ਇਕ “ਬੁਰੀ ਪੀੜ੍ਹੀ” ਕੋਲੋਂ ਬਚਾਏ ਗਏ
“ਹੇ ਬੇਪਰਤੀਤ ਅਤੇ ਅੜਬ ਪੀਹੜੀ ਕਦ ਤੋੜੀ ਮੈਂ ਤੁਹਾਡੇ ਸੰਗ ਰਹਾਂਗਾ ਅਰ ਤੁਹਾਡੀ ਸਹਾਂਗਾ?”—ਲੂਕਾ 9:41.
1. (ੳ) ਸਾਡੇ ਆਫਤ-ਭਰੇ ਸਮੇਂ ਕੀ ਪੂਰਵ-ਸੰਕੇਤ ਕਰਦੇ ਹਨ? (ਅ) ਸ਼ਾਸਤਰ-ਬਚਨ ਉੱਤਰਜੀਵੀਆਂ ਬਾਰੇ ਕੀ ਕਹਿੰਦੇ ਹਨ?
ਅਸੀਂ ਆਫਤ-ਭਰੇ ਸਮਿਆਂ ਵਿਚ ਰਹਿੰਦੇ ਹਾਂ। ਭੁਚਾਲ, ਹੜ੍ਹ, ਕਾਲ, ਬੀਮਾਰੀ, ਅਰਾਜਕਤਾ, ਬੰਬਾਰੀ, ਭਿਆਨਕ ਯੁੱਧ—ਇਨ੍ਹਾਂ ਅਤੇ ਹੋਰ ਗੱਲਾਂ ਨੇ ਸਾਡੀ 20ਵੀਂ ਸਦੀ ਦੇ ਦੌਰਾਨ ਮਨੁੱਖਜਾਤੀ ਨੂੰ ਆਪਣੇ ਲਪੇਟ ਵਿਚ ਲੈ ਲਿਆ ਹੈ। ਪਰੰਤੂ, ਸਭ ਤੋਂ ਵੱਡੀ ਆਫਤ ਦਾ ਖਤਰਾ ਨੇੜੇ ਭਵਿੱਖ ਵਿਚ ਹੈ। ਉਹ ਕੀ ਹੈ? ਉਹ ਹੈ ‘ਅਜਿਹਾ ਵੱਡਾ ਕਸ਼ਟ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ।’ (ਮੱਤੀ 24:21) ਫਿਰ ਵੀ, ਸਾਡੇ ਵਿੱਚੋਂ ਬਹੁਤੇਰੇ ਇਕ ਆਨੰਦਮਈ ਭਵਿੱਖ ਦੀ ਆਸ ਰੱਖ ਸਕਦੇ ਹਨ! ਕਿਉਂ? ਕਿਉਂਕਿ ਪਰਮੇਸ਼ੁਰ ਦਾ ਆਪਣਾ ਬਚਨ “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ” ਦਾ ਵਰਣਨ ਕਰਦਾ ਹੈ, “ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ . . . ਏਹ ਓਹ ਹਨ ਜਿਹੜੇ ਵੱਡੀ ਬਿਪਤਾ ਵਿੱਚੋਂ ਆਉਂਦੇ ਹਨ . . . ਓਹ ਫੇਰ ਭੁੱਖੇ ਨਾ ਹੋਣਗੇ, ਨਾ ਫੇਰ ਤਿਹਾਏ ਹੋਣਗੇ . . . ਅਤੇ ਪਰਮੇਸ਼ੁਰ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ।”—ਪਰਕਾਸ਼ ਦੀ ਪੋਥੀ 7:1, 9, 14-17.
2. ਮੱਤੀ 24, ਮਰਕੁਸ 13, ਅਤੇ ਲੂਕਾ 21 ਦੀਆਂ ਆਰੰਭਕ ਆਇਤਾਂ ਦੀ ਕਿਹੜੀ ਪਹਿਲੀ ਭਵਿੱਖ-ਸੂਚਕ ਪੂਰਤੀ ਹੋਈ ਸੀ?
2 ਮੱਤੀ 24:3-22, ਮਰਕੁਸ 13:3-20, ਅਤੇ ਲੂਕਾ 21:7-24 ਵਿਚ ਪਾਇਆ ਜਾਂਦਾ ਪ੍ਰੇਰਿਤ ਰਿਕਾਰਡ, “ਰੀਤੀ-ਵਿਵਸਥਾ ਦੀ ਸਮਾਪਤੀ” (ਨਿ ਵ) ਬਾਰੇ ਯਿਸੂ ਦੇ ਭਵਿੱਖ-ਸੂਚਕ ਵਰਣਨ ਨੂੰ ਪੇਸ਼ ਕਰਦਾ ਹੈ।a ਇਸ ਭਵਿੱਖਬਾਣੀ ਦੀ ਪਹਿਲੀ ਪੂਰਤੀ, ਸਾਡੇ ਸਾਧਾਰਣ ਯੁਗ ਦੀ ਪਹਿਲੀ ਸਦੀ ਦੀ ਭ੍ਰਿਸ਼ਟ ਯਹੂਦੀ ਰੀਤੀ-ਵਿਵਸਥਾ ਉੱਤੇ ਹੋਈ, ਜੋ ਯਹੂਦੀਆਂ ਉੱਤੇ ਇਕ ਅਭੂਤਪੂਰਵ “ਵੱਡੀ ਬਿਪਤਾ” ਨਾਲ ਆਪਣੇ ਸਿਖਰ ਤੇ ਪਹੁੰਚੀ। ਯਹੂਦੀ ਵਿਵਸਥਾ ਦਾ ਸਮੁੱਚਾ ਧਾਰਮਿਕ ਤੇ ਰਾਜਨੀਤਿਕ ਢਾਂਚਾ, ਜੋ ਯਰੂਸ਼ਲਮ ਦੀ ਹੈਕਲ ਵਿਖੇ ਕੇਂਦ੍ਰਿਤ ਸੀ, ਫਿਰ ਕਦੇ ਵੀ ਮੁੜ-ਸਥਾਪਿਤ ਨਾ ਹੋਣ ਲਈ ਨਸ਼ਟ ਕੀਤਾ ਗਿਆ।
3. ਇਹ ਅਤਿ-ਆਵੱਸ਼ਕ ਕਿਉਂ ਹੈ ਕਿ ਅਸੀਂ ਅੱਜ ਯਿਸੂ ਦੀ ਭਵਿੱਖਬਾਣੀ ਉੱਤੇ ਧਿਆਨ ਦੇਈਏ?
3 ਆਓ ਅਸੀਂ ਹੁਣ ਯਿਸੂ ਦੀ ਭਵਿੱਖਬਾਣੀ ਦੀ ਪਹਿਲੀ ਪੂਰਤੀ ਦੇ ਅੱਗੇ-ਪਿੱਛੇ ਦਿਆਂ ਹਾਲਾਤਾਂ ਉੱਤੇ ਵਿਚਾਰ ਕਰੀਏ। ਇਹ ਸਾਨੂੰ ਇਸ ਦੀ ਅੱਜ ਦੀ ਸਮਾਨਾਂਤਰ ਪੂਰਤੀ ਨੂੰ ਬਿਹਤਰ ਸਮਝਣ ਲਈ ਮਦਦ ਕਰੇਗਾ। ਇਹ ਸਾਨੂੰ ਦਿਖਾਵੇਗਾ ਕਿ ਪੂਰੀ ਮਨੁੱਖਜਾਤੀ ਨੂੰ ਖਤਰਾ ਪੇਸ਼ ਕਰਨ ਵਾਲੀ ਸਭ ਤੋਂ ਵੱਡੀ ਬਿਪਤਾ ਵਿੱਚੋਂ ਬਚ ਨਿਕਲਣ ਲਈ, ਸਾਡੇ ਲਈ ਹੁਣ ਸਕਾਰਾਤਮਕ ਕਦਮ ਚੁੱਕਣਾ ਕਿੰਨਾ ਅਤਿ-ਆਵੱਸ਼ਕ ਹੈ।—ਰੋਮੀਆਂ 10:9-13; 15:4; 1 ਕੁਰਿੰਥੀਆਂ 10:11; 15:58.
“ਅੰਤ”—ਕਦੋਂ?
4, 5. (ੳ) ਪਹਿਲੀ ਸਦੀ ਸਾ.ਯੁ. ਵਿਚ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਯਹੂਦੀ, ਦਾਨੀਏਲ 9:24-27 ਦੀ ਭਵਿੱਖਬਾਣੀ ਵਿਚ ਦਿਲਚਸਪੀ ਕਿਉਂ ਰੱਖਦੇ ਸਨ? (ਅ) ਇਹ ਭਵਿੱਖਬਾਣੀ ਕਿਵੇਂ ਪੂਰੀ ਹੋਈ?
4 ਸੰਨ 539 ਸਾ.ਯੁ.ਪੂ. ਦੇ ਲਗਭਗ, ਪਰਮੇਸ਼ੁਰ ਦੇ ਨਬੀ ਦਾਨੀਏਲ ਨੂੰ ਉਨ੍ਹਾਂ ਘਟਨਾਵਾਂ ਦਾ ਇਕ ਦਰਸ਼ਣ ਦਿੱਤਾ ਗਿਆ ਜੋ ਵਰ੍ਹਿਆਂ ਦੇ “ਸੱਤਰ ਸਾਤੇ” ਦੀ ਅਵਧੀ ਦੇ ਆਖ਼ਰੀ “ਸਾਤੇ” ਦੌਰਾਨ ਵਾਪਰਨਗੀਆਂ। (ਦਾਨੀਏਲ 9:24-27) ਇਹ “ਸਾਤੇ” 455 ਸਾ.ਯੁ.ਪੂ. ਵਿਚ ਸ਼ੁਰੂ ਹੋਏ, ਜਦੋਂ ਫਾਰਸ ਦੇ ਰਾਜਾ ਅਰਤਹਸ਼ਸ਼ਤਾ ਨੇ ਯਰੂਸ਼ਲਮ ਦੇ ਸ਼ਹਿਰ ਦੀ ਮੁੜ-ਉਸਾਰੀ ਦਾ ਹੁਕਮ ਦਿੱਤਾ। ਆਖ਼ਰੀ ‘ਸਾਤਾ’ 29 ਸਾ.ਯੁ. ਵਿਚ ਮਸੀਹਾ, ਯਿਸੂ ਮਸੀਹ, ਦੇ ਪ੍ਰਗਟ ਹੋਣ ਨਾਲ ਸ਼ੁਰੂ ਹੋਇਆ, ਜਦੋਂ ਉਸ ਦਾ ਬਪਤਿਸਮਾ ਹੋਇਆ ਅਤੇ ਉਹ ਮਸਹ ਕੀਤਾ ਗਿਆ।b ਪਹਿਲੀ ਸਦੀ ਸਾ.ਯੁ. ਵਿਚ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਯਹੂਦੀ, ਦਾਨੀਏਲ ਦੀ ਭਵਿੱਖਬਾਣੀ ਦੀ ਇਸ ਸਮੇਂ ਦੀ ਵਿਸ਼ੇਸ਼ਤਾ ਤੋਂ ਚੰਗੀ ਤਰ੍ਹਾਂ ਜਾਣੂ ਸਨ। ਮਿਸਾਲ ਵਜੋਂ, ਭੀੜਾਂ ਦੇ ਸੰਬੰਧ ਵਿਚ ਜੋ 29 ਸਾ.ਯੁ. ਵਿਚ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਪ੍ਰਚਾਰ ਸੁਣਨ ਲਈ ਉਸ ਕੋਲ ਇਕੱਠੀਆਂ ਹੋਈਆਂ, ਲੂਕਾ 3:15 ਆਖਦਾ ਹੈ: “ਲੋਕ ਉਡੀਕਦੇ ਸਨ ਅਤੇ ਸੱਭੋ ਆਪਣੇ ਮਨ ਵਿੱਚ ਯੂਹੰਨਾ ਦੇ ਵਿਖੇ ਵਿਚਾਰ ਕਰਦੇ ਸਨ ਭਈ ਕਿਤੇ ਇਹੋ ਮਸੀਹ ਨਾ ਹੋਵੇ?”
5 ਉਹ 70ਵਾਂ ‘ਸਾਤਾ,’ ਯਹੂਦੀਆਂ ਨੂੰ ਦਿਖਾਈ ਗਈ ਖ਼ਾਸ ਕਿਰਪਾ ਦੇ ਸੱਤ ਸਾਲ ਹੋਣੇ ਸਨ। ਸੰਨ 29 ਸਾ.ਯੁ. ਵਿਚ ਸ਼ੁਰੂ ਹੁੰਦੇ ਹੋਏ, ਇਸ ਵਿਚ ਯਿਸੂ ਦਾ ਬਪਤਿਸਮਾ ਅਤੇ ਸੇਵਕਾਈ, “ਸਾਤੇ ਦੇ ਵਿਚਕਾਰ” 33 ਸਾ.ਯੁ. ਵਿਚ ਉਸ ਦੀ ਬਲੀਦਾਨ-ਰੂਪੀ ਮੌਤ, ਅਤੇ 36 ਸਾ.ਯੁ. ਤਕ ਬਾਕੀ ਦਾ ‘ਅੱਧ ਸਾਤਾ’ ਸ਼ਾਮਲ ਸਨ। ਇਸ “ਸਾਤੇ” ਦੇ ਦੌਰਾਨ, ਯਿਸੂ ਦੇ ਮਸਹ ਕੀਤੇ ਹੋਏ ਚੇਲੇ ਬਣਨ ਦਾ ਅਵਸਰ ਵਿਸ਼ੇਸ਼ ਤੌਰ ਤੇ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਯਹੂਦੀਆਂ ਅਤੇ ਨਵ-ਯਹੂਦੀਆਂ ਨੂੰ ਪੇਸ਼ ਕੀਤਾ ਗਿਆ ਸੀ। ਫਿਰ 70 ਸਾ.ਯੁ. ਵਿਚ, ਜੋ ਤਾਰੀਖ਼ ਪਹਿਲਾਂ ਤੋਂ ਮਾਲੂਮ ਨਹੀਂ ਸੀ, ਟਾਈਟਸ ਦੇ ਅਧੀਨ ਰੋਮੀ ਸੈਨਿਕ ਦਲਾਂ ਨੇ ਧਰਮ-ਤਿਆਗੀ ਯਹੂਦੀ ਵਿਵਸਥਾ ਦਾ ਵਿਨਾਸ਼ ਕੀਤਾ।—ਦਾਨੀਏਲ 9:26, 27.
6. (ੳ) ਸੰਨ 66 ਸਾ.ਯੁ. ਵਿਚ ਸ਼ੁਰੂ ਹੋਈ “ਬਿਪਤਾ” ਕਿੰਨੀ ਵਿਨਾਸ਼ਕ ਸੀ? (ਅ) ਕੌਣ ਬਚ ਨਿਕਲੇ, ਅਤੇ ਕਿਹੜੇ ਅਤਿ-ਆਵੱਸ਼ਕ ਕਦਮ ਚੁੱਕਣ ਦੇ ਕਾਰਨ?
6 ਇਸ ਤਰ੍ਹਾਂ, ਯਹੂਦੀ ਜਾਜਕਾਈ, ਜਿਸ ਨੇ ਯਰੂਸ਼ਲਮ ਦੀ ਹੈਕਲ ਨੂੰ ਦੂਸ਼ਿਤ ਕੀਤਾ ਸੀ ਅਤੇ ਪਰਮੇਸ਼ੁਰ ਦੇ ਆਪਣੇ ਹੀ ਪੁੱਤਰ ਦੇ ਕਤਲ ਲਈ ਸਾਜ਼ਸ਼ ਕੀਤੀ ਸੀ ਮਿਟਾ ਦਿੱਤੀ ਗਈ। ਨਾਲ ਹੀ, ਕੌਮੀ ਅਤੇ ਗੋਤਾਂ-ਸੰਬੰਧੀ ਰਿਕਾਰਡ ਵੀ ਨਾਸ਼ ਕੀਤੇ ਗਏ। ਉਸ ਮਗਰੋਂ, ਕਾਨੂੰਨੀ ਤੌਰ ਤੇ ਕੋਈ ਵੀ ਯਹੂਦੀ ਜਾਜਕੀ ਜਾਂ ਰਾਜਕੀ ਵਿਰਾਸਤ ਉੱਤੇ ਹੱਕ ਨਹੀਂ ਜਤਾ ਸਕਦਾ ਸੀ। ਪਰੰਤੂ, ਖ਼ੁਸ਼ੀ ਦੀ ਗੱਲ ਹੈ ਕਿ ਮਸਹ ਕੀਤੇ ਹੋਏ ਅਧਿਆਤਮਿਕ ਯਹੂਦੀਆਂ ਨੂੰ ਯਹੋਵਾਹ ਪਰਮੇਸ਼ੁਰ “ਦਿਆਂ ਗੁਣਾਂ ਦਾ ਪਰਚਾਰ” ਕਰਨ ਲਈ ਇਕ ਸ਼ਾਹੀ ਜਾਜਕਾਈ ਵਜੋਂ ਅਲੱਗ ਕੀਤਾ ਗਿਆ ਸੀ। (1 ਪਤਰਸ 2:9) ਜਦੋਂ ਰੋਮੀ ਸੈਨਾ ਨੇ 66 ਸਾ.ਯੁ. ਵਿਚ ਪਹਿਲੀ ਵਾਰ ਯਰੂਸ਼ਲਮ ਨੂੰ ਘੇਰਾ ਪਾਇਆ ਅਤੇ ਹੈਕਲ ਦੀ ਜਗ੍ਹਾ ਨੂੰ ਵੀ ਨੁਕਸਾਨ ਪਹੁੰਚਾਇਆ, ਤਾਂ ਮਸੀਹੀਆਂ ਨੇ ‘ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਜਿਹ ਦੀ ਖ਼ਬਰ ਦਾਨੀਏਲ ਨਬੀ ਨੇ ਦਿੱਤੀ, ਜੋ ਪਵਿੱਤ੍ਰ ਥਾਂ ਵਿੱਚ ਖੜੀ ਹੈ,’ ਵਜੋਂ ਉਸ ਸੈਨਿਕ ਸ਼ਕਤੀ ਦੀ ਸ਼ਨਾਖਤ ਕੀਤੀ। ਯਿਸੂ ਦੇ ਭਵਿੱਖ-ਸੂਚਕ ਆਦੇਸ਼ ਦੀ ਆਗਿਆਕਾਰਤਾ ਵਿਚ, ਯਰੂਸ਼ਲਮ ਅਤੇ ਯਹੂਦਿਯਾ ਦੇ ਮਸੀਹੀ ਸੁਰੱਖਿਆ ਲਈ ਪਹਾੜੀ ਇਲਾਕਿਆਂ ਨੂੰ ਭੱਜ ਗਏ।—ਮੱਤੀ 24:15, 16; ਲੂਕਾ 21:20, 21.
7, 8. ਮਸੀਹੀਆਂ ਨੇ ਕਿਹੜਾ “ਲੱਛਣ” ਦੇਖਿਆ, ਪਰੰਤੂ ਉਹ ਕੀ ਨਹੀਂ ਜਾਣਦੇ ਸਨ?
7 ਉਨ੍ਹਾਂ ਵਫ਼ਾਦਾਰ ਯਹੂਦੀ ਮਸੀਹੀਆਂ ਨੇ ਦਾਨੀਏਲ ਦੀ ਭਵਿੱਖਬਾਣੀ ਦੀ ਪੂਰਤੀ ਦੇਖੀ ਅਤੇ ਉਨ੍ਹਾਂ ਦੁਖਦਾਇਕ ਯੁੱਧਾਂ, ਕਾਲਾਂ, ਮਹਾਂਮਾਰੀਆਂ, ਭੁਚਾਲਾਂ, ਅਤੇ ਅਰਾਜਕਤਾ ਦੇ ਚਸ਼ਮਦੀਦ ਗਵਾਹ ਸਨ, ਜਿਨ੍ਹਾਂ ਨੂੰ ਯਿਸੂ ਨੇ ‘ਰੀਤੀ-ਵਿਵਸਥਾ ਦੀ ਸਮਾਪਤੀ ਦੇ ਲੱਛਣ’ ਦੇ ਹਿੱਸੇ ਵਜੋਂ ਪੂਰਵ-ਸੂਚਿਤ ਕੀਤਾ ਸੀ। (ਮੱਤੀ 24:3, ਨਿ ਵ) ਪਰੰਤੂ ਕੀ ਯਿਸੂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਯਹੋਵਾਹ ਅਸਲ ਵਿਚ ਕਦੋਂ ਉਸ ਭ੍ਰਿਸ਼ਟ ਵਿਵਸਥਾ ਉੱਤੇ ਨਿਆਉਂ ਪੂਰਾ ਕਰੇਗਾ? ਨਹੀਂ। ਉਸ ਨੇ ਜੋ ਕੁਝ ਆਪਣੀ ਭਾਵੀ ਸ਼ਾਹੀ ਮੌਜੂਦਗੀ ਦੇ ਸਿਖਰ ਬਾਰੇ ਭਵਿੱਖਬਾਣੀ ਕੀਤੀ ਸੀ, ਉਹ ਨਿਸ਼ਚੇ ਹੀ ਪਹਿਲੀ-ਸਦੀ ਦੀ “ਵੱਡੀ ਬਿਪਤਾ” ਨੂੰ ਵੀ ਲਾਗੂ ਹੋਈ: “ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ, ਨਾ ਸੁਰਗ ਦੇ ਦੂਤ ਨਾ ਪੁੱਤ੍ਰ ਪਰ ਕੇਵਲ ਪਿਤਾ।”—ਮੱਤੀ 24:36.
8 ਦਾਨੀਏਲ ਦੀ ਭਵਿੱਖਬਾਣੀ ਤੋਂ, ਯਿਸੂ ਦਾ ਮਸੀਹਾ ਦੇ ਰੂਪ ਵਿਚ ਪ੍ਰਗਟ ਹੋਣ ਦੇ ਸਮੇਂ ਬਾਰੇ ਯਹੂਦੀ ਲੋਕ ਅੰਦਾਜ਼ਾ ਲਗਾ ਸਕਦੇ ਸਨ। (ਦਾਨੀਏਲ 9:25) ਫਿਰ ਵੀ, ਉਨ੍ਹਾਂ ਨੂੰ ਉਸ “ਵੱਡੀ ਬਿਪਤਾ” ਲਈ ਕੋਈ ਤਾਰੀਖ਼ ਨਹੀਂ ਦਿੱਤੀ ਗਈ, ਜਿਸ ਨੇ ਆਖ਼ਰਕਾਰ ਧਰਮ-ਤਿਆਗੀ ਯਹੂਦੀ ਰੀਤੀ-ਵਿਵਸਥਾ ਨੂੰ ਉਜਾੜ ਦਿੱਤਾ। ਕੇਵਲ ਯਰੂਸ਼ਲਮ ਅਤੇ ਇਸ ਦੀ ਹੈਕਲ ਦੇ ਵਿਨਾਸ਼ ਦੇ ਮਗਰੋਂ ਹੀ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਤਾਰੀਖ਼ 70 ਸਾ.ਯੁ. ਸੀ। ਤਾਂ ਵੀ, ਉਹ ਯਿਸੂ ਦੇ ਭਵਿੱਖ-ਸੂਚਕ ਸ਼ਬਦਾਂ ਤੋਂ ਜਾਣੂ ਸਨ: “ਜਦ ਤੀਕਰ ਏਹ ਸਭ ਗੱਲਾਂ ਨਾ ਹੋ ਲੈਣ ਇਹ ਪੀਹੜੀ ਬੀਤ ਨਾ ਜਾਵੇਗੀ।” (ਮੱਤੀ 24:34) ਜ਼ਾਹਰਾ ਤੌਰ ਤੇ, ਇੱਥੇ “ਪੀਹੜੀ” ਦੀ ਵਰਤੋਂ ਉਪਦੇਸ਼ਕ ਦੀ ਪੋਥੀ 1:4 ਨਾਲੋਂ ਭਿੰਨ ਹੈ, ਜੋ ਕਿ ਇਕ ਸਮੇਂ ਅਵਧੀ ਦੇ ਦੌਰਾਨ ਆਉਂਦੀਆਂ ਅਤੇ ਜਾਂਦੀਆਂ ਅਨੁਕ੍ਰਮਿਕ ਪੀੜ੍ਹੀਆਂ ਬਾਰੇ ਗੱਲ ਕਰਦੀ ਹੈ।
“ਇਹ ਪੀਹੜੀ”—ਇਹ ਕੀ ਹੈ?
9. ਸ਼ਬਦ-ਕੋਸ਼ ਯੂਨਾਨੀ ਸ਼ਬਦ ਗੈੱਨੇਆ ਦੀ ਕਿਵੇਂ ਪਰਿਭਾਸ਼ਾ ਕਰਦੇ ਹਨ?
9 ਜਦੋਂ ਜ਼ੈਤੂਨ ਦੇ ਪਹਾੜ ਉੱਤੇ ਯਿਸੂ ਨਾਲ ਬੈਠੇ ਚਾਰ ਰਸੂਲਾਂ ਨੇ “ਰੀਤੀ-ਵਿਵਸਥਾ ਦੀ ਸਮਾਪਤੀ” ਬਾਰੇ ਉਸ ਦੀ ਭਵਿੱਖਬਾਣੀ ਸੁਣੀ, ਤਾਂ ਉਹ “ਇਹ ਪੀਹੜੀ” ਅਭਿਵਿਅਕਤੀ ਨੂੰ ਕਿਵੇਂ ਸਮਝਦੇ? ਇੰਜੀਲਾਂ ਵਿਚ ਇਹ ਸ਼ਬਦ “ਪੀਹੜੀ,” ਯੂਨਾਨੀ ਸ਼ਬਦ ਗੈੱਨੇਆ ਤੋਂ ਅਨੁਵਾਦ ਕੀਤਾ ਗਿਆ ਹੈ, ਜਿਸ ਦੀ ਪਰਿਭਾਸ਼ਾ ਪ੍ਰਚਲਿਤ ਸ਼ਬਦ-ਕੋਸ਼ ਇਨ੍ਹਾਂ ਸ਼ਬਦਾਂ ਵਿਚ ਕਰਦੇ ਹਨ: “ਸ਼ਾਬਦਿਕ ਰੂਪ ਵਿਚ, ਉਹ ਜਿਹੜੇ ਇੱਕੋ ਹੀ ਪੂਰਵਜ ਦੀ ਸੰਤਾਨ ਹਨ।” (ਵੌਲਟਰ ਬਾਉਅਰ ਦੀ ਗ੍ਰੀਕ-ਇੰਗਲਿਸ਼ ਲੈਕਸੀਕਨ ਆਫ਼ ਦ ਨਿਊ ਟੈਸਟਾਮੈਂਟ) “ਉਹ ਜਿਹੜਾ ਉਤਪੰਨ ਹੋਇਆ ਹੈ, ਇਕ ਪਰਿਵਾਰ; . . . ਇਕ ਵੰਸ਼ਾਵਲੀ ਦੇ . . . ਜਾਂ ਲੋਕਾਂ ਦੀ ਇਕ ਜਾਤੀ ਦੇ . . . ਜਾਂ ਇੱਕੋ ਹੀ ਸਮੇਂ ਤੇ ਜੀ ਰਹੇ ਮਨੁੱਖਾਂ ਦੇ ਪੂਰੇ ਸਮੂਹ ਦੇ ਅਨੁਕ੍ਰਮਿਕ ਸਦੱਸ, ਮੱਤੀ 24:34; ਮਰਕੁਸ 13:30; ਲੂਕਾ 1:48; 21:32; ਫ਼ਿਲਿ. 2:15, ਅਤੇ ਖ਼ਾਸ ਤੌਰ ਤੇ ਇੱਕੋ ਹੀ ਅਵਧੀ ਵਿਚ ਜੀ ਰਹੀ ਯਹੂਦੀ ਜਾਤੀ ਦੇ ਸਦੱਸ।” (ਡਬਲਯੂ. ਈ. ਵਾਈਨ ਦੀ ਐਕਸਪੌਜ਼ੀਟਰੀ ਡਿਕਸ਼ਨਰੀ ਆਫ਼ ਨਿਊ ਟੈਸਟਾਮੈਂਟ ਵਰਡਜ਼) “ਉਹ ਜਿਹੜਾ ਉਤਪੰਨ ਹੋਇਆ ਹੈ, ਇੱਕੋ ਹੀ ਨਸਲ ਦੇ ਮਨੁੱਖ, ਇਕ ਪਰਿਵਾਰ; . . . ਇੱਕੋ ਹੀ ਸਮੇਂ ਤੇ ਜੀ ਰਹੇ ਮਨੁੱਖਾਂ ਦੇ ਪੂਰੇ ਸਮੂਹ: ਮੱਤੀ xxiv. 34; ਮਰ. xiii. 30; ਲੂਕਾ i. 48 . . . ਖ਼ਾਸ ਤੌਰ ਤੇ ਇੱਕੋ ਹੀ ਅਵਧੀ ਵਿਚ ਜੀ ਰਹੀ ਯਹੂਦੀ ਜਾਤੀ ਦੇ ਲਈ ਵਰਤਿਆ ਜਾਂਦਾ ਹੈ।”—ਜੇ. ਏਚ. ਥੇਯਰ ਦੀ ਗ੍ਰੀਕ-ਇੰਗਲਿਸ਼ ਲੈਕਸੀਕਨ ਆਫ਼ ਦ ਨਿਊ ਟੈਸਟਾਮੈਂਟ।
10. (ੳ) ਮੱਤੀ 24:34 ਦਾ ਹਵਾਲਾ ਦਿੰਦੇ ਹੋਏ, ਦੋ ਅਧਿਕਾਰੀਆਂ ਕਿਹੜੀ ਸਮਾਨ ਪਰਿਭਾਸ਼ਾ ਦਿੰਦੇ ਹਨ? (ਅ) ਇਕ ਥੀਓਲਾਜੀਕਲ ਸ਼ਬਦ-ਕੋਸ਼ ਅਤੇ ਕੁਝ ਬਾਈਬਲ ਅਨੁਵਾਦ ਇਸ ਪਰਿਭਾਸ਼ਾ ਦੀ ਕਿਵੇਂ ਪੁਸ਼ਟੀ ਕਰਦੇ ਹਨ?
10 ਇਸ ਤਰ੍ਹਾਂ, ਵਾਈਨ ਅਤੇ ਥੇਯਰ ਦੋਨੋਂ ਹੀ “ਇਹ ਪੀਹੜੀ” (ਹੇ ਗੈੱਨੇਆ ਹਾਉਟ) ਦੀ ਪਰਿਭਾਸ਼ਾ, “ਇੱਕੋ ਹੀ ਸਮੇਂ ਤੇ ਜੀ ਰਹੇ ਮਨੁੱਖਾਂ ਦੇ ਪੂਰੇ ਸਮੂਹ” ਦੇ ਤੌਰ ਤੇ ਦਿੰਦੇ ਹੋਏ, ਮੱਤੀ 24:34 ਦਾ ਹਵਾਲਾ ਦਿੰਦੇ ਹਨ। ਥੀਓਲਾਜੀਕਲ ਡਿਕਸ਼ਨਰੀ ਆਫ਼ ਦ ਨਿਊ ਟੈਸਟਾਮੈਂਟ (1964) ਇਸ ਪਰਿਭਾਸ਼ਾ ਦੀ ਪੁਸ਼ਟੀ ਕਰਦੀ ਹੋਈ ਆਖਦੀ ਹੈ: “ਯਿਸੂ ਦੁਆਰਾ ‘ਪੀੜ੍ਹੀ’ ਦੀ ਵਰਤੋਂ ਉਸ ਦੇ ਸਰਬਪੱਖੀ ਉਦੇਸ਼ ਨੂੰ ਪ੍ਰਗਟਾਉਂਦੀ ਹੈ: ਉਹ ਸਮੁੱਚੇ ਲੋਕਾਂ ਵੱਲ ਸੰਕੇਤ ਕਰਦਾ ਹੈ ਅਤੇ ਉਨ੍ਹਾਂ ਦੀ ਪਾਪ ਵਿਚ ਇਕਮੁੱਠਤਾ ਬਾਰੇ ਸਚੇਤ ਹੈ।” ਜਦੋਂ ਯਿਸੂ ਧਰਤੀ ਤੇ ਸੀ, ਉਦੋਂ ਯਹੂਦੀ ਕੌਮ ਵਿਚ ਸੱਚ-ਮੁੱਚ ਹੀ “ਪਾਪ ਵਿਚ ਇਕਮੁੱਠਤਾ” ਸਪੱਸ਼ਟ ਸੀ, ਠੀਕ ਜਿਵੇਂ ਇਹ ਅੱਜ ਵੀ ਸੰਸਾਰਕ ਵਿਵਸਥਾ ਨੂੰ ਚਿੰਨ੍ਹਿਤ ਕਰਦੀ ਹੈ।c
11. (ੳ) ਇਹ ਨਿਸ਼ਚਿਤ ਕਰਨ ਲਈ ਕਿ ਹੇ ਗੈੱਨੇਆ ਹਾਉਟ ਨੂੰ ਕਿਵੇਂ ਵਰਤਿਆ ਜਾਵੇ, ਸਾਨੂੰ ਪ੍ਰਾਥਮਿਕ ਤੌਰ ਤੇ ਕਿਹੜੇ ਅਧਿਕਾਰੀ ਦੁਆਰਾ ਮਾਰਗ-ਦਰਸ਼ਿਤ ਹੋਣਾ ਚਾਹੀਦਾ ਹੈ? (ਅ) ਇਸ ਅਧਿਕਾਰੀ ਨੇ ਇਸ ਅਭਿਵਿਅਕਤੀ ਨੂੰ ਕਿਵੇਂ ਵਰਤਿਆ?
11 ਨਿਰਸੰਦੇਹ, ਇਸ ਮਾਮਲੇ ਦਾ ਅਧਿਐਨ ਕਰਨ ਵਾਲੇ ਮਸੀਹੀ ਆਪਣੇ ਵਿਚਾਰਾਂ ਨੂੰ ਮੁੱਖ ਤੌਰ ਤੇ ਇਸ ਗੱਲ ਦੁਆਰਾ ਮਾਰਗ-ਦਰਸ਼ਿਤ ਕਰਦੇ ਹਨ ਕਿ ਯਿਸੂ ਦੇ ਸ਼ਬਦ ਰਿਪੋਰਟ ਕਰਦਿਆਂ ਹੋਏ ਪ੍ਰੇਰਿਤ ਇੰਜੀਲ ਲਿਖਾਰੀਆਂ ਨੇ ਯੂਨਾਨੀ ਅਭਿਵਿਅਕਤੀ ਹੇ ਗੈੱਨੇਆ ਹਾਉਟ, ਜਾਂ “ਇਹ ਪੀਹੜੀ” ਨੂੰ ਕਿਵੇਂ ਇਸਤੇਮਾਲ ਕੀਤਾ। ਇਹ ਅਭਿਵਿਅਕਤੀ ਲਗਾਤਾਰ ਨਕਾਰਾਤਮਕ ਰੂਪ ਵਿਚ ਵਰਤੀ ਗਈ ਸੀ। ਇਸ ਲਈ, ਯਿਸੂ ਨੇ ਯਹੂਦੀ ਧਾਰਮਿਕ ਆਗੂਆਂ ਨੂੰ “ਹੇ ਸੱਪੋ, ਹੇ ਨਾਗਾਂ ਦੇ ਬੱਚਿਓ” ਆਖਿਆ ਅਤੇ ਅੱਗੇ ਕਿਹਾ ਕਿ ਗ਼ਹੈਨਾ ਦਾ ਨਿਆਉਂ “ਇਸ ਪੀਹੜੀ” ਉੱਤੇ ਪੂਰਾ ਕੀਤਾ ਜਾਵੇਗਾ। (ਮੱਤੀ 23:33, 36) ਪਰੰਤੂ, ਕੀ ਇਹ ਨਿਆਉਂ ਕੇਵਲ ਪਖੰਡੀ ਪਾਦਰੀ ਵਰਗ ਤਕ ਹੀ ਸੀਮਿਤ ਸੀ? ਨਹੀਂ, ਬਿਲਕੁਲ ਨਹੀਂ। ਕਈ ਅਵਸਰਾਂ ਤੇ, ਯਿਸੂ ਦੇ ਚੇਲਿਆਂ ਨੇ ਉਸ ਨੂੰ “ਇਹ ਪੀਹੜੀ” ਦੀ ਗੱਲ ਕਰਦੇ ਸਮੇਂ, ਇਸ ਅਭਿਵਿਅਕਤੀ ਨੂੰ ਇਕਸਾਰਤਾ ਸਹਿਤ ਕਿਤੇ ਹੀ ਵਿਸਤ੍ਰਿਤ ਅਰਥ ਵਿਚ ਵਰਤਦੇ ਹੋਏ ਸੁਣਿਆ। ਉਹ ਅਰਥ ਕੀ ਸੀ?
‘ਇਹ ਬੁਰੀ ਪੀੜ੍ਹੀ’
12. ਜਿਉਂ ਹੀ ਉਸ ਦੇ ਚੇਲੇ ਸੁਣ ਰਹੇ ਸਨ, ਯਿਸੂ ਨੇ “ਲੋਕਾਂ” ਨੂੰ “ਇਸ ਪੀੜ੍ਹੀ” ਨਾਲ ਕਿਵੇਂ ਜੋੜਿਆ?
12 ਸੰਨ 31 ਸਾ.ਯੁ. ਵਿਚ, ਯਿਸੂ ਦੀ ਮਹਾਂ ਗਲੀਲੀ ਸੇਵਕਾਈ ਦੇ ਦੌਰਾਨ ਅਤੇ ਪਸਾਹ ਦੇ ਥੋੜ੍ਹੇ ਚਿਰ ਬਾਅਦ, ਉਸ ਦੇ ਚੇਲਿਆਂ ਨੇ ਉਸ ਨੂੰ “ਲੋਕਾਂ” ਨੂੰ ਕਹਿੰਦਿਆਂ ਹੋਇਆਂ ਸੁਣਿਆ: “ਮੈਂ ਇਸ ਪੀੜ੍ਹੀ ਦੇ ਲੋਕਾਂ ਨੂੰ ਕਿਹ ਦੇ ਵਰਗਾ ਦੱਸਾਂ? ਏਹ ਉਨ੍ਹਾਂ ਨੀਂਗਰਾਂ ਵਰਗੇ ਹਨ ਜਿਹੜੇ ਬਜਾਰਾਂ ਵਿੱਚ ਬੈਠੇ ਆਪਣੇ ਸਾਥੀਆਂ ਨੂੰ ਅਵਾਜ਼ ਮਾਰ ਕੇ ਆਖਦੇ ਹਨ, ਅਸਾਂ ਤੁਹਾਡੇ ਲਈ ਬੌਂਸਰੀ ਵਜਾਈ, ਪਰ ਤੁਸੀਂ ਨਾ ਨੱਚੇ। ਅਸਾਂ ਸਿਆਪਾ ਕੀਤਾ, ਪਰ ਤੁਸੀਂ ਨਾ ਪਿੱਟੇ। ਕਿਉਂ ਜੋ ਯੂਹੰਨਾ [ਬਪਤਿਸਮਾ ਦੇਣ ਵਾਲਾ] ਨਾ ਖਾਂਦਾ ਨਾ ਪੀਂਦਾ ਆਇਆ ਅਤੇ ਓਹ ਆਖਦੇ ਹਨ ਜੋ ਉਹ ਦੇ ਨਾਲ ਇੱਕ ਭੂਤ ਹੈ। ਮਨੁੱਖ ਦਾ ਪੁੱਤ੍ਰ [ਯਿਸੂ] ਖਾਂਦਾ ਪੀਂਦਾ ਆਇਆ ਅਤੇ ਓਹ ਆਖਦੇ ਹਨ, ਵੇਖੋ ਇੱਕ ਖਾਊ ਅਤੇ ਸ਼ਰਾਬੀ ਮਨੁੱਖ ਮਸੂਲੀਆਂ ਅਰ ਪਾਪੀਆਂ ਦਾ ਯਾਰ।” ਉਨ੍ਹਾਂ ਬੇਅਸੂਲੇ “ਲੋਕਾਂ” ਨੂੰ ਖ਼ੁਸ਼ ਕਰਨਾ ਨਾਮੁਮਕਨ ਸੀ!—ਮੱਤੀ 11:7, 16-19.
13. ਆਪਣੇ ਚੇਲਿਆਂ ਦੀ ਮੌਜੂਦਗੀ ਵਿਚ, ਯਿਸੂ ਨੇ “ਇਸ ਬੁਰੀ ਪੀੜ੍ਹੀ” ਦੇ ਤੌਰ ਤੇ ਕਿਨ੍ਹਾਂ ਦੀ ਸ਼ਨਾਖਤ ਅਤੇ ਨਿੰਦਾ ਕੀਤੀ?
13 ਬਾਅਦ ਵਿਚ 31 ਸਾ.ਯੁ. ਵਿਚ ਹੀ, ਜਿਉਂ ਹੀ ਯਿਸੂ ਅਤੇ ਉਸ ਦੇ ਚੇਲੇ ਗਲੀਲ ਵਿਖੇ ਆਪਣੇ ਦੂਸਰੇ ਪ੍ਰਚਾਰ ਸਫਰ ਲਈ ਨਿਕਲੇ, ਤਾਂ “ਕਿੰਨੇ ਗ੍ਰੰਥੀਆਂ ਅਤੇ ਫ਼ਰੀਸੀਆਂ” ਨੇ ਯਿਸੂ ਤੋਂ ਇਕ ਨਿਸ਼ਾਨੀ ਦੀ ਮੰਗ ਕੀਤੀ। ਉਸ ਨੇ ਉਨ੍ਹਾਂ ਨੂੰ ਅਤੇ ਉੱਥੇ ਹਾਜ਼ਰ “ਲੋਕਾਂ” ਨੂੰ ਦੱਸਿਆ: “ਬੁਰੀ ਅਤੇ ਹਰਾਮਕਾਰ ਪੀੜ੍ਹੀ ਨਿਸ਼ਾਨੀ ਚਾਹੁੰਦੀ ਹੈ ਪਰ ਯੂਨਾਹ ਨਬੀ ਦੀ ਨਿਸ਼ਾਨੀ ਬਿਨਾ ਕੋਈ ਹੋਰ ਨਿਸ਼ਾਨੀ ਉਨ੍ਹਾਂ ਨੂੰ ਦਿੱਤੀ ਨਾ ਜਾਵੇਗੀ। ਕਿਉਂਕਿ ਜਿਸ ਤਰਾਂ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤ ਮੱਛੀ ਦੇ ਢਿੱਡ ਵਿੱਚ ਸੀ ਉਸੇ ਤਰਾਂ ਮਨੁੱਖ ਦਾ ਪੁੱਤ੍ਰ ਤਿੰਨ ਦਿਨ ਅਤੇ ਤਿੰਨ ਰਾਤ ਧਰਤੀ ਦੇ ਅੰਦਰ ਹੋਵੇਗਾ। . . . ਇਸ ਬੁਰੀ ਪੀੜ੍ਹੀ ਦੇ ਲੋਕਾਂ ਦਾ ਵੀ ਠੀਕ ਇਹੋ ਜਿਹਾ ਹਾਲ ਹੋਵੇਗਾ।” (ਮੱਤੀ 12:38-46) ਸਪੱਸ਼ਟ ਤੌਰ ਤੇ, “ਇਸ ਬੁਰੀ ਪੀੜ੍ਹੀ” ਵਿਚ ਧਾਰਮਿਕ ਆਗੂ ਅਤੇ ਉਹ ‘ਲੋਕ’ ਦੋਵੇਂ ਸ਼ਾਮਲ ਸਨ, ਜਿਨ੍ਹਾਂ ਨੇ ਕਦੇ ਵੀ ਉਸ ਨਿਸ਼ਾਨੀ ਨੂੰ ਨਹੀਂ ਸਮਝਿਆ ਜੋ ਯਿਸੂ ਦੀ ਮੌਤ ਅਤੇ ਪੁਨਰ-ਉਥਾਨ ਵਿਚ ਪੂਰੀ ਹੋਈ।d
14. ਯਿਸੂ ਦੇ ਚੇਲਿਆਂ ਨੇ ਉਸ ਨੂੰ ਸਦੂਕੀਆਂ ਅਤੇ ਫ਼ਰੀਸੀਆਂ ਦੀ ਕੀ ਨਿੰਦਾ ਕਰਦੇ ਹੋਏ ਸੁਣਿਆ?
14 ਸੰਨ 32 ਸਾ.ਯੁ. ਦੇ ਪਸਾਹ ਮਗਰੋਂ, ਜਿਉਂ ਹੀ ਯਿਸੂ ਅਤੇ ਉਸ ਦੇ ਚੇਲੇ ਮਗਦਾਨ ਦੇ ਗਲੀਲੀ ਖੇਤਰ ਵਿਚ ਆਏ, ਸਦੂਕੀਆਂ ਅਤੇ ਫ਼ਰੀਸੀਆਂ ਨੇ ਫਿਰ ਯਿਸੂ ਕੋਲੋਂ ਇਕ ਨਿਸ਼ਾਨੀ ਮੰਗੀ। ਉਸ ਨੇ ਉਨ੍ਹਾਂ ਨੂੰ ਦੁਬਾਰਾ ਕਿਹਾ: “ਇਸ ਪੀਹੜੀ ਦੇ ਬੁਰੇ ਅਤੇ ਹਰਾਮਕਾਰ ਲੋਕ ਨਿਸ਼ਾਨ ਚਾਹੁੰਦੇ ਹਨ ਪਰ ਯੂਨਾਹ ਦੇ ਨਿਸ਼ਾਨ ਬਿਨਾ ਉਨ੍ਹਾਂ ਨੂੰ ਕੋਈ ਹੋਰ ਨਿਸ਼ਾਨ ਦਿੱਤਾ ਨਾ ਜਾਵੇਗਾ ਅਤੇ ਉਹ ਉਨ੍ਹਾਂ ਨੂੰ ਛੱਡ ਕੇ ਚੱਲਿਆ ਗਿਆ।” (ਮੱਤੀ 16:1-4) ਬੇਪਰਤੀਤ ‘ਲੋਕਾਂ’ ਦੇ ਵਿਚ ਆਗੂਆਂ ਦੇ ਤੌਰ ਤੇ ਉਹ ਧਾਰਮਿਕ ਪਖੰਡੀ ਸੱਚ-ਮੁੱਚ ਜ਼ਿਆਦਾ ਹੀ ਧਿਕਾਰਨਯੋਗ ਸਨ, ਜਿਨ੍ਹਾਂ ਨੂੰ ਯਿਸੂ ਨੇ ‘ਇਹ ਬੁਰੀ ਪੀੜ੍ਹੀ’ ਕਹਿ ਕੇ ਨਿੰਦਾ ਕੀਤੀ।
15. ਰੂਪਾਂਤਰਣ ਤੋਂ ਕੁਝ ਹੀ ਸਮਾਂ ਪਹਿਲਾਂ ਅਤੇ ਫਿਰ ਉਸ ਦੇ ਠੀਕ ਮਗਰੋਂ, ਯਿਸੂ ਅਤੇ ਉਸ ਦੇ ਚੇਲਿਆਂ ਦਾ ‘ਇਸ ਪੀਹੜੀ’ ਨਾਲ ਕਿਹੜਾ ਸਾਮ੍ਹਣਾ ਹੋਇਆ?
15 ਆਪਣੀ ਗਲੀਲੀ ਸੇਵਕਾਈ ਦੇ ਅੰਤ ਦੇ ਨਿਕਟ, ਯਿਸੂ ਨੇ ਭੀੜ ਨੂੰ ਅਤੇ ਆਪਣੇ ਚੇਲਿਆਂ ਨੂੰ ਆਪਣੇ ਕੋਲ ਸੱਦ ਕੇ ਕਿਹਾ: “ਜੋ ਕੋਈ ਇਸ ਹਰਾਮਕਾਰ ਅਤੇ ਪਾਪੀ ਪੀਹੜੀ ਦੇ ਲੋਕਾਂ ਵਿੱਚੋਂ ਮੈਥੋਂ ਅਤੇ ਮੇਰਿਆਂ ਬਚਨਾਂ ਤੋਂ ਸ਼ਰਮਾਵੇਗਾ ਮਨੁੱਖ ਦਾ ਪੁੱਤ੍ਰ ਭੀ ਉਸ ਤੋਂ ਸ਼ਰਮਾਵੇਗਾ।” (ਮਰਕੁਸ 8:34, 38) ਇਸ ਲਈ, ‘ਇਹ ਹਰਾਮਕਾਰ ਅਤੇ ਪਾਪੀ ਪੀਹੜੀ’ ਸਪੱਸ਼ਟ ਤੌਰ ਤੇ ਉਸ ਸਮੇਂ ਦੇ ਅਪਸ਼ਚਾਤਾਪੀ ਯਹੂਦੀਆਂ ਦੇ ਸਮੂਹਾਂ ਦੀ ਬਣੀ ਹੋਈ ਸੀ। ਕੁਝ ਦਿਨਾਂ ਮਗਰੋਂ, ਯਿਸੂ ਦੇ ਰੂਪਾਂਤਰਣ ਤੋਂ ਬਾਅਦ, ਯਿਸੂ ਅਤੇ ਉਸ ਦੇ ਚੇਲੇ “ਭੀੜ ਦੇ ਕੋਲ ਪਹੁੰਚੇ,” ਅਤੇ ਇਕ ਮਨੁੱਖ ਨੇ ਆਪਣੇ ਪੁੱਤਰ ਨੂੰ ਚੰਗਾ ਕਰਨ ਲਈ ਉਸ ਦੀ ਬੇਨਤੀ ਕੀਤੀ। ਯਿਸੂ ਨੇ ਟਿੱਪਣੀ ਕੀਤੀ: “ਹੇ ਬੇਪਰਤੀਤ ਅਤੇ ਅੜਬ ਪੀੜ੍ਹੀ ਕਦ ਤੋੜੀ ਮੈਂ ਤੁਹਾਡੇ ਸੰਗ ਰਹਾਂਗਾ? ਕਦ ਤੋੜੀ ਤੁਹਾਡੀ ਸਹਾਂਗਾ?”—ਮੱਤੀ 17:14-17; ਲੂਕਾ 9:37-41.
16. (ੳ) ਯਹੂਦਿਯਾ ਵਿਖੇ ਯਿਸੂ ਨੇ “ਲੋਕਾਂ” ਦੀ ਕੀ ਨਿੰਦਿਆ ਫਿਰ ਦੁਹਰਾਈ? (ਅ) “ਇਹ ਪੀਹੜੀ” ਨੇ ਕਿਵੇਂ ਇਕ ਸਭ ਤੋਂ ਦੁਸ਼ਟ ਅਪਰਾਧ ਕੀਤਾ?
16 ਸੰਭਵ ਹੈ ਕਿ ਯਹੂਦਿਯਾ ਵਿਖੇ, 32 ਸਾ.ਯੁ. ਵਿਚ ਤੰਬੂਆਂ ਦੇ ਪੁਰਬ ਮਗਰੋਂ, ਜਦੋਂ “ਬਹੁਤ ਲੋਕ [ਯਿਸੂ] ਦੇ ਕੋਲ ਇਕੱਠੇ ਹੁੰਦੇ ਜਾਂਦੇ ਸਨ,” ਤਦ ਉਸ ਨੇ ਇਕ ਵਾਰ ਫਿਰ ਉਨ੍ਹਾਂ ਦੀ ਨਿੰਦਿਆ ਕਰਦੇ ਹੋਏ, ਕਿਹਾ: “ਇਹ ਪੀਹੜੀ ਬੁਰੀ ਪੀਹੜੀ ਹੈ। ਇਹ ਨਿਸ਼ਾਨ ਚਾਹੁੰਦੀ ਹੈ ਪਰ ਯੂਨਾਹ ਦੇ ਨਿਸ਼ਾਨ ਬਿਨਾ ਕੋਈ ਨਿਸ਼ਾਨ ਉਸ ਨੂੰ ਦਿੱਤਾ ਨਾ ਜਾਵੇਗਾ।” (ਲੂਕਾ 11:29) ਆਖ਼ਰਕਾਰ, ਜਦੋਂ ਧਾਰਮਿਕ ਆਗੂ ਯਿਸੂ ਨੂੰ ਮੁਕੱਦਮੇ ਲਈ ਲਿਆਏ, ਤਾਂ ਪਿਲਾਤੁਸ ਨੇ ਉਸ ਨੂੰ ਰਿਹਾ ਕਰ ਦੇਣ ਦੀ ਪੇਸ਼ਕਸ਼ ਕੀਤੀ। ਰਿਕਾਰਡ ਦੱਸਦਾ ਹੈ: “ਪਰਧਾਨ ਜਾਜਕਾਂ ਅਤੇ ਬਜੁਰਗਾਂ ਨੇ ਲੋਕਾਂ ਨੂੰ ਉਭਾਰਿਆ ਜੋ ਬਰੱਬਾ ਨੂੰ ਮੰਗੋ ਅਤੇ ਯਿਸੂ ਦਾ ਨਾਸ ਕਰੋ। . . . ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, ਫੇਰ ਯਿਸੂ ਨੂੰ ਜਿਹੜਾ ਮਸੀਹ ਕਹਾਉਂਦਾ ਹੈ ਮੈਂ ਕੀ ਕਰਾਂ? ਓਹ ਸਭ ਬੋਲੇ, ਸਲੀਬ [“ਸੂਲੀ,” ਨਿ ਵ] ਦਿਓ! ਪਰ ਉਸ ਨੇ ਆਖਿਆ, ਉਹ ਨੇ ਕੀ ਬੁਰਿਆਈ ਕੀਤੀ ਹੈ? ਪਰ ਉਨ੍ਹਾਂ ਨੇ ਹੋਰ ਵੀ ਡੰਡ ਪਾ ਕੇ ਆਖਿਆ, ਇਹ ਨੂੰ ਸਲੀਬ [“ਸੂਲੀ,” ਨਿ ਵ] ਦਿਓ!” ਉਹ “ਬੁਰੀ ਪੀੜ੍ਹੀ” ਯਿਸੂ ਦੇ ਲਹੂ ਦੀ ਮੰਗ ਕਰ ਰਹੀ ਸੀ!—ਮੱਤੀ 27:20-25.
17. “ਇਸ ਕੱਬੀ ਪੀਹੜੀ” ਵਿੱਚੋਂ ਕਈਆਂ ਨੇ ਪੰਤੇਕੁਸਤ ਦੇ ਸਮੇਂ ਪਤਰਸ ਦੇ ਪ੍ਰਚਾਰ ਪ੍ਰਤੀ ਕਿਵੇਂ ਪ੍ਰਤਿਕ੍ਰਿਆ ਦਿਖਾਈ?
17 ਇਸ ਤਰ੍ਹਾਂ, ਇਕ “ਬੇਪਰਤੀਤ ਅਤੇ ਅੜਬ ਪੀੜ੍ਹੀ” ਨੇ ਆਪਣੇ ਧਾਰਮਿਕ ਆਗੂਆਂ ਦੁਆਰਾ ਉਭਾਰੇ ਜਾਣ ਤੇ, ਪ੍ਰਭੂ ਯਿਸੂ ਮਸੀਹ ਦੀ ਮੌਤ ਲਿਆਉਣ ਵਿਚ ਇਕ ਮੁੱਖ ਭੂਮਿਕਾ ਅਦਾ ਕੀਤੀ। ਪੰਜਾਹ ਦਿਨਾਂ ਮਗਰੋਂ, 33 ਸਾ.ਯੁ. ਵਿਚ ਪੰਤੇਕੁਸਤ ਦੇ ਸਮੇਂ, ਚੇਲਿਆਂ ਨੇ ਪਵਿੱਤਰ ਆਤਮਾ ਹਾਸਲ ਕੀਤੀ ਅਤੇ ਅਲੱਗ-ਅਲੱਗ ਜ਼ਬਾਨਾਂ ਵਿਚ ਬੋਲਣ ਲੱਗ ਪਏ। ਆਵਾਜ਼ ਸੁਣਨ ਤੇ “ਭੀੜ ਲੱਗ ਗਈ,” ਅਤੇ ਰਸੂਲ ਪਤਰਸ ਨੇ ਉਨ੍ਹਾਂ ਨੂੰ “ਹੇ ਯਹੂਦੀਓ ਅਤੇ ਯਰੂਸ਼ਲਮ ਦੇ ਸਭ ਰਹਿਣ ਵਾਲਿਓ” ਦੇ ਤੌਰ ਤੇ ਸੰਬੋਧਨ ਕਰਦੇ ਹੋਏ, ਕਿਹਾ: “ਉਸੇ [ਯਿਸੂ] ਨੂੰ . . . ਤੁਸਾਂ ਬੁਰਿਆਰਾਂ ਦੇ ਹੱਥੀਂ ਸਲੀਬ [“ਸੂਲੀ,” ਨਿ ਵ] ਦੇ ਕੇ ਮਰਵਾ ਦਿੱਤਾ।” ਉਨ੍ਹਾਂ ਵਿੱਚੋਂ ਕਈ ਸੁਣਨ ਵਾਲਿਆਂ ਨੇ ਕਿਵੇਂ ਪ੍ਰਤਿਕ੍ਰਿਆ ਦਿਖਾਈ? “ਉਨ੍ਹਾਂ ਦੇ ਦਿਲ ਛਿਦ ਗਏ।” ਤਦ ਪਤਰਸ ਨੇ ਉਨ੍ਹਾਂ ਨੂੰ ਪਸ਼ਚਾਤਾਪ ਕਰਨ ਲਈ ਬੇਨਤੀ ਕੀਤੀ। ਉਸ ਨੇ “ਸਾਖੀ ਦਿੱਤੀ ਅਤੇ ਉਪਦੇਸ਼ ਕੀਤਾ ਭਈ ਆਪਣੇ ਆਪ ਨੂੰ ਇਸ ਕੱਬੀ ਪੀਹੜੀ ਕੋਲੋਂ ਬਚਾਓ।” ਇਸ ਦੀ ਪ੍ਰਤਿਕ੍ਰਿਆ ਵਿਚ, ਲਗਭਗ ਤਿੰਨ ਹਜ਼ਾਰ ਵਿਅਕਤੀਆਂ ਨੇ “ਉਹ ਦੀ ਗੱਲ ਮੰਨ ਲਈ [ਅਤੇ] ਓਹਨਾਂ ਨੇ ਬਪਤਿਸਮਾ ਲਿਆ।”—ਰਸੂਲਾਂ ਦੇ ਕਰਤੱਬ 2:6, 14, 23, 37, 40, 41.
“ਇਹ ਪੀਹੜੀ” ਦੀ ਪਛਾਣ ਕੀਤੀ ਗਈ
18. ਯਿਸੂ ਦੁਆਰਾ “ਇਹ ਪੀਹੜੀ” ਅਭਿਵਿਅਕਤੀ ਦੀ ਵਰਤੋਂ ਲਗਾਤਾਰ ਕਿਸ ਚੀਜ਼ ਵੱਲ ਸੰਕੇਤ ਕਰਦੀ ਹੈ?
18 ਤਾਂ ਫਿਰ, ਉਹ “ਪੀਹੜੀ” ਕੀ ਹੈ, ਜਿਸ ਦਾ ਯਿਸੂ ਨੇ ਆਪਣੇ ਚੇਲਿਆਂ ਦੀ ਮੌਜੂਦਗੀ ਵਿਚ ਇੰਨਾ ਅਕਸਰ ਜ਼ਿਕਰ ਕੀਤਾ? ਉਨ੍ਹਾਂ ਨੇ ਉਸ ਦੇ ਇਨ੍ਹਾਂ ਸ਼ਬਦਾਂ ਤੋਂ ਕੀ ਸਮਝਿਆ: “ਜਦ ਤੀਕਰ ਏਹ ਸਭ ਗੱਲਾਂ ਨਾ ਹੋ ਲੈਣ ਇਹ ਪੀਹੜੀ ਬੀਤ ਨਾ ਜਾਵੇਗੀ”? ਨਿਸ਼ਚੇ ਹੀ, ਯਿਸੂ “ਇਹ ਪੀਹੜੀ” ਅਭਿਵਿਅਕਤੀ ਦੀ ਆਪਣੀ ਕਾਇਮ ਵਰਤੋਂ ਤੋਂ ਪਰੇ ਨਹੀਂ ਹੱਟ ਰਿਹਾ ਸੀ, ਜੋ ਉਸ ਨੇ ਲਗਾਤਾਰ ਉਨ੍ਹਾਂ ਸਮਕਾਲੀਨ ਲੋਕਾਂ ਦੇ ਸਮੂਹਾਂ ਲਈ ਅਤੇ ਉਨ੍ਹਾਂ ਦੇ ‘ਅੰਨ੍ਹੇ ਆਗੂਆਂ’ ਲਈ ਵਰਤਿਆ, ਜੋ ਇਕੱਠੇ ਮਿਲ ਕੇ ਯਹੂਦੀ ਕੌਮ ਬਣਦੇ ਹਨ। (ਮੱਤੀ 15:14) ‘ਇਸ ਪੀਹੜੀ’ ਨੇ ਯਿਸੂ ਦੁਆਰਾ ਪੂਰਵ-ਸੂਚਿਤ ਸਾਰੇ ਦੁੱਖਾਂ ਦਾ ਅਨੁਭਵ ਕੀਤਾ ਅਤੇ ਫਿਰ ਯਰੂਸ਼ਲਮ ਉੱਤੇ ਆਏ ਇਕ ਬੇਮਿਸਾਲ ‘ਵੱਡੇ ਕਸ਼ਟ’ ਵਿਚ ਨਾਸ਼ ਹੋ ਗਈ।—ਮੱਤੀ 24:21, 34.
19. ਯਹੂਦੀ ਵਿਵਸਥਾ ਦੇ “ਅਕਾਸ਼ ਅਤੇ ਧਰਤੀ” ਕਦੋਂ ਅਤੇ ਕਿਵੇਂ ਟਲ ਗਏ?
19 ਪਹਿਲੀ ਸਦੀ ਵਿਚ, ਯਹੋਵਾਹ ਯਹੂਦੀ ਲੋਕਾਂ ਦਾ ਨਿਆਉਂ ਕਰ ਰਿਹਾ ਸੀ। ਪਸ਼ਚਾਤਾਪੀ ਵਿਅਕਤੀ, ਜਿਨ੍ਹਾਂ ਨੇ ਮਸੀਹ ਦੁਆਰਾ ਯਹੋਵਾਹ ਦੇ ਦਇਆਪੂਰਵਕ ਪ੍ਰਬੰਧ ਵਿਚ ਨਿਹਚਾ ਕੀਤਾ, ਉਸ ‘ਵੱਡੇ ਕਸ਼ਟ’ ਵਿੱਚੋਂ ਬਚਾਏ ਗਏ। ਯਿਸੂ ਦੇ ਸ਼ਬਦਾਂ ਦੀ ਪੂਰਤੀ ਵਿਚ, ਭਵਿੱਖਬਾਣੀ ਕੀਤੀਆਂ ਗਈਆਂ ਸਾਰੀਆਂ ਗੱਲਾਂ ਵਾਪਰੀਆਂ, ਅਤੇ ਫਿਰ ਯਹੂਦੀ ਰੀਤੀ-ਵਿਵਸਥਾ ਦੇ “ਅਕਾਸ਼ ਅਤੇ ਧਰਤੀ”—ਸਮੁੱਚੀ ਕੌਮ ਅਤੇ ਉਸ ਦੇ ਧਾਰਮਿਕ ਆਗੂ ਅਤੇ ਲੋਕਾਂ ਦਾ ਦੁਸ਼ਟ ਸਮਾਜ—ਟਲ ਗਏ। ਯਹੋਵਾਹ ਨੇ ਨਿਆਉਂ ਪੂਰਾ ਕੀਤਾ ਸੀ!—ਮੱਤੀ 24:35; ਤੁਲਨਾ ਕਰੋ 2 ਪਤਰਸ 3:7.
20. ਕਿਹੜੀ ਸਮੇਂ-ਅਨੁਕੂਲ ਚੇਤਾਵਨੀ ਸਾਰੇ ਮਸੀਹੀਆਂ ਉੱਤੇ ਤੀਬਰਤਾ ਨਾਲ ਲਾਗੂ ਹੁੰਦੀ ਹੈ?
20 ਜਿਨ੍ਹਾਂ ਯਹੂਦੀਆਂ ਨੇ ਯਿਸੂ ਦੇ ਭਵਿੱਖ-ਸੂਚਕ ਬਚਨਾਂ ਉੱਤੇ ਧਿਆਨ ਦਿੱਤਾ ਸੀ, ਉਨ੍ਹਾਂ ਨੇ ਇਸ ਗੱਲ ਨੂੰ ਸਮਝਿਆ ਕਿ ਉਨ੍ਹਾਂ ਦੀ ਮੁਕਤੀ ਇਕ “ਪੀਹੜੀ” ਦੀ ਜਾਂ ਕਿਸੇ ਸਮੇਂ-ਨਿਰਧਾਰਿਤ “ਸਮਿਆਂ ਅਤੇ ਵੇਲਿਆਂ” ਦੀ ਲੰਮਾਈ ਦਾ ਅਨੁਮਾਨ ਲਾਉਣ ਦੀ ਕੋਸ਼ਿਸ਼ ਕਰਨ ਉੱਤੇ ਨਹੀਂ, ਬਲਕਿ ਦੁਸ਼ਟ ਸਮਕਾਲੀਨ ਪੀੜ੍ਹੀ ਤੋਂ ਪਰੇ ਰਹਿਣ ਅਤੇ ਸਰਗਰਮੀ ਨਾਲ ਪਰਮੇਸ਼ੁਰ ਦੀ ਇੱਛਾ ਕਰਨ ਉੱਤੇ ਨਿਰਭਰ ਕਰਦੀ ਸੀ। ਭਾਵੇਂ ਕਿ ਯਿਸੂ ਦੀ ਭਵਿੱਖਬਾਣੀ ਦੇ ਆਖ਼ਰੀ ਸ਼ਬਦ ਸਾਡੇ ਦਿਨਾਂ ਦੀ ਵੱਡੀ ਪੂਰਤੀ ਨੂੰ ਲਾਗੂ ਹੁੰਦੇ ਹਨ, ਪਹਿਲੀ ਸਦੀ ਦੇ ਯਹੂਦੀ ਮਸੀਹੀਆਂ ਲਈ ਵੀ ਇਸ ਚੇਤਾਵਨੀ ਉੱਤੇ ਧਿਆਨ ਦੇਣਾ ਲਾਜ਼ਮੀ ਸੀ: “ਬੇਨਤੀ ਕਰਦਿਆਂ ਹਰ ਵੇਲੇ ਜਾਗਦੇ ਰਹੋ ਭਈ ਤੁਸੀਂ ਉਨ੍ਹਾਂ ਸਭਨਾਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ ਸੱਕੋ ਅਤੇ ਮਨੁੱਖ ਦੇ ਪੁੱਤ੍ਰ ਦੇ ਸਾਹਮਣੇ ਖੜੇ ਹੋ ਸੱਕੋ।”—ਲੂਕਾ 21:32-36; ਰਸੂਲਾਂ ਦੇ ਕਰਤੱਬ 1:6-8.
21. ਅਸੀਂ ਨੇੜੇ ਭਵਿੱਖ ਵਿਚ ਅਚਾਨਕ ਹੀ ਕਿਹੜੀ ਘਟਨਾ ਦੀ ਆਸ ਰੱਖ ਸਕਦੇ ਹਾਂ?
21 ਅੱਜ, “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ . . . ਅਤੇ ਬਹੁਤ ਛੇਤੀ ਕਰਦਾ ਹੈ।” (ਸਫ਼ਨਯਾਹ 1:14-18; ਯਸਾਯਾਹ 13:9, 13) ਅਚਾਨਕ ਹੀ, ਯਹੋਵਾਹ ਦੇ ਆਪਣੇ ਪੂਰਵ-ਨਿਸ਼ਚਿਤ “ਦਿਨ ਅਤੇ ਘੜੀ” ਤੇ, ਉਸ ਦਾ ਕ੍ਰੋਧ ਸੰਸਾਰ ਦਿਆਂ ਧਾਰਮਿਕ, ਰਾਜਨੀਤਿਕ, ਅਤੇ ਵਪਾਰਕ ਤੱਤਾਂ ਦੇ ਨਾਲ-ਨਾਲ ਇਸ ਸਮਕਾਲੀਨ “ਬੁਰੀ ਅਤੇ ਹਰਾਮਕਾਰ ਪੀੜ੍ਹੀ” ਨੂੰ ਬਣਾਉਂਦੇ ਹੋਏ ਅੜਬ ਲੋਕਾਂ ਉੱਤੇ ਕੇਰਿਆ ਜਾਵੇਗਾ। (ਮੱਤੀ 12:39; 24:36; ਪਰਕਾਸ਼ ਦੀ ਪੋਥੀ 7:1-3, 9, 14) ਤੁਸੀਂ ‘ਵੱਡੇ ਕਸ਼ਟ’ ਵਿੱਚੋਂ ਕਿਵੇਂ ਬਚ ਨਿਕਲ ਸਕਦੇ ਹੋ? ਸਾਡਾ ਅਗਲਾ ਲੇਖ ਜਵਾਬ ਦੇਵੇਗਾ ਅਤੇ ਭਵਿੱਖ ਲਈ ਅਦਭੁਤ ਉਮੀਦ ਬਾਰੇ ਦੱਸੇਗਾ। (w95 11/1)
[ਫੁਟਨੋਟ]
a ਇਸ ਭਵਿੱਖਬਾਣੀ ਦੀ ਵੇਰਵੇ ਸਹਿਤ ਰੂਪ-ਰੇਖਾ ਲਈ, ਕਿਰਪਾ ਕਰ ਕੇ ਫਰਵਰੀ 15, 1994, ਦੇ ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 14, 15 ਉੱਤੇ ਦਿੱਤਾ ਗਿਆ ਚਾਰਟ ਦੇਖੋ।
b ਵਰ੍ਹਿਆਂ ਦੇ “ਸਾਤੇ” ਉੱਤੇ ਹੋਰ ਜਾਣਕਾਰੀ ਲਈ, ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਪੁਸਤਕ ਬਾਈਬਲ—ਪਰਮੇਸ਼ੁਰ ਦਾ ਬਚਨ ਜਾਂ ਮਨੁੱਖ ਦਾ? (ਅੰਗ੍ਰੇਜ਼ੀ) ਦੇ ਸਫ਼ੇ 130-2 ਦੇਖੋ।
c ਕਈ ਬਾਈਬਲਾਂ ਮੱਤੀ 24:34 ਵਿਚ ਹੇ ਗੈੱਨੇਆ ਹਾਉਟ ਦਾ ਅਨੁਵਾਦ ਇਸ ਪ੍ਰਕਾਰ ਕਰਦੀਆਂ ਹਨ: “ਇਹ ਲੋਕ” (ਡਬਲਯੂ. ਐੱਫ਼. ਬੈੱਕ ਦੁਆਰਾ, ਦ ਹੋਲੀ ਬਾਈਬਲ ਇਨ ਦ ਲੈਂਗੁਏਜ ਆਫ਼ ਟੂਡੇ [1976]); “ਇਹ ਕੌਮ” (ਕੇ. ਐੱਸ. ਵੈਸਟ ਦੁਆਰਾ, ਦ ਨਿਊ ਟੈਸਟਾਮੈਂਟ—ਐਨ ਐੱਕਸਪੈਂਡਿਡ ਟ੍ਰਾਂਸਲੇਸ਼ਨ [1961]); “ਇਹ ਲੋਕ” (ਡੀ. ਏਚ. ਸਟਰਨ ਦੁਆਰਾ, ਜੂਇਸ਼ ਨਿਊ ਟੈਸਟਾਮੈਂਟ [1979]).
d ਇਨ੍ਹਾਂ ਬੇਪਰਤੀਤ “ਲੋਕਾਂ” ਦੀ ਤੁਲਨਾ ਉਨ੍ਹਾਂ ਐਮਹੇਅਰੈੱਟਸ, ਜਾਂ “ਜ਼ਮੀਨ ਦੇ ਲੋਕਾਂ,” ਨਾਲ ਨਹੀਂ ਕੀਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਨਾਲ ਘਮੰਡੀ ਧਾਰਮਿਕ ਆਗੂਆਂ ਨੇ ਸੰਗਤ ਰੱਖਣ ਤੋਂ ਇਨਕਾਰ ਕੀਤਾ, ਪਰੰਤੂ ਜਿਨ੍ਹਾਂ ਉੱਤੇ ਯਿਸੂ ਨੂੰ “ਤਰਸ ਆਇਆ।”—ਮੱਤੀ 9:36; ਯੂਹੰਨਾ 7:49.
ਤੁਸੀਂ ਕਿਵੇਂ ਜਵਾਬ ਦਿਓਗੇ?
◻ ਅਸੀਂ ਦਾਨੀਏਲ 9:24-27 ਦੀ ਪੂਰਤੀ ਤੋਂ ਕੀ ਸਿੱਖਦੇ ਹਾਂ?
◻ ਪ੍ਰਚਲਿਤ ਸ਼ਬਦ-ਕੋਸ਼ “ਇਹ ਪੀਹੜੀ” ਦੀ ਕਿਵੇਂ ਪਰਿਭਾਸ਼ਾ ਦਿੰਦੇ ਹਨ ਜਿਵੇਂ ਬਾਈਬਲ ਵਿਚ ਵਰਤਿਆ ਜਾਂਦਾ ਹੈ?
◻ ਯਿਸੂ ਨੇ “ਇਹ ਪੀਹੜੀ” ਅਭਿਵਿਅਕਤੀ ਨੂੰ ਲਗਾਤਾਰ ਕਿਵੇਂ ਵਰਤਿਆ?
◻ ਪਹਿਲੀ ਸਦੀ ਵਿਚ ਮੱਤੀ 24:34, 35 ਕਿਵੇਂ ਪੂਰਾ ਹੋਇਆ?
[ਸਫ਼ੇ 10 ਉੱਤੇ ਤਸਵੀਰ]
ਯਿਸੂ ਨੇ “ਇਸ ਪੀੜ੍ਹੀ” ਦੀ ਤੁਲਨਾ ਬੇਮੁਹਾਰ ਬੱਚਿਆਂ ਦੀਆਂ ਟੋਲੀਆਂ ਨਾਲ ਕੀਤੀ
[ਸਫ਼ੇ 13 ਉੱਤੇ ਤਸਵੀਰ]
ਕੇਵਲ ਯਹੋਵਾਹ ਹੀ ਦੁਸ਼ਟ ਯਹੂਦੀ ਵਿਵਸਥਾ ਉੱਤੇ ਨਿਆਉਂ ਪੂਰਾ ਕਰਨ ਦੀ ਘੜੀ ਬਾਰੇ ਪਹਿਲਾਂ ਤੋਂ ਜਾਣਦਾ ਸੀ