ਯਿਸੂ ਵਾਂਗ ਨਿਮਰ ਅਤੇ ਦਇਆਵਾਨ ਬਣੋ
“ਮਸੀਹ ਨੇ ਵੀ ਤੁਹਾਡੀ ਖ਼ਾਤਰ ਦੁੱਖ ਝੱਲੇ ਅਤੇ ਤੁਹਾਡੇ ਲਈ ਮਿਸਾਲ ਕਾਇਮ ਕੀਤੀ ਤਾਂਕਿ ਤੁਸੀਂ ਉਸ ਦੇ ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ ਚੱਲੋ।”—1 ਪਤ. 2:21.
1. ਯਿਸੂ ਦੀ ਰੀਸ ਕਰਨ ਨਾਲ ਅਸੀਂ ਯਹੋਵਾਹ ਦੇ ਨੇੜੇ ਕਿਵੇਂ ਜਾਂਦੇ ਹਾਂ?
ਆਮ ਤੌਰ ਤੇ ਅਸੀਂ ਉਨ੍ਹਾਂ ਲੋਕਾਂ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਸਾਨੂੰ ਚੰਗੇ ਲੱਗਦੇ ਹਨ। ਸਾਰੇ ਇਨਸਾਨਾਂ ਵਿੱਚੋਂ ਸਾਨੂੰ ਸਿਰਫ਼ ਯਿਸੂ ਦੀ ਹੀ ਰੀਸ ਕਰਨੀ ਚਾਹੀਦੀ ਹੈ। ਕਿਉਂ? ਇਕ ਵਾਰ ਯਿਸੂ ਨੇ ਕਿਹਾ ਸੀ: “ਜਿਸ ਨੇ ਮੈਨੂੰ ਦੇਖਿਆ ਹੈ, ਉਸ ਨੇ ਪਿਤਾ ਨੂੰ ਵੀ ਦੇਖਿਆ ਹੈ।” (ਯੂਹੰ. 14:9) ਉਸ ਦਾ ਸੁਭਾਅ ਬਿਲਕੁਲ ਆਪਣੇ ਪਿਤਾ ਵਰਗਾ ਹੈ। ਇਸ ਲਈ ਜਦ ਅਸੀਂ ਯਿਸੂ ਬਾਰੇ ਸਿੱਖਦੇ ਹਾਂ, ਤਾਂ ਅਸੀਂ ਯਹੋਵਾਹ ਬਾਰੇ ਸਿੱਖਦੇ ਹਾਂ। ਨਾਲੇ ਯਿਸੂ ਦੀ ਰੀਸ ਕਰਨ ਨਾਲ ਅਸੀਂ ਪੂਰੀ ਕਾਇਨਾਤ ਦੇ ਮਹਾਨ ਸ਼ਖ਼ਸ ਯਹੋਵਾਹ ਦੇ ਨੇੜੇ ਜਾਂਦੇ ਹਾਂ। ਇਹ ਸਾਡੇ ਲਈ ਕਿੰਨੇ ਵੱਡੇ ਸਨਮਾਨ ਦੀ ਗੱਲ ਹੈ!
2, 3. (ੳ) ਯਿਸੂ ਦੀ ਜ਼ਿੰਦਗੀ ਬਾਰੇ ਯਹੋਵਾਹ ਨੇ ਕਾਫ਼ੀ ਕੁਝ ਕਿਉਂ ਦੱਸਿਆ ਹੈ ਅਤੇ ਯਹੋਵਾਹ ਸਾਡੇ ਤੋਂ ਕੀ ਉਮੀਦ ਰੱਖਦਾ ਹੈ? (ਅ) ਅਸੀਂ ਇਸ ਲੇਖ ਅਤੇ ਅਗਲੇ ਲੇਖ ਵਿਚ ਕੀ ਚਰਚਾ ਕਰਾਂਗੇ?
2 ਬਾਈਬਲ ਵਿਚ ਯਹੋਵਾਹ ਨੇ ਯਿਸੂ ਦੀ ਜ਼ਿੰਦਗੀ ਬਾਰੇ ਕਾਫ਼ੀ ਕੁਝ ਦੱਸਿਆ ਹੈ। ਕਿਉਂ? ਕਿਉਂਕਿ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸ ਦੇ ਬੇਟੇ ਨੂੰ ਜਾਣੀਏ ਤਾਂਕਿ ਅਸੀਂ ਉਸ ਦੀ ਰੀਸ ਕਰ ਸਕੀਏ। (1 ਪਤਰਸ 2:21 ਪੜ੍ਹੋ।) ਬਾਈਬਲ ਵਿਚ ਯਿਸੂ ਦੀ ਮਿਸਾਲ ਦੀ ਤੁਲਨਾ ਕਦਮਾਂ ਨਾਲ ਕੀਤੀ ਗਈ ਹੈ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਬੇਟੇ ਦੇ ਨਕਸ਼ੇ-ਕਦਮਾਂ ʼਤੇ ਚੱਲੀਏ ਅਤੇ ਉਹੀ ਕਰੀਏ ਜੋ ਯਿਸੂ ਨੇ ਕੀਤਾ ਸੀ। ਬੇਸ਼ੱਕ ਯਿਸੂ ਮੁਕੰਮਲ ਸੀ, ਪਰ ਯਹੋਵਾਹ ਇਹ ਉਮੀਦ ਨਹੀਂ ਰੱਖਦਾ ਕਿ ਅਸੀਂ ਐਨ ਯਿਸੂ ਵਰਗੇ ਬਣੀਏ। ਇਸ ਦੀ ਬਜਾਇ, ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਯਿਸੂ ਦੀ ਰੀਸ ਕਰਨ ਦੀ ਪੂਰੀ-ਪੂਰੀ ਕੋਸ਼ਿਸ਼ ਕਰੀਏ।
3 ਆਓ ਅਸੀਂ ਯਿਸੂ ਦੇ ਕੁਝ ਖੂਬਸੂਰਤ ਗੁਣਾਂ ਬਾਰੇ ਗੱਲ ਕਰੀਏ। ਇਸ ਲੇਖ ਵਿਚ ਅਸੀਂ ਉਸ ਦੀ ਨਿਮਰਤਾ ਅਤੇ ਦਇਆ ਬਾਰੇ ਤੇ ਅਗਲੇ ਲੇਖ ਵਿਚ ਉਸ ਦੀ ਦਲੇਰੀ ਅਤੇ ਸਮਝਦਾਰੀ ਬਾਰੇ ਚਰਚਾ ਕਰਾਂਗੇ। ਅਸੀਂ ਹਰ ਗੁਣ ਬਾਰੇ ਇਨ੍ਹਾਂ ਤਿੰਨ ਸਵਾਲਾਂ ਦੇ ਜਵਾਬ ਜਾਣਾਂਗੇ: ਇਸ ਗੁਣ ਦਾ ਕੀ ਮਤਲਬ ਹੈ? ਯਿਸੂ ਨੇ ਇਹ ਗੁਣ ਕਿਵੇਂ ਦਿਖਾਇਆ? ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ?
ਯਿਸੂ ਨਿਮਰ ਹੈ
4. ਨਿਮਰ ਬਣਨ ਦਾ ਕੀ ਮਤਲਬ ਹੈ?
4 ਨਿਮਰਤਾ ਕੀ ਹੈ? ਬਹੁਤ ਸਾਰੇ ਘਮੰਡੀ ਲੋਕ ਸੋਚਦੇ ਹਨ ਕਿ ਕਮਜ਼ੋਰ ਲੋਕ ਹੀ ਨਿਮਰ ਹੁੰਦੇ ਹਨ। ਪਰ ਸੱਚ ਤਾਂ ਇਹ ਹੈ ਕਿ ਨਿਮਰ ਬਣਨ ਲਈ ਸਾਡੇ ਵਾਸਤੇ ਇਰਾਦੇ ਦੇ ਪੱਕੇ ਅਤੇ ਦਲੇਰ ਬਣਨਾ ਬਹੁਤ ਜ਼ਰੂਰੀ ਹੈ। ਨਿਮਰ ਇਨਸਾਨ ਘਮੰਡੀ ਇਨਸਾਨ ਤੋਂ ਬਿਲਕੁਲ ਉਲਟ ਹੁੰਦਾ ਹੈ। ਨਿਮਰ ਬਣਨ ਲਈ ਸਾਨੂੰ ਪਹਿਲਾਂ ਆਪਣੇ ਬਾਰੇ ਸਹੀ ਨਜ਼ਰੀਆ ਰੱਖਣ ਦੀ ਲੋੜ ਹੈ। ਮਿਸਾਲ ਲਈ, ਇਕ ਬਾਈਬਲ ਡਿਕਸ਼ਨਰੀ ਕਹਿੰਦੀ ਹੈ: “ਨਿਮਰ ਇਨਸਾਨ ਜਾਣਦਾ ਹੈ ਕਿ ਰੱਬ ਦੇ ਸਾਮ੍ਹਣੇ ਉਸ ਦੀ ਕੋਈ ਹੈਸੀਅਤ ਨਹੀਂ ਹੈ।” ਨਾਲੇ ਜੇ ਅਸੀਂ ਵਾਕਈ ਨਿਮਰ ਹਾਂ, ਤਾਂ ਅਸੀਂ ਇਹ ਨਹੀਂ ਸੋਚਾਂਗੇ ਕਿ ਅਸੀਂ ਦੂਜਿਆਂ ਤੋਂ ਬਿਹਤਰ ਹਾਂ। (ਰੋਮੀ. 12:3; ਫ਼ਿਲਿ. 2:3) ਨਾਮੁਕੰਮਲ ਇਨਸਾਨਾਂ ਲਈ ਨਿਮਰ ਬਣਨਾ ਸੌਖਾ ਨਹੀਂ ਹੈ। ਪਰ ਜੇ ਅਸੀਂ ਯਹੋਵਾਹ ਦੀ ਮਹਾਨਤਾ ʼਤੇ ਸੋਚ-ਵਿਚਾਰ ਕਰੀਏ ਅਤੇ ਯਿਸੂ ਦੀ ਰੀਸ ਕਰੀਏ, ਤਾਂ ਅਸੀਂ ਨਿਮਰ ਬਣਨਾ ਸਿੱਖ ਸਕਦੇ ਹਾਂ।
5, 6. (ੳ) ਮਹਾਂ ਦੂਤ ਮੀਕਾਏਲ ਕੌਣ ਹੈ? (ਅ) ਮੀਕਾਏਲ ਨੇ ਨਿਮਰ ਰਵੱਈਆ ਕਿਵੇਂ ਦਿਖਾਇਆ?
5 ਯਿਸੂ ਨੇ ਨਿਮਰਤਾ ਕਿਵੇਂ ਦਿਖਾਈ? ਪਰਮੇਸ਼ੁਰ ਦਾ ਬੇਟਾ ਸਵਰਗ ਵਿਚ ਇਕ ਸ਼ਕਤੀਸ਼ਾਲੀ ਦੂਤ ਹੁੰਦੇ ਹੋਏ ਅਤੇ ਧਰਤੀ ਉੱਤੇ ਇਕ ਮੁਕੰਮਲ ਇਨਸਾਨ ਹੁੰਦੇ ਹੋਏ ਵੀ ਹਮੇਸ਼ਾ ਨਿਮਰ ਰਿਹਾ। ਆਓ ਕੁਝ ਮਿਸਾਲਾਂ ʼਤੇ ਗੌਰ ਕਰੀਏ।
6 ਉਸ ਦਾ ਰਵੱਈਆ। ਅਸੀਂ ਯਹੂਦਾਹ ਦੀ ਕਿਤਾਬ ਵਿਚ ਯਿਸੂ ਦੀ ਜ਼ਿੰਦਗੀ ਵਿਚ ਵਾਪਰੀ ਇਕ ਘਟਨਾ ਪੜ੍ਹਦੇ ਹਾਂ ਜੋ ਉਸ ਦੇ ਧਰਤੀ ʼਤੇ ਆਉਣ ਤੋਂ ਪਹਿਲਾਂ ਵਾਪਰੀ ਸੀ। (ਯਹੂਦਾਹ 9 ਪੜ੍ਹੋ।) ਸ਼ੈਤਾਨ ਦੀ ਮਹਾਂ ਦੂਤ ਮੀਕਾਏਲ ਯਾਨੀ ਯਿਸੂ ਨਾਲ “ਮੂਸਾ ਦੀ ਲਾਸ਼ ਬਾਰੇ ਬਹਿਸ ਹੋ ਰਹੀ ਸੀ।” ਯਹੋਵਾਹ ਨੇ ਮੂਸਾ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਅਜਿਹੀ ਜਗ੍ਹਾ ਦਫ਼ਨਾਈ ਜਿੱਥੇ ਉਸ ਨੂੰ ਕੋਈ ਨਹੀਂ ਲੱਭ ਸਕਿਆ। (ਬਿਵ. 34:5, 6) ਸ਼ਾਇਦ ਸ਼ੈਤਾਨ ਮੂਸਾ ਦੀ ਲਾਸ਼ ਵਰਤ ਕੇ ਇਜ਼ਰਾਈਲੀਆਂ ਤੋਂ ਉਸ ਦੀ ਭਗਤੀ ਕਰਵਾਉਣੀ ਚਾਹੁੰਦਾ ਸੀ। ਇਸ ਪਿੱਛੇ ਸ਼ੈਤਾਨ ਦਾ ਜੋ ਵੀ ਬੁਰਾ ਇਰਾਦਾ ਸੀ, ਮੀਕਾਏਲ ਨੇ ਉਸ ਨੂੰ ਦਲੇਰੀ ਨਾਲ ਰੋਕਿਆ। ਇਕ ਕਿਤਾਬ ਕਹਿੰਦੀ ਹੈ ਕਿ ਇੱਥੇ ਵਰਤੇ ਗਏ ਸ਼ਬਦ “ਬਹਿਸ” ਨੂੰ “ਕਾਨੂੰਨੀ ਬਹਿਸ” ਲਈ ਵੀ ਵਰਤਿਆ ਜਾ ਸਕਦਾ ਹੈ। ਇਹ ਸ਼ਬਦ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ “ਮੀਕਾਏਲ ਨੇ ਸ਼ੈਤਾਨ ਦੇ ਮੂਸਾ ਦੀ ਲਾਸ਼ ਲੈਣ ਦੇ ‘ਹੱਕ ਨੂੰ ਲਲਕਾਰਿਆ’ ਸੀ।” ਫਿਰ ਵੀ ਮਹਾਂ ਦੂਤ ਜਾਣਦਾ ਸੀ ਕਿ ਉਸ ਨੂੰ ਇਸ ਬਾਰੇ ਫ਼ੈਸਲਾ ਕਰਨ ਦਾ ਇਖ਼ਤਿਆਰ ਨਹੀਂ ਸੀ। ਇਸ ਲਈ ਉਸ ਨੇ ਇਸ ਮਸਲੇ ਨੂੰ ਸਭ ਤੋਂ ਵੱਡੇ ਜੱਜ ਯਹੋਵਾਹ ਦੇ ਹੱਥਾਂ ਵਿਚ ਸੌਂਪ ਦਿੱਤਾ। ਸਿਰਫ਼ ਯਹੋਵਾਹ ਨੂੰ ਹੀ ਸ਼ੈਤਾਨ ਦਾ ਨਿਆਂ ਕਰਨ ਦਾ ਅਧਿਕਾਰ ਸੀ। ਵਾਕਈ ਯਿਸੂ ਨੇ ਕਿੰਨੀ ਨਿਮਰਤਾ ਦਿਖਾਈ!
7. ਯਿਸੂ ਨੇ ਆਪਣੀਆਂ ਗੱਲਾਂ ਅਤੇ ਆਪਣੇ ਤੌਰ-ਤਰੀਕਿਆਂ ਰਾਹੀਂ ਨਿਮਰਤਾ ਕਿਵੇਂ ਦਿਖਾਈ?
7 ਜਦ ਯਿਸੂ ਧਰਤੀ ਉੱਤੇ ਸੀ, ਤਾਂ ਉਸ ਨੇ ਆਪਣੀਆਂ ਗੱਲਾਂ ਅਤੇ ਕੰਮਾਂ ਰਾਹੀਂ ਵੀ ਨਿਮਰਤਾ ਦਿਖਾਈ। ਉਸ ਦੀਆਂ ਗੱਲਾਂ। ਯਿਸੂ ਨੇ ਦੂਜਿਆਂ ਦਾ ਧਿਆਨ ਖਿੱਚਣ ਦੀ ਕਦੇ ਵੀ ਕੋਸ਼ਿਸ਼ ਨਹੀਂ ਕੀਤੀ। ਇਸ ਦੀ ਬਜਾਇ, ਉਸ ਨੇ ਸਾਰੀ ਮਹਿਮਾ ਆਪਣੇ ਪਿਤਾ ਨੂੰ ਦਿੱਤੀ। (ਮਰ. 10:17, 18; ਯੂਹੰ. 7:16) ਯਿਸੂ ਨੇ ਕਦੇ ਆਪਣੀਆਂ ਗੱਲਾਂ ਨਾਲ ਆਪਣੇ ਚੇਲਿਆਂ ਨੂੰ ਮੂਰਖ ਜਾਂ ਨਿਕੰਮੇ ਮਹਿਸੂਸ ਨਹੀਂ ਕਰਾਇਆ। ਇਸ ਦੀ ਬਜਾਇ, ਉਸ ਨੇ ਉਨ੍ਹਾਂ ਦੀ ਇੱਜ਼ਤ ਕੀਤੀ ਅਤੇ ਉਨ੍ਹਾਂ ਦੀਆਂ ਖੂਬੀਆਂ ਦੀ ਤਾਰੀਫ਼ ਕਰ ਕੇ ਦਿਖਾਇਆ ਕਿ ਉਸ ਨੂੰ ਉਨ੍ਹਾਂ ʼਤੇ ਭਰੋਸਾ ਸੀ। (ਲੂਕਾ 22:31, 32; ਯੂਹੰ. 1:47) ਉਸ ਦੇ ਤੌਰ-ਤਰੀਕੇ। ਯਿਸੂ ਨੇ ਸਾਦੀ ਜ਼ਿੰਦਗੀ ਜੀਉਣ ਦਾ ਫ਼ੈਸਲਾ ਕੀਤਾ। (ਮੱਤੀ 8:20) ਉਹ ਛੋਟੇ ਤੋਂ ਛੋਟਾ ਕੰਮ ਕਰਨ ਲਈ ਵੀ ਤਿਆਰ ਰਹਿੰਦਾ ਸੀ ਜੋ ਦੂਜੇ ਨਹੀਂ ਕਰਨਾ ਚਾਹੁੰਦੇ ਸਨ। (ਯੂਹੰ. 13:3-15) ਉਸ ਨੇ ਆਗਿਆਕਾਰ ਰਹਿ ਕੇ ਨਿਮਰਤਾ ਦੀ ਇਕ ਵਧੀਆ ਮਿਸਾਲ ਕਾਇਮ ਕੀਤੀ। (ਫ਼ਿਲਿੱਪੀਆਂ 2:5-8 ਪੜ੍ਹੋ।) ਘਮੰਡੀ ਲੋਕਾਂ ਨੂੰ ਦੂਜਿਆਂ ਦਾ ਕਹਿਣਾ ਮੰਨਣ ਤੋਂ ਨਫ਼ਰਤ ਹੁੰਦੀ ਹੈ, ਪਰ ਇਸ ਤੋਂ ਬਿਲਕੁਲ ਉਲਟ ਯਿਸੂ ਨੇ “ਮਰਨ ਤਕ” ਯਹੋਵਾਹ ਦਾ ਹਰ ਫ਼ਰਮਾਨ ਮੰਨਿਆ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਮਨੁੱਖ ਦਾ ਪੁੱਤਰ ਯਾਨੀ ਯਿਸੂ “ਮਨ ਦਾ ਹਲੀਮ” ਸੀ।—ਮੱਤੀ 11:29.
ਯਿਸੂ ਦੀ ਨਿਮਰਤਾ ਦੀ ਰੀਸ ਕਰੋ
8, 9. ਅਸੀਂ ਨਿਮਰਤਾ ਕਿਵੇਂ ਦਿਖਾ ਸਕਦੇ ਹਾਂ?
8 ਅਸੀਂ ਯਿਸੂ ਵਾਂਗ ਨਿਮਰਤਾ ਕਿਵੇਂ ਦਿਖਾ ਸਕਦੇ ਹਾਂ? ਸਾਡਾ ਰਵੱਈਆ। ਜੇ ਅਸੀਂ ਨਿਮਰ ਹਾਂ, ਤਾਂ ਅਸੀਂ ਆਪਣੀਆਂ ਹੱਦਾਂ ਵਿਚ ਰਹਾਂਗੇ। ਨਾਲੇ ਸਾਨੂੰ ਪਤਾ ਹੋਵੇਗਾ ਕਿ ਸਾਨੂੰ ਦੂਜਿਆਂ ਦਾ ਨਿਆਂ ਕਰਨ ਦਾ ਹੱਕ ਨਹੀਂ ਹੈ। ਸਾਨੂੰ ਉਨ੍ਹਾਂ ਵਿਚ ਨੁਕਸ ਨਹੀਂ ਕੱਢਣੇ ਚਾਹੀਦੇ ਜਾਂ ਉਨ੍ਹਾਂ ਦੇ ਇਰਾਦਿਆਂ ʼਤੇ ਸ਼ੱਕ ਨਹੀਂ ਕਰਨਾ ਚਾਹੀਦਾ। (ਲੂਕਾ 6:37; ਯਾਕੂ. 4:12) ਨਿਮਰਤਾ ਸਾਨੂੰ ‘ਵਧੀਕ ਧਰਮੀ ਨਾ ਬਣਨ’ ਵਿਚ ਮਦਦ ਕਰੇਗੀ। ਇਸ ਦਾ ਮਤਲਬ ਹੈ ਕਿ ਅਸੀਂ ਖ਼ੁਦ ਨੂੰ ਦੂਜਿਆਂ ਤੋਂ ਬਿਹਤਰ ਨਹੀਂ ਸਮਝਾਂਗੇ। ਉਨ੍ਹਾਂ ਵਿਚ ਸ਼ਾਇਦ ਸਾਡੇ ਵਰਗੀਆਂ ਕਾਬਲੀਅਤਾਂ ਨਾ ਹੋਣ ਜਾਂ ਉਨ੍ਹਾਂ ਕੋਲ ਉਹ ਸਨਮਾਨ ਨਾ ਹੋਣ ਜੋ ਸਾਡੇ ਕੋਲ ਹਨ। (ਉਪ. 7:16) ਨਿਮਰ ਬਜ਼ੁਰਗ ਆਪਣੇ ਆਪ ਨੂੰ ਦੂਜੇ ਭੈਣਾਂ-ਭਰਾਵਾਂ ਤੋਂ ਬਿਹਤਰ ਨਹੀਂ ਸਮਝਦੇ। ਇਸ ਦੀ ਬਜਾਇ, ਇਹ ਪਿਆਰ ਕਰਨ ਵਾਲੇ ਚਰਵਾਹੇ ‘ਦੂਸਰਿਆਂ ਨੂੰ ਆਪਣੇ ਨਾਲੋਂ ਚੰਗੇ ਸਮਝਦੇ’ ਹਨ ਯਾਨੀ ਉਹ ਦੂਜਿਆਂ ਨੂੰ ਆਪਣੇ ਨਾਲੋਂ ਜ਼ਿਆਦਾ ਅਹਿਮੀਅਤ ਦਿੰਦੇ ਹਨ।—ਫ਼ਿਲਿ. 2:3; ਲੂਕਾ 9:48.
9 ਜ਼ਰਾ ਭਰਾ ਵਾਲਟਰ ਥੋਰਨ ਦੀ ਮਿਸਾਲ ਲਓ ਜਿਸ ਨੇ 1894 ਤੋਂ ਇਕ ਸਰਕਟ ਓਵਰਸੀਅਰ ਵਜੋਂ ਸੇਵਾ ਕਰਨੀ ਸ਼ੁਰੂ ਕੀਤੀ ਸੀ। ਪਰ ਬਹੁਤ ਸਾਲਾਂ ਬਾਅਦ ਉਸ ਨੂੰ ਨਿਊਯਾਰਕ ਰਾਜ ਵਿਚ ਸੰਗਠਨ ਦੇ ਕਿੰਗਡਮ ਫਾਰਮ ਵਿਚ ਮੁਰਗੀਆਂ ਪਾਲਣ ਦਾ ਕੰਮ ਸੌਂਪਿਆ ਗਿਆ। ਉਸ ਨੇ ਦੱਸਿਆ: “ਜਦੋਂ ਵੀ ਮੇਰੇ ਦਿਮਾਗ਼ ਵਿਚ ਆਉਂਦਾ ਕਿ ਇਹ ਕਿਹੜੇ ਕੰਮਾਂ ਵਿੱਚੋਂ ਕੰਮ ਹੈ, ਤਾਂ ਮੈਂ ਖ਼ੁਦ ਨੂੰ ਕਹਿੰਦਾ ਹਾਂ: ‘ਓਏ ਮਿੱਟੀ ਦਿਆ ਕਿਣਕਿਆ, ਤੈਨੂੰ ਕਿਸ ਗੱਲ ਦਾ ਘਮੰਡ?’” (ਯਸਾਯਾਹ 40:12-15 ਪੜ੍ਹੋ।) ਵਾਕਈ, ਉਸ ਦਾ ਰਵੱਈਆ ਕਿੰਨਾ ਹੀ ਨਿਮਰ ਸੀ!
10. ਅਸੀਂ ਆਪਣੀਆਂ ਗੱਲਾਂ ਅਤੇ ਤੌਰ-ਤਰੀਕਿਆਂ ਰਾਹੀਂ ਨਿਮਰਤਾ ਕਿਵੇਂ ਦਿਖਾ ਸਕਦੇ ਹਾਂ?
10 ਸਾਡੀਆਂ ਗੱਲਾਂ। ਜੇ ਅਸੀਂ ਵਾਕਈ ਨਿਮਰ ਹਾਂ, ਤਾਂ ਸਾਡੀਆਂ ਗੱਲਾਂ ਤੋਂ ਨਿਮਰਤਾ ਝਲਕੇਗੀ। (ਲੂਕਾ 6:45) ਦੂਜਿਆਂ ਨਾਲ ਗੱਲ ਕਰਦੇ ਵੇਲੇ ਅਸੀਂ ਉਨ੍ਹਾਂ ਦਾ ਧਿਆਨ ਆਪਣੇ ਸਨਮਾਨਾਂ ਅਤੇ ਕੰਮਾਂ ਵੱਲ ਨਹੀਂ ਖਿੱਚਾਂਗੇ। (ਕਹਾ. 27:2) ਇਸ ਦੀ ਬਜਾਇ, ਅਸੀਂ ਆਪਣੇ ਭੈਣਾਂ-ਭਰਾਵਾਂ ਦੇ ਚੰਗੇ ਕੰਮਾਂ, ਖੂਬੀਆਂ ਅਤੇ ਕਾਬਲੀਅਤਾਂ ਦੀ ਤਾਰੀਫ਼ ਕਰਾਂਗੇ। (ਕਹਾ. 15:23) ਸਾਡੇ ਤੌਰ-ਤਰੀਕੇ। ਨਿਮਰ ਮਸੀਹੀ ਇਸ ਦੁਨੀਆਂ ਵਿਚ ਮਸ਼ਹੂਰੀ ਖੱਟਣ ਦੀ ਕੋਸ਼ਿਸ਼ ਨਹੀਂ ਕਰਦੇ, ਸਗੋਂ ਉਹ ਯਹੋਵਾਹ ਦੀ ਸੇਵਾ ਪੂਰੀ ਵਾਹ ਲਾ ਕੇ ਕਰਨ ਲਈ ਸਾਦੀ ਜ਼ਿੰਦਗੀ ਜੀਉਂਦੇ ਹਨ ਅਤੇ ਛੋਟੇ-ਮੋਟੇ ਕੰਮ ਕਰਨ ਲਈ ਵੀ ਤਿਆਰ ਰਹਿੰਦੇ ਹਨ। (1 ਤਿਮੋ. 6:6, 8) ਅਸੀਂ ਕਹਿਣਾ ਮੰਨ ਕੇ ਵੀ ਦਿਖਾਉਂਦੇ ਹਾਂ ਕਿ ਅਸੀਂ ਨਿਮਰ ਹਾਂ। ਮੰਡਲੀ ਵਿਚ ਅਗਵਾਈ ਕਰਨ ਵਾਲੇ ਭਰਾਵਾਂ ਦੀ “ਆਗਿਆਕਾਰੀ” ਕਰਨ ਅਤੇ ਯਹੋਵਾਹ ਦੇ ਸੰਗਠਨ ਦੀਆਂ ਹਿਦਾਇਤਾਂ ਮੁਤਾਬਕ ਚੱਲਣ ਲਈ ਜ਼ਰੂਰੀ ਹੈ ਕਿ ਅਸੀਂ ਨਿਮਰ ਬਣੀਏ।—ਇਬ. 13:17.
ਯਿਸੂ ਦਇਆਵਾਨ ਹੈ
11. ਦਇਆ ਕੀ ਹੁੰਦੀ ਹੈ?
11 ਪਿਆਰ ਕਰਨ ਵਾਲਾ ਇਨਸਾਨ ਦਇਆਵਾਨ ਹੁੰਦਾ ਹੈ। ਬਾਈਬਲ ਦੱਸਦੀ ਹੈ ਕਿ ਯਹੋਵਾਹ ਅਤੇ ਯਿਸੂ ਕਿੰਨੇ ਦਇਆਵਾਨ ਅਤੇ ਪਿਆਰ ਕਰਨ ਵਾਲੇ ਹਨ। (ਲੂਕਾ 1:78; 2 ਕੁਰਿੰ. 1:3; ਫ਼ਿਲਿ. 1:8) ਬਾਈਬਲ ਸਾਨੂੰ ਦਇਆ ਦਿਖਾਉਣ ਲਈ ਕਹਿੰਦੀ ਹੈ। ਇਸ ਬਾਰੇ ਇਕ ਬਾਈਬਲ ਡਿਕਸ਼ਨਰੀ ਦੱਸਦੀ ਹੈ ਕਿ ਦਇਆ ਦਿਖਾਉਣ ਦਾ ਮਤਲਬ ਸਿਰਫ਼ ਲੋੜਵੰਦਾਂ ʼਤੇ ਤਰਸ ਖਾਣਾ ਹੀ ਨਹੀਂ ਹੁੰਦਾ। ਇਸ ਦੀ ਬਜਾਇ, ਅਸੀਂ ਉਨ੍ਹਾਂ ਦੀ ਇੰਨੀ ਪਰਵਾਹ ਕਰਦੇ ਹਾਂ ਕਿ ਅਸੀਂ ਉਨ੍ਹਾਂ ਦੀ ਕਿਸੇ-ਨਾ-ਕਿਸੇ ਤਰ੍ਹਾਂ ਮਦਦ ਕਰਦੇ ਹਾਂ ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਬਿਹਤਰ ਬਣਦੀ ਹੈ। ਦਇਆ ਦਾ ਗੁਣ ਇਕ ਵਿਅਕਤੀ ਨੂੰ ਕਿਸੇ ਦੇ ਦੁੱਖ ਦੂਰ ਕਰਨ ਲਈ ਪ੍ਰੇਰਿਤ ਕਰਦਾ ਹੈ।
12. ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਯਿਸੂ ਨੇ ਦੂਜਿਆਂ ʼਤੇ ਦਇਆ ਕੀਤੀ ਅਤੇ ਇਸ ਕਾਰਨ ਉਸ ਨੇ ਕੀ ਕੀਤਾ?
12 ਯਿਸੂ ਨੇ ਦਇਆ ਕਿਵੇਂ ਦਿਖਾਈ? ਉਸ ਦੇ ਜਜ਼ਬਾਤ ਅਤੇ ਕੰਮ। ਯਿਸੂ ਨੂੰ ਦੂਜਿਆਂ ʼਤੇ ਦਇਆ ਆਉਂਦੀ ਸੀ। ਜਦ ਉਸ ਨੇ ਆਪਣੇ ਦੋਸਤ ਲਾਜ਼ਰ ਦੀ ਮੌਤ ʼਤੇ ਉਸ ਦੀ ਭੈਣ ਮਰੀਅਮ ਅਤੇ ਦੂਜਿਆਂ ਨੂੰ ਰੋਂਦੇ ਵੇਖਿਆ, ਤਾਂ ਉਹ ਵੀ ਰੋ ਪਿਆ। (ਯੂਹੰਨਾ 11:32-35 ਪੜ੍ਹੋ।) ਫਿਰ ਯਿਸੂ ਦਾ ਦਿਲ ਦਇਆ ਨਾਲ ਭਰ ਆਇਆ ਅਤੇ ਉਸ ਨੇ ਲਾਜ਼ਰ ਨੂੰ ਜੀਉਂਦਾ ਕੀਤਾ, ਜਿੱਦਾਂ ਉਸ ਨੇ ਪਹਿਲਾਂ ਇਕ ਵਿਧਵਾ ʼਤੇ ਦਇਆ ਕਰ ਕੇ ਉਸ ਦੇ ਬੇਟੇ ਨੂੰ ਜੀਉਂਦਾ ਕੀਤਾ ਸੀ। (ਲੂਕਾ 7:11-15; ਯੂਹੰ. 11:38-44) ਇਸ ਸਦਕਾ ਲਾਜ਼ਰ ਨੂੰ ਸ਼ਾਇਦ ਭਵਿੱਖ ਵਿਚ ਸਵਰਗ ਜਾਣ ਦੀ ਉਮੀਦ ਮਿਲੀ! ਇਸ ਘਟਨਾ ਤੋਂ ਪਹਿਲਾਂ ਇਕ ਵਾਰ ਯਿਸੂ ਨੇ ਆਪਣੇ ਕੋਲ ਆਈ ਭੀੜ ʼਤੇ “ਤਰਸ ਖਾਧਾ” ਸੀ ਤੇ “ਉਹ ਉਨ੍ਹਾਂ ਨੂੰ ਬਹੁਤ ਗੱਲਾਂ ਸਿਖਾਉਣ ਲੱਗ ਪਿਆ।” (ਮਰ. 6:34) ਵਾਕਈ, ਉਸ ਦੀਆਂ ਸਿੱਖਿਆਵਾਂ ʼਤੇ ਚੱਲਣ ਵਾਲੇ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਗਈਆਂ! ਯਿਸੂ ਸਿਰਫ਼ ਲੋਕਾਂ ʼਤੇ ਦਇਆ ਹੀ ਨਹੀਂ ਕਰਦਾ ਸੀ, ਸਗੋਂ ਉਹ ਲੋੜਵੰਦਾਂ ਦੀ ਮਦਦ ਕਰਨ ਲਈ ਵੀ ਤਿਆਰ ਸੀ।—ਮੱਤੀ 15:32-38; 20:29-34; ਮਰ. 1:40-42.
13. ਯਿਸੂ ਦੂਜਿਆਂ ਨਾਲ ਪਿਆਰ ਨਾਲ ਕਿਵੇਂ ਬੋਲਿਆ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
13 ਉਸ ਦੀਆਂ ਗੱਲਾਂ। ਦਇਆਵਾਨ ਹੋਣ ਕਾਰਨ ਯਿਸੂ ਦੂਜਿਆਂ ਨਾਲ ਪਿਆਰ ਨਾਲ ਬੋਲਦਾ ਸੀ, ਖ਼ਾਸਕਰ ਦੁਖੀ ਲੋਕਾਂ ਨਾਲ। ਯਸਾਯਾਹ ਦੇ ਸ਼ਬਦਾਂ ਦਾ ਹਵਾਲਾ ਦਿੰਦੇ ਹੋਏ ਮੱਤੀ ਨੇ ਯਿਸੂ ਬਾਰੇ ਲਿਖਿਆ: “ਉਹ ਮਿੱਧੇ ਹੋਏ ਕਾਨੇ ਨੂੰ ਨਹੀਂ ਤੋੜੇਗਾ ਅਤੇ ਦੀਵੇ ਦੀ ਧੁਖ ਰਹੀ ਬੱਤੀ ਨੂੰ ਨਹੀਂ ਬੁਝਾਏਗਾ।” (ਮੱਤੀ 12:20; ਯਸਾ. 42:3) ਇਸ ਦਾ ਕੀ ਮਤਲਬ ਹੈ? ਯਿਸੂ ਨੇ ਕਦੇ ਲੋਕਾਂ ਨੂੰ ਬੁਰਾ-ਭਲਾ ਨਹੀਂ ਕਿਹਾ ਜਾਂ ਉਨ੍ਹਾਂ ਨਾਲ ਬੁਰਾ ਸਲੂਕ ਨਹੀਂ ਕੀਤਾ, ਸਗੋਂ ਉਸ ਨੇ ਆਪਣੀਆਂ ਗੱਲਾਂ ਨਾਲ ਲੋਕਾਂ ਨੂੰ ਤਰੋ-ਤਾਜ਼ਾ ਕੀਤਾ। ਉਸ ਨੇ “ਟੁੱਟੇ ਦਿਲ ਵਾਲਿਆਂ” ਨੂੰ ਉਮੀਦ ਦਾ ਸੁਨੇਹਾ ਦਿੱਤਾ। (ਯਸਾ. 61:1) ਉਸ ਨੇ “ਥੱਕੇ ਅਤੇ ਭਾਰ ਹੇਠ ਦੱਬੇ ਹੋਏ” ਲੋਕਾਂ ਨੂੰ ਆਪਣੇ ਕੋਲ ਆਉਣ ਦਾ ਸੱਦਾ ਦਿੱਤਾ ਤਾਂਕਿ ਉਨ੍ਹਾਂ ਦੀਆਂ “ਜਾਨਾਂ ਨੂੰ ਤਾਜ਼ਗੀ” ਮਿਲ ਸਕੇ। (ਮੱਤੀ 11:28-30) ਉਸ ਨੇ ਆਪਣੇ ਚੇਲਿਆਂ ਨੂੰ ਭਰੋਸਾ ਦਿਵਾਇਆ ਕਿ ਪਰਮੇਸ਼ੁਰ ਆਪਣੇ ਹਰੇਕ ਸੇਵਕ ਦੀ ਬਹੁਤ ਪਰਵਾਹ ਕਰਦਾ ਹੈ, ਉਨ੍ਹਾਂ “ਨਿਮਾਣਿਆਂ” ਦੀ ਵੀ ਜਿਨ੍ਹਾਂ ਨੂੰ ਦੁਨੀਆਂ ਦੇ ਲੋਕ ਐਵੇਂ ਸਮਝਦੇ ਹਨ।—ਮੱਤੀ 18:12-14; ਲੂਕਾ 12:6, 7.
ਯਿਸੂ ਦੀ ਦਇਆ ਦੀ ਰੀਸ ਕਰੋ
14. ਯਿਸੂ ਵਾਂਗ ਦਇਆ ਦਿਖਾਉਣ ਦਾ ਇਕ ਤਰੀਕਾ ਕੀ ਹੈ?
14 ਅਸੀਂ ਯਿਸੂ ਵਾਂਗ ਦਇਆਵਾਨ ਕਿਵੇਂ ਬਣ ਸਕਦੇ ਹਾਂ? ਸਾਡੇ ਜਜ਼ਬਾਤ। ਸ਼ਾਇਦ ਸਾਡਾ ਸੁਭਾਅ ਹਮਦਰਦੀ ਭਰਿਆ ਨਾ ਹੋਵੇ, ਪਰ ਬਾਈਬਲ ਸਾਨੂੰ ਕਹਿੰਦੀ ਹੈ ਕਿ ਸਾਨੂੰ “ਹਮਦਰਦੀ” ਨਾਲ ਪੇਸ਼ ਆਉਣਾ ਚਾਹੀਦਾ ਹੈ। ਹਮਦਰਦੀ “ਨਵੇਂ ਸੁਭਾਅ” ਦਾ ਇਕ ਪਹਿਲੂ ਹੈ ਅਤੇ ਯਹੋਵਾਹ ਚਾਹੁੰਦਾ ਹੈ ਕਿ ਸਾਰੇ ਮਸੀਹੀ ਆਪਣੇ ਵਿਚ ਇਹ ਨਵਾਂ ਸੁਭਾਅ ਪੈਦਾ ਕਰਨ। (ਕੁਲੁੱਸੀਆਂ 3:9, 10, 12 ਪੜ੍ਹੋ।) ਤੁਸੀਂ ਹਮਦਰਦੀ ਕਿਵੇਂ ਦਿਖਾ ਸਕਦੇ ਹੋ? ਬਾਈਬਲ ਕਹਿੰਦੀ ਹੈ: ‘ਤੁਸੀਂ ਆਪਣੇ ਦਿਲਾਂ ਦੇ ਦਰਵਾਜ਼ੇ ਖੋਲ੍ਹ’ ਦਿਓ। (2 ਕੁਰਿੰ. 6:11-13) ਜੇ ਕੋਈ ਤੁਹਾਨੂੰ ਆਪਣੇ ਦਿਲ ਦੀਆਂ ਗੱਲਾਂ ਅਤੇ ਚਿੰਤਾਵਾਂ ਦੱਸਦਾ ਹੈ, ਤਾਂ ਤੁਹਾਨੂੰ ਉਸ ਦੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ। (ਯਾਕੂ. 1:19) ਸੋਚੋ ਅਤੇ ਖ਼ੁਦ ਨੂੰ ਪੁੱਛੋ: ‘ਜੇ ਮੈਂ ਉਸ ਦੀ ਥਾਂ ਹੁੰਦਾ, ਤਾਂ ਕੀ ਕਰਦਾ? ਮੈਂ ਕਿਵੇਂ ਮਹਿਸੂਸ ਕਰਦਾ?’—1 ਪਤ. 3:8.
15. ਅਸੀਂ ਸੋਗ ਮਨਾ ਰਹੇ ਜਾਂ ਦੁੱਖ ਝੱਲ ਰਹੇ ਲੋਕਾਂ ਦੀ ਮਦਦ ਕਰਨ ਲਈ ਕੀ ਕਰ ਸਕਦੇ ਹਾਂ?
15 ਸਾਡੇ ਤੌਰ-ਤਰੀਕੇ। ਦਇਆ ਦਾ ਗੁਣ ਸਾਨੂੰ ਦੂਜਿਆਂ ਦੀ ਮਦਦ ਕਰਨ ਲਈ ਪ੍ਰੇਰਿਤ ਕਰਦਾ ਹੈ, ਖ਼ਾਸਕਰ ਜੋ ਸੋਗ ਮਨਾਉਂਦੇ ਹਨ ਜਾਂ ਦੁੱਖ ਝੱਲਦੇ ਹਨ। ਅਸੀਂ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ? ਰੋਮੀਆਂ 12:15 ਕਹਿੰਦਾ ਹੈ: “ਰੋਣ ਵਾਲੇ ਲੋਕਾਂ ਨਾਲ ਰੋਵੋ।” ਕਈ ਵਾਰ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਨਾਲੋਂ ਦਿਲਾਸੇ ਦੀ ਜ਼ਿਆਦਾ ਲੋੜ ਹੁੰਦੀ ਹੈ। ਉਹ ਅਜਿਹਾ ਦੋਸਤ ਚਾਹੁੰਦੇ ਹਨ ਜਿਸ ਨੂੰ ਉਨ੍ਹਾਂ ਦੀ ਪਰਵਾਹ ਹੋਵੇ ਅਤੇ ਜੋ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੇ। ਭੈਣਾਂ-ਭਰਾਵਾਂ ਨੇ ਇਕ ਭੈਣ ਨੂੰ ਬਹੁਤ ਦਿਲਾਸਾ ਦਿੱਤਾ ਜਦ ਉਸ ਦੀ ਬੇਟੀ ਗੁਜ਼ਰ ਗਈ। ਉਹ ਕਹਿੰਦੀ ਹੈ: “ਮੈਂ ਇਸ ਗੱਲ ਦੀ ਬੜੀ ਕਦਰ ਕਰਦੀ ਹਾਂ ਕਿ ਭੈਣ-ਭਰਾ ਮੇਰੇ ਘਰ ਆਏ ਅਤੇ ਮੇਰੇ ਨਾਲ ਰੋਏ।” ਅਸੀਂ ਦੂਜਿਆਂ ਦੀ ਕਈ ਤਰੀਕਿਆਂ ਨਾਲ ਮਦਦ ਕਰ ਕੇ ਦਇਆ ਦਿਖਾ ਸਕਦੇ ਹਾਂ। ਸ਼ਾਇਦ ਇਕ ਵਿਧਵਾ ਭੈਣ ਦੇ ਘਰ ਵਿਚ ਕਿਸੇ ਚੀਜ਼ ਦੀ ਮੁਰੰਮਤ ਦੀ ਲੋੜ ਹੋਵੇ। ਜਾਂ ਹੋ ਸਕਦਾ ਹੈ ਕਿ ਸਿਆਣੀ ਉਮਰ ਦੇ ਕਿਸੇ ਭੈਣ-ਭਰਾ ਨੂੰ ਮੀਟਿੰਗਾਂ ਵਿਚ ਆਉਣ, ਪ੍ਰਚਾਰ ਵਿਚ ਜਾਣ ਜਾਂ ਡਾਕਟਰ ਕੋਲ ਜਾਣ ਲਈ ਮਦਦ ਦੀ ਲੋੜ ਹੋਵੇ। ਇਸ ਤਰ੍ਹਾਂ ਦੇ ਛੋਟੇ-ਛੋਟੇ ਕੰਮ ਸਾਡੇ ਲੋੜਵੰਦ ਭੈਣਾਂ-ਭਰਾਵਾਂ ਲਈ ਬਹੁਤ ਮਦਦਗਾਰ ਸਾਬਤ ਹੁੰਦੇ ਹਨ। (1 ਯੂਹੰ. 3:17, 18) ਸਭ ਤੋਂ ਜ਼ਰੂਰੀ ਹੈ ਕਿ ਅਸੀਂ ਪ੍ਰਚਾਰ ਵਿਚ ਪੂਰੀ ਵਾਹ ਲਾ ਕੇ ਦੂਜਿਆਂ ਨੂੰ ਦਇਆ ਦਿਖਾਈਏ। ਨੇਕਦਿਲ ਲੋਕਾਂ ਦੀਆਂ ਜ਼ਿੰਦਗੀਆਂ ਬਦਲਣ ਦਾ ਹੋਰ ਇਸ ਤੋਂ ਵਧੀਆ ਤਰੀਕਾ ਹੋ ਹੀ ਨਹੀਂ ਸਕਦਾ!
16. ਅਸੀਂ ਨਿਰਾਸ਼ ਲੋਕਾਂ ਨੂੰ ਦਿਲਾਸਾ ਦੇਣ ਲਈ ਕੀ ਕਹਿ ਸਕਦੇ ਹਾਂ?
16 ਸਾਡੇ ਪਿਆਰ ਭਰੇ ਸ਼ਬਦ। ਦਇਆ ਦਾ ਗੁਣ ਸਾਨੂੰ “ਨਿਰਾਸ਼ ਲੋਕਾਂ ਨੂੰ ਦਿਲਾਸਾ” ਦੇਣ ਲਈ ਪ੍ਰੇਰਿਤ ਕਰਦਾ ਹੈ। (1 ਥੱਸ. 5:14) ਅਸੀਂ ਉਨ੍ਹਾਂ ਨੂੰ ਦਿਲਾਸਾ ਦੇਣ ਲਈ ਕੀ ਕਹਿ ਸਕਦੇ ਹਾਂ? ਅਸੀਂ ਉਨ੍ਹਾਂ ਨੂੰ ਦੱਸ ਸਕਦੇ ਹਾਂ ਕਿ ਸਾਨੂੰ ਉਨ੍ਹਾਂ ਦਾ ਕਿੰਨਾ ਫ਼ਿਕਰ ਹੈ। ਅਸੀਂ ਉਨ੍ਹਾਂ ਦੀ ਤਾਰੀਫ਼ ਕਰ ਸਕਦੇ ਹਾਂ ਅਤੇ ਉਨ੍ਹਾਂ ਦੀ ਇਹ ਦੇਖਣ ਵਿਚ ਮਦਦ ਕਰ ਸਕਦੇ ਹਾਂ ਕਿ ਉਨ੍ਹਾਂ ਵਿਚ ਕਿੰਨੀਆਂ ਖੂਬੀਆਂ ਅਤੇ ਕਾਬਲੀਅਤਾਂ ਹਨ। ਅਸੀਂ ਉਨ੍ਹਾਂ ਨੂੰ ਯਾਦ ਕਰਾ ਸਕਦੇ ਹਾਂ ਕਿ ਯਹੋਵਾਹ ਨੇ ਉਨ੍ਹਾਂ ਦੀ ਸੱਚਾਈ ਲੱਭਣ ਵਿਚ ਮਦਦ ਕੀਤੀ ਹੈ, ਇਸ ਲਈ ਉਹ ਉਸ ਦੀਆਂ ਨਜ਼ਰਾਂ ਵਿਚ ਅਨਮੋਲ ਹਨ। (ਯੂਹੰ. 6:44) ਅਸੀਂ ਉਨ੍ਹਾਂ ਨੂੰ ਯਕੀਨ ਦਿਵਾ ਸਕਦੇ ਹਾਂ ਕਿ ਯਹੋਵਾਹ ਨੂੰ ਆਪਣੇ ‘ਟੁੱਟੇ ਦਿਲ ਵਾਲੇ’ ਸੇਵਕਾਂ ਦੀ ਦਿਲੋਂ ਪਰਵਾਹ ਹੈ। (ਜ਼ਬੂ. 34:18) ਵਾਕਈ, ਸਾਡੇ ਲਫ਼ਜ਼ ਨਿਰਾਸ਼ ਭੈਣਾਂ-ਭਰਾਵਾਂ ਨੂੰ ਤਰੋ-ਤਾਜ਼ਾ ਕਰ ਸਕਦੇ ਹਨ।—ਕਹਾ. 16:24.
17, 18. (ੳ) ਯਹੋਵਾਹ ਬਜ਼ੁਰਗਾਂ ਤੋਂ ਆਪਣੀਆਂ ਭੇਡਾਂ ਨਾਲ ਪੇਸ਼ ਆਉਣ ਬਾਰੇ ਕੀ ਉਮੀਦ ਰੱਖਦਾ ਹੈ? (ਅ) ਅਸੀਂ ਅਗਲੇ ਲੇਖ ਵਿਚ ਕੀ ਚਰਚਾ ਕਰਾਂਗੇ?
17 ਬਜ਼ੁਰਗੋ, ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਉਸ ਦੀਆਂ ਭੇਡਾਂ ਨਾਲ ਦਇਆ ਨਾਲ ਪੇਸ਼ ਆਓ। (ਰਸੂ. 20:28, 29) ਯਾਦ ਰੱਖੋ ਕਿ ਉਸ ਦੀਆਂ ਭੇਡਾਂ ਨੂੰ ਸਿਖਾਉਣਾ, ਦਿਲਾਸਾ ਦੇਣਾ ਅਤੇ ਉਨ੍ਹਾਂ ਨੂੰ ਤਰੋ-ਤਾਜ਼ਾ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ। (ਯਸਾ. 32:1, 2; 1 ਪਤ. 5:2-4) ਇਸ ਲਈ, ਇਕ ਦਇਆਵਾਨ ਬਜ਼ੁਰਗ ਆਪਣੇ ਭੈਣਾਂ-ਭਰਾਵਾਂ ਨੂੰ ਕੰਟ੍ਰੋਲ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ। ਉਹ ਭੈਣਾਂ-ਭਰਾਵਾਂ ਨੂੰ ਇਹ ਨਹੀਂ ਦੱਸੇਗਾ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ। ਜਾਂ ਜੇ ਭੈਣ-ਭਰਾ ਪਰਮੇਸ਼ੁਰ ਦੀ ਸੇਵਾ ਵਿਚ ਜ਼ਿਆਦਾ ਨਹੀਂ ਕਰਦੇ, ਤਾਂ ਉਹ ਉਨ੍ਹਾਂ ਨੂੰ ਦੋਸ਼ੀ ਮਹਿਸੂਸ ਕਰਾ ਕੇ ਹੋਰ ਜ਼ਿਆਦਾ ਕਰਨ ਦਾ ਦਬਾਅ ਨਹੀਂ ਪਾਵੇਗਾ। ਇਸ ਦੀ ਬਜਾਇ, ਉਹ ਆਪਣੇ ਭੈਣਾਂ-ਭਰਾਵਾਂ ਨੂੰ ਦਿਲੋਂ ਖ਼ੁਸ਼ ਦੇਖਣਾ ਚਾਹੇਗਾ ਅਤੇ ਯਕੀਨ ਰੱਖੇਗਾ ਕਿ ਯਹੋਵਾਹ ਲਈ ਉਨ੍ਹਾਂ ਦਾ ਪਿਆਰ ਹੀ ਉਨ੍ਹਾਂ ਨੂੰ ਪੂਰੀ ਵਾਹ ਲਾ ਕੇ ਪਰਮੇਸ਼ੁਰ ਦੀ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ।—ਮੱਤੀ 22:37.
18 ਯਿਸੂ ਦੇ ਨਿਮਰਤਾ ਅਤੇ ਦਇਆ ਦੇ ਗੁਣਾਂ ʼਤੇ ਸੋਚ-ਵਿਚਾਰ ਕਰਨ ਨਾਲ ਅਸੀਂ ਉਸ ਦੀ ਰੀਸ ਕਰਨ ਲਈ ਪ੍ਰੇਰਿਤ ਹੁੰਦੇ ਹਾਂ। ਅਗਲੇ ਲੇਖ ਵਿਚ ਅਸੀਂ ਚਰਚਾ ਕਰਾਂਗੇ ਕਿ ਅਸੀਂ ਉਸ ਵਾਂਗ ਦਲੇਰ ਅਤੇ ਸਮਝਦਾਰ ਕਿਵੇਂ ਬਣ ਸਕਦੇ ਹਾਂ।