ਖ਼ੁਸ਼ ਹਨ “ਖ਼ੁਸ਼ਦਿਲ ਪਰਮੇਸ਼ੁਰ” ਦੀ ਸੇਵਾ ਕਰਨ ਵਾਲੇ
“ਧੰਨ ਓਹ ਲੋਕ ਹਨ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ!”—ਜ਼ਬੂ. 144:15.
1. ਯਹੋਵਾਹ ਦੇ ਗਵਾਹ ਖ਼ੁਸ਼ ਲੋਕ ਕਿਉਂ ਹਨ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
ਯਹੋਵਾਹ ਦੇ ਗਵਾਹ ਬਹੁਤ ਖ਼ੁਸ਼ ਲੋਕ ਹਨ। ਉਹ ਸਭਾਵਾਂ, ਸੰਮੇਲਨਾਂ ਜਾਂ ਇਕ-ਦੂਜੇ ਨਾਲ ਸਮਾਂ ਬਿਤਾਉਂਦਿਆਂ ਗੱਲਾਂ ਕਰਦੇ ਤੇ ਹੱਸਦੇ ਹਨ। ਉਹ ਇੰਨੇ ਖ਼ੁਸ਼ ਕਿਉਂ ਹਨ? ਇਸ ਦਾ ਮੁੱਖ ਕਾਰਨ ਹੈ ਕਿ ਉਹ “ਖ਼ੁਸ਼ਦਿਲ ਪਰਮੇਸ਼ੁਰ” ਯਹੋਵਾਹ ਨੂੰ ਜਾਣਦੇ ਹਨ। ਉਹ ਉਸ ਦੀ ਸੇਵਾ ਕਰਦੇ ਹਨ ਤੇ ਉਸ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹਨ। (1 ਤਿਮੋ. 1:11; ਜ਼ਬੂ. 16:11) ਯਹੋਵਾਹ ਖ਼ੁਸ਼ੀ ਦਾ ਸੋਮਾ ਹੈ। ਇਸ ਲਈ ਉਹ ਚਾਹੁੰਦਾ ਹੈ ਕਿ ਅਸੀਂ ਵੀ ਖ਼ੁਸ਼ ਰਹੀਏ ਅਤੇ ਉਸ ਨੇ ਸਾਨੂੰ ਖ਼ੁਸ਼ ਹੋਣ ਦੇ ਕਈ ਕਾਰਨ ਦਿੱਤੇ ਹਨ।—ਬਿਵ. 12:7; ਉਪ. 3:12, 13.
2, 3. (ੳ) ਖ਼ੁਸ਼ ਰਹਿਣ ਦਾ ਕੀ ਮਤਲਬ ਹੈ? (ਅ) ਖ਼ੁਸ਼ ਰਹਿਣਾ ਔਖਾ ਕਿਉਂ ਹੋ ਸਕਦਾ ਹੈ?
2 ਤੁਹਾਡੇ ਬਾਰੇ ਕੀ? ਕੀ ਤੁਸੀਂ ਖ਼ੁਸ਼ ਹੋ? ਖ਼ੁਸ਼ ਰਹਿਣ ਦਾ ਮਤਲਬ ਹੈ, ਹਮੇਸ਼ਾ ਲਈ ਮਨ ਦੀ ਸ਼ਾਂਤੀ ਤੇ ਸਕੂਨ ਪਾਉਣਾ ਅਤੇ ਜ਼ਿੰਦਗੀ ਦਾ ਆਨੰਦ ਮਾਣਨਾ। ਨਾਲੇ ਇਹ ਇੱਛਾ ਹੋਣੀ ਕਿ ਸਾਡੀ ਜ਼ਿੰਦਗੀ ਇੱਦਾਂ ਹੀ ਚੱਲਦੀ ਰਹੇ। ਬਾਈਬਲ ਦੱਸਦੀ ਹੈ ਕਿ ਜਿਨ੍ਹਾਂ ਦਾ ਯਹੋਵਾਹ ਨਾਲ ਚੰਗਾ ਰਿਸ਼ਤਾ ਹੈ, ਉਹੀ ਸੱਚੀ ਖ਼ੁਸ਼ੀ ਪਾ ਸਕਦੇ ਹਨ। ਪਰ ਅੱਜ ਦੀ ਦੁਨੀਆਂ ਵਿਚ ਖ਼ੁਸ਼ ਰਹਿਣਾ ਬਹੁਤ ਔਖਾ ਹੋ ਸਕਦਾ ਹੈ। ਕਿਉਂ?
3 ਦੁਖਦਾਈ ਹਾਲਾਤਾਂ ਦਾ ਸਾਮ੍ਹਣਾ ਕਰਦਿਆਂ ਖ਼ੁਸ਼ ਰਹਿਣਾ ਔਖਾ ਹੋ ਸਕਦਾ ਹੈ, ਜਿਵੇਂ ਕਿ ਕਿਸੇ ਪਿਆਰੇ ਦੀ ਮੌਤ ਹੋਣ ʼਤੇ ਜਾਂ ਮੰਡਲੀ ਵਿੱਚੋਂ ਛੇਕੇ ਜਾਣ ʼਤੇ, ਤਲਾਕ ਹੋਣ ʼਤੇ ਜਾਂ ਨੌਕਰੀ ਛੁੱਟ ਜਾਣ ʼਤੇ। ਉਦੋਂ ਵੀ ਖ਼ੁਸ਼ ਰਹਿਣਾ ਔਖਾ ਹੋ ਸਕਦਾ ਹੈ ਜਦੋਂ ਘਰ ਵਿਚ ਲਗਾਤਾਰ ਲੜਾਈ-ਝਗੜੇ ਹੋਣ ਕਰਕੇ ਘਰ ਵਿਚ ਸ਼ਾਂਤੀ ਨਾ ਰਹੇ, ਜਦੋਂ ਸਾਡੇ ਨਾਲ ਕੰਮ ਕਰਨ ਵਾਲੇ ਜਾਂ ਪੜ੍ਹਨ ਵਾਲੇ ਸਾਡਾ ਮਜ਼ਾਕ ਉਡਾਉਣ ਜਾਂ ਜਦੋਂ ਯਹੋਵਾਹ ਦੀ ਸੇਵਾ ਕਰਨ ਕਰਕੇ ਸਾਨੂੰ ਸਤਾਇਆ ਜਾਵੇ ਜਾਂ ਸਾਨੂੰ ਜੇਲ੍ਹ ਵਿਚ ਸੁੱਟਿਆ ਜਾਵੇ। ਜਾਂ ਜਦੋਂ ਸ਼ਾਇਦ ਸਾਡੀ ਸਿਹਤ ਵਿਗੜ ਜਾਵੇ, ਸ਼ਾਇਦ ਅਸੀਂ ਲੰਬੇ ਸਮੇਂ ਤੋਂ ਬੀਮਾਰ ਹੋਈਏ ਜਾਂ ਸ਼ਾਇਦ ਅਸੀਂ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਈਏ। ਪਰ ਯਾਦ ਰੱਖੋ ਕਿ ਯਿਸੂ ਮਸੀਹ “ਖ਼ੁਸ਼ਦਿਲ ਅਤੇ ਇੱਕੋ ਇਕ ਹਾਕਮ ਹੈ” ਜਿਸ ਨੂੰ ਲੋਕਾਂ ਨੂੰ ਦਿਲਾਸਾ ਦੇਣਾ ਅਤੇ ਖ਼ੁਸ਼ੀ ਦੇਣੀ ਚੰਗੀ ਲੱਗਦੀ ਹੈ। (1 ਤਿਮੋ. 6:15; ਮੱਤੀ 11:28-30) ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਕੁਝ ਗੁਣਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਦੀ ਮਦਦ ਨਾਲ ਅਸੀਂ ਸ਼ੈਤਾਨ ਦੀ ਇਸ ਦੁਨੀਆਂ ਵਿਚ ਰਹਿੰਦਿਆਂ ਮੁਸ਼ਕਲ ਹਾਲਾਤਾਂ ਵਿਚ ਵੀ ਖ਼ੁਸ਼ ਰਹਿ ਸਕਦੇ ਹਾਂ।
ਖ਼ੁਸ਼ ਰਹਿਣ ਲਈ ਯਹੋਵਾਹ ਨਾਲ ਦੋਸਤੀ ਗੂੜ੍ਹੀ ਕਰਨ ਦੀ ਲੋੜ
4, 5. ਖ਼ੁਸ਼ੀ ਪਾਉਣ ਅਤੇ ਖ਼ੁਸ਼ ਰਹਿਣ ਲਈ ਅਸੀਂ ਕੀ ਕਰ ਸਕਦੇ ਹਾਂ?
4 ਯਿਸੂ ਨੇ ਕਿਹਾ: “ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ; ਕਿਉਂਕਿ ਸਵਰਗ ਦਾ ਰਾਜ ਉਨ੍ਹਾਂ ਦਾ ਹੈ।” (ਮੱਤੀ 5:3) ਉਸ ਨੇ ਸਭ ਤੋਂ ਪਹਿਲਾਂ ਇਸ ਗੱਲ ਦਾ ਜ਼ਿਕਰ ਕਰ ਕੇ ਦਿਖਾਇਆ ਕਿ ਇਹ ਗੱਲ ਕਿੰਨੀ ਜ਼ਰੂਰੀ ਹੈ। ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਾਂ? ਬਾਈਬਲ ਦਾ ਅਧਿਐਨ ਕਰ ਕੇ, ਪਰਮੇਸ਼ੁਰ ਦੇ ਹੁਕਮ ਮੰਨ ਕੇ ਅਤੇ ਉਸ ਦੀ ਭਗਤੀ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇ ਕੇ। ਇਹ ਕੰਮ ਕਰ ਕੇ ਅਸੀਂ ਖ਼ੁਸ਼ ਰਹਿ ਸਕਾਂਗੇ। ਸਾਡੀ ਨਿਹਚਾ ਹੋਰ ਵੀ ਪੱਕੀ ਹੋਵੇਗੀ ਕਿ ਪਰਮੇਸ਼ੁਰ ਜਲਦੀ ਹੀ ਆਪਣੇ ਵਾਅਦੇ ਪੂਰੇ ਕਰੇਗਾ। ਨਾਲੇ ਬਾਈਬਲ ਵਿਚ ਦਿੱਤੀ “ਵਧੀਆ ਉਮੀਦ” ਕਰਕੇ ਅਸੀਂ ਮੁਸ਼ਕਲਾਂ ਸਹਿ ਸਕਾਂਗੇ।—ਤੀਤੁ. 2:13.
5 ਖ਼ੁਸ਼ੀ ਪਾਉਣ ਲਈ ਸਾਨੂੰ ਹਰ ਹਾਲਾਤ ਵਿਚ ਯਹੋਵਾਹ ਨਾਲ ਆਪਣੀ ਦੋਸਤੀ ਗੂੜ੍ਹੀ ਕਰਦੇ ਰਹਿਣਾ ਚਾਹੀਦਾ ਹੈ। ਪੌਲੁਸ ਰਸੂਲ ਨੇ ਲਿਖਿਆ: “ਪ੍ਰਭੂ ਦੀ ਸੇਵਾ ਕਰਦਿਆਂ ਹਮੇਸ਼ਾ ਖ਼ੁਸ਼ ਰਹੋ। ਮੈਂ ਦੁਬਾਰਾ ਕਹਿੰਦਾ ਹਾਂ, ਖੁਸ਼ ਰਹੋ!” (ਫ਼ਿਲਿ. 4:4) ਯਹੋਵਾਹ ਨਾਲ ਆਪਣੀ ਦੋਸਤੀ ਗੂੜ੍ਹੀ ਕਰਨ ਲਈ ਸਾਨੂੰ ਪਰਮੇਸ਼ੁਰੀ ਬੁੱਧ ਦੀ ਲੋੜ ਹੈ। ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਧੰਨ ਹੈ ਉਹ ਆਦਮੀ ਜਿਹ ਨੂੰ ਬੁੱਧ ਲੱਭਦੀ ਹੈ, ਅਤੇ ਉਹ ਪੁਰਸ਼ ਜਿਹ ਨੂੰ ਸਮਝ ਪ੍ਰਾਪਤ ਹੁੰਦੀ ਹੈ, ਜਿਹੜੇ ਉਹ ਨੂੰ ਗ੍ਰਹਿਣ ਕਰਦੇ ਹਨ ਉਹ ਓਹਨਾਂ ਲਈ ਜੀਉਣ ਦਾ ਬਿਰਛ ਹੈ, ਅਤੇ ਜੋ ਕੋਈ ਉਹ ਨੂੰ ਫੜੀ ਰੱਖਦਾ ਹੈ ਉਹ ਖੁਸ਼ ਰਹਿੰਦਾ ਹੈ।”—ਕਹਾ. 3:13, 18.
6. ਖ਼ੁਸ਼ ਰਹਿਣ ਲਈ ਹੋਰ ਕੀ ਕਰਨਾ ਜ਼ਰੂਰੀ ਹੈ?
6 ਪਰ ਖ਼ੁਸ਼ ਰਹਿਣ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਬਾਈਬਲ ਵਿੱਚੋਂ ਸਿੱਖੀਆਂ ਗੱਲਾਂ ਨੂੰ ਲਾਗੂ ਕਰਦੇ ਰਹੀਏ। ਇਸ ਗੱਲ ʼਤੇ ਜ਼ੋਰ ਦੇਣ ਲਈ ਯਿਸੂ ਨੇ ਕਿਹਾ: “ਤੁਸੀਂ ਹੁਣ ਇਹ ਗੱਲਾਂ ਜਾਣ ਗਏ ਹੋ। ਜੇ ਤੁਸੀਂ ਇਨ੍ਹਾਂ ਗੱਲਾਂ ਉੱਤੇ ਚੱਲੋਗੇ, ਤਾਂ ਤੁਹਾਨੂੰ ਖ਼ੁਸ਼ੀ ਮਿਲੇਗੀ।” (ਯੂਹੰ. 13:17; ਯਾਕੂਬ 1:25 ਪੜ੍ਹੋ।) ਪਰਮੇਸ਼ੁਰ ਦੀ ਅਗਵਾਈ ਵਿਚ ਚੱਲਣ ਅਤੇ ਹਮੇਸ਼ਾ ਖ਼ੁਸ਼ ਰਹਿਣ ਲਈ ਇਸ ਤਰ੍ਹਾਂ ਕਰਨਾ ਜ਼ਰੂਰੀ ਹੈ। ਪਰ ਅਸੀਂ ਉਦੋਂ ਵੀ ਖ਼ੁਸ਼ ਕਿਵੇਂ ਰਹਿ ਸਕਦੇ ਹਾਂ, ਜਦੋਂ ਬਹੁਤ ਸਾਰੇ ਕਾਰਨਾਂ ਕਰਕੇ ਸਾਡੀ ਖ਼ੁਸ਼ੀ ਖੰਭ ਲਾ ਕੇ ਉੱਡ ਸਕਦੀ ਹੈ? ਆਓ ਆਪਾਂ ਦੇਖੀਏ ਕਿ ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਅੱਗੇ ਕੀ ਕਿਹਾ।
ਗੁਣ ਜਿਨ੍ਹਾਂ ਕਰਕੇ ਸਾਨੂੰ ਖ਼ੁਸ਼ੀ ਮਿਲਦੀ ਹੈ
7. ਸੋਗ ਮਨਾਉਣ ਵਾਲੇ ਖ਼ੁਸ਼ ਕਿਵੇਂ ਹੋ ਸਕਦੇ ਹਨ?
7 “ਖ਼ੁਸ਼ ਹਨ ਜਿਹੜੇ ਸੋਗ ਮਨਾਉਂਦੇ ਹਨ; ਕਿਉਂਕਿ ਉਨ੍ਹਾਂ ਨੂੰ ਦਿਲਾਸਾ ਦਿੱਤਾ ਜਾਵੇਗਾ।” (ਮੱਤੀ 5:4) ਸ਼ਾਇਦ ਅਸੀਂ ਸੋਚੀਏ, ‘ਸੋਗ ਮਨਾਉਣ ਵਾਲਾ ਖ਼ੁਸ਼ ਕਿਵੇਂ ਹੋ ਸਕਦਾ ਹੈ?’ ਯਿਸੂ ਸੋਗ ਮਨਾਉਣ ਵਾਲੇ ਹਰ ਵਿਅਕਤੀ ਬਾਰੇ ਗੱਲ ਨਹੀਂ ਕਰ ਰਿਹਾ ਸੀ। ਬਹੁਤ ਸਾਰੇ ਦੁਸ਼ਟ ਲੋਕ ਸੋਗ ਮਨਾਉਂਦੇ ਯਾਨੀ ਦੁਖੀ ਹਨ ਕਿਉਂਕਿ ਉਹ ‘ਆਖ਼ਰੀ ਦਿਨਾਂ’ ਵਿਚ ਦੁਖਦਾਈ ਮੁਸੀਬਤਾਂ ਨਾਲ ਘਿਰੇ ਹੋਏ ਹਨ ਜਿਨ੍ਹਾਂ ਦਾ “ਸਾਮ੍ਹਣਾ ਕਰਨਾ ਬਹੁਤ ਮੁਸ਼ਕਲ” ਹੈ। (2 ਤਿਮੋ. 3:1) ਪਰ ਉਹ ਯਹੋਵਾਹ ਬਾਰੇ ਸੋਚਣ ਦੀ ਬਜਾਇ ਸਿਰਫ਼ ਆਪਣੇ ਬਾਰੇ ਹੀ ਸੋਚਦੇ ਹਨ ਜਿਸ ਕਰਕੇ ਉਹ ਉਸ ਨਾਲ ਦੋਸਤੀ ਨਹੀਂ ਕਰਦੇ। ਇਸ ਕਰਕੇ ਉਹ ਖ਼ੁਸ਼ ਨਹੀਂ ਹੋ ਸਕਦੇ। ਯਿਸੂ ਉਨ੍ਹਾਂ ਬਾਰੇ ਗੱਲ ਕਰ ਰਿਹਾ ਸੀ ਜੋ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ। ਉਹ ਇਸ ਲਈ ਸੋਗ ਮਨਾਉਂਦੇ ਹਨ ਕਿਉਂਕਿ ਉਹ ਦੇਖਦੇ ਹਨ ਕਿ ਬਹੁਤ ਸਾਰੇ ਲੋਕ ਪਰਮੇਸ਼ੁਰ ਨੂੰ ਨਹੀਂ ਮੰਨਦੇ ਜਾਂ ਉਸ ਦੀ ਇੱਛਾ ਮੁਤਾਬਕ ਜ਼ਿੰਦਗੀ ਨਹੀਂ ਜੀਉਂਦੇ। ਉਹ ਇਹ ਵੀ ਜਾਣਦੇ ਹਨ ਕਿ ਅਸੀਂ ਸਾਰੇ ਪਾਪੀ ਹਾਂ ਅਤੇ ਮਨੁੱਖਜਾਤੀ ਦੀ ਨਾਮੁਕੰਮਲਤਾ ਕਰਕੇ ਦਿਲ ਤੋੜ ਦੇਣ ਵਾਲੀਆਂ ਘਟਨਾਵਾਂ ਵਾਪਰ ਰਹੀਆਂ ਹਨ। ਯਹੋਵਾਹ ਦਿਲੋਂ ਸੋਗ ਮਨਾਉਣ ਵਾਲਿਆਂ ਵੱਲ ਧਿਆਨ ਦਿੰਦਾ ਹੈ। ਉਹ ਉਨ੍ਹਾਂ ਨੂੰ ਆਪਣੇ ਬਚਨ ਰਾਹੀਂ ਦਿਲਾਸਾ ਅਤੇ ਜ਼ਿੰਦਗੀ ਵਿਚ ਖ਼ੁਸ਼ੀ ਦਿੰਦਾ ਹੈ।—ਹਿਜ਼ਕੀਏਲ 5:11; 9:4 ਪੜ੍ਹੋ।
8. ਨਰਮ ਸੁਭਾਅ ਹੋਣ ਕਰਕੇ ਤੁਸੀਂ ਖ਼ੁਸ਼ੀ ਕਿਵੇਂ ਪਾ ਸਕਦੇ ਹੋ?
8 “ਖ਼ੁਸ਼ ਹਨ ਨਰਮ ਸੁਭਾਅ ਵਾਲੇ; ਕਿਉਂਕਿ ਉਹ ਧਰਤੀ ਦੇ ਵਾਰਸ ਹੋਣਗੇ।” (ਮੱਤੀ 5:5) ਨਰਮ ਸੁਭਾਅ ਹੋਣ ਕਰਕੇ ਤੁਸੀਂ ਖ਼ੁਸ਼ੀ ਕਿਵੇਂ ਪਾ ਸਕਦੇ ਹੋ? ਬਹੁਤ ਸਾਰੇ ਲੋਕਾਂ ਦਾ ਸੁਭਾਅ ਰੁੱਖਾ ਹੈ ਅਤੇ ਉਹ ਲੜਾਕੇ ਹਨ। ਪਰ ਜਦੋਂ ਉਹ ਸੱਚਾਈ ਸਿੱਖਦੇ ਹਨ, ਤਾਂ ਉਹ ਆਪਣੇ ਆਪ ਨੂੰ ਬਦਲਦੇ ਹਨ ਅਤੇ ‘ਨਵੇਂ ਸੁਭਾਅ ਨੂੰ ਪਹਿਨਦੇ’ ਹਨ। ਹੁਣ ਉਹ “ਹਮਦਰਦੀ, ਦਇਆ, ਨਿਮਰਤਾ, ਨਰਮਾਈ ਤੇ ਧੀਰਜ” ਵਰਗੇ ਗੁਣ ਦਿਖਾਉਂਦੇ ਹਨ। (ਕੁਲੁ. 3:9-12) ਨਤੀਜੇ ਵਜੋਂ, ਉਨ੍ਹਾਂ ਨੂੰ ਸ਼ਾਂਤੀ ਅਤੇ ਖ਼ੁਸ਼ੀ ਮਿਲਦੀ ਹੈ ਅਤੇ ਦੂਜਿਆਂ ਨਾਲ ਉਨ੍ਹਾਂ ਦਾ ਵਧੀਆ ਰਿਸ਼ਤਾ ਬਣਦਾ ਹੈ। ਨਾਲੇ ਪਰਮੇਸ਼ੁਰ ਦਾ ਬਚਨ ਵਾਅਦਾ ਕਰਦਾ ਹੈ ਕਿ ਉਹ “ਧਰਤੀ ਦੇ ਵਾਰਸ ਹੋਣਗੇ।”—ਜ਼ਬੂ. 37:8-10, 29.
9. (ੳ) ਯਿਸੂ ਦੇ ਕਹਿਣ ਦਾ ਕੀ ਮਤਲਬ ਸੀ ਕਿ ਨਰਮ ਸੁਭਾਅ ਵਾਲੇ “ਧਰਤੀ ਦੇ ਵਾਰਸ ਹੋਣਗੇ”? (ਅ) “ਇਨਸਾਫ਼ ਦੇ ਭੁੱਖੇ ਅਤੇ ਪਿਆਸੇ” ਲੋਕ ਖ਼ੁਸ਼ ਕਿਉਂ ਹੋ ਸਕਦੇ ਹਨ?
9 ਯਿਸੂ ਦੇ ਕਹਿਣ ਦਾ ਕੀ ਮਤਲਬ ਸੀ ਕਿ ਨਰਮ ਸੁਭਾਅ ਵਾਲੇ “ਧਰਤੀ ਦੇ ਵਾਰਸ ਹੋਣਗੇ”? ਚੁਣੇ ਹੋਏ ਧਰਤੀ ਦੇ ਵਾਰਸ ਉਦੋਂ ਬਣਨਗੇ ਜਦੋਂ ਉਹ ਰਾਜਿਆਂ ਅਤੇ ਪੁਜਾਰੀਆਂ ਵਜੋਂ ਧਰਤੀ ʼਤੇ ਰਾਜ ਕਰਨਗੇ। (ਪ੍ਰਕਾ. 20:6) ਲੱਖਾਂ ਹੀ ਲੋਕ ਜਿਨ੍ਹਾਂ ਦੀ ਉਮੀਦ ਸਵਰਗ ਜਾਣ ਦੀ ਨਹੀਂ ਹੈ, ਉਹ ਧਰਤੀ ਦੇ ਵਾਰਸ ਉਦੋਂ ਬਣਨਗੇ ਜਦੋਂ ਉਨ੍ਹਾਂ ਨੂੰ ਹਮੇਸ਼ਾ-ਹਮੇਸ਼ਾ ਲਈ ਇਸ ਧਰਤੀ ʼਤੇ ਰਹਿਣ ਦਾ ਮੌਕਾ ਦਿੱਤਾ ਜਾਵੇਗਾ। ਉਹ ਮੁਕੰਮਲ ਹੋਣਗੇ ਅਤੇ ਉਨ੍ਹਾਂ ਵਿਚ ਸ਼ਾਂਤੀ ਤੇ ਖ਼ੁਸ਼ੀ ਹੋਵੇਗੀ। ਸਵਰਗ ਜਾਣ ਅਤੇ ਧਰਤੀ ʼਤੇ ਰਹਿਣ ਵਾਲੇ ਲੋਕ ਖ਼ੁਸ਼ ਹਨ ਕਿਉਂਕਿ ਉਨ੍ਹਾਂ ਬਾਰੇ ਯਿਸੂ ਨੇ ਕਿਹਾ ਸੀ: “ਖ਼ੁਸ਼ ਹਨ ਜਿਹੜੇ ਇਨਸਾਫ਼ ਦੇ ਭੁੱਖੇ ਅਤੇ ਪਿਆਸੇ ਹਨ।” (ਮੱਤੀ 5:6) ਯਹੋਵਾਹ ਦੁਸ਼ਟਾਂ ਨੂੰ ਖ਼ਤਮ ਕਰ ਕੇ ਨਵੀਂ ਦੁਨੀਆਂ ਵਿਚ ਹਮੇਸ਼ਾ ਲਈ ਧਾਰਮਿਕਤਾ ਕਾਇਮ ਕਰੇਗਾ। (2 ਪਤ. 3:13) ਫਿਰ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਤੇ ਹੁਕਮ ਮੰਨਣ ਵਾਲੇ ਲੋਕ ਖ਼ੁਸ਼ ਹੋਣਗੇ ਅਤੇ ਉਹ ਫਿਰ ਕਦੀ ਵੀ ਦੁਸ਼ਟ ਲੋਕਾਂ ਦੇ ਬੁਰੇ ਕੰਮਾਂ ਕਰਕੇ ਸੋਗ ਨਹੀਂ ਮਨਾਉਣਗੇ।—ਜ਼ਬੂ. 37:17.
10. ਦਇਆਵਾਨ ਹੋਣ ਦਾ ਕੀ ਮਤਲਬ ਹੈ?
10 “ਖ਼ੁਸ਼ ਹਨ ਦਇਆਵਾਨ; ਕਿਉਂਕਿ ਉਨ੍ਹਾਂ ਉੱਤੇ ਦਇਆ ਕੀਤੀ ਜਾਵੇਗੀ।” (ਮੱਤੀ 5:7) ਦਇਆਵਾਨ ਹੋਣ ਦਾ ਮਤਲਬ ਹੈ ਦੋਸਤਾਨਾ ਸੁਭਾਅ ਦੇ ਹੋਣਾ, ਪਿਆਰ ਤੇ ਹਮਦਰਦੀ ਦਿਖਾਉਣੀ ਅਤੇ ਦੁੱਖ ਝੱਲਣ ਵਾਲਿਆਂ ʼਤੇ ਤਰਸ ਖਾਣਾ। ਦਇਆ ਸਿਰਫ਼ ਇਕ ਭਾਵਨਾ ਹੀ ਨਹੀਂ ਹੈ, ਸਗੋਂ ਬਾਈਬਲ ਦੱਸਦੀ ਹੈ ਕਿ ਦਇਆ ਕਰਨ ਵਿਚ ਕਿਸੇ ਦੀ ਮਦਦ ਕਰਨੀ ਵੀ ਸ਼ਾਮਲ ਹੈ।
11. ਦਿਆਲੂ ਸਾਮਰੀ ਦੀ ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ?
11 ਲੂਕਾ 10:30-37 ਪੜ੍ਹੋ। ਯਿਸੂ ਨੇ ਦਿਆਲੂ ਸਾਮਰੀ ਦੀ ਮਿਸਾਲ ਦੇ ਕੇ ਦਇਆਵਾਨ ਵਿਅਕਤੀ ਦੀ ਬਹੁਤ ਹੀ ਖ਼ੂਬਸੂਰਤ ਤਸਵੀਰ ਪੇਸ਼ ਕੀਤੀ। ਸਾਮਰੀ ਆਦਮੀ ਹਮਦਰਦ ਤੇ ਤਰਸਵਾਨ ਸੀ। ਇਸ ਕਰਕੇ ਉਹ ਜ਼ਖ਼ਮੀ ਆਦਮੀ ਦੀ ਮਦਦ ਕਰਨ ਲਈ ਤਿਆਰ ਹੋਇਆ। ਮਿਸਾਲ ਦੇਣ ਤੋਂ ਬਾਅਦ ਯਿਸੂ ਨੇ ਕਿਹਾ: “ਜਾਹ ਅਤੇ ਤੂੰ ਵੀ ਇਸੇ ਤਰ੍ਹਾਂ ਕਰਦਾ ਰਹਿ।” ਇਸ ਲਈ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਕੀ ਮੈਂ ਦਿਆਲੂ ਸਾਮਰੀ ਵਾਂਗ ਪੇਸ਼ ਆਉਂਦਾ ਹਾਂ? ਕੀ ਮੈਂ ਦੁੱਖ ਝੱਲਣ ਵਾਲਿਆਂ ʼਤੇ ਦਇਆ ਕਰਦਾ ਹਾਂ? ਕੀ ਮੈਂ ਉਨ੍ਹਾਂ ਦੀ ਮਦਦ ਕਰਨ ਲਈ ਕੁਝ ਹੋਰ ਕਰ ਸਕਦਾ ਹਾਂ? ਮਿਸਾਲ ਲਈ, ਕੀ ਮੈਂ ਮੰਡਲੀ ਵਿਚ ਸਿਆਣੀ ਉਮਰ ਦੇ ਭੈਣਾਂ-ਭਰਾਵਾਂ, ਵਿਧਵਾਵਾਂ ਜਾਂ ਉਨ੍ਹਾਂ ਬੱਚਿਆਂ ਦੀ ਮਦਦ ਕਰ ਸਕਦਾ ਹਾਂ ਜਿਨ੍ਹਾਂ ਦੇ ਮਾਪੇ ਯਹੋਵਾਹ ਦੀ ਸੇਵਾ ਨਹੀਂ ਕਰਦੇ? ਕੀ ਮੈਂ “ਨਿਰਾਸ਼ ਲੋਕਾਂ ਨੂੰ ਦਿਲਾਸਾ” ਦੇ ਸਕਦਾ ਹਾਂ?’—1 ਥੱਸ. 5:14; ਯਾਕੂ. 1:27.
12. ਦੂਜਿਆਂ ʼਤੇ ਦਇਆ ਕਰ ਕੇ ਸਾਨੂੰ ਖ਼ੁਸ਼ੀ ਕਿਉਂ ਮਿਲਦੀ ਹੈ?
12 ਦਇਆ ਦਿਖਾ ਕੇ ਸਾਨੂੰ ਖ਼ੁਸ਼ੀ ਕਿਉਂ ਮਿਲਦੀ ਹੈ? ਦਇਆ ਦਿਖਾਉਣ ਦਾ ਮਤਲਬ ਹੈ, ਦੂਜਿਆਂ ਨੂੰ ਦੇਣਾ ਅਤੇ ਯਿਸੂ ਨੇ ਕਿਹਾ ਸੀ ਕਿ ਦੇਣ ਨਾਲ ਖ਼ੁਸ਼ੀ ਮਿਲਦੀ ਹੈ। ਨਾਲੇ ਅਸੀਂ ਜਾਣਦੇ ਹਾਂ ਕਿ ਇਸ ਤਰ੍ਹਾਂ ਕਰ ਕੇ ਅਸੀਂ ਯਹੋਵਾਹ ਨੂੰ ਖ਼ੁਸ਼ ਕਰਦੇ ਹਾਂ। (ਰਸੂ. 20:35; ਇਬਰਾਨੀਆਂ 13:16 ਪੜ੍ਹੋ।) ਰਾਜਾ ਦਾਊਦ ਨੇ ਦਇਆ ਦਿਖਾਉਣ ਵਾਲੇ ਇਨਸਾਨ ਬਾਰੇ ਕਿਹਾ: “ਯਹੋਵਾਹ ਉਹ ਦੀ ਪਾਲਨਾ ਕਰੇਗਾ ਅਤੇ ਉਹ ਨੂੰ ਜੀਉਂਦਿਆਂ ਰੱਖੇਗਾ, ਅਤੇ ਉਹ ਧਰਤੀ ਉੱਤੇ ਧੰਨ ਹੋਵੇਗਾ।” (ਜ਼ਬੂ. 41:1, 2) ਜੇ ਅਸੀਂ ਦੂਜਿਆਂ ʼਤੇ ਦਇਆ ਕਰਦੇ ਤੇ ਹਮਦਰਦੀ ਦਿਖਾਉਂਦੇ ਹਾਂ, ਤਾਂ ਯਹੋਵਾਹ ਵੀ ਸਾਡੇ ʼਤੇ ਦਇਆ ਕਰੇਗਾ ਅਤੇ ਅਸੀਂ ਹਮੇਸ਼ਾ ਖ਼ੁਸ਼ ਰਹਾਂਗੇ।—ਯਾਕੂ. 2:13.
“ਸਾਫ਼ ਦਿਲ ਵਾਲੇ” ਖ਼ੁਸ਼ ਕਿਉਂ ਹਨ?
13, 14. “ਸਾਫ਼ ਦਿਲ ਵਾਲੇ” ਲੋਕ ਖ਼ੁਸ਼ ਕਿਉਂ ਹਨ?
13 ਯਿਸੂ ਨੇ ਕਿਹਾ: “ਖ਼ੁਸ਼ ਹਨ ਸਾਫ਼ ਦਿਲ ਵਾਲੇ; ਕਿਉਂਕਿ ਉਹ ਪਰਮੇਸ਼ੁਰ ਨੂੰ ਦੇਖਣਗੇ।” (ਮੱਤੀ 5:8) ਆਪਣੇ ਦਿਲ ਨੂੰ ਸਾਫ਼ ਰੱਖਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਅੰਦਰੋਂ ਸਾਫ਼ ਕਰੀਏ ਤੇ ਆਪਣੇ ਖ਼ਿਆਲਾਂ ਨੂੰ ਸ਼ੁੱਧ ਰੱਖੀਏ ਅਤੇ ਆਪਣੇ ਦਿਲ ਵਿਚ ਬੁਰੀਆਂ ਇੱਛਾਵਾਂ ਨਾ ਆਉਣ ਦੇਈਏ। ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੀ ਭਗਤੀ ਸਵੀਕਾਰ ਕਰੇ, ਤਾਂ ਇਸ ਤਰ੍ਹਾਂ ਕਰਨਾ ਬਹੁਤ ਜ਼ਰੂਰੀ ਹੈ।—2 ਕੁਰਿੰਥੀਆਂ 4:2 ਪੜ੍ਹੋ; 1 ਤਿਮੋ. 1:5.
14 ਸਾਫ਼ ਦਿਲ ਵਾਲੇ ਲੋਕ ਯਹੋਵਾਹ ਨਾਲ ਵਧੀਆ ਰਿਸ਼ਤਾ ਬਣਾ ਸਕਦੇ ਹਨ। ਪਰਮੇਸ਼ੁਰ ਨੇ ਕਿਹਾ: “ਖ਼ੁਸ਼ ਹਨ ਉਹ ਇਨਸਾਨ ਜਿਹੜੇ ਆਪਣੇ ਕੱਪੜੇ ਧੋਂਦੇ ਹਨ।” (ਪ੍ਰਕਾ. 22:14) ਉਹ ਕਿਸ ਅਰਥ ਵਿਚ ‘ਆਪਣੇ ਕੱਪੜੇ ਧੋਂਦੇ’ ਹਨ? ਚੁਣੇ ਹੋਏ ਮਸੀਹੀਆਂ ਲਈ ਇਸ ਦਾ ਮਤਲਬ ਹੈ ਕਿ ਯਹੋਵਾਹ ਉਨ੍ਹਾਂ ਨੂੰ ਸ਼ੁੱਧ ਸਮਝਦਾ ਹੈ, ਉਹ ਉਨ੍ਹਾਂ ਨੂੰ ਸਵਰਗ ਵਿਚ ਅਮਰ ਜੀਵਨ ਦੇਵੇਗਾ ਅਤੇ ਉਹ ਕਦੇ ਨਾ ਖ਼ਤਮ ਹੋਣ ਵਾਲੀ ਖ਼ੁਸ਼ੀ ਪਾਉਣਗੇ। ਧਰਤੀ ʼਤੇ ਰਹਿਣ ਦੀ ਉਮੀਦ ਰੱਖਣ ਵਾਲੀ ਵੱਡੀ ਭੀੜ ਲਈ ਇਸ ਦਾ ਮਤਲਬ ਹੈ ਕਿ ਯਹੋਵਾਹ ਉਨ੍ਹਾਂ ਨੂੰ ਆਪਣੇ ਦੋਸਤ ਬਣਨ ਦਾ ਮੌਕਾ ਦਿੰਦਾ ਹੈ ਕਿਉਂਕਿ ਉਹ ਉਨ੍ਹਾਂ ਨੂੰ ਧਰਮੀ ਸਮਝਦਾ ਹੈ। ਬਾਈਬਲ ਕਹਿੰਦੀ ਹੈ, “ਇਨ੍ਹਾਂ ਨੇ ਆਪਣੇ ਚੋਗੇ ਲੇਲੇ ਦੇ ਲਹੂ ਨਾਲ ਧੋ ਕੇ ਚਿੱਟੇ ਕੀਤੇ ਹਨ।”—ਪ੍ਰਕਾ. 7:9, 13, 14.
15, 16. ਸਾਫ਼ ਦਿਲ ਦੇ ਲੋਕ ਪਰਮੇਸ਼ੁਰ ਨੂੰ ਕਿਵੇਂ ‘ਦੇਖ’ ਸਕਣਗੇ?
15 ਯਹੋਵਾਹ ਨੇ ਕਿਹਾ: “ਕੋਈ ਆਦਮੀ ਮੈਨੂੰ ਵੇਖ ਕੇ ਜੀ ਨਹੀਂ ਸੱਕਦਾ।” (ਕੂਚ 33:20) ਤਾਂ ਫਿਰ ਸਾਫ਼ ਦਿਲ ਵਾਲੇ ਪਰਮੇਸ਼ੁਰ ਨੂੰ ਕਿਵੇਂ ‘ਦੇਖ’ ਸਕਦੇ ਹਨ? ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਦੇਖਣਗੇ” ਕੀਤਾ ਗਿਆ ਹੈ ਉਸ ਦਾ ਮਤਲਬ ਹੈ, ਕਲਪਨਾ ਕਰਨੀ, ਸਮਝਣਾ ਅਤੇ ਜਾਣਨਾ। ਇਸ ਲਈ ‘ਪਰਮੇਸ਼ੁਰ ਨੂੰ ਦੇਖਣ’ ਦਾ ਮਤਲਬ ਹੈ, ਜਾਣਨਾ ਕਿ ਉਹ ਕਿਹੋ ਜਿਹਾ ਸ਼ਖ਼ਸ ਹੈ ਅਤੇ ਉਸ ਦੇ ਗੁਣਾਂ ਨਾਲ ਪਿਆਰ ਕਰਨਾ। (ਅਫ਼. 1:18) ਯਿਸੂ ਨੇ ਹੂ-ਬਹੂ ਪਰਮੇਸ਼ੁਰ ਦੇ ਗੁਣਾਂ ਦੀ ਰੀਸ ਕੀਤੀ। ਇਸ ਲਈ ਉਹ ਕਹਿ ਸਕਿਆ: “ਜਿਸ ਨੇ ਮੈਨੂੰ ਦੇਖਿਆ ਹੈ, ਉਸ ਨੇ ਪਿਤਾ ਨੂੰ ਵੀ ਦੇਖਿਆ ਹੈ।”—ਯੂਹੰ. 14:7-9.
16 ਨਾਲੇ ਜਦੋਂ ਅਸੀਂ ਧਿਆਨ ਦਿੰਦੇ ਹਾਂ ਕਿ ਪਰਮੇਸ਼ੁਰ ਸਾਡੀ ਕਿਵੇਂ ਮਦਦ ਕਰਦਾ ਹੈ, ਤਾਂ ਅਸੀਂ ‘ਪਰਮੇਸ਼ੁਰ ਨੂੰ ਦੇਖਦੇ’ ਹਾਂ। (ਅੱਯੂ. 42:5) ਇਸ ਤੋਂ ਇਲਾਵਾ, ਅਸੀਂ ਯਹੋਵਾਹ ਦੇ ਉਨ੍ਹਾਂ ਸ਼ਾਨਦਾਰ ਵਾਅਦਿਆਂ ʼਤੇ ਧਿਆਨ ਲਾ ਕੇ ਵੀ ‘ਪਰਮੇਸ਼ੁਰ ਨੂੰ ਦੇਖ’ ਸਕਦੇ ਹਾਂ ਜੋ ਉਸ ਨੇ ਆਪਣੇ ਵਫ਼ਾਦਾਰ ਤੇ ਸ਼ੁੱਧ ਰਹਿਣ ਵਾਲੇ ਸੇਵਕਾਂ ਨਾਲ ਕੀਤੇ ਹਨ। ਚੁਣੇ ਹੋਏ ਮਸੀਹੀ ਸੱਚ-ਮੁੱਚ ਯਹੋਵਾਹ ਨੂੰ ਦੇਖਣਗੇ ਜਦੋਂ ਉਹ ਜੀਉਂਦੇ ਹੋ ਕੇ ਸਵਰਗ ਜਾਣਗੇ।—1 ਯੂਹੰ. 3:2.
ਮੁਸ਼ਕਲਾਂ ਦੇ ਬਾਵਜੂਦ ਵੀ ਖ਼ੁਸ਼
17. ਮੇਲ-ਮਿਲਾਪ ਰੱਖਣ ਵਾਲੇ ਖ਼ੁਸ਼ ਕਿਉਂ ਹਨ?
17 ਯਿਸੂ ਨੇ ਅੱਗੇ ਕਿਹਾ: “ਖ਼ੁਸ਼ ਹਨ ਮੇਲ-ਮਿਲਾਪ ਰੱਖਣ ਵਾਲੇ।” (ਮੱਤੀ 5:9) ਦੂਜਿਆਂ ਨਾਲ ਮੇਲ-ਮਿਲਾਪ ਕਰਨ ਵਿਚ ਪਹਿਲ ਕਰ ਕੇ ਸਾਨੂੰ ਖ਼ੁਸ਼ੀ ਮਿਲ ਸਕਦੀ ਹੈ। ਚੇਲੇ ਯਾਕੂਬ ਨੇ ਲਿਖਿਆ: “ਧਾਰਮਿਕਤਾ ਦੇ ਫਲ ਦਾ ਬੀ ਸ਼ਾਂਤੀ-ਪਸੰਦ ਲੋਕਾਂ ਵਿਚਕਾਰ ਸ਼ਾਂਤੀ ਭਰੇ ਹਾਲਾਤਾਂ ਦੌਰਾਨ ਹੀ ਬੀਜਿਆ ਜਾ ਸਕਦਾ ਹੈ।” (ਯਾਕੂ. 3:18) ਜੇ ਤੁਸੀਂ ਮੰਡਲੀ ਜਾਂ ਪਰਿਵਾਰ ਵਿਚ ਕਿਸੇ ਨਾਲ ਮੇਲ-ਮਿਲਾਪ ਕਰਨ ਲਈ ਜੱਦੋ-ਜਹਿਦ ਕਰ ਰਹੇ ਹੋ, ਤਾਂ ਯਹੋਵਾਹ ਅੱਗੇ ਤਰਲੇ ਕਰੋ ਕਿ ਉਹ ਮੇਲ-ਮਿਲਾਪ ਕਰਨ ਵਿਚ ਤੁਹਾਡੀ ਮਦਦ ਕਰੇ। ਫਿਰ ਯਹੋਵਾਹ ਤੁਹਾਨੂੰ ਪਵਿੱਤਰ ਸ਼ਕਤੀ ਦੇਵੇਗਾ ਤਾਂਕਿ ਤੁਸੀਂ ਮਸੀਹੀ ਗੁਣ ਦਿਖਾ ਸਕੋ। ਇਸ ਤਰ੍ਹਾਂ ਕਰ ਕੇ ਤੁਹਾਨੂੰ ਹੋਰ ਖ਼ੁਸ਼ੀ ਮਿਲੇਗੀ। ਮੇਲ-ਮਿਲਾਪ ਕਰਨ ਵਿਚ ਪਹਿਲ ਕਰਨ ਦੀ ਅਹਿਮੀਅਤ ʼਤੇ ਜ਼ੋਰ ਦੇਣ ਲਈ ਯਿਸੂ ਨੇ ਕਿਹਾ: “ਇਸ ਲਈ ਜੇ ਤੂੰ ਵੇਦੀ ਉੱਤੇ ਚੜ੍ਹਾਵਾ ਚੜ੍ਹਾਉਣ ਆਇਆ ਹੈਂ ਤੇ ਉੱਥੇ ਤੈਨੂੰ ਚੇਤੇ ਆਉਂਦਾ ਹੈ ਕਿ ਤੇਰਾ ਭਰਾ ਕਿਸੇ ਗੱਲੋਂ ਤੇਰੇ ਨਾਲ ਨਾਰਾਜ਼ ਹੈ, ਤਾਂ ਤੂੰ ਆਪਣਾ ਚੜ੍ਹਾਵਾ ਵੇਦੀ ਦੇ ਸਾਮ੍ਹਣੇ ਰੱਖ ਅਤੇ ਪਹਿਲਾਂ ਜਾ ਕੇ ਆਪਣੇ ਭਰਾ ਨਾਲ ਸੁਲ੍ਹਾ ਕਰ, ਅਤੇ ਫਿਰ ਆ ਕੇ ਆਪਣਾ ਚੜ੍ਹਾਵਾ ਚੜ੍ਹਾ।”—ਮੱਤੀ 5:23, 24.
18, 19. ਅਤਿਆਚਾਰ ਹੋਣ ਦੇ ਬਾਵਜੂਦ ਵੀ ਮਸੀਹੀ ਖ਼ੁਸ਼ ਕਿਉਂ ਰਹਿ ਸਕਦੇ ਹਨ?
18 “ਖ਼ੁਸ਼ ਹੋ ਤੁਸੀਂ ਜਦ ਲੋਕ ਇਸ ਕਰਕੇ ਤੁਹਾਡੀ ਬੇਇੱਜ਼ਤੀ ਕਰਦੇ ਹਨ ਅਤੇ ਤੁਹਾਡੇ ʼਤੇ ਅਤਿਆਚਾਰ ਕਰਦੇ ਹਨ ਅਤੇ ਤੁਹਾਡੇ ਵਿਰੁੱਧ ਬੁਰੀਆਂ ਤੇ ਝੂਠੀਆਂ ਗੱਲਾਂ ਕਹਿੰਦੇ ਹਨ ਕਿਉਂਕਿ ਤੁਸੀਂ ਮੇਰੇ ਚੇਲੇ ਹੋ।” ਯਿਸੂ ਦੀ ਇਸ ਗੱਲ ਦਾ ਕੀ ਮਤਲਬ ਸੀ? ਉਸ ਨੇ ਅੱਗੇ ਕਿਹਾ: “ਖ਼ੁਸ਼ੀਆਂ ਮਨਾਓ ਕਿਉਂਕਿ ਸਵਰਗ ਵਿਚ ਤੁਹਾਨੂੰ ਵੱਡਾ ਇਨਾਮ ਮਿਲੇਗਾ, ਕਿਉਂਜੋ ਤੁਹਾਡੇ ਤੋਂ ਪਹਿਲਾਂ ਉਨ੍ਹਾਂ ਨੇ ਨਬੀਆਂ ਨੂੰ ਵੀ ਇਸੇ ਤਰ੍ਹਾਂ ਸਤਾਇਆ ਸੀ।” (ਮੱਤੀ 5:11, 12) ਜਦੋਂ ਰਸੂਲਾਂ ਨੂੰ ਕੁੱਟਿਆ-ਮਾਰਿਆ ਗਿਆ ਅਤੇ ਉਨ੍ਹਾਂ ਨੂੰ ਪ੍ਰਚਾਰ ਨਾ ਕਰਨ ਦਾ ਹੁਕਮ ਦਿੱਤਾ ਗਿਆ, ਤਾਂ ਉਹ “ਮਹਾਸਭਾ ਦੇ ਮੁਹਰਿਓਂ ਚਲੇ ਗਏ ਅਤੇ ਇਸ ਗੱਲੋਂ ਖ਼ੁਸ਼ ਸਨ।” ਬਿਨਾਂ ਸ਼ੱਕ, ਉਹ ਕੁੱਟ ਖਾ ਕੇ ਖ਼ੁਸ਼ ਨਹੀਂ ਸਨ। ਪਰ ਉਹ ਖ਼ੁਸ਼ ਇਸ ਲਈ ਸਨ ਕਿਉਂਕਿ “ਪਰਮੇਸ਼ੁਰ ਨੇ ਉਨ੍ਹਾਂ ਨੂੰ ਯਿਸੂ ਦੇ ਨਾਂ ਦੀ ਖ਼ਾਤਰ ਬੇਇੱਜ਼ਤ ਕੀਤੇ ਜਾਣ ਦਾ ਸਨਮਾਨ ਬਖ਼ਸ਼ਿਆ।”—ਰਸੂ. 5:41.
19 ਅੱਜ ਜਦੋਂ ਯਹੋਵਾਹ ਦੇ ਲੋਕਾਂ ਨੂੰ ਉਸ ਦੀ ਸੇਵਾ ਕਰਨ ਕਰਕੇ ਸਤਾਇਆ ਜਾਂਦਾ ਹੈ, ਤਾਂ ਉਹ ਵੀ ਖ਼ੁਸ਼ੀ ਨਾਲ ਸਭ ਕੁਝ ਝੱਲਦੇ ਹਨ। (ਯਾਕੂਬ 1:2-4 ਪੜ੍ਹੋ।) ਰਸੂਲਾਂ ਵਾਂਗ ਸਾਨੂੰ ਵੀ ਦੁੱਖ ਜਾਂ ਅਤਿਆਚਾਰ ਸਹਿ ਕੇ ਖ਼ੁਸ਼ੀ ਨਹੀਂ ਹੁੰਦੀ। ਪਰ ਜੇ ਅਸੀਂ ਯਹੋਵਾਹ ਦੇ ਵਫ਼ਾਦਾਰ ਰਹਿੰਦੇ ਹਾਂ, ਤਾਂ ਉਹ ਸਾਨੂੰ ਸਭ ਕੁਝ ਬਰਦਾਸ਼ਤ ਕਰਨ ਦੀ ਤਾਕਤ ਦੇਵੇਗਾ। ਗੌਰ ਕਰੋ ਕਿ ਹੈਨਰੀਕ ਡੌਰਨੀਕ ਅਤੇ ਉਸ ਦੇ ਵੱਡੇ ਭਰਾ ਨਾਲ ਕੀ ਹੋਇਆ। ਅਗਸਤ 1944 ਵਿਚ ਉਨ੍ਹਾਂ ਨੂੰ ਤਸ਼ੱਦਦ ਕੈਂਪ ਭੇਜ ਦਿੱਤਾ ਗਿਆ। ਉਨ੍ਹਾਂ ʼਤੇ ਜ਼ੁਲਮ ਕਰਨ ਵਾਲਿਆਂ ਨੇ ਕਿਹਾ: “ਇਨ੍ਹਾਂ ਦੇ ਵਿਚਾਰਾਂ ਨੂੰ ਬਦਲਣਾ ਨਾਮੁਮਕਿਨ ਹੈ। ਆਪਣੇ ਧਰਮ ਦੀ ਖ਼ਾਤਰ ਇਹ ਖ਼ੁਸ਼ੀ-ਖ਼ੁਸ਼ੀ ਸ਼ਹੀਦ ਹੋਣ ਲਈ ਵੀ ਤਿਆਰ ਹਨ।” ਭਰਾ ਹੈਨਰੀਕ ਨੇ ਦੱਸਿਆ: “ਭਾਵੇਂ ਮੇਰੇ ਵਿਚ ਸ਼ਹੀਦ ਹੋਣ ਦੀ ਕੋਈ ਇੱਛਾ ਨਹੀਂ ਸੀ, ਪਰ ਯਹੋਵਾਹ ਦੇ ਵਫ਼ਾਦਾਰ ਰਹਿਣ ਲਈ ਮੈਨੂੰ ਹਰ ਦੁੱਖ ਝੱਲਣਾ ਮਨਜ਼ੂਰ ਸੀ ਜਿਸ ਕਰਕੇ ਮੈਨੂੰ ਖ਼ੁਸ਼ੀ ਮਿਲੀ।” ਉਸ ਨੇ ਅੱਗੇ ਕਿਹਾ: “ਮੈਂ ਲਗਾਤਾਰ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਰਿਹਾ। ਇੱਦਾਂ ਉਸ ਨਾਲ ਮੇਰਾ ਰਿਸ਼ਤਾ ਹੋਰ ਮਜ਼ਬੂਤ ਹੁੰਦਾ ਗਿਆ ਅਤੇ ਉਸ ਨੇ ਪੈਰ-ਪੈਰ ਤੇ ਮੇਰੀ ਮਦਦ ਕੀਤੀ।”
20. ਅਸੀਂ “ਖ਼ੁਸ਼ਦਿਲ ਪਰਮੇਸ਼ੁਰ” ਦੀ ਸੇਵਾ ਕਰ ਕੇ ਖ਼ੁਸ਼ ਕਿਉਂ ਹਾਂ?
20 ਜਦੋਂ “ਖ਼ੁਸ਼ਦਿਲ ਪਰਮੇਸ਼ੁਰ” ਯਹੋਵਾਹ ਸਾਡੇ ਤੋਂ ਖ਼ੁਸ਼ ਹੁੰਦਾ ਹੈ, ਤਾਂ ਅਸੀਂ ਮੁਸ਼ਕਲ ਹਾਲਾਤਾਂ ਵਿਚ ਵੀ ਖ਼ੁਸ਼ ਰਹਿ ਸਕਦੇ ਹਾਂ, ਜਿਵੇਂ ਸਤਾਏ ਜਾਣ ʼਤੇ, ਪਰਿਵਾਰ ਵੱਲੋਂ ਵਿਰੋਧ ਹੋਣ ʼਤੇ, ਬੀਮਾਰੀ ਜਾਂ ਬੁਢਾਪੇ ਵਿਚ। (1 ਤਿਮੋ. 1:11) ਅਸੀਂ ਇਸ ਲਈ ਵੀ ਖ਼ੁਸ਼ ਹੋ ਸਕਦੇ ਹਾਂ ਕਿਉਂਕਿ ਸਾਨੂੰ ਪੱਕਾ ਭਰੋਸਾ ਹੈ ਕਿ ਪਰਮੇਸ਼ੁਰ, ਜੋ ਕਦੇ “ਝੂਠ ਨਹੀਂ ਬੋਲ ਸਕਦਾ,” ਆਪਣੇ ਸਾਰੇ ਸ਼ਾਨਦਾਰ ਵਾਅਦੇ ਪੂਰੇ ਕਰੇਗਾ। (ਤੀਤੁ. 1:2) ਜਦੋਂ ਯਹੋਵਾਹ ਇਸ ਤਰ੍ਹਾਂ ਕਰੇਗਾ, ਤਾਂ ਸਾਨੂੰ ਅੱਜ ਦੀਆਂ ਮੁਸ਼ਕਲਾਂ ਯਾਦ ਵੀ ਨਹੀਂ ਰਹਿਣਗੀਆਂ। ਅਸੀਂ ਇਸ ਗੱਲ ਦੀ ਕਲਪਨਾ ਵੀ ਨਹੀਂ ਕਰ ਸਕਦੇ ਕਿ ਨਵੀਂ ਦੁਨੀਆਂ ਵਿਚ ਜ਼ਿੰਦਗੀ ਕਿੰਨੀ ਸ਼ਾਨਦਾਰ ਹੋਵੇਗੀ ਅਤੇ ਅਸੀਂ ਕਿੰਨੇ ਖ਼ੁਸ਼ ਹੋਵਾਂਗੇ! ਜੀ ਹਾਂ, ਅਸੀਂ ‘ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਾਂਗੇ।’—ਜ਼ਬੂ. 37:11.