ਯਹੋਵਾਹ ਸਾਡੀਆਂ ਰੋਜ਼ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ
“ਭਰਮ ਨਾ ਕਰੋ ਕਿਉਂ ਜੋ . . . ਤੁਹਾਡਾ ਪਿਤਾ ਜਾਣਦਾ ਹੈ ਭਈ ਤੁਹਾਨੂੰ ਇਨ੍ਹਾਂ ਵਸਤਾਂ ਦੀ ਲੋੜ ਹੈ।”—ਲੂਕਾ 12:29, 30.
1. ਯਹੋਵਾਹ ਪਸ਼ੂ-ਪੰਛੀਆਂ ਦੀਆਂ ਲੋੜਾਂ ਕਿਸ ਤਰ੍ਹਾਂ ਪੂਰੀਆਂ ਕਰਦਾ ਹੈ?
ਕੀ ਤੁਸੀਂ ਕਦੀ ਇਕ ਚਿੜੀ ਨੂੰ ਮਿੱਟੀ ਵਿਚ ਚੁੰਝ ਮਾਰਦੀ ਦੇਖਿਆ ਹੈ? ਤੁਸੀਂ ਸ਼ਾਇਦ ਸੋਚਿਆ ਹੋਵੇ ਕਿ ਇਸ ਚਿੜੀ ਨੂੰ ਮਿੱਟੀ ਵਿੱਚੋਂ ਕੀ ਖਾਣ ਲਈ ਲੱਭੇਗਾ? ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਸਮਝਾਇਆ ਕਿ ਯਹੋਵਾਹ ਪੰਛੀਆਂ ਦੀ ਕਿਸ ਤਰ੍ਹਾਂ ਦੇਖ-ਭਾਲ ਕਰਦਾ ਹੈ। ਅਸੀਂ ਇਸ ਉਪਦੇਸ਼ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਉਸ ਨੇ ਕਿਹਾ: “ਅਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ ਜੋ ਓਹ ਨਾ ਬੀਜਦੇ ਨਾ ਵੱਢਦੇ ਹਨ ਅਤੇ ਨਾ ਭੜੋਲਿਆਂ ਵਿੱਚ ਇਕੱਠੇ ਕਰਦੇ ਹਨ ਅਰ ਤੁਹਾਡਾ ਸੁਰਗੀ ਪਿਤਾ ਉਨ੍ਹਾਂ ਦੀ ਪਿਰਤਪਾਲ ਕਰਦਾ ਹੈ। ਭਲਾ, ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ?” (ਮੱਤੀ 6:26) ਵਾਕਈ ਯਹੋਵਾਹ ਹਰ ਜੀਉਂਦੇ ਪ੍ਰਾਣੀ ਦੀਆਂ ਲੋੜਾਂ ਵਧੀਆ ਤਰੀਕੇ ਨਾਲ ਪੂਰੀਆਂ ਕਰਦਾ ਹੈ।—ਜ਼ਬੂਰਾਂ ਦੀ ਪੋਥੀ 104:14, 21; 147:9.
2, 3. ਅਸੀਂ ਇਸ ਗੱਲ ਤੋਂ ਕੀ ਸਿੱਖ ਸਕਦੇ ਹਾਂ ਕਿ ਯਿਸੂ ਨੇ ਸਾਨੂੰ ਆਪਣੀ ਰੋਜ਼ ਦੀ ਰੋਟੀ ਲਈ ਪ੍ਰਾਰਥਨਾ ਕਰਨ ਲਈ ਕਿਹਾ ਸੀ?
2 ਤਾਂ ਫਿਰ ਯਿਸੂ ਨੇ ਆਪਣੀ ਆਦਰਸ਼ ਪ੍ਰਾਰਥਨਾ ਵਿਚ ਇਹ ਅਰਜ਼ ਕਿਉਂ ਕੀਤੀ ਸੀ ਕਿ “ਸਾਡੀ ਰੋਜ ਦੀ ਰੋਟੀ ਅੱਜ ਸਾਨੂੰ ਦਿਹ”? (ਮੱਤੀ 6:11) ਇਸ ਸਾਧਾਰਣ ਬੇਨਤੀ ਤੋਂ ਅਸੀਂ ਕਈ ਰੂਹਾਨੀ ਗੱਲਾਂ ਸਿੱਖ ਸਕਦੇ ਹਾਂ। ਪਹਿਲਾਂ ਤਾਂ ਸਾਨੂੰ ਯਾਦ ਕਰਾਇਆ ਜਾਂਦਾ ਹੈ ਕਿ ਯਹੋਵਾਹ ਸਾਡਾ ਅੰਨਦਾਤਾ ਹੈ। (ਜ਼ਬੂਰਾਂ ਦੀ ਪੋਥੀ 145:15, 16) ਇਨਸਾਨ ਵਾਹੀ ਕਰ ਕੇ ਬੀ ਬੀਜ ਸਕਦਾ ਹੈ, ਪਰ ਉਸ ਨੂੰ ਸਿਰਫ਼ ਪਰਮੇਸ਼ੁਰ ਹੀ ਵਧਾ-ਫੁਲਾ ਸਕਦਾ ਹੈ ਅਤੇ ਇਹ ਗੱਲ ਰੂਹਾਨੀ ਮਾਮਲਿਆਂ ਬਾਰੇ ਵੀ ਸੱਚ ਹੈ। (1 ਕੁਰਿੰਥੀਆਂ 3:7) ਜੋ ਅਸੀਂ ਖਾਂਦੇ-ਪੀਂਦੇ ਹਾਂ ਇਹ ਸਾਰਾ ਕੁਝ ਰੱਬ ਦੀ ਹੀ ਦੇਣ ਹੈ। (ਰਸੂਲਾਂ ਦੇ ਕਰਤੱਬ 14:17) ਜਦ ਅਸੀਂ ਉਸ ਨੂੰ ਸਾਡੀਆਂ ਰੋਜ਼ ਦੀਆਂ ਲੋੜਾਂ ਪੂਰੀਆਂ ਕਰਨ ਲਈ ਅਰਜ਼ ਕਰਦੇ ਹਾਂ, ਤਾਂ ਅਸੀਂ ਇਹ ਦਿਖਾਉਂਦੇ ਹਾਂ ਕਿ ਅਸੀਂ ਉਸ ਵੱਲੋਂ ਮਿਲੀਆਂ ਚੀਜ਼ਾਂ ਦੀ ਦਿਲੋਂ ਕਦਰ ਕਰਦੇ ਹਾਂ। ਪਰ ਇਸ ਦਾ ਇਹ ਮਤਲਬ ਨਹੀਂ ਕਿ ਕੰਮ ਕਰਨ ਦੇ ਜੋਗ ਹੁੰਦੇ ਹੋਏ ਵੀ ਅਸੀਂ ਵਿਹਲੇ ਬੈਠੇ ਰਹੀਏ।—ਅਫ਼ਸੀਆਂ 4:28; 2 ਥੱਸਲੁਨੀਕੀਆਂ 3:10.
3 ਇਸ ਅਰਜ਼ ਤੋਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਸਾਨੂੰ ਭਵਿੱਖ ਬਾਰੇ ਹੱਦੋਂ ਵੱਧ ਚਿੰਤਾ ਨਹੀਂ ਕਰਨੀ ਚਾਹੀਦੀ। ਯਿਸੂ ਨੇ ਅੱਗੇ ਕਿਹਾ: “ਤੁਸੀਂ ਚਿੰਤਾ ਕਰ ਕੇ ਇਹ ਨਾ ਕਹੋ ਭਈ ਕੀ ਖਾਵਾਂਗੇ? ਯਾ ਕੀ ਪੀਵਾਂਗੇ? ਯਾ ਕੀ ਪਹਿਨਾਂਗੇ? ਪਰਾਈਆਂ ਕੌਮਾਂ ਦੇ ਲੋਕ ਤਾਂ ਇਨ੍ਹਾਂ ਸਭਨਾਂ ਵਸਤਾਂ ਨੂੰ ਭਾਲਦੇ ਹਨ, ਕਿਉਂ ਜੋ ਤੁਹਾਡਾ ਸੁਰਗੀ ਪਿਤਾ ਜਾਣਦਾ ਹੈ ਜੋ ਤੁਹਾਨੂੰ ਇਨ੍ਹਾਂ ਸਭਨਾਂ ਵਸਤਾਂ ਦੀ ਲੋੜ ਹੈ। ਪਰ ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ। ਸੋ ਤੁਸੀਂ ਭਲਕ ਦੇ ਲਈ ਚਿੰਤਾ ਨਾ ਕਰੋ ਕਿਉਂ ਜੋ ਭਲਕ ਆਪਣੇ ਲਈ ਆਪੇ ਚਿੰਤਾ ਕਰੇਗਾ।” (ਮੱਤੀ 6:31-34) “ਰੋਜ ਦੀ ਰੋਟੀ” ਲਈ ਪ੍ਰਾਰਥਨਾ ਕਰਨ ਦਾ ਇਹ ਮਤਲਬ ਹੈ ਕਿ ਸਾਨੂੰ ਸਾਦੀ ਜ਼ਿੰਦਗੀ ਬਤੀਤ ਕਰਦੇ ਹੋਏ “ਸੰਤੋਖ ਨਾਲ ਭਗਤੀ” ਕਰਨੀ ਚਾਹੀਦੀ ਹੈ।—1 ਤਿਮੋਥਿਉਸ 6:6-8.
ਹਰ ਰੋਜ਼ ਰੂਹਾਨੀ ਖ਼ੁਰਾਕ ਲੈਣ ਦੀ ਲੋੜ
4. ਯਿਸੂ ਅਤੇ ਇਸਰਾਏਲੀਆਂ ਦੀਆਂ ਜ਼ਿੰਦਗੀਆਂ ਵਿਚ ਹੋਈਆਂ ਕਿਹੜੀਆਂ ਘਟਨਾਵਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਲਈ ਰੂਹਾਨੀ ਖ਼ੁਰਾਕ ਜ਼ਰੂਰੀ ਹੈ?
4 ਰੋਜ਼ ਦੀ ਰੋਟੀ ਲਈ ਪ੍ਰਾਰਥਨਾ ਕਰਦੇ ਹੋਏ ਸਾਨੂੰ ਇਸ ਗੱਲ ਦਾ ਵੀ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਾਨੂੰ ਹਰ ਰੋਜ਼ ਰੂਹਾਨੀ ਖ਼ੁਰਾਕ ਦੀ ਵੀ ਲੋੜ ਹੈ। ਇਕ ਵਾਰ ਲੰਬਾ ਵਰਤ ਰੱਖਣ ਤੋਂ ਬਾਅਦ ਯਿਸੂ ਨੂੰ ਜ਼ੋਰਾਂ ਦੀ ਭੁੱਖ ਲੱਗੀ ਸੀ। ਫਿਰ ਵੀ, ਜਦ ਸ਼ਤਾਨ ਨੇ ਉਸ ਨੂੰ ਭਰਮਾਉਂਦੇ ਹੋਏ ਪੱਥਰ ਨੂੰ ਰੋਟੀ ਵਿਚ ਬਦਲਣ ਲਈ ਕਿਹਾ, ਤਾਂ ਯਿਸੂ ਨੇ ਉੱਤਰ ਦਿੱਤਾ: “ਲਿਖਿਆ ਹੈ ਭਈ ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ।” (ਮੱਤੀ 4:4) ਯਿਸੂ ਨੇ ਇੱਥੇ ਮੂਸਾ ਨਬੀ ਦੇ ਸ਼ਬਦ ਦੁਹਰਾਏ ਸਨ ਜਿਸ ਨੇ ਇਸਰਾਏਲੀਆਂ ਨੂੰ ਕਿਹਾ ਸੀ: “[ਯਹੋਵਾਹ] ਨੇ ਤੁਹਾਨੂੰ ਅਧੀਨ ਕੀਤਾ ਅਤੇ ਤੁਹਾਨੂੰ ਭੁੱਖੇ ਹੋਣ ਦਿੱਤਾ ਅਤੇ ਉਹ ਮੰਨ ਜਿਹ ਨੂੰ ਨਾ ਤੁਸੀਂ ਨਾ ਤੁਹਾਡੇ ਪਿਉ ਦਾਦੇ ਜਾਣਦੇ ਸਨ ਤੁਹਾਨੂੰ ਖਿਲਾਇਆ ਤਾਂ ਜੋ ਤੁਹਾਨੂੰ ਸਿਖਾਵੇ ਭਈ ਆਦਮੀ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰ ਇੱਕ ਵਾਕ ਨਾਲ ਜਿਹੜਾ ਯਹੋਵਾਹ ਦੇ ਮੂੰਹੋਂ ਨਿੱਕਲਦਾ ਹੈ ਆਦਮੀ ਜੀਉਂਦਾ ਰਹੇਗਾ।” (ਬਿਵਸਥਾ ਸਾਰ 8:3) ਜਿਸ ਤਰੀਕੇ ਨਾਲ ਯਹੋਵਾਹ ਨੇ ਇਸਰਾਏਲੀਆਂ ਲਈ “ਮੰਨ” ਨਾਮਕ ਰੋਟੀ ਦਾ ਪ੍ਰਬੰਧ ਕੀਤਾ ਸੀ, ਉਸ ਤੋਂ ਉਹ ਕਈ ਸਬਕ ਸਿੱਖ ਸਕਦੇ ਸਨ। ਪਹਿਲਾ ਤਾਂ ਇਹ ਗੱਲ ਸੀ ਕਿ ਉਨ੍ਹਾਂ ਨੇ ‘ਇੱਕ ਦਿਨ ਦਾ ਸੀਧਾ ਉਸੇ ਦਿਨ ਵਿੱਚ ਇਕੱਠਾ ਕਰਨਾ ਸੀ।’ ਜਦੋਂ ਉਨ੍ਹਾਂ ਨੇ ਉਸ ਦਿਨ ਦੀ ਲੋੜ ਤੋਂ ਵੱਧ ਚੁੱਕਿਆ, ਤਾਂ ਮੰਨ ਵਿਚ ਕੀੜੇ ਪੈ ਜਾਂਦੇ ਸਨ ਤੇ ਉਸ ਵਿੱਚੋਂ ਬੋ ਆਉਣ ਲੱਗ ਜਾਂਦੀ ਸੀ। (ਕੂਚ 16:4, 20) ਪਰ ਛੇਵੇਂ ਦਿਨ ਤੇ ਇਸ ਤਰ੍ਹਾਂ ਨਹੀਂ ਹੁੰਦਾ ਸੀ ਜਦ ਉਨ੍ਹਾਂ ਨੇ ਸੱਤਵੇਂ ਦਿਨ ਯਾਨੀ ਸਬਤ ਦੇ ਦਿਨ ਲਈ ਵੀ ਇਕੱਠਾ ਕਰਨਾ ਸੀ। (ਕੂਚ 16:5, 23, 24) ਇਸ ਤਰ੍ਹਾਂ, ਉਨ੍ਹਾਂ ਨੇ ਚੰਗੀ ਤਰ੍ਹਾਂ ਸਮਝ ਲਿਆ ਹੋਣਾ ਕਿ ਉਨ੍ਹਾਂ ਲਈ ਆਗਿਆਕਾਰ ਹੋਣਾ ਕਿੰਨਾ ਜ਼ਰੂਰੀ ਸੀ ਅਤੇ ਉਨ੍ਹਾਂ ਦੀਆਂ ਜਾਨਾਂ ਸਿਰਫ਼ ਰੋਟੀ ਤੇ ਹੀ ਨਹੀਂ, ਸਗੋਂ ‘ਯਹੋਵਾਹ ਦੇ ਮੂੰਹੋਂ ਨਿੱਕਲੇ ਹਰ ਇੱਕ ਵਾਕ’ ਤੇ ਨਿਰਭਰ ਸਨ।
5. ਯਹੋਵਾਹ ਸਾਡੇ ਲਈ ਹਰ ਰੋਜ਼ ਰੂਹਾਨੀ ਖ਼ੁਰਾਕ ਦਾ ਪ੍ਰਬੰਧ ਕਿੱਦਾਂ ਕਰਦਾ ਹੈ?
5 ਇਸੇ ਤਰ੍ਹਾਂ ਸਾਨੂੰ ਵੀ ਹਰ ਰੋਜ਼ ਰੂਹਾਨੀ ਖ਼ੁਰਾਕ ਲੈਣੀ ਚਾਹੀਦੀ ਹੈ। ਅੱਜ ਯਹੋਵਾਹ ਆਪਣੇ ਪੁੱਤਰ ਰਾਹੀਂ ਸਾਨੂੰ ਰੂਹਾਨੀ ਖ਼ੁਰਾਕ ਦਿੰਦਾ ਹੈ। ਯਿਸੂ ਨੇ ਨਿਹਚਾਵਾਨਾਂ ਦੇ ਟੱਬਰ ਨੂੰ ‘ਵੇਲੇ ਸਿਰ ਰਸਤ’ ਦੇਣ ਲਈ “ਮਾਤਬਰ ਅਤੇ ਬੁੱਧਵਾਨ ਨੌਕਰ” ਠਹਿਰਾਇਆ ਹੈ। (ਮੱਤੀ 24:45) ਇਹ ਨੌਕਰ ਵਰਗ ਸਾਡੇ ਲਈ ਕਈ ਪ੍ਰਕਾਸ਼ਨਾਂ ਦਾ ਪ੍ਰਬੰਧ ਕਰਦਾ ਹੈ ਜਿਨ੍ਹਾਂ ਦੀ ਮਦਦ ਨਾਲ ਅਸੀਂ ਚੰਗੀ ਤਰ੍ਹਾਂ ਬਾਈਬਲ ਅਧਿਐਨ ਕਰ ਸਕਦੇ ਹਾਂ। ਪਰ ਇਸ ਦੇ ਨਾਲ-ਨਾਲ ਸਾਨੂੰ ਇਹ ਵੀ ਤਾਕੀਦ ਕੀਤੀ ਜਾਂਦੀ ਹੈ ਕਿ ਅਸੀਂ ਹਰ ਰੋਜ਼ ਬਾਈਬਲ ਪੜ੍ਹੀਏ। (ਯਹੋਸ਼ੁਆ 1:8; ਜ਼ਬੂਰਾਂ ਦੀ ਪੋਥੀ 1:1-3) ਯਿਸੂ ਵਾਂਗ ਅਸੀਂ ਵੀ ਰੂਹਾਨੀ ਭੋਜਨ ਖਾ ਕੇ ਤਾਕਤ ਹਾਸਲ ਕਰ ਸਕਦੇ ਹਾਂ ਜੇ ਅਸੀਂ ਯਹੋਵਾਹ ਅਤੇ ਉਸ ਦੀ ਇੱਛਾ ਬਾਰੇ ਸਿੱਖਣ ਦਾ ਹਰ ਰੋਜ਼ ਜਤਨ ਕਰੀਏ।—ਯੂਹੰਨਾ 4:34.
ਪਾਪਾਂ ਦੀ ਮਾਫ਼ੀ
6. ਸਾਨੂੰ ਕਿਹੜੇ ਕਰਜ਼ਿਆਂ ਲਈ ਮਾਫ਼ੀ ਮੰਗਣੀ ਚਾਹੀਦੀ ਹੈ ਅਤੇ ਯਹੋਵਾਹ ਇਹ ਕਰਜ਼ ਕਿਸ ਸ਼ਰਤ ਤੇ ਮਾਫ਼ ਕਰਨ ਲਈ ਤਿਆਰ ਹੈ?
6 ਯਿਸੂ ਦੀ ਆਦਰਸ਼ ਪ੍ਰਾਰਥਨਾ ਵਿਚ ਅਗਲੀ ਬੇਨਤੀ ਇਹ ਸੀ: “ਸਾਡੇ ਕਰਜ਼ ਸਾਨੂੰ ਮਾਫ਼ ਕਰ, ਜਿਵੇਂ ਅਸਾਂ ਵੀ ਆਪਣੇ ਕਰਜਾਈਆਂ ਨੂੰ ਮਾਫ਼ ਕੀਤਾ ਹੈ।” (ਮੱਤੀ 6:12) ਯਿਸੂ ਇੱਥੇ ਪੈਸਿਆਂ ਬਾਰੇ ਗੱਲ ਨਹੀਂ ਕਰ ਰਿਹਾ ਸੀ। ਉਹ ਪਾਪਾਂ ਦੀ ਮਾਫ਼ੀ ਬਾਰੇ ਗੱਲ ਕਰ ਰਿਹਾ ਸੀ। ਲੂਕਾ ਦੀ ਇੰਜੀਲ ਅਨੁਸਾਰ, ਯਿਸੂ ਨੇ ਇਹੋ ਬੇਨਤੀ ਇਨ੍ਹਾਂ ਸ਼ਬਦਾਂ ਵਿਚ ਦੁਹਰਾਈ ਸੀ: “ਸਾਡੇ ਪਾਪ ਸਾਨੂੰ ਮਾਫ਼ ਕਰ, ਕਿਉਂ ਜੋ ਅਸੀਂ ਆਪ ਵੀ ਆਪਣੇ ਹਰੇਕ ਕਰਜਾਈ ਨੂੰ ਮਾਫ਼ ਕਰਦੇ ਹਾਂ।” (ਲੂਕਾ 11:4) ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਜਦ ਅਸੀਂ ਪਾਪ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦੇ ਕਰਜ਼ਾਈ ਬਣ ਜਾਂਦੇ ਹਾਂ। ਪਰ ਸਾਡਾ ਪ੍ਰੇਮਪੂਰਣ ਪਰਮੇਸ਼ੁਰ ਸਾਡੇ ਕਰਜ਼ਿਆਂ ਨੂੰ ‘ਮਿਟਾਉਣ’ ਜਾਂ ਮਾਫ਼ ਕਰਨ ਲਈ ਤਿਆਰ ਹੈ ਜੇ ਅਸੀਂ ਦਿਲੋਂ ਤੋਬਾ ਕਰੀਏ ਅਤੇ ਆਪਣੇ ਗ਼ਲਤ ਰਾਹ ਤੋਂ ‘ਮੁੜ’ ਕੇ ਯਿਸੂ ਦੇ ਬਲੀਦਾਨ ਦੇ ਜ਼ਰੀਏ ਮਾਫ਼ੀ ਮੰਗੀਏ।—ਰਸੂਲਾਂ ਦੇ ਕਰਤੱਬ 3:19; 10:43; 1 ਤਿਮੋਥਿਉਸ 2:5, 6.
7. ਸਾਨੂੰ ਹਰ ਰੋਜ਼ ਆਪਣੇ ਪਾਪਾਂ ਦੀ ਮਾਫ਼ੀ ਲਈ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?
7 ਹੋਰ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਜਦੋਂ ਅਸੀਂ ਯਹੋਵਾਹ ਦੇ ਉੱਚੇ ਮਿਆਰਾਂ ਤੇ ਚੱਲਣ ਤੋਂ ਰਹਿ ਜਾਂਦੇ ਹਾਂ, ਤਾਂ ਅਸੀਂ ਪਾਪ ਕਰਦੇ ਹਾਂ। ਵਿਰਸੇ ਵਿਚ ਮਿਲੇ ਪਾਪ ਕਾਰਨ ਅਸੀਂ ਸਾਰੇ ਆਪਣੀ ਬੋਲੀ, ਕਰਨੀ ਅਤੇ ਸੋਚਣੀ ਵਿਚ ਗ਼ਲਤੀਆਂ ਕਰਦੇ ਹਾਂ ਅਤੇ ਕਈ ਵਾਰੀ ਅਸੀਂ ਉਹ ਕੰਮ ਨਹੀਂ ਕਰਦੇ ਜੋ ਸਾਨੂੰ ਕਰਨੇ ਚਾਹੀਦੇ ਹਨ। (ਉਪਦੇਸ਼ਕ ਦੀ ਪੋਥੀ 7:20; ਰੋਮੀਆਂ 3:23; ਯਾਕੂਬ 3:2; 4:17) ਇਸ ਲਈ ਚਾਹੇ ਸਾਨੂੰ ਆਪਣਿਆਂ ਪਾਪਾਂ ਦਾ ਅਹਿਸਾਸ ਹੈ ਜਾਂ ਨਹੀਂ, ਫਿਰ ਵੀ ਸਾਨੂੰ ਹਰ ਰੋਜ਼ ਪ੍ਰਾਰਥਨਾ ਕਰ ਕੇ ਆਪਣੇ ਪਾਪਾਂ ਲਈ ਮਾਫ਼ੀ ਮੰਗਣੀ ਚਾਹੀਦੀ ਹੈ।—ਜ਼ਬੂਰਾਂ ਦੀ ਪੋਥੀ 19:12; 40:12.
8. ਆਪਣੇ ਪਾਪਾਂ ਲਈ ਮਾਫ਼ੀ ਮੰਗਣ ਤੋਂ ਬਾਅਦ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਇਸ ਦਾ ਕਿਹੜਾ ਵਧੀਆ ਨਤੀਜਾ ਨਿਕਲੇਗਾ?
8 ਅਸੀਂ ਆਪਣੇ ਆਪ ਨੂੰ ਚੰਗੀ ਤਰ੍ਹਾਂ ਪਰਖਣ, ਤੋਬਾ ਕਰਨ ਅਤੇ ਆਪਣੇ ਪਾਪਾਂ ਦਾ ਇਕਬਾਲ ਕਰਨ ਤੋਂ ਬਾਅਦ ਹੀ ਯਿਸੂ ਮਸੀਹ ਦੇ ਬਲੀਦਾਨ ਵਿਚ ਨਿਹਚਾ ਕਰਦੇ ਹੋਏ ਪ੍ਰਾਰਥਨਾ ਦੁਆਰਾ ਮਾਫ਼ੀ ਮੰਗ ਸਕਦੇ ਹਾਂ। (1 ਯੂਹੰਨਾ 1:7-9) ਇਸ ਦਾ ਸਬੂਤ ਦੇਣ ਲਈ ਕਿ ਅਸੀਂ ਪ੍ਰਾਰਥਨਾ ਸੱਚੇ ਦਿਲੋਂ ਕੀਤੀ ਹੈ ਸਾਨੂੰ ‘ਤੋਬਾ ਦੇ ਲਾਇਕ ਕੰਮ’ ਵੀ ਕਰਨੇ ਚਾਹੀਦੇ ਹਨ। (ਰਸੂਲਾਂ ਦੇ ਕਰਤੱਬ 26:20) ਇਸ ਤੋਂ ਬਾਅਦ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੇ ਪਾਪਾਂ ਨੂੰ ਜ਼ਰੂਰ ਮਾਫ਼ ਕਰੇਗਾ। (ਜ਼ਬੂਰਾਂ ਦੀ ਪੋਥੀ 86:5; 103:8-14) ਨਤੀਜੇ ਵਜੋਂ ਸਾਨੂੰ ਬੇਹੱਦ ਸਕੂਨ ਤੇ ਮਨ ਦੀ ਸ਼ਾਂਤੀ ਮਿਲੇਗੀ ਜੋ ‘ਸ਼ਾਂਤੀ ਸਾਰੀ ਸਮਝ ਤੋਂ ਪਰੇ ਹੈ’ ਅਤੇ ਇਹ ‘ਮਸੀਹ ਯਿਸੂ ਵਿੱਚ ਸਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।’ (ਫ਼ਿਲਿੱਪੀਆਂ 4:7) ਪਰ ਯਿਸੂ ਦੀ ਪ੍ਰਾਰਥਨਾ ਤੋਂ ਸਾਨੂੰ ਪਾਪਾਂ ਦੀ ਮਾਫ਼ੀ ਹਾਸਲ ਕਰਨ ਬਾਰੇ ਹੋਰ ਵੀ ਜਾਣਕਾਰੀ ਮਿਲਦੀ ਹੈ।
ਮਾਫ਼ੀ ਹਾਸਲ ਕਰਨ ਲਈ ਮਾਫ਼ ਕਰਨ ਦੀ ਲੋੜ
9, 10. (ੳ) ਆਦਰਸ਼ ਪ੍ਰਾਰਥਨਾ ਖ਼ਤਮ ਕਰਨ ਤੋਂ ਬਾਅਦ ਯਿਸੂ ਨੇ ਕਿਹੜੀ ਟਿੱਪਣੀ ਕੀਤੀ ਅਤੇ ਇਹ ਕਿਸ ਗੱਲ ਤੇ ਜ਼ੋਰ ਪਾਉਂਦੀ ਹੈ? (ਅ) ਯਿਸੂ ਨੇ ਕਿਹੜੇ ਦ੍ਰਿਸ਼ਟਾਂਤ ਰਾਹੀਂ ਦਿਖਾਇਆ ਸੀ ਕਿ ਸਾਨੂੰ ਹੋਰਾਂ ਨੂੰ ਮਾਫ਼ ਕਰਨ ਦੀ ਜ਼ਰੂਰਤ ਹੈ?
9 ਇਹ ਦਿਲਚਸਪੀ ਦੀ ਗੱਲ ਹੈ ਕਿ ਯਿਸੂ ਨੇ ਆਪਣੀ ਪ੍ਰਾਰਥਨਾ ਵਿੱਚੋਂ ਸਿਰਫ਼ ਇਕ ਗੱਲ ਉੱਤੇ ਮੁੜ ਟਿੱਪਣੀ ਕੀਤੀ ਸੀ। ਉਹ ਗੱਲ ਇਹ ਸੀ: “ਸਾਡੇ ਕਰਜ਼ ਸਾਨੂੰ ਮਾਫ਼ ਕਰ, ਜਿਵੇਂ ਅਸਾਂ ਵੀ ਆਪਣੇ ਕਰਜਾਈਆਂ ਨੂੰ ਮਾਫ਼ ਕੀਤਾ ਹੈ।” ਇਸ ਬਾਰੇ ਉਸ ਨੇ ਪ੍ਰਾਰਥਨਾ ਸਮਾਪਤ ਕਰਨ ਤੋਂ ਬਾਅਦ ਕਿਹਾ: “ਕਿਉਂਕਿ ਜੇ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ ਮਾਫ਼ ਕਰ ਦਿਓ ਤਾਂ ਤੁਹਾਡਾ ਸੁਰਗੀ ਪਿਤਾ ਤੁਹਾਨੂੰ ਵੀ ਮਾਫ਼ ਕਰ ਦੇਵੇਗਾ। ਪਰ ਜੇ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ ਮਾਫ਼ ਨਾ ਕਰੋ ਤਾਂ ਤੁਹਾਡਾ ਪਿਤਾ ਵੀ ਤੁਹਾਡੇ ਅਪਰਾਧ ਮਾਫ਼ ਨਾ ਕਰੇਗਾ।” (ਮੱਤੀ 6:14, 15) ਯਿਸੂ ਨੇ ਇਹ ਗੱਲ ਸਪੱਸ਼ਟ ਕੀਤੀ ਕਿ ਸਾਡੇ ਪਾਪਾਂ ਦੀ ਮਾਫ਼ੀ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਅਸੀਂ ਦੂਸਰਿਆਂ ਨੂੰ ਮਾਫ਼ ਕਰੀਏ।—ਮਰਕੁਸ 11:25.
10 ਇਕ ਹੋਰ ਸਮੇਂ ਤੇ ਯਿਸੂ ਨੇ ਇਕ ਕਹਾਣੀ ਦੱਸ ਕੇ ਸਮਝਾਇਆ ਕਿ ਜੇ ਅਸੀਂ ਯਹੋਵਾਹ ਤੋਂ ਆਪਣੀਆਂ ਗ਼ਲਤੀਆਂ ਲਈ ਮਾਫ਼ੀ ਚਾਹੁੰਦੇ ਹਾਂ, ਤਾਂ ਸਾਡੇ ਲਈ ਹੋਰਾਂ ਨੂੰ ਮਾਫ਼ ਕਰਨਾ ਅਤਿ ਜ਼ਰੂਰੀ ਹੈ। ਉਸ ਨੇ ਇਕ ਰਾਜੇ ਬਾਰੇ ਦੱਸਿਆ ਜਿਸ ਨੇ ਆਪਣੇ ਇਕ ਨੌਕਰ ਦਾ ਵੱਡਾ ਕਰਜ਼ਾ ਮਾਫ਼ ਕੀਤਾ। ਬਾਅਦ ਵਿਚ, ਰਾਜੇ ਨੇ ਇਸੇ ਆਦਮੀ ਨੂੰ ਸਖ਼ਤ ਸਜ਼ਾ ਦਿੱਤੀ ਕਿਉਂਕਿ ਉਹ ਆਪਣੇ ਸੰਗੀ ਨੌਕਰ ਦਾ ਛੋਟਾ ਜਿਹਾ ਕਰਜ਼ਾ ਵੀ ਮਾਫ਼ ਕਰਨ ਲਈ ਤਿਆਰ ਨਹੀਂ ਸੀ। ਯਿਸੂ ਨੇ ਆਪਣੇ ਬਿਰਤਾਂਤ ਨੂੰ ਸਮਾਪਤ ਕਰਦੇ ਹੋਏ ਕਿਹਾ: “ਇਸੇ ਤਰਾਂ ਮੇਰਾ ਸੁਰਗੀ ਪਿਤਾ ਵੀ ਤੁਹਾਡੇ ਨਾਲ ਕਰੇਗਾ ਜੇ ਤੁਸੀਂ ਆਪਣੇ ਭਾਈਆਂ ਨੂੰ ਆਪਣੇ ਦਿਲਾਂ ਤੋਂ ਮਾਫ਼ ਨਾ ਕਰੋ।” (ਮੱਤੀ 18:23-35) ਤਾਂ ਫਿਰ ਅਸੀਂ ਇਹ ਸਬਕ ਸਿੱਖਦੇ ਹਾਂ: ਯਹੋਵਾਹ ਨੇ ਸਾਡੇ ਜਿਨ੍ਹਾਂ ਪਾਪਾਂ ਦਾ ਕਰਜ਼ਾ ਮਾਫ਼ ਕੀਤਾ ਹੈ, ਉਸ ਦੀ ਤੁਲਨਾ ਵਿਚ ਦੂਸਰਿਆਂ ਦੇ ਸਾਡੇ ਵਿਰੁੱਧ ਕੀਤੇ ਗਏ ਪਾਪ ਬਹੁਤ ਹੀ ਛੋਟੇ ਹਨ। ਤਾਂ ਫਿਰ ਕਿਉਂ ਨਾ ਅਸੀਂ ਉਨ੍ਹਾਂ ਦੀਆਂ ਛੋਟੀਆਂ-ਮੋਟੀਆਂ ਗ਼ਲਤੀਆਂ ਨੂੰ ਮਾਫ਼ ਕਰੀਏ।
11. ਯਹੋਵਾਹ ਦੀ ਮਾਫ਼ੀ ਹਾਸਲ ਕਰਨ ਲਈ ਸਾਨੂੰ ਪੌਲੁਸ ਦੀ ਕਿਹੜੀ ਸਲਾਹ ਉੱਤੇ ਚੱਲਣ ਦੀ ਲੋੜ ਹੈ ਅਤੇ ਇਸ ਦੇ ਕਿਹੜੇ ਵਧੀਆ ਨਤੀਜੇ ਨਿਕਲਣਗੇ?
11 ਪੌਲੁਸ ਰਸੂਲ ਨੇ ਲਿਖਿਆ: “ਤੁਸੀਂ ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ੁਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ।” (ਅਫ਼ਸੀਆਂ 4:32) ਇਕ-ਦੂਜੇ ਨੂੰ ਮਾਫ਼ ਕਰਨ ਰਾਹੀਂ ਮਸੀਹੀ ਆਪਸ ਵਿਚ ਸ਼ਾਂਤੀ ਤੇ ਮੇਲ ਬਣਾਈ ਰੱਖਦੇ ਹਨ। ਪੌਲੁਸ ਨੇ ਅੱਗੇ ਤਾਕੀਦ ਕੀਤੀ: “ਪਰਮੇਸ਼ੁਰ ਦਿਆਂ ਚੁਣਿਆਂ ਹੋਇਆਂ ਵਾਂਙੁ ਜਿਹੜੇ ਪਵਿੱਤਰ ਅਤੇ ਪਿਆਰੇ ਹਨ ਰਹਿਮ ਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ ਨੂੰ ਪਹਿਨ ਲਓ। ਅਤੇ ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ। ਜਿਵੇਂ ਪ੍ਰਭੁ ਨੇ ਤੁਹਾਨੂੰ ਮਾਫ਼ ਕੀਤਾ ਤਿਵੇਂ ਤੁਸੀਂ ਵੀ ਕਰੋ। ਅਤੇ ਇਨ੍ਹਾਂ ਸਭਨਾਂ ਦੇ ਉੱਤੋਂ ਦੀ ਪ੍ਰੇਮ ਨੂੰ ਪਾ ਲਓ ਜਿਹੜਾ ਸੰਪੂਰਨਤਾਈ ਦਾ ਬੰਧ ਹੈ।” (ਕੁਲੁੱਸੀਆਂ 3:12-14) ਇਹ ਸਾਰੇ ਵਿਚਾਰ ਉਸ ਪ੍ਰਾਰਥਨਾ ਵਿਚ ਸ਼ਾਮਲ ਹਨ ਜੋ ਯਿਸੂ ਨੇ ਸਾਨੂੰ ਸਿਖਾਈ ਸੀ: “ਸਾਡੇ ਕਰਜ਼ ਸਾਨੂੰ ਮਾਫ਼ ਕਰ, ਜਿਵੇਂ ਅਸਾਂ ਵੀ ਆਪਣੇ ਕਰਜਾਈਆਂ ਨੂੰ ਮਾਫ਼ ਕੀਤਾ ਹੈ।”
ਪਰਤਾਵਿਆਂ ਦੇ ਵੇਲੇ ਸਾਡੀ ਰੱਖਿਆ
12, 13. (ੳ) “ਸਾਨੂੰ ਪਰਤਾਵੇ ਵਿੱਚ ਨਾ ਲਿਆ” ਬੇਨਤੀ ਕਰਨ ਦਾ ਕੀ ਮਤਲਬ ਨਹੀਂ ਹੋ ਸਕਦਾ? (ਅ) ‘ਪਰਤਾਉਣ ਵਾਲਾ’ ਕੌਣ ਹੈ ਅਤੇ ਪਰਮੇਸ਼ੁਰ ਨੂੰ ਇਹ ਬੇਨਤੀ ਕਰਨ ਦਾ ਕੀ ਮਤਲਬ ਹੈ ਕਿ ਉਹ ਸਾਨੂੰ ਪਰਤਾਵੇ ਵਿਚ ਨਾ ਲਿਆਵੇ?
12 ਯਿਸੂ ਦੀ ਅਗਲੀ ਬੇਨਤੀ ਇਹ ਸੀ: “ਸਾਨੂੰ ਪਰਤਾਵੇ ਵਿੱਚ ਨਾ ਲਿਆ।” (ਮੱਤੀ 6:13) ਕੀ ਯਿਸੂ ਸਾਨੂੰ ਇਹ ਪ੍ਰਾਰਥਨਾ ਕਰਨ ਲਈ ਕਹਿ ਰਿਹਾ ਸੀ ਕਿ ਯਹੋਵਾਹ ਸਾਨੂੰ ਨਾ ਪਰਤਾਵੇ? ਇਸ ਤਰ੍ਹਾਂ ਨਹੀਂ ਹੋ ਸਕਦਾ ਕਿਉਂਕਿ ਚੇਲੇ ਯਾਕੂਬ ਨੂੰ ਇਹ ਲਿਖਣ ਲਈ ਪ੍ਰੇਰਿਆ ਗਿਆ ਸੀ ਕਿ “ਕੋਈ ਮਨੁੱਖ ਜਦ ਪਰਤਾਇਆ ਜਾਵੇ ਤਾਂ ਇਹ ਨਾ ਆਖੇ ਭਈ ਮੈਂ ਪਰਮੇਸ਼ੁਰ ਵੱਲੋਂ ਪਰਤਾਇਆ ਜਾਂਦਾ ਹਾਂ ਕਿਉਂ ਜੋ ਪਰਮੇਸ਼ੁਰ ਬਦੀਆਂ ਤੋਂ ਪਰਤਾਇਆ ਨਹੀਂ ਜਾਂਦਾ ਹੈ ਅਤੇ ਨਾ ਉਹ ਆਪ ਕਿਸੇ ਨੂੰ ਪਰਤਾਉਂਦਾ ਹੈ।” (ਯਾਕੂਬ 1:13) ਇਸ ਤੋਂ ਇਲਾਵਾ, ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਪ੍ਰਭੁ ਜੀ, ਕੌਣ ਖੜਾ ਰਹਿ ਸੱਕਦਾ?” (ਜ਼ਬੂਰਾਂ ਦੀ ਪੋਥੀ 130:3) ਜੀ ਹਾਂ, ਯਹੋਵਾਹ ਹਰ ਵੇਲੇ ਸਾਡੇ ਵਿਚ ਗ਼ਲਤੀਆਂ ਨਹੀਂ ਲੱਭਦਾ ਅਤੇ ਨਾ ਹੀ ਸਾਨੂੰ ਪਰਤਾਉਂਦਾ ਹੈ। ਤਾਂ ਫਿਰ ਯਿਸੂ ਦੀ ਪ੍ਰਾਰਥਨਾ ਦਾ ਕੀ ਮਤਲਬ ਸੀ?
13 ਸ਼ਤਾਨ ਆਪਣੇ ਛਲ-ਛਿੱਦ੍ਰਾਂ ਰਾਹੀਂ ਸਾਨੂੰ ਭਰਮਾਉਣ ਦੀ ਕੋਸ਼ਿਸ਼ ਕਰਦਾ ਹੈ, ਇੱਥੋਂ ਤਕ ਕਿ ਸਾਡੀਆਂ ਜਾਨਾਂ ਲੈਣ ਤੇ ਵੀ ਤੁਲਿਆ ਹੋਇਆ ਹੈ। (ਅਫ਼ਸੀਆਂ 6:11) ਉਹ ਹੀ ਹੈ ਸਾਨੂੰ ‘ਪਰਤਾਉਣ ਵਾਲਾ।’ (1 ਥੱਸਲੁਨੀਕੀਆਂ 3:5) ਇਹ ਪ੍ਰਾਰਥਨਾ ਕਰਦੇ ਸਮੇਂ ਕਿ ਯਹੋਵਾਹ ਸਾਨੂੰ ਪਰਤਾਵੇ ਵਿਚ ਨਾ ਲਿਆਵੇ, ਅਸਲ ਵਿਚ ਅਸੀਂ ਇਹ ਬੇਨਤੀ ਕਰ ਰਹੇ ਹੁੰਦੇ ਹਾਂ ਕਿ ਜਦ ਸਾਡੇ ਤੇ ਪਰਤਾਵੇ ਆਉਣ, ਤਾਂ ਯਹੋਵਾਹ ਸਾਨੂੰ ਦ੍ਰਿੜ੍ਹ ਰਹਿਣ ਦੀ ਸ਼ਕਤੀ ਬਖ਼ਸ਼ੇ। ਅਸੀਂ ਯਹੋਵਾਹ ਤੋਂ ਮਦਦ ਮੰਗਦੇ ਹਾਂ ਤਾਂਕਿ ਸ਼ਤਾਨ ਸਾਡੇ ਨਾਲ “ਹੱਥ ਨਾ ਕਰ ਜਾਏ” ਯਾਨੀ ਅਸੀਂ ਕੁਰਾਹੇ ਨਾ ਪੈ ਜਾਈਏ। (2 ਕੁਰਿੰਥੀਆਂ 2:11) ਸਾਡੀ ਇਹੋ ਪ੍ਰਾਰਥਨਾ ਹੁੰਦੀ ਹੈ ਕਿ ਅਸੀਂ “ਅੱਤ ਮਹਾਨ ਦੀ ਓਟ” ਵਿਚ ਹਮੇਸ਼ਾ ਸੁਰੱਖਿਅਤ ਰਹੀਏ। ਇਹ ਸੁਰੱਖਿਆ ਉਨ੍ਹਾਂ ਨੂੰ ਮਿਲਦੀ ਹੈ ਜੋ ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਪਛਾਣਦੇ ਹਨ ਅਤੇ ਉਸ ਦੇ ਮਿਆਰਾਂ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ।—ਜ਼ਬੂਰਾਂ ਦੀ ਪੋਥੀ 91:1-3.
14. ਪੌਲੁਸ ਰਸੂਲ ਸਾਨੂੰ ਕਿਸ ਤਰ੍ਹਾਂ ਯਕੀਨ ਦਿਲਾਉਂਦਾ ਹੈ ਕਿ ਜੇ ਅਸੀਂ ਪਰਤਾਵਿਆਂ ਦਾ ਸਾਮ੍ਹਣਾ ਕਰਦੇ ਸਮੇਂ ਯਹੋਵਾਹ ਉੱਤੇ ਪੂਰਾ ਭਰੋਸਾ ਰੱਖੀਏ, ਤਾਂ ਉਹ ਸਾਡਾ ਸਾਥ ਕਦੀ ਨਹੀਂ ਛੱਡੇਗਾ?
14 ਜੇ ਅਸੀਂ ਆਪਣੀਆਂ ਪ੍ਰਾਰਥਨਾਵਾਂ ਅਤੇ ਕੰਮਾਂ ਰਾਹੀਂ ਦਿਖਾਉਂਦੇ ਹਾਂ ਕਿ ਅਸੀਂ ਸੱਚ-ਮੁੱਚ ਪਰਤਾਵਿਆਂ ਦਾ ਡੱਟ ਕੇ ਸਾਮ੍ਹਣਾ ਕਰਨਾ ਚਾਹੁੰਦੇ ਹਾਂ, ਤਾਂ ਅਸੀਂ ਪੂਰਾ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਸਾਡਾ ਸਾਥ ਕਦੀ ਨਹੀਂ ਛੱਡੇਗਾ। ਪੌਲੁਸ ਰਸੂਲ ਸਾਨੂੰ ਯਕੀਨ ਦਿਲਾਉਂਦਾ ਹੈ: “ਤੁਹਾਡੇ ਉੱਤੇ ਇਹੋ ਜਿਹਾ ਕੋਈ ਪਰਤਾਵਾ ਨਹੀਂ ਪਿਆ ਜੋ ਮਨੁੱਖ ਤੋਂ ਨਹੀਂ ਝੱਲਿਆ ਜਾਂਦਾ ਪਰੰਤੂ ਪਰਮੇਸ਼ੁਰ ਵਫ਼ਾਦਾਰ ਹੈ ਜੋ ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ ਸਗੋਂ ਪਰਤਾਵੇ ਦੇ ਨਾਲ ਹੀ ਬਚ ਜਾਣ ਦਾ ਉਪਾਓ ਵੀ ਕੱਢ ਦੇਵੇਗਾ ਭਈ ਤੁਸੀਂ ਝੱਲ ਸੱਕੋ।”—1 ਕੁਰਿੰਥੀਆਂ 10:13.
‘ਸਾਨੂੰ ਬੁਰੇ ਤੋਂ ਬਚਾ’
15. ਅੱਜ ਸਾਡੇ ਲਈ ਇਹ ਪ੍ਰਾਰਥਨਾ ਕਰਨੀ ਕਿਉਂ ਜ਼ਰੂਰੀ ਹੈ ਕਿ ਯਹੋਵਾਹ ਸਾਨੂੰ ਬੁਰੇ ਤੋਂ ਬਚਾਵੇ?
15 ਮਸੀਹੀ ਯੂਨਾਨੀ ਸ਼ਾਸਤਰ ਦੇ ਭਰੋਸੇਯੋਗ ਮੂਲ-ਪਾਠਾਂ ਵਿਚ ਯਿਸੂ ਦੀ ਆਦਰਸ਼ ਪ੍ਰਾਰਥਨਾ ਇਨ੍ਹਾਂ ਸ਼ਬਦਾਂ ਨਾਲ ਸਮਾਪਤ ਹੁੰਦੀ ਹੈ: ‘ਸਾਨੂੰ ਬੁਰੇ ਤੋਂ ਬਚਾ।’a (ਮੱਤੀ 6:13, ਪਵਿੱਤਰ ਬਾਈਬਲ ਨਵਾਂ ਅਨੁਵਾਦ) ਅੱਜ ਸਾਨੂੰ ਯਹੋਵਾਹ ਦੀ ਰੱਖਿਆ ਦੀ ਬਹੁਤ ਲੋੜ ਹੈ। ਸ਼ਤਾਨ ਤੇ ਉਸ ਦੇ ਦੂਤ ਮਸਹ ਕੀਤੇ ਹੋਏ ਮਸੀਹੀਆਂ ਨਾਲ ਲੜ ਰਹੇ ਹਨ “ਜਿਹੜੇ ਪਰਮੇਸ਼ੁਰ ਦੀਆਂ ਆਗਿਆਂ ਦੀ ਪਾਲਨਾ ਕਰਦੇ ਅਤੇ ਯਿਸੂ ਦੀ ਸਾਖੀ ਭਰਦੇ ਹਨ।” ਉਹ “ਵੱਡੀ ਭੀੜ” ਉੱਤੇ ਵੀ ਹਮਲਾ ਕਰਦੇ ਹਨ ਜੋ ਮਸਹ ਕੀਤੇ ਹੋਏ ਮਸੀਹੀਆਂ ਦਾ ਸਾਥ ਦਿੰਦੇ ਹਨ। (ਪਰਕਾਸ਼ ਦੀ ਪੋਥੀ 7:9; 12:9, 17) ਪਤਰਸ ਰਸੂਲ ਨੇ ਮਸੀਹੀਆਂ ਨੂੰ ਤਾਕੀਦ ਕੀਤੀ: “ਸੁਚੇਤ ਹੋਵੋ, ਜਾਗਦੇ ਰਹੋ! ਤੁਹਾਡਾ ਵਿਰੋਧੀ ਸ਼ਤਾਨ ਬੁਕਦੇ ਸ਼ੀਂਹ ਵਾਂਙੁ ਭਾਲਦਾ ਫਿਰਦਾ ਹੈ ਭਈ ਕਹਿ ਨੂੰ ਪਾੜ ਖਾਵਾਂ! ਤੁਸੀਂ ਆਪਣੀ ਨਿਹਚਾ ਵਿੱਚ ਤਕੜੇ ਹੋ ਕੇ ਉਹ ਦਾ ਸਾਹਮਣਾ ਕਰੋ।” (1 ਪਤਰਸ 5:8, 9) ਸ਼ਤਾਨ ਸਾਡੇ ਪ੍ਰਚਾਰ ਦੇ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਅਤੇ ਧਾਰਮਿਕ, ਰਾਜਨੀਤਿਕ ਤੇ ਵਪਾਰਕ ਸੰਸਥਾਵਾਂ ਰਾਹੀਂ ਸਾਨੂੰ ਡਰਾਉਂਦਾ-ਧਮਕਾਉਂਦਾ ਹੈ। ਪਰ ਜੇ ਅਸੀਂ ਦ੍ਰਿੜ੍ਹ ਰਹੀਏ, ਤਾਂ ਯਹੋਵਾਹ ਸਾਨੂੰ ਬਚਾ ਲਵੇਗਾ। ਯਾਕੂਬ ਨੇ ਲਿਖਿਆ: “ਉਪਰੰਤ ਤੁਸੀਂ ਪਰਮੇਸ਼ੁਰ ਦੇ ਅਧੀਨ ਹੋਵੋ। ਪਰ ਸ਼ਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ।”—ਯਾਕੂਬ 4:7.
16. ਜਦ ਸਾਡੇ ਤੇ ਪਰਤਾਵੇ ਆਉਂਦੇ ਹਨ, ਤਾਂ ਯਹੋਵਾਹ ਕਿਸ ਤਰ੍ਹਾਂ ਸਾਡੀ ਮਦਦ ਕਰ ਸਕਦਾ ਹੈ?
16 ਯਹੋਵਾਹ ਨੇ ਸ਼ਤਾਨ ਨੂੰ ਯਿਸੂ ਨੂੰ ਪਰਤਾਉਣ ਤੋਂ ਨਹੀਂ ਰੋਕਿਆ ਸੀ। ਪਰ ਜਦੋਂ ਯਿਸੂ ਨੇ ਪਰਮੇਸ਼ੁਰ ਦੇ ਬਚਨ ਵਿੱਚੋਂ ਹਵਾਲੇ ਦੇ ਕੇ ਸ਼ਤਾਨ ਦਾ ਡੱਟ ਕੇ ਸਾਮ੍ਹਣਾ ਕੀਤਾ, ਤਾਂ ਉਸ ਤੋਂ ਬਾਅਦ ਯਹੋਵਾਹ ਨੇ ਯਿਸੂ ਨੂੰ ਮਜ਼ਬੂਤ ਕਰਨ ਲਈ ਉਸ ਕੋਲ ਦੂਤ ਭੇਜੇ। (ਮੱਤੀ 4:1-11) ਇਸੇ ਤਰ੍ਹਾਂ ਜੇ ਅਸੀਂ ਯਹੋਵਾਹ ਨੂੰ ਪੱਕੀ ਨਿਹਚਾ ਨਾਲ ਪ੍ਰਾਰਥਨਾ ਕਰਦੇ ਹੋਏ ਉਸ ਨੂੰ ਆਪਣੀ ਪਨਾਹ ਬਣਾਉਂਦੇ ਹਾਂ, ਤਾਂ ਉਹ ਆਪਣਿਆਂ ਦੂਤਾਂ ਰਾਹੀਂ ਸਾਡੀ ਮਦਦ ਜ਼ਰੂਰ ਕਰੇਗਾ। (ਜ਼ਬੂਰਾਂ ਦੀ ਪੋਥੀ 34:7; 91:9-11) ਪਤਰਸ ਰਸੂਲ ਨੇ ਲਿਖਿਆ: “ਪ੍ਰਭੁ ਭਗਤਾਂ ਨੂੰ ਪਰਤਾਵੇ ਵਿੱਚੋਂ ਕੱਢਣਾ ਅਤੇ ਕੁਧਰਮੀਆਂ ਨੂੰ ਨਿਆਉਂ ਦੇ ਦਿਨ ਤੀਕ ਸਜ਼ਾ ਹੇਠ ਰੱਖਣਾ ਜਾਣਦਾ ਹੈ!”—2 ਪਤਰਸ 2:9.
ਸਾਡੀ ਮੁਕਤੀ ਨਜ਼ਦੀਕ ਹੈ
17. ਆਦਰਸ਼ ਪ੍ਰਾਰਥਨਾ ਵਿਚ ਯਿਸੂ ਨੇ ਕਿਨ੍ਹਾਂ ਗੱਲਾਂ ਨੂੰ ਪਹਿਲ ਦਿੱਤੀ ਸੀ?
17 ਆਦਰਸ਼ ਪ੍ਰਾਰਥਨਾ ਵਿਚ ਯਿਸੂ ਨੇ ਅਤਿ ਮਹੱਤਵਪੂਰਣ ਗੱਲਾਂ ਨੂੰ ਪਹਿਲ ਦਿੱਤੀ। ਸਾਡੇ ਦਿਲ ਦੀ ਸਭ ਤੋਂ ਵੱਡੀ ਖ਼ਾਹਸ਼ ਇਹ ਹੋਣੀ ਚਾਹੀਦੀ ਹੈ ਕਿ ਯਹੋਵਾਹ ਦੇ ਮਹਾਨ ਅਤੇ ਪਵਿੱਤਰ ਨਾਂ ਨੂੰ ਉੱਚਾ ਕੀਤਾ ਜਾਵੇ। ਯਹੋਵਾਹ ਮਸੀਹਾਈ ਰਾਜ ਦੇ ਜ਼ਰੀਏ ਆਪਣਾ ਨਾਂ ਉੱਚਾ ਕਰੇਗਾ, ਇਸ ਲਈ ਅਸੀਂ ਇਸ ਰਾਜ ਦੇ ਆਉਣ ਅਤੇ ਇਸ ਦੁਨੀਆਂ ਦੀਆਂ ਸਾਰੀਆਂ ਪਾਤਸ਼ਾਹੀਆਂ ਨੂੰ ਖ਼ਤਮ ਕਰਨ ਲਈ ਪ੍ਰਾਰਥਨਾ ਕਰਦੇ ਹਾਂ ਤਾਂਕਿ ਪਰਮੇਸ਼ੁਰ ਦੀ ਮਰਜ਼ੀ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ ਤਿਵੇਂ ਧਰਤੀ ਤੇ ਵੀ ਪੂਰੀ ਹੋਵੇ। ਇਕ ਸੁੰਦਰ ਧਰਤੀ ਤੇ ਸਦਾ ਲਈ ਜੀਉਣ ਲਈ ਇਹ ਜ਼ਰੂਰੀ ਹੈ ਕਿ ਸਾਰੀ ਦੁਨੀਆਂ ਪਰਮੇਸ਼ੁਰ ਦੇ ਨਾਂ ਨੂੰ ਪਾਕ ਮੰਨੇ ਅਤੇ ਸਾਰੀ ਬੁੱਧੀਮਾਨ ਸ੍ਰਿਸ਼ਟੀ ਉਸ ਦੇ ਰਾਜ ਕਰਨ ਦੇ ਹੱਕ ਨੂੰ ਪਛਾਣੇ। ਇਨ੍ਹਾਂ ਅਤਿ ਮਹੱਤਵਪੂਰਣ ਗੱਲਾਂ ਬਾਰੇ ਪ੍ਰਾਰਥਨਾ ਕਰਨ ਤੋਂ ਬਾਅਦ ਹੀ ਅਸੀਂ ਆਪਣੀਆਂ ਰੋਜ਼ ਦੀਆਂ ਲੋੜਾਂ, ਪਾਪਾਂ ਦੀ ਮਾਫ਼ੀ ਅਤੇ ਸ਼ਤਾਨ ਦੇ ਛਲ-ਛਿੱਦ੍ਰਾਂ ਤੇ ਪਰਤਾਵਿਆਂ ਤੋਂ ਆਪਣੇ ਬਚਾਅ ਲਈ ਪ੍ਰਾਰਥਨਾ ਕਰ ਸਕਦੇ ਹਾਂ।
18, 19. ਯਿਸੂ ਦੀ ਆਦਰਸ਼ ਪ੍ਰਾਰਥਨਾ ਸਾਡੀ ਸਚੇਤ ਰਹਿਣ ਅਤੇ ‘ਅੰਤ ਤੋੜੀ ਤਕੜੇ’ ਰਹਿਣ ਵਿਚ ਕਿਵੇਂ ਮਦਦ ਕਰਦੀ ਹੈ?
18 ਸ਼ਤਾਨ ਅਤੇ ਉਸ ਦੀ ਦੁਸ਼ਟ ਦੁਨੀਆਂ ਤੋਂ ਸਾਡੀ ਮੁਕਤੀ ਬਹੁਤ ਨਜ਼ਦੀਕ ਹੈ। ਸ਼ਤਾਨ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਸ ਦਾ “ਸਮਾ ਥੋੜਾ ਹੀ ਰਹਿੰਦਾ ਹੈ,” ਇਸ ਲਈ ਉਹ ‘ਵੱਡੇ ਕ੍ਰੋਧ’ ਨਾਲ ਇਸ ਦੁਨੀਆਂ ਉੱਤੇ ਅਤੇ ਖ਼ਾਸ ਕਰਕੇ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਉੱਤੇ ਹਮਲਾ ਕਰਦਾ ਹੈ। (ਪਰਕਾਸ਼ ਦੀ ਪੋਥੀ 12:12, 17) “ਜੁਗ ਦੇ ਅੰਤ” ਬਾਰੇ ਗੱਲ ਕਰਦੇ ਹੋਏ ਯਿਸੂ ਨੇ ਕਈ ਘਟਨਾਵਾਂ ਦਾ ਜ਼ਿਕਰ ਕੀਤਾ ਸੀ ਅਤੇ ਇਨ੍ਹਾਂ ਵਿੱਚੋਂ ਕੁਝ ਭਵਿੱਖ ਵਿਚ ਵਾਪਰਨਗੀਆਂ। (ਮੱਤੀ 24:3, 29-31) ਜਿਉਂ-ਜਿਉਂ ਅਸੀਂ ਇਨ੍ਹਾਂ ਘਟਨਾਵਾਂ ਨੂੰ ਵਾਪਰਦੇ ਦੇਖਾਂਗੇ, ਤਿਉਂ-ਤਿਉਂ ਮੁਕਤੀ ਦੀ ਸਾਡੀ ਆਸ ਹੋਰ ਪੱਕੀ ਹੁੰਦੀ ਜਾਵੇਗੀ। ਯਿਸੂ ਨੇ ਕਿਹਾ: “ਜਾਂ ਏਹ ਗੱਲਾਂ ਹੋਣ ਲੱਗਣਗੀਆਂ ਤਾਂ ਉਤਾਹਾਂ ਵੇਖੋ ਅਤੇ ਆਪਣੇ ਸਿਰ ਚੁੱਕੋ ਇਸ ਲਈ ਜੋ ਤੁਹਾਡਾ ਨਿਸਤਾਰਾ ਨੇੜੇ ਆਇਆ ਹੈ।”—ਲੂਕਾ 21:25-28.
19 ਆਦਰਸ਼ ਪ੍ਰਾਰਥਨਾ ਵਿਚ ਯਿਸੂ ਨੇ ਥੋੜ੍ਹੇ ਜਿਹੇ ਲਫ਼ਜ਼ਾਂ ਵਿਚ ਸਾਡੇ ਲਈ ਪ੍ਰਾਰਥਨਾ ਕਰਨ ਦਾ ਵਧੀਆ ਨਮੂਨਾ ਛੱਡਿਆ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਇਨ੍ਹਾਂ ਅੰਤ ਦੇ ਦਿਨਾਂ ਵਿਚ ਸਾਨੂੰ ਕਿਨ੍ਹਾਂ ਚੀਜ਼ਾਂ ਬਾਰੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਆਓ ਆਪਾਂ ਪੂਰਾ ਯਕੀਨ ਕਰੀਏ ਕਿ ਯਹੋਵਾਹ ਹਮੇਸ਼ਾ ਸਾਡੀਆਂ ਰੋਜ਼ ਦੀਆਂ ਭੌਤਿਕ ਅਤੇ ਰੂਹਾਨੀ ਜ਼ਰੂਰਤਾਂ ਪੂਰੀਆਂ ਕਰਦਾ ਰਹੇਗਾ। ਜੇ ਅਸੀਂ ਸਚੇਤ ਰਹਿੰਦੇ ਹੋਏ ਪ੍ਰਾਰਥਨਾ ਕਰਦੇ ਰਹੀਏ, ਤਾਂ ਅਸੀਂ ‘ਆਪਣੇ ਪਹਿਲੇ ਭਰੋਸੇ ਨੂੰ ਅੰਤ ਤੋੜੀ ਤਕੜਾਈ ਨਾਲ ਫੜੀ ਰੱਖ ਸਕਾਂਗੇ।’—ਇਬਰਾਨੀਆਂ 3:14; 1 ਪਤਰਸ 4:7.
[ਫੁਟਨੋਟ]
a ਕਿੰਗ ਜੇਮਜ਼ ਵਰਯਨ ਵਰਗੀਆਂ ਕੁਝ ਪੁਰਾਣੀਆਂ ਬਾਈਬਲਾਂ ਵਿਚ ਪ੍ਰਭੂ ਦੀ ਪ੍ਰਾਰਥਨਾ ਨੂੰ ਇਸ ਉਸਤਤ ਦੇ ਵਾਕ ਨਾਲ ਸਮਾਪਤ ਕੀਤਾ ਗਿਆ ਹੈ: “ਕਿਉਂਕਿ ਰਾਜ, ਸ਼ਕਤੀ ਅਤੇ ਮਹਿਮਾ ਸਦਾ ਤੇਰੇ ਹੀ ਹਨ। ਆਮੀਨ।” ਦ ਜਰੋਮ ਬਿਬਲੀਕਲ ਕੌਮੈਂਟਰੀ ਨਾਮਕ ਕਿਤਾਬ ਕਹਿੰਦੀ ਹੈ: “ਇਹ ਉਸਤਤ ਦਾ ਵਾਕ ਭਰੋਸੇਯੋਗ ਮੂਲ ਯੂਨਾਨੀ ਲਿਖਤਾਂ ਵਿਚ ਨਹੀਂ ਮਿਲਦਾ।”
ਇਨ੍ਹਾਂ ਸਵਾਲਾਂ ਉੱਤੇ ਗੌਰ ਕਰੋ
• “ਸਾਡੀ ਰੋਜ ਦੀ ਰੋਟੀ ਅੱਜ ਸਾਨੂੰ ਦਿਹ” ਬੇਨਤੀ ਕਰਨ ਦਾ ਕੀ ਮਤਲਬ ਹੈ?
• ਇਸ ਦਾ ਮਤਲਬ ਸਮਝਾਓ: “ਸਾਡੇ ਕਰਜ਼ ਸਾਨੂੰ ਮਾਫ਼ ਕਰ, ਜਿਵੇਂ ਅਸਾਂ ਵੀ ਆਪਣੇ ਕਰਜਾਈਆਂ ਨੂੰ ਮਾਫ਼ ਕੀਤਾ ਹੈ।”
• ਜਦ ਅਸੀਂ ਯਹੋਵਾਹ ਨੂੰ ਬੇਨਤੀ ਕਰਦੇ ਹਾਂ ਕਿ “ਸਾਨੂੰ ਪਰਤਾਵੇ ਵਿੱਚ ਨਾ ਲਿਆ,” ਤਾਂ ਅਸਲ ਵਿਚ ਅਸੀਂ ਕੀ ਮੰਗਦੇ ਹਾਂ?
• ਸਾਨੂੰ ਇਹ ਬੇਨਤੀ ਕਿਉਂ ਕਰਨ ਦੀ ਲੋੜ ਹੈ ਕਿ ਯਹੋਵਾਹ ‘ਸਾਨੂੰ ਬੁਰੇ ਤੋਂ ਬਚਾਵੇ’?
[ਸਫ਼ੇ 15 ਉੱਤੇ ਤਸਵੀਰ]
ਮਾਫ਼ੀ ਹਾਸਲ ਕਰਨ ਲਈ ਸਾਨੂੰ ਮਾਫ਼ ਕਰਨ ਦੀ ਲੋੜ ਹੈ
[ਸਫ਼ੇ 13 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Lydekker