ਈਸ਼ਵਰੀ ਸਰਬਸੱਤਾ ਲਈ ਮਸੀਹੀ ਗਵਾਹ
“ਤੁਸੀਂ ਉਹ ਦਿਆਂ ਗੁਣਾਂ ਦਾ ਪਰਚਾਰ ਕਰੋ ਜਿਹ ਨੇ ਤੁਹਾਨੂੰ ਅਨ੍ਹੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ।”—1 ਪਤਰਸ 2:9.
1. ਪੂਰਵ-ਮਸੀਹੀ ਸਮਿਆਂ ਵਿਚ ਯਹੋਵਾਹ ਬਾਰੇ ਕਿਹੜੀ ਪ੍ਰਭਾਵਸ਼ਾਲੀ ਗਵਾਹੀ ਦਿੱਤੀ ਗਈ ਸੀ?
ਪੂਰਵ-ਮਸੀਹੀ ਸਮਿਆਂ ਵਿਚ, ਗਵਾਹਾਂ ਦੀ ਇਕ ਲੰਬੀ ਸੂਚੀ ਨੇ ਦਲੇਰੀ ਨਾਲ ਗਵਾਹੀ ਦਿੱਤੀ ਕਿ ਯਹੋਵਾਹ ਹੀ ਕੇਵਲ ਸੱਚਾ ਪਰਮੇਸ਼ੁਰ ਹੈ। (ਇਬਰਾਨੀਆਂ 11:4–12:1) ਆਪਣੀ ਨਿਹਚਾ ਵਿਚ ਮਜ਼ਬੂਤ, ਉਨ੍ਹਾਂ ਨੇ ਨਿਡਰ ਹੋ ਕੇ ਯਹੋਵਾਹ ਦਿਆਂ ਨਿਯਮਾਂ ਦਾ ਪਾਲਣ ਕੀਤਾ ਅਤੇ ਉਪਾਸਨਾ ਦਿਆਂ ਮਾਮਲਿਆਂ ਵਿਚ ਸਮਝੌਤਾ ਕਰਨ ਤੋਂ ਇਨਕਾਰ ਕੀਤਾ। ਉਨ੍ਹਾਂ ਨੇ ਯਹੋਵਾਹ ਦੀ ਵਿਸ਼ਵ ਸਰਬਸੱਤਾ ਲਈ ਇਕ ਸ਼ਕਤੀਸ਼ਾਲੀ ਗਵਾਹੀ ਦਿੱਤੀ।—ਜ਼ਬੂਰ 18:21-23; 47:1, 2.
2. (ੳ) ਕੌਣ ਯਹੋਵਾਹ ਦਾ ਸਰਬ ਮਹਾਨ ਗਵਾਹ ਹੈ? (ਅ) ਯਹੋਵਾਹ ਦੇ ਗਵਾਹ ਦੇ ਤੌਰ ਤੇ ਇਸਰਾਏਲ ਕੌਮ ਦੀ ਥਾਂ ਕਿਸ ਨੇ ਲਈ? ਅਸੀਂ ਕਿਸ ਤਰ੍ਹਾਂ ਜਾਣਦੇ ਹਾਂ?
2 ਆਖ਼ਰੀ ਅਤੇ ਸਰਬ ਮਹਾਨ ਪੂਰਵ-ਮਸੀਹੀ ਗਵਾਹ ਯੂਹੰਨਾ ਬਪਤਿਸਮਾ ਦੇਣ ਵਾਲਾ ਸੀ। (ਮੱਤੀ 11:11) ਉਸ ਨੂੰ ਚੁਣੇ ਹੋਏ ਵਿਅਕਤੀ ਦੇ ਆਉਣ ਦੀ ਘੋਸ਼ਣਾ ਕਰਨ ਦਾ ਵਿਸ਼ੇਸ਼-ਸਨਮਾਨ ਮਿਲਿਆ ਸੀ, ਅਤੇ ਉਸ ਨੇ ਯਿਸੂ ਨੂੰ ਵਾਅਦਾ ਕੀਤੇ ਹੋਏ ਮਸੀਹਾ ਦੇ ਤੌਰ ਤੇ ਪਰਿਚਿਤ ਕਰਵਾਇਆ ਸੀ। (ਯੂਹੰਨਾ 1:29-34) ਯਿਸੂ ਯਹੋਵਾਹ ਦਾ ਸਰਬ ਮਹਾਨ ਗਵਾਹ ਹੈ, ਅਰਥਾਤ “ਵਫ਼ਾਦਾਰ ਅਤੇ ਸੱਚਾ ਗਵਾਹ।” (ਪਰਕਾਸ਼ ਦੀ ਪੋਥੀ 3:14) ਕਿਉਂਕਿ ਸਰੀਰਕ ਇਸਰਾਏਲ ਨੇ ਯਿਸੂ ਨੂੰ ਰੱਦ ਕੀਤਾ ਸੀ, ਯਹੋਵਾਹ ਨੇ ਉਨ੍ਹਾਂ ਨੂੰ ਰੱਦ ਕੀਤਾ ਅਤੇ ਇਕ ਨਵੀਂ ਕੌਮ, ਪਰਮੇਸ਼ੁਰ ਦੀ ਅਧਿਆਤਮਿਕ ਇਸਰਾਏਲ, ਨੂੰ ਆਪਣੀ ਗਵਾਹ ਹੋਣ ਲਈ ਨਿਯੁਕਤ ਕੀਤਾ। (ਯਸਾਯਾਹ 42:8-12; ਯੂਹੰਨਾ 1:11, 12; ਗਲਾਤੀਆਂ 6:16) ਪਤਰਸ ਨੇ ਇਸਰਾਏਲ ਬਾਰੇ ਇਕ ਭਵਿੱਖਬਾਣੀ ਦਾ ਹਵਾਲਾ ਦਿੱਤਾ ਅਤੇ ਦਿਖਾਇਆ ਕਿ ਇਹ “ਪਰਮੇਸ਼ੁਰ ਦੇ ਇਸਰਾਏਲ,” ਅਰਥਾਤ ਮਸੀਹੀ ਕਲੀਸਿਯਾ ਲਈ ਲਾਗੂ ਹੋਈ, ਜਦੋਂ ਉਸ ਨੇ ਕਿਹਾ: “ਤੁਸੀਂ ਚੁਣਿਆ ਹੋਇਆ ਵੰਸ, ਜਾਜਕਾਂ ਦੀ ਸ਼ਾਹੀ ਮੰਡਲੀ, ਪਵਿੱਤਰ ਕੌਮ, ਪਰਮੇਸ਼ੁਰ ਦੀ ਖਾਸ ਪਰਜਾ ਹੋ ਭਈ ਤੁਸੀਂ ਉਹ ਦਿਆਂ ਗੁਣਾਂ ਦਾ ਪਰਚਾਰ ਕਰੋ ਜਿਹ ਨੇ ਤੁਹਾਨੂੰ ਅਨ੍ਹੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ।”—1 ਪਤਰਸ 2:9; ਕੂਚ 19:5, 6; ਯਸਾਯਾਹ 43:21; 60:2.
3. ਪਰਮੇਸ਼ੁਰ ਦੀ ਇਸਰਾਏਲ ਅਤੇ “ਵੱਡੀ ਭੀੜ” ਦੀ ਬੁਨਿਆਦੀ ਜ਼ਿੰਮੇਵਾਰੀ ਕੀ ਹੈ?
3 ਪਤਰਸ ਦੇ ਸ਼ਬਦ ਦਿਖਾਉਂਦੇ ਹਨ ਕਿ ਪਰਮੇਸ਼ੁਰ ਦੀ ਇਸਰਾਏਲ ਦੀ ਬੁਨਿਆਦੀ ਜ਼ਿੰਮੇਵਾਰੀ ਯਹੋਵਾਹ ਦੀ ਮਹਿਮਾ ਬਾਰੇ ਇਕ ਜਨਤਕ ਗਵਾਹੀ ਦੇਣਾ ਹੈ। ਸਾਡੇ ਦਿਨਾਂ ਵਿਚ ਅਧਿਆਤਮਿਕ ਕੌਮ ਨਾਲ ਗਵਾਹਾਂ ਦੀ ਇਕ “ਵੱਡੀ ਭੀੜ” ਵੀ ਮਿਲ ਚੁੱਕੀ ਹੈ ਜੋ ਜਨਤਕ ਤੌਰ ਤੇ ਪਰਮੇਸ਼ੁਰ ਦੀ ਮਹਿਮਾ ਕਰਦੀ ਹੈ। ਉਹ ਸਾਰਿਆਂ ਦੇ ਸੁਣਨ ਲਈ ਇਕ ਉੱਚੀ ਆਵਾਜ਼ ਨਾਲ ਚਿਲਾਉਂਦੇ ਹਨ: “ਮੁਕਤੀ ਸਾਡੇ ਪਰਮੇਸ਼ੁਰ ਵੱਲੋਂ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਅਤੇ ਲੇਲੇ ਵੱਲੋਂ ਹੈ!” (ਪਰਕਾਸ਼ ਦੀ ਪੋਥੀ 7:9, 10; ਯਸਾਯਾਹ 60:8-10) ਪਰਮੇਸ਼ੁਰ ਦੀ ਇਸਰਾਏਲ ਅਤੇ ਇਸ ਦੇ ਸਾਥੀ ਕਿਸ ਤਰ੍ਹਾਂ ਆਪਣੀ ਗਵਾਹੀ ਪੂਰੀ ਕਰ ਸਕਦੇ ਹਨ? ਆਪਣੀ ਨਿਹਚਾ ਅਤੇ ਆਗਿਆਕਾਰਤਾ ਦੇ ਦੁਆਰਾ।
ਝੂਠੇ ਗਵਾਹ
4. ਯਿਸੂ ਦੇ ਦਿਨਾਂ ਦੇ ਯਹੂਦੀ ਝੂਠੇ ਗਵਾਹ ਕਿਉਂ ਸਨ?
4 ਨਿਹਚਾ ਅਤੇ ਆਗਿਆਕਾਰਤਾ ਵਿਚ ਸ਼ਾਮਲ ਹੈ, ਈਸ਼ਵਰੀ ਸਿਧਾਂਤਾਂ ਦੇ ਅਨੁਸਾਰ ਜੀਉਣਾ। ਇਸ ਦੀ ਮਹੱਤਤਾ ਉਸ ਵਿਚ ਦੇਖੀ ਜਾ ਸਕਦੀ ਹੈ ਜੋ ਯਿਸੂ ਨੇ ਆਪਣੇ ਦਿਨਾਂ ਦੇ ਯਹੂਦੀ ਧਾਰਮਿਕ ਆਗੂਆਂ ਦੇ ਬਾਰੇ ਕਿਹਾ ਸੀ। ਉਹ ਬਿਵਸਥਾ ਦੇ ਸਿੱਖਿਅਕਾਂ ਦੇ ਤੌਰ ਤੇ “ਮੂਸਾ ਦੀ ਗੱਦੀ ਉੱਤੇ ਬੈਠੇ” ਸਨ। ਉਨ੍ਹਾਂ ਨੇ ਅਵਿਸ਼ਵਾਸੀਆਂ ਨੂੰ ਧਰਮ-ਪਰਿਵਰਤਿਤ ਕਰਨ ਲਈ ਮਿਸ਼ਨਰੀਆਂ ਨੂੰ ਵੀ ਭੇਜਿਆ ਸੀ। ਫਿਰ ਵੀ, ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਇੱਕ ਮਨੁੱਖ ਨੂੰ ਆਪਣੇ ਪੰਥ ਵਿੱਚ ਰਲਾਉਣ ਲਈ ਜਲ ਥਲ ਗਾਹੁੰਦੇ ਹੋ ਅਤੇ ਜਾਂ ਉਹ ਆ ਚੁੱਕਿਆ ਤਾਂ ਤੁਸੀਂ ਉਹ ਨੂੰ ਆਪਣੇ ਨਾਲੋਂ ਦੂਣਾ ਨਰਕ [“ਗ਼ਹੈਨਾ,” ਨਿ ਵ] ਦਾ ਪੁੱਤ੍ਰ ਬਣਾਉਂਦੇ ਹੋ।” ਇਹ ਕੱਟੜ-ਧਰਮੀ ਝੂਠੇ ਗਵਾਹ ਸਨ—ਘਮੰਡੀ, ਪਖੰਡੀ, ਅਤੇ ਨਿਰਦਈ। (ਮੱਤੀ 23:1-12, 15) ਇਕ ਮੌਕੇ ਤੇ ਯਿਸੂ ਨੇ ਕੁਝ ਯਹੂਦੀਆਂ ਨੂੰ ਕਿਹਾ: “ਤੁਸੀਂ ਆਪਣੇ ਪਿਉ ਸ਼ਤਾਨ ਤੋਂ ਹੋ ਅਤੇ ਆਪਣੇ ਪਿਉ ਦੀਆਂ ਕਾਮਨਾਂ ਦੇ ਅਨੁਸਾਰ ਕਰਨਾ ਚਾਹੁੰਦੇ ਹੋ।” ਉਸ ਨੇ ਪਰਮੇਸ਼ੁਰ ਦੀ ਚੁਣੀ ਹੋਈ ਕੌਮ ਨੂੰ ਅਜਿਹੀ ਗੱਲ ਕਿਉਂ ਕਹੀ ਹੋਵੇਗੀ? ਕਿਉਂਕਿ ਉਹ ਯਹੋਵਾਹ ਦੇ ਮਹਾਨ ਗਵਾਹ ਦਿਆਂ ਸ਼ਬਦਾਂ ਨੂੰ ਨਹੀਂ ਸੁਣਦੇ ਸਨ।—ਯੂਹੰਨਾ 8:41, 44, 47.
5. ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਮਸੀਹੀ-ਜਗਤ ਨੇ ਪਰਮੇਸ਼ੁਰ ਦੇ ਬਾਰੇ ਝੂਠੀ ਗਵਾਹੀ ਦਿੱਤੀ ਹੈ?
5 ਇਸੇ ਤਰ੍ਹਾਂ, ਯਿਸੂ ਦੇ ਸਮੇਂ ਤੋਂ ਲੈ ਕੇ ਸਦੀਆਂ ਦੇ ਦੌਰਾਨ, ਮਸੀਹੀ-ਜਗਤ ਵਿਚ ਕਰੋੜਾਂ ਨੇ ਉਸ ਦੇ ਚੇਲੇ ਹੋਣ ਦਾ ਦਾਅਵਾ ਕੀਤਾ ਹੈ। ਫਿਰ ਵੀ, ਉਨ੍ਹਾਂ ਨੇ ਪਰਮੇਸ਼ੁਰ ਦੀ ਇੱਛਾ ਪੂਰੀ ਨਹੀਂ ਕੀਤੀ ਹੈ ਅਤੇ ਇਸ ਤਰ੍ਹਾਂ ਯਿਸੂ ਦੁਆਰਾ ਪਛਾਣੇ ਨਹੀਂ ਜਾਂਦੇ ਹਨ। (ਮੱਤੀ 7:21-23; 1 ਕੁਰਿੰਥੀਆਂ 13:1-3) ਮਸੀਹੀ-ਜਗਤ ਨੇ ਮਿਸ਼ਨਰੀ ਭੇਜੇ ਹਨ, ਜਿਨ੍ਹਾਂ ਵਿੱਚੋਂ ਨਿਰਸੰਦੇਹ ਬਹੁਤੇਰੇ ਨੇਕਦਿਲ ਸਨ। ਫਿਰ ਵੀ, ਉਨ੍ਹਾਂ ਨੇ ਲੋਕਾਂ ਨੂੰ ਇਕ ਤ੍ਰਿਏਕ ਪਰਮੇਸ਼ੁਰ ਦੀ ਉਪਾਸਨਾ ਕਰਨੀ ਸਿਖਾਈ, ਜੋ ਪਾਪੀਆਂ ਨੂੰ ਨਰਕ ਦੀ ਅੱਗ ਵਿਚ ਸਾੜਦਾ ਹੈ, ਅਤੇ ਉਨ੍ਹਾਂ ਦੇ ਧਰਮ-ਪਰਿਵਰਤਿਤ ਕੀਤਿਆਂ ਵਿੱਚੋਂ ਜ਼ਿਆਦਾਤਰ ਲੋਕ ਮਸੀਹੀ ਹੋਣ ਦਾ ਥੋੜ੍ਹਾ ਹੀ ਸਬੂਤ ਦਿਖਾਉਂਦੇ ਹਨ। ਉਦਾਹਰਣ ਲਈ, ਅਫਰੀਕੀ ਦੇਸ਼ ਰਵਾਂਡਾ ਰੋਮਨ ਕੈਥੋਲਿਕ ਮਿਸ਼ਨਰੀਆਂ ਲਈ ਇਕ ਉਪਜਾਊ ਖੇਤਰ ਰਿਹਾ ਹੈ। ਫਿਰ ਵੀ, ਰਵਾਂਡਾ ਦੇ ਕੈਥੋਲਿਕਾਂ ਨੇ ਪੂਰੇ ਦਿਲ ਨਾਲ ਉਸ ਦੇਸ਼ ਵਿਚ ਹੋਏ ਹਾਲ ਹੀ ਦਿਆਂ ਨਸਲੀ ਦੰਗਿਆਂ ਵਿਚ ਹਿੱਸਾ ਲਿਆ। ਉਸ ਮਿਸ਼ਨਰੀ ਖੇਤਰ ਦੇ ਫਲ ਦਿਖਾਉਂਦੇ ਹਨ ਕਿ ਇਸ ਨੂੰ ਮਸੀਹੀ-ਜਗਤ ਵੱਲੋਂ ਇਕ ਸੱਚੀ ਮਸੀਹੀ ਗਵਾਹੀ ਪ੍ਰਾਪਤ ਨਹੀਂ ਹੋਈ ਹੈ।—ਮੱਤੀ 7:15-20.
ਈਸ਼ਵਰੀ ਸਿਧਾਂਤਾਂ ਅਨੁਸਾਰ ਜੀਉਣਾ
6. ਸਹੀ ਆਚਰਣ ਕਿਹੜੇ ਤਰੀਕਿਆਂ ਤੋਂ ਗਵਾਹੀ ਦੇਣ ਦਾ ਇਕ ਅਤਿ-ਮਹੱਤਵਪੂਰਣ ਹਿੱਸਾ ਹੈ?
6 ਜਿਹੜੇ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ, ਉਨ੍ਹਾਂ ਦੁਆਰਾ ਗ਼ਲਤ ਆਚਰਣ “ਸਚਿਆਈ ਦੇ ਮਾਰਗ” ਉੱਪਰ ਨਿੰਦਿਆ ਲਿਆਉਂਦਾ ਹੈ। (2 ਪਤਰਸ 2:2) ਇਕ ਸੱਚਾ ਮਸੀਹੀ ਈਸ਼ਵਰੀ ਸਿਧਾਂਤਾਂ ਦੇ ਅਨੁਸਾਰ ਜੀਵਨ ਬਿਤਾਉਂਦਾ ਹੈ। ਉਹ ਚੋਰੀ, ਝੂਠ, ਧੋਖਾ, ਜਾਂ ਅਨੈਤਿਕਤਾ ਨਹੀਂ ਕਰਦਾ ਹੈ। (ਰੋਮੀਆਂ 2:22) ਨਿਸ਼ਚੇ ਹੀ ਉਹ ਆਪਣੇ ਗੁਆਂਢੀ ਦਾ ਕਤਲ ਨਹੀਂ ਕਰਦਾ ਹੈ। ਮਸੀਹੀ ਪਤੀ ਆਪਣਿਆਂ ਪਰਿਵਾਰਾਂ ਦੀ ਪ੍ਰੇਮਪੂਰਣ ਨਿਗਰਾਨੀ ਕਰਦੇ ਹਨ। ਪਤਨੀਆਂ ਆਦਰ ਸਹਿਤ ਉਸ ਨਿਗਰਾਨੀ ਦਾ ਸਮਰਥਨ ਕਰਦੀਆਂ ਹਨ। ਬੱਚੇ ਆਪਣੇ ਮਾਪਿਆਂ ਦੁਆਰਾ ਸਿਖਲਾਏ ਜਾਂਦੇ ਹਨ ਅਤੇ ਇਸ ਤਰ੍ਹਾਂ ਜ਼ਿੰਮੇਵਾਰ ਮਸੀਹੀ ਬਾਲਗ ਬਣਨ ਲਈ ਤਿਆਰ ਕੀਤੇ ਜਾਂਦੇ ਹਨ। (ਅਫ਼ਸੀਆਂ 5:21–6:4) ਸੱਚ ਹੈ ਕਿ ਅਸੀਂ ਸਾਰੇ ਅਪੂਰਣ ਹਾਂ ਅਤੇ ਗ਼ਲਤੀਆਂ ਕਰਦੇ ਹਾਂ। ਪਰੰਤੂ ਇਕ ਅਸਲੀ ਮਸੀਹੀ ਬਾਈਬਲ ਦੇ ਮਿਆਰਾਂ ਦੀ ਕਦਰ ਕਰਦਾ ਹੈ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਵਾਸਤਵਿਕ ਕੋਸ਼ਿਸ਼ ਕਰਦਾ ਹੈ। ਦੂਸਰੇ ਲੋਕ ਇਸ ਨੂੰ ਦੇਖਦੇ ਹਨ ਅਤੇ ਇਹ ਇਕ ਉੱਤਮ ਗਵਾਹੀ ਸਾਬਤ ਹੁੰਦੀ ਹੈ। ਕਈ ਵਾਰੀ, ਉਹ ਜੋ ਪਹਿਲਾਂ ਸੱਚਾਈ ਦੀ ਵਿਰੋਧਤਾ ਕਰਦੇ ਸਨ, ਉਨ੍ਹਾਂ ਨੇ ਇਕ ਮਸੀਹੀ ਦਾ ਚੰਗਾ ਆਚਰਣ ਦੇਖਿਆ ਅਤੇ ਇਸ ਨੇ ਉਨ੍ਹਾਂ ਦਾ ਦਿਲ ਜਿੱਤ ਲਿਆ।—1 ਪਤਰਸ 2:12, 15; 3:1.
7. ਇਹ ਕਿੰਨਾ ਮਹੱਤਵਪੂਰਣ ਹੈ ਕਿ ਮਸੀਹੀ ਇਕ-ਦੂਜੇ ਨਾਲ ਪ੍ਰੇਮ ਕਰਨ?
7 ਯਿਸੂ ਨੇ ਮਸੀਹੀ ਆਚਰਣ ਦਾ ਇਕ ਅਤਿ-ਮਹੱਤਵਪੂਰਣ ਪਹਿਲੂ ਦਿਖਾਇਆ ਜਦੋਂ ਉਸ ਨੇ ਕਿਹਾ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:35) ਸ਼ਤਾਨ ਦਾ ਸੰਸਾਰ, “ਕੁਧਰਮ, ਬਦੀ, ਲੋਭ ਅਤੇ ਬੁਰਿਆਈ . . . ਖਾਰ, ਘਾਤ, ਝਗੜੇ, ਛਲ ਅਤੇ ਬਦਨੀਤੀ . . . ਲਾਵੇ ਲੁਤਰੇ, ਨਿੰਦਕ, ਪਰਮੇਸ਼ੁਰ ਦੇ ਵੈਰੀ, ਧੱਕੇ ਖੋਰੇ, ਹੰਕਾਰੀ, ਸ਼ੇਖੀਬਾਜ਼, ਬਦੀਆਂ ਦੇ ਉਸਤਾਦ, ਮਾਪਿਆਂ ਦੇ ਅਣਆਗਿਆਕਾਰ” ਦੁਆਰਾ ਚਿੰਨ੍ਹਿਤ ਹੈ। (ਰੋਮੀਆਂ 1:29, 30) ਅਜਿਹੇ ਵਾਤਾਵਰਣ ਵਿਚ, ਪ੍ਰੇਮ ਦੁਆਰਾ ਚਿੰਨ੍ਹਿਤ ਇਕ ਵਿਸ਼ਵ-ਵਿਆਪੀ ਸੰਗਠਨ ਪਰਮੇਸ਼ੁਰ ਦੀ ਆਤਮਾ ਦੀ ਕ੍ਰਿਆਸ਼ੀਲਤਾ ਦਾ ਇਕ ਸ਼ਕਤੀਸ਼ਾਲੀ ਸਬੂਤ ਹੋਵੇਗਾ—ਇਕ ਪ੍ਰਭਾਵਸ਼ਾਲੀ ਗਵਾਹੀ। ਯਹੋਵਾਹ ਦੇ ਗਵਾਹ ਇਕ ਅਜਿਹਾ ਹੀ ਸੰਗਠਨ ਹਨ।—1 ਪਤਰਸ 2:17.
ਗਵਾਹ ਬਾਈਬਲ ਦੇ ਵਿਦਿਆਰਥੀ ਹਨ
8, 9. (ੳ) ਜ਼ਬੂਰਾਂ ਦਾ ਲਿਖਾਰੀ ਕਿਸ ਤਰ੍ਹਾਂ ਪਰਮੇਸ਼ੁਰ ਦੀ ਬਿਵਸਥਾ ਦੇ ਅਧਿਐਨ ਅਤੇ ਇਸ ਤੇ ਮਨਨ ਕਰਨ ਦੁਆਰਾ ਤਕੜਾ ਹੋਇਆ ਸੀ? (ਅ) ਬਾਈਬਲ ਦਾ ਅਧਿਐਨ ਅਤੇ ਮਨਨ ਕਿਹੜੇ ਤਰੀਕਿਆਂ ਤੋਂ ਸਾਨੂੰ ਗਵਾਹੀ ਦਿੰਦੇ ਰਹਿਣ ਲਈ ਤਕੜੇ ਕਰੇਗਾ?
8 ਇਕ ਉੱਤਮ ਗਵਾਹੀ ਦੇਣ ਵਿਚ ਸਫਲ ਹੋਣ ਲਈ, ਇਕ ਮਸੀਹੀ ਨੂੰ ਯਹੋਵਾਹ ਦੇ ਧਰਮੀ ਸਿਧਾਂਤਾਂ ਨੂੰ ਜਾਣਨਾ ਅਤੇ ਪ੍ਰੇਮ ਕਰਨਾ ਅਤੇ ਸੱਚ-ਮੁੱਚ ਹੀ ਸੰਸਾਰ ਦੀ ਭ੍ਰਿਸ਼ਟਤਾ ਨਾਲ ਨਫ਼ਰਤ ਕਰਨੀ ਚਾਹੀਦੀ ਹੈ। (ਜ਼ਬੂਰ 97:10) ਸੰਸਾਰ ਆਪਣੀ ਸੋਚ ਨੂੰ ਅੱਗੇ ਵਧਾਉਣ ਲਈ ਜ਼ੋਰ ਪਾਉਂਦਾ ਹੈ, ਅਤੇ ਇਸ ਦੀ ਆਤਮਾ ਦਾ ਸਾਮ੍ਹਣਾ ਕਰਨਾ ਮੁਸ਼ਕਲ ਹੋ ਸਕਦਾ ਹੈ। (ਅਫ਼ਸੀਆਂ 2:1-3; 1 ਯੂਹੰਨਾ 2:15, 16) ਕਿਹੜੀ ਗੱਲ ਸਾਨੂੰ ਉਚਿਤ ਮਾਨਸਿਕ ਮਨੋਬਿਰਤੀ ਬਣਾਈ ਰੱਖਣ ਵਿਚ ਮਦਦ ਕਰ ਸਕਦੀ ਹੈ? ਬਾਈਬਲ ਦਾ ਨਿਯਮਿਤ ਅਤੇ ਅਰਥਪੂਰਣ ਅਧਿਐਨ। ਜ਼ਬੂਰ 119 ਦੇ ਲਿਖਾਰੀ ਨੇ ਯਹੋਵਾਹ ਦੀ ਬਿਵਸਥਾ ਲਈ ਆਪਣਾ ਪਿਆਰ ਕਈ ਵਾਰੀ ਦੁਹਰਾਇਆ। ਉਸ ਨੇ ਇਸ ਨੂੰ ਪੜ੍ਹਿਆ ਅਤੇ ਇਸ ਤੇ ਲਗਾਤਾਰ “ਦਿਨ ਭਰ” ਮਨਨ ਕੀਤਾ। (ਜ਼ਬੂਰ 119:92, 93, 97-105) ਨਤੀਜੇ ਵਜੋਂ, ਉਹ ਲਿਖ ਸਕਿਆ: “ਮੈਂ ਝੂਠ ਨਾਲ ਵੈਰ ਤੇ ਘਿਣ ਕਰਦਾ ਹਾਂ, ਪਰ ਤੇਰੀ ਬਿਵਸਥਾ ਨਾਲ ਮੈਂ ਪ੍ਰੀਤ ਰੱਖਦਾ ਹਾਂ।” ਇਸ ਤੋਂ ਇਲਾਵਾ, ਉਸ ਦੇ ਗਹਿਰੇ ਪ੍ਰੇਮ ਨੇ ਉਸ ਨੂੰ ਕੰਮ ਕਰਨ ਲਈ ਪ੍ਰੇਰਿਆ। ਉਹ ਕਹਿੰਦਾ ਹੈ: “ਤੇਰੇ ਧਰਮ ਦੇ ਨਿਆਵਾਂ ਦੇ ਕਾਰਨ, ਮੈਂ ਦਿਨ ਵਿੱਚ ਸੱਤ ਵਾਰ ਤੇਰੀ ਉਸਤਤ ਕਰਦਾ ਹਾਂ।”—ਜ਼ਬੂਰ 119:163, 164.
9 ਇਸੇ ਤਰ੍ਹਾਂ, ਸਾਡਾ ਪਰਮੇਸ਼ੁਰ ਦੇ ਬਚਨ ਦਾ ਨਿਯਮਿਤ ਅਧਿਐਨ ਕਰਨਾ ਅਤੇ ਇਸ ਉੱਤੇ ਮਨਨ ਕਰਨਾ ਸਾਡੇ ਦਿਲਾਂ ਨੂੰ ਛੁਹੇਗਾ ਅਤੇ ਸਾਨੂੰ ‘ਉਸ ਦੀ ਉਸਤਤ’—ਯਹੋਵਾਹ ਬਾਰੇ ਗਵਾਹੀ—ਬਾਰੰਬਾਰ, “ਦਿਨ ਵਿੱਚ ਸੱਤ ਵਾਰ” ਵੀ ਕਰਨ ਲਈ ਪ੍ਰੇਰਿਤ ਕਰੇਗਾ। (ਰੋਮੀਆਂ 10:10) ਇਸ ਨਾਲ ਇਕਸਾਰਤਾ ਵਿਚ, ਪਹਿਲੇ ਜ਼ਬੂਰ ਦਾ ਲਿਖਾਰੀ ਕਹਿੰਦਾ ਹੈ ਕਿ ਉਹ ਜੋ ਨਿਯਮਿਤ ਤੌਰ ਤੇ ਯਹੋਵਾਹ ਦਿਆਂ ਬਚਨਾਂ ਉੱਤੇ ਮਨਨ ਕਰਦਾ ਹੈ, “ਉਸ ਬਿਰਛ ਵਰਗਾ ਹੋਵੇਗਾ, ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁਤ ਸਿਰ ਆਪਣਾ ਫਲ ਦਿੰਦਾ ਹੈ, ਜਿਹ ਦੇ ਪੱਤੇ ਨਹੀਂ ਕੁਮਲਾਉਂਦੇ, ਅਤੇ ਜੋ ਕੁਝ ਉਹ ਕਰੇ ਸੋ ਸਫ਼ਲ ਹੁੰਦਾ ਹੈ।” (ਜ਼ਬੂਰ 1:3) ਰਸੂਲ ਪੌਲੁਸ ਨੇ ਵੀ ਪਰਮੇਸ਼ੁਰ ਦੇ ਬਚਨ ਦੀ ਸ਼ਕਤੀ ਦਿਖਾਈ ਜਦੋਂ ਉਸ ਨੇ ਲਿਖਿਆ: “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ। ਭਈ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ।”—2 ਤਿਮੋਥਿਉਸ 3:16, 17.
10. ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਯਹੋਵਾਹ ਦੇ ਲੋਕਾਂ ਬਾਰੇ ਕੀ ਸਪੱਸ਼ਟ ਹੈ?
10 ਇਸ 20ਵੀਂ ਸਦੀ ਵਿਚ ਸੱਚੇ ਉਪਾਸਕਾਂ ਦੀ ਗਿਣਤੀ ਵਿਚ ਤੇਜ਼ ਵਾਧਾ ਯਹੋਵਾਹ ਦੀ ਬਰਕਤ ਨੂੰ ਸੰਕੇਤ ਕਰਦਾ ਹੈ। ਨਿਰਸੰਦੇਹ, ਇਕ ਸਮੂਹ ਦੇ ਤੌਰ ਤੇ, ਈਸ਼ਵਰੀ ਸਰਬਸੱਤਾ ਲਈ ਇਨ੍ਹਾਂ ਆਧੁਨਿਕ-ਦਿਨ ਦੇ ਗਵਾਹਾਂ ਨੇ ਆਪਣਿਆਂ ਦਿਲਾਂ ਵਿਚ ਯਹੋਵਾਹ ਦੀ ਬਿਵਸਥਾ ਦਾ ਪ੍ਰੇਮ ਉਤਪੰਨ ਕੀਤਾ ਹੈ। ਜ਼ਬੂਰਾਂ ਦੇ ਲਿਖਾਰੀ ਵਾਂਙੁ, ਉਹ ਯਹੋਵਾਹ ਦੀ ਬਿਵਸਥਾ ਨੂੰ ਮੰਨਣ ਅਤੇ ਉਸ ਦੀ ਮਹਿਮਾ ਬਾਰੇ “ਰਾਤ ਦਿਨ” ਵਫ਼ਾਦਾਰੀ ਨਾਲ ਗਵਾਹੀ ਦੇਣ ਲਈ ਪ੍ਰੇਰਿਤ ਹੁੰਦੇ ਹਨ।—ਪਰਕਾਸ਼ ਦੀ ਪੋਥੀ 7:15.
ਯਹੋਵਾਹ ਦੇ ਸਮਰੱਥੀ ਕੰਮ
11, 12. ਯਿਸੂ ਅਤੇ ਉਸ ਦੇ ਅਨੁਯਾਈਆਂ ਦੁਆਰਾ ਕੀਤੇ ਗਏ ਚਮਤਕਾਰਾਂ ਨੇ ਕੀ ਮਕਸਦ ਪੂਰਾ ਕੀਤਾ?
11 ਪਹਿਲੀ ਸਦੀ ਵਿਚ, ਪਵਿੱਤਰ ਆਤਮਾ ਨੇ ਵਫ਼ਾਦਾਰ ਮਸੀਹੀ ਗਵਾਹਾਂ ਨੂੰ ਚਮਤਕਾਰ ਕਰਨ ਦੀ ਸ਼ਕਤੀ ਦਿੱਤੀ, ਜਿਸ ਤੋਂ ਠੋਸ ਸਬੂਤ ਮਿਲਦਾ ਹੈ ਕਿ ਉਨ੍ਹਾਂ ਦੀ ਗਵਾਹੀ ਸੱਚੀ ਸੀ। ਜਦੋਂ ਯੂਹੰਨਾ ਬਪਤਿਸਮਾ ਦੇਣ ਵਾਲਾ ਕੈਦ ਵਿਚ ਸੀ ਤਾਂ ਉਸ ਨੇ ਚੇਲਿਆਂ ਨੂੰ ਯਿਸੂ ਕੋਲ ਇਹ ਪੁੱਛਣ ਲਈ ਭੇਜਿਆ: “ਜਿਹੜਾ ਆਉਣ ਵਾਲਾ ਸੀ ਉਹ ਤੂੰ ਹੀ ਹੈਂ ਯਾ ਅਸੀਂ ਕਿਸੇ ਹੋਰ ਨੂੰ ਉਡੀਕੀਏ?” ਯਿਸੂ ਨੇ ਜਵਾਬ ਹਾਂ ਜਾਂ ਨਾ ਵਿਚ ਨਹੀਂ ਦਿੱਤਾ। ਇਸ ਦੀ ਬਜਾਇ, ਉਸ ਨੇ ਕਿਹਾ: “ਜੋ ਕੁਝ ਤੁਸੀਂ ਸੁਣਦੇ ਅਤੇ ਵੇਖਦੇ ਹੋ ਸੋ ਯੂਹੰਨਾ ਨੂੰ ਜਾ ਦੱਸਿਓ ਕਿ ਅੰਨ੍ਹੇ ਸੁਜਾਖੇ ਹੁੰਦੇ ਹਨ ਅਤੇ ਲੰਙੇ ਤੁਰਦੇ ਹਨ, ਕੋੜ੍ਹੀ ਸ਼ੁੱਧ ਕੀਤੇ ਜਾਂਦੇ ਹਨ ਅਤੇ ਬੋਲੇ ਸੁਣਦੇ ਹਨ ਅਤੇ ਮੁਰਦੇ ਜਿਵਾਏ ਜਾਂਦੇ ਹਨ ਅਤੇ ਗ਼ਰੀਬਾਂ ਨੂੰ ਖ਼ੁਸ਼ ਖ਼ਬਰੀ ਸੁਣਾਈ ਜਾਂਦੀ ਹੈ ਅਤੇ ਧੰਨ ਉਹ ਹੈ ਜੋ ਮੇਰੇ ਕਾਰਨ ਠੋਕਰ ਨਾ ਖਾਵੇ।” (ਮੱਤੀ 11:3-6) ਇਨ੍ਹਾਂ ਸ਼ਕਤੀਸ਼ਾਲੀ ਕੰਮਾਂ ਨੇ ਯੂਹੰਨਾ ਲਈ ਇਕ ਗਵਾਹੀ ਦੇ ਤੌਰ ਤੇ ਕੰਮ ਕੀਤਾ ਕਿ ਯਿਸੂ ਹੀ ਸੱਚ-ਮੁੱਚ ਉਹ ਸੀ “ਜਿਹੜਾ ਆਉਣ ਵਾਲਾ ਸੀ।”—ਰਸੂਲਾਂ ਦੇ ਕਰਤੱਬ 2:22.
12 ਇਸੇ ਤਰ੍ਹਾਂ, ਯਿਸੂ ਦੇ ਕੁਝ ਅਨੁਯਾਈਆਂ ਨੇ ਬੀਮਾਰਾਂ ਨੂੰ ਚੰਗੇ ਕੀਤਾ ਅਤੇ ਮੁਰਦਿਆਂ ਨੂੰ ਵੀ ਜੀ ਉਠਾਇਆ। (ਰਸੂਲਾਂ ਦੇ ਕਰਤੱਬ 5:15, 16; 20:9-12) ਇਹ ਚਮਤਕਾਰ ਉਨ੍ਹਾਂ ਦੇ ਨਿਮਿੱਤ ਖ਼ੁਦ ਪਰਮੇਸ਼ੁਰ ਵੱਲੋਂ ਇਕ ਗਵਾਹੀ ਦੇ ਬਰਾਬਰ ਸਨ। (ਇਬਰਾਨੀਆਂ 2:4) ਅਤੇ ਅਜਿਹਿਆਂ ਕੰਮਾਂ ਨੇ ਯਹੋਵਾਹ ਦੀ ਸਰਬ-ਸਮਰੱਥੀ ਸ਼ਕਤੀ ਦਾ ਪ੍ਰਦਰਸ਼ਨ ਦਿੱਤਾ। ਉਦਾਹਰਣ ਲਈ, ਇਹ ਸੱਚ ਹੈ ਕਿ ਸ਼ਤਾਨ, “ਜਗਤ ਦਾ ਸਰਦਾਰ,” ਮੌਤ ਲਿਆ ਸਕਦਾ ਹੈ। (ਯੂਹੰਨਾ 14:30; ਇਬਰਾਨੀਆਂ 2:14) ਪਰੰਤੂ ਜਦੋਂ ਪਤਰਸ ਨੇ ਵਫ਼ਾਦਾਰ ਔਰਤ ਤਬਿਥਾ ਨੂੰ ਮੁਰਦਿਆਂ ਵਿੱਚੋਂ ਜੀ ਉਠਾਇਆ ਤਾਂ ਉਹ ਕੇਵਲ ਯਹੋਵਾਹ ਦੀ ਸ਼ਕਤੀ ਦੇ ਦੁਆਰਾ ਹੀ ਇਹ ਕਰ ਸਕਦਾ ਸੀ, ਕਿਉਂਜੋ ਕੇਵਲ ਉਹੋ ਹੀ ਜੀਵਨ ਮੁੜ ਬਹਾਲ ਕਰ ਸਕਦਾ ਹੈ।—ਜ਼ਬੂਰ 16:10; 36:9; ਰਸੂਲਾਂ ਦੇ ਕਰਤੱਬ 2:25-27; 9:36-43.
13. (ੳ) ਬਾਈਬਲ ਚਮਤਕਾਰ ਅਜੇ ਵੀ ਕਿਸ ਤਰੀਕੇ ਨਾਲ ਯਹੋਵਾਹ ਦੀ ਸ਼ਕਤੀ ਦੀ ਪੁਸ਼ਟੀ ਕਰਦੇ ਹਨ? (ਅ) ਯਹੋਵਾਹ ਦੀ ਈਸ਼ੁਰਤਾਈ ਸਾਬਤ ਕਰਨ ਵਿਚ ਭਵਿੱਖਬਾਣੀ ਦੀ ਪੂਰਤੀ ਕਿਸ ਤਰ੍ਹਾਂ ਇਕ ਪ੍ਰਮੁੱਖ ਭੂਮਿਕਾ ਅਦਾ ਕਰਦੀ ਹੈ?
13 ਅੱਜ, ਅਜਿਹੇ ਚਮਤਕਾਰੀ ਕੰਮ ਹੋਰ ਨਹੀਂ ਹੁੰਦੇ ਹਨ। ਉਨ੍ਹਾਂ ਦਾ ਮਕਸਦ ਪੂਰਾ ਹੋ ਗਿਆ ਹੈ। (1 ਕੁਰਿੰਥੀਆਂ 13:8) ਫਿਰ ਵੀ, ਸਾਡੇ ਕੋਲ ਅਜੇ ਵੀ ਬਾਈਬਲ ਵਿਚ ਉਨ੍ਹਾਂ ਦੇ ਰਿਕਾਰਡ ਹਨ, ਜਿਨ੍ਹਾਂ ਦੀ ਪੁਸ਼ਟੀ ਬਹੁਤ ਦੇਖਣ ਵਾਲਿਆਂ ਦੁਆਰਾ ਕੀਤੀ ਗਈ ਸੀ। ਅੱਜ ਜਦੋਂ ਮਸੀਹੀ ਇਨ੍ਹਾਂ ਇਤਿਹਾਸਕ ਬਿਰਤਾਂਤਾਂ ਵੱਲ ਧਿਆਨ ਖਿੱਚਦੇ ਹਨ, ਤਾਂ ਉਹ ਕੰਮ ਅਜੇ ਵੀ ਯਹੋਵਾਹ ਦੀ ਸ਼ਕਤੀ ਲਈ ਇਕ ਪ੍ਰਭਾਵਸ਼ਾਲੀ ਗਵਾਹੀ ਦਿੰਦੇ ਹਨ। (1 ਕੁਰਿੰਥੀਆਂ 15:3-6) ਇਸ ਤੋਂ ਇਲਾਵਾ, ਅਤੀਤ ਵਿਚ ਯਸਾਯਾਹ ਦਿਆਂ ਦਿਨਾਂ ਵਿਚ, ਯਹੋਵਾਹ ਨੇ ਯਥਾਰਥ ਭਵਿੱਖਬਾਣੀ ਵੱਲ ਸੰਕੇਤ ਕੀਤਾ ਕਿ ਇਹ ਉਸ ਦਾ ਸੱਚਾ ਪਰਮੇਸ਼ੁਰ ਹੋਣ ਦਾ ਇਕ ਉੱਘੜਵਾਂ ਸਬੂਤ ਹੋਵੇਗਾ। (ਯਸਾਯਾਹ 46:8-11) ਕਈ ਈਸ਼ਵਰੀ ਤੌਰ ਤੇ ਪ੍ਰੇਰਿਤ ਬਾਈਬਲ ਭਵਿੱਖਬਾਣੀਆਂ ਅੱਜ ਪੂਰੀਆਂ ਹੋ ਰਹੀਆਂ ਹਨ—ਉਨ੍ਹਾਂ ਵਿੱਚੋਂ ਕਈ ਤਾਂ ਮਸੀਹੀ ਕਲੀਸਿਯਾ ਉੱਤੇ ਪੂਰੀਆਂ ਹੋ ਰਹੀਆਂ ਹਨ। (ਯਸਾਯਾਹ 60:8-10; ਦਾਨੀਏਲ 12:6-12; ਮਲਾਕੀ 3:17, 18; ਮੱਤੀ 24:9; ਪਰਕਾਸ਼ ਦੀ ਪੋਥੀ 11:1-13) ਇਹ ਸੁਨਿਸ਼ਚਿਤ ਕਰਨ ਦੇ ਨਾਲ-ਨਾਲ ਕਿ ਅਸੀਂ “ਅੰਤ ਦਿਆਂ ਦਿਨਾਂ” ਵਿਚ ਰਹਿ ਰਹੇ ਹਾਂ, ਇਨ੍ਹਾਂ ਭਵਿੱਖਬਾਣੀਆਂ ਦੀ ਪੂਰਤੀ ਯਹੋਵਾਹ ਨੂੰ ਹੀ ਕੇਵਲ ਸੱਚੇ ਪਰਮੇਸ਼ੁਰ ਦੇ ਤੌਰ ਤੇ ਸਹੀ ਸਿੱਧ ਕਰਦੀ ਹੈ।—2 ਤਿਮੋਥਿਉਸ 3:1.
14. ਕਿਹੜੇ ਤਰੀਕਿਆਂ ਨਾਲ ਯਹੋਵਾਹ ਦੇ ਗਵਾਹਾਂ ਦਾ ਆਧੁਨਿਕ-ਦਿਨ ਦਾ ਇਤਿਹਾਸ ਇਕ ਸ਼ਕਤੀਸ਼ਾਲੀ ਗਵਾਹੀ ਹੈ ਕਿ ਯਹੋਵਾਹ ਹੀ ਸਰਬਸੱਤਾਵਾਨ ਪ੍ਰਭੂ ਹੈ?
14 ਆਖ਼ਰਕਾਰ, ਯਹੋਵਾਹ ਅਜੇ ਵੀ ਆਪਣੇ ਲੋਕਾਂ ਲਈ ਵੱਡੇ ਕੰਮ, ਅਦਭੁਤ ਕੰਮ ਕਰਦਾ ਹੈ। ਬਾਈਬਲ ਦੀ ਸੱਚਾਈ ਉੱਤੇ ਵਧਦਾ ਹੋਇਆ ਪਰਕਾਸ਼ ਯਹੋਵਾਹ ਦੀ ਆਤਮਾ ਦੁਆਰਾ ਨਿਰਦੇਸ਼ਿਤ ਕੀਤਾ ਜਾਂਦਾ ਹੈ। (ਜ਼ਬੂਰ 86:10; ਪਰਕਾਸ਼ ਦੀ ਪੋਥੀ 4:5, 6) ਪੂਰੇ ਸੰਸਾਰ ਵਿਚ ਰਿਪੋਰਟ ਕੀਤੇ ਜਾਂਦੇ ਉੱਘੜਵੇਂ ਵਾਧੇ, ਸਬੂਤ ਹਨ ਕਿ ਯਹੋਵਾਹ ‘ਵੇਲੇ ਸਿਰ ਏਹ ਛੇਤੀ ਕਰ ਰਿਹਾ ਹੈ।’ (ਯਸਾਯਾਹ 60:22) ਅੰਤ ਦਿਆਂ ਦਿਨਾਂ ਦੇ ਦੌਰਾਨ ਜਦੋਂ ਵੀ ਇਕ ਦੇ ਬਾਅਦ ਦੂਜੇ ਦੇਸ਼ ਵਿਚ ਸਖ਼ਤ ਸਤਾਹਟ ਆਰੰਭ ਹੋਈ ਹੈ, ਤਾਂ ਯਹੋਵਾਹ ਦੇ ਲੋਕਾਂ ਦਾ ਸਾਹਸੀ ਧੀਰਜ ਪਵਿੱਤਰ ਆਤਮਾ ਦੇ ਬਲਦਾਇਕ ਸਮਰਥਨ ਦੇ ਕਾਰਨ ਹੀ ਸੰਭਵ ਹੋਇਆ ਹੈ। (ਜ਼ਬੂਰ 18:1, 2, 17, 18; 2 ਕੁਰਿੰਥੀਆਂ 1:8-10) ਜੀ ਹਾਂ, ਯਹੋਵਾਹ ਦੇ ਗਵਾਹਾਂ ਦਾ ਆਧੁਨਿਕ-ਦਿਨ ਦਾ ਇਤਿਹਾਸ ਆਪਣੇ ਆਪ ਵਿਚ ਇਕ ਸ਼ਕਤੀਸ਼ਾਲੀ ਗਵਾਹੀ ਹੈ ਕਿ ਯਹੋਵਾਹ ਸਰਬਸੱਤਾਵਾਨ ਪ੍ਰਭੂ ਹੈ।—ਜ਼ਕਰਯਾਹ 4:6.
ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇਗਾ
15. ਮਸੀਹੀ ਕਲੀਸਿਯਾ ਦੁਆਰਾ ਕਿਹੜੀ ਵਿਸਤ੍ਰਿਤ ਗਵਾਹੀ ਦਿੱਤੀ ਜਾਣੀ ਸੀ?
15 ਯਹੋਵਾਹ ਨੇ ਇਸਰਾਏਲ ਨੂੰ ਕੌਮਾਂ ਦੇ ਲਈ ਆਪਣੇ ਗਵਾਹ ਦੇ ਤੌਰ ਤੇ ਚੁਣਿਆ ਸੀ। (ਯਸਾਯਾਹ 43:10) ਪਰੰਤੂ, ਕੇਵਲ ਕੁਝ ਹੀ ਇਸਰਾਏਲੀਆਂ ਨੂੰ ਗ਼ੈਰ-ਇਸਰਾਏਲੀਆਂ ਕੋਲ ਜਾ ਕੇ ਪ੍ਰਚਾਰ ਕਰਨ ਦਾ ਈਸ਼ਵਰੀ ਆਦੇਸ਼ ਮਿਲਿਆ, ਅਤੇ ਇਹ ਆਮ ਤੌਰ ਤੇ ਯਹੋਵਾਹ ਦੇ ਨਿਆਉਂ ਦਾ ਐਲਾਨ ਕਰਨ ਲਈ ਹੁੰਦਾ ਸੀ। (ਯਿਰਮਿਯਾਹ 1:5; ਯੂਨਾਹ 1:1, 2) ਫਿਰ ਵੀ, ਇਬਰਾਨੀ ਸ਼ਾਸਤਰ ਵਿਚ ਭਵਿੱਖਬਾਣੀਆਂ ਸੰਕੇਤ ਕਰਦੀਆਂ ਹਨ ਕਿ ਇਕ ਦਿਨ ਯਹੋਵਾਹ ਵਿਆਪਕ ਰੂਪ ਵਿਚ ਕੌਮਾਂ ਦੀ ਤਰਫ਼ ਆਪਣਾ ਧਿਆਨ ਕਰੇਗਾ, ਅਤੇ ਉਸ ਨੇ ਇਹ ਪਰਮੇਸ਼ੁਰ ਦੀ ਅਧਿਆਤਮਿਕ ਇਸਰਾਏਲ ਦੇ ਦੁਆਰਾ ਪੂਰਾ ਕੀਤਾ ਹੈ। (ਯਸਾਯਾਹ 2:2-4; 62:2) ਸਵਰਗ ਨੂੰ ਚੜ੍ਹਨ ਤੋਂ ਪਹਿਲਾਂ, ਯਿਸੂ ਨੇ ਆਪਣੇ ਅਨੁਯਾਈਆਂ ਨੂੰ ਆਦੇਸ਼ ਦਿੱਤਾ ਸੀ: “ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ।” (ਮੱਤੀ 28:19) ਜਦੋਂ ਕਿ ਯਿਸੂ ਨੇ “ਇਸਰਾਏਲ ਦੇ ਪਰਵਾਰ ਦੀਆਂ ਗੁਆਚੀਆਂ ਹੋਈਆਂ ਭੇਡਾਂ” ਉੱਤੇ ਧਿਆਨ ਕੇਂਦ੍ਰਿਤ ਕੀਤਾ ਸੀ, ਉਸ ਦੇ ਚੇਲੇ “ਸਾਰੀਆਂ ਕੌਮਾਂ,” ਸਗੋਂ “ਧਰਤੀ ਦੇ ਬੰਨੇ ਤੀਕੁਰ” ਭੇਜੇ ਗਏ ਸਨ। (ਮੱਤੀ 15:24; ਰਸੂਲਾਂ ਦੇ ਕਰਤੱਬ 1:8) ਮਸੀਹੀ ਗਵਾਹੀ ਸਾਰੀ ਮਨੁੱਖਜਾਤੀ ਦੁਆਰਾ ਸੁਣੀ ਜਾਣੀ ਸੀ।
16. ਪਹਿਲੀ-ਸਦੀ ਦੀ ਮਸੀਹੀ ਕਲੀਸਿਯਾ ਨੇ ਕਿਹੜੇ ਨਿਯੁਕਤ ਕਾਰਜ ਨੂੰ ਪੂਰਿਆਂ ਕੀਤਾ, ਅਤੇ ਕਿੰਨੀ ਹੱਦ ਤਕ?
16 ਪੌਲੁਸ ਨੇ ਦਿਖਾਇਆ ਕਿ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਗਿਆ ਸੀ। ਸਾਲ 61 ਸਾ.ਯੁ. ਤਕ, ਉਹ ਕਹਿ ਸਕਿਆ ਕਿ ਖ਼ੁਸ਼ ਖ਼ਬਰੀ ‘ਸਾਰੇ ਸੰਸਾਰ ਵਿੱਚ ਫਲਦੀ ਅਤੇ ਵਧਦੀ’ ਜਾ ਰਹੀ ਸੀ। ਖ਼ੁਸ਼ ਖ਼ਬਰੀ ਸਿਰਫ਼ ਇਕ ਕੌਮ ਜਾਂ ਇਕ ਸੰਪ੍ਰਦਾਇ ਤਕ ਹੀ ਸੀਮਿਤ ਨਹੀਂ ਸੀ, ਜਿਵੇਂ ਕਿ ਉਹ ਜੋ “ਦੂਤਾਂ ਦੀ ਪੂਜਾ” ਵਿਚ ਸ਼ਾਮਲ ਸੀ। ਇਸ ਦੀ ਬਜਾਇ, ਖੁਲ੍ਹੇਆਮ ਇਸ ਦਾ “ਪਰਚਾਰ ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ ਕੀਤਾ ਗਿਆ।” (ਕੁਲੁੱਸੀਆਂ 1:6, 23; 2:13, 14, 16-18) ਇਸ ਤਰ੍ਹਾਂ, ਪਹਿਲੀ ਸਦੀ ਵਿਚ ਪਰਮੇਸ਼ੁਰ ਦੀ ਇਸਰਾਏਲ ਨੇ ‘ਉਹ ਦਿਆਂ ਗੁਣਾਂ ਦਾ ਪਰਚਾਰ ਕਰਨ ਜਿਹ ਨੇ ਉਨ੍ਹਾਂ ਨੂੰ ਅਨ੍ਹੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ’ ਦਾ ਨਿਯੁਕਤ ਕਾਰਜ ਪੂਰਾ ਕੀਤਾ।
17. ਮੱਤੀ 24:14 ਇਕ ਵੱਡੇ ਪੈਮਾਨੇ ਤੇ ਕਿਸ ਤਰ੍ਹਾਂ ਪੂਰਾ ਹੋ ਰਿਹਾ ਹੈ?
17 ਫਿਰ ਵੀ, ਪਹਿਲੀ-ਸਦੀ ਦਾ ਉਹ ਪ੍ਰਚਾਰ ਕਾਰਜ, ਕੇਵਲ ਉਸ ਗੱਲ ਦਾ ਇਕ ਪੂਰਵ-ਅਨੁਭਵ ਸੀ ਜੋ ਅੰਤ ਦਿਆਂ ਦਿਨਾਂ ਦੇ ਦੌਰਾਨ ਪੂਰੀ ਕੀਤੀ ਜਾਵੇਗੀ। ਖ਼ਾਸ ਤੌਰ ਤੇ ਸਾਡੇ ਸਮੇਂ ਨੂੰ ਦੇਖਦੇ ਹੋਏ, ਯਿਸੂ ਨੇ ਕਿਹਾ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:14; ਮਰਕੁਸ 13:10) ਕੀ ਇਹ ਭਵਿੱਖਬਾਣੀ ਪੂਰੀ ਹੋਈ ਹੈ? ਸੱਚ-ਮੁੱਚ, ਇਹ ਹੋਈ ਹੈ। ਸੰਨ 1919 ਵਿਚ ਇਕ ਛੋਟੀ ਸ਼ੁਰੂਆਤ ਤੋਂ ਲੈ ਕੇ, ਹੁਣ ਖ਼ੁਸ਼ ਖ਼ਬਰੀ ਦਾ ਪ੍ਰਚਾਰ 230 ਤੋਂ ਜ਼ਿਆਦਾ ਦੇਸ਼ਾਂ ਤਕ ਫੈਲ ਚੁੱਕਾ ਹੈ। ਇਹ ਗਵਾਹੀ ਉੱਤਰੀ ਬਰਫ਼ੀਲੇ ਖੇਤਰਾਂ ਵਿਚ ਅਤੇ ਤਪਤ-ਖੰਡੀ ਦੇਸ਼ਾਂ ਵਿਚ ਸੁਣੀ ਜਾਂਦੀ ਹੈ। ਵੱਡੇ ਮਹਾਂਦੀਪ ਨਿਬੇੜੇ ਗਏ ਹਨ ਅਤੇ ਦੂਰ-ਦੁਰਾਡੇ ਦੇ ਟਾਪੂਆਂ ਦੀ ਭਾਲ ਕੀਤੀ ਜਾਂਦੀ ਹੈ ਤਾਂਕਿ ਉੱਥੇ ਦੇ ਨਿਵਾਸੀਆਂ ਨੂੰ ਗਵਾਹੀ ਮਿਲ ਸਕੇ। ਇੱਥੋਂ ਤਕ ਕਿ ਵੱਡੀ ਉਥਲ-ਪੁਥਲ ਦੇ ਦਰਮਿਆਨ ਵੀ, ਜਿਵੇਂ ਕਿ ਬੋਸਨੀਆ ਅਤੇ ਹੈਰਜ਼ੀਗੋਵੀਨਾ ਦੇ ਯੁੱਧ ਵਿਚ, ਖ਼ੁਸ਼ ਖ਼ਬਰੀ ਲਗਾਤਾਰ ਪ੍ਰਚਾਰ ਕੀਤੀ ਜਾਂਦੀ ਹੈ। ਜਿਵੇਂ ਪਹਿਲੀ ਸਦੀ ਵਿਚ ਸੀ, ਗਵਾਹੀ “ਸਾਰੇ ਸੰਸਾਰ ਵਿੱਚ” ਫਲ ਲਿਆ ਰਹੀ ਹੈ। ਖ਼ੁਸ਼ ਖ਼ਬਰੀ ਖੁਲ੍ਹੇਆਮ “ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ” ਘੋਸ਼ਿਤ ਕੀਤੀ ਜਾਂਦੀ ਹੈ। ਨਤੀਜਾ? ਪਹਿਲਾ, ਪਰਮੇਸ਼ੁਰ ਦੀ ਇਸਰਾਏਲ ਦੇ ਬਾਕੀ ਬਚਿਆਂ ਹੋਇਆਂ ਨੂੰ “ਹਰੇਕ ਗੋਤ, ਭਾਖਿਆ, ਉੱਮਤ ਅਤੇ ਕੌਮ ਵਿੱਚੋਂ” ਇਕੱਠੇ ਕੀਤਾ ਗਿਆ ਹੈ। ਦੂਜਾ, “ਵੱਡੀ ਭੀੜ” ਦੇ ਲੱਖਾਂ ਹੀ ਲੋਕ “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ” ਇਕੱਠੇ ਹੋਣੇ ਸ਼ੁਰੂ ਹੋਏ। (ਪਰਕਾਸ਼ ਦੀ ਪੋਥੀ 5:9; 7:9) ਮੱਤੀ 24:14 ਲਗਾਤਾਰ ਇਕ ਵੱਡੇ ਪੈਮਾਨੇ ਤੇ ਪੂਰਾ ਹੋ ਰਿਹਾ ਹੈ।
18. ਖ਼ੁਸ਼ ਖ਼ਬਰੀ ਦੇ ਵਿਸ਼ਵ-ਵਿਆਪੀ ਪ੍ਰਚਾਰ ਦੁਆਰਾ ਕਿਹੜੀਆਂ ਕੁਝ ਗੱਲਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ?
18 ਖ਼ੁਸ਼ ਖ਼ਬਰੀ ਦਾ ਵਿਸ਼ਵ-ਵਿਆਪੀ ਪ੍ਰਚਾਰ ਇਹ ਸਾਬਤ ਕਰਨ ਵਿਚ ਮਦਦ ਕਰਦਾ ਹੈ ਕਿ ਯਿਸੂ ਦੀ ਸ਼ਾਹੀ ਮੌਜੂਦਗੀ ਸ਼ੁਰੂ ਹੋ ਚੁੱਕੀ ਹੈ। (ਮੱਤੀ 24:3) ਇਸ ਤੋਂ ਇਲਾਵਾ, ਇਹ ਹੀ ਪ੍ਰਮੁੱਖ ਸਾਧਨ ਹੈ ਜਿਸ ਦੇ ਦੁਆਰਾ “ਧਰਤੀ ਦੀ ਫ਼ਸਲ” ਵੱਢੀ ਜਾਂਦੀ ਹੈ, ਜਿਉਂ-ਜਿਉਂ ਇਹ ਲੋਕਾਂ ਨੂੰ ਯਹੋਵਾਹ ਦੇ ਰਾਜ, ਮਨੁੱਖਜਾਤੀ ਲਈ ਇੱਕੋ-ਇਕ ਸੱਚੀ ਉਮੀਦ ਵੱਲ ਨਿਰਦੇਸ਼ਿਤ ਕਰਦੀ ਹੈ। (ਪਰਕਾਸ਼ ਦੀ ਪੋਥੀ 14:15, 16) ਕਿਉਂਜੋ ਖ਼ੁਸ਼ ਖ਼ਬਰੀ ਦੇ ਪ੍ਰਚਾਰ ਵਿਚ ਕੇਵਲ ਸੱਚੇ ਮਸੀਹੀ ਹੀ ਸ਼ਾਮਲ ਹੁੰਦੇ ਹਨ, ਇਹ ਮਹੱਤਵਪੂਰਣ ਕੰਮ ਝੂਠੇ ਮਸੀਹੀਆਂ ਤੋਂ ਸੱਚੇ ਮਸੀਹੀਆਂ ਦਾ ਫ਼ਰਕ ਕਰਨ ਵਿਚ ਮਦਦ ਕਰਦਾ ਹੈ। (ਮਲਾਕੀ 3:18) ਇਸ ਤਰੀਕੇ ਨਾਲ, ਇਹ ਉਨ੍ਹਾਂ ਲਈ ਜੋ ਪ੍ਰਚਾਰ ਕਰਦੇ ਹਨ, ਨਾਲ ਹੀ ਉਨ੍ਹਾਂ ਦਾ ਜੋ ਪ੍ਰਤਿਕ੍ਰਿਆ ਦਿਖਾਉਂਦੇ ਹਨ, ਮੁਕਤੀ ਦਾ ਕਾਰਨ ਬਣਦਾ ਹੈ। (1 ਤਿਮੋਥਿਉਸ 4:16) ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ ਯਹੋਵਾਹ ਪਰਮੇਸ਼ੁਰ ਲਈ ਉਸਤਤ ਅਤੇ ਮਾਣ ਲਿਆਉਂਦਾ ਹੈ, ਉਹ ਜਿਸ ਨੇ ਇਹ ਕਰਨ ਦਾ ਆਦੇਸ਼ ਦਿੱਤਾ ਹੈ, ਜੋ ਉਨ੍ਹਾਂ ਦਾ ਸਮਰਥਨ ਕਰਦਾ ਹੈ ਜਿਹੜੇ ਇਸ ਨੂੰ ਕਰਦੇ ਹਨ, ਅਤੇ ਜੋ ਇਸ ਨੂੰ ਫਲਦਾਇਕ ਬਣਾਉਂਦਾ ਹੈ।—2 ਕੁਰਿੰਥੀਆਂ 4:7.
19. ਜਿਉਂ ਹੀ ਉਹ ਨਵੇਂ ਸੇਵਾ ਸਾਲ ਵਿਚ ਦਾਖ਼ਲ ਹੁੰਦੇ ਹਾਂ, ਸਾਰੇ ਮਸੀਹੀਆਂ ਨੂੰ ਕੀ ਦ੍ਰਿੜ੍ਹ ਇਰਾਦਾ ਰੱਖਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ?
19 ਕੋਈ ਹੈਰਾਨੀ ਦੀ ਗੱਲ ਨਹੀਂ ਕਿ ਰਸੂਲ ਪੌਲੁਸ ਇਹ ਕਹਿਣ ਲਈ ਪ੍ਰੇਰਿਤ ਹੋਇਆ ਸੀ: “ਹਮਸੋਸ ਹੈ ਮੇਰੇ ਉੱਤੇ ਜੇ ਮੈਂ ਖੁਸ਼ ਖਬਰੀ ਨਾ ਸੁਣਾਵਾਂ!” (1 ਕੁਰਿੰਥੀਆਂ 9:16) ਅੱਜ ਵੀ ਮਸੀਹੀ ਇਸੇ ਤਰ੍ਹਾਂ ਮਹਿਸੂਸ ਕਰਦੇ ਹਨ। ਇਸ ਅੰਧਕਾਰ ਭਰੇ ਸੰਸਾਰ ਵਿਚ ਸੱਚਾਈ ਦੀ ਰੌਸ਼ਨੀ ਪਾਉਂਦੇ ਹੋਏ, “ਪਰਮੇਸ਼ੁਰ ਦੇ ਸਾਂਝੀ” ਹੋਣਾ ਇਕ ਮਹਾਨ ਵਿਸ਼ੇਸ਼-ਸਨਮਾਨ ਅਤੇ ਇਕ ਵੱਡੀ ਜ਼ਿੰਮੇਵਾਰੀ ਹੈ। (1 ਕੁਰਿੰਥੀਆਂ 3:9; ਯਸਾਯਾਹ 60:2, 3) ਉਹ ਕੰਮ ਜਿਸ ਦੀ 1919 ਵਿਚ ਛੋਟੀ ਸ਼ੁਰੂਆਤ ਸੀ, ਹੁਣ ਅਸਚਰਜਜਨਕ ਆਕਾਰ ਤਕ ਪਹੁੰਚ ਗਿਆ ਹੈ। ਲਗਭਗ ਪੰਜਾਹ ਲੱਖ ਮਸੀਹੀ ਈਸ਼ਵਰੀ ਸਰਬਸੱਤਾ ਲਈ ਗਵਾਹੀ ਦੇ ਰਹੇ ਹਨ ਜਿਉਂ ਹੀ ਉਹ ਦੂਜਿਆਂ ਤਕ ਮੁਕਤੀ ਦਾ ਸਨੇਹਾ ਪਹੁੰਚਾਉਣ ਲਈ ਇਕ ਸਾਲ ਵਿਚ ਇਕ ਅਰਬ ਤੋਂ ਜ਼ਿਆਦਾ ਘੰਟੇ ਬਿਤਾਉਂਦੇ ਹਨ। ਯਹੋਵਾਹ ਦੇ ਨਾਂ ਨੂੰ ਪਵਿੱਤਰ ਕਰਨ ਦੇ ਇਸ ਕੰਮ ਵਿਚ ਹਿੱਸਾ ਲੈਣਾ ਕਿੰਨੇ ਹੀ ਆਨੰਦ ਦੀ ਗੱਲ ਹੈ! ਜਿਉਂ ਹੀ ਅਸੀਂ 1996 ਸੇਵਾ ਸਾਲ ਵਿਚ ਦਾਖ਼ਲ ਹੁੰਦੇ ਹਾਂ, ਆਓ ਅਸੀਂ ਹੌਲੀ ਨਾ ਹੋਣ ਦਾ ਦ੍ਰਿੜ੍ਹ ਇਰਾਦਾ ਰੱਖੀਏ। ਇਸ ਦੀ ਬਜਾਇ, ਅਸੀਂ ਤਿਮੋਥਿਉਸ ਨੂੰ ਕਹੇ ਗਏ ਪੌਲੁਸ ਦੇ ਸ਼ਬਦਾਂ ਨੂੰ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਧਿਆਨ ਦਿਆਂਗੇ: “ਬਚਨ ਦਾ ਪਰਚਾਰ ਕਰ। ਵੇਲੇ ਕੁਵੇਲੇ ਉਸ ਵਿੱਚ ਲੱਗਿਆ ਰਹੁ।” (2 ਤਿਮੋਥਿਉਸ 4:2) ਜਿਉਂ ਹੀ ਅਸੀਂ ਇਹ ਕਰਦੇ ਹਾਂ, ਅਸੀਂ ਆਪਣੇ ਸਾਰੇ ਦਿਲ ਨਾਲ ਪ੍ਰਾਰਥਨਾ ਕਰਦੇ ਹਾਂ ਕਿ ਯਹੋਵਾਹ ਸਾਡੀਆਂ ਕੋਸ਼ਿਸ਼ਾਂ ਨੂੰ ਲਗਾਤਾਰ ਬਰਕਤ ਦੇਵੇਗਾ। (w95 9/1)
ਕੀ ਤੁਹਾਨੂੰ ਯਾਦ ਹੈ?
◻ ਕੌਮਾਂ ਲਈ ਯਹੋਵਾਹ ਦੇ “ਗਵਾਹ” ਦੇ ਤੌਰ ਤੇ ਇਸਰਾਏਲ ਦੀ ਥਾਂ ਕਿਸ ਨੇ ਲਈ?
◻ ਮਸੀਹੀ ਆਚਰਣ ਕਿਸ ਤਰ੍ਹਾਂ ਇਕ ਗਵਾਹੀ ਦੇਣ ਵਿਚ ਸਹਿਯੋਗ ਦਿੰਦਾ ਹੈ?
◻ ਇਕ ਮਸੀਹੀ ਗਵਾਹ ਲਈ ਬਾਈਬਲ ਦਾ ਅਧਿਐਨ ਕਰਨਾ ਅਤੇ ਇਸ ਤੇ ਮਨਨ ਕਰਨਾ ਕਿਉਂ ਜ਼ਰੂਰੀ ਹੈ?
◻ ਕਿਸ ਤਰੀਕੇ ਨਾਲ ਯਹੋਵਾਹ ਦੇ ਗਵਾਹਾਂ ਦਾ ਆਧੁਨਿਕ-ਦਿਨ ਦਾ ਇਤਿਹਾਸ ਸਬੂਤ ਦੇ ਤੌਰ ਤੇ ਕੰਮ ਕਰਦਾ ਹੈ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ?
◻ ਖ਼ੁਸ਼ ਖ਼ਬਰੀ ਦੇ ਪ੍ਰਚਾਰ ਦੁਆਰਾ ਕਿਹੜੀਆਂ ਕੁਝ ਗੱਲਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ?
[ਸਫ਼ੇ 15 ਉੱਤੇ ਤਸਵੀਰਾਂ]
ਸੀਮਿਤ ਹੋਣ ਤੋਂ ਕਿਤੇ ਦੂਰ, ਖ਼ੁਸ਼ ਖ਼ਬਰੀ “ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ” ਘੋਸ਼ਿਤ ਕੀਤੀ ਜਾ ਰਹੀ ਹੈ