ਅਧਿਆਇ 4
“ਦੇਖ! ਉਹ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ”
1-3. ਯਿਸੂ ਕਿਸ ਖ਼ਤਰੇ ਦਾ ਸਾਮ੍ਹਣਾ ਕਰਦਾ ਹੈ ਅਤੇ ਕਿਵੇਂ?
ਤਲਵਾਰਾਂ ਤੇ ਡਾਂਗਾਂ ਫੜੀ ਇਕ ਵੱਡੀ ਭੀੜ ਸਿਪਾਹੀਆਂ ਨਾਲ ਯਿਸੂ ਨੂੰ ਗਿਰਫ਼ਤਾਰ ਕਰਨ ਆ ਰਹੀ ਹੈ। ਆਪਣੇ ਭੈੜੇ ਇਰਾਦੇ ਨੂੰ ਪੂਰਾ ਕਰਨ ਲਈ ਇਹ ਭੀੜ ਯਰੂਸ਼ਲਮ ਦੀਆਂ ਘੁੱਪ ਹਨੇਰੀਆਂ ਗਲੀਆਂ ਵਿੱਚੋਂ ਦੀ ਲੰਘਦੀ ਹੋਈ ਅਤੇ ਕਿਦਰੋਨ ਘਾਟੀ ਨੂੰ ਪਾਰ ਕਰ ਕੇ ਜ਼ੈਤੂਨ ਪਹਾੜ ਦੇ ਲਾਗੇ ਪਹੁੰਚਦੀ ਹੈ। ਚੰਦਰਮਾ ਦੀ ਰੌਸ਼ਨੀ ਹਰ ਪਾਸੇ ਫੈਲੀ ਹੋਈ ਹੈ, ਪਰ ਫਿਰ ਵੀ ਉਨ੍ਹਾਂ ਨੇ ਹੱਥਾਂ ਵਿਚ ਮਸ਼ਾਲਾਂ ਤੇ ਦੀਵੇ ਫੜੇ ਹੋਏ ਹਨ। ਸ਼ਾਇਦ ਬੱਦਲਾਂ ਨੇ ਚੰਦਰਮਾ ਦੀ ਰੌਸ਼ਨੀ ਨੂੰ ਢਕਿਆ ਹੋਇਆ ਹੈ ਜਾਂ ਫਿਰ ਉਹ ਸੋਚ ਰਹੇ ਹਨ ਕਿ ਯਿਸੂ ਕਿਤੇ ਹਨੇਰੇ ਵਿਚ ਲੁਕਿਆ ਬੈਠਾ ਹੋਣਾ। ਪਰ ਇਕ ਗੱਲ ਪੱਕੀ ਹੈ: ਜਿਹੜੇ ਇਹ ਸੋਚਦੇ ਹਨ ਕਿ ਯਿਸੂ ਡਰਦੇ ਮਾਰੇ ਸਹਿਮ ਜਾਵੇਗਾ, ਉਹ ਉਸ ਨੂੰ ਬਿਲਕੁਲ ਨਹੀਂ ਜਾਣਦੇ।
2 ਯਿਸੂ ਜਾਣਦਾ ਹੈ ਕਿ ਉਸ ਦੇ ਦੁਸ਼ਮਣ ਉਸ ਨੂੰ ਫੜਨ ਆ ਰਹੇ ਹਨ। ਪਰ ਉਹ ਭੱਜਣ ਦੀ ਬਜਾਇ ਬਿਨਾਂ ਡਰੇ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਹੈ। ਭੀੜ ਦੇ ਮੋਹਰੇ-ਮੋਹਰੇ ਧੋਖੇਬਾਜ਼ ਯਹੂਦਾ ਆ ਰਿਹਾ ਹੈ। ਉਹ ਸਿੱਧਾ ਆਪਣੇ ਗੁਰੂ ਯਿਸੂ ਕੋਲ ਜਾ ਕੇ ਉਸ ਨੂੰ ਨਮਸਕਾਰ ਕਰ ਕੇ ਚੁੰਮਦਾ ਹੈ। ਉਸ ਨੇ ਯਿਸੂ ਨੂੰ ਪਛਾਣਨ ਦੀ ਇਹੀ ਨਿਸ਼ਾਨੀ ਦਿੱਤੀ ਸੀ। ਉਹ ਕਿੰਨਾ ਪਖੰਡੀ ਨਿਕਲਿਆ! ਪਰ ਯਿਸੂ ਘਬਰਾਉਂਦਾ ਨਹੀਂ, ਸਗੋਂ ਭੀੜ ਦੇ ਸਾਮ੍ਹਣੇ ਆ ਕੇ ਪੁੱਛਦਾ ਹੈ, “ਤੁਸੀਂ ਕਿਹਨੂੰ ਲੱਭ ਰਹੇ ਹੋ?” ਉਹ ਜਵਾਬ ਦਿੰਦੇ ਹਨ: “ਯਿਸੂ ਨਾਸਰੀ ਨੂੰ।”
3 ਭੀੜ ਨੂੰ ਦੇਖ ਕੇ ਸ਼ਾਇਦ ਇਕ ਆਮ ਇਨਸਾਨ ਥਰ-ਥਰ ਕੰਬਣ ਲੱਗ ਜਾਵੇ। ਇਸ ਭੀੜ ਨੇ ਵੀ ਯਿਸੂ ਬਾਰੇ ਇਹੀ ਸੋਚਿਆ ਹੋਣਾ। ਪਰ ਯਿਸੂ ਬੁਜ਼ਦਿਲਾਂ ਵਾਂਗ ਡਰ ਕੇ ਨੱਠਦਾ ਨਹੀਂ ਅਤੇ ਨਾ ਹੀ ਉਹ ਝੂਠ ਬੋਲ ਕੇ ਆਪਣੀ ਪਛਾਣ ਲੁਕਾਉਂਦਾ ਹੈ, ਸਗੋਂ ਉਹ ਸਾਫ਼-ਸਾਫ਼ ਕਹਿੰਦਾ ਹੈ: “ਮੈਂ ਹੀ ਹਾਂ।” ਯਿਸੂ ਇੰਨਾ ਸ਼ਾਂਤ ਹੈ ਕਿ ਉਸ ਦੀ ਬਹਾਦਰੀ ਦੇਖ ਕੇ ਬੰਦੇ ਹੱਕੇ-ਬੱਕੇ ਰਹਿ ਜਾਂਦੇ ਹਨ ਅਤੇ ਪਿੱਛੇ ਹਟ ਕੇ ਜ਼ਮੀਨ ਉੱਤੇ ਡਿਗ ਪੈਂਦੇ ਹਨ!—ਯੂਹੰਨਾ 18:1-6; ਮੱਤੀ 26:45-50; ਮਰਕੁਸ 14:41-46.
4-6. (ੳ) ਪਰਮੇਸ਼ੁਰ ਦੇ ਪੁੱਤਰ ਦੀ ਤੁਲਨਾ ਕਿਸ ਨਾਲ ਕੀਤੀ ਗਈ ਹੈ ਅਤੇ ਕਿਉਂ? (ਅ) ਯਿਸੂ ਨੇ ਕਿਨ੍ਹਾਂ ਤਿੰਨ ਗੱਲਾਂ ਵਿਚ ਦਲੇਰੀ ਦਿਖਾਈ ਸੀ?
4 ਯਿਸੂ ਅਜਿਹੇ ਵੱਡੇ ਖ਼ਤਰੇ ਦਾ ਸਾਮ੍ਹਣਾ ਕਰਦਿਆਂ ਇੰਨਾ ਸ਼ਾਂਤ ਕਿਵੇਂ ਰਹਿ ਸਕਿਆ? ਆਪਣੀ ਦਲੇਰੀ ਕਰਕੇ। ਯਿਸੂ ਜਿੰਨਾ ਦਲੇਰ ਇਨਸਾਨ ਅੱਜ ਤਕ ਪੈਦਾ ਨਹੀਂ ਹੋਇਆ। ਲੋਕ ਇਹੀ ਚਾਹੁੰਦੇ ਹਨ ਕਿ ਉਨ੍ਹਾਂ ਦਾ ਆਗੂ ਦਲੇਰ ਹੋਵੇ। ਪਿਛਲੇ ਅਧਿਆਇ ਵਿਚ ਅਸੀਂ ਦੇਖਿਆ ਸੀ ਕਿ ਯਿਸੂ ਨਿਮਰ ਸੁਭਾਅ ਦਾ ਸੀ, ਤਾਂ ਹੀ ਉਸ ਨੂੰ “ਲੇਲਾ” ਕਿਹਾ ਗਿਆ ਹੈ। (ਯੂਹੰਨਾ 1:29) ਪਰ ਹੁਣ ਅਸੀਂ ਯਿਸੂ ਦੇ ਇਕ ਵੱਖਰੇ ਗੁਣ ਯਾਨੀ ਉਸ ਦੀ ਦਲੇਰੀ ਬਾਰੇ ਗੱਲ ਕਰਾਂਗੇ। ਬਾਈਬਲ ਪਰਮੇਸ਼ੁਰ ਦੇ ਪੁੱਤਰ ਬਾਰੇ ਕਹਿੰਦੀ ਹੈ: “ਦੇਖ! ਉਹ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ।”—ਪ੍ਰਕਾਸ਼ ਦੀ ਕਿਤਾਬ 5:5.
5 ਕੀ ਤੁਸੀਂ ਕਦੇ ਇਕ ਬੱਬਰ ਸ਼ੇਰ ਦਾ ਸਾਮ੍ਹਣਾ ਕੀਤਾ ਹੈ? ਜੇ ਹਾਂ, ਤਾਂ ਜ਼ਰੂਰ ਤੁਸੀਂ ਉਸ ਨੂੰ ਕਿਸੇ ਪਿੰਜਰੇ ਜਾਂ ਵਾੜੇ ਵਿਚ ਦੇਖਿਆ ਹੋਣਾ ਜਿੱਥੇ ਤੁਹਾਨੂੰ ਉਸ ਤੋਂ ਕੋਈ ਖ਼ਤਰਾ ਨਹੀਂ ਸੀ। ਫਿਰ ਵੀ ਤੁਸੀਂ ਉਸ ਨੂੰ ਦੇਖ ਕੇ ਘਬਰਾ ਗਏ ਹੋਣੇ। ਜੇ ਤੁਸੀਂ ਇਸ ਵੱਡੇ ਤੇ ਤਾਕਤਵਰ ਜਾਨਵਰ ਵੱਲ ਘੂਰ ਕੇ ਦੇਖਦੇ ਹੋ, ਤਾਂ ਉਹ ਵੀ ਤੁਹਾਡੇ ਵੱਲ ਇੱਦਾਂ ਹੀ ਦੇਖੇਗਾ। ਤੁਸੀਂ ਕਦੇ ਸੋਚ ਵੀ ਨਹੀਂ ਸਕਦੇ ਕਿ ਉਹ ਡਰਦੇ ਮਾਰੇ ਭੱਜ ਜਾਵੇਗਾ। ਬਾਈਬਲ ਕਹਿੰਦੀ ਹੈ ਕਿ ‘ਬਬਰ ਸ਼ੇਰ, ਸਭ ਜਾਨਵਰਾਂ ਤੋਂ ਸ਼ਕਤੀਸ਼ਾਲੀ ਹੈ, ਜੋ ਕਿਸੇ ਤੋਂ ਡਰਦਾ ਨਹੀਂ।’ (ਕਹਾਉਤਾਂ 30:30, CL) ਹਾਂ, ਸ਼ੇਰ ਤਾਕਤਵਰ, ਬਹਾਦਰ ਅਤੇ ਦਲੇਰ ਹੁੰਦੇ ਹਨ। ਇਸੇ ਤਰ੍ਹਾਂ ਮਸੀਹ ਵੀ ਸ਼ੇਰ-ਦਿਲ ਹੈ।
6 ਆਓ ਅਸੀਂ ਦੇਖੀਏ ਕਿ ਯਿਸੂ ਨੇ ਇਨ੍ਹਾਂ ਤਿੰਨ ਗੱਲਾਂ ਵਿਚ ਕਿਵੇਂ ਦਲੇਰੀ ਦਿਖਾਈ ਸੀ: ਸੱਚਾਈ ਦਾ ਪੱਖ ਲੈਂਦਿਆਂ, ਨਿਆਂ ਕਰਦਿਆਂ ਅਤੇ ਵਿਰੋਧਤਾ ਦਾ ਸਾਮ੍ਹਣਾ ਕਰਦਿਆਂ। ਅਸੀਂ ਇਹ ਵੀ ਦੇਖਾਂਗੇ ਕਿ ਅਸੀਂ ਸਾਰੇ ਯਿਸੂ ਦੀ ਰੀਸ ਕਰ ਕੇ ਬਹਾਦਰ ਬਣ ਸਕਦੇ ਹਾਂ।
ਉਸ ਨੇ ਦਲੇਰੀ ਨਾਲ ਸੱਚਾਈ ਦਾ ਪੱਖ ਲਿਆ
7-9. (ੳ) ਜਦੋਂ ਯਿਸੂ 12 ਸਾਲਾਂ ਦਾ ਸੀ, ਤਾਂ ਉਦੋਂ ਕੀ ਹੋਇਆ? ਜੇ ਤੁਸੀਂ ਉਸ ਦੀ ਜਗ੍ਹਾ ਹੁੰਦੇ, ਤਾਂ ਤੁਹਾਨੂੰ ਕਿੱਦਾਂ ਲੱਗਦਾ? (ਅ) ਮੰਦਰ ਵਿਚ ਆਗੂਆਂ ਨਾਲ ਗੱਲ ਕਰਦਿਆਂ ਯਿਸੂ ਨੇ ਦਲੇਰੀ ਕਿਵੇਂ ਦਿਖਾਈ?
7 “ਝੂਠ ਦਾ ਪਿਉ” ਸ਼ੈਤਾਨ ਇਸ ਦੁਨੀਆਂ ਦਾ ਹਾਕਮ ਹੈ ਜਿਸ ਕਰਕੇ ਸੱਚਾਈ ਦੇ ਪੱਖ ਵਿਚ ਖੜ੍ਹੇ ਹੋਣ ਲਈ ਅਕਸਰ ਦਲੇਰੀ ਦੀ ਲੋੜ ਹੁੰਦੀ ਹੈ। (ਯੂਹੰਨਾ 8:44; 14:30) ਯਿਸੂ ਨੇ ਛੋਟੀ ਉਮਰ ਤੋਂ ਹੀ ਸੱਚਾਈ ਦਾ ਪੱਖ ਲਿਆ ਸੀ। ਮਿਸਾਲ ਲਈ ਜਦੋਂ ਉਹ 12 ਸਾਲਾਂ ਦਾ ਸੀ, ਤਾਂ ਉਹ ਆਪਣੇ ਮਾਪਿਆਂ ਨਾਲ ਪਸਾਹ ਦਾ ਤਿਉਹਾਰ ਮਨਾਉਣ ਲਈ ਯਰੂਸ਼ਲਮ ਗਿਆ ਸੀ। ਪਰ ਤਿਉਹਾਰ ਤੋਂ ਬਾਅਦ ਉਹ ਆਪਣੇ ਮਾਪਿਆਂ ਤੋਂ ਵਿਛੜ ਗਿਆ ਸੀ। ਤਿੰਨ ਦਿਨਾਂ ਤਕ ਮਰੀਅਮ ਅਤੇ ਯੂਸੁਫ਼ ਉਸ ਨੂੰ ਲੱਭਦੇ-ਲੱਭਦੇ ਪਰੇਸ਼ਾਨ ਹੋ ਗਏ। ਆਖ਼ਰ ਉਨ੍ਹਾਂ ਨੂੰ ਉਹ ਮੰਦਰ ਵਿਚ ਲੱਭਾ। ਉਹ ਉੱਥੇ ਕੀ ਕਰ ਰਿਹਾ ਸੀ? “ਉਹ ਧਰਮ-ਗੁਰੂਆਂ ਵਿਚ ਬੈਠਾ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ ਅਤੇ ਉਨ੍ਹਾਂ ਨੂੰ ਸਵਾਲ ਪੁੱਛ ਰਿਹਾ ਸੀ।” (ਲੂਕਾ 2:41-50) ਜ਼ਰਾ ਇਸ ਆਇਤ ਬਾਰੇ ਧਿਆਨ ਨਾਲ ਸੋਚੋ।
8 ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਕੁਝ ਮੰਨੇ-ਪ੍ਰਮੰਨੇ ਧਾਰਮਿਕ ਆਗੂ ਤਿਉਹਾਰਾਂ ਤੋਂ ਬਾਅਦ ਮੰਦਰ ਦੇ ਬਾਹਰਲੇ ਵਿਹੜਿਆਂ ਵਿਚ ਬੈਠ ਕੇ ਲੋਕਾਂ ਨੂੰ ਸਿਖਾਉਂਦੇ ਹੁੰਦੇ ਸਨ। ਲੋਕ ਉਨ੍ਹਾਂ ਦੇ ਚਰਨੀਂ ਬੈਠ ਕੇ ਸੁਣਦੇ ਅਤੇ ਸਵਾਲ ਪੁੱਛਦੇ ਸਨ। ਇਹ ਧਾਰਮਿਕ ਆਗੂ ਬਹੁਤ ਪੜ੍ਹੇ-ਲਿਖੇ ਹੁੰਦੇ ਸਨ। ਉਹ ਮੂਸਾ ਦੇ ਕਾਨੂੰਨ ਅਤੇ ਇਨਸਾਨਾਂ ਦੇ ਬਣਾਏ ਹੋਏ ਬਹੁਤ ਸਾਰੇ ਗੁੰਝਲਦਾਰ ਰੀਤਾਂ-ਰਿਵਾਜਾਂ ਤੋਂ ਚੰਗੀ ਤਰ੍ਹਾਂ ਵਾਕਫ਼ ਸਨ। ਜ਼ਰਾ ਸੋਚੋ ਕਿ ਜੇ ਤੁਸੀਂ ਇਨ੍ਹਾਂ ਆਗੂਆਂ ਵਿਚਕਾਰ ਬੈਠੇ ਹੁੰਦੇ, ਤਾਂ ਤੁਸੀਂ ਕਿੱਦਾਂ ਮਹਿਸੂਸ ਕਰਦੇ? ਕੀ ਤੁਸੀਂ ਉਨ੍ਹਾਂ ਤੋਂ ਡਰਦੇ? ਜ਼ਰੂਰ। ਪਰ ਜੇ ਤੁਸੀਂ ਸਿਰਫ਼ 12 ਸਾਲਾਂ ਦੇ ਹੁੰਦੇ, ਫਿਰ ਕੀ? ਅੱਜ ਕਈ ਬੱਚੇ ਸ਼ਰਮੀਲੇ ਸੁਭਾਅ ਦੇ ਹਨ। (ਯਿਰਮਿਯਾਹ 1:6) ਕੁਝ ਬੱਚੇ ਡਰਦੇ ਮਾਰੇ ਸਕੂਲ ਦੇ ਟੀਚਰਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਨਹੀਂ ਚਾਹੁੰਦੇ। ਉਹ ਨਹੀਂ ਚਾਹੁੰਦੇ ਕਿ ਟੀਚਰ ਉਨ੍ਹਾਂ ਨੂੰ ਸਾਰੀ ਕਲਾਸ ਦੇ ਸਾਮ੍ਹਣੇ ਸਵਾਲ ਪੁੱਛੇ ਜਾਂ ਉਨ੍ਹਾਂ ਨੂੰ ਕੁਝ ਅਜਿਹਾ ਕਰਨ ਲਈ ਕਹੇ ਜਿਸ ਕਰਕੇ ਉਨ੍ਹਾਂ ਨੂੰ ਸ਼ਰਮਿੰਦਾ ਹੋਣਾ ਪਵੇ ਜਾਂ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਵੇ।
9 ਪਰ ਯਿਸੂ ਉਨ੍ਹਾਂ ਪੜ੍ਹੇ-ਲਿਖੇ ਆਗੂਆਂ ਦੇ ਗੱਭੇ ਬੈਠ ਕੇ ਬਿਨਾਂ ਡਰੇ ਉਨ੍ਹਾਂ ਨੂੰ ਡੂੰਘੇ ਸਵਾਲ ਪੁੱਛ ਰਿਹਾ ਸੀ। ਨਾਲੇ ਅਸੀਂ ਪੜ੍ਹਦੇ ਹਾਂ ਕਿ “ਸਾਰੇ ਲੋਕਾਂ ਨੂੰ ਉਸ ਦੇ ਜਵਾਬ ਸੁਣ ਕੇ ਅਤੇ ਉਸ ਦੀ ਸਮਝ ਦੇਖ ਕੇ ਅਚੰਭਾ ਹੋ ਰਿਹਾ ਸੀ।” (ਲੂਕਾ 2:47) ਬਾਈਬਲ ਸਾਨੂੰ ਇਹ ਨਹੀਂ ਦੱਸਦੀ ਕਿ ਉਸ ਨੇ ਕੀ ਕਿਹਾ ਸੀ, ਪਰ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਉਸ ਨੇ ਧਾਰਮਿਕ ਆਗੂਆਂ ਦੀਆਂ ਗ਼ਲਤ ਸਿੱਖਿਆਵਾਂ ਦੀ ਹਾਮੀ ਨਹੀਂ ਭਰੀ। (1 ਪਤਰਸ 2:22) ਇਸ ਦੇ ਉਲਟ ਉਸ ਨੇ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਦਾ ਪੱਖ ਲਿਆ। 12 ਸਾਲਾਂ ਦੇ ਇਸ ਸਮਝਦਾਰ ਅਤੇ ਦਲੇਰ ਮੁੰਡੇ ਦੀਆਂ ਗੱਲਾਂ ਸੁਣ ਕੇ ਲੋਕ ਹੱਕੇ-ਬੱਕੇ ਰਹਿ ਗਏ।
10. ਅੱਜ ਨੌਜਵਾਨ ਯਿਸੂ ਵਾਂਗ ਦਲੇਰੀ ਕਿਵੇਂ ਦਿਖਾਉਂਦੇ ਹਨ?
10 ਅੱਜ ਬਹੁਤ ਸਾਰੇ ਨੌਜਵਾਨ ਯਿਸੂ ਦੀ ਰੀਸ ਕਰ ਰਹੇ ਹਨ। ਭਾਵੇਂ ਉਹ ਯਿਸੂ ਵਾਂਗ ਮੁਕੰਮਲ ਨਹੀਂ ਹਨ, ਫਿਰ ਵੀ ਉਹ ਉਸ ਵਾਂਗ ਛੋਟੀ ਉਮਰ ਤੋਂ ਹੀ ਸੱਚਾਈ ਦਾ ਪੱਖ ਲੈਂਦੇ ਆਏ ਹਨ। ਉਹ ਸਕੂਲੇ ਅਤੇ ਆਪਣੇ ਆਂਢ-ਗੁਆਂਢ ਵਿਚ ਲੋਕਾਂ ਨੂੰ ਆਦਰ ਨਾਲ ਸਵਾਲ ਪੁੱਛਦੇ, ਉਨ੍ਹਾਂ ਦੀ ਗੱਲ ਸੁਣਦੇ ਤੇ ਉਨ੍ਹਾਂ ਨੂੰ ਸੱਚਾਈ ਬਾਰੇ ਦੱਸਦੇ ਹਨ। (1 ਪਤਰਸ 3:15) ਇਹ ਨੌਜਵਾਨ ਆਪਣੇ ਸਾਥੀਆਂ, ਟੀਚਰਾਂ ਅਤੇ ਗੁਆਂਢੀਆਂ ਦੀ ਯਿਸੂ ਦੇ ਚੇਲੇ ਬਣਨ ਵਿਚ ਮਦਦ ਕਰਦੇ ਹਨ। ਇਨ੍ਹਾਂ ਦੀ ਦਲੇਰੀ ਦੇਖ ਕੇ ਯਹੋਵਾਹ ਕਿੰਨਾ ਖ਼ੁਸ਼ ਹੁੰਦਾ ਹੋਣਾ! ਉਸ ਦੇ ਬਚਨ ਵਿਚ ਅਜਿਹੇ ਨੌਜਵਾਨਾਂ ਦੀ ਤੁਲਨਾ ਤ੍ਰੇਲ ਨਾਲ ਕੀਤੀ ਗਈ ਹੈ ਕਿਉਂਕਿ ਉਨ੍ਹਾਂ ਦੇ ਜੋਸ਼ ਨੂੰ ਦੇਖ ਕੇ ਦੂਸਰਿਆਂ ਨੂੰ ਤਾਜ਼ਗੀ ਮਿਲਦੀ ਹੈ।—ਜ਼ਬੂਰਾਂ ਦੀ ਪੋਥੀ 110:3.
11, 12. ਯਿਸੂ ਨੇ ਆਪਣੀ ਸਾਰੀ ਸੇਵਕਾਈ ਦੌਰਾਨ ਦਲੇਰੀ ਨਾਲ ਸੱਚਾਈ ਦਾ ਪੱਖ ਕਿਵੇਂ ਲਿਆ?
11 ਯਿਸੂ ਬੜੀ ਬਹਾਦਰੀ ਨਾਲ ਸੱਚਾਈ ਦਾ ਪੱਖ ਲੈਂਦਾ ਰਿਹਾ। ਮਿਸਾਲ ਲਈ, ਆਪਣੀ ਸੇਵਕਾਈ ਦੀ ਸ਼ੁਰੂਆਤ ਵਿਚ ਉਸ ਨੇ ਇਕ ਖ਼ੌਫ਼ਨਾਕ ਸਥਿਤੀ ਦਾ ਸਾਮ੍ਹਣਾ ਕੀਤਾ। ਉਸ ਦਾ ਵਾਹ ਸ਼ੈਤਾਨ ਨਾਲ ਪਿਆ ਜੋ ਯਹੋਵਾਹ ਦਾ ਸਭ ਤੋਂ ਖ਼ਤਰਨਾਕ ਤੇ ਤਾਕਤਵਰ ਦੁਸ਼ਮਣ ਹੈ। ਪਰ ਧਰਤੀ ਉੱਤੇ ਹੁਣ ਯਿਸੂ ਮਹਾਂ ਦੂਤ ਨਹੀਂ, ਸਗੋਂ ਹੱਡ-ਮਾਸ ਦਾ ਬਣਿਆ ਇਕ ਮਾਮੂਲੀ ਇਨਸਾਨ ਸੀ। ਜਦੋਂ ਸ਼ੈਤਾਨ ਨੇ ਧਰਮ-ਗ੍ਰੰਥ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ, ਤਾਂ ਯਿਸੂ ਨੇ ਉਸ ਦੀ ਹਰ ਗੱਲ ਨੂੰ ਗ਼ਲਤ ਸਾਬਤ ਕੀਤਾ। ਫਿਰ ਯਿਸੂ ਨੇ ਬੜੀ ਦਲੇਰੀ ਨਾਲ ਉਸ ਨੂੰ ਕਿਹਾ: “ਹੇ ਸ਼ੈਤਾਨ ਮੇਰੇ ਤੋਂ ਦੂਰ ਹੋ ਜਾਹ!”—ਮੱਤੀ 4:2-11.
12 ਯਿਸੂ ਨੇ ਆਪਣੀ ਸਾਰੀ ਸੇਵਕਾਈ ਦੌਰਾਨ ਦਲੇਰੀ ਦਿਖਾਈ। ਜਦੋਂ ਲੋਕ ਉਸ ਦੇ ਪਿਤਾ ਦੇ ਬਚਨ ਵਿਚਲੀਆਂ ਗੱਲਾਂ ਨੂੰ ਤੋੜਦੇ-ਮਰੋੜਦੇ ਜਾਂ ਉਨ੍ਹਾਂ ਦਾ ਗ਼ਲਤ ਮਤਲਬ ਕੱਢਦੇ ਸਨ, ਤਾਂ ਉਸ ਨੇ ਹਮੇਸ਼ਾ ਸੱਚਾਈ ਦਾ ਪੱਖ ਲਿਆ ਸੀ। ਅੱਜ ਵਾਂਗ ਹੀ ਉਸ ਜ਼ਮਾਨੇ ਦੇ ਧਾਰਮਿਕ ਆਗੂ ਸੱਚਾਈ ਨਹੀਂ ਸਿਖਾਉਂਦੇ ਸਨ। ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪਣੀਆਂ ਫੈਲਾਈਆਂ ਰੀਤਾਂ ਨਾਲ ਪਰਮੇਸ਼ੁਰ ਦੇ ਬਚਨ ਨੂੰ ਫਜ਼ੂਲ ਦੀ ਚੀਜ਼ ਬਣਾਉਂਦੇ ਹੋ।” (ਮਰਕੁਸ 7:13) ਹਾਲਾਂਕਿ ਆਮ ਲੋਕ ਇਨ੍ਹਾਂ ਬੰਦਿਆਂ ਦਾ ਬਹੁਤ ਆਦਰ-ਸਤਿਕਾਰ ਕਰਦੇ ਸਨ, ਪਰ ਯਿਸੂ ਨੇ ਨਿਡਰ ਹੋ ਕੇ ਉਨ੍ਹਾਂ ਨੂੰ ਅੰਨ੍ਹੇ ਤੇ ਪਖੰਡੀ ਆਗੂ ਕਿਹਾ।a (ਮੱਤੀ 23:13, 16) ਅਸੀਂ ਯਿਸੂ ਵਾਂਗ ਦਲੇਰੀ ਨਾਲ ਸੱਚਾਈ ਦਾ ਪੱਖ ਕਿਵੇਂ ਲੈ ਸਕਦੇ ਹਾਂ?
13. ਯਿਸੂ ਦੀ ਰੀਸ ਕਰਦਿਆਂ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ ਅਤੇ ਸਾਨੂੰ ਕਿਹੜਾ ਸਨਮਾਨ ਬਖ਼ਸ਼ਿਆ ਗਿਆ ਹੈ?
13 ਅਸੀਂ ਯਿਸੂ ਵਾਂਗ ਇਹ ਨਹੀਂ ਜਾਣ ਸਕਦੇ ਕਿ ਲੋਕਾਂ ਦੇ ਦਿਲਾਂ ਵਿਚ ਕੀ ਹੈ ਅਤੇ ਨਾ ਹੀ ਉਸ ਵਾਂਗ ਸਾਡੇ ਕੋਲ ਨਿਆਂ ਕਰਨ ਦਾ ਅਧਿਕਾਰ ਹੈ। ਪਰ ਅਸੀਂ ਸੱਚਾਈ ਦਾ ਪੱਖ ਲੈ ਕੇ ਉਸ ਵਾਂਗ ਦਲੇਰ ਜ਼ਰੂਰ ਬਣ ਸਕਦੇ ਹਾਂ। ਮਿਸਾਲ ਲਈ ਅਸੀਂ ਪਰਮੇਸ਼ੁਰ, ਉਸ ਦੇ ਮਕਸਦ ਅਤੇ ਉਸ ਦੇ ਬਚਨ ਬਾਰੇ ਸੱਚਾਈ ਸਿਖਾ ਕੇ ਸ਼ੈਤਾਨ ਦੀਆਂ ਝੂਠੀਆਂ ਸਿੱਖਿਆਵਾਂ ਦਾ ਪਰਦਾਫ਼ਾਸ਼ ਕਰ ਸਕਦੇ ਹਾਂ। ਇੱਦਾਂ ਅਸੀਂ ਇਸ ਹਨੇਰੀ ਦੁਨੀਆਂ ਵਿਚ ਸੱਚ ਦਾ ਚਾਨਣ ਫੈਲਾ ਸਕਦੇ ਹਾਂ। (ਮੱਤੀ 5:14; ਪ੍ਰਕਾਸ਼ ਦੀ ਕਿਤਾਬ 12:9, 10) ਝੂਠੀਆਂ ਸਿੱਖਿਆਵਾਂ ਦੇ ਜਾਲ਼ ਵਿਚ ਫਸੇ ਲੋਕਾਂ ਦੇ ਦਿਲ ਖ਼ੌਫ਼ ਨਾਲ ਭਰੇ ਹੋਏ ਹਨ ਅਤੇ ਉਨ੍ਹਾਂ ਲਈ ਪਰਮੇਸ਼ੁਰ ਨਾਲ ਰਿਸ਼ਤਾ ਜੋੜਨਾ ਮੁਸ਼ਕਲ ਹੈ। ਉਨ੍ਹਾਂ ਨੂੰ ਇਸ ਜਾਲ਼ ਵਿੱਚੋਂ ਕੱਢਣ ਦਾ ਸਾਨੂੰ ਸਨਮਾਨ ਬਖ਼ਸ਼ਿਆ ਗਿਆ ਹੈ। ਨਾਲੇ ਯਿਸੂ ਦੇ ਇਹ ਸ਼ਬਦ ਪੂਰੇ ਹੁੰਦੇ ਦੇਖ ਕੇ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ: “ਸੱਚਾਈ ਤੁਹਾਨੂੰ ਆਜ਼ਾਦ ਕਰੇਗੀ”!—ਯੂਹੰਨਾ 8:32.
ਉਸ ਨੇ ਦਲੇਰੀ ਨਾਲ ਨਿਆਂ ਕੀਤਾ
14, 15. (ੳ) ਯਿਸੂ ਨੇ ਕਿਵੇਂ ਦਿਖਾਇਆ ਕਿ “ਸੱਚਾ ਨਿਆਂ ਕੀ ਹੁੰਦਾ ਹੈ”? (ਅ) ਸਾਮਰੀ ਤੀਵੀਂ ਨਾਲ ਗੱਲ ਕਰ ਕੇ ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਪੱਖਪਾਤ ਨਹੀਂ ਕਰਦਾ ਸੀ?
14 ਬਾਈਬਲ ਦੀ ਇਕ ਭਵਿੱਖਬਾਣੀ ਦੱਸਦੀ ਹੈ ਕਿ ਮਸੀਹ ਕੌਮਾਂ ਨੂੰ ਦਿਖਾਵੇਗਾ ਕਿ “ਸੱਚਾ ਨਿਆਂ ਕੀ ਹੁੰਦਾ ਹੈ।” (ਮੱਤੀ 12:18; ਯਸਾਯਾਹ 42:1) ਧਰਤੀ ʼਤੇ ਰਹਿੰਦਿਆਂ ਯਿਸੂ ਨੇ ਬਿਲਕੁਲ ਇਸੇ ਤਰ੍ਹਾਂ ਕੀਤਾ। ਉਸ ਜ਼ਮਾਨੇ ਦੇ ਲੋਕ ਕੱਟੜ ਅਤੇ ਪੱਖਪਾਤੀ ਸਨ ਅਤੇ ਅਜਿਹਾ ਰਵੱਈਆ ਪਰਮੇਸ਼ੁਰ ਦੇ ਬਚਨ ਦੇ ਬਿਲਕੁਲ ਖ਼ਿਲਾਫ਼ ਸੀ। ਪਰ ਯਿਸੂ ਨੇ ਲੋਕਾਂ ਨਾਲ ਜ਼ਰਾ ਵੀ ਪੱਖਪਾਤ ਨਹੀਂ ਕੀਤਾ। ਇਸ ਤਰ੍ਹਾਂ ਕਰ ਕੇ ਉਸ ਨੇ ਕਿੰਨੀ ਦਲੇਰੀ ਦਿਖਾਈ!
15 ਇਕ ਵਾਰ ਜਦ ਯਿਸੂ ਦੇ ਚੇਲਿਆਂ ਨੇ ਉਸ ਨੂੰ ਸੁਖਾਰ ਸ਼ਹਿਰ ਦੇ ਖੂਹ ʼਤੇ ਸਾਮਰੀ ਤੀਵੀਂ ਨਾਲ ਗੱਲ ਕਰਦੇ ਦੇਖਿਆ, ਤਾਂ ਉਹ ਹੈਰਾਨ ਰਹਿ ਗਏ। ਕਿਉਂ? ਕਿਉਂਕਿ ਉਨ੍ਹਾਂ ਦਿਨਾਂ ਵਿਚ ਯਹੂਦੀ ਲੋਕ ਸਾਮਰੀਆਂ ਨਾਲ ਨਫ਼ਰਤ ਕਰਦੇ ਸਨ ਅਤੇ ਨਫ਼ਰਤ ਦਾ ਇਹ ਦੌਰ ਸਦੀਆਂ ਤੋਂ ਚੱਲਦਾ ਆ ਰਿਹਾ ਸੀ। (ਅਜ਼ਰਾ 4:4) ਨਾਲੇ ਯਹੂਦੀ ਧਾਰਮਿਕ ਆਗੂ ਤੀਵੀਆਂ ਨੂੰ ਪੈਰਾਂ ਦੀ ਜੁੱਤੀ ਸਮਝਦੇ ਸਨ। ਉਨ੍ਹਾਂ ਦੇ ਅਸੂਲਾਂ ਮੁਤਾਬਕ ਆਦਮੀਆਂ ਨੂੰ ਤੀਵੀਆਂ ਨਾਲ ਗੱਲ ਕਰਨੀ ਮਨ੍ਹਾ ਸੀ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਤੀਵੀਆਂ ਪਰਮੇਸ਼ੁਰ ਦੇ ਕਾਨੂੰਨ ਦੀ ਸਿੱਖਿਆ ਲੈਣ ਦੇ ਲਾਇਕ ਨਹੀਂ ਸਨ। ਜੇ ਯਹੂਦੀ ਤੀਵੀਆਂ ਨੂੰ ਘਟੀਆ ਸਮਝਿਆ ਜਾਂਦਾ ਸੀ, ਤਾਂ ਜ਼ਰਾ ਸੋਚੋ ਕਿ ਸਾਮਰੀ ਤੀਵੀਆਂ ਨੂੰ ਕਿੰਨਾ ਅਸ਼ੁੱਧ ਸਮਝਿਆ ਜਾਂਦਾ ਹੋਣਾ! ਪਰ ਯਿਸੂ ਤੀਵੀਆਂ ਬਾਰੇ ਇਸ ਤਰ੍ਹਾਂ ਨਹੀਂ ਸੋਚਦਾ ਸੀ। ਉਸ ਨੇ ਖੁੱਲ੍ਹੇ-ਆਮ ਉਸ ਸਾਮਰੀ ਤੀਵੀਂ ਨੂੰ ਸੱਚਾਈ ਸਿਖਾਈ, ਭਾਵੇਂ ਉਹ ਬਦਚਲਣ ਸੀ। ਯਿਸੂ ਨੇ ਤਾਂ ਉਸ ਤੀਵੀਂ ਨੂੰ ਇਹ ਵੀ ਦੱਸਿਆ ਕਿ ਉਹ ਮਸੀਹ ਸੀ।—ਯੂਹੰਨਾ 4:5-27.
16. ਸਾਰਿਆਂ ਨੂੰ ਬਰਾਬਰ ਸਮਝਣ ਲਈ ਸਾਨੂੰ ਦਲੇਰ ਬਣਨ ਦੀ ਕਿਉਂ ਲੋੜ ਹੈ?
16 ਕੀ ਤੁਹਾਡਾ ਅਜਿਹੇ ਲੋਕਾਂ ਨਾਲ ਕਦੇ ਵਾਹ ਪਿਆ ਹੈ ਜੋ ਦੂਜੇ ਲੋਕਾਂ ਨੂੰ ਬਹੁਤ ਘਟੀਆ ਸਮਝਦੇ ਹਨ? ਉਹ ਸ਼ਾਇਦ ਕਿਸੇ ਹੋਰ ਨਸਲ ਜਾਂ ਕੌਮ ਦੇ ਲੋਕਾਂ ਦਾ ਭੱਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਲੋਕਾਂ ਨੂੰ ਨੀਵਾਂ ਸਮਝਣ ਜੋ ਗ਼ਰੀਬ ਹੋਣ ਅਤੇ ਜਿਨ੍ਹਾਂ ਦੀ ਸਮਾਜ ਵਿਚ ਕੋਈ ਹੈਸੀਅਤ ਨਾ ਹੋਵੇ। ਕਈ ਤੀਵੀਆਂ ਆਦਮੀਆਂ ਨੂੰ ਅਤੇ ਆਦਮੀ ਤੀਵੀਆਂ ਨੂੰ ਘਟੀਆ ਸਮਝਦੇ ਹਨ। ਪਰ ਮਸੀਹ ਦੇ ਚੇਲੇ ਕਿਸੇ ਨਾਲ ਨਫ਼ਰਤ ਨਹੀਂ ਕਰਦੇ, ਸਗੋਂ ਉਹ ਆਪਣੇ ਦਿਲ ਵਿੱਚੋਂ ਨਫ਼ਰਤ ਦੀ ਜੜ੍ਹ ਪੁੱਟਣ ਦੀ ਪੁਰਜ਼ੋਰ ਕੋਸ਼ਿਸ਼ ਕਰਦੇ ਹਨ। (ਰਸੂਲਾਂ ਦੇ ਕੰਮ 10:34) ਸਾਰਿਆਂ ਨੂੰ ਬਰਾਬਰ ਸਮਝਣ ਲਈ ਸਾਨੂੰ ਦਲੇਰ ਬਣਨ ਦੀ ਲੋੜ ਹੈ।
17. ਯਿਸੂ ਨੇ ਮੰਦਰ ਵਿਚ ਕਿਹੜਾ ਕਦਮ ਚੁੱਕਿਆ ਸੀ ਅਤੇ ਕਿਉਂ?
17 ਆਪਣੀ ਸੇਵਕਾਈ ਦੇ ਸ਼ੁਰੂ ਵਿਚ ਜਦੋਂ ਉਸ ਨੇ ਯਰੂਸ਼ਲਮ ਦੇ ਮੰਦਰ ਵਿਚ ਜਾ ਕੇ ਵਪਾਰੀਆਂ ਤੇ ਦਲਾਲਾਂ ਨੂੰ ਕਾਰੋਬਾਰ ਕਰਦੇ ਦੇਖਿਆ, ਤਾਂ ਉਹ ਹੈਰਾਨ ਰਹਿ ਗਿਆ। ਉਸ ਦੇ ਅੰਦਰ ਜੋਸ਼ ਦੀ ਅੱਗ ਬਲ਼ ਰਹੀ ਸੀ ਜਿਸ ਕਰਕੇ ਉਸ ਨੇ ਉਨ੍ਹਾਂ ਲਾਲਚੀ ਵਪਾਰੀਆਂ ਨੂੰ ਸਾਮਾਨ ਸਣੇ ਮੰਦਰੋਂ ਬਾਹਰ ਕੱਢ ਦਿੱਤਾ। (ਯੂਹੰਨਾ 2:13-17) ਦਲੇਰ ਹੋਣ ਕਰਕੇ ਹੀ ਯਿਸੂ ਪਰਮੇਸ਼ੁਰ ਦੇ ਲੋਕਾਂ ਅਤੇ ਉਸ ਦੀ ਭਗਤੀ ਨੂੰ ਪਵਿੱਤਰ ਰੱਖਣ ਲਈ ਜੋਸ਼ ਦਿਖਾ ਸਕਿਆ। ਆਪਣੀ ਸੇਵਕਾਈ ਦੇ ਅਖ਼ੀਰ ਵਿਚ ਵੀ ਉਸ ਨੇ ਇਸੇ ਤਰ੍ਹਾਂ ਮੰਦਰ ਨੂੰ ਸਾਫ਼ ਕੀਤਾ। (ਮਰਕੁਸ 11:15-18) ਭਾਵੇਂ ਇਸ ਤਰ੍ਹਾਂ ਕਰਨ ਨਾਲ ਕੁਝ ਵੱਡੇ-ਵੱਡੇ ਲੋਕ ਉਸ ਦੇ ਦੁਸ਼ਮਣ ਬਣ ਗਏ, ਪਰ ਫਿਰ ਵੀ ਉਹ ਡਰਿਆ ਨਹੀਂ। ਕਿਉਂ? ਕਿਉਂਕਿ ਛੋਟੀ ਉਮਰ ਤੋਂ ਹੀ ਉਹ ਮੰਦਰ ਨੂੰ ਆਪਣੇ ਪਿਤਾ ਦਾ ਘਰ ਸਮਝਦਾ ਸੀ। (ਲੂਕਾ 2:49) ਉਹ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਿਆ ਕਿ ਉਸ ਦੇ ਪਿਤਾ ਦੀ ਭਗਤੀ ਮਲੀਨ ਕੀਤੀ ਜਾ ਰਹੀ ਸੀ। ਉਹ ਦਲੇਰ ਹੋਣ ਕਰਕੇ ਇਹ ਕੰਮ ਕਰ ਸਕਿਆ।
18. ਅਸੀਂ ਮੰਡਲੀ ਨੂੰ ਸਾਫ਼ ਰੱਖਣ ਲਈ ਦਲੇਰੀ ਕਿਵੇਂ ਦਿਖਾ ਸਕਦੇ ਹਾਂ?
18 ਮਸੀਹ ਦੇ ਚੇਲੇ ਹੋਣ ਕਰਕੇ ਅਸੀਂ ਵੀ ਪਰਮੇਸ਼ੁਰ ਦੇ ਲੋਕਾਂ ਨੂੰ ਅਤੇ ਉਸ ਦੀ ਭਗਤੀ ਨੂੰ ਪਵਿੱਤਰ ਰੱਖਣਾ ਬਹੁਤ ਜ਼ਰੂਰੀ ਸਮਝਦੇ ਹਾਂ। ਜੇ ਸਾਨੂੰ ਮੰਡਲੀ ਦੇ ਕਿਸੇ ਭੈਣ ਜਾਂ ਭਰਾ ਦੇ ਗੰਭੀਰ ਪਾਪ ਬਾਰੇ ਪਤਾ ਲੱਗਦਾ ਹੈ, ਤਾਂ ਅਸੀਂ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਇ ਹਿੰਮਤ ਕਰ ਕੇ ਉਸ ਨਾਲ ਗੱਲ ਕਰਾਂਗੇ ਜਾਂ ਲੋੜ ਪੈਣ ਤੇ ਬਜ਼ੁਰਗਾਂ ਨੂੰ ਇਸ ਬਾਰੇ ਦੱਸਾਂਗੇ। (1 ਕੁਰਿੰਥੀਆਂ 1:11) ਬਜ਼ੁਰਗ ਉਸ ਭੈਣ ਜਾਂ ਭਰਾ ਦੀ ਮਦਦ ਕਰ ਸਕਦੇ ਹਨ ਜਿਸ ਦਾ ਪਰਮੇਸ਼ੁਰ ਨਾਲ ਰਿਸ਼ਤਾ ਕਮਜ਼ੋਰ ਪੈ ਗਿਆ ਹੈ। ਜੇ ਗ਼ਲਤੀ ਕਰਨ ਵਾਲਾ ਪਛਤਾਵਾ ਨਹੀਂ ਕਰਦਾ, ਤਾਂ ਬਜ਼ੁਰਗ ਮੰਡਲੀ ਨੂੰ ਸਾਫ਼ ਰੱਖਣ ਲਈ ਠੋਸ ਕਦਮ ਚੁੱਕ ਸਕਦੇ ਹਨ।—ਯਾਕੂਬ 5:14, 15.
19, 20. (ੳ) ਯਿਸੂ ਦੇ ਜ਼ਮਾਨੇ ਵਿਚ ਲੋਕਾਂ ਨਾਲ ਕਿਹੋ ਜਿਹੀ ਬੇਇਨਸਾਫ਼ੀ ਹੋ ਰਹੀ ਸੀ ਅਤੇ ਲੋਕ ਯਿਸੂ ਤੋਂ ਕੀ ਚਾਹੁੰਦੇ ਸਨ? (ਅ) ਮਸੀਹ ਦੇ ਚੇਲੇ ਸਿਆਸੀ ਮਾਮਲਿਆਂ ਅਤੇ ਲੜਾਈਆਂ ਵਿਚ ਹਿੱਸਾ ਕਿਉਂ ਨਹੀਂ ਲੈਂਦੇ ਅਤੇ ਇਤਿਹਾਸ ਕਿਸ ਗੱਲ ਦਾ ਗਵਾਹ ਹੈ?
19 ਯਿਸੂ ਦੇ ਜ਼ਮਾਨੇ ਵਿਚ ਲੋਕਾਂ ਨਾਲ ਬਹੁਤ ਬੇਇਨਸਾਫ਼ੀ ਹੋ ਰਹੀ ਸੀ। ਰੋਮੀ ਸਰਕਾਰ ਉਸ ਦੇ ਦੇਸ਼ ʼਤੇ ਰਾਜ ਕਰ ਰਹੀ ਸੀ। ਰੋਮੀਆਂ ਦੀ ਸ਼ਕਤੀਸ਼ਾਲੀ ਫ਼ੌਜ ਯਹੂਦੀ ਲੋਕਾਂ ਉੱਤੇ ਜ਼ੁਲਮ ਢਾਹ ਰਹੀ ਸੀ। ਨਾਲੇ ਸਰਕਾਰ ਉਨ੍ਹਾਂ ਤੋਂ ਹੱਦੋਂ ਵੱਧ ਟੈਕਸ ਲੈ ਰਹੀ ਸੀ ਅਤੇ ਉਨ੍ਹਾਂ ਦੇ ਧਾਰਮਿਕ ਰੀਤਾਂ-ਰਿਵਾਜਾਂ ਵਿਚ ਦਖ਼ਲਅੰਦਾਜ਼ੀ ਕਰ ਰਹੀ ਸੀ। ਸੋ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਲੋਕ ਚਾਹੁੰਦੇ ਸਨ ਕਿ ਯਿਸੂ ਉਨ੍ਹਾਂ ਦਾ ਰਾਜਾ ਬਣ ਕੇ ਉਨ੍ਹਾਂ ਦੇ ਹੱਕ ਵਿਚ ਲੜੇ। (ਯੂਹੰਨਾ 6:14, 15) ਪਰ ਕੀ ਯਿਸੂ ਨੇ ਇਸ ਬੇਇਨਸਾਫ਼ੀ ਖ਼ਿਲਾਫ਼ ਆਵਾਜ਼ ਉਠਾਈ? ਆਓ ਆਪਾਂ ਦੇਖੀਏ ਕਿ ਇਕ ਵਾਰ ਫਿਰ ਉਸ ਨੇ ਦਲੇਰੀ ਕਿਵੇਂ ਦਿਖਾਈ।
20 ਯਿਸੂ ਨੇ ਸਮਝਾਇਆ ਕਿ ਉਸ ਦਾ ਰਾਜ ਇਸ ਦੁਨੀਆਂ ਦਾ ਨਹੀਂ ਸੀ। ਆਪਣੀ ਮਿਸਾਲ ਦੇ ਜ਼ਰੀਏ ਉਸ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਉਹ ਸਿਆਸੀ ਮਾਮਲਿਆਂ ਵਿਚ ਦਖ਼ਲ ਨਾ ਦੇਣ, ਸਗੋਂ ਆਪਣਾ ਪੂਰਾ ਧਿਆਨ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਲਾਉਣ। (ਯੂਹੰਨਾ 17:16; 18:36) ਯਾਦ ਕਰੋ ਕਿ ਜਦੋਂ ਭੀੜ ਉਸ ਨੂੰ ਗਿਰਫ਼ਤਾਰ ਕਰਨ ਆਈ ਸੀ, ਤਾਂ ਪਤਰਸ ਨੇ ਤੈਸ਼ ਵਿਚ ਆ ਕੇ ਆਪਣੀ ਤਲਵਾਰ ਨਾਲ ਇਕ ਬੰਦੇ ਦਾ ਕੰਨ ਵੱਢ ਦਿੱਤਾ ਸੀ। ਅਸੀਂ ਪਤਰਸ ਦੇ ਜਜ਼ਬਾਤ ਸਮਝ ਸਕਦੇ ਹਾਂ ਕਿਉਂਕਿ ਲੋਕ ਪਰਮੇਸ਼ੁਰ ਦੇ ਨਿਰਦੋਸ਼ ਪੁੱਤਰ ਨੂੰ ਫੜਨ ਆਏ ਸਨ। ਇਸ ਲਈ ਸ਼ਾਇਦ ਸਾਨੂੰ ਲੱਗੇ ਕਿ ਪਤਰਸ ਨੇ ਜੋ ਕੀਤਾ ਬਿਲਕੁਲ ਸਹੀ ਕੀਤਾ। ਪਰ ਯਿਸੂ ਨੇ ਆਪਣੇ ਚੇਲਿਆਂ ਨੂੰ ਨਿਰਪੱਖ ਰਹਿਣ ਦਾ ਵਧੀਆ ਸਬਕ ਸਿਖਾਇਆ। ਉਸ ਨੇ ਇਕ ਅਸੂਲ ਦਿੱਤਾ ਜੋ ਅੱਜ ਸਾਡੇ ʼਤੇ ਵੀ ਲਾਗੂ ਹੁੰਦਾ ਹੈ: “ਆਪਣੀ ਤਲਵਾਰ ਮਿਆਨ ਵਿਚ ਪਾ, ਕਿਉਂਕਿ ਜਿਹੜੇ ਤਲਵਾਰ ਚਲਾਉਂਦੇ ਹਨ, ਉਹ ਤਲਵਾਰ ਨਾਲ ਹੀ ਵੱਢੇ ਜਾਣਗੇ।” (ਮੱਤੀ 26:51-54) ਜਿਸ ਤਰ੍ਹਾਂ ਉਸ ਸਮੇਂ ਮਸੀਹ ਦੇ ਚੇਲਿਆਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਦਲੇਰੀ ਦੀ ਲੋੜ ਸੀ, ਅੱਜ ਇਸ ਤਰ੍ਹਾਂ ਕਰਨ ਲਈ ਸਾਨੂੰ ਵੀ ਦਲੇਰੀ ਦੀ ਲੋੜ ਹੈ। ਇਤਿਹਾਸ ਗਵਾਹ ਹੈ ਕਿ ਸਾਡੇ ਜ਼ਮਾਨੇ ਵਿਚ ਜਿੰਨੀਆਂ ਵੀ ਲੜਾਈਆਂ, ਦੰਗੇ-ਫ਼ਸਾਦ ਅਤੇ ਖ਼ੂਨ-ਖ਼ਰਾਬੇ ਹੋਏ ਹਨ, ਉਨ੍ਹਾਂ ਵਿਚ ਪਰਮੇਸ਼ੁਰ ਦੇ ਲੋਕਾਂ ਨੇ ਕਦੇ ਕੋਈ ਹਿੱਸਾ ਨਹੀਂ ਲਿਆ। ਦਲੇਰੀ ਦੀ ਕਿੰਨੀ ਹੀ ਵਧੀਆ ਮਿਸਾਲ!
ਉਸ ਨੇ ਦਲੇਰੀ ਨਾਲ ਵਿਰੋਧਤਾ ਦਾ ਸਾਮ੍ਹਣਾ ਕੀਤਾ
21, 22. (ੳ) ਆਪਣੀ ਜ਼ਿੰਦਗੀ ਦੀ ਸਭ ਤੋਂ ਔਖੀ ਘੜੀ ਸਹਿਣ ਲਈ ਯਿਸੂ ਨੂੰ ਮਦਦ ਕਿੱਥੋਂ ਮਿਲੀ? (ਅ) ਯਿਸੂ ਨੇ ਮਰਦੇ ਦਮ ਤਕ ਹਿੰਮਤ ਕਿਵੇਂ ਦਿਖਾਈ?
21 ਯਹੋਵਾਹ ਦੇ ਪੁੱਤਰ ਨੂੰ ਪਹਿਲਾਂ ਹੀ ਪਤਾ ਸੀ ਕਿ ਧਰਤੀ ਉੱਤੇ ਉਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। (ਯਸਾਯਾਹ 50:4-7) ਕਈ ਵਾਰ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਹੁਣ, ਜਿਵੇਂ ਅਸੀਂ ਇਸ ਅਧਿਆਇ ਦੇ ਸ਼ੁਰੂ ਵਿਚ ਪੜ੍ਹਿਆ ਸੀ, ਉਸ ਦੇ ਦੁਸ਼ਮਣ ਉਸ ਨੂੰ ਜਾਨੋਂ ਮਾਰਨ ਲਈ ਗਿਰਫ਼ਤਾਰ ਕਰਨ ਆਏ ਸਨ। ਇਨ੍ਹਾਂ ਖ਼ਤਰਿਆਂ ਦਾ ਸਾਮ੍ਹਣਾ ਕਰਨ ਲਈ ਯਿਸੂ ਨੂੰ ਹਿੰਮਤ ਕਿੱਥੋਂ ਮਿਲੀ? ਯਾਦ ਕਰੋ ਕਿ ਭੀੜ ਦੇ ਆਉਣ ਤੋਂ ਪਹਿਲਾਂ ਯਿਸੂ ਕੀ ਕਰ ਰਿਹਾ ਸੀ। ਉਹ ਯਹੋਵਾਹ ਦੇ ਅੱਗੇ ਗਿੜਗਿੜਾ ਕੇ ਤਰਲੇ ਕਰ ਰਿਹਾ ਸੀ। ਯਹੋਵਾਹ ਨੇ ਕੀ ਕੀਤਾ? ਬਾਈਬਲ ਦੱਸਦੀ ਹੈ ਕਿ ਯਿਸੂ ਦੀ ਦੁਆ ਸੁਣ ਕੇ ਯਹੋਵਾਹ ਨੇ ਆਪਣੇ ਬਹਾਦਰ ਪੁੱਤਰ ਨੂੰ ਹੌਸਲਾ ਦੇਣ ਲਈ ਸਵਰਗੋਂ ਇਕ ਦੂਤ ਭੇਜਿਆ।—ਇਬਰਾਨੀਆਂ 5:7; ਲੂਕਾ 22:42, 43.
22 ਇਸ ਤੋਂ ਥੋੜ੍ਹੀ ਦੇਰ ਬਾਅਦ ਯਿਸੂ ਨੇ ਬੜੀ ਦਲੇਰੀ ਨਾਲ ਆਪਣੇ ਰਸੂਲਾਂ ਨੂੰ ਕਿਹਾ: “ਉੱਠੋ, ਚਲੋ ਚਲੀਏ।” (ਮੱਤੀ 26:46) ਉਹ ਜਾਣਦਾ ਸੀ ਕਿ ਜਿਨ੍ਹਾਂ ਦੋਸਤਾਂ ਨੂੰ ਉਹ ਭੀੜ ਤੋਂ ਬਚਾ ਲਵੇਗਾ ਉਹੀ ਦੋਸਤ ਉਸ ਨੂੰ ਛੱਡ ਕੇ ਨੱਠ ਜਾਣਗੇ। ਫਿਰ ਉਸ ਨੂੰ ਇਕੱਲੇ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਔਖੀ ਘੜੀ ਸਹਿਣੀ ਪੈਣੀ ਸੀ। ਹਾਂ, ਯਿਸੂ ਨਾਲ ਬਿਲਕੁਲ ਇਸੇ ਤਰ੍ਹਾਂ ਹੋਇਆ। ਉਸ ਦੇ ਖ਼ਿਲਾਫ਼ ਗ਼ੈਰ-ਕਾਨੂੰਨੀ ਮੁਕੱਦਮਾ ਚਲਾਇਆ ਗਿਆ, ਉਸ ਦਾ ਮਖੌਲ ਉਡਾਇਆ ਗਿਆ, ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਅਖ਼ੀਰ ਵਿਚ ਉਸ ਨੂੰ ਬੇਰਹਿਮੀ ਨਾਲ ਜਾਨੋਂ ਮਾਰਿਆ ਗਿਆ। ਪਰ ਯਿਸੂ ਨੇ ਇਨ੍ਹਾਂ ਔਖੀਆਂ ਘੜੀਆਂ ਵਿਚ ਇਕ ਪਲ ਲਈ ਵੀ ਹਿੰਮਤ ਨਹੀਂ ਹਾਰੀ!
23. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਨੇ ਜਾਣ-ਬੁੱਝ ਕੇ ਆਪਣੀ ਜ਼ਿੰਦਗੀ ਖ਼ਤਰੇ ਵਿਚ ਨਹੀਂ ਪਾਈ ਸੀ?
23 ਕੀ ਯਿਸੂ ਨੇ ਜਾਣ-ਬੁੱਝ ਕੇ ਆਪਣੀ ਜ਼ਿੰਦਗੀ ਖ਼ਤਰੇ ਵਿਚ ਪਾਈ ਸੀ? ਨਹੀਂ। ਬਹਾਦਰ ਹੋਣ ਦਾ ਮਤਲਬ ਇਹ ਨਹੀਂ ਕਿ ਕੋਈ ਜਾਣ-ਬੁੱਝ ਕੇ ਆਪਣੀ ਜ਼ਿੰਦਗੀ ਖ਼ਤਰੇ ਵਿਚ ਪਾਵੇ। ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਸੀ ਕਿ ਉਨ੍ਹਾਂ ਨੂੰ ਖ਼ਤਰਿਆਂ ਤੋਂ ਦੂਰ ਅਤੇ ਸਾਵਧਾਨ ਰਹਿਣ ਦੀ ਲੋੜ ਸੀ ਤਾਂਕਿ ਉਹ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਦੇ ਰਹਿਣ। (ਮੱਤੀ 4:12; 10:16) ਯਿਸੂ ਜਾਣਦਾ ਸੀ ਕਿ ਉਸ ਨੂੰ ਹਰ ਹਾਲ ਵਿਚ ਇਸ ਔਖੀ ਘੜੀ ਵਿੱਚੋਂ ਗੁਜ਼ਰਨਾ ਪੈਣਾ ਸੀ ਕਿਉਂਕਿ ਇਹ ਪਰਮੇਸ਼ੁਰ ਦੀ ਮਰਜ਼ੀ ਸੀ। ਇਸ ਲਈ ਯਿਸੂ ਨੇ ਠਾਣ ਲਿਆ ਸੀ ਕਿ ਉਹ ਮਰਦੇ ਦਮ ਤਕ ਵਫ਼ਾਦਾਰ ਰਹੇਗਾ।
24. ਤੁਸੀਂ ਕਿਉਂ ਭਰੋਸਾ ਰੱਖ ਸਕਦੇ ਹੋ ਕਿ ਤੁਸੀਂ ਦਲੇਰੀ ਨਾਲ ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਕਰ ਸਕੋਗੇ?
24 ਯਿਸੂ ਦੇ ਚੇਲਿਆਂ ਨੇ ਵੀ ਅਜਿਹੀ ਦਲੇਰੀ ਦਿਖਾਈ ਹੈ। ਕਈਆਂ ਨੂੰ ਮਖੌਲ, ਸਤਾਹਟ, ਕੈਦ, ਮਾਰ-ਕੁਟਾਈ ਅਤੇ ਮੌਤ ਦਾ ਵੀ ਸਾਮ੍ਹਣਾ ਕਰਨਾ ਪਿਆ ਹੈ। ਇਨ੍ਹਾਂ ਮਾਮੂਲੀ ਇਨਸਾਨਾਂ ਨੂੰ ਇਹ ਸਭ ਕੁਝ ਸਹਿਣ ਦੀ ਹਿੰਮਤ ਕਿੱਥੋਂ ਮਿਲੀ? ਉਨ੍ਹਾਂ ਨੇ ਇਹ ਸਭ ਕੁਝ ਆਪਣੀ ਤਾਕਤ ਨਾਲ ਨਹੀਂ, ਸਗੋਂ ਯਿਸੂ ਵਾਂਗ ਪਰਮੇਸ਼ੁਰ ਦੀ ਤਾਕਤ ਨਾਲ ਸਹਿਆ। (ਫ਼ਿਲਿੱਪੀਆਂ 4:13) ਤਾਂ ਫਿਰ, ਤੁਹਾਨੂੰ ਇਹ ਫ਼ਿਕਰ ਕਰਨ ਦੀ ਲੋੜ ਨਹੀਂ ਕਿ ਤੁਸੀਂ ਭਵਿੱਖ ਵਿਚ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰੋਗੇ। ਇਸ ਲਈ ਠਾਣ ਲਓ ਕਿ ਤੁਸੀਂ ਹਰ ਹਾਲ ਵਿਚ ਵਫ਼ਾਦਾਰ ਰਹੋਗੇ ਅਤੇ ਯਹੋਵਾਹ ਤੁਹਾਨੂੰ ਜ਼ਰੂਰ ਹਿੰਮਤ ਬਖ਼ਸ਼ੇਗਾ। ਆਪਣੇ ਆਗੂ ਯਿਸੂ ਦੀ ਦਲੇਰੀ ਦੇਖ ਕੇ ਤੁਸੀਂ ਵੀ ਦਲੇਰ ਬਣੋ, ਜਿਸ ਨੇ ਕਿਹਾ ਸੀ: “ਹੌਸਲਾ ਰੱਖੋ! ਮੈਂ ਦੁਨੀਆਂ ਨੂੰ ਜਿੱਤ ਲਿਆ ਹੈ।”—ਯੂਹੰਨਾ 16:33.
a ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਜਿੱਦਾਂ ਨਬੀਆਂ ਤੇ ਪੂਰਵਜਾਂ ਦੀਆਂ ਸਮਾਧਾਂ ਬਣਾਈਆਂ ਜਾਂਦੀਆਂ ਸਨ, ਉੱਦਾਂ ਹੀ ਇਨ੍ਹਾਂ ਧਾਰਮਿਕ ਗੁਰੂਆਂ ਦੀਆਂ ਸਮਾਧਾਂ ਬਣਾਈਆਂ ਜਾਂਦੀਆਂ ਸਨ।