ਮੇਰਾ ਅਣਜੰਮਿਆ ਬੱਚਾ ਮਰ ਗਿਆ
ਸੋਮਵਾਰ 10 ਅਪ੍ਰੈਲ 2000 ਦੇ ਦਿਨ ਮੌਸਮ ਬਹੁਤ ਹੀ ਸੋਹਣਾ ਸੀ ਅਤੇ ਮੈਂ ਕੁਝ ਕੰਮ-ਕੁਮ ਕਰਨ ਵਾਸਤੇ ਘਰੋਂ ਨਿਕਲੀ। ਮੇਰਾ ਚੌਥਾ ਮਹੀਨਾ ਚੜ੍ਹ ਗਿਆ ਸੀ ਅਤੇ ਮੈਂ ਕੁਝ ਲਿੱਸੀ-ਲਿੱਸੀ ਮਹਿਸੂਸ ਕਰਦੀ ਸੀ ਪਰ ਫਿਰ ਵੀ ਬਾਹਰ ਦੀ ਹਵਾ ਖਾਣ ਵਿਚ ਮੈਨੂੰ ਆਨੰਦ ਸੀ। ਥੋੜ੍ਹੇ ਕੁ ਚਿਰ ਬਾਅਦ ਜਦੋਂ ਮੈਂ ਕਿਸੇ ਦੁਕਾਨ ਵਿਚ ਸੌਦਾ ਕਰਨ ਲਈ ਖੜ੍ਹੀ ਸੀ ਤਾਂ ਮੈਂ ਮਹਿਸੂਸ ਕੀਤਾ ਕਿ ਮੇਰੀ ਤਬੀਅਤ ਠੀਕ ਨਹੀਂ ਸੀ।
ਜਦ ਮੈਂ ਘਰ ਆਈ ਤਾਂ ਮੇਰੀ ਪਰੇਸ਼ਾਨੀ ਡਰ ਵਿਚ ਬਦਲ ਗਈ ਕਿਉਂਕਿ ਮੇਰਾ ਖ਼ੂਨ ਵਹਿ ਰਿਹਾ ਸੀ। ਜਦੋਂ ਮੇਰੇ ਪਹਿਲੇ ਦੋ ਬੱਚੇ ਹੋਏ ਸਨ ਤਾਂ ਇਸ ਤਰ੍ਹਾਂ ਨਹੀਂ ਹੋਇਆ ਸੀ। ਮੈਂ ਡਾਕਟਰ ਨੂੰ ਟੈਲੀਫ਼ੋਨ ਕੀਤਾ ਅਤੇ ਉਸ ਨੇ ਕਿਹਾ ਕਿ ਕੱਲ੍ਹ ਤਕ ਇੰਤਜ਼ਾਰ ਕਰਨਾ ਠੀਕ ਹੋਵੇਗਾ ਕਿਉਂਕਿ ਅਗਲੇ ਦਿਨ ਮੈਂ ਉਸ ਨਾਲ ਮਿਲਣ ਦਾ ਪਹਿਲਾਂ ਹੀ ਇਕਰਾਰ ਕੀਤਾ ਹੋਇਆ ਸੀ। ਉਸ ਰਾਤ ਮੈਂ ਅਤੇ ਮੇਰੇ ਪਤੀ ਨੇ ਆਪਣੇ ਬੱਚਿਆਂ ਨੂੰ ਸੁਲਾਉਣ ਤੋਂ ਪਹਿਲਾਂ ਇਕੱਠੇ ਪ੍ਰਾਰਥਨਾ ਕੀਤੀ ਅਤੇ ਯਹੋਵਾਹ ਤੋਂ ਸਭ ਕੁਝ ਸਹਿਣ ਦੀ ਮਦਦ ਮੰਗੀ। ਫਿਰ ਹੌਲੀ-ਹੌਲੀ ਮੈਨੂੰ ਨੀਂਦ ਆ ਹੀ ਗਈ।
ਰਾਤ ਦੇ ਦੋ ਕੁ ਵਜੇ ਪੇਟ ਵਿਚ ਚੀਸਾਂ ਪੈਣ ਕਰਕੇ ਮੇਰੀ ਅੱਖ ਖੁੱਲ੍ਹ ਗਈ। ਹੌਲੀ-ਹੌਲੀ ਤਕਲੀਫ਼ ਕੁਝ ਘਟੀ ਤਾਂ ਮੈਂ ਦੁਬਾਰਾ ਸੌਂ ਗਈ ਪਰ ਦਰਦ ਫਿਰ ਤੋਂ ਉੱਠ ਪਿਆ ਅਤੇ ਇਸ ਵਾਰ ਚੀਸਾਂ ਵਾਰ-ਵਾਰ ਪੈਣ ਲੱਗ ਪਈਆਂ। ਮੇਰਾ ਖ਼ੂਨ ਪਹਿਲਾਂ ਨਾਲੋਂ ਹੋਰ ਵੀ ਵਹਿਣ ਲੱਗ ਪਿਆ ਅਤੇ ਮੈਂ ਜਾਣ ਲਿਆ ਕਿ ਮੈਨੂੰ ਜਣਨ ਦੀਆਂ ਪੀੜਾਂ ਲੱਗ ਰਹੀਆਂ ਹਨ। ਮੈਂ ਸੋਚਾਂ ਵਿਚ ਪੈ ਗਈ ਸੀ ਕਿ ਮੈਂ ਇਸ ਮੁਸੀਬਤ ਨੂੰ ਆਪਣੇ ਸਿਰ ਸਹੇੜਨ ਲਈ ਖਰਿਆ ਕੀ ਕੀਤਾ ਹੈ, ਪਰ ਮੈਨੂੰ ਕੁਝ ਨਹੀਂ ਸੁੱਝ ਰਿਹਾ ਸੀ।
ਸਵੇਰ ਦੇ ਪੰਜ ਵਜੇ ਤਕ ਇਸੇ ਤਰ੍ਹਾਂ ਚੱਲਦਾ ਰਿਹਾ ਅਤੇ ਮੈਨੂੰ ਪਤਾ ਸੀ ਕਿ ਮੈਨੂੰ ਹਸਪਤਾਲ ਜਾਣਾ ਪਵੇਗਾ। ਜਦੋਂ ਮੈਂ ਅਤੇ ਮੇਰੇ ਪਤੀ ਉੱਥੇ ਪਹੁੰਚੇ ਤਾਂ ਐਮਰਜੈਂਸੀ ਦੇ ਹਮਦਰਦ ਡਾਕਟਰਾਂ-ਚਾਕਰਾਂ ਨੂੰ ਦੇਖ ਕੇ ਸਾਨੂੰ ਸੁਖ ਦਾ ਥੋੜ੍ਹਾ ਸਾਹ ਆਇਆ। ਦੋ ਘੰਟਿਆਂ ਬਾਅਦ ਡਾਕਟਰ ਨੇ ਸਾਨੂੰ ਉਹ ਖ਼ਬਰ ਦਿੱਤੀ ਜਿਸ ਦਾ ਸਾਨੂੰ ਡਰ ਸੀ ਕਿ ਉਹ ਮੇਰੇ ਬੱਚੇ ਨੂੰ ਬਚਾ ਨਾ ਸਕੇ।
ਰਾਤ ਭਰ ਦੀਆਂ ਨਿਸ਼ਾਨੀਆਂ ਦੇ ਕਾਰਨ ਮੈਂ ਇਸ ਖ਼ਬਰ ਲਈ ਥੋੜ੍ਹੀ-ਬਹੁਤੀ ਤਿਆਰ ਸੀ ਅਤੇ ਇਸ ਨੂੰ ਸੁਣ ਕੇ ਬਹੁਤਾ ਕੁਰਲਾਈ ਨਹੀਂ। ਇਸ ਤੋਂ ਇਲਾਵਾ ਮੇਰੇ ਪਤੀ ਸਾਰਾ ਸਮਾਂ ਮੇਰੇ ਨਾਲ ਸਨ ਅਤੇ ਉਨ੍ਹਾਂ ਨੇ ਮੈਨੂੰ ਬੜਾ ਸਹਾਰਾ ਦਿੱਤਾ। ਪਰ ਜਦੋਂ ਬੱਚੇ ਤੋਂ ਬਿਨਾਂ ਘਰ ਜਾਣ ਦਾ ਵਕਤ ਆਇਆ ਤਾਂ ਸਾਨੂੰ ਫ਼ਿਕਰ ਸੀ ਕਿ ਅਸੀਂ ਆਪਣੀ 6-ਸਾਲਾ ਕੁੜੀ ਕੇਟਲਿਨ ਅਤੇ 4-ਸਾਲਾ ਮੁੰਡੇ ਡੇਵਿਡ ਨੂੰ ਕੀ ਦੱਸਾਂਗੇ।
ਅਸੀਂ ਬੱਚਿਆਂ ਨੂੰ ਕੀ ਦੱਸਾਂਗੇ?
ਰਾਤ ਨੂੰ ਬੱਚੇ ਸੌਣ ਤੋਂ ਪਹਿਲਾਂ ਜਾਣਦੇ ਸੀ ਕਿ ਕੋਈ ਗੱਲ ਤਾਂ ਸੀ, ਪਰ ਅਸੀਂ ਉਨ੍ਹਾਂ ਨੂੰ ਕਿਸ ਤਰ੍ਹਾਂ ਦੱਸਣਾ ਸੀ ਕਿ ਉਨ੍ਹਾਂ ਦਾ ਅਣਜੰਮਿਆ ਭੈਣ-ਭਰਾ ਮੌਤ ਦੀ ਨੀਂਦ ਸੌਂ ਗਿਆ ਹੈ? ਅਸੀਂ ਫ਼ੈਸਲਾ ਕਰ ਲਿਆ ਕਿ ਅਸੀਂ ਗੱਲ ਸਾਫ਼-ਸਾਫ਼ ਦੱਸ ਦਿਆਂਗੇ। ਕੁਝ ਹੱਦ ਤਕ ਮੇਰੇ ਮਾਤਾ ਜੀ ਨੇ ਬੱਚਿਆਂ ਨੂੰ ਇਹ ਦੱਸ ਕੇ ਸਾਡੀ ਮਦਦ ਕਰ ਦਿੱਤੀ ਸੀ ਕਿ ਅਸੀਂ ਇੱਕਲੇ ਘਰ ਆ ਰਹੇ ਸੀ। ਜਦੋਂ ਅਸੀਂ ਘਰ ਆਏ ਤਾਂ ਉਹ ਦੌੜ ਕੇ ਸਾਨੂੰ ਗਲ਼ੇ ਮਿਲੇ। ਉਨ੍ਹਾਂ ਦਾ ਪਹਿਲਾ ਸਵਾਲ ਸੀ, “ਕੀ ਬੇਬੀ ਠੀਕ ਹੈ?” ਮੇਰੇ ਮੂੰਹ ਵਿੱਚੋਂ ਕੁਝ ਨਹੀਂ ਨਿਕਲ ਰਿਹਾ ਸੀ ਪਰ ਮੇਰੇ ਪਤੀ ਨੇ ਸਾਨੂੰ ਸਾਰਿਆਂ ਨੂੰ ਕਲਾਵੇ ਵਿਚ ਲੈ ਕੇ ਕਿਹਾ: “ਬੇਬੀ ਮਰ ਗਈ ਹੈ।” ਅਸੀਂ ਸਾਰੇ ਇਕ ਦੂਜੇ ਦੇ ਗਲ਼ ਲੱਗ ਕੇ ਰੋਏ ਜਿਸ ਨਾਲ ਸਾਡਾ ਜੀਅ ਹੌਲ਼ਾ ਹੋਣ ਲੱਗਾ।
ਪਰ ਬਾਅਦ ਵਿਚ ਇਸ ਦਾ ਬੱਚਿਆਂ ਤੇ ਜੋ ਪ੍ਰਭਾਵ ਪਿਆ ਉਸ ਲਈ ਅਸੀਂ ਬਿਲਕੁਲ ਤਿਆਰ ਨਹੀਂ ਸੀ। ਮਿਸਾਲ ਲਈ, ਬੱਚੇ ਦੇ ਗਿਰਨ ਤੋਂ ਦੋ ਕੁ ਹਫ਼ਤੇ ਬਾਅਦ ਸਾਡੀ ਕਲੀਸਿਯਾ ਵਿਚ ਐਲਾਨ ਕੀਤਾ ਗਿਆ ਕਿ ਇਕ ਸਿਆਣਾ ਭਰਾ ਜੋ ਸਾਡਾ ਚੰਗਾ ਦੋਸਤ ਵੀ ਸੀ ਪੂਰਾ ਹੋ ਗਿਆ ਸੀ। ਇਹ ਸੁਣ ਕੇ ਸਾਡਾ 4-ਸਾਲਾ ਮੁੰਡਾ ਡੇਵਿਡ ਜ਼ੋਰ-ਜ਼ੋਰ ਨਾਲ ਇੰਨਾ ਰੋਣ ਲੱਗ ਪਿਆ ਕਿ ਮੇਰੇ ਪਤੀ ਨੂੰ ਉਸ ਨੂੰ ਬਾਹਰ ਲਿਜਾਣਾ ਪਿਆ। ਥੋੜ੍ਹਾ ਸ਼ਾਂਤ ਹੋ ਕੇ ਡੇਵਿਡ ਨੇ ਪੁੱਛਿਆ ਕਿ ਉਸ ਦੇ ਆਂਕਲ ਜੀ ਕਿਉਂ ਮਰ ਗਏ ਸਨ। ਫਿਰ ਉਸ ਨੇ ਸਵਾਲ ਕੀਤਾ ਕਿ ਬੇਬੀ ਕਿਉਂ ਮਰ ਗਈ ਸੀ। ਫਿਰ ਉਸ ਨੇ ਆਪਣੇ ਪਿਤਾ ਜੀ ਨੂੰ ਪੁੱਛਿਆ: “ਕੀ ਤੁਸੀਂ ਵੀ ਮਰ ਜਾਣਾ ਹੈ?” ਉਹ ਇਹ ਵੀ ਜਾਣਨਾ ਚਾਹੁੰਦਾ ਸੀ ਕਿ ਯਹੋਵਾਹ ਪਰਮੇਸ਼ੁਰ ਨੇ ਅਜੇ ਤਕ ਸ਼ਤਾਨ ਨੂੰ ਕਿਉਂ ਨਹੀਂ ਖ਼ਤਮ ਕਰ ਕੇ ਸਭ ਕੁਝ ਠੀਕ ਕਰਨਾ ਸ਼ੁਰੂ ਕੀਤਾ। ਵੈਸੇ ਅਸੀਂ ਤਾਂ ਬਹੁਤ ਹੈਰਾਨ ਹੋਏ ਕਿ ਉਸ ਦੇ ਛੋਟੇ ਜਿਹੇ ਦਿਮਾਗ਼ ਵਿਚ ਕੀ-ਕੀ ਘੁੰਮ ਰਿਹਾ ਸੀ।
ਕੇਟਲਿਨ ਨੇ ਵੀ ਬਹੁਤ ਸਾਰੇ ਸਵਾਲ ਪੁੱਛੇ। ਕਈ ਵਾਰ ਉਹ ਆਪਣਿਆਂ ਗੁੱਡੀਆਂ-ਪਟੋਲਿਆਂ ਨੂੰ ਨਰਸਾਂ, ਮਰੀਜ਼, ਜਾਂ ਘਰ ਦੇ ਜੀਅ ਬਣਾ ਕੇ ਉਨ੍ਹਾਂ ਨਾਲ ਖੇਲਦੀ ਹੁੰਦੀ ਸੀ। ਉਸ ਨੇ ਗੱਤੇ ਦੇ ਇਕ ਡੱਬੇ ਨੂੰ ਹਸਪਤਾਲ ਬਣਾਇਆ ਹੋਇਆ ਸੀ ਅਤੇ ਖੇਲ-ਖੇਲ ਵਿਚ ਕਦੇ-ਕਦੇ ਉਸ ਦੀ ਗੁੱਡੀ ਦੀ ਮੌਤ ਹੋ ਜਾਂਦੀ ਸੀ। ਸਾਡੇ ਨਿਆਣਿਆਂ ਦੇ ਸਵਾਲਾਂ ਅਤੇ ਖੇਡਾਂ ਨੇ ਸਾਨੂੰ ਕਈ ਮੌਕੇ ਦਿੱਤੇ ਜਿਨ੍ਹਾਂ ਵਿਚ ਅਸੀਂ ਉਨ੍ਹਾਂ ਨੂੰ ਜ਼ਿੰਦਗੀ ਦੇ ਜ਼ਰੂਰੀ ਸਬਕ ਸਿਖਾ ਸਕੇ। ਇਸ ਦੇ ਨਾਲ-ਨਾਲ ਅਸੀਂ ਉਨ੍ਹਾਂ ਨੂੰ ਦੱਸ ਸਕੇ ਕਿ ਮੁਸ਼ਕਲ ਸਮਿਆਂ ਨੂੰ ਸਹਿਣ ਲਈ ਬਾਈਬਲ ਸਾਡੀ ਮਦਦ ਕਰ ਸਕਦੀ ਹੈ। ਅਸੀਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਉਦੇਸ਼ ਬਾਰੇ ਵੀ ਸਿਖਾਇਆ ਕਿ ਉਸ ਨੇ ਧਰਤੀ ਨੂੰ ਇਕ ਸੁੰਦਰ ਫਿਰਦੌਸ ਬਣਾ ਦੇਣਾ ਹੈ ਜਿਸ ਵਿਚ ਹਰ ਕਿਸਮ ਦਾ ਦੁੱਖ-ਦਰਦ ਅਤੇ ਮੌਤ ਵੀ ਖ਼ਤਮ ਹੋ ਜਾਣਗੇ।—ਪਰਕਾਸ਼ ਦੀ ਪੋਥੀ 21:3, 4.
ਮੈਂ ਆਪਣੇ ਬੱਚੇ ਦੀ ਮੌਤ ਕਿਸ ਤਰ੍ਹਾਂ ਸਹਾਰੀ?
ਜਦੋਂ ਮੈਂ ਹਸਪਤਾਲ ਤੋਂ ਪਹਿਲਾਂ ਘਰ ਆਈ ਸੀ ਤਾਂ ਮੈਂ ਅੰਦਰੋਂ-ਅੰਦਰੀਂ ਸੁੰਨੀ-ਸੁੰਨੀ ਮਹਿਸੂਸ ਕਰਦੀ ਸੀ ਅਤੇ ਮੈਨੂੰ ਨਹੀਂ ਸੀ ਪਤਾ ਲੱਗਦਾ ਕਿ ਮੈਂ ਕੀ ਕਰਾਂ ਜਾਂ ਕਿੱਥੇ ਜਾਵਾਂ। ਮੇਰੇ ਘਰ ਦੇ ਚਾਰ-ਚੁਫੇਰੇ ਕੰਮ ਕਰਨ ਵਾਲੇ ਪਏ ਸਨ ਪਰ ਮੈਨੂੰ ਨਹੀਂ ਸੀ ਖ਼ਬਰ ਕਿ ਮੈਂ ਕਿਹੜਾ ਕੰਮ ਕਿੱਥੋਂ ਸ਼ੁਰੂ ਕਰਾਂ। ਮੈਂ ਆਪਣੀਆਂ ਕੁਝ ਸਹੇਲੀਆਂ ਨੂੰ ਟੈਲੀਫ਼ੋਨ ਕੀਤਾ ਜਿਨ੍ਹਾਂ ਨਾਲ ਅਜਿਹਾ ਕੁਝ ਬੀਤਿਆ ਸੀ ਅਤੇ ਉਨ੍ਹਾਂ ਨੇ ਮੈਨੂੰ ਬਹੁਤ ਦਿਲਾਸਾ ਦਿੱਤਾ। ਇਕ ਸਹੇਲੀ ਨੇ ਸਾਨੂੰ ਫੁੱਲ ਘੱਲੇ ਅਤੇ ਕਿਹਾ ਕਿ ਉਹ ਕੁਝ ਘੰਟਿਆਂ ਲਈ ਮੇਰੇ ਬੱਚਿਆਂ ਨੂੰ ਆਪਣੇ ਕੋਲ ਰੱਖਣ ਲਈ ਤਿਆਰ ਸੀ। ਮੈਂ ਉਸ ਦੀ ਮਦਦ ਅਤੇ ਦੋਸਤੀ ਦਾ ਸ਼ੁਕਰ ਕੀਤਾ!
ਮੈਂ ਟੱਬਰ ਦੀਆਂ ਫ਼ੋਟੋਆਂ ਨੂੰ ਚੰਗੀ ਤਰ੍ਹਾਂ ਐਲਬਮਾਂ ਵਿਚ ਲਗਾਇਆ। ਪਰ ਮੇਰੇ ਬੱਚੇ ਦੀ ਇੱਕੋ-ਇਕ ਯਾਦ-ਦਹਾਨੀ ਸੀ, ਯਾਨੀ ਉਸ ਦੇ ਨਵੇਂ ਕੱਪੜੇ ਜਿਨ੍ਹਾਂ ਨੂੰ ਮੈਂ ਫੜ-ਫੜ ਕੇ ਰੋਈ। ਕਿੰਨੇ ਹੀ ਹਫ਼ਤਿਆਂ ਲਈ ਮੈਂ ਰੋਣਹਾਕੀ ਰਹੀ। ਘਰ ਅਤੇ ਬਾਹਰ ਦਿਆਂ ਦੇ ਸਹਾਰੇ ਦੇ ਬਾਵਜੂਦ ਕੁਝ ਦਿਨ ਤਾਂ ਮੈਂ ਆਪਣਾ ਰੋਣਾ ਬੰਦ ਨਹੀਂ ਕਰ ਸਕਦੀ ਸੀ। ਕਦੇ-ਕਦੇ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਮੈਂ ਪਾਗਲ ਹੋ ਰਹੀ ਹਾਂ। ਆਪਣੀਆਂ ਗਰਭਵਤੀ ਸਹੇਲੀਆਂ ਦੇ ਨਾਲ ਮਿਲਣਾ-ਜੁਲਣਾ ਮੇਰੇ ਲਈ ਬਹੁਤ ਮੁਸ਼ਕਲ ਸੀ। ਇਸ ਘਟਨਾ ਤੋਂ ਪਹਿਲਾਂ ਮੈਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਸੀ ਕਿ ਕਿਸੇ ਔਰਤ ਦੀ ਜ਼ਿੰਦਗੀ ਵਿਚ ਬੱਚੇ ਦਾ ਗਿਰਨਾ ਕੋਈ ਮਾਮੂਲੀ ਜਿਹੀ ਗੱਲ ਹੈ ਅਤੇ ਉਹ ਜ਼ਿਆਦਾ ਦਿੱਕਤ ਤੋਂ ਬਿਨਾਂ ਹੀ ਠੀਕ ਹੋ ਜਾਂਦੀ ਹੈ। ਪਰ ਮੇਰੀ ਇਹ ਗ਼ਲਤਫ਼ਹਿਮੀ ਕਿੱਡੀ ਵੱਡੀ ਸੀ!a
ਪਿਆਰ ਜਿੰਨਾ ਵਧੀਆ ਹੋਰ ਕੋਈ ਇਲਾਜ ਨਹੀਂ
ਸਮੇਂ ਦੇ ਬੀਤਣ ਦੇ ਨਾਲ-ਨਾਲ, ਮੈਂ ਆਪਣੇ ਪਤੀ ਤੇ ਮਸੀਹੀ ਭੈਣਾਂ-ਭਰਾਵਾਂ ਦੇ ਪਿਆਰ ਨਾਲ ਠੀਕ ਮਹਿਸੂਸ ਕਰਨ ਲੱਗ ਪਈ। ਇਕ ਭੈਣ ਖਾਣਾ ਤਿਆਰ ਕਰ ਕੇ ਸਾਡੇ ਲਈ ਲੈ ਆਈ। ਕਲੀਸਿਯਾ ਦਾ ਇਕ ਬਜ਼ੁਰਗ ਅਤੇ ਉਸ ਦੀ ਪਤਨੀ ਫੁੱਲ ਅਤੇ ਸੋਗ-ਪੱਤਰ ਲੈ ਕੇ ਸਾਡੇ ਘਰ ਆਏ ਅਤੇ ਉਹ ਸਾਰੀ ਸ਼ਾਮ ਸਾਡੇ ਨਾਲ ਰਹੇ। ਅਸੀਂ ਜਾਣਦੇ ਸੀ ਕਿ ਉਹ ਬੜੇ ਬਿਜ਼ੀ ਲੋਕ ਸਨ ਅਤੇ ਉਨ੍ਹਾਂ ਨੇ ਸਾਡੇ ਲਈ ਜੋ ਸਮਾਂ ਕੱਢਿਆ ਉਸ ਕਰਕੇ ਉਨ੍ਹਾਂ ਨੇ ਸਾਡਾ ਦਿਲ ਜਿੱਤਿਆ। ਹੋਰ ਵੀ ਕਈਆਂ ਦੋਸਤ-ਮਿੱਤਰਾਂ ਨੇ ਫੁੱਲ ਅਤੇ ਸੋਗ-ਪੱਤਰ ਭੇਜੇ। ਸਾਧਾਰਣ ਜਿਹੇ ਸ਼ਬਦਾਂ ਨੇ ਸਾਨੂੰ ਬੜੀ ਤਸੱਲੀ ਦਿੱਤੀ ਕਿ “ਅਸੀਂ ਤੁਹਾਡੇ ਬਾਰੇ ਸੋਚ ਰਹੇ ਹਾਂ!” ਕਲੀਸਿਯਾ ਤੋਂ ਇਕ ਭੈਣ ਨੇ ਲਿਖਿਆ: “ਅਸੀਂ ਜੀਵਨ ਨੂੰ ਯਹੋਵਾਹ ਵਾਂਗ ਬਹੁਤ ਹੀ ਬਹੁਮੁੱਲੀ ਸਮਝਦੇ ਹਾਂ। ਜੇ ਉਹ ਇਕ ਛੋਟੀ ਜਿਹੀ ਚਿੜੀ ਬਾਰੇ ਜਾਣਦਾ ਹੈ ਜਦੋਂ ਉਹ ਜ਼ਮੀਨ ਉੱਤੇ ਗਿਰਦੀ ਹੈ ਤਾਂ ਉਹ ਯਕੀਨਨ ਕਿਸੇ ਮਾਨਵੀ ਅਣਜੰਮੇ ਬੱਚੇ ਦੇ ਗਿਰਨ ਬਾਰੇ ਵੀ ਜਾਣਦਾ ਹੈ।” ਮੇਰੀ ਭਰਜਾਈ ਨੇ ਲਿਖਿਆ: “ਅਸੀਂ ਜਨਮ ਅਤੇ ਜੀਵਨ ਦੇ ਕ੍ਰਿਸ਼ਮਿਆਂ ਤੋਂ ਹੈਰਾਨ ਰਹਿੰਦੇ ਹਾਂ, ਅਤੇ ਜਦੋਂ ਕ੍ਰਿਸ਼ਮਾ ਪੂਰਾ ਨਹੀਂ ਹੁੰਦਾ ਤਾਂ ਅਸੀਂ ਫਿਰ ਵੀ ਹੈਰਾਨ ਰਹਿ ਜਾਂਦੇ ਹਾਂ।”
ਕੁਝ ਹਫ਼ਤੇ ਬਾਅਦ ਜਦ ਮੈਂ ਕਿੰਗਡਮ ਹਾਲ ਤੇ ਸੀ ਤਾਂ ਮੇਰਾ ਰੋਣਾ ਨਿਕਲ ਰਿਹਾ ਸੀ ਜਿਸ ਕਰਕੇ ਮੈਂ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਾਹਰ ਚਲੀ ਗਈ। ਦੋ ਸਹੇਲੀਆਂ ਨੇ ਮੇਰੀ ਰੋਣਹਾਕੀ ਦਸ਼ਾ ਦੇਖੀ ਅਤੇ ਉਹ ਮੇਰੇ ਨਾਲ ਬਾਹਰ ਮੋਟਰ-ਗੱਡੀ ਵਿਚ ਬੈਠ ਗਈਆਂ। ਉਨ੍ਹਾਂ ਨੇ ਮੇਰਾ ਹੱਥ ਫੜਿਆ ਅਤੇ ਹੌਲੀ-ਹੌਲੀ ਮੇਰਾ ਜੀਅ ਬਹਿਲਾਇਆ। ਕੁਝ ਹੀ ਸਮੇਂ ਬਾਅਦ ਅਸੀਂ ਤਿੰਨੇ ਵਾਪਸ ਅੰਦਰ ਗਈਆਂ। ਅਜਿਹੇ ਦੋਸਤ-ਮਿੱਤਰ ਕਿੰਨੇ ਚੰਗੇ ਹਨ ਜੋ ‘ਭਰਾ ਨਾਲੋਂ ਵੀ ਵੱਧ ਕੇ ਚਿਪਕਦੇ ਹਨ’!—ਕਹਾਉਤਾਂ 18:24.
ਇਕ ਗੱਲ ਨੇ ਮੈਨੂੰ ਹੈਰਾਨ ਕੀਤਾ। ਖ਼ਬਰ ਦੇ ਫੈਲਣ ਨਾਲ ਮੈਂ ਜਾਣਿਆ ਕਿ ਮੇਰੇ ਵਾਂਗ ਹੋਰ ਵੀ ਕਈ ਭੈਣਾਂ ਇਸ ਦੁਰਘਟਨਾ ਵਿੱਚੋਂ ਲੰਘ ਚੁੱਕੀਆਂ ਹਨ। ਜਿਨ੍ਹਾਂ ਭੈਣਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਵੀ ਨਹੀਂ ਸੀ, ਉਨ੍ਹਾਂ ਨੇ ਵੀ ਮੈਨੂੰ ਦਿਲਾਸਾ ਦਿੱਤਾ। ਮੇਰੀ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਸਹਾਰੇ ਨੇ ਮੈਨੂੰ ਬਾਈਬਲ ਦੀ ਕਹਾਵਤ ਯਾਦ ਕਰਾ ਦਿੱਤੀ ਕਿ “ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।”—ਕਹਾਉਤਾਂ 17:17.
ਪਰਮੇਸ਼ੁਰ ਦੇ ਬਚਨ ਤੋਂ ਦਿਲਾਸਾ
ਮੇਰੀ ਦੁਰਘਟਨਾ ਤੋਂ ਇਕ ਹਫ਼ਤੇ ਬਾਅਦ ਮਸੀਹ ਦੀ ਮੌਤ ਦਾ ਸਮਾਰਕ ਸੀ। ਇਕ ਸ਼ਾਮ ਜਦੋਂ ਅਸੀਂ ਯਿਸੂ ਦੇ ਆਖ਼ਰੀ ਦਿਨਾਂ ਬਾਰੇ ਬਾਈਬਲ ਵਿੱਚੋਂ ਕੁਝ ਆਇਤਾਂ ਪੜ੍ਹ ਰਹੇ ਸਨ, ਮੈਨੂੰ ਅਚਾਨਕ ਹੀ ਇਕ ਖ਼ਿਆਲ ਆਇਆ: ‘ਯਹੋਵਾਹ ਮੇਰਾ ਦਰਦ ਜਾਣਦਾ ਹੈ। ਉਸ ਦੇ ਪੁੱਤਰ ਦੀ ਵੀ ਮੌਤ ਹੋਈ ਸੀ!’ ਮੈਂ ਕਦੀ-ਕਦੀ ਇਹ ਗੱਲ ਭੁੱਲ ਜਾਂਦੀ ਹਾਂ ਕਿ ਯਹੋਵਾਹ ਸਾਡਾ ਸਵਰਗੀ ਪਿਤਾ ਹੋਣ ਦੇ ਨਾਤੇ ਕਿੰਨਾ ਹਮਦਰਦੀ ਹੈ ਅਤੇ ਚਾਹੇ ਅਸੀਂ ਆਦਮੀ ਹੋਈਏ ਜਾਂ ਔਰਤ, ਉਹ ਸਾਡੀ ਕਿੰਨੀ ਪਰਵਾਹ ਕਰਦਾ ਹੈ। ਉਸੇ ਘੜੀ ਮੈਂ ਇਕਦਮ ਬੜਾ ਚੈਨ ਮਹਿਸੂਸ ਕੀਤਾ। ਮੈਂ ਅੱਗੇ ਕਦੇ ਯਹੋਵਾਹ ਦੇ ਇੰਨਾ ਨਜ਼ਦੀਕ ਨਹੀਂ ਮਹਿਸੂਸ ਕੀਤਾ ਸੀ।
ਮੈਨੂੰ ਬਾਈਬਲ ਬਾਰੇ ਹੋਰ ਕਿਤਾਬਾਂ ਪੜ੍ਹ ਕੇ ਵੀ ਬੜਾ ਦਿਲਾਸਾ ਮਿਲਿਆ, ਖ਼ਾਸ ਕਰਕੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੇ ਉਹ ਪੁਰਾਣੇ ਰਸਾਲੇ ਜਿਨ੍ਹਾਂ ਵਿਚ ਕਿਸੇ ਅਜ਼ੀਜ਼ ਦੀ ਮੌਤ ਬਾਰੇ ਗੱਲ ਕੀਤੀ ਹੋਈ ਸੀ। ਮਿਸਾਲ ਵਜੋਂ, ਅੰਗ੍ਰੇਜ਼ੀ ਦੇ 8 ਅਗਸਤ 1987 ਦੇ ਜਾਗਰੂਕ ਬਣੋ! ਰਸਾਲੇ ਦੇ ਲੇਖ “ਬੱਚੇ ਦੀ ਮੌਤ ਦਾ ਸਾਮ੍ਹਣਾ ਕਰਨਾ” ਬਹੁਤ ਹੀ ਚੰਗੇ ਸਨ ਅਤੇ ਮੌਤ ਦਾ ਗਮ ਕਿੱਦਾਂ ਸਹੀਏ? ਨਾਮਕ ਬ੍ਰੋਸ਼ਰ ਵੀ ਵਧੀਆ ਸੀ।b
ਸੋਗ ਦਾ ਅੰਤ
ਸਮੇਂ ਦੇ ਬੀਤਣ ਨਾਲ ਮੈਨੂੰ ਅਹਿਸਾਸ ਹੋਣ ਲੱਗਾ ਕਿ ਮੈਂ ਠੀਕ ਹੋ ਰਹੀ ਹਾਂ ਕਿਉਂਕਿ ਮੈਂ ਹੱਸਣ ਤੋਂ ਸ਼ਰਮਾਉਂਦੀ ਨਹੀਂ ਸੀ ਅਤੇ ਮੈਂ ਆਪਣੀ ਦੁਰਘਟਨਾ ਦੀ ਗੱਲ ਕਰਨ ਤੋਂ ਬਿਨਾਂ ਦੂਸਰਿਆਂ ਨਾਲ ਆਮ ਕੰਮਾਂ-ਕਾਰਾਂ ਬਾਰੇ ਵਾਰਤਾਲਾਪ ਕਰ ਸਕਦੀ ਸੀ। ਫਿਰ ਵੀ ਕਈ ਵਾਰ ਮੇਰਾ ਜੀਅ ਭਰ ਆਉਂਦਾ ਸੀ ਖ਼ਾਸ ਕਰਕੇ ਉਨ੍ਹਾਂ ਸਮਿਆਂ ਤੇ ਜਦੋਂ ਮੈਂ ਕਿਸੇ ਅਜਿਹੇ ਦੋਸਤ-ਮਿੱਤਰ ਨੂੰ ਮਿਲਦੀ ਜਿਸ ਨੇ ਅਜੇ ਸੁਣਿਆ ਨਹੀਂ ਸੀ ਕਿ ਮੇਰਾ ਬੱਚਾ ਗਿਰ ਗਿਆ ਸੀ ਜਾਂ ਜਦੋਂ ਸਾਡੇ ਕਿੰਗਡਮ ਹਾਲ ਵਿਚ ਇਕ ਟੱਬਰ ਨਵੇਂ ਜੰਮੇ ਬੱਚੇ ਨਾਲ ਆਉਂਦਾ ਸੀ।
ਫਿਰ ਇਕ ਦਿਨ ਜਦ ਮੈਂ ਸੁੱਤੀ ਉੱਠੀ ਤਾਂ ਮੈਨੂੰ ਲੱਗਾ ਕਿ ਆਖ਼ਰਕਾਰ ਮੇਰੀ ਛਾਈ ਹੋਈ ਉਦਾਸੀ ਉੱਤਰ ਗਈ ਹੈ। ਮੇਰੀ ਅੱਖ ਖੁੱਲ੍ਹਣ ਤੋਂ ਪਹਿਲਾਂ ਹੀ ਮੈਂ ਤੰਦਰੁਸਤ ਮਹਿਸੂਸ ਕੀਤਾ। ਮੇਰੇ ਉੱਤੇ ਅਜਿਹੀ ਸ਼ਾਂਤੀ ਸੀ ਜੋ ਮੈਂ ਕਈਆਂ ਮਹੀਨਿਆਂ ਤੋਂ ਨਹੀਂ ਮਹਿਸੂਸ ਕਰ ਸਕੀ ਸੀ। ਫਿਰ ਵੀ ਇਕ ਸਾਲ ਬਾਅਦ ਜਦ ਮੈਂ ਫਿਰ ਤੋਂ ਗਰਭਵਤੀ ਹੋਈ ਤਾਂ ਮੇਰੀਆਂ ਸੋਚਾਂ ਦੁਬਾਰਾ ਉਸ ਦੁਰਘਟਨਾ ਦੀ ਸੰਭਾਵਨਾ ਵੱਲ ਦੌੜਨ ਲੱਗੀਆਂ। ਸੁਖ ਨਾਲ ਪਿਛਲੇ ਸਾਲ ਦੇ ਅਕਤੂਬਰ ਵਿਚ ਸਾਡੇ ਘਰ ਇਕ ਤੰਦਰੁਸਤ ਕਾਕਾ ਪੈਦਾ ਹੋਇਆ।
ਮੇਰਾ ਦਿਲ ਅਜੇ ਵੀ ਆਪਣੇ ਅਣਜੰਮੇ ਬੱਚੇ ਨੂੰ ਯਾਦ ਕਰਕੇ ਦੁਖੀ ਹੁੰਦਾ ਹੈ। ਪਰ ਇਸ ਸਾਰੀ ਦੁਰਘਟਨਾ ਨੇ ਜੀਵਨ ਲਈ, ਆਪਣੇ ਟੱਬਰ ਲਈ, ਆਪਣੇ ਮਸੀਹੀ ਭੈਣਾਂ-ਭਰਾਵਾਂ ਲਈ, ਅਤੇ ਦਿਲਾਸਾ ਦੇਣ ਵਾਲੇ ਸਾਡੇ ਪਰਮੇਸ਼ੁਰ ਲਈ ਮੇਰੀ ਕਦਰ ਵਧਾਈ। ਇਸ ਘਟਨਾ ਤੋਂ ਮੈਨੂੰ ਪਤਾ ਲੱਗਾ ਕਿ ਇਹ ਗੱਲ ਕਿੰਨੀ ਸੱਚ ਹੈ ਕਿ ਪਰਮੇਸ਼ੁਰ ਸਾਡੇ ਬੱਚੇ ਲੈ ਨਹੀਂ ਜਾਂਦਾ ਪਰ “ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।”—ਉਪਦੇਸ਼ਕ 9:11, ਪਵਿੱਤਰ ਬਾਈਬਲ ਨਵਾਂ ਅਨੁਵਾਦ।
ਮੈਂ ਉਸ ਸਮੇਂ ਦੀ ਕਿੰਨੀ ਉਡੀਕ ਕਰਦੀ ਹਾਂ ਜਦੋਂ ਪਰਮੇਸ਼ੁਰ ਸਾਰਾ ਸੋਗ, ਕੁਰਲਾਉਣਾ, ਅਤੇ ਦੁੱਖ ਦੂਰ ਕਰੇਗਾ ਅਤੇ ਨਾਲੋਂ-ਨਾਲ ਉਹ ਸਰੀਰਕ ਅਤੇ ਮਾਨਸਿਕ ਤਕਲੀਫ਼ ਵੀ ਦੂਰ ਕਰੇਗਾ ਜੋ ਬੱਚੇ ਦੇ ਗਿਰਨ ਤੋਂ ਆਉਂਦੀ ਹੈ! (ਯਸਾਯਾਹ 65:17-23) ਉਸ ਸਮੇਂ ਸਾਰੇ ਆਗਿਆਕਾਰ ਲੋਕ ਕਹਿ ਸਕਣਗੇ: “ਹੇ ਮੌਤ, ਤੇਰੀ ਫਤਹ ਕਿੱਥੇ ਹੈ? ਹੇ ਮੌਤ, ਤੇਰਾ ਡੰਗ ਕਿੱਥੇ ਹੈ?”—1 ਕੁਰਿੰਥੀਆਂ 15:55; ਯਸਾਯਾਹ 25:8—ਭੇਜਿਆ ਗਿਆ ਲੇਖ।
[ਫੁਟਨੋਟ]
a ਰਿਸਰਚ ਤੋਂ ਪਤਾ ਚਲਿਆ ਹੈ ਕਿ ਬੱਚੇ ਦੇ ਗਿਰਨ ਦਾ ਪ੍ਰਭਾਵ ਹਰ ਔਰਤ ਤੇ ਇੱਕੋ ਤਰ੍ਹਾਂ ਦਾ ਨਹੀਂ ਹੁੰਦਾ। ਕੁਝ ਔਰਤਾਂ ਝਮੇਲੇ ਵਿਚ ਪੈ ਜਾਂਦੀਆਂ ਹਨ, ਕੁਝ ਨਿਰਾਸ਼ ਹੁੰਦੀਆਂ ਹਨ ਅਤੇ ਕੁਝ ਬਹੁਤ ਹੀ ਉਦਾਸ ਹੋ ਜਾਂਦੀਆਂ ਹਨ। ਬੱਚੇ ਦੇ ਗਿਰਨ ਵਰਗੀ ਕਿਸੇ ਵੀ ਦੁਰਘਟਨਾ ਤੋਂ ਬਾਅਦ ਸੋਗ ਕਰਨਾ ਕੁਦਰਤੀ ਹੈ ਅਤੇ ਰਿਸਰਚ ਕਰਨ ਵਾਲਿਆਂ ਦੇ ਅਨੁਸਾਰ ਇਸ ਨਾਲ ਔਰਤ ਠੀਕ ਹੋਣਾ ਸ਼ੁਰੂ ਕਰਦੀ ਹੈ।
b ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ।
[ਸਫ਼ਾ 21 ਉੱਤੇ ਡੱਬੀ]
ਬੱਚਾ ਗਿਰਨ ਦੇ ਕਾਰਨ
ਦ ਵਰਲਡ ਬੁੱਕ ਐਨਸਾਈਕਲੋਪੀਡਿਆ ਵਿਚ ਲਿਖਿਆ ਹੈ: “ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਜਿਹੜੀਆਂ ਔਰਤਾਂ ਗਰਭਵਤੀ ਹੁੰਦੀਆਂ ਹਨ, ਉਨ੍ਹਾਂ ਵਿੱਚੋਂ 15 ਤੋਂ 20 ਫੀ ਸਦੀ ਦਾ ਗਰਭ ਸਫ਼ਲ ਨਹੀਂ ਹੁੰਦਾ। ਪਰ ਬੱਚਾ ਗਿਰਨ ਦਾ ਸਭ ਤੋਂ ਵੱਡਾ ਖ਼ਤਰਾ ਗਰਭ ਕਾਲ ਦੇ ਪਹਿਲੇ ਦੋ ਹਫ਼ਤਿਆਂ ਵਿਚ ਹੈ ਅਤੇ ਇਸ ਸਮੇਂ ਵਿਚ ਆਮ ਤੌਰ ਤੇ ਔਰਤ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹ ਗਰਭਵਤੀ ਹੈ।” ਇਕ ਹੋਰ ਕਿਤਾਬ ਵਿਚ ਲਿਖਿਆ ਹੈ ਕਿ “80 ਫੀ ਸਦੀ ਗਰਭਪਾਤ ਗਰਭ ਕਾਲ ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਹੁੰਦੇ ਹਨ।” ਇਹ ਸਮਝਿਆ ਜਾਂਦਾ ਹੈ ਕਿ ਇਨ੍ਹਾਂ ਵਿੱਚੋਂ ਅੱਧਿਆਂ ਦਾ ਕਾਰਨ ਅਣਜੰਮੇ ਬੱਚੇ ਦੇ ਕ੍ਰੋਮੋਸੋਮਜ਼, ਯਾਨੀ ਸੈੱਲਾਂ ਦੇ ਅੰਦਰ ਖ਼ਰਾਬੀ ਹੋਣ ਕਰਕੇ ਹੈ। ਇਹ ਖ਼ਰਾਬੀਆਂ ਮਾਤਾ-ਪਿਤਾ ਦੇ ਕ੍ਰੋਮੋਸੋਮਜ਼ ਦੀਆਂ ਖ਼ਰਾਬੀਆਂ ਦੇ ਨਤੀਜੇ ਕਰਕੇ ਨਹੀਂ ਹਨ।
ਮਾਂ ਦੀ ਸਿਹਤ ਕਾਰਨ ਵੀ ਗਰਭਪਾਤ ਹੋ ਸਕਦੇ ਹਨ। ਡਾਕਟਰੀ ਅਧਿਕਾਰੀਆਂ ਅਨੁਸਾਰ ਬੀਮਾਰੀ ਤੋਂ ਬਚਣ ਵਿਚ ਸਰੀਰ ਦੀ ਸਮਰਥਾ ਅਤੇ ਹਾਰਮੋਨ ਵਿਚ ਨੁਕਸ, ਇਨਫੇਕਸ਼ਨ, ਅਤੇ ਮਾਂ ਦੀ ਬੱਚੇਦਾਨੀ ਜਾਂ ਬੱਚੇਦਾਨੀ ਦੀ ਧੌਣ ਵਿਚ ਵਿਗਾੜ ਕਾਰਨ ਬੱਚਾ ਗਿਰ ਸਕਦਾ ਹੈ। ਸ਼ੂਗਰ ਦੀ ਬੀਮਾਰੀ, ਖ਼ਾਸ ਕਰਕੇ ਜੇ ਇਸ ਦਾ ਕੰਟ੍ਰੋਲ ਨਾ ਕੀਤਾ ਗਿਆ ਹੋਵੇ, ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ਵੀ ਇਸ ਦਾ ਕਾਰਨ ਹੋ ਸਕਦੀਆਂ ਹਨ।
ਡਾਕਟਰੀ ਮਾਹਰਾਂ ਦੇ ਅਨੁਸਾਰ ਕਸਰਤ ਕਰਨ ਨਾਲ ਗਰਭਪਾਤ ਨਹੀਂ ਹੁੰਦੇ ਅਤੇ ਨਾ ਹੀ ਭਾਰੀਆਂ ਚੀਜ਼ਾਂ ਚੁੱਕਣ ਨਾਲ, ਜਾਂ ਜਿਨਸੀ ਸੰਬੰਧ ਰੱਖਣ ਨਾਲ ਹੁੰਦੇ ਹਨ। ਡਿਗਣ, ਸੱਟ ਲੱਗਣ, ਜਾਂ ਅਚਾਨਕ ਡਰਨ ਨਾਲ ਗਰਭਪਾਤ ਦਾ ਹੋਣਾ ਅਸੰਭਾਵੀ ਹੈ। ਇਕ ਕਿਤਾਬ ਵਿਚ ਲਿਖਿਆ ਹੈ: “ਜਿਸ ਚੋਟ ਤੋਂ ਤੁਹਾਡੀ ਜਾਨ ਨੂੰ ਖ਼ਤਰਾ ਨਹੀਂ ਹੈ ਤਾਂ ਸੰਭਵ ਨਹੀਂ ਕਿ ਇਹ ਤੁਹਾਡੇ ਅਣਜੰਮੇ ਬੱਚੇ ਦਾ ਕੁਝ ਵਿਗਾੜ ਸਕਦੀ ਹੈ।” ਬੱਚੇਦਾਨੀ ਦੀ ਸ਼ਾਨਦਾਰ ਬਣਾਵਟ ਸਾਡੇ ਬੁੱਧੀਮਾਨ ਕਰਤਾਰ ਬਾਰੇ ਦੱਸਦੀ ਹੈ ਕਿ ਉਹ ਸਾਡੇ ਨਾਲ ਕਿੰਨਾ ਪਿਆਰ ਕਰਦਾ ਹੈ!—ਜ਼ਬੂਰ 139:13, 14.
[ਸਫ਼ਾ 23 ਉੱਤੇ ਡੱਬੀ/ਤਸਵੀਰ]
ਸਾਕ-ਸੰਬੰਧੀ ਕਿਸ ਤਰ੍ਹਾਂ ਮਦਦ ਕਰ ਸਕਦੇ ਹਨ
ਜਦੋਂ ਸਾਡੇ ਕਿਸੇ ਸਾਕ-ਸੰਬੰਧੀ ਦਾ ਬੱਚਾ ਗਿਰ ਜਾਂਦਾ ਹੈ ਤਾਂ ਕਈ ਵਾਰ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਉਸ ਦੀ ਮਦਦ ਕਰਨ ਲਈ ਕੀ ਕਰੀਏ ਜਾਂ ਕਹੀਏ। ਇਸ ਦੁਰਘਟਨਾ ਦਾ ਹਰ ਕਿਸੇ ਤੇ ਇੱਕੋ ਜਿਹਾ ਅਸਰ ਨਹੀਂ ਹੁੰਦਾ, ਇਸ ਲਈ ਉਸ ਨੂੰ ਦਿਲਾਸਾ ਦੇਣ ਲਈ ਕੋਈ ਅਸੂਲ ਨਹੀਂ ਲਿਖਿਆ ਹੋਇਆ। ਪਰ ਹੇਠਾਂ ਕੁਝ ਸੁਝਾਅ ਦਿੱਤੇ ਗਏ ਹਨ ਜਿਨ੍ਹਾਂ ਉੱਤੇ ਤੁਸੀਂ ਗੌਰ ਕਰ ਸਕਦੇ ਹੋ।c
ਮਦਦ ਕਰਨ ਲਈ ਜੋ ਚੀਜ਼ਾਂ ਤੁਸੀਂ ਕਰ ਸਕਦੇ ਹੋ:
◆ ਕਹੋ ਕਿ ਤੁਸੀਂ ਕੁਝ ਸਮੇਂ ਲਈ ਉਨ੍ਹਾਂ ਦੇ ਬੱਚਿਆਂ ਦੀ ਦੇਖ-ਭਾਲ ਕਰ ਸਕਦੇ ਹੋ।
◆ ਖਾਣਾ ਤਿਆਰ ਕਰ ਕੇ ਉਨ੍ਹਾਂ ਦੇ ਘਰ ਪਹੁੰਚਾਓ।
◆ ਪਿਤਾ ਬਾਰੇ ਨਾ ਭੁੱਲੋ। ਇਕ ਪਿਤਾ ਨੇ ਕਿਹਾ: “ਇਸ ਦੁਰਘਟਨਾ ਲਈ ਪਿਤਾਵਾਂ ਵਾਸਤੇ ਸੋਗ-ਪੱਤਰ ਨਹੀਂ ਬਣਾਏ ਜਾਂਦੇ।”
ਮਦਦ ਕਰਨ ਲਈ ਜੋ ਗੱਲਾਂ ਤੁਸੀਂ ਕਹਿ ਸਕਦੇ ਹੋ:
◆ “ਤੁਹਾਡੇ ਬੱਚੇ ਬਾਰੇ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ।”
ਇਹ ਸਾਧਾਰਣ ਜਿਹੇ ਲਫ਼ਜ਼ ਮਾਮੂਲੀ ਨਹੀਂ ਹਨ ਅਤੇ ਇਨ੍ਹਾਂ ਦੇ ਨਾਲ ਤੁਸੀਂ ਦਿਲਾਸਾ ਦੇਣਾ ਸ਼ੁਰੂ ਕਰ ਸਕਦੇ ਹੋ।
◆ “ਰੋਣ ਵਿਚ ਕੋਈ ਹਰਜ਼ ਨਹੀਂ ਹੈ।”
ਬੱਚਾ ਗਿਰਨ ਤੋਂ ਕੁਝ ਹਫ਼ਤੇ ਜਾਂ ਮਹੀਨੇ ਬਾਅਦ ਵੀ ਔਰਤ ਰੋਣਹਾਕੀ ਹੁੰਦੀ ਹੈ। ਉਸ ਨੂੰ ਯਕੀਨ ਦਿਲਾਓ ਕਿ ਰੋਣ ਵਿਚ ਕੁਝ ਗ਼ਲਤ ਨਹੀਂ।
◆ “ਅਸੀਂ ਅਗਲੇ ਹਫ਼ਤੇ ਟੈਲੀਫ਼ੋਨ ਕਰ ਕੇ ਫਿਰ ਤੋਂ ਤੁਹਾਡਾ ਹਾਲ-ਚਾਲ ਪੁੱਛਾਂਗੇ?”
ਪਹਿਲਾਂ-ਪਹਿਲਾਂ ਤਾਂ ਸਾਰੇ ਕਾਫ਼ੀ ਹਮਦਰਦ ਹੁੰਦੇ ਹਨ, ਪਰ ਸਮੇਂ ਦੇ ਬੀਤਣ ਨਾਲ ਔਰਤ ਦਾ ਦਿਲ ਅਜੇ ਵੀ ਦੁਖਦਾ ਹੁੰਦਾ ਹੈ ਪਰ ਉਸ ਨੂੰ ਸ਼ਾਇਦ ਲੱਗੇ ਕਿ ਸਭ ਉਸ ਦੇ ਦੁੱਖ ਨੂੰ ਭੁੱਲ ਗਏ ਹਨ। ਉਸ ਨੂੰ ਇਹ ਜਾਣ ਕੇ ਤਸੱਲੀ ਮਿਲੇਗੀ ਕਿ ਤੁਸੀਂ ਅਗਾਹਾਂ ਵੀ ਉਸ ਦੀ ਸਹਾਇਤਾ ਕਰਨ ਲਈ ਤਿਆਰ ਹੋ। ਕਈਆਂ ਹਫ਼ਤਿਆਂ ਜਾਂ ਮਹੀਨਿਆਂ ਬਾਅਦ ਵੀ ਔਰਤ ਰੋਣਹਾਕੀ ਰਹਿੰਦੀ ਹੈ। ਅਗਲਾ ਬੱਚਾ ਹੋਣ ਤੋਂ ਬਾਅਦ ਵੀ ਔਰਤ ਸ਼ਾਇਦ ਦੁੱਖ ਮਹਿਸੂਸ ਕਰੇ।
◆ “ਮੈਨੂੰ ਨਹੀਂ ਪਤਾ ਕਿ ਮੈਂ ਕੀ ਕਹਾਂ।”
ਇਹ ਕਹਿਣਾ ਕਦੀ-ਕਦੀ ਕੁਝ ਨਾ ਕਹਿਣ ਤੋਂ ਬਿਹਤਰ ਹੈ। ਇਹ ਸੱਚਾਈ ਕਹਿਣ ਅਤੇ ਉਨ੍ਹਾਂ ਦਾ ਸਾਥ ਦੇਣ ਨਾਲ ਤੁਸੀਂ ਆਪਣੀ ਚਿੰਤਾ ਜ਼ਾਹਰ ਕਰਦੇ ਹੋ।
ਤੁਹਾਨੂੰ ਕੀ ਨਹੀਂ ਕਹਿਣਾ ਚਾਹੀਦਾ:
◆ “ਚਲੋ, ਤੁਹਾਡੇ ਘਰ ਹੋਰ ਬੱਚਾ ਹੋ ਜਾਵੇਗਾ।”
ਭਾਵੇਂ ਇਹ ਗੱਲ ਸੱਚ ਵੀ ਹੋਵੇ ਪਰ ਉਨ੍ਹਾਂ ਨੂੰ ਸ਼ਾਇਦ ਇਸ ਤਰ੍ਹਾਂ ਲੱਗੇ ਕਿ ਤੁਸੀਂ ਹਮਦਰਦ ਨਹੀਂ ਹੋ। ਮਾਪੇ ਇਸ ਬੱਚੇ ਨੂੰ ਚਾਹੁੰਦੇ ਸਨ, ਕਿਸੇ ਹੋਰ ਨੂੰ ਨਹੀਂ। ਦੂਸਰੇ ਬੱਚੇ ਬਾਰੇ ਸੋਚਣ ਤੋਂ ਪਹਿਲਾਂ ਉਨ੍ਹਾਂ ਨੂੰ ਇਸ ਬੱਚੇ ਲਈ ਸੋਗ ਕਰਨ ਦੀ ਜ਼ਰੂਰਤ ਹੈ।
◆ “ਬੱਚੇ ਵਿਚ ਸ਼ਾਇਦ ਕੋਈ ਕਸਰ ਸੀ।”
ਭਾਵੇਂ ਇਹ ਇਕ ਅਸਲੀਅਤ ਹੈ, ਪਰ ਇਸ ਨੂੰ ਸੁਣ ਕੇ ਦਿਲਾਸਾ ਨਹੀਂ ਮਿਲਦਾ। ਮਾਂ ਦੇ ਮਨ ਵਿਚ ਉਸ ਦਾ ਬੱਚਾ ਬਿਲਕੁਲ ਤੰਦਰੁਸਤ ਸੀ।
◆ “ਚਲੋ, ਤੁਸੀਂ ਅਜੇ ਬੱਚੇ ਨੂੰ ਜਾਣਦੇ ਨਹੀਂ ਸੀ। ਜੇ ਬਾਅਦ ਵਿਚ ਇਸ ਤਰ੍ਹਾਂ ਹੋ ਜਾਂਦਾ ਤਾਂ ਹੋਰ ਵੀ ਮਾੜਾ ਹੋਣਾ ਸੀ।”
ਆਮ ਤੌਰ ਤੇ ਔਰਤਾਂ ਦਾ ਆਪਣੇ ਅਣਜੰਮੇ ਬੱਚੇ ਨਾਲ ਰਿਸ਼ਤਾ ਛੇਤੀ ਸ਼ੁਰੂ ਹੋ ਜਾਂਦਾ ਹੈ। ਤਾਂ ਫਿਰ ਜੇ ਉਸ ਬੱਚੇ ਦੀ ਮੌਤ ਹੋ ਜਾਵੇ ਤਾਂ ਉਸ ਦਾ ਦੁੱਖ ਹੁੰਦਾ ਹੈ। ਇਹ ਦੁੱਖ ਹੋਰ ਵੀ ਵੱਡਾ ਹੁੰਦਾ ਹੈ ਕਿਉਂਕਿ ਹੋਰ ਕੋਈ ਇਸ ਬੱਚੇ ਨੂੰ ਮਾਂ ਵਾਂਗ ਜਾਣਦਾ ਨਹੀਂ ਸੀ।
◆ “ਚਲੋ, ਤੁਹਾਡੇ ਹੋਰ ਬੱਚੇ ਵੀ ਹਨ।”
ਦੁਖੀ ਮਾਪਿਆਂ ਲਈ ਇਹ ਇਸ ਤਰ੍ਹਾਂ ਹੈ ਜਿਵੇਂ ਕੋਈ ਕਿਸੇ ਬੰਦੇ ਨੂੰ ਉਸ ਦੇ ਕਿਸੇ ਅੰਗ ਕੱਟੇ ਜਾਣ ਤੋਂ ਬਾਅਦ ਕਹੇ: “ਚਲੋ, ਤੁਹਾਡੇ ਹੋਰ ਅੰਗ ਤਾਂ ਅਜੇ ਰਾਜ਼ੀ ਹਨ।”
ਦਰਅਸਲ ਸਾਨੂੰ ਇਹ ਗੱਲ ਵੀ ਪਛਾਣਨੀ ਚਾਹੀਦੀ ਹੈ ਕਿ ਸਭ ਤੋਂ ਹਮਦਰਦ ਇਨਸਾਨ ਵੀ ਕਦੇ-ਕਦੇ ਗ਼ਲਤ ਗੱਲ ਕਹਿ ਬੈਠਦਾ ਹੈ। (ਯਾਕੂਬ 3:2) ਇਸ ਕਰਕੇ ਬੱਚਾ ਗਿਰਨ ਦੀ ਦੁਰਘਟਨਾ ਸਹਿਣ ਵਾਲੀਆਂ ਸਿਆਣੀਆਂ ਔਰਤਾਂ ਨੂੰ ਬੁਰਾ ਨਹੀਂ ਮਨਾਉਣਾ ਚਾਹੀਦਾ ਜੇ ਕੋਈ ਉਨ੍ਹਾਂ ਨੂੰ ਕੁਝ ਦਿਲ ਦੁਖਾਉਣ ਵਾਲੀ ਗੱਲ ਗ਼ਲਤੀ ਨਾਲ ਕਹਿ ਦਿੰਦਾ ਹੈ।—ਕੁਲੁੱਸੀਆਂ 3:13.
[ਫੁਟਨੋਟ]
c ਇਹ ਸੁਝਾਅ ਵੈਲਿੰਗਟਨ, ਨਿਉਜ਼ੀਲੈਂਡ ਦੇ ਇਕ ਸਮੂਹ ਦੁਆਰਾ ਤਿਆਰ ਕੀਤੀ ਗਈ ਗਰਭਪਾਤ ਦਾ ਸਫ਼ਲਤਾ ਨਾਲ ਸਾਮ੍ਹਣਾ ਕਰਨ ਲਈ ਅਗਵਾਈ ਨਾਮਕ ਅੰਗ੍ਰੇਜ਼ੀ ਦੀ ਕਿਤਾਬ ਤੋਂ ਢਾਲੇ ਗਏ ਹਨ।