਈ। ਪਹਿਲੀ ਸਦੀ ਦੇ ਅੰਤ ਤਕ ਧਰਮ-ਤਿਆਗ ਬਹੁਤ ਫੈਲ ਰਿਹਾ ਸੀ। ਅਤੇ ਬਿਰਧ ਯੂਹੰਨਾ ਰਸੂਲ ਭ੍ਰਿਸ਼ਟਾਚਾਰ ਦਾ ਆਖ਼ਰੀ ਡੱਟ ਸੀ। (2 ਥੱਸਲੁਨੀਕੀਆਂ 2:6; 1 ਯੂਹੰਨਾ 2:18) ਰਸੂਲਾਂ ਦੀ ਮੌਤ ਤੋਂ ਥੋੜ੍ਹੀ ਹੀ ਦੇਰ ਬਾਅਦ, ਪਾਦਰੀਆਂ ਦਾ ਇਕ ਵੱਖਰਾ ਵਰਗ ਉੱਠ ਖੜ੍ਹਾ ਹੋਇਆ ਜੋ ਮਸੀਹੀ ਇੱਜੜ ਉੱਤੇ ਦਬਾਅ ਪਾਉਂਦਾ ਸੀ ਅਤੇ ਖ਼ਾਸ ਕੱਪੜੇ ਪਹਿਨਦਾ ਸੀ। ਧਰਮ-ਤਿਆਗ ਅੱਗ ਵਾਂਗ ਫੈਲ ਗਿਆ। ਵਫ਼ਾਦਾਰ ਮਸੀਹੀਆਂ ਲਈ ਇਹ ਕਿੰਨੀ ਨਿਰਾਸ਼ਾ ਵਾਲੀ ਗੱਲ ਸੀ! ਉਨ੍ਹਾਂ ਨੇ ਇਕ ਭ੍ਰਿਸ਼ਟ ਰੂਪ ਦੀ ਉਪਾਸਨਾ ਨੂੰ ਸ਼ੁੱਧ ਉਪਾਸਨਾ ਦੇ ਨਵੇਂ ਪ੍ਰਬੰਧ ਨੂੰ ਤਬਾਹ ਕਰਦੇ ਦੇਖਿਆ। ਅਤੇ ਇਹ ਸਭ ਮਸੀਹ ਦੁਆਰਾ ਕਲੀਸਿਯਾ ਸਥਾਪਿਤ ਕਰਨ ਤੋਂ ਬਾਅਦ ਇਕ ਸਦੀ ਦੇ ਵਿਚ-ਵਿਚ ਹੋਇਆ।
17. ਅੱਜ ਦੀ ਮਸੀਹੀ ਕਲੀਸਿਯਾ, ਪਹਿਲੀ ਸਦੀ ਦੀ ਕਲੀਸਿਯਾ ਨਾਲੋਂ ਕਿਸ ਅਰਥ ਵਿਚ ਜ਼ਿਆਦਾ ਚਿਰ ਕਾਇਮ ਰਹੀ ਹੈ?
17 ਹੁਣ ਇਸ ਦੀ ਤੁਲਨਾ ਵਿਚ ਅੱਜ ਦੇ ਦਿਨਾਂ ਵੱਲ ਧਿਆਨ ਦਿਓ। ਅੱਜ, ਸ਼ੁੱਧ ਉਪਾਸਨਾ ਰਸੂਲਾਂ ਦੀ ਉਮਰ ਨਾਲੋਂ ਜ਼ਿਆਦਾ ਚਿਰ ਕਾਇਮ ਰਹੀ ਹੈ। ਇਸ ਰਸਾਲੇ ਦੇ ਪਹਿਲੇ ਅੰਕ ਦੀ 1879 ਵਿਚ ਛਪਾਈ ਤੋਂ ਲੈ ਕੇ ਯਹੋਵਾਹ ਨੇ ਸਾਨੂੰ ਸ਼ੁੱਧ ਕੀਤੀ ਜਾ ਰਹੀ ਉਪਾਸਨਾ ਦੀ ਬਖ਼ਸ਼ੀਸ਼ ਦਿੱਤੀ ਹੈ। ਯਹੋਵਾਹ ਅਤੇ ਯਿਸੂ ਮਸੀਹ 1918 ਵਿਚ ਰੂਹਾਨੀ ਹੈਕਲ ਨੂੰ ਸਾਫ਼ ਕਰਨ ਲਈ ਉਸ ਵਿਚ ਦਾਖ਼ਲ ਹੋਏ ਸਨ। (ਮਲਾਕੀ 3:1-5) ਯਹੋਵਾਹ ਪਰਮੇਸ਼ੁਰ ਦੀ ਉਪਾਸਨਾ ਕਰਨ ਦਾ ਪ੍ਰਬੰਧ 1919 ਤੋਂ ਸ਼ੁਰੂ ਹੋ ਕੇ ਹੌਲੀ-ਹੌਲੀ ਸ਼ੁੱਧ ਕੀਤਾ ਜਾ ਰਿਹਾ ਹੈ। ਬਾਈਬਲ ਸੰਬੰਧਿਤ ਭਵਿੱਖਬਾਣੀਆਂ ਅਤੇ ਸਿਧਾਂਤਾਂ ਦੀ ਸਾਡੀ ਸਮਝ ਸਪੱਸ਼ਟ ਹੋ ਗਈ ਹੈ। (ਕਹਾਉਤਾਂ 4:18) ਪਰ ਇਸ ਸਪੱਸ਼ਟਤਾ ਲਈ ਕੌਣ ਜ਼ਿੰਮੇਵਾਰ ਹੈ? ਅਪੂਰਣ ਮਨੁੱਖ ਨਹੀਂ। ਸਿਰਫ਼ ਯਹੋਵਾਹ ਹੀ, ਆਪਣੇ ਪੁੱਤਰ, ਯਾਨੀ ਕਲੀਸਿਯਾ ਦੇ ਸਿਰ ਦੁਆਰਾ, ਆਪਣੇ ਸੇਵਕਾਂ ਨੂੰ ਇਨ੍ਹਾਂ ਭੈੜੇ ਸਮਿਆਂ ਦੌਰਾਨ ਭ੍ਰਿਸ਼ਟਤਾ ਤੋਂ ਬਚਾ ਸਕਦਾ ਸੀ। ਤਾਂ ਫਿਰ, ਆਓ ਆਪਾਂ ਯਹੋਵਾਹ ਦਾ ਧੰਨਵਾਦ ਕਰਨਾ ਕਦੀ ਵੀ ਨਾ ਭੁੱਲੀਏ ਕਿਉਂਕਿ ਉਸ ਨੇ ਅੱਜ ਸਾਨੂੰ ਸ਼ੁੱਧ ਉਪਾਸਨਾ ਵਿਚ ਹਿੱਸਾ ਲੈਣ ਦਾ ਮੌਕਾ ਦਿੱਤਾ ਹੈ। ਅਤੇ ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਅਸੀਂ ਕਦੀ ਵੀ ਪਿਛਾਹਾਂ ਮੁੜ ਕੇ ਨਸ਼ਟ ਵੱਲ ਨਹੀਂ ਜਾਵਾਂਗੇ!
18. ਨਸ਼ਟ ਵੱਲ ਕਦੀ ਵੀ ਪਿਛਾਹਾਂ ਨਾ ਮੁੜਨ ਦਾ ਸਾਡੇ ਕੋਲ ਕਿਹੜਾ ਕਾਰਨ ਹੈ?
18 ਉਨ੍ਹਾਂ ਇਬਰਾਨੀ ਮਸੀਹੀਆਂ ਵਾਂਗ ਸਾਡੇ ਕੋਲ ਵੀ ਡਰਪੋਕਾਂ ਵਾਂਗ ਪਿਛਾਹਾਂ ਹਟਣ ਵਾਲਾ ਰਾਹ ਰੱਦ ਕਰਨ ਦਾ ਇਕ ਹੋਰ ਕਾਰਨ ਹੈ—ਧੀਰਜ ਦਾ ਸਾਡਾ ਰਿਕਾਰਡ। ਭਾਵੇਂ ਅਸੀਂ ਸੱਚਾਈ ਵਿਚ ਨਵੇਂ-ਨਵੇਂ ਹਾਂ ਜਾਂ ਅਸੀਂ ਵਫ਼ਾਦਾਰੀ ਨਾਲ ਕਈਆਂ ਦਹਾਕਿਆਂ ਤੋਂ ਯਹੋਵਾਹ ਦੀ ਸੇਵਾ ਕਰਦੇ ਆਏ ਹਾਂ, ਅਸੀਂ ਮਸੀਹੀ ਕੰਮਾਂ-ਕਾਰਾਂ ਦਾ ਇਕ ਰਿਕਾਰਡ ਕਾਇਮ ਕੀਤਾ ਹੈ। ਸਾਡੇ ਵਿੱਚੋਂ ਕਈਆਂ ਨੇ ਕੈਦ, ਪਾਬੰਦੀਆਂ, ਕਰੂਰਤਾ, ਜਾਂ ਜਾਇਦਾਦ ਦੇ ਨੁਕਸਾਨ ਰਾਹੀਂ ਅਤਿਆਚਾਰਾਂ ਦਾ ਸਾਮ੍ਹਣਾ ਕੀਤਾ ਹੈ। ਹੋਰ ਕਈਆਂ ਨੇ ਆਪਣੇ ਪਰਿਵਾਰਾਂ ਵੱਲੋਂ ਵਿਰੋਧਤਾ, ਨਫ਼ਰਤ, ਮਖੌਲ ਅਤੇ ਉਦਾਸੀਨਤਾ ਦਾ ਸਾਮ੍ਹਣਾ ਕੀਤਾ ਹੈ। ਅਸੀਂ ਸਾਰੇ ਹੀ ਜ਼ਿੰਦਗੀ ਦੀਆਂ ਚੁਣੌਤੀਆਂ ਅਤੇ ਅਜ਼ਮਾਇਸ਼ਾਂ ਦੇ ਬਾਵਜੂਦ ਯਹੋਵਾਹ ਦੀ ਸੇਵਾ ਵਿਚ ਵਫ਼ਾਦਾਰੀ ਨਾਲ ਲੱਗੇ ਰਹੇ ਹਾਂ। ਇਸ ਤਰ੍ਹਾਂ ਕਰਨ ਦੁਆਰਾ, ਅਸੀਂ ਦ੍ਰਿੜ੍ਹਤਾ ਦਾ ਇਕ ਰਿਕਾਰਡ ਕਾਇਮ ਕੀਤਾ ਹੈ ਜਿਸ ਨੂੰ ਯਹੋਵਾਹ ਕਦੀ ਨਹੀਂ ਭੁੱਲੇਗਾ। ਇਹ ਸਵਰਗ ਵਿਚ ਇਕੱਠੇ ਕੀਤੇ ਗਏ ਧੰਨ ਦੇ ਬਰਾਬਰ ਹੈ। ਯਕੀਨਨ, ਇਹ ਇਸ ਭੈੜੀ ਦੁਨੀਆਂ ਵੱਲ ਪਿਛਾਹਾਂ ਮੁੜਨ ਦਾ ਸਮਾਂ ਨਹੀਂ ਹੈ, ਜਿਸ ਤੋਂ ਅਸੀਂ ਨਿਕਲੇ ਹਾਂ! ਅਸੀਂ ਆਪਣੀ ਸਾਰੀ ਮਿਹਨਤ ਉੱਤੇ ਪਾਣੀ ਕਿਉਂ ਫੇਰੀਏ? ਇਹ ਖ਼ਾਸ ਕਰਕੇ ਅੱਜ ਸੱਚ ਹੈ, ਜਦੋਂ ਕਿ ਅੰਤ ਆਉਣ ਵਿਚ ਸਿਰਫ਼ “ਥੋੜਾ ਜਿਹਾ ਚਿਰ ਹੈ।”—ਇਬਰਾਨੀਆਂ 10:37.
19. ਸਾਡੇ ਅਗਲੇ ਲੇਖ ਵਿਚ ਕਿਸ ਗੱਲ ਬਾਰੇ ਚਰਚਾ ਕੀਤੀ ਜਾਵੇਗੀ?
19 ਜੀ ਹਾਂ, ਆਓ ਆਪਾਂ ਪੱਕਾ ਇਰਾਦਾ ਬਣਾਈਏ ਕਿ “ਅਸੀਂ ਓਹਨਾਂ ਵਿੱਚੋਂ ਨਹੀਂ ਜਿਹੜੇ ਪਿਛਾਹਾਂ ਹਟ ਕੇ ਨਸ਼ਟ ਹੋ ਜਾਂਦੇ ਹਨ”! ਇਸ ਦੀ ਬਜਾਇ ਆਓ ਆਪਾਂ ‘ਓਹਨਾਂ ਵਿੱਚੋਂ ਹੋਈਏ ਜਿਹੜੇ ਨਿਹਚਾ ਕਰਦੇ’ ਹਨ। (ਇਬਰਾਨੀਆਂ 10:39) ਅਸੀਂ ਕਿਸ ਤਰ੍ਹਾਂ ਨਿਸ਼ਚਿਤ ਹੋ ਸਕਦੇ ਹਾਂ ਕਿ ਅਸੀਂ ਨਿਹਚਾ ਰੱਖਣ ਵਾਲੇ ਹਾਂ, ਅਤੇ ਅਸੀਂ ਸੰਗੀ ਮਸੀਹੀਆਂ ਦੀ ਉਸ ਤਰ੍ਹਾਂ ਦੇ ਬਣਨ ਦੀ ਕਿਸ ਤਰ੍ਹਾਂ ਮਦਦ ਕਰ ਸਕਦੇ ਹਾਂ? ਸਾਡਾ ਅਗਲਾ ਲੇਖ ਇਸ ਗੱਲ ਬਾਰੇ ਚਰਚਾ ਕਰੇਗਾ।
[ਫੁਟਨੋਟ]
a ਮਾਰਚ 1, 1999 ਦੇ ਪਹਿਰਾਬੁਰਜ ਦੇ ਸਫ਼ੇ 8-23 ਦੇਖੋ।
ਕੀ ਤੁਹਾਨੂੰ ਯਾਦ ਹੈ?
◻ ਪਿਛਾਹਾਂ ਹਟ ਕੇ ਨਸ਼ਟ ਹੋਣ ਦਾ ਕੀ ਮਤਲਬ ਹੈ?
◻ ਜਿਨ੍ਹਾਂ ਇਬਰਾਨੀ ਮਸੀਹੀਆਂ ਨੂੰ ਪੌਲੁਸ ਨੇ ਖਤ ਲਿਖਿਆ ਸੀ ਉਨ੍ਹਾਂ ਉੱਤੇ ਕਿਸ ਤਰ੍ਹਾਂ ਦੇ ਦਬਾਅ ਆ ਰਹੇ ਸਨ?
◻ ਪੌਲੁਸ ਨੇ ਇਬਰਾਨੀਆਂ ਨੂੰ ਨਸ਼ਟ ਵੱਲ ਪਿਛਾਹਾਂ ਨਾ ਮੁੜਨ ਦੇ ਕਿਹੜੇ ਕਾਰਨ ਦਿੱਤੇ ਸਨ?
◻ ਪਿਛਾਹਾਂ ਹਟ ਕੇ ਨਸ਼ਟ ਨਾ ਹੋਣ ਦਾ ਪੱਕਾ ਇਰਾਦਾ ਬਣਾਉਣ ਲਈ ਸਾਡੇ ਕੋਲ ਕਿਹੜੇ ਕਾਰਨ ਹਨ?
[ਸਫ਼ੇ 15 ਉੱਤੇ ਤਸਵੀਰਾਂ]
ਪਤਰਸ ਦੇ ਪਲ-ਭਰ ਦੇ ਡਰ ਨੇ ਉਸ ਨੂੰ ‘ਓਹਨਾਂ ਵਿਚ ਨਹੀਂ’ ਸ਼ਾਮਲ ਕੀਤਾ “ਜਿਹੜੇ ਪਿਛਾਹਾਂ ਹਟ ਕੇ ਨਸ਼ਟ ਹੋ ਜਾਂਦੇ ਹਨ”