“ਪਰਮੇਸ਼ੁਰ ਪ੍ਰੇਮ ਹੈ”
“ਜਿਹੜਾ ਪ੍ਰੇਮ ਨਹੀਂ ਕਰਦਾ ਉਹ ਪਰਮੇਸ਼ੁਰ ਨੂੰ ਨਹੀਂ ਜਾਣਦਾ ਕਿਉਂ ਜੋ ਪਰਮੇਸ਼ੁਰ ਪ੍ਰੇਮ ਹੈ।”—1 ਯੂਹੰਨਾ 4:8.
1-3. (ੳ) ਯਹੋਵਾਹ ਦੇ ਪਿਆਰ ਬਾਰੇ ਬਾਈਬਲ ਕੀ ਕਹਿੰਦੀ ਹੈ ਅਤੇ ਇਹ ਗੱਲ ਉਸ ਦੇ ਕਿਸੇ ਹੋਰ ਗੁਣ ਬਾਰੇ ਕਿਉਂ ਨਹੀਂ ਕਹੀ ਗਈ? (ਅ) ਬਾਈਬਲ ਕਿਉਂ ਕਹਿੰਦੀ ਹੈ ਕਿ “ਪਰਮੇਸ਼ੁਰ ਪ੍ਰੇਮ ਹੈ”?
ਯਹੋਵਾਹ ਦੇ ਸਾਰੇ ਗੁਣ ਉੱਤਮ ਤੇ ਮੁਕੰਮਲ ਹਨ ਅਤੇ ਸਾਨੂੰ ਉਸ ਵੱਲ ਖਿੱਚਦੇ ਹਨ। ਪਰ ਇਨ੍ਹਾਂ ਸਾਰਿਆਂ ਵਿੱਚੋਂ ਪਿਆਰ ਵਿਚ ਸਭ ਤੋਂ ਜ਼ਿਆਦਾ ਖਿੱਚ ਹੈ। ਪਿਆਰ ਨਾਲੋਂ ਜ਼ਿਆਦਾ ਹੋਰ ਕੋਈ ਵੀ ਗੁਣ ਯਹੋਵਾਹ ਨੂੰ ਜਾਣਨ ਲਈ ਸਾਨੂੰ ਨਹੀਂ ਪ੍ਰੇਰਦਾ। ਖ਼ੁਸ਼ੀ ਦੀ ਗੱਲ ਹੈ ਕਿ ਪਿਆਰ ਯਹੋਵਾਹ ਦਾ ਮੁੱਖ ਗੁਣ ਹੈ। ਇਹ ਅਸੀਂ ਕਿਸ ਤਰ੍ਹਾਂ ਜਾਣਦੇ ਹਾਂ?
2 ਪ੍ਰੇਮ ਬਾਰੇ ਬਾਈਬਲ ਇਕ ਖ਼ਾਸ ਗੱਲ ਕਹਿੰਦੀ ਹੈ ਜੋ ਯਹੋਵਾਹ ਦੇ ਹੋਰ ਕਿਸੇ ਵੀ ਗੁਣ ਬਾਰੇ ਨਹੀਂ ਕਹੀ ਗਈ। ਬਾਈਬਲ ਇਹ ਨਹੀਂ ਕਹਿੰਦੀ ਕਿ ਪਰਮੇਸ਼ੁਰ ਸ਼ਕਤੀ ਹੈ ਜਾਂ ਪਰਮੇਸ਼ੁਰ ਇਨਸਾਫ਼ ਹੈ ਜਾਂ ਪਰਮੇਸ਼ੁਰ ਬੁੱਧ ਹੈ। ਯਹੋਵਾਹ ਵਿਚ ਇਹ ਤਿੰਨੇ ਗੁਣ ਹਨ। ਪਰ 1 ਯੂਹੰਨਾ 4:8 ਵਿਚ ਪਿਆਰ ਬਾਰੇ ਇਕ ਖ਼ਾਸ ਗੱਲ ਕਹੀ ਗਈ ਹੈ: “ਪਰਮੇਸ਼ੁਰ ਪ੍ਰੇਮ ਹੈ।” ਜੀ ਹਾਂ, ਪ੍ਰੇਮ ਯਹੋਵਾਹ ਦੇ ਰਗ-ਰਗ ਵਿਚ ਵੱਸਦਾ ਹੈ। ਪ੍ਰੇਮ ਉਸ ਦਾ ਸੁਭਾਅ ਅਤੇ ਉਸ ਦੀ ਖ਼ਾਸੀਅਤ ਹੈ। ਆਮ ਤੌਰ ਤੇ ਗੱਲ ਕਰਦੇ ਹੋਏ ਅਸੀਂ ਸ਼ਾਇਦ ਇਸ ਤਰ੍ਹਾਂ ਸੋਚੀਏ ਕਿ ਯਹੋਵਾਹ ਦੀ ਸ਼ਕਤੀ ਉਸ ਨੂੰ ਕੰਮ ਕਰਨ ਦਿੰਦੀ ਹੈ। ਉਸ ਦਾ ਇਨਸਾਫ਼ ਅਤੇ ਉਸ ਦੀ ਬੁੱਧ ਉਸ ਨੂੰ ਕੰਮ ਕਰਨ ਲਈ ਸੇਧ ਦਿੰਦੇ ਹਨ। ਪਰ ਉਸ ਦਾ ਪ੍ਰੇਮ ਉਸ ਨੂੰ ਕੁਝ ਕਰਨ ਲਈ ਪ੍ਰੇਰਦਾ ਹੈ। ਅਤੇ ਉਸ ਦੇ ਦੂਸਰੇ ਗੁਣਾਂ ਵਿਚ ਉਸ ਦਾ ਪ੍ਰੇਮ ਹਮੇਸ਼ਾ ਜ਼ਾਹਰ ਹੁੰਦਾ ਹੈ।
3 ਇਸ ਤਰ੍ਹਾਂ ਅਕਸਰ ਕਿਹਾ ਜਾਂਦਾ ਹੈ ਕਿ ਯਹੋਵਾਹ ਪਿਆਰ ਦਾ ਰੂਪ ਹੈ। ਇਸ ਕਰਕੇ ਜੇ ਅਸੀਂ ਪਿਆਰ ਬਾਰੇ ਸਿੱਖਣਾ ਚਾਹੁੰਦੇ ਹਾਂ, ਤਾਂ ਸਾਨੂੰ ਯਹੋਵਾਹ ਬਾਰੇ ਸਿੱਖਣਾ ਪਵੇਗਾ। ਤਾਂ ਫਿਰ ਆਓ ਆਪਾਂ ਯਹੋਵਾਹ ਦੇ ਬੇਮਿਸਾਲ ਪਿਆਰ ਦੇ ਕੁਝ ਪਹਿਲੂਆਂ ਦੀ ਜਾਂਚ ਕਰੀਏ।
ਸੱਚੇ ਪਿਆਰ ਦਾ ਸਬੂਤ
4, 5.(ੳ) ਪ੍ਰੇਮ ਦੀ ਸਭ ਤੋਂ ਮਹਾਨ ਮਿਸਾਲ ਕਿਹੜੀ ਹੈ? (ਅ) ਇਸ ਤਰ੍ਹਾਂ ਕਿਉਂ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਅਤੇ ਉਸ ਦਾ ਪੁੱਤਰ ਪਿਆਰ ਦੇ ਸਭ ਤੋਂ ਗੂੜ੍ਹੇ ਬੰਧਨ ਵਿਚ ਬੱਝੇ ਹੋਏ ਹਨ?
4 ਯਹੋਵਾਹ ਨੇ ਕਈ ਤਰੀਕਿਆਂ ਨਾਲ ਆਪਣੇ ਪ੍ਰੇਮ ਦਾ ਇਜ਼ਹਾਰ ਕੀਤਾ ਹੈ। ਪਰ, ਪਰਮੇਸ਼ੁਰ ਦੇ ਪ੍ਰੇਮ ਦੀ ਉੱਤਮ ਮਿਸਾਲ ਕੀ ਹੈ? ਉਸ ਦੇ ਆਪਣੇ ਇਕਲੌਤੇ ਪੁੱਤਰ ਦੀ ਕੁਰਬਾਨੀ। ਦਰਅਸਲ ਅਸੀਂ ਪੂਰੇ ਯਕੀਨ ਨਾਲ ਕਹਿ ਸਕਦੇ ਹਾਂ ਕਿ ਪੂਰੇ ਇਤਿਹਾਸ ਵਿਚ ਪ੍ਰੇਮ ਦੀ ਇਹ ਸਭ ਤੋਂ ਮਹਾਨ ਮਿਸਾਲ ਹੈ। ਅਸੀਂ ਇਸ ਤਰ੍ਹਾਂ ਕਿਉਂ ਕਹਿ ਸਕਦੇ ਹਾਂ?
5 ਬਾਈਬਲ ਵਿਚ ਯਿਸੂ ਨੂੰ “ਸਾਰੀ ਸਰਿਸ਼ਟ ਵਿੱਚੋਂ ਜੇਠਾ” ਸੱਦਿਆ ਗਿਆ ਹੈ। (ਕੁਲੁੱਸੀਆਂ 1:15) ਜ਼ਰਾ ਸੋਚੋ: ਯਹੋਵਾਹ ਦੇ ਪੁੱਤਰ ਦੇ ਜਨਮ ਤੋਂ ਬਾਅਦ ਹੀ ਸਾਰੀ ਦੁਨੀਆਂ ਬਣਾਈ ਗਈ ਸੀ। ਪਿਤਾ ਤੇ ਪੁੱਤਰ ਫਿਰ ਕਿੰਨੇ ਸਾਲ ਇਕੱਠੇ ਰਹੇ ਸਨ? ਕੁਝ ਵਿਗਿਆਨੀ ਕਹਿੰਦੇ ਹਨ ਕਿ ਸਾਡਾ ਬ੍ਰਹਿਮੰਡ ਤਕਰੀਬਨ 13 ਅਰਬ ਸਾਲ ਪੁਰਾਣਾ ਹੈ। ਭਾਵੇਂ ਇਹ ਸਿਰਫ਼ ਇਕ ਅੰਦਾਜ਼ਾ ਹੈ, ਫਿਰ ਵੀ ਇਹ ਸਮਾਂ ਪਰਮੇਸ਼ੁਰ ਦੇ ਜੇਠੇ ਪੁੱਤਰ ਦੀ ਜ਼ਿੰਦਗੀ ਦੀ ਲੰਬਾਈ ਨੂੰ ਨਹੀਂ ਦਰਸਾ ਸਕਦਾ! ਇਨ੍ਹਾਂ ਸਾਰੇ ਯੁਗਾਂ ਦੌਰਾਨ ਉਸ ਨੇ ਕੀ ਕੀਤਾ ਸੀ? ਪੁੱਤਰ ਨੇ ਖ਼ੁਸ਼ੀ-ਖ਼ੁਸ਼ੀ ਆਪਣੇ ਪਿਤਾ ਨਾਲ “ਰਾਜ ਮਿਸਤਰੀ” ਵਜੋਂ ਕੰਮ ਕੀਤਾ ਸੀ। (ਕਹਾਉਤਾਂ 8:30; ਯੂਹੰਨਾ 1:3) ਯਹੋਵਾਹ ਅਤੇ ਉਸ ਦੇ ਪੁੱਤਰ ਨੇ ਇਕੱਠੇ ਕੰਮ ਕਰ ਕੇ ਸਭ ਕੁਝ ਬਣਾਇਆ ਸੀ। ਉਨ੍ਹਾਂ ਨੇ ਕਿੰਨਾ ਸੋਹਣਾ ਸਮਾਂ ਇਕੱਠੇ ਬਿਤਾਇਆ ਸੀ! ਇਸ ਲਈ ਕਿਹਾ ਜਾ ਸਕਦਾ ਹੈ ਕਿ ਇੰਨਾ ਸਮਾਂ ਇਕੱਠੇ ਰਹਿ ਕੇ ਯਹੋਵਾਹ ਪਰਮੇਸ਼ੁਰ ਅਤੇ ਉਸ ਦਾ ਪੁੱਤਰ ਪਿਆਰ ਦੇ ਸਭ ਤੋਂ ਗੂੜ੍ਹੇ ਬੰਧਨ ਵਿਚ ਬੱਝੇ ਹੋਏ ਹਨ। ਅਸੀਂ ਤਾਂ ਉਨ੍ਹਾਂ ਦੋਹਾਂ ਦੇ ਪਿਆਰ ਦੇ ਇਸ ਮਜ਼ਬੂਤ ਬੰਧਨ ਨੂੰ ਕਦੇ ਸਮਝ ਵੀ ਨਹੀਂ ਸਕਦੇ।
6. ਯਿਸੂ ਦੇ ਬਪਤਿਸਮੇ ਵੇਲੇ ਯਹੋਵਾਹ ਨੇ ਆਪਣੀ ਖ਼ੁਸ਼ੀ ਕਿਸ ਤਰ੍ਹਾਂ ਜ਼ਾਹਰ ਕੀਤੀ ਸੀ?
6 ਆਪਣੇ ਪੁੱਤਰ ਨਾਲ ਬੇਹੱਦ ਪਿਆਰ ਕਰਨ ਦੇ ਬਾਵਜੂਦ ਯਹੋਵਾਹ ਨੇ ਉਸ ਨੂੰ ਧਰਤੀ ਉੱਤੇ ਇਕ ਇਨਸਾਨੀ ਬੱਚੇ ਦੇ ਤੌਰ ਤੇ ਪੈਦਾ ਹੋਣ ਲਈ ਭੇਜ ਦਿੱਤਾ। ਇਸ ਤਰ੍ਹਾਂ ਕਰਨ ਨਾਲ ਉਸ ਨੂੰ ਆਪਣੇ ਪਿਆਰੇ ਪੁੱਤਰ ਤੋਂ ਕਈ ਸਾਲ ਦੂਰ ਰਹਿਣਾ ਪਿਆ। ਸਵਰਗੋਂ ਉਸ ਨੇ ਬੜੀ ਦਿਲਚਸਪੀ ਨਾਲ ਯਿਸੂ ਨੂੰ ਵੱਡਾ ਹੁੰਦਾ ਦੇਖਿਆ। ਤਕਰੀਬਨ 30 ਸਾਲ ਦੀ ਉਮਰ ਤੇ ਯਿਸੂ ਨੇ ਬਪਤਿਸਮਾ ਲਿਆ ਸੀ। ਉਸ ਦੇ ਪਿਤਾ ਨੇ ਸਵਰਗੋਂ ਖ਼ੁਦ ਕਿਹਾ ਸੀ: “ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ।” (ਮੱਤੀ 3:17) ਯਿਸੂ ਨੇ ਵਫ਼ਾਦਾਰੀ ਨਾਲ ਉਹ ਸਭ ਕੁਝ ਕੀਤਾ ਜੋ ਉਸ ਬਾਰੇ ਭਵਿੱਖਬਾਣੀਆਂ ਵਿਚ ਲਿਖਿਆ ਗਿਆ ਸੀ। ਯਹੋਵਾਹ ਦਾ ਜੀਅ ਕਿੰਨਾ ਖ਼ੁਸ਼ ਹੋਇਆ ਹੋਣਾ ਜਦ ਉਸ ਨੇ ਯਿਸੂ ਨੂੰ ਆਪਣੇ ਸਾਰੇ ਕੰਮ ਪੂਰੇ ਕਰਦੇ ਦੇਖਿਆ ਸੀ!—ਯੂਹੰਨਾ 5:36; 17:4.
7, 8. (ੳ) ਯਿਸੂ ਨਾਲ 14 ਨੀਸਾਨ 33 ਸਾ.ਯੁ. ਦੇ ਦਿਨ ਕੀ ਹੋਇਆ ਸੀ ਅਤੇ ਇਸ ਦਾ ਉਸ ਦੇ ਸਵਰਗੀ ਪਿਤਾ ਉੱਤੇ ਕੀ ਅਸਰ ਪਿਆ ਸੀ? (ਅ) ਯਹੋਵਾਹ ਨੇ ਆਪਣੇ ਪੁੱਤਰ ਨੂੰ ਦਰਦਨਾਕ ਮੌਤ ਕਿਉਂ ਮਰਨ ਦਿੱਤਾ ਸੀ?
7 ਪਰ 14 ਨੀਸਾਨ 33 ਸਾ.ਯੁ. ਦੇ ਦਿਨ ਯਹੋਵਾਹ ਨੇ ਕਿਸ ਤਰ੍ਹਾਂ ਮਹਿਸੂਸ ਕੀਤਾ ਹੋਣਾ? ਜ਼ਰਾ ਸੋਚੋ ਉਸ ਵੇਲੇ ਉਸ ਦੇ ਦਿਲ ਤੇ ਕੀ ਬੀਤੀ ਹੋਵੇਗੀ ਜਦੋਂ ਯਿਸੂ ਨਾਲ ਵਿਸ਼ਵਾਸਘਾਤ ਕੀਤਾ ਗਿਆ ਅਤੇ ਇਕ ਭੀੜ ਨੇ ਰਾਤ ਨੂੰ ਉਸ ਨੂੰ ਗਿਰਫ਼ਤਾਰ ਕੀਤਾ? ਜਦ ਉਸ ਦਾ ਮਖੌਲ ਉਡਾਇਆ ਗਿਆ, ਉਸ ਦੇ ਮੂੰਹ ਤੇ ਥੁੱਕਿਆ ਗਿਆ ਅਤੇ ਉਸ ਦੇ ਮੁੱਕੇ ਮਾਰੇ ਗਏ? ਜਦ ਕੋਰੜੇ ਮਾਰ-ਮਾਰ ਕੇ ਉਸ ਦੀ ਚਮੜੀ ਉਧੇੜ ਦਿੱਤੀ ਗਈ? ਜਦ ਉਸ ਦੇ ਹੱਥਾਂ-ਪੈਰਾਂ ਵਿਚ ਕਿੱਲ ਠੋਕ ਕੇ ਉਸ ਨੂੰ ਲੱਕੜੀ ਦੇ ਇਕ ਖੰਭੇ ਉੱਤੇ ਟੰਗ ਦਿੱਤਾ ਗਿਆ ਅਤੇ ਲੋਕਾਂ ਨੇ ਉਸ ਨੂੰ ਗਾਲ਼ਾਂ ਕੱਢੀਆਂ? ਜ਼ਰਾ ਉਸ ਪਿਤਾ ਦੀ ਹਾਲਤ ਦਾ ਅੰਦਾਜ਼ਾ ਲਗਾਓ ਜਦ ਉਸ ਦਾ ਆਪਣਾ ਪਿਆਰਾ ਪੁੱਤਰ ਦਰਦ ਨਾਲ ਤੜਫਦੇ ਹੋਏ ਉਸ ਨੂੰ ਬੁਲਾ ਰਿਹਾ ਸੀ। ਹਾਂ, ਕਲਪਨਾ ਕਰੋ ਕਿ ਯਹੋਵਾਹ ਦਾ ਦਿਲ ਕਿੰਨਾ ਰੋਇਆ ਹੋਣਾ ਜਦੋਂ ਯਿਸੂ ਨੇ ਆਪਣਾ ਆਖ਼ਰੀ ਸਾਹ ਲਿਆ। ਪੂਰੇ ਇਤਿਹਾਸ ਵਿਚ ਪਹਿਲੀ ਵਾਰ ਉਸ ਦਾ ਪਿਆਰਾ ਪੁੱਤਰ ਜ਼ਿੰਦਾ ਨਹੀਂ ਸੀ।—ਮੱਤੀ 26:14-16, 46, 47, 56, 59, 67; 27:26, 38-44, 46; ਯੂਹੰਨਾ 19:1.
8 ਅਸੀਂ ਜਾਣਦੇ ਹਾਂ ਕਿ ਯਹੋਵਾਹ ਪਰਮੇਸ਼ੁਰ ਦੁੱਖ-ਸੁੱਖ ਮਹਿਸੂਸ ਕਰਦਾ ਹੈ। ਪਰ ਆਪਣੇ ਪੁੱਤਰ ਦੀ ਦਰਦਨਾਕ ਮੌਤ ਵੇਲੇ ਯਹੋਵਾਹ ਦੇ ਦੁੱਖ ਨੂੰ ਸ਼ਬਦਾਂ ਵਿਚ ਦੱਸਿਆ ਨਹੀਂ ਜਾ ਸਕਦਾ। ਪਰ ਅਸੀਂ ਇਹ ਜ਼ਰੂਰ ਸਮਝ ਸਕਦੇ ਹਾਂ ਕਿ ਯਹੋਵਾਹ ਨੇ ਇਸ ਤਰ੍ਹਾਂ ਕਿਉਂ ਹੋਣ ਦਿੱਤਾ ਸੀ। ਸਾਡੇ ਸਵਰਗੀ ਪਿਤਾ ਨੇ ਇੰਨਾ ਦੁੱਖ ਕਿਉਂ ਝੱਲਿਆ ਸੀ? ਯਹੋਵਾਹ ਨੇ ਯੂਹੰਨਾ 3:16 ਵਿਚ ਸਾਨੂੰ ਇਕ ਵਧੀਆ ਗੱਲ ਦੱਸੀ। ਇਹ ਆਇਤ ਇੰਨੀ ਮਹੱਤਵਪੂਰਣ ਹੈ ਕਿ ਇਸ ਨੂੰ ਛੋਟੀ ਇੰਜੀਲ ਆਖਿਆ ਗਿਆ ਹੈ। ਇਸ ਵਿਚ ਲਿਖਿਆ ਹੈ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” ਸੋ ਪਰਮੇਸ਼ੁਰ ਨੇ ਆਪਣੇ ਪੁੱਤ ਨੂੰ ਇਸ ਲਈ ਕੁਰਬਾਨ ਕੀਤਾ ਕਿਉਂਕਿ ਉਹ ਇਨਸਾਨਜਾਤ ਨਾਲ ਪਿਆਰ ਕਰਦਾ ਹੈ। ਇਸ ਤੋਂ ਜ਼ਿਆਦਾ ਪਿਆਰ ਕਦੇ ਕਿਸੇ ਨੇ ਨਹੀਂ ਕੀਤਾ।
ਯਹੋਵਾਹ ਸਾਨੂੰ ਆਪਣੇ ਪਿਆਰ ਦਾ ਯਕੀਨ ਦਿਲਾਉਂਦਾ ਹੈ
9. ਸ਼ਤਾਨ ਸਾਡੇ ਵਿਚ ਯਹੋਵਾਹ ਬਾਰੇ ਕੀ ਸ਼ੱਕ ਪੈਦਾ ਕਰਨਾ ਚਾਹੁੰਦਾ ਹੈ?
9 ਫਿਰ ਵੀ ਇਕ ਬਹੁਤ ਹੀ ਮਹੱਤਵਪੂਰਣ ਸਵਾਲ ਉੱਠਦਾ ਹੈ: ਕੀ ਯਹੋਵਾਹ ਨਿੱਜੀ ਤੌਰ ਤੇ ਸਾਡੇ ਨਾਲ ਪਿਆਰ ਕਰਦਾ ਹੈ? ਯੂਹੰਨਾ 3:16 ਦੀ ਗੱਲ ਅਨੁਸਾਰ ਕਈ ਲੋਕ ਮੰਨਦੇ ਹਨ ਕਿ ਪਰਮੇਸ਼ੁਰ ਆਮ ਤੌਰ ਤੇ ਸਾਰੇ ਇਨਸਾਨਾਂ ਨਾਲ ਪ੍ਰੇਮ ਕਰਦਾ ਹੈ। ਪਰ ਉਹ ਆਪਣੇ ਬਾਰੇ ਮਹਿਸੂਸ ਕਰਦੇ ਹਨ: ‘ਪਰਮੇਸ਼ੁਰ ਮੇਰੇ ਨਾਲ ਕਦੇ ਵੀ ਨਹੀਂ ਪਿਆਰ ਕਰ ਸਕਦਾ।’ ਸੱਚ ਤਾਂ ਇਹ ਹੈ ਕਿ ਸ਼ਤਾਨ ਸਾਡੇ ਮਨ ਵਿਚ ਇਹ ਸ਼ੱਕ ਪੈਦਾ ਕਰਨਾ ਚਾਹੁੰਦਾ ਹੈ ਕਿ ਯਹੋਵਾਹ ਸਾਡੀ ਕਦਰ ਨਹੀਂ ਕਰਦਾ ਅਤੇ ਨਾ ਹੀ ਸਾਨੂੰ ਪਿਆਰ ਕਰਦਾ ਹੈ। ਪਰ ਅਸੀਂ ਬੇਸ਼ੱਕ ਆਪਣੇ ਆਪ ਨੂੰ ਨਿਕੰਮੇ ਸਮਝੀਏ ਜਾਂ ਪਿਆਰ ਦੇ ਲਾਇਕ ਨਾ ਸਮਝੀਏ, ਯਹੋਵਾਹ ਸਾਨੂੰ ਯਕੀਨ ਦਿਲਾਉਂਦਾ ਹੈ ਕਿ ਉਹ ਆਪਣੇ ਸਾਰੇ ਸੇਵਕਾਂ ਦੀ ਕਦਰ ਕਰਦਾ ਹੈ।
10, 11. ਚਿੜੀਆਂ ਬਾਰੇ ਯਿਸੂ ਦੇ ਦ੍ਰਿਸ਼ਟਾਂਤ ਤੋਂ ਸਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਡੀ ਕਦਰ ਕਰਦਾ ਹੈ?
10 ਮਿਸਾਲ ਲਈ ਮੱਤੀ 10:29-31 ਵਿਚ ਯਿਸੂ ਦੀ ਗੱਲ ਉੱਤੇ ਗੌਰ ਕਰੋ। ਆਪਣੇ ਚੇਲਿਆਂ ਦੀ ਅਹਿਮੀਅਤ ਨੂੰ ਦਰਸਾਉਂਦੇ ਹੋਏ ਯਿਸੂ ਨੇ ਕਿਹਾ: “ਭਲਾ, ਇੱਕ ਪੈਸੇ ਨੂੰ ਦੋ ਚਿੜੀਆਂ ਨਹੀਂ ਵਿਕਦੀਆਂ? ਅਤੇ ਉਨ੍ਹਾਂ ਵਿੱਚੋਂ ਇੱਕ ਭੀ ਤੁਹਾਡੇ ਪਿਤਾ ਦੀ ਮਰਜੀ ਬਿਨਾ ਧਰਤੀ ਉੱਤੇ ਨਹੀਂ ਡਿੱਗਦੀ। ਪਰ ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ। ਸੋ ਨਾ ਡਰੋ। ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ।” ਜ਼ਰਾ ਸੋਚੋ ਕਿ ਇਨ੍ਹਾਂ ਸ਼ਬਦਾਂ ਨੇ ਯਿਸੂ ਦੇ ਸੁਣਨ ਵਾਲਿਆਂ ਉੱਤੇ ਕੀ ਪ੍ਰਭਾਵ ਪਾਇਆ ਸੀ।
11 ਯਿਸੂ ਦੇ ਦਿਨਾਂ ਵਿਚ ਖਾਣ ਲਈ ਚਿੜੀਆਂ ਬਹੁਤ ਸਸਤੀਆਂ ਵਿਕਦੀਆਂ ਸਨ। ਸਸਤੀਆਂ ਤੋਂ ਸਸਤੀਆਂ ਦੋ ਚਿੜੀਆਂ ਦੀ ਕੀਮਤ ਇਕ ਪੈਸਾ ਸੀ। ਪਰ ਲੂਕਾ 12:6, 7 ਦੇ ਮੁਤਾਬਕ, ਬਾਅਦ ਵਿਚ ਯਿਸੂ ਨੇ ਜ਼ਿਕਰ ਕੀਤਾ ਸੀ ਕਿ ਜੇ ਕੋਈ ਦੋ ਪੈਸੇ ਖ਼ਰਚ ਕੇ ਚਾਰ ਚਿੜੀਆਂ ਖ਼ਰੀਦਦਾ ਸੀ, ਤਾਂ ਉਸ ਨੂੰ ਚਾਰ ਦੀ ਬਜਾਇ ਪੰਜ ਮਿਲਦੀਆਂ ਸਨ। ਇਕ ਵਾਧੂ ਚਿੜੀ ਝੂੰਗੇ ਵਿਚ ਦੇ ਦਿੱਤੀ ਜਾਂਦੀ ਸੀ ਜਿਵੇਂ ਉਸ ਦੀ ਕੋਈ ਕੀਮਤ ਨਹੀਂ ਸੀ। ਸ਼ਾਇਦ ਇਨਸਾਨਾਂ ਦੀਆਂ ਨਜ਼ਰਾਂ ਵਿਚ ਇਸ 5ਵੀਂ ਚਿੜੀ ਦੀ ਕੋਈ ਕੀਮਤ ਨਹੀਂ ਸੀ। ਪਰ ਸਾਡੇ ਕਰਤਾਰ ਦਾ ਇਸ ਬਾਰੇ ਕੀ ਖ਼ਿਆਲ ਸੀ? ਯਿਸੂ ਨੇ ਕਿਹਾ: “ਇਨ੍ਹਾਂ ਵਿੱਚੋਂ ਇੱਕ ਵੀ [ਵਾਧੂ ਚਿੜੀ ਵੀ] ਪਰਮੇਸ਼ੁਰ ਦੇ ਅੱਗੇ ਵਿਸਰੀ ਹੋਈ ਨਹੀਂ।” ਹੁਣ ਅਸੀਂ ਯਿਸੂ ਦੀ ਗੱਲ ਸਮਝ ਸਕਦੇ ਹਾਂ। ਜੇ ਯਹੋਵਾਹ ਇਕ ਛੋਟੀ ਜਿਹੀ ਚਿੜੀ ਨੂੰ ਇੰਨੀ ਕੀਮਤੀ ਸਮਝਦਾ ਹੈ, ਤਾਂ ਯਕੀਨਨ ਉਹ ਇਨਸਾਨ ਨੂੰ ਇਸ ਤੋਂ ਕਿਤੇ ਜ਼ਿਆਦਾ ਕੀਮਤੀ ਸਮਝਦਾ ਹੈ! ਜਿਸ ਤਰ੍ਹਾਂ ਯਿਸੂ ਨੇ ਕਿਹਾ ਸੀ, ਯਹੋਵਾਹ ਸਾਡੇ ਬਾਰੇ ਸਭ ਕੁਝ ਜਾਣਦਾ ਹੈ। ਉਸ ਨੇ ਤਾਂ ਸਾਡੇ ਸਿਰ ਦੇ ਵਾਲ ਵੀ ਗਿਣੇ ਹੋਏ ਹਨ!
12. ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਯਿਸੂ ਵਧਾ-ਚੜ੍ਹਾ ਕੇ ਗੱਲ ਨਹੀਂ ਕਰ ਰਿਹਾ ਸੀ ਜਦ ਉਸ ਨੇ ਕਿਹਾ ਸੀ ਕਿ ਸਾਡੇ ਸਿਰ ਦੇ ਵਾਲ ਵੀ ਗਿਣੇ ਹੋਏ ਹਨ?
12 ਕਈ ਸ਼ਾਇਦ ਸੋਚਣ ਕਿ ਯਿਸੂ ਵਧਾ-ਚੜ੍ਹਾ ਕੇ ਗੱਲ ਕਰ ਰਿਹਾ ਸੀ ਕਿ ਸਾਡੇ ਸਿਰ ਦੇ ਸਾਰੇ ਵਾਲ ਵੀ ਗਿਣੇ ਗਏ ਹਨ। ਪਰ ਇਕ ਮਿੰਟ ਲਈ ਮੁਰਦਿਆਂ ਦੇ ਦੁਬਾਰਾ ਜ਼ਿੰਦਾ ਕੀਤੇ ਜਾਣ ਦੀ ਉਮੀਦ ਬਾਰੇ ਸੋਚੋ। ਯਹੋਵਾਹ ਸਾਨੂੰ ਇੰਨੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਹ ਸਾਨੂੰ ਦੁਬਾਰਾ ਜ਼ਿੰਦਾ ਕਰ ਸਕਦਾ ਹੈ! ਉਸ ਨੂੰ ਸਾਡੀ ਇੰਨੀ ਕਦਰ ਹੈ ਕਿ ਉਹ ਸਾਡੀ ਨਸ-ਨਸ ਜਾਣਦਾ ਹੈ। ਉਸ ਨੂੰ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਯਾਦਾਂ ਅਤੇ ਤਜਰਬੇ ਯਾਦ ਹਨ। ਸੋ ਦੁਬਾਰਾ ਜ਼ਿੰਦਾ ਕੀਤੇ ਜਾਣ ਦੀ ਉਮੀਦ ਦੇ ਸਾਮ੍ਹਣੇ ਸਾਡੇ ਸਿਰ ਦੇ ਲੱਖ ਕੁ ਵਾਲਾਂ ਨੂੰ ਗਿਣਨਾ ਤਾਂ ਪਰਮੇਸ਼ੁਰ ਲਈ ਇਕ ਸੌਖਾ ਜਿਹਾ ਕੰਮ ਹੈ। ਯਿਸੂ ਦੇ ਸ਼ਬਦ ਕਿੰਨੀ ਸੋਹਣੀ ਤਰ੍ਹਾਂ ਸਾਨੂੰ ਯਕੀਨ ਦਿਲਾਉਂਦੇ ਹਨ ਕਿ ਯਹੋਵਾਹ ਨੂੰ ਸਾਡੀ ਪਰਵਾਹ ਹੈ!
13. ਰਾਜਾ ਯਹੋਸ਼ਾਫ਼ਾਟ ਦੀ ਉਦਾਹਰਣ ਤੋਂ ਸਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਸਾਡੇ ਪਾਪਾਂ ਦੇ ਬਾਵਜੂਦ ਯਹੋਵਾਹ ਸਾਡੇ ਸਦਗੁਣ ਦੇਖਦਾ ਹੈ?
13 ਬਾਈਬਲ ਵਿਚ ਇਕ ਹੋਰ ਗੱਲ ਵੀ ਦੱਸੀ ਗਈ ਹੈ ਜਿਸ ਤੋਂ ਸਾਨੂੰ ਯਹੋਵਾਹ ਦੇ ਪਿਆਰ ਦਾ ਯਕੀਨ ਹੁੰਦਾ ਹੈ—ਉਹ ਸਾਡੇ ਸਦਗੁਣ ਦੇਖਦਾ ਹੈ ਅਤੇ ਉਸ ਨੂੰ ਸਾਡੀ ਕਦਰ ਹੈ। ਰਾਜਾ ਯਹੋਸ਼ਾਫ਼ਾਟ ਦੀ ਉਦਾਹਰਣ ਉੱਤੇ ਜ਼ਰਾ ਗੌਰ ਕਰੋ। ਜਦ ਉਸ ਰਾਜੇ ਨੇ ਗ਼ਲਤੀ ਕੀਤੀ, ਤਾਂ ਯਹੋਵਾਹ ਦੇ ਨਬੀ ਨੇ ਉਸ ਨੂੰ ਕਿਹਾ: “ਏਸ ਗੱਲ ਦੇ ਕਾਰਨ ਯਹੋਵਾਹ ਤੇਰੇ ਉੱਤੇ ਕਹਿਰਵਾਨ ਹੈ।” ਇਹ ਕਿੰਨੀ ਗੰਭੀਰ ਗੱਲ ਸੀ! ਪਰ ਯਹੋਵਾਹ ਨੇ ਗੱਲ ਇੱਥੇ ਹੀ ਨਹੀਂ ਛੱਡੀ। ਨਬੀ ਨੇ ਅੱਗੇ ਕਿਹਾ: “ਤਾਂ ਵੀ ਤੇਰੇ ਵਿੱਚ ਗੁਣ ਹਨ।” (2 ਇਤਹਾਸ 19:1-3) ਯਹੋਵਾਹ ਦੇ ਗੁੱਸੇ ਨੇ ਉਸ ਦੀਆਂ ਅੱਖਾਂ ਉੱਤੇ ਪਰਦਾ ਨਹੀਂ ਪਾ ਦਿੱਤਾ ਸੀ ਕਿ ਉਹ ਯਹੋਸ਼ਾਫ਼ਾਟ ਦੇ ਸਦਗੁਣ ਦੇਖ ਹੀ ਨਹੀਂ ਸਕਿਆ। ਕੀ ਇਸ ਤੋਂ ਸਾਨੂੰ ਦਿਲਾਸਾ ਨਹੀਂ ਮਿਲਦਾ ਕਿ ਸਾਡੇ ਪਾਪਾਂ ਦੇ ਬਾਵਜੂਦ ਯਹੋਵਾਹ ਸਾਡੇ ਵਿਚ ਅਛਾਈ ਭਾਲਦਾ ਹੈ?
ਯਹੋਵਾਹ “ਮਾਫ਼ ਕਰਨ ਵਾਲਾ” ਪਰਮੇਸ਼ੁਰ ਹੈ
14. ਪਾਪ ਕਰਨ ਕਰਕੇ ਅਸੀਂ ਕਿਹੜੇ ਬੋਝ ਹੇਠ ਦੱਬੇ ਜਾ ਸਕਦੇ ਹਾਂ, ਪਰ ਯਹੋਵਾਹ ਸਾਨੂੰ ਕਿਸ ਗੱਲ ਦਾ ਵਿਸ਼ਵਾਸ ਕਰਾਉਂਦਾ ਹੈ?
14 ਜਦ ਅਸੀਂ ਕੋਈ ਪਾਪ ਕਰਦੇ ਹਾਂ, ਤਾਂ ਅਸੀਂ ਨਿਰਾਸ਼ਾ, ਸ਼ਰਮਿੰਦਗੀ ਅਤੇ ਦੋਸ਼ੀ ਮਹਿਸੂਸ ਕਰਦੇ ਹੋਏ ਸ਼ਾਇਦ ਸੋਚੀਏ ਕਿ ਅਸੀਂ ਯਹੋਵਾਹ ਦੀ ਸੇਵਾ ਕਰਨ ਦੇ ਲਾਇਕ ਨਹੀਂ ਹਾਂ। ਪਰ ਇਕ ਗੱਲ ਯਾਦ ਰੱਖੋ ਕਿ ਯਹੋਵਾਹ ‘ਮਾਫ਼ ਕਰਨ ਵਾਲਾ’ ਪਰਮੇਸ਼ੁਰ ਹੈ। (ਭਜਨ 86:5, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜੀ ਹਾਂ, ਜਦ ਅਸੀਂ ਆਪਣੇ ਪਾਪਾਂ ਤੋਂ ਤੋਬਾ ਕਰਦੇ ਹਾਂ ਅਤੇ ਉਨ੍ਹਾਂ ਨੂੰ ਮੁੜ ਕੇ ਨਾ ਕਰਨ ਦੀ ਪੂਰੀ ਵਾਹ ਲਾਉਂਦੇ ਹਾਂ, ਤਾਂ ਯਹੋਵਾਹ ਸਾਨੂੰ ਮਾਫ਼ ਕਰ ਦਿੰਦਾ ਹੈ। ਹੁਣ ਆਓ ਆਪਾਂ ਦੇਖੀਏ ਕਿ ਬਾਈਬਲ ਵਿਚ ਕਿੰਨੀ ਸੋਹਣੀ ਤਰ੍ਹਾਂ ਦੱਸਿਆ ਗਿਆ ਹੈ ਕਿ ਯਹੋਵਾਹ ਆਪਣੇ ਪਿਆਰ ਦਾ ਸਬੂਤ ਦਿੰਦੇ ਹੋਏ ਸਾਨੂੰ ਮਾਫ਼ ਕਿਸ ਤਰ੍ਹਾਂ ਕਰਦਾ ਹੈ।
15. ਯਹੋਵਾਹ ਸਾਡੇ ਪਾਪ ਸਾਡੇ ਤੋਂ ਕਿੰਨੀ ਕੁ ਦੂਰ ਕਰ ਦਿੰਦਾ ਹੈ?
15 ਦਾਊਦ ਨੇ ਇਕ ਹੋਰ ਤਰੀਕੇ ਨਾਲ ਵੀ ਯਹੋਵਾਹ ਵੱਲੋਂ ਮਾਫ਼ ਕਰਨ ਦੀ ਗੱਲ ਕੀਤੀ ਸੀ: ‘ਜਿੰਨਾ ਚੜ੍ਹਦਾ ਲਹਿੰਦੇ ਤੋਂ ਦੂਰ ਹੈ, ਉੱਨੇ ਹੀ ਉਹ ਨੇ ਸਾਡੇ ਅਪਰਾਧ ਸਾਥੋਂ ਦੂਰ ਕੀਤੇ ਹਨ!’ (ਜ਼ਬੂਰਾਂ ਦੀ ਪੋਥੀ 103:12) ਚੜ੍ਹਦਾ ਲਹਿੰਦੇ ਤੋਂ ਕਿੰਨਾ ਦੂਰ ਹੈ? ਪੂਰਬ ਤੇ ਪੱਛਮ ਇਕ ਦੂਸਰੇ ਤੋਂ ਹਮੇਸ਼ਾ ਦੂਰ ਰਹਿੰਦੇ ਹਨ; ਇਹ ਦੋਵੇਂ ਕਦੇ ਵੀ ਨਹੀਂ ਮਿਲ ਸਕਦੇ। ਇਕ ਵਿਦਵਾਨ ਨੇ ਇਸ ਬਾਰੇ ਕਿਹਾ ਕਿ ‘ਇਹ ਦੋਵੇਂ ਦਿਸ਼ਾਵਾਂ ਇਕ ਦੂਸਰੇ ਤੋਂ ਇੰਨੀਆਂ ਦੂਰ ਹਨ ਕਿ ਅਸੀਂ ਇਸ ਦੂਰੀ ਦੀ ਕਲਪਨਾ ਵੀ ਨਹੀਂ ਕਰ ਸਕਦੇ।’ ਤਾਂ ਫਿਰ ਦਾਊਦ ਦੇ ਕਹਿਣ ਦਾ ਮਤਲਬ ਸੀ ਕਿ ਜਦ ਯਹੋਵਾਹ ਸਾਨੂੰ ਮਾਫ਼ ਕਰਦਾ ਹੈ, ਤਾਂ ਉਹ ਸਾਡੇ ਪਾਪ ਸਾਡੇ ਤੋਂ ਇੰਨੇ ਦੂਰ ਕਰ ਦਿੰਦਾ ਹੈ ਕਿ ਅਸੀਂ ਇਸ ਫ਼ਾਸਲੇ ਬਾਰੇ ਕਲਪਨਾ ਵੀ ਨਹੀਂ ਕਰ ਸਕਦੇ।
16. ਜਦ ਯਹੋਵਾਹ ਸਾਡੇ ਪਾਪ ਮਾਫ਼ ਕਰ ਦਿੰਦਾ ਹੈ, ਤਾਂ ਸਾਨੂੰ ਦਿਲਾਸਾ ਕਿਉਂ ਮਿਲਣਾ ਚਾਹੀਦਾ ਹੈ ਕਿ ਉਸ ਸਮੇਂ ਤੋਂ ਅਸੀਂ ਉਸ ਦੀਆਂ ਨਜ਼ਰਾਂ ਵਿਚ ਸਾਫ਼ ਹਾਂ?
16 ਕੀ ਤੁਸੀਂ ਕਦੇ ਕਿਸੇ ਹਲਕੇ ਰੰਗ ਦੇ ਕੱਪੜੇ ਉੱਤੇ ਲੱਗੇ ਦਾਗ਼ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ? ਤੁਸੀਂ ਭਾਵੇਂ ਕੱਪੜੇ ਨੂੰ ਜਿੰਨਾ ਮਰਜ਼ੀ ਰਗੜ-ਰਗੜ ਕੇ ਧੋਵੋ, ਫਿਰ ਵੀ ਦਾਗ਼ ਦਿੱਸਦਾ ਰਹਿੰਦਾ ਹੈ। ਨੋਟ ਕਰੋ ਕਿ ਯਹੋਵਾਹ ਕਿਸ ਹੱਦ ਤਕ ਮਾਫ਼ ਕਰਦਾ ਹੈ: ‘ਭਾਵੇਂ ਤੁਹਾਡੇ ਪਾਪ ਕਿਰਮਚ ਜੇਹੇ ਹੋਣ, ਓਹ ਬਰਫ ਜੇਹੇ ਚਿੱਟੇ ਹੋ ਜਾਣਗੇ, ਭਾਵੇਂ ਓਹ ਮਜੀਠ ਜੇਹੇ ਲਾਲ ਹੋਣ, ਓਹ ਉੱਨ ਜੇਹੇ ਹੋ ਜਾਣਗੇ।’ (ਯਸਾਯਾਹ 1:18) “ਕਿਰਮਚੀ” ਗੂੜ੍ਹਾ ਲਾਲ ਰੰਗ ਹੁੰਦਾ ਹੈ।a ਅਸੀਂ ਕਦੀ ਵੀ ਆਪਣੇ ਜਤਨਾਂ ਨਾਲ ਪਾਪ ਦੇ ਦਾਗ਼ ਨੂੰ ਮਿਟਾ ਨਹੀਂ ਸਕਦੇ ਹਾਂ। ਪਰ ਯਹੋਵਾਹ ਸਾਡੇ ਗੂੜ੍ਹੇ ਲਾਲ ਰੰਗ ਵਰਗੇ ਪਾਪਾਂ ਨੂੰ ਬਰਫ਼ ਵਾਂਗ ਜਾਂ ਸਫ਼ੇਦ ਉੱਨ ਵਾਂਗ ਚਿੱਟਾ ਬਣਾ ਸਕਦਾ ਹੈ। ਜਦ ਯਹੋਵਾਹ ਸਾਡੇ ਪਾਪ ਮਾਫ਼ ਕਰ ਦਿੰਦਾ ਹੈ, ਤਾਂ ਸਾਨੂੰ ਇਸ ਤਰ੍ਹਾਂ ਕਦੇ ਮਹਿਸੂਸ ਕਰਨ ਦੀ ਲੋੜ ਨਹੀਂ ਕਿ ਸਾਡੀ ਜ਼ਿੰਦਗੀ ਤੇ ਉਸ ਪਾਪ ਦਾ ਧੱਬਾ ਲੱਗਾ ਹੋਇਆ ਹੈ।
17. ਯਹੋਵਾਹ ਸਾਡੇ ਪਾਪਾਂ ਨੂੰ ਆਪਣੀ ਪਿੱਠ ਪਿੱਛੇ ਕਿਵੇਂ ਸੁੱਟਦਾ ਹੈ?
17 ਹਿਜ਼ਕੀਯਾਹ ਨੇ ਇਕ ਮਾਰੂ ਬੀਮਾਰੀ ਤੋਂ ਤੰਦਰੁਸਤ ਹੋਣ ਤੋਂ ਬਾਅਦ ਇਕ ਗੀਤ ਵਿਚ ਯਹੋਵਾਹ ਦਾ ਧੰਨਵਾਦ ਕੀਤਾ ਸੀ। ਉਸ ਨੇ ਯਹੋਵਾਹ ਨੂੰ ਕਿਹਾ: ‘ਤੈਂ ਮੇਰੇ ਸਾਰੇ ਪਾਪਾਂ ਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ ਹੈ।’ (ਯਸਾਯਾਹ 38:17) ਯਹੋਵਾਹ ਬਾਰੇ ਇੱਥੇ ਇਸ ਤਰ੍ਹਾਂ ਗੱਲ ਕੀਤੀ ਗਈ ਹੈ ਕਿ ਜਿਵੇਂ ਉਹ ਤੋਬਾ ਕਰਨ ਵਾਲੇ ਪਾਪੀ ਦੇ ਪਾਪਾਂ ਨੂੰ ਲੈ ਕੇ ਆਪਣੇ ਪਿੱਛੇ ਸੁੱਟ ਦਿੰਦਾ ਹੈ ਜਿੱਥੇ ਉਹ ਪਾਪ ਉਸ ਨੂੰ ਨਾ ਨਜ਼ਰ ਆਉਂਦੇ ਹਨ ਅਤੇ ਨਾ ਹੀ ਉਹ ਉਨ੍ਹਾਂ ਵੱਲ ਕੋਈ ਧਿਆਨ ਦਿੰਦਾ ਹੈ। ਬਾਈਬਲ ਦੇ ਇਕ ਕੋਸ਼ ਮੁਤਾਬਕ ਇਹ ਗੱਲ ਇਸ ਤਰ੍ਹਾਂ ਵੀ ਕਹੀ ਜਾ ਸਕਦੀ ਹੈ: “ਤੈਂ ਮੇਰੇ ਪਾਪਾਂ ਨੂੰ ਇਸ ਤਰ੍ਹਾਂ ਸਮਝ ਲਿਆ ਹੈ ਜਿਵੇਂ ਕਿਤੇ ਮੈਂ ਉਹ ਪਾਪ ਕਦੀ ਕੀਤੇ ਹੀ ਨਾ ਹੋਣ।” ਕੀ ਇਸ ਗੱਲ ਤੋਂ ਸਾਨੂੰ ਦਿਲਾਸਾ ਨਹੀਂ ਮਿਲਦਾ?
18. ਮੀਕਾਹ ਨਬੀ ਦੀ ਗੱਲ ਤੋਂ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਜਦ ਯਹੋਵਾਹ ਮਾਫ਼ ਕਰਦਾ ਹੈ, ਤਾਂ ਉਹ ਸਾਡੇ ਪਾਪਾਂ ਨੂੰ ਹਮੇਸ਼ਾ ਲਈ ਮਿਟਾ ਦਿੰਦਾ ਹੈ?
18 ਮੀਕਾਹ ਨਬੀ ਜਾਣਦਾ ਸੀ ਕਿ ਯਹੋਵਾਹ ਆਪਣੇ ਪਸ਼ਚਾਤਾਪੀ ਲੋਕਾਂ ਨੂੰ ਮਾਫ਼ ਕਰਦਾ ਹੈ। ਉਸ ਨੇ ਲਿਖਿਆ: ‘ਤੇਰੇ ਵਰਗਾ ਕਿਹੜਾ ਪਰਮੇਸ਼ੁਰ ਹੈ ਜੋ ਆਪਣੀ ਮਿਲਖ ਦੇ ਬਕੀਏ ਦੀ ਬਦੀ ਲਈ ਖਿਮਾ ਕਰਦਾ? ਤੂੰ ਓਹਨਾਂ ਦੇ ਸਾਰੇ ਪਾਪਾਂ ਨੂੰ ਸਮੁੰਦਰ ਦੀ ਤਹਿ ਵਿੱਚ ਸੁੱਟੇਂਗਾ।’ (ਮੀਕਾਹ 7:18, 19) ਜ਼ਰਾ ਸੋਚੋ ਕਿ ਉਸ ਜ਼ਮਾਨੇ ਵਿਚ ਰਹਿਣ ਵਾਲੇ ਲੋਕਾਂ ਉੱਤੇ ਇਨ੍ਹਾਂ ਸ਼ਬਦਾਂ ਦਾ ਕੀ ਅਸਰ ਪਿਆ ਹੋਵੇਗਾ। ਜੋ ਚੀਜ਼ ‘ਸਮੁੰਦਰ ਦੀ ਤਹਿ ਵਿੱਚ ਸੁੱਟੀ’ ਗਈ ਹੋਵੇ, ਕੀ ਉਹ ਦੁਬਾਰਾ ਬਾਹਰ ਕੱਢੀ ਜਾ ਸਕਦੀ ਸੀ? ਤਾਂ ਫਿਰ ਮੀਕਾਹ ਦੀ ਗੱਲ ਤੋਂ ਪਤਾ ਲੱਗਦਾ ਹੈ ਕਿ ਜਦ ਯਹੋਵਾਹ ਮਾਫ਼ ਕਰਦਾ ਹੈ, ਤਾਂ ਉਹ ਸਾਡੇ ਪਾਪਾਂ ਨੂੰ ਹਮੇਸ਼ਾ ਲਈ ਮਿਟਾ ਦਿੰਦਾ ਹੈ।
‘ਸਾਡੇ ਪਰਮੇਸ਼ੁਰ ਦਾ ਵੱਡਾ ਰਹਮ’
19, 20. (ੳ) ਜਿਸ ਇਬਰਾਨੀ ਕ੍ਰਿਆ ਦਾ ਤਰਜਮਾ “ਦਇਆ ਕਰਨੀ” ਜਾਂ “ਤਰਸ ਖਾਣਾ” ਕੀਤਾ ਗਿਆ ਹੈ, ਉਸ ਦਾ ਮਤਲਬ ਕੀ ਹੈ? (ਅ) ਸਾਨੂੰ ਯਹੋਵਾਹ ਦੇ ਰਹਿਮ ਬਾਰੇ ਸਿਖਾਉਣ ਲਈ ਬਾਈਬਲ ਵਿਚ ਮਾਂ ਦੀ ਮਮਤਾ ਦੀ ਉਦਾਹਰਣ ਕਿਸ ਤਰ੍ਹਾਂ ਵਰਤੀ ਗਈ ਹੈ?
19 ਰਹਿਮ ਯਹੋਵਾਹ ਦੇ ਪਿਆਰ ਦਾ ਇਕ ਹੋਰ ਪਹਿਲੂ ਹੈ। ਰਹਿਮ ਕਰਨ ਦਾ ਕੀ ਮਤਲਬ ਹੈ? ਪੰਜਾਬੀ ਬਾਈਬਲ ਵਿਚ ਰਹਿਮ ਨੂੰ ਦਇਆ ਵੀ ਸੱਦਿਆ ਗਿਆ ਹੈ। ਇਹ ਸਹੀ ਹੈ ਕਿਉਂਕਿ ਇਨ੍ਹਾਂ ਦੋਹਾਂ ਭਾਵਨਾਵਾਂ ਵਿਚ ਗੂੜ੍ਹਾ ਸੰਬੰਧ ਹੈ। ਇਨ੍ਹਾਂ ਭਾਵਨਾਵਾਂ ਲਈ ਕਈ ਇਬਰਾਨੀ ਤੇ ਯੂਨਾਨੀ ਸ਼ਬਦ ਵਰਤੇ ਗਏ ਹਨ। ਉਦਾਹਰਣ ਲਈ ਇਬਰਾਨੀ ਦੀ ਇਕ ਕ੍ਰਿਆ ਉੱਤੇ ਗੌਰ ਕਰੋ ਜਿਸ ਦਾ ਤਰਜਮਾ ਅਕਸਰ “ਦਇਆ ਕਰਨੀ” ਜਾਂ “ਤਰਸ ਖਾਣਾ” ਕੀਤਾ ਜਾਂਦਾ ਹੈ। ਯਹੋਵਾਹ ਦੀ ਇਸ ਭਾਵਨਾ ਲਈ ਜੋ ਇਬਰਾਨੀ ਸ਼ਬਦ ਵਰਤਿਆ ਗਿਆ ਹੈ, ਉਹ “ਕੁੱਖ” ਸ਼ਬਦ ਨਾਲ ਸੰਬੰਧ ਰੱਖਦਾ ਹੈ ਅਤੇ ਉਸ ਸ਼ਬਦ ਨੂੰ “ਮਾਂ ਦੀ ਮਮਤਾ” ਸੱਦਿਆ ਜਾ ਸਕਦਾ ਹੈ।
20 ਬਾਈਬਲ ਵਿਚ ਮਾਂ ਦੀ ਮਮਤਾ ਦੀ ਉਦਾਹਰਣ ਵਰਤ ਕੇ ਸਾਨੂੰ ਯਹੋਵਾਹ ਦੇ ਰਹਿਮ ਬਾਰੇ ਸਿਖਾਇਆ ਜਾਂਦਾ ਹੈ। ਯਸਾਯਾਹ 49:15 ਵਿਚ ਅਸੀਂ ਪੜ੍ਹਦੇ ਹਾਂ: “ਭਲਾ, ਤੀਵੀਂ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਭੁਲਾ ਸੱਕਦੀ, ਭਈ ਉਹ ਆਪਣੇ ਢਿੱਡ ਦੇ ਬਾਲ ਉੱਤੇ ਰਹਮ ਨਾ ਕਰੇ? ਏਹ ਭਾਵੇਂ ਭੁੱਲ ਜਾਣ ਪਰ ਮੈਂ ਤੈਨੂੰ ਨਹੀਂ ਭੁੱਲਾਂਗਾ।” ਇਸ ਤਰ੍ਹਾਂ ਸੋਚਣਾ ਵੀ ਮੁਸ਼ਕਲ ਹੈ ਕਿ ਇਕ ਮਾਂ ਆਪਣੇ ਬੱਚੇ ਨੂੰ ਦੁੱਧ ਪਿਲਾਉਣਾ ਜਾਂ ਉਸ ਦੀ ਦੇਖ-ਭਾਲ ਕਰਨੀ ਭੁੱਲ ਸਕਦੀ ਹੈ। ਇਕ ਮਾਸੂਮ ਬੱਚਾ ਤਾਂ ਆਪਣੇ ਆਪ ਲਈ ਕੁਝ ਨਹੀਂ ਕਰ ਸਕਦਾ। ਦਿਨ-ਰਾਤ ਉਸ ਨੂੰ ਆਪਣੀ ਮਾਂ ਦੇ ਲਾਡ-ਪਿਆਰ ਤੇ ਦੇਖ-ਭਾਲ ਦੀ ਲੋੜ ਹੁੰਦੀ ਹੈ। ਅਫ਼ਸੋਸ ਦੀ ਗੱਲ ਹੈ ਕਿ ਖ਼ਾਸ ਕਰਕੇ ਅੱਜ-ਕੱਲ੍ਹ ਦੇ “ਭੈੜੇ ਸਮੇਂ” ਵਿਚ ਕਈ ਮਾਵਾਂ ਬਿਲਕੁਲ “ਨਿਰਮੋਹ” ਹਨ। (2 ਤਿਮੋਥਿਉਸ 3:1, 3) “ਪਰ,” ਯਹੋਵਾਹ ਕਹਿੰਦਾ ਹੈ, “ਮੈਂ ਤੈਨੂੰ ਨਹੀਂ ਭੁੱਲਾਂਗਾ।” ਆਪਣੇ ਸੇਵਕਾਂ ਲਈ ਯਹੋਵਾਹ ਦਾ ਰਹਿਮ ਖ਼ਤਮ ਹੋਣ ਵਾਲਾ ਨਹੀਂ ਹੈ। ਇਹ ਰਹਿਮ ਹੋਰ ਕਿਸੇ ਵੀ ਭਾਵਨਾ ਨਾਲੋਂ ਗਹਿਰਾ ਹੈ। ਇਹ ਆਪਣੇ ਨਵਜੰਮੇ ਬੱਚੇ ਲਈ ਇਕ ਮਾਂ ਦੀ ਮਮਤਾ ਨਾਲੋਂ ਵੀ ਗਹਿਰਾ ਹੈ।
21, 22. ਪ੍ਰਾਚੀਨ ਮਿਸਰ ਵਿਚ ਇਸਰਾਏਲੀਆਂ ਨੇ ਕਿਹੋ ਜਿਹੇ ਦੁੱਖ ਸਹੇ ਸਨ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਦੇਖ ਕੇ ਯਹੋਵਾਹ ਨੇ ਕੀ ਕੀਤਾ ਸੀ?
21 ਯਹੋਵਾਹ ਇਕ ਪਿਆਰੇ ਪਿਤਾ ਵਾਂਗ ਰਹਿਮ ਦਾ ਸਬੂਤ ਕਿਸ ਤਰ੍ਹਾਂ ਦਿੰਦਾ ਹੈ? ਉਸ ਦੇ ਇਸਰਾਏਲ ਕੌਮ ਨਾਲ ਪੇਸ਼ ਆਉਣ ਤੋਂ ਇਸ ਗੁਣ ਦਾ ਸਪੱਸ਼ਟ ਸਬੂਤ ਮਿਲਦਾ ਹੈ। ਉਸ ਸਮੇਂ ਬਾਰੇ ਸੋਚੋ ਜਦੋਂ ਲੱਖਾਂ ਇਸਰਾਏਲੀ ਮਿਸਰ ਵਿਚ ਗ਼ੁਲਾਮ ਸਨ। ਉੱਥੇ ਉਹ ਡਾਢਾ ਅਤਿਆਚਾਰ ਸਹਿ ਰਹੇ ਸਨ। (ਕੂਚ 1:11, 14) ਬਿਪਤਾ ਦੇ ਉਸ ਸਮੇਂ ਇਸਰਾਏਲੀਆਂ ਨੇ ਯਹੋਵਾਹ ਨੂੰ ਦੁਹਾਈ ਦਿੱਤੀ ਸੀ। ਰਹਿਮਦਿਲ ਯਹੋਵਾਹ ਨੇ ਫਿਰ ਕੀ ਕੀਤਾ ਸੀ?
22 ਉਨ੍ਹਾਂ ਦਾ ਕਸ਼ਟ ਦੇਖ ਕੇ ਯਹੋਵਾਹ ਦਾ ਦਿਲ ਰੋਇਆ ਸੀ। ਉਸ ਨੇ ਕਿਹਾ: “ਮੈਂ ਆਪਣੀ ਪਰਜਾ ਦੀ ਮੁਸੀਬਤ ਨੂੰ ਜਿਹੜੀ ਮਿਸਰ ਵਿੱਚ ਹੈ ਸੱਚ ਮੁੱਚ ਵੇਖਿਆ ਹੈ ਅਰ ਉਨ੍ਹਾਂ ਦੀ ਦੁਹਾਈ . . . ਸੁਣੀ ਕਿਉਂ ਜੋ ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ।” (ਕੂਚ 3:7) ਯਹੋਵਾਹ ਲਈ ਇਹ ਨਾਮੁਮਕਿਨ ਸੀ ਕਿ ਉਹ ਉਨ੍ਹਾਂ ਦਾ ਦੁੱਖ ਦੇਖ ਕੇ ਅਤੇ ਉਨ੍ਹਾਂ ਦੀ ਦੁਹਾਈ ਸੁਣ ਕੇ ਉਨ੍ਹਾਂ ਤੇ ਤਰਸ ਨਾ ਖਾਵੇ। ਯਹੋਵਾਹ ਹਮਦਰਦੀ ਕਰਨ ਵਾਲਾ ਪਰਮੇਸ਼ੁਰ ਹੈ। ਕਿਸੇ ਹੋਰ ਦੇ ਦੁੱਖ ਨੂੰ ਆਪਣੇ ਦਿਲ ਵਿਚ ਮਹਿਸੂਸ ਕਰਨ ਨੂੰ ਹਮਦਰਦੀ ਸੱਦਿਆ ਜਾਂਦਾ ਹੈ ਅਤੇ ਇਹ ਤਰਸ ਖਾਣ ਦੇ ਬਰਾਬਰ ਹੈ। ਪਰ ਯਹੋਵਾਹ ਨੇ ਆਪਣੇ ਲੋਕਾਂ ਦਾ ਦਰਦ ਮਹਿਸੂਸ ਹੀ ਨਹੀਂ ਕੀਤਾ ਸੀ, ਸਗੋਂ ਉਸ ਨੇ ਉਨ੍ਹਾਂ ਦਾ ਦਰਦ ਦੂਰ ਕਰਨ ਲਈ ਕਦਮ ਵੀ ਚੁੱਕਿਆ ਸੀ। ਯਸਾਯਾਹ 63:9 ਵਿਚ ਸਾਨੂੰ ਦੱਸਿਆ ਗਿਆ ਹੈ: “ਓਸ ਆਪਣੇ ਪ੍ਰੇਮ ਵਿੱਚ ਅਤੇ ਆਪਣੇ ਤਰਸ ਵਿੱਚ ਓਹਨਾਂ ਨੂੰ ਛੁਡਾਇਆ।” ਯਹੋਵਾਹ ਨੇ “ਸ਼ਕਤੀ ਵਾਲੇ ਹੱਥ” ਨਾਲ ਮਿਸਰ ਵਿੱਚੋਂ ਇਸਰਾਏਲੀਆਂ ਨੂੰ ਬਚਾਇਆ ਸੀ। (ਬਿਵਸਥਾ ਸਾਰ 4:34) ਇਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਕਰਾਮਾਤੀ ਢੰਗ ਨਾਲ ਖਾਣ ਨੂੰ ਰੋਟੀ ਦਿੱਤੀ ਅਤੇ ਹਰੇ-ਭਰੇ ਦੇਸ਼ ਵਿਚ ਵਸਾਇਆ।
23. (ੳ) ਜ਼ਬੂਰਾਂ ਦੇ ਲਿਖਾਰੀ ਦੀ ਗੱਲ ਸਾਨੂੰ ਕਿਸ ਤਰ੍ਹਾਂ ਯਕੀਨ ਦਿਲਾਉਂਦੀ ਹੈ ਕਿ ਯਹੋਵਾਹ ਨੂੰ ਸਾਡੀ ਸਾਰਿਆਂ ਦੀ ਚਿੰਤਾ ਹੈ? (ਅ) ਯਹੋਵਾਹ ਸਾਡੀ ਮਦਦ ਕਿਸ ਤਰ੍ਹਾਂ ਕਰਦਾ ਹੈ?
23 ਯਹੋਵਾਹ ਆਪਣੇ ਲੋਕਾਂ ਦੀ ਮਦਦ ਸਿਰਫ਼ ਇਕ ਸਮੂਹ ਵਜੋਂ ਹੀ ਨਹੀਂ ਕਰਦਾ। ਸਾਡਾ ਪਿਆਰਾ ਪਰਮੇਸ਼ੁਰ ਸਾਡੀ ਨਿੱਜੀ ਤੌਰ ਤੇ ਵੀ ਚਿੰਤਾ ਕਰਦਾ ਹੈ। ਅਸੀਂ ਯਕੀਨ ਰੱਖ ਸਕਦੇ ਹਾਂ ਕਿ ਉਹ ਸਾਡੇ ਸਾਰੇ ਦੁੱਖ-ਦਰਦ ਜਾਣਦਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ ਸੀ: “ਯਹੋਵਾਹ ਦੀਆਂ ਅੱਖੀਆਂ ਧਰਮੀਆਂ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਹਨ। ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ ਆਤਮਾਂ ਵਾਲਿਆਂ ਨੂੰ ਬਚਾਉਂਦਾ ਹੈ।” (ਜ਼ਬੂਰਾਂ ਦੀ ਪੋਥੀ 34:15, 18) ਯਹੋਵਾਹ ਸਾਡੀ ਨਿੱਜੀ ਤੌਰ ਤੇ ਮਦਦ ਕਿਸ ਤਰ੍ਹਾਂ ਕਰਦਾ ਹੈ? ਇਹ ਜ਼ਰੂਰੀ ਨਹੀਂ ਹੈ ਕਿ ਉਹ ਸਾਡੇ ਦੁੱਖਾਂ ਦੇ ਕਾਰਨ ਮਿਟਾ ਦੇਵੇ, ਪਰ ਯਹੋਵਾਹ ਨੇ ਦੁਹਾਈ ਦੇਣ ਵਾਲਿਆਂ ਦੀ ਸਹਾਇਤਾ ਵਾਸਤੇ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਹਨ। ਉਸ ਦੇ ਬਚਨ, ਬਾਈਬਲ ਦੀ ਸਲਾਹ ਨੂੰ ਲਾਗੂ ਕਰ ਕੇ ਸਾਨੂੰ ਫ਼ਾਇਦਾ ਹੋ ਸਕਦਾ ਹੈ। ਉਸ ਨੇ ਕਲੀਸਿਯਾ ਵਿਚ ਅਜਿਹੇ ਕਾਬਲ ਬਜ਼ੁਰਗਾਂ ਦਾ ਇੰਤਜ਼ਾਮ ਕੀਤਾ ਹੋਇਆ ਹੈ ਜੋ ਉਸ ਵਾਂਗ ਆਪਣੇ ਸੰਗੀ ਮਸੀਹੀਆਂ ਉੱਤੇ ਰਹਿਮ ਕਰਦੇ ਹਨ। (ਯਾਕੂਬ 5:14, 15) “ਪ੍ਰਾਰਥਨਾ ਦੇ ਸੁਣਨ ਵਾਲੇ” ਵਜੋਂ ਉਹ “ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ” ਦਿੰਦਾ ਹੈ। (ਜ਼ਬੂਰਾਂ ਦੀ ਪੋਥੀ 65:2; ਲੂਕਾ 11:13) ਇਹ ਸਾਰੇ ਪ੍ਰਬੰਧ “ਸਾਡੇ ਪਰਮੇਸ਼ੁਰ ਦੇ ਵੱਡੇ ਰਹਮ” ਦਾ ਸਬੂਤ ਹਨ।—ਲੂਕਾ 1:78.
24. ਯਹੋਵਾਹ ਦੇ ਪਿਆਰ ਦੇ ਵੱਟੇ ਤੁਸੀਂ ਕੀ ਕਰੋਗੇ?
24 ਯਹੋਵਾਹ ਦੇ ਪਿਆਰ ਦੀ ਚਰਚਾ ਕਰਨੀ ਸਾਨੂੰ ਬਹੁਤ ਹੀ ਪਸੰਦ ਹੈ। ਪਿੱਛਲੇ ਲੇਖ ਵਿਚ ਅਸੀਂ ਦੇਖਿਆ ਸੀ ਕਿ ਯਹੋਵਾਹ ਨੇ ਪਿਆਰ ਨਾਲ ਕਿਸ ਤਰ੍ਹਾਂ ਆਪਣੀ ਸ਼ਕਤੀ, ਆਪਣਾ ਇਨਸਾਫ਼ ਅਤੇ ਆਪਣੀ ਬੁੱਧ ਸਾਡੇ ਲਾਭ ਲਈ ਵਰਤੇ ਹਨ। ਇਸ ਲੇਖ ਵਿਚ ਅਸੀਂ ਦੇਖਿਆ ਹੈ ਕਿ ਯਹੋਵਾਹ ਨੇ ਇਨਸਾਨਜਾਤ ਨਾਲ ਅਤੇ ਨਿੱਜੀ ਤੌਰ ਤੇ ਸਾਡੇ ਨਾਲ ਕਿਸ ਤਰ੍ਹਾਂ ਪਿਆਰ ਕੀਤਾ ਹੈ। ਸਾਨੂੰ ਹੁਣ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ, ‘ਮੈਂ ਯਹੋਵਾਹ ਨੂੰ ਕਿਸ ਤਰ੍ਹਾਂ ਦਿਖਾ ਸਕਦਾ ਹਾਂ ਕਿ ਮੈਂ ਉਸ ਨਾਲ ਪਿਆਰ ਕਰਦਾ ਹਾਂ?’ ਆਓ ਆਪਾਂ ਯਹੋਵਾਹ ਦੇ ਪਿਆਰ ਦੇ ਵੱਟੇ ਉਸ ਨਾਲ ਆਪਣੇ ਪੂਰੇ ਦਿਲ, ਜਾਨ, ਬੁੱਧ ਅਤੇ ਸ਼ਕਤੀ ਨਾਲ ਪਿਆਰ ਕਰੀਏ। (ਮਰਕੁਸ 12:29, 30) ਅਸੀਂ ਦੁਆ ਕਰਦੇ ਹਾਂ ਕਿ ਤੁਹਾਡੇ ਹਰ ਛੋਟੇ-ਵੱਡੇ ਫ਼ੈਸਲੇ ਤੋਂ ਹਮੇਸ਼ਾ ਇਹ ਗੱਲ ਜ਼ਾਹਰ ਹੋਵੇਗੀ ਕਿ ਤੁਸੀਂ ਯਹੋਵਾਹ ਦੇ ਨੇੜੇ ਰਹਿਣਾ ਚਾਹੁੰਦੇ ਹੋ। ਸਾਡੀ ਇਹ ਵੀ ਦੁਆ ਹੈ ਕਿ ਤੁਸੀਂ ਹਮੇਸ਼ਾ ਲਈ ਯਹੋਵਾਹ, ਜੋ ਪ੍ਰੇਮ ਹੈ, ਦੇ ਨੇੜੇ ਰਹੋਗੇ ਅਤੇ ਉਹ ਤੁਹਾਡੇ ਨੇੜੇ ਰਹੇਗਾ!—ਯਾਕੂਬ 4:8.
[ਫੁਟਨੋਟ]
a ਇਕ ਵਿਦਵਾਨ ਕਹਿੰਦਾ ਹੈ ਕਿ ਕਿਰਮਚੀ ਇੰਨਾ “ਪੱਕਾ ਰੰਗ ਹੁੰਦਾ ਸੀ ਕਿ ਇਹ ਕਦੇ ਲਹਿੰਦਾ ਨਹੀਂ ਸੀ। ਉਸ ਨੂੰ ਨਾ ਤ੍ਰੇਲ ਤੇ ਨਾ ਮੀਂਹ ਮਿਟਾ ਸਕਦਾ ਸੀ ਅਤੇ ਨਾ ਹੀ ਧੋਣ ਅਤੇ ਹੰਡਾਉਣ ਨਾਲ ਇਹ ਮਿਟਾਇਆ ਜਾ ਸਕਦਾ ਸੀ।”
ਕੀ ਤੁਹਾਨੂੰ ਯਾਦ ਹੈ?
• ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਯਹੋਵਾਹ ਦਾ ਮੁੱਖ ਗੁਣ ਪਿਆਰ ਹੈ?
• ਅਸੀਂ ਇਸ ਤਰ੍ਹਾਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਦੇ ਇਕਲੌਤੇ ਪੁੱਤਰ ਦੀ ਕੁਰਬਾਨੀ ਪ੍ਰੇਮ ਦੀ ਉੱਤਮ ਮਿਸਾਲ ਹੈ?
• ਯਹੋਵਾਹ ਸਾਨੂੰ ਯਕੀਨ ਕਿਸ ਤਰ੍ਹਾਂ ਦਿਲਾਉਂਦਾ ਹੈ ਕਿ ਉਹ ਸਾਡੇ ਨਾਲ ਨਿੱਜੀ ਤੌਰ ਤੇ ਪਿਆਰ ਕਰਦਾ ਹੈ?
• ਬਾਈਬਲ ਵਿਚ ਕਿਹੜੀਆਂ ਉਦਾਹਰਣਾਂ ਦੇ ਕੇ ਦੱਸਿਆ ਗਿਆ ਹੈ ਕਿ ਯਹੋਵਾਹ ਸਾਨੂੰ ਮਾਫ਼ ਕਰਦਾ ਹੈ?
[ਸਫ਼ੇ 15 ਉੱਤੇ ਤਸਵੀਰ]
“ਪਰਮੇਸ਼ੁਰ ਨੇ . . . ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ”
[ਸਫ਼ੇ 16, 17 ਉੱਤੇ ਤਸਵੀਰ]
“ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ”
[ਕ੍ਰੈਡਿਟ ਲਾਈਨ]
© J. Heidecker/VIREO
[ਸਫ਼ੇ 18 ਉੱਤੇ ਤਸਵੀਰ]
ਮਾਂ ਦੀ ਮਮਤਾ ਤੋਂ ਅਸੀਂ ਯਹੋਵਾਹ ਦੇ ਰਹਿਮ ਬਾਰੇ ਸਿੱਖ ਸਕਦੇ ਹਾਂ