ਕੀ ਯਿਸੂ ਦੀਆਂ ਗੱਲਾਂ ਤੁਹਾਡੀਆਂ ਪ੍ਰਾਰਥਨਾਵਾਂ ʼਤੇ ਅਸਰ ਕਰਦੀਆਂ ਹਨ?
“ਜਾਂ ਯਿਸੂ ਏਹ ਗੱਲਾਂ ਕਰ ਹਟਿਆ ਤਾਂ ਭੀੜ ਉਹ ਦੇ ਉਪਦੇਸ਼ ਤੋਂ ਹੈਰਾਨ ਹੋਈ।”—ਮੱਤੀ 7:28.
1, 2. ਯਿਸੂ ਦੇ ਸਿਖਾਉਣ ਦੇ ਤਰੀਕੇ ਤੋਂ ਭੀੜਾਂ ਕਿਉਂ ਦੰਗ ਰਹਿ ਗਈਆਂ?
ਸਾਨੂੰ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਯਿਸੂ ਮਸੀਹ ਦੀਆਂ ਗੱਲਾਂ ਨੂੰ ਕਬੂਲ ਕਰਨਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨਾ ਚਾਹੀਦਾ ਹੈ। ਯਿਸੂ ਨੇ ਜਿਸ ਢੰਗ ਨਾਲ ਗੱਲਾਂ ਦੱਸੀਆਂ, ਉੱਦਾਂ ਪਹਿਲਾਂ ਕਦੇ ਕਿਸੇ ਇਨਸਾਨ ਨੇ ਨਹੀਂ ਦੱਸੀਆਂ। ਹਾਂ, ਪਹਾੜੀ ਉਪਦੇਸ਼ ਦੀਆਂ ਗੱਲਾਂ ਸਿਖਾਉਣ ਦੇ ਯਿਸੂ ਦੇ ਤਰੀਕੇ ਤੋਂ ਲੋਕੀ ਦੰਗ ਰਹਿ ਗਏ ਸਨ!—ਮੱਤੀ 7:28, 29 ਪੜ੍ਹੋ।
2 ਯਹੋਵਾਹ ਦਾ ਪੁੱਤਰ ਗ੍ਰੰਥੀਆਂ ਵਾਂਗ ਸਿੱਖਿਆ ਨਹੀਂ ਦਿੰਦਾ ਸੀ ਕਿਉਂਕਿ ਗ੍ਰੰਥੀ ਨਾਮੁਕੰਮਲ ਇਨਸਾਨਾਂ ਦੀਆਂ ਸਿੱਖਿਆਵਾਂ ਬਾਰੇ ਲੰਬੇ-ਚੌੜੇ ਭਾਸ਼ਣ ਦਿੰਦੇ ਸਨ। ਯਿਸੂ “ਇਖ਼ਤਿਆਰ ਵਾਲੇ ਵਾਂਙੁ” ਸਿਖਾਉਂਦਾ ਸੀ ਕਿਉਂਕਿ ਉਸ ਦੀ ਸਿੱਖਿਆ ਪਰਮੇਸ਼ੁਰ ਵੱਲੋਂ ਸੀ। (ਯੂਹੰ. 12:50) ਆਓ ਆਪਾਂ ਦੇਖੀਏ ਕਿ ਪਹਾੜੀ ਉਪਦੇਸ਼ ਦੀਆਂ ਅਗਲੀਆਂ ਗੱਲਾਂ ਦਾ ਸਾਡੀਆਂ ਪ੍ਰਾਰਥਨਾਵਾਂ ਉੱਤੇ ਕੀ ਅਸਰ ਪੈ ਸਕਦਾ ਹੈ।
ਪ੍ਰਾਰਥਨਾ ਕਰਦਿਆਂ ਕਪਟੀਆਂ ਦੀ ਰੀਸ ਨਾ ਕਰੋ
3. ਮੱਤੀ 6:5 ਵਿਚ ਜ਼ਿਕਰ ਕੀਤੇ ਯਿਸੂ ਦੇ ਸ਼ਬਦਾਂ ਦਾ ਸਾਰ ਦਿਓ।
3 ਪ੍ਰਾਰਥਨਾ ਸੱਚੀ ਭਗਤੀ ਦਾ ਅਹਿਮ ਹਿੱਸਾ ਹੈ ਅਤੇ ਸਾਨੂੰ ਰੋਜ਼ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਲੇਕਿਨ ਸਾਡੀਆਂ ਪ੍ਰਾਰਥਨਾਵਾਂ ਪਹਾੜੀ ਉਪਦੇਸ਼ ਵਿਚ ਦੱਸੀਆਂ ਯਿਸੂ ਦੀਆਂ ਗੱਲਾਂ ਅਨੁਸਾਰ ਹੋਣੀਆਂ ਚਾਹੀਦੀਆਂ ਹਨ। ਉਸ ਨੇ ਕਿਹਾ: “ਜਾਂ ਤੁਸੀਂ ਪ੍ਰਾਰਥਨਾ ਕਰੋ ਤਾਂ ਕਪਟੀਆਂ ਵਾਂਙੁ ਨਾ ਹੋ ਕਿਉਂ ਜੋ ਓਹ ਸਮਾਜਾਂ ਅਤੇ ਚੌਂਕਾਂ ਦੇ ਖੂੰਜਿਆਂ ਵਿੱਚ ਖੜੇ ਹੋਕੇ ਪ੍ਰਾਰਥਨਾ ਕਰਨੀ ਪਸਿੰਦ ਕਰਦੇ ਹਨ ਜੋ ਮਨੁੱਖ ਉਨ੍ਹਾਂ ਨੂੰ ਵੇਖਣ। ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਓਹ ਆਪਣਾ ਫਲ ਪਾ ਚੁੱਕੇ।”—ਮੱਤੀ 6:5.
4-6. (ੳ) ਫ਼ਰੀਸੀ “ਸਮਾਜਾਂ ਅਤੇ ਚੌਂਕਾਂ ਦੇ ਖੂੰਜਿਆਂ ਵਿੱਚ ਖੜੇ ਹੋਕੇ” ਪ੍ਰਾਰਥਨਾ ਕਰਨੀ ਕਿਉਂ ਪਸੰਦ ਕਰਦੇ ਸਨ? (ਅ) ਇਹ ਪਖੰਡੀ ਕਿਵੇਂ “ਆਪਣਾ ਫਲ ਪਾ ਚੁੱਕੇ” ਸਨ?
4 ਯਿਸੂ ਦੇ ਚੇਲਿਆਂ ਨੇ “ਕਪਟੀ” ਫ਼ਰੀਸੀਆਂ ਵਾਂਗ ਪ੍ਰਾਰਥਨਾ ਨਹੀਂ ਸੀ ਕਰਨੀ ਜੋ ਲੋਕਾਂ ਸਾਮ੍ਹਣੇ ਧਰਮੀ ਹੋਣ ਦਾ ਦਿਖਾਵਾ ਕਰਦੇ ਸਨ। (ਮੱਤੀ 23:13-32) ਉਹ ਪਖੰਡੀ “ਸਮਾਜਾਂ ਅਤੇ ਚੌਂਕਾਂ ਦੇ ਖੂੰਜਿਆਂ ਵਿੱਚ ਖੜੇ ਹੋਕੇ” ਪ੍ਰਾਰਥਨਾ ਕਰਨੀ ਪਸੰਦ ਕਰਦੇ ਸਨ। ਕਿਉਂ? ਤਾਂ ਜੋ “ਮਨੁੱਖ ਉਨ੍ਹਾਂ ਨੂੰ ਵੇਖਣ।” ਪਹਿਲੀ ਸਦੀ ਦੇ ਮਸੀਹੀ ਦਸਤੂਰ ਅਨੁਸਾਰ ਮੰਦਰ ਵਿਚ ਹੋਮ ਬਲੀਆਂ ਚੜ੍ਹਾਉਣ ਵੇਲੇ ਸਮੂਹ ਦੇ ਤੌਰ ਤੇ (ਤਕਰੀਬਨ ਸਵੇਰੇ ਨੌਂ ਵਜੇ ਤੇ ਦੁਪਹਿਰ ਨੂੰ ਤਿੰਨ ਵਜੇ) ਪ੍ਰਾਰਥਨਾ ਕਰਦੇ ਸਨ। ਯਰੂਸ਼ਲਮ ਦੇ ਕਈ ਲੋਕ ਮੰਦਰ ਦੇ ਵਿਹੜੇ ਵਿਚ ਇਕੱਠੇ ਹੋ ਕੇ ਪ੍ਰਾਰਥਨਾ ਕਰਦੇ ਹੁੰਦੇ ਸਨ। ਯਰੂਸ਼ਲਮ ਤੋਂ ਬਾਹਰ ਰਹਿੰਦੇ ਨੇਕ ਯਹੂਦੀ “ਸਮਾਜਾਂ ਵਿੱਚ ਖੜੇ ਹੋਕੇ” ਦਿਨ ਵਿਚ ਦੋ ਵਾਰ ਪ੍ਰਾਰਥਨਾ ਕਰਦੇ ਹੁੰਦੇ ਸਨ।—ਹੋਰ ਜਾਣਕਾਰੀ ਲਈ ਲੂਕਾ 18:11, 13 ਦੇਖੋ।
5 ਜ਼ਿਆਦਾਤਰ ਲੋਕ ਪ੍ਰਾਰਥਨਾ ਦੇ ਵੇਲੇ ਮੰਦਰ ਜਾਂ ਯਹੂਦੀ ਸਭਾ-ਘਰ ਦੇ ਨੇੜੇ ਨਹੀਂ ਸੀ ਹੁੰਦੇ। ਉਹ ਉਸ ਵੇਲੇ ਜਿੱਥੇ ਵੀ ਹੁੰਦੇ ਸਨ, ਉੱਥੇ ਹੀ ਪ੍ਰਾਰਥਨਾ ਕਰਨ ਲੱਗ ਜਾਂਦੇ ਸਨ। ਕੁਝ ਲੋਕ ਉਨ੍ਹਾਂ ਸਮਿਆਂ ʼਤੇ “ਚੌਂਕਾਂ ਦੇ ਖੂੰਜਿਆਂ ਵਿੱਚ ਖੜੇ” ਹੋ ਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਸਨ। ਉਹ ਚਾਹੁੰਦੇ ਸਨ ਕਿ ਉੱਥੋਂ ਦੀ ਆਉਂਦੇ-ਜਾਂਦੇ ਲੋਕ ਉਨ੍ਹਾਂ ਨੂੰ ਪ੍ਰਾਰਥਨਾ ਕਰਦਿਆਂ “ਵੇਖਣ।” ਇਹ ਪਖੰਡੀ “ਵਿਖਾਲਣ ਲਈ ਲੰਮੀਆਂ ਪ੍ਰਾਰਥਨਾਂ” ਕਰਦੇ ਸਨ ਤਾਂਕਿ ਲੋਕ ਉਨ੍ਹਾਂ ਦੀਆਂ ਸਿਫ਼ਤਾਂ ਕਰਨ। (ਲੂਕਾ 20:47) ਪਰ ਸਾਨੂੰ ਇੱਦਾਂ ਨਹੀਂ ਕਰਨਾ ਚਾਹੀਦਾ।
6 ਯਿਸੂ ਨੇ ਕਿਹਾ ਕਿ ਅਜਿਹੇ ਪਖੰਡੀ “ਆਪਣਾ ਫਲ ਪਾ ਚੁੱਕੇ” ਸਨ। ਉਹ ਲੋਕਾਂ ਤੋਂ ਵਡਿਆਈ ਕਰਾਉਣ ਦੇ ਭੁੱਖੇ ਸਨ। ਹੋਰ ਉਨ੍ਹਾਂ ਨੂੰ ਮਿਲਣਾ ਵੀ ਕੀ ਸੀ! ਬਸ ਇਹੀ ਉਨ੍ਹਾਂ ਦਾ ਫਲ ਸੀ ਕਿਉਂਕਿ ਯਹੋਵਾਹ ਨੇ ਉਨ੍ਹਾਂ ਕਪਟੀਆਂ ਦੀਆਂ ਪ੍ਰਾਰਥਨਾਵਾਂ ਨਹੀਂ ਸੁਣਨੀਆਂ ਸੀ। ਪਰ ਯਹੋਵਾਹ ਯਿਸੂ ਦੇ ਸੱਚੇ ਚੇਲਿਆਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ ਜਿਵੇਂ ਯਿਸੂ ਦੇ ਅਗਲੇ ਸ਼ਬਦਾਂ ਤੋਂ ਪਤਾ ਲੱਗਦਾ ਹੈ।
7. “ਆਪਣੀ ਕੋਠੜੀ” ਵਿਚ ਵੜ ਕੇ ਪ੍ਰਾਰਥਨਾ ਕਰਨ ਦਾ ਕੀ ਮਤਲਬ ਹੈ?
7 “ਪਰ ਜਾਂ ਤੂੰ ਪ੍ਰਾਰਥਨਾ ਕਰੇਂ ਤਾਂ ਆਪਣੀ ਕੋਠੜੀ ਵਿੱਚ ਵੜ ਅਤੇ ਆਪਣਾ ਬੂਹਾ ਭੇੜ ਕੇ ਆਪਣੇ ਪਿਤਾ ਤੋਂ ਜਿਹੜਾ ਗੁਪਤ ਹੈ ਪ੍ਰਾਰਥਨਾ ਕਰ ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ ਤੈਨੂੰ ਫਲ ਦੇਵੇਗਾ।” (ਮੱਤੀ 6:6) ਬੂਹਾ ਭੇੜ ਕੇ ਕੋਠੜੀ ਵਿਚ ਪ੍ਰਾਰਥਨਾ ਕਰਨ ਤੋਂ ਯਿਸੂ ਦਾ ਇਹ ਮਤਲਬ ਨਹੀਂ ਸੀ ਕਿ ਕੋਈ ਕਲੀਸਿਯਾ ਵਿਚ ਦੂਸਰਿਆਂ ਦੇ ਸਾਮ੍ਹਣੇ ਪ੍ਰਾਰਥਨਾ ਨਹੀਂ ਕਰ ਸਕਦਾ। ਉਸ ਦੇ ਕਹਿਣ ਦਾ ਮਤਲਬ ਸੀ ਕਿ ਜਦੋਂ ਅਸੀਂ ਲੋਕਾਂ ਅੱਗੇ ਪ੍ਰਾਰਥਨਾ ਕਰਦੇ ਹਾਂ, ਤਾਂ ਸਾਨੂੰ ਉਨ੍ਹਾਂ ਦਾ ਧਿਆਨ ਆਪਣੇ ਵੱਲ ਨਹੀਂ ਖਿੱਚਣਾ ਚਾਹੀਦਾ ਤਾਂਕਿ ਉਹ ਸਾਡੀ ਵਾਹ-ਵਾਹ ਕਰਨ। ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਜੇ ਸਾਨੂੰ ਪਰਮੇਸ਼ੁਰ ਦੇ ਲੋਕਾਂ ਅੱਗੇ ਪ੍ਰਾਰਥਨਾ ਕਰਨ ਦਾ ਸਨਮਾਨ ਮਿਲਦਾ ਹੈ। ਆਓ ਆਪਾਂ ਦੇਖੀਏ ਕਿ ਯਿਸੂ ਨੇ ਪ੍ਰਾਰਥਨਾ ਕਰਨ ਬਾਰੇ ਅੱਗੇ ਕੀ ਕਿਹਾ।
8. ਮੱਤੀ 6:7 ਅਨੁਸਾਰ ਸਾਨੂੰ ਕਿਸ ਤਰ੍ਹਾਂ ਪ੍ਰਾਰਥਨਾ ਨਹੀਂ ਕਰਨੀ ਚਾਹੀਦੀ?
8 “ਤੁਸੀਂ ਪ੍ਰਾਰਥਨਾ ਕਰਦਿਆਂ ਹੋਇਆਂ ਪਰਾਈਆਂ ਕੌਮਾਂ ਦੇ ਲੋਕਾਂ ਵਾਂਗਰ ਬਕ ਬਕ ਨਾ ਕਰੋ ਕਿਉਂ ਜੋ ਓਹ ਸਮਝਦੇ ਹਨ ਭਈ ਸਾਡੇ ਬਹੁਤ ਬੋਲਣ ਕਰਕੇ ਸਾਡੀ ਸੁਣੀ ਜਾਵੇਗੀ।” (ਮੱਤੀ 6:7) ਧਿਆਨ ਦਿਓ ਕਿ ਯਿਸੂ ਨੇ ਕਿਹਾ ਕਿ ਸਾਨੂੰ ਪ੍ਰਾਰਥਨਾ ਵਿਚ ਵਾਰ-ਵਾਰ ਇੱਕੋ ਗੱਲ ਨਹੀਂ ਕਹਿਣੀ ਚਾਹੀਦੀ। ਪਰ ਉਹ ਇਹ ਨਹੀਂ ਸੀ ਕਹਿ ਰਿਹਾ ਕਿ ਸਾਨੂੰ ਕਦੇ ਵੀ ਵਾਰ-ਵਾਰ ਦਿਲੋਂ ਬੇਨਤੀਆਂ ਤੇ ਪਰਮੇਸ਼ੁਰ ਦਾ ਧੰਨਵਾਦ ਨਹੀਂ ਕਰਨਾ ਚਾਹੀਦਾ। ਯਿਸੂ ਨੇ ਵੀ ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਗਥਸਮਨੀ ਦੇ ਬਾਗ਼ ਵਿਚ ਪ੍ਰਾਰਥਨਾ ਵਿਚ ਇੱਕੋ “ਗੱਲ” ਦੁਹਰਾਈ ਸੀ।—ਮਰ. 14:32-39.
9, 10. ਕਿਸ ਅਰਥ ਵਿਚ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਨਹੀਂ ਦੁਹਰਾਉਣੀਆਂ ਚਾਹੀਦੀਆਂ?
9 “ਪਰਾਈਆਂ ਕੌਮਾਂ ਦੇ ਲੋਕਾਂ” ਵਾਂਗ ਇੱਕੋ ਹੀ ਸ਼ਬਦ ਵਾਰ-ਵਾਰ ਕਹੀ ਜਾਣਾ ਗ਼ਲਤ ਹੈ। ਲੋਕ ਫ਼ਜ਼ੂਲ ਲਫ਼ਜ਼ਾਂ ਦਾ ਰੱਟਾ ਲਾ ਕੇ ਉਨ੍ਹਾਂ ਨੂੰ ਵਾਰ-ਵਾਰ ਦੁਹਰਾਉਂਦੇ ਰਹਿੰਦੇ ਹਨ। ਬਆਲ ਦੇ ਪੁਜਾਰੀਆਂ ਦੀ ਸੁਣੀ ਨਹੀਂ ਗਈ ਜੋ “ਸਵੇਰ ਤੋਂ ਦੁਪਹਿਰ ਤੀਕ ਬਆਲ ਦੇ ਨਾਮ ਉੱਤੇ ਪੁਕਾਰਦੇ ਰਹੇ, ਹੇ ਬਆਲ, ਸਾਡੀ ਸੁਣ।” (1 ਰਾਜ. 18:26) ਅੱਜ ਲੱਖਾਂ ਹੀ ਲੋਕ ਰਟੀਆਂ-ਰਟਾਈਆਂ ਪ੍ਰਾਰਥਨਾਵਾਂ ਕਰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਪ੍ਰਾਰਥਨਾ ਕਰਨ ਨਾਲ ਉਨ੍ਹਾਂ ਦੀ “ਸੁਣੀ ਜਾਵੇਗੀ।” ਪਰ ਯਿਸੂ ਸਾਨੂੰ ਦੱਸਦਾ ਹੈ ਕਿ ਸਾਡੇ “ਬਹੁਤ ਬੋਲਣ” ਯਾਨੀ ਰਟੇ-ਰਟਾਏ ਲਫ਼ਜ਼ ਕਹੀ ਜਾਣ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਅਜਿਹੀਆਂ ਪ੍ਰਾਰਥਨਾਵਾਂ ਯਹੋਵਾਹ ਦੀ ਨਜ਼ਰ ਵਿਚ ਕੋਈ ਮਾਅਨੇ ਨਹੀਂ ਰੱਖਦੀਆਂ। ਯਿਸੂ ਨੇ ਅੱਗੇ ਕਿਹਾ:
10 “ਸੋ ਤੁਸੀਂ ਉਨ੍ਹਾਂ ਵਰਗੇ ਨਾ ਹੋਵੋ ਕਿਉਂ ਜੋ ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਭਈ ਤੁਹਾਨੂੰ ਕਿਨ੍ਹਾਂ ਕਿਨ੍ਹਾਂ ਵਸਤਾਂ ਦੀ ਲੋੜ ਹੈ।” (ਮੱਤੀ 6:8) ਕਈ ਯਹੂਦੀ ਧਾਰਮਿਕ ਆਗੂ ਦੂਜੀਆਂ ਕੌਮਾਂ ਦੇ ਲੋਕਾਂ ਦੀ ਤਰ੍ਹਾਂ ਲੰਬੀਆਂ-ਲੰਬੀਆਂ ਪ੍ਰਾਰਥਨਾਵਾਂ ਕਰਦੇ ਸਨ। ਯਾਦ ਰੱਖੋ ਕਿ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਸਾਡੀ ਭਗਤੀ ਦਾ ਅਹਿਮ ਹਿੱਸਾ ਹਨ ਜਿਨ੍ਹਾਂ ਵਿਚ ਅਸੀਂ ਯਹੋਵਾਹ ਦੀ ਮਹਿਮਾ, ਉਸ ਦਾ ਧੰਨਵਾਦ ਅਤੇ ਬੇਨਤੀਆਂ ਕਰਦੇ ਹਾਂ। (ਫ਼ਿਲਿ. 4:6) ਪਰ ਜੇ ਅਸੀਂ ਸੋਚਦੇ ਹਾਂ ਕਿ ਯਹੋਵਾਹ ਨੂੰ ਆਪਣੀਆਂ ਲੋੜਾਂ ਦੱਸਣ ਲਈ ਲਫ਼ਜ਼ਾਂ ਨੂੰ ਦੁਹਰਾਈ ਜਾਣਾ ਜ਼ਰੂਰੀ ਹੈ, ਤਾਂ ਇਹ ਗ਼ਲਤ ਹੈ। ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ, ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਉਸ ਸ਼ਖ਼ਸ ਨਾਲ ਗੱਲ ਕਰ ਰਹੇ ਹਾਂ ਜੋ ‘ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਭਈ ਸਾਨੂੰ ਕਿਨ੍ਹਾਂ ਕਿਨ੍ਹਾਂ ਵਸਤਾਂ ਦੀ ਲੋੜ ਹੈ।’
11. ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ ਜੇ ਸਾਨੂੰ ਦੂਜਿਆਂ ਅੱਗੇ ਪ੍ਰਾਰਥਨਾ ਕਰਨ ਦਾ ਸਨਮਾਨ ਮਿਲਿਆ ਹੈ?
11 ਨਾਮੰਜ਼ੂਰ ਪ੍ਰਾਰਥਨਾਵਾਂ ਬਾਰੇ ਯਿਸੂ ਦੀਆਂ ਗੱਲਾਂ ਤੋਂ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਵੱਡੇ-ਵੱਡੇ ਲਫ਼ਜ਼ਾਂ ਅਤੇ ਸਾਡੇ ਜ਼ਿਆਦਾ ਬੋਲਣ ਤੋਂ ਖ਼ੁਸ਼ ਨਹੀਂ ਹੁੰਦਾ। ਅਸੀਂ ਇਹ ਵੀ ਦੇਖਿਆ ਹੈ ਕਿ ਅਸੀਂ ਪ੍ਰਾਰਥਨਾ ਇਸ ਲਈ ਨਹੀਂ ਕਰਦੇ ਕਿ ਸੁਣਨ ਵਾਲੇ ਸਾਡੀ ਤਾਰੀਫ਼ ਕਰਨ। ਸੁਣਨ ਵਾਲਿਆਂ ਨੂੰ ਇਹ ਵੀ ਨਹੀਂ ਲੱਗਣਾ ਚਾਹੀਦਾ ਕਿ “ਆਮੀਨ” ਤੋਂ ਪਹਿਲਾਂ ਭਰਾ ਪ੍ਰਾਰਥਨਾ ਕਦੋਂ ਖ਼ਤਮ ਕਰੇਗਾ। ਪ੍ਰਾਰਥਨਾਵਾਂ ਵਿਚ ਨਾ ਤਾਂ ਸਾਨੂੰ ਘੋਸ਼ਣਾਵਾਂ ਕਰਨੀਆਂ ਚਾਹੀਦੀਆਂ ਹਨ ਅਤੇ ਨਾ ਹੀ ਭੈਣਾਂ-ਭਰਾਵਾਂ ਨੂੰ ਤਾੜਨਾ ਦੇਣੀ ਚਾਹੀਦੀ ਹੈ ਕਿਉਂਕਿ ਇਹ ਪਹਾੜੀ ਉਪਦੇਸ਼ ਵਿਚ ਯਿਸੂ ਦੀਆਂ ਗੱਲਾਂ ਅਨੁਸਾਰ ਨਹੀਂ ਹੋਵੇਗਾ।
ਯਿਸੂ ਅਨੁਸਾਰ ਪ੍ਰਾਰਥਨਾ ਕਿਵੇਂ ਕਰੀਏ
12. ਸਮਝਾਓ ਕਿ “ਤੇਰਾ ਨਾਮ ਪਾਕ ਮੰਨਿਆ ਜਾਵੇ” ਬੇਨਤੀ ਦਾ ਕੀ ਮਤਲਬ ਹੈ?
12 ਯਿਸੂ ਨੇ ਨਾ ਸਿਰਫ਼ ਚੇਲਿਆਂ ਨੂੰ ਦੱਸਿਆ ਕਿ ਪ੍ਰਾਰਥਨਾ ਕਿਵੇਂ ਨਹੀਂ ਕਰਨੀ ਚਾਹੀਦੀ, ਸਗੋਂ ਉਸ ਨੇ ਉਨ੍ਹਾਂ ਨੂੰ ਪ੍ਰਾਰਥਨਾ ਕਰਨੀ ਵੀ ਸਿਖਾਈ ਸੀ। (ਮੱਤੀ 6:9-13 ਪੜ੍ਹੋ।) ਪਰ ਸਾਨੂੰ ਯਿਸੂ ਦੀ ਸਿਖਾਈ ਪ੍ਰਾਰਥਨਾ ਦਾ ਰੱਟਾ ਨਹੀਂ ਲਾਉਣਾ ਚਾਹੀਦਾ। ਇਹ ਸਾਡੇ ਲਈ ਇਕ ਨਮੂਨਾ ਹੈ ਕਿ ਅਸੀਂ ਪ੍ਰਾਰਥਨਾ ਵਿਚ ਕੀ ਕੁਝ ਕਹਿ ਸਕਦੇ ਹਾਂ। ਮਿਸਾਲ ਲਈ, ਯਿਸੂ ਨੇ ਪ੍ਰਾਰਥਨਾ ਵਿਚ ਪਹਿਲਾਂ ਪਰਮੇਸ਼ੁਰ ਦਾ ਜ਼ਿਕਰ ਕੀਤਾ: “ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ।” (ਮੱਤੀ 6:9) ਯਹੋਵਾਹ ਨੂੰ ‘ਸਾਡਾ ਪਿਤਾ’ ਕਹਿਣਾ ਸਹੀ ਹੈ ਕਿਉਂਕਿ ਉਹ ਸਾਡਾ ਸਿਰਜਣਹਾਰ ਹੈ ਜੋ ਧਰਤੀ ਤੋਂ ਕਿਤੇ ਦੂਰ ‘ਸੁਰਗ ਵਿੱਚ ਰਹਿੰਦਾ ਹੈ।’ (ਬਿਵ. 32:6; 2 ਇਤ. 6:21; ਰਸੂ. 17:24, 28) ਬਹੁਵਚਨ ਸ਼ਬਦ “ਸਾਡੇ” ਤੋਂ ਪਤਾ ਲੱਗਦਾ ਹੈ ਕਿ ਸਾਡੇ ਭੈਣਾਂ-ਭਰਾਵਾਂ ਦਾ ਯਹੋਵਾਹ ਨਾਲ ਨਜ਼ਦੀਕੀ ਰਿਸ਼ਤਾ ਹੈ। “ਤੇਰਾ ਨਾਮ ਪਾਕ ਮੰਨਿਆ ਜਾਵੇ” ਬੇਨਤੀ ਹੈ ਕਿ ਯਹੋਵਾਹ ਅਦਨ ਦੇ ਬਾਗ਼ ਵਿਚ ਆਪਣੇ ਨਾਂ ʼਤੇ ਲੱਗੇ ਧੱਬੇ ਨੂੰ ਮਿਟਾ ਕੇ ਉਸ ਨੂੰ ਪਾਕ ਕਰੇ। ਇਸ ਪ੍ਰਾਰਥਨਾ ਦੇ ਜਵਾਬ ਵਿਚ ਯਹੋਵਾਹ ਧਰਤੀ ਤੋਂ ਬੁਰਿਆਈ ਨੂੰ ਖ਼ਤਮ ਕਰ ਕੇ ਆਪਣੇ ਨਾਂ ਨੂੰ ਉੱਚਾ ਕਰੇਗਾ।—ਹਿਜ਼. 36:23.
13. (ੳ) “ਤੇਰਾ ਰਾਜ ਆਵੇ” ਬੇਨਤੀ ਕਿਵੇਂ ਪੂਰੀ ਹੋਵੇਗੀ? (ਅ) ਧਰਤੀ ਸੰਬੰਧੀ ਪਰਮੇਸ਼ੁਰ ਦੀ ਇੱਛਾ ਕਿਵੇਂ ਪੂਰੀ ਹੋਵੇਗੀ?
13 “ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 6:10) ਯਿਸੂ ਦੀ ਪ੍ਰਾਰਥਨਾ ਵਿਚ ਇਹ ਬੇਨਤੀ ਸਾਨੂੰ ਯਾਦ ਕਰਾਉਂਦੀ ਹੈ ਕਿ ਇਹ “ਰਾਜ” ਸਵਰਗੀ ਸਰਕਾਰ ਹੈ ਜਿਸ ਦੀ ਵਾਗਡੋਰ ਯਿਸੂ ਅਤੇ ਸਵਰਗੀ ਜੀਵਨ ਪਾਉਣ ਵਾਲੇ ‘ਸੰਤਾਂ’ ਦੇ ਹੱਥਾਂ ਵਿਚ ਹੈ। (ਦਾਨੀ. 7:13, 14, 18; ਯਸਾ. 9:6, 7) ਜਦੋਂ ਅਸੀਂ ਰਾਜ ਦੇ ‘ਆਉਣ’ ਲਈ ਬੇਨਤੀ ਕਰਦੇ ਹਾਂ, ਤਾਂ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਇਸ ਰਾਜ ਦੇ ਜ਼ਰੀਏ ਆਪਣੇ ਵਿਰੋਧੀਆਂ ਦਾ ਨਾਸ਼ ਕਰੇ। ਯਹੋਵਾਹ ਇਹ ਕੰਮ ਜਲਦੀ ਹੀ ਕਰੇਗਾ ਅਤੇ ਧਰਤੀ ਉੱਤੇ ਧਾਰਮਿਕਤਾ, ਸ਼ਾਂਤੀ ਅਤੇ ਖ਼ੁਸ਼ਹਾਲੀ ਕਾਇਮ ਕਰੇਗਾ। (ਜ਼ਬੂ. 72:1-15; ਦਾਨੀ. 2:44; 2 ਪਤ. 3:13) ਯਹੋਵਾਹ ਦੀ ਇੱਛਾ ਸਵਰਗ ਵਿਚ ਪੂਰੀ ਹੋ ਰਹੀ ਹੈ। ਜਦੋਂ ਅਸੀਂ ਧਰਤੀ ʼਤੇ ਉਸ ਦੀ ਇੱਛਾ ਪੂਰੀ ਹੋਣ ਬਾਰੇ ਪ੍ਰਾਰਥਨਾ ਕਰਦੇ ਹਾਂ, ਤਾਂ ਅਸਲ ਵਿਚ ਅਸੀਂ ਕਹਿੰਦੇ ਹਾਂ ਕਿ ਯਹੋਵਾਹ ਧਰਤੀ ਸੰਬੰਧੀ ਆਪਣਾ ਮਕਸਦ ਪੂਰਾ ਕਰੇ ਅਤੇ ਪੁਰਾਣੇ ਜ਼ਮਾਨਿਆਂ ਦੀ ਤਰ੍ਹਾਂ ਅੱਜ ਵੀ ਆਪਣੇ ਦੁਸ਼ਮਣਾਂ ਦਾ ਖੁਰਾ-ਖੋਜ ਮਿਟਾਵੇ।—ਜ਼ਬੂਰਾਂ ਦੀ ਪੋਥੀ 83:1, 2, 13-18 ਪੜ੍ਹੋ।
14. “ਸਾਡੀ ਰੋਜ ਦੀ ਰੋਟੀ” ਵਾਸਤੇ ਬੇਨਤੀ ਕਰਨੀ ਕਿਉਂ ਢੁਕਵੀਂ ਹੈ?
14 “ਸਾਡੀ ਰੋਜ ਦੀ ਰੋਟੀ ਅੱਜ ਸਾਨੂੰ ਦਿਹ।” (ਮੱਤੀ 6:11; ਲੂਕਾ 11:3) ਇਹ ਬੇਨਤੀ ਕਰ ਕੇ ਅਸੀਂ ਪਰਮੇਸ਼ੁਰ ਤੋਂ “ਰੋਜ” ਲਈ ਜ਼ਰੂਰੀ ਭੋਜਨ ਮੰਗਦੇ ਹਾਂ। ਸਾਨੂੰ ਯਹੋਵਾਹ ਵਿਚ ਨਿਹਚਾ ਹੈ ਕਿ ਉਹ ਸਾਡੀਆਂ ਰੋਜ਼ ਦੀਆਂ ਲੋੜਾਂ ਪੂਰੀਆਂ ਕਰ ਸਕਦਾ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਯਹੋਵਾਹ ਤੋਂ ਲੋੜੋਂ ਵਧ ਚੀਜ਼ਾਂ ਮੰਗੀਏ। ਰੋਜ਼ ਦੀਆਂ ਲੋੜਾਂ ਵਾਸਤੇ ਇਹ ਬੇਨਤੀ ਸ਼ਾਇਦ ਸਾਨੂੰ ਯਾਦ ਕਰਾਵੇ ਕਿ ਯਹੋਵਾਹ ਨੇ ਇਸਰਾਏਲੀਆਂ ਨੂੰ “ਇੱਕ ਦਿਨ” ਵਾਸਤੇ ਮੰਨ ਇਕੱਠਾ ਕਰਨ ਦਾ ਹੁਕਮ ਦਿੱਤਾ ਸੀ।—ਕੂਚ 16:4.
15. ਸਮਝਾਓ ਕਿ ਇਸ ਬੇਨਤੀ ਦਾ ਕੀ ਮਤਲਬ ਹੈ ਕਿ “ਸਾਡੇ ਕਰਜ਼ ਸਾਨੂੰ ਮਾਫ਼ ਕਰ, ਜਿਵੇਂ ਅਸਾਂ ਵੀ ਆਪਣੇ ਕਰਜਾਈਆਂ ਨੂੰ ਮਾਫ਼ ਕੀਤਾ ਹੈ।”
15 ਅਗਲੀ ਬੇਨਤੀ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਵੀ ਕੁਝ ਕਰਨ ਦੀ ਲੋੜ ਹੈ। ਯਿਸੂ ਨੇ ਕਿਹਾ: “ਸਾਡੇ ਕਰਜ਼ ਸਾਨੂੰ ਮਾਫ਼ ਕਰ, ਜਿਵੇਂ ਅਸਾਂ ਵੀ ਆਪਣੇ ਕਰਜਾਈਆਂ ਨੂੰ ਮਾਫ਼ ਕੀਤਾ ਹੈ।” (ਮੱਤੀ 6:12) ਲੂਕਾ ਦੀ ਇੰਜੀਲ ਦੱਸਦੀ ਹੈ ਕਿ ਇਹ “ਕਰਜ਼” ਅਸਲ ਵਿਚ “ਪਾਪ” ਹਨ। (ਲੂਕਾ 11:4) ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੇ ਪਾਪ ਮਾਫ਼ ਕਰੇ, ਤਾਂ ਜ਼ਰੂਰੀ ਹੈ ਕਿ ਪਹਿਲਾਂ ਅਸੀਂ ਉਨ੍ਹਾਂ ਨੂੰ ਮਾਫ਼ ਕਰੀਏ ਜਿਨ੍ਹਾਂ ਨੇ ਸਾਡੇ ਖ਼ਿਲਾਫ਼ ਕੋਈ ਪਾਪ ਕੀਤਾ ਹੈ। (ਮੱਤੀ 6:14, 15 ਪੜ੍ਹੋ।) ਸਾਨੂੰ ਖੁੱਲ੍ਹੇ ਦਿਲ ਨਾਲ ਉਨ੍ਹਾਂ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ।—ਅਫ਼. 4:32; ਕੁਲੁ. 3:13.
16. ਇਨ੍ਹਾਂ ਬੇਨਤੀਆਂ ਦਾ ਕੀ ਮਤਲਬ ਹੈ ਕਿ ਸਾਨੂੰ ਪਰਤਾਵੇ ਵਿਚ ਨਾ ਪਾਵੋ ਅਤੇ ਦੁਸ਼ਟ ਤੋਂ ਬਚਾਵੋ?
16 “ਸਾਨੂੰ ਪਰਤਾਵੇ ਵਿੱਚ ਨਾ ਪਾਵੋ, ਸਗੋਂ ਦੁਸ਼ਟ ਤੋਂ ਬਚਾਵੋ।” (ਮੱਤੀ 6:13, ERV) ਯਿਸੂ ਦੀ ਪ੍ਰਾਰਥਨਾ ਵਿਚਲੀਆਂ ਦੋਵਾਂ ਬੇਨਤੀਆਂ ਤੋਂ ਕੀ ਪਤਾ ਲੱਗਦਾ ਹੈ? ਇਕ ਗੱਲ ਤਾਂ ਪੱਕੀ ਹੈ ਕਿ ਯਹੋਵਾਹ ਸਾਨੂੰ ਪਾਪ ਕਰਨ ਲਈ ਨਹੀਂ ਪਰਤਾਉਂਦਾ। (ਯਾਕੂਬ 1:13 ਪੜ੍ਹੋ।) ਜੋ ਸਾਨੂੰ ‘ਪਰਤਾਉਂਦਾ’ ਹੈ, ਉਹ ਅਸਲ ਵਿਚ “ਦੁਸ਼ਟ” ਸ਼ਤਾਨ ਹੈ । (ਮੱਤੀ 4:3) ਇਹ ਸੱਚ ਹੈ ਕਿ ਬਾਈਬਲ ਵਿਚ ਜ਼ਿਕਰ ਕੀਤੇ ਕੁਝ ਲੋਕਾਂ ਨੇ ਸੋਚਿਆ ਸੀ ਕਿ ਪਰਮੇਸ਼ੁਰ ਨੇ ਉਨ੍ਹਾਂ ʼਤੇ ਦੁੱਖ ਲਿਆਂਦੇ ਸਨ, ਪਰ ਅਸਲ ਵਿਚ ਪਰਮੇਸ਼ੁਰ ਦੁੱਖ ਨਹੀਂ ਲਿਆਉਂਦਾ। ਉਹ ਆਪਣੇ ਭਗਤਾਂ ਉੱਤੇ ਦੁੱਖਾਂ ਨੂੰ ਆਉਣ ਦਿੰਦਾ ਹੈ। (ਰੂਥ 1:20, 21; ਉਪ. 11:5) ਜਦੋਂ ਅਸੀਂ ਬੇਨਤੀ ਕਰਦੇ ਹਾਂ ਕਿ “ਸਾਨੂੰ ਪਰਤਾਵੇ ਵਿੱਚ ਨਾ ਪਾਵੋ,” ਉਦੋਂ ਅਸੀਂ ਯਹੋਵਾਹ ਤੋਂ ਪਰਤਾਵੇ ਅੱਗੇ ਨਾ ਝੁਕਣ ਦੀ ਤਾਕਤ ਮੰਗਦੇ ਹਾਂ ਤਾਂਕਿ ਅਸੀਂ ਯਹੋਵਾਹ ਦੇ ਹੁਕਮਾਂ ਦੀ ਉਲੰਘਣਾ ਨਾ ਕਰੀਏ। “ਦੁਸ਼ਟ ਤੋਂ ਬਚਾਵੋ” ਬੇਨਤੀ ਕਰ ਕੇ ਅਸੀਂ ਕਹਿੰਦੇ ਹਾਂ ਕਿ ਯਹੋਵਾਹ ਸਾਡੇ ʼਤੇ ਸ਼ਤਾਨ ਨੂੰ ਹਾਵੀ ਨਾ ਹੋਣ ਦੇਵੇ। ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ‘ਪਰਮੇਸ਼ੁਰ ਸ਼ਕਤੀਓਂ ਬਾਹਰ ਸਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ।’—1 ਕੁਰਿੰਥੀਆਂ 10:13 ਪੜ੍ਹੋ।
‘ਮੰਗਦੇ, ਢੂੰਢਦੇ ਅਤੇ ਖੜਕਾਉਂਦੇ’ ਰਹੋ
17, 18. ‘ਮੰਗਦੇ, ਢੂੰਢਦੇ ਅਤੇ ਖੜਕਾਉਂਦੇ ਰਹਿਣ’ ਦਾ ਕੀ ਮਤਲਬ ਹੈ?
17 ਪੌਲੁਸ ਰਸੂਲ ਨੇ ਭੈਣਾਂ-ਭਰਾਵਾਂ ਨੂੰ ਤਾਕੀਦ ਕੀਤੀ: “ਪ੍ਰਾਰਥਨਾ ਲਗਾਤਾਰ ਕਰਦੇ ਰਹੋ।” (ਰੋਮੀ. 12:12) ਯਿਸੂ ਨੇ ਵੀ ਇਸੇ ਤਰ੍ਹਾਂ ਕਿਹਾ ਸੀ: “ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ। ਢੂੰਢੋ ਤਾਂ ਤੁਹਾਨੂੰ ਲੱਭੇਗਾ। ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ। ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ ਅਤੇ ਢੂੰਢਣ ਵਾਲੇ ਨੂੰ ਲੱਭਦਾ ਹੈ ਅਤੇ ਖੜਕਾਉਣ ਵਾਲੇ ਲਈ ਖੋਲ੍ਹਿਆ ਜਾਵੇਗਾ।” (ਮੱਤੀ 7:7, 8) ਪਰਮੇਸ਼ੁਰ ਦੀ ਇੱਛਾ ਅਨੁਸਾਰ ਅਸੀਂ ਜੋ ਵੀ ‘ਮੰਗਦੇ’ ਹਾਂ ਗ਼ਲਤ ਨਹੀਂ ਹੈ। ਯਿਸੂ ਦੇ ਲਫ਼ਜ਼ਾਂ ਅਨੁਸਾਰ ਯੂਹੰਨਾ ਰਸੂਲ ਨੇ ਲਿਖਿਆ: “ਉਹ ਦੇ ਅੱਗੇ ਜੋ ਸਾਨੂੰ ਦਿਲੇਰੀ ਹੈ ਸੋ ਇਹ ਹੈ ਭਈ ਜੇ ਅਸੀਂ ਉਹ ਦੀ ਇੱਛਿਆ ਦੇ ਅਨੁਸਾਰ ਕੁਝ ਮੰਗਦੇ ਹਾਂ ਤਾਂ ਉਹ ਸਾਡੀ ਸੁਣਦਾ ਹੈ।”—1 ਯੂਹੰ. 5:14.
18 ‘ਮੰਗਦੇ, ਢੂੰਢਦੇ ਅਤੇ ਖੜਕਾਉਂਦੇ ਰਹਿਣ’ ਦਾ ਮਤਲਬ ਹੈ ਕਿ ਸਾਨੂੰ ਦਿਲੋਂ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ ਭਾਵੇਂ ਸਾਨੂੰ ਜਵਾਬ ਉਦੋਂ ਹੀ ਨਹੀਂ ਮਿਲਦਾ। ਇਹ ਵੀ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੇ ਰਾਜ ਵਿਚ ਵੜਨ ਅਤੇ ਇਸ ਰਾਹੀਂ ਮਿਲਣ ਵਾਲੀਆਂ ਬਰਕਤਾਂ ਪਾਉਣ ਲਈ ‘ਖੜਕਾਉਂਦੇ ਰਹੀਏ।’ ਪਰ ਕੀ ਅਸੀਂ ਭਰੋਸਾ ਕਰ ਸਕਦੇ ਹਾਂ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਵੇਗਾ? ਜੀ ਹਾਂ, ਜੇ ਅਸੀਂ ਯਹੋਵਾਹ ਪ੍ਰਤੀ ਵਫ਼ਾਦਾਰ ਰਹਿੰਦੇ ਹਾਂ ਕਿਉਂਕਿ ਯਿਸੂ ਨੇ ਕਿਹਾ: “ਹਰੇਕ ਮੰਗਣ ਵਾਲਾ ਪਾ ਲੈਂਦਾ ਹੈ ਅਤੇ ਢੂੰਢਣ ਵਾਲੇ ਨੂੰ ਲੱਭਦਾ ਹੈ ਅਤੇ ਖੜਕਾਉਣ ਵਾਲੇ ਲਈ ਖੋਲ੍ਹਿਆ ਜਾਵੇਗਾ।” ਯਹੋਵਾਹ ਦੇ ਕਈ ਭਗਤਾਂ ਦੇ ਤਜਰਬਿਆਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਸੱਚ-ਮੁੱਚ ‘ਪ੍ਰਾਰਥਨਾ ਦਾ ਸੁਣਨ ਵਾਲਾ’ ਹੈ।—ਜ਼ਬੂ. 65:2.
19, 20. ਮੱਤੀ 7:9-11 ਵਿਚ ਦਰਜ ਯਿਸੂ ਦੇ ਸ਼ਬਦਾਂ ਅਨੁਸਾਰ ਯਹੋਵਾਹ ਇਕ ਪਿਆਰੇ ਪਿਤਾ ਦੀ ਤਰ੍ਹਾਂ ਕਿਵੇਂ ਹੈ?
19 ਯਿਸੂ ਨੇ ਯਹੋਵਾਹ ਦੀ ਤੁਲਨਾ ਇਕ ਚੰਗੇ ਪਿਤਾ ਨਾਲ ਕੀਤੀ ਜੋ ਆਪਣੀ ਔਲਾਦ ਨੂੰ ਚੰਗੀਆਂ ਚੀਜ਼ਾਂ ਦਿੰਦਾ ਹੈ। ਕਲਪਨਾ ਕਰੋ ਕਿ ਤੁਸੀਂ ਉੱਥੇ ਸੀ ਜਦੋਂ ਯਿਸੂ ਨੇ ਪਹਾੜੀ ਉਪਦੇਸ਼ ਦਿੱਤਾ ਸੀ ਅਤੇ ਤੁਸੀਂ ਉਸ ਨੂੰ ਇਹ ਕਹਿੰਦੇ ਸੁਣਿਆ: “ਤੁਹਾਡੇ ਵਿੱਚੋਂ ਕਿਹੜਾ ਮਨੁੱਖ ਹੈ ਕਿ ਜੇ ਉਸ ਦਾ ਪੁੱਤ੍ਰ ਉਸ ਤੋਂ ਰੋਟੀ ਮੰਗੇ ਤਾਂ ਉਹ ਨੂੰ ਪੱਥਰ ਦੇਵੇ? ਅਤੇ ਜੇ ਮੱਛੀ ਮੰਗੇ ਤਾਂ ਉਹ ਨੂੰ ਸੱਪ ਦੇਵੇ? ਸੋ ਜੇ ਤੁਸੀਂ ਬੁਰੇ ਹੋ ਕੇ ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਕਿੰਨਾ ਵਧੀਕ ਤੁਹਾਡਾ ਸੁਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਵਸਤਾਂ ਦੇਵੇਗਾ!”—ਮੱਤੀ 7:9-11.
20 ਭੁੱਲਣਹਾਰ ਹੋਣ ਕਰਕੇ ਮਨੁੱਖੀ ਪਿਤਾ ਕੁਝ ਹੱਦ ਤਕ ‘ਬੁਰਾ’ ਹੈ, ਫਿਰ ਵੀ ਉਸ ਨੂੰ ਆਪਣੇ ਬੱਚਿਆਂ ਨਾਲ ਪਿਆਰ ਹੁੰਦਾ ਹੈ। ਉਹ ਆਪਣੇ ਬੱਚਿਆਂ ਨੂੰ ਧੋਖਾ ਨਹੀਂ ਦੇਵੇਗਾ, ਸਗੋਂ ਉਨ੍ਹਾਂ ਨੂੰ “ਚੰਗੀਆਂ ਵਸਤਾਂ” ਦੇਣ ਲਈ ਮਿਹਨਤ ਕਰੇਗਾ। ਸਾਡਾ ਸਵਰਗੀ ਪਿਤਾ ਯਹੋਵਾਹ ਸਾਨੂੰ ਵੀ ਬਹੁਤ ਪਿਆਰ ਕਰਦਾ ਹੈ ਜਿਸ ਕਰਕੇ ਉਹ ਸਾਨੂੰ “ਚੰਗੀਆਂ ਵਸਤਾਂ” ਦਿੰਦਾ ਹੈ ਜਿਵੇਂ ਉਸ ਦੀ ਪਵਿੱਤਰ ਸ਼ਕਤੀ। (ਲੂਕਾ 11:13) ਇਸ ਸ਼ਕਤੀ ਦੀ ਮਦਦ ਨਾਲ ਅਸੀਂ “ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ” ਦੇਣ ਵਾਲੇ ਦੀ ਮਰਜ਼ੀ ਅਨੁਸਾਰ ਉਸ ਦੀ ਭਗਤੀ ਕਰ ਸਕਦੇ ਹਾਂ।—ਯਾਕੂ. 1:17.
ਯਿਸੂ ਦੀਆਂ ਗੱਲਾਂ ਤੋਂ ਫ਼ਾਇਦਾ ਉਠਾਉਂਦੇ ਰਹੋ
21, 22. ਕਿਹੜੀ ਗੱਲ ਕਰਕੇ ਪਹਾੜੀ ਉਪਦੇਸ਼ ਵਧੀਆ ਹੈ ਅਤੇ ਤੁਸੀਂ ਯਿਸੂ ਦੀਆਂ ਇਨ੍ਹਾਂ ਗੱਲਾਂ ਬਾਰੇ ਕਿਵੇਂ ਮਹਿਸੂਸ ਕਰਦੇ ਹੋ?
21 ਪਹਾੜੀ ਉਪਦੇਸ਼ ਧਰਤੀ ਉੱਤੇ ਦਿੱਤਾ ਗਿਆ ਸਭ ਤੋਂ ਵਧੀਆ ਉਪਦੇਸ਼ ਹੈ। ਇਹ ਇਸ ਕਰਕੇ ਵਧੀਆ ਹੈ ਕਿਉਂਕਿ ਇਸ ਵਿਚ ਪਰਮੇਸ਼ੁਰ ਦੀਆਂ ਗੱਲਾਂ ਨੂੰ ਸਾਫ਼-ਸਾਫ਼ ਦੱਸਿਆ ਗਿਆ ਹੈ। ਇਨ੍ਹਾਂ ਤਿੰਨ ਲੇਖਾਂ ਵਿਚ ਅਸੀਂ ਬਹੁਤ ਸਾਰੀਆਂ ਗੱਲਾਂ ਸਿੱਖੀਆਂ ਹਨ। ਜੇ ਅਸੀਂ ਇਸ ਉਪਦੇਸ਼ ਵਿਚ ਦਿੱਤੀ ਸਲਾਹ ʼਤੇ ਚੱਲਾਂਗੇ, ਤਾਂ ਸਾਨੂੰ ਬਹੁਤ ਫ਼ਾਇਦਾ ਹੋ ਸਕਦਾ ਹੈ। ਯਿਸੂ ਦੀਆਂ ਇਹ ਗੱਲਾਂ ਨਾ ਸਿਰਫ਼ ਹੁਣ ਸਾਡੀ ਜ਼ਿੰਦਗੀ ਨੂੰ ਸੁਧਾਰ ਸਕਦੀਆਂ ਹਨ, ਸਗੋਂ ਉੱਜਲ ਭਵਿੱਖ ਦੀ ਉਮੀਦ ਵੀ ਦਿੰਦੀਆਂ ਹਨ।
22 ਇਨ੍ਹਾਂ ਲੇਖਾਂ ਵਿਚ ਅਸੀਂ ਯਿਸੂ ਦੇ ਪਹਾੜੀ ਉਪਦੇਸ਼ ਦੀਆਂ ਕੁਝ ਅਨਮੋਲ ਗੱਲਾਂ ʼਤੇ ਧਿਆਨ ਦਿੱਤਾ ਹੈ। ਇਸ ਲਈ ਹੈਰਾਨੀ ਦੀ ਗੱਲ ਨਹੀਂ ਕਿ ਸੁਣਨ ਵਾਲੇ ਉਸ ਦੇ “ਉਪਦੇਸ਼ ਤੋਂ ਹੈਰਾਨ” ਹੋਏ। (ਮੱਤੀ 7:28) ਸਾਨੂੰ ਵੀ ਇੱਦਾਂ ਹੀ ਲੱਗੇਗਾ ਜਦੋਂ ਅਸੀਂ ਆਪਣੇ ਮਹਾਨ ਸਿੱਖਿਅਕ ਯਿਸੂ ਮਸੀਹ ਦੀਆਂ ਇਨ੍ਹਾਂ ਅਤੇ ਹੋਰ ਅਨਮੋਲ ਗੱਲਾਂ ਨਾਲ ਆਪਣੇ ਦਿਲਾਂ-ਦਿਮਾਗ਼ਾਂ ਨੂੰ ਭਰਾਂਗੇ।
ਤੁਹਾਡੇ ਕੀ ਜਵਾਬ ਹਨ?
• ਯਿਸੂ ਨੇ ਕਪਟ ਨਾਲ ਕੀਤੀਆਂ ਜਾਂਦੀਆਂ ਪ੍ਰਾਰਥਨਾਵਾਂ ਬਾਰੇ ਕੀ ਕਿਹਾ ਸੀ?
• ਪ੍ਰਾਰਥਨਾ ਕਰਦਿਆਂ ਸਾਨੂੰ ਬਾਰ-ਬਾਰ ਇੱਕੋ ਗੱਲ ਕਿਉਂ ਨਹੀਂ ਕਹਿਣੀ ਚਾਹੀਦੀ?
• ਯਿਸੂ ਦੀ ਪ੍ਰਾਰਥਨਾ ਵਿਚ ਕਿਹੜੀਆਂ ਬੇਨਤੀਆਂ ਹਨ?
• ਅਸੀਂ ਕਿਵੇਂ ‘ਮੰਗਦੇ, ਢੂੰਢਦੇ ਅਤੇ ਖੜਕਾਉਂਦੇ ਰਹਿ’ ਸਕਦੇ ਹਾਂ?
[ਸਫ਼ਾ 15 ਉੱਤੇ ਤਸਵੀਰ]
ਯਿਸੂ ਨੇ ਕਪਟੀਆਂ ਦੀ ਨਿੰਦਿਆ ਕੀਤੀ ਜੋ ਇਸ ਲਈ ਪ੍ਰਾਰਥਨਾ ਕਰਦੇ ਸਨ ਕਿ ਲੋਕ ਉਨ੍ਹਾਂ ਨੂੰ ਦੇਖਣ ਅਤੇ ਸੁਣਨ
[ਸਫ਼ਾ 17 ਉੱਤੇ ਤਸਵੀਰ]
ਕੀ ਤੁਹਾਨੂੰ ਪਤਾ ਹੈ ਕਿ ਸਾਨੂੰ ਰੋਜ਼ ਦੀ ਰੋਟੀ ਲਈ ਕਿਉਂ ਪ੍ਰਾਰਥਨਾ ਕਰਨੀ ਚਾਹੀਦੀ ਹੈ?