ਅਧਿਆਇ 107
ਵਿਆਹ ਦੀ ਦਾਅਵਤ ਦਾ ਦ੍ਰਿਸ਼ਟਾਂਤ
ਦੋ ਦ੍ਰਿਸ਼ਟਾਂਤਾਂ ਦੇ ਜ਼ਰੀਏ, ਯਿਸੂ ਨੇ ਗ੍ਰੰਥੀਆਂ ਅਤੇ ਮੁੱਖ ਜਾਜਕਾਂ ਦਾ ਭੇਤ ਖੋਲ੍ਹਿਆ ਹੈ, ਅਤੇ ਉਹ ਉਸ ਨੂੰ ਮਾਰ ਦੇਣਾ ਚਾਹੁੰਦੇ ਹਨ। ਪਰੰਤੂ ਯਿਸੂ ਵੱਲੋਂ ਉਨ੍ਹਾਂ ਦਾ ਭੇਤ ਖੋਲ੍ਹਣਾ ਹਾਲੇ ਵੀ ਬਾਕੀ ਹੈ। ਉਹ ਅੱਗੇ ਉਨ੍ਹਾਂ ਨੂੰ ਇਕ ਹੋਰ ਦ੍ਰਿਸ਼ਟਾਂਤ ਦੱਸਦੇ ਹੋਏ ਕਹਿੰਦਾ ਹੈ:
“ਸੁਰਗ ਦਾ ਰਾਜ ਇੱਕ ਪਾਤਸ਼ਾਹ ਵਰਗਾ ਹੈ ਜਿਹ ਨੇ ਆਪਣੇ ਪੁੱਤ੍ਰ ਦਾ ਵਿਆਹ ਕੀਤਾ। ਅਤੇ ਉਸ ਨੇ ਸੱਦੇ ਹੋਇਆਂ ਨੂੰ ਵਿਆਹ ਵਿੱਚ ਸੱਦਣ ਲਈ ਆਪਣੇ ਚਾਕਰਾਂ ਨੂੰ ਘੱਲਿਆ ਪਰ ਓਹ ਆਉਣ ਨੂੰ ਰਾਜੀ ਨਾ ਹੋਏ।”
ਯਹੋਵਾਹ ਪਰਮੇਸ਼ੁਰ ਉਹ ਰਾਜਾ ਹੈ ਜੋ ਆਪਣੇ ਪੁੱਤਰ, ਯਿਸੂ ਮਸੀਹ ਦੇ ਲਈ ਇਕ ਵਿਆਹ ਦੀ ਦਾਅਵਤ ਤਿਆਰ ਕਰਦਾ ਹੈ। ਅੰਤ ਵਿਚ, ਮਸਹ ਕੀਤੇ ਹੋਏ 1,44,000 ਅਨੁਯਾਈਆਂ ਦੀ ਬਣੀ ਹੋਈ ਲਾੜੀ ਸਵਰਗ ਵਿਚ ਯਿਸੂ ਦੇ ਨਾਲ ਮਿਲ ਜਾਵੇਗੀ। ਰਾਜਾ ਦੀ ਪਰਜਾ ਇਸਰਾਏਲ ਦੇ ਲੋਕ ਹਨ ਜਿਨ੍ਹਾਂ ਨੂੰ, 1513 ਸਾ.ਯੁ.ਪੂ. ਵਿਚ ਬਿਵਸਥਾ ਨੇਮ ਵਿਚ ਲਿਆਏ ਜਾਣ ਤੇ, “ਜਾਜਕਾਂ ਦੀ ਬਾਦਸ਼ਾਹੀ” ਬਣਨ ਦਾ ਮੌਕਾ ਮਿਲਿਆ ਸੀ। ਇਸ ਤਰ੍ਹਾਂ, ਉਸ ਮੌਕੇ ਤੇ, ਉਨ੍ਹਾਂ ਨੂੰ ਪਹਿਲਾਂ ਪਹਿਲ ਵਿਆਹ ਦੀ ਦਾਅਵਤ ਤੇ ਸੱਦਿਆ ਗਿਆ ਸੀ।
ਫਿਰ ਵੀ, ਸੱਦੇ ਹੋਇਆਂ ਨੂੰ ਪਹਿਲਾ ਸੱਦਾ ਕੇਵਲ 29 ਸਾ.ਯੁ. ਦੀ ਪਤਝੜ ਵਿਚ ਹੀ ਦਿੱਤਾ ਗਿਆ, ਜਦੋਂ ਯਿਸੂ ਅਤੇ ਉਸ ਦੇ ਚੇਲੇ (ਰਾਜੇ ਦੇ ਚਾਕਰ) ਰਾਜ ਪ੍ਰਚਾਰ ਦਾ ਆਪਣਾ ਕੰਮ ਸ਼ੁਰੂ ਕਰਦੇ ਹਨ। ਪਰੰਤੂ ਪ੍ਰਾਕਿਰਤਕ ਇਸਰਾਏਲੀ, ਜਿਨ੍ਹਾਂ ਨੂੰ ਚਾਕਰਾਂ ਵੱਲੋਂ ਇਹ ਸੱਦਾ 29 ਸਾ.ਯੁ. ਤੋਂ 33 ਸਾ.ਯੁ. ਤਕ ਦਿੱਤਾ ਗਿਆ, ਆਉਣ ਨੂੰ ਰਾਜੀ ਨਹੀਂ ਹੋਏ। ਇਸ ਲਈ ਪਰਮੇਸ਼ੁਰ ਨੇ ਸੱਦੇ ਹੋਇਆਂ ਦੀ ਕੌਮ ਨੂੰ ਇਕ ਹੋਰ ਮੌਕਾ ਦਿੱਤਾ, ਜਿਵੇਂ ਯਿਸੂ ਦੱਸਦਾ ਹੈ:
“ਫੇਰ ਉਹ ਨੇ ਹੋਰਨਾਂ ਚਾਕਰਾਂ ਨੂੰ ਇਹ ਕਹਿ ਕੇ ਘੱਲਿਆ ਜੋ ਸੱਦੇ ਹੋਇਆਂ ਨੂੰ ਕਹੋ ਭਈ ਵੇਖੋ ਮੈਂ ਆਪਣਾ ਖਾਣਾ ਤਿਆਰ ਕੀਤਾ ਹੈ, ਮੇਰੇ ਬੈਲ ਅਰ ਮੋਟੇ ਮੋਟੇ ਜਾਨਵਰ ਕੋਹੇ ਗਏ ਹਨ ਅਤੇ ਸਭ ਕੁਝ ਤਿਆਰ ਹੈ। ਤੁਸੀਂ ਵਿਆਹ ਵਿੱਚ ਚੱਲੋ।” ਉਨ੍ਹਾਂ ਸੱਦੇ ਹੋਇਆਂ ਨੂੰ ਇਹ ਦੂਸਰਾ ਅਤੇ ਆਖ਼ਰੀ ਸੱਦਾ ਪੰਤੇਕੁਸਤ 33 ਸਾ.ਯੁ. ਵਿਚ ਸ਼ੁਰੂ ਹੋਇਆ, ਜਦੋਂ ਯਿਸੂ ਦੇ ਅਨੁਯਾਈਆਂ ਉੱਤੇ ਪਵਿੱਤਰ ਆਤਮਾ ਵਹਾਈ ਗਈ ਸੀ। ਇਹ ਸੱਦਾ 36 ਸਾ.ਯੁ. ਤਕ ਜਾਰੀ ਰਿਹਾ।
ਪਰੰਤੂ, ਇਸਰਾਏਲੀਆਂ ਦੀ ਵੱਡੀ ਗਿਣਤੀ ਨੇ ਇਸ ਸੱਦੇ ਨੂੰ ਵੀ ਠੁਕਰਾ ਦਿੱਤਾ। “ਓਹ ਬੇਪਰਵਾਹੀ ਕਰ ਕੇ ਚੱਲੇ ਗਏ,” ਯਿਸੂ ਕਹਿੰਦਾ ਹੈ, “ਕੋਈ ਆਪਣੇ ਖੇਤ ਨੂੰ ਅਰ ਕੋਈ ਆਪਣੇ ਵਣਜ ਬੁਪਾਰ ਨੂੰ। ਅਤੇ ਹੋਰਨਾਂ ਨੇ ਉਹ ਦੇ ਚਾਕਰਾਂ ਨੂੰ ਫੜ ਕੇ ਉਨ੍ਹਾਂ ਦੀ ਪਤ ਲਾਹੀ ਅਰ ਮਾਰ ਸੁੱਟਿਆ।” ਯਿਸੂ ਜਾਰੀ ਰੱਖਦਾ ਹੈ: “ਤਾਂ ਪਾਤਸ਼ਾਹ ਨੂੰ ਕ੍ਰੋਧ ਆਇਆ ਅਤੇ ਉਸ ਨੇ ਆਪਣੀਆਂ ਫੌਜਾਂ ਘੱਲ ਕੇ ਉਨ੍ਹਾਂ ਖੂਨੀਆਂ ਦਾ ਨਾਸ ਕਰ ਦਿੱਤਾ ਅਰ ਉਨ੍ਹਾਂ ਦਾ ਸ਼ਹਿਰ ਫੂਕ ਸੁੱਟਿਆ।” ਇਹ 70 ਸਾ.ਯੁ. ਵਿਚ ਵਾਪਰਿਆ, ਜਦੋਂ ਰੋਮੀਆਂ ਦੁਆਰਾ ਯਰੂਸ਼ਲਮ ਨੂੰ ਢਾਹ ਦਿੱਤਾ ਗਿਆ ਸੀ, ਅਤੇ ਉਨ੍ਹਾਂ ਖੂਨੀਆਂ ਨੂੰ ਮਾਰ ਦਿੱਤਾ ਗਿਆ ਸੀ।
ਫਿਰ ਯਿਸੂ ਸਮਝਾਉਂਦਾ ਹੈ ਕਿ ਉਸ ਸਮੇਂ ਦੇ ਦੌਰਾਨ ਕੀ ਵਾਪਰਿਆ: “ਤਦ [ਪਾਤਸ਼ਾਹ] ਨੇ ਆਪਣੇ ਚਾਕਰਾਂ ਨੂੰ ਆਖਿਆ, ਵਿਆਹ ਦਾ ਸਾਮਾਨ ਤਾਂ ਤਿਆਰ ਹੈ ਪਰ ਸੱਦੇ ਹੋਏ ਨਲਾਇਕ ਹਨ। ਸੋ ਤੁਸੀਂ ਚੁਰਾਹਿਆਂ [“ਨਗਰ ਤੋਂ ਬਾਹਰ ਜਾਣ ਵਾਲੇ ਰਾਹਾਂ,” ਨਿ ਵ] ਵਿੱਚ ਜਾਓ ਅਤੇ ਜਿੰਨੇ ਤੁਹਾਨੂੰ ਮਿਲਣ ਵਿਆਹ ਵਿੱਚ ਸੱਦ ਲਿਆਓ।” ਚਾਕਰਾਂ ਨੇ ਇਸ ਤਰ੍ਹਾਂ ਹੀ ਕੀਤਾ, ਅਤੇ “ਵਿਆਹ ਵਾਲਾ ਘਰ ਮੇਲੀਆਂ ਨਾਲ ਭਰ ਗਿਆ।”
ਸੱਦੇ ਹੋਏ ਵਿਅਕਤੀਆਂ ਦੇ ਨਗਰ ਦੇ ਬਾਹਰ ਵਾਲੇ ਰਾਹਾਂ ਤੋਂ ਮਹਿਮਾਨਾਂ ਨੂੰ ਇਕੱਠੇ ਕਰਨ ਦਾ ਇਹ ਕੰਮ 36 ਸਾ.ਯੁ. ਵਿਚ ਸ਼ੁਰੂ ਹੋਇਆ। ਰੋਮੀ ਸੂਬੇਦਾਰ ਕੁਰਨੇਲਿਯੁਸ ਅਤੇ ਉਸ ਦਾ ਪਰਿਵਾਰ, ਇਕੱਠੇ ਕੀਤੇ ਗਏ ਅਸੁੰਨਤੀ ਗ਼ੈਰ-ਯਹੂਦੀਆਂ ਵਿੱਚੋਂ ਪਹਿਲੇ ਸਨ। ਇਨ੍ਹਾਂ ਗ਼ੈਰ-ਯਹੂਦੀਆਂ ਨੂੰ ਇਕੱਠੇ ਕਰਨ ਦਾ ਕੰਮ, ਜੋ ਸਾਰੇ ਦੇ ਸਾਰੇ ਉਨ੍ਹਾਂ ਲੋਕਾਂ ਦੀ ਥਾਂ ਲੈਂਦੇ ਹਨ ਜਿਨ੍ਹਾਂ ਨੇ ਮੁੱਢ ਵਿਚ ਸੱਦੇ ਨੂੰ ਰੱਦ ਕੀਤਾ ਸੀ, 20ਵੀਂ ਸਦੀ ਤਕ ਜਾਰੀ ਹੈ।
ਇਹ 20ਵੀਂ ਸਦੀ ਦੇ ਦੌਰਾਨ ਹੈ ਕਿ ਵਿਆਹ ਵਾਲਾ ਘਰ ਭਰ ਜਾਂਦਾ ਹੈ। ਯਿਸੂ ਇਹ ਦੱਸਦੇ ਹੋਏ ਕਿ ਉਸ ਸਮੇਂ ਕੀ ਹੁੰਦਾ ਹੈ, ਕਹਿੰਦਾ ਹੈ: “ਜਦ ਪਾਤਸ਼ਾਹ ਮੇਲੀਆਂ ਨੂੰ ਵੇਖਣ ਅੰਦਰ ਆਇਆ ਤਦ ਉੱਥੋਂ ਇੱਕ ਮਨੁੱਖ ਨੂੰ ਡਿੱਠਾ ਜਿਹੜਾ ਵਿਆਹੁਣਾ ਕੱਪੜਾ ਪਹਿਨਿਆ ਹੋਇਆ ਨਾ ਸੀ। ਅਤੇ ਉਹ ਨੂੰ ਕਿਹਾ, ਭਾਈ, ਤੂੰ ਇੱਥੇ ਵਿਆਹੁਣੇ ਕੱਪੜੇ ਬਾਝੋਂ ਕਿਸ ਤਰਾਂ ਅੰਦਰ ਆਇਆ? ਪਰ ਉਹ ਚੁੱਪ ਹੀ ਰਹਿ ਗਿਆ। ਤਦ ਪਾਤਸ਼ਾਹ ਨੇ ਟਹਿਲੂਆਂ ਨੂੰ ਆਖਿਆ, ਇਹ ਦੇ ਹੱਥ ਪੈਰ ਬੰਨ੍ਹ ਕੇ ਇਹ ਨੂੰ ਬਾਹਰ ਦੇ ਅੰਧਘੋਰ ਵਿੱਚ ਸੁੱਟ ਦਿਓ! ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ।”
ਬਿਨਾਂ ਵਿਆਹੁਣੇ ਕੱਪੜਿਆਂ ਵਾਲਾ ਇਹ ਆਦਮੀ ਮਸੀਹੀ-ਜਗਤ ਦੇ ਝੂਠੇ ਮਸੀਹੀਆਂ ਨੂੰ ਚਿਤ੍ਰਿਤ ਕਰਦਾ ਹੈ। ਪਰਮੇਸ਼ੁਰ ਨੇ ਕਦੇ ਵੀ ਸਵੀਕਾਰ ਨਹੀਂ ਕੀਤਾ ਕਿ ਇਨ੍ਹਾਂ ਕੋਲ ਅਧਿਆਤਮਿਕ ਇਸਰਾਏਲੀ ਹੋਣ ਦੀ ਸਹੀ ਪਛਾਣ ਹੈ। ਪਰਮੇਸ਼ੁਰ ਨੇ ਰਾਜ ਵਾਰਸਾਂ ਦੇ ਤੌਰ ਤੇ ਉਨ੍ਹਾਂ ਨੂੰ ਪਵਿੱਤਰ ਆਤਮਾ ਨਾਲ ਕਦੀ ਮਸਹ ਨਹੀਂ ਕੀਤਾ। ਇਸ ਲਈ ਉਹ ਬਾਹਰ ਦੇ ਅੰਧਘੋਰ ਵਿਚ ਸੁੱਟੇ ਜਾਂਦੇ ਹਨ ਜਿੱਥੇ ਉਹ ਨਾਸ਼ ਭੋਗਣਗੇ।
ਯਿਸੂ ਇਹ ਕਹਿੰਦੇ ਹੋਏ ਆਪਣੇ ਦ੍ਰਿਸ਼ਟਾਂਤ ਦੀ ਸਮਾਪਤੀ ਕਰਦਾ ਹੈ: “ਕਿਉਂ ਜੋ ਸੱਦੇ ਹੋਏ ਤਾਂ ਬਹੁਤ ਹਨ ਪਰ ਚੁਣੇ ਹੋਏ ਥੋੜੇ।” ਜੀ ਹਾਂ, ਇਸਰਾਏਲ ਕੌਮ ਵਿੱਚੋਂ ਬਹੁਤ ਲੋਕ ਮਸੀਹ ਦੀ ਲਾੜੀ ਬਣਨ ਲਈ ਸੱਦੇ ਗਏ ਸਨ, ਪਰੰਤੂ ਸਿਰਫ਼ ਥੋੜ੍ਹੇ ਹੀ ਪ੍ਰਾਕਿਰਤਕ ਇਸਰਾਏਲੀ ਚੁਣੇ ਗਏ ਸਨ। 1,44,000 ਮਹਿਮਾਨਾਂ ਵਿੱਚੋਂ ਜ਼ਿਆਦਾਤਰ ਜਿਨ੍ਹਾਂ ਨੂੰ ਸਵਰਗੀ ਇਨਾਮ ਪ੍ਰਾਪਤ ਹੋਇਆ ਹੈ, ਗ਼ੈਰ-ਇਸਰਾਏਲੀ ਸਾਬਤ ਹੋਏ ਹਨ। ਮੱਤੀ 22:1-14; ਕੂਚ 19:1-6; ਪਰਕਾਸ਼ ਦੀ ਪੋਥੀ 14:1-3.
▪ ਵਿਆਹ ਦੀ ਦਾਅਵਤ ਲਈ ਮੁੱਢ ਵਿਚ ਸੱਦੇ ਗਏ ਲੋਕ ਕੌਣ ਹਨ, ਅਤੇ ਉਨ੍ਹਾਂ ਨੂੰ ਕਦੋਂ ਸੱਦਾ ਦਿੱਤਾ ਗਿਆ ਸੀ?
▪ ਸੱਦੇ ਹੋਇਆਂ ਨੂੰ ਪਹਿਲਾ ਸੱਦਾ ਕਦੋਂ ਦਿੱਤਾ ਜਾਂਦਾ ਹੈ, ਅਤੇ ਇਸ ਨੂੰ ਦੇਣ ਲਈ ਇਸਤੇਮਾਲ ਕੀਤੇ ਗਏ ਚਾਕਰ ਕੌਣ ਹਨ?
▪ ਦੂਜਾ ਸੱਦਾ ਕਦੋਂ ਦਿੱਤਾ ਜਾਂਦਾ ਹੈ, ਅਤੇ ਉਸ ਤੋਂ ਬਾਅਦ ਕਿਨ੍ਹਾਂ ਨੂੰ ਸੱਦਾ ਦਿੱਤਾ ਜਾਂਦਾ ਹੈ?
▪ ਬਿਨਾਂ ਵਿਆਹੁਣੇ ਕੱਪੜਿਆਂ ਵਾਲਾ ਆਦਮੀ ਕਿਨ੍ਹਾਂ ਨੂੰ ਚਿਤ੍ਰਿਤ ਕਰਦਾ ਹੈ?
▪ ਬਹੁਤੇਰੇ ਸੱਦੇ ਗਏ, ਅਤੇ ਥੋੜ੍ਹੇ ਚੁਣੇ ਗਏ ਵਿਅਕਤੀ ਕੌਣ ਹਨ?