ਯਹੋਵਾਹ ਦਾ ਬਚਨ ਜੀਉਂਦਾ ਹੈ
ਮਲਾਕੀ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
ਯਰੂਸ਼ਲਮ ਵਿਚ ਉਜਾੜ ਪਈ ਹੈਕਲ ਨੂੰ ਫਿਰ ਤੋਂ ਉਸਾਰੇ 70 ਸਾਲ ਤੋਂ ਉੱਪਰ ਹੋ ਚੁੱਕੇ ਸਨ। ਸਮੇਂ ਦੇ ਬੀਤਣ ਨਾਲ ਯਹੂਦੀਆਂ ਨੇ ਯਹੋਵਾਹ ਦਾ ਪੱਲਾ ਛੱਡ ਦਿੱਤਾ ਸੀ। ਹੋਰ ਤਾਂ ਹੋਰ, ਜਾਜਕ ਵੀ ਭ੍ਰਿਸ਼ਟਾਚਾਰ ਦਾ ਸਹਾਰਾ ਲੈ ਰਹੇ ਸਨ। ਕੌਣ ਉਨ੍ਹਾਂ ਦੀ ਮਦਦ ਕਰ ਕੇ ਉਨ੍ਹਾਂ ਨੂੰ ਯਹੋਵਾਹ ਵੱਲ ਮੋੜ ਸਕਦਾ ਸੀ? ਇਹ ਕੰਮ ਸੀ ਮਲਾਕੀ ਨਬੀ ਦਾ ਜਿਸ ਨੂੰ ਯਹੋਵਾਹ ਨੇ ਚੁਣਿਆ।
ਮਲਾਕੀ ਦੀ ਪੋਥੀ ਬਾਈਬਲ ਦੇ ਇਬਰਾਨੀ ਹਿੱਸੇ ਦੀ ਅਖ਼ੀਰਲੀ ਕਿਤਾਬ ਹੈ। ਇਸ ਵਿਚ ਭਵਿੱਖਬਾਣੀਆਂ ਦਰਜ ਹਨ ਜੋ ਮਲਾਕੀ ਨੇ ਪਰਮੇਸ਼ੁਰ ਦੀ ਪ੍ਰੇਰਨਾ ਅਧੀਨ ਲਿਖੀਆਂ ਸਨ ਤੇ ਇਹ ਅੱਜ ਵੀ ਸੱਚੇ ਭਗਤਾਂ ਵਾਸਤੇ ਲਾਹੇਵੰਦ ਹਨ। ਕਿਉਂ? ਕਿਉਂਕਿ ਇਸ ਬੁਰੀ ਦੁਨੀਆਂ ਦਾ ਅੰਤ ਬਹੁਤ ਨਜ਼ਦੀਕ ਹੈ, ਇਸ ਲਈ ‘ਯਹੋਵਾਹ ਦੇ ਵੱਡੇ ਅਤੇ ਭੈ ਦਾਇਕ ਦਿਨ’ ਲਈ ਤਿਆਰ ਰਹਿਣ ਵਾਸਤੇ ਇਨ੍ਹਾਂ ਭਵਿੱਖਬਾਣੀਆਂ ਵਿਚਲੀ ਸਲਾਹ ਸਾਡੀ ਮਦਦ ਕਰ ਸਕਦੀ ਹੈ।—ਮਲਾਕੀ 4:5.
ਜਾਜਕਾਂ ਨੇ “ਬਹੁਤਿਆਂ ਨੂੰ ਠੋਕਰ ਖੁਆਈ”
ਯਹੋਵਾਹ ਨੇ ਆਪਣੇ ਲੋਕਾਂ ਬਾਰੇ ਕਿਵੇਂ ਮਹਿਸੂਸ ਕੀਤਾ? ਉਸ ਨੇ ਆਪ ਕਿਹਾ: “ਮੈਂ ਤੁਹਾਡੇ ਨਾਲ ਪਿਆਰ ਕੀਤਾ।” ਲੇਕਿਨ ਜਾਜਕਾਂ ਨੇ ਯਹੋਵਾਹ ਦੇ ਨਾਂ ਤੇ ਧੱਬਾ ਲਾਇਆ। ਕੀ ਕਰ ਕੇ? ਉਨ੍ਹਾਂ ਨੇ ਯਹੋਵਾਹ ਦੀ ‘ਜਗਵੇਦੀ ਉੱਤੇ ਭਰਿਸ਼ਟ ਰੋਟੀਆਂ ਚੜ੍ਹਾਈਆਂ’ ਤੇ ‘ਲੰਙੇ ਯਾ ਬਿਮਾਰ [ਪਸ਼ੂ] ਦਾ ਚੜ੍ਹਾਵਾ ਚੜ੍ਹਾਇਆ।’—ਮਲਾਕੀ 1:2, 6-8.
ਜਾਜਕਾਂ ਨੇ “ਬਿਵਸਥਾ ਵਿੱਚ ਬਹੁਤਿਆਂ ਨੂੰ ਠੋਕਰ ਖੁਆਈ।” ਇਸਰਾਏਲੀ ਇਕ-ਦੂਜੇ ਨੂੰ ਧੋਖਾ ਦਿੰਦੇ ਸਨ। ਉਨ੍ਹਾਂ ਨੇ ਦੂਸਰੀਆਂ ਕੌਮਾਂ ਦੀਆਂ ਤੀਵੀਆਂ ਨਾਲ ਵਿਆਹ ਕਰਾ ਕੇ ‘ਆਪਣੀਆਂ ਜੁਆਨੀ ਦੀਆਂ ਤੀਵੀਂਆਂ’ ਨੂੰ ਦਗ਼ਾ ਵੀ ਦਿੱਤਾ।—ਮਲਾਕੀ 2:8, 10, 11, 14-16.
ਕੁਝ ਸਵਾਲਾਂ ਦੇ ਜਵਾਬ:
2:2—ਯਹੋਵਾਹ ਨੇ ਕਿਸ ਤਰ੍ਹਾਂ ਕੁਰਾਹੇ ਪਏ ਜਾਜਕਾਂ ਦੀਆਂ ‘ਬਰਕਤਾਂ ਨੂੰ ਸਰਾਪ ਦਿੱਤਾ’? ਯਹੋਵਾਹ ਨੇ ਇਸ ਤਰ੍ਹਾਂ ਇਹ ਕੀਤਾ ਕਿ ਜਦੋਂ ਜਾਜਕ ਕਿਸੇ ਨੂੰ ਬਰਕਤ ਦਿੰਦੇ ਸਨ, ਤਾਂ ਉਹ ਸਰਾਪ ਵਿਚ ਬਦਲ ਜਾਂਦੀ ਸੀ।
2:3—ਜਾਜਕਾਂ ਦੇ ‘ਮੂੰਹਾਂ ਉੱਤੇ ਗੰਦ ਸੁੱਟਣ’ ਦਾ ਕੀ ਮਤਲਬ ਸੀ? ਸ਼ਰਾ ਵਿਚ ਬਲੀ ਚੜ੍ਹਾਏ ਜਾਨਵਰਾਂ ਦੇ ਗੋਹੇ ਨੂੰ ਡੇਰੇ ਤੋਂ ਬਾਹਰ ਲਿਜਾ ਕੇ ਸਾੜਨ ਦਾ ਹੁਕਮ ਦਿੱਤਾ ਗਿਆ ਸੀ। (ਲੇਵੀਆਂ 16:27) ਜਾਜਕਾਂ ਦੇ ਮੂੰਹਾਂ ਤੇ ਗੋਹਾ ਸੁੱਟਣ ਦਾ ਮਤਲਬ ਸੀ ਕਿ ਯਹੋਵਾਹ ਨੂੰ ਕੇਵਲ ਚੜ੍ਹਾਈਆਂ ਗਈਆਂ ਭੇਟਾਂ ਤੋਂ ਹੀ ਨਹੀਂ ਸਗੋਂ ਭੇਟਾਂ ਚੜ੍ਹਾਉਣ ਵਾਲਿਆਂ ਤੋਂ ਵੀ ਘਿਣ ਆਉਂਦੀ ਸੀ।
2:13—ਯਹੋਵਾਹ ਦੀ ਜਗਵੇਦੀ ਕਿਸ ਦੇ ਹੰਝੂਆਂ ਨਾਲ ਢਕੀ ਗਈ ਸੀ? ਇਹ ਹੰਝੂ ਉਨ੍ਹਾਂ ਔਰਤਾਂ ਦੇ ਸਨ ਜੋ ਹੈਕਲ ਵਿਚ ਆ ਕੇ ਯਹੋਵਾਹ ਅੱਗੇ ਦੁਹਾਈ ਦਿੰਦੀਆਂ ਸਨ। ਪਰ ਕਿਉਂ? ਕਿਉਂਕਿ ਇਨ੍ਹਾਂ ਔਰਤਾਂ ਦੇ ਪਤੀ ਨਾਜਾਇਜ਼ ਕਾਰਨਾਂ ਕਰਕੇ ਆਪਣੀਆਂ ਪਤਨੀਆਂ ਨੂੰ ਤਲਾਕ ਦੇ ਕੇ ਦੂਸਰੀਆਂ ਕੌਮਾਂ ਦੀਆਂ ਨੌਜਵਾਨ ਤੀਵੀਆਂ ਨਾਲ ਵਿਆਹ ਕਰਾਉਂਦੇ ਸਨ।
ਸਾਡੇ ਲਈ ਸਬਕ:
1:10. ਜਾਜਕ ਇੰਨੇ ਲਾਲਚੀ ਬਣ ਚੁੱਕੇ ਸਨ ਕਿ ਉਹ ਛੋਟੀ ਤੋਂ ਛੋਟੀ ਸੇਵਾ ਕਰਨ ਲਈ, ਜਿਵੇਂ ਬੂਹੇ ਬੰਦ ਕਰਨੇ ਅਤੇ ਜਗਵੇਦੀ ਉੱਤੇ ਅੱਗ ਬਾਲਣ ਲਈ ਵੀ ਲੋਕਾਂ ਤੋਂ ਪੈਸਾ ਬਟੋਰਦੇ ਸਨ। ਯਹੋਵਾਹ ਉਨ੍ਹਾਂ ਦੇ ਚੜ੍ਹਾਵਿਆਂ ਤੋਂ ਬਿਲਕੁਲ ਖ਼ੁਸ਼ ਨਹੀਂ ਸੀ। ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦੀ ਭਗਤੀ ਸੱਚੇ ਦਿਲੋਂ ਕਰੀਏ ਤੇ ਉਸ ਦੀ ਸੇਵਾ ਵਿਚ ਜੋ ਵੀ ਕਰੀਏ ਉਹ ਕਦੀ ਵੀ ਆਪਣੇ ਸੁਆਰਥ ਲਈ ਨਹੀਂ ਸਗੋਂ ਉਸ ਲਈ ਤੇ ਲੋਕਾਂ ਲਈ ਪਿਆਰ ਕਰਕੇ ਕਰੀਏ!—ਮੱਤੀ 22:37-39; 2 ਕੁਰਿੰਥੀਆਂ 11:7.
1:14; 2:17. ਯਹੋਵਾਹ ਨੂੰ ਪਖੰਡੀ ਭਗਤਾਂ ਤੋਂ ਸਖ਼ਤ ਨਫ਼ਰਤ ਹੈ।
2:7-9. ਕਲੀਸਿਯਾ ਵਿਚ ਜਿਸ ਕਿਸੇ ਨੂੰ ਵੀ ਸਿਖਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਚਾਹੀਦਾ ਹੈ ਕਿ ਉਹ ਬਾਈਬਲ ਅਤੇ ‘ਮਾਤਬਰ ਮੁਖ਼ਤਿਆਰ’ ਦੁਆਰਾ ਤਿਆਰ ਕੀਤੇ ਪ੍ਰਕਾਸ਼ਨਾਂ ਵਿੱਚੋਂ ਸਿਖਾਵੇ।—ਲੂਕਾ 12:42; ਯਾਕੂਬ 3:11.
2:10, 11. ਯਹੋਵਾਹ ਚਾਹੁੰਦਾ ਹੈ ਕਿ ਜੇ ਉਸ ਦੇ ਭਗਤ ਵਿਆਹ ਕਰਾਉਣਾ ਚਾਹੁੰਦੇ ਹਨ ਤਾਂ ਉਹ “ਕੇਵਲ ਪ੍ਰਭੁ ਵਿੱਚ” ਹੀ ਵਿਆਹ ਕਰਾਉਣ।—1 ਕੁਰਿੰਥੀਆਂ 7:39.
2:15, 16. ਸੱਚੇ ਭਗਤਾਂ ਨੂੰ ਆਪਣੀ ਜੁਆਨੀ ਦੀਆਂ ਪਤਨੀਆਂ ਦਾ ਆਦਰ-ਮਾਣ ਕਰਨਾ ਚਾਹੀਦਾ ਹੈ।
‘ਪ੍ਰਭੁ ਆਪਣੀ ਹੈਕਲ ਵਿੱਚ ਆ ਜਾਵੇਗਾ’
ਯਹੋਵਾਹ ਪਰਮੇਸ਼ੁਰ “ਅਚਾਣਕ ਆਪਣੀ ਹੈਕਲ ਵਿੱਚ” ‘ਨੇਮ ਦੇ ਦੂਤ’ ਯਿਸੂ ਮਸੀਹ ਨਾਲ ਆਵੇਗਾ। ਪਰਮੇਸ਼ੁਰ ‘ਨਿਆਉਂ ਲਈ [ਆਪਣੇ ਲੋਕਾਂ ਦੇ] ਨੇੜੇ ਆਵੇਗਾ’ ਤੇ ਦੁਸ਼ਟ ਲੋਕਾਂ ਨੂੰ ਸਜ਼ਾ ਦੇਣ ਵਿਚ ਢਿੱਲ ਨਹੀਂ ਕਰੇਗਾ। ਪਰ ਯਹੋਵਾਹ ਤੋਂ ਭੈ ਰੱਖਣ ਵਾਲਿਆਂ ਲਈ “ਯਾਦਗੀਰੀ ਦੀ ਪੁਸਤਕ ਲਿਖੀ” ਜਾਣ ਲੱਗੀ।—ਮਲਾਕੀ 3:1, 3, 5, 16.
‘ਤੰਦੂਰ ਵਾਂਙੁ ਸਾੜਨ ਵਾਲਾ ਉਹ ਦਿਨ ਆਉਂਦਾ ਹੈ’ ਜਿਸ ਦਿਨ ਬੁਰੇ ਲੋਕਾਂ ਨੂੰ ਭਸਮ ਕਰ ਦਿੱਤਾ ਜਾਵੇਗਾ। ਉਹ ਦਿਨ ਆਉਣ ਤੋਂ ਪਹਿਲਾਂ, ਇਕ ਨਬੀ ਘੱਲਿਆ ਜਾਵੇਗਾ ਜੋ “ਪੇਵਾਂ ਦੇ ਦਿਲ ਬਾਲਕਾਂ ਵੱਲ ਅਤੇ ਬਾਲਕਾਂ ਦੇ ਦਿਲ ਪੇਵਾਂ ਵੱਲ ਮੋੜੇਗਾ।”—ਮਲਾਕੀ 4:1, 5, 6.
ਕੁਝ ਸਵਾਲਾਂ ਦੇ ਜਵਾਬ:
3:1-3—“ਪ੍ਰਭੁ” ਤੇ “ਨੇਮ ਦਾ ਦੂਤ” ਕਦੋਂ ਹੈਕਲ ਵਿਚ ਆਏ ਸਨ ਅਤੇ ਉਨ੍ਹਾਂ ਦੇ ਅੱਗੇ ਕਿਸ ਨੂੰ ਘੱਲਿਆ ਗਿਆ ਸੀ? ਯਹੋਵਾਹ ਨੇ ਆਪਣੇ ਚੁਣੇ ਹੋਏ ਸ਼ਖ਼ਸ ਨੂੰ ਘੱਲ ਕੇ 10 ਨੀਸਾਨ 33 ਈ. ਨੂੰ ਹੈਕਲ ਦੀ ਸਫ਼ਾਈ ਕਰਾਈ। ਯਿਸੂ ਨੇ ਹੈਕਲ ਵਿਚ ਆ ਕੇ ਵਪਾਰੀਆਂ ਤੇ ਖ਼ਰੀਦਦਾਰੀ ਕਰਨ ਵਾਲਿਆਂ ਨੂੰ ਹੈਕਲੋਂ ਦਫ਼ਾ ਕੀਤਾ ਸੀ। (ਮਰਕੁਸ 11:15) ਯਿਸੂ ਨੇ ਇਹ ਕੰਮ ਰਾਜੇ ਵਜੋਂ ਚੁਣੇ ਜਾਣ ਤੋਂ ਸਾਢੇ ਤਿੰਨ ਸਾਲ ਬਾਅਦ ਕੀਤਾ ਸੀ। ਲੱਗਦਾ ਹੈ ਕਿ ਮੌਜੂਦਾ ਸਮਿਆਂ ਵਿਚ ਸਵਰਗ ਵਿਚ ਰਾਜਾ ਬਣਨ ਤੋਂ ਸਾਢੇ ਤਿੰਨ ਸਾਲ ਬਾਅਦ ਯਿਸੂ ਤੇ ਯਹੋਵਾਹ ਨੇ ਅਧਿਆਤਮਿਕ ਹੈਕਲ ਯਾਨੀ ਆਪਣੇ ਲੋਕਾਂ ਨੂੰ ਸ਼ੁੱਧ ਕੀਤਾ। ਪਹਿਲੀ ਸਦੀ ਵਿਚ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਿਸੂ ਦੇ ਆਉਣ ਸੰਬੰਧੀ ਯਹੂਦੀਆਂ ਨੂੰ ਤਿਆਰ ਕੀਤਾ ਸੀ। ਮੌਜੂਦਾ ਜ਼ਮਾਨੇ ਵਿਚ ਵੀ ਯਹੋਵਾਹ ਦੇ ਚੁਣੇ ਹੋਏ ‘ਸ਼ਖ਼ਸ’ ਨੇ ਯਹੋਵਾਹ ਦੇ ਆਪਣੀ ਅਧਿਆਤਮਿਕ ਹੈਕਲ ਵਿਚ ਆਉਣ ਲਈ ਰਾਹ ਤਿਆਰ ਕੀਤਾ ਹੈ। 1880 ਦੇ ਦਹਾਕੇ ਵਿਚ ਬਾਈਬਲ ਸਟੂਡੈਂਟਸ ਦੇ ਸਮੂਹ ਨੇ ਜ਼ੋਰਾਂ-ਸ਼ੋਰਾਂ ਨਾਲ ਨੇਕਦਿਲ ਲੋਕਾਂ ਨੂੰ ਚਰਚ ਦੀਆਂ ਝੂਠੀਆਂ ਸਿੱਖਿਆਵਾਂ ਤੋਂ ਮੁਕਤ ਕਰ ਕੇ ਬਾਈਬਲ ਦੀਆਂ ਮੂਲ ਸੱਚਾਈਆਂ ਦੱਸਣੀਆਂ ਸ਼ੁਰੂ ਕੀਤੀਆਂ।
3:10—“ਸਾਰੇ ਦਸਵੰਧ” ਲਿਆਉਣ ਦਾ ਕੀ ਇਹ ਮਤਲਬ ਹੈ ਕਿ ਅਸੀਂ ਯਹੋਵਾਹ ਨੂੰ ਆਪਣਾ ਸਭ ਕੁਝ ਦੇ ਰਹੇ ਹਾਂ? ਯਿਸੂ ਦੀ ਕੁਰਬਾਨੀ ਨੇ ਮੂਸਾ ਦੀ ਬਿਵਸਥਾ ਨੂੰ ਪੂਰਾ ਕਰ ਦਿੱਤਾ, ਇਸ ਲਈ ਅੱਜ ਸ਼ੁੱਧ ਭਗਤੀ ਲਈ ਦਸਵੰਧ ਦੇਣਾ ਜ਼ਰੂਰੀ ਨਹੀਂ। ਪਰ ਦਸਵੰਧ ਦੇਣ ਦਾ ਹੋਰ ਵੀ ਮਤਲਬ ਹੈ। (ਅਫ਼ਸੀਆਂ 2:15) ਇਹ ਨਹੀਂ ਕਿ ਅਸੀਂ ਯਹੋਵਾਹ ਨੂੰ ਆਪਣਾ ਸਭ ਕੁਝ ਦਿੰਦੇ ਹਾਂ। ਪੁਰਾਣੇ ਜ਼ਮਾਨੇ ਵਿਚ ਇਸਰਾਏਲੀ ਸਾਲੋਂ-ਸਾਲ ਦਸਵੰਧ ਦਿੰਦੇ ਰਹਿੰਦੇ ਸਨ, ਪਰ ਅਸੀਂ ਇੱਕੋ ਵਾਰ ਆਪਣਾ ਸਭ ਕੁਝ ਯਹੋਵਾਹ ਨੂੰ ਦਿੰਦੇ ਹਾਂ। ਇਹ ਅਸੀਂ ਉਦੋਂ ਦਿੰਦੇ ਹਾਂ ਜਦੋਂ ਅਸੀਂ ਯਹੋਵਾਹ ਨੂੰ ਆਪਣਾ ਜੀਵਨ ਸਮਰਪਿਤ ਕਰ ਕੇ ਬਪਤਿਸਮਾ ਲੈਂਦੇ ਹਾਂ। ਉਦੋਂ ਸਾਡਾ ਸਭ ਕੁਝ ਯਹੋਵਾਹ ਦਾ ਹੋ ਜਾਂਦਾ ਹੈ। ਫਿਰ ਵੀ ਯਹੋਵਾਹ ਸਾਨੂੰ ਆਪਣੀਆਂ ਚੀਜ਼ਾਂ ਵਿੱਚੋਂ ਕੁਝ ਉਸ ਦੀ ਸੇਵਾ ਵਿਚ ਵਰਤਣ ਦੀ ਆਜ਼ਾਦੀ ਦਿੰਦਾ ਹੈ। ਪ੍ਰਚਾਰ ਦੇ ਕੰਮ ਤੇ ਚੇਲੇ ਬਣਾਉਣ ਦੇ ਕੰਮ ਵਿਚ ਅਸੀਂ ਜੋ ਸਮਾਂ, ਤਾਕਤ ਤੇ ਪੈਸਾ ਲਾਉਂਦੇ ਹਾਂ, ਇਹੀ ਯਹੋਵਾਹ ਨੂੰ ਸਾਡਾ ਚੜ੍ਹਾਵਾ ਜਾਂ ‘ਦਸਵੰਧ’ ਹੈ ਜੋ ਅਸੀਂ ਆਪਣੇ ਹਾਲਾਤਾਂ ਅਨੁਸਾਰ ਦਿਲੋਂ ਦਿੰਦੇ ਹਾਂ। ਇਨ੍ਹਾਂ ਚੜ੍ਹਾਵਿਆਂ ਵਿਚ ਮੀਟਿੰਗਾਂ ਵਿਚ ਜਾਣਾ ਤੇ ਬੀਮਾਰ ਅਤੇ ਬਿਰਧ ਭੈਣਾਂ-ਭਰਾਵਾਂ ਦੀ ਮਦਦ ਕਰਨੀ ਤੇ ਚੰਦਾ ਦੇਣਾ ਵੀ ਸ਼ਾਮਲ ਹੈ।
4:3—ਯਹੋਵਾਹ ਦੇ ਭਗਤ ਕਿਸ ਤਰ੍ਹਾਂ ‘ਦੁਸ਼ਟਾਂ ਨੂੰ ਮਿੱਧਣਗੇ’? ਇਸ ਭਵਿੱਖਬਾਣੀ ਦਾ ਇਹ ਅਰਥ ਨਹੀਂ ਕਿ ਯਹੋਵਾਹ ਦੇ ਸੇਵਕ ਦੁਸ਼ਟਾਂ ਨੂੰ ਮਿੱਧਣਗੇ ਮਤਲਬ ਕਿ ਉਨ੍ਹਾਂ ਦਾ ਨਿਆਂ ਕਰਨਗੇ। ਨਹੀਂ, ਸਗੋਂ ਇਹ ਇਸ ਭਾਵ ਵਿਚ ਪੂਰੀ ਹੋਵੇਗੀ ਕਿ ਯਹੋਵਾਹ ਦੇ ਸੇਵਕ ਇਸ ਬੁਰੀ ਦੁਨੀਆਂ ਦੇ ਨਾਸ਼ ਤੋਂ ਬਾਅਦ ਜਸ਼ਨ ਮਨਾਉਣਗੇ।—ਜ਼ਬੂਰਾਂ ਦੀ ਪੋਥੀ 145:20; ਪਰਕਾਸ਼ ਦੀ ਪੋਥੀ 20:1-3.
4:4—ਸਾਨੂੰ “ਮੂਸਾ ਦੀ ਬਿਵਸਥਾ ਨੂੰ ਚੇਤੇ” ਕਿਉਂ ਰੱਖਣਾ ਚਾਹੀਦਾ ਹੈ? ਅੱਜ ਸ਼ਰਾ ਮਸੀਹੀਆਂ ਤੇ ਲਾਗੂ ਨਹੀਂ ਹੁੰਦੀ। ਸ਼ਰਾ ਦਾ ਅਧਿਐਨ ਕਰ ਕੇ ਸਾਨੂੰ ਪਤਾ ਲੱਗਦਾ ਹੈ ਕਿ ਸ਼ਰਾ “ਆਉਣ ਵਾਲੀਆਂ ਚੰਗੀਆਂ ਵਸਤਾਂ ਦਾ ਪਰਛਾਵਾਂ ਹੀ” ਸੀ ਤੇ ਇਸ ਵਿਚਲੀਆਂ ਗੱਲਾਂ ਪੂਰੀਆਂ ਕਿਵੇਂ ਹੁੰਦੀਆਂ ਹਨ। (ਇਬਰਾਨੀਆਂ 10:1, ਲੂਕਾ 24:44, 45) ਸ਼ਰਾ ਵਿਚ “ਸੁਰਗ ਵਿਚਲੀਆਂ ਵਸਤਾਂ ਦੇ ਨਮੂਨੇ” ਦਾ ਵੇਰਵਾ ਵੀ ਦਿੱਤਾ ਗਿਆ ਹੈ। ਇਨ੍ਹਾਂ ਬਾਰੇ ਵੀ ਜਾਣਨਾ ਜ਼ਰੂਰੀ ਹੈ ਜੇਕਰ ਅਸੀਂ ਯਿਸੂ ਦੀਆਂ ਸਿੱਖਿਆਵਾਂ ਦੀ ਸਮਝ ਪਾ ਕੇ ਉਸ ਦੇ ਨਕਸ਼ੇ-ਕਦਮਾਂ ਦੇ ਚੱਲਣਾ ਚਾਹੁੰਦੇ ਹਾਂ।—ਇਬਰਾਨੀਆਂ 9:23.
4:5, 6—“ਏਲੀਯਾਹ ਨਬੀ” ਕਿਸ ਨੂੰ ਦਰਸਾਉਂਦਾ ਹੈ? ਇਹ ਪਹਿਲਾਂ ਤੋਂ ਦੱਸਿਆ ਗਿਆ ਸੀ ਕਿ “ਏਲੀਯਾਹ” ਲੋਕਾਂ ਦੇ ਦਿਲਾਂ ਨੂੰ ਪਰਮੇਸ਼ੁਰ ਵੱਲ ਮੋੜੇਗਾ। ਪਹਿਲੀ ਸਦੀ ਵਿਚ ਯਿਸੂ ਮਸੀਹ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਪਛਾਣ “ਏਲੀਯਾਹ” ਵਜੋਂ ਕਰਵਾਈ। (ਮੱਤੀ 11:12-14; ਮਰਕੁਸ 9:11-13) ਅੱਜ “ਯਹੋਵਾਹ ਦਾ ਵੱਡਾ ਅਤੇ ਭੈ ਦਾਇਕ ਦਿਨ” ਆਉਣ ਤੋਂ ਪਹਿਲਾਂ “ਏਲੀਯਾਹ” ਦਾ ਕੰਮ “ਮਾਤਬਰ ਅਤੇ ਬੁੱਧਵਾਨ ਨੌਕਰ” ਕਰ ਰਿਹਾ ਹੈ। (ਮੱਤੀ 24:45) ਮਸਹ ਕੀਤੇ ਮਸੀਹੀ ਲੋਕਾਂ ਨੂੰ ਪਰਮੇਸ਼ੁਰ ਵੱਲ ਮੋੜਨ ਦਾ ਕੰਮ ਤਨੋਂ-ਮਨੋਂ ਕਰ ਰਹੇ ਹਨ।
ਸਾਡੇ ਲਈ ਸਬਕ:
3:10. ਯਹੋਵਾਹ ਤੋਂ ਬਰਕਤਾਂ ਲੈਣ ਲਈ ਜ਼ਰੂਰੀ ਹੈ ਕਿ ਅਸੀਂ ਪੂਰੀ ਵਾਹ ਲਾ ਕੇ ਉਸ ਦੀ ਸੇਵਾ ਕਰੀਏ।
3:14, 15. ਜਾਜਕਾਂ ਦੀ ਬੁਰੀ ਮਿਸਾਲ ਕਰਕੇ ਯਹੂਦੀਆਂ ਨੂੰ ਯਹੋਵਾਹ ਦੀ ਸੇਵਾ ਮਾਮੂਲੀ ਜਿਹੀ ਲੱਗਣ ਲੱਗੀ। ਮਸੀਹੀ ਕਲੀਸਿਯਾ ਵਿਚ ਜ਼ਿੰਮੇਵਾਰ ਭਰਾਵਾਂ ਨੂੰ ਮਿਸਾਲੀ ਹੋਣਾ ਚਾਹੀਦਾ ਹੈ।—1 ਪਤਰਸ 5:1-3.
3:16. ਯਹੋਵਾਹ ਆਪਣੇ ਵਫ਼ਾਦਾਰ ਤੇ ਭੈ ਰੱਖਣ ਵਾਲੇ ਸੇਵਕਾਂ ਨੂੰ ਭੁੱਲਦਾ ਨਹੀਂ। ਸ਼ਤਾਨ ਦੀ ਇਸ ਬੁਰੀ ਦੁਨੀਆਂ ਦਾ ਖ਼ਾਤਮਾ ਕਰਨ ਵੇਲੇ ਯਹੋਵਾਹ ਉਨ੍ਹਾਂ ਨੂੰ ਚੇਤੇ ਕਰ ਕੇ ਨਾਸ਼ ਤੋਂ ਬਚਾਵੇਗਾ। ਇਸ ਲਈ ਆਓ ਅਸੀਂ ਹਰ ਹੀਲੇ ਯਹੋਵਾਹ ਨਾਲ ਆਪਣੀ ਵਫ਼ਾਦਾਰੀ ਕਾਇਮ ਰੱਖਣ ਦੀ ਕੋਸ਼ਿਸ਼ ਕਰਦੇ ਰਹੀਏ।—ਅੱਯੂਬ 27:5.
4:1. ਉਸ ਦਿਨ ਜਦੋਂ ਸਾਰਿਆਂ ਨੇ ਯਹੋਵਾਹ ਨੂੰ ਲੇਖਾ ਦੇਣਾ ਹੈ, ਤਦ ਯਹੋਵਾਹ “ਟੁੰਡ ਮੁੰਡ ਨਾ ਛੱਡੇਗਾ,” ਯਾਨੀ ਬੱਚਿਆਂ ਨੂੰ ਵੀ ਉਨ੍ਹਾਂ ਦੇ ਮਾਪਿਆਂ ਵਾਂਗ ਸਜ਼ਾ ਮਿਲੇਗੀ। ਕਿੰਨਾ ਜ਼ਰੂਰੀ ਹੈ ਕਿ ਮਾਪੇ ਆਪਣੇ ਬੱਚਿਆਂ ਪ੍ਰਤੀ ਜ਼ਿੰਮੇਵਾਰੀਆਂ ਨੂੰ ਗੰਭੀਰਤਾ ਨਾਲ ਲੈਣ! ਪਰਮੇਸ਼ੁਰ ਦੀ ਮਨਜ਼ੂਰੀ ਪਾਉਣ ਅਤੇ ਉਸ ਨਾਲ ਆਪਣਾ ਰਿਸ਼ਤਾ ਬਰਕਰਾਰ ਰੱਖਣ ਲਈ ਮਸੀਹੀ ਮਾਪਿਆਂ ਨੂੰ ਮਿਹਨਤ ਕਰਨ ਦੀ ਲੋੜ ਹੈ।—1 ਕੁਰਿੰਥੀਆਂ 7:14.
“ਪਰਮੇਸ਼ੁਰ ਕੋਲੋਂ ਡਰ”
‘ਯਹੋਵਾਹ ਦੇ ਵੱਡੇ ਅਤੇ ਭੈ ਦਾਇਕ ਦਿਨ’ ਵਿੱਚੋਂ ਕੌਣ ਬਚਾਇਆ ਜਾਵੇਗਾ? (ਮਲਾਕੀ 4:5) ਯਹੋਵਾਹ ਉੱਤਰ ਦਿੰਦਾ ਹੈ: “ਤੁਹਾਡੇ ਲਈ ਜਿਹੜੇ ਮੇਰੇ ਨਾਮ ਦਾ ਭੈ ਮੰਨਦੇ ਹੋ ਧਰਮ ਦਾ ਸੂਰਜ ਚੜ੍ਹੇਗਾ ਅਤੇ ਉਹ ਦੀਆਂ ਕਿਰਨਾਂ ਵਿੱਚ ਸ਼ਿਫਾ ਹੋਵੇਗੀ। ਤੁਸੀਂ ਵਾੜੇ ਦੇ ਵੱਛਿਆਂ ਵਾਂਙੁ ਬਾਹਰ ਨਿੱਕਲੋਗੇ ਅਤੇ ਕੁੱਦੋਗੇ।”—ਮਲਾਕੀ 4:2.
“ਧਰਮ ਦਾ ਸੂਰਜ” ਯਿਸੂ ਮਸੀਹ ਉਨ੍ਹਾਂ ਤੇ ਚਮਕਦਾ ਹੈ ਜੋ ਪਰਮੇਸ਼ੁਰ ਨੂੰ ਪੂਰੇ ਮਨੋਂ ਮੰਨਦੇ ਹਨ ਤੇ ਉਸ ਦੀ ਮਿਹਰ ਪਾਉਂਦੇ ਹਨ। (ਯੂਹੰਨਾ 8:12) ਉਨ੍ਹਾਂ ਲਈ “ਉਹ ਦੀਆਂ ਕਿਰਨਾਂ ਵਿੱਚ ਸ਼ਿਫਾ ਹੋਵੇਗੀ” ਯਾਨੀ ਅੱਜ ਉਹ ਪਰਮੇਸ਼ੁਰ ਦੇ ਕਰੀਬ ਹਨ ਤੇ ਨਵੀਂ ਦੁਨੀਆਂ ਵਿਚ ਸਰੀਰਕ ਤੌਰ ਤੇ ਹਰ ਪੱਖੋਂ ਤੰਦਰੁਸਤ ਹੋਣਗੇ। (ਪਰਕਾਸ਼ ਦੀ ਪੋਥੀ 22:1, 2) ਇਸ ਉਮੀਦ ਤੋਂ ਖ਼ੁਸ਼ ਹੋ ਕੇ ਉਹ “ਵਾੜੇ ਦੇ ਵੱਛਿਆਂ” ਵਾਂਗ ਕੁੱਦਦੇ ਹਨ। ਸਾਡੇ ਅੱਗੇ ਸੁਨਹਿਰਾ ਭਵਿੱਖ ਹੈ, ਇਸ ਲਈ ਆਓ ਆਪਾਂ ਰਾਜਾ ਸੁਲੇਮਾਨ ਦੀ ਇਸ ਨਸੀਹਤ ਤੇ ਚੱਲੀਏ: “ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ।”—ਉਪਦੇਸ਼ਕ ਦੀ ਪੋਥੀ 12:13.
[ਸਫ਼ਾ 26 ਉੱਤੇ ਤਸਵੀਰ]
ਮਲਾਕੀ ਨਬੀ, ਪਰਮੇਸ਼ੁਰ ਦਾ ਨਿਡਰ ਭਗਤ
[ਸਫ਼ਾ 29 ਉੱਤੇ ਤਸਵੀਰ]
ਸਾਡੀ ਸਿੱਖਿਆ ਬਾਈਬਲ ਤੇ ਆਧਾਰਿਤ ਹੋਣੀ ਚਾਹੀਦੀ ਹੈ
[ਸਫ਼ਾ 29 ਉੱਤੇ ਤਸਵੀਰ]
ਯਹੋਵਾਹ ਦੇ ਭਗਤ ਆਪਣੇ ਜੀਵਨ-ਸਾਥੀ ਦਾ ਆਦਰ ਕਰਦੇ ਹਨ