ਅਧਿਐਨ ਲੇਖ 43
ਸਿਰਫ਼ ਯਹੋਵਾਹ ਦੀ ਹੀ ਭਗਤੀ ਕਰੋ
“ਯਹੋਵਾਹ ਅਣਖੀ . . . ਪਰਮੇਸ਼ੁਰ ਹੈ।”—ਨਹੂ 1:2.
ਗੀਤ 7 ਸਮਰਪਣ ਦਾ ਵਾਅਦਾ
ਖ਼ਾਸ ਗੱਲਾਂa
1. ਸਿਰਫ਼ ਯਹੋਵਾਹ ਹੀ ਸਾਡੀ ਭਗਤੀ ਦਾ ਹੱਕਦਾਰ ਕਿਉਂ ਹੈ?
ਯਹੋਵਾਹ ਸ੍ਰਿਸ਼ਟੀਕਰਤਾ ਤੇ ਜ਼ਿੰਦਗੀ ਦੇਣ ਵਾਲਾ ਹੈ ਜਿਸ ਕਰਕੇ ਸਿਰਫ਼ ਉਹੀ ਸਾਡੀ ਭਗਤੀ ਦਾ ਹੱਕਦਾਰ ਹੈ। (ਪ੍ਰਕਾ. 4:11) ਪਰ ਫਿਰ ਵੀ ਅਸੀਂ ਇਕ ਖ਼ਤਰੇ ਦਾ ਸਾਮ੍ਹਣਾ ਕਰਦੇ ਹਾਂ। ਚਾਹੇ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਅਤੇ ਉਸ ਦਾ ਆਦਰ ਕਰਦੇ ਹਾਂ, ਪਰ ਫਿਰ ਵੀ ਅਸੀਂ ਉਸ ਨੂੰ ਉਹ ਭਗਤੀ ਨਾ ਦੇਣ ਲਈ ਭਰਮਾਏ ਜਾ ਸਕਦੇ ਹਾਂ ਜਿਸ ਦਾ ਉਹ ਹੱਕਦਾਰ ਹੈ। ਸਾਨੂੰ ਸਮਝਣ ਦੀ ਲੋੜ ਹੈ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ। ਆਓ ਪਹਿਲਾਂ ਆਪਾਂ ਦੇਖੀਏ ਕਿ ਸਿਰਫ਼ ਯਹੋਵਾਹ ਦੀ ਹੀ ਭਗਤੀ ਕਰਨ ਦਾ ਕੀ ਮਤਲਬ ਹੈ।
2. ਕੂਚ 34:14 ਮੁਤਾਬਕ ਅਸੀਂ ਸਿਰਫ਼ ਯਹੋਵਾਹ ਦੀ ਭਗਤੀ ਕਰਨ ਲਈ ਕੀ ਕਰਾਂਗੇ?
2 ਯਹੋਵਾਹ “ਇੱਕ ਗ਼ੈਰਤੀ ਪਰਮੇਸ਼ੁਰ ਹੈ” ਦਾ ਮਤਲਬ ਹੈ ਕਿ ਉਹ ਮੰਗ ਕਰਦਾ ਹੈ ਕਿ ਅਸੀਂ ਸਿਰਫ਼ ਉਸੇ ਦੀ ਹੀ ਭਗਤੀ ਕਰੀਏ। ਬਾਈਬਲ ਦੱਸਦੀ ਹੈ ਕਿ ਯਹੋਵਾਹ ਦੀ ਭਗਤੀ ਕਰਨ ਵਿਚ ਸ਼ਾਮਲ ਹੈ ਕਿ ਅਸੀਂ ਉਸ ਨਾਲ ਗਹਿਰਾ ਪਿਆਰ ਕਰੀਏ। ਜੇ ਅਸੀਂ ਸਿਰਫ਼ ਉਸ ਦੀ ਹੀ ਭਗਤੀ ਕਰਾਂਗੇ, ਤਾਂ ਅਸੀਂ ਕਿਸੇ ਵੀ ਇਨਸਾਨ ਜਾਂ ਕਿਸੇ ਵੀ ਚੀਜ਼ ਨੂੰ ਆਪਣੇ ਦਿਲ ਵਿਚ ਉਸ ਦੀ ਥਾਂ ਨਹੀਂ ਲੈਣ ਦੇਵਾਂਗੇ।—ਕੂਚ 34:14 ਪੜ੍ਹੋ।
3. ਅਸੀਂ ਅੰਨ੍ਹੇਵਾਹ ਯਹੋਵਾਹ ਦੀ ਭਗਤੀ ਕਿਉਂ ਨਹੀਂ ਕਰਦੇ?
3 ਅਸੀਂ ਅੰਨ੍ਹੇਵਾਹ ਯਹੋਵਾਹ ਦੀ ਭਗਤੀ ਨਹੀਂ ਕਰਦੇ। ਕਿਉਂ? ਕਿਉਂਕਿ ਸਾਡੀ ਭਗਤੀ ਉਨ੍ਹਾਂ ਸੱਚਾਈਆਂ ʼਤੇ ਆਧਾਰਿਤ ਹੈ ਜੋ ਅਸੀਂ ਉਸ ਬਾਰੇ ਸਿੱਖੀਆਂ ਹਨ। ਅਸੀਂ ਉਸ ਦੇ ਸ਼ਾਨਦਾਰ ਗੁਣਾਂ ਦੀ ਕਦਰ ਕਰਦੇ ਹਾਂ। ਅਸੀਂ ਉਸ ਦੀ ਪਸੰਦ-ਨਾਪਸੰਦ ਜਾਣਦੇ ਹਾਂ ਅਤੇ ਸਾਡੀ ਵੀ ਉਹੀ ਪਸੰਦ-ਨਾਪਸੰਦ ਹੈ। ਇਨਸਾਨਾਂ ਲਈ ਰੱਖੇ ਉਸ ਦੇ ਮਕਸਦ ਨੂੰ ਅਸੀਂ ਸਮਝਦੇ ਹਾਂ ਅਤੇ ਉਸ ਦਾ ਸਮਰਥਨ ਕਰਦੇ ਹਾਂ। ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਉਹ ਸਾਨੂੰ ਆਪਣੇ ਦੋਸਤ ਬਣਨ ਦਾ ਮੌਕਾ ਦਿੰਦਾ ਹੈ। (ਕਹਾ. 3:32) ਆਪਣੇ ਸ੍ਰਿਸ਼ਟੀਕਰਤਾ ਬਾਰੇ ਹਰ ਗੱਲ ਸਿੱਖ ਕੇ ਅਸੀਂ ਉਸ ਦੇ ਹੋਰ ਵੀ ਨੇੜੇ ਜਾਂਦੇ ਹਾਂ।—ਯਾਕੂ. 4:8.
4. (ੳ) ਸ਼ੈਤਾਨ ਕਿਵੇਂ ਕੋਸ਼ਿਸ਼ ਕਰਦਾ ਹੈ ਕਿ ਅਸੀਂ ਸਿਰਫ਼ ਯਹੋਵਾਹ ਦੀ ਭਗਤੀ ਨਾ ਕਰੀਏ? (ਅ) ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?
4 ਇਹ ਦੁਨੀਆਂ ਸ਼ੈਤਾਨ ਦੇ ਵੱਸ ਵਿਚ ਹੈ ਅਤੇ ਉਹ ਇਸ ਦੁਨੀਆਂ ਨੂੰ ਸਾਡੀਆਂ ਕੁਦਰਤੀ ਇੱਛਾਵਾਂ ਅਤੇ ਸਾਡੀਆਂ ਕਮੀਆਂ-ਕਮਜ਼ੋਰੀਆਂ ਨੂੰ ਹਵਾ ਦੇਣ ਲਈ ਵਰਤਦਾ ਹੈ। (ਅਫ਼. 2:1-3; 1 ਯੂਹੰ. 5:19) ਉਹ ਚਾਹੁੰਦਾ ਹੈ ਕਿ ਅਸੀਂ ਪੂਰੀ ਤਰ੍ਹਾਂ ਯਹੋਵਾਹ ਨੂੰ ਪਿਆਰ ਨਾ ਕਰੀਏ ਤਾਂਕਿ ਅਸੀਂ ਸਿਰਫ਼ ਪਰਮੇਸ਼ੁਰ ਦੀ ਭਗਤੀ ਨਾ ਕਰ ਸਕੀਏ। ਆਓ ਆਪਾਂ ਦੇਖੀਏ ਕਿ ਸ਼ੈਤਾਨ ਕਿਨ੍ਹਾਂ ਦੋ ਤਰੀਕਿਆਂ ਰਾਹੀਂ ਇੱਦਾਂ ਕਰਨ ਵਿਚ ਕਾਮਯਾਬ ਹੋ ਸਕਦਾ ਹੈ। ਪਹਿਲਾ, ਉਹ ਸਾਨੂੰ ਧਨ-ਦੌਲਤ ਇਕੱਠੀ ਕਰਨ ਲਈ ਭਰਮਾਉਂਦਾ ਹੈ। ਦੂਜਾ, ਉਹ ਸਾਨੂੰ ਭਰਮਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਅਸੀਂ ਗ਼ਲਤ ਮਨੋਰੰਜਨ ਦੀ ਚੋਣ ਕਰੀਏ।
ਪੈਸੇ ਨੂੰ ਪਿਆਰ ਕਰਨ ਤੋਂ ਬਚੋ
5. ਸਾਨੂੰ ਪੈਸੇ ਪ੍ਰਤੀ ਪਿਆਰ ਪੈਦਾ ਕਰਨ ਤੋਂ ਕਿਉਂ ਬਚਣਾ ਚਾਹੀਦਾ ਹੈ?
5 ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਕੋਲ ਚੰਗਾ ਖਾਣ, ਰਹਿਣ ਤੇ ਪਹਿਨਣ ਨੂੰ ਹੋਵੇ। ਪਰ ਸਾਨੂੰ ਪੈਸੇ ਪ੍ਰਤੀ ਪਿਆਰ ਪੈਦਾ ਕਰਨ ਤੋਂ ਬਚਣਾ ਚਾਹੀਦਾ ਹੈ। ਸ਼ੈਤਾਨ ਦੀ ਦੁਨੀਆਂ ਦੇ ਬਹੁਤ ਸਾਰੇ ਲੋਕ “ਪੈਸੇ ਦੇ ਪ੍ਰੇਮੀ” ਹਨ ਅਤੇ ਇਨ੍ਹਾਂ ਪੈਸਿਆਂ ਨਾਲ ਖ਼ਰੀਦੀਆਂ ਜਾਣ ਵਾਲੀਆਂ ਚੀਜ਼ਾਂ ਦੇ ਵੀ ਪ੍ਰੇਮੀ ਹਨ। (2 ਤਿਮੋ. 3:2) ਯਿਸੂ ਜਾਣਦਾ ਸੀ ਕਿ ਉਸ ਦੇ ਚੇਲੇ ਇਸ ਤਰ੍ਹਾਂ ਦਾ ਪਿਆਰ ਪੈਦਾ ਕਰਨ ਲਈ ਸ਼ਾਇਦ ਭਰਮਾਏ ਜਾਣ। ਯਿਸੂ ਨੇ ਕਿਹਾ: “ਕੋਈ ਵੀ ਇਨਸਾਨ ਦੋ ਮਾਲਕਾਂ ਦੀ ਗ਼ੁਲਾਮੀ ਨਹੀਂ ਕਰ ਸਕਦਾ, ਉਹ ਇਕ ਨੂੰ ਪਿਆਰ ਤੇ ਦੂਜੇ ਨੂੰ ਨਫ਼ਰਤ ਕਰੇਗਾ, ਜਾਂ ਉਹ ਇਕ ਦੀ ਦਿਲੋਂ ਸੇਵਾ ਕਰੇਗਾ ਅਤੇ ਦੂਜੇ ਨਾਲ ਘਿਰਣਾ ਕਰੇਗਾ। ਇਸੇ ਤਰ੍ਹਾਂ, ਤੁਸੀਂ ਪਰਮੇਸ਼ੁਰ ਅਤੇ ਪੈਸੇ ਦੋਵਾਂ ਦੀ ਗ਼ੁਲਾਮੀ ਨਹੀਂ ਕਰ ਸਕਦੇ।” (ਮੱਤੀ 6:24) ਇਕ ਵਿਅਕਤੀ ਜੋ ਯਹੋਵਾਹ ਦੀ ਭਗਤੀ ਕਰਨ ਦੇ ਨਾਲ-ਨਾਲ ਆਪਣਾ ਹੱਦੋਂ ਵੱਧ ਸਮਾਂ ਤੇ ਤਾਕਤ ਦੁਨੀਆਂ ਦੀ ਧਨ-ਦੌਲਤ ਇਕੱਠੀ ਕਰਨ ʼਤੇ ਲਾਉਂਦਾ ਹੈ, ਉਹ ਅਸਲ ਵਿਚ ਦੋ ਮਾਲਕਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਸਿਰਫ਼ ਯਹੋਵਾਹ ਦੀ ਭਗਤੀ ਨਹੀਂ ਕਰ ਰਿਹਾ ਹੁੰਦਾ।
6. ਲਾਉਦਿਕੀਆ ਦੀ ਮੰਡਲੀ ਨੂੰ ਕਹੇ ਯਿਸੂ ਦੇ ਸ਼ਬਦਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
6 ਪਹਿਲੀ ਸਦੀ ਦੇ ਅਖ਼ੀਰ ਵਿਚ, ਲਾਉਦਿਕੀਆ ਦੀ ਮੰਡਲੀ ਦੇ ਭੈਣ-ਭਰਾ ਸ਼ੇਖ਼ੀਆਂ ਮਾਰਦੇ ਸਨ: “ਮੈਂ ਅਮੀਰ ਹਾਂ ਅਤੇ ਮੈਂ ਧਨ-ਦੌਲਤ ਇਕੱਠੀ ਕੀਤੀ ਹੈ ਅਤੇ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ।” ਪਰ ਯਹੋਵਾਹ ਅਤੇ ਯਿਸੂ ਦੀਆਂ ਨਜ਼ਰਾਂ ਵਿਚ ਉਨ੍ਹਾਂ ਦੀ ਹਾਲਤ “ਬੁਰੀ ਤੇ ਤਰਸਯੋਗ” ਸੀ ਅਤੇ ਉਹ ‘ਗ਼ਰੀਬ, ਅੰਨ੍ਹੇ ਅਤੇ ਨੰਗੇ’ ਸਨ। ਯਿਸੂ ਨੇ ਉਨ੍ਹਾਂ ਦੀ ਅਮੀਰੀ ਕਰਕੇ ਉਨ੍ਹਾਂ ਨੂੰ ਤਾੜਨਾ ਨਹੀਂ ਦਿੱਤੀ ਸੀ, ਸਗੋਂ ਪੈਸੇ ਨਾਲ ਪਿਆਰ ਹੋਣ ਕਰਕੇ ਦਿੱਤੀ ਸੀ ਕਿਉਂਕਿ ਪੈਸੇ ਕਰਕੇ ਪਰਮੇਸ਼ੁਰ ਨਾਲ ਉਨ੍ਹਾਂ ਦਾ ਰਿਸ਼ਤਾ ਕਮਜ਼ੋਰ ਪੈ ਰਿਹਾ ਸੀ। (ਪ੍ਰਕਾ. 3:14-17) ਜੇ ਸਾਨੂੰ ਲੱਗਦਾ ਹੈ ਕਿ ਸਾਡੇ ਮਨ ਵਿਚ ਅਮੀਰ ਬਣਨ ਦੀ ਇੱਛਾ ਜੜ੍ਹ ਫੜ੍ਹ ਰਹੀ ਹੈ, ਤਾਂ ਸਾਨੂੰ ਝੱਟ ਹੀ ਆਪਣੀ ਸੋਚ ਵਿਚ ਸੁਧਾਰ ਕਰਨਾ ਚਾਹੀਦਾ ਹੈ। (1 ਤਿਮੋ. 6:7, 8) ਜੇ ਅਸੀਂ ਸੁਧਾਰ ਨਹੀਂ ਕਰਦੇ, ਤਾਂ ਅਸੀਂ ਆਪਣੇ ਮਨ ਵਿਚ ਹੋਰ ਚੀਜ਼ਾਂ ਲਈ ਪਿਆਰ ਪੈਦਾ ਕਰ ਲਵਾਂਗੇ ਅਤੇ ਯਹੋਵਾਹ ਸਾਡੀ ਭਗਤੀ ਸਵੀਕਾਰ ਨਹੀਂ ਕਰੇਗਾ। ਯਹੋਵਾਹ ਮੰਗ ਕਰਦਾ ਹੈ ਕਿ ਸਿਰਫ਼ ਉਸੇ ਦੀ ਭਗਤੀ ਕੀਤੀ ਜਾਵੇ। (ਬਿਵ. 4:24) ਅਸੀਂ ਸ਼ਾਇਦ ਪੈਸਿਆਂ ਪ੍ਰਤੀ ਸਹੀ ਨਜ਼ਰੀਆ ਕਿਉਂ ਨਾ ਰੱਖ ਪਾਈਏ?
7-9. ਡੇਵਿਡ ਨਾਂ ਦੇ ਮੰਡਲੀ ਦੇ ਬਜ਼ੁਰਗ ਦੀ ਮਿਸਾਲ ਤੋਂ ਤੁਸੀਂ ਕੀ ਸਿੱਖਿਆ?
7 ਅਮਰੀਕਾ ਵਿਚ ਰਹਿਣ ਵਾਲੇ ਡੇਵਿਡ ਦੀ ਮਿਸਾਲ ʼਤੇ ਗੌਰ ਕਰੋ। ਉਹ ਮੰਡਲੀ ਦਾ ਬਜ਼ੁਰਗ ਹੈ ਜੋ ਮਿਹਨਤੀ ਹੈ। ਉਹ ਆਪਣੇ ਬਾਰੇ ਦੱਸਦਾ ਹੈ ਕਿ ਉਹ ਆਪਣੇ ਕੰਮ ʼਤੇ ਬਹੁਤ ਮਿਹਨਤ ਕਰਦਾ ਸੀ। ਉਸ ਨੂੰ ਆਪਣੇ ਕੰਮ ਕਰਕੇ ਕੰਪਨੀ ਵਿਚ ਤਰੱਕੀ ਮਿਲੀ ਅਤੇ ਪੂਰੇ ਦੇਸ਼ ਵਿਚ ਪਛਾਣ ਮਿਲੀ। ਡੇਵਿਡ ਨੇ ਦੱਸਿਆ: “ਉਸ ਸਮੇਂ ਮੈਂ ਸੋਚਦਾ ਸੀ ਕਿ ਇਹ ਸਭ ਕੁਝ ਯਹੋਵਾਹ ਵੱਲੋਂ ਬਰਕਤ ਸੀ।” ਪਰ ਕੀ ਸੱਚ-ਮੁੱਚ ਇੱਦਾਂ ਹੀ ਸੀ?
8 ਡੇਵਿਡ ਨੂੰ ਖ਼ਤਰੇ ਨਜ਼ਰ ਆਉਣ ਲੱਗੇ ਕਿ ਉਸ ਦੇ ਕੰਮ ਕਰਕੇ ਯਹੋਵਾਹ ਨਾਲ ਉਸ ਦੀ ਦੋਸਤੀ ʼਤੇ ਬੁਰਾ ਅਸਰ ਪੈ ਰਿਹਾ ਸੀ। ਉਹ ਦੱਸਦਾ ਹੈ: “ਮੀਟਿੰਗਾਂ ਅਤੇ ਪ੍ਰਚਾਰ ਵਿਚ ਮੈਂ ਹਮੇਸ਼ਾ ਕੰਮ ਨਾਲ ਸੰਬੰਧਿਤ ਆਪਣੀਆਂ ਮੁਸ਼ਕਲਾਂ ਬਾਰੇ ਸੋਚਦਾ ਰਹਿੰਦਾ ਸੀ। ਮੈਂ ਬਹੁਤ ਪੈਸਾ ਕਮਾਉਂਦਾ ਸੀ, ਪਰ ਇਸ ਨਾਲ ਤਣਾਅ ਵੀ ਵਧ ਗਿਆ ਸੀ ਅਤੇ ਮੇਰੇ ਵਿਆਹੁਤਾ ਰਿਸ਼ਤੇ ʼਤੇ ਬੁਰਾ ਅਸਰ ਪਿਆ ਸੀ।”
9 ਡੇਵਿਡ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਦੇਖਣ ਦੀ ਲੋੜ ਸੀ ਕਿ ਉਸ ਲਈ ਕਿਹੜੀਆਂ ਚੀਜ਼ਾਂ ਜ਼ਿਆਦਾ ਜ਼ਰੂਰੀ ਸਨ। ਉਸ ਨੇ ਦੱਸਿਆ: “ਮੈਂ ਆਪਣੇ ਹਾਲਾਤਾਂ ਨੂੰ ਸੁਧਾਰਨ ਲਈ ਠੋਸ ਕਦਮ ਚੁੱਕਿਆ।” ਡੇਵਿਡ ਆਪਣੇ ਕੰਮ ਵਿਚ ਫੇਰ-ਬਦਲ ਕਰਨਾ ਚਾਹੁੰਦਾ ਸੀ ਅਤੇ ਉਸ ਨੇ ਇਹ ਗੱਲ ਆਪਣੇ ਬਾਸ ਨੂੰ ਦੱਸੀ। ਇਸ ਦਾ ਕੀ ਨਤੀਜਾ ਨਿਕਲਿਆ? ਡੇਵਿਡ ਦੀ ਨੌਕਰੀ ਚਲੀ ਗਈ। ਉਸ ਨੇ ਕੀ ਕੀਤਾ? ਉਹ ਦੱਸਦਾ ਹੈ: “ਅਗਲੇ ਦਿਨ ਮੈਂ ਲਗਾਤਾਰ ਔਗਜ਼ੀਲਰੀ ਪਾਇਨੀਅਰਿੰਗ ਕਰਨ ਲਈ ਫ਼ਾਰਮ ਭਰ ਦਿੱਤਾ।” ਆਪਣਾ ਗੁਜ਼ਾਰਾ ਤੋਰਨ ਲਈ ਡੇਵਿਡ ਤੇ ਉਸ ਦੀ ਪਤਨੀ ਨੇ ਸਫ਼ਾਈ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ, ਉਸ ਨੇ ਰੈਗੂਲਰ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਾਅਦ ਵਿਚ ਉਸ ਦੀ ਪਤਨੀ ਵੀ ਪਾਇਨੀਅਰਿੰਗ ਕਰਨ ਲੱਗ ਪਈ। ਇਸ ਜੋੜੇ ਨੇ ਉਹ ਕੰਮ ਕਰਨ ਦਾ ਫ਼ੈਸਲਾ ਕੀਤਾ ਜਿਸ ਨੂੰ ਬਹੁਤ ਸਾਰੇ ਲੋਕ ਘਟੀਆ ਸਮਝਦੇ ਹਨ। ਪਰ ਉਨ੍ਹਾਂ ਲਈ ਇਹ ਕੰਮ ਸਭ ਤੋਂ ਜ਼ਰੂਰੀ ਨਹੀਂ ਹੈ। ਚਾਹੇ ਉਹ ਆਪਣੀ ਪਹਿਲੀ ਨੌਕਰੀ ਦੀ ਕਮਾਈ ਦੇ ਮੁਕਾਬਲੇ ਹੁਣ ਦਸਵਾਂ ਹਿੱਸਾ ਹੀ ਕਮਾ ਪਾਉਂਦੇ ਹਨ, ਪਰ ਹਰ ਮਹੀਨੇ ਉਹ ਆਪਣੀਆਂ ਲੋੜਾਂ ਪੂਰੀਆਂ ਕਰਨ ਜੋਗਾ ਕਮਾ ਪਾਉਂਦੇ ਹਨ। ਉਹ ਯਹੋਵਾਹ ਨੂੰ ਪਹਿਲ ਦੇਣੀ ਚਾਹੁੰਦੇ ਹਨ ਅਤੇ ਉਨ੍ਹਾਂ ਨੇ ਆਪਣੀ ਅੱਖੀਂ ਦੇਖਿਆ ਕਿ ਯਹੋਵਾਹ ਉਨ੍ਹਾਂ ਦੀ ਦੇਖ-ਭਾਲ ਕਰਦਾ ਹੈ ਜੋ ਉਸ ਦੇ ਰਾਜ ਨੂੰ ਪਹਿਲ ਦਿੰਦੇ ਹਨ।—ਮੱਤੀ 6:31-33.
10. ਅਸੀਂ ਆਪਣੇ ਦਿਲ ਦੀ ਰਾਖੀ ਕਿਵੇਂ ਕਰ ਸਕਦੇ ਹਾਂ?
10 ਚਾਹੇ ਸਾਡੇ ਕੋਲ ਥੋੜ੍ਹਾ ਹੋਵੇ ਜਾਂ ਬਹੁਤਾ, ਪਰ ਸਾਨੂੰ ਸਾਰਿਆਂ ਨੂੰ ਆਪਣੇ ਦਿਲ ਦੀ ਰਾਖੀ ਕਰਨ ਦੀ ਲੋੜ ਹੈ। ਕਿਵੇਂ? ਪੈਸੇ ਲਈ ਪਿਆਰ ਪੈਦਾ ਨਾ ਕਰੋ। ਆਪਣੇ ਕੰਮ ਨੂੰ ਯਹੋਵਾਹ ਦੀ ਭਗਤੀ ਨਾਲੋਂ ਪਹਿਲ ਨਾ ਦੇਵੋ। ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਕਿਤੇ ਤੁਹਾਡੇ ਨਾਲ ਇਸ ਤਰ੍ਹਾਂ ਤਾਂ ਨਹੀਂ ਹੋ ਰਿਹਾ? ਤੁਸੀਂ ਆਪਣੇ ਆਪ ਤੋਂ ਕੁਝ ਸਵਾਲ ਪੁੱਛ ਸਕਦੇ ਹੋ: ‘ਕੀ ਮੈਂ ਪ੍ਰਚਾਰ ਜਾਂ ਮੀਟਿੰਗਾਂ ʼਤੇ ਅਕਸਰ ਆਪਣੇ ਕੰਮ-ਧੰਦੇ ਬਾਰੇ ਹੀ ਸੋਚਦਾ ਰਹਿੰਦਾ ਹਾਂ? ਕੀ ਮੈਨੂੰ ਇਹੀ ਚਿੰਤਾ ਲੱਗੀ ਰਹਿੰਦੀ ਹੈ ਕਿ ਮੇਰੇ ਕੋਲ ਭਵਿੱਖ ਵਿਚ ਗੁਜ਼ਾਰੇ ਜੋਗੇ ਪੈਸੇ ਹੋਣਗੇ? ਕੀ ਪੈਸੇ ਅਤੇ ਚੀਜ਼ਾਂ ਕਰਕੇ ਮੇਰੇ ਅਤੇ ਮੇਰੇ ਜੀਵਨ ਸਾਥੀ ਵਿਚ ਮੁਸ਼ਕਲਾਂ ਖੜ੍ਹੀਆਂ ਹੋ ਰਹੀਆਂ ਹਨ? ਕੀ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਸਮਾਂ ਲਾਉਣ ਵਾਸਤੇ ਮੈਂ ਉਹ ਕੰਮ ਕਰਨ ਲਈ ਵੀ ਤਿਆਰ ਹੋਵਾਂਗਾ ਜਿਸ ਨੂੰ ਲੋਕ ਘਟੀਆ ਸਮਝਦੇ ਹਨ?’ (1 ਤਿਮੋ. 6:9-12) ਇਨ੍ਹਾਂ ਸਵਾਲਾਂ ʼਤੇ ਗੌਰ ਕਰਦਿਆਂ ਆਓ ਆਪਾਂ ਯਾਦ ਰੱਖੀਏ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ ਅਤੇ ਸਿਰਫ਼ ਉਸ ਦੀ ਹੀ ਭਗਤੀ ਕਰਨ ਵਾਲਿਆਂ ਨਾਲ ਉਹ ਇਹ ਵਾਅਦਾ ਕਰਦਾ ਹੈ: “ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਕਦੀ ਤੈਨੂੰ ਤਿਆਗਾਂਗਾ।” ਇਸ ਲਈ ਪੌਲੁਸ ਰਸੂਲ ਨੇ ਲਿਖਿਆ: “ਤੁਸੀਂ ਜ਼ਿੰਦਗੀ ਵਿਚ ਪੈਸੇ ਨਾਲ ਪਿਆਰ ਨਾ ਕਰੋ।”—ਇਬ. 13:5, 6.
ਸਮਝਦਾਰੀ ਨਾਲ ਮਨੋਰੰਜਨ ਦੀ ਚੋਣ ਕਰੋ
11. ਮਨੋਰੰਜਨ ਦਾ ਲੋਕਾਂ ʼਤੇ ਕੀ ਅਸਰ ਪੈ ਸਕਦਾ ਹੈ?
11 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਜ਼ਿੰਦਗੀ ਵਿਚ ਖ਼ੁਸ਼ੀ ਪਾਈਏ ਅਤੇ ਮਨੋਰੰਜਨ ਕਰ ਕੇ ਸਾਨੂੰ ਖ਼ੁਸ਼ੀ ਮਿਲ ਸਕਦੀ ਹੈ। ਦਰਅਸਲ, ਪਰਮੇਸ਼ੁਰ ਦਾ ਬਚਨ ਦੱਸਦਾ ਹੈ ਕਿ “ਮਨੁੱਖ ਦੇ ਲਈ ਇਸ ਨਾਲੋਂ ਹੋਰ ਕੁਝ ਚੰਗਾ ਨਹੀਂ ਜੋ ਖਾਵੇ ਪੀਵੇ ਅਤੇ ਆਪਣੇ ਸਾਰੇ ਧੰਦੇ ਦੇ ਵਿੱਚ ਆਪਣਾ ਜੀ ਪਰਚਾਵੇ।” (ਉਪ. 2:24) ਪਰ ਇਸ ਦੁਨੀਆਂ ਦਾ ਜ਼ਿਆਦਾਤਰ ਮਨੋਰੰਜਨ ਸਾਡੇ ʼਤੇ ਬੁਰਾ ਅਸਰ ਪਾ ਸਕਦਾ ਹੈ। ਇਹ ਲੋਕਾਂ ਦੇ ਨੈਤਿਕ ਮਿਆਰਾਂ ਨੂੰ ਗਿਰਾਉਂਦਾ ਹੈ ਅਤੇ ਉਨ੍ਹਾਂ ਨੂੰ ਅਜਿਹੀਆਂ ਚੀਜ਼ਾਂ ਸਵੀਕਾਰ ਕਰਨ, ਇੱਥੋਂ ਤਕ ਕਿ ਪਸੰਦ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਦਾ ਬਚਨ ਨਿੰਦਦਾ ਹੈ।
12. ਪਹਿਲਾ ਕੁਰਿੰਥੀਆਂ 10:21, 22 ਮੁਤਾਬਕ ਸਾਨੂੰ ਧਿਆਨ ਨਾਲ ਮਨੋਰੰਜਨ ਦੀ ਚੋਣ ਕਿਉਂ ਕਰਨੀ ਚਾਹੀਦੀ ਹੈ?
12 ਅਸੀਂ ਸਿਰਫ਼ ਯਹੋਵਾਹ ਦੀ ਹੀ ਭਗਤੀ ਕਰਨੀ ਚਾਹੁੰਦੇ ਹਾਂ। ਇਸ ਲਈ ਅਸੀਂ “ਯਹੋਵਾਹ ਦੇ ਮੇਜ਼” ਤੋਂ ਖਾਣ ਦੇ ਨਾਲ-ਨਾਲ “ਦੁਸ਼ਟ ਦੂਤਾਂ ਦੇ ਮੇਜ਼” ਤੋਂ ਨਹੀਂ ਖਾ ਸਕਦੇ। (1 ਕੁਰਿੰਥੀਆਂ 10:21, 22 ਪੜ੍ਹੋ।) ਕਿਸੇ ਨਾਲ ਮਿਲ ਕੇ ਭੋਜਨ ਖਾਣਾ ਦੋਸਤੀ ਦੀ ਨਿਸ਼ਾਨੀ ਹੈ। ਇਸ ਲਈ ਜੇ ਅਸੀਂ ਅਜਿਹਾ ਮਨੋਰੰਜਨ ਕਰਦੇ ਹਾਂ ਜਿਸ ਵਿਚ ਹਿੰਸਾ, ਜਾਦੂਗਰੀ, ਅਨੈਤਿਕਤਾ ਜਾਂ ਹੋਰ ਸਰੀਰਕ ਇੱਛਾਵਾਂ ਤੇ ਰਵੱਈਏ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ, ਤਾਂ ਅਸਲ ਵਿਚ ਅਸੀਂ ਪਰਮੇਸ਼ੁਰ ਦੇ ਦੁਸ਼ਮਣਾਂ ਨਾਲ ਅਤੇ ਉਨ੍ਹਾਂ ਦੁਆਰਾ ਤਿਆਰ ਕੀਤਾ ਖਾਣਾ ਖਾ ਰਹੇ ਹੁੰਦੇ ਹਾਂ। ਇਸ ਤਰ੍ਹਾਂ ਕਰਨ ਨਾਲ ਸਿਰਫ਼ ਸਾਡਾ ਹੀ ਨੁਕਸਾਨ ਨਹੀਂ ਹੁੰਦਾ, ਸਗੋਂ ਯਹੋਵਾਹ ਨਾਲ ਸਾਡੀ ਦੋਸਤੀ ਵੀ ਟੁੱਟਦੀ ਹੈ।
13-14. ਯਾਕੂਬ 1:14, 15 ਮੁਤਾਬਕ ਸਾਨੂੰ ਆਪਣੇ ਆਪ ਵਿਚ ਗ਼ਲਤ ਇੱਛਾਵਾਂ ਪੈਦਾ ਕਰਨ ਤੋਂ ਕਿਉਂ ਬਚਣਾ ਚਾਹੀਦਾ ਹੈ? ਮਿਸਾਲ ਦਿਓ।
13 ਆਓ ਆਪਾਂ ਕੁਝ ਤਰੀਕਿਆਂ ʼਤੇ ਗੌਰ ਕਰੀਏ ਕਿ ਮਨੋਰੰਜਨ ਖਾਣੇ ਵਾਂਗ ਕਿਵੇਂ ਹੈ। ਖਾਣਾ ਖਾਣ ਵੇਲੇ ਅਸੀਂ ਤੈਅ ਕਰ ਸਕਦੇ ਹਾਂ ਕਿ ਅਸੀਂ ਕੀ ਖਾਣਾ ਹੈ। ਪਰ ਖਾਣਾ ਖਾਣ ਤੋਂ ਬਾਅਦ ਸਾਡੇ ਸਰੀਰ ਦੇ ਅਲੱਗ-ਅਲੱਗ ਅੰਗ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਇਸ ਵਿੱਚੋਂ ਪੌਸ਼ਟਿਕ ਤੱਤ ਕੱਢਦੇ ਹਨ ਜੋ ਸਾਡੇ ਸਰੀਰ ਦਾ ਹਿੱਸਾ ਬਣ ਜਾਂਦੇ ਹਨ। ਪੌਸ਼ਟਿਕ ਖਾਣਾ ਸਾਡੇ ਸਰੀਰ ʼਤੇ ਚੰਗਾ ਅਸਰ ਪਾ ਸਕਦਾ ਹੈ ਤੇ ਮਾੜਾ ਖਾਣਾ ਬੁਰਾ ਅਸਰ ਪਾਉਂਦਾ ਹੈ। ਖਾਣੇ ਦਾ ਅਸਰ ਸ਼ਾਇਦ ਉਸੇ ਵੇਲੇ ਪਤਾ ਨਾ ਲੱਗੇ, ਪਰ ਸਮੇਂ ਦੇ ਬੀਤਣ ਨਾਲ ਪਤਾ ਲੱਗੇਗਾ।
14 ਬਿਲਕੁਲ ਇਸੇ ਤਰ੍ਹਾਂ, ਮਨੋਰੰਜਨ ਦੀ ਚੋਣ ਕਰਦਿਆਂ ਅਸੀਂ ਫ਼ੈਸਲਾ ਕਰ ਸਕਦੇ ਹਾਂ ਕਿ ਅਸੀਂ ਆਪਣੇ ਦਿਮਾਗ਼ ਵਿਚ ਕਿਹੜੀਆਂ ਗੱਲਾਂ ਭਰਾਂਗੇ। ਪਰ ਮਨੋਰੰਜਨ ਤੋਂ ਬਾਅਦ ਸਾਡਾ ਦਿਮਾਗ਼ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਕਿ ਇਸ ਦਾ ਸਾਡੀਆਂ ਸੋਚਾਂ ਤੇ ਭਾਵਨਾਵਾਂ ʼਤੇ ਕੀ ਅਸਰ ਪਵੇਗਾ। ਚੰਗਾ ਮਨੋਰੰਜਨ ਕਰਨ ਨਾਲ ਤਾਜ਼ਗੀ ਮਿਲ ਸਕਦੀ ਹੈ, ਪਰ ਘਟੀਆ ਮਨੋਰੰਜਨ ਕਰਨ ਨਾਲ ਸਾਡਾ ਨੁਕਸਾਨ ਹੀ ਹੋਵੇਗਾ। (ਯਾਕੂਬ 1:14, 15 ਪੜ੍ਹੋ।) ਬੁਰੇ ਮਨੋਰੰਜਨ ਦੇ ਅਸਰ ਸ਼ਾਇਦ ਇਕਦਮ ਸਾਮ੍ਹਣੇ ਨਾ ਆਉਣ, ਪਰ ਸਮੇਂ ਦੇ ਬੀਤਣ ਨਾਲ ਇਸ ਦੇ ਅਸਰ ਸਾਮ੍ਹਣੇ ਆਉਣਗੇ। ਇਸ ਲਈ ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ: “ਧੋਖਾ ਨਾ ਖਾਓ: ਪਰਮੇਸ਼ੁਰ ਨੂੰ ਕੋਈ ਵੀ ਮੂਰਖ ਨਹੀਂ ਬਣਾ ਸਕਦਾ। ਕਿਉਂਕਿ ਇਨਸਾਨ ਜੋ ਬੀਜਦਾ ਹੈ, ਉਹੀ ਵੱਢਦਾ ਹੈ; ਜਿਹੜਾ ਇਨਸਾਨ ਸਰੀਰ ਦੀਆਂ ਗ਼ਲਤ ਇੱਛਾਵਾਂ ਲਈ ਬੀਜਦਾ ਹੈ, ਉਹ ਸਰੀਰ ਤੋਂ ਵਿਨਾਸ਼ ਦੀ ਫ਼ਸਲ ਵੱਢੇਗਾ।” (ਗਲਾ. 6:7, 8) ਸਾਡੇ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਉਸ ਤਰ੍ਹਾਂ ਦੇ ਹਰ ਮਨੋਰੰਜਨ ਤੋਂ ਦੂਰ ਰਹੀਏ ਜਿਸ ਤੋਂ ਯਹੋਵਾਹ ਨਫ਼ਰਤ ਕਰਦਾ ਹੈ!—ਜ਼ਬੂ. 97:10.
15. ਯਹੋਵਾਹ ਨੇ ਸਾਨੂੰ ਕਿਹੜਾ ਵਧੀਆ ਤੋਹਫ਼ਾ ਦਿੱਤਾ ਹੈ?
15 ਬਹੁਤ ਸਾਰੇ ਯਹੋਵਾਹ ਦੇ ਲੋਕ JW ਬਰਾਡਕਾਸਟਿੰਗ ਦੇਖਣ ਦਾ ਮਜ਼ਾ ਲੈਂਦੇ ਹਨ, ਇਹ ਸਾਡਾ ਇੰਟਰਨੈੱਟ ਟੀ. ਵੀ. ਚੈਨਲ ਹੈ। ਮਰਲੀਨ ਨਾਂ ਦੀ ਭੈਣ ਨੇ ਦੱਸਿਆ: “JW ਬਰਾਡਕਾਸਟਿੰਗ ਦੇਖਣ ਕਰਕੇ ਹੋਰ ਜ਼ਿਆਦਾ ਸਹੀ ਨਜ਼ਰੀਆ ਰੱਖਣ ਵਿਚ ਮੇਰੀ ਮਦਦ ਹੋਈ ਹੈ ਅਤੇ ਮੈਨੂੰ ਫ਼ੈਸਲਾ ਕਰਨ ਦੀ ਲੋੜ ਨਹੀਂ ਹੁੰਦੀ ਕਿ ਮੈਂ ਕੀ ਦੇਖਾਂ ਤੇ ਕੀ ਨਾ ਦੇਖਾਂ ਕਿਉਂਕਿ ਇਸ ਦੇ ਸਾਰੇ ਪ੍ਰੋਗ੍ਰਾਮ ਚੰਗੇ ਹੁੰਦੇ ਹਨ। ਜਦੋਂ ਮੈਂ ਇਕੱਲਾਪਣ ਜਾਂ ਨਿਰਾਸ਼ ਮਹਿਸੂਸ ਕਰਦੀ ਹਾਂ, ਤਾਂ ਮੈਂ ਇਸ ʼਤੇ ਕੋਈ ਹੌਸਲਾ ਦੇਣ ਵਾਲਾ ਭਾਸ਼ਣ ਜਾਂ ਮੌਰਨਿੰਗ ਵਰਸ਼ਿਪ ਸੁਣਦੀ ਹਾਂ। ਇਸ ਤਰ੍ਹਾਂ ਮੈਂ ਯਹੋਵਾਹ ਤੇ ਉਸ ਦੇ ਸੰਗਠਨ ਦੇ ਹੋਰ ਨੇੜੇ ਮਹਿਸੂਸ ਕਰਦੀ ਹਾਂ। JW ਬਰਾਡਕਾਸਟਿੰਗ ਦੇ ਪ੍ਰਬੰਧ ਕਰਕੇ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ।” ਕੀ ਤੁਸੀਂ ਯਹੋਵਾਹ ਦੇ ਇਸ ਤੋਹਫ਼ੇ ਤੋਂ ਫ਼ਾਇਦਾ ਲੈ ਰਹੇ ਹੋ? ਹਰ ਮਹੀਨੇ JW ਬਰਾਡਕਾਸਟਿੰਗ ʼਤੇ ਨਵਾਂ ਪ੍ਰੋਗ੍ਰਾਮ ਆਉਣ ਦੇ ਨਾਲ-ਨਾਲ ਬਹੁਤ ਸਾਰੇ ਆਡੀਓ ਤੇ ਵੀਡੀਓ ਪ੍ਰੋਗ੍ਰਾਮ ਤੇ ਗਾਣੇ ਹਨ ਜਿਨ੍ਹਾਂ ਨੂੰ ਤੁਸੀਂ ਕਦੇ ਵੀ ਸੁਣ ਤੇ ਦੇਖ ਸਕਦੇ ਹੋ।
16-17. ਸਾਨੂੰ ਧਿਆਨ ਕਿਉਂ ਰੱਖਣਾ ਚਾਹੀਦਾ ਹੈ ਕਿ ਅਸੀਂ ਮਨੋਰੰਜਨ ʼਤੇ ਕਿੰਨਾ ਸਮਾਂ ਲਾਉਂਦੇ ਹਾਂ ਅਤੇ ਅਸੀਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਹਾਂ?
16 ਸਾਨੂੰ ਸਿਰਫ਼ ਇਹੀ ਧਿਆਨ ਨਹੀਂ ਰੱਖਣਾ ਚਾਹੀਦਾ ਕਿ ਅਸੀਂ ਕਿਹੋ ਜਿਹਾ ਮਨੋਰੰਜਨ ਕਰਦੇ ਹਾਂ, ਸਗੋਂ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਕਿੰਨੀ ਦੇਰ ਮਨੋਰੰਜਨ ਕਰਦੇ ਹਾਂ। ਜੇ ਅਸੀਂ ਇਸ ਤਰ੍ਹਾਂ ਨਹੀਂ ਕਰਦੇ, ਤਾਂ ਸ਼ਾਇਦ ਅਸੀਂ ਪਰਮੇਸ਼ੁਰ ਦੀ ਸੇਵਾ ਨਾਲੋਂ ਜ਼ਿਆਦਾ ਸਮਾਂ ਮਨੋਰੰਜਨ ਕਰਨ ʼਤੇ ਲਾ ਦੇਈਏ। ਬਹੁਤ ਜਣੇ ਜਿੰਨਾ ਸਮਾਂ ਮਨੋਰੰਜਨ ʼਤੇ ਲਾਉਂਦੇ ਹਨ, ਉਨ੍ਹਾਂ ਨੂੰ ਉਸ ਸਮੇਂ ʼਤੇ ਕੰਟ੍ਰੋਲ ਕਰਨਾ ਔਖਾ ਲੱਗਦਾ ਹੈ। 18 ਸਾਲਾਂ ਦੀ ਐਬੀਗੇਲ ਨਾਂ ਦੀ ਭੈਣ ਦੱਸਦੀ ਹੈ: “ਦਿਨ ਭਰ ਦੇ ਕੰਮਾਂ ਤੋਂ ਥੱਕ ਜਾਣ ਤੋਂ ਬਾਅਦ ਮੈਂ ਟੀ. ਵੀ. ਦੇਖ ਕੇ ਹਲਕਾ-ਫੁਲਕਾ ਮਹਿਸੂਸ ਕਰਦੀ ਹਾਂ। ਪਰ ਜੇ ਮੈਂ ਧਿਆਨ ਨਾ ਰੱਖਾਂ, ਤਾਂ ਮੈਂ ਕਈ-ਕਈ ਘੰਟੇ ਟੀ. ਵੀ. ਅੱਗੇ ਬੈਠੀ ਰਹਿ ਸਕਦੀ ਹਾਂ।” ਸੈਮੂਏਲ ਨਾਂ ਦਾ ਨੌਜਵਾਨ ਭਰਾ ਕਹਿੰਦਾ ਹੈ: “ਮੈਂ ਦੇਖਿਆ ਕਿ ਮੈਂ ਇੰਟਰਨੈੱਟ ʼਤੇ ਬਹੁਤ ਸਾਰੇ ਛੋਟੇ-ਛੋਟੇ ਵੀਡੀਓ ਦੇਖਦਾ ਰਹਿੰਦਾ ਹਾਂ। ਮੈਂ ਇਕ ਵੀਡੀਓ ਤੋਂ ਸ਼ੁਰੂ ਕਰਦਾ ਹਾਂ, ਫਿਰ ਅੱਗੋਂ ਦੀ ਅੱਗੋਂ ਦੇਖਦਾ ਰਹਿੰਦਾ ਹਾਂ। ਮੈਨੂੰ ਪਤਾ ਨਹੀਂ ਲੱਗਦਾ ਕਿ ਤਿੰਨ-ਚਾਰ ਘੰਟੇ ਕਿੱਥੇ ਚਲੇ ਗਏ।”
17 ਤੁਸੀਂ ਮਨੋਰੰਜਨ ਕਰਨ ਦਾ ਸਮਾਂ ਕਿਵੇਂ ਤੈਅ ਕਰ ਸਕਦੇ ਹੋ? ਪਹਿਲਾ ਕਦਮ ਹੈ, ਜਾਣੋ ਕਿ ਤੁਸੀਂ ਕਿੰਨੀ ਦੇਰ ਮਨੋਰੰਜਨ ਕਰਦੇ ਹੋ। ਕਿਉਂ ਨਾ ਇਕ ਹਫ਼ਤੇ ਦੇ ਮਨੋਰੰਜਨ ਦਾ ਸਮਾਂ ਲਿਖੋ? ਆਪਣੇ ਕਲੰਡਰ ʼਤੇ ਲਿਖੋ ਕਿ ਤੁਸੀਂ ਕਿੰਨਾ ਸਮਾਂ ਟੀ. ਵੀ. ਤੇ ਇੰਟਰਨੈੱਟ ਦੇਖਣ ਅਤੇ ਕਿੰਨਾ ਸਮਾਂ ਮੋਬਾਇਲ ਵਗੈਰਾ ʼਤੇ ਗੇਮਾਂ ਖੇਡਣ ʼਤੇ ਲਾਇਆ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਹੱਦੋਂ ਵੱਧ ਸਮਾਂ ਇਨ੍ਹਾਂ ʼਤੇ ਲਾ ਰਹੇ ਹੋ, ਤਾਂ ਸਮਾਂ-ਸਾਰਣੀ ਬਣਾਓ। ਪਹਿਲਾਂ ਜ਼ਿਆਦਾ ਜ਼ਰੂਰੀ ਚੀਜ਼ਾਂ ਨੂੰ ਸਮਾਂ ਦਿਓ ਅਤੇ ਫਿਰ ਮਨੋਰੰਜਨ ਨੂੰ। ਫਿਰ ਸਮਾਂ-ਸਾਰਣੀ ਮੁਤਾਬਕ ਚੱਲਣ ਲਈ ਯਹੋਵਾਹ ਤੋਂ ਮਦਦ ਮੰਗੋ। ਇਸ ਤਰ੍ਹਾਂ ਤੁਸੀਂ ਆਪਣਾ ਸਮਾਂ ਤੇ ਤਾਕਤ ਬਾਈਬਲ ਤੇ ਪਰਿਵਾਰਕ ਸਟੱਡੀ ਕਰਨ, ਮੀਟਿੰਗਾਂ ʼਤੇ ਹਾਜ਼ਰ ਹੋਣ ਅਤੇ ਯਹੋਵਾਹ ਦੀ ਸੇਵਾ ਵਿਚ ਪ੍ਰਚਾਰ ਤੇ ਸਿਖਾਉਣ ਦੇ ਕੰਮ ʼਤੇ ਲਾ ਸਕੋਗੇ। ਨਾਲੇ ਇਸ ਤਰ੍ਹਾਂ ਤੁਸੀਂ ਦੋਸ਼ੀ ਮਹਿਸੂਸ ਨਹੀਂ ਕਰੋਗੇ ਕਿ ਤੁਸੀਂ ਆਪਣਾ ਸਮਾਂ ਮਨੋਰੰਜਨ ਕਰਨ ʼਤੇ ਬਰਬਾਦ ਕਰ ਦਿੱਤਾ।
ਸਿਰਫ਼ ਯਹੋਵਾਹ ਦੀ ਹੀ ਭਗਤੀ ਕਰਦੇ ਰਹੋ
18-19. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਸਿਰਫ਼ ਯਹੋਵਾਹ ਦੀ ਹੀ ਭਗਤੀ ਕਰਦੇ ਹਾਂ?
18 ਸ਼ੈਤਾਨ ਦੀ ਦੁਨੀਆਂ ਦੇ ਅੰਤ ਅਤੇ ਨਵੀਂ ਦੁਨੀਆਂ ਦੇ ਆਉਣ ਬਾਰੇ ਲਿਖਣ ਤੋਂ ਬਾਅਦ ਪਤਰਸ ਰਸੂਲ ਨੇ ਦੱਸਿਆ: “ਪਿਆਰੇ ਭਰਾਵੋ, ਇਨ੍ਹਾਂ ਚੀਜ਼ਾਂ ਦੀ ਉਡੀਕ ਕਰਦੇ ਹੋਏ ਪੂਰੀ ਕੋਸ਼ਿਸ਼ ਕਰੋ ਕਿ ਤੁਸੀਂ ਅਖ਼ੀਰ ਵਿਚ ਉਸ ਦੀਆਂ ਨਜ਼ਰਾਂ ਵਿਚ ਬੇਦਾਗ਼, ਨਿਰਦੋਸ਼ ਅਤੇ ਸ਼ਾਂਤੀ ਨਾਲ ਰਹਿਣ ਵਾਲੇ ਪਾਏ ਜਾਓ।” (2 ਪਤ. 3:14) ਇਹ ਸਲਾਹ ਮੰਨ ਕੇ, ਨੈਤਿਕ ਤੌਰ ʼਤੇ ਸ਼ੁੱਧ ਰਹਿ ਕੇ, ਯਹੋਵਾਹ ਦੀ ਮਰਜ਼ੀ ਮੁਤਾਬਕ ਜ਼ਿੰਦਗੀ ਜੀ ਕੇ ਅਤੇ ਉਸ ਦੀ ਮਰਜ਼ੀ ਮੁਤਾਬਕ ਭਗਤੀ ਕਰ ਕੇ ਅਸੀਂ ਸਾਬਤ ਕਰਦੇ ਹਾਂ ਕਿ ਅਸੀਂ ਸਿਰਫ਼ ਯਹੋਵਾਹ ਦੀ ਹੀ ਭਗਤੀ ਕਰਦੇ ਹਾਂ।
19 ਸ਼ੈਤਾਨ ਅਤੇ ਇਸ ਦੀ ਦੁਨੀਆਂ ਸਾਨੂੰ ਭਰਮਾਉਂਦੀ ਰਹੇਗੀ ਕਿ ਅਸੀਂ ਯਹੋਵਾਹ ਦੀ ਬਜਾਇ ਹੋਰ ਚੀਜ਼ਾਂ ਨੂੰ ਪਹਿਲ ਦੇਈਏ। (ਲੂਕਾ 4:13) ਪਰ ਕਿਸੇ ਵੀ ਚੁਣੌਤੀ ਦੇ ਬਾਵਜੂਦ ਅਸੀਂ ਕਿਸੇ ਨੂੰ ਵੀ ਜਾਂ ਕਿਸੇ ਵੀ ਚੀਜ਼ ਨੂੰ ਆਪਣੇ ਦਿਲ ਵਿਚ ਯਹੋਵਾਹ ਦੀ ਥਾਂ ਨਹੀਂ ਲੈਣ ਦੇਵਾਂਗੇ। ਅਸੀਂ ਪੱਕਾ ਇਰਾਦਾ ਕੀਤਾ ਹੈ ਕਿ ਅਸੀਂ ਸਿਰਫ਼ ਅਰ ਸਿਰਫ਼ ਯਹੋਵਾਹ ਦੀ ਹੀ ਭਗਤੀ ਕਰਾਂਗੇ ਜਿਸ ਦਾ ਉਹੀ ਹੱਕਦਾਰ ਹੈ।
ਗੀਤ 51 ਯਹੋਵਾਹ ਦਾ ਦਾਮਨ ਫੜੀ ਰੱਖੋ
a ਅਸੀਂ ਯਹੋਵਾਹ ਦੀ ਭਗਤੀ ਕਰਨੀ ਚਾਹੁੰਦੇ ਹਾਂ। ਪਰ ਕੀ ਅਸੀਂ ਸਿਰਫ਼ ਉਸ ਦੀ ਹੀ ਭਗਤੀ ਕਰਦੇ ਹਾਂ? ਇਸ ਦਾ ਜਵਾਬ ਸਾਡੇ ਫ਼ੈਸਲਿਆਂ ਤੋਂ ਮਿਲਦਾ ਹੈ। ਆਓ ਆਪਾਂ ਜ਼ਿੰਦਗੀ ਦੇ ਦੋ ਖ਼ਾਸ ਪਹਿਲੂਆਂ ʼਤੇ ਗੌਰ ਕਰੀਏ ਜਿਨ੍ਹਾਂ ਦੀ ਮਦਦ ਨਾਲ ਸਾਨੂੰ ਪਤਾ ਲੱਗ ਸਕਦਾ ਹੈ ਕਿ ਅਸੀਂ ਕਿਸ ਹੱਦ ਤਕ ਯਹੋਵਾਹ ਦੀ ਭਗਤੀ ਕਰਦੇ ਹਾਂ।
b ਤਸਵੀਰਾਂ ਬਾਰੇ ਜਾਣਕਾਰੀ: ਅਸੀਂ ਗੰਦੀ ਰਸੋਈ ਵਿਚ ਬਣਿਆ ਖਾਣਾ ਨਹੀਂ ਖਾਣਾ ਚਾਹਾਂਗੇ। ਤਾਂ ਫਿਰ ਕੀ ਸਾਨੂੰ ਇਸ ਤਰ੍ਹਾਂ ਦਾ ਮਨੋਰੰਜਨ ਕਰਨਾ ਚਾਹੀਦਾ ਹੈ ਜਿਸ ਵਿਚ ਹਿੰਸਾ, ਜਾਦੂਗਰੀ ਜਾਂ ਅਨੈਤਿਕਤਾ ਹੋਵੇ?