ਅਗਾਹਾਂ ਨੂੰ ਆਪਣੇ ਲਈ ਨਾ ਜੀਓ
‘ਯਿਸੂ ਸਭਨਾਂ ਦੇ ਲਈ ਮੋਇਆ ਭਈ ਜਿਹੜੇ ਜੀਉਂਦੇ ਹਨ ਓਹ ਅਗਾਹਾਂ ਨੂੰ ਆਪਣੇ ਲਈ ਨਾ ਜੀਉਣ।’—2 ਕੁਰਿੰਥੀਆਂ 5:15.
1, 2. ਯਿਸੂ ਦੇ ਕਿਹੜੇ ਹੁਕਮ ਦੇ ਕਾਰਨ ਉਸ ਦੇ ਮੁਢਲੇ ਚੇਲੇ ਆਪਣੇ ਆਪ ਬਾਰੇ ਸੋਚਣ ਦੀ ਬਜਾਇ ਇਕ-ਦੂਜੇ ਬਾਰੇ ਸੋਚਣ ਲਈ ਤਿਆਰ ਸਨ?
ਯਿਸੂ ਨੇ ਧਰਤੀ ਤੇ ਆਪਣੀ ਆਖ਼ਰੀ ਰਾਤ ਕੀ ਕੀਤਾ ਸੀ? ਉਹ ਜਾਣਦਾ ਸੀ ਕਿ ਕੁਝ ਹੀ ਘੰਟਿਆਂ ਵਿਚ ਉਸ ਨੇ ਉਨ੍ਹਾਂ ਸਾਰੇ ਲੋਕਾਂ ਲਈ ਆਪਣੀ ਜਾਨ ਕੁਰਬਾਨ ਕਰ ਦੇਣੀ ਸੀ ਜੋ ਉਸ ਉੱਤੇ ਨਿਹਚਾ ਕਰਨਗੇ। ਇਸ ਲਈ ਉਸ ਰਾਤ ਉਸ ਨੇ ਆਪਣੇ ਵਫ਼ਾਦਾਰ ਰਸੂਲਾਂ ਨੂੰ ਕਈ ਜ਼ਰੂਰੀ ਗੱਲਾਂ ਦੱਸੀਆਂ ਸਨ। ਉਸ ਨੇ ਇਕ ਖ਼ਾਸ ਗੁਣ ਬਾਰੇ ਵੀ ਦੱਸਿਆ ਜਿਸ ਦੇ ਜ਼ਰੀਏ ਉਹ ਉਸ ਦੇ ਚੇਲਿਆਂ ਦੇ ਨਾਤੇ ਪਛਾਣੇ ਜਾਣਗੇ। ਉਸ ਨੇ ਕਿਹਾ: “ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ। ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।”—ਯੂਹੰਨਾ 13:34, 35.
2 ਯਿਸੂ ਦੇ ਕਹਿਣ ਦਾ ਮਤਲਬ ਸੀ ਕਿ ਉਸ ਦੇ ਸੱਚੇ ਚੇਲਿਆਂ ਨੂੰ ਆਪਣੇ ਆਪ ਬਾਰੇ ਸੋਚਣ ਦੀ ਬਜਾਇ ਇਕ-ਦੂਜੇ ਬਾਰੇ ਸੋਚਣਾ ਚਾਹੀਦਾ ਹੈ ਅਤੇ ਇਕ-ਦੂਜੇ ਲਈ ਵਾਰੇ ਜਾਣ ਲਈ ਤਿਆਰ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ “ਆਪਣੀ ਜਾਨ ਆਪਣੇ ਮਿੱਤ੍ਰਾਂ ਦੇ ਬਦਲੇ” ਦੇਣ ਤੋਂ ਝਿਜਕਣਾ ਨਹੀਂ ਚਾਹੀਦਾ। (ਯੂਹੰਨਾ 15:13) ਕੀ ਯਿਸੂ ਦੇ ਮੁਢਲੇ ਚੇਲਿਆਂ ਨੇ ਇਸ ਹੁਕਮ ਦੀ ਪਾਲਣਾ ਕੀਤੀ ਸੀ? ਯਿਸੂ ਦੀ ਮੌਤ ਤੋਂ ਸੌ ਕੁ ਸਾਲ ਬਾਅਦ ਰਹਿਣ ਵਾਲੇ ਟਰਟੂਲੀਅਨ ਨੇ ਆਪਣੇ ਮਸ਼ਹੂਰ ਲੇਖ ਅਪੌਲੋਜੀ ਵਿਚ ਦੱਸਿਆ ਕਿ ਲੋਕ ਯਿਸੂ ਦੇ ਚੇਲਿਆਂ ਬਾਰੇ ਕੀ ਕਹਿੰਦੇ ਸਨ: ‘ਦੇਖੋ ਉਹ ਇਕ ਦੂਸਰੇ ਨਾਲ ਕਿੰਨਾ ਪਿਆਰ ਕਰਦੇ ਹਨ ਅਤੇ ਇਕ ਦੂਸਰੇ ਲਈ ਜਾਨ ਕੁਰਬਾਨ ਕਰਨ ਲਈ ਵੀ ਤਿਆਰ ਹਨ।’
3, 4. (ੳ) ਸਾਨੂੰ ਖ਼ੁਦਗਰਜ਼ੀ ਤੇ ਕਾਬੂ ਕਿਉਂ ਰੱਖਣਾ ਚਾਹੀਦਾ ਹੈ? (ਅ) ਇਸ ਲੇਖ ਵਿਚ ਆਪਾਂ ਕੀ ਦੇਖਾਂਗੇ?
3 ਸਾਨੂੰ ਵੀ ‘ਇਕ ਦੂਏ ਦੇ ਭਾਰ ਚੁੱਕ ਲੈਣ ਅਤੇ ਇਉਂ ਮਸੀਹ ਦੀ ਸ਼ਰਾ ਨੂੰ ਪੂਰਿਆਂ ਕਰਨਾ’ ਚਾਹੀਦਾ ਹੈ। (ਗਲਾਤੀਆਂ 6:2) ਭਾਵੇਂ ਯਿਸੂ ਨੇ ਸਾਨੂੰ ਹੁਕਮ ਦਿੱਤਾ ਹੈ ਕਿ ਅਸੀਂ ‘ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰੀਏ ਅਤੇ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰੀਏ,’ ਪਰ ਸਾਡੀ ਖ਼ੁਦਗਰਜ਼ੀ ਇਸ ਹੁਕਮ ਦੀ ਪਾਲਣਾ ਕਰਨੀ ਮੁਸ਼ਕਲ ਬਣਾ ਦਿੰਦੀ ਹੈ। (ਮੱਤੀ 22:37-39) ਪਾਪੀ ਹੋਣ ਦੇ ਨਾਤੇ ਸਾਡੇ ਲਈ ਖ਼ੁਦਗਰਜ਼ ਹੋਣਾ ਕੁਦਰਤੀ ਹੈ। ਇਸ ਤੋਂ ਇਲਾਵਾ ਸਾਨੂੰ ਰੋਜ਼ਾਨਾ ਜ਼ਿੰਦਗੀ ਦੀਆਂ ਮੁਸ਼ਕਲਾਂ ਅਤੇ ਸਕੂਲ ਜਾਂ ਕੰਮ ਤੇ ਮੁਕਾਬਲੇਬਾਜ਼ੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਆਪਣੇ ਘਰ ਦਾ ਗੁਜ਼ਾਰਾ ਤੋਰਨ ਲਈ ਵੀ ਸਾਨੂੰ ਜੱਦੋ-ਜਹਿਦ ਕਰਨੀ ਪੈਂਦੀ ਹੈ। ਨਤੀਜੇ ਵਜੋਂ ਅਸੀਂ ਆਪਣੇ ਬਾਰੇ ਜ਼ਿਆਦਾ ਤੇ ਦੂਜਿਆਂ ਬਾਰੇ ਘੱਟ ਸੋਚਦੇ ਹਾਂ। ਇਨਸਾਨਾਂ ਵਿਚ ਖ਼ੁਦਗਰਜ਼ੀ ਘੱਟ ਨਹੀਂ ਰਹੀ। ਪੌਲੁਸ ਰਸੂਲ ਨੇ ਚੇਤਾਵਨੀ ਦਿੱਤੀ ਸੀ: ‘ਅੰਤਮ ਦਿਨਾਂ ਵਿਚ ਲੋਕ ਕੇਵਲ ਆਪਣੇ ਆਪ ਨੂੰ ਪਿਆਰ ਕਰਨ ਵਾਲੇ ਹੋਣਗੇ।’—2 ਤਿਮੋਥਿਉਸ 3:1, 2, ਪਵਿੱਤਰ ਬਾਈਬਲ ਨਵਾਂ ਅਨੁਵਾਦ।
4 ਯਿਸੂ ਨੇ ਆਪਣੀ ਸੇਵਕਾਈ ਦੇ ਆਖ਼ਰੀ ਸਮੇਂ ਦੌਰਾਨ ਆਪਣੇ ਚੇਲਿਆਂ ਨੂੰ ਤਿੰਨ ਗੱਲਾਂ ਦੱਸੀਆਂ ਜਿਨ੍ਹਾਂ ਤੇ ਅਮਲ ਕਰ ਕੇ ਉਹ ਖ਼ੁਦਗਰਜ਼ੀ ਤੇ ਕਾਬੂ ਰੱਖ ਸਕਦੇ ਸਨ। ਇਸ ਲੇਖ ਵਿਚ ਆਪਾਂ ਦੇਖਾਂਗੇ ਕਿ ਯਿਸੂ ਦੀਆਂ ਹਿਦਾਇਤਾਂ ਕੀ ਸਨ ਅਤੇ ਅਸੀਂ ਇਨ੍ਹਾਂ ਤੋਂ ਲਾਭ ਕਿਵੇਂ ਉੱਠਾ ਸਕਦੇ ਹਾਂ।
ਖ਼ੁਦਗਰਜ਼ੀ ਦਾ ਇਲਾਜ
5. ਉੱਤਰੀ ਗਲੀਲ ਵਿਚ ਪ੍ਰਚਾਰ ਕਰਦੇ ਸਮੇਂ ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਦੱਸਿਆ ਸੀ ਅਤੇ ਇਹ ਗੱਲ ਸੁਣ ਕੇ ਉਸ ਦੇ ਚੇਲਿਆਂ ਨੂੰ ਝਟਕਾ ਕਿਉਂ ਲੱਗਾ ਹੋਣਾ?
5 ਇਕ ਵਾਰ ਯਿਸੂ ਉੱਤਰੀ ਗਲੀਲ ਵਿਚ ਕੈਸਰੀਆ ਫ਼ਿਲਿੱਪੀ ਦੇ ਲਾਗੇ ਪ੍ਰਚਾਰ ਕਰ ਰਿਹਾ ਸੀ। ਇਹ ਇਲਾਕਾ ਇੰਨਾ ਸੋਹਣਾ ਸੀ ਕਿ ਕੋਈ ਆਪਣੀਆਂ ਇੱਛਾਵਾਂ ਕੁਚਲਣ ਬਾਰੇ ਸੋਚਣ ਦੀ ਬਜਾਇ ਐਸ਼ੋ-ਆਰਾਮ ਕਰਨ ਬਾਰੇ ਹੀ ਸੋਚੇਗਾ। ਪਰ ਯਿਸੂ ਨੇ ਉੱਥੇ ਆਪਣੇ ਚੇਲਿਆਂ ਨੂੰ ਇਹੀ ਦੱਸਣਾ ਸ਼ੁਰੂ ਕੀਤਾ। ਉਸ ਨੇ ਕਿਹਾ: “ਮੈਨੂੰ ਜਰੂਰ ਹੈ ਜੋ ਯਰੂਸ਼ਲਮ ਨੂੰ ਜਾਵਾਂ ਅਤੇ ਬਜੁਰਗਾਂ ਅਤੇ ਪਰਧਾਨ ਜਾਜਕਾਂ ਅਤੇ ਗ੍ਰੰਥੀਆਂ ਦੇ ਹੱਥੋਂ ਬਹੁਤ ਦੁਖ ਝੱਲਾਂ ਅਤੇ ਮਾਰ ਦਿੱਤਾ ਜਾਵਾਂ ਅਤੇ ਤੀਏ ਦਿਨ ਜੀ ਉੱਠਾਂ।” (ਮੱਤੀ 16:21) ਇਹ ਗੱਲ ਸੁਣ ਕੇ ਉਸ ਦੇ ਚੇਲਿਆਂ ਨੂੰ ਝਟਕਾ ਲੱਗਾ ਹੋਣਾ ਕਿਉਂਕਿ ਉਹ ਤਾਂ ਸਮਝਦੇ ਸਨ ਕਿ ਉਨ੍ਹਾਂ ਦੇ ਆਗੂ ਨੇ ਧਰਤੀ ਤੇ ਹੀ ਆਪਣਾ ਰਾਜ ਸਥਾਪਿਤ ਕਰ ਲੈਣਾ ਸੀ।—ਲੂਕਾ 19:11; ਰਸੂਲਾਂ ਦੇ ਕਰਤੱਬ 1:6.
6. ਯਿਸੂ ਨੇ ਪਤਰਸ ਨੂੰ ਕਿਉਂ ਫਿਟਕਾਰਿਆ ਸੀ?
6 ਪਤਰਸ ਇਕਦਮ ਯਿਸੂ ਨੂੰ “ਇੱਕ ਪਾਸੇ ਕਰ ਕੇ ਝਿੜਕਣ ਲੱਗਾ ਅਤੇ ਉਹ ਨੂੰ ਕਿਹਾ, ਪ੍ਰਭੁ ਜੀ ਪਰਮੇਸ਼ੁਰ ਏਹ ਨਾ ਕਰੇ! ਤੇਰੇ ਲਈ ਇਹ ਕਦੇ ਨਾ ਹੋਵੇਗਾ!” ਇਹ ਗੱਲ ਸੁਣ ਕੇ ਯਿਸੂ ਨੇ ਕੀ ਜਵਾਬ ਦਿੱਤਾ ਸੀ? “ਉਹ ਨੇ ਮੁੜ ਕੇ ਪਤਰਸ ਨੂੰ ਆਖਿਆ, ਹੇ ਸ਼ਤਾਨ ਮੈਥੋਂ ਪਿੱਛੇ ਹਟ! ਤੂੰ ਮੇਰੇ ਲਈ ਠੋਕਰ ਹੈਂ ਕਿਉਂ ਜੋ ਤੂੰ ਪਰਮੇਸ਼ੁਰ ਦੀਆਂ ਨਹੀਂ ਪਰ ਮਨੁੱਖਾਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈਂ।” ਪਤਰਸ ਤੇ ਯਿਸੂ ਦੇ ਖ਼ਿਆਲਾਂ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਸੀ! ਯਿਸੂ ਉਸ ਰਾਹ ਤੇ ਚੱਲਣ ਲਈ ਰਾਜ਼ੀ ਸੀ ਜੋ ਪਰਮੇਸ਼ੁਰ ਨੇ ਉਸ ਲਈ ਮਿਥਿਆ ਸੀ। ਉਹ ਜਾਣਦਾ ਸੀ ਕਿ ਇਸ ਰਾਹ ਚੱਲ ਕੇ ਕੁਝ ਹੀ ਮਹੀਨਿਆਂ ਵਿਚ ਉਸ ਨੂੰ ਸੂਲੀ ਤੇ ਆਪਣੀ ਜਾਨ ਦੇਣੀ ਪਵੇਗੀ। ਪਰ ਪਤਰਸ ਉਸ ਦਾ ਧਿਆਨ ਹੋਰ ਪਾਸੇ ਲਾਉਣਾ ਚਾਹੁੰਦਾ ਸੀ। ਉਸ ਨੇ ਕਿਹਾ: “ਪ੍ਰਭੁ ਜੀ ਪਰਮੇਸ਼ੁਰ ਏਹ ਨਾ ਕਰੇ! ਤੇਰੇ ਲਈ ਇਹ ਕਦੇ ਨਾ ਹੋਵੇਗਾ!” ਭਾਵੇਂ ਪਤਰਸ ਦੀ ਨੀਅਤ ਮਾੜੀ ਨਹੀਂ ਸੀ, ਪਰ ਫਿਰ ਵੀ ਯਿਸੂ ਨੇ ਉਸ ਨੂੰ ਫਿਟਕਾਰਿਆ ਕਿਉਂਕਿ ਉਸ ਮੌਕੇ ਤੇ ਪਤਰਸ ਨੇ ਆਪਣੇ ਆਪ ਨੂੰ ਸ਼ਤਾਨ ਦਾ ਚਮਚਾ ਸਾਬਤ ਕੀਤਾ ਸੀ। ਉਹ “ਪਰਮੇਸ਼ੁਰ ਦੀਆਂ ਨਹੀਂ ਪਰ ਮਨੁੱਖਾਂ ਦੀਆਂ ਗੱਲਾਂ ਦਾ ਧਿਆਨ ਰੱਖਦਾ” ਸੀ।—ਮੱਤੀ 16:22, 23.
7. ਮੱਤੀ 16:24 ਵਿਚ ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਕਰਨ ਲਈ ਕਿਹਾ ਸੀ?
7 ਪਤਰਸ ਦੇ ਸ਼ਬਦਾਂ ਦੀ ਗੂੰਜ ਅੱਜ ਵੀ ਸੁਣਾਈ ਦਿੰਦੀ ਹੈ। ਆਮ ਤੌਰ ਤੇ ਲੋਕ ਕਹਿੰਦੇ ਹਨ ਕਿ ‘ਆਪਣੇ ਬਾਰੇ ਸੋਚੋ,’ ‘ਥੋੜ੍ਹਾ ਆਰਾਮ ਕਰੋ’ ਅਤੇ ‘ਆਪਣੇ ਗੋਡੇ ਰਗੜਾਈ ਜਾਣ ਦਾ ਕੀ ਫ਼ਾਇਦਾ।’ ਪਰ ਯਿਸੂ ਨੇ ਇਸ ਤਰ੍ਹਾਂ ਸੋਚਣ ਲਈ ਨਹੀਂ ਕਿਹਾ ਸੀ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।” (ਮੱਤੀ 16:24) ਬਾਈਬਲ ਦੀ ਇਕ ਵਿਆਖਿਆ ਦੇ ਮੁਤਾਬਕ ‘ਯਿਸੂ ਬਾਹਰਲੇ ਲੋਕਾਂ ਨੂੰ ਨਹੀਂ, ਪਰ ਜੋ ਉਸ ਦੇ ਚੇਲੇ ਬਣ ਚੁੱਕੇ ਸਨ ਉਨ੍ਹਾਂ ਨੂੰ ਆਪਣੀ ਸ਼ਾਗਿਰਦੀ ਬਾਰੇ ਸੋਚਣ ਲਈ ਕਹਿ ਰਿਹਾ ਸੀ।’ ਇਸ ਆਇਤ ਵਿਚਲੀਆਂ ਤਿੰਨ ਗੱਲਾਂ ਯਿਸੂ ਦੇ ਚੇਲਿਆਂ ਉੱਤੇ ਲਾਗੂ ਹੁੰਦੀਆਂ ਹਨ। ਆਓ ਆਪਾਂ ਇਨ੍ਹਾਂ ਉੱਤੇ ਇਕ-ਇਕ ਕਰ ਕੇ ਧਿਆਨ ਦੇਈਏ।
8. ਆਪਣੇ ਆਪ ਦਾ ਇਨਕਾਰ ਕਰਨ ਦਾ ਕੀ ਮਤਲਬ ਹੈ?
8 ਪਹਿਲਾਂ ਸਾਨੂੰ ਆਪਣੇ ਆਪ ਦਾ ਇਨਕਾਰ ਕਰਨਾ ਪਵੇਗਾ। ਜਿਸ ਯੂਨਾਨੀ ਸ਼ਬਦ ਦਾ ਤਰਜਮਾ ‘ਆਪਣੇ ਆਪ ਦਾ ਇਨਕਾਰ ਕਰਨਾ’ ਕੀਤਾ ਗਿਆ ਉਸ ਦਾ ਮਤਲਬ ਹੈ ਉਨ੍ਹਾਂ ਗੱਲਾਂ ਨੂੰ ‘ਨਾਂਹ’ ਆਖਣ ਲਈ ਤਿਆਰ ਹੋਣਾ ਜਿਨ੍ਹਾਂ ਨੂੰ ਸਾਡਾ ਜੀਅ ‘ਹਾਂ’ ਕਹਿਣ ਨੂੰ ਕਰਦਾ ਹੈ। ਆਪਣੇ ਆਪ ਨੂੰ ਨਾਂਹ ਕਹਿਣ ਦਾ ਇਹ ਮਤਲਬ ਨਹੀਂ ਕਿ ਅਸੀਂ ਕਦੇ-ਕਦੇ ਆਪਣੀ ਕੋਈ ਖ਼ੁਸ਼ੀ ਵਾਰ ਦੇਈਏ ਅਤੇ ਨਾ ਹੀ ਇਸ ਦਾ ਮਤਲਬ ਹੈ ਕਿ ਅਸੀਂ ਫ਼ਕੀਰ ਜਾਂ ਸਾਧੂ ਬਣ ਕੇ ਸਭ ਕੁਝ ਹੀ ਤਿਆਗ ਦੇਈਏ। ਅਸੀਂ “ਆਪਣੇ ਆਪ ਦੇ” ਨਹੀਂ ਹਾਂ ਦਾ ਭਾਵ ਹੈ ਕਿ ਅਸੀਂ ਰਜ਼ਾਮੰਦੀ ਨਾਲ ਆਪਣੀ ਸਾਰੀ ਜ਼ਿੰਦਗੀ ਅਤੇ ਹਰ ਚੀਜ਼ ਯਹੋਵਾਹ ਲਈ ਵਾਰ ਦਿੱਤੀ ਹੈ। (1 ਕੁਰਿੰਥੀਆਂ 6:19, 20) ਆਪਣੀ ਜ਼ਿੰਦਗੀ ਵਿਚ ਆਪਣੇ ਆਪ ਨੂੰ ਪਹਿਲ ਦੇਣ ਦੀ ਬਜਾਇ ਅਸੀਂ ਪਰਮੇਸ਼ੁਰ ਦੀ ਸੇਵਾ ਕਰਨ ਨੂੰ ਪਹਿਲ ਦਿੰਦੇ ਹਾਂ। ਆਪਣੇ ਆਪ ਦਾ ਇਨਕਾਰ ਕਰਨ ਦਾ ਮਤਲਬ ਹੈ ਕਿ ਭਾਵੇਂ ਅਸੀਂ ਪਰਮੇਸ਼ੁਰ ਦੀ ਮਰਜ਼ੀ ਨਾ ਵੀ ਕਰਨੀ ਚਾਹੀਏ, ਪਰ ਅਸੀਂ ਉਸ ਦੀ ਹੀ ਮਰਜ਼ੀ ਕਰਾਂਗੇ। ਯਹੋਵਾਹ ਲਈ ਆਪਣੀ ਸ਼ਰਧਾ ਅਤੇ ਲਗਨ ਦਿਖਾਉਣ ਲਈ ਅਸੀਂ ਆਪਣੀ ਜ਼ਿੰਦਗੀ ਉਸ ਨੂੰ ਸੌਂਪ ਕੇ ਬਪਤਿਸਮਾ ਲੈਂਦੇ ਹਾਂ। ਫਿਰ ਅਸੀਂ ਪਰਮੇਸ਼ੁਰ ਦੀ ਮਰਜ਼ੀ ਤੇ ਚੱਲਣ ਦੇ ਵਾਅਦੇ ਨੂੰ ਆਪਣੀ ਸਾਰੀ ਜ਼ਿੰਦਗੀ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ।
9. (ੳ) ਜਦ ਯਿਸੂ ਧਰਤੀ ਤੇ ਸੀ, ਤਾਂ ਸਲੀਬ ਕੀ ਦਰਸਾਉਂਦੀ ਸੀ? (ਅ) ਅਸੀਂ ਆਪਣੀ ਸਲੀਬ ਕਿਵੇਂ ਚੁੱਕਦੇ ਹਾਂ?
9 ਯਿਸੂ ਦੀ ਦੂਜੀ ਗੱਲ ਸੀ ਕਿ ਸਾਨੂੰ ‘ਆਪਣੀ ਸਲੀਬ ਚੁੱਕਣੀ’ ਪਵੇਗੀ। ਪਹਿਲੀ ਸਦੀ ਵਿਚ ਸੂਲੀ ਜਾਂ ਸਲੀਬ ਦੀ ਗੱਲ ਦੁੱਖ, ਬਦਨਾਮੀ ਅਤੇ ਮੌਤ ਨੂੰ ਦਰਸਾਉਣ ਲਈ ਕੀਤੀ ਜਾਂਦੀ ਸੀ। ਆਮ ਤੌਰ ਤੇ ਅਪਰਾਧੀਆਂ ਨੂੰ ਸੂਲੀ ਤੇ ਟੰਗ ਕੇ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ ਜਾਂ ਉਨ੍ਹਾਂ ਦੀ ਲੋਥ ਨੂੰ ਸੂਲੀ ਤੇ ਟੰਗਿਆ ਜਾਂਦਾ ਸੀ। ਜਦ ਯਿਸੂ ਨੇ ਕਿਹਾ ਕਿ ਅਸੀਂ ਆਪਣੀ ਸਲੀਬ ਚੁੱਕੀਏ, ਤਾਂ ਉਸ ਦੇ ਕਹਿਣ ਦਾ ਮਤਲਬ ਸੀ ਕਿ ਸਾਨੂੰ ਦੁੱਖ ਝੱਲਣ, ਬਦਨਾਮ ਹੋਣ ਅਤੇ ਮਰਨ ਲਈ ਵੀ ਤਿਆਰ ਹੋਣਾ ਪਵੇਗਾ। ਕਿਉਂ? ਕਿਉਂਕਿ ਅਸੀਂ ਇਸ ਜਗਤ ਦੇ ਨਹੀਂ ਹਾਂ। (ਯੂਹੰਨਾ 15:18-20) ਸਾਡੇ ਅਸੂਲ ਤੇ ਮਿਆਰ ਸਾਨੂੰ ਦੁਨੀਆਂ ਦੇ ਲੋਕਾਂ ਤੋਂ ਅਲੱਗ ਕਰਦੇ ਹਨ, ਇਸ ਲਈ ਲੋਕ ਸਾਡੀ “ਨਿੰਦਿਆ ਕਰਦੇ ਹਨ।” (1 ਪਤਰਸ 4:4) ਇਸ ਤਰ੍ਹਾਂ ਸਾਡੇ ਨਾਲ ਸਕੂਲ ਵਿਚ, ਸਾਡੇ ਕੰਮ ਤੇ ਜਾਂ ਸਾਡੇ ਪਰਿਵਾਰਾਂ ਵਿਚ ਵੀ ਹੋ ਸਕਦਾ ਹੈ। (ਲੂਕਾ 9:23) ਪਰ ਅਸੀਂ ਇਹ ਸਭ ਕੁਝ ਸਹਿਣ ਲਈ ਤਿਆਰ ਹਾਂ ਕਿਉਂਕਿ ਹੁਣ ਅਸੀਂ ਆਪਣੇ ਆਪ ਲਈ ਨਹੀਂ, ਪਰ ਪਰਮੇਸ਼ੁਰ ਲਈ ਜੀ ਰਹੇ ਹਾਂ। ਯਿਸੂ ਨੇ ਕਿਹਾ ਸੀ: “ਧੰਨ ਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣਗੇ। ਅਨੰਦ ਹੋਵੋ ਅਤੇ ਖ਼ੁਸ਼ੀ ਕਰੋ ਕਿਉਂ ਜੋ ਤੁਹਾਡਾ ਫਲ ਸੁਰਗ ਵਿੱਚ ਬਹੁਤ ਹੈ।” (ਮੱਤੀ 5:11, 12) ਅਸੀਂ ਭਰੋਸੇ ਨਾਲ ਕਹਿ ਸਕਦੇ ਹਾਂ ਕਿ ਸਾਡੇ ਲਈ ਯਹੋਵਾਹ ਦੀ ਮਿਹਰ ਜਿੰਨੀ ਜ਼ਰੂਰੀ ਹੋਰ ਕੋਈ ਚੀਜ਼ ਨਹੀਂ ਹੈ।
10. ਯਿਸੂ ਦੇ ਪਿੱਛੇ ਚੱਲਣ ਲਈ ਸਾਨੂੰ ਕੀ-ਕੀ ਕਰਨਾ ਚਾਹੀਦਾ ਹੈ?
10 ਯਿਸੂ ਦੀ ਤੀਜੀ ਗੱਲ ਸੀ ਕਿ ਅਸੀਂ ਉਸ ਦੇ ਪਿੱਛੇ ਚੱਲੀਏ। ਬਾਈਬਲ ਦੇ ਇਕ ਕੋਸ਼ ਮੁਤਾਬਕ ਪਿੱਛੇ ਚੱਲਣ ਦਾ ਮਤਲਬ ਹੈ ‘ਇੱਕੋ ਰਾਹੇ ਚੱਲਣਾ।’ ਸਾਨੂੰ 1 ਯੂਹੰਨਾ 2:6 ਵਿਚ ਦੱਸਿਆ ਗਿਆ: “ਉਹ ਜਿਹੜਾ ਆਖਦਾ ਹੈ ਭਈ ਮੈਂ [ਪਰਮੇਸ਼ੁਰ] ਵਿੱਚ ਕਾਇਮ ਰਹਿੰਦਾ ਹਾਂ ਤਾਂ ਚਾਹੀਦਾ ਹੈ ਭਈ ਜਿਵੇਂ [ਯਿਸੂ] ਚੱਲਦਾ ਸੀ ਤਿਵੇਂ ਆਪ ਵੀ ਚੱਲੇ।” ਯਿਸੂ ਕਿਵੇਂ ਚੱਲਿਆ ਸੀ? ਯਿਸੂ ਦੇ ਦਿਲ ਵਿਚ ਆਪਣੇ ਪਿਤਾ ਅਤੇ ਆਪਣੇ ਚੇਲਿਆਂ ਲਈ ਇੰਨਾ ਪਿਆਰ ਸੀ ਕਿ ਉਸ ਨੇ ਕਦੇ ਆਪਣੇ ਬਾਰੇ ਨਹੀਂ ਸੋਚਿਆ ਸੀ। ਪੌਲੁਸ ਰਸੂਲ ਨੇ ਲਿਖਿਆ: “ਮਸੀਹ ਨੇ ਵੀ ਆਪਣੇ ਹੀ ਭਲੇ ਬਾਰੇ ਨਾ ਸੋਚਿਆ।” (ਰੋਮ 15:3, ਨਵਾਂ ਅਨੁਵਾਦ) ਭਾਵੇਂ ਉਹ ਥੱਕਿਆ ਸੀ ਜਾਂ ਉਸ ਨੂੰ ਭੁੱਖ ਲੱਗੀ ਸੀ, ਫਿਰ ਵੀ ਉਸ ਨੇ ਆਪਣੀਆਂ ਲੋੜਾਂ ਪੂਰੀਆਂ ਕਰਨ ਤੋਂ ਪਹਿਲਾਂ ਬਾਕੀਆਂ ਬਾਰੇ ਸੋਚਿਆ ਸੀ। (ਮਰਕੁਸ 6:31-34) ਇਕ ਹੋਰ ਕੰਮ ਵਿਚ ਵੀ ਯਿਸੂ ਨੇ ਪੂਰੀ ਵਾਹ ਲਾਈ ਸੀ। ਉਸ ਨੇ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕੀਤਾ ਅਤੇ ਉਸ ਬਾਰੇ ਲੋਕਾਂ ਨੂੰ ਸਿਖਾਇਆ ਸੀ। ਕੀ ਸਾਨੂੰ ਵੀ ਉਸ ਦੀ ਰੀਸ ਕਰ ਕੇ ਪੂਰੇ ਜੋਸ਼ ਨਾਲ ਉਹ ਕੰਮ ਪੂਰਾ ਨਹੀਂ ਕਰਨਾ ਚਾਹੀਦਾ ਜੋ ਸਾਨੂੰ ਸੌਂਪਿਆ ਗਿਆ ਕਿ ‘ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਯਿਸੂ ਨੇ ਹੁਕਮ ਦਿੱਤਾ ਹੈ’? (ਮੱਤੀ 28:19, 20) ਇਨ੍ਹਾਂ ਸਾਰੀਆਂ ਗੱਲਾਂ ਵਿਚ ਯਿਸੂ ਸਾਡੇ ਲਈ ਇਕ ਨਮੂਨਾ ਛੱਡ ਕੇ ਗਿਆ ਹੈ ਅਤੇ ਸਾਨੂੰ ‘ਉਸ ਦੀ ਪੈੜ ਉੱਤੇ ਤੁਰਨਾ’ ਚਾਹੀਦਾ ਹੈ।—1 ਪਤਰਸ 2:21.
11. ਇਹ ਬਹੁਤ ਹੀ ਜ਼ਰੂਰੀ ਕਿਉਂ ਹੈ ਕਿ ਅਸੀਂ ਆਪਣੇ ਆਪ ਦਾ ਇਨਕਾਰ ਕਰੀਏ, ਆਪਣੀ ਸਲੀਬ ਚੁੱਕੀਏ ਅਤੇ ਆਪਣੇ ਆਗੂ ਯਿਸੂ ਦੇ ਪਿੱਛੇ ਚਲੀਏ?
11 ਇਹ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਦਾ ਇਨਕਾਰ ਕਰੀਏ, ਆਪਣੀ ਸਲੀਬ ਚੁੱਕੀਏ ਅਤੇ ਆਪਣੇ ਆਗੂ ਯਿਸੂ ਦੇ ਪਿੱਛੇ ਚਲੀਏ। ਇਸ ਤਰ੍ਹਾਂ ਕਰਨ ਨਾਲ ਅਸੀਂ ਖ਼ੁਦਗਰਜ਼ੀ ਤੇ ਕਾਬੂ ਪਾ ਸਕਾਂਗੇ ਜੋ ਸਾਨੂੰ ਹੋਰਨਾਂ ਨਾਲ ਪਿਆਰ ਕਰਨ ਤੋਂ ਰੋਕ ਸਕਦੀ ਹੈ। ਇਸ ਤੋਂ ਇਲਾਵਾ ਯਿਸੂ ਨੇ ਕਿਹਾ ਸੀ: “ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸ ਨੂੰ ਗੁਆ ਦੇਵੇਗਾ ਪਰ ਜਿਹੜਾ ਮੇਰੇ ਲਈ ਆਪਣੀ ਜਾਨ ਗੁਆਏ ਉਹ ਉਸ ਨੂੰ ਲੱਭ ਲਵੇਗਾ। ਕਿਉਂਕਿ ਮਨੁੱਖ ਨੂੰ ਕੀ ਲਾਭ ਜੇ ਸਾਰੇ ਜਗਤ ਨੂੰ ਕੁਮਾਵੇ ਪਰ ਆਪਣੀ ਜਾਨ ਦਾ ਨੁਕਸਾਨ ਕਰੇ? ਅਥਵਾ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ?”—ਮੱਤੀ 16:25, 26.
ਅਸੀਂ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦੇ
12, 13. (ੳ) ਇਕ ਧਨੀ ਨੌਜਵਾਨ ਨੇ ਯਿਸੂ ਨੂੰ ਕੀ ਪੁੱਛਿਆ ਸੀ? (ਅ) ਯਿਸੂ ਨੇ ਉਸ ਨੂੰ ਕੀ ਕਰਨ ਲਈ ਕਿਹਾ ਸੀ ਅਤੇ ਇਸ ਤਰ੍ਹਾਂ ਕਿਉਂ ਕਿਹਾ ਸੀ?
12 ਇਕ ਦਿਨ ਇਕ ਧਨੀ ਨੌਜਵਾਨ ਯਿਸੂ ਕੋਲ ਆ ਕੇ ਕਹਿਣ ਲੱਗਾ: “ਗੁਰੂ ਜੀ ਮੈਂ ਕਿਹੜਾ ਭਲਾ ਕੰਮ ਕਰਾਂ ਜੋ ਮੈਨੂੰ ਸਦੀਪਕ ਜੀਉਣ ਮਿਲੇ?” ਯਿਸੂ ਨੇ ਉਹ ਨੂੰ ਕਿਹਾ ਕਿ “ਹੁਕਮਾਂ ਨੂੰ ਮੰਨ।” ਉਸ ਨੌਜਵਾਨ ਨੇ ਕਿਹਾ: “ਮੈਂ ਤਾਂ ਇਨ੍ਹਾਂ ਸਭਨਾਂ ਨੂੰ ਮੰਨਿਆ ਹੈ।” ਲੱਗਦਾ ਹੈ ਕਿ ਉਹ ਨੇਕਨੀਅਤ ਸੀ ਅਤੇ ਉਸ ਨੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਇਸ ਲਈ ਉਸ ਨੇ ਅੱਗੇ ਪੁੱਛਿਆ: “ਹੁਣ ਮੇਰੇ ਵਿੱਚ ਕੀ ਘਾਟਾ ਹੈ?” ਜਵਾਬ ਵਿਚ ਯਿਸੂ ਨੇ ਉਸ ਨੂੰ ਕਿਹਾ: “ਜੇ ਤੂੰ ਪੂਰਾ ਬਣਨਾ ਚਾਹੁੰਦਾ ਹੈਂ ਤਾਂ ਜਾਕੇ ਆਪਣਾ ਮਾਲ ਵੇਚ ਅਤੇ ਕੰਗਾਲਾਂ ਨੂੰ ਦੇ ਦਿਹ ਤਾਂ ਤੈਨੂੰ ਸੁਰਗ ਵਿੱਚ ਖ਼ਜ਼ਾਨਾ ਮਿਲੇਗਾ ਅਤੇ ਆ, ਮੇਰੇ ਮਗਰ ਹੋ ਤੁਰ।”—ਮੱਤੀ 19:16-21.
13 ਯਿਸੂ ਨੇ ਪਛਾਣ ਲਿਆ ਸੀ ਕਿ ਜੇ ਇਸ ਨੌਜਵਾਨ ਨੇ ਤਨ-ਮਨ ਲਾ ਕੇ ਯਹੋਵਾਹ ਦੀ ਭਗਤੀ ਕਰਨੀ ਸੀ, ਤਾਂ ਉਸ ਨੂੰ ਆਪਣੀ ਜ਼ਿੰਦਗੀ ਵਿੱਚੋਂ ਧਿਆਨ-ਭੰਗ ਕਰਨ ਵਾਲੀ ਇਕ ਵੱਡੀ ਚੀਜ਼ ਕੁਰਬਾਨ ਕਰਨੀ ਪਵੇਗੀ ਯਾਨੀ ਉਸ ਦੀ ਧਨ-ਦੌਲਤ। ਯਿਸੂ ਦਾ ਅਸਲੀ ਚੇਲਾ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ। ਉਹ “ਪਰਮੇਸ਼ੁਰ ਅਤੇ ਮਾਯਾ ਦੋਹਾਂ ਦੀ ਸੇਵਾ ਨਹੀਂ ਕਰ” ਸਕਦਾ। (ਮੱਤੀ 6:24) ਉਸ ਨੂੰ ਆਪਣੀ “ਅੱਖ ਨਿਰਮਲ” ਰੱਖਣ ਦੀ ਲੋੜ ਹੈ ਤਾਂਕਿ ਉਹ ਆਪਣਾ ਧਿਆਨ ਰੱਬ ਦੀਆਂ ਗੱਲਾਂ ਤੇ ਲਗਾ ਕੇ ਰੱਖ ਸਕੇ। (ਮੱਤੀ 6:22) ਆਪਣੀਆਂ ਚੀਜ਼ਾਂ ਗ਼ਰੀਬਾਂ ਲਈ ਦਾਨ ਕਰਨੀਆਂ ਇਕ ਵੱਡੀ ਕੁਰਬਾਨੀ ਹੈ। ਇਸ ਦੇ ਵੱਟੇ ਯਿਸੂ ਨੇ ਉਸ ਨੌਜਵਾਨ ਨਾਲ ਵਾਅਦਾ ਕੀਤਾ ਕਿ ਉਸ ਨੂੰ ਸਵਰਗ ਵਿਚ ਇਕ ਖ਼ਜ਼ਾਨਾ ਮਿਲੇਗਾ। ਇਸ ਦਾ ਮਤਲਬ ਹੈ ਕਿ ਉਹ ਨੌਜਵਾਨ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰ ਸਕਦਾ ਸੀ ਅਤੇ ਯਿਸੂ ਨਾਲ ਸਵਰਗ ਵਿਚ ਰਾਜ ਕਰਨ ਦੀ ਉਮੀਦ ਰੱਖ ਸਕਦਾ ਸੀ। ਪਰ ਉਹ ਨੌਜਵਾਨ ਆਪਣੇ ਆਪ ਦਾ ਇਨਕਾਰ ਕਰਨ ਲਈ ਤਿਆਰ ਨਹੀਂ ਸੀ। ‘ਉਹ ਉਦਾਸ ਹੋ ਕੇ ਚੱਲਿਆ ਗਿਆ ਕਿਉਂ ਜੋ ਉਹ ਵੱਡਾ ਮਾਲਦਾਰ ਸੀ।’ (ਮੱਤੀ 19:22) ਪਰ ਯਿਸੂ ਦੇ ਸਾਰੇ ਚੇਲੇ ਇਸ ਨੌਜਵਾਨ ਵਰਗੇ ਨਹੀਂ ਸਨ।
14. ਚਾਰ ਮਛਿਆਰਿਆਂ ਨੇ ਕੀ ਕੀਤਾ ਸੀ ਜਦ ਯਿਸੂ ਨੇ ਉਨ੍ਹਾਂ ਨੂੰ ਆਪਣੇ ਮਗਰ ਆਉਣ ਲਈ ਬੁਲਾਇਆ ਸੀ?
14 ਤਕਰੀਬਨ ਦੋ ਸਾਲ ਬਾਅਦ ਯਿਸੂ ਨੇ ਪਤਰਸ, ਅੰਦ੍ਰਿਯਾਸ, ਯਾਕੂਬ ਅਤੇ ਯੂਹੰਨਾ ਨਾਂ ਦੇ ਮਛਿਆਰਿਆਂ ਨੂੰ ਉਸ ਦੇ ਮਗਰ ਆਉਣ ਲਈ ਬੁਲਾਇਆ ਸੀ। ਉਨ੍ਹਾਂ ਵਿੱਚੋਂ ਦੋ ਉਸ ਸਮੇਂ ਮੱਛੀਆਂ ਫੜ ਰਹੇ ਸਨ ਅਤੇ ਦੂਜੇ ਦੋ ਆਪਣੇ ਜਾਲ ਸੁਧਾਰ ਰਹੇ ਸਨ। ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੇਰੇ ਮਗਰ ਆਓ ਤਾਂ ਮੈਂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ।” ਉਨ੍ਹਾਂ ਚਾਰਾਂ ਨੇ ਆਪਣਾ ਕੰਮ-ਧੰਦਾ ਛੱਡ ਕੇ ਆਪਣੀ ਬਾਕੀ ਦੀ ਜ਼ਿੰਦਗੀ ਯਿਸੂ ਦੇ ਕੰਮ ਪੂਰੇ ਕਰਨ ਵਿਚ ਲਾ ਦਿੱਤੀ।—ਮੱਤੀ 4:18-22.
15. ਯਿਸੂ ਦੇ ਮਗਰ ਜਾਣ ਲਈ ਯਹੋਵਾਹ ਦੀ ਇਕ ਗਵਾਹ ਨੇ ਕੀ-ਕੀ ਕੁਰਬਾਨ ਕੀਤਾ ਹੈ?
15 ਅੱਜ-ਕੱਲ੍ਹ ਯਿਸੂ ਦੇ ਕਈ ਚੇਲਿਆਂ ਨੇ ਉਸ ਧਨੀ ਨੌਜਵਾਨ ਦੀ ਨਕਲ ਕਰਨ ਦੀ ਬਜਾਇ ਉਨ੍ਹਾਂ ਚਾਰ ਮਛਿਆਰਿਆਂ ਦੀ ਨਕਲ ਕੀਤੀ ਹੈ। ਉਨ੍ਹਾਂ ਨੇ ਯਹੋਵਾਹ ਦੀ ਸੇਵਾ ਕਰਨ ਲਈ ਧਨ-ਦੌਲਤ ਦੇ ਨਾਲ-ਨਾਲ ਇਸ ਦੁਨੀਆਂ ਵਿਚ ਕੁਝ ਬਣਨ ਦੇ ਮੌਕੇ ਵੀ ਕੁਰਬਾਨ ਕੀਤੇ ਹਨ। ਡੈਬਰਾ ਨਾਂ ਦੀ ਇਕ ਭੈਣ ਦੱਸਦੀ ਹੈ: “ਜਦ ਮੈਂ 22 ਸਾਲਾਂ ਦੀ ਸੀ, ਤਾਂ ਮੈਨੂੰ ਜ਼ਿੰਦਗੀ ਦਾ ਇਕ ਵੱਡਾ ਫ਼ੈਸਲਾ ਕਰਨਾ ਪਿਆ ਸੀ। ਮੈਨੂੰ ਬਾਈਬਲ ਦੀ ਸਟੱਡੀ ਕਰਦੀ ਨੂੰ ਛੇ ਕੁ ਮਹੀਨੇ ਹੋਏ ਸਨ ਤੇ ਮੈਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪਣੀ ਚਾਹੁੰਦੀ ਸੀ, ਪਰ ਮੇਰੇ ਘਰ ਵਾਲੇ ਇਤਰਾਜ਼ ਕਰਦੇ ਸਨ। ਉਹ ਕਰੋੜਾਂਪਤੀ ਸਨ ਅਤੇ ਉਨ੍ਹਾਂ ਦੇ ਭਾਣੇ ਮੇਰੇ ਗਵਾਹ ਬਣਨ ਦੇ ਕਾਰਨ ਉਨ੍ਹਾਂ ਦਾ ਮੂੰਹ ਕਾਲਾ ਹੋਵੇਗਾ। ਉਨ੍ਹਾਂ ਮੈਨੂੰ 24 ਘੰਟਿਆਂ ਦੇ ਅੰਦਰ-ਅੰਦਰ ਫ਼ੈਸਲਾ ਕਰਨ ਲਈ ਕਿਹਾ—ਮੈਂ ਐਸ਼ੋ-ਆਰਾਮ ਦੀ ਜ਼ਿੰਦਗੀ ਜੀ ਸਕਦੀ ਸੀ ਜਾਂ ਭਗਤੀ ਦੀ। ਉਨ੍ਹਾਂ ਮੈਨੂੰ ਕਿਹਾ ਕਿ ਜੇ ਮੈਂ ਗਵਾਹਾਂ ਨਾਲ ਆਪਣੇ ਸਾਰੇ ਸੰਬੰਧ ਨਾ ਤੋੜੇ, ਤਾਂ ਉਹ ਮੈਨੂੰ ਘਰੋਂ ਬਾਹਰ ਕੱਢ ਦੇਣਗੇ। ਯਹੋਵਾਹ ਨੇ ਮੈਨੂੰ ਸਹੀ ਫ਼ੈਸਲੇ ਤੇ ਪਹੁੰਚਣ ਦੀ ਅਤੇ ਉਸ ਮੁਤਾਬਕ ਚੱਲਣ ਦੀ ਸ਼ਕਤੀ ਬਖ਼ਸ਼ੀ। ਮੈਂ ਪਿਛਲੇ 42 ਸਾਲਾਂ ਤੋਂ ਪੂਰਾ ਤਨ-ਮਨ ਲਾ ਕੇ ਯਹੋਵਾਹ ਦੀ ਸੇਵਾ ਕੀਤੀ ਹੈ ਅਤੇ ਮੈਨੂੰ ਕਿਸੇ ਗੱਲ ਦਾ ਪਛਤਾਵਾ ਨਹੀਂ ਹੈ। ਮੇਰੇ ਘਰਦਿਆਂ ਦੀ ਖੋਖਲੀ ਜ਼ਿੰਦਗੀ ਵਿਚ ਸੁਖ ਨਹੀਂ ਹੈ। ਉਨ੍ਹਾਂ ਦੀ ਖ਼ੁਦਗਰਜ਼ ਅਤੇ ਐਸ਼-ਪਰਸਤ ਜ਼ਿੰਦਗੀ ਤੋਂ ਮੂੰਹ ਮੋੜ ਕੇ ਮੇਰੀ ਜ਼ਿੰਦਗੀ ਮਕਸਦਹੀਣ ਨਹੀਂ ਬਣੀ। ਮੈਂ ਤੇ ਮੇਰੇ ਪਤੀ ਨੇ ਸੌ ਤੋਂ ਜ਼ਿਆਦਾ ਲੋਕਾਂ ਦੀ ਯਹੋਵਾਹ ਬਾਰੇ ਗਿਆਨ ਲੈਣ ਵਿਚ ਮਦਦ ਕੀਤੀ ਹੈ। ਇਹ ਸਾਰੇ ਮਾਨੋ ਸੱਚਾਈ ਵਿਚ ਸਾਡੇ ਬੱਚੇ ਬਣ ਗਏ ਹਨ ਅਤੇ ਸੰਸਾਰ ਦੀ ਧਨ-ਦੌਲਤ ਨਾਲੋਂ ਇਹ ਸਾਡੇ ਲਈ ਜ਼ਿਆਦਾ ਕੀਮਤੀ ਹਨ।” ਯਹੋਵਾਹ ਦੇ ਕਈ ਲੱਖ ਹੋਰ ਗਵਾਹ ਵੀ ਇਸੇ ਤਰ੍ਹਾਂ ਮਹਿਸੂਸ ਕਰਦੇ ਹਨ। ਤੁਹਾਡੇ ਬਾਰੇ ਕੀ? ਕੀ ਤੁਸੀਂ ਵੀ ਇਸੇ ਤਰ੍ਹਾਂ ਮਹਿਸੂਸ ਕਰਦੇ ਹੋ?
16. ਅਸੀਂ ਕੀ ਕਰ ਕੇ ਦਿਖਾ ਸਕਦੇ ਹਾਂ ਕਿ ਅਸੀਂ ਆਪਣੇ ਲਈ ਹੀ ਨਹੀਂ ਜੀ ਰਹੇ?
16 ਆਪਾ ਵਾਰਨ ਦੀ ਇੱਛਾ ਨਾਲ ਯਹੋਵਾਹ ਦੇ ਕਈ ਹਜ਼ਾਰ ਗਵਾਹਾਂ ਨੇ ਪਾਇਨੀਅਰੀ ਕੀਤੀ ਹੈ। ਦੂਜੇ ਜਿਨ੍ਹਾਂ ਦੇ ਹਾਲਾਤ ਉਨ੍ਹਾਂ ਨੂੰ ਪਾਇਨੀਅਰੀ ਨਹੀਂ ਕਰਨ ਦਿੰਦੇ, ਉਨ੍ਹਾਂ ਨੇ ਪਾਇਨੀਅਰੀ ਕਰਨ ਬਾਰੇ ਸੋਚਣਾ ਨਹੀਂ ਛੱਡਿਆ। ਜਿੰਨਾ ਉਨ੍ਹਾਂ ਤੋਂ ਹੋ ਸਕਦਾ ਉਹ ਉੱਨਾ ਹੀ ਪਾਇਨੀਅਰਾਂ ਵਰਗੇ ਜੋਸ਼ ਨਾਲ ਕਰਦੇ ਹਨ। ਮਾਂ-ਬਾਪ ਵੀ ਇਸੇ ਮਨੋਬਿਰਤੀ ਨਾਲ ਆਪਣੇ ਆਪ ਬਾਰੇ ਸੋਚਣ ਤੋਂ ਬਿਨਾਂ ਆਪਣੇ ਬੱਚਿਆਂ ਨੂੰ ਸੱਚਾਈ ਵਿਚ ਟ੍ਰੇਨ ਕਰਨ ਲਈ ਆਪਣਾ ਸਮਾਂ ਕੁਰਬਾਨ ਕਰਦੇ ਹਨ। ਅਸੀਂ ਸਾਰੇ ਕਿਸੇ-ਨ-ਕਿਸੇ ਤਰ੍ਹਾਂ ਦਿਖਾ ਸਕਦੇ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੀਆਂ ਗੱਲਾਂ ਨੂੰ ਪਹਿਲ ਦਿੰਦੇ ਹਾਂ।—ਮੱਤੀ 6:33.
ਕਿਸ ਦਾ ਪਿਆਰ ਸਾਨੂੰ ਮਜਬੂਰ ਕਰਦਾ ਹੈ?
17. ਕੁਰਬਾਨੀਆਂ ਦੇਣ ਲਈ ਸਾਨੂੰ ਕੀ ਮਜਬੂਰ ਕਰਦਾ ਹੈ?
17 ਕਿਸੇ ਨਾਲ ਇੰਨਾ ਪਿਆਰ ਕਰਨਾ ਕਿ ਅਸੀਂ ਉਸ ਲਈ ਮਰਨ ਲਈ ਤਿਆਰ ਹੋਈਏ, ਆਸਾਨ ਨਹੀਂ ਹੈ। ਪਰ ਜ਼ਰਾ ਸੋਚੋ ਕਿ ਅਸੀਂ ਇਸ ਤਰ੍ਹਾਂ ਕਿਉਂ ਕਰਦੇ ਹਾਂ। ਪੌਲੁਸ ਰਸੂਲ ਨੇ ਲਿਖਿਆ: “ਮਸੀਹ ਦਾ ਪ੍ਰੇਮ ਸਾਨੂੰ ਮਜਬੂਰ ਕਰ ਲੈਂਦਾ ਹੈ ਕਿਉਂ ਜੋ ਅਸੀਂ ਇਹ ਵਿਚਾਰ ਕਰਦੇ ਹਾਂ ਭਈ ਇੱਕ ਸਭਨਾਂ ਦੇ ਲਈ ਮੋਇਆ . . . ਅਤੇ ਉਹ ਸਭਨਾਂ ਦੇ ਲਈ ਮੋਇਆ ਭਈ ਜਿਹੜੇ ਜੀਉਂਦੇ ਹਨ ਓਹ ਅਗਾਹਾਂ ਨੂੰ ਆਪਣੇ ਲਈ ਨਹੀਂ ਸਗੋਂ ਉਹ ਦੇ ਲਈ ਜੀਉਣ ਜਿਹੜਾ ਉਨ੍ਹਾਂ ਦੇ ਲਈ ਮੋਇਆ ਅਤੇ ਫੇਰ ਜੀ ਉੱਠਿਆ।” (2 ਕੁਰਿੰਥੀਆਂ 5:14, 15) ਜੀ ਹਾਂ, ਯਿਸੂ ਦਾ ਪਿਆਰ ਸਾਨੂੰ ਮਜਬੂਰ ਕਰਦਾ ਹੈ ਕਿ ਅਸੀਂ ਅੱਗੇ ਤੋਂ ਆਪਣੇ ਲਈ ਨਾ ਜੀਵੀਏ। ਇਸ ਤੋਂ ਵੱਡੀ ਪ੍ਰੇਰਣਾ ਕੀ ਹੋ ਸਕਦੀ ਹੈ? ਜੇ ਯਿਸੂ ਸਾਡੇ ਲਈ ਆਪਣੀ ਜਾਨ ਦੇ ਸਕਦਾ ਸੀ, ਤਾਂ ਕੀ ਅਸੀਂ ਉਸ ਲਈ ਜੀ ਨਹੀਂ ਸਕਦੇ? ਆਖ਼ਰਕਾਰ ਅਸੀਂ ਬਪਤਿਸਮਾ ਕਿਉਂ ਲਿਆ ਸੀ? ਇਸੇ ਲਈ ਕਿਉਂਕਿ ਅਸੀਂ ਯਹੋਵਾਹ ਅਤੇ ਯਿਸੂ ਦੇ ਪਿਆਰ ਦੀ ਕਦਰ ਕਰਦੇ ਹਾਂ।—ਯੂਹੰਨਾ 3:16; 1 ਯੂਹੰਨਾ 4:10, 11.
18. ਕੀ ਆਤਮ-ਤਿਆਗੀ ਜ਼ਿੰਦਗੀ ਜੀਣ ਦਾ ਕੋਈ ਫ਼ਾਇਦਾ ਹੈ?
18 ਕੀ ਆਤਮ-ਤਿਆਗੀ ਜ਼ਿੰਦਗੀ ਜੀਣ ਦਾ ਕੋਈ ਫ਼ਾਇਦਾ ਹੈ? ਧਨੀ ਨੌਜਵਾਨ ਦੇ ਯਿਸੂ ਦਾ ਚੇਲਾ ਬਣਨ ਦਾ ਇਨਕਾਰ ਕਰਨ ਤੋਂ ਬਾਅਦ ਪਤਰਸ ਨੇ ਯਿਸੂ ਨੂੰ ਕਿਹਾ: “ਵੇਖ ਅਸੀਂ ਸੱਭੋ ਕੁਝ ਛੱਡ ਕੇ ਤੇਰੇ ਮਗਰ ਹੋ ਤੁਰੇ ਹਾਂ, ਫੇਰ ਸਾਨੂੰ ਕੀ ਲੱਭੂ?” (ਮੱਤੀ 19:27) ਇਹ ਸੱਚ ਹੈ ਕਿ ਪਤਰਸ ਅਤੇ ਬਾਕੀ ਦੇ ਰਸੂਲਾਂ ਨੇ ਆਪਣਾ ਸਭ ਕੁਝ ਤਿਆਗ ਦਿੱਤਾ ਸੀ। ਕੀ ਇਸ ਦਾ ਉਨ੍ਹਾਂ ਨੂੰ ਕੋਈ ਇਨਾਮ ਮਿਲਿਆ ਸੀ? ਪਹਿਲਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਸ ਨਾਲ ਸਵਰਗ ਵਿਚ ਰਾਜ ਕਰਨਗੇ। (ਮੱਤੀ 19:28) ਫਿਰ ਉਸ ਨੇ ਉਨ੍ਹਾਂ ਨੂੰ ਹੋਰ ਬਰਕਤਾਂ ਬਾਰੇ ਦੱਸਿਆ ਜੋ ਉਨ੍ਹਾਂ ਨੂੰ ਮਿਲ ਸਕਦੀਆਂ ਸਨ: “ਅਜੇਹਾ ਕੋਈ ਨਹੀਂ ਜਿਹ ਨੇ ਘਰ ਯਾ ਭਾਈਆਂ ਯਾ ਭੈਣਾਂ ਯਾ ਮਾਂ ਯਾ ਪਿਉ ਯਾ ਬਾਲ ਬੱਚਿਆਂ ਯਾ ਜਮੀਨਾਂ ਨੂੰ ਮੇਰੇ ਅਤੇ ਇੰਜੀਲ ਦੇ ਲਈ ਛੱਡਿਆ ਹੋਵੇ ਜਿਹੜਾ ਹੁਣ ਇਸ ਸਮੇ ਵਿੱਚ ਸੌ ਗੁਣਾ ਨਾ ਪਾਵੇ, . . . ਅਤੇ ਅਗਲੇ ਜੁਗ ਵਿੱਚ ਸਦੀਪਕ ਜੀਉਣ।” (ਮਰਕੁਸ 10:29, 30) ਸਾਡੀਆਂ ਕੁਰਬਾਨੀਆਂ ਦੇ ਵੱਟੇ ਸਾਨੂੰ ਬਹੁਤ ਕੁਝ ਮਿਲਦਾ ਹੈ। ਜੇ ਅਸੀਂ ਸੱਚਾਈ ਵਿਚ ਆਉਣ ਲਈ ਕੁਝ ਤਿਆਗਿਆ ਹੈ, ਤਾਂ ਕੀ ਸਾਨੂੰ ਕੋਈ ਘਾਟਾ ਮਹਿਸੂਸ ਹੋਇਆ ਹੈ? ਕੀ ਸਾਨੂੰ ਇਸ ਤੋਂ ਕਿਤੇ ਜ਼ਿਆਦਾ ਮਾਂ-ਬਾਪ, ਭੈਣ-ਭਾਈ ਅਤੇ ਬੱਚੇ ਨਹੀਂ ਮਿਲੇ ਹਨ? ਕਿਸ ਦੀ ਜ਼ਿੰਦਗੀ ਸੁਖ ਭਰੀ ਸੀ— ਪਤਰਸ ਦੀ ਜਾਂ ਧਨੀ ਨੌਜਵਾਨ ਦੀ?
19 ਯਿਸੂ ਨੇ ਆਪਣੀ ਕਹਿਣੀ ਤੇ ਕਰਨੀ ਦੇ ਜ਼ਰੀਏ ਦਿਖਾਇਆ ਕਿ ਖ਼ੁਸ਼ੀ ਤੇ ਸੁਖ ਖ਼ੁਦਗਰਜ਼ੀ ਨਾਲ ਨਹੀਂ, ਪਰ ਬੇਗਰਜ਼ੀ ਨਾਲ ਯਾਨੀ ਕੁਝ ਲੈਣ ਨਾਲ ਨਹੀਂ ਪਰ ਦੇਣ ਨਾਲ ਮਿਲਦਾ ਹੈ। (ਮੱਤੀ 20:28; ਰਸੂਲਾਂ ਦੇ ਕਰਤੱਬ 20:35) ਜਦੋਂ ਅਸੀਂ ਆਪਣੇ ਲਈ ਜੀਣਾ ਛੱਡ ਕੇ ਯਿਸੂ ਦੇ ਪਿੱਛੇ ਚੱਲਦੇ ਹਾਂ, ਤਾਂ ਸਾਡੀ ਜ਼ਿੰਦਗੀ ਮਕਸਦ ਭਰੀ ਬਣਦੀ ਹੈ ਅਤੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਜੀਣ ਦੀ ਆਸ ਮਿਲਦੀ ਹੈ। ਪਰ ਇਹ ਗੱਲ ਵੀ ਹੈ ਕਿ ਜਦ ਅਸੀਂ ਆਪਣੇ ਆਪ ਦਾ ਇਨਕਾਰ ਕਰਦੇ ਹਾਂ, ਤਾਂ ਅਸੀਂ ਆਪਣੇ ਨਹੀਂ ਪਰ ਯਹੋਵਾਹ ਦੇ ਬਣ ਜਾਂਦੇ ਹਾਂ। ਉਹੀ ਸਾਡਾ ਮਾਲਕ ਤੇ ਅਸੀਂ ਉਸ ਦੇ ਦਾਸ। ਕੀ ਇਸ ਗ਼ੁਲਾਮੀ ਦਾ ਕੋਈ ਫ਼ਾਇਦਾ ਹੈ? ਇਸ ਦਾ ਸਾਡੀ ਜ਼ਿੰਦਗੀ ਦੇ ਫ਼ੈਸਲਿਆਂ ਤੇ ਕੀ ਅਸਰ ਪੈਂਦਾ ਹੈ? ਅਗਲੇ ਲੇਖ ਵਿਚ ਇਨ੍ਹਾਂ ਗੱਲਾਂ ਤੇ ਚਰਚਾ ਕੀਤੀ ਜਾਵੇਗੀ।
ਕੀ ਤੁਹਾਨੂੰ ਯਾਦ ਹੈ?
• ਸਾਨੂੰ ਖ਼ੁਦਗਰਜ਼ੀ ਤੇ ਕਾਬੂ ਕਿਉਂ ਰੱਖਣਾ ਚਾਹੀਦਾ ਹੈ?
• ਆਪਣੇ ਆਪ ਦਾ ਇਨਕਾਰ ਕਰਨਾ, ਆਪਣੀ ਸਲੀਬ ਚੁੱਕਣੀ ਅਤੇ ਯਿਸੂ ਦੇ ਪਿੱਛੇ ਚੱਲਣ ਦਾ ਕੀ ਮਤਲਬ ਹੈ?
• ਕੁਰਬਾਨੀਆਂ ਦੇਣ ਲਈ ਸਾਨੂੰ ਕੀ ਮਜਬੂਰ ਕਰਦਾ ਹੈ?
• ਕੀ ਆਤਮ-ਤਿਆਗੀ ਜ਼ਿੰਦਗੀ ਜੀਣ ਦਾ ਕੋਈ ਫ਼ਾਇਦਾ ਹੈ?
19. (ੳ) ਜ਼ਿੰਦਗੀ ਵਿਚ ਅਸਲੀ ਸੁਖ ਕੀ ਕਰਨ ਤੋਂ ਮਿਲਦਾ ਹੈ? (ਅ) ਅਗਲੇ ਲੇਖ ਵਿਚ ਕਿਨ੍ਹਾਂ ਗੱਲਾਂ ਤੇ ਚਰਚਾ ਕੀਤੀ ਜਾਵੇਗੀ?
[ਸਫ਼ੇ 11 ਉੱਤੇ ਤਸਵੀਰ]
“ਪ੍ਰਭੁ ਜੀ ਪਰਮੇਸ਼ੁਰ ਏਹ ਨਾ ਕਰੇ! ਤੇਰੇ ਲਈ ਇਹ ਕਦੇ ਨਾ ਹੋਵੇਗਾ”
[ਸਫ਼ੇ 13 ਉੱਤੇ ਤਸਵੀਰ]
ਕਿਸ ਚੀਜ਼ ਨੇ ਧਨੀ ਨੌਜਵਾਨ ਨੂੰ ਯਿਸੂ ਦਾ ਚੇਲਾ ਬਣਨ ਤੋਂ ਰੋਕਿਆ ਸੀ?
[ਸਫ਼ੇ 15 ਉੱਤੇ ਤਸਵੀਰ]
ਪਿਆਰ ਯਹੋਵਾਹ ਦੇ ਗਵਾਹਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਲਈ ਮਜਬੂਰ ਕਰਦਾ ਹੈ