ਅਧਿਆਇ 126
“ਇਹ ਸੱਚ ਮੁੱਚ ਪਰਮੇਸ਼ੁਰ ਦਾ ਪੁੱਤ੍ਰ ਸੀ”
ਯਿਸੂ ਨੂੰ ਸੂਲੀ ਉੱਤੇ ਲਟਕਦੇ ਜ਼ਿਆਦਾ ਦੇਰ ਨਹੀਂ ਹੋਈ ਹੈ ਕਿ, ਦੁਪਹਿਰ ਦੇ ਵੇਲੇ, ਇਕ ਭੇਦ-ਭਰਿਆ, ਤਿੰਨ-ਘੰਟੇ-ਲੰਬਾ ਹਨ੍ਹੇਰਾ ਛਾ ਜਾਂਦਾ ਹੈ। ਇਸ ਦੇ ਲਈ ਸੂਰਜ ਗ੍ਰਹਿਣ ਜ਼ਿੰਮੇਵਾਰ ਨਹੀਂ ਹੈ, ਕਿਉਂ ਜੋ ਉਹ ਕੇਵਲ ਨਵੇਂ ਚੰਦ ਦੇ ਸਮੇਂ ਹੁੰਦਾ ਹੈ, ਅਤੇ ਪਸਾਹ ਦੇ ਸਮੇਂ ਪੂਰਾ ਚੰਦ ਹੁੰਦਾ ਹੈ। ਇਸ ਦੇ ਇਲਾਵਾ, ਸੂਰਜ ਗ੍ਰਹਿਣ ਸਿਰਫ਼ ਕੁਝ ਮਿੰਟਾਂ ਲਈ ਹੀ ਰਹਿੰਦਾ ਹੈ। ਇਸ ਲਈ ਇਹ ਹਨ੍ਹੇਰਾ ਈਸ਼ੁਵਰੀ ਸ੍ਰੋਤ ਤੋਂ ਹੈ! ਸੰਭਵ ਹੈ ਕਿ ਇਹ ਯਿਸੂ ਦਾ ਮਖ਼ੌਲ ਉਡਾਉਣ ਵਾਲਿਆਂ ਨੂੰ ਥੋੜ੍ਹੀ ਦੇਰ ਲਈ ਚੁੱਪ ਕਰਵਾ ਦਿੰਦਾ ਹੈ, ਇੱਥੋਂ ਤਕ ਕਿ ਉਨ੍ਹਾਂ ਦੇ ਤਾਅਨਿਆਂ ਨੂੰ ਵੀ ਬੰਦ ਕਰਵਾ ਦਿੰਦਾ ਹੈ।
ਜੇਕਰ ਇਹ ਭਿਆਨਕ ਘਟਨਾ ਉਸ ਇਕ ਅਪਰਾਧੀ ਦੇ ਆਪਣੇ ਸਾਥੀ ਨੂੰ ਝਿੜਕਣ ਅਤੇ ਯਿਸੂ ਨੂੰ ਉਸ ਨੂੰ ਯਾਦ ਕਰਨ ਲਈ ਬੇਨਤੀ ਕਰਨ ਤੋਂ ਪਹਿਲਾਂ ਵਾਪਰਦੀ ਹੈ, ਤਾਂ ਇਹ ਉਸ ਦੇ ਪਸ਼ਚਾਤਾਪ ਦਾ ਇਕ ਕਾਰਨ ਹੋ ਸਕਦਾ ਹੈ। ਸ਼ਾਇਦ ਇਸ ਹਨ੍ਹੇਰੇ ਦੇ ਦੌਰਾਨ ਹੀ ਚਾਰ ਔਰਤਾਂ, ਅਰਥਾਤ ਯਿਸੂ ਦੀ ਮਾਤਾ ਅਤੇ ਉਸ ਦੀ ਭੈਣ ਸਲੋਮੀ, ਮਰਿਯਮ ਮਗਦਲੀਨੀ, ਅਤੇ ਰਸੂਲ ਛੋਟੇ ਯਾਕੂਬ ਦੀ ਮਾਤਾ ਮਰਿਯਮ, ਤਸੀਹੇ ਦੀ ਸੂਲੀ ਦੇ ਨੇੜੇ ਆਉਂਦੀਆਂ ਹਨ। ਯੂਹੰਨਾ, ਯਿਸੂ ਦਾ ਪਿਆਰਾ ਰਸੂਲ, ਉੱਥੇ ਉਨ੍ਹਾਂ ਦੇ ਨਾਲ ਹੈ।
ਯਿਸੂ ਦੀ ਮਾਤਾ ਦਾ ਦਿਲ ਕਿਸ ਤਰ੍ਹਾਂ ‘ਆਰ ਪਾਰ ਵਿੰਨ੍ਹਿਆ’ ਜਾਂਦਾ ਹੈ ਜਿਉਂ ਹੀ ਉਹ ਉਸ ਪੁੱਤਰ ਨੂੰ ਜਿਸ ਨੂੰ ਉਸ ਨੇ ਦੁੱਧ ਚੁੰਘਾਇਆ ਅਤੇ ਪਾਲਣ-ਪੋਸਣ ਕੀਤਾ ਸੀ, ਉੱਥੇ ਕਸ਼ਟ ਵਿਚ ਲਟਕਿਆ ਹੋਇਆ ਦੇਖਦੀ ਹੈ! ਫਿਰ ਵੀ, ਯਿਸੂ ਆਪਣੇ ਦਰਦ ਬਾਰੇ ਨਹੀਂ, ਪਰੰਤੂ ਉਸ ਦੇ ਭਲੇ ਬਾਰੇ ਸੋਚਦਾ ਹੈ। ਵੱਡੇ ਯਤਨ ਨਾਲ ਉਹ ਯੂਹੰਨਾ ਵੱਲ ਸਿਰ ਹਿਲਾ ਕੇ ਆਪਣੀ ਮਾਤਾ ਨੂੰ ਕਹਿੰਦਾ ਹੈ: “ਹੇ ਬੀਬੀ ਜੀ, ਔਹ ਵੇਖ ਤੇਰਾ ਪੁੱਤ੍ਰ!” ਫਿਰ, ਮਰਿਯਮ ਵੱਲ ਸਿਰ ਹਿਲਾਉਂਦੇ ਹੋਏ, ਉਹ ਯੂਹੰਨਾ ਨੂੰ ਕਹਿੰਦਾ ਹੈ: “ਔਹ ਵੇਖ ਤੇਰੀ ਮਾਤਾ!”
ਇਸ ਤਰ੍ਹਾਂ, ਯਿਸੂ ਆਪਣੀ ਮਾਤਾ, ਜੋ ਹੁਣ ਸਪੱਸ਼ਟ ਤੌਰ ਤੇ ਇਕ ਵਿਧਵਾ ਹੈ, ਦੀ ਦੇਖ ਭਾਲ ਆਪਣੇ ਖ਼ਾਸ ਪਿਆਰੇ ਰਸੂਲ ਨੂੰ ਸੌਂਪ ਦਿੰਦਾ ਹੈ। ਉਹ ਇਹ ਇਸ ਲਈ ਕਰਦਾ ਹੈ ਕਿਉਂਕਿ ਮਰਿਯਮ ਦੇ ਦੂਜੇ ਪੁੱਤਰਾਂ ਨੇ ਅਜੇ ਤਕ ਯਿਸੂ ਵਿਚ ਨਿਹਚਾ ਪ੍ਰਗਟ ਨਹੀਂ ਕੀਤੀ ਹੈ। ਇਸ ਤਰ੍ਹਾਂ ਉਹ ਨਾ ਸਿਰਫ਼ ਆਪਣੀ ਮਾਤਾ ਦੀਆਂ ਭੌਤਿਕ ਲੋੜਾਂ ਦਾ ਸਗੋਂ ਉਸ ਦੀਆਂ ਅਧਿਆਤਮਿਕ ਲੋੜਾਂ ਦਾ ਵੀ ਪ੍ਰਬੰਧ ਕਰਨ ਵਿਚ ਇਕ ਚੰਗਾ ਉਦਾਹਰਣ ਸਥਾਪਿਤ ਕਰਦਾ ਹੈ।
ਦੁਪਹਿਰ ਨੂੰ ਲਗਭਗ ਤਿੰਨ ਵਜੇ ਯਿਸੂ ਕਹਿੰਦਾ ਹੈ: “ਮੈਂ ਤਿਹਾਇਆ ਹਾਂ।” ਯਿਸੂ ਮਹਿਸੂਸ ਕਰਦਾ ਹੈ ਕਿ ਉਸ ਦੇ ਪਿਤਾ ਨੇ, ਇਕ ਤਰੀਕੇ ਨਾਲ, ਉਸ ਤੋਂ ਸੁਰੱਖਿਆ ਹਟਾ ਲਈ ਹੈ ਤਾਂਕਿ ਉਸ ਦੀ ਖਰਿਆਈ ਪੂਰੀ ਤਰ੍ਹਾਂ ਪਰਖੀ ਜਾ ਸਕੇ। ਇਸ ਲਈ ਉਹ ਉੱਚੀ ਆਵਾਜ਼ ਨਾਲ ਚਿੱਲਾ ਉਠਦਾ ਹੈ: “ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੈਂ ਮੈਨੂੰ ਕਿਉਂ ਛੱਡ ਦਿੱਤਾ?” ਇਹ ਸੁਣ ਕੇ ਕੋਲ ਖੜ੍ਹੇ ਕਈ ਵਿਅਕਤੀ ਬੋਲ ਉਠਦੇ ਹਨ: “ਵੇਖੋ ਇਹ ਏਲੀਯਾਹ ਨੂੰ ਅਵਾਜ਼ ਮਾਰਦਾ ਹੈ!” ਤੁਰੰਤ ਉਨ੍ਹਾਂ ਵਿੱਚੋਂ ਇਕ ਵਿਅਕਤੀ ਦੌੜਿਆਂ ਜਾਂਦਾ ਹੈ ਅਤੇ ਖੱਟਾ ਦਾਖ ਰਸ ਨਾਲ ਭਿੱਜੇ ਹੋਏ ਸਪੰਜ ਨੂੰ ਇਕ ਜ਼ੂਫ਼ੇ ਦੀ ਡੰਡੀ ਤੇ ਬੰਨ੍ਹ ਕੇ ਉਸ ਨੂੰ ਪੀਣ ਲਈ ਦਿੰਦਾ ਹੈ। ਪਰੰਤੂ ਦੂਸਰੇ ਕਹਿੰਦੇ ਹਨ: “ਰਹਿਣ ਦਿਓ, ਅਸੀਂ ਵੇਖੀਏ, ਭਲਾ ਏਲੀਯਾਹ ਉਹ ਨੂੰ ਉਤਾਰਨ ਨੂੰ ਆਉਂਦਾ ਹੈ?”
ਜਦੋਂ ਯਿਸੂ ਖੱਟਾ ਦਾਖ ਰਸ ਲੈ ਲੈਂਦਾ ਹੈ, ਤਾਂ ਉਹ ਚਿੱਲਾ ਉਠਦਾ ਹੈ: “ਪੂਰਾ ਹੋਇਆ ਹੈ!” ਜੀ ਹਾਂ, ਉਸ ਨੇ ਉਹ ਸਭ ਕੁਝ ਪੂਰਾ ਕੀਤਾ ਜਿਹੜਾ ਉਸ ਦੇ ਪਿਤਾ ਨੇ ਉਸ ਨੂੰ ਧਰਤੀ ਤੇ ਕਰਨ ਲਈ ਭੇਜਿਆ ਸੀ। ਆਖ਼ਰਕਾਰ, ਉਹ ਕਹਿੰਦਾ ਹੈ: “ਹੇ ਪਿਤਾ ਮੈਂ ਆਪਣਾ ਆਤਮਾ ਤੇਰੇ ਹੱਥੀਂ ਸੌਂਪਦਾ ਹਾਂ।” ਇਸ ਤਰ੍ਹਾਂ ਯਿਸੂ ਇਸ ਭਰੋਸੇ ਨਾਲ ਪਰਮੇਸ਼ੁਰ ਨੂੰ ਆਪਣੀ ਜੀਵਨ-ਸ਼ਕਤੀ ਸੌਂਪ ਦਿੰਦਾ ਹੈ ਕਿ ਪਰਮੇਸ਼ੁਰ ਉਸ ਨੂੰ ਇਹ ਫਿਰ ਤੋਂ ਵਾਪਸ ਦੇ ਦੇਵੇਗਾ। ਫਿਰ ਉਹ ਆਪਣਾ ਸਿਰ ਨਿਵਾ ਕੇ ਜਾਨ ਦੇ ਦਿੰਦਾ ਹੈ।
ਜਿਸ ਘੜੀ ਯਿਸੂ ਆਖ਼ਰੀ ਸਾਹ ਲੈਂਦਾ ਹੈ, ਇਕ ਭਿਆਨਕ ਭੁਚਾਲ ਆਉਂਦਾ ਹੈ ਅਤੇ ਚਟਾਨਾਂ ਤਿੜਕ ਜਾਂਦੀਆਂ ਹਨ। ਭੁਚਾਲ ਇੰਨਾ ਸ਼ਕਤੀਸਾਲੀ ਹੁੰਦਾ ਹੈ ਕਿ ਯਰੂਸ਼ਲਮ ਦੇ ਬਾਹਰ ਦੀਆਂ ਸਮਾਰਕ ਕਬਰਾਂ ਟੁੱਟ ਕੇ ਖੁਲ੍ਹ ਜਾਂਦੀਆਂ ਹਨ ਅਤੇ ਉਨ੍ਹਾਂ ਵਿੱਚੋਂ ਲਾਸ਼ਾਂ ਬਾਹਰ ਸੁੱਟੀਆਂ ਜਾਂਦੀਆਂ ਹਨ। ਰਾਹੀ ਜਿਹੜੇ ਇਨ੍ਹਾਂ ਲਾਸ਼ਾਂ ਨੂੰ ਖੁਲ੍ਹੀਆਂ ਪਈਆਂ ਦੇਖਦੇ ਹਨ, ਸ਼ਹਿਰ ਵਿਚ ਜਾ ਕੇ ਇਸ ਦੀ ਖ਼ਬਰ ਦਿੰਦੇ ਹਨ।
ਇਸ ਤੋਂ ਇਲਾਵਾ, ਜਿਸ ਘੜੀ ਯਿਸੂ ਮਰਦਾ ਹੈ, ਪਰਮੇਸ਼ੁਰ ਦੀ ਹੈਕਲ ਵਿਚ ਪਵਿੱਤਰ ਨੂੰ ਅੱਤ ਪਵਿੱਤਰ ਤੋਂ ਵੱਖਰਾ ਕਰਨ ਵਾਲਾ ਵਿਸ਼ਾਲ ਪਰਦਾ ਉੱਪਰ ਤੋਂ ਹੇਠਾਂ ਤਕ ਦੋ ਹਿੱਸਿਆਂ ਵਿਚ ਪਾਟ ਜਾਂਦਾ ਹੈ। ਸਪੱਸ਼ਟ ਤੌਰ ਤੇ ਇਹ ਸੋਹਣੇ ਢੰਗ ਨਾਲ ਸ਼ਿੰਗਾਰਿਆ ਹੋਇਆ ਪਰਦਾ ਕੋਈ 18 ਮੀਟਰ ਉੱਚਾ ਅਤੇ ਬਹੁਤ ਹੀ ਭਾਰਾ ਹੈ! ਇਹ ਅਚੰਭਾਕਾਰੀ ਚਮਤਕਾਰ ਨਾ ਕੇਵਲ ਉਸ ਦੇ ਪੁੱਤਰ ਨੂੰ ਮਾਰਨ ਵਾਲਿਆਂ ਦੇ ਵਿਰੁੱਧ ਪਰਮੇਸ਼ੁਰ ਦਾ ਗੁੱਸਾ ਪ੍ਰਗਟ ਕਰਦਾ ਹੈ, ਸਗੋਂ ਇਹ ਵੀ ਕਿ ਯਿਸੂ ਦੀ ਮੌਤ ਦੁਆਰਾ ਅੱਤ ਪਵਿੱਤਰ, ਅਰਥਾਤ ਖ਼ੁਦ ਸਵਰਗ ਵਿਚ ਜਾਣਾ ਹੁਣ ਸੰਭਵ ਹੋ ਗਿਆ ਹੈ।
ਖ਼ੈਰ, ਜਦੋਂ ਲੋਕੀ ਭੁਚਾਲ ਅਨੁਭਵ ਕਰਦੇ ਹਨ ਅਤੇ ਹੋ ਰਹੀਆਂ ਚੀਜ਼ਾਂ ਨੂੰ ਦੇਖਦੇ ਹਨ, ਤਾਂ ਉਹ ਬਹੁਤ ਹੀ ਜ਼ਿਆਦਾ ਡਰ ਜਾਂਦੇ ਹਨ। ਮੌਤ ਦੀ ਸਜ਼ਾ ਪੂਰੀ ਕਰਨ ਲਈ ਨਿਯੁਕਤ ਸੂਬੇਦਾਰ, ਪਰਮੇਸ਼ੁਰ ਦੀ ਵਡਿਆਈ ਕਰਦਾ ਹੈ। “ਇਹ ਸੱਚ ਮੁੱਚ ਪਰਮੇਸ਼ੁਰ ਦਾ ਪੁੱਤ੍ਰ ਸੀ,” ਉਹ ਐਲਾਨ ਕਰਦਾ ਹੈ। ਸੰਭਵ ਹੈ ਕਿ ਉਹ ਉਦੋਂ ਹਾਜ਼ਰ ਸੀ ਜਦੋਂ ਪਿਲਾਤੁਸ ਦੇ ਸਾਮ੍ਹਣੇ ਯਿਸੂ ਦੇ ਮੁਕੱਦਮੇ ਤੇ ਈਸ਼ਵਰੀ ਪੁੱਤਰਤਵ ਦੇ ਦਾਅਵੇ ਉੱਤੇ ਚਰਚਾ ਕੀਤੀ ਗਈ ਸੀ। ਅਤੇ ਹੁਣ ਉਹ ਕਾਇਲ ਹੋ ਗਿਆ ਹੈ ਕਿ ਯਿਸੂ ਹੀ ਪਰਮੇਸ਼ੁਰ ਦਾ ਪੁੱਤਰ ਹੈ, ਜੀ ਹਾਂ, ਉਹ ਸੱਚ-ਮੁੱਚ ਹੀ ਉਹ ਸਰਬ ਮਹਾਨ ਮਨੁੱਖ ਹੈ ਜੋ ਕਦੀ ਜੀਉਂਦਾ ਰਿਹਾ।
ਦੂਸਰੇ ਵੀ ਇਨ੍ਹਾਂ ਚਮਤਕਾਰੀ ਘਟਨਾਵਾਂ ਤੋਂ ਪ੍ਰਭਾਵਿਤ ਹੁੰਦੇ ਹਨ, ਅਤੇ ਉਹ ਆਪਣਾ ਡਾਢਾ ਸੋਗ ਅਤੇ ਸ਼ਰਮ ਦਿਖਾਉਣ ਲਈ ਆਪਣੀਆਂ ਛਾਤੀਆਂ ਨੂੰ ਪਿੱਟਦੇ ਹੋਏ ਘਰਾਂ ਨੂੰ ਮੁੜਨਾ ਸ਼ੁਰੂ ਕਰ ਦਿੰਦੇ ਹਨ। ਥੋੜ੍ਹੀ ਦੂਰੀ ਤੇ ਖੜ੍ਹੀਆਂ ਹੋ ਕੇ ਇਹ ਦ੍ਰਿਸ਼ ਦੇਖ ਰਹੀਆਂ ਯਿਸੂ ਦੀਆਂ ਕਈ ਚੇਲੀਆਂ ਹਨ, ਜੋ ਇਨ੍ਹਾਂ ਪ੍ਰਭਾਵਸ਼ਾਲੀ ਘਟਨਾਵਾਂ ਤੋਂ ਬਹੁਤ ਹੀ ਡੂੰਘੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦੀਆਂ ਹਨ। ਰਸੂਲ ਯੂਹੰਨਾ ਵੀ ਹਾਜ਼ਰ ਹੈ। ਮੱਤੀ 27:45-56; ਮਰਕੁਸ 15:33-41; ਲੂਕਾ 23:44-49; 2:34, 35; ਯੂਹੰਨਾ 19:25-30.
▪ ਤਿੰਨ ਘੰਟਿਆਂ ਦੇ ਹਨ੍ਹੇਰੇ ਲਈ ਸੂਰਜ ਗ੍ਰਹਿਣ ਜ਼ਿੰਮੇਵਾਰ ਕਿਉਂ ਨਹੀਂ ਹੋ ਸਕਦਾ ਹੈ?
▪ ਆਪਣੀ ਮੌਤ ਤੋਂ ਕੁਝ ਹੀ ਸਮਾਂ ਪਹਿਲਾਂ, ਯਿਸੂ ਉਨ੍ਹਾਂ ਲਈ ਕਿਹੜਾ ਚੰਗਾ ਉਦਾਹਰਣ ਪੇਸ਼ ਕਰਦਾ ਹੈ ਜਿਨ੍ਹਾਂ ਦੇ ਬਜ਼ੁਰਗ ਮਾਪੇ ਹਨ?
▪ ਯਿਸੂ ਦੇ ਮਰਨ ਤੋਂ ਪਹਿਲਾਂ ਉਸ ਦੇ ਆਖ਼ਰੀ ਚਾਰ ਬਿਆਨ ਕਿਹੜੇ ਹਨ?
▪ ਭੁਚਾਲ ਕੀ ਕਰਦਾ ਹੈ, ਅਤੇ ਹੈਕਲ ਦੇ ਪਰਦੇ ਦਾ ਦੋ ਹਿੱਸਿਆਂ ਵਿਚ ਪਾਟ ਜਾਣ ਦੀ ਕੀ ਮਹੱਤਤਾ ਹੈ?
▪ ਮੌਤ ਦੀ ਸਜ਼ਾ ਪੂਰੀ ਕਰਨ ਲਈ ਨਿਯੁਕਤ ਸੂਬੇਦਾਰ ਉਨ੍ਹਾਂ ਚਮਤਕਾਰਾਂ ਦੁਆਰਾ ਕਿਸ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ?