ਧੰਨ ਹਨ ਉਹ ਜੋ ਪਰਮੇਸ਼ੁਰ ਦੀ ਵਡਿਆਈ ਕਰਦੇ ਹਨ
‘ਹੇ ਯਹੋਵਾਹ ਸਾਰੀਆਂ ਕੌਮਾਂ ਆਣ ਕੇ ਤੇਰੇ ਅੱਗੇ ਮੱਥਾ ਟੇਕਣਗੀਆਂ, ਅਤੇ ਤੇਰੇ ਨਾਮ ਨੂੰ ਵਡਿਆਉਣਗੀਆਂ।’—ਜ਼ਬੂਰਾਂ ਦੀ ਪੋਥੀ 86:9.
1. ਅਸੀਂ ਬੇਜਾਨ ਚੀਜ਼ਾਂ ਤੋਂ ਵੱਧ ਪਰਮੇਸ਼ੁਰ ਦੀ ਵਡਿਆਈ ਕਿਉਂ ਕਰ ਸਕਦੇ ਹਾਂ?
ਯਹੋਵਾਹ ਆਪਣੀ ਸਾਰੀ ਸ੍ਰਿਸ਼ਟੀ ਤੋਂ ਵਡਿਆਈ ਲੈਣ ਦਾ ਹੱਕਦਾਰ ਹੈ। ਜੇ ਬੇਜਾਨ ਸ੍ਰਿਸ਼ਟੀ ਬਿਨਾਂ ਕੁਝ ਕਹੇ ਉਸ ਦੇ ਜਸ ਗਾ ਸਕਦੀ ਹੈ, ਤਾਂ ਇਨਸਾਨਾਂ ਨੂੰ ਵੀ ਜ਼ਰੂਰ ਉਸ ਦੇ ਗੁਣ ਗਾਉਣੇ ਚਾਹੀਦੇ ਹਨ। ਇਨਸਾਨ ਤਾਂ ਸੋਚ-ਵਿਚਾਰ ਕਰਨ, ਸਮਝਣ, ਕਦਰ ਕਰਨ ਅਤੇ ਪਰਮੇਸ਼ੁਰ ਦੀ ਭਗਤੀ ਕਰਨ ਦੇ ਕਾਬਲ ਹਨ। ਇਸ ਲਈ ਜ਼ਬੂਰਾਂ ਦਾ ਲਿਖਾਰੀ ਸਾਨੂੰ ਕਹਿੰਦਾ ਹੈ: “ਹੇ ਧਰਤੀ ਦੇ ਸਾਰੇ ਲੋਕੋ, ਪਰਮੇਸ਼ੁਰ ਦੇ ਲਈ ਲਲਕਾਰੋ, ਉਹ ਦੇ ਨਾਮ ਦੀ ਮਹਿਮਾ ਦੇ ਭਜਨ ਕੀਰਤਨ ਕਰੋ, ਉਹ ਦੀ ਮਹਿਮਾ ਦੀ ਉਸਤਤ ਕਰੋ!”—ਜ਼ਬੂਰਾਂ ਦੀ ਪੋਥੀ 66:1, 2.
2. ਪਰਮੇਸ਼ੁਰ ਦੇ ਨਾਂ ਦੀ ਵਡਿਆਈ ਕੌਣ ਕਰਦੇ ਹਨ ਅਤੇ ਕਿਉਂ?
2 ਬਹੁਤ ਸਾਰੇ ਲੋਕ ਮੰਨਦੇ ਹੀ ਨਹੀਂ ਕਿ ਰੱਬ ਹੈ ਅਤੇ ਜਿਹੜੇ ਮੰਨਦੇ ਹਨ ਉਹ ਉਸ ਦੀ ਮਹਿਮਾ ਨਹੀਂ ਕਰਦੇ। ਫਿਰ ਵੀ, 235 ਦੇਸ਼ਾਂ ਵਿਚ ਯਹੋਵਾਹ ਦੇ 60 ਲੱਖ ਤੋਂ ਜ਼ਿਆਦਾ ਗਵਾਹ ਦਿਖਾਉਂਦੇ ਹਨ ਕਿ ਉਹ ਪਰਮੇਸ਼ੁਰ ਦੀ ਰਚਨਾ ਤੋਂ ਉਸ ਦਾ “ਅਣਡਿੱਠ ਸੁਭਾਉ” ਯਾਨੀ ਗੁਣ ਦੇਖਦੇ ਹਨ ਅਤੇ ਸ੍ਰਿਸ਼ਟੀ ਦੀ ਖ਼ਾਮੋਸ਼ ਗਵਾਹੀ ‘ਸੁਣਦੇ’ ਹਨ। (ਰੋਮੀਆਂ 1:20; ਜ਼ਬੂਰਾਂ ਦੀ ਪੋਥੀ 19:2, 3) ਬਾਈਬਲ ਦਾ ਅਧਿਐਨ ਕਰ ਕੇ ਉਹ ਯਹੋਵਾਹ ਬਾਰੇ ਜਾਣ ਗਏ ਹਨ ਅਤੇ ਉਸ ਨੂੰ ਪਿਆਰ ਕਰਦੇ ਹਨ। ਜ਼ਬੂਰਾਂ ਦੀ ਪੋਥੀ 86:9, 10 ਵਿਚ ਪਹਿਲਾਂ ਹੀ ਦੱਸਿਆ ਗਿਆ ਸੀ: “ਹੇ ਪ੍ਰਭੁ, ਓਹ ਸਾਰੀਆਂ ਕੌਮਾਂ ਜਿਨ੍ਹਾਂ ਨੂੰ ਤੈਂ ਸਾਜਿਆ, ਆਣ ਕੇ ਤੇਰੇ ਅੱਗੇ ਮੱਥਾ ਟੇਕਣਗੀਆਂ, ਅਤੇ ਤੇਰੇ ਨਾਮ ਨੂੰ ਵਡਿਆਉਣਗੀਆਂ। ਤੂੰ ਤਾਂ ਮਹਾਨ ਹੈਂ ਅਤੇ ਅਚਰਜ ਕਰਤੱਬ ਕਰਦਾ ਹੈਂ, ਤੂੰ ਹੀ ਪਰਮੇਸ਼ੁਰ ਹੈਂ!”
3. “ਵੱਡੀ ਭੀੜ” ਦਿਨ-ਰਾਤ ਪਰਮੇਸ਼ੁਰ ਦੀ ਉਪਾਸਨਾ ਕਿਵੇਂ ਕਰਦੀ ਹੈ?
3 ਪਰਕਾਸ਼ ਦੀ ਪੋਥੀ 7:9 ਤੇ 15 ਵਿਚ ਲੋਕਾਂ ਦੀ “ਇੱਕ ਵੱਡੀ ਭੀੜ” ਬਾਰੇ ਗੱਲ ਕੀਤੀ ਗਈ ਹੈ ਜੋ “[ਪਰਮੇਸ਼ੁਰ] ਦੀ ਹੈਕਲ ਵਿੱਚ ਰਾਤ ਦਿਨ ਉਹ ਦੀ ਉਪਾਸਨਾ ਕਰਦੇ ਹਨ।” ਇਸ ਦਾ ਇਹ ਮਤਲਬ ਨਹੀਂ ਕਿ ਪਰਮੇਸ਼ੁਰ ਉਨ੍ਹਾਂ ਤੋਂ ਮੰਗ ਕਰਦਾ ਹੈ ਕਿ ਉਹ ਦਿਨ-ਰਾਤ ਉਪਾਸਨਾ ਹੀ ਕਰਦੇ ਰਹਿਣ। ਪਰਮੇਸ਼ੁਰ ਦੇ ਸੇਵਕ ਸਾਰੀ ਦੁਨੀਆਂ ਵਿਚ ਰਹਿੰਦੇ ਹਨ ਅਤੇ ਜਦ ਕੁਝ ਦੇਸ਼ਾਂ ਵਿਚ ਰਾਤ ਪਈ ਹੁੰਦੀ ਹੈ, ਤਾਂ ਦੂਸਰਿਆਂ ਦੇਸ਼ਾਂ ਵਿਚ ਦਿਨ ਹੁੰਦਾ ਹੈ ਅਤੇ ਗਵਾਹ ਪ੍ਰਚਾਰ ਕਰਨ ਵਿਚ ਰੁੱਝੇ ਹੁੰਦੇ ਹਨ। ਇਸ ਲਈ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਦੀ ਵਡਿਆਈ ਕਰਨ ਵਾਲਿਆਂ ਉੱਤੇ ਸੂਰਜ ਕਦੀ ਵੀ ਨਹੀਂ ਡੁੱਬਦਾ। ਉਹ ਸਮਾਂ ਦੂਰ ਨਹੀਂ ਜਦ ‘ਸਾਰੇ ਪ੍ਰਾਣੀ’ ਯਹੋਵਾਹ ਦੇ ਜਸ ਗਾਉਣਗੇ। (ਜ਼ਬੂਰਾਂ ਦੀ ਪੋਥੀ 150:6) ਪਰ ਅੱਜ ਅਸੀਂ ਪਰਮੇਸ਼ੁਰ ਦੀ ਵਡਿਆਈ ਕਰਨ ਲਈ ਕੀ ਕਰ ਸਕਦੇ ਹਾਂ? ਸਾਨੂੰ ਸ਼ਾਇਦ ਕਿਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ? ਪਰਮੇਸ਼ੁਰ ਦੀ ਵਡਿਆਈ ਕਰਨ ਵਾਲਿਆਂ ਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ? ਇਨ੍ਹਾਂ ਸਵਾਲਾਂ ਦੇ ਜਵਾਬ ਪਾਉਣ ਲਈ ਆਓ ਆਪਾਂ ਦੇਖੀਏ ਕਿ ਇਸਰਾਏਲ ਵਿਚ ਗਾਦ ਦੇ ਗੋਤ ਬਾਰੇ ਬਾਈਬਲ ਵਿਚ ਸਾਨੂੰ ਕੀ ਦੱਸਿਆ ਗਿਆ ਹੈ।
ਗਾਦੀ ਲੋਕਾਂ ਲਈ ਚੁਣੌਤੀ
4. ਗਾਦੀ ਲੋਕਾਂ ਨੂੰ ਕਿਹੜੀ ਮੁਸ਼ਕਲ ਦਾ ਸਾਮ੍ਹਣਾ ਕਰਨਾ ਪੈਣਾ ਸੀ?
4 ਵਾਅਦਾ ਕੀਤੇ ਹੋਏ ਦੇਸ਼ ਵਿਚ ਵੜਨ ਤੋਂ ਪਹਿਲਾਂ, ਗਾਦ ਦੇ ਗੋਤ ਦੇ ਲੋਕਾਂ ਨੇ ਯਰਦਨ ਨਦੀ ਦੇ ਪੂਰਬੀ ਇਲਾਕੇ ਵਿਚ ਵੱਸਣ ਲਈ ਅਰਜ਼ ਕੀਤੀ ਸੀ ਜਿੱਥੇ ਉਹ ਆਪਣੇ ਪਸ਼ੂ ਚਾਰ ਸਕਦੇ ਸਨ। (ਗਿਣਤੀ 32:1-5) ਉੱਥੇ ਰਹਿਣ ਕਰਕੇ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਣਾ ਸੀ। ਯਰਦਨ ਦੇ ਪੱਛਮੀ ਪਾਸੇ ਰਹਿਣ ਵਾਲੇ ਇਸਰਾਏਲੀ ਲੋਕਾਂ ਨੂੰ ਫ਼ੌਜੀ ਹਮਲਿਆਂ ਤੋਂ ਯਰਦਨ ਵਾਦੀ ਦੀ ਸੁਰੱਖਿਆ ਮਿਲ ਸਕਦੀ ਸੀ। (ਯਹੋਸ਼ੁਆ 3:13-17) ਪਰ ਯਰਦਨ ਦੇ ਪੂਰਬੀ ਇਲਾਕਿਆਂ ਬਾਰੇ ਇਕ ਲੇਖਕ ਨੇ ਕਿਹਾ: ‘ਉਹ ਇਲਾਕੇ ਬਿਲਕੁਲ ਪੱਧਰੇ ਤੇ ਖੁੱਲ੍ਹੇ ਸਨ। ਉਨ੍ਹਾਂ ਦੀ ਸੁਰੱਖਿਆ ਲਈ ਕੁਝ ਵੀ ਨਹੀਂ ਸੀ। ਇਸੇ ਕਰਕੇ ਟੱਪਰੀਵਾਸ ਲੋਕ ਹਰ ਸਾਲ ਇਸ ਇਲਾਕੇ ਉੱਤੇ ਚੜ੍ਹਾਈ ਕਰ ਕੇ ਇੱਥੇ ਦੀਆਂ ਚਰਾਂਦਾਂ ਉੱਤੇ ਕਬਜ਼ਾ ਕਰਨ ਲਈ ਆਉਂਦੇ ਸਨ।’
5. ਯਾਕੂਬ ਨੇ ਗਾਦੀ ਲੋਕਾਂ ਨੂੰ ਹਮਲਾ ਹੋਣ ਤੇ ਕੀ ਕਰਨ ਦਾ ਹੁਕਮ ਦਿੱਤਾ ਸੀ?
5 ਗਾਦੀ ਲੋਕ ਇਸ ਦਬਾਅ ਦਾ ਸਾਮ੍ਹਣਾ ਕਿਸ ਤਰ੍ਹਾਂ ਕਰ ਸਕੇ ਸਨ? ਇਸ ਸਮੇਂ ਤੋਂ ਸਦੀਆਂ ਪਹਿਲਾਂ ਉਨ੍ਹਾਂ ਦੇ ਪੜਦਾਦੇ ਯਾਕੂਬ ਨੇ ਭਵਿੱਖਬਾਣੀ ਕੀਤੀ ਸੀ: “ਗਾਦ ਨੂੰ ਧਾੜਵੀ ਧੱਕਣਗੇ ਪਰ ਉਹ ਉਨ੍ਹਾਂ ਦੀ ਪਿੱਠ ਨੂੰ ਧੱਕੇਗਾ।” (ਉਤਪਤ 49:19) ਇਨ੍ਹਾਂ ਸ਼ਬਦਾਂ ਤੋਂ ਸ਼ਾਇਦ ਲੱਗੇ ਕਿ ਗਾਦੀ ਲੋਕ ਇਨ੍ਹਾਂ ਹਮਲਿਆਂ ਨੂੰ ਰੋਕ ਨਹੀਂ ਸਕਦੇ ਸਨ। ਪਰ ਅਸਲ ਵਿਚ ਭਵਿੱਖਬਾਣੀ ਮੁਤਾਬਕ ਉਨ੍ਹਾਂ ਨੂੰ ਲੜਨ ਦਾ ਹੁਕਮ ਦਿੱਤਾ ਗਿਆ ਸੀ। ਯਾਕੂਬ ਨੇ ਉਨ੍ਹਾਂ ਨੂੰ ਭਰੋਸਾ ਦਿਲਾਇਆ ਕਿ ਜੇ ਉਹ ਲੁੱਟਮਾਰ ਕਰਨ ਵਾਲਿਆਂ ਨਾਲ ਲੜਨਗੇ, ਤਾਂ ਉਨ੍ਹਾਂ ਦੇ ਦੁਸ਼ਮਣ ਪਿੱਠ ਦਿਖਾ ਕੇ ਭੱਜਣਗੇ।
ਸਾਡੀ ਸੇਵਾ ਵਿਚ ਚੁਣੌਤੀਆਂ
6, 7. ਅੱਜ ਮਸੀਹੀਆਂ ਦੀ ਹਾਲਤ ਗਾਦੀ ਲੋਕਾਂ ਦੀ ਹਾਲਤ ਵਰਗੀ ਕਿਸ ਤਰ੍ਹਾਂ ਹੈ?
6 ਗਾਦੀ ਲੋਕਾਂ ਵਾਂਗ ਅੱਜ ਮਸੀਹੀਆਂ ਨੂੰ ਵੀ ਸ਼ਤਾਨ ਦੀ ਦੁਨੀਆਂ ਦੇ ਦਬਾਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਸਾਨੂੰ ਚਮਤਕਾਰੀ ਢੰਗ ਨਾਲ ਇਨ੍ਹਾਂ ਤੋਂ ਸੁਰੱਖਿਆ ਨਹੀਂ ਮਿਲਦੀ। (ਅੱਯੂਬ 1:10-12) ਸਾਡੇ ਵਿੱਚੋਂ ਕਈਆਂ ਨੂੰ ਸਕੂਲ ਵਿਚ, ਰੋਜ਼ੀ-ਰੋਟੀ ਕਮਾਉਣ ਵਿਚ ਜਾਂ ਬੱਚੇ ਪਾਲਣ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ, ਸਾਨੂੰ ਆਪਣੇ ਪਾਪੀ ਸਰੀਰ ਕਰਕੇ ਵੀ ਦਬਾਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਕਈਆਂ ਭੈਣਾਂ-ਭਰਾਵਾਂ ਦੇ “ਸਰੀਰ ਵਿੱਚ” ਗੰਭੀਰ ਬੀਮਾਰੀ ਜਾਂ ਅਪੰਗਤਾ ਦਾ ‘ਕੰਡਾ ਚੁਭਿਆ’ ਹੋਇਆ ਹੈ। (2 ਕੁਰਿੰਥੀਆਂ 12:7-10) ਦੂਸਰੇ ਕਿਸੇ-ਨ-ਕਿਸੇ ਕਾਰਨ ਆਪਣੇ ਆਪ ਨੂੰ ਨਿਕੰਮੇ ਮਹਿਸੂਸ ਕਰਦੇ ਹਨ। ਬੁੱਢੇ ਹੋਣ ਕਰਕੇ ਕੁਝ ਮਸੀਹੀਆਂ ਨੂੰ “ਮਾੜੇ ਦਿਨ” ਵੀ ਦੇਖਣੇ ਪੈਂਦੇ ਹਨ ਅਤੇ ਉਹ ਸ਼ਾਇਦ ਪਹਿਲਾਂ ਵਰਗੇ ਜੋਸ਼ ਨਾਲ ਯਹੋਵਾਹ ਦੀ ਸੇਵਾ ਨਹੀਂ ਕਰ ਸਕਦੇ।—ਉਪਦੇਸ਼ਕ ਦੀ ਪੋਥੀ 12:1.
7 ਪੌਲੁਸ ਰਸੂਲ ਨੇ ਸਾਨੂੰ ਚੇਤੇ ਕਰਾਇਆ ਕਿ “ਸਾਡੀ ਲੜਾਈ . . . ਦੁਸ਼ਟ ਆਤਮਿਆਂ ਨਾਲ ਹੁੰਦੀ ਹੈ ਜੋ ਸੁਰਗੀ ਥਾਵਾਂ ਵਿੱਚ ਹਨ।” (ਅਫ਼ਸੀਆਂ 6:12) ਸਾਨੂੰ ਹਮੇਸ਼ਾ ਦੁਨੀਆਂ ਦੀ ਮਾੜੀ ਹਵਾ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਰਾਹੀਂ ਸ਼ਤਾਨ ਅਤੇ ਉਸ ਦੇ ਬੁਰੇ ਦੂਤ ਸਾਨੂੰ ਪਰਮੇਸ਼ੁਰ ਦੇ ਹੁਕਮਾਂ ਦੇ ਖ਼ਿਲਾਫ਼ ਜਾਣ ਲਈ ਭਰਮਾਉਂਦੇ ਹਨ। (1 ਕੁਰਿੰਥੀਆਂ 2:12; ਅਫ਼ਸੀਆਂ 2:2, 3) ਸ਼ਾਇਦ ਅਸੀਂ ਵੀ ਲੂਤ ਦੀ ਤਰ੍ਹਾਂ ਲੋਕਾਂ ਦਾ ਬੁਰਾ ਚਾਲ-ਚਲਣ ਦੇਖ ਕੇ ਦੁਖੀ ਹੋਈਏ। (2 ਪਤਰਸ 2:7) ਸ਼ਤਾਨ ਸਾਡੇ ਉੱਤੇ ਹਮਲੇ ਕਰਦਾ ਰਹਿੰਦਾ ਹੈ। ਉਹ ਮਸਹ ਕੀਤੇ ਹੋਏ ਬਕੀਏ ਨਾਲ ਲੜਾਈ ਕਰਦਾ ਹੈ ਜਿਹੜੇ “ਪਰਮੇਸ਼ੁਰ ਦੀਆਂ ਆਗਿਆਂ ਦੀ ਪਾਲਨਾ ਕਰਦੇ ਅਤੇ ਯਿਸੂ ਦੀ ਸਾਖੀ ਭਰਦੇ ਹਨ।” (ਪਰਕਾਸ਼ ਦੀ ਪੋਥੀ 12:17) ਸ਼ਤਾਨ ਯਿਸੂ ਦੀਆਂ ‘ਹੋਰ ਭੇਡਾਂ’ ਉੱਤੇ ਵੀ ਹਮਲੇ ਕਰਦਾ ਹੈ, ਇਸ ਲਈ ਉਨ੍ਹਾਂ ਨੂੰ ਕਈ ਜ਼ੁਲਮ ਸਹਿਣੇ ਪੈਂਦੇ ਹਨ ਅਤੇ ਕਈ ਵਾਰ ਉਨ੍ਹਾਂ ਦੇ ਪ੍ਰਚਾਰ ਦੇ ਕੰਮ ਉੱਤੇ ਵੀ ਪਾਬੰਦੀ ਲਗਾਈ ਜਾਂਦੀ ਹੈ।—ਯੂਹੰਨਾ 10:16.
ਕੀ ਅਸੀਂ ਹੌਸਲਾ ਹਾਰ ਜਾਈਏ ਜਾਂ ਲੜੀਏ?
8. ਸਾਨੂੰ ਸ਼ਤਾਨ ਦੇ ਹਮਲਿਆਂ ਦੌਰਾਨ ਕੀ ਕਰਨਾ ਚਾਹੀਦਾ ਹੈ ਅਤੇ ਕਿਉਂ?
8 ਜਦ ਸ਼ਤਾਨ ਸਾਡੇ ਉੱਤੇ ਹਮਲਾ ਕਰਦਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਪ੍ਰਾਚੀਨ ਗਾਦੀ ਲੋਕਾਂ ਦੀ ਤਰ੍ਹਾਂ ਸਾਡੀ ਨਿਹਚਾ ਪੱਕੀ ਹੋਣੀ ਚਾਹੀਦੀ ਹੈ ਅਤੇ ਪਰਮੇਸ਼ੁਰ ਦੀ ਸੇਧ ਅਨੁਸਾਰ ਸਾਨੂੰ ਸ਼ਤਾਨ ਨਾਲ ਲੜਨਾ ਚਾਹੀਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਕਈ ਮਸੀਹੀ ਜ਼ਿੰਦਗੀ ਦੀਆਂ ਮੁਸ਼ਕਲਾਂ ਕਰਕੇ ਯਹੋਵਾਹ ਦੀ ਸੇਵਾ ਕਰਨ ਵਿਚ ਢਿੱਲੇ ਪੈ ਗਏ ਹਨ। (ਮੱਤੀ 13:20-22) ਇਕ ਭਰਾ ਨੇ ਦੱਸਿਆ ਕਿ ਉਸ ਦੀ ਕਲੀਸਿਯਾ ਵਿਚ ਭੈਣ-ਭਰਾ ਸਭਾਵਾਂ ਵਿਚ ਕਿਉਂ ਨਹੀਂ ਆ ਰਹੇ: “ਭੈਣ-ਭਰਾ ਥੱਕੇ ਹੋਏ ਹਨ। ਉਨ੍ਹਾਂ ਉੱਤੇ ਭਾਰੇ ਬੋਝ ਹਨ।” ਇਹ ਸੱਚ ਹੈ ਕਿ ਬਹੁਤ ਸਾਰੇ ਲੋਕ ਥੱਕੇ ਹੋਏ ਹਨ। ਪਰ ਕਈ ਮਸੀਹੀ ਪਰਮੇਸ਼ੁਰ ਦੀ ਸੇਵਾ ਨੂੰ ਵੀ ਇਕ ਬੋਝ ਸਮਝਣ ਲੱਗ ਪਏ ਹਨ। ਕੀ ਇਸ ਤਰ੍ਹਾਂ ਸੋਚਣਾ ਸਹੀ ਹੈ?
9. ਯਿਸੂ ਦਾ ਜੂਲਾ ਆਪਣੇ ਉੱਤੇ ਲੈਣ ਨਾਲ ਆਰਾਮ ਕਿਵੇਂ ਮਿਲਦਾ ਹੈ?
9 ਧਿਆਨ ਦਿਓ ਕਿ ਯਿਸੂ ਨੇ ਉਨ੍ਹਾਂ ਲੋਕਾਂ ਨੂੰ ਕੀ ਕਿਹਾ ਸੀ ਜੋ ਜ਼ਿੰਦਗੀ ਦੇ ਦਬਾਵਾਂ ਕਰਕੇ ਥੱਕੇ-ਹਾਰੇ ਸਨ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ।” ਕੀ ਯਿਸੂ ਨੇ ਕਿਹਾ ਸੀ ਕਿ ਪਰਮੇਸ਼ੁਰ ਦੀ ਸੇਵਾ ਘੱਟ ਕਰਨ ਨਾਲ ਤੁਹਾਨੂੰ ਆਰਾਮ ਮਿਲੇਗਾ? ਨਹੀਂ, ਯਿਸੂ ਨੇ ਇਸ ਦੇ ਬਿਲਕੁਲ ਉਲਟ ਕਿਹਾ ਸੀ: “ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ।” ਜੂਲਾ ਲੱਕੜ ਜਾਂ ਲੋਹੇ ਦਾ ਬਣਿਆ ਹੁੰਦਾ ਹੈ ਅਤੇ ਇਸ ਨਾਲ ਇਨਸਾਨ ਜਾਂ ਜਾਨਵਰ ਭਾਰਾ ਬੋਝ ਚੁੱਕ ਸਕਦੇ ਹਨ। ਪਰ ਅਸੀਂ ਤਾਂ ਪਹਿਲਾਂ ਹੀ ‘ਥੱਕੇ ਹੋਏ’ ਹਾਂ, ਫਿਰ ਸਾਨੂੰ ਇਹ ਬੋਝ ਚੁੱਕਣ ਲਈ ਕਿਉਂ ਕਿਹਾ ਗਿਆ ਹੈ? ਕਿਉਂਕਿ ਯੂਨਾਨੀ ਭਾਸ਼ਾ ਵਿਚ ਇੱਥੇ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ: “ਮੇਰੇ ਨਾਲ ਜੂਲੇ ਥੱਲੇ ਆਓ।” ਜ਼ਰਾ ਸੋਚੋ: ਯਿਸੂ ਭਾਰ ਖਿੱਚਣ ਵਿਚ ਸਾਡੀ ਮਦਦ ਕਰਨੀ ਚਾਹੁੰਦਾ ਹੈ! ਸਾਨੂੰ ਆਪਣੀ ਤਾਕਤ ਨਾਲ ਹੀ ਜੂਲਾ ਨਹੀਂ ਖਿੱਚਣਾ ਪੈਂਦਾ।—ਮੱਤੀ 9:36; 11:28, 29; 2 ਕੁਰਿੰਥੀਆਂ 4:7.
10. ਪਰਮੇਸ਼ੁਰ ਦੀ ਵਡਿਆਈ ਕਰਨ ਵਿਚ ਸਾਡੀ ਮਿਹਨਤ ਦਾ ਕੀ ਨਤੀਜਾ ਨਿਕਲਦਾ ਹੈ?
10 ਜਦੋਂ ਅਸੀਂ ਯਿਸੂ ਦੇ ਜੂਲੇ ਥੱਲੇ ਆ ਕੇ ਉਸ ਦੇ ਚੇਲੇ ਬਣਦੇ ਹਾਂ, ਤਾਂ ਅਸੀਂ ਸ਼ਤਾਨ ਨਾਲ ਲੜਦੇ ਹਾਂ। ਯਾਕੂਬ 4:7 ਵਿਚ ਇਹ ਵਾਅਦਾ ਕੀਤਾ ਗਿਆ ਹੈ: “ਸ਼ਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ।” ਇਸ ਦਾ ਇਹ ਮਤਲਬ ਨਹੀਂ ਕਿ ਇਹ ਕੋਈ ਸੌਖਾ ਕੰਮ ਹੈ। ਪਰਮੇਸ਼ੁਰ ਦੀ ਸੇਵਾ ਵਿਚ ਸਾਨੂੰ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ। (ਲੂਕਾ 13:24) ਪਰ ਜ਼ਬੂਰਾਂ ਦੀ ਪੋਥੀ 126:5 ਵਿਚ ਲਿਖਿਆ ਹੈ: “ਜਿਹੜੇ ਅੰਝੂਆਂ ਨਾਲ ਬੀਜਦੇ ਹਨ, ਓਹ ਜੈਕਾਰਿਆਂ ਨਾਲ ਵੱਢਣਗੇ।” ਅਸੀਂ ਅਜਿਹੇ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ ਜੋ ਸਾਡੀ ਮਿਹਨਤ ਦੀ ਕਦਰ ਕਰਦਾ ਹੈ। “ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ” ਯਾਨੀ ਉਹ ਉਸ ਦੀ ਵਡਿਆਈ ਕਰਨ ਵਾਲਿਆਂ ਨੂੰ ਬਰਕਤਾਂ ਦਿੰਦਾ ਹੈ।—ਇਬਰਾਨੀਆਂ 11:6.
ਪ੍ਰਚਾਰਕਾਂ ਵਜੋਂ ਪਰਮੇਸ਼ੁਰ ਦੀ ਵਡਿਆਈ ਕਰੋ
11. ਪ੍ਰਚਾਰ ਰਾਹੀਂ ਅਸੀਂ ਸ਼ਤਾਨ ਦੇ ਹਮਲਿਆਂ ਦਾ ਸਾਮ੍ਹਣਾ ਕਿਵੇਂ ਕਰਦੇ ਹਾਂ?
11 ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਹੁਕਮ ਦਿੱਤਾ ਸੀ: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ।” ਪ੍ਰਚਾਰ ਕਰਨਾ ਪਰਮੇਸ਼ੁਰ ਨੂੰ “ਉਸਤਤ ਦਾ ਬਲੀਦਾਨ” ਚੜ੍ਹਾਉਣ ਦਾ ਮੁੱਖ ਤਰੀਕਾ ਹੈ। (ਮੱਤੀ 28:19; ਇਬਰਾਨੀਆਂ 13:15) “ਮਿਲਾਪ ਦੀ ਖੁਸ਼ ਖਬਰੀ ਦੀ ਤਿਆਰੀ ਦੀ ਜੁੱਤੀ” ਸਾਡੇ “ਸ਼ਸਤ੍ਰ ਬਸਤ੍ਰ” ਦਾ ਜ਼ਰੂਰੀ ਹਿੱਸਾ ਹੈ ਜਿਸ ਨੂੰ ਪਹਿਨ ਕੇ ਅਸੀਂ ਸ਼ਤਾਨ ਦੇ ਹਮਲਿਆਂ ਦਾ ਸਾਮ੍ਹਣਾ ਕਰਦੇ ਹਾਂ। (ਅਫ਼ਸੀਆਂ 6:11-15) ਪ੍ਰਚਾਰ ਰਾਹੀਂ ਪਰਮੇਸ਼ੁਰ ਦੀ ਵਡਿਆਈ ਕਰਨੀ ਆਪਣੀ ਨਿਹਚਾ ਪੱਕੀ ਰੱਖਣ ਦਾ ਵਧੀਆ ਤਰੀਕਾ ਹੈ। (2 ਕੁਰਿੰਥੀਆਂ 4:13) ਇਸ ਤਰ੍ਹਾਂ ਸਾਡਾ ਮਨ ਚੰਗੀਆਂ ਗੱਲਾਂ ਉੱਤੇ ਲੱਗਾ ਰਹਿੰਦਾ ਹੈ। (ਫ਼ਿਲਿੱਪੀਆਂ 4:8) ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਕੇ ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਸੰਗਤ ਦਾ ਵੀ ਆਨੰਦ ਮਾਣ ਸਕਦੇ ਹਾਂ।
12, 13. ਜਦੋਂ ਪੂਰਾ ਪਰਿਵਾਰ ਬਾਕਾਇਦਾ ਪ੍ਰਚਾਰ ਕਰਨ ਜਾਂਦਾ ਹੈ, ਤਾਂ ਉਨ੍ਹਾਂ ਨੂੰ ਕੀ ਲਾਭ ਹੁੰਦੇ ਹਨ? ਇਕ ਮਿਸਾਲ ਦਿਓ।
12 ਪੂਰਾ ਪਰਿਵਾਰ ਮਿਲ ਕੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਸਕਦਾ ਹੈ। ਬੱਚੇ ਉਹ ਕੰਮ ਕਰਨੇ ਪਸੰਦ ਕਰਦੇ ਹਨ ਜੋ ਉਨ੍ਹਾਂ ਨੂੰ ਚੰਗੀ ਤਰ੍ਹਾਂ ਕਰਨੇ ਆਉਂਦੇ ਹਨ। ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਲੋਕਾਂ ਨਾਲ ਚੰਗੀ ਤਰ੍ਹਾਂ ਗੱਲਬਾਤ ਕਰਨੀ ਸਿਖਾਉਣੀ ਚਾਹੀਦੀ ਹੈ। ਸਾਨੂੰ ਪਤਾ ਹੈ ਕਿ ਬੱਚਿਆਂ ਨੂੰ ਮਨੋਰੰਜਨ ਦੀ ਵੀ ਲੋੜ ਹੁੰਦੀ ਹੈ। ਇਸ ਲਈ ਮਾਪਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਕੰਮ ਲਈ ਸਮਾਂ ਹੁੰਦਾ ਹੈ। ਉਨ੍ਹਾਂ ਨੂੰ ਆਪਣੇ ਬੱਚਿਆਂ ਉੱਤੇ ਬਿਨਾਂ ਵਜ੍ਹਾ ਜ਼ਿਆਦਾ ਪ੍ਰਚਾਰ ਕਰਨ ਦਾ ਜ਼ੋਰ ਨਹੀਂ ਪਾਉਣਾ ਚਾਹੀਦਾ। ਫਿਰ ਬੱਚਿਆਂ ਨੂੰ ਪ੍ਰਚਾਰ ਦੇ ਕੰਮ ਵਿਚ ਖ਼ੁਸ਼ੀ ਮਿਲੇਗੀ।—ਉਤਪਤ 33:13, 14.
13 ਜਦੋਂ ਪੂਰਾ ਪਰਿਵਾਰ ਮਿਲ ਕੇ ਪਰਮੇਸ਼ੁਰ ਦੀ ਵਡਿਆਈ ਕਰਦਾ ਹੈ, ਤਾਂ ਉਨ੍ਹਾਂ ਦਾ ਆਪਸੀ ਪਿਆਰ ਵੀ ਵਧਦਾ ਹੈ। ਇਕ ਭੈਣ ਦਾ ਪਤੀ ਉਸ ਨੂੰ ਅਤੇ ਆਪਣੇ ਪੰਜ ਬੱਚਿਆਂ ਨੂੰ ਛੱਡ ਕੇ ਚੱਲਿਆ ਗਿਆ। ਇਸ ਭੈਣ ਨੂੰ ਰੋਟੀ ਕਮਾਉਣ ਲਈ ਨੌਕਰੀ ਕਰਨੀ ਪਈ। ਕੀ ਉਹ ਕੰਮ ਕਰਦੀ ਹੋਈ ਇੰਨੀ ਥੱਕ ਗਈ ਸੀ ਕਿ ਉਹ ਆਪਣੇ ਬੱਚਿਆਂ ਦੀਆਂ ਰੂਹਾਨੀ ਲੋੜਾਂ ਪੂਰੀਆਂ ਨਹੀਂ ਕਰ ਸਕੀ? ਉਹ ਦੱਸਦੀ ਹੈ: “ਮੈਂ ਬਾਈਬਲ ਅਤੇ ਪ੍ਰਕਾਸ਼ਨਾਂ ਦੀ ਚੰਗੀ ਤਰ੍ਹਾਂ ਸਟੱਡੀ ਕੀਤੀ ਅਤੇ ਸਾਰੀਆਂ ਗੱਲਾਂ ਉੱਤੇ ਅਮਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਮੈਂ ਬੱਚਿਆਂ ਨੂੰ ਆਪਣੇ ਨਾਲ ਮੀਟਿੰਗਾਂ ਵਿਚ ਅਤੇ ਪ੍ਰਚਾਰ ਵਿਚ ਲੈ ਕੇ ਜਾਂਦੀ ਰਹੀ। ਅਤੇ ਯਹੋਵਾਹ ਨੇ ਬਰਕਤਾਂ ਨਾਲ ਮੇਰੀ ਝੋਲੀ ਭਰ ਦਿੱਤੀ ਕਿਉਂਕਿ ਮੇਰੇ ਪੰਜਾਂ ਬੱਚਿਆਂ ਨੇ ਬਪਤਿਸਮਾ ਲੈ ਲਿਆ।” ਜੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਪ੍ਰਚਾਰ ਵਿਚ ਲੈ ਕੇ ਜਾਓਗੇ, ਤਾਂ ਤੁਹਾਨੂੰ ਵੀ ‘ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰਨ’ ਵਿਚ ਮਦਦ ਮਿਲੇਗੀ।—ਅਫ਼ਸੀਆਂ 6:4.
14. (ੳ) ਨੌਜਵਾਨ ਸਕੂਲ ਵਿਚ ਪਰਮੇਸ਼ੁਰ ਦੀ ਵਡਿਆਈ ਕਿਸ ਤਰ੍ਹਾਂ ਕਰ ਸਕਦੇ ਹਨ? (ਅ) ‘ਇੰਜੀਲ ਤੋਂ ਨਾ ਸ਼ਰਮਾਉਣ’ ਵਿਚ ਕਿਹੜੀ ਚੀਜ਼ ਨੌਜਵਾਨਾਂ ਦੀ ਮਦਦ ਕਰ ਸਕਦੀ ਹੈ?
14 ਨੌਜਵਾਨੋ, ਜੇ ਤੁਸੀਂ ਅਜਿਹੇ ਦੇਸ਼ ਵਿਚ ਰਹਿੰਦੇ ਹੋ ਜਿੱਥੇ ਸਕੂਲ ਵਿਚ ਤੁਸੀਂ ਖੁੱਲ੍ਹ ਕੇ ਪ੍ਰਚਾਰ ਕਰ ਸਕਦੇ ਹੋ, ਤਾਂ ਕੀ ਤੁਸੀਂ ਪਰਮੇਸ਼ੁਰ ਦੀ ਵਡਿਆਈ ਕਰਦੇ ਹੋ ਜਾਂ ਡਰ ਦੇ ਮਾਰੇ ਚੁੱਪ ਹੀ ਰਹਿੰਦੇ ਹੋ? (ਕਹਾਉਤਾਂ 29:25) ਪੋਰਟੋ ਰੀਕੋ ਵਿਚ 13 ਸਾਲਾਂ ਦੀ ਇਕ ਗਵਾਹ ਲਿਖਦੀ ਹੈ: “ਮੈਂ ਸਕੂਲ ਵਿਚ ਪ੍ਰਚਾਰ ਕਰਨ ਤੋਂ ਕਦੀ ਸ਼ਰਮਾਉਂਦੀ ਨਹੀਂ ਕਿਉਂਕਿ ਮੈਂ ਜਾਣਦੀ ਹਾਂ ਕਿ ਮੇਰੇ ਕੋਲ ਸੱਚਾਈ ਹੈ। ਕਲਾਸ ਵਿਚ ਮੈਂ ਹਮੇਸ਼ਾ ਹੱਥ ਖੜ੍ਹਾ ਕਰ ਕੇ ਦੱਸਦੀ ਹਾਂ ਕਿ ਬਾਈਬਲ ਵਿੱਚੋਂ ਮੈਂ ਕੀ ਸਿੱਖਿਆ ਹੈ। ਜਦ ਮੇਰੀ ਕਲਾਸ ਨਹੀਂ ਹੁੰਦੀ, ਤਾਂ ਮੈਂ ਸਕੂਲ ਦੀ ਲਾਇਬ੍ਰੇਰੀ ਵਿਚ ਬੈਠ ਕੇ ਨੌਜਵਾਨਾਂ ਦੇ ਸਵਾਲ ਪੁਸਤਕ ਪੜ੍ਹਦੀ ਹਾਂ।”a ਕੀ ਯਹੋਵਾਹ ਨੇ ਇਸ ਭੈਣ ਦੇ ਜਤਨਾਂ ਉੱਤੇ ਬਰਕਤ ਪਾਈ ਹੈ? ਉਹ ਦੱਸਦੀ ਹੈ: “ਕਈ ਵਾਰ ਬੱਚੇ ਮੈਨੂੰ ਸਵਾਲ ਪੁੱਛਦੇ ਹਨ ਅਤੇ ਕਈਆਂ ਨੇ ਮੇਰੇ ਕੋਲੋਂ ਇਹ ਪੁਸਤਕ ਵੀ ਮੰਗੀ ਹੈ।” ਜੇ ਤੁਸੀਂ ਸਕੂਲ ਵਿਚ ਗਵਾਹੀ ਦੇਣ ਤੋਂ ਸ਼ਰਮਾਉਂਦੇ ਹੋ, ਤਾਂ ਸ਼ਾਇਦ ਤੁਹਾਨੂੰ ਖ਼ੁਦ ਬਾਈਬਲ ਦੀ ਸਟੱਡੀ ਕਰ ਕੇ ਜਾਣ ਲੈਣਾ ਚਾਹੀਦਾ ਹੈ ਕਿ “ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।” (ਰੋਮੀਆਂ 12:2) ਜਦੋਂ ਤੁਹਾਨੂੰ ਪੂਰਾ ਯਕੀਨ ਹੋ ਜਾਵੇਗਾ ਕਿ ਜੋ ਤੁਸੀਂ ਪੜ੍ਹਿਆ ਹੈ ਉਹ ਸੱਚਾਈ ਹੈ, ਤਾਂ ਤੁਸੀਂ ‘ਇੰਜੀਲ ਤੋਂ ਸ਼ਰਮਾਓਗੇ ਨਹੀਂ।’—ਰੋਮੀਆਂ 1:16.
ਸੇਵਾ ਕਰਨ ਦੇ ਵਧੀਆ ਤਰੀਕੇ
15, 16. ਕੁਝ ਮਸੀਹੀਆਂ ਨੇ ਸੇਵਾ ਕਰਨ ਦੇ ਕਿਨ੍ਹਾਂ ਤਰੀਕਿਆਂ ਦਾ ਫ਼ਾਇਦਾ ਉਠਾਇਆ ਹੈ ਅਤੇ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ?
15 ਪੌਲੁਸ ਰਸੂਲ ਨੇ ਲਿਖਿਆ ਕਿ ਉਸ ਦੇ ਸਾਮ੍ਹਣੇ ‘ਕੰਮ ਕੱਢਣ ਵਾਲਾ ਦਰਵੱਜਾ ਖੁਲ੍ਹਿਆ’ ਹੋਇਆ ਸੀ। (1 ਕੁਰਿੰਥੀਆਂ 16:9) ਕੀ ਤੁਹਾਡੇ ਹਾਲਾਤ ਤੁਹਾਨੂੰ ਕਿਸੇ ਹੋਰ ਤਰੀਕੇ ਨਾਲ ਸੇਵਾ ਕਰਨ ਦਾ ਮੌਕਾ ਦਿੰਦੇ ਹਨ? ਮਿਸਾਲ ਲਈ, ਸ਼ਾਇਦ ਤੁਸੀਂ ਮਹੀਨੇ ਵਿਚ 70 ਜਾਂ 50 ਘੰਟੇ ਪ੍ਰਚਾਰ ਵਿਚ ਲਾ ਕੇ ਪਾਇਨੀਅਰ ਕਰ ਸਕਦੇ ਹੋ। ਕਲੀਸਿਯਾ ਦੇ ਬਾਕੀ ਭੈਣ-ਭਰਾ ਵਫ਼ਾਦਾਰ ਪਾਇਨੀਅਰਾਂ ਦੀ ਸੇਵਾ ਦੀ ਬਹੁਤ ਕਦਰ ਕਰਦੇ ਹਨ। ਪਰ ਪ੍ਰਚਾਰ ਕਰਨ ਵਿਚ ਜ਼ਿਆਦਾ ਸਮਾਂ ਲਾਉਣ ਕਰਕੇ ਪਾਇਨੀਅਰ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਬਿਹਤਰ ਨਹੀਂ ਸਮਝਦੇ, ਬਲਕਿ ਉਹ ਯਿਸੂ ਦੇ ਇਨ੍ਹਾਂ ਸ਼ਬਦਾਂ ਦੀ ਹਾਮੀ ਭਰਦੇ ਹਨ: “ਅਸੀਂ ਨਿਕੰਮੇ ਬੰਦੇ ਹਾਂ, ਜੋ ਕੁਝ ਸਾਨੂੰ ਕਰਨਾ ਉਚਿਤ ਸੀ ਅਸਾਂ ਉਹੀ ਕੀਤਾ।”—ਲੂਕਾ 17:10.
16 ਪਾਇਨੀਅਰੀ ਕਰਨ ਲਈ ਕਾਫ਼ੀ ਮਿਹਨਤ ਤੇ ਤਿਆਰੀ ਕਰਨੀ ਪੈਂਦੀ ਹੈ ਅਤੇ ਕੁਰਬਾਨੀਆਂ ਵੀ ਦੇਣੀਆਂ ਪੈਂਦੀਆਂ ਹਨ। ਪਰ ਬਰਕਤਾਂ ਵੀ ਢੇਰ ਸਾਰੀਆਂ ਮਿਲਦੀਆਂ ਹਨ। ਟਮੀਕਾ ਨਾਂ ਦੀ ਨੌਜਵਾਨ ਪਾਇਨੀਅਰ ਭੈਣ ਨੇ ਕਿਹਾ: “ਪ੍ਰਚਾਰ ਵਿਚ ਬਾਈਬਲ ਨੂੰ ਚੰਗੀ ਤਰ੍ਹਾਂ ਇਸਤੇਮਾਲ ਕਰਨਾ ਆਪਣੇ ਆਪ ਵਿਚ ਇਕ ਬਰਕਤ ਹੈ।” ਉਸ ਨੇ ਅੱਗੇ ਕਿਹਾ: “ਪਾਇਨੀਅਰੀ ਕਰਨ ਵਿਚ ਤੁਹਾਨੂੰ ਬਾਈਬਲ ਵਰਤਣ ਦੇ ਕਈ ਮੌਕੇ ਮਿਲਦੇ ਹਨ। ਹੁਣ ਜਦੋਂ ਮੈਂ ਘਰ-ਘਰ ਜਾਂਦੀ ਹਾਂ ਅਤੇ ਲੋਕਾਂ ਦੀਆਂ ਗੱਲਾਂ ਸੁਣਦੀ ਹਾਂ, ਤਾਂ ਮੈਨੂੰ ਕਈ ਹਵਾਲੇ ਯਾਦ ਆ ਜਾਂਦੇ ਹਨ ਜੋ ਮੈਂ ਉਨ੍ਹਾਂ ਨੂੰ ਦਿਖਾ ਸਕਦੀ ਹਾਂ।” (2 ਤਿਮੋਥਿਉਸ 2:15) ਮਾਇਕਾ ਨਾਂ ਦੀ ਇਕ ਹੋਰ ਪਾਇਨੀਅਰ ਭੈਣ ਨੇ ਕਿਹਾ: “ਜਦ ਮੈਂ ਦੇਖਦੀ ਹਾਂ ਕਿ ਸੱਚਾਈ ਲੋਕਾਂ ਦੀਆਂ ਜ਼ਿੰਦਗੀਆਂ ਕਿਸ ਤਰ੍ਹਾਂ ਬਦਲ ਦਿੰਦੀ ਹੈ, ਤਾਂ ਮੇਰੇ ਦਿਲ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ।” ਮੈਥਿਊ ਨਾਂ ਦੇ ਨੌਜਵਾਨ ਨੇ ਵੀ ਉਸ ਖ਼ੁਸ਼ੀ ਬਾਰੇ ਗੱਲ ਕੀਤੀ ਜਦ ਕੋਈ ਸੱਚਾਈ ਵਿਚ ਆ ਜਾਂਦਾ ਹੈ। ਉਹ ਮਹਿਸੂਸ ਕਰਦਾ ਹੈ ਕਿ “ਦੁਨੀਆਂ ਵਿਚ ਕਿਸੇ ਹੋਰ ਚੀਜ਼ ਤੋਂ ਇੰਨੀ ਖ਼ੁਸ਼ੀ ਨਹੀਂ ਮਿਲਦੀ।”
17. ਇਕ ਭੈਣ ਪਾਇਨੀਅਰੀ ਕਿਉਂ ਨਹੀਂ ਕਰਨੀ ਚਾਹੁੰਦੀ ਸੀ, ਪਰ ਉਸ ਦੀ ਕਿਸ ਤਰ੍ਹਾਂ ਮਦਦ ਕੀਤੀ ਗਈ?
17 ਕੀ ਤੁਸੀਂ ਪਾਇਨੀਅਰੀ ਕਰ ਸਕਦੇ ਹੋ? ਸ਼ਾਇਦ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹ ਕਰਨ ਦੇ ਯੋਗ ਨਹੀਂ ਹੋ। ਕੇਂਯੇਟਾ ਨਾਂ ਦੀ ਭੈਣ ਕਹਿੰਦੀ ਹੈ: “ਮੈਂ ਪਾਇਨੀਅਰੀ ਨਹੀਂ ਕਰਨੀ ਚਾਹੁੰਦੀ ਸੀ। ਮੈਨੂੰ ਲੱਗਦਾ ਸੀ ਕਿ ਮੈਂ ਇਹ ਕੰਮ ਕਰ ਹੀ ਨਹੀਂ ਸਕਦੀ। ਮੈਨੂੰ ਪਤਾ ਨਹੀਂ ਸੀ ਕਿ ਮੈਂ ਲੋਕਾਂ ਨਾਲ ਗੱਲਬਾਤ ਕਿੱਦਾਂ ਸ਼ੁਰੂ ਕਰਾਂ ਜਾਂ ਬਾਈਬਲ ਵਿੱਚੋਂ ਗੱਲਾਂ ਕਿੱਦਾਂ ਸਮਝਾਵਾਂ।” ਪਰ ਬਜ਼ੁਰਗਾਂ ਨੇ ਇਕ ਤਜਰਬੇਕਾਰ ਭੈਣ ਨੂੰ ਉਸ ਦੀ ਮਦਦ ਕਰਨ ਲਈ ਕਿਹਾ। ਕੇਂਯੇਟਾ ਯਾਦ ਕਰਦੀ ਹੈ: “ਉਸ ਨਾਲ ਪ੍ਰਚਾਰ ਕਰ ਕੇ ਮੈਨੂੰ ਬਹੁਤ ਚੰਗਾ ਲੱਗਾ, ਹੁਣ ਮੈਂ ਵੀ ਪਾਇਨੀਅਰੀ ਕਰਨੀ ਚਾਹੁੰਦੀ ਸੀ।” ਸ਼ਾਇਦ ਉਤਸ਼ਾਹ ਅਤੇ ਸਿਖਲਾਈ ਮਿਲਣ ਤੋਂ ਬਾਅਦ ਤੁਸੀਂ ਵੀ ਪਾਇਨੀਅਰੀ ਕਰ ਸਕੋ।
18. ਮਿਸ਼ਨਰੀ ਭੈਣ-ਭਰਾਵਾਂ ਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?
18 ਪਾਇਨੀਅਰੀ ਕਰਨ ਨਾਲ ਹੋਰ ਸੇਵਾ ਕਰਨ ਦੇ ਮੌਕੇ ਵੀ ਮਿਲ ਸਕਦੇ ਹਨ। ਮਿਸਾਲ ਲਈ, ਸ਼ਾਇਦ ਕੁਝ ਵਿਆਹੁਤਾ ਜੋੜੇ ਮਿਸ਼ਨਰੀ ਸਿਖਲਾਈ ਲੈ ਕੇ ਪਰਦੇਸਾਂ ਵਿਚ ਪ੍ਰਚਾਰ ਕਰ ਸਕਦੇ ਹਨ। ਮਿਸ਼ਨਰੀਆਂ ਨੂੰ ਨਵੇਂ ਦੇਸ਼ ਵਿਚ ਰਹਿਣਾ, ਨਵੀਂ ਭਾਸ਼ਾ ਸਿੱਖਣੀ, ਨਵਾਂ ਸਭਿਆਚਾਰ ਅਪਣਾਉਣਾ ਅਤੇ ਨਵੇਂ ਖਾਣੇ ਖਾਣੇ ਪੈਂਦੇ ਹਨ। ਭਾਵੇਂ ਉਨ੍ਹਾਂ ਨੂੰ ਇਸ ਵਿਚ ਕੁਝ ਔਖਿਆਈਆਂ ਆਉਂਦੀਆਂ ਹਨ, ਫਿਰ ਵੀ ਇਹ ਮੁਸ਼ਕਲਾਂ ਉਨ੍ਹਾਂ ਨੂੰ ਮਿਲਣ ਵਾਲੀਆਂ ਬਹੁਤ ਸਾਰੀਆਂ ਬਰਕਤਾਂ ਦੇ ਮੁਕਾਬਲੇ ਕੁਝ ਵੀ ਨਹੀਂ ਹਨ। ਮਿਲਡਰਿਡ ਕਈ ਸਾਲਾਂ ਤੋਂ ਮੈਕਸੀਕੋ ਵਿਚ ਇਕ ਮਿਸ਼ਨਰੀ ਦੇ ਤੌਰ ਤੇ ਸੇਵਾ ਕਰ ਰਹੀ ਹੈ। ਉਹ ਕਹਿੰਦੀ ਹੈ: “ਮਿਸ਼ਨਰੀ ਬਣਨ ਦਾ ਮੈਨੂੰ ਕੋਈ ਅਫ਼ਸੋਸ ਨਹੀਂ। ਛੋਟੀ ਹੁੰਦੀ ਤੋਂ ਮੇਰੀ ਇਹੀ ਖ਼ਾਹਸ਼ ਸੀ।” ਉਸ ਨੂੰ ਕਿਹੜੀਆਂ ਅਸੀਸਾਂ ਮਿਲੀਆਂ ਹਨ? “ਜਦ ਮੈਂ ਆਪਣੇ ਦੇਸ਼ ਵਿਚ ਸੀ, ਤਾਂ ਬਾਈਬਲ ਸਟੱਡੀ ਲੱਭਣੀ ਮੁਸ਼ਕਲ ਸੀ। ਪਰ ਇੱਥੇ ਬਹੁਤ ਸਾਰੇ ਲੋਕ ਸਟੱਡੀ ਕਰਨੀ ਚਾਹੁੰਦੇ ਹਨ। ਇਕ ਵਾਰ ਮੇਰੀਆਂ ਚਾਰ ਬਾਈਬਲ ਸਟੱਡੀਆਂ ਪ੍ਰਚਾਰ ਕਰਨ ਲਈ ਤਿਆਰ ਸਨ!”
19, 20. ਉਨ੍ਹਾਂ ਭੈਣ-ਭਰਾਵਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ ਜੋ ਬੈਥਲ ਵਿਚ ਸੇਵਾ ਕਰਦੇ ਹਨ, ਉਸਾਰੀ ਦਾ ਕੰਮ ਕਰਦੇ ਹਨ ਅਤੇ ਸੇਵਕਾਈ ਸਿਖਲਾਈ ਸਕੂਲ ਜਾ ਚੁੱਕੇ ਹਨ?
19 ਬੈਥਲ ਵਿਚ ਸੇਵਾ ਕਰਨ ਵਾਲੇ ਭੈਣ-ਭਰਾਵਾਂ ਦੀ ਝੋਲੀ ਵੀ ਬਰਕਤਾਂ ਨਾਲ ਭਰੀ ਹੋਈ ਹੈ। ਸਵੇਨ ਜਰਮਨੀ ਦੇ ਬੈਥਲ ਵਿਚ ਸੇਵਾ ਕਰਦਾ ਹੈ। ਉਹ ਇਸ ਬਾਰੇ ਕਹਿੰਦਾ ਹੈ: “ਮੈਨੂੰ ਲੱਗਦਾ ਹੈ ਕਿ ਮੈਂ ਇਕ ਜ਼ਰੂਰੀ ਕੰਮ ਵਿਚ ਹਿੱਸਾ ਲੈ ਰਿਹਾ ਹਾਂ। ਮੈਂ ਦੁਨੀਆਂ ਵਿਚ ਨੌਕਰੀ ਕਰ ਕੇ ਆਪਣੀਆਂ ਯੋਗਤਾਵਾਂ ਵਰਤ ਸਕਦਾ ਹਾਂ। ਪਰ ਇਹ ਤਾਂ ਅਜਿਹੇ ਬੈਂਕ ਵਿਚ ਪੈਸਾ ਜਮ੍ਹਾ ਕਰਾਉਣ ਦੇ ਬਰਾਬਰ ਹੈ ਜਿਸ ਦਾ ਦਿਵਾਲਾ ਨਿਕਲਣ ਵਾਲਾ ਹੈ।” ਇਹ ਸੱਚ ਹੈ ਕਿ ਤਨਖ਼ਾਹ ਤੋਂ ਬਿਨਾਂ ਸੇਵਾ ਕਰਨੀ ਵੱਡੀ ਕੁਰਬਾਨੀ ਹੈ। ਪਰ ਸਵੇਨ ਕਹਿੰਦਾ ਹੈ: “ਬੈਥਲ ਵਿਚ ਪੂਰਾ ਦਿਨ ਕੰਮ ਕਰ ਕੇ ਮੈਨੂੰ ਇਸ ਗੱਲ ਤੋਂ ਬੇਹੱਦ ਖ਼ੁਸ਼ੀ ਮਿਲਦੀ ਹੈ ਕਿ ਮੈਂ ਜੋ ਵੀ ਕੀਤਾ, ਯਹੋਵਾਹ ਲਈ ਹੀ ਕੀਤਾ।”
20 ਕੁਝ ਭੈਣ-ਭਰਾਵਾਂ ਨੇ ਹੋਰਨਾਂ ਮੁਲਕਾਂ ਵਿਚ ਜਾ ਕੇ ਉਸਾਰੀ ਦੇ ਕੰਮ ਵਿਚ ਹੱਥ ਵਟਾਇਆ ਹੈ। ਇਕ ਜੋੜੇ ਨੇ ਅੱਠ ਮੁਲਕਾਂ ਵਿਚ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ: “ਇੱਥੇ ਦੇ ਭੈਣ-ਭਰਾ ਬਹੁਤ ਚੰਗੇ ਹਨ। ਇਹ ਦੇਸ਼ ਛੱਡਣ ਦਾ ਜੀਅ ਨਹੀਂ ਕਰਦਾ। ਸਾਡੇ ਨਾਲ ਅੱਠ ਵਾਰੀ ਇਸ ਤਰ੍ਹਾਂ ਹੋਇਆ ਹੈ। ਇਨ੍ਹਾਂ ਦੇਸ਼ਾਂ ਵਿਚ ਕੰਮ ਕਰ ਕੇ ਸਾਨੂੰ ਬਹੁਤ ਮਜ਼ਾ ਆਇਆ ਹੈ!” ਇਸ ਤੋਂ ਇਲਾਵਾ ਸੇਵਕਾਈ ਸਿਖਲਾਈ ਸਕੂਲ ਵੀ ਹੈ ਜਿਸ ਵਿਚ ਅਣਵਿਆਹੇ ਭਰਾਵਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਇਕ ਭਰਾ ਨੇ ਗ੍ਰੈਜੂਏਟ ਹੋਣ ਤੋਂ ਬਾਅਦ ਕਿਹਾ: “ਮੈਨੂੰ ਪਤਾ ਨਹੀਂ ਲੱਗਦਾ ਕਿ ਮੈਂ ਇਸ ਵਧੀਆ ਇੰਤਜ਼ਾਮ ਦਾ ਕਿਨ੍ਹਾਂ ਲਫ਼ਜ਼ਾਂ ਨਾਲ ਸ਼ੁਕਰ ਕਰਾਂ। ਹੋਰ ਕਿਹੜੀ ਸੰਸਥਾ ਹੈ ਜੋ ਸਿਖਲਾਈ ਦੇਣ ਵਿਚ ਇੰਨੀ ਮਿਹਨਤ ਕਰਦੀ ਹੈ?”
21. ਯਹੋਵਾਹ ਦੀ ਸੇਵਾ ਵਿਚ ਸਾਰੇ ਮਸੀਹੀਆਂ ਦੇ ਸਾਮ੍ਹਣੇ ਕਿਹੜੀ ਚੁਣੌਤੀ ਹੈ?
21 ਜੀ ਹਾਂ, ਯਹੋਵਾਹ ਦੀ ਸੇਵਾ ਕਰਨ ਦੇ ਬਹੁਤ ਸਾਰੇ ਤਰੀਕੇ ਹਨ। ਇਹ ਸੱਚ ਹੈ ਕਿ ਸਾਰੇ ਜਣੇ ਬੈਥਲ ਵਿਚ ਜਾਂ ਵਿਦੇਸ਼ ਜਾ ਕੇ ਸੇਵਾ ਨਹੀਂ ਕਰ ਸਕਦੇ। ਯਿਸੂ ਨੇ ਖ਼ੁਦ ਕਿਹਾ ਸੀ ਕਿ ਮਸੀਹੀ ਆਪਣੇ ਹਾਲਾਤਾਂ ਅਨੁਸਾਰ ਵੱਖੋ-ਵੱਖਰਾ “ਫਲ” ਦੇਣਗੇ। (ਮੱਤੀ 13:23) ਤਾਂ ਫਿਰ ਸਾਡੇ ਸਾਮ੍ਹਣੇ ਇਹ ਚੁਣੌਤੀ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਵਿਚ ਉੱਨਾ ਕਰਦੇ ਰਹੀਏ ਜਿੰਨਾ ਅਸੀਂ ਕਰ ਸਕਦੇ ਹਾਂ। ਜਦ ਅਸੀਂ ਆਪਣੀ ਪੂਰੀ ਵਾਹ ਲਾ ਕੇ ਇਸ ਤਰ੍ਹਾਂ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦੀ ਵਡਿਆਈ ਕਰਦੇ ਹਾਂ ਅਤੇ ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਉਹ ਸਾਡੇ ਤੋਂ ਖ਼ੁਸ਼ ਹੈ। ਇਕ ਬਜ਼ੁਰਗ ਭੈਣ ਐਥਲ ਬਾਰੇ ਸੋਚੋ ਜੋ ਇਕ ਨਰਸਿੰਗ ਹੋਮ ਵਿਚ ਰਹਿੰਦੀ ਹੈ। ਉਹ ਹਮੇਸ਼ਾ ਨਰਸਿੰਗ ਹੋਮ ਵਿਚ ਰਹਿਣ ਵਾਲੇ ਦੂਸਰੇ ਲੋਕਾਂ ਨੂੰ ਪ੍ਰਚਾਰ ਕਰਦੀ ਹੈ ਅਤੇ ਉਹ ਟੈਲੀਫ਼ੋਨ ਰਾਹੀਂ ਵੀ ਗਵਾਹੀ ਦਿੰਦੀ ਹੈ। ਭਾਵੇਂ ਉਹ ਬਹੁਤਾ ਨਹੀਂ ਕਰ ਸਕਦੀ, ਫਿਰ ਵੀ ਉਹ ਤਨ-ਮਨ ਲਾ ਕੇ ਯਹੋਵਾਹ ਦੀ ਸੇਵਾ ਕਰ ਰਹੀ ਹੈ।—ਮੱਤੀ 22:37.
22. (ੳ) ਅਸੀਂ ਕਿਨ੍ਹਾਂ ਤਰੀਕਿਆਂ ਨਾਲ ਪਰਮੇਸ਼ੁਰ ਦੀ ਵਡਿਆਈ ਕਰ ਸਕਦੇ ਹਾਂ? (ਅ) ਅਸੀਂ ਕਿਸ ਸ਼ਾਨਦਾਰ ਸਮੇਂ ਦੀ ਉਡੀਕ ਕਰਦੇ ਹਾਂ?
22 ਪਰ ਯਾਦ ਰੱਖੋ ਕਿ ਪ੍ਰਚਾਰ ਕਰਨਾ ਤਾਂ ਯਹੋਵਾਹ ਦੀ ਵਡਿਆਈ ਕਰਨ ਦਾ ਸਿਰਫ਼ ਇਕ ਤਰੀਕਾ ਹੈ। ਅਸੀਂ ਕੰਮ ਤੇ, ਸਕੂਲ ਵਿਚ ਅਤੇ ਘਰ ਵਿਚ ਚੰਗਾ ਚਾਲ-ਚਲਣ ਰੱਖਣ ਨਾਲ ਅਤੇ ਆਪਣੇ ਪਹਿਰਾਵੇ ਦੇ ਜ਼ਰੀਏ ਵੀ ਯਹੋਵਾਹ ਦੇ ਜੀ ਨੂੰ ਖ਼ੁਸ਼ ਕਰ ਸਕਦੇ ਹਾਂ। (ਕਹਾਉਤਾਂ 27:11) ਕਹਾਉਤਾਂ 28:20 ਵਿਚ ਵਾਅਦਾ ਕੀਤਾ ਗਿਆ ਹੈ ਕਿ “ਸੱਚੇ ਪੁਰਸ਼ ਉੱਤੇ ਘਨੇਰੀਆਂ ਅਸੀਸਾਂ ਹੋਣਗੀਆਂ।” ਇਸ ਲਈ ਸਾਨੂੰ ਪਰਮੇਸ਼ੁਰ ਦੀ ਸੇਵਾ ਵਿਚ ‘ਖੁਲ੍ਹੇ ਦਿਲ ਨਾਲ ਬੀਜਣਾ’ ਚਾਹੀਦਾ ਹੈ, ਫਿਰ ਅਸੀਂ ਖੁੱਲ੍ਹੇ ਦਿਲ ਨਾਲ ਵੱਢਾਂਗੇ। (2 ਕੁਰਿੰਥੀਆਂ 9:6) ਜੀ ਹਾਂ, ਅਸੀਂ ਉਸ ਖ਼ੁਸ਼ੀਆਂ ਭਰੇ ਸਮੇਂ ਵਿਚ ਜੀਉਂਦੇ ਹੋਵਾਂਗੇ ਜਦ ‘ਸਾਰੇ ਪ੍ਰਾਣੀ’ ਯਹੋਵਾਹ ਦੀ ਵਡਿਆਈ ਕਰਨਗੇ!—ਜ਼ਬੂਰਾਂ ਦੀ ਪੋਥੀ 150:6.
[ਫੁਟਨੋਟ]
a ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ (ਹਿੰਦੀ) ਪੁਸਤਕ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।
ਕੀ ਤੁਹਾਨੂੰ ਯਾਦ ਹੈ?
• ਯਹੋਵਾਹ ਦੇ ਲੋਕ “ਰਾਤ ਦਿਨ” ਉਸ ਦੀ ਸੇਵਾ ਕਿਵੇਂ ਕਰਦੇ ਹਨ?
• ਗਾਦੀ ਲੋਕਾਂ ਨੇ ਕਿਸ ਚੁਣੌਤੀ ਦਾ ਸਾਮ੍ਹਣਾ ਕੀਤਾ ਸੀ ਅਤੇ ਇਸ ਤੋਂ ਮਸੀਹੀ ਕੀ ਸਿੱਖਦੇ ਹਨ?
• ਪ੍ਰਚਾਰ ਦਾ ਕੰਮ ਸਾਨੂੰ ਸ਼ਤਾਨ ਦੇ ਹਮਲਿਆਂ ਤੋਂ ਕਿਵੇਂ ਸੁਰੱਖਿਆ ਦਿੰਦਾ ਹੈ?
• ਕੁਝ ਮਸੀਹੀਆਂ ਨੇ ਸੇਵਾ ਕਰਨ ਦੇ ਕਿਨ੍ਹਾਂ ਤਰੀਕਿਆਂ ਦਾ ਫ਼ਾਇਦਾ ਉਠਾਇਆ ਹੈ ਅਤੇ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ?
[ਸਫ਼ੇ 15 ਉੱਤੇ ਤਸਵੀਰ]
ਜਿਸ ਤਰ੍ਹਾਂ ਗਾਦੀ ਲੋਕ ਲੁੱਟਮਾਰ ਕਰਨ ਵਾਲਿਆਂ ਨਾਲ ਲੜੇ ਸਨ, ਉਸੇ ਤਰ੍ਹਾਂ ਮਸੀਹੀਆਂ ਨੂੰ ਵੀ ਸ਼ਤਾਨ ਨਾਲ ਲੜਨਾ ਚਾਹੀਦਾ ਹੈ
[ਸਫ਼ੇ 17 ਉੱਤੇ ਤਸਵੀਰ]
ਪ੍ਰਚਾਰ ਕਰਦੇ ਸਮੇਂ ਅਸੀਂ ਚੰਗੀ ਸੰਗਤ ਦਾ ਆਨੰਦ ਮਾਣ ਸਕਦੇ ਹਾਂ
[ਸਫ਼ੇ 18 ਉੱਤੇ ਤਸਵੀਰ]
ਪਾਇਨੀਅਰੀ ਕਰਨ ਨਾਲ ਹੋਰ ਸੇਵਾ ਕਰਨ ਦੇ ਮੌਕੇ ਵੀ ਮਿਲ ਸਕਦੇ ਹਨ:
1. ਦੂਸਰੇ ਦੇਸ਼ਾਂ ਵਿਚ ਜਾ ਕੇ ਉਸਾਰੀ ਦਾ ਕੰਮ ਕਰਨਾ
2. ਬੈਥਲ ਵਿਚ ਸੇਵਾ ਕਰਨੀ
3. ਮਿਸ਼ਨਰੀ ਸੇਵਾ ਕਰਨੀ