ਅਧਿਆਇ 5
‘ਉਸ ਵਿਚ ਬੁੱਧ ਦਾ ਖ਼ਜ਼ਾਨਾ ਹੈ’
1-3. ਉਸ ਸਮੇਂ ਬਾਰੇ ਦੱਸੋ ਜਦ ਯਿਸੂ ਨੇ ਆਪਣਾ ਮਸ਼ਹੂਰ ਉਪਦੇਸ਼ ਦਿੱਤਾ ਅਤੇ ਸਮਝਾਓ ਕਿ ਉਸ ਦੇ ਸੁਣਨ ਵਾਲੇ ਦੰਗ ਕਿਉਂ ਰਹਿ ਗਏ ਸਨ।
31 ਈਸਵੀ ਦੀ ਬਸੰਤ ਰੁੱਤ ਹੈ। ਯਿਸੂ ਮਸੀਹ ਕਫ਼ਰਨਾਹੂਮ ਦੇ ਨੇੜੇ ਹੈ ਜੋ ਗਲੀਲ ਦੀ ਝੀਲ ਦੇ ਉੱਤਰ-ਪੱਛਮ ਕਿਨਾਰੇ ʼਤੇ ਵਸਿਆ ਇਕ ਰੌਣਕ ਭਰਿਆ ਸ਼ਹਿਰ ਹੈ। ਸ਼ਹਿਰ ਦੇ ਲਾਗੇ ਇਕ ਪਹਾੜ ʼਤੇ ਯਿਸੂ ਨੇ ਇਕੱਲਿਆਂ ਸਾਰੀ ਰਾਤ ਪ੍ਰਾਰਥਨਾ ਕਰਦੇ ਹੋਏ ਗੁਜ਼ਾਰੀ। ਦਿਨ ਚੜ੍ਹਨ ਤੇ ਉਹ ਆਪਣੇ ਚੇਲਿਆਂ ਨੂੰ ਬੁਲਾ ਕੇ ਉਨ੍ਹਾਂ ਵਿੱਚੋਂ 12 ਜਣਿਆਂ ਨੂੰ ਰਸੂਲਾਂ ਵਜੋਂ ਚੁਣਦਾ ਹੈ। ਦੂਰੋਂ ਇਕ ਵੱਡੀ ਭੀੜ ਯਿਸੂ ਨੂੰ ਲੱਭਦੀ-ਲੱਭਦੀ ਪਹਾੜ ਦੀ ਇਕ ਪੱਧਰੀ ਜਗ੍ਹਾ ʼਤੇ ਇਕੱਠੀ ਹੋ ਜਾਂਦੀ ਹੈ। ਲੋਕ ਯਿਸੂ ਦੀਆਂ ਗੱਲਾਂ ਸੁਣਨ ਲਈ ਬੇਤਾਬ ਹਨ ਅਤੇ ਆਪਣੀਆਂ ਬੀਮਾਰੀਆਂ ਤੋਂ ਠੀਕ ਹੋਣ ਲਈ ਤਰਸਦੇ ਹਨ। ਯਿਸੂ ਉਨ੍ਹਾਂ ਦੀ ਹਰ ਖ਼ਾਹਸ਼ ਪੂਰੀ ਕਰਦਾ ਹੈ।—ਲੂਕਾ 6:12-19.
2 ਜਦ ਯਿਸੂ ਸਾਰੇ ਬੀਮਾਰ ਲੋਕਾਂ ਨੂੰ ਠੀਕ ਕਰ ਹਟਦਾ ਹੈ, ਤਾਂ ਉਹ ਬੈਠ ਕੇ ਉਨ੍ਹਾਂ ਨੂੰ ਸਿੱਖਿਆ ਦੇਣ ਲੱਗਦਾ ਹੈ।a ਲੋਕਾਂ ਨੇ ਪਹਿਲਾਂ ਕਦੇ ਵੀ ਕਿਸੇ ਨੂੰ ਇਸ ਤਰ੍ਹਾਂ ਸਿੱਖਿਆ ਦਿੰਦੇ ਹੋਏ ਨਹੀਂ ਸੁਣਿਆ। ਯਿਸੂ, ਯਹੂਦੀ ਰੀਤਾਂ-ਰਿਵਾਜਾਂ ਜਾਂ ਧਾਰਮਿਕ ਆਗੂਆਂ ਦੀਆਂ ਗੱਲਾਂ ਮੁਤਾਬਕ ਨਹੀਂ, ਸਗੋਂ ਪਵਿੱਤਰ ਧਰਮ-ਗ੍ਰੰਥ ਤੋਂ ਹਵਾਲੇ ਦੇ-ਦੇ ਕੇ ਸਿਖਾਉਂਦਾ ਹੈ। ਉਸ ਦਾ ਸੰਦੇਸ਼ ਸਾਫ਼ ਅਤੇ ਸਮਝਣ ਵਿਚ ਸੌਖਾ ਹੈ। ਜਦੋਂ ਯਿਸੂ ਸਿੱਖਿਆ ਦੇ ਹਟਦਾ ਹੈ, ਤਾਂ ਲੋਕ ਦੰਗ ਰਹਿ ਜਾਂਦੇ ਹਨ ਕਿਉਂਕਿ ਉਨ੍ਹਾਂ ਨੇ ਹੁਣੇ-ਹੁਣੇ ਦੁਨੀਆਂ ਦੇ ਸਭ ਤੋਂ ਬੁੱਧੀਮਾਨ ਇਨਸਾਨ ਦਾ ਉਪਦੇਸ਼ ਸੁਣਿਆ ਹੈ!—ਮੱਤੀ 7:28, 29.
3 ਬਾਈਬਲ ਵਿਚ ਇਸ ਉਪਦੇਸ਼ ਤੋਂ ਇਲਾਵਾ ਯਿਸੂ ਦੀਆਂ ਹੋਰ ਗੱਲਾਂ ਅਤੇ ਕੰਮਾਂ ਬਾਰੇ ਦੱਸਿਆ ਗਿਆ ਹੈ। ਸਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਪਰਮੇਸ਼ੁਰ ਦੇ ਬਚਨ ਵਿਚ ਯਿਸੂ ਬਾਰੇ ਕੀ-ਕੀ ਲਿਖਿਆ ਗਿਆ ਹੈ ਕਿਉਂਕਿ ‘ਯਿਸੂ ਵਿਚ ਬੁੱਧ ਦਾ ਖ਼ਜ਼ਾਨਾ’ ਹੈ। (ਕੁਲੁੱਸੀਆਂ 2:3) ਇਕ ਬੁੱਧੀਮਾਨ ਇਨਸਾਨ ਕੋਲ ਗਿਆਨ ਅਤੇ ਸਮਝ ਨੂੰ ਸਹੀ ਤਰੀਕੇ ਨਾਲ ਵਰਤਣ ਦੀ ਕਾਬਲੀਅਤ ਹੁੰਦੀ ਹੈ। ਤਾਂ ਫਿਰ ਯਿਸੂ ਨੂੰ ਇਹ ਬੁੱਧ ਕਿੱਥੋਂ ਮਿਲੀ? ਉਸ ਨੇ ਕਿਵੇਂ ਦਿਖਾਇਆ ਕਿ ਉਹ ਬੁੱਧੀਮਾਨ ਸੀ ਅਤੇ ਅਸੀਂ ਉਸ ਦੀ ਮਿਸਾਲ ʼਤੇ ਕਿਵੇਂ ਚੱਲ ਸਕਦੇ ਹਾਂ?
‘ਇਸ ਨੂੰ ਇੰਨੀ ਬੁੱਧ ਕਿੱਥੋਂ ਮਿਲੀ?’
4. ਨਾਸਰਤ ਵਿਚ ਯਿਸੂ ਦੇ ਸੁਣਨ ਵਾਲਿਆਂ ਨੇ ਕਿਹੜਾ ਸਵਾਲ ਪੁੱਛਿਆ ਅਤੇ ਕਿਉਂ?
4 ਇਕ ਵਾਰ ਪ੍ਰਚਾਰ ਕਰਦਿਆਂ ਯਿਸੂ ਆਪਣੇ ਸ਼ਹਿਰ ਨਾਸਰਤ ਨੂੰ ਵੀ ਗਿਆ ਅਤੇ ਉਸ ਨੇ ਸਭਾ ਘਰ ਵਿਚ ਸਿੱਖਿਆ ਦਿੱਤੀ। ਕਈ ਲੋਕ ਉਸ ਦੀਆਂ ਗੱਲਾਂ ਸੁਣ ਕੇ ਹੈਰਾਨੀ ਨਾਲ ਇਕ-ਦੂਜੇ ਨੂੰ ਪੁੱਛਣ ਲੱਗੇ: ‘ਇਸ ਨੂੰ ਇੰਨੀ ਬੁੱਧ ਕਿੱਥੋਂ ਮਿਲੀ?’ ਉਹ ਉਸ ਦੇ ਮਾਪਿਆਂ ਤੇ ਭੈਣਾਂ-ਭਰਾਵਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਉਨ੍ਹਾਂ ਨੂੰ ਪਤਾ ਸੀ ਕਿ ਉਹ ਇਕ ਗ਼ਰੀਬ ਘਰੋਂ ਸੀ। (ਮੱਤੀ 13:54-56; ਮਰਕੁਸ 6:1-3) ਉਹ ਇਹ ਵੀ ਜਾਣਦੇ ਸਨ ਕਿ ਇਸ ਤਰਖਾਣ ਨੇ ਕਿਸੇ ਮਸ਼ਹੂਰ ਧਾਰਮਿਕ ਸਕੂਲ ਵਿਚ ਪੜ੍ਹਾਈ ਨਹੀਂ ਕੀਤੀ ਸੀ। (ਯੂਹੰਨਾ 7:15) ਇਸੇ ਲਈ ਲੋਕਾਂ ਨੇ ਸ਼ਾਇਦ ਇਹ ਪੁੱਛਿਆ ਕਿ ਇਸ ਨੂੰ ਪ੍ਰਭਾਵਸ਼ਾਲੀ ਸਿੱਖਿਆ ਦੇਣ ਦੀ ਬੁੱਧ ਕਿੱਥੋਂ ਮਿਲੀ ਸੀ।
5. ਯਿਸੂ ਨੂੰ ਬੁੱਧ ਕਿੱਥੋਂ ਮਿਲੀ ਸੀ?
5 ਅਸੀਂ ਸ਼ਾਇਦ ਸੋਚੀਏ ਕਿ ਯਿਸੂ ਮੁਕੰਮਲ ਹੋਣ ਕਰਕੇ ਇੰਨਾ ਬੁੱਧੀਮਾਨ ਸੀ। ਪਰ ਇਕ ਵਾਰ ਮੰਦਰ ਵਿਚ ਸਿਖਾਉਂਦੇ ਹੋਏ ਉਸ ਨੇ ਦੱਸਿਆ: “ਜੋ ਸਿੱਖਿਆ ਮੈਂ ਦਿੰਦਾ ਹਾਂ ਉਹ ਮੇਰੀ ਨਹੀਂ, ਸਗੋਂ ਮੇਰੇ ਘੱਲਣ ਵਾਲੇ ਦੀ ਹੈ।” (ਯੂਹੰਨਾ 7:16) ਜੀ ਹਾਂ, ਯਿਸੂ ਨੂੰ ਬੁੱਧ ਉਸ ਦੇ ਪਿਤਾ ਯਹੋਵਾਹ ਤੋਂ ਮਿਲੀ ਸੀ। (ਯੂਹੰਨਾ 12:49) ਪਰ ਯਹੋਵਾਹ ਨੇ ਉਸ ਨੂੰ ਬੁੱਧ ਕਿੱਦਾਂ ਦਿੱਤੀ ਸੀ?
6, 7. ਯਿਸੂ ਨੂੰ ਆਪਣੇ ਪਿਤਾ ਤੋਂ ਬੁੱਧ ਕਿਵੇਂ ਮਿਲੀ ਸੀ?
6 ਯਹੋਵਾਹ ਦੀ ਪਵਿੱਤਰ ਸ਼ਕਤੀ ਯਿਸੂ ਦੇ ਦਿਲੋਂ-ਦਿਮਾਗ਼ ʼਤੇ ਕੰਮ ਕਰ ਰਹੀ ਸੀ। ਯਸਾਯਾਹ ਨਬੀ ਨੇ ਵਾਅਦਾ ਕੀਤੇ ਹੋਏ ਮਸੀਹ ਬਾਰੇ ਕਿਹਾ ਕਿ ਯਹੋਵਾਹ ਦੀ ਪਵਿੱਤਰ ਸ਼ਕਤੀ ‘ਉਸ ਨੂੰ, ਸਮਝ ਤੇ ਗਿਆਨ ਦੇਵੇਗੀ। ਉਹ ਉਸ ਨੂੰ, ਰਾਜ ਕਰਨ ਲਈ, ਬੁੱਧੀ ਤੇ ਬਲ ਦੇਵੇਗੀ। ਉਹ ਉਸ ਨੂੰ, ਪ੍ਰਭੂ ਦਾ ਗਿਆਨ ਤੇ ਡਰ ਦੇਵੇਗੀ।’ (ਯਸਾਯਾਹ 11:2, CL) ਤਾਂ ਫਿਰ ਯਿਸੂ ਦੀਆਂ ਗੱਲਾਂ ਅਤੇ ਕੰਮਾਂ ਤੋਂ ਬੁੱਧ ਇਸ ਲਈ ਝਲਕਦੀ ਸੀ ਕਿਉਂਕਿ ਯਹੋਵਾਹ ਦੀ ਪਵਿੱਤਰ ਸ਼ਕਤੀ ਉਸ ਨੂੰ ਸੋਚ-ਸਮਝ ਕੇ ਫ਼ੈਸਲੇ ਕਰਨ ਵਿਚ ਮਦਦ ਦੇ ਰਹੀ ਸੀ।
7 ਯਹੋਵਾਹ ਨੇ ਯਿਸੂ ਨੂੰ ਇਕ ਹੋਰ ਤਰੀਕੇ ਨਾਲ ਬੁੱਧ ਬਖ਼ਸ਼ੀ ਸੀ। ਜਿਵੇਂ ਅਸੀਂ ਦੂਜੇ ਅਧਿਆਇ ਵਿਚ ਦੇਖਿਆ ਸੀ, ਧਰਤੀ ʼਤੇ ਆਉਣ ਤੋਂ ਪਹਿਲਾਂ ਯਿਸੂ ਨੇ ਆਪਣੇ ਪਿਤਾ ਨਾਲ ਅਰਬਾਂ-ਖਰਬਾਂ ਸਾਲ ਗੁਜ਼ਾਰੇ ਸਨ। ਉਸ ਸਮੇਂ ਦੌਰਾਨ ਉਹ ਯਹੋਵਾਹ ਦੀ ਸੋਚ ਅਤੇ ਵਿਚਾਰਾਂ ਨੂੰ ਚੰਗੀ ਤਰ੍ਹਾਂ ਜਾਣ ਸਕਿਆ। ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਯਿਸੂ ਨੇ “ਰਾਜ ਮਿਸਤਰੀ” ਵਜੋਂ ਆਪਣੇ ਪਿਤਾ ਨਾਲ ਕੰਮ ਕਰਦਿਆਂ ਕਿੰਨੀ ਬੁੱਧ ਹਾਸਲ ਕੀਤੀ ਹੋਣੀ। ਇਸੇ ਲਈ ਧਰਤੀ ਉੱਤੇ ਆਉਣ ਤੋਂ ਪਹਿਲਾਂ ਉਸ ਨੂੰ ਬੁੱਧ ਵਜੋਂ ਦਰਸਾਇਆ ਗਿਆ ਸੀ। (ਕਹਾਉਤਾਂ 8:22-31; ਕੁਲੁੱਸੀਆਂ 1:15, 16) ਯਿਸੂ ਨੇ ਆਪਣੇ ਸਵਰਗੀ ਪਿਤਾ ਤੋਂ ਮਿਲੀ ਬੁੱਧ ਨੂੰ ਆਪਣੀ ਸੇਵਕਾਈ ਦੌਰਾਨ ਚੰਗੀ ਤਰ੍ਹਾਂ ਵਰਤਿਆ।b (ਯੂਹੰਨਾ 8:26, 28, 38) ਇਸ ਲਈ ਜਦੋਂ ਅਸੀਂ ਯਿਸੂ ਦੀਆਂ ਗੱਲਾਂ ਅਤੇ ਉਸ ਦੇ ਕੰਮਾਂ ʼਤੇ ਗੌਰ ਕਰਦੇ ਹਾਂ, ਤਾਂ ਸਾਨੂੰ ਜ਼ਰਾ ਵੀ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਉਸ ਦਾ ਹਰ ਫ਼ੈਸਲਾ ਸਹੀ ਸੀ ਕਿਉਂਕਿ ਉਹ ਬੇਸ਼ੁਮਾਰ ਗਿਆਨ ਤੇ ਸਮਝ ਦਾ ਮਾਲਕ ਸੀ।
8. ਯਿਸੂ ਦੇ ਚੇਲਿਆਂ ਵਜੋਂ ਸਾਨੂੰ ਬੁੱਧ ਕਿਵੇਂ ਮਿਲ ਸਕਦੀ ਹੈ?
8 ਯਿਸੂ ਦੇ ਚੇਲਿਆਂ ਵਜੋਂ ਸਾਨੂੰ ਵੀ ਯਹੋਵਾਹ ਤੋਂ ਬੁੱਧ ਮੰਗਣ ਦੀ ਲੋੜ ਹੈ। (ਕਹਾਉਤਾਂ 2:6) ਇਹ ਸੱਚ ਹੈ ਕਿ ਯਹੋਵਾਹ ਸਾਨੂੰ ਚਮਤਕਾਰੀ ਢੰਗ ਨਾਲ ਬੁੱਧ ਨਹੀਂ ਦਿੰਦਾ। ਪਰ ਜੇ ਅਸੀਂ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਉਸ ਕੋਲੋਂ ਬੁੱਧ ਮੰਗਦੇ ਰਹੀਏ, ਤਾਂ ਉਹ ਸਾਡੀ ਜ਼ਰੂਰ ਸੁਣੇਗਾ। (ਯਾਕੂਬ 1:5) ਪਰਮੇਸ਼ੁਰ ਦੀ ਬੁੱਧ ਉਸ ਦੇ ਬਚਨ ਵਿਚ ਪਾਈ ਜਾਂਦੀ ਹੈ। ਇਸ ਲਈ ਸਾਨੂੰ ਮਿਹਨਤ ਕਰ ਕੇ “ਗੁਪਤ ਧਨ ਵਾਂਙੁ” ਇਸ ਬੁੱਧ ਦੀ ਗਹਿਰਾਈ ਨਾਲ ਖੋਜਬੀਨ ਕਰਦੇ ਰਹਿਣਾ ਚਾਹੀਦਾ ਹੈ। (ਕਹਾਉਤਾਂ 2:1-6) ਫਿਰ ਸਾਨੂੰ ਸਿੱਖੀਆਂ ਗੱਲਾਂ ਆਪਣੀ ਜ਼ਿੰਦਗੀ ਵਿਚ ਲਾਗੂ ਕਰਨੀਆਂ ਚਾਹੀਦੀਆਂ ਹਨ। ਬੁੱਧ ਹਾਸਲ ਕਰਨ ਵਿਚ ਯਿਸੂ ਦੀ ਮਿਸਾਲ ਖ਼ਾਸ ਕਰਕੇ ਸਾਡੀ ਮਦਦ ਕਰ ਸਕਦੀ ਹੈ। ਆਓ ਆਪਾਂ ਦੇਖੀਏ ਕਿ ਯਿਸੂ ਨੇ ਕਿਨ੍ਹਾਂ ਕੁਝ ਗੱਲਾਂ ਵਿਚ ਬੁੱਧ ਦਿਖਾਈ ਸੀ ਅਤੇ ਅਸੀਂ ਉਸ ਦੀ ਮਿਸਾਲ ʼਤੇ ਕਿਵੇਂ ਚੱਲ ਸਕਦੇ ਹਾਂ।
ਬੁੱਧ ਦੀਆਂ ਗੱਲਾਂ
9. ਯਿਸੂ ਦੀਆਂ ਸਿੱਖਿਆਵਾਂ ਬੁੱਧ ਦੇਣ ਵਾਲੀਆਂ ਕਿਉਂ ਸਨ?
9 ਭੀੜਾਂ ਦੀਆਂ ਭੀੜਾਂ ਯਿਸੂ ਦੀਆਂ ਗੱਲਾਂ ਸੁਣਨ ਆਉਂਦੀਆਂ ਸਨ। (ਮਰਕੁਸ 6:31-34; ਲੂਕਾ 5:1-3) ਆਉਂਦੀਆਂ ਵੀ ਕਿਉਂ ਨਾ? ਯਿਸੂ ਹਮੇਸ਼ਾ ਬੁੱਧ ਦੇਣ ਵਾਲੀਆਂ ਗੱਲਾਂ ਕਰਦਾ ਸੀ! ਉਸ ਦੀਆਂ ਸਿੱਖਿਆਵਾਂ ਤੋਂ ਜ਼ਾਹਰ ਹੁੰਦਾ ਸੀ ਕਿ ਉਸ ਕੋਲ ਪਰਮੇਸ਼ੁਰ ਦੇ ਬਚਨ ਦਾ ਡੂੰਘਾ ਗਿਆਨ ਸੀ ਅਤੇ ਉਹ ਹਰ ਮਾਮਲੇ ਦੀ ਤਹਿ ਤਕ ਪਹੁੰਚ ਸਕਦਾ ਸੀ। ਉਸ ਸਮੇਂ ਵਾਂਗ ਅੱਜ ਵੀ ਇਹ ਸਿੱਖਿਆਵਾਂ ਫ਼ਾਇਦੇਮੰਦ ਹਨ ਅਤੇ ਹਰ ਤਰ੍ਹਾਂ ਦੇ ਲੋਕਾਂ ਨੂੰ ਚੰਗੀਆਂ ਲੱਗਦੀਆਂ ਹਨ। ਸੋ ਆਓ ਅਸੀਂ ਆਪਣੇ ‘ਅਚਰਜ ਸਲਾਹਕਾਰ’ ਯਿਸੂ ਦੀਆਂ ਕੁਝ ਗੱਲਾਂ ʼਤੇ ਗੌਰ ਕਰੀਏ।—ਯਸਾਯਾਹ 9:6.
10. ਯਿਸੂ ਸਾਨੂੰ ਕਿਹੜੇ ਚੰਗੇ ਗੁਣ ਪੈਦਾ ਕਰਨ ਦੀ ਗੁਜ਼ਾਰਸ਼ ਕਰਦਾ ਹੈ ਅਤੇ ਕਿਉਂ?
10 ਯਿਸੂ ਨੇ ਆਪਣੇ ਮਸ਼ਹੂਰ ਉਪਦੇਸ਼ ਵਿਚ ਸਭ ਤੋਂ ਜ਼ਿਆਦਾ ਸਿੱਖਿਆਵਾਂ ਦਿੱਤੀਆਂ ਸਨ। ਉਸ ਨੇ ਬਿਨਾਂ ਰੁਕੇ ਕਈ ਮਾਮਲਿਆਂ ਬਾਰੇ ਸਲਾਹ ਦਿੱਤੀ ਸੀ। ਮਿਸਾਲ ਲਈ, ਇਸ ਵਿਚ ਉਸ ਨੇ ਸਾਨੂੰ ਚੰਗੀ ਬੋਲ-ਬਾਣੀ ਅਤੇ ਚੰਗਾ ਚਾਲ-ਚਲਣ ਬਣਾਈ ਰੱਖਣ ਦੀ ਸਲਾਹ ਦਿੱਤੀ। ਉਸ ਨੇ ਸਾਨੂੰ ਆਪਣੇ ਦਿਲ ਦੀ ਜਾਂਚ ਕਰਦੇ ਰਹਿਣ ਲਈ ਵੀ ਕਿਹਾ। ਉਹ ਜਾਣਦਾ ਸੀ ਕਿ ਅਸੀਂ ਉਹੀ ਕਹਿੰਦੇ ਅਤੇ ਕਰਦੇ ਹਾਂ ਜੋ ਸਾਡੇ ਦਿਲ ਵਿਚ ਹੁੰਦਾ ਹੈ। ਇਸ ਲਈ ਉਸ ਨੇ ਸਾਨੂੰ ਗੁਜ਼ਾਰਸ਼ ਕੀਤੀ ਕਿ ਅਸੀਂ ਆਪਣੇ ਵਿਚ ਨਰਮਾਈ, ਦਇਆ, ਪਿਆਰ, ਇਨਸਾਫ਼ ਅਤੇ ਸ਼ਾਂਤੀ ਵਰਗੇ ਗੁਣ ਪੈਦਾ ਕਰੀਏ। (ਮੱਤੀ 5:5-9, 43-48) ਜਿੱਦਾਂ-ਜਿੱਦਾਂ ਅਸੀਂ ਆਪਣੇ ਦਿਲ ਵਿਚ ਇਹ ਗੁਣ ਪੈਦਾ ਕਰਾਂਗੇ, ਉੱਦਾਂ-ਉੱਦਾਂ ਸਾਡੀ ਬੋਲੀ ਅਤੇ ਸਾਡਾ ਚਾਲ-ਚਲਣ ਸੁਧਰਦਾ ਜਾਵੇਗਾ। ਫਿਰ ਅਸੀਂ ਯਹੋਵਾਹ ਨੂੰ ਖ਼ੁਸ਼ ਕਰਨ ਦੇ ਨਾਲ-ਨਾਲ ਦੂਜਿਆਂ ਨਾਲ ਵੀ ਵਧੀਆ ਰਿਸ਼ਤਾ ਕਾਇਮ ਕਰ ਸਕਾਂਗੇ।—ਮੱਤੀ 5:16.
11. ਪਾਪ ਤੋਂ ਬਚਣ ਦੀ ਸਲਾਹ ਦਿੰਦਿਆਂ ਯਿਸੂ ਮਾਮਲੇ ਦੀ ਜੜ੍ਹ ਤਕ ਕਿਵੇਂ ਪਹੁੰਚਿਆ?
11 ਜਦੋਂ ਯਿਸੂ ਨੇ ਸਾਨੂੰ ਪਾਪ ਤੋਂ ਬਚਣ ਦੀ ਸਲਾਹ ਦਿੱਤੀ ਸੀ, ਤਾਂ ਉਹ ਮਾਮਲੇ ਦੀ ਜੜ੍ਹ ਤਕ ਪਹੁੰਚਿਆ। ਮਿਸਾਲ ਲਈ, ਉਸ ਨੇ ਸਿਰਫ਼ ਇਹ ਨਹੀਂ ਕਿਹਾ ਕਿ ਸਾਨੂੰ ਖ਼ੂਨ-ਖ਼ਰਾਬਾ ਨਹੀਂ ਕਰਨਾ ਚਾਹੀਦਾ, ਸਗੋਂ ਉਸ ਨੇ ਕਿਹਾ ਕਿ ਸਾਨੂੰ ਆਪਣੇ ਦਿਲ ਵਿਚ ਗੁੱਸੇ ਦੀ ਅੱਗ ਨਹੀਂ ਬਲ਼ਣ ਦੇਣੀ ਚਾਹੀਦੀ। (ਮੱਤੀ 5:21, 22; 1 ਯੂਹੰਨਾ 3:15) ਨਾਲੇ ਉਸ ਨੇ ਸਿਰਫ਼ ਇਹ ਨਹੀਂ ਕਿਹਾ ਕਿ ਸਾਨੂੰ ਹਰਾਮਕਾਰੀ ਤੋਂ ਦੂਰ ਰਹਿਣਾ ਚਾਹੀਦਾ ਹੈ, ਸਗੋਂ ਉਸ ਨੇ ਕਿਹਾ ਕਿ ਪਰਾਈ ਤੀਵੀਂ ਵੱਲ ਗੰਦੀ ਨਜ਼ਰ ਨਾਲ ਦੇਖਣਾ ਵੀ ਪਾਪ ਹੈ। ਕਿਉਂਕਿ ਜੇ ਇਕ ਇਨਸਾਨ ਗੰਦੇ ਖ਼ਿਆਲਾਂ ਨੂੰ ਆਪਣੇ ਮਨ ਵਿੱਚੋਂ ਨਹੀਂ ਕੱਢਦਾ, ਤਾਂ ਉਹ ਹਰਾਮਕਾਰੀ ਦੇ ਫੰਦੇ ਵਿਚ ਫਸ ਸਕਦਾ ਹੈ। (ਮੱਤੀ 5:27-30) ਹਾਂ, ਯਿਸੂ ਪਾਪ ਦੀ ਜੜ੍ਹ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਇਸ ਲਈ ਉਹ ਸਾਨੂੰ ਆਪਣੀ ਸੋਚ ਅਤੇ ਸਰੀਰਕ ਇੱਛਾਵਾਂ ਨੂੰ ਕਾਬੂ ਕਰਨ ਦੀ ਸਲਾਹ ਦਿੰਦਾ ਹੈ ਤਾਂਕਿ ਅਸੀਂ ਗ਼ਲਤ ਕੰਮਾਂ ਤੋਂ ਬਚੀਏ।—ਜ਼ਬੂਰਾਂ ਦੀ ਪੋਥੀ 7:14.
12. ਯਿਸੂ ਦੇ ਚੇਲੇ ਉਸ ਦੀ ਸਲਾਹ ਨੂੰ ਕਿਵੇਂ ਵਿਚਾਰਦੇ ਹਨ ਅਤੇ ਕਿਉਂ?
12 ਵਾਹ, ਯਿਸੂ ਦੇ ਸ਼ਬਦਾਂ ਵਿਚ ਕਿੰਨੀ ਬੁੱਧ ਹੈ! ਇਸੇ ਲਈ ਲੋਕ “ਉਸ ਦੇ ਸਿੱਖਿਆ ਦੇਣ ਦੇ ਢੰਗ ਤੋਂ ਹੈਰਾਨ ਰਹਿ ਗਏ।” (ਮੱਤੀ 7:28) ਯਿਸੂ ਦੇ ਚੇਲੇ ਹੋਣ ਕਰਕੇ ਅਸੀਂ ਵੀ ਆਪਣੀ ਜ਼ਿੰਦਗੀ ਉਸ ਦੀ ਸਲਾਹ ਮੁਤਾਬਕ ਜੀਉਣੀ ਚਾਹੁੰਦੇ ਹਾਂ। ਜੇ ਅਸੀਂ ਦਿਲ ਵਿਚ ਗੁੱਸਾ ਅਤੇ ਮਨ ਵਿਚ ਗੰਦੇ ਵਿਚਾਰ ਨਾ ਪਲ਼ਣ ਦੇਈਏ, ਤਾਂ ਅਸੀਂ ਗ਼ਲਤ ਕਦਮ ਚੁੱਕਣ ਤੋਂ ਬਚ ਸਕਦੇ ਹਾਂ। (ਯਾਕੂਬ 1:14, 15) ਤਾਂ ਫਿਰ ਆਓ ਅਸੀਂ ਯਿਸੂ ਦੀ ਸਲਾਹ ਮੁਤਾਬਕ ਆਪਣੇ ਵਿਚ ਦਇਆ, ਪਿਆਰ ਅਤੇ ਸ਼ਾਂਤੀ ਵਰਗੇ ਵਧੀਆ ਗੁਣ ਪੈਦਾ ਕਰਨ ਦੀ ਕੋਸ਼ਿਸ਼ ਕਰੀਏ ਕਿਉਂਕਿ ਇਨ੍ਹਾਂ ਗੁਣਾਂ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ।
ਬੁੱਧ ਦੀ ਬੇਜੋੜ ਮਿਸਾਲ
13, 14. ਯਿਸੂ ਨੇ ਕਿਵੇਂ ਦਿਖਾਇਆ ਕਿ ਉਸ ਨੇ ਆਪਣੇ ਲਈ ਜ਼ਿੰਦਗੀ ਦਾ ਸਭ ਤੋਂ ਬਿਹਤਰੀਨ ਰਾਹ ਚੁਣਿਆ ਸੀ?
13 ਬੁੱਧ ਯਿਸੂ ਦੀਆਂ ਗੱਲਾਂ ਤੋਂ ਹੀ ਨਹੀਂ, ਸਗੋਂ ਉਸ ਦੇ ਕੰਮਾਂ ਤੋਂ ਵੀ ਝਲਕਦੀ ਸੀ। ਕਹਿਣ ਦਾ ਮਤਲਬ ਹੈ ਕਿ ਉਸ ਦੀ ਪੂਰੀ ਜ਼ਿੰਦਗੀ ਯਾਨੀ ਉਸ ਦੇ ਫ਼ੈਸਲਿਆਂ, ਖ਼ੁਦ ਬਾਰੇ ਉਸ ਦੇ ਨਜ਼ਰੀਏ ਅਤੇ ਦੂਜਿਆਂ ਨਾਲ ਉਸ ਦੇ ਸਲੂਕ ਤੋਂ ਦੇਖਿਆ ਜਾ ਸਕਦਾ ਸੀ ਕਿ ਉਹ ਇਕ ਬੁੱਧੀਮਾਨ ਇਨਸਾਨ ਸੀ। ਆਓ ਆਪਾਂ ਕੁਝ ਗੱਲਾਂ ʼਤੇ ਗੌਰ ਕਰੀਏ ਜੋ ਦਿਖਾਉਂਦੀਆਂ ਹਨ ਕਿ ਯਿਸੂ ਵਾਕਈ ‘ਬੁੱਧ ਅਤੇ ਸਮਝ’ ਦੀ ਬੇਜੋੜ ਮਿਸਾਲ ਸੀ।—ਕਹਾਉਤਾਂ 3:21.
14 ਇਕ ਬੁੱਧੀਮਾਨ ਇਨਸਾਨ ਸੋਚ-ਸਮਝ ਕੇ ਫ਼ੈਸਲੇ ਕਰਦਾ ਹੈ। ਯਿਸੂ ਨੇ ਆਪਣੇ ਲਈ ਜ਼ਿੰਦਗੀ ਦਾ ਸਭ ਤੋਂ ਬਿਹਤਰੀਨ ਰਾਹ ਚੁਣਿਆ। ਜ਼ਰਾ ਸੋਚੋ ਕਿ ਉਹ ਜ਼ਿੰਦਗੀ ਵਿਚ ਕੀ ਕੁਝ ਕਰ ਸਕਦਾ ਸੀ। ਜੇ ਉਹ ਚਾਹੁੰਦਾ, ਤਾਂ ਉਹ ਆਪਣੇ ਲਈ ਸ਼ਾਨਦਾਰ ਘਰ ਬਣਾ ਸਕਦਾ ਸੀ, ਵੱਡਾ ਕਾਰੋਬਾਰ ਸ਼ੁਰੂ ਕਰ ਸਕਦਾ ਸੀ ਜਾਂ ਆਪਣੇ ਲਈ ਵੱਡਾ ਨਾਂ ਕਮਾ ਸਕਦਾ ਸੀ। ਪਰ ਯਿਸੂ ਜਾਣਦਾ ਸੀ ਕਿ ਇਨ੍ਹਾਂ ਚੀਜ਼ਾਂ ਪਿੱਛੇ ਦੌੜਨਾ “ਵਿਅਰਥ ਅਤੇ ਹਵਾ ਦਾ ਫੱਕਣਾ” ਹੈ। (ਉਪਦੇਸ਼ਕ ਦੀ ਪੋਥੀ 4:4; 5:10) ਇਸ ਤਰ੍ਹਾਂ ਕਰਨਾ ਮੂਰਖਪੁਣਾ ਹੋਣਾ ਸੀ। ਉਸ ਲਈ ਧਨ-ਦੌਲਤ ਜਾਂ ਚੀਜ਼ਾਂ ਕੋਈ ਮਾਅਨੇ ਨਹੀਂ ਰੱਖਦੀਆਂ ਸਨ। (ਮੱਤੀ 8:20) ਉਸ ਨੇ ਆਪਣੀ ਜ਼ਿੰਦਗੀ ਸਾਦੀ ਰੱਖੀ ਅਤੇ ਆਪਣੀ ਅੱਖ ਇਕ ਨਿਸ਼ਾਨੇ ਯਾਨੀ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ʼਤੇ ਟਿਕਾਈ ਰੱਖੀ। (ਮੱਤੀ 6:22) ਹਾਂ, ਯਿਸੂ ਜੋ ਕੁਝ ਸਿਖਾਉਂਦਾ ਸੀ, ਉਹ ਉਸ ਮੁਤਾਬਕ ਆਪ ਵੀ ਚੱਲਦਾ ਸੀ। ਉਸ ਨੇ ਸਮਝ ਤੋਂ ਕੰਮ ਲੈਂਦਿਆਂ ਆਪਣਾ ਸਮਾਂ ਅਤੇ ਆਪਣੀ ਤਾਕਤ ਪਰਮੇਸ਼ੁਰ ਦੇ ਕੰਮਾਂ ਵਿਚ ਲਾਈ ਜੋ ਧਨ-ਦੌਲਤ ਇਕੱਠਾ ਕਰਨ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਤੇ ਫ਼ਾਇਦੇਮੰਦ ਸੀ। (ਮੱਤੀ 6:19-21) ਉਸ ਨੇ ਸਾਡੇ ਲਈ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ!
15. ਯਿਸੂ ਦੇ ਚੇਲੇ ਕਿਵੇਂ ਦਿਖਾ ਸਕਦੇ ਹਨ ਕਿ ਉਨ੍ਹਾਂ ਨੇ ਆਪਣੀ ਅੱਖ ਇੱਕੋ ਨਿਸ਼ਾਨੇ ʼਤੇ ਟਿਕਾਈ ਰੱਖੀ ਹੈ ਅਤੇ ਇਸ ਤਰ੍ਹਾਂ ਕਰਨਾ ਅਕਲਮੰਦੀ ਦੀ ਗੱਲ ਕਿਉਂ ਹੈ?
15 ਅੱਜ ਵੀ ਯਿਸੂ ਦੇ ਚੇਲੇ ਸਮਝਦੇ ਹਨ ਕਿ ਆਪਣੀ ਅੱਖ ਇੱਕੋ ਨਿਸ਼ਾਨੇ ʼਤੇ ਟਿਕਾਈ ਰੱਖਣ ਵਿਚ ਹੀ ਅਕਲਮੰਦੀ ਹੈ। ਇਸ ਲਈ ਉਹ ਬੇਲੋੜੇ ਕਰਜ਼ੇ ਦੇ ਬੋਝ ਹੇਠਾਂ ਨਹੀਂ ਆਉਂਦੇ ਅਤੇ ਉਹ ਫਜ਼ੂਲ ਕੰਮਾਂ ਵਿਚ ਆਪਣਾ ਸਮਾਂ ਤੇ ਤਾਕਤ ਬਰਬਾਦ ਨਹੀਂ ਕਰਦੇ। (1 ਤਿਮੋਥਿਉਸ 6:9, 10) ਬਹੁਤ ਸਾਰੇ ਮਸੀਹੀਆਂ ਨੇ ਆਪਣੀ ਜ਼ਿੰਦਗੀ ਸਾਦੀ ਬਣਾਈ ਹੈ ਤਾਂਕਿ ਉਹ ਪ੍ਰਚਾਰ ਵਿਚ ਜ਼ਿਆਦਾ ਹਿੱਸਾ ਲੈ ਸਕਣ। ਕਈਆਂ ਨੇ ਤਾਂ ਪਾਇਨੀਅਰਿੰਗ ਵੀ ਸ਼ੁਰੂ ਕੀਤੀ ਹੈ। ਇਹ ਕਿੰਨੀ ਚੰਗੀ ਗੱਲ ਹੈ ਕਿਉਂਕਿ ਪਰਮੇਸ਼ੁਰ ਦੇ ਕੰਮਾਂ ਨੂੰ ਪਹਿਲ ਦੇਣ ਨਾਲ ਸਾਨੂੰ ਬੇਹੱਦ ਖ਼ੁਸ਼ੀ ਮਿਲਦੀ ਹੈ।—ਮੱਤੀ 6:33.
16, 17. (ੳ) ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਨਿਮਰ ਸੀ ਅਤੇ ਆਪਣੇ ਤੋਂ ਹੱਦੋਂ ਵੱਧ ਉਮੀਦ ਨਹੀਂ ਰੱਖਦਾ ਸੀ? (ਅ) ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ?
16 ਬਾਈਬਲ ਸਮਝਾਉਂਦੀ ਹੈ ਕਿ ਬੁੱਧੀਮਾਨ ਇਨਸਾਨ ਨਿਮਰ ਵੀ ਹੁੰਦਾ ਹੈ। ਉਹ ਆਪਣੀਆਂ ਹੱਦਾਂ ਜਾਣਦਾ ਹੈ। (ਕਹਾਉਤਾਂ 11:2) ਯਿਸੂ ਨਿਮਰ ਸੀ ਅਤੇ ਆਪਣੇ ਤੋਂ ਹੱਦੋਂ ਵੱਧ ਉਮੀਦ ਨਹੀਂ ਰੱਖਦਾ ਸੀ। ਉਹ ਜਾਣਦਾ ਸੀ ਕਿ ਉਸ ਦਾ ਸੰਦੇਸ਼ ਸੁਣ ਕੇ ਸਾਰੇ ਲੋਕ ਉਸ ਦੇ ਚੇਲੇ ਨਹੀਂ ਬਣਨਗੇ। (ਮੱਤੀ 10:32-39) ਉਸ ਨੂੰ ਇਹ ਵੀ ਪਤਾ ਸੀ ਕਿ ਉਹ ਇਕੱਲਾ ਸਾਰੇ ਲੋਕਾਂ ਨੂੰ ਪ੍ਰਚਾਰ ਨਹੀਂ ਕਰ ਸਕਦਾ ਸੀ। ਇਸ ਲਈ ਉਸ ਨੇ ਸਮਝਦਾਰੀ ਦਿਖਾਉਂਦੇ ਹੋਏ ਪ੍ਰਚਾਰ ਦਾ ਕੰਮ ਆਪਣੇ ਚੇਲਿਆਂ ਨੂੰ ਸੌਂਪਿਆ। (ਮੱਤੀ 28:18-20) ਉਸ ਨੇ ਨਿਮਰਤਾ ਨਾਲ ਇਹ ਗੱਲ ਮੰਨੀ ਕਿ ਉਸ ਦੇ ਚੇਲੇ ਉਸ ਨਾਲੋਂ ਵੀ “ਵੱਡੇ-ਵੱਡੇ ਕੰਮ” ਕਰਨਗੇ। (ਯੂਹੰਨਾ 14:12) ਉਨ੍ਹਾਂ ਨੇ ਸਿਰਫ਼ ਇਕ ਦੇਸ਼ ਦੇ ਲੋਕਾਂ ਨੂੰ ਨਹੀਂ, ਸਗੋਂ ਸਾਰੀ ਦੁਨੀਆਂ ਦੇ ਲੋਕਾਂ ਨੂੰ ਜਾ ਕੇ ਉਸ ਨਾਲੋਂ ਜ਼ਿਆਦਾ ਸਮੇਂ ਲਈ ਪ੍ਰਚਾਰ ਕਰਨਾ ਸੀ। ਯਿਸੂ ਇਹ ਵੀ ਜਾਣਦਾ ਸੀ ਕਿ ਉਸ ਨੂੰ ਮਦਦ ਦੀ ਲੋੜ ਸੀ। ਮਿਸਾਲ ਲਈ, ਜਦੋਂ ਉਜਾੜ ਵਿਚ ਦੂਤ ਉਸ ਦੀ ਮਦਦ ਕਰਨ ਆਏ ਅਤੇ ਗਥਸਮਨੀ ਬਾਗ਼ ਵਿਚ ਇਕ ਦੂਤ ਉਸ ਨੂੰ ਹੌਸਲਾ ਦੇਣ ਆਇਆ, ਤਾਂ ਉਸ ਨੇ ਉਨ੍ਹਾਂ ਦੀ ਮਦਦ ਸਵੀਕਾਰ ਕੀਤੀ। ਉਸ ਨੇ ਜ਼ਿੰਦਗੀ ਦੀ ਸਭ ਤੋਂ ਔਖੀ ਘੜੀ ਵਿਚ ਗਿੜਗਿੜਾ ਕੇ ਆਪਣੇ ਪਿਤਾ ਤੋਂ ਮਦਦ ਮੰਗੀ।—ਮੱਤੀ 4:11; ਲੂਕਾ 22:43; ਇਬਰਾਨੀਆਂ 5:7.
17 ਯਿਸੂ ਦੀ ਰੀਸ ਕਰਦਿਆਂ ਸਾਨੂੰ ਨਿਮਰ ਬਣਨ ਦੀ ਲੋੜ ਹੈ ਅਤੇ ਸਾਨੂੰ ਆਪਣੇ ਤੋਂ ਹੱਦੋਂ ਵੱਧ ਉਮੀਦ ਨਹੀਂ ਰੱਖਣੀ ਚਾਹੀਦੀ। ਇਹ ਸੱਚ ਹੈ ਕਿ ਅਸੀਂ ਪ੍ਰਚਾਰ ਅਤੇ ਚੇਲੇ ਬਣਾਉਣ ਦਾ ਕੰਮ ਜੀ-ਜਾਨ ਨਾਲ ਕਰਨਾ ਚਾਹੁੰਦੇ ਹਾਂ। (ਲੂਕਾ 13:24; ਕੁਲੁੱਸੀਆਂ 3:23) ਪਰ ਯਾਦ ਰੱਖੋ ਕਿ ਯਹੋਵਾਹ ਸਾਡੀ ਤੁਲਨਾ ਹੋਰਨਾਂ ਨਾਲ ਨਹੀਂ ਕਰਦਾ ਅਤੇ ਨਾ ਹੀ ਸਾਨੂੰ ਕਰਨੀ ਚਾਹੀਦੀ ਹੈ। (ਗਲਾਤੀਆਂ 6:4) ਅਸੀਂ ਸਮਝਦਾਰੀ ਨਾਲ ਆਪਣੀ ਕਾਬਲੀਅਤ ਅਤੇ ਹਾਲਾਤਾਂ ਮੁਤਾਬਕ ਉਹੀ ਟੀਚੇ ਰੱਖਾਂਗੇ ਜਿਨ੍ਹਾਂ ਨੂੰ ਅਸੀਂ ਹਾਸਲ ਕਰ ਸਕਦੇ ਹਾਂ। ਨਾਲੇ ਜਿਨ੍ਹਾਂ ਭਰਾਵਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ, ਉਨ੍ਹਾਂ ਨੂੰ ਇਹ ਗੱਲ ਮੰਨਣ ਦੀ ਲੋੜ ਹੈ ਕਿ ਉਨ੍ਹਾਂ ਨੂੰ ਵੀ ਕਦੇ-ਕਦੇ ਮਦਦ ਤੇ ਹੌਸਲੇ ਦੀ ਲੋੜ ਪੈਂਦੀ ਹੈ। ਉਹ ਨਿਮਰਤਾ ਨਾਲ ਦੂਜਿਆਂ ਤੋਂ ਖ਼ੁਸ਼ੀ-ਖ਼ੁਸ਼ੀ ਮਦਦ ਸਵੀਕਾਰ ਕਰ ਕੇ ਆਪਣੀ ਸਮਝਦਾਰੀ ਦਾ ਸਬੂਤ ਦਿੰਦੇ ਹਨ। ਉਹ ਜਾਣਦੇ ਹਨ ਕਿ ਉਨ੍ਹਾਂ ਨੂੰ ਹੌਸਲਾ ਦੇਣ ਲਈ ਯਹੋਵਾਹ ਕਿਸੇ ਵੀ ਭੈਣ ਜਾਂ ਭਰਾ ਨੂੰ ਵਰਤ ਸਕਦਾ ਹੈ।—ਕੁਲੁੱਸੀਆਂ 4:11.
18, 19. (ੳ) ਸਾਨੂੰ ਕਿਵੇਂ ਪਤਾ ਹੈ ਕਿ ਯਿਸੂ ਆਪਣੇ ਚੇਲਿਆਂ ਨਾਲ ਨਰਮਾਈ ਨਾਲ ਪੇਸ਼ ਆਇਆ ਸੀ? (ਅ) ਸਾਨੂੰ ਇਕ-ਦੂਜੇ ਨਾਲ ਪੇਸ਼ ਆਉਂਦਿਆਂ ਯਹੋਵਾਹ ਤੇ ਯਿਸੂ ਦੀ ਰੀਸ ਕਿਉਂ ਕਰਨੀ ਚਾਹੀਦੀ ਹੈ ਅਤੇ ਇਹ ਅਸੀਂ ਕਿਵੇਂ ਕਰ ਸਕਦੇ ਹਾਂ?
18 ਜਿਸ ਇਨਸਾਨ ਨੂੰ ਸਵਰਗੋਂ ਬੁੱਧ ਮਿਲੀ ਹੁੰਦੀ ਹੈ ਉਹ ਅੜਬ ਨਹੀਂ ਹੁੰਦਾ, ਸਗੋਂ ਨਰਮ ਸੁਭਾਅ ਦਾ ਹੁੰਦਾ ਹੈ। (ਯਾਕੂਬ 3:17) ਯਿਸੂ ਆਪਣੇ ਚੇਲਿਆਂ ਨਾਲ ਨਰਮਾਈ ਨਾਲ ਪੇਸ਼ ਆਇਆ ਸੀ। ਉਹ ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ਬਾਰੇ ਜਾਣਦਾ ਸੀ, ਪਰ ਫਿਰ ਵੀ ਉਸ ਨੇ ਉਨ੍ਹਾਂ ਦੀਆਂ ਖੂਬੀਆਂ ਵੱਲ ਧਿਆਨ ਦਿੱਤਾ। (ਯੂਹੰਨਾ 1:47) ਉਸ ਨੂੰ ਪਤਾ ਸੀ ਕਿ ਜਿਸ ਰਾਤ ਉਸ ਨੂੰ ਗਿਰਫ਼ਤਾਰ ਕੀਤਾ ਜਾਣਾ ਸੀ, ਉਸ ਦੇ ਚੇਲਿਆਂ ਨੇ ਉਸ ਦਾ ਸਾਥ ਛੱਡ ਕੇ ਭੱਜ ਜਾਣਾ ਸੀ, ਪਰ ਫਿਰ ਵੀ ਉਸ ਨੇ ਉਨ੍ਹਾਂ ਦੀ ਵਫ਼ਾਦਾਰੀ ʼਤੇ ਸ਼ੱਕ ਨਹੀਂ ਕੀਤਾ। (ਮੱਤੀ 26:31-35; ਲੂਕਾ 22:28-30) ਪਤਰਸ ਨੇ ਤਿੰਨ ਵਾਰ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਯਿਸੂ ਨੂੰ ਜਾਣਦਾ ਸੀ। ਇਸ ਦੇ ਬਾਵਜੂਦ ਯਿਸੂ ਨੇ ਪਤਰਸ ਲਈ ਪ੍ਰਾਰਥਨਾ ਕੀਤੀ ਅਤੇ ਉਸ ਦੀ ਵਫ਼ਾਦਾਰੀ ʼਤੇ ਭਰੋਸਾ ਕੀਤਾ। (ਲੂਕਾ 22:31-34) ਆਪਣੀ ਆਖ਼ਰੀ ਰਾਤ ਨੂੰ ਯਿਸੂ ਨੇ ਪ੍ਰਾਰਥਨਾ ਵਿਚ ਆਪਣੇ ਚੇਲਿਆਂ ਦੀਆਂ ਗ਼ਲਤੀਆਂ ਦਾ ਜ਼ਿਕਰ ਕਰਨ ਦੀ ਬਜਾਇ ਉਨ੍ਹਾਂ ਦੇ ਚੰਗੇ ਕੰਮਾਂ ʼਤੇ ਜ਼ੋਰ ਦਿੰਦਿਆਂ ਕਿਹਾ: “ਉਨ੍ਹਾਂ ਨੇ ਤੇਰਾ ਬਚਨ ਮੰਨਿਆ ਹੈ।” (ਯੂਹੰਨਾ 17:6) ਉਸ ਨੇ ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪ ਦਿੱਤੀ। (ਮੱਤੀ 28:19, 20) ਵਾਕਈ ਯਿਸੂ ਨੂੰ ਉਨ੍ਹਾਂ ਉੱਤੇ ਬਹੁਤ ਭਰੋਸਾ ਸੀ। ਇਸ ਗੱਲ ਤੋਂ ਹੌਸਲਾ ਪਾ ਕੇ ਉਹ ਇਸ ਕੰਮ ਨੂੰ ਪੂਰਾ ਕਰ ਸਕੇ।
19 ਜੇ ਪਰਮੇਸ਼ੁਰ ਦੇ ਪੁੱਤਰ ਨੇ ਆਪਣੇ ਚੇਲਿਆਂ ਨਾਲ ਇੰਨਾ ਧੀਰਜ ਦਿਖਾਇਆ, ਤਾਂ ਕੀ ਸਾਨੂੰ ਪਾਪੀ ਇਨਸਾਨਾਂ ਨੂੰ ਇਕ-ਦੂਜੇ ਨਾਲ ਧੀਰਜ ਨਾਲ ਪੇਸ਼ ਨਹੀਂ ਆਉਣਾ ਚਾਹੀਦਾ? (ਫ਼ਿਲਿੱਪੀਆਂ 4:5) ਸਾਨੂੰ ਆਪਣੇ ਭੈਣਾਂ-ਭਰਾਵਾਂ ਦੀਆਂ ਕਮੀਆਂ ਵੱਲ ਧਿਆਨ ਦੇਣ ਦੀ ਬਜਾਇ ਉਨ੍ਹਾਂ ਦੀਆਂ ਖੂਬੀਆਂ ਦੇਖਣੀਆਂ ਚਾਹੀਦੀਆਂ ਹਨ। ਯਾਦ ਰੱਖੋ ਕਿ ਯਹੋਵਾਹ ਨੇ ਉਨ੍ਹਾਂ ਨੂੰ ਆਪਣੇ ਵੱਲ ਖਿੱਚਿਆ ਹੈ। (ਯੂਹੰਨਾ 6:44) ਉਸ ਨੇ ਜ਼ਰੂਰ ਉਨ੍ਹਾਂ ਵਿਚ ਕੁਝ ਚੰਗਾ ਦੇਖਿਆ ਹੋਣਾ। ਸਾਨੂੰ ਵੀ ਯਹੋਵਾਹ ਤੇ ਯਿਸੂ ਦੀ ਰੀਸ ਕਰਦਿਆਂ ਦੂਜਿਆਂ ਵਿਚ ਚੰਗੇ ਗੁਣ ਦੇਖਣੇ ਚਾਹੀਦੇ ਹਨ। ਫਿਰ ਅਸੀਂ ‘ਉਨ੍ਹਾਂ ਦੀਆਂ ਗ਼ਲਤੀਆਂ ਨੂੰ ਮਾਫ਼’ ਕਰ ਕੇ ਉਨ੍ਹਾਂ ਦੇ ਚੰਗੇ ਕੰਮਾਂ ਦੀ ਤਾਰੀਫ਼ ਕਰਾਂਗੇ। (ਕਹਾਉਤਾਂ 19:11, CL) ਇੱਦਾਂ ਕਰਨ ਨਾਲ ਭੈਣਾਂ-ਭਰਾਵਾਂ ਦਾ ਹੌਸਲਾ ਵਧੇਗਾ ਅਤੇ ਉਹ ਪੂਰੀ ਵਾਹ ਲਾ ਕੇ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰਨਗੇ।—1 ਥੱਸਲੁਨੀਕੀਆਂ 5:11.
20. ਅਸੀਂ ਯਿਸੂ ਦੀਆਂ ਸਿੱਖਿਆਵਾਂ ਲਈ ਕਦਰ ਕਿਵੇਂ ਦਿਖਾ ਸਕਦੇ ਹਾਂ ਅਤੇ ਇੱਦਾਂ ਕਰਨ ਦਾ ਕੀ ਫ਼ਾਇਦਾ ਹੋਵੇਗਾ?
20 ਯਿਸੂ ਦੀ ਜ਼ਿੰਦਗੀ ਅਤੇ ਸੇਵਕਾਈ ਬਾਰੇ ਬਾਈਬਲ ਵਿਚ ਜੋ ਲਿਖਿਆ ਹੈ ਉਹ ਸਾਡੇ ਲਈ ਅਨਮੋਲ ਖ਼ਜ਼ਾਨਾ ਹੈ! ਅਸੀਂ ਇਸ ਕੀਮਤੀ ਖ਼ਜ਼ਾਨੇ ਲਈ ਕਦਰ ਕਿਵੇਂ ਦਿਖਾ ਸਕਦੇ ਹਾਂ? ਯਿਸੂ ਨੇ ਆਪਣੇ ਉਪਦੇਸ਼ ਦੇ ਅਖ਼ੀਰ ਵਿਚ ਲੋਕਾਂ ਨੂੰ ਕਿਹਾ ਕਿ ਉਹ ਉਸ ਦੀਆਂ ਗੱਲਾਂ ਨੂੰ ਸੁਣਨ ਦੇ ਨਾਲ-ਨਾਲ ਉਨ੍ਹਾਂ ਉੱਤੇ ਚੱਲਣ ਵੀ। (ਮੱਤੀ 7:24-27) ਹਾਂ, ਸਾਨੂੰ ਆਪਣੀ ਸੋਚ, ਆਪਣੇ ਇਰਾਦੇ ਤੇ ਕੰਮਾਂ ਨੂੰ ਯਿਸੂ ਦੀਆਂ ਸਿੱਖਿਆਵਾਂ ਤੇ ਕੰਮਾਂ ਮੁਤਾਬਕ ਢਾਲਣ ਦੀ ਲੋੜ ਹੈ। ਇਹੀ ਅਕਲਮੰਦੀ ਦੀ ਗੱਲ ਹੈ ਕਿਉਂਕਿ ਇੱਦਾਂ ਕਰਨ ਨਾਲ ਅਸੀਂ ਨਾ ਸਿਰਫ਼ ਅੱਜ ਸੁਖੀ ਰਹਾਂਗੇ, ਸਗੋਂ ਆਉਣ ਵਾਲੇ ਸਮੇਂ ਵਿਚ ਹਮੇਸ਼ਾ ਦੀ ਜ਼ਿੰਦਗੀ ਵੀ ਪਾਵਾਂਗੇ।—ਮੱਤੀ 7:13, 14.
a ਯਿਸੂ ਦਾ ਇਹ ਸਭ ਤੋਂ ਮਸ਼ਹੂਰ ਉਪਦੇਸ਼ ਮੱਤੀ 5:3–7:27 ਵਿਚ ਪਾਇਆ ਜਾਂਦਾ ਹੈ। ਇਸ ਵਿਚ 107 ਆਇਤਾਂ ਹਨ ਅਤੇ ਯਿਸੂ ਨੇ ਇਹ ਸ਼ਾਇਦ 20 ਕੁ ਮਿੰਟਾਂ ਵਿਚ ਦਿੱਤਾ ਹੋਣਾ।
b ਯਿਸੂ ਦੇ ਬਪਤਿਸਮੇ ਸਮੇਂ “ਆਕਾਸ਼ ਖੁੱਲ੍ਹ ਗਿਆ” ਅਤੇ ਉਸ ਵੇਲੇ ਉਸ ਨੂੰ ਸਵਰਗ ਵਿਚ ਗੁਜ਼ਾਰੀ ਆਪਣੀ ਜ਼ਿੰਦਗੀ ਯਾਦ ਆ ਗਈ।—ਮੱਤੀ 3:13-17.