“ਹਰੇਕ ਕੰਮ ਦਾ ਇੱਕ ਸਮਾ ਹੈ”
“ਹਰੇਕ ਕੰਮ ਦਾ ਇੱਕ ਸਮਾ ਹੈ, ਅਤੇ ਹਰ ਮਨੋਰਥ ਦਾ ਜੋ ਅਕਾਸ਼ ਦੇ ਹੇਠ ਹੈ ਇੱਕ ਵੇਲਾ ਹੈ।”—ਉਪਦੇਸ਼ਕ ਦੀ ਪੋਥੀ 3:1.
1. ਅਪੂਰਣ ਇਨਸਾਨਾਂ ਨੂੰ ਕਿਹੜੀ ਮੁਸ਼ਕਲ ਪੇਸ਼ ਆਉਂਦੀ ਹੈ ਅਤੇ ਕੁਝ ਮਾਮਲਿਆਂ ਵਿਚ ਇਸ ਦਾ ਕੀ ਨਤੀਜਾ ਨਿਕਲਿਆ ਹੈ?
ਲੋਕ ਅਕਸਰ ਕਹਿੰਦੇ ਹਨ, “ਚੰਗਾ ਹੁੰਦਾ ਜੇ ਮੈਂ ਇਹ ਪਹਿਲਾਂ ਹੀ ਕਰ ਲੈਂਦਾ।” ਜਾਂ ਕੁਝ ਹੋ ਜਾਣ ਤੋਂ ਬਾਅਦ, “ਕਾਸ਼ ਮੈਂ ਉਡੀਕ ਕੀਤੀ ਹੁੰਦੀ।” ਅਜਿਹੇ ਪ੍ਰਗਟਾਵੇ ਦਿਖਾਉਂਦੇ ਹਨ ਕਿ ਅਪੂਰਣ ਇਨਸਾਨਾਂ ਲਈ ਇਹ ਨਿਰਧਾਰਿਤ ਕਰਨਾ ਮੁਸ਼ਕਲ ਹੈ ਕਿ ਖ਼ਾਸ ਕੰਮਾਂ ਨੂੰ ਕਰਨ ਲਈ ਕਿਹੜਾ ਸਮਾਂ ਸਹੀ ਹੈ। ਉਨ੍ਹਾਂ ਦੀ ਇਸ ਨਾਕਾਬਲੀਅਤ ਕਰਕੇ ਰਿਸ਼ਤੇ-ਨਾਤੇ ਟੁੱਟ ਗਏ ਹਨ। ਇਸ ਨਾਲ ਨਿਰਾਸ਼ਾ ਅਤੇ ਮਾਯੂਸੀ ਹੀ ਹੱਥ ਲੱਗੀ ਹੈ। ਇਸ ਤੋਂ ਵੀ ਬੁਰਾ ਇਹ ਹੋਇਆ ਹੈ ਕਿ ਕੁਝ ਲੋਕਾਂ ਦਾ ਯਹੋਵਾਹ ਅਤੇ ਉਸ ਦੇ ਸੰਗਠਨ ਵਿਚ ਵਿਸ਼ਵਾਸ ਕਮਜ਼ੋਰ ਪੈ ਗਿਆ ਹੈ।
2, 3. (ੳ) ਇਹ ਬੁੱਧੀਮਤਾ ਕਿਉਂ ਹੈ ਕਿ ਅਸੀਂ ਸਮਾਂ ਨਿਰਧਾਰਿਤ ਕਰਨ ਦਾ ਕੰਮ ਯਹੋਵਾਹ ਉੱਤੇ ਛੱਡ ਦੇਈਏ? (ਅ) ਬਾਈਬਲ ਦੀ ਭਵਿੱਖਬਾਣੀ ਦੀ ਪੂਰਤੀ ਦੇ ਸੰਬੰਧ ਵਿਚ ਸਾਨੂੰ ਕਿਹੜਾ ਸੰਤੁਲਿਤ ਰਵੱਈਆ ਰੱਖਣਾ ਚਾਹੀਦਾ ਹੈ?
2 ਇਨਸਾਨਾਂ ਤੋਂ ਉਲਟ, ਯਹੋਵਾਹ ਕੋਲ ਬੁੱਧ ਅਤੇ ਸਮਝ ਹੈ ਜਿਸ ਕਰਕੇ ਉਹ ਜੇ ਚਾਹੇ ਤਾਂ ਹਰ ਕੰਮ ਦਾ ਨਤੀਜਾ ਪਹਿਲਾਂ ਤੋਂ ਹੀ ਜਾਣ ਸਕਦਾ ਹੈ। ਉਹ “ਆਦ ਤੋਂ ਅੰਤ ਨੂੰ” ਜਾਣ ਸਕਦਾ ਹੈ। (ਯਸਾਯਾਹ 46:10) ਇਸ ਲਈ ਉਹ ਜਿਸ ਕੰਮ ਨੂੰ ਕਰਨਾ ਚਾਹੁੰਦਾ ਹੈ ਉਸ ਨੂੰ ਕਰਨ ਲਈ ਉਹ ਬਿਲਕੁਲ ਸਹੀ ਸਮਾਂ ਚੁਣ ਸਕਦਾ ਹੈ। ਇਸ ਕਰਕੇ ਸਮੇਂ ਬਾਰੇ ਆਪਣੀ ਗ਼ਲਤ ਸਮਝ ਉੱਤੇ ਭਰੋਸਾ ਕਰਨ ਦੀ ਬਜਾਇ ਸਾਨੂੰ ਚਾਹੀਦਾ ਹੈ ਕਿ ਅਸੀਂ ਸਮਾਂ ਨਿਰਧਾਰਿਤ ਕਰਨ ਦਾ ਕੰਮ ਯਹੋਵਾਹ ਉੱਤੇ ਛੱਡ ਦੇਈਏ!
3 ਉਦਾਹਰਣ ਲਈ, ਪਰਿਪੱਕ ਮਸੀਹੀ ਬਾਈਬਲ ਦੀਆਂ ਕੁਝ ਭਵਿੱਖਬਾਣੀਆਂ ਦੇ ਪੂਰਾ ਹੋਣ ਲਈ ਯਹੋਵਾਹ ਦੇ ਨਿਯਤ ਸਮੇਂ ਦੀ ਵਫ਼ਾਦਾਰੀ ਨਾਲ ਉਡੀਕ ਕਰਦੇ ਹਨ। ਉਹ ਉਸ ਦੀ ਸੇਵਾ ਵਿਚ ਰੁੱਝੇ ਰਹਿੰਦੇ ਹਨ ਅਤੇ ਵਿਰਲਾਪ 3:26 ਦੇ ਸਿਧਾਂਤ ਨੂੰ ਹਮੇਸ਼ਾ ਚੰਗੀ ਤਰ੍ਹਾਂ ਯਾਦ ਰੱਖਦੇ ਹਨ: “ਭਲਾ ਹੈ ਕਿ ਮਨੁੱਖ ਚੁੱਪ ਚਾਪ ਯਹੋਵਾਹ ਦੇ ਬਚਾਉ ਲਈ ਆਸਾ ਰੱਖੇ।” (ਹਬੱਕੂਕ 3:16 ਦੀ ਤੁਲਨਾ ਕਰੋ।) ਨਾਲੇ ਉਨ੍ਹਾਂ ਨੂੰ ਯਕੀਨ ਹੈ ਕਿ ਯਹੋਵਾਹ ਦੁਆਰਾ ਸੁਣਾਈ ਗਈ ਸਜ਼ਾ ਦੇਣ ਦਾ ਸਮਾਂ ‘ਭਾਵੇਂ ਠਹਿਰਿਆ ਰਹੇ, ਪਰ ਉਹ ਜ਼ਰੂਰ ਆਵੇਗਾ, ਉਹ ਚਿਰ ਨਾ ਲਾਵੇਗਾ।’—ਹਬੱਕੂਕ 2:3.
4. ਧੀਰਜ ਨਾਲ ਯਹੋਵਾਹ ਦੀ ਉਡੀਕ ਕਰਨ ਵਿਚ ਆਮੋਸ 3:7 ਅਤੇ ਮੱਤੀ 24:45 ਸਾਡੀ ਕਿਵੇਂ ਮਦਦ ਕਰਦੇ ਹਨ?
4 ਦੂਸਰੇ ਪਾਸੇ, ਜਦੋਂ ਸਾਨੂੰ ਬਾਈਬਲ ਦੀਆਂ ਕੁਝ ਆਇਤਾਂ ਨੂੰ ਜਾਂ ਵਾਚ ਟਾਵਰ ਸੋਸਾਇਟੀ ਦੇ ਪ੍ਰਕਾਸ਼ਨਾਂ ਵਿਚ ਦਿੱਤੀ ਗਈ ਵਿਆਖਿਆ ਸਮਝ ਨਹੀਂ ਆਉਂਦੀ, ਤਾਂ ਕੀ ਸਾਨੂੰ ਬੇਸਬਰੇ ਹੋਣਾ ਚਾਹੀਦਾ ਹੈ? ਸਾਨੂੰ ਯਹੋਵਾਹ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ ਕਿ ਉਹ ਇਨ੍ਹਾਂ ਗੱਲਾਂ ਨੂੰ ਆਪਣੇ ਨਿਰਧਾਰਿਤ ਸਮੇਂ ਤੇ ਸਪੱਸ਼ਟ ਕਰੇਗਾ। “ਨਿਸੰਗ ਪ੍ਰਭੁ ਯਹੋਵਾਹ ਕੋਈ ਕੰਮ ਨਹੀਂ ਕਰੇਗਾ, ਜੇ ਉਹ ਆਪਣੇ ਸੇਵਕ ਨਬੀਆਂ ਨੂੰ ਆਪਣਾ ਭੇਤ ਪਰਗਟ ਨਾ ਕਰੇ।” (ਆਮੋਸ 3:7) ਕਿੰਨਾ ਵਧੀਆ ਵਾਅਦਾ! ਪਰ ਸਾਨੂੰ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਯਹੋਵਾਹ ਉਸ ਸਮੇਂ ਹੀ ਆਪਣੇ ਭੇਤ ਪ੍ਰਗਟ ਕਰਦਾ ਹੈ ਜਿਹੜਾ ਸਮਾਂ ਉਸ ਨੂੰ ਠੀਕ ਲੱਗਦਾ ਹੈ। ਇਸ ਮਕਸਦ ਲਈ ਉਸ ਨੇ “ਮਾਤਬਰ ਅਤੇ ਬੁੱਧਵਾਨ ਨੌਕਰ” ਨੂੰ ਇਖ਼ਤਿਆਰ ਦਿੱਤਾ ਹੈ ਕਿ ਉਹ ਉਸ ਦੇ ਲੋਕਾਂ ਨੂੰ ‘ਵੇਲੇ ਸਿਰ [ਅਧਿਆਤਮਿਕ] ਰਸਤ ਦੇਵੇ।’ (ਮੱਤੀ 24:45) ਇਸ ਲਈ ਸਾਨੂੰ ਬਹੁਤ ਜ਼ਿਆਦਾ ਚਿੰਤਾ ਨਹੀਂ ਕਰਨੀ ਚਾਹੀਦੀ ਜਾਂ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਕਿ ਕੁਝ ਖ਼ਾਸ ਗੱਲਾਂ ਨੂੰ ਪੂਰੀ ਤਰ੍ਹਾਂ ਨਹੀਂ ਸਮਝਾਇਆ ਗਿਆ ਹੈ। ਇਸ ਦੀ ਬਜਾਇ, ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਜੇ ਅਸੀਂ ਧੀਰਜ ਨਾਲ ਯਹੋਵਾਹ ਦੀ ਉਡੀਕ ਕਰੀਏ, ਤਾਂ ਉਹ ਲੋੜੀਂਦੀ ਜਾਣਕਾਰੀ ਨੂੰ ਆਪਣੇ ਮਾਤਬਰ ਨੌਕਰ ਦੁਆਰਾ “ਵੇਲੇ ਸਿਰ” ਮੁਹੱਈਆ ਕਰੇਗਾ।
5. ਉਪਦੇਸ਼ਕ ਦੀ ਪੋਥੀ 3:1-8 ਉੱਤੇ ਵਿਚਾਰ ਕਰਨ ਨਾਲ ਕੀ ਲਾਭ ਮਿਲ ਸਕਦਾ ਹੈ?
5 ਬੁੱਧੀਮਾਨ ਰਾਜਾ ਸੁਲੇਮਾਨ ਨੇ 28 ਵੱਖਰੇ-ਵੱਖਰੇ ਕੰਮਾਂ ਬਾਰੇ ਦੱਸਿਆ ਅਤੇ ਕਿਹਾ ਕਿ ਹਰੇਕ ਕੰਮ ਦਾ “ਇੱਕ ਸਮਾ” ਹੈ। (ਉਪਦੇਸ਼ਕ ਦੀ ਪੋਥੀ 3:1-8) ਸੁਲੇਮਾਨ ਦੀਆਂ ਗੱਲਾਂ ਸਾਡੇ ਲਈ ਜੋ ਅਰਥ ਰੱਖਦੀਆਂ ਹਨ, ਉਸ ਦੀ ਸਮਝ ਪ੍ਰਾਪਤ ਕਰ ਕੇ ਅਸੀਂ ਇਹ ਨਿਰਧਾਰਿਤ ਕਰ ਸਕਦੇ ਹਾਂ ਕਿ ਯਹੋਵਾਹ ਦੀ ਨਜ਼ਰ ਵਿਚ ਕੁਝ ਖ਼ਾਸ ਕੰਮਾਂ ਨੂੰ ਕਰਨ ਲਈ ਕਿਹੜਾ ਸਮਾਂ ਸਹੀ ਹੈ ਅਤੇ ਕਿਹੜਾ ਗ਼ਲਤ ਹੈ। (ਇਬਰਾਨੀਆਂ 5:14) ਤਦ ਅਸੀਂ ਇਸ ਅਨੁਸਾਰ ਆਪਣੀ ਜ਼ਿੰਦਗੀ ਨੂੰ ਢਾਲ਼ ਸਕਾਂਗੇ।
“ਇੱਕ ਰੋਣ ਦਾ ਵੇਲਾ ਹੈ ਅਤੇ ਇੱਕ ਹੱਸਣ ਦਾ ਵੇਲਾ ਹੈ”
6, 7. (ੳ) ਅੱਜ ਚਿੰਤਿਤ ਲੋਕ ਕਿਉਂ ‘ਰੋਂਦੇ’ ਹਨ? (ਅ) ਅੱਜ ਸੰਸਾਰ ਆਪਣੀ ਸਥਿਤੀ ਦੀ ਗੰਭੀਰਤਾ ਨੂੰ ਕਿਵੇਂ ਘਟਾਉਣ ਦੀ ਕੋਸ਼ਿਸ਼ ਕਰਦਾ ਹੈ?
6 ਭਾਵੇਂ ਕਿ “ਇੱਕ ਰੋਣ ਦਾ ਵੇਲਾ ਹੈ ਅਤੇ ਇੱਕ ਹੱਸਣ ਦਾ ਵੇਲਾ ਹੈ,” ਪਰ ਕੌਣ ਹੱਸਣ ਦੀ ਬਜਾਇ ਰੋਣਾ ਚਾਹੇਗਾ? (ਉਪਦੇਸ਼ਕ ਦੀ ਪੋਥੀ 3:4) ਅਫ਼ਸੋਸ ਦੀ ਗੱਲ ਹੈ ਕਿ ਅਸੀਂ ਅਜਿਹੇ ਸੰਸਾਰ ਵਿਚ ਰਹਿੰਦੇ ਹਾਂ, ਜਿਸ ਵਿਚ ਰੋਣ ਦੇ ਬਹੁਤ ਸਾਰੇ ਕਾਰਨ ਹਨ। ਅਖ਼ਬਾਰਾਂ ਵਿਚ ਅਤੇ ਟੈਲੀਵਿਯਨ ਤੇ ਜ਼ਿਆਦਾਤਰ ਦੁੱਖ ਭਰੀਆਂ ਖ਼ਬਰਾਂ ਹੀ ਸੁਣਨ ਨੂੰ ਮਿਲਦੀਆਂ ਹਨ। ਸਾਡਾ ਕਲੇਜਾ ਕੰਬ ਉੱਠਦਾ ਹੈ ਜਦੋਂ ਅਸੀਂ ਸੁਣਦੇ ਹਾਂ ਕਿ ਸਕੂਲ ਵਿਚ ਮੁੰਡਿਆਂ ਨੇ ਆਪਣੇ ਨਾਲ ਪੜ੍ਹਨ ਵਾਲੇ ਵਿਦਿਆਰਥੀਆਂ ਉੱਤੇ ਗੋਲੀਆਂ ਚਲਾਈਆਂ, ਅੱਤਵਾਦੀਆਂ ਨੇ ਬੇਕਸੂਰ ਇਨਸਾਨਾਂ ਨੂੰ ਮਾਰ ਸੁੱਟਿਆ ਜਾਂ ਉਨ੍ਹਾਂ ਨੂੰ ਅਪਾਹਜ ਬਣਾ ਦਿੱਤਾ ਅਤੇ ਇਨਸਾਨ ਦੀਆਂ ਗ਼ਲਤੀਆਂ ਕਰਕੇ ਆਈਆਂ ਆਫ਼ਤਾਂ ਨੇ ਇਨਸਾਨੀ ਜਾਨ-ਮਾਲ ਦਾ ਨੁਕਸਾਨ ਕੀਤਾ। ਭੁੱਖ ਨਾਲ ਪਿੰਜਰ ਬਣੇ ਬੱਚੇ ਅਤੇ ਘਰੋਂ ਬੇਘਰ ਹੋਏ ਸ਼ਰਨਾਰਥੀ ਟੈਲੀਵਿਯਨ ਤੇ ਦਿਖਾਏ ਜਾਂਦੇ ਹਨ। ਪਹਿਲਾਂ ਜਿਨ੍ਹਾਂ ਸ਼ਬਦਾਂ ਬਾਰੇ ਅਸੀਂ ਜਾਣਦੇ ਵੀ ਨਹੀਂ ਸੀ ਜਿਵੇਂ ਕਿ ਨਸਲੀ ਸ਼ੁੱਧੀਕਰਣ, ਏਡਜ਼, ਰੋਗਾਣੂ ਯੁੱਧ ਅਤੇ ਐੱਲ ਨੀਨੋ, ਹੁਣ ਇਨ੍ਹਾਂ ਕਾਰਨ ਚਿੰਤਾ ਨੇ ਸਾਡੇ ਦਿਲਾਂ-ਦਿਮਾਗਾਂ ਵਿਚ ਘਰ ਕਰ ਲਿਆ ਹੈ।
7 ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਸੰਸਾਰ ਬਹੁਤ ਸਾਰੀਆਂ ਤ੍ਰਾਸਦੀਆਂ ਅਤੇ ਦੁੱਖਾਂ ਨਾਲ ਭਰਿਆ ਹੋਇਆ ਹੈ। ਫਿਰ ਵੀ, ਮਨੋਰੰਜਨ ਜਗਤ ਸਥਿਤੀ ਦੀ ਗੰਭੀਰਤਾ ਨੂੰ ਘਟਾਉਣ ਲਈ ਲਗਾਤਾਰ ਖੋਖਲੇ, ਘਟੀਆ ਅਤੇ ਆਮ ਕਰਕੇ ਅਨੈਤਿਕ ਅਤੇ ਹਿੰਸਕ ਮਨੋਰੰਜਨ ਪੇਸ਼ ਕਰਦਾ ਹੈ, ਜੋ ਇਸ ਲਈ ਤਿਆਰ ਕੀਤਾ ਜਾਂਦਾ ਹੈ ਕਿ ਅਸੀਂ ਦੂਸਰਿਆਂ ਦੇ ਦੁੱਖਾਂ ਨੂੰ ਨਜ਼ਰਅੰਦਾਜ਼ ਕਰ ਦੇਈਏ। ਪਰ ਅਜਿਹਾ ਮਨੋਰੰਜਨ ਕਰਦੇ ਸਮੇਂ ਮੂਰਖਾਂ ਵਾਂਗ ਮਜ਼ਾਕ ਕਰਨ ਅਤੇ ਹੱਸਣ ਨੂੰ ਅਸਲੀ ਆਨੰਦ ਨਹੀਂ ਕਿਹਾ ਜਾ ਸਕਦਾ ਹੈ। ਜਿਹੜਾ ਆਨੰਦ ਪਰਮੇਸ਼ੁਰ ਦੀ ਆਤਮਾ ਦਾ ਇਕ ਫਲ ਹੈ, ਉਹ ਸ਼ਤਾਨ ਦਾ ਸੰਸਾਰ ਦੇ ਹੀ ਨਹੀਂ ਸਕਦਾ।—ਗਲਾਤੀਆਂ 5:22, 23; ਅਫ਼ਸੀਆਂ 5:3, 4.
8. ਕੀ ਮਸੀਹੀਆਂ ਨੂੰ ਅੱਜ ਰੋਣ ਨੂੰ ਪਹਿਲ ਦੇਣੀ ਚਾਹੀਦੀ ਹੈ ਜਾਂ ਹੱਸਣ ਨੂੰ? ਸਮਝਾਓ।
8 ਸੰਸਾਰ ਦੀ ਅਫ਼ਸੋਸਜਨਕ ਹਾਲਤ ਨੂੰ ਦੇਖਦੇ ਹੋਏ ਅਸੀਂ ਸਮਝ ਸਕਦੇ ਹਾਂ ਕਿ ਅੱਜ ਹੱਸਣ-ਖੇਡਣ ਨੂੰ ਪਹਿਲ ਦੇਣ ਦਾ ਸਮਾਂ ਨਹੀਂ ਹੈ। ਇਹ ਸਮਾਂ ਮਨੋਰੰਜਨ ਵਿਚ ਜ਼ਿੰਦਗੀ ਬਿਤਾਉਣ ਦਾ ਜਾਂ ਅਧਿਆਤਮਿਕ ਕੰਮਾਂ ਨਾਲੋਂ “ਮੌਜ ਮਸਤੀ” ਨੂੰ ਪਹਿਲ ਦੇਣ ਦਾ ਨਹੀਂ ਹੈ। (ਉਪਦੇਸ਼ਕ ਦੀ ਪੋਥੀ 7:2-4 ਦੀ ਤੁਲਨਾ ਕਰੋ।) ਪੌਲੁਸ ਰਸੂਲ ਨੇ ਕਿਹਾ ਸੀ ਕਿ ‘ਸੰਸਾਰ ਨੂੰ ਵਰਤਣ ਵਾਲਿਆਂ’ ਨੂੰ ਚਾਹੀਦਾ ਹੈ ਕਿ ਉਹ ਇਸ ਨੂੰ ‘ਹੱਦੋਂ ਵਧਕੇ ਨਾ ਵਰਤਣ।’ ਕਿਉਂ? ਕਿਉਂਕਿ “ਇਸ ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ।” (1 ਕੁਰਿੰਥੀਆਂ 7:31) ਸੱਚੇ ਮਸੀਹੀ ਪੂਰੀ ਤਰ੍ਹਾਂ ਇਸ ਸਮੇਂ ਦੀ ਗੰਭੀਰਤਾ ਨੂੰ ਪਛਾਣਦੇ ਹੋਏ ਆਪਣੀ ਜ਼ਿੰਦਗੀ ਜੀਉਂਦੇ ਹਨ।—ਫ਼ਿਲਿੱਪੀਆਂ 4:8.
ਰੋਣ ਦੇ ਬਾਵਜੂਦ ਵੀ ਸੱਚ-ਮੁੱਚ ਖ਼ੁਸ਼!
9. ਜਲ-ਪਰਲੋ ਤੋਂ ਪਹਿਲਾਂ ਧਰਤੀ ਉੱਤੇ ਕਿਸ ਤਰ੍ਹਾਂ ਦੀ ਅਫ਼ਸੋਸਜਨਕ ਹਾਲਤ ਸੀ ਅਤੇ ਅੱਜ ਇਸ ਦਾ ਸਾਡੇ ਲਈ ਕੀ ਅਰਥ ਹੈ?
9 ਪੂਰੀ ਧਰਤੀ ਉੱਤੇ ਜਲ-ਪਰਲੋ ਆਉਣ ਤੋਂ ਪਹਿਲਾਂ ਰਹਿਣ ਵਾਲੇ ਲੋਕ ਜ਼ਿੰਦਗੀ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਸਨ। ਉਹ ਆਪਣੇ ਰੋਜ਼ਾਨਾ ਦੇ ਕੰਮਾਂ-ਕਾਰਾਂ ਵਿਚ ਲੱਗੇ ਰਹੇ ਅਤੇ “ਆਦਮੀ ਦੀ ਬੁਰਿਆਈ [ਜੋ] ਧਰਤੀ ਉੱਤੇ ਵਧ ਗਈ” ਸੀ ਉਸ ਤੇ ਉਹ ਰੋਏ ਨਹੀਂ ਅਤੇ ‘ਧਰਤੀ ਜ਼ੁਲਮ ਨਾਲ ਭਰੀ ਹੋਣ’ ਤੇ ਵੀ ਬੇਪਰਵਾਹ ਰਹੇ। (ਉਤਪਤ 6:5, 11) ਯਿਸੂ ਨੇ ਉਸ ਅਫ਼ਸੋਸਜਨਕ ਹਾਲਤ ਦਾ ਜ਼ਿਕਰ ਕੀਤਾ ਅਤੇ ਭਵਿੱਖਬਾਣੀ ਕੀਤੀ ਕਿ ਸਾਡੇ ਦਿਨਾਂ ਵਿਚ ਵੀ ਲੋਕ ਇਸੇ ਤਰ੍ਹਾਂ ਦਾ ਰਵੱਈਆ ਰੱਖਣਗੇ। ਉਸ ਨੇ ਚੇਤਾਵਨੀ ਦਿੱਤੀ: “ਕਿਉਂਕਿ ਜਿਸ ਤਰਾਂ ਪਰਲੋ ਤੋਂ ਅੱਗੇ ਦੇ ਦਿਨਾਂ ਵਿੱਚ ਲੋਕ ਖਾਂਦੇ ਪੀਂਦੇ ਵਿਆਹ ਕਰਦੇ ਅਤੇ ਕਰਾਉਂਦੇ ਸਨ ਉਸ ਦਿਨ ਤੀਕਰ ਕਿ ਨੂਹ ਕਿਸ਼ਤੀ ਉੱਤੇ ਚੜ੍ਹਿਆ। ਅਤੇ ਓਹ ਨਹੀਂ ਜਾਣਦੇ ਸਨ ਜਦ ਤਾਈਂ ਪਰਲੋ ਨਾ ਆਈ ਅਤੇ ਸਭਨਾਂ ਨੂੰ ਰੁੜ੍ਹਾ ਕੇ ਲੈ ਨਾ ਗਈ ਇਸੇ ਤਰਾਂ ਮਨੁੱਖ ਦੇ ਪੁੱਤ੍ਰ ਦਾ ਆਉਣਾ ਹੋਵੇਗਾ।”—ਮੱਤੀ 24:38, 39.
10. ਹੱਜਈ ਦੇ ਦਿਨਾਂ ਵਿਚ ਰਹਿਣ ਵਾਲੇ ਇਸਰਾਏਲੀਆਂ ਨੇ ਕਿਵੇਂ ਦਿਖਾਇਆ ਸੀ ਕਿ ਉਹ ਯਹੋਵਾਹ ਦੇ ਨਿਰਧਾਰਿਤ ਸਮੇਂ ਦੀ ਕੋਈ ਕਦਰ ਨਹੀਂ ਕਰਦੇ ਸਨ?
10 ਜਲ-ਪਰਲੋ ਤੋਂ ਤਕਰੀਬਨ 1,850 ਸਾਲਾਂ ਬਾਅਦ, ਹੱਜਈ ਦੇ ਦਿਨਾਂ ਵਿਚ ਬਹੁਤ ਸਾਰੇ ਇਸਰਾਏਲੀਆਂ ਨੇ ਅਧਿਆਤਮਿਕ ਕੰਮਾਂ ਪ੍ਰਤੀ ਇਸੇ ਤਰ੍ਹਾਂ ਦੀ ਲਾਪਰਵਾਹੀ ਦਿਖਾਈ ਸੀ। ਆਪਣੇ ਨਿੱਜੀ ਕੰਮਾਂ ਵਿਚ ਰੁੱਝੇ ਹੋਣ ਕਰਕੇ ਉਹ ਇਹ ਸਮਝਣ ਤੋਂ ਅਸਫ਼ਲ ਹੋ ਗਏ ਕਿ ਉਹ ਸਮਾਂ ਯਹੋਵਾਹ ਦੇ ਕੰਮਾਂ ਨੂੰ ਪਹਿਲ ਦੇਣ ਦਾ ਸੀ। ਅਸੀਂ ਪੜ੍ਹਦੇ ਹਾਂ: “ਏਹ ਲੋਕ ਕਹਿੰਦੇ ਹਨ ਕਿ ਅਜੇ ਯਹੋਵਾਹ ਦੇ ਭਵਨ ਦੇ ਬਣਾਉਣ ਦਾ ਵੇਲਾ ਨਹੀਂ ਆਇਆ। ਤਾਂ ਯਹੋਵਾਹ ਦੀ ਬਾਣੀ ਹੱਜਈ ਨਬੀ ਦੇ ਰਾਹੀਂ ਆਈ ਕਿ ਭਲਾ, ਏਹ ਕੋਈ ਸਮਾ ਹੈ ਕਿ ਤੁਸੀਂ ਆਪ ਆਪਣੇ ਛੱਤੇ ਹੋਏ ਕੋਠਿਆਂ ਵਿੱਚ ਰਹੋ ਜਦ ਕਿ ਏਹ ਭਵਨ ਬਰਬਾਦ ਪਿਆ ਹੈ? ਹੁਣ ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ ਕਿ ਤੁਸੀਂ ਆਪਣੇ ਚਾਲੇ ਉੱਤੇ ਧਿਆਨ ਦਿਓ।”—ਹੱਜਈ 1:1-5.
11. ਅਸੀਂ ਆਪਣੇ ਆਪ ਤੋਂ ਕਿਹੜੇ ਢੁਕਵੇਂ ਸਵਾਲ ਪੁੱਛ ਸਕਦੇ ਹਾਂ?
11 ਅੱਜ ਯਹੋਵਾਹ ਦੇ ਗਵਾਹ ਹੋਣ ਦੇ ਨਾਤੇ, ਸਾਨੂੰ ਵੀ ਯਹੋਵਾਹ ਨੇ ਹੱਜਈ ਦੇ ਦਿਨਾਂ ਦੇ ਇਸਰਾਏਲੀਆਂ ਵਾਂਗ ਜ਼ਿੰਮੇਵਾਰੀਆਂ ਅਤੇ ਵਿਸ਼ੇਸ਼-ਸਨਮਾਨ ਦਿੱਤੇ ਹਨ। ਇਸ ਲਈ ਸਾਨੂੰ ਵੀ ਆਪਣੇ ਜੀਵਨ-ਢੰਗ ਉੱਤੇ ਪੂਰੀ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ। ਕੀ ਅਸੀਂ ਸੰਸਾਰ ਦੀ ਹਾਲਤ ਉੱਤੇ ਅਤੇ ਇਸ ਕਾਰਨ ਪਰਮੇਸ਼ੁਰ ਦੇ ਨਾਂ ਦੀ ਜੋ ਬਦਨਾਮੀ ਹੁੰਦੀ ਹੈ ਉਸ ਉੱਤੇ ‘ਰੋਂਦੇ’ ਹਾਂ? ਕੀ ਅਸੀਂ ਉਦੋਂ ਦੁਖੀ ਹੁੰਦੇ ਹਾਂ ਜਦੋਂ ਲੋਕ ਪਰਮੇਸ਼ੁਰ ਦੀ ਹੋਂਦ ਤੋਂ ਇਨਕਾਰ ਕਰਦੇ ਹਨ ਜਾਂ ਸ਼ਰੇਆਮ ਉਸ ਦੇ ਧਰਮੀ ਸਿਧਾਂਤਾਂ ਨੂੰ ਤੋੜਦੇ ਹਨ? ਕੀ ਅਸੀਂ ਉਨ੍ਹਾਂ ਨਿਸ਼ਾਨ ਲੱਗੇ ਹੋਏ ਲੋਕਾਂ ਵਾਂਗ ਪ੍ਰਤਿਕ੍ਰਿਆ ਦਿਖਾਉਂਦੇ ਹਾਂ ਜਿਨ੍ਹਾਂ ਨੂੰ ਹਿਜ਼ਕੀਏਲ ਨੇ 2,500 ਸਾਲ ਪਹਿਲਾਂ ਦਰਸ਼ਣ ਵਿਚ ਦੇਖਿਆ ਸੀ? ਉਨ੍ਹਾਂ ਬਾਰੇ ਅਸੀਂ ਪੜ੍ਹਦੇ ਹਾਂ: “ਯਹੋਵਾਹ ਨੇ [ਉਸ ਆਦਮੀ ਨੂੰ ਜਿਸ ਕੋਲ ਲਿਖਣ ਵਾਲੀ ਦਵਾਤ ਸੀ] ਕਿਹਾ, ਸ਼ਹਿਰ ਦੇ ਵਿਚਾਲਿਓਂ, ਹਾਂ, ਯਰੂਸ਼ਲਮ ਦੇ ਵਿਚਾਲਿਓਂ ਲੰਘ, ਅਤੇ ਉਨ੍ਹਾਂ ਲੋਕਾਂ ਦੇ ਮੱਥੇ ਉੱਤੇ ਜੋ ਓਹਨਾਂ ਸਾਰੇ ਘਿਣਾਉਣੇ ਕੰਮਾਂ ਦੇ ਕਾਰਨ ਜੋ ਉਸ ਵਿੱਚ ਕੀਤੇ ਜਾਂਦੇ ਹਨ ਆਹਾਂ ਭਰਦੇ, ਅਤੇ ਰੋਂਦੇ ਹਨ, ਨਿਸ਼ਾਨ ਲਗਾ ਦੇਹ।”—ਹਿਜ਼ਕੀਏਲ 9:4.
12. ਹਿਜ਼ਕੀਏਲ 9:5, 6 ਦੀ ਅੱਜ ਦੇ ਲੋਕਾਂ ਲਈ ਕੀ ਮਹੱਤਤਾ ਹੈ?
12 ਅੱਜ ਇਸ ਬਿਰਤਾਂਤ ਦੀ ਮਹੱਤਤਾ ਸਾਡੇ ਲਈ ਉਦੋਂ ਹੋਰ ਵੀ ਸਪੱਸ਼ਟ ਹੋ ਜਾਂਦੀ ਹੈ ਜਦੋਂ ਅਸੀਂ ਉਨ੍ਹਾਂ ਛੇ ਆਦਮੀਆਂ ਨੂੰ ਦਿੱਤੀਆਂ ਗਈਆਂ ਹਿਦਾਇਤਾਂ ਨੂੰ ਪੜ੍ਹਦੇ ਹਾਂ ਜਿਨ੍ਹਾਂ ਕੋਲ ਵੱਢਣ ਵਾਲੇ ਸ਼ਸਤਰ ਸਨ: “ਉਹ ਦੇ ਪਿੱਛੇ ਪਿੱਛੇ ਸ਼ਹਿਰ ਵਿੱਚੋਂ ਲੰਘੋ ਅਤੇ ਮਾਰਦੇ ਜਾਓ, ਤੁਹਾਡੀਆਂ ਅੱਖਾਂ ਲਿਹਾਜ਼ ਨਾ ਕਰਨ, ਨਾ ਤੁਸੀਂ ਤਰਸ ਕਰੋ। ਤੁਸੀਂ ਬੁੱਢਿਆਂ, ਗੱਭਰੂਆਂ, ਕੁਆਰੀਆਂ, ਿਨੱਕੇ ਬੱਚਿਆਂ ਤੇ ਤੀਵੀਆਂ ਨੂੰ ਉੱਕਾ ਮਾਰ ਸੁੱਟੋ ਪਰ ਜਿਨ੍ਹਾਂ ਉੱਤੇ ਨਿਸ਼ਾਨ ਹੈ ਉਨ੍ਹਾਂ ਵਿੱਚੋਂ ਕਿਸੇ ਦੇ ਨੇੜੇ ਨਾ ਜਾਓ, ਅਤੇ ਮੇਰੇ ਪਵਿੱਤ੍ਰ ਅਸਥਾਨ ਤੋਂ ਅਰੰਭ ਕਰੋ।” (ਹਿਜ਼ਕੀਏਲ 9:5, 6) ਅਸੀਂ ਤੇਜ਼ੀ ਨਾਲ ਆ ਰਹੇ ਵੱਡੇ ਕਸ਼ਟ ਤੋਂ ਤਾਂ ਹੀ ਬਚ ਸਕਦੇ ਹਾਂ ਜੇ ਅਸੀਂ ਇਸ ਗੱਲ ਨੂੰ ਪਛਾਣਦੇ ਹਾਂ ਕਿ ਅੱਜ ਖ਼ਾਸ ਤੌਰ ਤੇ ਰੋਣ ਦਾ ਸਮਾਂ ਹੈ।
13, 14. (ੳ) ਯਿਸੂ ਨੇ ਕਿਨ੍ਹਾਂ ਲੋਕਾਂ ਨੂੰ ਧੰਨ ਕਿਹਾ ਸੀ? (ਅ) ਸਮਝਾਓ ਕਿ ਤੁਹਾਡੀ ਰਾਇ ਵਿਚ ਇਹ ਵਰਣਨ ਕਿਉਂ ਯਹੋਵਾਹ ਦੇ ਗਵਾਹਾਂ ਉੱਤੇ ਬਿਲਕੁਲ ਠੀਕ ਬੈਠਦਾ ਹੈ।
13 ਯਹੋਵਾਹ ਦੇ ਗਵਾਹ ਸੰਸਾਰ ਦੀ ਮਾੜੀ ਹਾਲਤ ਉੱਤੇ ‘ਰੋਂਦੇ’ ਹਨ, ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਖ਼ੁਸ਼ ਨਹੀਂ ਹਨ। ਉਹ ਖ਼ੁਸ਼ ਹਨ! ਅਸਲ ਵਿਚ ਧਰਤੀ ਉੱਤੇ ਉਹ ਸਭ ਤੋਂ ਖ਼ੁਸ਼ ਲੋਕ ਹਨ। ਯਿਸੂ ਨੇ ਖ਼ੁਸ਼ੀ ਦੀ ਪਰਖ ਕਰਨ ਲਈ ਇਕ ਕਸੌਟੀ ਦਿੱਤੀ ਜਦੋਂ ਉਸ ਨੇ ਕਿਹਾ: “ਧੰਨ ਓਹ ਜਿਹੜੇ ਦਿਲ ਦੇ ਗ਼ਰੀਬ ਹਨ, . . . ਜਿਹੜੇ ਸੋਗ ਕਰਦੇ ਹਨ, . . . ਜਿਹੜੇ ਹਲੀਮ ਹਨ, . . . ਜਿਹੜੇ ਧਰਮ ਦੇ ਭੁੱਖੇ ਤੇ ਤਿਹਾਏ ਹਨ, . . . ਜਿਹੜੇ ਦਯਾਵਾਨ ਹਨ, . . . ਜਿਹੜੇ ਸ਼ੁੱਧਮਨ ਹਨ, . . . ਜਿਹੜੇ ਮੇਲ ਕਰਾਉਣ ਵਾਲੇ ਹਨ, . . . ਜਿਹੜੇ ਧਰਮ ਦੇ ਕਾਰਨ ਸਤਾਏ ਗਏ ਹਨ।” (ਮੱਤੀ 5:3-10) ਸਬੂਤ ਦਿਖਾਉਂਦੇ ਹਨ ਕਿ ਇਹ ਵਰਣਨ ਹੋਰ ਕਿਸੇ ਵੀ ਦੂਸਰੇ ਧਾਰਮਿਕ ਸੰਗਠਨ ਨਾਲੋਂ ਯਹੋਵਾਹ ਦੇ ਗਵਾਹਾਂ ਦੇ ਸੰਗਠਨ ਉੱਤੇ ਜ਼ਿਆਦਾ ਠੀਕ ਬੈਠਦਾ ਹੈ।
14 ਖ਼ਾਸ ਕਰਕੇ 1919 ਵਿਚ ਜਦੋਂ ਸੱਚੀ ਉਪਾਸਨਾ ਮੁੜ ਸਥਾਪਿਤ ਹੋਈ, ਤਾਂ ਉਦੋਂ ਤੋਂ ਯਹੋਵਾਹ ਦੇ ਖ਼ੁਸ਼ ਲੋਕਾਂ ਕੋਲ “ਹੱਸਣ” ਦਾ ਕਾਰਨ ਰਿਹਾ ਹੈ। ਅਧਿਆਤਮਿਕ ਤੌਰ ਤੇ, ਉਨ੍ਹਾਂ ਨੇ ਵੀ ਛੇਵੀਂ ਸਦੀ ਸਾ.ਯੁ.ਪੂ. ਵਿਚ ਬਾਬਲ ਤੋਂ ਵਾਪਸ ਆਏ ਲੋਕਾਂ ਵਾਂਗ ਵੱਡੀ ਖ਼ੁਸ਼ੀ ਅਨੁਭਵ ਕੀਤੀ: “ਜਦ ਯਹੋਵਾਹ ਸੀਯੋਨ ਦੇ ਅਸੀਰਾਂ ਨੂੰ ਮੋੜ ਲੈ ਆਇਆ, ਤਦ ਅਸੀਂ ਸੁਫ਼ਨੇ ਵੇਖਣ ਵਾਲਿਆਂ ਵਰਗੇ ਸਾਂ! ਤਦ ਸਾਡੇ ਮੂੰਹ ਹਾਸੇ ਨਾਲ ਭਰ ਗਏ, ਅਤੇ ਸਾਡੀਆਂ ਜੀਭਾਂ ਉੱਤੇ ਜੈਕਾਰਾ ਸੀ, . . . ਯਹੋਵਾਹ ਨੇ ਸਾਡੇ ਲਈ ਵੱਡੇ ਵੱਡੇ ਕੰਮ ਕੀਤੇ ਹਨ, ਅਸੀਂ ਅਨੰਦ ਹੋਏ ਹਾਂ।” (ਜ਼ਬੂਰ 126:1-3) ਪਰ ਅਧਿਆਤਮਿਕ ਤੌਰ ਤੇ ਹੱਸਦੇ ਹੋਏ ਵੀ, ਯਹੋਵਾਹ ਦੇ ਗਵਾਹ ਬੁੱਧੀਮਤਾ ਨਾਲ ਸਮੇਂ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦੇ ਹਨ। ਜਦੋਂ ਨਵਾਂ ਸੰਸਾਰ ਆ ਜਾਵੇਗਾ ਅਤੇ ਧਰਤੀ ਦੇ ਵਾਸੀ ‘ਅਸਲ ਜੀਵਨ ਨੂੰ ਫੜ ਲੈਣਗੇ,’ ਉਦੋਂ ਹਮੇਸ਼ਾ ਲਈ ਰੋਣਾ ਛੱਡ ਕੇ ਹੱਸਣ ਦਾ ਸਮਾਂ ਆ ਜਾਵੇਗਾ।—1 ਤਿਮੋਥਿਉਸ 6:19; ਪਰਕਾਸ਼ ਦੀ ਪੋਥੀ 21:3, 4.
“ਇੱਕ ਗਲ ਲੱਗਣ ਦਾ ਵੇਲਾ ਹੈ ਅਤੇ ਇੱਕ ਗਲ ਲਗਣ ਤੋਂ ਦੂਰ ਰਹਿਣ ਦਾ ਵੇਲਾ ਹੈ”
15. ਦੋਸਤ ਬਣਾਉਂਦੇ ਸਮੇਂ ਮਸੀਹੀ ਕਿਉਂ ਧਿਆਨ ਰੱਖਦੇ ਹਨ?
15 ਮਸੀਹੀ ਬਹੁਤ ਧਿਆਨ ਰੱਖਦੇ ਹਨ ਕਿ ਉਹ ਕਿਸ ਤਰ੍ਹਾਂ ਦੇ ਦੋਸਤਾਂ ਨੂੰ ਗਲ ਨਾਲ ਲਾਉਂਦੇ ਹਨ। ਉਹ ਪੌਲੁਸ ਦੀ ਚੇਤਾਵਨੀ ਨੂੰ ਯਾਦ ਰੱਖਦੇ ਹਨ: “ਧੋਖਾ ਨਾ ਖਾਓ, ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।” (1 ਕੁਰਿੰਥੀਆਂ 15:33) ਅਤੇ ਬੁੱਧੀਮਾਨ ਰਾਜਾ ਸੁਲੇਮਾਨ ਨੇ ਕਿਹਾ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।”—ਕਹਾਉਤਾਂ 13:20.
16, 17. ਯਹੋਵਾਹ ਦੇ ਗਵਾਹ ਦੋਸਤੀ, ਡੇਟਿੰਗ ਅਤੇ ਵਿਆਹ ਬਾਰੇ ਕਿਸ ਤਰ੍ਹਾਂ ਦੇ ਵਿਚਾਰ ਰੱਖਦੇ ਹਨ ਅਤੇ ਕਿਉਂ?
16 ਯਹੋਵਾਹ ਦੇ ਸੇਵਕ ਉਨ੍ਹਾਂ ਲੋਕਾਂ ਨੂੰ ਆਪਣੇ ਦੋਸਤ ਬਣਾਉਂਦੇ ਹਨ ਜਿਹੜੇ ਉਨ੍ਹਾਂ ਵਾਂਗ ਯਹੋਵਾਹ ਨੂੰ ਅਤੇ ਉਸ ਦੀ ਧਾਰਮਿਕਤਾ ਨੂੰ ਪਿਆਰ ਕਰਦੇ ਹਨ। ਭਾਵੇਂ ਉਹ ਆਪਣੇ ਦੋਸਤਾਂ ਦੀ ਸੰਗਤੀ ਦਾ ਆਨੰਦ ਮਾਣਦੇ ਹਨ ਅਤੇ ਇਸ ਦੀ ਕਦਰ ਕਰਦੇ ਹਨ, ਪਰ ਉਹ ਡੇਟਿੰਗ (ਮੁੰਡੇ-ਕੁੜੀ ਦਾ ਮਿਲਣਾ), ਜੋ ਅੱਜ-ਕੱਲ੍ਹ ਕੁਝ ਦੇਸ਼ਾਂ ਵਿਚ ਆਮ ਹੈ, ਦੇ ਮਾਮਲੇ ਵਿਚ ਬਹੁਤ ਹੀ ਜ਼ਿਆਦਾ ਆਜ਼ਾਦ ਖ਼ਿਆਲਾਂ ਵਾਲੇ ਨਹੀਂ ਹਨ। ਡੇਟਿੰਗ ਨੂੰ ਇਕ ਨੁਕਸਾਨ ਰਹਿਤ ਦਿਲਪਰਚਾਵਾ ਸਮਝਣ ਦੀ ਬਜਾਇ, ਉਹ ਇਸ ਨੂੰ ਵਿਆਹ ਵੱਲ ਇਕ ਗੰਭੀਰ ਕਦਮ ਵਿਚਾਰਦੇ ਹਨ ਜੋ ਕਿ ਉਸ ਵੇਲੇ ਹੀ ਚੁੱਕਿਆ ਜਾਣਾ ਚਾਹੀਦਾ ਹੈ ਜਦੋਂ ਇਕ ਵਿਅਕਤੀ ਸਰੀਰਕ ਤੌਰ ਤੇ, ਮਾਨਸਿਕ ਤੌਰ ਤੇ ਅਤੇ ਅਧਿਆਤਮਿਕ ਤੌਰ ਤੇ ਇਕ ਪੱਕਾ ਬੰਧਨ ਕਾਇਮ ਕਰਨ ਲਈ ਤਿਆਰ ਹੁੰਦਾ ਹੈ—ਅਤੇ ਬਾਈਬਲ ਅਨੁਸਾਰ ਇਸ ਤਰ੍ਹਾਂ ਕਰਨ ਲਈ ਆਜ਼ਾਦ ਹੁੰਦਾ ਹੈ।—1 ਕੁਰਿੰਥੀਆਂ 7:36.
17 ਕੁਝ ਲੋਕ ਸ਼ਾਇਦ ਇਹ ਮਹਿਸੂਸ ਕਰਨ ਕਿ ਡੇਟਿੰਗ ਤੇ ਵਿਆਹ ਬਾਰੇ ਅਜਿਹਾ ਵਿਚਾਰ ਰੱਖਣਾ ਪੁਰਾਣੇ ਜ਼ਮਾਨੇ ਦੀ ਗੱਲ ਹੈ। ਪਰ ਯਹੋਵਾਹ ਦੇ ਗਵਾਹ ਦੂਸਰਿਆਂ ਦੇ ਪ੍ਰਭਾਵ ਹੇਠ ਆ ਕੇ ਆਪਣੇ ਦੋਸਤ ਨਹੀਂ ਚੁਣਦੇ ਤੇ ਨਾਂ ਹੀ ਡੇਟਿੰਗ ਤੇ ਵਿਆਹ ਸੰਬੰਧੀ ਫ਼ੈਸਲੇ ਕਰਦੇ ਹਨ। ਉਹ ਜਾਣਦੇ ਹਨ ਕਿ ‘ਗਿਆਨ ਆਪਣੇ ਕਰਮਾਂ ਤੋਂ ਸੱਚਾ ਠਹਿਰਦਾ’ ਹੈ। (ਮੱਤੀ 11:19) ਯਹੋਵਾਹ ਹਰ ਗੱਲ ਬਾਰੇ ਸਭ ਤੋਂ ਜ਼ਿਆਦਾ ਜਾਣਦਾ ਹੈ, ਇਸ ਲਈ ਯਹੋਵਾਹ ਦੇ ਗਵਾਹ “ਕੇਵਲ ਪ੍ਰਭੁ ਵਿੱਚ” ਵਿਆਹ ਕਰਾਉਣ ਦੀ ਉਸ ਦੀ ਸਲਾਹ ਨੂੰ ਗੰਭੀਰਤਾ ਨਾਲ ਲੈਂਦੇ ਹਨ। (1 ਕੁਰਿੰਥੀਆਂ 7:39; 2 ਕੁਰਿੰਥੀਆਂ 6:14) ਉਹ ਇਸ ਗ਼ਲਤਫ਼ਹਿਮੀ ਵਿਚ ਪੈ ਕੇ ਫਟਾਫਟ ਵਿਆਹ ਨਹੀਂ ਕਰਾਉਂਦੇ ਕਿ ਜੇ ਵਿਆਹ ਸਫ਼ਲ ਨਹੀਂ ਹੋਇਆ, ਤਾਂ ਉਹ ਤਲਾਕ ਲੈ ਸਕਦੇ ਹਨ ਜਾਂ ਛੱਡ-ਛਡਈਆ ਕਰ ਸਕਦੇ ਹਨ। ਉਹ ਸਹੀ ਜੀਵਨ-ਸਾਥੀ ਲੱਭਣ ਲਈ ਕਾਫ਼ੀ ਸਮਾਂ ਲਗਾਉਂਦੇ ਹਨ, ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਇਕ ਵਾਰ ਜਦੋਂ ਵਿਆਹ ਦੀ ਸਹੁੰ ਖਾ ਲਈ, ਤਾਂ ਯਹੋਵਾਹ ਦਾ ਇਹ ਨਿਯਮ ਲਾਗੂ ਹੋਣਾ ਸ਼ੁਰੂ ਹੋ ਜਾਵੇਗਾ: “ਸੋ ਹੁਣ ਓਹ ਦੋ ਨਹੀਂ ਬਲਕਣ ਇੱਕੋ ਸਰੀਰ ਹਨ। ਸੋ ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਹ ਨੂੰ ਮਨੁੱਖ ਅੱਡ ਨਾ ਕਰੇ।”—ਮੱਤੀ 19:6; ਮਰਕੁਸ 10:9.
18. ਖ਼ੁਸ਼ੀਆਂ ਭਰੇ ਵਿਆਹੁਤਾ ਜੀਵਨ ਲਈ ਕਿਹੜੀ ਚੀਜ਼ ਇਕ ਬਹੁਤ ਹੀ ਵਧੀਆ ਸ਼ੁਰੂਆਤ ਹੋ ਸਕਦੀ ਹੈ?
18 ਵਿਆਹ ਜੀਵਨ ਭਰ ਸਾਥ ਨਿਭਾਉਣ ਦਾ ਵਾਅਦਾ ਹੈ, ਇਸ ਲਈ ਇਸ ਉੱਤੇ ਬਹੁਤ ਸੋਚ-ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਇਕ ਆਦਮੀ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ‘ਕੀ ਉਹ ਸੱਚ-ਮੁੱਚ ਮੇਰੇ ਲਈ ਇਕ ਸਹੀ ਜੀਵਨ-ਸਾਥਣ ਹੈ?’ ਪਰ ਨਾਲ ਹੀ ਆਪਣੇ ਤੋਂ ਇਹ ਪੁੱਛਣਾ ਵੀ ਜ਼ਰੂਰੀ ਹੈ, ‘ਕੀ ਮੈਂ ਉਹ ਦੇ ਲਈ ਸੱਚ-ਮੁੱਚ ਇਕ ਸਹੀ ਜੀਵਨ-ਸਾਥੀ ਹਾਂ? ਕੀ ਮੈਂ ਇਕ ਪਰਿਪੱਕ ਮਸੀਹੀ ਹਾਂ ਜੋ ਉਸ ਦੀਆਂ ਅਧਿਆਤਮਿਕ ਲੋੜਾਂ ਪੂਰੀਆਂ ਕਰ ਸਕਦਾ ਹਾਂ?’ ਦੋਵੇਂ ਭਾਵੀ ਜੀਵਨ-ਸਾਥੀਆਂ ਦੀ ਯਹੋਵਾਹ ਸਾਮ੍ਹਣੇ ਇਹ ਜ਼ਿੰਮੇਵਾਰੀ ਹੈ ਕਿ ਉਹ ਅਧਿਆਤਮਿਕ ਤੌਰ ਤੇ ਇੰਨੇ ਤਕੜੇ ਹੋਣ ਕਿ ਉਹ ਇਕ ਮਜ਼ਬੂਤ ਵਿਆਹੁਤਾ ਬੰਧਨ ਕਾਇਮ ਕਰ ਸਕਣ, ਜਿਸ ਨੂੰ ਪਰਮੇਸ਼ੁਰ ਦੀ ਮਨਜ਼ੂਰੀ ਪ੍ਰਾਪਤ ਹੋਵੇ। ਹਜ਼ਾਰਾਂ ਮਸੀਹੀ ਜੋੜੇ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਨ ਕਿ ਖ਼ੁਸ਼ੀਆਂ ਭਰੇ ਵਿਆਹੁਤਾ ਜੀਵਨ ਲਈ ਪੂਰਣ-ਕਾਲੀ ਸੇਵਕਾਈ ਬਹੁਤ ਹੀ ਵਧੀਆ ਸ਼ੁਰੂਆਤ ਹੈ, ਕਿਉਂਕਿ ਇਸ ਵਿਚ ਲੈਣ ਨਾਲੋਂ ਦੇਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ।
19. ਕੁਝ ਮਸੀਹੀ ਕੁਆਰੇ ਕਿਉਂ ਰਹਿੰਦੇ ਹਨ?
19 ਕੁਝ ਮਸੀਹੀ ਖ਼ੁਸ਼ ਖ਼ਬਰੀ ਦੀ ਖ਼ਾਤਰ ਕੁਆਰੇ ਰਹਿ ਕੇ ‘ਗਲ ਲਗਣ ਤੋਂ ਦੂਰ ਰਹਿੰਦੇ’ ਹਨ। (ਉਪਦੇਸ਼ਕ ਦੀ ਪੋਥੀ 3:5) ਕੁਝ ਉਦੋਂ ਤਕ ਵਿਆਹ ਨਹੀਂ ਕਰਾਉਂਦੇ ਜਦੋਂ ਤਕ ਉਹ ਸਹੀ ਜੀਵਨ-ਸਾਥੀ ਪ੍ਰਾਪਤ ਕਰਨ ਲਈ ਅਧਿਆਤਮਿਕ ਤੌਰ ਤੇ ਯੋਗ ਨਹੀਂ ਹੋ ਜਾਂਦੇ। ਪਰ ਆਓ ਅਸੀਂ ਉਨ੍ਹਾਂ ਕੁਆਰੇ ਮਸੀਹੀਆਂ ਨੂੰ ਵੀ ਯਾਦ ਰੱਖੀਏ ਜੋ ਵਿਆਹ ਦਾ ਆਨੰਦ ਅਤੇ ਜੀਵਨ-ਸਾਥੀ ਦਾ ਸਾਥ ਪ੍ਰਾਪਤ ਕਰਨ ਲਈ ਲੋਚਦੇ ਹਨ ਅਤੇ ਫਿਰ ਵੀ ਉਨ੍ਹਾਂ ਨੂੰ ਜੀਵਨ-ਸਾਥੀ ਨਹੀਂ ਲੱਭਦਾ। ਅਸੀਂ ਯਕੀਨੀ ਹੋ ਸਕਦੇ ਹਾਂ ਕਿ ਯਹੋਵਾਹ ਨੂੰ ਉਦੋਂ ਬਹੁਤ ਖ਼ੁਸ਼ੀ ਹੁੰਦੀ ਹੈ ਜਦੋਂ ਇਹ ਮਸੀਹੀ ਵਿਆਹ ਕਰਾਉਣ ਦੀ ਖ਼ਾਤਰ ਉਸ ਦੇ ਸਿਧਾਂਤਾਂ ਦੀ ਉਲੰਘਣਾ ਕਰਨ ਤੋਂ ਇਨਕਾਰ ਕਰਦੇ ਹਨ। ਸਾਨੂੰ ਉਨ੍ਹਾਂ ਦੀ ਨਿਸ਼ਠਾ ਦੀ ਕਦਰ ਵੀ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਚੰਗੇ ਤਰੀਕੇ ਨਾਲ ਹੌਸਲਾ ਦੇਣਾ ਚਾਹੀਦਾ ਹੈ ਜਿਸ ਦੇ ਉਹ ਯੋਗ ਹਨ।
20. ਕਿਉਂ ਕਈ ਵਾਰ ਵਿਆਹੁਤਾ ਸਾਥੀ ਵੀ ‘ਗਲ ਲਗਣ ਤੋਂ ਦੂਰ ਰਹਿੰਦੇ’ ਹਨ?
20 ਕੀ ਵਿਆਹੁਤਾ ਜੋੜਿਆਂ ਨੂੰ ਵੀ ਕਦੇ-ਕਦਾਈਂ ‘ਗਲ ਲਗਣ ਤੋਂ ਦੂਰ ਰਹਿਣਾ’ ਚਾਹੀਦਾ ਹੈ? ਇਕ ਲਿਹਾਜ਼ ਨਾਲ ਉਨ੍ਹਾਂ ਨੂੰ ਰਹਿਣਾ ਚਾਹੀਦਾ ਹੈ, ਕਿਉਂਕਿ ਪੌਲੁਸ ਨੇ ਲਿਖਿਆ: “ਹੇ ਭਰਾਵੋ, ਮੈਂ ਇਹ ਆਖਦਾ ਹਾਂ ਜੋ ਸਮਾ ਘਟਾਇਆ ਗਿਆ ਹੈ ਭਈ ਏਦੋਂ ਅੱਗੇ ਪਤਨੀ ਵਾਲੇ ਅਜਿਹੇ ਹੋਣ ਕਿ ਜਾਣੀਦਾ ਉਨ੍ਹਾਂ ਦੇ ਪਤਨੀਆਂ ਨਹੀਂ ਹਨ।” (1 ਕੁਰਿੰਥੀਆਂ 7:29) ਇਸ ਸਲਾਹ ਅਨੁਸਾਰ, ਪਤੀ-ਪਤਨੀ ਨੂੰ ਕਈ ਵਾਰ ਵਿਆਹੁਤਾ-ਜੀਵਨ ਦੀਆਂ ਖ਼ੁਸ਼ੀਆਂ ਅਤੇ ਬਰਕਤਾਂ ਨਾਲੋਂ ਪਰਮੇਸ਼ੁਰੀ ਜ਼ਿੰਮੇਵਾਰੀਆਂ ਨੂੰ ਪਹਿਲ ਦੇਣੀ ਪੈਂਦੀ ਹੈ। ਇਸ ਮਾਮਲੇ ਵਿਚ ਸੰਤੁਲਿਤ ਨਜ਼ਰੀਆ ਵਿਆਹੁਤਾ ਬੰਧਨ ਨੂੰ ਕਮਜ਼ੋਰ ਨਹੀਂ ਕਰੇਗਾ ਬਲਕਿ ਇਸ ਨੂੰ ਮਜ਼ਬੂਤ ਬਣਾਵੇਗਾ ਕਿਉਂਕਿ ਇਹ ਦੋਵੇਂ ਜੀਵਨ-ਸਾਥੀਆਂ ਨੂੰ ਯਾਦ ਕਰਾਉਂਦਾ ਹੈ ਕਿ ਉਨ੍ਹਾਂ ਨੂੰ ਆਪਣੇ ਰਿਸ਼ਤੇ ਵਿਚ ਯਹੋਵਾਹ ਨੂੰ ਪਹਿਲਾ ਸਥਾਨ ਦੇਣਾ ਹੈ।—ਉਪਦੇਸ਼ਕ ਦੀ ਪੋਥੀ 4:12.
21. ਬੱਚੇ ਪੈਦਾ ਕਰਨ ਦੇ ਮਾਮਲੇ ਵਿਚ ਸਾਨੂੰ ਵਿਆਹੁਤਾ ਜੋੜਿਆਂ ਦੇ ਫ਼ੈਸਲੇ ਦੀ ਆਲੋਚਨਾ ਕਿਉਂ ਨਹੀਂ ਕਰਨੀ ਚਾਹੀਦੀ?
21 ਇਸ ਤੋਂ ਇਲਾਵਾ, ਕੁਝ ਜੋੜਿਆਂ ਨੇ ਬੱਚੇ ਪੈਦਾ ਨਹੀਂ ਕੀਤੇ ਹਨ ਤਾਂਕਿ ਉਹ ਪਰਮੇਸ਼ੁਰ ਦੀ ਸੇਵਾ ਵਿਚ ਜ਼ਿਆਦਾ ਸਮਾਂ ਲਗਾ ਸਕਣ। ਇਹ ਉਨ੍ਹਾਂ ਲਈ ਇਕ ਕੁਰਬਾਨੀ ਹੈ ਅਤੇ ਯਹੋਵਾਹ ਉਨ੍ਹਾਂ ਨੂੰ ਜ਼ਰੂਰ ਇਸ ਦਾ ਫਲ ਦੇਵੇਗਾ। ਇਹ ਧਿਆਨ ਦੇਣ ਯੋਗ ਹੈ ਕਿ ਬਾਈਬਲ ਖ਼ੁਸ਼ ਖ਼ਬਰੀ ਦੀ ਖ਼ਾਤਰ ਕੁਆਰੇ ਰਹਿਣ ਲਈ ਉਤਸ਼ਾਹਿਤ ਕਰਦੀ ਹੈ, ਪਰ ਇਹ ਖ਼ੁਸ਼ ਖ਼ਬਰੀ ਦੀ ਖ਼ਾਤਰ ਬੱਚੇ ਪੈਦਾ ਨਾ ਕਰਨ ਬਾਰੇ ਸਿੱਧੇ ਤੌਰ ਤੇ ਕੁਝ ਵੀ ਨਹੀਂ ਕਹਿੰਦੀ ਹੈ। (ਮੱਤੀ 19:10-12; 1 ਕੁਰਿੰਥੀਆਂ 7:38. ਮੱਤੀ 24:19 ਅਤੇ ਲੂਕਾ 23:28-30 ਦੀ ਤੁਲਨਾ ਕਰੋ।) ਇਸ ਲਈ, ਇਸ ਬਾਰੇ ਵਿਆਹੁਤਾ ਜੋੜਿਆਂ ਨੂੰ ਆਪਣੇ ਨਿੱਜੀ ਹਾਲਾਤਾਂ ਅਤੇ ਆਪਣੀਆਂ ਭਾਵਨਾਵਾਂ ਦੇ ਆਧਾਰ ਤੇ ਆਪ ਫ਼ੈਸਲਾ ਕਰਨਾ ਚਾਹੀਦਾ ਹੈ। ਚਾਹੇ ਉਹ ਜੋ ਵੀ ਫ਼ੈਸਲਾ ਕਰਨ, ਉਸ ਲਈ ਉਨ੍ਹਾਂ ਦੀ ਆਲੋਚਨਾ ਨਹੀਂ ਕੀਤੀ ਜਾਣੀ ਚਾਹੀਦੀ।
22. ਸਾਡੇ ਲਈ ਕੀ ਜਾਣਨਾ ਜ਼ਰੂਰੀ ਹੈ?
22 ਜੀ ਹਾਂ, “ਹਰੇਕ ਕੰਮ ਦਾ ਇੱਕ ਸਮਾ ਹੈ, ਅਤੇ ਹਰ ਮਨੋਰਥ ਦਾ ਜੋ ਅਕਾਸ਼ ਦੇ ਹੇਠ ਹੈ ਇੱਕ ਵੇਲਾ ਹੈ।” ‘ਇੱਕ ਜੁੱਧ ਕਰਨ ਦਾ ਵੇਲਾ ਹੈ, ਇੱਕ ਮੇਲ ਕਰਨ ਦਾ ਵੇਲਾ ਵੀ ਹੈ।’ (ਉਪਦੇਸ਼ਕ ਦੀ ਪੋਥੀ 3:1, 8) ਅਗਲਾ ਲੇਖ ਸਮਝਾਏਗਾ ਕਿ ਸਾਡੇ ਲਈ ਇਹ ਜਾਣਨਾ ਕਿਉਂ ਜ਼ਰੂਰੀ ਹੈ ਕਿ ਹੁਣ ਯੁੱਧ ਕਰਨ ਦਾ ਵੇਲਾ ਹੈ ਜਾਂ ਮੇਲ ਕਰਨ ਦਾ।
ਕੀ ਤੁਸੀਂ ਸਮਝਾ ਸਕਦੇ ਹੋ?
◻ ਸਾਡੇ ਲਈ ਇਹ ਜਾਣਨਾ ਕਿਉਂ ਜ਼ਰੂਰੀ ਹੈ ਕਿ “ਹਰੇਕ ਕੰਮ ਦਾ ਇੱਕ ਸਮਾ ਹੈ”?
◻ ਖ਼ਾਸ ਕਰਕੇ ਅੱਜ “ਰੋਣ ਦਾ ਵੇਲਾ” ਕਿਉਂ ਹੈ?
◻ ਭਾਵੇਂ ਮਸੀਹੀ “ਰੋਂਦੇ” ਹਨ, ਫਿਰ ਵੀ ਉਹ ਸੱਚ-ਮੁੱਚ ਖ਼ੁਸ਼ ਕਿਉਂ ਹਨ?
◻ ਕੁਝ ਮਸੀਹੀ ਕਿਵੇਂ ਦਿਖਾਉਂਦੇ ਹਨ ਕਿ ਉਹ ਵਰਤਮਾਨ ਸਮੇਂ ਨੂੰ “ਗਲ ਲਗਣ ਤੋਂ ਦੂਰ ਰਹਿਣ ਦਾ ਵੇਲਾ” ਵਿਚਾਰਦੇ ਹਨ?
[ਸਫ਼ੇ 6, 7 ਉੱਤੇ ਤਸਵੀਰਾਂ]
ਸੰਸਾਰ ਦੀ ਹਾਲਤ ਉਤੇ ਭਾਵੇਂ ਮਸੀਹੀ ‘ਰੋਂਦੇ’ ਹਨ . . .
. . . ਪਰ ਅਸਲ ਵਿਚ ਉਹ ਦੁਨੀਆਂ ਦੇ ਸਭ ਤੋਂ ਖ਼ੁਸ਼ ਲੋਕ ਹਨ
[ਸਫ਼ੇ 8 ਉੱਤੇ ਤਸਵੀਰ]
ਖ਼ੁਸ਼ ਵਿਆਹੁਤਾ ਜੀਵਨ ਲਈ ਪੂਰਣ-ਕਾਲੀ ਸੇਵਕਾਈ ਇਕ ਬਹੁਤ ਹੀ ਵਧੀਆ ਸ਼ੁਰੂਆਤ ਹੈ