ਕੀ ਤੁਸੀਂ ਪੂਰੇ ਦਿਲ ਨਾਲ ਯਹੋਵਾਹ ਨੂੰ ਖੋਜ ਰਹੇ ਹੋ?
ਇਕ ਮਸੀਹੀ ਭਰਾ ਕੰਮ ਤੇ ਜਾਣ ਲਈ ਰੋਜ਼ਾਨਾ ਗੱਡੀ ਵਿਚ ਸਫ਼ਰ ਕਰਦਾ ਹੈ। ਉਹ ਦੂਸਰੇ ਮੁਸਾਫ਼ਰਾਂ ਨਾਲ ਬਾਈਬਲ ਵਿੱਚੋਂ ਖ਼ੁਸ਼ ਖ਼ਬਰੀ ਸਾਂਝੀ ਕਰਨ ਦੀ ਬੜੀ ਤਾਂਘ ਰੱਖਦਾ ਸੀ। (ਮਰਕੁਸ 13:10) ਪਰ ਡਰ ਦੇ ਮਾਰੇ ਗੱਲ ਕਰਨ ਦੀ ਉਸ ਦੀ ਹਿੰਮਤ ਨਹੀਂ ਸੀ ਪੈਂਦੀ। ਕੀ ਉਸ ਨੇ ਹੌਸਲਾ ਛੱਡ ਦਿੱਤਾ? ਨਹੀਂ, ਉਸ ਨੇ ਇਸ ਬਾਰੇ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕੀਤੀ ਅਤੇ ਲੋਕਾਂ ਨਾਲ ਗੱਲ ਸ਼ੁਰੂ ਕਰਨ ਲਈ ਤਿਆਰੀ ਕੀਤੀ। ਯਹੋਵਾਹ ਪਰਮੇਸ਼ੁਰ ਨੇ ਇਸ ਭਰਾ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ ਅਤੇ ਉਸ ਨੂੰ ਗਵਾਹੀ ਦੇਣ ਲਈ ਹਿੰਮਤ ਬਖ਼ਸ਼ੀ।
ਸਾਨੂੰ ਵੀ ਇਸ ਭਰਾ ਵਾਂਗ ਯਹੋਵਾਹ ਨੂੰ ਖੋਜਣ ਅਤੇ ਉਸ ਦੀ ਮਿਹਰ ਪਾਉਣ ਲਈ ਦਿਲੋਂ ਕੋਸ਼ਿਸ਼ ਕਰਨੀ ਚਾਹੀਦੀ ਹੈ। ਪੌਲੁਸ ਰਸੂਲ ਨੇ ਕਿਹਾ ਸੀ: “ਜੋ ਕੋਈ ਵੀ ਪਰਮੇਸ਼ਰ ਕੋਲ ਆਉਂਦਾ ਹੈ, ਉਸ ਲਈ ਜ਼ਰੂਰੀ ਹੈ ਕਿ ਉਹ ਵਿਸ਼ਵਾਸ ਕਰੇ ਕਿ ਪਰਮੇਸ਼ਰ ਹੈ ਅਤੇ ਉਹ ਆਪਣੇ ਖੋਜਣ ਵਾਲਿਆਂ ਨੂੰ ਫਲ ਦਿੰਦਾ ਹੈ।” (ਇਬਰਾਨੀਆਂ 11:6, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਰ ਯਹੋਵਾਹ ਨੂੰ ਸਿਰਫ਼ ਖੋਜਣਾ ਹੀ ਕਾਫ਼ੀ ਨਹੀਂ ਹੈ। “ਖੋਜਣ” ਅਨੁਵਾਦ ਕੀਤੀ ਗਈ ਯੂਨਾਨੀ ਕ੍ਰਿਆ ਦਾ ਅਰਥ ਹੈ ਕਿਸੇ ਚੀਜ਼ ਨੂੰ ਪੂਰੀ ਵਾਹ ਲਾ ਕੇ ਅਤੇ ਵੱਡੇ ਜਤਨ ਨਾਲ ਲੱਭਣਾ। ਇਸ ਦਾ ਮਤਲਬ ਹੈ ਕਿ ਅਸੀਂ ਉਸ ਚੀਜ਼ ਨੂੰ ਆਪਣੇ ਪੂਰੇ ਦਿਲ, ਮਨ, ਜਾਨ ਅਤੇ ਜ਼ੋਰ ਨਾਲ ਲੱਭੀਏ। ਜੇ ਅਸੀਂ ਪੂਰੇ ਦਿਲ ਨਾਲ ਯਹੋਵਾਹ ਨੂੰ ਭਾਲ ਰਹੇ ਹਾਂ, ਤਾਂ ਅਸੀਂ ਲਾਪਰਵਾਹ, ਆਰਾਮ-ਪ੍ਰਸਤ ਜਾਂ ਆਲਸੀ ਨਹੀਂ ਬਣਾਂਗੇ। ਇਸ ਦੀ ਬਜਾਇ, ਅਸੀਂ ਜੋਸ਼ ਨਾਲ ਉਸ ਦੀ ਭਾਲ ਕਰਨ ਵਿਚ ਲੱਗੇ ਰਹਾਂਗੇ।—ਰਸੂਲਾਂ ਦੇ ਕਰਤੱਬ 15:17.
ਯਹੋਵਾਹ ਨੂੰ ਪੂਰੇ ਦਿਲ ਨਾਲ ਖੋਜਣ ਵਾਲੇ ਲੋਕ
ਬਾਈਬਲ ਵਿਚ ਬਹੁਤ ਸਾਰੇ ਲੋਕਾਂ ਦੀਆਂ ਮਿਸਾਲਾਂ ਹਨ ਜਿਨ੍ਹਾਂ ਨੇ ਯਹੋਵਾਹ ਨੂੰ ਖੋਜਣ ਦੀ ਬੜੀ ਕੋਸ਼ਿਸ਼ ਕੀਤੀ ਸੀ। ਅਜਿਹੀ ਇਕ ਮਿਸਾਲ ਹੈ ਯਾਕੂਬ ਦੀ। ਉਹ ਮਨੁੱਖ ਦੇ ਰੂਪ ਵਿਚ ਆਏ ਇਕ ਦੂਤ ਨਾਲ ਪੂਰੇ ਜ਼ੋਰ ਨਾਲ ਸਵੇਰ ਹੋਣ ਤਕ ਘੁਲਦਾ ਰਿਹਾ। ਨਤੀਜੇ ਵਜੋਂ, ਯਾਕੂਬ ਦਾ ਨਾਂ ਇਸਰਾਏਲ ਰੱਖਿਆ ਗਿਆ ਜਿਸ ਦਾ ਮਤਲਬ ਹੈ ਉਹ ਪਰਮੇਸ਼ੁਰ ਨਾਲ ਘੁਲਿਆ। ਇੱਥੇ “ਘੁਲਣ” ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਉਹ ਲੱਗਾ ਰਿਹਾ, ਸੰਘਰਸ਼ ਕਰਦਾ ਰਿਹਾ ਜਾਂ ਉਸ ਨੇ ਹਾਰ ਨਹੀਂ ਮੰਨੀ। ਅਖ਼ੀਰ ਵਿਚ ਦੂਤ ਨੇ ਯਾਕੂਬ ਨੂੰ ਅਸੀਸ ਦਿੱਤੀ।—ਉਤਪਤ 32:24-30, ਨਵਾਂ ਅਨੁਵਾਦ।
ਹੁਣ ਗਲੀਲ ਦੀ ਉਸ ਗੁਮਨਾਮ ਔਰਤ ਉੱਤੇ ਗੌਰ ਕਰੋ ਜਿਸ ਨੂੰ 12 ਸਾਲਾਂ ਤੋਂ ਲਹੂ ਆ ਰਿਹਾ ਸੀ। ਇਸ ਬੀਮਾਰੀ ਕਾਰਨ ਉਸ ਨੇ “ਵੱਡਾ ਦੁਖ” ਸਹਿਆ। ਇਸ ਹਾਲਤ ਵਿਚ ਉਹ ਦੂਜੇ ਲੋਕਾਂ ਨੂੰ ਨਹੀਂ ਛੋਹ ਸਕਦੀ ਸੀ। ਫਿਰ ਵੀ ਉਸ ਨੇ ਘਰੋਂ ਬਾਹਰ ਨਿਕਲ ਕੇ ਯਿਸੂ ਨੂੰ ਮਿਲਣ ਦੀ ਹਿੰਮਤ ਕੀਤੀ। ਉਹ ਕਹਿੰਦੀ ਰਹੀ: “ਜੇ ਮੈਂ ਨਿਰਾ ਉਹ ਦੇ ਕੱਪੜੇ ਨੂੰ ਹੀ ਛੋਹਾਂ ਤਾਂ ਚੰਗੀ ਹੋ ਜਾਵਾਂਗੀ।” ਕਲਪਨਾ ਕਰੋ ਕਿ ਉਸ ਨੇ ਯਿਸੂ ਤਕ ਪਹੁੰਚਣ ਲਈ ਭੀੜ ਵਿੱਚੋਂ ਲੰਘਣ ਵਾਸਤੇ ਕਿੰਨੀ ਜੱਦੋ-ਜਹਿਦ ਕੀਤੀ ਹੋਵੇਗੀ ਜੋ ‘ਯਿਸੂ ਦੇ ਮਗਰ ਤੁਰ ਰਹੀ ਸੀ।’ ਯਿਸੂ ਦੇ ਕੱਪੜੇ ਨੂੰ ਛੋਹਣ ਤੇ ਉਸ ਨੂੰ ਮਹਿਸੂਸ ਹੋਇਆ ਕਿ “ਉਸ ਦੇ ਲਹੂ ਦਾ ਬਹਾਉ ਸੁੱਕ ਗਿਆ।” ਉਸ ਨੂੰ ਆਪਣੀ ਬੀਮਾਰੀ ਤੋਂ ਛੁਟਕਾਰਾ ਮਿਲ ਗਿਆ ਸੀ! ਜਦੋਂ ਯਿਸੂ ਨੇ ਪੁੱਛਿਆ, “ਮੇਰੇ ਕੱਪੜੇ ਨੂੰ ਕਿਹ ਨੇ ਛੋਹਿਆ,” ਤਾਂ ਉਹ ਔਰਤ ਡਰ ਗਈ। ਪਰ ਯਿਸੂ ਨੇ ਪਿਆਰ ਨਾਲ ਉਸ ਨੂੰ ਕਿਹਾ: “ਹੇ ਬੇਟੀ ਤੇਰੀ ਨਿਹਚਾ ਨੇ ਤੈਨੂੰ ਚੰਗਾ ਕੀਤਾ ਹੈ, ਸਲਾਮਤ ਚਲੀ ਜਾਹ ਅਤੇ ਆਪਣੀ ਬਲਾ ਤੋਂ ਬਚੀ ਰਹੁ।” ਉਸ ਨੂੰ ਆਪਣੇ ਜਤਨਾਂ ਦਾ ਫਲ ਮਿਲਿਆ।—ਮਰਕੁਸ 5:24-34; ਲੇਵੀਆਂ 15:25-27.
ਇਕ ਹੋਰ ਮੌਕੇ ਤੇ, ਇਕ ਕਨਾਨੀ ਤੀਵੀਂ ਨੇ ਯਿਸੂ ਨੂੰ ਵਾਰ-ਵਾਰ ਬੇਨਤੀ ਕੀਤੀ ਕਿ ਉਹ ਉਸ ਦੀ ਧੀ ਨੂੰ ਚੰਗਾ ਕਰ ਦੇਵੇ। ਯਿਸੂ ਨੇ ਜਵਾਬ ਵਿਚ ਕਿਹਾ ਕਿ ਬਾਲਕਾਂ ਦੀ ਰੋਟੀ ਲੈ ਕੇ ਕਤੂਰਿਆਂ ਅੱਗੇ ਸੁੱਟਣੀ ਚੰਗੀ ਗੱਲ ਨਹੀਂ ਹੈ। ਉਸ ਦੇ ਕਹਿਣ ਦਾ ਮਤਲਬ ਸੀ ਕਿ ਉਹ ਯਹੂਦੀਆਂ ਨੂੰ ਛੱਡ ਕੇ ਪਰਾਈਆਂ ਕੌਮਾਂ ਦੇ ਲੋਕਾਂ ਵੱਲ ਧਿਆਨ ਨਹੀਂ ਦੇ ਸਕਦਾ। ਪਰ ਯਿਸੂ ਦੀ ਉਦਾਹਰਣ ਦਾ ਮਤਲਬ ਸਮਝਣ ਤੇ ਉਸ ਔਰਤ ਨੇ ਤਰਲਾ ਕੀਤਾ: “ਠੀਕ ਪ੍ਰਭੁ ਜੀ ਪਰ ਜਿਹੜੇ ਚੂਰੇ ਭੂਰੇ ਉਨ੍ਹਾਂ ਦੇ ਮਾਲਕਾਂ ਦੀ ਮੇਜ਼ ਦੇ ਉੱਤੋਂ ਡਿੱਗਦੇ ਹਨ ਓਹ ਕਤੂਰੇ ਭੀ ਖਾਂਦੇ ਹਨ।” ਇਸ ਤਰ੍ਹਾਂ ਉਸ ਨੇ ਹਾਰ ਨਹੀਂ ਮੰਨੀ। ਉਸ ਦੀ ਪੱਕੀ ਨਿਹਚਾ ਦੇਖ ਕੇ ਯਿਸੂ ਨੇ ਕਿਹਾ: “ਹੇ ਬੀਬੀ ਤੇਰੀ ਨਿਹਚਾ ਵੱਡੀ ਹੈ। ਜਿਵੇਂ ਤੂੰ ਚਾਹੁੰਦੀ ਹੈਂ ਤੇਰੇ ਲਈ ਤਿਵੇਂ ਹੀ ਹੋਵੇ।”—ਮੱਤੀ 15:22-28.
ਇਨ੍ਹਾਂ ਲੋਕਾਂ ਦਾ ਕੀ ਹੁੰਦਾ ਜੇ ਉਹ ਜਤਨ ਕਰਨਾ ਛੱਡ ਦਿੰਦੇ? ਕੀ ਉਨ੍ਹਾਂ ਨੂੰ ਬਰਕਤਾਂ ਮਿਲਦੀਆਂ ਜੇ ਉਹ ਪਹਿਲੀ ਹੀ ਮੁਸ਼ਕਲ ਆਉਣ ਤੇ ਜਾਂ ਠੁਕਰਾਏ ਜਾਣ ਤੇ ਹਿੰਮਤ ਹਾਰ ਦਿੰਦੇ? ਨਹੀਂ! ਇਨ੍ਹਾਂ ਉਦਾਹਰਣਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੂੰ ਖੋਜਣ ਵਿਚ ‘ਢੀਠਪੁਣਾ’ ਯਾਨੀ ਦ੍ਰਿੜ੍ਹਤਾ ਰੱਖਣੀ ਸਹੀ ਤੇ ਬਹੁਤ ਜ਼ਰੂਰੀ ਹੈ।—ਲੂਕਾ 11:5-13.
ਉਹ ਦੀ ਇੱਛਾ ਦੇ ਅਨੁਸਾਰ
ਉੱਪਰ ਦਿੱਤੀਆਂ ਉਦਾਹਰਣਾਂ ਵਿਚ ਜਿਨ੍ਹਾਂ ਲੋਕਾਂ ਨੂੰ ਚਮਤਕਾਰੀ ਤਰੀਕੇ ਨਾਲ ਚੰਗਾ ਕੀਤਾ ਗਿਆ ਸੀ, ਕੀ ਉਨ੍ਹਾਂ ਦੁਆਰਾ ਸਖ਼ਤ ਜਤਨ ਕਰਨਾ ਹੀ ਕਾਫ਼ੀ ਸੀ? ਨਹੀਂ, ਉਨ੍ਹਾਂ ਦੀਆਂ ਬੇਨਤੀਆਂ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਹੋਣੀਆਂ ਚਾਹੀਦੀਆਂ ਸਨ। ਯਿਸੂ ਨੂੰ ਮਿਲੀਆਂ ਚਮਤਕਾਰੀ ਸ਼ਕਤੀਆਂ ਇਸ ਗੱਲ ਦਾ ਸਬੂਤ ਸੀ ਕਿ ਉਹ ਪਰਮੇਸ਼ੁਰ ਦਾ ਪੁੱਤਰ ਯਾਨੀ ਵਾਅਦਾ ਕੀਤਾ ਹੋਇਆ ਮਸੀਹਾ ਸੀ। (ਯੂਹੰਨਾ 6:14; 9:33; ਰਸੂਲਾਂ ਦੇ ਕਰਤੱਬ 2:22) ਇਸ ਤੋਂ ਇਲਾਵਾ, ਯਿਸੂ ਦੇ ਕੀਤੇ ਚਮਤਕਾਰ ਉਸ ਸਮੇਂ ਦੀ ਝਲਕ ਸਨ ਜਦੋਂ ਯਹੋਵਾਹ ਯਿਸੂ ਦੇ ਹਜ਼ਾਰ ਸਾਲ ਦੇ ਸ਼ਾਸਨ ਦੌਰਾਨ ਧਰਤੀ ਉੱਤੇ ਸ਼ਾਨਦਾਰ ਬਰਕਤਾਂ ਦੀ ਬਰਸਾਤ ਕਰੇਗਾ।—ਪਰਕਾਸ਼ ਦੀ ਪੋਥੀ 21:4; 22:2.
ਪਰ ਅੱਜ ਸੱਚੇ ਧਰਮ ਨੂੰ ਮੰਨਣ ਵਾਲੇ ਲੋਕਾਂ ਨੂੰ ਯਹੋਵਾਹ ਚਮਤਕਾਰੀ ਸ਼ਕਤੀਆਂ ਨਹੀਂ ਦਿੰਦਾ, ਜਿਵੇਂ ਕਿ ਚੰਗਾ ਕਰਨ ਤੇ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣ ਦੀ ਕਾਬਲੀਅਤ। (1 ਕੁਰਿੰਥੀਆਂ 13:8, 13) ਅੱਜ ਉਸ ਦੀ ਇੱਛਾ ਹੈ ਕਿ ਅਸੀਂ ਸਾਰੀ ਧਰਤੀ ਉੱਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੀਏ ਤਾਂਕਿ ‘ਸਾਰੇ ਮਨੁੱਖ ਸਤ ਦੇ ਗਿਆਨ ਤੀਕ ਪਹੁੰਚਣ।’ (1 ਤਿਮੋਥਿਉਸ 2:4; ਮੱਤੀ 24:14; 28:19, 20) ਜੇ ਪਰਮੇਸ਼ੁਰ ਦੇ ਸੇਵਕ ਉਸ ਦੀ ਇੱਛਾ ਅਨੁਸਾਰ ਦਿਲੋਂ ਜਤਨ ਕਰਦੇ ਹਨ, ਤਾਂ ਉਹ ਉਮੀਦ ਰੱਖ ਸਕਦੇ ਹਨ ਕਿ ਉਨ੍ਹਾਂ ਦੀਆਂ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਸੁਣੀਆਂ ਜਾਣਗੀਆਂ।
ਕੁਝ ਲੋਕ ਸ਼ਾਇਦ ਸੋਚਣ, ‘ਸਾਨੂੰ ਜਤਨ ਕਰਨ ਦੀ ਕੀ ਲੋੜ ਹੈ ਜਦ ਕਿ ਪਰਮੇਸ਼ੁਰ ਦਾ ਮਕਸਦ ਤਾਂ ਆਖ਼ਰਕਾਰ ਪੂਰਾ ਹੋ ਹੀ ਜਾਣਾ ਹੈ?’ ਇਹ ਸੱਚ ਹੈ ਕਿ ਪਰਮੇਸ਼ੁਰ ਇਨਸਾਨਾਂ ਦੇ ਜਤਨਾਂ ਤੋਂ ਬਿਨਾਂ ਵੀ ਆਪਣਾ ਮਕਸਦ ਪੂਰਾ ਕਰ ਸਕਦਾ ਹੈ, ਪਰ ਉਹ ਆਪਣੀ ਇੱਛਾ ਪੂਰੀ ਕਰਨ ਲਈ ਇਨਸਾਨਾਂ ਨੂੰ ਇਸਤੇਮਾਲ ਕਰਨਾ ਚਾਹੁੰਦਾ ਹੈ। ਯਹੋਵਾਹ ਦੀ ਤੁਲਨਾ ਇਕ ਅਜਿਹੇ ਬੰਦੇ ਨਾਲ ਕੀਤੀ ਜਾ ਸਕਦੀ ਹੈ ਜੋ ਘਰ ਦੀ ਉਸਾਰੀ ਕਰਦਾ ਹੈ। ਉਸ ਬੰਦੇ ਨੇ ਘਰ ਦਾ ਪੂਰਾ ਨਕਸ਼ਾ ਬਣਾਇਆ ਹੋਇਆ ਹੈ, ਪਰ ਉਹ ਘਰ ਦੀ ਉਸਾਰੀ ਲਈ ਉਹੀ ਸਾਮਾਨ ਵਰਤਦਾ ਹੈ ਜੋ ਉਸ ਇਲਾਕੇ ਵਿਚ ਮਿਲਦਾ ਹੈ। ਇਸੇ ਤਰ੍ਹਾਂ, ਯਹੋਵਾਹ ਵੀ ਪ੍ਰਚਾਰ ਦਾ ਕੰਮ ਪੂਰਾ ਕਰਨ ਲਈ ਆਪਣੇ ਸੇਵਕਾਂ ਨੂੰ ਇਸਤੇਮਾਲ ਕਰਨਾ ਚਾਹੁੰਦਾ ਹੈ ਜੋ ਖ਼ੁਸ਼ੀ ਨਾਲ ਆਪਣੇ ਆਪ ਨੂੰ ਪੇਸ਼ ਕਰਦੇ ਹਨ।—ਜ਼ਬੂਰਾਂ ਦੀ ਪੋਥੀ 110:3; 1 ਕੁਰਿੰਥੀਆਂ 9:16, 17.
ਜ਼ਰਾ ਤੋਸ਼ੀਓ ਦੇ ਤਜਰਬੇ ਤੇ ਗੌਰ ਕਰੋ। ਹਾਈ ਸਕੂਲ ਵਿਚ ਦਾਖ਼ਲ ਹੋਣ ਤੇ, ਉਹ ਉੱਥੇ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰਨਾ ਚਾਹੁੰਦਾ ਸੀ। ਉਹ ਹਮੇਸ਼ਾ ਆਪਣੀ ਬਾਈਬਲ ਤਿਆਰ ਰੱਖਦਾ ਸੀ ਅਤੇ ਇਕ ਮਿਸਾਲੀ ਮਸੀਹੀ ਬਣਨ ਲਈ ਸਖ਼ਤ ਮਿਹਨਤ ਕਰਦਾ ਸੀ। ਸਕੂਲ ਵਿਚ ਆਪਣੇ ਪਹਿਲੇ ਸਾਲ ਦੇ ਅਖ਼ੀਰ ਵਿਚ ਉਸ ਨੂੰ ਕਲਾਸ ਵਿਚ ਭਾਸ਼ਣ ਦੇਣ ਦਾ ਮੌਕਾ ਮਿਲਿਆ। ਤੋਸ਼ੀਓ ਨੇ ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਉਹ ਇਹ ਦੇਖ ਕੇ ਬਹੁਤ ਖ਼ੁਸ਼ ਹੋਇਆ ਕਿ ਸਾਰੀ ਕਲਾਸ ਨੇ ਬੜੇ ਧਿਆਨ ਨਾਲ ਉਸ ਦੇ ਭਾਸ਼ਣ ਨੂੰ ਸੁਣਿਆ ਜਿਸ ਦਾ ਵਿਸ਼ਾ ਸੀ, “ਪਾਇਨੀਅਰੀ ਨੂੰ ਆਪਣਾ ਕੈਰੀਅਰ ਬਣਾਉਣ ਦਾ ਮੇਰਾ ਟੀਚਾ।” ਉਸ ਨੇ ਸਮਝਾਇਆ ਕਿ ਉਹ ਯਹੋਵਾਹ ਦੇ ਗਵਾਹਾਂ ਦਾ ਪੂਰੇ ਸਮੇਂ ਦਾ ਪ੍ਰਚਾਰਕ ਬਣਨਾ ਚਾਹੁੰਦਾ ਸੀ। ਇਕ ਵਿਦਿਆਰਥੀ ਬਾਈਬਲ ਅਧਿਐਨ ਕਰਨ ਲਈ ਰਾਜ਼ੀ ਹੋ ਗਿਆ ਅਤੇ ਉਸ ਨੇ ਤਰੱਕੀ ਕਰ ਕੇ ਬਪਤਿਸਮਾ ਲੈ ਲਿਆ। ਤੋਸ਼ੀਓ ਨੇ ਆਪਣੀ ਪ੍ਰਾਰਥਨਾ ਅਨੁਸਾਰ ਮਿਹਨਤ ਕੀਤੀ ਜਿਸ ਕਾਰਨ ਉਸ ਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ।
ਤੁਹਾਡਾ ਇਰਾਦਾ ਕਿੰਨਾ ਕੁ ਪੱਕਾ ਹੈ?
ਤੁਸੀਂ ਬਹੁਤ ਸਾਰੇ ਤਰੀਕਿਆਂ ਨਾਲ ਦਿਖਾ ਸਕਦੇ ਹੋ ਕਿ ਤੁਸੀਂ ਪੂਰੇ ਦਿਲ ਨਾਲ ਯਹੋਵਾਹ ਨੂੰ ਖੋਜ ਰਹੇ ਹੋ ਅਤੇ ਉਸ ਤੋਂ ਬਰਕਤਾਂ ਲੈਣੀਆਂ ਚਾਹੁੰਦੇ ਹੋ। ਪਹਿਲਾਂ ਤਾਂ ਤੁਸੀਂ ਮਸੀਹੀ ਸਭਾਵਾਂ ਦੀ ਚੰਗੀ ਤਰ੍ਹਾਂ ਤਿਆਰੀ ਕਰ ਸਕਦੇ ਹੋ। ਚੰਗੀ ਤਰ੍ਹਾਂ ਤਿਆਰ ਕੀਤੀਆਂ ਟਿੱਪਣੀਆਂ, ਜੋਸ਼ੀਲੇ ਭਾਸ਼ਣ ਅਤੇ ਅਸਰਦਾਰ ਪ੍ਰਦਰਸ਼ਨਾਂ ਦੁਆਰਾ ਤੁਸੀਂ ਜ਼ਾਹਰ ਕਰ ਸਕਦੇ ਹੋ ਕਿ ਯਹੋਵਾਹ ਨੂੰ ਖੋਜਣ ਵਿਚ ਤੁਹਾਡਾ ਇਰਾਦਾ ਕਿੰਨਾ ਕੁ ਪੱਕਾ ਹੈ। ਤੁਸੀਂ ਆਪਣੀ ਸੇਵਕਾਈ ਨੂੰ ਜ਼ਿਆਦਾ ਅਸਰਦਾਰ ਬਣਾਉਣ ਦੁਆਰਾ ਵੀ ਆਪਣੇ ਜੋਸ਼ ਨੂੰ ਜ਼ਾਹਰ ਕਰ ਸਕਦੇ ਹੋ। ਕੀ ਤੁਸੀਂ ਲੋਕਾਂ ਨਾਲ ਜ਼ਿਆਦਾ ਨਿੱਘੇ
ਤਰੀਕੇ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਆਪਣੇ ਇਲਾਕੇ ਲਈ ਢੁਕਵੀਆਂ ਪੇਸ਼ਕਾਰੀਆਂ ਇਸਤੇਮਾਲ ਕਰ ਸਕਦੇ ਹੋ? (ਕੁਲੁੱਸੀਆਂ 3:23) ਇਕ ਮਸੀਹੀ ਭਰਾ ਪੂਰੇ ਦਿਲ ਨਾਲ ਮਿਹਨਤ ਕਰ ਕੇ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਲੈਣ ਦੇ ਕਾਬਲ ਬਣ ਸਕਦਾ ਹੈ, ਜਿਵੇਂ ਕਿ ਸਹਾਇਕ ਸੇਵਕ ਜਾਂ ਬਜ਼ੁਰਗ ਵਜੋਂ ਸੇਵਾ ਕਰਨੀ। (1 ਤਿਮੋਥਿਉਸ 3:1, 2, 12, 13) ਤੁਸੀਂ ਦੂਜਿਆਂ ਦੀ ਮਦਦ ਕਰਨ ਲਈ ਵੀ ਤਿਆਰ ਰਹਿ ਸਕਦੇ ਹੋ। ਤੁਸੀਂ ਸ਼ਾਇਦ ਯਹੋਵਾਹ ਦੇ ਗਵਾਹਾਂ ਦੀ ਕਿਸੇ ਬ੍ਰਾਂਚ ਦੀ ਉਸਾਰੀ ਦੇ ਕੰਮ ਵਿਚ ਹਿੱਸਾ ਲੈ ਸਕਦੇ ਹੋ ਜਾਂ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਨ ਲਈ ਅਰਜ਼ੀ ਭਰ ਸਕਦੇ ਹੋ। ਜੇ ਤੁਸੀਂ ਇਕ ਕਾਬਲ ਕੁਆਰੇ ਭਰਾ ਹੋ, ਤਾਂ ਤੁਸੀਂ ਸ਼ਾਇਦ ਸੇਵਕਾਈ ਸਿਖਲਾਈ ਸਕੂਲ ਵਿਚ ਜਾਣਾ ਚਾਹੋ ਜੋ ਭਰਾਵਾਂ ਨੂੰ ਚੰਗੇ ਚਰਵਾਹੇ ਬਣਨ ਲਈ ਤਿਆਰ ਕਰਦਾ ਹੈ। ਜੇ ਤੁਸੀਂ ਵਿਆਹੇ ਹੋਏ ਹੋ, ਤਾਂ ਸ਼ਾਇਦ ਮਿਸ਼ਨਰੀ ਸੇਵਾ ਇਹ ਦਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਹੋਵੇਗਾ ਕਿ ਤੁਸੀਂ ਯਹੋਵਾਹ ਦੀ ਜ਼ਿਆਦਾ ਸੇਵਾ ਕਰਨ ਦੀ ਦਿਲੀ ਇੱਛਾ ਰੱਖਦੇ ਹੋ। ਤੁਸੀਂ ਸ਼ਾਇਦ ਉਸ ਥਾਂ ਤੇ ਵੀ ਜਾ ਸਕਦੇ ਹੋ ਜਿੱਥੇ ਰਾਜ ਦੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ।—1 ਕੁਰਿੰਥੀਆਂ 16:9.
ਸਭ ਤੋਂ ਅਹਿਮ ਗੱਲ ਇਹ ਹੈ ਕਿ ਤੁਸੀਂ ਯਹੋਵਾਹ ਦੀ ਸੇਵਾ ਵਿਚ ਕਿਸੇ ਜ਼ਿੰਮੇਵਾਰੀ ਨੂੰ ਕਿਸ ਤਰ੍ਹਾਂ ਪੂਰਾ ਕਰਦੇ ਹੋ। ਤੁਹਾਨੂੰ ਜੋ ਵੀ ਜ਼ਿੰਮੇਵਾਰੀ ਮਿਲਦੀ ਹੈ, ਉਸ ਨੂੰ ਮਿਹਨਤ, ਪੂਰੇ ਜ਼ੋਰ ਅਤੇ “ਸਿੱਧੇ ਮਨ” ਨਾਲ ਪੂਰਾ ਕਰੋ। (ਰਸੂਲਾਂ ਦੇ ਕਰਤੱਬ 2:46; ਰੋਮੀਆਂ 12:8) ਹਰ ਜ਼ਿੰਮੇਵਾਰੀ ਨੂੰ ਇਹ ਦਿਖਾਉਣ ਦਾ ਮੌਕਾ ਵਿਚਾਰੋ ਕਿ ਤੁਸੀਂ ਯਹੋਵਾਹ ਦੀ ਮਹਿਮਾ ਕਰਨ ਵਾਸਤੇ ਕਿੰਨੇ ਉਤਾਵਲੇ ਹੋ। ਮਦਦ ਲਈ ਯਹੋਵਾਹ ਨੂੰ ਬਾਕਾਇਦਾ ਪ੍ਰਾਰਥਨਾ ਕਰੋ ਅਤੇ ਆਪਣੀ ਪੂਰੀ ਵਾਹ ਲਾਓ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ।
ਮਿਹਨਤ ਦਾ ਫਲ
ਕੀ ਤੁਹਾਨੂੰ ਉਹ ਮਸੀਹੀ ਭਰਾ ਯਾਦ ਹੈ ਜਿਸ ਨੇ ਆਪਣੇ ਡਰ ਤੇ ਕਾਬੂ ਪਾਉਣ ਲਈ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਸੀ ਤਾਂਕਿ ਉਹ ਦੂਜੇ ਮੁਸਾਫ਼ਰਾਂ ਨੂੰ ਪ੍ਰਚਾਰ ਕਰ ਸਕੇ? ਯਹੋਵਾਹ ਨੇ ਉਸ ਦੇ ਦਿਲ ਦੀ ਇੱਛਾ ਪੂਰੀ ਕੀਤੀ। ਉਸ ਭਰਾ ਨੇ ਮੁਸਕਰਾ ਕੇ ਲੋਕਾਂ ਨਾਲ ਗੱਲਬਾਤ ਸ਼ੁਰੂ ਕਰਨ ਲਈ ਕਈ ਵਿਸ਼ੇ ਤਿਆਰ ਕੀਤੇ। ਉਸ ਨੇ ਇਕ ਆਦਮੀ ਨੂੰ ਬਾਈਬਲ ਤੋਂ ਗਵਾਹੀ ਦਿੱਤੀ ਜੋ ਇਨਸਾਨੀ ਰਿਸ਼ਤਿਆਂ ਨੂੰ ਲੈ ਕੇ ਪਰੇਸ਼ਾਨ ਸੀ। ਇਸ ਭਰਾ ਨੇ ਗੱਡੀ ਵਿਚ ਉਸ ਆਦਮੀ ਨਾਲ ਕਈ ਵਾਰ ਗੱਲਬਾਤ ਕੀਤੀ ਤੇ ਬਾਈਬਲ ਸਟੱਡੀ ਸ਼ੁਰੂ ਹੋ ਗਈ। ਯਹੋਵਾਹ ਨੇ ਇਸ ਭਰਾ ਨੂੰ ਉਸ ਦੀ ਮਿਹਨਤ ਦਾ ਫਲ ਦਿੱਤਾ!
ਜੇ ਤੁਸੀਂ ਮਿਹਨਤ ਨਾਲ ਯਹੋਵਾਹ ਨੂੰ ਖੋਜਦੇ ਰਹੋ, ਤਾਂ ਤੁਹਾਨੂੰ ਵੀ ਇਸ ਤਰ੍ਹਾਂ ਦਾ ਤਜਰਬਾ ਹੋ ਸਕਦਾ ਹੈ। ਯਹੋਵਾਹ ਦੀ ਸੇਵਾ ਵਿਚ ਤੁਸੀਂ ਜੋ ਵੀ ਕਰੋ, ਜੇ ਤੁਸੀਂ ਉਸ ਨੂੰ ਨਿਮਰਤਾ ਅਤੇ ਪੂਰੇ ਦਿਲ ਨਾਲ ਕਰਦੇ ਰਹੋ, ਤਾਂ ਯਹੋਵਾਹ ਆਪਣੇ ਮਕਸਦਾਂ ਨੂੰ ਪੂਰੇ ਕਰਨ ਵਿਚ ਤੁਹਾਨੂੰ ਇਸਤੇਮਾਲ ਕਰੇਗਾ ਅਤੇ ਤੁਹਾਡੇ ਉੱਤੇ ਬਰਕਤਾਂ ਦੀ ਬਰਸਾਤ ਕਰੇਗਾ।
[ਸਫ਼ੇ 26 ਉੱਤੇ ਤਸਵੀਰ]
ਇਸ ਔਰਤ ਦਾ ਕੀ ਹੁੰਦਾ ਜੇ ਇਹ ਹਿੰਮਤ ਹਾਰ ਦਿੰਦੀ?
[ਸਫ਼ੇ 27 ਉੱਤੇ ਤਸਵੀਰ]
ਕੀ ਤੁਸੀਂ ਬਰਕਤ ਪਾਉਣ ਲਈ ਯਹੋਵਾਹ ਨੂੰ ਬੇਨਤੀ ਕਰਨ ਵਿਚ ਲੱਗੇ ਰਹਿੰਦੇ ਹੋ?
[ਸਫ਼ੇ 28 ਉੱਤੇ ਤਸਵੀਰ]
ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਪੂਰੇ ਦਿਲ ਨਾਲ ਯਹੋਵਾਹ ਨੂੰ ਖੋਜ ਰਹੇ ਹੋ?