ਤੁਹਾਨੂੰ ਸੱਚਾਈ ਕਿੰਨੀ ਕੁ ਪਿਆਰੀ ਹੈ?
“[ਤੁਸੀਂ] ਸਚਿਆਈ ਨੂੰ ਜਾਣੋਗੇ ਅਤੇ ਸਚਿਆਈ ਤੁਹਾਨੂੰ ਅਜ਼ਾਦ ਕਰੇਗੀ।”—ਯੂਹੰਨਾ 8:32.
1. ਪਿਲਾਤੁਸ ਨੇ ਸ਼ਬਦ “ਸਚਿਆਈ” ਕਿਸ ਅਰਥ ਵਿਚ ਵਰਤਿਆ ਸੀ, ਪਰ ਯਿਸੂ ਦੇ ਕਹਿਣ ਦਾ ਕੀ ਮਤਲਬ ਸੀ?
‘ਸਚਿਆਈ ਕੀ ਹੈ?’ ਜਦੋਂ ਪਿਲਾਤੁਸ ਨੇ ਇਹ ਸਵਾਲ ਪੁੱਛਿਆ ਸੀ, ਤਾਂ ਉਹ ਕਿਸੇ ਖ਼ਾਸ ਮਾਮਲੇ ਬਾਰੇ ਸੱਚਾਈ ਨਹੀਂ ਜਾਣਨੀ ਚਾਹੁੰਦਾ ਸੀ। ਪਰ ਯਿਸੂ ਨੇ ਹੁਣੇ-ਹੁਣੇ ਕਿਹਾ ਸੀ: “ਮੈਂ ਇਸੇ ਲਈ ਜਨਮ ਧਾਰਿਆ ਅਤੇ ਇਸੇ ਲਈ ਜਗਤ ਵਿੱਚ ਆਇਆ ਹਾਂ ਭਈ ਸਚਿਆਈ ਉੱਤੇ ਸਾਖੀ ਦਿਆਂ।” (ਯੂਹੰਨਾ 18:37, 38) ਪਿਲਾਤੁਸ ਤੋਂ ਉਲਟ, ਯਿਸੂ ਪਰਮੇਸ਼ੁਰੀ ਸੱਚਾਈ ਬਾਰੇ ਗੱਲ ਕਰ ਰਿਹਾ ਸੀ।
ਸੱਚਾਈ ਪ੍ਰਤੀ ਦੁਨੀਆਂ ਦਾ ਰਵੱਈਆ
2. ਯਿਸੂ ਦੀ ਕਿਹੜੀ ਗੱਲ ਤੋਂ ਸੱਚਾਈ ਦੀ ਕੀਮਤ ਪਤਾ ਚੱਲਦੀ ਹੈ?
2 ਪੌਲੁਸ ਨੇ ਕਿਹਾ: “ਸਭਨਾਂ ਨੂੰ ਨਿਹਚਾ ਨਹੀਂ ਹੈ।” (2 ਥੱਸਲੁਨੀਕੀਆਂ 3:2) ਸੱਚਾਈ ਬਾਰੇ ਵੀ ਇਸੇ ਤਰ੍ਹਾਂ ਹੀ ਹੈ। ਜਦੋਂ ਲੋਕਾਂ ਨੂੰ ਬਾਈਬਲ ਵਿੱਚੋਂ ਸੱਚਾਈ ਜਾਣਨ ਦਾ ਮੌਕਾ ਮਿਲਦਾ ਹੈ, ਤਾਂ ਬਹੁਤ ਸਾਰੇ ਵਿਅਕਤੀ ਜਾਣ-ਬੁੱਝ ਕੇ ਇਸ ਮੌਕੇ ਨੂੰ ਹੱਥੋਂ ਖੋਹ ਦਿੰਦੇ ਹਨ। ਪਰ ਇਹ ਸੱਚਾਈ ਕਿੰਨੀ ਕੀਮਤੀ ਹੈ! ਯਿਸੂ ਨੇ ਕਿਹਾ ਸੀ ਕਿ ਤੁਸੀਂ “ਸਚਿਆਈ ਨੂੰ ਜਾਣੋਗੇ ਅਤੇ ਸਚਿਆਈ ਤੁਹਾਨੂੰ ਅਜ਼ਾਦ ਕਰੇਗੀ।”—ਯੂਹੰਨਾ 8:32.
3. ਧੋਖਾ ਦੇਣ ਵਾਲੀਆਂ ਸਿੱਖਿਆਵਾਂ ਸੰਬੰਧੀ ਕਿਹੜੀ ਚੇਤਾਵਨੀ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਹੈ?
3 ਪੌਲੁਸ ਰਸੂਲ ਨੇ ਕਿਹਾ ਸੀ ਕਿ ਸੱਚਾਈ ਇਨਸਾਨੀ ਫ਼ਲਸਫ਼ਿਆਂ ਅਤੇ ਰੀਤਾਂ-ਰਿਵਾਜਾਂ ਰਾਹੀਂ ਨਹੀਂ ਮਿਲਦੀ। (ਕੁਲੁੱਸੀਆਂ 2:8) ਅਸਲ ਵਿਚ ਇਹ ਇਨਸਾਨੀ ਸਿੱਖਿਆਵਾਂ ਸਾਨੂੰ ਧੋਖਾ ਦੇ ਸਕਦੀਆਂ ਹਨ। ਪੌਲੁਸ ਨੇ ਅਫ਼ਸੀਆਂ ਦੇ ਮਸੀਹੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਉਹ ਇਨਸਾਨੀ ਫ਼ਲਸਫ਼ਿਆਂ ਵਿਚ ਵਿਸ਼ਵਾਸ ਰੱਖਦੇ, ਤਾਂ ਉਹ ਅਧਿਆਤਮਿਕ ਤੌਰ ਤੇ ਨਿਆਣਿਆਂ ਵਾਂਗ ‘ਮਨੁੱਖਾਂ ਦੀ ਠੱਗ ਵਿੱਦਿਆ ਅਤੇ ਭੁਲਾਉਣ ਵਾਲੀ ਛਲ ਛਿੱਦ੍ਰ ਰੂਪੀ ਚਤਰਾਈ ਵਾਲੀ ਸਿੱਖਿਆ ਨਾਲ ਐਧਰ ਉੱਧਰ ਡੋਲਦੇ ਫਿਰਦੇ।’ (ਅਫ਼ਸੀਆਂ 4:14) ਅੱਜ ਪਰਮੇਸ਼ੁਰੀ ਸੱਚਾਈ ਦਾ ਵਿਰੋਧ ਕਰਨ ਵਾਲੇ ਆਪਣੇ ਪ੍ਰਾਪੇਗੰਡੇ ਰਾਹੀਂ “ਮਨੁੱਖਾਂ ਦੀ ਠੱਗ ਵਿੱਦਿਆ” ਫੈਲਾਉਂਦੇ ਹਨ। ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ “ਪ੍ਰਾਪੇਗੰਡਾ” ਦਾ ਅਰਥ ਇਸ ਤਰ੍ਹਾਂ ਦੱਸਦਾ ਹੈ: ‘ਇਹ ਦੂਸਰੇ ਲੋਕਾਂ ਦੇ ਵਿਸ਼ਵਾਸਾਂ, ਰਵੱਈਏ, ਜਾਂ ਚਾਲ-ਚੱਲਣ ਉੱਤੇ ਕਿਸੇ ਮਤਲਬ ਲਈ ਪ੍ਰਭਾਵ ਪਾਉਣ ਦਾ ਜਤਨ ਹੈ।’ ਅਜਿਹੇ ਪ੍ਰਾਪੇਗੰਡੇ ਨੂੰ ਵਰਤਦੇ ਹੋਏ ਬੜੀ ਚਲਾਕੀ ਨਾਲ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਵਿਚ ਬਦਲ ਦਿੱਤਾ ਜਾਂਦਾ ਹੈ। ਅਜਿਹੇ ਧੋਖਾ ਦੇਣ ਵਾਲੇ ਦਬਾਵਾਂ ਕਰਕੇ ਸੱਚਾਈ ਨੂੰ ਲੱਭਣ ਲਈ ਸਾਨੂੰ ਬਾਈਬਲ ਵਿੱਚੋਂ ਮਿਹਨਤ ਨਾਲ ਖੋਜਬੀਨ ਕਰਨੀ ਚਾਹੀਦੀ ਹੈ।
ਮਸੀਹੀ ਅਤੇ ਇਹ ਦੁਨੀਆਂ
4. ਸੱਚਾਈ ਕਿਨ੍ਹਾਂ ਨੂੰ ਮਿਲ ਸਕਦੀ ਹੈ ਅਤੇ ਜਿਨ੍ਹਾਂ ਨੂੰ ਮਿਲਦੀ ਹੈ ਉਨ੍ਹਾਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ?
4 ਜਿਹੜੇ ਯਿਸੂ ਦੇ ਚੇਲੇ ਬਣ ਗਏ ਸਨ, ਉਨ੍ਹਾਂ ਲਈ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ: “ਓਹਨਾਂ ਨੂੰ ਸਚਿਆਈ ਨਾਲ ਪਵਿੱਤ੍ਰ ਕਰ। ਤੇਰਾ ਬਚਨ ਸਚਿਆਈ ਹੈ।” (ਯੂਹੰਨਾ 17:17) ਅਜਿਹੇ ਲੋਕ ਯਹੋਵਾਹ ਦੀ ਸੇਵਾ ਅਤੇ ਉਸ ਦੇ ਨਾਂ ਅਤੇ ਰਾਜ ਦਾ ਪ੍ਰਚਾਰ ਕਰਨ ਲਈ ਪਵਿੱਤਰ ਕੀਤੇ ਜਾਣਗੇ ਜਾਂ ਅਲੱਗ ਕੀਤੇ ਜਾਣਗੇ। (ਮੱਤੀ 6:9, 10; 24:14) ਇਹ ਸੱਚ ਹੈ ਕਿ ਸਾਰੇ ਲੋਕ ਸੱਚਾਈ ਨੂੰ ਨਹੀਂ ਜਾਣਦੇ, ਪਰ ਯਹੋਵਾਹ ਦੀ ਸੱਚਾਈ ਇਕ ਮੁਫ਼ਤ ਤੋਹਫ਼ੇ ਵਾਂਗ ਸਾਰਿਆਂ ਨੂੰ ਮਿਲ ਸਕਦੀ ਹੈ ਜਿਹੜੇ ਇਸ ਨੂੰ ਲੱਭ ਰਹੇ ਹਨ, ਭਾਵੇਂ ਉਹ ਕਿਸੇ ਵੀ ਕੌਮ, ਜਾਤ, ਜਾਂ ਸਭਿਆਚਾਰ ਦੇ ਕਿਉਂ ਨਾ ਹੋਣ। ਪਤਰਸ ਰਸੂਲ ਨੇ ਕਿਹਾ ਸੀ: “ਮੈਂ ਸੱਚ ਮੁੱਚ ਜਾਣ ਲਿਆ ਜੋ ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।”—ਰਸੂਲਾਂ ਦੇ ਕਰਤੱਬ 10:34, 35.
5. ਮਸੀਹੀਆਂ ਨੂੰ ਅਕਸਰ ਸਤਾਇਆ ਕਿਉਂ ਜਾਂਦਾ ਹੈ?
5 ਮਸੀਹੀ ਦੂਸਰਿਆਂ ਨਾਲ ਬਾਈਬਲ ਦੀ ਸੱਚਾਈ ਸਾਂਝੀ ਕਰਦੇ ਹਨ ਪਰ ਸਭ ਜਗ੍ਹਾ ਲੋਕ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ। ਯਿਸੂ ਨੇ ਚੇਤਾਵਨੀ ਦਿੱਤੀ ਸੀ: “ਓਹ ਤੁਹਾਨੂੰ ਬਿਪਤਾ ਲਈ ਫੜਵਾ ਦੇਣਗੇ ਅਰ ਤੁਹਾਨੂੰ ਮਾਰ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ।” (ਮੱਤੀ 24:9) ਇਸ ਆਇਤ ਉੱਤੇ ਟਿੱਪਣੀ ਕਰਦੇ ਹੋਏ ਆਇਰਲੈਂਡ ਦੇ ਇਕ ਪਾਦਰੀ ਜਾਨ ਆਰ. ਕਾਟਰ ਨੇ 1817 ਵਿਚ ਲਿਖਿਆ: “ਉਹ [ਮਸੀਹੀ] ਆਪਣੇ ਪ੍ਰਚਾਰ ਰਾਹੀਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਇਸ ਪ੍ਰਚਾਰ ਕਰਕੇ ਲੋਕ ਉਨ੍ਹਾਂ ਦਾ ਧੰਨਵਾਦ ਕਰਨ ਦੀ ਬਜਾਇ ਚੇਲਿਆਂ ਨੂੰ ਨਫ਼ਰਤ ਕਰਦੇ ਹਨ ਅਤੇ ਉਨ੍ਹਾਂ ਦੀਆਂ ਬੁਰਾਈਆਂ ਦੇ ਪੋਲ ਖੋਲ੍ਹਣ ਕਰਕੇ ਉਨ੍ਹਾਂ ਨੂੰ ਸਤਾਉਂਦੇ ਹਨ।” ਅਜਿਹੇ ਜ਼ਾਲਮ ਲੋਕ ‘ਸਚਿਆਈ ਦੇ ਪ੍ਰੇਮ ਨੂੰ ਕਬੂਲ ਨਹੀਂ ਕਰਦੇ ਜਿਸ ਤੋਂ ਓਹਨਾਂ ਦੀ ਮੁਕਤੀ ਹੋ ਜਾਂਦੀ।’ ਇਸੇ ਕਰਕੇ “ਪਰਮੇਸ਼ੁਰ ਓਹਨਾਂ ਉੱਤੇ ਧੋਖੇ ਦਾ ਅਸਰ ਘੱਲਦਾ ਹੈ ਭਈ ਉਹ ਝੂਠ ਨੂੰ ਸੱਚ ਮੰਨਣ। ਤਾਂ ਜੋ ਓਹ ਸੱਭੇ ਦੋਸ਼ੀ ਠਹਿਰਨ ਜਿਨ੍ਹਾਂ ਸੱਚ ਨੂੰ ਨਾ ਮੰਨਿਆ ਸਗੋਂ ਕੁਧਰਮ ਉੱਤੇ ਪਰਸੰਨ ਰਹੇ।”—2 ਥੱਸਲੁਨੀਕੀਆਂ 2:10-12.
6. ਮਸੀਹੀਆਂ ਨੂੰ ਕਿਹੜੀਆਂ ਇੱਛਾਵਾਂ ਪੈਦਾ ਨਹੀਂ ਕਰਨੀਆਂ ਚਾਹੀਦੀਆਂ?
6 ਯੂਹੰਨਾ ਰਸੂਲ ਇਸ ਵੈਰੀ ਦੁਨੀਆਂ ਵਿਚ ਜੀ ਰਹੇ ਮਸੀਹੀਆਂ ਨੂੰ ਨਸੀਹਤ ਦਿੰਦਾ ਹੈ: “ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਨ੍ਹਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ। . . . ਸੱਭੋ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਮਾਨ ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ।” (1 ਯੂਹੰਨਾ 2:15, 16) ਜਦੋਂ ਯੂਹੰਨਾ ਕਹਿੰਦਾ ਹੈ “ਸੱਭੋ ਕੁਝ,” ਤਾਂ ਕੋਈ ਵੀ ਚੀਜ਼ ਬਾਕੀ ਨਹੀਂ ਰਹਿ ਜਾਂਦੀ। ਇਸੇ ਕਰਕੇ ਸਾਨੂੰ ਇਸ ਦੁਨੀਆਂ ਦੁਆਰਾ ਪੇਸ਼ ਕੀਤੀ ਜਾਂਦੀ ਕਿਸੇ ਵੀ ਚੀਜ਼ ਦੀ ਇੱਛਾ ਪੈਦਾ ਨਹੀਂ ਕਰਨੀ ਚਾਹੀਦੀ ਜੋ ਸਾਨੂੰ ਸੱਚਾਈ ਤੋਂ ਦੂਰ ਲੈ ਜਾ ਸਕਦੀ ਹੈ। ਯੂਹੰਨਾ ਦੀ ਸਲਾਹ ਉੱਤੇ ਚੱਲਣ ਨਾਲ ਸਾਡੀ ਜ਼ਿੰਦਗੀ ਉੱਤੇ ਚੰਗਾ ਅਸਰ ਪਵੇਗਾ। ਕਿਵੇਂ?
7. ਸੱਚਾਈ ਦਾ ਗਿਆਨ ਕਿਵੇਂ ਨੇਕਦਿਲ ਇਨਸਾਨਾਂ ਨੂੰ ਪ੍ਰੇਰਿਤ ਕਰਦਾ ਹੈ?
7 ਪੂਰੀ ਦੁਨੀਆਂ ਵਿਚ ਸਾਲ 2001 ਦੌਰਾਨ ਯਹੋਵਾਹ ਦੇ ਗਵਾਹਾਂ ਨੇ 45 ਲੱਖ ਬਾਈਬਲ ਸਟੱਡੀਆਂ ਕਰਾਈਆਂ ਅਤੇ ਲੋਕਾਂ ਨੂੰ ਜ਼ਿੰਦਗੀ ਲਈ ਪਰਮੇਸ਼ੁਰੀ ਮੰਗਾਂ ਬਾਰੇ ਸਿਖਾਇਆ। ਇਸ ਦੇ ਨਤੀਜੇ ਵਜੋਂ 2,63,431 ਲੋਕਾਂ ਨੇ ਬਪਤਿਸਮਾ ਲਿਆ। ਇਨ੍ਹਾਂ ਨਵੇਂ ਚੇਲਿਆਂ ਨੇ ਸੱਚਾਈ ਦੇ ਚਾਨਣ ਦੀ ਕੀਮਤ ਨੂੰ ਜਾਣ ਲਿਆ ਅਤੇ ਉਨ੍ਹਾਂ ਨੇ ਬੁਰੀ ਸੰਗਤ ਅਤੇ ਅਨੈਤਿਕਤਾ ਤੇ ਪਰਮੇਸ਼ੁਰ ਦਾ ਅਪਮਾਨ ਕਰਨ ਵਾਲੇ ਕੰਮਾਂ ਨੂੰ ਛੱਡ ਦਿੱਤਾ ਜੋ ਕਿ ਇਸ ਦੁਨੀਆਂ ਵਿਚ ਆਮ ਕੀਤੇ ਜਾਂਦੇ ਹਨ। ਬਪਤਿਸਮਾ ਲੈਣ ਦੇ ਸਮੇਂ ਤੋਂ ਹੀ ਉਹ ਸਾਰੇ ਮਸੀਹੀਆਂ ਲਈ ਦੱਸੇ ਗਏ ਯਹੋਵਾਹ ਦੇ ਮਿਆਰਾਂ ਉੱਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਆ ਰਹੇ ਹਨ। (ਅਫ਼ਸੀਆਂ 5:5) ਕੀ ਸੱਚਾਈ ਤੁਹਾਨੂੰ ਪਿਆਰੀ ਹੈ?
ਯਹੋਵਾਹ ਸਾਡੀ ਦੇਖ-ਭਾਲ ਕਰਦਾ ਹੈ
8. ਯਹੋਵਾਹ ਸਾਡੇ ਸਮਰਪਣ ਨੂੰ ਕਿਸ ਨਜ਼ਰੀਏ ਨਾਲ ਦੇਖਦਾ ਹੈ ਅਤੇ ‘ਉਸ ਦੇ ਰਾਜ ਨੂੰ ਭਾਲਦੇ ਰਹਿਣ’ ਵਿਚ ਕਿਉਂ ਸਮਝਦਾਰੀ ਹੈ?
8 ਸਾਡੀਆਂ ਕਮਜ਼ੋਰੀਆਂ ਦੇ ਬਾਵਜੂਦ ਯਹੋਵਾਹ ਸਾਡੇ ਉੱਤੇ ਦਇਆ ਕਰਦਾ ਹੈ ਅਤੇ ਸਾਡੇ ਸਮਰਪਣ ਨੂੰ ਸਵੀਕਾਰ ਕਰਦਾ ਹੈ, ਜਿਵੇਂ ਕਿ ਝੁਕਦਿਆਂ ਉਹ ਸਾਨੂੰ ਆਪਣੇ ਕੋਲ ਬੁਲਾਉਂਦਾ ਹੈ। ਇਸ ਤਰ੍ਹਾਂ ਉਹ ਸਾਨੂੰ ਆਪਣੇ ਟੀਚਿਆਂ ਅਤੇ ਇੱਛਾਵਾਂ ਨੂੰ ਬੁਲੰਦ ਕਰਨਾ ਸਿਖਾਉਂਦਾ ਹੈ। (ਜ਼ਬੂਰ 113:6-8) ਇਸ ਦੇ ਨਾਲ-ਨਾਲ, ਯਹੋਵਾਹ ਸਾਨੂੰ ਉਸ ਨਾਲ ਨਿੱਜੀ ਰਿਸ਼ਤਾ ਰੱਖਣ ਦਾ ਮੌਕਾ ਦਿੰਦਾ ਹੈ। ਉਹ ਸਾਡੀ ਦੇਖ-ਭਾਲ ਕਰਨ ਦਾ ਵਾਅਦਾ ਕਰਦਾ ਹੈ ਜੇ ਅਸੀਂ ‘ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲਦੇ ਰਹੀਏ।’ ਜੇ ਅਸੀਂ ਇਸ ਤਰ੍ਹਾਂ ਕਰਦੇ ਹਾਂ ਅਤੇ ਆਪਣੇ ਆਪ ਨੂੰ ਅਧਿਆਤਮਿਕ ਤੌਰ ਤੇ ਸੁਰੱਖਿਅਤ ਰੱਖਦੇ ਹਾਂ, ਤਾਂ ਉਹ ਵਾਅਦਾ ਕਰਦਾ ਹੈ: “ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।”—ਮੱਤੀ 6:33.
9. “ਮਾਤਬਰ ਅਤੇ ਬੁੱਧਵਾਨ ਨੌਕਰ” ਕੌਣ ਹੈ ਅਤੇ ਇਸ “ਨੌਕਰ” ਦੇ ਰਾਹੀਂ ਯਹੋਵਾਹ ਸਾਡੀ ਕਿਵੇਂ ਦੇਖ-ਭਾਲ ਕਰਦਾ ਹੈ?
9 ਯਿਸੂ ਨੇ ਆਪਣੇ 12 ਚੇਲਿਆਂ ਨੂੰ ਚੁਣਿਆ ਸੀ ਅਤੇ ਮਸਹ ਕੀਤੇ ਹੋਏ ਮਸੀਹੀਆਂ ਦੀ ਕਲੀਸਿਯਾ ਦੀ ਨੀਂਹ ਰੱਖੀ ਜਿਹੜੇ ‘ਪਰਮੇਸ਼ੁਰ ਦਾ ਇਸਰਾਏਲ’ ਬਣੇ। (ਗਲਾਤੀਆਂ 6:16; ਪਰਕਾਸ਼ ਦੀ ਪੋਥੀ 21:9, 14) ਇਨ੍ਹਾਂ ਨੂੰ ਬਾਅਦ ਵਿਚ “ਅਕਾਲ ਪੁਰਖ ਦੀ ਕਲੀਸਿਯਾ ਅਤੇ ਸਚਿਆਈ ਦਾ ਥੰਮ੍ਹ ਅਤੇ ਨੀਂਹ” ਸੱਦਿਆ ਗਿਆ। (1 ਤਿਮੋਥਿਉਸ 3:15) ਯਿਸੂ ਨੇ ਇਸ ਕਲੀਸਿਯਾ ਦੇ ਮੈਂਬਰਾਂ ਨੂੰ “ਮਾਤਬਰ ਅਤੇ ਬੁੱਧਵਾਨ ਨੌਕਰ” ਅਤੇ “ਮਾਤਬਰ ਅਤੇ ਬੁੱਧਵਾਨ ਮੁਖ਼ਤਿਆਰ” ਸੱਦਿਆ। ਯਿਸੂ ਨੇ ਦੱਸਿਆ ਕਿ ਮਸੀਹੀਆਂ ਨੂੰ ‘ਵੇਲੇ ਸਿਰ ਰਸਤ ਦੇਣ’ ਦੀ ਜ਼ਿੰਮੇਵਾਰੀ ਇਸ ਮਾਤਬਰ ਨੌਕਰ ਦੀ ਹੋਵੇਗੀ। (ਮੱਤੀ 24:3, 45-47; ਲੂਕਾ 12:42) ਭੋਜਨ ਤੋਂ ਬਿਨਾਂ ਅਸੀਂ ਭੁੱਖੇ ਮਰ ਜਾਂਦੇ ਹਾਂ। ਇਸੇ ਤਰ੍ਹਾਂ, ਅਧਿਆਤਮਿਕ ਭੋਜਨ ਤੋਂ ਬਿਨਾਂ ਅਸੀਂ ਅਧਿਆਤਮਿਕ ਤੌਰ ਤੇ ਕਮਜ਼ੋਰ ਹੋ ਕੇ ਮਰ ਜਾਂਦੇ ਹਾਂ। ਇਸ ਲਈ “ਮਾਤਬਰ ਅਤੇ ਬੁੱਧਵਾਨ ਨੌਕਰ” ਦਾ ਹੋਣਾ ਇਸ ਗੱਲ ਦਾ ਇਕ ਹੋਰ ਸਬੂਤ ਹੈ ਕਿ ਯਹੋਵਾਹ ਸਾਡੀ ਦੇਖ-ਭਾਲ ਕਰਦਾ ਹੈ। ਆਓ ਆਪਾਂ ਹਮੇਸ਼ਾ ਇਸ ਕੀਮਤੀ ਅਧਿਆਤਮਿਕ ਭੋਜਨ ਦੀ ਕਦਰ ਕਰੀਏ ਜੋ “ਨੌਕਰ” ਵਰਗ ਨੇ ਸਾਡੇ ਲਈ ਤਿਆਰ ਕੀਤਾ ਹੈ।—ਮੱਤੀ 5:3.
10. ਸਭਾਵਾਂ ਵਿਚ ਨਿਯਮਿਤ ਤੌਰ ਤੇ ਹਾਜ਼ਰ ਹੋਣਾ ਕਿਉਂ ਜ਼ਰੂਰੀ ਹੈ?
10 ਅਧਿਆਤਮਿਕ ਭੋਜਨ ਖਾਣ ਲਈ ਨਿੱਜੀ ਅਧਿਐਨ ਕਰਨਾ ਜ਼ਰੂਰੀ ਹੈ। ਇਸ ਦੇ ਨਾਲ-ਨਾਲ ਦੂਸਰੇ ਮਸੀਹੀਆਂ ਨਾਲ ਮੇਲ-ਜੋਲ ਰੱਖਣਾ ਅਤੇ ਕਲੀਸਿਯਾ ਦੀਆਂ ਸਭਾਵਾਂ ਵਿਚ ਜਾਣਾ ਵੀ ਜ਼ਰੂਰੀ ਹੈ। ਕੀ ਤੁਹਾਨੂੰ ਯਾਦ ਹੈ ਕਿ ਤੁਸੀਂ ਛੇ ਮਹੀਨੇ ਪਹਿਲਾਂ ਜਾਂ ਛੇ ਹਫ਼ਤੇ ਪਹਿਲਾਂ ਕੀ ਖਾਧਾ ਸੀ? ਸ਼ਾਇਦ ਤੁਹਾਨੂੰ ਯਾਦ ਨਹੀਂ ਹੋਵੇਗਾ। ਪਰ ਤੁਸੀਂ ਜੋ ਵੀ ਖਾਧਾ, ਉਸ ਤੋਂ ਤੁਹਾਨੂੰ ਜੀਉਂਦੇ ਰਹਿਣ ਦੀ ਤਾਕਤ ਮਿਲੀ। ਅਤੇ ਸੰਭਵ ਹੈ ਕਿ ਤੁਸੀਂ ਉਸ ਸਮੇਂ ਤੋਂ ਲੈ ਕੇ ਉਸੇ ਤਰ੍ਹਾਂ ਦਾ ਹੋਰ ਵੀ ਭੋਜਨ ਖਾਧਾ ਹੋਵੇਗਾ। ਸਾਡੀਆਂ ਮਸੀਹੀ ਸਭਾਵਾਂ ਵਿਚ ਪੇਸ਼ ਕੀਤੇ ਜਾਂਦੇ ਅਧਿਆਤਮਿਕ ਭੋਜਨ ਬਾਰੇ ਵੀ ਇਵੇਂ ਹੀ ਸੱਚ ਹੈ। ਅਸੀਂ ਸ਼ਾਇਦ ਸਭਾਵਾਂ ਵਿਚ ਸੁਣੀ ਹਰ ਗੱਲ ਚੇਤੇ ਨਹੀਂ ਰੱਖ ਸਕਦੇ। ਅਤੇ ਹੋ ਸਕਦਾ ਹੈ ਕਿ ਵਾਰ-ਵਾਰ ਇੱਕੋ ਤਰ੍ਹਾਂ ਦੀ ਜਾਣਕਾਰੀ ਦਿੱਤੀ ਗਈ ਹੋਵੇ। ਫਿਰ ਵੀ ਇਹ ਅਧਿਆਤਮਿਕ ਭੋਜਨ ਸਾਡੀ ਭਲਾਈ ਲਈ ਬਹੁਤ ਜ਼ਰੂਰੀ ਹੈ। ਸਾਡੀਆਂ ਸਭਾਵਾਂ ਹਮੇਸ਼ਾ ਸਮੇਂ ਸਿਰ ਸਾਨੂੰ ਚੰਗਾ ਅਧਿਆਤਮਿਕ ਭੋਜਨ ਦਿੰਦੀਆਂ ਹਨ।
11. ਮਸੀਹੀ ਸਭਾਵਾਂ ਵਿਚ ਜਾਣ ਨਾਲ ਸਾਡੇ ਉੱਤੇ ਕਿਹੜੀ ਜ਼ਿੰਮੇਵਾਰੀ ਆਉਂਦੀ ਹੈ?
11 ਮਸੀਹੀ ਸਭਾਵਾਂ ਵਿਚ ਜਾਣ ਨਾਲ ਸਾਡੇ ਉੱਤੇ ਇਕ ਜ਼ਿੰਮੇਵਾਰੀ ਵੀ ਆਉਂਦੀ ਹੈ। ਮਸੀਹੀਆਂ ਨੂੰ ਨਸੀਹਤ ਦਿੱਤੀ ਜਾਂਦੀ ਹੈ ਕਿ ਉਹ ‘ਇੱਕ ਦੂਏ ਨੂੰ ਉਪਦੇਸ਼ ਕਰਨ’ ਜਾਂ ਹੱਲਾਸ਼ੇਰੀ ਦੇਣ ਅਤੇ ਕਲੀਸਿਯਾ ਵਿਚ ਸਾਥੀ ਵਿਸ਼ਵਾਸੀਆਂ ਨੂੰ “ਪ੍ਰੇਮ ਅਤੇ ਸ਼ੁਭ ਕਰਮਾਂ ਲਈ ਉਭਾਰਨ।” ਸਾਰੀਆਂ ਮਸੀਹੀ ਸਭਾਵਾਂ ਦੀ ਤਿਆਰੀ ਕਰਨ, ਇਨ੍ਹਾਂ ਵਿਚ ਹਾਜ਼ਰ ਹੋਣ ਅਤੇ ਇਨ੍ਹਾਂ ਵਿਚ ਹਿੱਸਾ ਲੈਣ ਨਾਲ ਸਾਡੀ ਨਿਹਚਾ ਮਜ਼ਬੂਤ ਹੋਵੇਗੀ ਅਤੇ ਇਸ ਤੋਂ ਦੂਸਰਿਆਂ ਨੂੰ ਉਤਸ਼ਾਹ ਮਿਲੇਗਾ। (ਇਬਰਾਨੀਆਂ 10:23-25) ਛੋਟੇ ਬੱਚਿਆਂ ਵਾਂਗ ਜਿਹੜੇ ਖਾਣ ਵੇਲੇ ਨਖਰੇ ਕਰਦੇ ਹਨ, ਉਸੇ ਤਰ੍ਹਾਂ ਕੁਝ ਲੋਕਾਂ ਨੂੰ ਅਧਿਆਤਮਿਕ ਭੋਜਨ ਖਾਣ ਲਈ ਲਗਾਤਾਰ ਹੱਲਾਸ਼ੇਰੀ ਦੇਣ ਦੀ ਲੋੜ ਹੈ। (ਅਫ਼ਸੀਆਂ 4:13) ਅਜਿਹੇ ਲੋਕਾਂ ਨੂੰ ਹੱਲਾਸ਼ੇਰੀ ਦੇਣੀ ਬਹੁਤ ਚੰਗੀ ਗੱਲ ਹੈ ਕਿਉਂਕਿ ਇਸ ਤਰ੍ਹਾਂ ਉਹ ਸਿਆਣੇ ਮਸੀਹੀ ਬਣ ਸਕਦੇ ਹਨ ਜਿਨ੍ਹਾਂ ਬਾਰੇ ਪੌਲੁਸ ਰਸੂਲ ਨੇ ਲਿਖਿਆ ਸੀ: “ਅੰਨ ਸਿਆਣਿਆਂ ਲਈ ਹੈ ਜਿਨ੍ਹਾਂ ਦੀਆਂ ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਚ ਕਰਨ ਨੂੰ ਅਭਿਆਸ ਨਾਲ ਸਾਧੀਆਂ ਹੋਈਆਂ ਹਨ।”—ਇਬਰਾਨੀਆਂ 5:14.
ਅਧਿਆਤਮਿਕ ਤੌਰ ਤੇ ਆਪਣੀ ਦੇਖ-ਭਾਲ ਕਰਨੀ
12. ਜੇ ਅਸੀਂ ਸੱਚਾਈ ਉੱਤੇ ਚੱਲਦੇ ਰਹਿਣਾ ਚਾਹੁੰਦੇ ਹਾਂ, ਤਾਂ ਇਸ ਸੰਬੰਧੀ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਕਿਸ ਦੀ ਹੈ? ਸਮਝਾਓ।
12 ਸਾਡਾ ਵਿਆਹੁਤਾ ਸਾਥੀ ਜਾਂ ਸਾਡੇ ਮਾਤਾ-ਪਿਤਾ ਸਾਨੂੰ ਸੱਚਾਈ ਉੱਤੇ ਚੱਲਣ ਦੀ ਹੱਲਾਸ਼ੇਰੀ ਦੇ ਸਕਦੇ ਹਨ। ਇਸੇ ਤਰ੍ਹਾਂ, ਝੁੰਡ ਦਾ ਇਕ ਹਿੱਸਾ ਹੋਣ ਕਰਕੇ ਕਲੀਸਿਯਾ ਦੇ ਬਜ਼ੁਰਗ ਚਰਵਾਹਿਆਂ ਵਾਂਗ ਸਾਡੀ ਮਦਦ ਕਰ ਸਕਦੇ ਹਨ। (ਰਸੂਲਾਂ ਦੇ ਕਰਤੱਬ 20:28) ਪਰ ਜੇ ਅਸੀਂ ਸੱਚਾਈ ਅਤੇ ਜ਼ਿੰਦਗੀ ਦੇ ਰਾਹ ਉੱਤੇ ਚੱਲਦੇ ਰਹਿਣਾ ਚਾਹੁੰਦੇ ਹਾਂ, ਤਾਂ ਇਸ ਦੀ ਜ਼ਿੰਮੇਵਾਰੀ ਸਭ ਤੋਂ ਪਹਿਲਾਂ ਕਿਸ ਦੀ ਹੈ? ਇਹ ਜ਼ਿੰਮੇਵਾਰੀ ਸਾਡੀ ਆਪਣੀ ਹੈ। ਚੰਗੇ ਤੇ ਮਾੜੇ ਹਾਲਾਤਾਂ ਵਿਚ ਇਹ ਜ਼ਿੰਮੇਵਾਰੀ ਸਾਡੀ ਆਪਣੀ ਹੀ ਹੋਵੇਗੀ। ਅੱਗੇ ਦੱਸੀ ਘਟਨਾ ਤੇ ਵਿਚਾਰ ਕਰੋ।
13, 14. ਜਿਵੇਂ ਮੇਮਣੇ ਦੇ ਤਜਰਬੇ ਵਿਚ ਦੱਸਿਆ ਹੈ, ਅਸੀਂ ਲੋੜੀਂਦੀ ਅਧਿਆਤਮਿਕ ਮਦਦ ਕਿਵੇਂ ਪ੍ਰਾਪਤ ਕਰ ਸਕਦੇ ਹਾਂ?
13 ਸਕਾਟਲੈਂਡ ਵਿਚ ਕੁਝ ਮੇਮਣੇ ਘਾਹ ਚਰ ਰਹੇ ਸਨ। ਇਕ ਮੇਮਣਾ ਬਾਕੀਆਂ ਨਾਲੋਂ ਵਿਛੜ ਕੇ ਪਹਾੜੀ ਦੇ ਇਕ ਪਾਸੇ ਚਲਾ ਗਿਆ ਤੇ ਥੱਲੇ ਇਕ ਖਾਈ ਵਿਚ ਡਿੱਗ ਗਿਆ। ਉਸ ਦੇ ਕੋਈ ਸੱਟ ਨਹੀਂ ਲੱਗੀ ਪਰ ਉਸ ਕੋਲੋਂ ਵਾਪਸ ਚੜ੍ਹਿਆ ਨਹੀਂ ਜਾ ਰਿਹਾ ਸੀ, ਇਸ ਲਈ ਉਹ ਡਰ ਕੇ ਮੈਂ-ਮੈਂ ਕਰਨ ਲੱਗ ਪਿਆ। ਉਸ ਦੀ ਮਾਂ ਨੇ ਉਸ ਦੀ ਆਵਾਜ਼ ਸੁਣ ਲਈ ਅਤੇ ਉਹ ਵੀ ਉੱਚੀ-ਉੱਚੀ ਮੈਂ-ਮੈਂ ਕਰਨ ਲਈ ਲੱਗ ਪਈ। ਚਰਵਾਹੇ ਨੇ ਉਨ੍ਹਾਂ ਦੀ ਆਵਾਜ਼ ਸੁਣ ਲਈ ਤੇ ਆ ਕੇ ਮੇਮਣੇ ਨੂੰ ਉੱਥੋਂ ਬਚਾ ਲਿਆ।
14 ਜ਼ਰਾ ਧਿਆਨ ਦਿਓ ਕਿ ਕੀ ਹੋਇਆ ਸੀ? ਮੇਮਣੇ ਨੇ ਮਦਦ ਲਈ ਰੌਲਾ ਪਾਇਆ ਤੇ ਭੇਡ ਵੀ ਮੇਮਣੇ ਨਾਲ ਮਿਲ ਕੇ ਮੈਂ-ਮੈਂ ਕਰਨ ਲੱਗ ਪਈ। ਤੇ ਇਸ ਤੋਂ ਚਰਵਾਹੇ ਨੂੰ ਪਤਾ ਲੱਗਾ ਅਤੇ ਉਸ ਨੇ ਆ ਕੇ ਮੇਮਣੇ ਨੂੰ ਬਚਾ ਲਿਆ। ਜੇ ਇਹ ਮੇਮਣਾ ਅਤੇ ਉਸ ਦੀ ਮਾਂ ਖ਼ਤਰੇ ਨੂੰ ਭਾਂਪ ਸਕਦੇ ਹਨ ਅਤੇ ਮਦਦ ਲਈ ਫਟਾਫਟ ਰੌਲਾ ਪਾ ਸਕਦੇ ਹਨ, ਤਾਂ ਕੀ ਸਾਨੂੰ ਵੀ ਇਸੇ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਦੋਂ ਅਸੀਂ ਅਧਿਆਤਮਿਕ ਤੌਰ ਤੇ ਠੋਕਰ ਖਾਂਦੇ ਹਾਂ ਜਾਂ ਸ਼ਤਾਨ ਦੇ ਸੰਸਾਰ ਵਿਚ ਅਚਾਨਕ ਖ਼ਤਰਿਆਂ ਦਾ ਸਾਮ੍ਹਣਾ ਕਰਦੇ ਹਾਂ? (ਯਾਕੂਬ 5:14, 15; 1 ਪਤਰਸ 5:8) ਸਾਨੂੰ ਮਦਦ ਮੰਗ ਲੈਣੀ ਚਾਹੀਦੀ ਹੈ ਖ਼ਾਸ ਕਰਕੇ ਛੋਟੇ ਹੋਣ ਕਰਕੇ ਜਾਂ ਸੱਚਾਈ ਵਿਚ ਨਵੇਂ ਹੋਣ ਕਰਕੇ ਜੇ ਸਾਨੂੰ ਜ਼ਿਆਦਾ ਤਜਰਬਾ ਨਹੀਂ ਹੈ।
ਪਰਮੇਸ਼ੁਰ ਦੇ ਨਿਰਦੇਸ਼ਨ ਵਿਚ ਚੱਲਣ ਨਾਲ ਖ਼ੁਸ਼ੀ ਮਿਲਦੀ ਹੈ
15. ਜਦੋਂ ਇਕ ਤੀਵੀਂ ਨੇ ਮਸੀਹੀ ਕਲੀਸਿਯਾ ਵਿਚ ਆਉਣਾ ਸ਼ੁਰੂ ਕੀਤਾ, ਤਾਂ ਉਸ ਨੇ ਕਿਵੇਂ ਮਹਿਸੂਸ ਕੀਤਾ?
15 ਬਾਈਬਲ ਦੇ ਗਿਆਨ ਦੀ ਕੀਮਤ ਅਤੇ ਸੱਚਾਈ ਦੇ ਪਰਮੇਸ਼ੁਰ ਦੀ ਸੇਵਾ ਕਰਨ ਵਾਲਿਆਂ ਨੂੰ ਇਸ ਨਾਲ ਮਿਲਣ ਵਾਲੀ ਮਨ ਦੀ ਸ਼ਾਂਤੀ ਉੱਤੇ ਜ਼ਰਾ ਗੌਰ ਕਰੋ। ਇਕ 70 ਸਾਲਾਂ ਦੀ ਸਿਆਣੀ ਤੀਵੀਂ ਆਪਣੀ ਪੂਰੀ ਜ਼ਿੰਦਗੀ ਚਰਚ ਆਫ ਇੰਗਲੈਂਡ ਵਿਚ ਜਾਂਦੀ ਰਹੀ। ਉਸ ਨੇ ਯਹੋਵਾਹ ਦੀ ਇਕ ਗਵਾਹ ਨਾਲ ਬਾਈਬਲ ਅਧਿਐਨ ਕਰਨਾ ਸ਼ੁਰੂ ਕੀਤਾ। ਜਲਦੀ ਹੀ ਉਸ ਨੂੰ ਪਤਾ ਲੱਗ ਗਿਆ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ। ਉਹ ਕਿੰਗਡਮ ਹਾਲ ਜਾਣ ਲੱਗ ਪਈ ਜਿੱਥੇ ਦਿਲੋਂ ਪ੍ਰਾਰਥਨਾਵਾਂ ਕੀਤੀਆਂ ਜਾਂਦੀਆਂ ਸਨ। ਇਨ੍ਹਾਂ ਪ੍ਰਾਰਥਨਾਵਾਂ ਤੋਂ ਬਾਅਦ ਉਹ “ਆਮੀਨ” ਕਹਿਣ ਲੱਗ ਪਈ। ਉਸ ਨੇ ਖ਼ੁਸ਼ੀ ਨਾਲ ਦੱਸਿਆ: “ਤੁਸੀਂ ਇਹ ਨਹੀਂ ਸਿਖਾਉਂਦੇ ਕਿ ਨਾਸ਼ਵਾਨ ਇਨਸਾਨ ਪਰਮੇਸ਼ੁਰ ਦੇ ਨੇੜੇ ਕਦੀ ਨਹੀਂ ਜਾ ਸਕਦੇ, ਸਗੋਂ ਤੁਸੀਂ ਪਰਮੇਸ਼ੁਰ ਨੂੰ ਇਕ ਪਿਆਰੇ ਦੋਸਤ ਵਾਂਗ ਸਾਡੇ ਵਿਚ ਲਿਆ ਖੜ੍ਹਾ ਕਰਦੇ ਹੋ। ਮੈਂ ਪਹਿਲਾਂ ਕਦੀ ਇਸ ਤਰ੍ਹਾਂ ਮਹਿਸੂਸ ਨਹੀਂ ਕੀਤਾ ਸੀ।” ਦਿਲਚਸਪੀ ਰੱਖਣ ਵਾਲੀ ਇਹ ਤੀਵੀਂ ਕਦੀ ਨਹੀਂ ਭੁੱਲੇਗੀ ਕਿ ਸੱਚਾਈ ਨੇ ਪਹਿਲਾਂ-ਪਹਿਲ ਉਸ ਉੱਤੇ ਕੀ ਅਸਰ ਪਾਇਆ ਸੀ। ਆਓ ਆਪਾਂ ਵੀ ਕਦੀ ਨਾ ਭੁੱਲੀਏ ਕਿ ਜਦੋਂ ਅਸੀਂ ਪਹਿਲਾਂ ਸੱਚਾਈ ਨੂੰ ਸਵੀਕਾਰ ਕੀਤਾ ਸੀ, ਉਸ ਵੇਲੇ ਇਹ ਸਾਨੂੰ ਕਿੰਨੀ ਪਿਆਰੀ ਸੀ!
16. (ੳ) ਕੀ ਹੋ ਸਕਦਾ ਹੈ ਜੇ ਅਸੀਂ ਲੱਖਪਤੀ ਬਣਨ ਨੂੰ ਆਪਣੀ ਜ਼ਿੰਦਗੀ ਦਾ ਮੁੱਖ ਮਕਸਦ ਬਣਾ ਲੈਂਦੇ ਹਾਂ? (ਅ) ਅਸੀਂ ਸੱਚੀ ਖ਼ੁਸ਼ੀ ਕਿਵੇਂ ਪ੍ਰਾਪਤ ਕਰ ਸਕਦੇ ਹਾਂ?
16 ਬਹੁਤ ਸਾਰੇ ਲੋਕ ਵਿਸ਼ਵਾਸ ਕਰਦੇ ਹਨ ਕਿ ਜੇ ਉਨ੍ਹਾਂ ਕੋਲ ਜ਼ਿਆਦਾ ਪੈਸਾ ਹੁੰਦਾ, ਤਾਂ ਉਹ ਜ਼ਿਆਦਾ ਖ਼ੁਸ਼ ਹੁੰਦੇ। ਪਰ ਜੇ ਅਸੀਂ ਪੈਸੇ ਕਮਾਉਣ ਨੂੰ ਆਪਣੀ ਜ਼ਿੰਦਗੀ ਦਾ ਮੁੱਖ ਮਕਸਦ ਬਣਾ ਲੈਂਦੇ ਹਾਂ, ਤਾਂ ਸਾਨੂੰ “ਬੇਹੱਦ ਮਾਨਸਿਕ ਦੁੱਖ” ਸਹਿਣਾ ਪੈ ਸਕਦਾ ਹੈ। (1 ਤਿਮੋਥਿਉਸ 6:10, ਫ਼ਿਲਿਪਸ) ਧਿਆਨ ਦਿਓ ਕਿ ਕਿੰਨੇ ਲੋਕ ਲਾਟਰੀਆਂ ਖ਼ਰੀਦਦੇ ਹਨ, ਜੂਏਖ਼ਾਨਿਆਂ ਵਿਚ ਪੈਸੇ ਖ਼ਰਾਬ ਕਰਦੇ ਹਨ ਜਾਂ ਬਿਨਾਂ ਸੋਚੇ-ਸਮਝੇ ਸੱਟੇਬਾਜ਼ੀ ਕਰਦੇ ਹਨ, ਇਸ ਆਸ ਨਾਲ ਕਿ ਉਹ ਲੱਖਪਤੀ ਬਣ ਜਾਣਗੇ। ਬਹੁਤ ਹੀ ਘੱਟ ਲੋਕ ਅਜਿਹੇ ਤਰੀਕਿਆਂ ਨਾਲ ਲੱਖਪਤੀ ਬਣਦੇ ਹਨ। ਪਰ ਜਿਹੜੇ ਪੈਸਾ ਕਮਾ ਵੀ ਲੈਂਦੇ ਹਨ, ਉਹ ਦੇਖਦੇ ਹਨ ਕਿ ਉਨ੍ਹਾਂ ਦੀ ਨਵੀਂ-ਨਵੀਂ ਅਮੀਰੀ ਨਾਲ ਉਨ੍ਹਾਂ ਦੀ ਜ਼ਿੰਦਗੀ ਵਿਚ ਖ਼ੁਸ਼ੀ ਨਹੀਂ ਆਉਂਦੀ। ਇਸ ਦੀ ਬਜਾਇ ਸੱਚੀ ਖ਼ੁਸ਼ੀ ਯਹੋਵਾਹ ਦੀ ਇੱਛਾ ਪੂਰੀ ਕਰਨ ਨਾਲ ਅਤੇ ਯਹੋਵਾਹ ਦੀ ਪਵਿੱਤਰ ਆਤਮਾ ਦੀ ਅਗਵਾਈ ਵਿਚ ਅਤੇ ਦੂਤਾਂ ਦੀ ਮਦਦ ਨਾਲ ਮਸੀਹੀ ਭੈਣ-ਭਰਾਵਾਂ ਨਾਲ ਮਿਲ ਕੇ ਸੇਵਾ ਕਰਨ ਨਾਲ ਮਿਲਦੀ ਹੈ। (ਜ਼ਬੂਰ 1:1-3; 84:4, 5; 89:15) ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਸ਼ਾਇਦ ਸਾਨੂੰ ਕਲਪਨਾ ਤੋਂ ਬਾਹਰ ਅਸੀਸਾਂ ਮਿਲਣ। ਕੀ ਸੱਚਾਈ ਤੁਹਾਨੂੰ ਇੰਨੀ ਪਿਆਰੀ ਹੈ ਕਿ ਤੁਹਾਨੂੰ ਅਜਿਹੀਆਂ ਅਸੀਸਾਂ ਮਿਲ ਸਕਣ?
17. ਇਸ ਤੋਂ ਪਤਰਸ ਦੇ ਰਵੱਈਏ ਬਾਰੇ ਕੀ ਪਤਾ ਚੱਲਦਾ ਹੈ ਕਿ ਉਹ ਚਮੜਾ ਰੰਗਣ ਵਾਲੇ ਸ਼ਮਊਨ ਦੇ ਘਰ ਰਿਹਾ ਸੀ?
17 ਪਤਰਸ ਰਸੂਲ ਦੇ ਇਕ ਤਜਰਬੇ ਤੇ ਵਿਚਾਰ ਕਰੋ। ਸਾਲ 36 ਸਾ.ਯੁ. ਵਿਚ ਉਹ ਇਕ ਮਿਸ਼ਨਰੀ ਦੇ ਤੌਰ ਤੇ ਸ਼ਰੋਨ ਦੀ ਦੂਣ ਵਿਚ ਗਿਆ ਸੀ। ਉਹ ਲੁੱਦਾ ਵਿਚ ਠਹਿਰਿਆ ਅਤੇ ਉਸ ਨੇ ਐਨਿਯਾਸ ਨਾਂ ਦੇ ਆਦਮੀ ਦੇ ਅਧਰੰਗ ਨੂੰ ਠੀਕ ਕੀਤਾ ਸੀ ਅਤੇ ਫਿਰ ਉਹ ਯਾੱਪਾ ਦੀ ਬੰਦਰਗਾਹ ਵੱਲ ਚਲਾ ਗਿਆ। ਉੱਥੇ ਉਸ ਨੇ ਦੋਰਕਾਸ ਨਾਂ ਦੀ ਔਰਤ ਨੂੰ ਮੁੜ ਜੀਉਂਦਾ ਕੀਤਾ। ਰਸੂਲਾਂ ਦੇ ਕਰਤੱਬ 9:43 ਵਿਚ ਲਿਖਿਆ ਹੈ: “ਫੇਰ ਐਉਂ ਹੋਇਆ ਕਿ ਉਹ ਬਹੁਤ ਦਿਨ ਯਾੱਪਾ ਵਿੱਚ ਸ਼ਮਊਨ ਨਾਮੇ ਇੱਕ ਖਟੀਕ ਦੇ ਘਰ ਟਿਕਿਆ।” ਇਸ ਆਇਤ ਤੋਂ ਪਤਾ ਚੱਲਦਾ ਹੈ ਕਿ ਉਸ ਸ਼ਹਿਰ ਵਿਚ ਲੋਕਾਂ ਦੀ ਸੇਵਾ ਕਰਦੇ ਹੋਏ ਉਸ ਨੇ ਕਿਸੇ ਨਾਲ ਪੱਖਪਾਤ ਨਹੀਂ ਕੀਤਾ। ਕਿਵੇਂ? ਬਾਈਬਲ ਦਾ ਇਕ ਵਿਦਵਾਨ ਫ੍ਰੈਡਰਿਕ ਡਬਲਯੂ. ਫਰਾਰ ਲਿੱਖਦਾ ਹੈ: “ਜ਼ਬਾਨੀ [ਮੂਸਾ ਦੀ] ਬਿਵਸਥਾ ਉੱਤੇ ਚੱਲਣ ਵਾਲਾ ਕੋਈ ਵੀ ਕੱਟੜ ਵਿਅਕਤੀ ਇਕ ਚਮੜਾ ਰੰਗਣ ਵਾਲੇ ਦੇ ਘਰ ਵਿਚ ਰਹਿਣ ਲਈ ਤਿਆਰ ਨਹੀਂ ਹੋਵੇਗਾ। ਇਸ ਕੰਮ ਵਿਚ ਅਲੱਗ-ਅਲੱਗ ਜਾਨਵਰਾਂ ਦੀ ਖੱਲ ਅਤੇ ਲਾਸ਼ ਨੂੰ ਅਤੇ ਇਸ ਕੰਮ ਲਈ ਵਰਤੇ ਗਏ ਸਮਾਨ ਨੂੰ ਹੱਥ ਲਾਉਣਾ ਸਾਰੇ ਧਾਰਮਿਕ ਕੱਟੜਪੰਥੀ ਲੋਕਾਂ ਦੀਆਂ ਨਜ਼ਰਾਂ ਵਿਚ ਅਸ਼ੁੱਧ ਅਤੇ ਘਿਣਾਉਣਾ ਕੰਮ ਸੀ।” ਭਾਵੇਂ ਸ਼ਮਊਨ ਦਾ “ਘਰ ਸਮੁੰਦਰ ਕੰਢੇ” ਵੀ ਸੀ ਤੇ ਉਸ ਦੀ ਨੌਕਰੀ ਦੀ ਥਾਂ ਦੇ ਨੇੜੇ ਨਹੀਂ ਸੀ, ਫਿਰ ਵੀ ਸ਼ਮਊਨ ਇਕ “ਅਜਿਹਾ ਕੰਮ ਕਰਦਾ ਸੀ ਜਿਸ ਨੂੰ ਘਿਣਾਉਣਾ ਸਮਝਿਆ ਜਾਂਦਾ ਸੀ ਤੇ ਜਿਹੜੇ ਅਜਿਹਾ ਵਪਾਰ ਕਰਦੇ ਸਨ ਉਹ ਬਹੁਤ ਸ਼ਰਮਿੰਦਗੀ ਮਹਿਸੂਸ ਕਰਦੇ ਸਨ,” ਫਰਾਰ ਦੱਸਦਾ ਹੈ।—ਰਸੂਲਾਂ ਦੇ ਕਰਤੱਬ 10:6.
18, 19. (ੳ) ਪਤਰਸ ਨੇ ਜੋ ਦਰਸ਼ਣ ਦੇਖਿਆ ਸੀ, ਉਸ ਕਰਕੇ ਉਹ ਕਿਉਂ ਪਰੇਸ਼ਾਨ ਹੋ ਗਿਆ ਸੀ? (ਅ) ਪਤਰਸ ਨੂੰ ਅਚਾਨਕ ਹੀ ਕਿਹੜੀ ਅਸੀਸ ਮਿਲੀ ਸੀ?
18 ਪਤਰਸ ਨੇ ਪੱਖਪਾਤ ਕਰਨ ਤੋਂ ਬਿਨਾਂ ਸ਼ਮਊਨ ਦੀ ਪਰਾਹੁਣਚਾਰੀ ਨੂੰ ਸਵੀਕਾਰ ਕੀਤਾ ਅਤੇ ਪਰਮੇਸ਼ੁਰ ਨੇ ਅਚਾਨਕ ਹੀ ਉੱਥੇ ਪਤਰਸ ਨੂੰ ਹਿਦਾਇਤਾਂ ਦਿੱਤੀਆਂ ਸਨ। ਉਸ ਨੇ ਇਕ ਦਰਸ਼ਣ ਦੇਖਿਆ ਜਿਸ ਵਿਚ ਉਸ ਨੂੰ ਯਹੂਦੀ ਨਿਯਮਾਂ ਅਨੁਸਾਰ ਅਸ਼ੁੱਧ ਪੰਛੀ ਤੇ ਜਾਨਵਰ ਖਾਣ ਲਈ ਕਿਹਾ ਗਿਆ। ਪਤਰਸ ਨੇ ਇਸ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਉਸ ਨੇ ਕਦੀ “ਕੋਈ ਅਸ਼ੁੱਧ ਯਾ ਭ੍ਰਿਸ਼ਟ ਚੀਜ਼ ਕਦੇ ਨਹੀਂ ਖਾਧੀ” ਸੀ। ਪਰ ਤਿੰਨ ਵਾਰ ਉਸ ਨੂੰ ਕਿਹਾ ਗਿਆ: “ਜੋ ਕੁਝ ਪਰਮੇਸ਼ੁਰ ਨੇ ਸ਼ੁੱਧ ਕੀਤਾ ਉਹ ਨੂੰ ਤੂੰ ਅਸ਼ੁੱਧ ਨਾ ਕਹੁ।” ਅਸੀਂ ਸਮਝ ਸਕਦੇ ਹਾਂ ਕਿ ‘ਪਤਰਸ ਆਪਣੇ ਮਨ ਵਿੱਚ ਚਿੰਤਾ ਕਰ ਰਿਹਾ ਸੀ ਭਈ ਇਹ ਦਰਸ਼ਣ ਜਿਹੜਾ ਉਸ ਨੇ ਵੇਖਿਆ ਹੈ ਸੋ ਕੀ ਹੋਊ?’—ਰਸੂਲਾਂ ਦੇ ਕਰਤੱਬ 10:5-17; 11:7-10.
19 ਪਤਰਸ ਨੂੰ ਪਤਾ ਨਹੀਂ ਸੀ ਕਿ ਪਿੱਛਲੇ ਦਿਨ 50 ਕਿਲੋਮੀਟਰ ਦੂਰ ਕੈਸਰਿਯਾ ਵਿਚ ਪਰਾਈ ਕੌਮ ਦੇ ਇਕ ਆਦਮੀ ਕੁਰਨੇਲਿਯੁਸ ਨੇ ਵੀ ਇਕ ਦਰਸ਼ਣ ਦੇਖਿਆ ਸੀ। ਯਹੋਵਾਹ ਦੇ ਦੂਤ ਨੇ ਕੁਰਨੇਲਿਯੁਸ ਨੂੰ ਕਿਹਾ ਸੀ ਕਿ ਉਹ ਪਤਰਸ ਨੂੰ ਮਿਲਣ ਲਈ ਆਪਣੇ ਨੌਕਰਾਂ ਨੂੰ ਸ਼ਮਊਨ ਦੇ ਘਰ ਘੱਲੇ। ਕੁਰਨੇਲਿਯੁਸ ਨੇ ਆਪਣੇ ਨੌਕਰ ਸ਼ਮਊਨ ਦੇ ਘਰ ਘੱਲੇ ਅਤੇ ਪਤਰਸ ਉਨ੍ਹਾਂ ਨੇ ਨਾਲ ਕੈਸਰਿਯਾ ਚਲਾ ਗਿਆ। ਉੱਥੇ ਉਸ ਨੇ ਕੁਰਨੇਲਿਯੁਸ, ਉਸ ਦੇ ਪਰਿਵਾਰ ਅਤੇ ਉਸ ਦੇ ਦੋਸਤਾਂ ਨੂੰ ਪ੍ਰਚਾਰ ਕੀਤਾ। ਇਸ ਦਾ ਨਤੀਜਾ ਇਹ ਨਿਕਲਿਆ ਕਿ ਉਹ ਪਰਾਈਆਂ ਕੌਮਾਂ ਵਿੱਚੋਂ ਪਹਿਲੇ ਅਜਿਹੇ ਲੋਕ ਬਣੇ ਜਿਨ੍ਹਾਂ ਨੂੰ ਰਾਜ ਦੇ ਵਾਰਸ ਬਣਨ ਲਈ ਪਵਿੱਤਰ ਆਤਮਾ ਦਿੱਤੀ ਗਈ। ਭਾਵੇਂ ਕਿ ਇਨ੍ਹਾਂ ਆਦਮੀਆਂ ਨੇ ਸੁੰਨਤ ਨਹੀਂ ਕਰਾਈ ਸੀ, ਫਿਰ ਵੀ ਜਿਨ੍ਹਾਂ ਨੇ ਪਤਰਸ ਦੀ ਗੱਲ ਸੁਣੀ, ਉਨ੍ਹਾਂ ਸਾਰਿਆਂ ਨੇ ਬਪਤਿਸਮਾ ਲਿਆ। ਇਸ ਤਰ੍ਹਾਂ ਯਹੂਦੀਆਂ ਦੀ ਨਜ਼ਰ ਵਿਚ ਅਸ਼ੁੱਧ ਸਮਝੇ ਜਾਂਦੇ ਦੂਸਰੀਆਂ ਕੌਮਾਂ ਦੇ ਲੋਕਾਂ ਲਈ ਮਸੀਹੀ ਕਲੀਸਿਯਾ ਦੇ ਮੈਂਬਰ ਬਣਨ ਦਾ ਰਾਹ ਖੁੱਲ੍ਹ ਗਿਆ। (ਰਸੂਲਾਂ ਦੇ ਕਰਤੱਬ 10:1-48; 11:18) ਪਤਰਸ ਨੂੰ ਇਹ ਕਿੰਨਾ ਵਧੀਆ ਮੌਕਾ ਮਿਲਿਆ! ਇਹ ਉਸ ਨੂੰ ਇਸ ਕਰਕੇ ਮਿਲਿਆ ਕਿਉਂਕਿ ਸੱਚਾਈ ਉਸ ਨੂੰ ਬਹੁਤ ਪਿਆਰੀ ਸੀ ਜਿਸ ਕਰਕੇ ਉਸ ਨੇ ਯਹੋਵਾਹ ਦੀਆਂ ਹਿਦਾਇਤਾਂ ਦੀ ਪਾਲਣਾ ਕੀਤੀ ਅਤੇ ਕੰਮਾਂ ਦੁਆਰਾ ਨਿਹਚਾ ਦਿਖਾਈ।
20. ਜਦੋਂ ਅਸੀਂ ਸੱਚਾਈ ਨੂੰ ਪ੍ਰਥਮ ਰੱਖ ਕੇ ਉਸ ਉੱਤੇ ਚੱਲਦੇ ਹਾਂ, ਤਾਂ ਪਰਮੇਸ਼ੁਰ ਸਾਨੂੰ ਕਿਹੜੀ ਮਦਦ ਦਿੰਦਾ ਹੈ?
20 ਪੌਲੁਸ ਨਸੀਹਤ ਦਿੰਦਾ ਹੈ: “ਅਸੀਂ ਪ੍ਰੇਮ ਨਾਲ ਸੱਚ ਕਮਾਉਂਦਿਆਂ ਹੋਇਆਂ ਉਸ ਵਿੱਚ ਜੋ ਸਿਰ ਹੈ ਅਰਥਾਤ ਮਸੀਹ ਵਿੱਚ ਹਰ ਤਰਾਂ ਵਧਦੇ ਜਾਈਏ।” (ਟੇਢੇ ਟਾਈਪ ਸਾਡੇ।) (ਅਫ਼ਸੀਆਂ 4:15) ਜੀ ਹਾਂ, ਜੇਕਰ ਅਸੀਂ ਸੱਚਾਈ ਨੂੰ ਪ੍ਰਥਮ ਰੱਖ ਕੇ ਉਸ ਉੱਤੇ ਚੱਲਦੇ ਰਹੀਏ ਅਤੇ ਯਹੋਵਾਹ ਦੀ ਪਵਿੱਤਰ ਆਤਮਾ ਦੀ ਅਗਵਾਈ ਵਿਚ ਚੱਲਦੇ ਰਹੀਏ ਤਾਂ ਸਾਨੂੰ ਬੇਹੱਦ ਖ਼ੁਸ਼ੀ ਮਿਲੇਗੀ। ਪ੍ਰਚਾਰ ਦੇ ਕੰਮ ਵਿਚ ਪਵਿੱਤਰ ਦੂਤਾਂ ਦੀ ਮਦਦ ਨੂੰ ਵੀ ਕਦੀ ਨਾ ਭੁੱਲੋ। (ਪਰਕਾਸ਼ ਦੀ ਪੋਥੀ 14:6, 7; 22:6) ਸਾਡੇ ਲਈ ਇਹ ਕਿੰਨੇ ਮਾਣ ਦੀ ਗੱਲ ਹੈ ਕਿ ਯਹੋਵਾਹ ਨੇ ਸਾਨੂੰ ਜੋ ਕੰਮ ਦਿੱਤਾ ਹੈ ਉਸ ਵਿਚ ਦੂਤ ਸਾਡੀ ਮਦਦ ਕਰਦੇ ਹਨ! ਵਫ਼ਾਦਾਰ ਰਹਿ ਕੇ ਅਸੀਂ ਸੱਚਾਈ ਦੇ ਪਰਮੇਸ਼ੁਰ ਯਹੋਵਾਹ ਦੀ ਅਨੰਤ ਕਾਲ ਤਕ ਮਹਿਮਾ ਕਰ ਸਕਾਂਗੇ। ਕੀ ਇਸ ਨਾਲੋਂ ਹੋਰ ਕੋਈ ਚੀਜ਼ ਜ਼ਿਆਦਾ ਕੀਮਤੀ ਹੋ ਸਕਦੀ ਹੈ?—ਯੂਹੰਨਾ 17:3.
ਅਸੀਂ ਕੀ ਸਿੱਖਿਆ ਹੈ?
• ਬਹੁਤ ਸਾਰੇ ਲੋਕ ਸੱਚਾਈ ਸਵੀਕਾਰ ਕਿਉਂ ਨਹੀਂ ਕਰਦੇ?
• ਮਸੀਹੀਆਂ ਨੂੰ ਸ਼ਤਾਨ ਦੀ ਦੁਨੀਆਂ ਦੀਆਂ ਚੀਜ਼ਾਂ ਨੂੰ ਕਿਸ ਨਜ਼ਰ ਨਾਲ ਦੇਖਣਾ ਚਾਹੀਦਾ ਹੈ?
• ਸਭਾਵਾਂ ਪ੍ਰਤੀ ਸਾਡਾ ਰਵੱਈਆ ਕੀ ਹੋਣਾ ਚਾਹੀਦਾ ਹੈ ਅਤੇ ਕਿਉਂ?
• ਆਪਣੀ ਅਧਿਆਤਮਿਕਤਾ ਦੀ ਰਾਖੀ ਕਰਨ ਲਈ ਸਾਡੇ ਉੱਤੇ ਕਿਹੜੀ ਜ਼ਿੰਮੇਵਾਰੀ ਆਉਂਦੀ ਹੈ?
[ਸਫ਼ੇ 18 ਉੱਤੇ ਤਸਵੀਰ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਵੱਡਾ ਸਾਗਰ
ਕੈਸਰਿਯਾ
ਸ਼ਰੋਨ ਦੀ ਦੂਣ
ਯਾੱਪਾ
ਲੁੱਦਾ
ਯਰੂਸ਼ਲਮ
[ਤਸਵੀਰ]
ਪਤਰਸ ਨੇ ਪਰਮੇਸ਼ੁਰ ਦੀਆਂ ਹਿਦਾਇਤਾਂ ਦੀ ਪਾਲਣਾ ਕੀਤੀ ਅਤੇ ਅਚਾਨਕ ਬਰਕਤਾਂ ਦਾ ਆਨੰਦ ਮਾਣਿਆ
[ਕ੍ਰੈਡਿਟ ਲਾਈਨ]
ਨਕਸ਼ੇ: Mountain High Maps® Copyright © 1997 Digital Wisdom, Inc.
[ਸਫ਼ੇ 13 ਉੱਤੇ ਤਸਵੀਰ]
ਯਿਸੂ ਨੇ ਸੱਚਾਈ ਦੀ ਗਵਾਹੀ ਦਿੱਤੀ
[ਸਫ਼ੇ 15 ਉੱਤੇ ਤਸਵੀਰ]
ਸਰੀਰਕ ਭੋਜਨ ਵਾਂਗ ਅਧਿਆਤਮਿਕ ਭੋਜਨ ਸਾਡੀ ਭਲਾਈ ਲਈ ਬਹੁਤ ਹੀ ਜ਼ਰੂਰੀ ਹੈ