ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਏਕਤਾ ਬਣਾਈ ਰੱਖੋ
‘ਖੁਸ਼ ਖਬਰੀ ਦੇ ਜੋਗ ਚਾਲ ਚੱਲੋ ਅਤੇ ਇੱਕੋ ਆਤਮਾ ਵਿੱਚ ਦ੍ਰਿੜ੍ਹ ਅਤੇ ਇੱਕ ਮਨ ਹੋ ਕੇ ਖੁਸ਼ ਖਬਰੀ ਦੀ ਨਿਹਚਾ ਲਈ ਜਤਨ ਕਰੋ।’—ਫ਼ਿਲਿੱਪੀਆਂ 1:27.
1. ਯਹੋਵਾਹ ਦੇ ਗਵਾਹਾਂ ਅਤੇ ਸੰਸਾਰ ਵਿਚ ਕੀ ਭਿੰਨਤਾ ਹੈ?
ਇਹ ‘ਅੰਤ ਦੇ ਦਿਨ’ ਹਨ। ਨਿਰਸੰਦੇਹ, ਇਹ “ਭੈੜੇ ਸਮੇਂ” ਹਨ। (2 ਤਿਮੋਥਿਉਸ 3:1-5) ਇਸ “ਓੜਕ ਦੇ ਸਮੇਂ” ਵਿਚ, ਜਿੱਥੇ ਮਾਨਵ ਸਮਾਜ ਵਿਚ ਅਸ਼ਾਂਤੀ ਹੈ, ਯਹੋਵਾਹ ਦੇ ਗਵਾਹ ਆਪਣੀ ਸ਼ਾਂਤੀ ਅਤੇ ਏਕਤਾ ਦੇ ਕਾਰਨ ਸਪੱਸ਼ਟ ਤੌਰ ਤੇ ਭਿੰਨ ਨਜ਼ਰ ਆਉਂਦੇ ਹਨ। (ਦਾਨੀਏਲ 12:4) ਪਰੰਤੂ ਯਹੋਵਾਹ ਦੇ ਉਪਾਸਕਾਂ ਦੇ ਵਿਸ਼ਵ-ਵਿਆਪੀ ਪਰਿਵਾਰ ਦੇ ਹਰੇਕ ਵਿਅਕਤੀ ਤੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਉਹ ਇਸ ਏਕਤਾ ਨੂੰ ਬਣਾਈ ਰੱਖਣ ਲਈ ਸਖ਼ਤ ਮਿਹਨਤ ਕਰੇ।
2. ਏਕਤਾ ਨੂੰ ਬਣਾਈ ਰੱਖਣ ਦੇ ਬਾਰੇ ਪੌਲੁਸ ਨੇ ਕੀ ਕਿਹਾ ਸੀ, ਅਤੇ ਅਸੀਂ ਕਿਹੜੇ ਸਵਾਲ ਉੱਤੇ ਵਿਚਾਰ ਕਰਾਂਗੇ?
2 ਰਸੂਲ ਪੌਲੁਸ ਨੇ ਸੰਗੀ ਮਸੀਹੀਆਂ ਨੂੰ ਏਕਤਾ ਬਣਾਈ ਰੱਖਣ ਦੀ ਨਸੀਹਤ ਦਿੱਤੀ। ਉਸ ਨੇ ਲਿਖਿਆ: “ਤੁਸੀਂ ਮਸੀਹ ਦੀ ਖੁਸ਼ ਖਬਰੀ ਦੇ ਜੋਗ ਚਾਲ ਚੱਲੋ ਇਸ ਲਈ ਜੋ ਮੈਂ ਭਾਵੇਂ ਆਣ ਕੇ ਤੁਹਾਨੂੰ ਮਿਲਾਂ ਭਾਵੇਂ ਤੁਹਾਥੋਂ ਪਰੋਖੇ ਹੋਵਾਂ ਪਰ ਤੁਹਾਡੀ ਇਹ ਵਿਥਿਆ ਸੁਣਾਂ ਭਈ ਤੁਸੀਂ ਇੱਕੋ ਆਤਮਾ ਵਿੱਚ ਦ੍ਰਿੜ੍ਹ ਅਤੇ ਇੱਕ ਮਨ ਹੋ ਕੇ ਖੁਸ਼ ਖਬਰੀ ਦੀ ਨਿਹਚਾ ਲਈ ਜਤਨ ਕਰਦੇ, ਅਤੇ ਕਿਸੇ ਗੱਲ ਵਿੱਚ ਵਿਰੋਧੀਆਂ ਤੋਂ ਨਹੀਂ ਡਰਦੇ ਹੋ ਜਿਹੜਾ ਓਹਨਾਂ ਲਈ ਨਾਸ ਦਾ ਪੱਕਾ ਨਿਸ਼ਾਨ ਹੈ ਪਰ ਤੁਹਾਡੀ ਮੁਕਤੀ ਦਾ, ਅਤੇ ਇਹ ਪਰਮੇਸ਼ੁਰ ਦੀ ਵੱਲੋਂ ਹੈ।” (ਫ਼ਿਲਿੱਪੀਆਂ 1:27, 28) ਪੌਲੁਸ ਦੇ ਸ਼ਬਦ ਸਪੱਸ਼ਟ ਤੌਰ ਤੇ ਦਿਖਾਉਂਦੇ ਹਨ ਕਿ ਸਾਨੂੰ ਮਸੀਹੀਆਂ ਦੇ ਤੌਰ ਤੇ ਇਕੱਠੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਤਾਂ ਫਿਰ, ਇਨ੍ਹਾਂ ਅਜ਼ਮਾਇਸ਼ੀ ਸਮਿਆਂ ਵਿਚ ਕਿਹੜੀ ਚੀਜ਼ ਸਾਨੂੰ ਆਪਣੀ ਮਸੀਹੀ ਏਕਤਾ ਨੂੰ ਬਣਾਈ ਰੱਖਣ ਲਈ ਮਦਦ ਕਰੇਗੀ?
ਈਸ਼ਵਰੀ ਇੱਛਾ ਦੇ ਅਧੀਨ ਹੋਵੋ
3. ਪਹਿਲੇ ਬੇਸੁੰਨਤ ਗ਼ੈਰ-ਯਹੂਦੀ ਲੋਕ ਮਸੀਹ ਦੇ ਅਨੁਯਾਈ ਕਦੋਂ ਅਤੇ ਕਿਵੇਂ ਬਣੇ?
3 ਆਪਣੀ ਏਕਤਾ ਨੂੰ ਬਣਾਈ ਰੱਖਣ ਦਾ ਇਕ ਤਰੀਕੇ ਹੈ ਕਿ ਹਰ ਸਮੇਂ ਈਸ਼ਵਰੀ ਇੱਛਾ ਦੇ ਅਧੀਨ ਹੋਣਾ। ਇਹ ਸ਼ਾਇਦ ਸਾਡੇ ਸੋਚ-ਵਿਚਾਰ ਵਿਚ ਸਮਾਯੋਜਨ ਦੀ ਮੰਗ ਕਰੇ। ਯਿਸੂ ਮਸੀਹ ਦੇ ਮੁਢਲੇ ਯਹੂਦੀ ਚੇਲਿਆਂ ਦੇ ਬਾਰੇ ਵਿਚਾਰ ਕਰੋ। ਜਦੋਂ ਰਸੂਲ ਪਤਰਸ ਨੇ 36 ਸਾ.ਯੁ. ਵਿਚ ਬੇਸੁੰਨਤ ਗ਼ੈਰ-ਯਹੂਦੀਆਂ ਨੂੰ ਪਹਿਲਾਂ-ਪਹਿਲ ਪ੍ਰਚਾਰ ਕੀਤਾ, ਤਾਂ ਪਰਮੇਸ਼ੁਰ ਨੇ ਕੌਮਾਂ ਦਿਆਂ ਇਨ੍ਹਾਂ ਲੋਕਾਂ ਉੱਤੇ ਪਵਿੱਤਰ ਆਤਮਾ ਬਖ਼ਸ਼ੀ, ਅਤੇ ਉਨ੍ਹਾਂ ਨੇ ਬਪਤਿਸਮਾ ਪ੍ਰਾਪਤ ਕੀਤਾ। (ਰਸੂਲਾਂ ਦੇ ਕਰਤੱਬ, ਅਧਿਆਇ 10) ਉਸ ਸਮੇਂ ਤਕ, ਕੇਵਲ ਯਹੂਦੀ, ਯਹੂਦੀ ਧਰਮ ਦੇ ਨਵਧਰਮੀ, ਅਤੇ ਸਾਮਰੀ ਹੀ ਯਿਸੂ ਮਸੀਹ ਦੇ ਅਨੁਯਾਈ ਬਣੇ ਸਨ।—ਰਸੂਲਾਂ ਦੇ ਕਰਤੱਬ 8:4-8, 26-38.
4. ਕੁਰਨੇਲਿਯੁਸ ਦੇ ਸੰਬੰਧ ਵਿਚ ਜੋ ਕੁਝ ਵਾਪਰਿਆ ਸੀ, ਉਸ ਦੀ ਵਿਆਖਿਆ ਕਰਨ ਤੋਂ ਬਾਅਦ, ਪਤਰਸ ਨੇ ਕੀ ਕਿਹਾ, ਅਤੇ ਇਸ ਨਾਲ ਯਿਸੂ ਦੇ ਯਹੂਦੀ ਚੇਲਿਆਂ ਨੂੰ ਕਿਹੜੀ ਅਜ਼ਮਾਇਸ਼ ਪੇਸ਼ ਹੋਈ?
4 ਜਦੋਂ ਯਰੂਸ਼ਲਮ ਵਿਚ ਰਸੂਲਾਂ ਅਤੇ ਦੂਜਿਆਂ ਭਰਾਵਾਂ ਨੂੰ ਕੁਰਨੇਲਿਯੁਸ ਅਤੇ ਦੂਜੇ ਗ਼ੈਰ-ਯਹੂਦੀਆਂ ਦੇ ਧਰਮ-ਪਰਿਵਰਤਨ ਬਾਰੇ ਪਤਾ ਲੱਗਾ, ਤਾਂ ਉਹ ਪਤਰਸ ਦੀ ਰਿਪੋਰਟ ਸੁਣਨ ਲਈ ਉਤਸੁਕ ਸਨ। ਕੁਰਨੇਲਿਯੁਸ ਅਤੇ ਦੂਜੇ ਵਿਸ਼ਵਾਸੀ ਗ਼ੈਰ-ਯਹੂਦੀਆਂ ਦੇ ਸੰਬੰਧ ਵਿਚ ਜੋ ਕੁਝ ਵਾਪਰਿਆ ਸੀ, ਉਸ ਦੀ ਵਿਆਖਿਆ ਕਰਨ ਤੋਂ ਬਾਅਦ, ਰਸੂਲ ਨੇ ਇਨ੍ਹਾਂ ਸ਼ਬਦਾਂ ਦੇ ਨਾਲ ਸਮਾਪਤ ਕੀਤਾ: “ਇਸ ਲਈ ਜਦ ਪਰਮੇਸ਼ੁਰ ਨੇ ਉਨ੍ਹਾਂ [ਵਿਸ਼ਵਾਸੀ ਗ਼ੈਰ-ਯਹੂਦੀਆਂ] ਨੂੰ [ਪਵਿੱਤਰ ਆਤਮਾ ਦੀ] ਉਹੋ ਜਹੀ ਦਾਤ ਦਿੱਤੀ ਜਹੀ ਸਾਨੂੰ [ਯਹੂਦੀਆਂ ਨੂੰ] ਭੀ ਜਦ ਅਸੀਂ ਪ੍ਰਭੁ ਯਿਸੂ ਮਸੀਹ ਉੱਤੇ ਨਿਹਚਾ ਕੀਤੀ ਤਾਂ ਫੇਰ ਮੈਂ ਕੌਣ ਸਾਂ ਜੋ ਪਰਮੇਸ਼ੁਰ ਨੂੰ ਰੋਕ ਸੱਕਦਾ?” (ਰਸੂਲਾਂ ਦੇ ਕਰਤੱਬ 11:1-17) ਇਸ ਨਾਲ ਯਿਸੂ ਮਸੀਹ ਦੇ ਯਹੂਦੀ ਅਨੁਯਾਈਆਂ ਨੂੰ ਇਕ ਅਜ਼ਮਾਇਸ਼ ਪੇਸ਼ ਹੋਈ। ਕੀ ਉਹ ਪਰਮੇਸ਼ੁਰ ਦੀ ਇੱਛਾ ਦੇ ਅਧੀਨ ਹੋਣਗੇ ਅਤੇ ਵਿਸ਼ਵਾਸੀ ਗ਼ੈਰ-ਯਹੂਦੀਆਂ ਨੂੰ ਆਪਣੇ ਸੰਗੀ ਉਪਾਸਕਾਂ ਦੇ ਤੌਰ ਤੇ ਸਵੀਕਾਰ ਕਰਨਗੇ? ਜਾਂ ਕੀ ਯਹੋਵਾਹ ਦੇ ਪਾਰਥਿਵ ਸੇਵਕਾਂ ਦੀ ਏਕਤਾ ਖ਼ਤਰੇ ਵਿਚ ਪੈ ਜਾਵੇਗੀ?
5. ਰਸੂਲਾਂ ਅਤੇ ਦੂਜੇ ਭਰਾਵਾਂ ਨੇ ਇਸ ਤੱਥ ਦੇ ਪ੍ਰਤੀ ਕਿਵੇਂ ਪ੍ਰਤਿਕ੍ਰਿਆ ਦਿਖਾਈ ਕਿ ਪਰਮੇਸ਼ੁਰ ਨੇ ਗ਼ੈਰ-ਯਹੂਦੀਆਂ ਨੂੰ ਤੋਬਾ ਬਖ਼ਸ਼ੀ ਸੀ, ਅਤੇ ਅਸੀਂ ਇਸ ਰਵੱਈਏ ਤੋਂ ਕੀ ਸਿੱਖ ਸਕਦੇ ਹਾਂ?
5 ਬਿਰਤਾਂਤ ਕਹਿੰਦਾ ਹੈ: “ਜਾਂ ਉਨ੍ਹਾਂ [ਰਸੂਲਾਂ ਅਤੇ ਦੂਜੇ ਭਰਾਵਾਂ ਨੇ] ਏਹ ਗੱਲਾਂ ਸੁਣੀਆਂ ਤਾਂ ਚੁੱਪ ਹੋ ਗਏ ਅਤੇ ਇਹ ਕਹਿ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ ਕਿ ਤਦ ਤਾਂ ਪਰਮੇਸ਼ੁਰ ਨੇ ਪਰਾਈਆਂ ਕੌਮਾਂ ਨੂੰ ਭੀ ਜੀਉਣ ਲਈ ਤੋਬਾ ਬਖ਼ਸ਼ੀ ਹੈ।” (ਰਸੂਲਾਂ ਦੇ ਕਰਤੱਬ 11:18) ਉਸ ਰਵੱਈਏ ਨੇ ਯਿਸੂ ਦੇ ਅਨੁਯਾਈਆਂ ਦੀ ਏਕਤਾ ਨੂੰ ਕਾਇਮ ਰੱਖਿਆ ਅਤੇ ਵਧਾਇਆ। ਕੇਵਲ ਥੋੜ੍ਹੇ ਹੀ ਸਮੇਂ ਵਿਚ, ਪ੍ਰਚਾਰ ਕੰਮ ਗ਼ੈਰ-ਯਹੂਦੀਆਂ, ਜਾਂ ਕੌਮਾਂ ਦਿਆਂ ਲੋਕਾਂ ਦੇ ਵਿਚ ਅੱਗੇ ਵਧਿਆ, ਅਤੇ ਯਹੋਵਾਹ ਦੀ ਬਰਕਤ ਅਜਿਹੀਆਂ ਸਰਗਰਮੀਆਂ ਦੇ ਉੱਤੇ ਸੀ। ਜਦੋਂ ਇਕ ਨਵੀਂ ਕਲੀਸਿਯਾ ਦੇ ਨਿਰਮਾਣ ਦੇ ਸੰਬੰਧ ਵਿਚ ਸਾਡਾ ਸਹਿਯੋਗ ਮੰਗਿਆ ਜਾਂਦਾ ਹੈ ਜਾਂ ਜਦੋਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਅਗਵਾਈ ਅਧੀਨ ਕੋਈ ਦੈਵ-ਸ਼ਾਸਕੀ ਪਰਿਵਰਤਨ ਕੀਤਾ ਜਾਂਦਾ ਹੈ, ਤਾਂ ਸਾਨੂੰ ਵੀ ਰਜ਼ਾਮੰਦ ਹੋਣਾ ਚਾਹੀਦਾ ਹੈ। ਪੂਰੇ ਦਿਲ ਨਾਲ ਦਿੱਤਾ ਗਿਆ ਸਾਡਾ ਸਹਿਯੋਗ ਯਹੋਵਾਹ ਨੂੰ ਖ਼ੁਸ਼ ਕਰੇਗਾ ਅਤੇ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਸਾਡੀ ਏਕਤਾ ਨੂੰ ਬਣਾਈ ਰੱਖਣ ਵਿਚ ਸਾਡੀ ਮਦਦ ਕਰੇਗਾ।
ਸੱਚਾਈ ਨਾਲ ਚਿੰਬੜੇ ਰਹੋ
6. ਯਹੋਵਾਹ ਦੇ ਉਪਾਸਕਾਂ ਦੀ ਏਕਤਾ ਉੱਤੇ ਸੱਚਾਈ ਦਾ ਕੀ ਪ੍ਰਭਾਵ ਹੈ?
6 ਯਹੋਵਾਹ ਦੇ ਉਪਾਸਕਾਂ ਦੇ ਪਰਿਵਾਰ ਦਾ ਭਾਗ ਹੋਣ ਦੇ ਨਾਤੇ, ਅਸੀਂ ਏਕਤਾ ਬਣਾਈ ਰੱਖਦੇ ਹਾਂ ਕਿਉਂਕਿ ਅਸੀਂ ਸਾਰੇ “ਪਰਮੇਸ਼ੁਰ ਦੇ ਸਿਖਾਏ ਹੋਏ” ਹਾਂ ਅਤੇ ਉਸ ਦੀ ਪ੍ਰਗਟ ਸੱਚਾਈ ਨੂੰ ਦ੍ਰਿੜ੍ਹਤਾ ਨਾਲ ਫੜੇ ਰੱਖਦੇ ਹਾਂ। (ਯੂਹੰਨਾ 6:45; ਜ਼ਬੂਰ 43:3) ਕਿਉਂ ਜੋ ਸਾਡੀਆਂ ਸਿੱਖਿਆਵਾਂ ਪਰਮੇਸ਼ੁਰ ਦੇ ਬਚਨ ਉੱਤੇ ਆਧਾਰਿਤ ਹਨ, ਅਸੀਂ ਸਾਰੇ ਸਹਿਮਤੀ ਵਿਚ ਗੱਲ ਕਰਦੇ ਹਾਂ। ਅਸੀਂ ਖ਼ੁਸ਼ੀ-ਖ਼ੁਸ਼ੀ ਯਹੋਵਾਹ ਵੱਲੋਂ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਉਪਲਬਧ ਕਰਾਏ ਗਏ ਅਧਿਆਤਮਿਕ ਭੋਜਨ ਨੂੰ ਸਵੀਕਾਰ ਕਰਦੇ ਹਾਂ। (ਮੱਤੀ 24:45-47) ਅਜਿਹੀ ਇਕਸਾਰ ਸਿੱਖਿਆ ਸਾਨੂੰ ਵਿਸ਼ਵ ਭਰ ਵਿਚ ਆਪਣੀ ਏਕਤਾ ਬਣਾਈ ਰੱਖਣ ਵਿਚ ਮਦਦ ਕਰਦੀ ਹੈ।
7. ਜੇਕਰ ਸਾਨੂੰ ਵਿਅਕਤੀਗਤ ਤੌਰ ਤੇ ਕਿਸੇ ਖ਼ਾਸ ਨੁਕਤੇ ਨੂੰ ਸਮਝਣ ਵਿਚ ਮੁਸ਼ਕਲ ਪੇਸ਼ ਹੁੰਦੀ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ, ਅਤੇ ਸਾਨੂੰ ਕੀ ਨਹੀਂ ਕਰਨਾ ਚਾਹੀਦਾ ਹੈ?
7 ਉਦੋਂ ਕੀ ਜੇਕਰ ਸਾਨੂੰ ਵਿਅਕਤੀਗਤ ਤੌਰ ਤੇ ਕਿਸੇ ਖ਼ਾਸ ਨੁਕਤੇ ਨੂੰ ਸਮਝਣ ਜਾਂ ਸਵੀਕਾਰ ਕਰਨ ਵਿਚ ਮੁਸ਼ਕਲ ਪੇਸ਼ ਹੁੰਦੀ ਹੈ? ਸਾਨੂੰ ਬੁੱਧ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਨਾਲੇ ਸ਼ਾਸਤਰ ਅਤੇ ਮਸੀਹੀ ਪ੍ਰਕਾਸ਼ਨਾਂ ਵਿਚ ਖੋਜ ਕਰਨੀ ਚਾਹੀਦੀ ਹੈ। (ਕਹਾਉਤਾਂ 2:4, 5; ਯਾਕੂਬ 1:5-8) ਇਕ ਬਜ਼ੁਰਗ ਦੇ ਨਾਲ ਚਰਚਾ ਕਰਨਾ ਸ਼ਾਇਦ ਮਦਦ ਕਰੇ। ਜੇਕਰ ਨੁਕਤਾ ਫਿਰ ਵੀ ਸਮਝ ਨਾ ਆਏ, ਤਾਂ ਸ਼ਾਇਦ ਮਾਮਲੇ ਨੂੰ ਉੱਥੇ ਹੀ ਛੱਡ ਦੇਣਾ ਬਿਹਤਰ ਹੋਵੇਗਾ। ਸ਼ਾਇਦ ਉਸ ਵਿਸ਼ੇ ਉੱਤੇ ਹੋਰ ਜਾਣਕਾਰੀ ਪ੍ਰਕਾਸ਼ਿਤ ਕੀਤੀ ਜਾਵੇਗੀ, ਅਤੇ ਤਦ ਸਾਡੀ ਸਮਝ ਹੋਰ ਵਿਸਤ੍ਰਿਤ ਹੋ ਜਾਵੇਗੀ। ਪਰੰਤੂ, ਕਲੀਸਿਯਾ ਵਿਚ ਦੂਜਿਆਂ ਨੂੰ ਸਾਡੀ ਆਪਣੀ ਭਿੰਨ ਰਾਇ ਸਵੀਕਾਰਨ ਦੇ ਲਈ ਕਾਇਲ ਕਰਨ ਦੀ ਕੋਸ਼ਿਸ਼ ਕਰਨਾ ਗ਼ਲਤ ਹੋਵੇਗਾ। ਇਹ ਏਕਤਾ ਨੂੰ ਕਾਇਮ ਰੱਖਣ ਦੇ ਲਈ ਜਤਨ ਨਹੀਂ, ਬਲਕਿ ਫੁੱਟ ਪਾਉਣਾ ਹੋਵੇਗਾ। ਕਿੰਨਾ ਹੀ ਬਿਹਤਰ ਹੋਵੇਗਾ ਕਿ ਅਸੀਂ ‘ਸਚਿਆਈ ਉੱਤੇ ਚੱਲਦੇ ਰਹੀਏ’ ਅਤੇ ਦੂਜਿਆਂ ਨੂੰ ਵੀ ਇੰਜ ਕਰਨ ਦੇ ਲਈ ਉਤਸ਼ਾਹ ਦੇਈਏ!—3 ਯੂਹੰਨਾ 4.
8. ਸੱਚਾਈ ਦੇ ਪ੍ਰਤੀ ਕਿਹੜਾ ਰਵੱਈਆ ਉਚਿਤ ਹੈ?
8 ਪਹਿਲੀ ਸਦੀ ਵਿਚ, ਪੌਲੁਸ ਨੇ ਕਿਹਾ: “ਇਸ ਵੇਲੇ ਤਾਂ ਅਸੀਂ ਸ਼ੀਸ਼ੇ ਵਿੱਚ ਧੁੰਦਲਾ ਜਿਹਾ ਵੇਖਦੇ ਹਾਂ ਪਰ ਓਸ ਵੇਲੇ ਰੋਬਰੂ ਵੇਖਾਂਗੇ। ਇਸ ਵੇਲੇ ਮੈਂ ਕੁਝ ਕੁਝ ਜਾਣਦਾ ਹਾਂ ਪਰ ਓਸ ਵੇਲੇ ਉਹੋ ਜਿਹਾ ਜਾਣਾਂਗਾ ਜਿਹੋ ਜਿਹਾ ਮੈਂ ਵੀ ਜਾਣਿਆ ਗਿਆ ਹਾਂ।” (1 ਕੁਰਿੰਥੀਆਂ 13:12) ਹਾਲਾਂਕਿ ਮੁਢਲੇ ਮਸੀਹੀਆਂ ਨੇ ਪੂਰਾ ਵਿਸਤਾਰ ਨਹੀਂ ਸਮਝਿਆ ਸੀ, ਉਹ ਸੰਯੁਕਤ ਬਣੇ ਰਹੇ। ਹੁਣ ਸਾਡੇ ਕੋਲ ਯਹੋਵਾਹ ਦੇ ਮਕਸਦ ਅਤੇ ਉਸ ਦੇ ਸੱਚਾਈ ਦੇ ਬਚਨ ਬਾਰੇ ਹੋਰ ਵੀ ਸਪੱਸ਼ਟ ਸਮਝ ਹੈ। ਇਸ ਲਈ ਆਓ ਅਸੀਂ ਉਸ ਸੱਚਾਈ ਦੇ ਲਈ ਧੰਨਵਾਦੀ ਹੋਈਏ ਜੋ ਸਾਨੂੰ ‘ਮਾਤਬਰ ਨੌਕਰ’ ਦੇ ਦੁਆਰਾ ਪ੍ਰਾਪਤ ਹੋਈ ਹੈ। ਅਤੇ ਆਓ ਅਸੀਂ ਧੰਨਵਾਦੀ ਹੋਈਏ ਕਿ ਯਹੋਵਾਹ ਨੇ ਆਪਣੇ ਸੰਗਠਨ ਦੇ ਜ਼ਰੀਏ ਸਾਡੀ ਅਗਵਾਈ ਕੀਤੀ ਹੈ। ਭਾਵੇਂ ਕਿ ਸਾਡੇ ਕੋਲ ਹਮੇਸ਼ਾ ਇੱਕੋ ਮਾਤਰਾ ਵਿਚ ਗਿਆਨ ਨਹੀਂ ਰਿਹਾ ਹੈ, ਅਸੀਂ ਅਧਿਆਤਮਿਕ ਤੌਰ ਤੇ ਭੁੱਖੇ ਜਾਂ ਪਿਆਸੇ ਵੀ ਨਹੀਂ ਰਹੇ ਹਾਂ। ਇਸ ਦੀ ਬਜਾਇ, ਸਾਡੇ ਅਯਾਲੀ, ਯਹੋਵਾਹ ਨੇ ਸਾਨੂੰ ਸੰਯੁਕਤ ਰੱਖਿਆ ਹੈ ਅਤੇ ਸਾਡੀ ਚੰਗੀ ਦੇਖ-ਭਾਲ ਕੀਤੀ ਹੈ।—ਜ਼ਬੂਰ 23:1-3.
ਜ਼ਬਾਨ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰੋ!
9. ਏਕਤਾ ਵਧਾਉਣ ਦੇ ਲਈ ਜ਼ਬਾਨ ਦਾ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ?
9 ਦੂਜਿਆਂ ਨੂੰ ਉਤਸ਼ਾਹ ਦੇਣ ਦੇ ਲਈ ਜ਼ਬਾਨ ਦਾ ਇਸਤੇਮਾਲ ਕਰਨਾ, ਏਕਤਾ ਅਤੇ ਭਾਈਚਾਰੇ ਦੀ ਮਨੋਬਿਰਤੀ ਨੂੰ ਵਧਾਉਣ ਦਾ ਇਕ ਮਹੱਤਵਪੂਰਣ ਤਰੀਕਾ ਹੈ। ਸੁੰਨਤ ਦੇ ਬਾਰੇ ਉਠਾਏ ਗਏ ਸਵਾਲ ਨੂੰ ਸੁਲਝਾਉਣ ਵਾਲਾ ਪੱਤਰ, ਜੋ ਪਹਿਲੀ-ਸਦੀ ਪ੍ਰਬੰਧਕ ਸਭਾ ਦੁਆਰਾ ਭੇਜਿਆ ਗਿਆ ਸੀ, ਉਤਸ਼ਾਹ ਦਾ ਇਕ ਸ੍ਰੋਤ ਸੀ। ਇਸ ਨੂੰ ਪੜ੍ਹਨ ਤੋਂ ਬਾਅਦ, ਅੰਤਾਕਿਯਾ ਦੇ ਗ਼ੈਰ-ਯਹੂਦੀ ਚੇਲੇ “ਏਸ ਤਸੱਲੀ ਦੀ ਗੱਲੋਂ ਬਹੁਤ ਅਨੰਦ ਹੋਏ।” ਯਹੂਦਾ ਅਤੇ ਸੀਲਾਸ, ਜਿਨ੍ਹਾਂ ਨੂੰ ਪੱਤਰ ਦੇ ਨਾਲ ਯਰੂਸ਼ਲਮ ਤੋਂ ਭੇਜਿਆ ਗਿਆ ਸੀ, ਨੇ “ਭਾਈਆਂ ਨੂੰ ਬਹੁਤ ਸਾਰੀਆਂ ਗੱਲਾਂ ਨਾਲ ਉਪਦੇਸ਼ ਦੇ ਕੇ ਤਕੜੇ ਕੀਤਾ।” ਨਿਰਸੰਦੇਹ, ਪੌਲੁਸ ਅਤੇ ਬਰਨਬਾਸ ਦੀ ਮੌਜੂਦਗੀ ਨੇ ਵੀ ਅੰਤਾਕਿਯਾ ਦੇ ਸੰਗੀ ਵਿਸ਼ਵਾਸੀਆਂ ਨੂੰ ਉਤਸ਼ਾਹਿਤ ਅਤੇ ਤਕੜੇ ਕੀਤਾ। (ਰਸੂਲਾਂ ਦੇ ਕਰਤੱਬ 15:1-3, 23-32) ਅਸੀਂ ਵੀ ਕਾਫ਼ੀ ਹੱਦ ਤਕ ਇਸ ਤਰ੍ਹਾਂ ਕਰ ਸਕਦੇ ਹਾਂ ਜਦੋਂ ਅਸੀਂ ਮਸੀਹੀ ਸਭਾਵਾਂ ਲਈ ਇਕੱਠੇ ਹੁੰਦੇ ਹਾਂ ਅਤੇ ਆਪਣੀ ਮੌਜੂਦਗੀ ਅਤੇ ਉਤਸ਼ਾਹਜਨਕ ਟਿੱਪਣੀਆਂ ਦੇ ਦੁਆਰਾ ‘ਇਕ ਦੂਜੇ ਨੂੰ ਉਤਸਾਹ ਦਿੰਦੇ ਹਾਂ।’—ਇਬਰਾਨੀਆਂ 10:24, 25, ਪਵਿੱਤਰ ਬਾਈਬਲ ਨਵਾਂ ਅਨੁਵਾਦ।
10. ਜੇਕਰ ਗਾਲ੍ਹੀ-ਗਲੋਚ ਹੁੰਦਾ ਹੈ, ਤਾਂ ਏਕਤਾ ਨੂੰ ਬਣਾਈ ਰੱਖਣ ਦੇ ਲਈ ਸ਼ਾਇਦ ਕੀ ਕਰਨ ਦੀ ਜ਼ਰੂਰਤ ਹੋਵੇ?
10 ਫਿਰ ਵੀ, ਜ਼ਬਾਨ ਦਾ ਗ਼ਲਤ ਇਸਤੇਮਾਲ ਸਾਡੀ ਏਕਤਾ ਦੇ ਲਈ ਖ਼ਤਰਾ ਪੇਸ਼ ਕਰ ਸਕਦਾ ਹੈ। “ਜੀਭ . . . ਇੱਕ ਛੋਟਾ ਜਿਹਾ ਅੰਗ ਹੈ ਪਰ ਵੱਡੇ ਫੌੜ ਮਾਰਦੀ ਹੈ,” ਚੇਲੇ ਯਾਕੂਬ ਨੇ ਲਿਖਿਆ। “ਵੇਖੋ, ਕੇਡਾ ਵੱਡਾ ਬਣ ਕਿਹੀ ਨਿੱਕੀ ਜਿਹੀ ਅੱਗ ਨਾਲ ਬਲ ਉੱਠਦਾ ਹੈ!” (ਯਾਕੂਬ 3:5) ਯਹੋਵਾਹ ਝਗੜੇ ਪਾਉਣ ਵਾਲਿਆਂ ਤੋਂ ਨਫ਼ਰਤ ਕਰਦਾ ਹੈ। (ਕਹਾਉਤਾਂ 6:16-19) ਅਜਿਹੀ ਗੱਲਬਾਤ ਫੁੱਟ ਪੈਦਾ ਕਰ ਸਕਦੀ ਹੈ। ਤਾਂ ਫਿਰ, ਉਦੋਂ ਕੀ ਜੇਕਰ ਗਾਲ੍ਹੀ-ਗਲੋਚ ਹੁੰਦੀ ਹੈ, ਯਾਨੀ ਕਿ ਕਿਸੇ ਉੱਤੇ ਗਾਲ੍ਹਾਂ ਦੀ ਵਾਛੜ ਕੀਤੀ ਜਾਂਦੀ ਹੈ ਜਾਂ ਉਸ ਨੂੰ ਅਪਮਾਨਜਨਕ ਬੋਲੀ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ? ਬਜ਼ੁਰਗ ਗ਼ਲਤੀ ਕਰਨ ਵਾਲੇ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨਗੇ। ਪਰੰਤੂ, ਇਕ ਅਪਸ਼ਚਾਤਾਪੀ ਗਾਲ੍ਹਾਂ ਕੱਢਣ ਵਾਲੇ ਨੂੰ ਛੇਕਿਆ ਜਾਣਾ ਚਾਹੀਦਾ ਹੈ ਤਾਂਕਿ ਕਲੀਸਿਯਾ ਦੀ ਸ਼ਾਂਤੀ, ਵਿਵਸਥਾ, ਅਤੇ ਏਕਤਾ ਬਣਾਈ ਰੱਖੀ ਜਾ ਸਕੇ। ਆਖ਼ਰਕਾਰ, ਪੌਲੁਸ ਨੇ ਲਿਖਿਆ: “ਜੇ ਕੋਈ ਭਰਾ ਸਦਾ ਕੇ . . . ਗਾਲਾਂ ਕੱਢਣ ਵਾਲਾ . . . ਹੋਵੇ ਤਾਂ ਉਹ ਦੀ ਸੰਗਤ ਨਾ ਕਰਨੀ ਸਗੋਂ ਇਹੋ ਜਿਹੇ ਨਾਲ ਰੋਟੀ ਵੀ ਨਾ ਖਾਣੀ।”—1 ਕੁਰਿੰਥੀਆਂ 5:11.
11. ਨਿਮਰਤਾ ਕਿਉਂ ਮਹੱਤਵਪੂਰਣ ਹੈ ਜੇਕਰ ਸਾਡੇ ਵੱਲੋਂ ਕਹੀ ਗਈ ਕਿਸੇ ਗੱਲ ਦੇ ਕਾਰਨ ਸਾਡੇ ਅਤੇ ਇਕ ਸੰਗੀ ਵਿਸ਼ਵਾਸੀ ਦੇ ਵਿਚਕਾਰ ਤਣਾਉ ਪੈਦਾ ਹੋ ਗਿਆ ਹੈ?
11 ਜ਼ਬਾਨ ਨੂੰ ਵਸ ਵਿਚ ਰੱਖਣਾ ਏਕਤਾ ਬਣਾਈ ਰੱਖਣ ਵਿਚ ਸਾਡੀ ਮਦਦ ਕਰਦੀ ਹੈ। (ਯਾਕੂਬ 3:10-18) ਲੇਕਨ ਫ਼ਰਜ਼ ਕਰੋ ਕਿ ਸਾਡੇ ਵੱਲੋਂ ਕਹੀ ਗਈ ਕਿਸੇ ਗੱਲ ਦੇ ਕਾਰਨ ਸਾਡੇ ਅਤੇ ਇਕ ਸੰਗੀ ਮਸੀਹੀ ਦੇ ਵਿਚਕਾਰ ਤਣਾਉ ਪੈਦਾ ਹੋ ਗਿਆ ਹੈ। ਕੀ ਆਪਣੇ ਭਰਾ ਦੇ ਨਾਲ ਸੁਲ੍ਹਾ ਕਰਨ ਵਿਚ ਪਹਿਲ ਕਰਨੀ, ਜੇਕਰ ਜ਼ਰੂਰੀ ਹੋਇਆ ਤਾਂ ਮਾਫ਼ੀ ਮੰਗਣੀ, ਉਚਿਤ ਨਾ ਹੋਵੇਗਾ? (ਮੱਤੀ 5:23, 24) ਇਹ ਸੱਚ ਹੈ ਕਿ ਇਸ ਵਿਚ ਨਿਮਰਤਾ, ਜਾਂ ਮਨ ਦੀ ਹਲੀਮੀ ਦੀ ਜ਼ਰੂਰਤ ਹੈ, ਲੇਕਨ ਪਤਰਸ ਨੇ ਲਿਖਿਆ: “ਇੱਕ ਦੂਏ ਦੀ ਟਹਿਲ ਕਰਨ ਲਈ ਮਨ ਦੀ ਹਲੀਮੀ ਨਾਲ ਲੱਕ ਬੰਨ੍ਹੋਂ, ਇਸ ਲਈ ਜੋ ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਨੂੰ ਕਿਰਪਾ ਬਖ਼ਸ਼ਦਾ ਹੈ।” (1 ਪਤਰਸ 5:5) ਨਿਮਰਤਾ ਸਾਨੂੰ ਪ੍ਰੇਰਿਤ ਕਰੇਗੀ ਕਿ ਅਸੀਂ ਆਪਣੀਆਂ ਗ਼ਲਤੀਆਂ ਨੂੰ ਸਵੀਕਾਰਦੇ ਹੋਏ ਅਤੇ ਢੁਕਵੀਂ ਮਾਫ਼ੀ ਮੰਗਦੇ ਹੋਏ, ਆਪਣੇ ਭਰਾਵਾਂ ਦੇ ਨਾਲ ‘ਮਿਲਾਪ ਦਾ ਪਿੱਛਾ ਕਰੀਏ।’ ਇਹ ਯਹੋਵਾਹ ਦੇ ਪਰਿਵਾਰ ਦੀ ਏਕਤਾ ਨੂੰ ਬਣਾਈ ਰੱਖਣ ਵਿਚ ਮਦਦ ਕਰਦਾ ਹੈ।—1 ਪਤਰਸ 3:10, 11.
12. ਯਹੋਵਾਹ ਦੇ ਲੋਕਾਂ ਦੀ ਏਕਤਾ ਨੂੰ ਵਧਾਉਣ ਅਤੇ ਬਣਾਈ ਰੱਖਣ ਦੇ ਲਈ ਅਸੀਂ ਜ਼ਬਾਨ ਦਾ ਕਿਵੇਂ ਇਸਤੇਮਾਲ ਕਰ ਸਕਦੇ ਹਾਂ?
12 ਅਸੀਂ ਯਹੋਵਾਹ ਦੇ ਸੰਗਠਨ ਵਿਚ ਦੇ ਲੋਕਾਂ ਦਰਮਿਆਨ ਪਰਿਵਾਰਕ ਮਨੋਬਿਰਤੀ ਵਧਾ ਸਕਦੇ ਹਾਂ ਜੇਕਰ ਅਸੀਂ ਆਪਣੀ ਜ਼ਬਾਨ ਦਾ ਸਹੀ ਇਸਤੇਮਾਲ ਕਰੀਏ। ਕਿਉਂ ਜੋ ਪੌਲੁਸ ਨੇ ਇਹੋ ਹੀ ਕੀਤਾ ਸੀ, ਉਹ ਥੱਸਲੁਨੀਕੀਆਂ ਨੂੰ ਚੇਤੇ ਕਰਵਾ ਸਕਿਆ: “ਤੁਸੀਂ ਜਾਣਦੇ ਹੋ ਭਈ ਜਿਵੇਂ ਪਿਤਾ ਆਪਣੇ ਬਾਲਕਾਂ ਨੂੰ ਤਿਵੇਂ ਅਸੀਂ ਤੁਹਾਡੇ ਵਿੱਚੋਂ ਇੱਕ ਇੱਕ ਨੂੰ ਕਿਵੇਂ ਉਪਦੇਸ਼ ਅਤੇ ਦਿਲਾਸਾ ਦਿੰਦੇ ਅਤੇ ਸਮਝਾਉਂਦੇ ਰਹੇ। ਜੋ ਤੁਸੀਂ ਪਰਮੇਸ਼ੁਰ ਦੇ ਜੋਗ ਚਾਲ ਚੱਲੋ।” (1 ਥੱਸਲੁਨੀਕੀਆਂ 2:11, 12) ਇਸ ਸੰਬੰਧ ਵਿਚ ਇਕ ਉੱਤਮ ਮਿਸਾਲ ਕਾਇਮ ਕਰਨ ਤੇ, ਪੌਲੁਸ ਸੰਗੀ ਮਸੀਹੀਆਂ ਨੂੰ ‘ਕਮਦਿਲਿਆਂ ਨੂੰ ਦਿਲਾਸਾ ਦੇਣ’ ਦੇ ਲਈ ਉਤੇਜਿਤ ਕਰ ਸਕਿਆ। (1 ਥੱਸਲੁਨੀਕੀਆਂ 5:14) ਜ਼ਰਾ ਸੋਚੋ, ਦੂਜਿਆਂ ਨੂੰ ਦਿਲਾਸਾ ਦੇਣ, ਹੌਸਲਾ ਦੇਣ, ਅਤੇ ਉਤਸ਼ਾਹ ਦੇਣ ਦੇ ਲਈ ਜ਼ਬਾਨ ਨੂੰ ਇਸਤੇਮਾਲ ਕਰਨ ਦੇ ਦੁਆਰਾ ਅਸੀਂ ਕਿੰਨਾ ਭਲਾ ਕਰ ਸਕਦੇ ਹਾਂ। ਜੀ ਹਾਂ, “ਜਿਹੜਾ ਬਚਨ ਵੇਲੇ ਸਿਰ ਕਹੀਦਾ ਹੈ ਉਹ ਕਿਹਾ ਚੰਗਾ ਲੱਗਦਾ ਹੈ!” (ਕਹਾਉਤਾਂ 15:23) ਇਸ ਤੋਂ ਇਲਾਵਾ, ਅਜਿਹੀ ਬੋਲੀ ਯਹੋਵਾਹ ਦੇ ਲੋਕਾਂ ਦੀ ਏਕਤਾ ਨੂੰ ਵਧਾਉਣ ਅਤੇ ਬਣਾਈ ਰੱਖਣ ਵਿਚ ਮਦਦ ਕਰਦੀ ਹੈ।
ਬਖ਼ਸ਼ਣਹਾਰ ਹੋਵੋ!
13. ਸਾਨੂੰ ਬਖ਼ਸ਼ਣਹਾਰ ਕਿਉਂ ਹੋਣਾ ਚਾਹੀਦਾ ਹੈ?
13 ਮਾਫ਼ੀ ਮੰਗਣ ਵਾਲੇ ਕਸੂਰਵਾਰ ਨੂੰ ਮਾਫ਼ ਕਰਨਾ ਅਤਿ-ਆਵੱਸ਼ਕ ਹੈ ਜੇਕਰ ਅਸੀਂ ਮਸੀਹੀ ਏਕਤਾ ਨੂੰ ਬਣਾਈ ਰੱਖਣਾ ਹੈ। ਅਤੇ ਸਾਨੂੰ ਕਿੰਨੀ ਵਾਰੀ ਮਾਫ਼ ਕਰਨਾ ਚਾਹੀਦਾ ਹੈ? ਯਿਸੂ ਨੇ ਪਤਰਸ ਨੂੰ ਕਿਹਾ: “ਸੱਤ ਵਾਰ ਤੀਕਰ ਨਹੀਂ . . . ਪਰ ਸੱਤਰ ਦੇ ਸੱਤ ਗੁਣਾ ਤੀਕਰ।” (ਮੱਤੀ 18:22) ਜੇਕਰ ਅਸੀਂ ਬਖ਼ਸ਼ਣਹਾਰ ਨਹੀਂ ਹੁੰਦੇ ਹਾਂ, ਤਾਂ ਅਸੀਂ ਆਪਣੇ ਹੀ ਹਿਤ ਦੇ ਵਿਰੁੱਧ ਕੰਮ ਕਰਦੇ ਹਾਂ। ਉਹ ਕਿਵੇਂ? ਵੈਰ ਅਤੇ ਖਾਰ ਰੱਖਣੀ ਸਾਡੀ ਮਨ ਦੀ ਸ਼ਾਂਤੀ ਲੁੱਟ ਲਵੇਗੀ। ਅਤੇ ਜੇਕਰ ਅਸੀਂ ਨਿਰਦਈ ਅਤੇ ਨਾਬਖ਼ਸ਼ਣਹਾਰ ਤਰੀਕਿਆਂ ਦੇ ਲਈ ਜਾਣੇ ਜਾਂਦੇ ਹਾਂ, ਤਾਂ ਅਸੀਂ ਆਪਣੇ ਉੱਤੇ ਦੁੱਖ ਲਿਆ ਸਕਦੇ ਹਾਂ। (ਕਹਾਉਤਾਂ 11:17) ਖਾਰ ਰੱਖਣੀ ਪਰਮੇਸ਼ੁਰ ਨੂੰ ਨਾਖ਼ੁਸ਼ ਕਰਦਾ ਹੈ ਅਤੇ ਘੋਰ ਪਾਪ ਵੱਲ ਲੈ ਜਾ ਸਕਦਾ ਹੈ। (ਲੇਵੀਆਂ 19:18) ਯਾਦ ਰੱਖੋ ਕਿ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਉਸ ਦੁਸ਼ਟ ਹੇਰੋਦਿਯਾਸ ਦੁਆਰਾ ਕੱਢੀ ਗਈ ਇਕ ਜੁਗਤ ਦੇ ਕਾਰਨ ਵੱਢਿਆ ਗਿਆ ਸੀ, ਜੋ ਉਸ ਦੇ ਨਾਲ “ਵੈਰ ਰੱਖਦੀ” ਸੀ।—ਮਰਕੁਸ 6:19-28.
14. (ੳ) ਮੱਤੀ 6:14, 15 ਸਾਨੂੰ ਮਾਫ਼ੀ ਦੇ ਬਾਰੇ ਕੀ ਸਿਖਾਉਂਦਾ ਹੈ? (ਅ) ਕੀ ਸਾਨੂੰ ਕਿਸੇ ਨੂੰ ਮਾਫ਼ ਕਰਨ ਤੋਂ ਪਹਿਲਾਂ ਹਮੇਸ਼ਾ ਉਸ ਵੱਲੋਂ ਮਾਫ਼ੀ ਮੰਗੇ ਜਾਣ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ?
14 ਯਿਸੂ ਦੀ ਆਦਰਸ਼ ਪ੍ਰਾਰਥਨਾ ਵਿਚ ਇਹ ਸ਼ਬਦ ਸ਼ਾਮਲ ਹਨ: “ਸਾਡੇ ਪਾਪ ਸਾਨੂੰ ਮਾਫ਼ ਕਰ, ਕਿਉਂ ਜੋ ਅਸੀਂ ਆਪ ਵੀ ਆਪਣੇ ਹਰੇਕ ਕਰਜਾਈ ਨੂੰ ਮਾਫ਼ ਕਰਦੇ ਹਾਂ।” (ਲੂਕਾ 11:4) ਜੇਕਰ ਅਸੀਂ ਬਖ਼ਸ਼ਣਹਾਰ ਨਹੀਂ ਹੁੰਦੇ ਹਾਂ, ਤਾਂ ਸਾਨੂੰ ਇਹ ਖ਼ਤਰਾ ਹੈ ਕਿ ਕਿਸੇ ਦਿਨ ਯਹੋਵਾਹ ਪਰਮੇਸ਼ੁਰ ਵੀ ਸਾਡੇ ਪਾਪਾਂ ਨੂੰ ਹੋਰ ਮਾਫ਼ ਨਹੀਂ ਕਰੇਗਾ, ਕਿਉਂਕਿ ਯਿਸੂ ਨੇ ਕਿਹਾ: “ਜੇ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ ਮਾਫ਼ ਕਰ ਦਿਓ ਤਾਂ ਤੁਹਾਡਾ ਸੁਰਗੀ ਪਿਤਾ ਤੁਹਾਨੂੰ ਵੀ ਮਾਫ਼ ਕਰ ਦੇਵੇਗਾ। ਪਰ ਜੇ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ ਮਾਫ਼ ਨਾ ਕਰੋ ਤਾਂ ਤੁਹਾਡਾ ਪਿਤਾ ਵੀ ਤੁਹਾਡੇ ਅਪਰਾਧ ਮਾਫ਼ ਨਾ ਕਰੇਗਾ।” (ਮੱਤੀ 6:14, 15) ਇਸ ਲਈ ਜੇਕਰ ਅਸੀਂ ਸੱਚ-ਮੁੱਚ ਹੀ ਯਹੋਵਾਹ ਦੇ ਉਪਾਸਕਾਂ ਦੇ ਪਰਿਵਾਰ ਵਿਚ ਏਕਤਾ ਬਣਾਈ ਰੱਖਣ ਵਿਚ ਆਪਣੀ ਭੂਮਿਕਾ ਨਿਭਾਉਣਾ ਚਾਹੁੰਦੇ ਹਾਂ, ਤਾਂ ਅਸੀਂ ਬਖ਼ਸ਼ਣਹਾਰ ਹੋਵਾਂਗੇ, ਸ਼ਾਇਦ ਮਹਿਜ਼ ਹੀ ਅਜਿਹੇ ਇਕ ਕਸੂਰ ਨੂੰ ਭੁੱਲ ਜਾਈਏ ਜੋ ਸ਼ਾਇਦ ਲਾਪਰਵਾਹੀ ਦੇ ਕਾਰਨ ਕੀਤਾ ਗਿਆ ਸੀ ਅਤੇ ਜਿਸ ਵਿਚ ਕੋਈ ਬੁਰੀ ਨੀਅਤ ਨਹੀਂ ਸੀ। ਪੌਲੁਸ ਨੇ ਕਿਹਾ: “ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ। ਜਿਵੇਂ ਪ੍ਰਭੁ ਨੇ ਤੁਹਾਨੂੰ ਮਾਫ਼ ਕੀਤਾ ਤਿਵੇਂ ਤੁਸੀਂ ਵੀ ਕਰੋ।” (ਕੁਲੁੱਸੀਆਂ 3:13) ਜਦੋਂ ਅਸੀਂ ਬਖ਼ਸ਼ਣਹਾਰ ਹੁੰਦੇ ਹਾਂ, ਤਾਂ ਅਸੀਂ ਯਹੋਵਾਹ ਦੇ ਸੰਗਠਨ ਦੀ ਬਹੁਮੁੱਲੀ ਏਕਤਾ ਨੂੰ ਬਣਾਈ ਰੱਖਣ ਵਿਚ ਮਦਦ ਕਰਦੇ ਹਾਂ।
ਏਕਤਾ ਅਤੇ ਨਿੱਜੀ ਫ਼ੈਸਲੇ
15. ਨਿੱਜੀ ਫ਼ੈਸਲੇ ਕਰਦੇ ਸਮੇਂ ਯਹੋਵਾਹ ਦੇ ਲੋਕਾਂ ਨੂੰ ਏਕਤਾ ਬਣਾਈ ਰੱਖਣ ਵਿਚ ਕਿਹੜੀ ਗੱਲ ਮਦਦ ਕਰਦੀ ਹੈ?
15 ਪਰਮੇਸ਼ੁਰ ਨੇ ਸਾਨੂੰ ਆਜ਼ਾਦ ਨੈਤਿਕ ਕਾਰਜਕਰਤਾ ਬਣਾਇਆ, ਜਿਨ੍ਹਾਂ ਦੇ ਕੋਲ ਨਿੱਜੀ ਫ਼ੈਸਲੇ ਕਰਨ ਦਾ ਵਿਸ਼ੇਸ਼-ਸਨਮਾਨ ਅਤੇ ਜ਼ਿੰਮੇਵਾਰੀ ਹੈ। (ਬਿਵਸਥਾ ਸਾਰ 30:19, 20; ਗਲਾਤੀਆਂ 6:5) ਫਿਰ ਵੀ, ਅਸੀਂ ਆਪਣੀ ਏਕਤਾ ਨੂੰ ਬਣਾਈ ਰੱਖ ਸਕਦੇ ਹਾਂ ਕਿਉਂਕਿ ਅਸੀਂ ਬਾਈਬਲ ਨਿਯਮਾਂ ਅਤੇ ਸਿਧਾਂਤਾਂ ਦੀ ਪਾਲਣਾ ਕਰਦੇ ਹਾਂ। ਨਿੱਜੀ ਫ਼ੈਸਲੇ ਕਰਦੇ ਸਮੇਂ ਅਸੀਂ ਇਨ੍ਹਾਂ ਨੂੰ ਧਿਆਨ ਵਿਚ ਰੱਖਦੇ ਹਾਂ। (ਰਸੂਲਾਂ ਦੇ ਕਰਤੱਬ 5:29; 1 ਯੂਹੰਨਾ 5:3) ਫ਼ਰਜ਼ ਕਰੋ ਕਿ ਨਿਰਪੱਖਤਾ ਦੇ ਸੰਬੰਧ ਵਿਚ ਇਕ ਸਵਾਲ ਉੱਠਦਾ ਹੈ। ਅਸੀਂ ਇਹ ਯਾਦ ਰੱਖਣ ਦੇ ਦੁਆਰਾ ਕਿ ਅਸੀਂ “ਜਗਤ ਦੇ ਨਹੀਂ ਹਾਂ” ਅਤੇ ਕਿ ਅਸੀਂ ‘ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾ ਲਿਆ’ ਹੈ, ਇਕ ਜਾਣਕਾਰ ਨਿੱਜੀ ਫ਼ੈਸਲਾ ਕਰ ਸਕਦੇ ਹਾਂ। (ਯੂਹੰਨਾ 17:16; ਯਸਾਯਾਹ 2:2-4) ਇਸੇ ਤਰ੍ਹਾਂ, ਜਦੋਂ ਸਾਨੂੰ ਰਾਜ ਦੇ ਨਾਲ ਆਪਣੇ ਸੰਬੰਧ ਦੇ ਬਾਰੇ ਇਕ ਨਿੱਜੀ ਫ਼ੈਸਲਾ ਕਰਨਾ ਪੈਂਦਾ ਹੈ, ਤਾਂ ਅਸੀਂ ਵਿਚਾਰ ਕਰਦੇ ਹਾਂ ਕਿ, ਧਰਮ-ਨਿਰਪੇਖ ਮਾਮਲਿਆਂ ਵਿਚ “ਉੱਚ ਹਕੂਮਤਾਂ” ਦੇ ਅਧੀਨ ਰਹਿੰਦੇ ਹੋਏ, ਬਾਈਬਲ “ਜਿਹੜੀਆਂ [ਚੀਜ਼ਾਂ] ਪਰਮੇਸ਼ੁਰ ਦੀਆਂ ਹਨ ਓਹ ਪਰਮੇਸ਼ੁਰ ਨੂੰ” ਦੇਣ ਦੇ ਬਾਰੇ ਕੀ ਕਹਿੰਦੀ ਹੈ। (ਲੂਕਾ 20:25; ਰੋਮੀਆਂ 13:1-7, ਨਿ ਵ; ਤੀਤੁਸ 3:1, 2) ਜੀ ਹਾਂ, ਨਿੱਜੀ ਫ਼ੈਸਲੇ ਕਰਦੇ ਸਮੇਂ ਬਾਈਬਲ ਨਿਯਮਾਂ ਅਤੇ ਸਿਧਾਂਤਾਂ ਨੂੰ ਧਿਆਨ ਵਿਚ ਰੱਖਣਾ ਸਾਡੀ ਮਸੀਹੀ ਏਕਤਾ ਨੂੰ ਬਣਾਈ ਰੱਖਣ ਵਿਚ ਮਦਦ ਕਰਦਾ ਹੈ।
16. ਜਦੋਂ ਅਸੀਂ ਅਜਿਹੇ ਫ਼ੈਸਲੇ ਕਰ ਰਹੇ ਹੁੰਦੇ ਹਾਂ, ਜੋ ਸ਼ਾਸਤਰ ਦੇ ਅਨੁਸਾਰ ਨਾ ਤਾਂ ਸਹੀ ਹਨ ਅਤੇ ਨਾ ਹੀ ਗ਼ਲਤ, ਤਦ ਅਸੀਂ ਏਕਤਾ ਨੂੰ ਬਣਾਈ ਰੱਖਣ ਵਿਚ ਕਿਵੇਂ ਮਦਦ ਕਰ ਸਕਦੇ ਹਾਂ? ਉਦਾਹਰਣ ਦਿਓ।
16 ਅਸੀਂ ਮਸੀਹੀ ਏਕਤਾ ਨੂੰ ਬਣਾਈ ਰੱਖਣ ਵਿਚ ਤਦ ਵੀ ਮਦਦ ਕਰ ਸਕਦੇ ਹਾਂ ਜਦੋਂ ਅਸੀਂ ਅਜਿਹਾ ਇਕ ਫ਼ੈਸਲਾ ਕਰ ਰਹੇ ਹੁੰਦੇ ਹਾਂ, ਜੋ ਬਿਲਕੁਲ ਹੀ ਨਿੱਜੀ ਹੈ ਅਤੇ ਜੋ ਸ਼ਾਸਤਰ ਦੇ ਅਨੁਸਾਰ ਨਾ ਤਾਂ ਸਹੀ ਹੈ ਅਤੇ ਨਾ ਹੀ ਗ਼ਲਤ। ਉਹ ਕਿਵੇਂ? ਉਨ੍ਹਾਂ ਲੋਕਾਂ ਦੇ ਲਈ ਪ੍ਰੇਮਮਈ ਚਿੰਤਾ ਦਿਖਾਉਣ ਦੇ ਦੁਆਰਾ ਜੋ ਸ਼ਾਇਦ ਸਾਡੇ ਫ਼ੈਸਲੇ ਦੁਆਰਾ ਪ੍ਰਭਾਵਿਤ ਹੋਣ। ਉਦਾਹਰਣ ਵਜੋਂ: ਪ੍ਰਾਚੀਨ ਕੁਰਿੰਥੁਸ ਦੀ ਕਲੀਸਿਯਾ ਵਿਚ, ਮੂਰਤੀਆਂ ਨੂੰ ਚੜ੍ਹਾਏ ਗਏ ਮਾਸ ਦੇ ਸੰਬੰਧ ਵਿਚ ਇਕ ਸਵਾਲ ਉੱਠਿਆ ਸੀ। ਨਿਰਸੰਦੇਹ, ਇਕ ਮਸੀਹੀ ਇਕ ਮੂਰਤੀ-ਪੂਜਕ ਰਸਮ ਵਿਚ ਹਿੱਸਾ ਨਹੀਂ ਲਵੇਗਾ। ਪਰੰਤੂ, ਚੰਗੀ ਤਰ੍ਹਾਂ ਨਾਲ ਲਹੂ ਵਹਾਇਆ ਗਿਆ ਇਸ ਪ੍ਰਕਾਰ ਦਾ ਬਚਿਆ ਹੋਇਆ ਮਾਸ ਖਾਣਾ, ਜੋ ਇਕ ਆਮ ਬਾਜ਼ਾਰ ਵਿਚ ਵੇਚਿਆ ਜਾਂਦਾ ਸੀ, ਪਾਪ ਨਹੀਂ ਸੀ। (ਰਸੂਲਾਂ ਦੇ ਕਰਤੱਬ 15:28, 29; 1 ਕੁਰਿੰਥੀਆਂ 10:25) ਫਿਰ ਵੀ, ਕੁਝ ਮਸੀਹੀਆਂ ਦੇ ਅੰਤਹਕਰਣ ਇਸ ਮਾਸ ਨੂੰ ਖਾਣ ਦੇ ਸੰਬੰਧ ਵਿਚ ਪਰੇਸ਼ਾਨ ਹੁੰਦੇ ਸਨ। ਇਸ ਲਈ ਪੌਲੁਸ ਨੇ ਦੂਜੇ ਮਸੀਹੀਆਂ ਨੂੰ ਇਨ੍ਹਾਂ ਨੂੰ ਠੋਕਰ ਖੁਆਉਣ ਤੋਂ ਪਰਹੇਜ਼ ਕਰਨ ਦੇ ਲਈ ਉਤੇਜਿਤ ਕੀਤਾ। ਦਰਅਸਲ, ਉਸ ਨੇ ਲਿਖਿਆ: “ਜੇ ਭੋਜਨ ਮੇਰੇ ਭਾਈ ਨੂੰ ਠੋਕਰ ਖੁਆਵੇ ਤਾਂ ਮੈਂ ਅੰਤ ਸਮੇਂ ਤੀਕ ਕਦੇ ਵੀ ਬਲੀ ਨਹੀਂ ਖਾਵਾਂਗਾ ਤਾਂ ਐਉਂ ਨਾ ਹੋਵੇ ਜੋ ਮੈਂ ਆਪਣੇ ਭਾਈ ਨੂੰ ਠੋਕਰ ਖੁਆਵਾਂ।” (1 ਕੁਰਿੰਥੀਆਂ 8:13) ਇਸ ਲਈ ਭਾਵੇਂ ਕਿ ਕੋਈ ਬਾਈਬਲ ਨਿਯਮ ਜਾਂ ਸਿਧਾਂਤ ਅੰਤਰਗ੍ਰਸਤ ਨਹੀਂ ਹੈ, ਫਿਰ ਵੀ ਅਜਿਹੇ ਨਿੱਜੀ ਫ਼ੈਸਲੇ ਕਰਦੇ ਸਮੇਂ, ਜਿਹੜੇ ਪਰਮੇਸ਼ੁਰ ਦੇ ਪਰਿਵਾਰ ਦੀ ਏਕਤਾ ਨੂੰ ਪ੍ਰਭਾਵਿਤ ਕਰ ਸਕਦੇ ਹਨ, ਦੂਜਿਆਂ ਦੇ ਬਾਰੇ ਵਿਚਾਰ ਕਰਨਾ ਕਿੰਨਾ ਹੀ ਪ੍ਰੇਮਮਈ ਹੈ!
17. ਜਦੋਂ ਸਾਨੂੰ ਨਿੱਜੀ ਫ਼ੈਸਲੇ ਕਰਨੇ ਪੈਂਦੇ ਹਨ, ਉਦੋਂ ਕੀ ਕਰਨਾ ਉਚਿਤ ਹੈ?
17 ਜੇਕਰ ਅਸੀਂ ਨਿਸ਼ਚਿਤ ਨਹੀਂ ਹਾਂ ਕਿ ਕਿਹੜਾ ਰਾਹ ਲੈਣਾ ਚਾਹੀਦਾ ਹੈ, ਤਾਂ ਅਜਿਹੇ ਤਰੀਕੇ ਵਿਚ ਫ਼ੈਸਲਾ ਕਰਨਾ ਬੁੱਧੀਮਤਾ ਹੈ ਜੋ ਸਾਡੇ ਅੰਤਹਕਰਣ ਨੂੰ ਸਾਫ਼ ਰੱਖਦਾ ਹੈ, ਅਤੇ ਦੂਜਿਆਂ ਨੂੰ ਸਾਡੇ ਫ਼ੈਸਲੇ ਦਾ ਆਦਰ ਕਰਨਾ ਚਾਹੀਦਾ ਹੈ। (ਰੋਮੀਆਂ 14:10-12) ਨਿਰਸੰਦੇਹ, ਜਦੋਂ ਸਾਨੂੰ ਇਕ ਨਿੱਜੀ ਫ਼ੈਸਲਾ ਕਰਨਾ ਪੈਂਦਾ ਹੈ, ਉਦੋਂ ਸਾਨੂੰ ਪ੍ਰਾਰਥਨਾ ਵਿਚ ਯਹੋਵਾਹ ਦਾ ਮਾਰਗ-ਦਰਸ਼ਨ ਮੰਗਣਾ ਚਾਹੀਦਾ ਹੈ। ਜ਼ਬੂਰਾਂ ਦੇ ਲਿਖਾਰੀ ਦੀ ਤਰ੍ਹਾਂ, ਅਸੀਂ ਭਰੋਸੇ ਦੇ ਨਾਲ ਪ੍ਰਾਰਥਨਾ ਕਰ ਸਕਦੇ ਹਾਂ: “ਆਪਣਾ ਕੰਨ ਮੇਰੀ ਵੱਲ ਝੁਕਾ . . . ਤੂੰ ਹੀ ਤਾਂ ਮੇਰੀ ਚਟਾਨ ਅਤੇ ਮੇਰਾ ਗੜ੍ਹ ਹੈਂ, ਤਦੇ ਤੂੰ ਆਪਣੇ ਨਾਮ ਦੇ ਸਦਕੇ ਮੈਨੂੰ ਲੈ ਚੱਲ, ਅਤੇ ਮੇਰੀ ਅਗਵਾਈ ਕਰ।”—ਜ਼ਬੂਰ 31:2, 3.
ਹਮੇਸ਼ਾ ਮਸੀਹੀ ਏਕਤਾ ਬਣਾਈ ਰੱਖੋ
18. ਪੌਲੁਸ ਨੇ ਮਸੀਹੀ ਕਲੀਸਿਯਾ ਦੀ ਏਕਤਾ ਨੂੰ ਕਿਵੇਂ ਦਰਸਾਇਆ?
18 ਪਹਿਲਾ ਕੁਰਿੰਥੀਆਂ ਅਧਿਆਇ 12 ਵਿਚ, ਪੌਲੁਸ ਨੇ ਮਸੀਹੀ ਕਲੀਸਿਯਾ ਦੀ ਏਕਤਾ ਨੂੰ ਦਰਸਾਉਣ ਦੇ ਲਈ ਮਾਨਵ ਸਰੀਰ ਦਾ ਇਸਤੇਮਾਲ ਕੀਤਾ। ਉਸ ਨੇ ਹਰੇਕ ਸਦੱਸ ਦੀ ਪਰਸਪਰ ਨਿਰਭਰਤਾ ਅਤੇ ਮਹੱਤਤਾ ਉੱਤੇ ਜ਼ੋਰ ਦਿੱਤਾ। “ਜੇ ਓਹ ਸੱਭੇ ਇੱਕੋ ਹੀ ਅੰਗ ਹੁੰਦੇ ਤਾਂ ਸਰੀਰ ਕਿੱਥੇ ਹੁੰਦਾ?” ਪੌਲੁਸ ਨੇ ਪੁੱਛਿਆ। “ਪਰ ਹੁਣ ਤਾਂ ਬਾਹਲੇ ਅੰਗ ਹਨ ਪਰ ਸਰੀਰ ਇੱਕੋ ਹੈ। ਅੱਖ ਹੱਥ ਨੂੰ ਨਹੀਂ ਆਖ ਸੱਕਦੀ ਭਈ ਮੈਨੂੰ ਤੇਰੀ ਕੋਈ ਲੋੜ ਨਹੀਂ, ਨਾ ਸਿਰ ਪੈਰਾਂ ਨੂੰ ਭਈ ਮੈਨੂੰ ਤੁਹਾਡੀ ਕੋਈ ਲੋੜ ਨਹੀਂ।” (1 ਕੁਰਿੰਥੀਆਂ 12:19-21) ਇਸੇ ਤਰ੍ਹਾਂ, ਯਹੋਵਾਹ ਦੇ ਉਪਾਸਕਾਂ ਦੇ ਪਰਿਵਾਰ ਵਿਚ ਅਸੀਂ ਸਾਰੇ ਇੱਕੋ ਜਿਹਾ ਕੰਮ ਨਹੀਂ ਕਰਦੇ ਹਾਂ। ਫਿਰ ਵੀ, ਅਸੀਂ ਸੰਯੁਕਤ ਹਾਂ, ਅਤੇ ਸਾਨੂੰ ਇਕ ਦੂਜੇ ਦੀ ਜ਼ਰੂਰਤ ਹੈ।
19. ਅਸੀਂ ਪਰਮੇਸ਼ੁਰ ਦੇ ਅਧਿਆਤਮਿਕ ਪ੍ਰਬੰਧਾਂ ਤੋਂ ਕਿਵੇਂ ਲਾਭ ਉਠਾ ਸਕਦੇ ਹਾਂ, ਅਤੇ ਇਕ ਬਿਰਧ ਭਰਾ ਨੇ ਇਸ ਸੰਬੰਧ ਵਿਚ ਕੀ ਕਿਹਾ?
19 ਜਿਵੇਂ ਸਰੀਰ ਨੂੰ ਭੋਜਨ, ਦੇਖ-ਭਾਲ, ਅਤੇ ਨਿਰਦੇਸ਼ਨ ਦੀ ਜ਼ਰੂਰਤ ਹੁੰਦੀ ਹੈ, ਸਾਨੂੰ ਉਨ੍ਹਾਂ ਅਧਿਆਤਮਿਕ ਪ੍ਰਬੰਧਾਂ ਦੀ ਜ਼ਰੂਰਤ ਹੈ ਜੋ ਪਰਮੇਸ਼ੁਰ ਆਪਣੇ ਬਚਨ, ਆਤਮਾ, ਅਤੇ ਸੰਗਠਨ ਦੇ ਜ਼ਰੀਏ ਦਿੰਦਾ ਹੈ। ਇਨ੍ਹਾਂ ਪ੍ਰਬੰਧਾਂ ਤੋਂ ਲਾਭ ਉਠਾਉਣ ਦੇ ਲਈ, ਸਾਨੂੰ ਯਹੋਵਾਹ ਦੇ ਪਾਰਥਿਵ ਪਰਿਵਾਰ ਦਾ ਭਾਗ ਹੋਣਾ ਚਾਹੀਦਾ ਹੈ। ਪਰਮੇਸ਼ੁਰ ਦੀ ਸੇਵਾ ਵਿਚ ਅਨੇਕ ਸਾਲ ਬਿਤਾਉਣ ਤੋਂ ਬਾਅਦ, ਇਕ ਭਰਾ ਨੇ ਲਿਖਿਆ: “ਮੈਂ ਇੰਨਾ ਧੰਨਵਾਦੀ ਹਾਂ ਕਿ ਮੈਂ ਯਹੋਵਾਹ ਦੇ ਮਕਸਦਾਂ ਦੇ ਗਿਆਨ ਵਿਚ 1914 ਤੋਂ ਪਹਿਲਾਂ ਦੇ ਉਨ੍ਹਾਂ ਮੁਢਲੇ ਦਿਨਾਂ ਤੋਂ ਲੈ ਕੇ, ਜਦੋਂ ਸਾਰੀਆਂ ਗੱਲਾਂ ਸਪੱਸ਼ਟ ਨਹੀਂ ਸਨ . . . ਇਸ ਦਿਨ ਤਕ ਜੀਵਤ ਰਿਹਾ ਹਾਂ, ਜਦੋਂ ਸੱਚਾਈ ਦੁਪਹਿਰ ਦੇ ਸੂਰਜ ਵਾਂਗ ਚਮਕਦੀ ਹੈ। ਜੇਕਰ ਕੋਈ ਚੀਜ਼ ਮੇਰੇ ਲਈ ਸਭ ਤੋਂ ਮਹੱਤਵਪੂਰਣ ਰਹੀ ਹੈ, ਤਾਂ ਉਹ ਹੈ ਯਹੋਵਾਹ ਦੇ ਦ੍ਰਿਸ਼ਟ ਸੰਗਠਨ ਦੇ ਨਜ਼ਦੀਕ ਬਣੇ ਰਹਿਣ ਦੀ ਗੱਲ। ਮੇਰੇ ਮੁਢਲੇ ਅਨੁਭਵਾਂ ਨੇ ਮੈਨੂੰ ਸਿਖਾਇਆ ਹੈ ਕਿ ਮਾਨਵ ਵਿਚਾਰਾਂ ਦੇ ਉੱਤੇ ਨਿਰਭਰ ਕਰਨਾ ਕਿੰਨਾ ਗ਼ਲਤ ਹੈ। ਜਦੋਂ ਇਕ ਵਾਰੀ ਮੇਰੇ ਮਨ ਨੇ ਉਸ ਨੁਕਤੇ ਨੂੰ ਠਾਣ ਲਿਆ, ਤਾਂ ਮੈਂ ਇਸ ਵਫ਼ਾਦਾਰ ਸੰਗਠਨ ਦੇ ਨਾਲ ਰਹਿਣ ਦਾ ਦ੍ਰਿੜ੍ਹ ਸੰਕਲਪ ਕੀਤਾ। ਨਹੀਂ ਤਾਂ ਇਕ ਵਿਅਕਤੀ ਯਹੋਵਾਹ ਦੀ ਕਿਰਪਾ ਅਤੇ ਬਰਕਤ ਹੋਰ ਕਿਵੇਂ ਹਾਸਲ ਕਰ ਸਕਦਾ ਹੈ?”
20. ਯਹੋਵਾਹ ਦੇ ਲੋਕ ਹੋਣ ਦੇ ਨਾਤੇ ਸਾਨੂੰ ਆਪਣੀ ਏਕਤਾ ਦੇ ਬਾਰੇ ਕੀ ਕਰਨ ਦੇ ਲਈ ਦ੍ਰਿੜ੍ਹ ਸੰਕਲਪ ਹੋਣਾ ਚਾਹੀਦਾ ਹੈ?
20 ਯਹੋਵਾਹ ਨੇ ਆਪਣੇ ਲੋਕਾਂ ਨੂੰ ਸੰਸਾਰੀ ਅੰਧਕਾਰ ਅਤੇ ਅਸੰਯੁਕਤੀ ਵਿੱਚੋਂ ਬਾਹਰ ਸੱਦਿਆ ਹੈ। (1 ਪਤਰਸ 2:9) ਉਸ ਨੇ ਸਾਨੂੰ ਆਪਣੇ ਨਾਲ ਅਤੇ ਸਾਡੇ ਸੰਗੀ ਵਿਸ਼ਵਾਸੀਆਂ ਦੇ ਨਾਲ ਪਵਿੱਤਰ ਏਕਤਾ ਵਿਚ ਲਿਆਂਦਾ ਹੈ। ਇਹ ਏਕਤਾ ਉਸ ਨਵੀਂ ਰੀਤੀ-ਵਿਵਸਥਾ ਵਿਚ ਵੀ ਹੋਵੇਗੀ ਜੋ ਹੁਣ ਇੰਨੀ ਨਜ਼ਦੀਕ ਹੈ। ਇਸ ਲਈ, ਇਨ੍ਹਾਂ ਭੈੜੇ ਅੰਤਿਮ ਦਿਨਾਂ ਵਿਚ, ਆਓ ਅਸੀਂ ‘ਪ੍ਰੇਮ ਨੂੰ ਪਾਉਣਾ’ ਜਾਰੀ ਰੱਖੀਏ ਅਤੇ ਆਪਣੀ ਬਹੁਮੁੱਲੀ ਏਕਤਾ ਨੂੰ ਵਧਾਉਣ ਅਤੇ ਬਣਾਈ ਰੱਖਣ ਵਿਚ ਜੋ ਕੁਝ ਸੰਭਵ ਹੋਵੇ, ਕਰੀਏ।—ਕੁਲੁੱਸੀਆਂ 3:14. (w96 7/15)
ਤੁਸੀਂ ਕਿਵੇਂ ਜਵਾਬ ਦਿਓਗੇ?
◻ ਪਰਮੇਸ਼ੁਰ ਦੀ ਇੱਛਾ ਕਰਨੀ ਅਤੇ ਸੱਚਾਈ ਨਾਲ ਚਿੰਬੜੇ ਰਹਿਣਾ, ਏਕਤਾ ਬਣਾਈ ਰੱਖਣ ਵਿਚ ਸਾਡੀ ਕਿਉਂ ਮਦਦ ਕਰ ਸਕਦੀ ਹੈ?
◻ ਏਕਤਾ ਜ਼ਬਾਨ ਦੇ ਉਚਿਤ ਇਸਤੇਮਾਲ ਦੇ ਨਾਲ ਕਿਵੇਂ ਸੰਬੰਧਿਤ ਹੈ?
◻ ਬਖ਼ਸ਼ਣਹਾਰ ਹੋਣ ਵਿਚ ਕੀ ਸ਼ਾਮਲ ਹੈ?
◻ ਨਿੱਜੀ ਫ਼ੈਸਲੇ ਕਰਦੇ ਸਮੇਂ ਅਸੀਂ ਏਕਤਾ ਕਿਵੇਂ ਬਣਾਈ ਰੱਖ ਸਕਦੇ ਹਾਂ?
◻ ਮਸੀਹੀ ਏਕਤਾ ਕਿਉਂ ਬਣਾਈ ਰੱਖੀਏ?
[ਸਫ਼ੇ 29 ਉੱਤੇ ਤਸਵੀਰ]
ਜਿਸ ਤਰ੍ਹਾਂ ਇਹ ਅਯਾਲੀ ਆਪਣੇ ਝੁੰਡ ਨੂੰ ਇਕੱਠਾ ਰੱਖਦਾ ਹੈ, ਉਸੇ ਤਰ੍ਹਾਂ ਯਹੋਵਾਹ ਆਪਣੇ ਲੋਕਾਂ ਨੂੰ ਸੰਯੁਕਤ ਰੱਖਦਾ ਹੈ