ਅਧਿਆਇ 65
ਯਰੂਸ਼ਲਮ ਨੂੰ ਇਕ ਗੁਪਤ ਸਫਰ
ਹੁਣ 32 ਸਾ.ਯੁ. ਦੀ ਪਤਝੜ ਰੁੱਤ ਹੈ, ਅਤੇ ਡੇਰਿਆਂ ਦਾ ਪਰਬ ਨੇੜੇ ਹੈ। ਯਿਸੂ ਨੇ 31 ਸਾ.ਯੁ. ਦੇ ਪਸਾਹ ਦੇ ਸਮੇਂ ਤੋਂ, ਜਦੋਂ ਯਹੂਦੀਆਂ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਆਪਣੇ ਕਾਰਜਾਂ ਨੂੰ ਜ਼ਿਆਦਾਤਰ ਗਲੀਲ ਤਕ ਹੀ ਸੀਮਿਤ ਰੱਖਿਆ ਹੈ। ਸੰਭਵ ਹੈ, ਉਦੋਂ ਤੋਂ ਯਿਸੂ ਨੇ ਸਿਰਫ਼ ਯਹੂਦੀਆਂ ਦੇ ਤਿੰਨ ਸਾਲਾਨਾ ਪਰਬਾਂ ਵਿਚ ਹਾਜ਼ਰ ਹੋਣ ਲਈ ਹੀ ਯਰੂਸ਼ਲਮ ਦੀ ਯਾਤਰਾ ਕੀਤੀ ਹੈ।
ਹੁਣ ਯਿਸੂ ਦੇ ਭਰਾ ਉਸ ਨੂੰ ਅਨੁਰੋਧ ਕਰਦੇ ਹਨ: “ਐਥੋਂ ਤੁਰ ਕੇ ਯਹੂਦਿਯਾ ਵਿੱਚ ਜਾਹ।” ਯਰੂਸ਼ਲਮ ਯਹੂਦਿਯਾ ਦਾ ਪ੍ਰਮੁੱਖ ਨਗਰ ਹੈ ਅਤੇ ਸਾਰੇ ਦੇਸ਼ ਦਾ ਧਾਰਮਿਕ ਕੇਂਦਰ ਹੈ। ਉਸ ਦੇ ਭਰਾ ਤਰਕ ਕਰਦੇ ਹਨ: “ਕੋਈ ਗੁਪਤ ਵਿੱਚ ਕੁਝ ਨਹੀਂ ਕਰਦਾ ਹੈ ਜੇ ਉਹ ਉੱਘਾ ਹੋਣਾ ਚਾਹੁੰਦਾ ਹੋਵੇ।”
ਭਾਵੇਂ ਕਿ ਯਾਕੂਬ, ਸ਼ਮਊਨ, ਯੂਸੁਫ਼, ਅਤੇ ਯਹੂਦਾ ਵਿਸ਼ਵਾਸ ਨਹੀਂ ਕਰਦੇ ਕਿ ਉਨ੍ਹਾਂ ਦਾ ਵੱਡਾ ਭਰਾ, ਯਿਸੂ ਸੱਚ-ਮੁੱਚ ਮਸੀਹਾ ਹੈ, ਉਹ ਚਾਹੁੰਦੇ ਹਨ ਕਿ ਉਹ ਪਰਬ ਵਿਚ ਇਕੱਠੇ ਹੋਏ ਸਾਰੇ ਲੋਕਾਂ ਨੂੰ ਆਪਣੀਆਂ ਚਮਤਕਾਰੀ ਸ਼ਕਤੀਆਂ ਦਿਖਾਵੇ। ਪਰੰਤੂ, ਯਿਸੂ ਖ਼ਤਰੇ ਤੋਂ ਸਚੇਤ ਹੈ। “ਜਗਤ ਤੁਹਾਡੇ ਨਾਲ ਵੈਰ ਨਹੀਂ ਕਰ ਸੱਕਦਾ,” ਯਿਸੂ ਕਹਿੰਦਾ ਹੈ, “ਪਰ ਮੇਰੇ ਨਾਲ ਵੈਰ ਕਰਦਾ ਹੈ ਕਿਉਂ ਜੋ ਮੈਂ ਉਸ ਉੱਤੇ ਸਾਖੀ ਦਿੰਦਾ ਹਾਂ ਭਈ ਉਹ ਦੇ ਕੰਮ ਬੁਰੇ ਹਨ।” ਇਸ ਲਈ ਯਿਸੂ ਆਪਣੇ ਭਰਾਵਾਂ ਨੂੰ ਕਹਿੰਦਾ ਹੈ: “ਤੁਸੀਂ ਇਸ ਤਿਉਹਾਰ ਉੱਤੇ ਜਾਓ। ਮੈਂ ਅਜੇ ਇਸ ਤਿਉਹਾਰ ਉੱਤੇ ਨਹੀਂ ਜਾਂਦਾ।”
ਡੇਰਿਆਂ ਦਾ ਪਰਬ ਸੱਤ-ਦਿਨ ਦਾ ਤਿਉਹਾਰ ਹੈ। ਅੱਠਵੇਂ ਦਿਨ ਤੇ ਇਹ ਰਸਮੀ ਕਾਰਜਾਂ ਨਾਲ ਸਮਾਪਤ ਕੀਤਾ ਜਾਂਦਾ ਹੈ। ਇਹ ਤਿਉਹਾਰ ਖੇਤੀਬਾੜੀ-ਸੰਬੰਧੀ ਵਰ੍ਹੇ ਦੀ ਸਮਾਪਤੀ ਨੂੰ ਚਿੰਨ੍ਹਿਤ ਕਰਦਾ ਹੈ ਅਤੇ ਇਹ ਵੱਡੇ ਆਨੰਦ ਅਤੇ ਧੰਨਵਾਦ ਦਾ ਸਮਾਂ ਹੁੰਦਾ ਹੈ। ਯਿਸੂ ਦੇ ਭਰਾਵਾਂ ਦਾ ਯਾਤਰੂਆਂ ਦੇ ਵੱਡੇ ਸਮੂਹ ਦੇ ਨਾਲ ਉੱਥੇ ਹਾਜ਼ਰ ਹੋਣ ਲਈ ਚੱਲੇ ਜਾਣ ਤੋਂ ਕਈ ਦਿਨਾਂ ਬਾਅਦ, ਉਹ ਅਤੇ ਉਸ ਦੇ ਚੇਲੇ ਗੁਪਤ ਰੂਪ ਵਿਚ, ਲੋਕਾਂ ਦੀਆਂ ਅੱਖਾਂ ਤੋਂ ਬਚਦੇ ਹੋਏ ਜਾਂਦੇ ਹਨ। ਯਰਦਨ ਨਦੀ ਦੇ ਲਾਗੇ ਦਾ ਰਾਹ ਲੈਣ ਦੀ ਬਜਾਇ, ਜਿਹੜਾ ਜ਼ਿਆਦਾਤਰ ਲੋਕੀ ਲੈਂਦੇ ਹਨ, ਉਹ ਸਾਮਰੀਆ ਵਿੱਚੋਂ ਜਾਣ ਵਾਲਾ ਰਾਹ ਲੈਂਦੇ ਹਨ।
ਕਿਉਂ ਜੋ ਯਿਸੂ ਅਤੇ ਉਸ ਦੀ ਟੋਲੀ ਨੂੰ ਇਕ ਸਾਮਰੀ ਪਿੰਡ ਵਿਚ ਰਿਹਾਇਸ਼ ਦੀ ਲੋੜ ਹੋਵੇਗੀ, ਉਹ ਤਿਆਰੀਆਂ ਕਰਨ ਲਈ ਸੰਦੇਸ਼ਵਾਹਕਾਂ ਨੂੰ ਆਪਣੇ ਅੱਗੇ ਭੇਜ ਦਿੰਦਾ ਹੈ। ਪਰੰਤੂ, ਇਹ ਜਾਣ ਲੈਣ ਤੋਂ ਬਾਅਦ ਕਿ ਉਹ ਯਰੂਸ਼ਲਮ ਵੱਲ ਜਾ ਰਿਹਾ ਹੈ, ਲੋਕੀ ਯਿਸੂ ਲਈ ਕੁਝ ਵੀ ਕਰਨ ਤੋਂ ਇਨਕਾਰ ਕਰ ਦਿੰਦੇ ਹਨ। ਨਾਰਾਜ਼ਗੀ ਨਾਲ, ਯਾਕੂਬ ਅਤੇ ਯੂਹੰਨਾ ਪੁੱਛਦੇ ਹਨ: “ਪ੍ਰਭੁ ਜੀ ਕੀ ਤੇਰੀ ਮਰਜ਼ੀ ਹੈ ਜੋ ਅਸੀਂ ਹੁਕਮ ਕਰੀਏ ਭਈ ਅਕਾਸ਼ੋਂ ਅੱਗ ਵਰਸੇ ਅਤੇ ਇਨ੍ਹਾਂ ਦਾ ਨਾਸ ਕਰੇ?” ਯਿਸੂ ਉਨ੍ਹਾਂ ਨੂੰ ਅਜਿਹੀ ਗੱਲ ਦਾ ਸੁਝਾਉ ਦੇਣ ਦੇ ਲਈ ਝਿੜਕਦਾ ਹੈ, ਅਤੇ ਉਹ ਕਿਸੇ ਹੋਰ ਪਿੰਡ ਵੱਲ ਸਫਰ ਕਰਦੇ ਹਨ।
ਜਿਵੇਂ ਉਹ ਰਾਹ ਤੇ ਜਾ ਰਹੇ ਹੁੰਦੇ ਹਨ, ਇਕ ਗ੍ਰੰਥੀ ਯਿਸੂ ਨੂੰ ਕਹਿੰਦਾ ਹੈ: “ਗੁਰੂ ਜੀ ਜਿੱਥੇ ਕਿਤੇ ਤੂੰ ਜਾਵੇਂ ਮੈਂ ਤੇਰੇ ਮਗਰ ਚੱਲਾਂਗਾ।”
“ਲੂੰਬੜੀਆਂ ਦੇ ਘੁਰਨੇ ਅਤੇ ਅਕਾਸ਼ ਦੇ ਪੰਛੀਆਂ ਦੇ ਆਹਲਣੇ ਹਨ,” ਯਿਸੂ ਜਵਾਬ ਦਿੰਦਾ ਹੈ, “ਪਰ ਮਨੁੱਖ ਦੇ ਪੁੱਤ੍ਰ ਦੇ ਸਿਰ ਧਰਨ ਨੂੰ ਥਾਂ ਨਹੀਂ।” ਯਿਸੂ ਸਮਝਾ ਰਿਹਾ ਹੈ ਕਿ ਇਸ ਗ੍ਰੰਥੀ ਨੂੰ ਕਠਿਨਾਈ ਦਾ ਸਾਮ੍ਹਣਾ ਕਰਨਾ ਪਵੇਗਾ ਜੇਕਰ ਉਹ ਉਸ ਦਾ ਅਨੁਯਾਈ ਬਣਦਾ ਹੈ। ਅਤੇ ਇਹ ਸੰਕੇਤ ਮਿਲਦਾ ਜਾਪਦਾ ਹੈ ਕਿ ਗ੍ਰੰਥੀ ਇਸ ਤਰ੍ਹਾਂ ਦੇ ਜੀਵਨ ਢੰਗ ਨੂੰ ਅਪਣਾਉਣ ਲਈ ਡਾਢਾ ਘਮੰਡੀ ਹੈ।
ਇਕ ਹੋਰ ਆਦਮੀ ਨੂੰ ਯਿਸੂ ਕਹਿੰਦਾ ਹੈ: “ਮੇਰੇ ਪਿੱਛੇ ਤੁਰਿ ਆ।”
“ਮੈਨੂੰ ਆਗਿਆ ਦਿਓ ਜੋ ਪਹਿਲਾਂ ਜਾ ਕੇ ਆਪਣੇ ਪਿਉ ਨੂੰ ਦੱਬਾਂ,” ਆਦਮੀ ਜਵਾਬ ਦਿੰਦਾ ਹੈ।
“ਮੁਰਦਿਆਂ ਨੂੰ ਆਪਣੇ ਮੁਰਦੇ ਦੱਬਣ ਦਿਹ,” ਯਿਸੂ ਜਵਾਬ ਦਿੰਦਾ ਹੈ, “ਪਰ ਤੂੰ ਜਾ ਕੇ ਪਰਮੇਸ਼ੁਰ ਦੇ ਰਾਜ ਦੀ ਖਬਰ ਸੁਣਾ।” ਸਪੱਸ਼ਟ ਹੈ ਕਿ ਉਸ ਆਦਮੀ ਦਾ ਪਿਤਾ ਅਜੇ ਮਰਿਆ ਨਹੀਂ ਹੈ, ਕਿਉਂਕਿ ਜੇਕਰ ਉਹ ਮਰਿਆ ਹੁੰਦਾ, ਤਾਂ ਇਹ ਅਸੰਭਾਵੀ ਹੁੰਦਾ ਕਿ ਉਸ ਦਾ ਪੁੱਤਰ ਇੱਥੇ ਬੈਠ ਕੇ ਯਿਸੂ ਨੂੰ ਸੁਣ ਰਿਹਾ ਹੁੰਦਾ। ਜਾਪਦਾ ਹੈ ਕਿ ਪੁੱਤਰ ਆਪਣੇ ਪਿਤਾ ਦੀ ਮੌਤ ਲਈ ਇੰਤਜ਼ਾਰ ਕਰਨ ਦਾ ਸਮਾਂ ਮੰਗ ਰਿਹਾ ਹੈ। ਉਹ ਪਰਮੇਸ਼ੁਰ ਦੇ ਰਾਜ ਨੂੰ ਆਪਣੇ ਜੀਵਨ ਵਿਚ ਪਹਿਲੀ ਥਾਂ ਦੇਣ ਨੂੰ ਤਿਆਰ ਨਹੀਂ ਹੈ।
ਜਿਉਂ ਹੀ ਉਹ ਯਰੂਸ਼ਲਮ ਵੱਲ ਜਾਣ ਵਾਲੇ ਰਾਹ ਤੇ ਵਧਦੇ ਹਨ, ਇਕ ਹੋਰ ਆਦਮੀ ਯਿਸੂ ਨੂੰ ਕਹਿੰਦਾ ਹੈ: “ਪ੍ਰਭੁ ਜੀ, ਮੈਂ ਤੁਹਾਡੇ ਲੜ ਲੱਗਾਂਗਾ ਪਰ ਪਹਿਲਾਂ ਮੈਨੂੰ ਆਗਿਆ ਦਿਓ ਜੋ ਆਪਣੇ ਘਰ ਦਿਆਂ ਲੋਕਾਂ ਤੋਂ ਵਿਦਿਆ ਹੋ ਆਵਾਂ।”
ਜਵਾਬ ਵਿਚ ਯਿਸੂ ਕਹਿੰਦਾ ਹੈ: “ਜੇ ਕੋਈ ਆਪਣਾ ਹੱਥ ਹਲ ਤੇ ਰੱਖ ਕੇ ਪਿਛਾਹਾਂ ਨੂੰ ਵੇਖੇ ਤਾਂ ਉਹ ਪਰਮੇਸ਼ੁਰ ਦੇ ਰਾਜ ਦੇ ਜੋਗ ਨਹੀਂ।” ਉਹ ਜੋ ਯਿਸੂ ਦੇ ਚੇਲੇ ਹੋਣਗੇ ਉਨ੍ਹਾਂ ਨੂੰ ਆਪਣੀਆਂ ਅੱਖਾਂ ਰਾਜ ਸੇਵਾ ਉੱਤੇ ਕੇਂਦ੍ਰਿਤ ਕਰਨੀਆਂ ਚਾਹੀਦੀਆਂ ਹਨ। ਠੀਕ ਜਿਵੇਂ, ਜੇਕਰ ਹਲ ਵਾਹੁਣ ਵਾਲਾ ਸਿੱਧਾ ਅੱਗੇ ਨਾ ਦੇਖਦਾ ਰਹੇ, ਤਾਂ ਸੰਭਵ ਹੈ ਕਿ ਸਿਆੜ ਵਿੰਗੀ-ਟੇਢੀ ਬਣ ਜਾਵੇਗੀ, ਉਸੇ ਤਰ੍ਹਾਂ ਹਰ ਕੋਈ ਜੋ ਇਸ ਪੁਰਾਣੀ ਰੀਤੀ-ਵਿਵਸਥਾ ਵੱਲ ਪਿੱਛੇ ਮੁੜ ਕੇ ਦੇਖਦਾ ਹੈ, ਸ਼ਾਇਦ ਸਦੀਪਕ ਜੀਵਨ ਨੂੰ ਜਾਣ ਵਾਲੇ ਰਾਹ ਤੋਂ ਠੋਕਰ ਖਾ ਜਾਵੇ। ਯੂਹੰਨਾ 7:2-10; ਲੂਕਾ 9:51-62; ਮੱਤੀ 8:19-22.
▪ ਯਿਸੂ ਦੇ ਭਰਾ ਕੌਣ ਹਨ, ਅਤੇ ਉਹ ਯਿਸੂ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦੇ ਹਨ?
▪ ਸਾਮਰੀ ਕਿਉਂ ਇੰਨੇ ਗੁਸਤਾਖ ਹਨ, ਅਤੇ ਯਾਕੂਬ ਅਤੇ ਯੂਹੰਨਾ ਕੀ ਕਰਨਾ ਚਾਹੁੰਦੇ ਹਨ?
▪ ਯਿਸੂ ਰਾਹ ਵਿਚ ਕਿਹੜੀਆਂ ਤਿੰਨ ਵਾਰਤਾਲਾਪ ਕਰਦਾ ਹੈ, ਅਤੇ ਉਹ ਕਿਸ ਤਰ੍ਹਾਂ ਆਤਮ-ਬਲੀਦਾਨ ਦੀ ਸੇਵਾ ਦੀ ਲੋੜ ਤੇ ਜ਼ੋਰ ਦਿੰਦਾ ਹੈ?