ਦੁੱਖਾਂ ਵੇਲੇ ਯਹੋਵਾਹ ਉੱਤੇ ਪੂਰਾ ਭਰੋਸਾ ਰੱਖੋ
“ਪਰਮੇਸ਼ੁਰ ਸਾਡੀ ਪਨਾਹ ਅਤੇ ਸਾਡਾ ਬਲ ਹੈ, ਉਹ ਦੁਖਾਂ ਵਿੱਚ ਵੱਡਾ ਸਹਾਇਕ ਹੋਇਆ ਹੈ।”—ਜ਼ਬੂਰਾਂ ਦੀ ਪੋਥੀ 46:1.
1, 2. (ੳ) ਅਮਰੀਕਾ ਦੇ ਕੌਮੀ ਅਖਾਣ ਤੋਂ ਪਰਮੇਸ਼ੁਰ ਉੱਤੇ ਭਰੋਸਾ ਰੱਖਣ ਬਾਰੇ ਕੀ ਪਤਾ ਲੱਗਦਾ ਹੈ? (ਅ) ਮਸੀਹੀਆਂ ਲਈ ਇਹ ਕਹਿਣਾ ਕਾਫ਼ੀ ਕਿਉਂ ਨਹੀਂ ਹੈ ਕਿ ਉਹ ਯਹੋਵਾਹ ਉੱਤੇ ਭਰੋਸਾ ਰੱਖਦੇ ਹਨ?
ਅੱਜ ਬਹੁਤ ਸਾਰੇ ਲੋਕ ਪਰਮੇਸ਼ੁਰ ਉੱਤੇ ਭਰੋਸਾ ਰੱਖਣ ਦਾ ਦਾਅਵਾ ਕਰਦੇ ਹਨ। ਇਹ ਕਹਿਣਾ ਕਿ ਅਸੀਂ ਪਰਮੇਸ਼ੁਰ ਉੱਤੇ ਭਰੋਸਾ ਰੱਖਦੇ ਹਾਂ ਇਕ ਗੱਲ ਹੈ, ਪਰ ਕੁਝ ਕਰ ਕੇ ਇਸ ਦਾ ਸਬੂਤ ਦੇਣਾ ਵੱਖਰੀ ਗੱਲ ਹੈ। ਮਿਸਾਲ ਲਈ, ਅਮਰੀਕਾ ਦੇ ਸਿੱਕਿਆਂ ਅਤੇ ਨੋਟਾਂ ਉੱਤੇ ਇਹ ਲਿਖਿਆ ਹੋਇਆ ਹੈ ਕਿ “ਸਾਡਾ ਭਰੋਸਾ ਪਰਮੇਸ਼ੁਰ ਉੱਤੇ ਹੈ” ਜੋ ਕਿ 1956 ਤੋਂ ਅਮਰੀਕਾ ਦਾ ਕੌਮੀ ਅਖਾਣ ਰਿਹਾ ਹੈ।a ਪਰ ਸੰਸਾਰ ਭਰ ਵਿਚ ਜ਼ਿਆਦਾਤਰ ਲੋਕ ਪਰਮੇਸ਼ੁਰ ਨਾਲੋਂ ਪੈਸਿਆਂ ਅਤੇ ਧਨ-ਦੌਲਤ ਉੱਤੇ ਜ਼ਿਆਦਾ ਭਰੋਸਾ ਰੱਖਦੇ ਹਨ।—ਲੂਕਾ 12:16-21.
2 ਸੱਚੇ ਮਸੀਹੀਆਂ ਬਾਰੇ ਕੀ? ਉਹ ਸਿਰਫ਼ ਕਹਿੰਦੇ ਹੀ ਨਹੀਂ ਕਿ ਉਨ੍ਹਾਂ ਦਾ ਭਰੋਸਾ ਯਹੋਵਾਹ ਉੱਤੇ ਹੈ, ਉਹ ਕਰ ਕੇ ਵੀ ਵਿਖਾਉਂਦੇ ਹਨ। ਜਿਸ ਤਰ੍ਹਾਂ “ਅਮਲਾਂ ਬਾਝੋਂ ਨਿਹਚਾ ਮੁਰਦਾ ਹੈ,” ਉਸੇ ਤਰ੍ਹਾਂ ਇਹ ਕਹਿਣਾ ਕਿ ਅਸੀਂ ਪਰਮੇਸ਼ੁਰ ਉੱਤੇ ਭਰੋਸਾ ਰੱਖਦੇ ਹਾਂ ਵਿਅਰਥ ਹੈ ਜੇ ਅਸੀਂ ਕੰਮਾਂ ਰਾਹੀਂ ਇਸ ਦਾ ਸਬੂਤ ਨਹੀਂ ਦਿੰਦੇ। (ਯਾਕੂਬ 2:26) ਪਿੱਛਲੇ ਲੇਖ ਵਿਚ ਅਸੀਂ ਸਿੱਖਿਆ ਸੀ ਕਿ ਅਸੀਂ ਪ੍ਰਾਰਥਨਾ ਰਾਹੀਂ, ਯਹੋਵਾਹ ਦੇ ਬਚਨ ਤੋਂ ਸਲਾਹ ਲੈ ਕੇ ਅਤੇ ਉਸ ਦੇ ਸੰਗਠਨ ਦੀ ਅਗਵਾਈ ਵਿਚ ਚੱਲ ਕੇ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਉੱਤੇ ਭਰੋਸਾ ਰੱਖਦੇ ਹਾਂ। ਆਓ ਹੁਣ ਆਪਾਂ ਦੇਖੀਏ ਕਿ ਦੁੱਖਾਂ ਵੇਲੇ ਅਸੀਂ ਇਹ ਤਿੰਨ ਕਦਮ ਕਿਵੇਂ ਚੁੱਕ ਸਕਦੇ ਹਾਂ।
ਬੇਰੋਜ਼ਗਾਰੀ ਤੇ ਆਰਥਿਕ ਤੰਗੀ ਵੇਲੇ
3. ਇਨ੍ਹਾਂ ‘ਭੈੜੇ ਸਮਿਆਂ’ ਦੌਰਾਨ ਯਹੋਵਾਹ ਦੇ ਸੇਵਕ ਕਿਹੋ ਜਿਹੀਆਂ ਤੰਗੀਆਂ ਕੱਟਦੇ ਹਨ ਅਤੇ ਸਾਨੂੰ ਕਿੱਦਾਂ ਪਤਾ ਹੈ ਕਿ ਪਰਮੇਸ਼ੁਰ ਸਾਡੀ ਮਦਦ ਕਰਨੀ ਚਾਹੁੰਦਾ ਹੈ?
3 ਇਸ “ਭੈੜੇ ਸਮੇਂ” ਵਿਚ ਮਸੀਹੀ ਵੀ ਬਾਕੀ ਲੋਕਾਂ ਵਾਂਗ ਤੰਗੀਆਂ ਕੱਟਦੇ ਹਨ। (2 ਤਿਮੋਥਿਉਸ 3:1) ਮਿਸਾਲ ਲਈ, ਸ਼ਾਇਦ ਅਚਾਨਕ ਸਾਡੀ ਨੌਕਰੀ ਛੁੱਟ ਜਾਵੇ। ਜਾਂ ਫਿਰ ਸ਼ਾਇਦ ਸਾਨੂੰ ਥੋੜ੍ਹੀ ਤਨਖ਼ਾਹ ਤੇ ਬਹੁਤ ਘੰਟੇ ਕੰਮ ਕਰਨਾ ਪਵੇ। ਇਨ੍ਹਾਂ ਹਾਲਤਾਂ ਵਿਚ “ਆਪਣਿਆਂ ਲਈ” ਕਮਾਉਣਾ ਸ਼ਾਇਦ ਬਹੁਤ ਮੁਸ਼ਕਲ ਹੋਵੇ। (1 ਤਿਮੋਥਿਉਸ 5:8) ਕੀ ਅਜਿਹੇ ਸਮਿਆਂ ਵਿਚ ਅੱਤ ਮਹਾਨ ਪਰਮੇਸ਼ੁਰ ਸਾਡੀ ਮਦਦ ਕਰਨੀ ਚਾਹੁੰਦਾ ਹੈ? ਜ਼ਰੂਰ! ਇਸ ਦਾ ਇਹ ਮਤਲਬ ਨਹੀਂ ਕਿ ਯਹੋਵਾਹ ਸਾਨੂੰ ਜ਼ਿੰਦਗੀ ਦੀ ਹਰ ਮੁਸ਼ਕਲ ਤੋਂ ਬਚਾਵੇਗਾ। ਪਰ ਜੇ ਅਸੀਂ ਉਸ ਉੱਤੇ ਭਰੋਸਾ ਰੱਖਾਂਗੇ, ਤਾਂ ਜ਼ਬੂਰਾਂ ਦੀ ਪੋਥੀ 46:1 ਦੇ ਸ਼ਬਦਾਂ ਤੋਂ ਸਾਨੂੰ ਹੌਸਲਾ ਮਿਲੇਗਾ: “ਪਰਮੇਸ਼ੁਰ ਸਾਡੀ ਪਨਾਹ ਅਤੇ ਸਾਡਾ ਬਲ ਹੈ, ਉਹ ਦੁਖਾਂ ਵਿੱਚ ਵੱਡਾ ਸਹਾਇਕ ਹੋਇਆ ਹੈ।” ਪਰ ਆਰਥਿਕ ਤੰਗੀ ਦੌਰਾਨ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਦੇ ਹਾਂ?
4. ਪੈਸਿਆਂ ਦੀ ਤੰਗੀ ਵੇਲੇ ਅਸੀਂ ਕਿਸ ਚੀਜ਼ ਲਈ ਪ੍ਰਾਰਥਨਾ ਕਰ ਸਕਦੇ ਹਾਂ ਅਤੇ ਯਹੋਵਾਹ ਇਨ੍ਹਾਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੰਦਾ ਹੈ?
4 ਯਹੋਵਾਹ ਉੱਤੇ ਆਪਣੇ ਭਰੋਸੇ ਦਾ ਸਬੂਤ ਦੇਣ ਲਈ ਅਸੀਂ ਉਸ ਨੂੰ ਪ੍ਰਾਰਥਨਾ ਕਰ ਸਕਦੇ ਹਾਂ। ਪਰ ਸਾਨੂੰ ਕਿਸ ਚੀਜ਼ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ? ਪੈਸਿਆਂ ਦੀ ਤੰਗੀ ਵੇਲੇ ਸਾਨੂੰ ਬੁੱਧ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਤਾਂ ਫਿਰ, ਬੁੱਧ ਲਈ ਪ੍ਰਾਰਥਨਾ ਕਰੋ! ਯਹੋਵਾਹ ਦਾ ਬਚਨ ਸਾਨੂੰ ਯਕੀਨ ਦਿਵਾਉਂਦਾ ਹੈ: “ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ੁਰ ਕੋਲੋਂ ਮੰਗੇ ਜਿਹੜਾ ਸਭਨਾਂ ਨੂੰ ਖੁੱਲ੍ਹੇ ਦਿਲ ਨਾਲ ਬਿਨਾ ਉਲਾਂਭੇ ਦੇ ਦਿੰਦਾ ਹੈ, ਤਾਂ ਉਹ ਨੂੰ ਦਿੱਤੀ ਜਾਵੇਗੀ।” (ਯਾਕੂਬ 1:5) ਜੀ ਹਾਂ, ਯਹੋਵਾਹ ਤੋਂ ਬੁੱਧ ਮੰਗੋ ਤਾਂਕਿ ਤੁਸੀਂ ਗਿਆਨ, ਸਮਝ ਅਤੇ ਸੂਝ ਵਰਤ ਕੇ ਚੰਗੇ ਤੇ ਸਹੀ ਫ਼ੈਸਲੇ ਕਰ ਸਕੋ। ਸਾਡਾ ਪਿਆਰਾ ਸਵਰਗੀ ਪਿਤਾ ਯਕੀਨ ਦਿਵਾਉਂਦਾ ਹੈ ਕਿ ਉਹ ਅਜਿਹੀਆਂ ਪ੍ਰਾਰਥਨਾਵਾਂ ਜ਼ਰੂਰ ਸੁਣੇਗਾ। ਉਹ ਉਨ੍ਹਾਂ ਲੋਕਾਂ ਦੇ ਮਾਰਗਾਂ ਨੂੰ ਸਿੱਧਾ ਕਰਨਾ ਚਾਹੁੰਦਾ ਹੈ ਜੋ ਆਪਣੇ ਪੂਰੇ ਦਿਲ ਨਾਲ ਉਸ ਉੱਤੇ ਭਰੋਸਾ ਰੱਖਦੇ ਹਨ।—ਜ਼ਬੂਰਾਂ ਦੀ ਪੋਥੀ 65:2; ਕਹਾਉਤਾਂ 3:5, 6.
5, 6. (ੳ) ਪੈਸਿਆਂ ਦੀ ਤੰਗੀ ਦੌਰਾਨ ਸਾਨੂੰ ਪਰਮੇਸ਼ੁਰ ਦੇ ਬਚਨ ਦੀ ਮਦਦ ਕਿਉਂ ਲੈਣੀ ਚਾਹੀਦੀ ਹੈ? (ਅ) ਨੌਕਰੀ ਛੁੱਟਣ ਤੇ ਅਸੀਂ ਚਿੰਤਾ ਘਟਾਉਣ ਲਈ ਕੀ ਕਰ ਸਕਦੇ ਹਾਂ?
5 ਪਰਮੇਸ਼ੁਰ ਦੇ ਬਚਨ ਦੀ ਸਲਾਹ ਉੱਤੇ ਚੱਲ ਕੇ ਵੀ ਅਸੀਂ ਦਿਖਾ ਸਕਦੇ ਹਾਂ ਕਿ ਸਾਡਾ ਭਰੋਸਾ ਯਹੋਵਾਹ ਉੱਤੇ ਹੈ। ਉਸ ਦੀਆਂ ਸਾਖੀਆਂ “ਅੱਤ ਸੱਚੀਆਂ ਹਨ” ਜਿਸ ਕਰਕੇ ਅਸੀਂ ਉਨ੍ਹਾਂ ਉੱਤੇ ਭਰੋਸਾ ਰੱਖ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 93:5) ਭਾਵੇਂ ਕਿ ਪੂਰੀ ਬਾਈਬਲ 1,900 ਸਾਲ ਪਹਿਲਾਂ ਲਿਖੀ ਗਈ ਸੀ, ਪਰ ਇਸ ਦੀ ਚੰਗੀ ਸਲਾਹ ਅਤੇ ਵਧੀਆ ਜਾਣਕਾਰੀ ਹੱਥ ਤੰਗ ਹੋਣ ਵੇਲੇ ਸਾਡੀ ਮਦਦ ਕਰਦੀ ਹੈ। ਬਾਈਬਲ ਦੀ ਬੁੱਧ ਦੀਆਂ ਕੁਝ ਉਦਾਹਰਣਾਂ ਵੱਲ ਧਿਆਨ ਦਿਓ।
6 ਕਈ ਸੌ ਸਾਲ ਪਹਿਲਾਂ ਰਾਜਾ ਸੁਲੇਮਾਨ ਨੇ ਕਿਹਾ: “ਮਜੂਰ ਦੀ ਨੀਂਦ ਮਿੱਠੀ ਹੈ ਭਾਵੇਂ ਉਹ ਥੋੜਾ ਖਾਵੇ ਭਾਵੇਂ ਬਹੁਤ, ਪਰ ਧਨੀ ਦਾ ਡੱਫਣਾ ਉਹ ਨੂੰ ਸੌਣ ਨਹੀਂ ਦਿੰਦਾ।” (ਉਪਦੇਸ਼ਕ ਦੀ ਪੋਥੀ 5:12) ਸਾਡੇ ਕੋਲ ਜਿੰਨੀਆਂ ਜ਼ਿਆਦਾ ਚੀਜ਼ਾਂ ਹੋਣਗੀਆਂ, ਸਾਨੂੰ ਉਨ੍ਹਾਂ ਦੀ ਸਾਂਭ-ਸੰਭਾਲ, ਮੁਰੰਮਤ ਅਤੇ ਰਾਖੀ ਕਰਨ ਲਈ ਉੱਨੇ ਹੀ ਜ਼ਿਆਦਾ ਸਮੇਂ ਅਤੇ ਪੈਸੇ ਦੀ ਲੋੜ ਹੋਵੇਗੀ। ਸੋ ਨੌਕਰੀ ਛੁੱਟਣ ਤੇ ਸਾਨੂੰ ਆਪਣੀ ਜ਼ਿੰਦਗੀ ਬਾਰੇ ਚੰਗੀ ਤਰ੍ਹਾਂ ਸੋਚਣਾ ਚਾਹੀਦਾ ਹੈ ਕਿ ਸਾਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ ਅਤੇ ਕਿਨ੍ਹਾਂ ਦੀ ਨਹੀਂ। ਚਿੰਤਾ ਘਟਾਉਣ ਲਈ ਬੁੱਧੀਮਤਾ ਦੀ ਗੱਲ ਇਹ ਹੋਵੇਗੀ ਕਿ ਅਸੀਂ ਆਪਣੀ ਰਹਿਣੀ-ਬਹਿਣੀ ਵਿਚ ਤਬਦੀਲੀ ਕਰੀਏ। ਮਿਸਾਲ ਲਈ, ਕੀ ਅਸੀਂ ਆਪਣੀ ਜ਼ਿੰਦਗੀ ਸਾਦੀ ਬਣਾ ਸਕਦੇ ਹਾਂ? ਕੀ ਅਸੀਂ ਬੇਲੋੜੀਆਂ ਚੀਜ਼ਾਂ ਨਾ ਖ਼ਰੀਦ ਕੇ ਘਰ ਦੇ ਖ਼ਰਚੇ ਘਟਾ ਸਕਦੇ ਹਾਂ?—ਮੱਤੀ 6:22.
7, 8. (ੳ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਜਾਣਦਾ ਸੀ ਕਿ ਅਪੂਰਣ ਇਨਸਾਨ ਹੋਣ ਦੇ ਨਾਤੇ ਅਸੀਂ ਆਪਣੀਆਂ ਲੋੜਾਂ ਪੂਰੀਆਂ ਕਰਨ ਬਾਰੇ ਬਿਨਾਂ ਵਜ੍ਹਾ ਚਿੰਤਾ ਕਰਦੇ ਹਾਂ? (ਫੁਟਨੋਟ ਵੀ ਦੇਖੋ।) (ਅ) ਯਿਸੂ ਨੇ ਬੇਹੱਦ ਚਿੰਤਾ ਨਾ ਕਰਨ ਬਾਰੇ ਕਿਹੜੀ ਚੰਗੀ ਸਲਾਹ ਦਿੱਤੀ ਸੀ?
7 ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਕਿਹਾ ਸੀ: “ਆਪਣੇ ਪ੍ਰਾਣਾਂ ਦੇ ਲਈ ਚਿੰਤਾ ਨਾ ਕਰੋ ਭਈ ਅਸੀਂ ਕੀ ਖਾਵਾਂਗੇ ਯਾ ਕੀ ਪੀਵਾਂਗੇ ਅਤੇ ਨਾ ਆਪਣੇ ਸਰੀਰ ਦੇ ਲਈ ਜੋ ਕੀ ਪਹਿਨਾਂਗੇ?”b (ਮੱਤੀ 6:25) ਯਿਸੂ ਜਾਣਦਾ ਸੀ ਕਿ ਅਪੂਰਣ ਇਨਸਾਨ ਹੋਣ ਦੇ ਨਾਤੇ ਅਸੀਂ ਆਪਣੀਆਂ ਲੋੜਾਂ ਪੂਰੀਆਂ ਕਰਨ ਬਾਰੇ ਚਿੰਤਾ ਕਰਦੇ ਹਾਂ। ਪਰ ਇਹ ਕਿਵੇਂ ਹੋ ਸਕਦਾ ਹੈ ਕਿ ਅਸੀਂ ਇਨ੍ਹਾਂ ਚੀਜ਼ਾਂ ਬਾਰੇ ‘ਚਿੰਤਾ ਨਾ ਕਰੀਏ’? ਯਿਸੂ ਨੇ ਕਿਹਾ: “ਤੁਸੀਂ ਪਹਿਲਾਂ ਉਹ ਦੇ ਰਾਜ . . . ਨੂੰ ਭਾਲੋ।” ਇਸ ਦਾ ਮਤਲਬ ਹੈ ਕਿ ਸਾਨੂੰ ਜੋ ਮਰਜ਼ੀ ਮੁਸ਼ਕਲਾਂ ਆਉਣ, ਸਾਨੂੰ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਸੇਵਾ ਨੂੰ ਪਹਿਲ ਦਿੰਦੇ ਰਹਿਣਾ ਚਾਹੀਦਾ ਹੈ। ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਸਾਡਾ ਸਵਰਗੀ ਪਿਤਾ ਸਾਡੀਆਂ ਲੋੜਾਂ ਵੀ ਪੂਰੀਆਂ ਕਰੇਗਾ। ਕਿਸੇ-ਨ-ਕਿਸੇ ਤਰ੍ਹਾਂ ਸਾਨੂੰ ਉਹ ਚੀਜ਼ਾਂ “ਦਿੱਤੀਆਂ ਜਾਣਗੀਆਂ” ਜਿਨ੍ਹਾਂ ਦੀ ਸਾਨੂੰ ਲੋੜ ਹੈ।—ਮੱਤੀ 6:33.
8 ਯਿਸੂ ਨੇ ਇਹ ਵੀ ਸਲਾਹ ਦਿੱਤੀ ਸੀ: “ਤੁਸੀਂ ਭਲਕ ਦੇ ਲਈ ਚਿੰਤਾ ਨਾ ਕਰੋ ਕਿਉਂ ਜੋ ਭਲਕ ਆਪਣੇ ਲਈ ਆਪੇ ਚਿੰਤਾ ਕਰੇਗਾ।” (ਮੱਤੀ 6:34) ਇਹ ਚੰਗਾ ਨਹੀਂ ਜੇ ਅਸੀਂ ਫ਼ਿਕਰ ਕਰੀਏ ਕਿ ਕੱਲ੍ਹ ਨੂੰ ਸ਼ਾਇਦ ਕੀ ਹੋਵੇਗਾ। ਇਕ ਵਿਦਵਾਨ ਨੇ ਕਿਹਾ: “ਕਈ ਵਾਰ ਸਾਨੂੰ ਭਵਿੱਖ ਬਾਰੇ ਜਿਸ ਗੱਲ ਦਾ ਡਰ ਹੁੰਦਾ ਹੈ ਉਹ ਅਸਲ ਵਿਚ ਹੁੰਦੀ ਹੀ ਨਹੀਂ।” ਜੇ ਅਸੀਂ ਬਾਈਬਲ ਦੀ ਸਲਾਹ ਅਨੁਸਾਰ ਜ਼ਰੂਰੀ ਗੱਲਾਂ ਨੂੰ ਪਹਿਲ ਦੇ ਕੇ ਸਿਰਫ਼ ਅੱਜ ਲਈ ਜੀਏ, ਤਾਂ ਅਸੀਂ ਬਿਨਾਂ ਵਜ੍ਹਾ ਚਿੰਤਾ ਨਹੀਂ ਕਰਾਂਗੇ।—1 ਪਤਰਸ 5:6, 7.
9. ਜਦੋਂ ਸਾਨੂੰ ਪੈਸਿਆਂ ਦੀ ਤੰਗੀ ਹੁੰਦੀ ਹੈ, ਤਾਂ “ਮਾਤਬਰ ਅਤੇ ਬੁੱਧਵਾਨ ਨੌਕਰ” ਵੱਲੋਂ ਮਿਲੇ ਪ੍ਰਕਾਸ਼ਨ ਸਾਡੀ ਮਦਦ ਕਿਸ ਤਰ੍ਹਾਂ ਕਰ ਸਕਦੇ ਹਨ?
9 ਪੈਸਿਆਂ ਦੀ ਤੰਗੀ ਵੇਲੇ ਅਸੀਂ ਹੋਰ ਕਿਸ ਤਰ੍ਹਾਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਉੱਤੇ ਭਰੋਸਾ ਰੱਖਦੇ ਹਾਂ? ਅਸੀਂ ਮਦਦ ਲਈ “ਮਾਤਬਰ ਅਤੇ ਬੁੱਧਵਾਨ ਨੌਕਰ” ਵੱਲੋਂ ਮਿਲੇ ਪ੍ਰਕਾਸ਼ਨ ਪੜ੍ਹ ਸਕਦੇ ਹਾਂ। (ਮੱਤੀ 24:45) ਸਮੇਂ-ਸਮੇਂ ਤੇ ਜਾਗਰੂਕ ਬਣੋ! ਰਸਾਲੇ ਦੇ ਲੇਖਾਂ ਵਿਚ ਆਰਥਿਕ ਤੰਗੀ ਦਾ ਸਾਮ੍ਹਣਾ ਕਰਨ ਦੇ ਸੁਝਾਅ ਪੇਸ਼ ਕੀਤੇ ਜਾਂਦੇ ਹਨ। ਮਿਸਾਲ ਲਈ, 8 ਅਗਸਤ 1991 ਦੇ ਅੰਗ੍ਰੇਜ਼ੀ ਰਸਾਲੇ ਵਿਚ ਬੇਰੋਜ਼ਗਾਰੀ ਬਾਰੇ ਇਕ ਲੇਖ ਵਿਚ ਅੱਠ ਸੁਝਾਅ ਦਿੱਤੇ ਗਏ ਸਨ ਜਿਨ੍ਹਾਂ ਨੇ ਤੰਗੀ ਦੌਰਾਨ ਮਾਲੀ ਤੇ ਜਜ਼ਬਾਤੀ ਤੌਰ ਤੇ ਮਜ਼ਬੂਤ ਰਹਿਣ ਲਈ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਹੈ।c ਇਨ੍ਹਾਂ ਸੁਝਾਵਾਂ ਦੇ ਨਾਲ-ਨਾਲ ਸਾਨੂੰ ਪੈਸਿਆਂ ਬਾਰੇ ਸਹੀ ਨਜ਼ਰੀਆ ਰੱਖਣ ਦੀ ਵੀ ਲੋੜ ਹੈ। ਇਹ ਗੱਲ ਉਸੇ ਰਸਾਲੇ ਵਿਚ “ਪੈਸਿਆਂ ਨਾਲੋਂ ਵੀ ਕੁਝ ਜ਼ਰੂਰੀ ਹੈ” ਨਾਮਕ ਲੇਖ ਵਿਚ ਦੱਸੀ ਗਈ ਸੀ।—ਉਪਦੇਸ਼ਕ ਦੀ ਪੋਥੀ 7:12.
ਬੀਮਾਰੀ ਦੀ ਹਾਲਤ ਵਿਚ
10. ਰਾਜਾ ਦਾਊਦ ਦੀ ਮਿਸਾਲ ਕਿਵੇਂ ਦਿਖਾਉਂਦੀ ਹੈ ਕਿ ਗੰਭੀਰ ਬੀਮਾਰੀ ਦੀ ਹਾਲਤ ਵਿਚ ਯਹੋਵਾਹ ਉੱਤੇ ਭਰੋਸਾ ਰੱਖਣਾ ਸਮਝਦਾਰੀ ਦੀ ਗੱਲ ਹੈ?
10 ਕੀ ਗੰਭੀਰ ਬੀਮਾਰੀ ਦੀ ਹਾਲਤ ਵਿਚ ਯਹੋਵਾਹ ਉੱਤੇ ਭਰੋਸਾ ਰੱਖਣਾ ਸਮਝਦਾਰੀ ਦੀ ਗੱਲ ਹੈ? ਬਿਲਕੁਲ! ਯਹੋਵਾਹ ਨੂੰ ਆਪਣੇ ਬੀਮਾਰ ਸੇਵਕਾਂ ਨਾਲ ਪੂਰੀ ਹਮਦਰਦੀ ਹੈ। ਇਸ ਤੋਂ ਇਲਾਵਾ ਉਹ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਹੈ। ਮਿਸਾਲ ਲਈ, ਰਾਜਾ ਦਾਊਦ ਵੱਲ ਧਿਆਨ ਦਿਓ। ਹੋ ਸਕਦਾ ਹੈ ਕਿ ਉਹ ਆਪ ਕਾਫ਼ੀ ਬੀਮਾਰ ਸੀ ਜਦੋਂ ਉਸ ਨੇ ਲਿਖਿਆ ਕਿ ਪਰਮੇਸ਼ੁਰ ਆਪਣੇ ਵਫ਼ਾਦਾਰ ਬੀਮਾਰ ਸੇਵਕ ਬਾਰੇ ਕਿਵੇਂ ਮਹਿਸੂਸ ਕਰਦਾ ਹੈ: “ਯਹੋਵਾਹ ਉਹ ਦੀ ਮਾਂਦਗੀ ਦੇ ਮੰਜੇ ਉੱਤੇ ਉਹ ਨੂੰ ਸੰਭਾਲੇਗਾ। ਤੂੰ ਉਹ ਦੀ ਬਿਮਾਰੀ ਦੇ ਵੇਲੇ ਉਹ ਦਾ ਸਾਰਾ ਬਿਸਤਰਾ ਉਲਟਾ ਕੇ ਵਿਛਾਵੇਂਗਾ।” (ਜ਼ਬੂਰਾਂ ਦੀ ਪੋਥੀ 41:1, 3, 7, 8) ਪਰਮੇਸ਼ੁਰ ਉੱਤੇ ਦਾਊਦ ਦਾ ਭਰੋਸਾ ਪੱਕਾ ਰਿਹਾ ਅਤੇ ਅਖ਼ੀਰ ਵਿਚ ਉਹ ਆਪਣੀ ਬੀਮਾਰੀ ਤੋਂ ਰਾਜ਼ੀ ਹੋ ਗਿਆ। ਪਰ ਬੀਮਾਰੀ ਦੀ ਹਾਲਤ ਵਿਚ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਪਰਮੇਸ਼ੁਰ ਉੱਤੇ ਭਰੋਸਾ ਰੱਖਦੇ ਹਾਂ?
11. ਜੇ ਸਾਨੂੰ ਕੋਈ ਬੀਮਾਰੀ ਲੱਗੀ ਹੈ, ਤਾਂ ਅਸੀਂ ਆਪਣੇ ਸਵਰਗੀ ਪਿਤਾ ਤੋਂ ਕੀ ਮੰਗ ਸਕਦੇ ਹਾਂ?
11 ਜੇ ਸਾਨੂੰ ਕੋਈ ਬੀਮਾਰੀ ਲੱਗੇ, ਤਾਂ ਅਸੀਂ ਯਹੋਵਾਹ ਉੱਤੇ ਕਿਸ ਤਰ੍ਹਾਂ ਭਰੋਸਾ ਰੱਖ ਸਕਦੇ ਹਾਂ? ਉਸ ਬੀਮਾਰੀ ਨੂੰ ਸਹਿਣ ਲਈ ਪ੍ਰਾਰਥਨਾ ਕਰ ਕੇ। ਅਸੀਂ “ਦਨਾਈ” ਜਾਂ ਬੁੱਧ ਲਈ ਪ੍ਰਾਰਥਨਾ ਕਰ ਸਕਦੇ ਹਾਂ ਤਾਂਕਿ ਅਸੀਂ ਆਪਣੀ ਸਿਹਤ ਅਨੁਸਾਰ ਉੱਨਾ ਕਰੀਏ ਜਿੰਨਾ ਸਾਡੇ ਕੋਲੋਂ ਹੋ ਸਕਦਾ ਹੈ। (ਕਹਾਉਤਾਂ 3:21) ਅਸੀਂ ਇਹ ਵੀ ਪ੍ਰਾਰਥਨਾ ਕਰ ਸਕਦੇ ਹਾਂ ਕਿ ਪਰਮੇਸ਼ੁਰ ਸਾਨੂੰ ਧੀਰਜ ਕਰਨ ਵਿਚ ਮਦਦ ਦੇਵੇ, ਤਾਂਕਿ ਅਸੀਂ ਇਸ ਬੀਮਾਰੀ ਨੂੰ ਝੱਲ ਸਕੀਏ। ਸਭ ਤੋਂ ਵੱਧ ਅਸੀਂ ਯਹੋਵਾਹ ਤੋਂ ਤਾਕਤ ਮੰਗ ਸਕਦੇ ਹਾਂ ਤਾਂਕਿ ਅਸੀਂ ਉਸ ਪ੍ਰਤੀ ਵਫ਼ਾਦਾਰ ਰਹੀਏ ਅਤੇ ਜੋ ਮਰਜ਼ੀ ਹੋਵੇ ਆਪਣਾ ਸੰਤੁਲਨ ਨਾ ਗੁਆਈਏ। (ਫ਼ਿਲਿੱਪੀਆਂ 4:13) ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣਾ ਅੱਜ ਆਪਣੀ ਜਾਨ ਬਚਾਉਣ ਨਾਲੋਂ ਵੀ ਜ਼ਰੂਰੀ ਹੈ। ਜੇ ਅਸੀਂ ਵਫ਼ਾਦਾਰ ਰਹਾਂਗੇ, ਤਾਂ ਸਾਡਾ ਫਲਦਾਤਾ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਅਤੇ ਚੰਗੀ ਸਿਹਤ ਦੇਵੇਗਾ।—ਇਬਰਾਨੀਆਂ 11:6.
12. ਇਲਾਜ ਬਾਰੇ ਬੁੱਧੀਮਤਾ ਨਾਲ ਫ਼ੈਸਲੇ ਕਰਨ ਵਿਚ ਬਾਈਬਲ ਦੇ ਕਿਹੜੇ ਸਿਧਾਂਤ ਸਾਡੀ ਮਦਦ ਕਰ ਸਕਦੇ ਹਨ?
12 ਯਹੋਵਾਹ ਉੱਤੇ ਭਰੋਸਾ ਰੱਖਣ ਦਾ ਮਤਲਬ ਇਹ ਵੀ ਹੈ ਕਿ ਅਸੀਂ ਉਸ ਦੇ ਬਚਨ ਦੀ ਸਲਾਹ ਅਨੁਸਾਰ ਚੱਲੀਏ। ਬਾਈਬਲ ਦੇ ਸਿਧਾਂਤਾਂ ਦੀ ਮਦਦ ਨਾਲ ਅਸੀਂ ਇਲਾਜ ਬਾਰੇ ਬੁੱਧੀਮਤਾ ਨਾਲ ਫ਼ੈਸਲੇ ਕਰ ਸਕਦੇ ਹਨ। ਮਿਸਾਲ ਲਈ, ਅਸੀਂ ਜਾਣਦੇ ਹਾਂ ਕਿ ਬਾਈਬਲ “ਜਾਦੂਗਰੀ” ਦੇ ਖ਼ਿਲਾਫ਼ ਹੈ। ਇਸ ਲਈ ਅਸੀਂ ਅਜਿਹਾ ਕੋਈ ਇਲਾਜ ਨਹੀਂ ਕਰਾਵਾਂਗੇ ਜਿਸ ਵਿਚ ਕਿਸੇ ਕਿਸਮ ਦੀ ਜਾਦੂਗਰੀ ਸ਼ਾਮਲ ਹੈ। (ਗਲਾਤੀਆਂ 5:19-21; ਬਿਵਸਥਾ ਸਾਰ 18:10-12) ਬਾਈਬਲ ਦੀ ਇਕ ਹੋਰ ਭਰੋਸੇਯੋਗ ਸਲਾਹ ਇਹ ਹੈ: “ਭੋਲਾ ਹਰੇਕ ਗੱਲ ਨੂੰ ਸੱਤ ਮੰਨਦਾ ਹੈ, ਪਰ ਸਿਆਣਾ ਵੇਖ ਭਾਲ ਕੇ ਚੱਲਦਾ ਹੈ।” (ਕਹਾਉਤਾਂ 14:15) ਇਸ ਲਈ ਕਿਸੇ ਇਲਾਜ ਬਾਰੇ ਵਿਚਾਰਦੇ ਹੋਏ ਸਾਨੂੰ “ਹਰੇਕ ਗੱਲ ਨੂੰ ਸੱਤ” ਨਹੀਂ ਮੰਨਣਾ ਚਾਹੀਦਾ, ਸਗੋਂ ਪੂਰੀ ਜਾਣਕਾਰੀ ਲੈਣੀ ਚਾਹੀਦੀ ਹੈ। ਫਿਰ ਅਸੀਂ ਪੂਰੀ “ਸੁਰਤ” ਨਾਲ ਚੰਗੀ ਤਰ੍ਹਾਂ ਸੋਚ-ਵਿਚਾਰ ਕਰ ਕੇ ਫ਼ੈਸਲਾ ਕਰ ਸਕਦੇ ਹਾਂ।—ਤੀਤੁਸ 2:12.
13, 14. (ੳ) ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਵਿਚ ਸਿਹਤ ਸੰਬੰਧੀ ਕਿਹੜੇ ਲੇਖ ਛਾਪੇ ਗਏ ਹਨ? (ਸਫ਼ਾ 17 ਉੱਤੇ ਡੱਬੀ ਦੇਖੋ।) (ਅ) ਲੰਬੇ ਸਮੇਂ ਤੋਂ ਚੱਲ ਰਹੀ ਬੀਮਾਰੀ ਬਾਰੇ 22 ਜਨਵਰੀ 2001 ਦੇ ਜਾਗਰੂਕ ਬਣੋ! ਰਸਾਲੇ ਵਿਚ ਕਿਹੜੀ ਸਲਾਹ ਦਿੱਤੀ ਗਈ ਸੀ?
13 ਅਸੀਂ ਮਾਤਬਰ ਨੌਕਰ ਦੇ ਪ੍ਰਕਾਸ਼ਨ ਪੜ੍ਹ ਕੇ ਵੀ ਯਹੋਵਾਹ ਉੱਤੇ ਆਪਣੇ ਭਰੋਸੇ ਦਾ ਸਬੂਤ ਦੇ ਸਕਦੇ ਹਾਂ। ਸਮੇਂ-ਸਮੇਂ ਤੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਵਿਚ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ।d ਕਈ ਵਾਰ ਇਨ੍ਹਾਂ ਰਸਾਲਿਆਂ ਵਿਚ ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਵੀ ਦੱਸੀਆਂ ਗਈਆਂ ਹਨ ਜਿਨ੍ਹਾਂ ਨੇ ਬੀਮਾਰੀ ਜਾਂ ਅਪਾਹਜਪੁਣੇ ਦਾ ਕਾਮਯਾਬੀ ਨਾਲ ਸਾਮ੍ਹਣਾ ਕੀਤਾ ਹੈ। ਇਸ ਤੋਂ ਇਲਾਵਾ ਕਈਆਂ ਲੇਖਾਂ ਵਿਚ ਬਾਈਬਲ ਵਿੱਚੋਂ ਸਲਾਹ ਦਿੱਤੀ ਗਈ ਹੈ ਕਿ ਕੋਈ ਲੰਬੇ ਸਮੇਂ ਦੀ ਬੀਮਾਰੀ ਦੀ ਹਾਲਤ ਵਿਚ ਕੀ ਕਰ ਸਕਦਾ ਹੈ।
14 ਮਿਸਾਲ ਲਈ, 22 ਜਨਵਰੀ 2001 ਦੇ ਅੰਗ੍ਰੇਜ਼ੀ ਦੇ ਜਾਗਰੂਕ ਬਣੋ! ਰਸਾਲੇ ਵਿਚ “ਬੀਮਾਰਾਂ ਲਈ ਦਿਲਾਸਾ” ਨਾਂ ਦੇ ਲੇਖ ਛਪੇ ਸਨ। ਇਨ੍ਹਾਂ ਲੇਖਾਂ ਵਿਚ ਬਾਈਬਲ ਦੇ ਸਿਧਾਂਤ ਦਿੱਤੇ ਗਏ ਸਨ। ਇਸ ਤੋਂ ਇਲਾਵਾ ਕਈ ਸਾਲਾਂ ਤੋਂ ਬੀਮਾਰ ਲੋਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੇ ਤਜਰਬਿਆਂ ਦੇ ਆਧਾਰ ਤੇ ਜਾਣਕਾਰੀ ਦਿੱਤੀ ਗਈ ਸੀ। ਇਕ ਲੇਖ ਵਿਚ ਇਹ ਫ਼ਾਇਦੇਮੰਦ ਸਲਾਹ ਦਿੱਤੀ ਗਈ: ਜਿੰਨਾ ਹੋ ਸਕੇ ਆਪਣੀ ਬੀਮਾਰੀ ਬਾਰੇ ਸਿੱਖੋ। (ਕਹਾਉਤਾਂ 24:5) ਆਪਣੇ ਲਈ ਨਿਸ਼ਾਨੇ ਰੱਖੋ; ਖ਼ਾਸ ਕਰਕੇ ਦੂਸਰਿਆਂ ਦੀ ਮਦਦ ਕਰਨੀ ਨਾ ਭੁੱਲੋ। ਪਰ ਯਾਦ ਰੱਖੋ ਕਿ ਤੁਸੀਂ ਸ਼ਾਇਦ ਦੂਸਰਿਆਂ ਜਿੰਨਾ ਨਾ ਕਰ ਸਕੋ। (ਰਸੂਲਾਂ ਦੇ ਕਰਤੱਬ 20:35; ਗਲਾਤੀਆਂ 6:4) ਦੂਸਰਿਆਂ ਤੋਂ ਪਰੇ-ਪਰੇ ਨਾ ਰਹੋ। (ਕਹਾਉਤਾਂ 18:1) ਜਦੋਂ ਤੁਹਾਨੂੰ ਕੋਈ ਮਿਲਣ ਆਉਂਦਾ ਹੈ, ਤਾਂ ਉਸ ਨਾਲ ਖ਼ੁਸ਼ੀ ਨਾਲ ਪੇਸ਼ ਆਓ। (ਕਹਾਉਤਾਂ 17:22) ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਯਹੋਵਾਹ ਅਤੇ ਕਲੀਸਿਯਾ ਨਾਲ ਆਪਣਾ ਰਿਸ਼ਤਾ ਬਣਾਈ ਰੱਖੋ। (ਨਹੂਮ 1:7; ਰੋਮੀਆਂ 1:11, 12) ਕੀ ਅਸੀਂ ਇਸ ਵਧੀਆ ਸਲਾਹ ਲਈ ਸ਼ੁਕਰਗੁਜ਼ਾਰ ਨਹੀਂ ਹਾਂ ਜੋ ਯਹੋਵਾਹ ਆਪਣੇ ਸੰਗਠਨ ਰਾਹੀਂ ਦਿੰਦਾ ਹੈ?
ਜਦੋਂ ਕਿਸੇ ਕਮਜ਼ੋਰੀ ਉੱਤੇ ਕਾਬੂ ਪਾਉਣਾ ਮੁਸ਼ਕਲ ਲੱਗਦਾ ਹੈ
15. ਪੌਲੁਸ ਰਸੂਲ ਆਪਣੀਆਂ ਕਮਜ਼ੋਰੀਆਂ ਉੱਤੇ ਕਾਬੂ ਕਿਸ ਤਰ੍ਹਾਂ ਪਾ ਸਕਿਆ ਸੀ ਅਤੇ ਉਸ ਵਾਂਗ ਅਸੀਂ ਕਿਹੜਾ ਭਰੋਸਾ ਰੱਖ ਸਕਦੇ ਹਾਂ?
15 ਪੌਲੁਸ ਰਸੂਲ ਨੇ ਲਿਖਿਆ: “ਮੇਰੇ ਸਰੀਰ ਦੇ ਅੰਦਰ ਕੋਈ ਭਲੀ ਗੱਲ ਹੈ ਨਹੀਂ।” (ਰੋਮੀਆਂ 7:18) ਉਹ ਜਾਣਦਾ ਸੀ ਕਿ ਆਪਣੀਆਂ ਇੱਛਾਵਾਂ ਅਤੇ ਪਾਪੀ ਸਰੀਰ ਦੀਆਂ ਕਮਜ਼ੋਰੀਆਂ ਉੱਤੇ ਕਾਬੂ ਪਾਉਣਾ ਕਿੰਨਾ ਔਖਾ ਹੋ ਸਕਦਾ ਹੈ। ਪਰ ਉਸ ਨੂੰ ਇਹ ਵੀ ਵਿਸ਼ਵਾਸ ਸੀ ਕਿ ਇਨ੍ਹਾਂ ਤੇ ਕਾਬੂ ਪਾਇਆ ਜਾ ਸਕਦਾ ਸੀ। (1 ਕੁਰਿੰਥੀਆਂ 9:26, 27) ਕਿਸ ਤਰ੍ਹਾਂ? ਯਹੋਵਾਹ ਉੱਤੇ ਪੂਰਾ ਭਰੋਸਾ ਰੱਖ ਕੇ। ਇਸੇ ਲਈ ਪੌਲੁਸ ਕਹਿ ਸਕਿਆ: “ਮੈਂ ਕਿੱਡਾ ਮੰਦਭਾਗੀ ਮਨੁੱਖ ਹਾਂ! ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਛੁਡਾਵੇਗਾ? ਮਸੀਹ ਸਾਡੇ ਪ੍ਰਭੁ ਦੇ ਵਸੀਲੇ ਪਰਮੇਸ਼ੁਰ ਦਾ ਧੰਨਵਾਦ ਹੋਵੇ!” (ਰੋਮੀਆਂ 7:24, 25) ਸਾਡੇ ਬਾਰੇ ਕੀ? ਸਾਨੂੰ ਵੀ ਆਪਣੀਆਂ ਕਮਜ਼ੋਰੀਆਂ ਉੱਤੇ ਕਾਬੂ ਪਾਉਣ ਲਈ ਲੜਨਾ ਪੈਂਦਾ ਹੈ। ਕਮਜ਼ੋਰੀਆਂ ਸਾਮ੍ਹਣੇ ਹਿੰਮਤ ਹਾਰ ਕੇ ਇਹ ਕਹਿਣਾ ਬਹੁਤ ਸੌਖਾ ਹੈ ਕਿ ਅਸੀਂ ਇਨ੍ਹਾਂ ਉੱਤੇ ਕਦੀ ਕਾਬੂ ਨਹੀਂ ਪਾ ਸਕਾਂਗੇ। ਪਰ ਯਹੋਵਾਹ ਸਾਡੀ ਮਦਦ ਜ਼ਰੂਰ ਕਰੇਗਾ ਜੇ ਅਸੀਂ ਪੌਲੁਸ ਵਾਂਗ ਆਪਣੀ ਤਾਕਤ ਉੱਤੇ ਨਹੀਂ, ਸਗੋਂ ਪਰਮੇਸ਼ੁਰ ਦੀ ਤਾਕਤ ਉੱਤੇ ਨਿਰਭਰ ਕਰੀਏ।
16. ਜਦੋਂ ਅਸੀਂ ਕਿਸੇ ਕਮਜ਼ੋਰੀ ਉੱਤੇ ਕਾਬੂ ਪਾਉਣ ਵਿਚ ਵਾਰ-ਵਾਰ ਨਾਕਾਮ ਹੁੰਦੇ ਹਾਂ, ਤਾਂ ਸਾਨੂੰ ਕਿਸ ਚੀਜ਼ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਜੇ ਅਸੀਂ ਦੁਬਾਰਾ ਗ਼ਲਤੀ ਕਰ ਬੈਠੀਏ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
16 ਜਦੋਂ ਅਸੀਂ ਕਿਸੇ ਕਮਜ਼ੋਰੀ ਉੱਤੇ ਕਾਬੂ ਪਾਉਣ ਵਿਚ ਵਾਰ-ਵਾਰ ਨਾਕਾਮ ਹੁੰਦੇ ਹਾਂ, ਤਾਂ ਅਸੀਂ ਯਹੋਵਾਹ ਅੱਗੇ ਮਿੰਨਤਾਂ ਕਰ ਕੇ ਉਸ ਉੱਤੇ ਆਪਣੇ ਭਰੋਸੇ ਦਾ ਸਬੂਤ ਦੇ ਸਕਦੇ ਹਾਂ। ਸਾਨੂੰ ਯਹੋਵਾਹ ਤੋਂ ਉਸ ਦੀ ਪਵਿੱਤਰ ਆਤਮਾ ਲਈ ਤਰਲੇ ਕਰ-ਕਰ ਕੇ ਮਦਦ ਮੰਗਣੀ ਚਾਹੀਦੀ ਹੈ। (ਲੂਕਾ 11:9-13) ਅਸੀਂ ਖ਼ਾਸ ਕਰਕੇ ਸੰਜਮ ਲਈ ਪ੍ਰਾਰਥਨਾ ਕਰ ਸਕਦੇ ਹਾਂ ਜੋ ਪਰਮੇਸ਼ੁਰ ਦੀ ਆਤਮਾ ਦਾ ਇਕ ਫਲ ਹੈ। (ਗਲਾਤੀਆਂ 5:22, 23) ਜੇ ਅਸੀਂ ਦੁਬਾਰਾ ਗ਼ਲਤੀ ਕਰ ਬੈਠੀਏ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ। ਸਾਨੂੰ ਪਰਮੇਸ਼ੁਰ ਤੋਂ ਦਇਆ, ਮਾਫ਼ੀ ਅਤੇ ਮਦਦ ਮੰਗਦੇ ਰਹਿਣ ਵਿਚ ਕਦੀ ਅੱਕਣਾ ਨਹੀਂ ਚਾਹੀਦਾ। ਯਹੋਵਾਹ ਸਾਡੀ ਦੋਸ਼ੀ ਜ਼ਮੀਰ ਕਰਕੇ ਸਾਡੇ “ਟੁੱਟੇ ਅਤੇ ਆਜਿਜ਼” ਦਿਲ ਨੂੰ ਕਦੀ ਠੁਕਰਾਏਗਾ ਨਹੀਂ। (ਜ਼ਬੂਰਾਂ ਦੀ ਪੋਥੀ 51:17) ਜੇ ਅਸੀਂ ਤੋਬਾ ਕਰ ਕੇ ਸਾਫ਼ ਦਿਲ ਨਾਲ ਉਸ ਅੱਗੇ ਬੇਨਤੀ ਕਰਾਂਗੇ, ਤਾਂ ਉਹ ਪਰਤਾਵਿਆਂ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰੇਗਾ।—ਫ਼ਿਲਿੱਪੀਆਂ 4:6, 7.
17. (ੳ) ਸਾਨੂੰ ਇਸ ਉੱਤੇ ਸੋਚ-ਵਿਚਾਰ ਕਿਉਂ ਕਰਨਾ ਚਾਹੀਦਾ ਹੈ ਕਿ ਯਹੋਵਾਹ ਸਾਡੀ ਕਮਜ਼ੋਰੀ ਬਾਰੇ ਕਿਵੇਂ ਮਹਿਸੂਸ ਕਰਦਾ ਹੈ? (ਅ) ਗੁੱਸੇ ਤੇ ਕਾਬੂ ਪਾਉਣ ਲਈ, ਜ਼ਬਾਨ ਨੂੰ ਲਗਾਮ ਦੇਣ ਲਈ ਅਤੇ ਦਿਲਪਰਚਾਵਾ ਚੁਣਨ ਲਈ ਅਸੀਂ ਕਿਹੜੇ ਹਵਾਲੇ ਮੂੰਹ-ਜ਼ਬਾਨੀ ਯਾਦ ਕਰ ਸਕਦੇ ਹਾਂ?
17 ਅਸੀਂ ਹੋਰ ਕਿਸ ਤਰ੍ਹਾਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਉੱਤੇ ਭਰੋਸਾ ਰੱਖਦੇ ਹਾਂ? ਉਸ ਦੇ ਬਚਨ ਦੀ ਮਦਦ ਲੈ ਕੇ। ਬਾਈਬਲ ਦਾ ਕੰਨਕੌਰਡੈਂਸ ਜਾਂ ਸਾਲ ਦੇ ਅਖ਼ੀਰਲੇ ਪਹਿਰਾਬੁਰਜ ਰਸਾਲੇ ਦੇ ਪਿਛਲੇ ਸਫ਼ੇ ਤੇ ਦਿੱਤਾ ਵਿਸ਼ਾ ਇੰਡੈਕਸ ਵਰਤ ਕੇ ਅਸੀਂ ਇਸ ਸਵਾਲ ਦਾ ਜਵਾਬ ਲੱਭ ਸਕਦੇ ਹਾਂ ਕਿ ‘ਯਹੋਵਾਹ ਮੇਰੀ ਕਮਜ਼ੋਰੀ ਬਾਰੇ ਕਿਵੇਂ ਮਹਿਸੂਸ ਕਰਦਾ ਹੈ?’ ਇਸ ਉੱਤੇ ਸੋਚ-ਵਿਚਾਰ ਕਰਨ ਨਾਲ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦਾ ਸਾਡਾ ਇਰਾਦਾ ਹੋਰ ਵੀ ਪੱਕਾ ਹੋ ਜਾਵੇਗਾ। ਫਿਰ ਅਸੀਂ ਵੀ ਉਸ ਵਾਂਗ ਮਹਿਸੂਸ ਕਰਾਂਗੇ ਅਤੇ ਉਨ੍ਹਾਂ ਚੀਜ਼ਾਂ ਨਾਲ ਨਫ਼ਰਤ ਕਰਾਂਗੇ ਜਿਨ੍ਹਾਂ ਨਾਲ ਪਰਮੇਸ਼ੁਰ ਨਫ਼ਰਤ ਕਰਦਾ ਹੈ। (ਜ਼ਬੂਰਾਂ ਦੀ ਪੋਥੀ 97:10) ਕਈਆਂ ਨੇ ਆਪਣੀ ਕਮਜ਼ੋਰੀ ਉੱਤੇ ਕਾਬੂ ਪਾਉਣ ਲਈ ਬਾਈਬਲ ਦੇ ਕੁਝ ਹਵਾਲੇ ਮੂੰਹ-ਜ਼ਬਾਨੀ ਯਾਦ ਕੀਤੇ ਹਨ। ਕੀ ਅਸੀਂ ਆਪਣੇ ਗੁੱਸੇ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ? ਤਾਂ ਅਸੀਂ ਕਹਾਉਤਾਂ 14:17 ਤੇ ਅਫ਼ਸੀਆਂ 4:31 ਵਰਗੇ ਹਵਾਲੇ ਯਾਦ ਕਰ ਸਕਦੇ ਹਾਂ। ਕੀ ਸਾਡੇ ਲਈ ਜ਼ਬਾਨ ਨੂੰ ਲਗਾਮ ਦੇਣੀ ਔਖੀ ਹੈ? ਅਸੀਂ ਆਪਣੇ ਦਿਲ ਵਿਚ ਕਹਾਉਤਾਂ 12:18 ਤੇ ਅਫ਼ਸੀਆਂ 4:29 ਵਰਗੇ ਹਵਾਲੇ ਬਿਠਾ ਸਕਦੇ ਹਾਂ। ਕੀ ਅਸੀਂ ਅਜਿਹਾ ਦਿਲਪਰਚਾਵਾ ਪਸੰਦ ਕਰਦੇ ਹਾਂ ਜੋ ਸਾਡੇ ਲਈ ਠੀਕ ਨਹੀਂ ਹੈ? ਤਾਂ ਅਸੀਂ ਅਫ਼ਸੀਆਂ 5:3 ਤੇ ਕੁਲੁੱਸੀਆਂ 3:5 ਯਾਦ ਰੱਖ ਸਕਦੇ ਹਾਂ।
18. ਆਪਣੀ ਕਮਜ਼ੋਰੀ ਉੱਤੇ ਕਾਬੂ ਪਾਉਣ ਲਈ ਸਾਨੂੰ ਬਜ਼ੁਰਗਾਂ ਤੋਂ ਮਦਦ ਮੰਗਣ ਤੋਂ ਕਿਉਂ ਨਹੀਂ ਸ਼ਰਮਾਉਣਾ ਚਾਹੀਦਾ?
18 ਕਲੀਸਿਯਾ ਵਿਚ ਪਵਿੱਤਰ ਆਤਮਾ ਦੁਆਰਾ ਚੁਣੇ ਬਜ਼ੁਰਗਾਂ ਤੋਂ ਮਦਦ ਮੰਗ ਕੇ ਵੀ ਅਸੀਂ ਦਿਖਾ ਸਕਦੇ ਹਾਂ ਕਿ ਸਾਡਾ ਭਰੋਸਾ ਯਹੋਵਾਹ ਉੱਤੇ ਹੈ। (ਰਸੂਲਾਂ ਦੇ ਕਰਤੱਬ 20:28) ਯਾਦ ਰੱਖੋ ਕਿ ਯਹੋਵਾਹ ਨੇ ਯਿਸੂ ਰਾਹੀਂ ਇਹ ਮਨੁੱਖ ਕਲੀਸਿਯਾ ਨੂੰ “ਦਾਨ” ਦਿੱਤੇ ਹਨ ਤਾਂਕਿ ਉਹ ਉਸ ਦੀਆਂ ਭੇਡਾਂ ਦੀ ਰਾਖੀ ਅਤੇ ਦੇਖ-ਭਾਲ ਕਰਨ। (ਅਫ਼ਸੀਆਂ 4:7, 8, 11-14) ਇਹ ਸੱਚ ਹੈ ਕਿ ਕਿਸੇ ਕਮਜ਼ੋਰੀ ਉੱਤੇ ਕਾਬੂ ਪਾਉਣ ਲਈ ਮਦਦ ਮੰਗਣੀ ਸੌਖੀ ਗੱਲ ਨਹੀਂ ਹੈ। ਅਸੀਂ ਸ਼ਾਇਦ ਸ਼ਰਮਿੰਦੇ ਹੋਈਏ ਅਤੇ ਡਰੀਏ ਕਿ ਬਜ਼ੁਰਗ ਸਾਨੂੰ ਬੁਰਾ ਸਮਝਣਗੇ। ਪਰ ਇਸ ਦੀ ਬਜਾਇ ਇਹ ਮਨੁੱਖ ਜੋ ਰੂਹਾਨੀ ਤੌਰ ਤੇ ਮਜ਼ਬੂਤ ਹਨ, ਸਾਡੀ ਕਦਰ ਕਰਨਗੇ ਕਿ ਅਸੀਂ ਜਿਗਰਾ ਕਰ ਕੇ ਉਨ੍ਹਾਂ ਤੋਂ ਮਦਦ ਮੰਗੀ। ਇਸ ਤੋਂ ਇਲਾਵਾ ਇਹ ਬਜ਼ੁਰਗ ਯਹੋਵਾਹ ਵਰਗੇ ਗੁਣ ਪੈਦਾ ਕਰ ਕੇ ਭੈਣਾਂ-ਭਰਾਵਾਂ ਨਾਲ ਪੇਸ਼ ਆਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਪਰਮੇਸ਼ੁਰ ਦੇ ਬਚਨ ਤੋਂ ਦਿਲਾਸਾ, ਸਲਾਹ ਅਤੇ ਸਿੱਖਿਆ ਦੇ ਕੇ ਸਾਡੀ ਮਦਦ ਕਰਨਗੇ ਕਿ ਅਸੀਂ ਆਪਣੀ ਕਮਜ਼ੋਰੀ ਉੱਤੇ ਕਾਬੂ ਪਾਉਣ ਦੇ ਇਰਾਦੇ ਨੂੰ ਹੋਰ ਵੀ ਪੱਕਾ ਬਣਾਈਏ।—ਯਾਕੂਬ 5:14-16.
19. (ੳ) ਸ਼ਤਾਨ ਇਸ ਦੁਨੀਆਂ ਨੂੰ ਕਿਸ ਇਰਾਦੇ ਨਾਲ ਵਰਤਦਾ ਹੈ? (ਅ) ਭਰੋਸਾ ਰੱਖਣ ਦਾ ਕੀ ਮਤਲਬ ਹੈ ਅਤੇ ਸਾਨੂੰ ਕੀ ਠਾਣ ਲੈਣਾ ਚਾਹੀਦਾ ਹੈ?
19 ਇਹ ਗੱਲ ਕਦੀ ਨਾ ਭੁੱਲੋ ਕਿ ਸ਼ਤਾਨ ਜਾਣਦਾ ਹੈ ਕਿ ਉਸ ਦਾ ਸਮਾਂ ਥੋੜ੍ਹਾ ਹੀ ਰਹਿੰਦਾ ਹੈ। (ਪਰਕਾਸ਼ ਦੀ ਪੋਥੀ 12:12) ਉਹ ਚਾਹੁੰਦਾ ਹੈ ਕਿ ਅਸੀਂ ਇਸ ਦੁਨੀਆਂ ਵਿਚ ਜ਼ਿੰਦਗੀ ਤੋਂ ਅੱਕ ਜਾਈਏ ਅਤੇ ਹਿੰਮਤ ਹਾਰ ਕੇ ਬੈਠ ਜਾਈਏ। ਆਓ ਆਪਾਂ ਰੋਮੀਆਂ 8:35-39 ਦੇ ਸ਼ਬਦਾਂ ਉੱਤੇ ਪੂਰਾ ਭਰੋਸਾ ਰੱਖੀਏ: “ਕੌਣ ਸਾਨੂੰ ਮਸੀਹ ਦੇ ਪ੍ਰੇਮ ਤੋਂ ਅੱਡ ਕਰੇਗਾ? ਕੀ ਬਿਪਤਾ ਯਾ ਕਸ਼ਟ ਯਾ ਅਨ੍ਹੇਰ ਯਾ ਕਾਲ ਯਾ ਨੰਗ ਯਾ ਭੌਜਲ ਯਾ ਤਲਵਾਰ? . . . ਸਗੋਂ ਇਨ੍ਹਾਂ ਸਭਨਾਂ ਗੱਲਾਂ ਵਿੱਚ ਉਹ ਦੇ ਦੁਆਰਾ ਜਿਹ ਨੇ ਸਾਡੇ ਨਾਲ ਪ੍ਰੇਮ ਕੀਤਾ ਸੀ ਅਸੀਂ ਹੱਦੋਂ ਵਧ ਫਤਹ ਪਾਉਂਦੇ ਹਾਂ। ਕਿਉਂ ਜੋ ਮੈਨੂੰ ਪਰਤੀਤ ਹੈ ਭਈ ਨਾ ਮੌਤ, ਨਾ ਜੀਵਨ, ਨਾ ਦੂਤ, ਨਾ ਹਕੂਮਤਾਂ, ਨਾ ਵਰਤਮਾਨ ਵਸਤਾਂ, ਨਾ ਹੋਣ ਵਾਲੀਆਂ ਵਸਤਾਂ, ਨਾ ਸ਼ਕਤੀਆਂ, ਨਾ ਉਚਿਆਈ, ਨਾ ਡੁੰਘਿਆਈ, ਨਾ ਕੋਈ ਹੋਰ ਸਰਿਸ਼ਟੀ ਪਰਮੇਸ਼ੁਰ ਦੇ ਓਸ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਸਾਡੇ ਪ੍ਰਭੁ ਵਿੱਚ ਹੈ ਸਾਨੂੰ ਅੱਡ ਕਰ ਸੱਕੇਗੀ।” ਇਹ ਯਹੋਵਾਹ ਉੱਤੇ ਭਰੋਸਾ ਰੱਖਣ ਬਾਰੇ ਕਿੰਨੀ ਵਧੀਆ ਗੱਲ ਹੈ। ਪਰ ਭਰੋਸਾ ਸਿਰਫ਼ ਮਨ ਦੀ ਭਾਵਨਾ ਨਹੀਂ ਹੈ। ਬਲਕਿ ਇਸ ਦਾ ਮਤਲਬ ਹੈ ਕਿ ਅਸੀਂ ਸੋਚ-ਸਮਝ ਕੇ ਰੋਜ਼ਾਨਾ ਜ਼ਿੰਦਗੀ ਦੇ ਫ਼ੈਸਲੇ ਕਰੀਏ। ਆਓ ਆਪਾਂ ਠਾਣ ਲਈਏ ਕਿ ਅਸੀਂ ਦੁੱਖਾਂ ਵੇਲੇ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਾਂਗੇ।
ਕੀ ਤੁਹਾਨੂੰ ਯਾਦ ਹੈ?
• ਪੈਸਿਆਂ ਦੀ ਤੰਗੀ ਵੇਲੇ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਦਿਖਾ ਸਕਦੇ ਹਾਂ ਕਿ ਸਾਡਾ ਭਰੋਸਾ ਯਹੋਵਾਹ ਉੱਤੇ ਹੈ?
• ਕਿਸੇ ਬੀਮਾਰੀ ਦੌਰਾਨ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਉੱਤੇ ਭਰੋਸਾ ਰੱਖਦੇ ਹਾਂ?
• ਜਦੋਂ ਅਸੀਂ ਕਿਸੇ ਕਮਜ਼ੋਰੀ ਉੱਤੇ ਕਾਬੂ ਪਾਉਣ ਵਿਚ ਵਾਰ-ਵਾਰ ਨਾਕਾਮ ਹੁੰਦੇ ਹਾਂ, ਤਾਂ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਉੱਤੇ ਇਤਬਾਰ ਕਰਦੇ ਹਾਂ?
[ਸਫ਼ੇ 17 ਉੱਤੇ ਡੱਬੀ]
ਕੀ ਤੁਹਾਨੂੰ ਇਹ ਲੇਖ ਯਾਦ ਹਨ?
ਜਦੋਂ ਅਸੀਂ ਆਪਣੀ ਸਿਹਤ ਕਰਕੇ ਦੁਖੀ ਹੁੰਦੇ ਹਾਂ, ਤਾਂ ਉਨ੍ਹਾਂ ਲੋਕਾਂ ਬਾਰੇ ਪੜ੍ਹ ਕੇ ਸਾਨੂੰ ਹੌਸਲਾ ਮਿਲਦਾ ਹੈ ਜਿਨ੍ਹਾਂ ਨੇ ਬੀਮਾਰੀ ਜਾਂ ਅਪਾਹਜਪੁਣੇ ਦਾ ਕਾਮਯਾਬੀ ਨਾਲ ਸਾਮ੍ਹਣਾ ਕੀਤਾ ਹੈ। ਹੇਠਾਂ ਕੁਝ ਲੇਖ ਹਨ ਜੋ ਪਹਿਰਾਬੁਰਜ ਅਤੇ ਜਾਗਰੂਕ ਬਣੋ! ਵਿਚ ਛਾਪੇ ਗਏ ਸਨ।
“ਯਹੋਵਾਹ ਨੇ ਸਾਨੂੰ ਧੀਰਜ ਅਤੇ ਹੌਸਲਾ ਰੱਖਣਾ ਸਿਖਾਇਆ।”—ਪਹਿਰਾਬੁਰਜ, 1 ਫਰਵਰੀ 2002.
“ਮੇਰਾ ਅਣਜੰਮਿਆ ਬੱਚਾ ਮਰ ਗਿਆ।”—ਜਾਗਰੂਕ ਬਣੋ! ਅਪ੍ਰੈਲ-ਜੂਨ 2002.
“ਤੁਹਾਡੀ ਧੀ ਨੂੰ ਸ਼ੂਗਰ ਦੀ ਬੀਮਾਰੀ ਹੈ!”—ਜਾਗਰੂਕ ਬਣੋ! ਅਕਤੂਬਰ-ਦਸੰਬਰ 1999.
“ਯਹੋਵਾਹ ਨੇ ਮੈਨੂੰ ਹਰ ਵੇਲੇ ਸੰਭਾਲਿਆ” ਨਾਂ ਦਾ ਲੇਖ ਅਧਰੰਗ ਸਹਿਣ ਬਾਰੇ ਹੈ।—ਪਹਿਰਾਬੁਰਜ, 1 ਮਾਰਚ 2001.
“ਤੁਸੀਂ ਨਹੀਂ ਜਾਣਦੇ ਕਿ ਕੱਲ੍ਹ ਤੁਹਾਡੀ ਜ਼ਿੰਦਗੀ ਕਿੱਦਾਂ ਦੀ ਹੋਵੇਗੀ” ਨਾਂ ਦਾ ਲੇਖ ਮੂਡ ਬਦਲਣ ਵਾਲੇ ਡਿਪਰੈਸ਼ਨ ਬਾਰੇ ਹੈ।—ਪਹਿਰਾਬੁਰਜ, 1 ਦਸੰਬਰ 2000.
“ਲੋਈਡਾ ਦਾ ਖਾਮੋਸ਼ੀ ਤੋੜਨ ਤਕ ਦਾ ਸਫ਼ਰ” ਨਾਂ ਦੇ ਲੇਖ ਨੇ ਦਿਮਾਗ਼ੀ ਅਧਰੰਗ ਦੀ ਬੀਮਾਰੀ ਬਾਰੇ ਦੱਸਿਆ।—ਜਾਗਰੂਕ ਬਣੋ! ਅਪ੍ਰੈਲ-ਜੂਨ 2000.
“ਅੰਨ੍ਹੀ ਹੋਣ ਦੇ ਬਾਵਜੂਦ ਇਕ ਮਗਨ ਜ਼ਿੰਦਗੀ।”—ਜਾਗਰੂਕ ਬਣੋ! ਅਪ੍ਰੈਲ-ਜੂਨ 1999.
[ਸਫ਼ੇ 15 ਉੱਤੇ ਤਸਵੀਰ]
ਨੌਕਰੀ ਛੁੱਟਣ ਤੇ ਅਸੀਂ ਆਪਣੀ ਜ਼ਿੰਦਗੀ ਬਾਰੇ ਚੰਗੀ ਤਰ੍ਹਾਂ ਸੋਚ-ਵਿਚਾਰ ਕਰ ਸਕਦੇ ਹਾਂ
[ਸਫ਼ੇ 16 ਉੱਤੇ ਤਸਵੀਰ]
ਲੋਈਡਾ ਦੀ ਕਹਾਣੀ ਦਿਖਾਉਂਦੀ ਹੈ ਕਿ ਯਹੋਵਾਹ ਉੱਤੇ ਭਰੋਸਾ ਰੱਖ ਕੇ ਅਸੀਂ ਦੁੱਖ ਕਿਵੇਂ ਝੱਲ ਸਕਦੇ ਹਾਂ (ਸਫ਼ਾ 17 ਉੱਤੇ ਡੱਬੀ ਦੇਖੋ)
[ਸਫ਼ੇ 18 ਉੱਤੇ ਤਸਵੀਰ]
ਸਾਨੂੰ ਆਪਣੀ ਕਮਜ਼ੋਰੀ ਉੱਤੇ ਕਾਬੂ ਪਾਉਣ ਲਈ ਮਦਦ ਮੰਗਣ ਤੋਂ ਸ਼ਰਮਾਉਣਾ ਨਹੀਂ ਚਾਹੀਦਾ
[ਫੁਟਨੋਟ]
a ਸਰਕਾਰੀ ਖ਼ਜ਼ਾਨੇ ਦੇ ਸਕੱਤਰ ਨੇ 20 ਨਵੰਬਰ 1861 ਵਿਚ ਅਮਰੀਕੀ ਟਕਸਾਲ ਨੂੰ ਲਿਖਿਆ: “ਰੱਬ ਦੀ ਤਾਕਤ ਤੋਂ ਬਿਨਾਂ ਕੋਈ ਵੀ ਕੌਮ ਤਾਕਤਵਰ ਨਹੀਂ ਹੋ ਸਕਦੀ ਅਤੇ ਉਸ ਦੀ ਸੁਰੱਖਿਆ ਤੋਂ ਬਿਨਾਂ ਸੁਰੱਖਿਅਤ ਨਹੀਂ ਹੋ ਸਕਦੀ। ਸਾਡੇ ਦੇਸ਼ ਦੇ ਲੋਕ ਪਰਮੇਸ਼ੁਰ ਉੱਤੇ ਭਰੋਸਾ ਰੱਖਦੇ ਹਨ ਅਤੇ ਸਾਨੂੰ ਆਪਣੇ ਸਿੱਕਿਆਂ ਉੱਤੇ ਇਹ ਗੱਲ ਉੱਕਾਰਨੀ ਚਾਹੀਦੀ ਹੈ।” ਨਤੀਜੇ ਵਜੋਂ ਇਹ ਅਖਾਣ “ਸਾਡਾ ਭਰੋਸਾ ਪਰਮੇਸ਼ੁਰ ਉੱਤੇ ਹੈ” 1864 ਵਿਚ ਪਹਿਲੀ ਵਾਰ ਅਮਰੀਕਾ ਦੇ ਸਿੱਕਿਆਂ ਉੱਤੇ ਉੱਕਾਰਿਆ ਗਿਆ ਸੀ।
b ਇੱਥੇ ਅਜਿਹੀ ਚਿੰਤਾ ਦੀ ਗੱਲ ਕੀਤੀ ਗਈ ਹੈ ਜੋ ਜ਼ਿੰਦਗੀ ਵਿੱਚੋਂ ਖ਼ੁਸ਼ੀਆਂ ਮਿਟਾ ਦਿੰਦੀ ਹੈ। “ਚਿੰਤਾ ਨਾ ਕਰੋ” ਦਾ ਮਤਲਬ ਹੈ ਕਿ ਅਸੀਂ ਚਿੰਤਾ ਕਰਨੀ ਸ਼ੁਰੂ ਨਾ ਕਰੀਏ। ਬਾਈਬਲ ਬਾਰੇ ਇਕ ਪੁਸਤਕ ਕਹਿੰਦੀ ਹੈ: ‘ਯੂਨਾਨੀ ਭਾਸ਼ਾ ਵਿਚ ਇੱਥੇ ਇਹ ਕਹਿਣ ਦਾ ਮਤਲਬ ਹੈ ਕਿ ਜੇ ਕੋਈ ਚਿੰਤਾ ਕਰ ਰਿਹਾ ਹੈ, ਤਾਂ ਉਸ ਨੂੰ ਇਸ ਤਰ੍ਹਾਂ ਕਰਨੋਂ ਹਟ ਜਾਣਾ ਚਾਹੀਦਾ ਹੈ।’
c ਅੱਠ ਸੁਝਾਅ ਇਹ ਸਨ: (1) ਘਬਰਾਓ ਨਾ; (2) ਨਿਰਾਸ਼ ਨਾ ਹੋਵੋ; (3) ਹੋਰ ਕੰਮ ਕਰਨ ਬਾਰੇ ਵਿਚਾਰ ਕਰੋ; (4) ਚਾਦਰ ਵੇਖ ਕੇ ਪੈਰ ਪਸਾਰੋ, ਦੂਜਿਆਂ ਵੱਲ ਨਾ ਦੇਖੋ; (5) ਉਧਾਰ ਚੀਜ਼ਾਂ ਖ਼ਰੀਦਣ ਬਾਰੇ ਸਾਵਧਾਨ ਰਹੋ; (6) ਪਰਿਵਾਰ ਵਿਚ ਏਕਤਾ ਰੱਖੋ; (7) ਆਤਮ-ਸਨਮਾਨ ਰੱਖੋ; (8) ਬਜਟ ਬਣਾ ਕੇ ਖ਼ਰਚ ਕਰੋ।
d ਇਹ ਰਸਾਲੇ ਬਾਈਬਲ ਤੇ ਆਧਾਰਿਤ ਹਨ ਅਤੇ ਇਹ ਸੁਝਾਅ ਨਹੀਂ ਦਿੰਦੇ ਕਿ ਤੁਹਾਨੂੰ ਕਿਹੜਾ ਇਲਾਜ ਕਰਾਉਣਾ ਚਾਹੀਦਾ ਹੈ ਜਾਂ ਨਹੀਂ ਕਿਉਂਕਿ ਇਹ ਹਰੇਕ ਦਾ ਨਿੱਜੀ ਫ਼ੈਸਲਾ ਹੈ। ਇਹ ਲੇਖ ਪਾਠਕਾਂ ਨੂੰ ਖ਼ਾਸ ਬੀਮਾਰੀਆਂ ਬਾਰੇ ਅੱਜ ਦੀ ਸਮਝ ਅਨੁਸਾਰ ਨਵੀਂ ਤੋਂ ਨਵੀਂ ਜਾਣਕਾਰੀ ਦਿੰਦੇ ਹਨ।