ਕੂਚ
33 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: “ਤੂੰ ਜਿਨ੍ਹਾਂ ਲੋਕਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ, ਉਨ੍ਹਾਂ ਨੂੰ ਲੈ ਕੇ ਉਸ ਦੇਸ਼ ਚਲਾ ਜਾਹ ਜਿਸ ਨੂੰ ਦੇਣ ਦੀ ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ ਅਤੇ ਉਨ੍ਹਾਂ ਨੂੰ ਕਿਹਾ ਸੀ, ‘ਮੈਂ ਇਹ ਦੇਸ਼ ਤੇਰੀ ਸੰਤਾਨ* ਨੂੰ ਦਿਆਂਗਾ।’+ 2 ਮੈਂ ਤੁਹਾਡੇ ਅੱਗੇ-ਅੱਗੇ ਆਪਣਾ ਦੂਤ ਘੱਲਾਂਗਾ+ ਅਤੇ ਮੈਂ ਕਨਾਨੀਆਂ, ਅਮੋਰੀਆਂ, ਹਿੱਤੀਆਂ, ਪਰਿੱਜੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ ਕੱਢ ਦਿਆਂਗਾ।+ 3 ਤੁਸੀਂ ਉਸ ਦੇਸ਼ ਨੂੰ ਜਾਓ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ।+ ਪਰ ਮੈਂ ਤੁਹਾਡੇ ਨਾਲ ਨਹੀਂ ਜਾਵਾਂਗਾ ਕਿਉਂਕਿ ਤੁਸੀਂ ਸਾਰੇ ਢੀਠ ਲੋਕ ਹੋ+ ਅਤੇ ਕਿਤੇ ਇੱਦਾਂ ਨਾ ਹੋਵੇ ਕਿ ਮੈਂ ਰਾਹ ਵਿਚ ਤੁਹਾਡਾ ਨਾਮੋ-ਨਿਸ਼ਾਨ ਮਿਟਾ ਦਿਆਂ।”+
4 ਜਦੋਂ ਲੋਕਾਂ ਨੇ ਇਹ ਕੌੜੇ ਸ਼ਬਦ ਸੁਣੇ, ਤਾਂ ਉਹ ਗਮ ਵਿਚ ਡੁੱਬ ਗਏ ਅਤੇ ਕਿਸੇ ਨੇ ਵੀ ਗਹਿਣੇ ਨਹੀਂ ਪਾਏ। 5 ਯਹੋਵਾਹ ਨੇ ਮੂਸਾ ਨੂੰ ਕਿਹਾ: “ਇਜ਼ਰਾਈਲੀਆਂ ਨੂੰ ਕਹਿ, ‘ਤੁਸੀਂ ਸਾਰੇ ਢੀਠ ਲੋਕ ਹੋ।+ ਮੈਂ ਤੁਹਾਡੇ ਕੋਲ ਆ ਕੇ ਇਕ ਪਲ ਵਿਚ ਤੁਹਾਡਾ ਨਾਮੋ-ਨਿਸ਼ਾਨ ਮਿਟਾ ਸਕਦਾ ਹਾਂ।+ ਇਸ ਲਈ ਹੁਣ ਜਦ ਤਕ ਮੈਂ ਸੋਚ-ਵਿਚਾਰ ਕਰਾਂ ਕਿ ਤੁਹਾਡੇ ਨਾਲ ਕੀ ਕਰਨਾ ਹੈ, ਉਦੋਂ ਤਕ ਤੁਸੀਂ ਆਪਣੇ ਗਹਿਣੇ ਨਹੀਂ ਪਾਉਣੇ।’” 6 ਇਸ ਲਈ ਹੋਰੇਬ ਪਹਾੜ ਤੋਂ ਅੱਗੇ ਸਫ਼ਰ ਕਰਦੇ ਹੋਏ ਇਜ਼ਰਾਈਲੀਆਂ ਨੇ ਗਹਿਣੇ ਨਹੀਂ ਪਾਏ।*
7 ਫਿਰ ਮੂਸਾ ਨੇ ਆਪਣਾ ਤੰਬੂ ਪੁੱਟ ਕੇ ਛਾਉਣੀ ਤੋਂ ਬਾਹਰ ਕੁਝ ਦੂਰੀ ʼਤੇ ਲਾਇਆ ਅਤੇ ਇਸ ਨੂੰ ਮੰਡਲੀ ਦਾ ਤੰਬੂ ਕਿਹਾ। ਜਿਹੜਾ ਵੀ ਯਹੋਵਾਹ ਦੀ ਮਰਜ਼ੀ ਪੁੱਛਣੀ ਚਾਹੁੰਦਾ ਸੀ,+ ਉਹ ਛਾਉਣੀ ਦੇ ਬਾਹਰ ਮੰਡਲੀ ਦੇ ਤੰਬੂ ਨੂੰ ਜਾਂਦਾ ਸੀ। 8 ਜਦੋਂ ਵੀ ਮੂਸਾ ਮੰਡਲੀ ਦੇ ਤੰਬੂ ਵੱਲ ਜਾਂਦਾ ਸੀ, ਤਾਂ ਸਾਰੇ ਲੋਕ ਉੱਠ ਕੇ ਆਪੋ-ਆਪਣੇ ਤੰਬੂਆਂ ਦੇ ਦਰਵਾਜ਼ੇ ʼਤੇ ਖੜ੍ਹ ਜਾਂਦੇ ਸਨ ਅਤੇ ਉਹ ਮੂਸਾ ਨੂੰ ਉਦੋਂ ਤਕ ਦੇਖਦੇ ਰਹਿੰਦੇ ਸਨ ਜਦ ਤਕ ਉਹ ਤੰਬੂ ਦੇ ਅੰਦਰ ਨਹੀਂ ਚਲਾ ਜਾਂਦਾ ਸੀ। 9 ਜਿਉਂ ਹੀ ਮੂਸਾ ਤੰਬੂ ਦੇ ਅੰਦਰ ਜਾਂਦਾ ਸੀ, ਤਾਂ ਬੱਦਲ ਦਾ ਥੰਮ੍ਹ+ ਥੱਲੇ ਆ ਕੇ ਤੰਬੂ ਦੇ ਦਰਵਾਜ਼ੇ ਉੱਤੇ ਖੜ੍ਹ ਜਾਂਦਾ ਸੀ ਅਤੇ ਇਹ ਉਦੋਂ ਤਕ ਉੱਥੇ ਰਹਿੰਦਾ ਸੀ ਜਦੋਂ ਤਕ ਪਰਮੇਸ਼ੁਰ ਮੂਸਾ ਨਾਲ ਗੱਲ ਕਰਦਾ ਸੀ।+ 10 ਜਦੋਂ ਸਾਰੇ ਲੋਕ ਤੰਬੂ ਦੇ ਦਰਵਾਜ਼ੇ ʼਤੇ ਬੱਦਲ ਦਾ ਥੰਮ੍ਹ ਦੇਖਦੇ ਸਨ, ਤਾਂ ਹਰ ਕੋਈ ਉੱਠ ਕੇ ਆਪੋ-ਆਪਣੇ ਤੰਬੂ ਦੇ ਦਰਵਾਜ਼ੇ ਕੋਲ ਸਿਰ ਨਿਵਾਉਂਦਾ ਸੀ। 11 ਯਹੋਵਾਹ ਮੂਸਾ ਨਾਲ ਆਮ੍ਹੋ-ਸਾਮ੍ਹਣੇ ਗੱਲ ਕਰਦਾ ਸੀ,+ ਜਿਵੇਂ ਕੋਈ ਆਦਮੀ ਦੂਸਰੇ ਆਦਮੀ ਨਾਲ ਗੱਲ ਕਰਦਾ ਹੈ। ਜਦੋਂ ਉਹ ਛਾਉਣੀ ਵਿਚ ਵਾਪਸ ਆਉਂਦਾ ਸੀ, ਤਾਂ ਉਸ ਦਾ ਸੇਵਾਦਾਰ ਤੇ ਮਦਦਗਾਰ+ ਯਹੋਸ਼ੁਆ,+ ਜੋ ਨੂਨ ਦਾ ਪੁੱਤਰ ਸੀ, ਤੰਬੂ ਕੋਲ ਹੀ ਰਹਿੰਦਾ ਸੀ।
12 ਮੂਸਾ ਨੇ ਯਹੋਵਾਹ ਨੂੰ ਕਿਹਾ: “ਦੇਖ, ਤੂੰ ਮੈਨੂੰ ਕਹਿ ਰਿਹਾ ਹੈਂ, ‘ਇਨ੍ਹਾਂ ਲੋਕਾਂ ਦੀ ਅਗਵਾਈ ਕਰ,’ ਪਰ ਤੂੰ ਮੈਨੂੰ ਇਹ ਨਹੀਂ ਦੱਸਿਆ ਕਿ ਤੂੰ ਕਿਸ ਨੂੰ ਮੇਰੇ ਨਾਲ ਘੱਲੇਂਗਾ। ਨਾਲੇ ਤੂੰ ਮੇਰੇ ਬਾਰੇ ਕਿਹਾ ਹੈ, ‘ਮੈਂ ਤੈਨੂੰ ਤੇਰੇ ਨਾਂ ਤੋਂ ਜਾਣਦਾ ਹਾਂ* ਅਤੇ ਮੈਂ ਤੇਰੇ ਤੋਂ ਖ਼ੁਸ਼ ਹੈਂ।’ 13 ਜੇ ਤੂੰ ਮੇਰੇ ਤੋਂ ਖ਼ੁਸ਼ ਹੈਂ, ਤਾਂ ਕਿਰਪਾ ਕਰ ਕੇ ਮੈਨੂੰ ਆਪਣੇ ਰਾਹਾਂ ਬਾਰੇ ਦੱਸ+ ਤਾਂਕਿ ਮੈਂ ਤੈਨੂੰ ਜਾਣਾਂ ਅਤੇ ਤੂੰ ਮੇਰੇ ਤੋਂ ਖ਼ੁਸ਼ ਰਹੇ। ਨਾਲੇ ਇਸ ਗੱਲ ਵੱਲ ਵੀ ਧਿਆਨ ਦੇ ਕਿ ਇਹ ਕੌਮ ਤੇਰੇ ਹੀ ਲੋਕ ਹਨ।”+ 14 ਇਸ ਲਈ ਪਰਮੇਸ਼ੁਰ ਨੇ ਕਿਹਾ: “ਮੈਂ* ਖ਼ੁਦ ਤੇਰੇ ਨਾਲ ਜਾਵਾਂਗਾ+ ਅਤੇ ਮੈਂ ਤੈਨੂੰ ਆਰਾਮ ਦਿਆਂਗਾ।”+ 15 ਫਿਰ ਮੂਸਾ ਨੇ ਉਸ ਨੂੰ ਕਿਹਾ: “ਜੇ ਤੂੰ* ਸਾਡੇ ਨਾਲ ਨਹੀਂ ਜਾਣਾ, ਤਾਂ ਸਾਨੂੰ ਵੀ ਇੱਥੋਂ ਨਾ ਘੱਲ। 16 ਇਹ ਕਿਵੇਂ ਪਤਾ ਲੱਗੇਗਾ ਕਿ ਤੂੰ ਮੇਰੇ ਤੋਂ, ਹਾਂ, ਮੇਰੇ ਅਤੇ ਆਪਣੇ ਲੋਕਾਂ ਤੋਂ ਖ਼ੁਸ਼ ਹੈਂ?+ ਜੇ ਤੂੰ ਸਾਡੇ ਨਾਲ ਨਹੀਂ ਜਾਵੇਂਗਾ, ਤਾਂ ਇਹ ਕਿਵੇਂ ਪਤਾ ਲੱਗੇਗਾ ਕਿ ਤੂੰ ਸਾਰੀ ਧਰਤੀ ਦੇ ਲੋਕਾਂ ਵਿੱਚੋਂ ਮੈਨੂੰ ਅਤੇ ਆਪਣੇ ਲੋਕਾਂ ਨੂੰ ਚੁਣਿਆ ਹੈ?”+
17 ਯਹੋਵਾਹ ਨੇ ਮੂਸਾ ਨੂੰ ਕਿਹਾ: “ਮੈਂ ਤੇਰੀ ਬੇਨਤੀ ਸੁਣ ਲਈ ਹੈ, ਮੈਂ ਉਸੇ ਮੁਤਾਬਕ ਕਰਾਂਗਾ ਕਿਉਂਕਿ ਮੈਂ ਤੇਰੇ ʼਤੇ ਮਿਹਰ ਕੀਤੀ ਹੈ ਅਤੇ ਮੈਂ ਤੈਨੂੰ ਤੇਰੇ ਨਾਂ ਤੋਂ ਜਾਣਦਾ ਹਾਂ।” 18 ਫਿਰ ਮੂਸਾ ਨੇ ਕਿਹਾ: “ਕਿਰਪਾ ਕਰ ਕੇ ਮੈਨੂੰ ਆਪਣੀ ਮਹਿਮਾ ਦਿਖਾ।” 19 ਪਰ ਪਰਮੇਸ਼ੁਰ ਨੇ ਕਿਹਾ: “ਮੈਂ ਤੇਰੇ ਅੱਗੋਂ ਦੀ ਲੰਘਾਂਗਾ ਅਤੇ ਤੈਨੂੰ ਆਪਣੀ ਸਾਰੀ ਭਲਾਈ ਦਿਖਾਵਾਂਗਾ ਅਤੇ ਮੈਂ ਤੇਰੇ ਸਾਮ੍ਹਣੇ ਯਹੋਵਾਹ ਦੇ ਨਾਂ ਦਾ ਐਲਾਨ ਕਰਾਂਗਾ;+ ਮੈਂ ਜਿਸ ਉੱਤੇ ਮਿਹਰ ਕਰਨੀ ਚਾਹਾਂ, ਉਸ ਉੱਤੇ ਮਿਹਰ ਕਰਾਂਗਾ ਅਤੇ ਮੈਂ ਜਿਸ ਉੱਤੇ ਦਇਆ ਕਰਨੀ ਚਾਹਾਂ, ਉਸ ਉੱਤੇ ਦਇਆ ਕਰਾਂਗਾ।”+ 20 ਪਰ ਉਸ ਨੇ ਇਹ ਵੀ ਕਿਹਾ: “ਤੂੰ ਮੇਰਾ ਚਿਹਰਾ ਨਹੀਂ ਦੇਖ ਸਕਦਾ ਕਿਉਂਕਿ ਕੋਈ ਵੀ ਇਨਸਾਨ ਮੈਨੂੰ ਦੇਖ ਕੇ ਜੀਉਂਦਾ ਨਹੀਂ ਰਹਿ ਸਕਦਾ।”
21 ਯਹੋਵਾਹ ਨੇ ਅੱਗੇ ਕਿਹਾ: “ਦੇਖ, ਇੱਥੇ ਮੇਰੇ ਲਾਗੇ ਥਾਂ ਹੈ। ਇਸ ਚਟਾਨ ʼਤੇ ਖੜ੍ਹਾ ਹੋ ਜਾ। 22 ਜਦੋਂ ਮੇਰੀ ਮਹਿਮਾ ਦਾ ਪ੍ਰਕਾਸ਼ ਤੇਰੇ ਕੋਲੋਂ ਗੁਜ਼ਰੇਗਾ, ਤਾਂ ਮੈਂ ਤੈਨੂੰ ਇਸ ਚਟਾਨ ਦੀ ਖੁੰਦਰ ਵਿਚ ਖੜ੍ਹਾ ਕਰਾਂਗਾ ਅਤੇ ਜਦ ਤਕ ਮੈਂ ਲੰਘ ਨਹੀਂ ਜਾਂਦਾ, ਮੈਂ ਆਪਣੇ ਹੱਥ ਨਾਲ ਤੈਨੂੰ ਲੁਕਾਵਾਂਗਾ। 23 ਇਸ ਤੋਂ ਬਾਅਦ ਮੈਂ ਆਪਣਾ ਹੱਥ ਹਟਾ ਲਵਾਂਗਾ ਅਤੇ ਤੂੰ ਮੇਰੀ ਪਿੱਠ ਦੇਖੇਂਗਾ। ਪਰ ਤੂੰ ਮੇਰਾ ਮੂੰਹ ਨਹੀਂ ਦੇਖ ਸਕੇਂਗਾ।”+