“ਮੇਰੇ ਲਈ ਠਹਿਰੇ ਰਹੋ”
“ਸੋ ਮੇਰੇ ਲਈ ਠਹਿਰੇ ਰਹੋ, ਯਹੋਵਾਹ ਦਾ ਵਾਕ ਹੈ।”—ਸਫ਼ਨਯਾਹ 3:8.
1. ਨਬੀ ਸਫ਼ਨਯਾਹ ਦੇ ਦੁਆਰਾ ਕਿਹੜੀ ਚੇਤਾਵਨੀ ਦਿੱਤੀ ਗਈ ਸੀ, ਅਤੇ ਇਹ ਅੱਜ ਜੀ ਰਹੇ ਲੋਕਾਂ ਦੇ ਲਈ ਦਿਲਚਸਪੀ ਦੀ ਗੱਲ ਕਿਉਂ ਹੈ?
“ਯਹੋਵਾਹ ਦਾ ਮਹਾਨ ਦਿਨ ਨੇੜੇ ਹੈ।” ਇਹ ਸੱਤਵੀਂ ਸਦੀ ਸਾ.ਯੁ.ਪੂ. ਦੇ ਅੱਧ ਵਿਚ ਨਬੀ ਸਫ਼ਨਯਾਹ ਦੇ ਦੁਆਰਾ ਚੇਤਾਵਨੀ ਪੁਕਾਰ ਦਿੱਤੀ ਗਈ ਸੀ। (ਸਫ਼ਨਯਾਹ 1:14) ਇਹ ਭਵਿੱਖਬਾਣੀ 40 ਜਾਂ 50 ਸਾਲਾਂ ਦੇ ਅੰਦਰ-ਅੰਦਰ ਪੂਰੀ ਹੋਈ ਜਦੋਂ ਯਰੂਸ਼ਲਮ ਉੱਤੇ ਅਤੇ ਉਨ੍ਹਾਂ ਕੌਮਾਂ ਉੱਤੇ ਯਹੋਵਾਹ ਦਾ ਨਿਆਉਂ ਪੂਰਾ ਕਰਨ ਦਾ ਦਿਨ ਆਇਆ, ਜਿਨ੍ਹਾਂ ਨੇ ਯਹੋਵਾਹ ਦੇ ਲੋਕਾਂ ਨਾਲ ਦੁਰਵਿਵਹਾਰ ਕਰਨ ਦੇ ਦੁਆਰਾ ਉਸ ਦੀ ਸਰਬਸੱਤਾ ਦਾ ਵਿਰੋਧ ਕੀਤਾ ਸੀ। ਇਹ 20ਵੀਂ ਸਦੀ ਦੇ ਅੰਤ ਵਿਚ ਜੀ ਰਹੇ ਲੋਕਾਂ ਦੇ ਲਈ ਦਿਲਚਸਪੀ ਦੀ ਗੱਲ ਕਿਉਂ ਹੈ? ਅਸੀਂ ਉਸ ਸਮੇਂ ਵਿਚ ਜੀ ਰਹੇ ਹਾਂ ਜਦੋਂ ਯਹੋਵਾਹ ਦਾ ਅੰਤਿਮ “ਮਹਾਨ ਦਿਨ” ਤੇਜ਼ੀ ਨਾਲ ਨੇੜੇ ਅੱਪੜ ਰਿਹਾ ਹੈ। ਠੀਕ ਜਿਵੇਂ ਸਫ਼ਨਯਾਹ ਦੇ ਸਮੇਂ ਵਿਚ ਹੋਇਆ, ਯਹੋਵਾਹ ਦਾ “ਤੱਤਾ ਕ੍ਰੋਧ” ਯਰੂਸ਼ਲਮ ਦੇ ਆਧੁਨਿਕ-ਦਿਨ ਦੇ ਸਮਾਨਕ—ਮਸੀਹੀ-ਜਗਤ—ਉੱਤੇ ਅਤੇ ਉਨ੍ਹਾਂ ਸਾਰੀਆਂ ਕੌਮਾਂ ਉੱਤੇ ਭੜਕਣ ਵਾਲਾ ਹੈ, ਜੋ ਯਹੋਵਾਹ ਦੇ ਲੋਕਾਂ ਨਾਲ ਦੁਰਵਿਵਹਾਰ ਕਰਦੀਆਂ ਅਤੇ ਉਸ ਦੀ ਵਿਸ਼ਵ ਸਰਬਸੱਤਾ ਦਾ ਵਿਰੋਧ ਕਰਦੀਆਂ ਹਨ।—ਸਫ਼ਨਯਾਹ 1:4; 2:4, 8, 12, 13; 3:8; 2 ਪਤਰਸ 3:12, 13.
ਸਫ਼ਨਯਾਹ—ਇਕ ਸਾਹਸੀ ਗਵਾਹ
2, 3. (ੳ) ਅਸੀਂ ਸਫ਼ਨਯਾਹ ਦੇ ਬਾਰੇ ਕੀ ਜਾਣਦੇ ਹਾਂ, ਅਤੇ ਕਿਹੜੀ ਗੱਲ ਸੰਕੇਤ ਕਰਦੀ ਹੈ ਕਿ ਉਹ ਯਹੋਵਾਹ ਦਾ ਇਕ ਸਾਹਸੀ ਗਵਾਹ ਸੀ? (ਅ) ਕਿਹੜੇ ਤੱਥ ਸਾਨੂੰ ਸਫ਼ਨਯਾਹ ਦੀ ਭਵਿੱਖਬਾਣੀ ਕਰਨ ਦੇ ਸਮੇਂ ਅਤੇ ਜਗ੍ਹਾ ਨੂੰ ਨਿਰਧਾਰਿਤ ਕਰਨ ਦੇ ਯੋਗ ਬਣਾਉਂਦੇ ਹਨ?
2 ਨਬੀ ਸਫ਼ਨਯਾਹ ਦੇ ਬਾਰੇ ਥੋੜ੍ਹਾ ਬਹੁਤ ਹੀ ਪਤਾ ਹੈ, ਜਿਸ ਦੇ ਨਾਂ (ਇਬਰਾਨੀ, ਸੇਫ਼ਾਨਯਾਹ) ਦਾ ਅਰਥ ਹੈ “ਯਹੋਵਾਹ ਨੇ ਗੁਪਤ ਰੱਖਿਆ (ਸਾਂਭ ਰੱਖਿਆ)।” ਪਰੰਤੂ, ਦੂਜਿਆਂ ਨਬੀਆਂ ਦੇ ਟਾਕਰੇ ਵਿਚ, ਸਫ਼ਨਯਾਹ ਨੇ ਪਿੱਛੇ ਨੂੰ ਜਾਂਦੇ ਹੋਏ ਆਪਣੀ ਵੰਸ਼ਾਵਲੀ ਨੂੰ ਚੌਥੀ ਪੀੜ੍ਹੀ, “ਹਿਜ਼ਕੀਯਾਹ” ਤਕ ਦੱਸਿਆ। (ਸਫ਼ਨਯਾਹ 1:1; ਤੁਲਨਾ ਕਰੋ ਯਸਾਯਾਹ 1:1; ਯਿਰਮਿਯਾਹ 1:1; ਹਿਜ਼ਕੀਏਲ 1:3.) ਇਹ ਇੰਨਾ ਅਸਾਧਾਰਣ ਹੈ ਕਿ ਅਧਿਕਤਰ ਟੀਕਾਕਾਰ ਉਸ ਦੇ ਪਿਉ ਦੇ ਪੜਦਾਦੇ ਨੂੰ ਵਫ਼ਾਦਾਰ ਰਾਜਾ ਹਿਜ਼ਕੀਯਾਹ ਦੇ ਤੌਰ ਤੇ ਸ਼ਨਾਖਤ ਕਰਦੇ ਹਨ। ਜੇਕਰ ਉਹ ਸੀ, ਤਾਂ ਸਫ਼ਨਯਾਹ ਸ਼ਾਹੀ ਘਰਾਣੇ ਤੋਂ ਸੀ, ਅਤੇ ਇਸ ਗੱਲ ਨੇ ਯਹੂਦਾਹ ਦਿਆਂ ਸਰਦਾਰਾਂ ਦੇ ਵਿਰੁੱਧ ਉਸ ਦੀ ਸਖ਼ਤ ਨਿੰਦਾ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਇਆ ਅਤੇ ਇਹ ਵੀ ਦਿਖਾਇਆ ਹੋਣਾ ਕਿ ਉਹ ਯਹੋਵਾਹ ਦਾ ਇਕ ਸਾਹਸੀ ਗਵਾਹ ਅਤੇ ਨਬੀ ਸੀ। ਯਰੂਸ਼ਲਮ ਦੀ ਸਥਲ-ਆਕ੍ਰਿਤੀ ਦੇ ਬਾਰੇ ਅਤੇ ਸ਼ਾਹੀ ਰਾਜ-ਦਰਬਾਰ ਵਿਚ ਜੋ ਕੁਝ ਹੋ ਰਿਹਾ ਸੀ, ਉਸ ਦੇ ਬਾਰੇ ਉਸ ਦਾ ਡੂੰਘਾ ਗਿਆਨ ਦਿਖਾਉਂਦਾ ਹੈ ਕਿ ਉਸ ਨੇ ਯਹੋਵਾਹ ਦੇ ਨਿਆਉਂ ਨੂੰ ਸ਼ਾਇਦ ਰਾਜਧਾਨੀ ਵਿਚ ਹੀ ਘੋਸ਼ਿਤ ਕੀਤਾ ਹੋਵੇ।—ਦੇਖੋ ਸਫ਼ਨਯਾਹ 1:8-11.
3 ਧਿਆਨਯੋਗ ਤੱਥ ਇਹ ਹੈ ਕਿ, ਹਾਲਾਂਕਿ ਸਫ਼ਨਯਾਹ ਨੇ ਯਹੂਦਾਹ ਦੇ ਦੀਵਾਨੀ “ਸਰਦਾਰਾਂ” (ਕੁਲੀਨ ਵਿਅਕਤੀਆਂ, ਜਾਂ ਗੋਤਾਂ ਦਿਆਂ ਮੁਖੀਆਂ) ਅਤੇ “ਪਾਤਸ਼ਾਹ ਦੇ ਪੁੱਤ੍ਰਾਂ” ਦੇ ਵਿਰੁੱਧ ਈਸ਼ਵਰੀ ਨਿਆਉਂ ਘੋਸ਼ਿਤ ਕੀਤਾ, ਉਸ ਨੇ ਆਪਣੀ ਆਲੋਚਨਾ ਵਿਚ ਖ਼ੁਦ ਰਾਜੇ ਦਾ ਜ਼ਿਕਰ ਕਦੀ ਵੀ ਨਹੀਂ ਕੀਤਾ।a (ਸਫ਼ਨਯਾਹ 1:8; 3:3) ਇਸ ਤੋਂ ਸੰਕੇਤ ਮਿਲਦਾ ਹੈ ਕਿ ਨੌਜਵਾਨ ਰਾਜਾ ਯੋਸੀਯਾਹ ਨੇ ਸੱਚੀ ਉਪਾਸਨਾ ਲਈ ਪਹਿਲਾਂ ਹੀ ਰੁਚੀ ਦਿਖਾਈ ਸੀ, ਭਾਵੇਂ ਕਿ, ਸਫ਼ਨਯਾਹ ਦੁਆਰਾ ਨਿੰਦੀ ਗਈ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ, ਇਹ ਸਪੱਸ਼ਟ ਹੈ ਕਿ ਉਸ ਨੇ ਆਪਣੇ ਧਾਰਮਿਕ ਸੁਧਾਰਾਂ ਨੂੰ ਹਾਲੇ ਸ਼ੁਰੂ ਨਹੀਂ ਕੀਤਾ ਸੀ। ਇਹ ਸਾਰੀਆਂ ਗੱਲਾਂ ਸੰਕੇਤ ਕਰਦੀਆਂ ਹਨ ਕਿ ਸਫ਼ਨਯਾਹ ਨੇ ਯਹੂਦਾਹ ਦੇ ਵਿਚ ਯੋਸੀਯਾਹ ਦੇ ਮੁਢਲੇ ਸਾਲਾਂ ਦੇ ਦੌਰਾਨ ਭਵਿੱਖਬਾਣੀ ਕੀਤੀ, ਜਿਸ ਨੇ 659 ਤੋਂ ਲੈ ਕੇ 629 ਸਾ.ਯੁ.ਪੂ. ਤਕ ਸ਼ਾਸਨ ਕੀਤਾ। ਸਫ਼ਨਯਾਹ ਦੀ ਉਤਸ਼ਾਹੀ ਭਵਿੱਖਬਾਣੀ ਨੇ ਯਹੂਦਾਹ ਵਿਚ ਉਸ ਸਮੇਂ ਪ੍ਰਚਲਿਤ ਮੂਰਤੀ-ਪੂਜਾ, ਹਿੰਸਾ, ਅਤੇ ਭ੍ਰਿਸ਼ਟਾਚਾਰ ਦੇ ਪ੍ਰਤੀ ਨੌਜਵਾਨ ਯੋਸੀਯਾਹ ਦੀ ਸਚੇਤਤਾ ਨੂੰ ਨਿਰਸੰਦੇਹ ਵਧਾਇਆ ਅਤੇ ਮੂਰਤੀ-ਪੂਜਾ ਦੇ ਵਿਰੁੱਧ ਉਸ ਦੇ ਬਾਅਦ ਦੀ ਮੁਹਿੰਮ ਨੂੰ ਉਤਸ਼ਾਹਿਤ ਕੀਤਾ।—2 ਇਤਹਾਸ 34:1-3.
ਯਹੋਵਾਹ ਦੇ ਤੱਤੇ ਕ੍ਰੋਧ ਦੇ ਲਈ ਕਾਰਨ
4. ਯਹੋਵਾਹ ਨੇ ਕਿਹੜੇ ਸ਼ਬਦਾਂ ਵਿਚ ਯਹੂਦਾਹ ਅਤੇ ਯਰੂਸ਼ਲਮ ਦੇ ਵਿਰੁੱਧ ਆਪਣਾ ਕ੍ਰੋਧ ਅਭਿਵਿਅਕਤ ਕੀਤਾ?
4 ਯਹੋਵਾਹ ਦੇ ਕੋਲ ਯਹੂਦਾਹ ਅਤੇ ਉਸ ਦੀ ਰਾਜਧਾਨੀ ਯਰੂਸ਼ਲਮ ਦਿਆਂ ਆਗੂਆਂ ਅਤੇ ਵਾਸੀਆਂ ਦੇ ਪ੍ਰਤੀ ਕ੍ਰੋਧਿਤ ਮਹਿਸੂਸ ਕਰਨ ਦਾ ਚੰਗਾ ਕਾਰਨ ਸੀ। ਆਪਣੇ ਨਬੀ ਸਫ਼ਨਯਾਹ ਦੇ ਦੁਆਰਾ, ਉਸ ਨੇ ਬਿਆਨ ਕੀਤਾ: “ਮੈਂ ਆਪਣਾ ਹੱਥ ਯਹੂਦਾਹ ਉੱਤੇ, ਅਤੇ ਯਰੂਸ਼ਲਮ ਦੇ ਸਾਰਿਆਂ ਵਾਸੀਆਂ ਉੱਤੇ ਚੁੱਕਾਂਗਾ, ਅਤੇ ਏਸ ਅਸਥਾਨ ਤੋਂ ਬਆਲ ਦੇ ਬਕੀਏ ਨੂੰ ਕੱਟ ਦਿਆਂਗਾ, ਨਾਲੇ ਪੁਜਾਰੀਆਂ ਦੇ ਨਾਮ ਨੂੰ ਜਾਜਕਾਂ ਸਣੇ। ਓਹਨਾਂ ਨੂੰ ਵੀ ਜੋ ਛਤਾਂ ਉੱਤੇ ਅਕਾਸ਼ ਦੀ ਸੈਨਾ ਅੱਗੇ ਮੱਥਾ ਟੇਕਦੇ ਹਨ, ਜੋ ਯਹੋਵਾਹ ਅੱਗੇ ਮੱਥਾ ਟੇਕਦੇ ਅਤੇ ਸੌਂਹ ਖਾਂਦੇ ਹਨ, ਨਾਲੇ ਮਲਕਾਮ ਦੀ ਸੌਂਹ ਵੀ ਖਾਂਦੇ ਹਨ।”—ਸਫ਼ਨਯਾਹ 1:4, 5.
5, 6. (ੳ) ਸਫ਼ਨਯਾਹ ਦੇ ਸਮੇਂ ਵਿਚ ਯਹੂਦਾਹ ਵਿਚ ਧਾਰਮਿਕ ਪਰਿਸਥਿਤੀ ਕਿਸ ਤਰ੍ਹਾਂ ਦੀ ਸੀ? (ਅ) ਯਹੂਦਾਹ ਦੇ ਦੀਵਾਨੀ ਆਗੂਆਂ ਅਤੇ ਉਨ੍ਹਾਂ ਦੇ ਉਪ-ਕਰਮਚਾਰੀਆਂ ਦੀ ਕੀ ਸਥਿਤੀ ਸੀ?
5 ਯਹੂਦਾਹ ਬਆਲ ਉਪਾਸਨਾ ਦੀਆਂ ਉਪਜਾਇਕਤਾ ਸੰਬੰਧੀ ਨੀਚ ਰਸਮਾਂ, ਪਿਸ਼ਾਚੀ ਜੋਤਸ਼-ਵਿਦਿਆ, ਅਤੇ ਗ਼ੈਰ-ਯਹੂਦੀ ਦੇਵਤਾ ਮਲਕਾਮ ਦੀ ਉਪਾਸਨਾ ਨਾਲ ਦੂਸ਼ਿਤ ਸੀ। ਜੇਕਰ ਮਲਕਾਮ ਹੀ ਮੋਲਕ ਹੈ, ਜਿਵੇਂ ਕਿ ਕਈ ਸੰਕੇਤ ਕਰਦੇ ਹਨ, ਤਾਂ ਯਹੂਦਾਹ ਦੀ ਝੂਠੀ ਉਪਾਸਨਾ ਵਿਚ ਬੱਚਿਆਂ ਦੀ ਬਲੀ ਚੜ੍ਹਾਉਣ ਦਾ ਘਿਣਾਉਣਾ ਅਭਿਆਸ ਵੀ ਸ਼ਾਮਲ ਸੀ। ਅਜਿਹੇ ਧਾਰਮਿਕ ਅਭਿਆਸ ਯਹੋਵਾਹ ਦੀ ਦ੍ਰਿਸ਼ਟੀ ਵਿਚ ਘਿਣਾਉਣੇ ਸਨ। (1 ਰਾਜਿਆਂ 11:5, 7; 14:23, 24; 2 ਰਾਜਿਆਂ 17:16, 17) ਉਨ੍ਹਾਂ ਨੇ ਉਸ ਦੇ ਕ੍ਰੋਧ ਨੂੰ ਹੋਰ ਵੀ ਸਹੇੜਿਆ ਕਿਉਂਕਿ ਮੂਰਤੀ-ਪੂਜਕ ਹਾਲੇ ਵੀ ਯਹੋਵਾਹ ਦੇ ਨਾਂ ਵਿਚ ਸੌਂਹ ਖਾਂਦੇ ਸਨ। ਉਹ ਅਜਿਹੀ ਧਾਰਮਿਕ ਅਸ਼ੁੱਧਤਾ ਨੂੰ ਹੋਰ ਸਹਿਣ ਨਹੀਂ ਕਰੇਗਾ ਅਤੇ ਗ਼ੈਰ-ਯਹੂਦੀ ਪੁਜਾਰੀਆਂ ਅਤੇ ਧਰਮ-ਤਿਆਗੀ ਜਾਜਕਾਂ ਨੂੰ ਇਕਸਮਾਨ ਨਾਸ਼ ਕਰੇਗਾ।
6 ਇਸ ਤੋਂ ਇਲਾਵਾ, ਯਹੂਦਾਹ ਦੇ ਦੀਵਾਨੀ ਆਗੂ ਭ੍ਰਿਸ਼ਟ ਸਨ। ਉਸ ਦੇ ਸਰਦਾਰ ਹਾਬੜੇ “ਗੱਜਦੇ ਬਬਰ ਸ਼ੇਰ” ਵਾਂਗ ਸਨ, ਅਤੇ ਉਸ ਦੇ ਨਿਆਂਕਾਰ ਭੁੱਖੜ ‘ਬਘਿਆੜਾਂ’ ਦੇ ਤੁੱਲ ਸਨ। (ਸਫ਼ਨਯਾਹ 3:3) ਉਨ੍ਹਾਂ ਦੇ ਉਪ-ਕਰਮਚਾਰੀਆਂ ਉੱਤੇ ‘ਆਪਣੇ ਮਾਲਕ ਦੇ ਘਰ ਨੂੰ ਅਨ੍ਹੇਰ ਅਤੇ ਛਲ ਨਾਲ ਭਰਨ’ ਦਾ ਦੋਸ਼ ਲਗਾਇਆ ਗਿਆ ਸੀ। (ਸਫ਼ਨਯਾਹ 1:9) ਭੌਤਿਕਵਾਦ ਆਮ ਸੀ। ਅਨੇਕ ਲੋਕ ਧਨ ਇਕੱਠਾ ਕਰਨ ਦੇ ਲਈ ਮੌਕੇ ਤੋਂ ਫ਼ਾਇਦਾ ਉਠਾ ਰਹੇ ਸਨ।—ਸਫ਼ਨਯਾਹ 1:13.
ਯਹੋਵਾਹ ਦੇ ਦਿਨ ਬਾਰੇ ਸੰਦੇਹ
7. ਸਫ਼ਨਯਾਹ ਨੇ ‘ਯਹੋਵਾਹ ਦੇ ਮਹਾਨ ਦਿਨ’ ਤੋਂ ਕਿੰਨਾ ਸਮਾਂ ਪਹਿਲਾਂ ਭਵਿੱਖਬਾਣੀ ਕੀਤੀ ਸੀ, ਅਤੇ ਅਨੇਕ ਯਹੂਦੀਆਂ ਦੀ ਅਧਿਆਤਮਿਕ ਸਥਿਤੀ ਕੀ ਸੀ?
7 ਜਿਵੇਂ ਕਿ ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ, ਸਫ਼ਨਯਾਹ ਦੇ ਦਿਨ ਵਿਚ ਪ੍ਰਚਲਿਤ ਬਿਪਤਾਜਨਕ ਧਾਰਮਿਕ ਪਰਿਸਥਿਤੀ ਸੰਕੇਤ ਕਰਦੀ ਹੈ ਕਿ ਉਸ ਨੇ ਗਵਾਹ ਅਤੇ ਨਬੀ ਦੇ ਤੌਰ ਤੇ ਆਪਣਾ ਕੰਮ ਉਦੋਂ ਕੀਤਾ ਸੀ, ਜਦੋਂ ਰਾਜਾ ਯੋਸੀਯਾਹ ਨੇ ਅਜੇ ਮੂਰਤੀ-ਪੂਜਾ ਦੇ ਵਿਰੁੱਧ, ਲਗਭਗ 648 ਸਾ.ਯੁ.ਪੂ. ਵਿਚ, ਆਪਣੀ ਮੁਹਿੰਮ ਸ਼ੁਰੂ ਨਹੀਂ ਕੀਤੀ ਸੀ। (2 ਇਤਹਾਸ 34:4, 5) ਤਾਂ ਫਿਰ, ਸੰਭਵ ਹੈ ਕਿ ਸਫ਼ਨਯਾਹ ਨੇ ਯਹੂਦਾਹ ਦੇ ਰਾਜ ਉੱਤੇ “ਯਹੋਵਾਹ ਦਾ ਮਹਾਨ ਦਿਨ” ਆਉਣ ਤੋਂ ਘੱਟੋ-ਘੱਟ 40 ਸਾਲ ਪਹਿਲਾਂ ਭਵਿੱਖਬਾਣੀ ਕੀਤੀ ਸੀ। ਇਸ ਦੇ ਅੰਤਰਾਲ ਵਿਚ, ਅਨੇਕ ਯਹੂਦੀਆਂ ਨੇ ਸੰਦੇਹ ਕੀਤਾ ਅਤੇ ਉਦਾਸੀਨ ਹੁੰਦੇ ਹੋਏ, ਯਹੋਵਾਹ ਦੀ ਸੇਵਾ ਕਰਨ ਤੋਂ “ਫਿਰ ਗਏ।” ਸਫ਼ਨਯਾਹ ਉਨ੍ਹਾਂ ਦੇ ਬਾਰੇ ਗੱਲ ਕਰਦਾ ਹੈ ਜੋ “ਨਾ ਯਹੋਵਾਹ ਦੇ ਤਾਲਿਬ ਹਨ, ਨਾ ਉਹ ਦੀ ਸਲਾਹ ਪੁੱਛਦੇ ਹਨ।” (ਸਫ਼ਨਯਾਹ 1:6) ਸਪੱਸ਼ਟ ਤੌਰ ਤੇ, ਯਹੂਦਾਹ ਦੇ ਵਿਅਕਤੀ ਉਤਸ਼ਾਹਹੀਣ ਸਨ, ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਬਾਰੇ ਕੋਈ ਚਿੰਤਾ ਨਹੀਂ ਸੀ।
8, 9. (ੳ) ਯਹੋਵਾਹ ਉਨ੍ਹਾਂ ਆਦਮੀਆਂ ਨੂੰ ਕਿਉਂ ਜਾਂਚੇਗਾ “ਜਿਨ੍ਹਾਂ ਨੇ ਆਪਣੇ ਫੋਗ ਰੱਖ ਛੱਡਿਆ ਹੈ”? (ਅ) ਕਿਹੜੇ ਤਰੀਕਿਆਂ ਵਿਚ ਯਹੋਵਾਹ ਯਹੂਦਾਹ ਦਿਆਂ ਵਾਸੀਆਂ ਅਤੇ ਉਨ੍ਹਾਂ ਦੇ ਦੀਵਾਨੀ ਅਤੇ ਧਾਰਮਿਕ ਆਗੂਆਂ ਨੂੰ ਸਜ਼ਾ ਦੇਵੇਗਾ?
8 ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਜਾਂਚਣ ਦਾ ਆਪਣਾ ਮਕਸਦ ਜਾਣੂ ਕਰਵਾਇਆ ਜੋ ਉਸ ਦੇ ਲੋਕ ਹੋਣ ਦਾ ਦਾਅਵਾ ਕਰਦੇ ਸਨ। ਆਪਣੇ ਅਖਾਉਤੀ ਉਪਾਸਕਾਂ ਦੇ ਵਿੱਚੋਂ, ਉਹ ਉਨ੍ਹਾਂ ਨੂੰ ਖੋਜ ਕੱਢੇਗਾ ਜੋ ਮਾਨਵੀ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰਨ ਦੀ ਉਸ ਦੀ ਯੋਗਤਾ ਜਾਂ ਉਦੇਸ਼ ਦੇ ਸੰਬੰਧ ਵਿਚ ਆਪਣੇ ਦਿਲਾਂ ਵਿਚ ਸੰਦੇਹ ਕਰਦੇ ਸਨ। ਉਸ ਨੇ ਬਿਆਨ ਕੀਤਾ: “ਉਸ ਸਮੇਂ ਇਉਂ ਹੋਵੇਗਾ ਕਿ ਮੈਂ ਦੀਵੇ ਲੈ ਕੇ ਯਰੂਸ਼ਲਮ ਦੀ ਤਲਾਸ਼ੀ ਲਵਾਂਗਾ, ਅਤੇ ਓਹਨਾਂ ਆਦਮੀਆਂ ਨੂੰ ਸਜ਼ਾ ਦਿਆਂਗਾ ਜਿਨ੍ਹਾਂ ਨੇ ਆਪਣੇ ਫੋਗ ਰੱਖ ਛੱਡਿਆ ਹੈ, ਜੋ ਆਪਣੇ ਮਨਾਂ ਵਿੱਚ ਕਹਿੰਦੇ ਹਨ, ਯਹੋਵਾਹ ਨਾ ਭਲਿਆਈ ਕਰੇਗਾ, ਨਾ ਬੁਰਿਆਈ ਕਰੇਗਾ।” (ਸਫ਼ਨਯਾਹ 1:12) ਇਹ ਅਭਿਵਿਅਕਤੀ ‘ਆਦਮੀ ਜਿਨ੍ਹਾਂ ਨੇ ਆਪਣੇ ਫੋਗ ਰੱਖ ਛੱਡਿਆ ਹੈ’ (ਦਾਖ ਰਸ ਬਣਾਉਣ ਦੇ ਬਾਰੇ ਇਕ ਉਲੇਖ) ਉਨ੍ਹਾਂ ਵੱਲ ਸੰਕੇਤ ਕਰਦੀ ਹੈ ਜੋ ਡੋਲ ਦੀ ਤਹਿ ਤੇ ਫੋਗ ਦੀ ਤਰ੍ਹਾਂ ਬੈਠ ਗਏ ਹਨ, ਅਤੇ ਜੋ ਮਨੁੱਖਜਾਤੀ ਦਿਆਂ ਮਾਮਲਿਆਂ ਵਿਚ ਵਾਪਰਨ ਵਾਲੀ ਈਸ਼ਵਰੀ ਦਖ਼ਲਅੰਦਾਜ਼ੀ ਦੇ ਬਾਰੇ ਕਿਸੇ ਵੀ ਘੋਸ਼ਣਾ ਤੋਂ ਪਰੇਸ਼ਾਨ ਨਹੀਂ ਹੋਣਾ ਚਾਹੁੰਦੇ ਹਨ।
9 ਯਹੋਵਾਹ ਯਹੂਦਾਹ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਅਤੇ ਉਨ੍ਹਾਂ ਦੇ ਜਾਜਕਾਂ ਨੂੰ ਸਜ਼ਾ ਦੇਵੇਗਾ, ਜਿਨ੍ਹਾਂ ਨੇ ਉਸ ਦੀ ਉਪਾਸਨਾ ਵਿਚ ਗ਼ੈਰ-ਯਹੂਦੀ ਵਿਸ਼ਵਾਸਾਂ ਦੀ ਮਿਲਾਵਟ ਕੀਤੀ ਹੈ। ਜੇਕਰ ਉਨ੍ਹਾਂ ਨੇ ਮਾਨੋ ਯਰੂਸ਼ਲਮ ਦੀਆਂ ਕੰਧਾਂ ਦੇ ਅੰਦਰ, ਰਾਤ ਦੇ ਹਨੇਰੇ ਵਿਚ ਸੁਰੱਖਿਅਤ ਮਹਿਸੂਸ ਕੀਤਾ ਸੀ, ਤਾਂ ਉਹ ਉਨ੍ਹਾਂ ਨੂੰ ਰੌਸ਼ਨ ਦੀਵਿਆਂ ਦੇ ਨਾਲ ਖੋਜ ਕੱਢੇਗਾ, ਜਿਹੜੇ ਕਿ ਉਸ ਅਧਿਆਤਮਿਕ ਹਨੇਰੇ ਨੂੰ ਵੀ ਚੀਰ ਦੇਣਗੇ ਜਿਸ ਵਿਚ ਉਨ੍ਹਾਂ ਨੇ ਪਨਾਹ ਲਈ ਹੋਈ ਸੀ। ਉਹ ਪਹਿਲਾਂ ਨਿਆਉਂ ਦੇ ਭਿਆਨਕ ਸੰਦੇਸ਼ਾਂ ਦੇ ਦੁਆਰਾ, ਫਿਰ ਇਨ੍ਹਾਂ ਨਿਆਉਂ ਨੂੰ ਪੂਰਿਆਂ ਕਰਨ ਦੇ ਦੁਆਰਾ ਉਨ੍ਹਾਂ ਨੂੰ ਝਟਕ ਕੇ ਉਨ੍ਹਾਂ ਦੀ ਧਾਰਮਿਕ ਉਦਾਸੀਨਤਾ ਵਿੱਚੋਂ ਬਾਹਰ ਕੱਢੇਗਾ।
“ਯਹੋਵਾਹ ਦਾ ਮਹਾਨ ਦਿਨ ਨੇੜੇ ਹੈ”
10. ਸਫ਼ਨਯਾਹ ਨੇ ‘ਯਹੋਵਾਹ ਦੇ ਮਹਾਨ ਦਿਨ’ ਨੂੰ ਕਿਵੇਂ ਵਰਣਿਤ ਕੀਤਾ?
10 ਯਹੋਵਾਹ ਨੇ ਸਫ਼ਨਯਾਹ ਨੂੰ ਇਹ ਘੋਸ਼ਿਤ ਕਰਨ ਲਈ ਪ੍ਰੇਰਿਤ ਕੀਤਾ: “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ। ਉਹ ਨੇੜੇ ਹੈ, ਅਤੇ ਉਹ ਬਹੁਤ ਹੀ ਛੇਤੀ ਕਰਦਾ ਹੈ। ਯਹੋਵਾਹ ਦੇ ਦਿਨ ਦੀ ਆਵਾਜ਼ ਦੁੱਖਦਾਇਕ ਹੈ।” (ਸਫ਼ਨਯਾਹ 1:14, ਨਿ ਵ) ਸੱਚ-ਮੁੱਚ ਹੀ ਉਨ੍ਹਾਂ ਸਾਰਿਆਂ—ਜਾਜਕਾਂ, ਸਰਦਾਰਾਂ, ਅਤੇ ਲੋਕਾਂ—ਲਈ ਅੱਗੇ ਦੁੱਖਦਾਇਕ ਦਿਨ ਸਨ, ਜਿਨ੍ਹਾਂ ਨੇ ਚੇਤਾਵਨੀ ਵੱਲ ਧਿਆਨ ਦੇਣ ਤੋਂ ਅਤੇ ਸੱਚੀ ਉਪਾਸਨਾ ਵੱਲ ਮੁੜਨ ਤੋਂ ਇਨਕਾਰ ਕੀਤਾ ਸੀ। ਨਿਆਉਂ ਪੂਰਾ ਕਰਨ ਦੇ ਉਸ ਦਿਨ ਦਾ ਵਰਣਨ ਕਰਦੇ ਹੋਏ, ਭਵਿੱਖਬਾਣੀ ਅੱਗੇ ਕਹਿੰਦੀ ਹੈ: “ਉਹ ਦਿਨ ਕਹਿਰ ਦਾ ਦਿਨ ਹੈ, ਦੁਖ ਅਤੇ ਕਸ਼ਟ ਦਾ ਦਿਨ, ਬਰਬਾਦੀ ਅਤੇ ਵਿਰਾਨੀ ਦਾ ਦਿਨ, ਅਨ੍ਹੇਰੇ ਅਤੇ ਅੰਧਕਾਰ ਦਾ ਦਿਨ, ਬੱਦਲ ਅਤੇ ਕਾਲੀਆਂ ਘਟਾਂ ਦਾ ਦਿਨ! ਤੁਰ੍ਹੀ ਅਤੇ ਨਾਰੇ ਦਾ ਦਿਨ, ਗੜ੍ਹਾਂ ਵਾਲੇ ਸ਼ਹਿਰਾਂ ਦੇ ਵਿਰੁੱਧ ਅਰ ਉੱਚੇ ਬੁਰਜਾਂ ਦੇ ਵਿਰੁੱਧ।”—ਸਫ਼ਨਯਾਹ 1:15, 16.
11, 12. (ੳ) ਯਰੂਸ਼ਲਮ ਦੇ ਵਿਰੁੱਧ ਨਿਆਉਂ ਦਾ ਕਿਹੜਾ ਸੰਦੇਸ਼ ਘੋਸ਼ਿਤ ਕੀਤਾ ਗਿਆ ਸੀ? (ਅ) ਕੀ ਭੌਤਿਕ ਖ਼ੁਸ਼ਹਾਲੀ ਯਹੂਦੀਆਂ ਨੂੰ ਬਚਾਉਂਦੀ?
11 ਕੁਝ ਹੀ ਅਲਪਕਾਲੀ ਦਸ਼ਕਾਂ ਦੇ ਅੰਦਰ, ਬਾਬਲ ਦੀਆਂ ਫ਼ੌਜਾਂ ਯਹੂਦਾਹ ਉੱਤੇ ਚੜ੍ਹਾਈ ਕਰਨਗੀਆਂ। ਯਰੂਸ਼ਲਮ ਨਹੀਂ ਬਚੇਗਾ। ਉਸ ਦੇ ਰਿਹਾਇਸ਼ੀ ਅਤੇ ਵਪਾਰਕ ਕੇਂਦਰ ਨਾਸ਼ ਕੀਤੇ ਜਾਣਗੇ। “ਉਸ ਦਿਨ ਇਉਂ ਹੋਵੇਗਾ, ਯਹੋਵਾਹ ਦਾ ਵਾਕ ਹੈ, ਮੱਛੀ-ਫਾਟਕ ਤੋਂ ਦੁਹਾਈ ਦੀ ਅਵਾਜ਼ ਹੋਵੇਗੀ, ਦੂਜੇ ਮਹੱਲੇ ਸਿਆਪਾ, ਅਤੇ ਟਿੱਲਿਆਂ ਤੋਂ ਵੱਡਾ ਧੜਾਕਾ ਹੋਵੇਗਾ। ਹੇ ਮਕਤੇਸ਼ [ਯਰੂਸ਼ਲਮ ਦਾ ਇਕ ਖੰਡ] ਦੇ ਵਾਸੀਓ, ਸਿਆਪਾ ਕਰੋ! ਕਿਉਂ ਜੋ ਸਾਰੇ ਵਪਾਰੀ ਮੁਕਾਏ ਗਏ, ਚਾਂਦੀ ਦੇ ਸਾਰੇ ਚੁੱਕਣ ਵਾਲੇ ਕੱਟੇ ਗਏ।”—ਸਫ਼ਨਯਾਹ 1:10, 11.
12 ਇਸ ਉੱਤੇ ਵਿਸ਼ਵਾਸ ਕਰਨ ਤੋਂ ਇਨਕਾਰ ਕਰਦੇ ਹੋਏ ਕਿ ਯਹੋਵਾਹ ਦਾ ਦਿਨ ਨੇੜੇ ਹੈ, ਅਨੇਕ ਯਹੂਦੀ ਲਾਹੇਵੰਦ ਵਪਾਰਕ ਉੱਦਮ ਵਿਚ ਅਤਿਅੰਤ ਅੰਤਰਗ੍ਰਸਤ ਸਨ। ਪਰੰਤੂ ਆਪਣੇ ਵਫ਼ਾਦਾਰ ਨਬੀ ਸਫ਼ਨਯਾਹ ਦੇ ਦੁਆਰਾ, ਯਹੋਵਾਹ ਨੇ ਪੂਰਵ-ਸੂਚਨਾ ਦਿੱਤੀ ਕਿ ਉਨ੍ਹਾਂ ਦਾ ਧਨ “ਲੁੱਟ ਦਾ ਮਾਲ ਹੋ ਜਾਵੇਗਾ, ਓਹਨਾਂ ਦੇ ਘਰ ਵਿਰਾਨ ਹੋ ਜਾਣਗੇ।” ਉਹ ਆਪਣੇ ਬਣਾਏ ਹੋਏ ਦਾਖ ਰਸ ਨਹੀਂ ਪੀਣਗੇ, ਅਤੇ “ਯਹੋਵਾਹ ਦੇ ਕਹਿਰ ਦੇ ਦਿਨ ਵਿੱਚ ਨਾ ਓਹਨਾਂ ਦਾ ਸੋਨਾ ਨਾ ਓਹਨਾਂ ਦੀ ਚਾਂਦੀ ਓਹਨਾਂ ਨੂੰ ਛੁਡਾਵੇਗੀ।”—ਸਫ਼ਨਯਾਹ 1:13, 18.
ਦੂਜੀਆਂ ਕੌਮਾਂ ਦਾ ਨਿਆਉਂ ਕੀਤਾ ਗਿਆ
13. ਮੋਆਬ, ਅੰਮੋਨ, ਅਤੇ ਅੱਸ਼ੂਰ ਦੇ ਵਿਰੁੱਧ ਸਫ਼ਨਯਾਹ ਨੇ ਨਿਆਉਂ ਦਾ ਕਿਹੜਾ ਸੰਦੇਸ਼ ਘੋਸ਼ਿਤ ਕੀਤਾ ਸੀ?
13 ਆਪਣੇ ਨਬੀ ਸਫ਼ਨਯਾਹ ਦੇ ਦੁਆਰਾ, ਯਹੋਵਾਹ ਨੇ ਉਨ੍ਹਾਂ ਕੌਮਾਂ ਦੇ ਵਿਰੁੱਧ ਵੀ ਆਪਣਾ ਕ੍ਰੋਧ ਪ੍ਰਗਟ ਕੀਤਾ, ਜਿਨ੍ਹਾਂ ਨੇ ਉਸ ਦੇ ਲੋਕਾਂ ਨਾਲ ਦੁਰਵਿਵਹਾਰ ਕੀਤਾ ਸੀ। ਉਸ ਨੇ ਐਲਾਨ ਕੀਤਾ: “ਮੈਂ ਮੋਆਬ ਦਾ ਉਲਾਹਮਾ, ਅਤੇ ਅੰਮੋਨੀਆਂ ਦਾ ਕੁਫ਼ਰ ਸੁਣਿਆ, ਕਿ ਓਹ ਮੇਰੀ ਪਰਜਾ ਨੂੰ ਕਿਵੇਂ ਉਲਾਹਮੇ ਦਿੰਦੇ ਸਨ, ਅਤੇ ਓਹਨਾਂ ਦੀਆਂ ਹੱਦਾਂ ਉੱਤੇ ਸ਼ੇਖੀ ਮਾਰਦੇ ਸਨ। ਮੇਰੇ ਜੀਉਣ ਦੀ ਸੌਂਹ! ਇਸਰਾਏਲ ਦੇ ਪਰਮੇਸ਼ੁਰ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਮੋਆਬ ਜ਼ਰੂਰ ਸਦੋਮ ਵਾਂਙੁ ਹੋ ਜਾਵੇਗਾ, ਅਤੇ ਅੰਮੋਨੀ ਅਮੂਰਾਹ ਵਾਂਙੁ, ਬਿੱਛੂ ਬੂਟੀਆਂ ਅਤੇ ਲੂਣ ਦੇ ਟੋਇਆਂ ਦੀ ਰਾਸ, ਸਦਾ ਦੀ ਵਿਰਾਨੀ, . . . ਉਹ ਆਪਣਾ ਹੱਥ ਉੱਤਰ ਉੱਤੇ ਵੀ ਚੁੱਕੇਗਾ, ਅਤੇ ਅੱਸ਼ੂਰ ਨੂੰ ਬਰਬਾਦ ਕਰੇਗਾ, ਅਤੇ ਨੀਨਵਾਹ ਨੂੰ ਵਿਰਾਨੇ ਅਤੇ ਉਜਾੜ ਵਾਂਙੁ ਸੁੱਕਾ ਬਣਾਵੇਗਾ।”—ਸਫ਼ਨਯਾਹ 2:8, 9, 13.
14. ਕੀ ਸਬੂਤ ਹੈ ਕਿ ਇਸਰਾਏਲੀਆਂ ਅਤੇ ਉਨ੍ਹਾਂ ਦੇ ਪਰਮੇਸ਼ੁਰ, ਯਹੋਵਾਹ ਉੱਤੇ ਵਿਦੇਸ਼ੀ ਕੌਮਾਂ ਨੇ “ਆਪਣੀ ਵਡਿਆਈ ਕੀਤੀ?”
14 ਮੋਆਬ ਅਤੇ ਅੰਮੋਨ, ਇਸਰਾਏਲ ਦੇ ਪੁਰਾਣੇ ਦੁਸ਼ਮਣ ਸਨ। (ਤੁਲਨਾ ਕਰੋ ਨਿਆਈਆਂ 3:12-14.) ਪੈਰਿਸ ਦੀ ਲੂਵਰ ਮਿਊਜ਼ੀਅਮ ਵਿਚ ਪਏ ਮੋਆਬਾਈਟ ਸਟੋਨ ਉੱਤੇ ਇਕ ਸ਼ਿਲਾ-ਲੇਖ ਹੈ, ਜਿਸ ਵਿਚ ਮੋਆਬ ਦੇ ਪਾਤਸ਼ਾਹ ਮੇਸ਼ਾ ਦਾ ਇਕ ਸ਼ੇਖ਼ੀ-ਭਰਿਆ ਕਥਨ ਹੈ। ਉਹ ਘਮੰਡ ਦੇ ਨਾਲ ਬਿਆਨ ਕਰਦਾ ਹੈ ਕਿ ਉਸ ਨੇ ਕਿਵੇਂ ਆਪਣੇ ਦੇਵਤਾ ਕਮੋਸ਼ ਦੀ ਮਦਦ ਨਾਲ ਕਈ ਇਸਰਾਏਲੀ ਸ਼ਹਿਰਾਂ ਨੂੰ ਕਬਜ਼ਾ ਕੀਤਾ। (2 ਰਾਜਿਆਂ 1:1) ਯਿਰਮਿਯਾਹ, ਸਫ਼ਨਯਾਹ ਦਾ ਇਕ ਸਮਕਾਲੀ ਨਬੀ, ਨੇ ਦੱਸਿਆ ਕਿ ਅੰਮੋਨੀਆਂ ਨੇ ਇਸਰਾਏਲ ਦੇ ਗਾਦ ਖੇਤਰ ਉੱਤੇ ਆਪਣੇ ਦੇਵਤਾ ਮਲਕਾਮ ਦੇ ਨਾਂ ਵਿਚ ਅਧਿਕਾਰ ਕਿਵੇਂ ਜਮਾਇਆ। (ਯਿਰਮਿਯਾਹ 49:1) ਅੱਸ਼ੂਰ ਦੇ ਸੰਬੰਧ ਵਿਚ, ਰਾਜਾ ਸ਼ਲਮਨਸਰ V ਨੇ ਸਫ਼ਨਯਾਹ ਦੇ ਸਮੇਂ ਤੋਂ ਲਗਭਗ ਇਕ ਸਦੀ ਪਹਿਲਾਂ ਸਾਮਰਿਯਾ ਨੂੰ ਘੇਰਾ ਪਾ ਕੇ ਕਬਜ਼ਾ ਕਰ ਲਿਆ ਸੀ। (2 ਰਾਜਿਆਂ 17:1-6) ਥੋੜ੍ਹੇ ਸਮੇਂ ਬਾਅਦ, ਰਾਜਾ ਸਨਹੇਰੀਬ ਨੇ ਯਹੂਦਾਹ ਉੱਤੇ ਹਮਲਾ ਕੀਤਾ, ਉਸ ਦੇ ਕਈ ਗੜ੍ਹ ਵਾਲੇ ਸ਼ਹਿਰਾਂ ਨੂੰ ਕਬਜ਼ਾ ਕਰ ਲਿਆ, ਅਤੇ ਯਰੂਸ਼ਲਮ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ। (ਯਸਾਯਾਹ 36:1, 2) ਯਰੂਸ਼ਲਮ ਤੋਂ ਆਤਮ-ਸਮਰਪਣ ਦੀ ਮੰਗ ਕਰਦੇ ਸਮੇਂ, ਅੱਸ਼ੂਰੀ ਰਾਜਾ ਦੇ ਪ੍ਰਵਕਤਾ ਨੇ ਯਹੋਵਾਹ ਉੱਤੇ ਆਪਣੀ ਵਡਿਆਈ ਕੀਤੀ।—ਯਸਾਯਾਹ 36:4-20.
15. ਯਹੋਵਾਹ ਉਨ੍ਹਾਂ ਕੌਮਾਂ ਦਿਆਂ ਦੇਵਤਿਆਂ ਨੂੰ ਕਿਵੇਂ ਬੇਇੱਜ਼ਤ ਕਰੇਗਾ, ਜਿਨ੍ਹਾਂ ਨੇ ਉਸ ਦੇ ਲੋਕਾਂ ਉੱਤੇ ਆਪਣੀ ਵਡਿਆਈ ਕੀਤੀ ਸੀ, ?
15 ਜ਼ਬੂਰ 83 ਕਈ ਕੌਮਾਂ ਦਾ ਜ਼ਿਕਰ ਕਰਦਾ ਹੈ, ਜਿਸ ਵਿਚ ਮੋਆਬ, ਅੰਮੋਨ, ਅਤੇ ਅੱਸ਼ੂਰ ਸ਼ਾਮਲ ਹਨ, ਜਿਨ੍ਹਾਂ ਨੇ ਇਸਰਾਏਲ ਦੇ ਉੱਤੇ ਆਪਣੀ ਵਡਿਆਈ ਕੀਤੀ, ਅਤੇ ਸ਼ੇਖ਼ੀ ਮਾਰਦੇ ਹੋਏ ਕਿਹਾ: “ਆਓ ਅਸੀਂ ਉਨ੍ਹਾਂ ਨੂੰ ਕੌਮ ਹੋਣ ਤੋਂ ਮਿਟਾ ਦੇਈਏ, ਤਾਂ ਜੋ ਇਸਰਾਏਲ ਦਾ ਨਾਉਂ ਫੇਰ ਚੇਤੇ ਨਾ ਆਵੇ!” (ਜ਼ਬੂਰ 83:4) ਨਬੀ ਸਫ਼ਨਯਾਹ ਨੇ ਸਾਹਸ ਨਾਲ ਘੋਸ਼ਿਤ ਕੀਤਾ ਕਿ ਸੈਨਾਵਾਂ ਦੇ ਯਹੋਵਾਹ ਦੁਆਰਾ ਇਹ ਸਾਰੀਆਂ ਘਮੰਡੀ ਕੌਮਾਂ ਅਤੇ ਉਨ੍ਹਾਂ ਦੇ ਦੇਵਤੇ ਬੇਇੱਜ਼ਤ ਕੀਤੇ ਜਾਣਗੇ। “ਏਹ ਓਹਨਾਂ ਦੇ ਹੰਕਾਰ ਦਾ ਬਦਲਾ ਹੋਵੇਗਾ, ਕਿਉਂ ਜੋ ਓਹਨਾਂ ਨੇ ਉਲਾਹਮਾ ਦਿੱਤਾ, ਅਤੇ ਸੈਨਾਂ ਦੇ ਯਹੋਵਾਹ ਦੀ ਪਰਜਾ ਉੱਤੇ ਆਪਣੀ ਵਡਿਆਈ ਕੀਤੀ। ਯਹੋਵਾਹ ਓਹਨਾਂ ਦੇ ਵਿਰੁੱਧ ਭਿਆਣਕ ਹੋਵੇਗਾ, ਉਹ ਧਰਤੀ ਦੇ ਸਾਰੇ ਦਿਓਤਿਆਂ ਉੱਤੇ ਮੜੱਪਣ ਘੱਲੇਗਾ, ਅਤੇ ਮਨੁੱਖ ਆਪੋ ਆਪਣੇ ਅਸਥਾਨਾਂ ਤੋਂ ਉਹ ਦੇ ਅੱਗੇ ਮੱਥਾ ਟੇਕਣਗੇ, ਹਾਂ, ਸਾਰੀਆਂ ਕੌਮਾਂ ਦੇ ਟਾਪੂ ਵੀ।”—ਸਫ਼ਨਯਾਹ 2:10, 11.
“ਠਹਿਰੇ ਰਹੋ”
16. (ੳ) ਯਹੋਵਾਹ ਦੇ ਦਿਨ ਦਾ ਆਗਮਨ ਕਿਨ੍ਹਾਂ ਲਈ ਆਨੰਦ ਦਾ ਇਕ ਸ੍ਰੋਤ ਸੀ, ਅਤੇ ਕਿਉਂ? (ਅ) ਇਸ ਵਫ਼ਾਦਾਰ ਬਕੀਏ ਨੂੰ ਕਿਹੜਾ ਉਤਸ਼ਾਹਪੂਰਣ ਹੁਕਮ ਦਿੱਤਾ ਗਿਆ?
16 ਹਾਲਾਂਕਿ ਯਹੂਦਾਹ ਅਤੇ ਯਰੂਸ਼ਲਮ ਦਿਆਂ ਆਗੂਆਂ ਅਤੇ ਉਨ੍ਹਾਂ ਦੇ ਅਨੇਕ ਵਾਸੀਆਂ ਦੇ ਦਰਮਿਆਨ ਅਧਿਆਤਮਿਕ ਸੁਸਤੀ, ਸੰਦੇਹਵਾਦ, ਮੂਰਤੀ-ਪੂਜਾ, ਭ੍ਰਿਸ਼ਟਾਚਾਰ, ਅਤੇ ਭੌਤਿਕਵਾਦ ਪ੍ਰਚਲਿਤ ਸਨ, ਜ਼ਾਹਰਾ ਤੌਰ ਤੇ ਕੁਝ ਵਫ਼ਾਦਾਰ ਯਹੂਦੀਆਂ ਨੇ ਸਫ਼ਨਯਾਹ ਦੀ ਚੇਤਾਵਨੀ-ਸੂਚਕ ਭਵਿੱਖਬਾਣੀ ਉੱਤੇ ਕੰਨ ਧਰਿਆ। ਉਹ ਯਹੂਦਾਹ ਦਿਆਂ ਸਰਦਾਰਾਂ, ਨਿਆਂਕਾਰਾਂ, ਅਤੇ ਜਾਜਕਾਂ ਦੇ ਘਿਣਾਉਣੇ ਅਭਿਆਸਾਂ ਦੇ ਕਾਰਨ ਦੁਖੀ ਸਨ। ਸਫ਼ਨਯਾਹ ਦੀਆਂ ਘੋਸ਼ਣਾਵਾਂ ਇਨ੍ਹਾਂ ਨਿਸ਼ਠਾਵਾਨਾਂ ਲਈ ਦਿਲਾਸਾ ਦਾ ਇਕ ਸ੍ਰੋਤ ਸੀ। ਯਹੋਵਾਹ ਦੇ ਦਿਨ ਦਾ ਆਗਮਨ ਦੁੱਖ ਦਾ ਕਾਰਨ ਹੋਣ ਦੀ ਬਜਾਇ, ਉਨ੍ਹਾਂ ਲਈ ਆਨੰਦ ਦਾ ਇਕ ਸ੍ਰੋਤ ਸੀ, ਕਿਉਂਕਿ ਇਸ ਦੇ ਨਾਲ ਅਜਿਹੇ ਘਿਣਾਉਣੇ ਅਭਿਆਸਾਂ ਦਾ ਅੰਤ ਹੋਵੇਗਾ। ਇਸ ਵਫ਼ਾਦਾਰ ਬਕੀਏ ਨੇ ਯਹੋਵਾਹ ਦੇ ਉਤਸ਼ਾਹਪੂਰਣ ਹੁਕਮ ਨੂੰ ਧਿਆਨ ਦਿੱਤਾ: “ਸੋ ਮੇਰੇ ਲਈ ਠਹਿਰੇ ਰਹੋ, ਯਹੋਵਾਹ ਦਾ ਵਾਕ ਹੈ, ਉਸ ਦਿਨ ਤੀਕ ਕਿ ਮੈਂ ਲੁੱਟ ਲਈ ਉੱਠਾਂ, ਕਿਉਂ ਜੋ ਮੈਂ ਠਾਣ ਲਿਆ, ਕਿ ਕੌਮਾਂ ਨੂੰ ਇਕੱਠਿਆਂ ਕਰਾਂ ਅਤੇ ਪਾਤਸ਼ਾਹੀਆਂ ਨੂੰ ਜਮਾ ਕਰਾਂ, ਭਈ ਮੈਂ ਉਨ੍ਹਾਂ ਦੇ ਉੱਤੇ ਆਪਣਾ ਗਜ਼ਬ, ਆਪਣਾ ਸਾਰਾ ਤੱਤਾ ਕ੍ਰੋਧ ਡੋਹਲ ਦਿਆਂ।”—ਸਫ਼ਨਯਾਹ 3:8.
17. ਕੌਮਾਂ ਉੱਤੇ ਸਫ਼ਨਯਾਹ ਦੇ ਨਿਆਉਂ ਦੇ ਸੰਦੇਸ਼ ਕਦੋਂ ਅਤੇ ਕਿਵੇਂ ਪੂਰੇ ਹੋਣੇ ਸ਼ੁਰੂ ਹੋਏ?
17 ਜਿਨ੍ਹਾਂ ਨੇ ਉਸ ਚੇਤਾਵਨੀ ਨੂੰ ਧਿਆਨ ਦਿੱਤਾ, ਉਹ ਹੈਰਾਨ ਨਹੀਂ ਹੋਏ। ਬਥੇਰੇ ਲੋਕ ਸਫ਼ਨਯਾਹ ਦੀ ਭਵਿੱਖਬਾਣੀ ਦੀ ਪੂਰਤੀ ਦੇਖਣ ਲਈ ਜੀਉਂਦੇ ਰਹੇ। ਸੰਨ 632 ਸਾ.ਯੁ.ਪੂ. ਵਿਚ, ਨੀਨਵਾਹ ਨੂੰ ਬਾਬਲੀਆਂ, ਮਾਦੀਆਂ, ਅਤੇ ਉੱਤਰ ਤੋਂ ਆਏ ਲਸ਼ਕਰਾਂ, ਸੰਭਵ ਹੈ ਕਿ ਸਿਥੀਅਨ, ਦੇ ਇਕ ਗਠਬੰਧਨ ਦੇ ਦੁਆਰਾ ਕਬਜ਼ਾ ਕੀਤਾ ਅਤੇ ਨਾਸ਼ ਕੀਤਾ ਗਿਆ। ਇਤਿਹਾਸਕਾਰ ਵਿਲ ਡੁਰੈਂਟ ਬਿਆਨ ਕਰਦਾ ਹੈ: “ਨਬੋਪੋਲੱਸਰ ਦੇ ਅਧੀਨ ਬਾਬਲੀਆਂ ਦੀ ਇਕ ਫ਼ੌਜ, ਸਾਏਕਸਰੀਜ਼ ਦੇ ਅਧੀਨ ਮਾਦੀਆਂ ਦੀ ਇਕ ਫ਼ੌਜ ਦੇ ਨਾਲ ਅਤੇ ਕੌਕੇਸਸ ਤੋਂ ਆਏ ਸਿਥੀਅਨ ਦੇ ਇਕ ਲਸ਼ਕਰ ਨਾਲ ਮਿਲ ਗਈ, ਅਤੇ ਹੈਰਾਨਕੁਨ ਆਸਾਨੀ ਅਤੇ ਤੇਜ਼ੀ ਨਾਲ ਉੱਤਰ ਦਿਆਂ ਕਿਲ੍ਹਿਆਂ ਨੂੰ ਕਬਜ਼ਾ ਕਰ ਲਿਆ। . . . ਇੱਕੋ ਝਟਕੇ ਵਿਚ ਅੱਸ਼ੂਰ ਇਤਿਹਾਸ ਤੋਂ ਮਿਟ ਗਿਆ।” ਇਹੋ ਹੀ ਗੱਲ ਸਫ਼ਨਯਾਹ ਨੇ ਭਵਿੱਖਬਾਣੀ ਕੀਤੀ ਸੀ।—ਸਫ਼ਨਯਾਹ 2:13-15.
18. (ੳ) ਯਰੂਸ਼ਲਮ ਉੱਤੇ ਈਸ਼ਵਰੀ ਨਿਆਉਂ ਕਿਵੇਂ ਪੂਰਾ ਕੀਤਾ ਗਿਆ, ਅਤੇ ਕਿਉਂ? (ਅ) ਮੋਆਬ ਅਤੇ ਅੰਮੋਨ ਦੇ ਸੰਬੰਧ ਵਿਚ ਸਫ਼ਨਯਾਹ ਦੀ ਭਵਿੱਖਬਾਣੀ ਕਿਵੇਂ ਪੂਰੀ ਹੋਈ?
18 ਅਨੇਕ ਯਹੂਦੀ ਜੋ ਯਹੋਵਾਹ ਲਈ ਠਹਿਰੇ ਰਹੇ, ਉਹ ਯਹੂਦਾਹ ਅਤੇ ਯਰੂਸ਼ਲਮ ਉੱਤੇ ਉਸ ਦੇ ਨਿਆਉਂ ਦੀ ਪੂਰਤੀ ਦੇਖਣ ਲਈ ਵੀ ਜੀਉਂਦੇ ਰਹੇ। ਯਰੂਸ਼ਲਮ ਦੇ ਸੰਬੰਧ ਵਿਚ, ਸਫ਼ਨਯਾਹ ਨੇ ਭਵਿੱਖਬਾਣੀ ਕੀਤੀ ਸੀ: “ਹਾਇ ਉਹ ਨੂੰ ਜੋ ਆਕੀ ਅਤੇ ਪਲੀਤ ਹੈ, ਉਸ ਅਨ੍ਹੇਰ ਕਰਨ ਵਾਲੇ ਸ਼ਹਿਰ ਨੂੰ! ਉਸ ਨੇ ਅਵਾਜ਼ ਨਹੀਂ ਸੁਣੀ, ਨਾ ਸਿੱਖਿਆ ਮੰਨੀ, ਉਸ ਨੇ ਯਹੋਵਾਹ ਉੱਤੇ ਭਰੋਸਾ ਨਹੀਂ ਰੱਖਿਆ, ਨਾ ਆਪਣੇ ਪਰਮੇਸ਼ੁਰ ਦੇ ਨੇੜੇ ਆਇਆ।” (ਸਫ਼ਨਯਾਹ 3:1, 2) ਆਪਣੀ ਬੇਵਫ਼ਾਈ ਦੇ ਕਾਰਨ, ਯਰੂਸ਼ਲਮ ਦੋ ਵਾਰੀ ਬਾਬਲੀਆਂ ਦੇ ਦੁਆਰਾ ਘੇਰਿਆ ਗਿਆ ਅਤੇ ਆਖ਼ਰਕਾਰ 607 ਸਾ.ਯੁ.ਪੂ. ਵਿਚ ਉਸ ਨੂੰ ਕਬਜ਼ਾ ਕਰ ਕੇ ਨਾਸ਼ ਕੀਤਾ ਗਿਆ। (2 ਇਤਹਾਸ 36:5, 6, 11-21) ਮੋਆਬ ਅਤੇ ਅੰਮੋਨ ਦੇ ਸੰਬੰਧ ਵਿਚ, ਯਹੂਦੀ ਇਤਿਹਾਸਕਾਰ ਜੋਸੀਫ਼ਸ ਦੇ ਅਨੁਸਾਰ, ਯਰੂਸ਼ਲਮ ਦੇ ਪਤਨ ਮਗਰੋਂ ਪੰਜਵੇਂ ਸਾਲ ਵਿਚ, ਬਾਬਲੀਆਂ ਨੇ ਉਨ੍ਹਾਂ ਉੱਤੇ ਚੜ੍ਹਾਈ ਕੀਤੀ ਅਤੇ ਉਨ੍ਹਾਂ ਉੱਤੇ ਜਿੱਤ ਹਾਸਲ ਕੀਤੀ। ਬਾਅਦ ਵਿਚ ਉਨ੍ਹਾਂ ਦੀ ਹੋਂਦ ਹੀ ਮਿਟ ਗਈ, ਜਿਵੇਂ ਕਿ ਭਵਿੱਖਬਾਣੀ ਕੀਤੀ ਗਈ ਸੀ।
19, 20. (ੳ) ਯਹੋਵਾਹ ਨੇ ਉਨ੍ਹਾਂ ਨੂੰ ਕਿਵੇਂ ਪ੍ਰਤਿਫਲ ਦਿੱਤਾ ਜੋ ਉਸ ਲਈ ਠਹਿਰੇ ਰਹੇ? (ਅ) ਇਨ੍ਹਾਂ ਘਟਨਾਵਾਂ ਦਾ ਸਾਡੇ ਨਾਲ ਕੀ ਵਾਸਤਾ ਹੈ, ਅਤੇ ਅਗਲੇ ਲੇਖ ਵਿਚ ਕਿਸ ਬਾਰੇ ਚਰਚਾ ਕੀਤੀ ਜਾਵੇਗੀ?
19 ਇਨ੍ਹਾਂ ਦੀ ਪੂਰਤੀ ਅਤੇ ਸਫ਼ਨਯਾਹ ਦੀ ਭਵਿੱਖਬਾਣੀ ਦੇ ਦੂਜੇ ਵੇਰਵਿਆਂ ਦੀ ਪੂਰਤੀ ਉਨ੍ਹਾਂ ਯਹੂਦੀਆਂ ਅਤੇ ਗ਼ੈਰ-ਯਹੂਦੀਆਂ ਲਈ, ਜੋ ਯਹੋਵਾਹ ਦੇ ਲਈ ਠਹਿਰੇ ਰਹੇ, ਇਕ ਹੌਸਲਾ-ਅਫ਼ਜ਼ਾਈ ਅਨੁਭਵ ਸੀ। ਯਹੂਦਾਹ ਅਤੇ ਯਰੂਸ਼ਲਮ ਉੱਤੇ ਆਏ ਵਿਨਾਸ਼ ਵਿੱਚੋਂ ਬਚਣ ਵਾਲਿਆਂ ਵਿਚ ਯਿਰਮਿਯਾਹ, ਕੂਸ਼ੀ ਅਬਦ-ਮਲਕ, ਅਤੇ ਯਹੋਨਾਦਾਬ ਅਰਥਾਤ ਰੀਕਾਬੀ ਦਾ ਘਰਾਣਾ ਸ਼ਾਮਲ ਸਨ। (ਯਿਰਮਿਯਾਹ 35:18, 19; 39:11, 12, 16-18) ਜਲਾਵਤਨੀ ਵਿਚ ਵਫ਼ਾਦਾਰ ਯਹੂਦੀ ਅਤੇ ਉਨ੍ਹਾਂ ਦੀ ਸੰਤਾਨ, ਜੋ ਲਗਾਤਾਰ ਯਹੋਵਾਹ ਲਈ ਠਹਿਰੇ ਰਹੇ, ਉਸ ਆਨੰਦਿਤ ਬਕੀਏ ਦਾ ਇਕ ਭਾਗ ਬਣੇ ਜੋ 537 ਸਾ.ਯੁ.ਪੂ. ਵਿਚ ਬਾਬਲ ਤੋਂ ਛੁਡਾਏ ਗਏ ਅਤੇ ਸੱਚੀ ਉਪਾਸਨਾ ਨੂੰ ਮੁੜ ਸਥਾਪਿਤ ਕਰਨ ਦੇ ਲਈ ਯਹੂਦਾਹ ਪਰਤੇ।—ਅਜ਼ਰਾ 2:1; ਸਫ਼ਨਯਾਹ 3:14, 15, 20.
20 ਇਹ ਸਾਰੀਆਂ ਗੱਲਾਂ ਸਾਡੇ ਸਮੇਂ ਲਈ ਕੀ ਅਰਥ ਰੱਖਦੀਆਂ ਹਨ? ਅਨੇਕ ਤਰੀਕਿਆਂ ਵਿਚ ਸਫ਼ਨਯਾਹ ਦੇ ਦਿਨ ਦੀ ਪਰਿਸਥਿਤੀ ਅੱਜ ਮਸੀਹੀ-ਜਗਤ ਵਿਚ ਪਾਈਆਂ ਜਾਣ ਵਾਲੀਆਂ ਘਿਣਾਉਣੀਆਂ ਚੀਜ਼ਾਂ ਦੇ ਨਾਲ ਮੇਲ ਖਾਂਦੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਸਮਿਆਂ ਦਿਆਂ ਯਹੂਦੀਆਂ ਦੇ ਵਿਭਿੰਨ ਰਵੱਈਏ ਉਨ੍ਹਾਂ ਰਵੱਈਏ ਦੇ ਨਾਲ ਮਿਲਦੇ-ਜੁਲਦੇ ਹਨ, ਜੋ ਅੱਜ ਪਾਏ ਜਾ ਸਕਦੇ ਹਨ, ਅਤੇ ਕਦੀ-ਕਦੀ ਯਹੋਵਾਹ ਦੇ ਲੋਕਾਂ ਵਿਚ ਵੀ ਪਾਏ ਜਾਂਦੇ ਹਨ। ਇਨ੍ਹਾਂ ਗੱਲਾਂ ਬਾਰੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ। (w96 3/1)
[ਫੁਟਨੋਟ]
a ਇੰਜ ਜਾਪਦਾ ਹੈ ਕਿ ਅਭਿਵਿਅਕਤੀ ‘ਪਾਤਸ਼ਾਹ ਦੇ ਪੁੱਤ੍ਰ’ ਸਾਰੇ ਸ਼ਾਹੀ ਰਾਜਕੁਮਾਰਾਂ, ਨੂੰ ਸੂਚਿਤ ਕਰਦਾ ਹੈ, ਕਿਉਂਕਿ ਯੋਸੀਯਾਹ ਦੇ ਆਪਣੇ ਪੁੱਤਰ ਉਸ ਸਮੇਂ ਤੇ ਬਹੁਤ ਹੀ ਛੋਟੇ ਸਨ।
ਪੁਨਰ-ਵਿਚਾਰ ਵਜੋਂ
◻ ਸਫ਼ਨਯਾਹ ਦੇ ਦਿਨ ਵਿਚ ਯਹੂਦਾਹ ਵਿਚ ਧਾਰਮਿਕ ਪਰਿਸਥਿਤੀ ਕਿਸ ਤਰ੍ਹਾਂ ਦੀ ਸੀ?
◻ ਦੀਵਾਨੀ ਆਗੂਆਂ ਦੇ ਦਰਮਿਆਨ ਕਿਹੜੀਆਂ ਸਥਿਤੀਆਂ ਪ੍ਰਚਲਿਤ ਸਨ, ਅਤੇ ਅਨੇਕ ਲੋਕਾਂ ਦਾ ਕੀ ਰਵੱਈਆ ਸੀ?
◻ ਕੌਮਾਂ ਨੇ ਯਹੋਵਾਹ ਦੇ ਲੋਕਾਂ ਉੱਤੇ ਆਪਣੀ ਵਡਿਆਈ ਕਿਵੇਂ ਕੀਤੀ?
◻ ਯਹੂਦਾਹ ਅਤੇ ਦੂਜੀਆਂ ਕੌਮਾਂ ਨੂੰ ਸਫ਼ਨਯਾਹ ਨੇ ਕਿਹੜੀ ਚੇਤਾਵਨੀ ਦਿੱਤੀ?
◻ ਯਹੋਵਾਹ ਲਈ ਠਹਿਰੇ ਰਹਿਣ ਵਾਲੇ ਲੋਕਾਂ ਨੂੰ ਕਿਵੇਂ ਪ੍ਰਤਿਫਲ ਦਿੱਤਾ ਗਿਆ?
[ਸਫ਼ੇ 9 ਉੱਤੇ ਤਸਵੀਰ]
ਮੋਆਬਾਈਟ ਸਟੋਨ ਪੁਸ਼ਟੀ ਕਰਦਾ ਹੈ ਕਿ ਮੋਆਬ ਦੇ ਪਾਤਸ਼ਾਹ ਮੇਸ਼ਾ ਨੇ ਪ੍ਰਾਚੀਨ ਇਸਰਾਏਲ ਦੇ ਵਿਰੁੱਧ ਉਲਾਹਮੇ ਵਾਲੇ ਸ਼ਬਦ ਕਹੇ ਸਨ
[ਕ੍ਰੈਡਿਟ ਲਾਈਨ]
ਮੋਆਬਾਈਟ ਸਟੋਨ: Musée du Louvre, Paris
[ਸਫ਼ੇ 10 ਉੱਤੇ ਤਸਵੀਰ]
ਸਫ਼ਨਯਾਹ ਦੀ ਭਵਿੱਖਬਾਣੀ ਦੀ ਪੁਸ਼ਟੀ ਕਰਦੇ ਹੋਏ, ਬੈਬੀਲੋਨੀਅਨ ਕਰੌਨਿਕਲ ਦਾ ਇਹ ਕੀਲ-ਅੱਖਰੀ ਸਿਲ ਫ਼ੌਜਾਂ ਦੇ ਇਕ ਗਠਬੰਧਨ ਦੁਆਰਾ ਨੀਨਵਾਹ ਦੇ ਵਿਨਾਸ਼ ਨੂੰ ਲਿਪੀਬੱਧ ਕਰਦਾ ਹੈ
[ਕ੍ਰੈਡਿਟ ਲਾਈਨ]
ਕੀਲ-ਅੱਖਰੀ ਸਿਲ: Courtesy of the British Museum