ਅਧਿਆਇ 49
ਗਲੀਲ ਦਾ ਇਕ ਹੋਰ ਪ੍ਰਚਾਰ ਸਫਰ
ਲਗਭਗ ਦੋ ਵਰ੍ਹਿਆਂ ਤਕ ਤੀਬਰਤਾ ਨਾਲ ਪ੍ਰਚਾਰ ਕਰਨ ਤੋਂ ਬਾਅਦ, ਕੀ ਯਿਸੂ ਹੁਣ ਇਸ ਨੂੰ ਘੱਟ ਕਰ ਕੇ ਆਰਾਮ ਕਰਨਾ ਸ਼ੁਰੂ ਕਰੇਗਾ? ਇਸ ਦੇ ਉਲਟ, ਉਹ ਆਪਣੇ ਪ੍ਰਚਾਰ ਕਾਰਜਾਂ ਨੂੰ ਇਕ ਹੋਰ ਸਫਰ, ਅਰਥਾਤ ਗਲੀਲ ਦਾ ਤੀਜਾ ਸਫਰ, ਸ਼ੁਰੂ ਕਰ ਕੇ ਹੋਰ ਵਧਾਉਂਦਾ ਹੈ। ਉਹ ਯਹੂਦੀ ਸਭਾ-ਘਰਾਂ ਵਿਚ ਸਿਖਾਉਂਦੇ ਹੋਏ ਅਤੇ ਰਾਜ ਦੀ ਖ਼ੁਸ਼ ਖ਼ਬਰੀ ਪ੍ਰਚਾਰ ਕਰਦੇ ਹੋਏ ਖੇਤਰ ਦੇ ਸਾਰੇ ਨਗਰਾਂ ਅਤੇ ਪਿੰਡਾਂ ਵਿਚ ਯਾਤਰਾ ਕਰਦਾ ਹੈ। ਇਸ ਸਫਰ ਤੇ ਉਹ ਜੋ ਦੇਖਦਾ ਹੈ ਉਸ ਤੋਂ ਉਹ ਕਾਇਲ ਹੋ ਜਾਂਦਾ ਹੈ ਕਿ ਪ੍ਰਚਾਰ ਕੰਮ ਨੂੰ ਪਹਿਲਾਂ ਨਾਲੋਂ ਹੋਰ ਜ਼ਿਆਦਾ ਤੀਬਰਤਾ ਨਾਲ ਕਰਨ ਦੀ ਲੋੜ ਹੈ।
ਯਿਸੂ ਜਿੱਥੇ ਵੀ ਜਾਂਦਾ ਹੈ, ਉੱਥੇ ਉਹ ਦੇਖਦਾ ਹੈ ਕਿ ਭੀੜ ਨੂੰ ਅਧਿਆਤਮਿਕ ਚੰਗਾਈ ਅਤੇ ਹੌਸਲੇ ਦੀ ਜਰੂਰਤ ਹੈ। ਉਹ ਬਿਨਾਂ ਇਕ ਅਯਾਲੀ ਦੀਆਂ ਭੇਡਾਂ ਵਰਗੇ, ਮਾੜੇ ਹਾਲ ਵਿਚ ਅਤੇ ਡਾਵਾਂ ਡੋਲ ਫਿਰਦੇ ਹਨ, ਅਤੇ ਉਹ ਉਨ੍ਹਾਂ ਲਈ ਤਰਸ ਖਾਂਦਾ ਹੈ। ਉਹ ਆਪਣੇ ਚੇਲਿਆਂ ਨੂੰ ਦੱਸਦਾ ਹੈ: “ਖੇਤੀ ਪੱਕੀ ਹੋਈ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ। ਇਸ ਲਈ ਤੁਸੀਂ ਖੇਤੀ ਦੇ ਮਾਲਕ ਦੇ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਖੇਤੀ ਵੱਢਣ ਨੂੰ ਵਾਢੇ ਘੱਲ ਦੇਵੇ।”
ਯਿਸੂ ਦੇ ਕੋਲ ਕੰਮ ਕਰਨ ਦੀ ਇਕ ਯੋਜਨਾ ਹੈ। ਉਹ 12 ਰਸੂਲਾਂ ਨੂੰ ਬੁਲਾਉਂਦਾ ਹੈ, ਜਿਨ੍ਹਾਂ ਨੂੰ ਉਸ ਨੇ ਲਗਭਗ ਇਕ ਵਰ੍ਹੇ ਪਹਿਲਾਂ ਚੁਣਿਆ ਸੀ। ਉਹ ਉਨ੍ਹਾਂ ਨੂੰ ਪ੍ਰਚਾਰਕਾਂ ਦੀਆਂ ਛੇ ਟੋਲੀਆਂ ਬਣਾਉਂਦੇ ਹੋਏ, ਜੋੜਿਆਂ ਵਿਚ ਵੰਡ ਦਿੰਦਾ ਹੈ, ਅਤੇ ਉਨ੍ਹਾਂ ਨੂੰ ਹਿਦਾਇਤਾਂ ਦਿੰਦਾ ਹੈ। ਉਹ ਸਮਝਾਉਂਦਾ ਹੈ: “ਤੁਸੀਂ ਪਰਾਈਆਂ ਕੌਮਾਂ ਦੇ ਰਾਹ ਨਾ ਜਾਣਾ ਅਤੇ ਸਾਮਰੀਆਂ ਦੇ ਕਿਸੇ ਨਗਰ ਵਿੱਚ ਨਾ ਵੜਨਾ। ਸਗੋਂ ਇਸਰਾਏਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਜਾਓ। ਅਤੇ ਤੁਰਦੇ ਤੁਰਦੇ ਪਰਚਾਰ ਕਰ ਕੇ ਆਖੋ ਭਈ ਸੁਰਗ ਦਾ ਰਾਜ ਨੇੜੇ ਆਇਆ ਹੈ।”
ਇਹ ਰਾਜ ਜਿਸ ਦੇ ਬਾਰੇ ਉਨ੍ਹਾਂ ਨੇ ਪ੍ਰਚਾਰ ਕਰਨਾ ਹੈ, ਉਹੀ ਰਾਜ ਹੈ ਜਿਸ ਲਈ ਆਦਰਸ਼ ਪ੍ਰਾਰਥਨਾ ਵਿਚ ਯਿਸੂ ਨੇ ਉਨ੍ਹਾਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ। ਰਾਜ ਇਸ ਅਰਥ ਵਿਚ ਨੇੜੇ ਆ ਗਿਆ ਹੈ ਕਿ ਪਰਮੇਸ਼ੁਰ ਦਾ ਮਨੋਨੀਤ ਰਾਜਾ, ਯਿਸੂ ਮਸੀਹ, ਹਾਜ਼ਰ ਹੈ। ਉਸ ਅਲੌਕਿਕ ਸਰਕਾਰ ਦੇ ਪ੍ਰਤਿਨਿਧਾਂ ਦੇ ਤੌਰ ਤੇ ਆਪਣੇ ਚੇਲਿਆਂ ਦੀ ਸਨਦ ਸਥਾਪਿਤ ਕਰਨ ਲਈ ਯਿਸੂ ਉਨ੍ਹਾਂ ਨੂੰ ਬੀਮਾਰਾਂ ਨੂੰ ਚੰਗੇ ਕਰਨ ਅਤੇ ਇੱਥੋਂ ਤਕ ਕਿ ਮੁਰਦਿਆਂ ਨੂੰ ਜੀ ਉਠਾਉਣ ਦੀ ਵੀ ਸ਼ਕਤੀ ਦਿੰਦਾ ਹੈ। ਉਹ ਉਨ੍ਹਾਂ ਨੂੰ ਇਨ੍ਹਾਂ ਸੇਵਾਵਾਂ ਨੂੰ ਮੁਫ਼ਤ ਵਿਚ ਕਰਨ ਦੀ ਹਿਦਾਇਤ ਦਿੰਦਾ ਹੈ।
ਫਿਰ ਉਹ ਆਪਣੇ ਚੇਲਿਆਂ ਨੂੰ ਦੱਸਦਾ ਹੈ ਕਿ ਆਪਣੇ ਪ੍ਰਚਾਰ ਸਫਰ ਲਈ ਭੌਤਿਕ ਤਿਆਰੀਆਂ ਨਾ ਕਰਨ। “ਨਾ ਸੋਨਾ, ਨਾ ਚਾਂਦੀ, ਨਾ ਤਾਂਬਾ ਆਪਣੇ ਕਮਰ ਕੱਸੇ ਵਿੱਚ ਲਓ। ਅਤੇ ਨਾ ਰਾਹ ਦੇ ਲਈ ਝੋਲਾ ਨਾ ਦੋ ਕੁੜਤੇ ਨਾ ਜੁੱਤੀ ਅਤੇ ਨਾ ਲਾਠੀ ਲਓ ਕਿਉਂ ਜੋ ਕਾਮਾ ਆਪਣੇ ਭੋਜਨ ਦਾ ਹੱਕਦਾਰ ਹੈ।” ਜੋ ਲੋਕ ਸੰਦੇਸ਼ ਦੀ ਕਦਰ ਪਾਉਣਗੇ ਉਹ ਪ੍ਰਤਿਕ੍ਰਿਆ ਦਿਖਾਉਣਗੇ ਅਤੇ ਭੋਜਨ ਅਤੇ ਰਿਹਾਇਸ਼ ਲਈ ਸਹਿਯੋਗ ਦੇਣਗੇ। ਜਿਵੇਂ ਯਿਸੂ ਕਹਿੰਦਾ ਹੈ: “ਜਿਸ ਨਗਰ ਯਾ ਪਿੰਡ ਵਿੱਚ ਵੜੋ ਪੁੱਛੋ ਭਈ ਇੱਥੇ ਲਾਇਕ ਕੌਣ ਹੈ ਅਤੇ ਜਿੰਨਾ ਚਿਰ ਨਾ ਤੁਰੋ ਉੱਥੇ ਹੀ ਟਿਕੋ।”
ਯਿਸੂ ਫਿਰ ਹਿਦਾਇਤ ਦਿੰਦਾ ਹੈ ਕਿ ਕਿਸ ਤਰ੍ਹਾਂ ਰਾਜ ਸੰਦੇਸ਼ ਲੈ ਕੇ ਘਰ-ਸੁਆਮੀਆਂ ਕੋਲ ਜਾਣਾ ਹੈ। “ਘਰ ਵਿੱਚ ਵੜਦਿਆਂ,” ਉਹ ਹਿਦਾਇਤ ਦਿੰਦਾ ਹੈ, “ਉਹ ਦੀ ਸੁਖ ਮੰਗੋ। ਅਤੇ ਜੇ ਘਰ ਲਾਇਕ ਹੋਵੇ ਤਾਂ ਤੁਹਾਡੀ ਸ਼ਾਂਤੀ ਉਹ ਨੂੰ ਪਹੁੰਚੇ ਪਰ ਜੇ ਲਾਇਕ ਨਾ ਹੋਵੇ ਤਾਂ ਤੁਹਾਡੀ ਸ਼ਾਂਤੀ ਤੁਹਾਨੂੰ ਮੁੜ ਆਵੇ। ਅਤੇ ਜੋ ਕੋਈ ਤੁਹਾਨੂੰ ਕਬੂਲ ਨਾ ਕਰੇ, ਨਾ ਤੁਹਾਡੀਆਂ ਗੱਲਾਂ ਸੁਣੇ ਤਾਂ ਤੁਸੀਂ ਉਸ ਘਰ ਅਥਵਾ ਨਗਰ ਤੋਂ ਬਾਹਰ ਨਿੱਕਲ ਕੇ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ।”
ਯਿਸੂ ਪ੍ਰਗਟ ਕਰਦਾ ਹੈ ਕਿ ਜਿਹੜਾ ਨਗਰ ਉਨ੍ਹਾਂ ਦੇ ਸੰਦੇਸ਼ ਨੂੰ ਰੱਦ ਕਰਦਾ ਹੈ, ਉਸ ਉੱਤੇ ਨਿਆਉਂ ਦੀ ਸਜ਼ਾ ਸੱਚ-ਮੁੱਚ ਹੀ ਗੰਭੀਰ ਹੋਵੇਗੀ। ਉਹ ਸਮਝਾਉਂਦਾ ਹੈ: “ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਨਿਆਉਂ ਦੇ ਦਿਨ ਉਸ ਨਗਰ ਨਾਲੋਂ ਸਦੂਮ ਅਤੇ ਅਮੂਰਾਹ ਦੇ ਦੇਸ ਦਾ ਹਾਲ ਝੱਲਣ ਜੋਗ ਹੋਵੇਗਾ।” ਮੱਤੀ 9:35–10:15; ਮਰਕੁਸ 6:6-12; ਲੂਕਾ 9:1-5.
▪ ਯਿਸੂ ਗਲੀਲ ਦਾ ਤੀਜਾ ਪ੍ਰਚਾਰ ਸਫਰ ਕਦੋਂ ਸ਼ੁਰੂ ਕਰਦਾ ਹੈ, ਅਤੇ ਇਹ ਉਸ ਨੂੰ ਕਿਸ ਗੱਲ ਲਈ ਕਾਇਲ ਕਰਦਾ ਹੈ?
▪ ਆਪਣੇ 12 ਰਸੂਲਾਂ ਨੂੰ ਪ੍ਰਚਾਰ ਲਈ ਬਾਹਰ ਭੇਜਦੇ ਸਮੇਂ ਉਹ ਉਨ੍ਹਾਂ ਨੂੰ ਕਿਹੜੀਆਂ ਹਿਦਾਇਤਾਂ ਦਿੰਦਾ ਹੈ?
▪ ਚੇਲਿਆਂ ਲਈ ਇਹ ਸਿੱਖਿਆ ਦੇਣਾ ਕਿਉਂ ਉਚਿਤ ਹੈ ਕਿ ਰਾਜ ਨੇੜੇ ਆਇਆ ਹੈ?