“ਉਹ ਹੁੱਸੇ ਹੋਏ ਨੂੰ ਬਲ ਦਿੰਦਾ ਹੈ”
2018 ਲਈ ਬਾਈਬਲ ਦਾ ਹਵਾਲਾ: “ਯਹੋਵਾਹ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ”—ਯਸਾ. 40:31.
1. ਸਾਨੂੰ ਕਿਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ? ਯਹੋਵਾਹ ਸਾਡੇ ਤੋਂ ਖ਼ੁਸ਼ ਕਿਉਂ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
ਤੁਸੀਂ ਜ਼ਰੂਰ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਇਸ ਦੁਨੀਆਂ ਵਿਚ ਰਹਿਣਾ ਸੌਖਾ ਨਹੀਂ। ਸਾਡੇ ਬਹੁਤ ਸਾਰੇ ਭੈਣ-ਭਰਾ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਹਨ। ਕੁਝ ਭੈਣ-ਭਰਾ ਵੱਡੀ ਉਮਰ ਹੋਣ ਦੇ ਬਾਵਜੂਦ ਵੀ ਆਪਣੇ ਸਿਆਣੀ ਉਮਰ ਦੇ ਰਿਸ਼ਤੇਦਾਰਾਂ ਦੀ ਦੇਖ-ਭਾਲ ਕਰ ਰਹੇ ਹਨ। ਆਪਣੇ ਘਰ ਦਾ ਗੁਜ਼ਾਰਾ ਤੋਰਨ ਲਈ ਕੁਝ ਭੈਣਾਂ-ਭਰਾਵਾਂ ਨੂੰ ਖ਼ੂਨ-ਪਸੀਨਾ ਇਕ ਕਰਨਾ ਪੈਂਦਾ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਕੁਝ ਭੈਣਾਂ-ਭਰਾਵਾਂ ਨੂੰ ਇੱਕੋ ਸਮੇਂ ʼਤੇ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਨ੍ਹਾਂ ਦਾ ਸਾਮ੍ਹਣਾ ਕਰਨ ਲਈ ਕਾਫ਼ੀ ਸਮਾਂ, ਤਾਕਤ ਅਤੇ ਪੈਸਾ ਲੱਗਦਾ ਹੈ। ਇਨ੍ਹਾਂ ਗੱਲਾਂ ਦੇ ਬਾਵਜੂਦ ਵੀ ਉਨ੍ਹਾਂ ਨੂੰ ਭਰੋਸਾ ਹੈ ਕਿ ਯਹੋਵਾਹ ਉਨ੍ਹਾਂ ਦਾ ਸਾਥ ਦੇਵੇਗਾ। ਉਹ ਜਾਣਦੇ ਹਨ ਕਿ ਇਕ ਦਿਨ ਉਨ੍ਹਾਂ ਦੇ ਹਾਲਾਤ ਜ਼ਰੂਰ ਠੀਕ ਹੋ ਜਾਣਗੇ ਕਿਉਂਕਿ ਇਹ ਪਰਮੇਸ਼ੁਰ ਦਾ ਵਾਅਦਾ ਹੈ। ਉਨ੍ਹਾਂ ਦੀ ਨਿਹਚਾ ਦੇਖ ਕੇ ਯਹੋਵਾਹ ਦਾ ਦਿਲ ਬਾਗ਼-ਬਾਗ਼ ਹੁੰਦਾ ਹੈ!
2. ਸਾਨੂੰ ਯਸਾਯਾਹ 40:29 ਤੋਂ ਹੌਸਲਾ ਕਿਉਂ ਮਿਲਦਾ ਹੈ? ਸ਼ਾਇਦ ਸਾਡੇ ਤੋਂ ਕਿਹੜੀ ਗੰਭੀਰ ਗ਼ਲਤੀ ਹੋ ਸਕਦੀ ਹੈ?
2 ਕੀ ਤੁਹਾਨੂੰ ਕਦੀ-ਕਦੀ ਲੱਗਦਾ ਹੈ ਕਿ ਹੁਣ ਤੁਹਾਡੀ ਬੱਸ ਹੋ ਚੁੱਕੀ ਹੈ ਅਤੇ ਤੁਸੀਂ ਹੋਰ ਨਹੀਂ ਸਹਿ ਸਕਦੇ? ਜੇ ਤੁਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹੋ, ਤਾਂ ਤੁਸੀਂ ਇਕੱਲੇ ਨਹੀਂ। ਪੁਰਾਣੇ ਸਮੇਂ ਵਿਚ ਪਰਮੇਸ਼ੁਰ ਦੇ ਕੁਝ ਵਫ਼ਾਦਾਰ ਸੇਵਕਾਂ ਨੇ ਵੀ ਤੁਹਾਡੇ ਵਾਂਗ ਮਹਿਸੂਸ ਕੀਤਾ ਸੀ। ਉਨ੍ਹਾਂ ਨੂੰ ਵੀ ਲੱਗਾ ਕਿ ਉਹ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦੇ। (1 ਰਾਜ. 19:4; ਅੱਯੂ. 7:7) ਪਰ ਹਾਲਾਤਾਂ ਦਾ ਸਾਮ੍ਹਣਾ ਕਰਨ ਲਈ ਉਨ੍ਹਾਂ ਨੂੰ ਤਾਕਤ ਕਿੱਥੋਂ ਮਿਲੀ? ਉਨ੍ਹਾਂ ਨੇ ਯਹੋਵਾਹ ਤੋਂ ਤਾਕਤ ਪਾਈ। ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ “ਹੁੱਸੇ ਹੋਏ ਨੂੰ ਬਲ ਦਿੰਦਾ ਹੈ।” (ਯਸਾ. 40:29) ਪਰ ਬਹੁਤ ਦੁੱਖ ਦੀ ਗੱਲ ਹੈ ਕਿ ਕੁਝ ਭੈਣਾਂ-ਭਰਾਵਾਂ ਨੂੰ ਲੱਗਦਾ ਹੈ ਕਿ ਜੇ ਉਹ ਕੁਝ ਸਮੇਂ ਲਈ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਣ, ਤਾਂ ਹੀ ਉਹ ਆਪਣੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਣਗੇ। ਉਨ੍ਹਾਂ ਨੂੰ ਯਹੋਵਾਹ ਦੀ ਸੇਵਾ ਕਰਨੀ ਬਰਕਤ ਨਹੀਂ, ਸਗੋਂ ਬੋਝ ਲੱਗਦੀ ਹੈ। ਇਸ ਲਈ ਉਹ ਬਾਈਬਲ ਪੜ੍ਹਨੀ, ਸਭਾਵਾਂ ʼਤੇ ਜਾਣਾ ਅਤੇ ਪ੍ਰਚਾਰ ਕਰਨਾ ਛੱਡ ਦਿੰਦੇ ਹਨ। ਸ਼ੈਤਾਨ ਇਹੀ ਤਾਂ ਚਾਹੁੰਦਾ।
3. (ੳ) ਅਸੀਂ ਸ਼ੈਤਾਨ ਨੂੰ ਕਿਵੇਂ ਹਰਾ ਸਕਦੇ ਹਾਂ? (ਅ) ਅਸੀਂ ਇਸ ਲੇਖ ਵਿਚ ਕਿਨ੍ਹਾਂ ਗੱਲਾਂ ʼਤੇ ਚਰਚਾ ਕਰਾਂਗੇ?
3 ਸ਼ੈਤਾਨ ਚੰਗੀ ਤਰ੍ਹਾਂ ਜਾਣਦਾ ਹੈ ਕਿ ਪਰਮੇਸ਼ੁਰ ਦੇ ਕੰਮਾਂ ਵਿਚ ਰੁੱਝੇ ਰਹਿਣ ਨਾਲ ਸਾਨੂੰ ਤਾਕਤ ਮਿਲਦੀ ਹੈ। ਸ਼ੈਤਾਨ ਕਦੀ ਨਹੀਂ ਚਾਹੇਗਾ ਕਿ ਅਸੀਂ ਮਜ਼ਬੂਤ ਰਹੀਏ। ਇਸ ਲਈ ਜਦੋਂ ਵੀ ਤੁਸੀਂ ਨਿਰਾਸ਼, ਪਰੇਸ਼ਾਨ ਅਤੇ ਥੱਕੇ-ਟੁੱਟੇ ਹੁੰਦੇ ਹੋ, ਤਾਂ ਯਹੋਵਾਹ ਤੋਂ ਦੂਰ ਹੋਣ ਦੀ ਬਜਾਇ ਉਸ ਦੇ ਹੋਰ ਵੀ ਨੇੜੇ ਜਾਓ। ਕਿਉਂ? ਕਿਉਂਕਿ “ਉਹੀ ਤੁਹਾਨੂੰ ਮਜ਼ਬੂਤ ਕਰੇਗਾ ਅਤੇ ਉਹੀ ਤੁਹਾਨੂੰ ਤਕੜਾ ਕਰੇਗਾ।” (1 ਪਤ. 5:10; ਯਾਕੂ. 4:8) ਇਸ ਲੇਖ ਵਿਚ ਅਸੀਂ ਦੋ ਹਾਲਾਤਾਂ ਉੱਤੇ ਚਰਚਾ ਕਰਾਂਗੇ ਜਿਨ੍ਹਾਂ ਵਿਚ ਅਸੀਂ ਯਹੋਵਾਹ ਦੇ ਸੇਵਾ ਵਿਚ ਢਿੱਲੇ ਪੈ ਸਕਦੇ ਹਾਂ। ਨਾਲੇ ਅਸੀਂ ਬਾਈਬਲ ਦੇ ਕੁਝ ਅਸੂਲ ਵੀ ਦੇਖਾਂਗੇ ਜਿਨ੍ਹਾਂ ਦੀ ਮਦਦ ਨਾਲ ਅਸੀਂ ਮੁਸ਼ਕਲ ਘੜੀਆਂ ਵਿੱਚੋਂ ਦੀ ਲੰਘ ਸਕਾਂਗੇ। ਪਰ ਆਓ ਪਹਿਲਾ ਆਪਾਂ ਯਸਾਯਾਹ 40:26-31 ʼਤੇ ਗੌਰ ਕਰੀਏ ਅਤੇ ਦੇਖੀਏ ਕਿ ਯਹੋਵਾਹ ਸਾਡੀ ਤਾਕਤ ਨੂੰ ਕਿਵੇਂ ਵਧਾਉਂਦਾ ਹੈ।
ਯਹੋਵਾਹ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ
4. ਅਸੀਂ ਯਸਾਯਾਹ 40:26 ਤੋਂ ਕੀ ਸਿੱਖ ਸਕਦੇ ਹਾਂ?
4 ਯਸਾਯਾਹ 40:26 ਪੜ੍ਹੋ। ਅੱਜ ਤਕ ਕੋਈ ਨਹੀਂ ਦੱਸ ਸਕਿਆ ਕਿ ਬ੍ਰਹਿਮੰਡ ਵਿਚ ਕਿੰਨੇ ਤਾਰੇ ਹਨ। ਵਿਗਿਆਨੀ ਕਹਿੰਦੇ ਹਨ ਕਿ ਸਾਡੀ ਆਕਾਸ਼-ਗੰਗਾ ਨਾਂ ਦੀ ਗਲੈਕਸੀ ਵਿਚ ਲਗਭਗ 4 ਖਰਬ ਤਾਰੇ ਹਨ। ਫਿਰ ਵੀ ਯਹੋਵਾਹ ਇਕ-ਇਕ ਤਾਰੇ ਨੂੰ ਨਾਂ ਤੋਂ ਜਾਣਦਾ ਹੈ। ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਜੇ ਯਹੋਵਾਹ ਬੇਜਾਨ ਤਾਰਿਆਂ ਵਿਚ ਇੰਨੀ ਦਿਲਚਸਪੀ ਰੱਖਦਾ ਹੈ, ਤਾਂ ਕੀ ਉਨ੍ਹਾਂ ਤੋਂ ਵੀ ਕਿਤੇ ਵੱਧ ਉਹ ਤੁਹਾਡੇ ਵਿਚ ਦਿਲਚਸਪੀ ਨਹੀਂ ਰੱਖੇਗਾ। ਪਰ ਕਿਉਂ? ਕਿਉਂਕਿ ਤੁਸੀਂ ਉਸ ਦੀ ਸੇਵਾ ਫ਼ਰਜ਼ ਜਾਂ ਬੋਝ ਸਮਝ ਕੇ ਨਹੀਂ, ਸਗੋਂ ਪਿਆਰ ਕਰਕੇ ਕਰਦੇ ਹੋ। (ਜ਼ਬੂ. 19:1, 3, 14) ਸਾਡਾ ਪਿਆਰਾ ਪਿਤਾ ਸਾਡੀ ਰਗ-ਰਗ ਤੋਂ ਵਾਕਫ਼ ਹੈ। ਇੱਥੋਂ ਤਕ ਕਿ ਉਸ ਨੇ ਸਾਡੇ “ਸਿਰ ਦੇ ਸਾਰੇ ਵਾਲ਼ ਵੀ ਗਿਣੇ ਹੋਏ ਹਨ।” (ਮੱਤੀ 10:30) ਜ਼ਬੂਰਾਂ ਦੇ ਲਿਖਾਰੀ ਨੇ ਸਾਨੂੰ ਇਹ ਤਸੱਲੀਬਖ਼ਸ਼ ਸ਼ਬਦ ਕਹੇ: “ਤੈਂ ਮੇਰੇ ਦੁਖ ਨੂੰ ਵੇਖਿਆ ਹੈ, ਤੈਂ ਮੇਰੀ ਜਾਨ ਦੇ ਕਸ਼ਟਾਂ ਨੂੰ ਜਾਣ ਲਿਆ ਹੈ।” (ਜ਼ਬੂ. 31:7) ਜੀ ਹਾਂ, ਯਹੋਵਾਹ ਜਾਣਦਾ ਹੈ ਕਿ ਤੁਸੀਂ ਕਿਨ੍ਹਾਂ ਅਜ਼ਮਾਇਸ਼ਾਂ ਵਿੱਚੋਂ ਲੰਘ ਰਹੇ ਹੋ ਅਤੇ ਇਨ੍ਹਾਂ ਦਾ ਸਾਮ੍ਹਣਾ ਕਰਨ ਲਈ ਉਹ ਤੁਹਾਨੂੰ ਤਾਕਤ ਵੀ ਬਖ਼ਸ਼ੇਗਾ।
5. ਅਸੀਂ ਇਹ ਭਰੋਸਾ ਕਿਉਂ ਰੱਖਦੇ ਹਾਂ ਕਿ ਯਹੋਵਾਹ ਸਾਨੂੰ ਤਾਕਤ ਦੇਵੇਗਾ?
5 ਯਸਾਯਾਹ 40:28 ਪੜ੍ਹੋ। ਯਹੋਵਾਹ ਵੱਡੀ ਸ਼ਕਤੀ ਅਤੇ ਡਾਢੇ ਬਲ ਦਾ ਸੋਮਾ ਹੈ। ਮਿਸਾਲ ਲਈ, ਸੋਚੋ ਕਿ ਉਸ ਨੇ ਸੂਰਜ ਵਿਚ ਕਿੰਨੀ ਊਰਜਾ ਪਾਈ ਹੈ? ਡੇਵਿਡ ਨਾਂ ਦਾ ਵਿਗਿਆਨੀ ਕਹਿੰਦਾ ਹੈ ਕਿ ਸੂਰਜ ਹਰ ਇਕ ਸਕਿੰਟ ਵਿਚ ਅਰਬਾਂ-ਖਰਬਾਂ ਪਰਮਾਣੂ-ਬੰਬਾਂ ਜਿੰਨੀ ਊਰਜਾ ਪੈਦਾ ਕਰਦਾ ਹੈ। ਇਕ ਹੋਰ ਖੋਜਕਾਰ ਮੁਤਾਬਕ ਸੂਰਜ ਇਕ ਸਕਿੰਟ ਵਿਚ ਇੰਨੀ ਜ਼ਿਆਦਾ ਊਰਜਾ ਪੈਦਾ ਕਰਦਾ ਹੈ ਕਿ ਪੂਰੀ ਦੁਨੀਆਂ ਦੋ ਲੱਖ ਸਾਲਾਂ ਤਕ ਇਸ ਊਰਜਾ ਨੂੰ ਵਰਤ ਸਕਦੀ ਹੈ। ਜੇ ਯਹੋਵਾਹ ਸੂਰਜ ਨੂੰ ਇੰਨੀ ਜ਼ਿਆਦਾ ਤਾਕਤ ਦੇ ਸਕਦਾ ਹੈ, ਤਾਂ ਕੀ ਉਹ ਤੁਹਾਨੂੰ ਔਖਿਆਂ ਘੜੀਆਂ ਵਿੱਚੋਂ ਨਿਕਲਣ ਦੀ ਤਾਕਤ ਨਹੀਂ ਦੇ ਸਕਦਾ?
6. ਯਿਸੂ ਦਾ ਜੂਲਾ ਚੁੱਕਣਾ ਆਸਾਨ ਕਿਉਂ ਹੈ? ਇਸ ਗੱਲ ਦਾ ਸਾਡੇ ʼਤੇ ਕੀ ਅਸਰ ਪੈਂਦਾ ਹੈ?
6 ਯਸਾਯਾਹ 40:29 ਪੜ੍ਹੋ। ਯਹੋਵਾਹ ਦੀ ਸੇਵਾ ਕਰ ਕੇ ਸਾਨੂੰ ਬੇਹੱਦ ਖ਼ੁਸ਼ੀ ਮਿਲਦੀ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਮੇਰਾ ਜੂਲਾ ਆਪਣੇ ਮੋਢਿਆਂ ਉੱਤੇ ਰੱਖ ਲਓ।” ਉਸ ਨੇ ਇਹ ਵੀ ਕਿਹਾ: “ਤੁਹਾਡੀਆਂ ਜਾਨਾਂ ਨੂੰ ਤਾਜ਼ਗੀ ਮਿਲੇਗੀ। ਕਿਉਂਕਿ ਮੇਰਾ ਜੂਲਾ ਚੁੱਕਣਾ ਆਸਾਨ ਹੈ ਅਤੇ ਮੈਂ ਤੁਹਾਨੂੰ ਜੋ ਚੁੱਕਣ ਲਈ ਕਹਿੰਦਾ ਹਾਂ, ਉਹ ਭਾਰਾ ਨਹੀਂ ਹੈ।” (ਮੱਤੀ 11:28-30) ਯਿਸੂ ਦੀ ਇਹ ਗੱਲ ਸੋਲਾਂ ਆਨੇ ਸੱਚ ਹੈ! ਕਈ ਵਾਰ ਥੱਕੇ-ਟੁੱਟੇ ਹੋਣ ਕਰਕੇ ਪ੍ਰਚਾਰ ਅਤੇ ਸਭਾਵਾਂ ਲਈ ਤਿਆਰ ਹੋ ਕੇ ਘਰੋਂ ਨਿਕਲਣਾ ਔਖਾ ਲੱਗਦਾ ਹੈ। ਪਰ ਫਿਰ ਵੀ ਜਦੋਂ ਅਸੀਂ ਤਿਆਰ ਹੋ ਕੇ ਚੱਲੇ ਜਾਂਦੇ ਹਾਂ, ਤਾਂ ਵਾਪਸ ਆ ਕੇ ਸਾਨੂੰ ਕਿੱਦਾਂ ਦਾ ਲੱਗਦਾ? ਅਸੀਂ ਤਰੋ-ਤਾਜ਼ਾ ਮਹਿਸੂਸ ਕਰਦੇ ਹਾਂ ਅਤੇ ਆਪਣੀਆਂ ਮੁਸੀਬਤਾਂ ਦਾ ਡੱਟ ਕੇ ਸਾਮ੍ਹਣਾ ਕਰਨ ਲਈ ਸਾਡਾ ਹੌਸਲਾ ਬੁਲੰਦ ਹੁੰਦਾ ਹੈ। ਸੱਚ-ਮੁੱਚ, ਯਿਸੂ ਦਾ ਜੂਲਾ ਚੁੱਕਣਾ ਆਸਾਨ ਹੈ।
7. ਇਕ ਤਜਰਬਾ ਦੱਸੋ ਜਿਸ ਤੋਂ ਪਤਾ ਲੱਗਦਾ ਹੈ ਕਿ ਮੱਤੀ 11:28-30 ਦੇ ਸ਼ਬਦ ਸੋਲਾਂ ਆਨੇ ਸੱਚ ਹਨ।
7 ਇਕ ਭੈਣ ਦੀ ਮਿਸਾਲ ਉੱਤੇ ਗੌਰ ਕਰੋ। ਉਸ ਨੂੰ ਅਜਿਹੀ ਬੀਮਾਰੀ ਹੈ (ਕਰੌਨਿਕ ਫਟੀਗ ਸਿੰਡਰੋਮ) ਜਿਸ ਕਰਕੇ ਉਹ ਥੱਕੀ-ਟੁੱਟੀ ਰਹਿੰਦੀ ਹੈ, ਉਹ ਡਿਪਰੈਸ਼ਨ ਦੀ ਸ਼ਿਕਾਰ ਹੈ ਅਤੇ ਉਸ ਦਾ ਸਿਰ ਵੀ ਬੁਰੀ ਤਰ੍ਹਾਂ ਦੁਖਦਾ ਰਹਿੰਦਾ ਹੈ। ਇਸ ਲਈ ਕਦੇ-ਕਦੇ ਉਸ ਲਈ ਸਭਾਵਾਂ ʼਤੇ ਜਾਣਾ ਬਹੁਤ ਔਖਾ ਹੁੰਦਾ ਹੈ। ਪਰ ਜਦੋਂ ਉਸ ਨੇ ਇਕ ਵਾਰ ਸਭਾ ʼਤੇ ਜਾਣ ਲਈ ਜੱਦੋ-ਜਹਿਦ ਕੀਤੀ, ਤਾਂ ਬਾਅਦ ਵਿਚ ਉਸ ਨੇ ਲਿਖਿਆ: “ਪਬਲਿਕ ਭਾਸ਼ਣ ਨਿਰਾਸ਼ਾ ਬਾਰੇ ਸੀ। ਭਰਾ ਨੇ ਇੰਨੀ ਹਮਦਰਦੀ ਅਤੇ ਪਿਆਰ ਨਾਲ ਜਾਣਕਾਰੀ ਪੇਸ਼ ਕੀਤੀ ਕਿ ਮੱਲੋ-ਮੱਲੀ ਮੇਰੇ ਅੱਥਰੂ ਨਿਕਲ ਆਏ। ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਮੈਨੂੰ ਸਭਾਵਾਂ ਦਾ ਨਾਗਾ ਨਹੀਂ ਪਾਉਣਾ ਚਾਹੀਦਾ।” ਸਭਾ ʼਤੇ ਜਾ ਕੇ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਹੋਣਾ!
8, 9. ਪੌਲੁਸ ਦੇ ਇਹ ਕਹਿਣ ਦਾ ਕੀ ਮਤਲਬ ਸੀ: “ਜਦੋਂ ਮੈਂ ਕਮਜ਼ੋਰ ਹੁੰਦਾ ਹਾਂ, ਉਦੋਂ ਮੈਂ ਤਾਕਤਵਰ ਹੁੰਦਾ ਹਾਂ”?
8 ਯਸਾਯਾਹ 40:30 ਪੜ੍ਹੋ। ਭਾਵੇਂ ਅਸੀਂ ਕਿੰਨੇ ਹੀ ਕਾਬਲ ਕਿਉਂ ਨਾ ਹੋਈਏ, ਫਿਰ ਵੀ ਅਸੀਂ ਆਪਣੀ ਤਾਕਤ ਨਾਲ ਸਭ ਕੁਝ ਨਹੀਂ ਕਰ ਸਕਦੇ। ਸਾਨੂੰ ਸਾਰਿਆਂ ਨੂੰ ਇਹ ਗੱਲ ਸਿੱਖਣ ਦੀ ਲੋੜ ਹੈ। ਪੌਲੁਸ ਬਹੁਤ ਹੀ ਕਾਬਲ ਸੀ, ਪਰ ਇਸ ਦੇ ਬਾਵਜੂਦ ਵੀ ਪੌਲੁਸ ਉਹ ਸਭ ਕੰਮ ਨਹੀਂ ਕਰ ਸਕਿਆ ਜੋ ਉਹ ਕਰਨਾ ਚਾਹੁੰਦਾ ਸੀ। ਜਦੋਂ ਉਸ ਨੇ ਆਪਣੀ ਇਸ ਚਿੰਤਾ ਬਾਰੇ ਪਰਮੇਸ਼ੁਰ ਨੂੰ ਦੱਸਿਆ, ਤਾਂ ਉਸ ਨੂੰ ਇਹ ਜਵਾਬ ਮਿਲਿਆ: “ਕਮਜ਼ੋਰੀ ਦੌਰਾਨ ਮੇਰੀ ਤਾਕਤ ਪੂਰੀ ਤਰ੍ਹਾਂ ਤੇਰੇ ਨਾਲ ਹੁੰਦੀ ਹੈ।” ਪੌਲੁਸ ਇਹ ਗੱਲ ਸਮਝ ਗਿਆ ਸੀ ਇਸ ਲਈ ਉਸ ਨੇ ਕਿਹਾ: “ਜਦੋਂ ਮੈਂ ਕਮਜ਼ੋਰ ਹੁੰਦਾ ਹਾਂ, ਉਦੋਂ ਮੈਂ ਤਾਕਤਵਰ ਹੁੰਦਾ ਹਾਂ।” (2 ਕੁਰਿੰ. 12:7-10) ਉਸ ਦੇ ਕਹਿਣ ਦਾ ਕੀ ਮਤਲਬ ਸੀ?
9 ਪੌਲੁਸ ਜਾਣਦਾ ਸੀ ਕਿ ਪਰਮੇਸ਼ੁਰ ਦੀ ਤਾਕਤ ਤੋਂ ਬਿਨਾਂ ਉਹ ਸਭ ਕੁਝ ਨਹੀਂ ਕਰ ਸਕਦਾ ਸੀ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੇ ਪੌਲੁਸ ਨੂੰ ਤਾਕਤ ਦਿੱਤੀ। ਇਸ ਤੋਂ ਇਲਾਵਾ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੇ ਉਸ ਨੂੰ ਉਹ ਕੰਮ ਕਰਨ ਦੀ ਤਾਕਤ ਵੀ ਦਿੱਤੀ ਜੋ ਉਹ ਆਪਣੀ ਤਾਕਤ ਨਾਲ ਕਦੀ ਵੀ ਨਹੀਂ ਕਰ ਸਕਦਾ ਸੀ। ਇਹ ਗੱਲ ਸਾਡੇ ਬਾਰੇ ਵੀ ਸੱਚ ਹੈ। ਯਹੋਵਾਹ ਵੱਲੋਂ ਮਿਲੀ ਸ਼ਕਤੀ ਨਾਲ ਅਸੀਂ ਜ਼ਰੂਰ ਤਾਕਤਵਰ ਬਣ ਜਾਵਾਂਗੇ।
10. ਯਹੋਵਾਹ ਨੇ ਦਾਊਦ ਦੀ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਕਿਵੇਂ ਮਦਦ ਕੀਤੀ?
10 ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਕਈ ਵਾਰ ਦੇਖਿਆ ਕਿ ਪਵਿੱਤਰ ਸ਼ਕਤੀ ਨੇ ਉਸ ਨੂੰ ਕਿਵੇਂ ਤਾਕਤਵਰ ਬਣਾਇਆ। ਉਸ ਨੇ ਗਾਇਆ: “ਮੈਂ ਤੇਰੀ ਸਹਾਇਤਾ ਨਾਲ ਇੱਕ ਜੱਥੇ ਦੇ ਵਿੱਚੋਂ ਦੀ ਭੱਜ ਸੱਕਦਾ, ਅਤੇ ਆਪਣੇ ਪਰਮੇਸ਼ੁਰ ਦੀ ਸਹਾਇਤਾ ਨਾਲ ਮੈਂ ਕੰਧ ਨੂੰ ਟੱਪ ਸੱਕਦਾ ਹਾਂ।” (ਜ਼ਬੂ. 18:29) ਸਾਡੀਆਂ ਕੁਝ ਮੁਸ਼ਕਲਾਂ ਉੱਚੀਆਂ ਕੰਧਾਂ ਵਰਗੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਅਸੀਂ ਯਹੋਵਾਹ ਦੀ ਸ਼ਕਤੀ ਤੋਂ ਬਿਨਾਂ ਟੱਪ ਨਹੀਂ ਸਕਦੇ।
11. ਪਵਿੱਤਰ ਸ਼ਕਤੀ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਸਾਡੀ ਕਿਵੇਂ ਮਦਦ ਕਰਦੀ ਹੈ?
11 ਯਸਾਯਾਹ 40:31 ਪੜ੍ਹੋ। ਇਕ ਉਕਾਬ ਬਹੁਤ ਦੂਰ ਤਕ ਅਤੇ ਘੰਟਿਆਂ-ਬੱਧੀ ਆਰਾਮ ਨਾਲ ਉੱਡ ਸਕਦਾ ਹੈ। ਉਹ ਕਿਵੇਂ? ਉਹ ਉੱਪਰ ਨੂੰ ਚੜ੍ਹਦੀਆਂ ਗਰਮ ਹਵਾਵਾਂ ਦਾ ਸਹਾਰਾ ਲੈਂਦਾ ਹੈ ਜਿਸ ਕਰਕੇ ਉਸ ਨੂੰ ਆਪਣੇ ਪੰਖ ਜ਼ਿਆਦਾ ਨਹੀਂ ਹਿਲਾਉਣੇ ਪੈਂਦੇ। ਇਸ ਤਰ੍ਹਾਂ ਕਰ ਕੇ ਉਹ ਆਪਣੀ ਤਾਕਤ ਬਚਾਈ ਰੱਖਦਾ ਹੈ। ਇਸ ਲਈ ਜਦੋਂ ਵੀ ਤੁਹਾਡੇ ਸਾਮ੍ਹਣੇ ਕੋਈ ਪਹਾੜ ਵਰਗੀ ਮੁਸ਼ਕਲ ਆਵੇ, ਤਾਂ ਉਕਾਬ ਨੂੰ ਯਾਦ ਰੱਖੋ। ਯਹੋਵਾਹ ਨੂੰ ਤਰਲੇ-ਮਿੰਨਤਾਂ ਕਰੋ ਕਿ ਉਹ “ਪਵਿੱਤਰ ਸ਼ਕਤੀ” ਯਾਨੀ “ਮਦਦਗਾਰ” ਰਾਹੀਂ ਤੁਹਾਨੂੰ ਉਕਾਬ ਵਾਂਗ ਉੱਪਰ ਚੁੱਕੇ। (ਯੂਹੰ. 14:26) ਖ਼ੁਸ਼ੀ ਦੀ ਗੱਲ ਹੈ ਕਿ ਅਸੀਂ ਕਿਸੇ ਵੀ ਵੇਲੇ ਚਾਹੇ ਦਿਨ ਹੋਵੇ ਜਾਂ ਰਾਤ ਤਾਕਤ ਲਈ ਪ੍ਰਾਰਥਨਾ ਕਰ ਸਕਦੇ ਹਾਂ। ਸ਼ਾਇਦ ਸਾਨੂੰ ਇਸ ਤਾਕਤ ਦੀ ਉਦੋਂ ਹੋਰ ਵੀ ਜ਼ਿਆਦਾ ਲੋੜ ਹੋਵੇ, ਜਦੋਂ ਕਿਸੇ ਭੈਣ ਜਾਂ ਭਰਾ ਨਾਲ ਸਾਡੀ ਅਣਬਣ ਹੋ ਜਾਵੇ। ਪਰ ਇੱਦਾਂ ਦੀਆਂ ਮੁਸ਼ਕਲਾਂ ਕਿਉਂ ਪੈਦਾ ਹੁੰਦੀਆਂ ਹਨ?
12, 13. (ੳ) ਮਸੀਹੀਆਂ ਵਿਚ ਗ਼ਲਤਫ਼ਹਿਮੀਆਂ ਪੈਦਾ ਕਿਉਂ ਹੁੰਦੀਆਂ ਹਨ? (ਅ) ਯੂਸੁਫ਼ ਦੇ ਬਿਰਤਾਂਤ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?
12 ਨਾਮੁਕੰਮਲ ਹੋਣ ਕਰਕੇ ਭੈਣ-ਭਰਾਵਾਂ ਵਿਚ ਗ਼ਲਤਫ਼ਹਿਮੀਆਂ ਪੈਦਾ ਹੋ ਜਾਂਦੀਆਂ ਹਨ। ਸ਼ਾਇਦ ਕਈ ਵਾਰ ਸਾਡੇ ਭੈਣ-ਭਰਾ ਆਪਣੇ ਕੰਮਾਂ ਜਾਂ ਗੱਲਾਂ ਕਰਕੇ ਸਾਨੂੰ ਠੇਸ ਪਹੁੰਚਾਉਣ ਜਾਂ ਫਿਰ ਅਸੀਂ ਉਨ੍ਹਾਂ ਨੂੰ ਠੇਸ ਪਹੁੰਚਾਈਏ। ਇਹ ਸੱਚ-ਮੁੱਚ ਇਕ ਪਰੀਖਿਆ ਦੀ ਘੜੀ ਹੋ ਸਕਦੀ ਹੈ। ਪਰ ਜਦੋਂ ਅਸੀਂ ਭੈਣਾਂ-ਭਰਾਵਾਂ ਦੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਵੀ ਉਨ੍ਹਾਂ ਨਾਲ ਮਿਲ ਕੇ ਕੰਮ ਕਰਦੇ ਹਾਂ, ਤਾਂ ਅਸੀਂ ਯਹੋਵਾਹ ਪ੍ਰਤੀ ਵਫ਼ਾਦਾਰੀ ਦਿਖਾ ਰਹੇ ਹੁੰਦੇ ਹਾਂ। ਜੇ ਭੈਣਾਂ-ਭਰਾਵਾਂ ਦੀਆਂ ਕਮੀਆਂ ਦੇ ਬਾਵਜੂਦ ਵੀ ਯਹੋਵਾਹ ਉਨ੍ਹਾਂ ਨੂੰ ਪਿਆਰ ਕਰਦਾ ਹੈ, ਤਾਂ ਕੀ ਸਾਨੂੰ ਵੀ ਉਨ੍ਹਾਂ ਨਾਲ ਪਿਆਰ ਨਹੀਂ ਕਰਨਾ ਚਾਹੀਦਾ?
13 ਅਸੀਂ ਯੂਸੁਫ਼ ਦੀ ਮਿਸਾਲ ਤੋਂ ਦੇਖ ਸਕਦੇ ਹਾਂ ਕਿ ਯਹੋਵਾਹ ਆਪਣੇ ਸੇਵਕਾਂ ʼਤੇ ਪਰੀਖਿਆਵਾਂ ਆਉਣ ਤੋਂ ਨਹੀਂ ਰੋਕਦਾ। ਜਵਾਨੀ ਵਿਚ ਯੂਸੁਫ਼ ਦੇ ਮਤਰੇਏ ਭਰਾ ਉਸ ਨਾਲ ਈਰਖਾ ਕਰਦੇ ਸਨ, ਇਸ ਲਈ ਉਨ੍ਹਾਂ ਨੇ ਉਸ ਨੂੰ ਗ਼ੁਲਾਮੀ ਵਿਚ ਵੇਚ ਦਿੱਤਾ ਅਤੇ ਉਸ ਨੂੰ ਮਿਸਰ ਲੈ ਜਾਇਆ ਗਿਆ। (ਉਤ. 37:28) ਯਹੋਵਾਹ ਸਭ ਕੁਝ ਦੇਖ ਰਿਹਾ ਸੀ ਅਤੇ ਉਸ ਨੂੰ ਆਪਣੇ ਧਰਮੀ ਦੋਸਤ ਯੂਸੁਫ਼ ਨਾਲ ਹੁੰਦੀ ਬੇਇਨਸਾਫ਼ੀ ਦੇਖ ਕੇ ਬਹੁਤ ਦੁੱਖ ਲੱਗਾ। ਪਰ ਫਿਰ ਵੀ ਉਸ ਨੇ ਕਦਮ ਨਹੀਂ ਚੁੱਕਿਆ। ਬਾਅਦ ਵਿਚ ਜਦੋਂ ਪੋਟੀਫ਼ਰ ਦੀ ਪਤਨੀ ਨੇ ਯੂਸੁਫ਼ ਉੱਤੇ ਬਲਾਤਕਾਰ ਕਰਨ ਦੀ ਕੋਸ਼ਿਸ਼ ਦਾ ਝੂਠਾ ਇਲਜ਼ਾਮ ਲਾ ਕੇ ਉਸ ਨੂੰ ਜੇਲ੍ਹ ਵਿਚ ਸੁੱਟਵਾ ਦਿੱਤਾ, ਤਾਂ ਵੀ ਯਹੋਵਾਹ ਨੇ ਦਖ਼ਲ ਨਹੀਂ ਦਿੱਤਾ। ਕੀ ਇਸ ਦਾ ਇਹ ਮਤਲਬ ਹੈ ਕਿ ਪਰਮੇਸ਼ੁਰ ਨੇ ਯੂਸੁਫ਼ ਨੂੰ ਤਿਆਗ ਦਿੱਤਾ ਸੀ? ਬਿਲਕੁਲ ਨਹੀਂ! ਬਾਈਬਲ ਕਹਿੰਦੀ ਹੈ: “ਜੋ ਕੁਝ ਉਹ ਕਰਦਾ ਸੀ ਯਹੋਵਾਹ ਉਸ ਨੂੰ ਸੁਫਲ ਬਣਾ ਦਿੰਦਾ ਸੀ।”—ਉਤ. 39:21-23.
14. ਕ੍ਰੋਧ ਛੱਡਣ ਨਾਲ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ?
14 ਦੂਜੀ ਮਿਸਾਲ ਦਾਊਦ ਦੀ ਹੈ। ਜਿੱਦਾਂ ਦੀ ਬਦਸਲੂਕੀ ਦਾਊਦ ਨਾਲ ਕੀਤੀ ਗਈ ਸੀ, ਉੱਦਾਂ ਦੀ ਬਦਸਲੂਕੀ ਸ਼ਾਇਦ ਹੀ ਕਿਸੇ ਨਾਲ ਕੀਤੀ ਗਈ ਹੋਵੇ। ਪਰ ਫਿਰ ਵੀ ਪਰਮੇਸ਼ੁਰ ਦਾ ਦੋਸਤ ਦਾਊਦ ਗੁੱਸੇ ਦੀ ਅੱਗ ਵਿਚ ਅੰਦਰੋਂ-ਅੰਦਰੀਂ ਸੜੀ ਨਹੀਂ ਗਿਆ। ਇਸ ਦੀ ਬਜਾਇ, ਉਸ ਨੇ ਲਿਖਿਆ: “ਕ੍ਰੋਧ ਨੂੰ ਛੱਡ ਅਤੇ ਕੋਪ ਨੂੰ ਤਿਆਗ ਦੇਹ, ਨਾ ਕੁੜ੍ਹ— ਉਸ ਤੋਂ ਬੁਰਿਆਈ ਹੀ ਨਿੱਕਲਦੀ ਹੈ।” (ਜ਼ਬੂ. 37:8) ਕ੍ਰੋਧ ਨੂੰ ‘ਛੱਡਣ’ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਯਹੋਵਾਹ ਦੀ ਰੀਸ ਕਰਨੀ ਚਾਹੁੰਦੇ ਹਾਂ ਜੋ “ਸਾਡੇ ਪਾਪਾਂ ਅਨੁਸਾਰ ਸਾਡੇ ਨਾਲ ਨਹੀਂ” ਵਰਤਦਾ। (ਜ਼ਬੂ. 103:10) ਪਰ ਕ੍ਰੋਧ ‘ਛੱਡਣ’ ਦੇ ਹੋਰ ਵੀ ਬਹੁਤ ਸਾਰੇ ਫ਼ਾਇਦੇ ਹਨ। ਕ੍ਰੋਧ ਯਾਨੀ ਗੁੱਸਾ ਕਰਨ ਨਾਲ ਸਾਡੇ ਸਰੀਰ ʼਤੇ ਮਾੜਾ ਅਸਰ ਪੈਂਦਾ ਹੈ ਅਤੇ ਕਈ ਬੀਮਾਰੀਆਂ ਵੀ ਲੱਗ ਸਕਦੀਆਂ ਹਨ। ਮਿਸਾਲ ਲਈ, ਸਾਡਾ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ, ਸਾਨੂੰ ਫੇਫੜਿਆਂ ਜਾਂ ਸਾਹ ਦੀ ਬੀਮਾਰੀ ਲੱਗ ਸਕਦੀ ਹੈ। ਸਾਡੇ ਅੰਗਾਂ ʼਤੇ ਵੀ ਮਾੜਾ ਅਸਰ ਪੈ ਸਕਦਾ ਹੈ, ਜਿਵੇਂ ਕਿ ਜਿਗਰ ਅਤੇ ਢਿੱਡ ʼਤੇ। ਜਦੋਂ ਸਾਨੂੰ ਗੁੱਸਾ ਆਉਂਦਾ ਹੈ, ਤਾਂ ਸਾਡਾ ਦਿਮਾਗ਼ ਵੀ ਨਹੀਂ ਚੱਲਦਾ। ਜਦੋਂ ਅਸੀਂ ਆਪਾ ਖੋਹ ਬੈਠਦੇ ਹਾਂ, ਤਾਂ ਕਈ ਵਾਰ ਅਸੀਂ ਕਾਫ਼ੀ ਸਮੇਂ ਤਕ ਨਿਰਾਸ਼ ਰਹਿੰਦੇ ਹਾਂ। ਸਭ ਤੋਂ ਵਧੀਆ ਹੈ ਕਿ ਸ਼ਾਂਤ ਰਹੋ। ਬਾਈਬਲ ਕਹਿੰਦੀ ਹੈ ਕਿ “ਸ਼ਾਂਤ ਮਨ ਸਰੀਰ ਦਾ ਜੀਉਣ ਹੈ।” (ਕਹਾ. 14:30) ਸੋ ਜਦੋਂ ਕੋਈ ਸਾਡਾ ਦਿਲ ਦੁਖੀ ਕਰਦਾ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ ਅਤੇ ਆਪਣੇ ਭਰਾ ਨਾਲ ਸੁਲ੍ਹਾ ਕਿਵੇਂ ਕਰ ਸਕਦੇ ਹਾਂ? ਬਾਈਬਲ ਦੇ ਅਸੂਲ ਲਾਗੂ ਕਰ ਕੇ ਅਸੀਂ ਇਨ੍ਹਾਂ ਮਸਲਿਆਂ ਨਾਲ ਨਜਿੱਠ ਸਕਦੇ ਹਾਂ।
ਜਦੋਂ ਭੈਣ-ਭਰਾ ਸਾਨੂੰ ਦੁੱਖ ਦੇਣ
15, 16. ਅਸੀਂ ਉਸ ਭੈਣ ਜਾਂ ਭਰਾ ਨਾਲ ਸੁਲ੍ਹਾ ਕਿਵੇਂ ਕਰ ਸਕਦੇ ਹਾਂ ਜਿਸ ਨੇ ਸਾਨੂੰ ਨਾਰਾਜ਼ ਕੀਤਾ ਹੈ?
15 ਅਫ਼ਸੀਆਂ 4:26 ਪੜ੍ਹੋ। ਸਾਨੂੰ ਜ਼ਿਆਦਾ ਦੁੱਖ ਇਸ ਗੱਲ ਦਾ ਨਹੀਂ ਹੁੰਦਾ ਕਿ ਦੁਨੀਆਂ ਦੇ ਲੋਕ ਸਾਡੇ ਨਾਲ ਬਦਸਲੂਕੀ ਕਰਦੇ ਹਨ। ਪਰ ਸਾਨੂੰ ਉਦੋਂ ਜ਼ਿਆਦਾ ਦੁੱਖ ਲੱਗਦਾ ਹੈ, ਜਦੋਂ ਸਾਡੇ ਮਸੀਹੀ ਭੈਣ-ਭਰਾ ਜਾਂ ਘਰ ਦੇ ਸਾਨੂੰ ਦੁੱਖ ਦਿੰਦੇ ਹਨ। ਉਦੋਂ ਕੀ ਜਦੋਂ ਸਾਡੇ ਲਈ ਉਨ੍ਹਾਂ ਦੀ ਗ਼ਲਤੀ ਨੂੰ ਭੁਲਾਉਣਾ ਔਖਾ ਹੁੰਦਾ ਹੈ? ਕੀ ਅਸੀਂ ਉਨ੍ਹਾਂ ਨਾਲ ਨਾਰਾਜ਼ ਰਹਾਂਗੇ? ਕੀ ਅਸੀਂ ਕਈ ਸਾਲਾਂ ਤਕ ਗੁੱਸੇ ਦੀ ਅੱਗ ਨੂੰ ਬਾਲ਼ੀ ਰੱਖਾਂਗੇ? ਜਾਂ ਕੀ ਅਸੀਂ ਬਾਈਬਲ ਦੀ ਵਧੀਆ ਸਲਾਹ ਮੰਨ ਕੇ ਛੇਤੀ ਸੁਲ੍ਹਾ ਕਰਾਂਗੇ? ਜੇ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਛੇਤੀ ਤੋਂ ਛੇਤੀ ਸੁਲ੍ਹਾ ਨਹੀਂ ਕਰਦੇ, ਤਾਂ ਸਾਡੇ ਲਈ ਉਨ੍ਹਾਂ ਨਾਲ ਦੁਬਾਰਾ ਸ਼ਾਂਤੀ ਕਾਇਮ ਕਰਨੀ ਉੱਨੀ ਹੀ ਔਖੀ ਹੁੰਦੀ ਹੈ।
16 ਮੰਨ ਲਓ, ਕਿਸੇ ਮਸੀਹੀ ਨੇ ਤੁਹਾਨੂੰ ਨਾਰਾਜ਼ ਕੀਤਾ ਹੈ ਅਤੇ ਤੁਸੀਂ ਉਸ ਦੀ ਗੱਲ ਭੁਲਾ ਨਹੀਂ ਸਕਦੇ। ਸ਼ਾਂਤੀ ਬਣਾਉਣ ਲਈ ਤੁਸੀਂ ਕਿਹੜੇ ਕਦਮ ਚੁੱਕ ਸਕਦੇ ਹੋ? ਪਹਿਲੀ ਗੱਲ, ਯਹੋਵਾਹ ਤੋਂ ਪ੍ਰਾਰਥਨਾ ਰਾਹੀਂ ਮਦਦ ਮੰਗੋ ਕਿ ਤੁਹਾਡੀ ਗੱਲਬਾਤ ਵਧੀਆ ਹੋਵੇ ਅਤੇ ਤੁਸੀਂ ਮਸੀਹੀ ਨਾਲ ਸੁਲਾ ਕਰ ਸਕੋ। ਯਾਦ ਰੱਖੋ ਕਿ ਉਹ ਵੀ ਯਹੋਵਾਹ ਦਾ ਦੋਸਤ ਹੈ। (ਜ਼ਬੂ. 25:14) ਪਰਮੇਸ਼ੁਰ ਉਸ ਨੂੰ ਵੀ ਪਿਆਰ ਕਰਦਾ ਹੈ। ਜੇ ਯਹੋਵਾਹ ਆਪਣੇ ਦੋਸਤਾਂ ਨਾਲ ਪਿਆਰ ਅਤੇ ਦਇਆ ਨਾਲ ਪੇਸ਼ ਆਉਂਦਾ ਹੈ, ਤਾਂ ਕੀ ਉਹ ਤੁਹਾਡੇ ਤੋਂ ਵੀ ਇਹ ਉਮੀਦ ਨਹੀਂ ਰੱਖਦਾ? (ਕਹਾ. 15:23; ਮੱਤੀ 7:12; ਕੁਲੁ. 4:6) ਦੂਜੀ ਗੱਲ, ਉਸ ਮਸੀਹੀ ਨੂੰ ਮਿਲਣ ਤੋਂ ਪਹਿਲਾਂ ਸੋਚੋ ਕਿ ਤੁਸੀਂ ਕਿ ਕਹਿਣਾ ਚਾਹੁੰਦੇ ਹੋ। ਇਹ ਨਾ ਸੋਚੋ ਕਿ ਉਸ ਨੇ ਜਾਣ-ਬੁੱਝ ਕੇ ਤੁਹਾਨੂੰ ਦੁੱਖ ਪਹੁੰਚਾਇਆ ਹੈ। ਸ਼ਾਇਦ ਉਸ ਤੋਂ ਗ਼ਲਤੀ ਹੋ ਗਈ ਹੋਵੇ ਜਾਂ ਤੁਹਾਨੂੰ ਗ਼ਲਤਫ਼ਹਿਮੀ ਹੋ ਗਈ। ਯਾਦ ਰੱਖੋ ਕਿ ਇਕ ਹੱਥ ਨਾਲ ਤਾੜੀ ਨਹੀਂ ਵੱਜਦੀ। ਇਹ ਵੀ ਮੰਨਣ ਲਈ ਤਿਆਰ ਰਹੋ ਕਿ ਸ਼ਾਇਦ ਤੁਸੀਂ ਵੀ ਕੁਝ ਹੱਦ ਤਕ ਕਸੂਰਵਾਰ ਹੋ। ਤੁਸੀਂ ਸ਼ਾਇਦ ਇਸ ਤਰ੍ਹਾਂ ਗੱਲ ਸ਼ੁਰੂ ਕਰਨੀ ਚਾਹੋ: “ਸ਼ਾਇਦ ਮੈਂ ਹੀ ਗੱਲ ਦਿਲ ʼਤੇ ਲੈ ਲਈ, ਪਰ ਜਦੋਂ ਕੱਲ੍ਹ ਤੁਸੀਂ ਮੇਰੇ ਨਾਲ ਗੱਲ ਕੀਤੀ, ਤਾਂ ਮੈਂ ਸੋਚਿਆ . . . ।” ਜੇ ਗੱਲਬਾਤ ਕਰ ਕੇ ਵੀ ਤੁਹਾਡੀ ਸੁਲਾ ਨਹੀਂ ਹੁੰਦੀ, ਤਾਂ ਹਾਰ ਨਾ ਮੰਨੋ। ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਉਸ ਮਸੀਹੀ ਨੂੰ ਬਰਕਤ ਦੇਵੇ। ਨਾਲੇ ਉਹ ਤੁਹਾਡੀ ਵੀ ਮਦਦ ਕਰੇ ਤਾਂਕਿ ਤੁਸੀਂ ਉਸ ਮਸੀਹੀ ਵਿਚ ਚੰਗੇ ਗੁਣ ਦੇਖ ਸਕੋ। ਨਤੀਜਾ ਚਾਹੇ ਜੋ ਵੀ ਨਿਕਲੇ, ਤੁਸੀਂ ਇਸ ਗੱਲ ਦੀ ਪੂਰੀ ਤਸੱਲੀ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਡੀਆਂ ਸੁਲ੍ਹਾ ਕਰਨ ਦੀਆਂ ਕੋਸ਼ਿਸ਼ਾਂ ʼਤੇ ਬਰਕਤ ਪਾਵੇਗਾ। ਆਖ਼ਰਕਾਰ ਉਹ ਵੀ ਪਰਮੇਸ਼ੁਰ ਦਾ ਇਕ ਦੋਸਤ ਹੈ।
ਪੁਰਾਣੀਆਂ ਗ਼ਲਤੀਆਂ ਕਰਕੇ ਨਿਰਾਸ਼
17. ਗੰਭੀਰ ਪਾਪ ਕਰਨ ਤੇ ਯਹੋਵਾਹ ਸਾਡੀ ਉਸ ਨਾਲ ਸੁਲ੍ਹਾ ਕਰਨ ਵਿਚ ਮਦਦ ਕਿਵੇਂ ਕਰਦਾ ਹੈ? ਸਾਨੂੰ ਇਹ ਮਦਦ ਸਵੀਕਾਰ ਕਿਉਂ ਕਰਨੀ ਚਾਹੀਦੀ ਹੈ?
17 ਗੰਭੀਰ ਪਾਪ ਕਰਨ ਕਰਕੇ ਕਈਆਂ ਨੂੰ ਲੱਗਦਾ ਹੈ ਕਿ ਉਹ ਯਹੋਵਾਹ ਦੀ ਸੇਵਾ ਕਰਨ ਦੇ ਲਾਇਕ ਨਹੀਂ। ਦੋਸ਼ ਦੀ ਭਾਵਨਾ ਸਾਡੀ ਸ਼ਾਂਤੀ, ਖ਼ੁਸ਼ੀ ਅਤੇ ਤਾਕਤ ਖੋਹ ਸਕਦੀ ਹੈ। ਜਦੋਂ ਰਾਜਾ ਦਾਊਦ ਦੋਸ਼ ਦੀਆਂ ਭਾਵਨਾਵਾਂ ਨਾਲ ਲੜ ਰਿਹਾ ਸੀ, ਤਾਂ ਉਸ ਨੇ ਕਿਹਾ: “ਜਦ ਮੈਂ ਚੁੱਪ ਕਰ ਰਿਹਾ ਮੇਰੀਆਂ ਹੱਡੀਆਂ ਸਾਰਾ ਦਿਨ ਹੂੰਗਣ ਨਾਲ ਗਲ ਗਈਆਂ ਕਿਉਂ ਜੋ ਤੇਰਾ ਹੱਥ ਦਿਨੇ ਰਾਤ ਮੇਰੇ ਉੱਤੇ ਭਾਰਾ ਸੀ।” ਪਰ ਖ਼ੁਸ਼ੀ ਦੀ ਗੱਲ ਕਿ ਹੈ ਕਿ ਉਸ ਨੇ ਹਿੰਮਤ ਨਾਲ ਉਹ ਕੰਮ ਕੀਤਾ ਜੋ ਯਹੋਵਾਹ ਚਾਹੁੰਦਾ ਸੀ। ਉਸ ਨੇ ਲਿਖਿਆ: “ਮੈਂ ਤੇਰੇ ਅੱਗੇ ਆਪਣੇ ਪਾਪ ਦਾ ਇਕਰਾਰ ਕੀਤਾ . . . ਤਾਂ ਤੈਂ ਆਪ ਮੇਰੇ ਪਾਪ ਦੀ ਬਦੀ ਨੂੰ ਚੁੱਕ ਲਿਆ।” (ਜ਼ਬੂ. 32:3-5) ਜੇ ਤੁਸੀਂ ਕੋਈ ਗੰਭੀਰ ਪਾਪ ਕੀਤਾ ਹੈ, ਤਾਂ ਯਹੋਵਾਹ ਤੁਹਾਨੂੰ ਮਾਫ਼ ਕਰਨਾ ਲਈ ਤਿਆਰ ਹੈ। ਯਹੋਵਾਹ ਤੁਹਾਡੀ ਮਦਦ ਕਰੇਗਾ ਕਿ ਤੁਸੀਂ ਦੁਬਾਰਾ ਉਸ ਨਾਲ ਰਿਸ਼ਤਾ ਜੋੜੋ। ਪਰ ਤੁਹਾਨੂੰ ਮੰਡਲੀ ਵੱਲੋਂ ਮਿਲਦੀ ਮਦਦ ਸਵੀਕਾਰ ਕਰਨੀ ਚਾਹੀਦੀ ਹੈ। (ਕਹਾ. 24:16; ਯਾਕੂ. 5:13-15) ਦੇਰ ਨਾ ਕਰੋ, ਇਹ ਹਮੇਸ਼ਾ ਦੀ ਜ਼ਿੰਦਗੀ ਦਾ ਸਵਾਲ ਹੈ। ਪਰ ਉਦੋਂ ਕੀ ਜਦੋਂ ਮਾਫ਼ੀ ਮਿਲਣ ਤੋਂ ਬਹੁਤ ਸਮੇਂ ਬਾਅਦ ਵੀ ਤੁਹਾਡੀ ਜ਼ਮੀਰ ਤੁਹਾਨੂੰ ਦੋਸ਼ੀ ਠਹਿਰਾਉਂਦੀ ਰਹਿੰਦੀ ਹੈ?
18. ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਯਹੋਵਾਹ ਦੀ ਸੇਵਾ ਕਰਨ ਦੇ ਲਾਇਕ ਨਹੀਂ ਹੋ, ਤਾਂ ਪੌਲੁਸ ਦੀ ਮਿਸਾਲ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ?
18 ਪੌਲੁਸ ਰਸੂਲ ਵੀ ਕਈ ਵਾਰ ਆਪਣੀਆਂ ਪੁਰਾਣੀਆਂ ਗ਼ਲਤੀਆਂ ਕਰਕੇ ਨਿਰਾਸ਼ ਹੁੰਦਾ ਸੀ। ਉਹ ਨੇ ਕਿਹਾ: “ਮੈਂ ਸਾਰੇ ਰਸੂਲਾਂ ਵਿੱਚੋਂ ਛੋਟਾ ਰਸੂਲ ਹਾਂ ਅਤੇ ਮੈਂ ਤਾਂ ਰਸੂਲ ਕਹਾਉਣ ਦੇ ਲਾਇਕ ਵੀ ਨਹੀਂ ਹਾਂ ਕਿਉਂਕਿ ਮੈਂ ਪਰਮੇਸ਼ੁਰ ਦੀ ਮੰਡਲੀ ਉੱਤੇ ਅਤਿਆਚਾਰ ਕੀਤੇ ਸਨ।” ਪਰ ਪੌਲੁਸ ਨੇ ਇਹ ਵੀ ਕਿਹਾ: “ਮੇਰੇ ਉੱਤੇ ਪਰਮੇਸ਼ੁਰ ਦੀ ਅਪਾਰ ਕਿਰਪਾ ਹੋਈ ਜਿਸ ਕਰਕੇ ਮੈਂ ਰਸੂਲ ਵਜੋਂ ਕੰਮ ਕਰ ਸਕਦਾ ਹਾਂ।” (1 ਕੁਰਿੰ. 15:9, 10) ਪੌਲੁਸ ਦੀਆਂ ਗ਼ਲਤੀਆਂ ਦੇ ਬਾਵਜੂਦ ਵੀ ਯਹੋਵਾਹ ਨੇ ਉਸ ਨੂੰ ਸਵੀਕਾਰ ਕੀਤਾ ਅਤੇ ਉਹ ਚਾਹੁੰਦਾ ਸੀ ਕਿ ਪੌਲੁਸ ਨੂੰ ਇਸ ਗੱਲ ਦਾ ਅਹਿਸਾਸ ਹੋਵੇ। ਜੇ ਤੁਸੀਂ ਆਪਣੀਆਂ ਪੁਰਾਣੀਆਂ ਗ਼ਲਤੀਆਂ ਦਾ ਦਿਲੋਂ ਪਛਤਾਵਾ ਕੀਤਾ ਹੈ ਅਤੇ ਬਜ਼ੁਰਗਾਂ ਨਾਲ ਗੱਲ ਕੀਤੀ ਹੈ, ਤਾਂ ਪੂਰਾ ਭਰੋਸਾ ਰੱਖੋ ਕਿ ਯਹੋਵਾਹ ਨੇ ਤੁਹਾਨੂੰ ਮਾਫ਼ ਕਰ ਦਿੱਤਾ ਹੈ। ਯਹੋਵਾਹ ਉੱਤੇ ਸ਼ੱਕ ਨਾ ਕਰੋ ਅਤੇ ਉਸ ਵੱਲੋਂ ਦਿੱਤੀ ਮਾਫ਼ੀ ਸਵੀਕਾਰ ਕਰੋ।—ਯਸਾ. 55:6, 7.
19. ਸਾਲ 2018 ਦਾ ਕਿਹੜਾ ਹਵਾਲਾ ਹੈ? ਇਹ ਢੁਕਵਾਂ ਕਿਉਂ ਹੈ?
19 ਜਿੱਦਾਂ-ਜਿੱਦਾਂ ਅੰਤ ਨੇੜੇ ਆ ਰਿਹਾ ਹੈ, ਉੱਦਾਂ-ਉੱਦਾਂ ਸਾਡੀਆਂ ਮੁਸ਼ਕਲਾਂ ਵੀ ਵਧਦੀਆਂ ਜਾਣਗੀਆਂ। ਫਿਰ ਵੀ ਭਰੋਸਾ ਰੱਖੋ ਕਿ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਪਰਮੇਸ਼ੁਰ “ਹੁੱਸੇ ਹੋਏ ਨੂੰ ਬਲ ਦਿੰਦਾ ਹੈ, ਅਤੇ ਨਿਰਬਲ ਦੀ ਸ਼ਕਤੀ ਵਧਾਉਂਦਾ ਹੈ।” (ਯਸਾ. 40:29; ਜ਼ਬੂ. 55:22; 68:19) 2018 ਵਿਚ ਜਦੋਂ ਵੀ ਅਸੀਂ ਸਭਾਵਾਂ ʼਤੇ ਜਾਵਾਂਗੇ, ਤਾਂ ਉੱਥੇ ਕੰਧ ʼਤੇ ਲਿਖੇ ਸਾਲ ਦੇ ਹਵਾਲੇ ਰਾਹੀਂ ਸਾਨੂੰ ਇਹ ਸੱਚਾਈ ਯਾਦ ਕਰਾਈ ਜਾਵੇਗੀ: “ਯਹੋਵਾਹ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ।”—ਯਸਾ. 40:31.