ਜੋ ‘ਪਰਮੇਸ਼ੁਰ ਨੇ ਬੰਨ੍ਹਿਆ ਹੈ,’ ਉਸ ਦਾ ਆਦਰ ਕਰੋ
“ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਸ ਬੰਧਨ ਵਿਚ ਬੰਨ੍ਹਿਆ ਹੈ, ਕੋਈ ਵੀ ਇਨਸਾਨ ਉਨ੍ਹਾਂ ਨੂੰ ਅੱਡ ਨਾ ਕਰੇ।”—ਮਰ. 10:9.
1, 2. ਇਬਰਾਨੀਆਂ 13:4 ਤੋਂ ਸਾਨੂੰ ਕੀ ਕਰਨ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ?
ਅਸੀਂ ਸਾਰੇ ਜਣੇ ਯਹੋਵਾਹ ਦਾ ਆਦਰ ਕਰਨਾ ਚਾਹੁੰਦੇ ਹਾਂ। ਉਹ ਸਾਡੇ ਆਦਰ ਦਾ ਹੱਕਦਾਰ ਹੈ ਅਤੇ ਉਹ ਬਦਲੇ ਵਿਚ ਸਾਨੂੰ ਆਦਰ ਦੇਣ ਦਾ ਵਾਅਦਾ ਕਰਦਾ ਹੈ। (1 ਸਮੂ. 2:30; ਕਹਾ. 3:9; ਪ੍ਰਕਾ. 4:11) ਨਾਲੇ ਉਹ ਚਾਹੁੰਦਾ ਹੈ ਕਿ ਅਸੀਂ ਹੋਰ ਲੋਕਾਂ ਦਾ ਵੀ ਆਦਰ ਕਰੀਏ, ਜਿਵੇਂ ਸਰਕਾਰੀ ਅਧਿਕਾਰੀਆਂ ਦਾ। (ਰੋਮੀ. 12:10; 13:7) ਪਰ ਸਾਨੂੰ ਇਕ ਹੋਰ ਮਾਮਲੇ ਵਿਚ ਖ਼ਾਸ ਤੌਰ ਤੇ ਆਦਰ ਦੇਣ ਦੀ ਲੋੜ ਹੈ। ਉਹ ਹੈ, ਵਿਆਹੁਤਾ ਰਿਸ਼ਤਾ।
2 ਪੌਲੁਸ ਰਸੂਲ ਨੇ ਲਿਖਿਆ: “ਸਾਰੇ ਜਣੇ ਵਿਆਹ ਨੂੰ ਆਦਰਯੋਗ ਸਮਝਣ ਅਤੇ ਵਿਆਹ ਦਾ ਵਿਛਾਉਣਾ ਬੇਦਾਗ਼ ਰਹੇ।” (ਇਬ. 13:4) ਪੌਲੁਸ ਵਿਆਹ ਬਾਰੇ ਸਾਧਾਰਣ ਤੌਰ ਤੇ ਗੱਲ ਨਹੀਂ ਕਰ ਰਿਹਾ ਸੀ, ਸਗੋਂ ਉਹ ਮਸੀਹੀਆਂ ਨੂੰ ਕਹਿ ਰਿਹਾ ਸੀ ਕਿ ਉਹ ਵਿਆਹੁਤਾ ਰਿਸ਼ਤੇ ਦਾ ਆਦਰ ਕਰਨ ਯਾਨੀ ਇਸ ਨੂੰ ਅਨਮੋਲ ਸਮਝਣ। ਕੀ ਤੁਸੀਂ ਵਿਆਹੁਤਾ ਰਿਸ਼ਤੇ ਪ੍ਰਤੀ ਇਹੋ ਜਿਹਾ ਨਜ਼ਰੀਆ ਰੱਖਦੇ ਹੋ, ਖ਼ਾਸ ਕਰਕੇ ਜੇ ਤੁਸੀਂ ਵਿਆਹੇ ਹੋਏ ਹੋ?
3. ਯਿਸੂ ਨੇ ਵਿਆਹ ਸੰਬੰਧੀ ਕਿਹੜੀ ਅਹਿਮ ਸਲਾਹ ਦਿੱਤੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
3 ਜੇ ਤੁਸੀਂ ਵਿਆਹੁਤਾ ਰਿਸ਼ਤੇ ਨੂੰ ਅਨਮੋਲ ਸਮਝਦੇ ਹੋ, ਤਾਂ ਤੁਸੀਂ ਬਹੁਤ ਵਧੀਆ ਮਿਸਾਲ ʼਤੇ ਚੱਲ ਰਹੇ ਹੋ। ਯਿਸੂ ਖ਼ੁਦ ਇਸ ਰਿਸ਼ਤੇ ਦਾ ਆਦਰ ਕਰਦਾ ਸੀ। ਜਦੋਂ ਫ਼ਰੀਸੀਆਂ ਨੇ ਉਸ ਤੋਂ ਤਲਾਕ ਬਾਰੇ ਪੁੱਛਿਆ, ਤਾਂ ਯਿਸੂ ਨੇ ਉਸ ਗੱਲ ਦਾ ਜ਼ਿਕਰ ਕੀਤਾ ਜੋ ਪਰਮੇਸ਼ੁਰ ਨੇ ਪਹਿਲੇ ਵਿਆਹ ਬਾਰੇ ਕਹੀ ਸੀ: “ਇਸ ਕਰਕੇ, ਆਦਮੀ ਆਪਣੇ ਮਾਂ-ਬਾਪ ਨੂੰ ਛੱਡੇਗਾ ਅਤੇ ਪਤੀ-ਪਤਨੀ ਇਕ ਸਰੀਰ ਹੋਣਗੇ।” ਯਿਸੂ ਨੇ ਅੱਗੇ ਕਿਹਾ: “ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਸ ਬੰਧਨ ਵਿਚ ਬੰਨ੍ਹਿਆ ਹੈ, ਕੋਈ ਵੀ ਇਨਸਾਨ ਉਨ੍ਹਾਂ ਨੂੰ ਅੱਡ ਨਾ ਕਰੇ।”—ਮਰਕੁਸ 10:2-12 ਪੜ੍ਹੋ; ਉਤ. 2:24.
4. ਵਿਆਹ ਸੰਬੰਧੀ ਯਹੋਵਾਹ ਦਾ ਕੀ ਮਕਸਦ ਸੀ?
4 ਯਿਸੂ ਇਸ ਗੱਲ ਨਾਲ ਸਹਿਮਤ ਸੀ ਕਿ ਪਰਮੇਸ਼ੁਰ ਨੇ ਹੀ ਵਿਆਹ ਦੀ ਸ਼ੁਰੂਆਤ ਕੀਤੀ ਸੀ ਅਤੇ ਇਹ ਰਿਸ਼ਤਾ ਹਮੇਸ਼ਾ ਦਾ ਹੋਣਾ ਚਾਹੀਦਾ ਹੈ। ਪਰਮੇਸ਼ੁਰ ਨੇ ਆਦਮ ਤੇ ਹੱਵਾਹ ਨੂੰ ਇਹ ਨਹੀਂ ਕਿਹਾ ਸੀ ਕਿ ਉਹ ਤਲਾਕ ਲੈ ਸਕਦੇ ਸਨ। ਇਸ ਦੀ ਬਜਾਇ, ਉਸ ਦਾ ਮਕਸਦ ਸੀ ਕਿ “ਪਤੀ-ਪਤਨੀ” ਵਿਆਹ ਦੇ ਬੰਧਨ ਵਿਚ ਹਮੇਸ਼ਾ ਲਈ ਬੱਝੇ ਰਹਿਣ।
ਵਿਆਹੁਤਾ ਰਿਸ਼ਤੇ ਵਿਚ ਥੋੜ੍ਹੇ ਸਮੇਂ ਲਈ ਆਈਆਂ ਤਬਦੀਲੀਆਂ
5. ਮੌਤ ਦਾ ਵਿਆਹੁਤਾ ਰਿਸ਼ਤੇ ʼਤੇ ਕੀ ਅਸਰ ਪਿਆ?
5 ਪਰ ਤੁਸੀਂ ਜਾਣਦੇ ਹੋ ਕਿ ਆਦਮ ਦੇ ਪਾਪ ਕਰਨ ਤੋਂ ਬਾਅਦ ਬਹੁਤ ਕੁਝ ਬਦਲ ਗਿਆ। ਇਕ ਬਦਲਾਅ ਇਹ ਸੀ ਕਿ ਇਨਸਾਨ ਮਰਨ ਲੱਗ ਪਏ ਜਿਸ ਦਾ ਅਸਰ ਵਿਆਹੁਤਾ ਰਿਸ਼ਤੇ ʼਤੇ ਪਿਆ। ਪੌਲੁਸ ਰਸੂਲ ਨੇ ਮਸੀਹੀਆਂ ਨੂੰ ਸਮਝਾਇਆ ਕਿ ਮੌਤ ਨਾਲ ਵਿਆਹੁਤਾ ਰਿਸ਼ਤਾ ਖ਼ਤਮ ਹੋ ਜਾਂਦਾ ਹੈ ਅਤੇ ਜਿਹੜਾ ਸਾਥੀ ਜੀਉਂਦਾ ਹੈ, ਉਹ ਦੁਬਾਰਾ ਤੋਂ ਵਿਆਹ ਕਰਵਾ ਸਕਦਾ ਹੈ।—ਰੋਮੀ. 7:1-3.
6. ਮੂਸਾ ਦੇ ਕਾਨੂੰਨ ਤੋਂ ਸਾਨੂੰ ਵਿਆਹੁਤਾ ਰਿਸ਼ਤੇ ਪ੍ਰਤੀ ਪਰਮੇਸ਼ੁਰ ਦੇ ਨਜ਼ਰੀਏ ਬਾਰੇ ਕੀ ਪਤਾ ਲੱਗਦਾ ਹੈ?
6 ਇਜ਼ਰਾਈਲੀਆਂ ਨੂੰ ਦਿੱਤੇ ਪਰਮੇਸ਼ੁਰ ਦੇ ਕਾਨੂੰਨ ਵਿਚ ਵਿਆਹ ਬਾਰੇ ਬਹੁਤ ਕੁਝ ਦੱਸਿਆ ਸੀ। ਮਿਸਾਲ ਲਈ, ਇਕ ਇਜ਼ਰਾਈਲੀ ਇਕ ਤੋਂ ਜ਼ਿਆਦਾ ਵਿਆਹ ਕਰਵਾ ਸਕਦਾ ਸੀ। ਲੋਕ ਪਰਮੇਸ਼ੁਰ ਵੱਲੋਂ ਦਿੱਤੇ ਕਾਨੂੰਨ ਤੋਂ ਪਹਿਲਾਂ ਵੀ ਇਕ ਤੋਂ ਜ਼ਿਆਦਾ ਵਿਆਹ ਕਰਵਾਉਂਦੇ ਸਨ। ਪਰ ਕਾਨੂੰਨ ਨੇ ਔਰਤਾਂ ਤੇ ਬੱਚਿਆਂ ਨਾਲ ਬੁਰਾ ਸਲੂਕ ਹੋਣ ਤੋਂ ਬਚਾਇਆ। ਮਿਸਾਲ ਲਈ, ਜੇ ਇਕ ਇਜ਼ਰਾਈਲੀ ਆਦਮੀ ਇਕ ਨੌਕਰਾਣੀ ਨਾਲ ਵਿਆਹ ਕਰਾਉਂਦਾ ਸੀ ਅਤੇ ਬਾਅਦ ਵਿਚ ਦੂਜਾ ਵਿਆਹ ਕਰਾਉਂਦਾ ਸੀ, ਤਾਂ ਉਸ ਨੂੰ ਪਹਿਲਾਂ ਵਾਂਗ ਹੀ ਆਪਣੀ ਪਹਿਲੀ ਪਤਨੀ ਦੀਆਂ ਲੋੜਾਂ ਪੂਰੀਆਂ ਕਰਨੀਆਂ ਪੈਂਦੀਆਂ ਸਨ। ਪਰਮੇਸ਼ੁਰ ਚਾਹੁੰਦਾ ਸੀ ਕਿ ਉਹ ਲਗਾਤਾਰ ਆਪਣੀ ਪਹਿਲੀ ਪਤਨੀ ਦਾ ਖ਼ਿਆਲ ਰੱਖੇ ਤੇ ਉਸ ਦੀ ਰਾਖੀ ਕਰੇ। (ਕੂਚ 21:9, 10) ਚਾਹੇ ਅੱਜ ਅਸੀਂ ਮੂਸਾ ਦੇ ਕਾਨੂੰਨ ਦੇ ਅਧੀਨ ਨਹੀਂ ਹਾਂ, ਪਰ ਫਿਰ ਵੀ ਸਾਨੂੰ ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਵਿਆਹੁਤਾ ਰਿਸ਼ਤੇ ਨੂੰ ਅਨਮੋਲ ਸਮਝਦਾ ਹੈ। ਇਹ ਵਾਕਈ ਵਿਆਹੁਤਾ ਰਿਸ਼ਤੇ ਨੂੰ ਆਦਰ ਦੇਣ ਵਿਚ ਸਾਡੀ ਮਦਦ ਕਰਦਾ ਹੈ।
7, 8. (ੳ) ਬਿਵਸਥਾ ਸਾਰ 24:1 ਮੁਤਾਬਕ ਮੂਸਾ ਦੇ ਕਾਨੂੰਨ ਵਿਚ ਤਲਾਕ ਬਾਰੇ ਕੀ ਦੱਸਿਆ ਗਿਆ ਸੀ? (ਅ) ਤਲਾਕ ਬਾਰੇ ਯਹੋਵਾਹ ਦਾ ਕੀ ਨਜ਼ਰੀਆ ਹੈ?
7 ਮੂਸਾ ਦੇ ਕਾਨੂੰਨ ਵਿਚ ਤਲਾਕ ਬਾਰੇ ਕੀ ਦੱਸਿਆ ਗਿਆ ਸੀ? ਭਾਵੇਂ ਯਹੋਵਾਹ ਨੇ ਕਦੇ ਨਹੀਂ ਚਾਹਿਆ ਸੀ ਕਿ ਪਤੀ-ਪਤਨੀ ਤਲਾਕ ਲੈਣ, ਪਰ ਕਾਨੂੰਨ ਵਿਚ ਤਲਾਕ ਲੈਣ ਦੀ ਇਜਾਜ਼ਤ ਦਿੱਤੀ ਗਈ ਸੀ। (ਬਿਵਸਥਾ ਸਾਰ 24:1 ਪੜ੍ਹੋ।) ਇਕ ਪਤੀ ਆਪਣੀ ਪਤਨੀ ਤੋਂ ਤਲਾਕ ਲੈ ਸਕਦਾ ਸੀ ਜੇ ਉਹ ਆਪਣੀ ਪਤਨੀ ਵਿਚ “ਕੋਈ ਬੇਸ਼ਰਮੀ ਦੀ ਗੱਲ” ਦੇਖਦਾ ਸੀ। ਕਾਨੂੰਨ ਵਿਚ ਇਹ ਨਹੀਂ ਦੱਸਿਆ ਗਿਆ ਕਿ “ਬੇਸ਼ਰਮੀ” ਦਾ ਕੀ ਮਤਲਬ ਸੀ। ਪਰ ਇਸ ਦਾ ਮਤਲਬ ਜ਼ਰੂਰ ਸ਼ਰਮਨਾਕ ਜਾਂ ਕੋਈ ਗੰਭੀਰ ਗ਼ਲਤੀ ਹੋਣੀ, ਨਾ ਕਿ ਕੋਈ ਛੋਟੀ-ਮੋਟੀ ਗੱਲ। (ਬਿਵ. 23:14) ਅਫ਼ਸੋਸ ਦੀ ਗੱਲ ਹੈ ਕਿ ਯਿਸੂ ਦੇ ਦਿਨਾਂ ਵਿਚ ਬਹੁਤ ਸਾਰੇ ਯਹੂਦੀ ਆਪਣੀਆਂ ਪਤਨੀਆਂ ਨੂੰ “ਕਿਸੇ ਵੀ ਗੱਲ ʼਤੇ ਤਲਾਕ” ਦੇ ਰਹੇ ਸਨ। (ਮੱਤੀ 19:3) ਅਸੀਂ ਆਪਣੇ ਵਿਚ ਇਸ ਤਰ੍ਹਾਂ ਦਾ ਰਵੱਈਆ ਪੈਦਾ ਨਹੀਂ ਕਰਨਾ ਚਾਹੁੰਦੇ।
8 ਮਲਾਕੀ ਨਬੀ ਦੇ ਦਿਨਾਂ ਵਿਚ ਆਦਮੀਆਂ ਲਈ ਆਪਣੀ ਪਤਨੀਆਂ ਨੂੰ ਤਲਾਕ ਦੇਣਾ ਆਮ ਗੱਲ ਸੀ। ਸ਼ਾਇਦ ਉਹ ਤਲਾਕ ਇਸ ਲਈ ਦਿੰਦੇ ਸਨ ਤਾਂਕਿ ਉਹ ਨੌਜਵਾਨ ਤੀਵੀਆਂ ਨਾਲ ਵਿਆਹ ਕਰਵਾ ਸਕਣ ਜੋ ਯਹੋਵਾਹ ਦੀ ਭਗਤੀ ਨਹੀਂ ਕਰਦੀਆਂ ਸਨ। ਪਰ ਪਰਮੇਸ਼ੁਰ ਨੇ ਤਲਾਕ ਬਾਰੇ ਆਪਣਾ ਨਜ਼ਰੀਆ ਬਿਲਕੁਲ ਸਾਫ਼-ਸਾਫ਼ ਦੱਸਿਆ ਸੀ। ਉਸ ਨੇ ਕਿਹਾ: “ਮੈਨੂੰ ਤਿਆਗ ਪੱਤ੍ਰ ਤੋਂ ਘਿਣ ਆਉਂਦੀ ਹੈ।” (ਮਲਾ. 2:14-16) ਇਹ ਉਸ ਗੱਲ ਨਾਲ ਮੇਲ ਖਾਂਦੀ ਹੈ ਜੋ ਪਰਮੇਸ਼ੁਰ ਦੇ ਬਚਨ ਵਿਚ ਪਹਿਲੇ ਵਿਆਹ ਬਾਰੇ ਕਹੀ ਸੀ: “ਮਰਦ ਆਪਣੇ ਮਾਪੇ ਛੱਡਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ।” (ਉਤ. 2:24) ਨਾਲੇ ਯਿਸੂ ਵੀ ਆਪਣੇ ਪਿਤਾ ਦੇ ਨਜ਼ਰੀਏ ਨਾਲ ਸਹਿਮਤ ਸੀ। ਉਸ ਨੇ ਕਿਹਾ: “ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਸ ਬੰਧਨ ਵਿਚ ਬੰਨ੍ਹਿਆ ਹੈ, ਕੋਈ ਵੀ ਇਨਸਾਨ ਉਨ੍ਹਾਂ ਨੂੰ ਅੱਡ ਨਾ ਕਰੇ।”—ਮੱਤੀ 19:6.
ਤਲਾਕ ਲੈਣ ਦਾ ਇੱਕੋ-ਇਕ ਕਾਰਨ
9. ਮਰਕੁਸ 10:11, 12 ਵਿਚ ਯਿਸੂ ਦੇ ਸ਼ਬਦਾਂ ਦਾ ਕੀ ਮਤਲਬ ਹੈ?
9 ਕੁਝ ਸ਼ਾਇਦ ਕਹਿਣ, ‘ਕੀ ਇਕ ਮਸੀਹੀ ਕੋਲ ਤਲਾਕ ਲੈਣ ਤੇ ਦੁਬਾਰਾ ਵਿਆਹ ਕਰਾਉਣ ਦਾ ਕੋਈ ਕਾਰਨ ਹੈ?’ ਜ਼ਰਾ ਗੌਰ ਕਰੋ ਕਿ ਯਿਸੂ ਨੇ ਕੀ ਕਿਹਾ: “ਜਿਹੜਾ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਅਤੇ ਦੂਸਰੀ ਨਾਲ ਵਿਆਹ ਕਰਾਉਂਦਾ ਹੈ, ਉਹ ਹਰਾਮਕਾਰੀ ਕਰਦਾ ਹੈ ਅਤੇ ਆਪਣੀ ਪਹਿਲੀ ਪਤਨੀ ਦੇ ਹੱਕ ਨੂੰ ਮਾਰਦਾ ਹੈ, ਜੇ ਕੋਈ ਤੀਵੀਂ ਆਪਣੇ ਪਤੀ ਨੂੰ ਤਲਾਕ ਦੇ ਕੇ ਦੂਸਰੇ ਨਾਲ ਵਿਆਹ ਕਰਾਉਂਦੀ ਹੈ, ਉਹ ਹਰਾਮਕਾਰੀ ਕਰਦੀ ਹੈ।” (ਮਰ. 10:11, 12; ਲੂਕਾ 16:18) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਵਿਆਹੁਤਾ ਰਿਸ਼ਤੇ ਦਾ ਆਦਰ ਕਰਦਾ ਸੀ ਅਤੇ ਚਾਹੁੰਦਾ ਸੀ ਕਿ ਦੂਸਰੇ ਲੋਕ ਵੀ ਇੱਦਾਂ ਹੀ ਕਰਨ। ਜੇ ਇਕ ਆਦਮੀ ਆਪਣੀ ਵਫ਼ਾਦਾਰ ਪਤਨੀ ਨੂੰ ਤਲਾਕ ਦਿੰਦਾ ਹੈ ਤੇ ਹੋਰ ਵਿਆਹ ਕਰਾਉਂਦਾ ਹੈ, ਤਾਂ ਉਹ ਹਰਾਮਕਾਰੀ ਕਰਦਾ ਹੈ। ਇਹੀ ਗੱਲ ਔਰਤ ਬਾਰੇ ਵੀ ਸੱਚ ਹੈ ਜੇ ਉਹ ਆਪਣੇ ਵਫ਼ਾਦਾਰ ਪਤੀ ਨੂੰ ਤਲਾਕ ਦਿੰਦੀ ਹੈ। ਇਹ ਸੱਚ ਹੈ ਕਿਉਂਕਿ ਤਲਾਕ ਨਾਲ ਵਿਆਹੁਤਾ ਰਿਸ਼ਤਾ ਖ਼ਤਮ ਨਹੀਂ ਹੁੰਦਾ। ਪਰਮੇਸ਼ੁਰ ਅਜੇ ਵੀ ਉਸ ਜੋੜੇ ਨੂੰ “ਇਕ ਸਰੀਰ” ਸਮਝਦਾ ਹੈ। ਯਿਸੂ ਨੇ ਇਹ ਵੀ ਕਿਹਾ ਸੀ ਜੇ ਇਕ ਆਦਮੀ ਆਪਣੀ ਬੇਕਸੂਰ ਪਤਨੀ ਨੂੰ ਤਲਾਕ ਦਿੰਦਾ ਹੈ, ਤਾਂ ਉਹ ਉਸ ਨੂੰ ਹਰਾਮਕਾਰੀ ਕਰਨ ਦੇ ਖ਼ਤਰੇ ਵਿਚ ਪਾਉਂਦਾ ਹੈ। ਉਹ ਕਿੱਦਾਂ? ਪੁਰਾਣੇ ਜ਼ਮਾਨੇ ਵਿਚ ਸ਼ਾਇਦ ਇਕ ਤਲਾਕਸ਼ੁਦਾ ਔਰਤ ਸੋਚਦੀ ਸੀ ਕਿ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਉਸ ਨੂੰ ਦੁਬਾਰਾ ਵਿਆਹ ਕਰਾਉਣਾ ਪੈਣਾ। ਇਸ ਤਰ੍ਹਾਂ ਦਾ ਵਿਆਹ ਹਰਾਮਕਾਰੀ ਕਰਨ ਦੇ ਬਰਾਬਰ ਹੈ।
10. ਇਕ ਮਸੀਹੀ ਕੋਲ ਤਲਾਕ ਲੈਣ ਤੇ ਦੁਬਾਰਾ ਵਿਆਹ ਕਰਾਉਣ ਦਾ ਇੱਕੋ-ਇਕ ਕਾਰਨ ਕਿਹੜਾ ਹੈ?
10 ਯਿਸੂ ਨੇ ਦੱਸਿਆ ਕਿ ਇਕ ਵਿਅਕਤੀ ਇੱਕੋ ਕਾਰਨ ਕਰਕੇ ਤਲਾਕ ਲੈ ਸਕਦਾ ਹੈ: “ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜਿਹੜਾ ਆਪਣੀ ਪਤਨੀ ਨੂੰ ਹਰਾਮਕਾਰੀ ਤੋਂ ਸਿਵਾਇ ਕਿਸੇ ਹੋਰ ਕਾਰਨ ਕਰਕੇ ਤਲਾਕ ਦਿੰਦਾ ਹੈ ਅਤੇ ਕਿਸੇ ਹੋਰ ਨਾਲ ਵਿਆਹ ਕਰਾਉਂਦਾ ਹੈ, ਤਾਂ ਉਹ ਹਰਾਮਕਾਰੀ ਕਰਦਾ ਹੈ।” (ਮੱਤੀ 19:9) ਉਸ ਨੇ ਇਹੀ ਗੱਲ ਪਹਾੜੀ ਉਪਦੇਸ਼ ਵਿਚ ਵੀ ਕਹੀ ਸੀ। (ਮੱਤੀ 5:31, 32) ਦੋਵੇਂ ਮੌਕਿਆਂ ʼਤੇ ਯਿਸੂ ਨੇ ਇਸ ਨੂੰ “ਹਰਾਮਕਾਰੀ” ਕਿਹਾ। ਹਰਾਮਕਾਰੀ ਦਾ ਮਤਲਬ ਹੈ, ਉਨ੍ਹਾਂ ਲੋਕਾਂ ਵਿਚ ਸਰੀਰਕ ਸੰਬੰਧ ਹੋਣੇ ਜੋ ਆਪਸ ਵਿਚ ਵਿਆਹੇ ਹੋਏ ਨਹੀਂ ਹਨ, ਜਿਵੇਂ ਕਿ ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਸਰੀਰਕ ਸੰਬੰਧ ਰੱਖਣੇ, ਵੇਸਵਾਪੁਣਾ, ਦੋ ਅਣਵਿਆਹੇ ਲੋਕਾਂ ਵਿਚ ਸਰੀਰਕ ਸੰਬੰਧ, ਆਦਮੀ-ਆਦਮੀ ਅਤੇ ਔਰਤ-ਔਰਤ ਵਿਚ ਸਰੀਰਕ ਸੰਬੰਧ ਤੇ ਪਸ਼ੂਆਂ ਨਾਲ ਸੰਭੋਗ। ਮਿਸਾਲ ਲਈ, ਜੇ ਇਕ ਆਦਮੀ ਹਰਾਮਕਾਰੀ ਕਰਦਾ ਹੈ, ਤਾਂ ਉਸ ਦੀ ਪਤਨੀ ਫ਼ੈਸਲਾ ਕਰ ਸਕਦੀ ਹੈ ਕਿ ਉਹ ਆਪਣੇ ਪਤੀ ਤੋਂ ਤਲਾਕ ਲਵੇਗੀ ਜਾਂ ਨਹੀਂ। ਜੇ ਉਹ ਉਸ ਤੋਂ ਤਲਾਕ ਲੈ ਲੈਂਦੀ ਹੈ, ਤਾਂ ਉਹ ਹੁਣ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਵਿਆਹੇ ਹੋਏ ਨਹੀਂ ਹਨ।
11. ਸ਼ਾਇਦ ਇਕ ਮਸੀਹੀ ਤਲਾਕ ਲੈਣ ਦਾ ਫ਼ੈਸਲਾ ਕਿਉਂ ਨਾ ਕਰੇ ਭਾਵੇਂ ਉਸ ਦੇ ਪਤੀ ਜਾਂ ਪਤਨੀ ਨੇ ਹਰਾਮਕਾਰੀ ਕੀਤੀ ਹੈ?
11 ਗੌਰ ਕਰੋ ਕਿ ਯਿਸੂ ਨੇ ਇਹ ਨਹੀਂ ਕਿਹਾ ਕਿ ਜੇ ਵਿਆਹੁਤਾ ਸਾਥੀ ਹਰਾਮਕਾਰੀ ਕਰਦਾ ਹੈ, ਤਾਂ ਬੇਕਸੂਰ ਸਾਥੀ ਨੂੰ ਤਲਾਕ ਲੈਣਾ ਹੀ ਪੈਣਾ। ਮਿਸਾਲ ਲਈ, ਇਕ ਪਤਨੀ ਸ਼ਾਇਦ ਆਪਣੇ ਪਤੀ ਨਾਲ ਰਹਿਣ ਦਾ ਫ਼ੈਸਲਾ ਕਰੇ ਭਾਵੇਂ ਉਸ ਦੇ ਪਤੀ ਨੇ ਹਰਾਮਕਾਰੀ ਕੀਤੀ ਹੈ। ਕਿਉਂ? ਉਹ ਸ਼ਾਇਦ ਉਸ ਨੂੰ ਅਜੇ ਵੀ ਪਿਆਰ ਕਰਦੀ ਹੋਵੇ, ਉਸ ਨੂੰ ਮਾਫ਼ ਕਰਨ ਅਤੇ ਉਸ ਨਾਲ ਮਿਲ ਕੇ ਆਪਣੇ ਰਿਸ਼ਤੇ ਨੂੰ ਸੁਧਾਰਨ ਲਈ ਤਿਆਰ ਹੋਵੇ। ਨਾਲੇ ਜੇ ਉਹ ਤਲਾਕ ਲੈ ਲਵੇ ਤੇ ਦੁਬਾਰਾ ਵਿਆਹ ਨਾ ਕਰਾਵੇ, ਤਾਂ ਉਸ ਨੂੰ ਕੁਝ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇਗਾ। ਮਿਸਾਲ ਲਈ, ਉਸ ਦੀਆਂ ਭੌਤਿਕ ਤੇ ਜਿਨਸੀ ਲੋੜਾਂ ਬਾਰੇ ਕੀ? ਇਕੱਲੇਪਣ ਬਾਰੇ ਕੀ? ਤਲਾਕ ਦਾ ਉਸ ਦੇ ਬੱਚਿਆਂ ʼਤੇ ਕੀ ਅਸਰ ਪਵੇਗਾ? ਕੀ ਉਨ੍ਹਾਂ ਦੀ ਸੱਚਾਈ ਵਿਚ ਪਰਵਰਿਸ਼ ਕਰਨੀ ਹੋਰ ਮੁਸ਼ਕਲ ਹੋਵੇਗੀ? (1 ਕੁਰਿੰ. 7:14) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਬੇਕਸੂਰ ਜੀਵਨ ਸਾਥੀ ਨੂੰ ਤਲਾਕ ਲੈ ਕੇ ਗੰਭੀਰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇਗਾ।
12, 13. (ੳ) ਹੋਸ਼ੇਆ ਦੇ ਵਿਆਹੁਤਾ ਰਿਸ਼ਤੇ ਵਿਚ ਕੀ ਹੋਇਆ ਸੀ? (ਅ) ਹੋਸ਼ੇਆ ਗੋਮਰ ਨੂੰ ਵਾਪਸ ਕਿਉਂ ਲੈ ਆਇਆ ਸੀ ਅਤੇ ਅਸੀਂ ਉਸ ਦੇ ਵਿਆਹੁਤਾ ਰਿਸ਼ਤੇ ਤੋਂ ਕੀ ਸਿੱਖ ਸਕਦੇ ਹਾਂ?
12 ਹੋਸ਼ੇਆ ਨਬੀ ਦੇ ਤਜਰਬੇ ਤੋਂ ਸਾਨੂੰ ਵਿਆਹੁਤਾ ਰਿਸ਼ਤੇ ਬਾਰੇ ਪਰਮੇਸ਼ੁਰ ਦਾ ਨਜ਼ਰੀਆ ਪਤਾ ਲੱਗਦਾ ਹੈ। ਪਰਮੇਸ਼ੁਰ ਨੇ ਹੋਸ਼ੇਆ ਨੂੰ ਗੋਮਰ ਨਾਂ ਦੀ ਔਰਤ ਨਾਲ ਵਿਆਹ ਕਰਾਉਣ ਲਈ ਕਿਹਾ ਜਿਸ ਨੇ “ਇੱਕ ਜ਼ਾਨੀ ਤੀਵੀਂ” ਯਾਨੀ ਵੇਸਵਾ ਬਣਨਾ ਸੀ ਤੇ ਜਿਸ ਦੇ “ਜ਼ਨਾਹ ਦੇ ਬੱਚੇ” ਹੋਣੇ ਸਨ। ਗੋਮਰ ਤੇ ਹੋਸ਼ੇਆ ਦੇ ਇਕ ਮੁੰਡਾ ਸੀ। (ਹੋਸ਼ੇ. 1:2, 3) ਬਾਅਦ ਵਿਚ ਗੋਮਰ ਦੇ ਇਕ ਕੁੜੀ ਹੋਈ ਤੇ ਇਕ ਹੋਰ ਮੁੰਡਾ ਹੋਇਆ ਜੋ ਕਿਸੇ ਹੋਰ ਆਦਮੀ ਦੇ ਬੱਚੇ ਸਨ। ਭਾਵੇਂ ਗੋਮਰ ਨੇ ਇਕ ਤੋਂ ਜ਼ਿਆਦਾ ਵਾਰ ਹਰਾਮਕਾਰੀ ਕੀਤੀ ਸੀ, ਪਰ ਹੋਸ਼ੇਆ ਨੇ ਉਸ ਨੂੰ ਨਹੀਂ ਛੱਡਿਆ। ਅਖ਼ੀਰ ਗੋਮਰ ਨੇ ਹੋਸ਼ੇਆ ਨੂੰ ਛੱਡ ਦਿੱਤਾ ਅਤੇ ਨੌਕਰਾਣੀ ਬਣ ਗਈ। ਪਰ ਹੋਸ਼ੇਆ ਨੇ ਉਸ ਨੂੰ ਵਾਪਸ ਖ਼ਰੀਦ ਲਿਆ। (ਹੋਸ਼ੇ. 3:1, 2) ਯਹੋਵਾਹ ਨੇ ਹੋਸ਼ੇਆ ਨੂੰ ਇਹ ਦਿਖਾਉਣ ਲਈ ਵਰਤਿਆ ਕਿ ਉਸ ਨੇ ਕਿਵੇਂ ਇਜ਼ਰਾਈਲ ਕੌਮ ਨੂੰ ਵਾਰ-ਵਾਰ ਮਾਫ਼ ਕੀਤਾ ਜੋ ਉਸ ਦੇ ਵਫ਼ਾਦਾਰ ਨਹੀਂ ਸੀ ਅਤੇ ਹੋਰ ਦੇਵੀ-ਦੇਵਤਿਆਂ ਦੀ ਭਗਤੀ ਕਰਦੀ ਸੀ। ਹੋਸ਼ੇਆ ਦੇ ਵਿਆਹ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
13 ਜੇ ਇਕ ਮਸੀਹੀ ਸਾਥੀ ਹਰਾਮਕਾਰੀ ਕਰਦਾ ਹੈ, ਤਾਂ ਬੇਕਸੂਰ ਸਾਥੀ ਨੂੰ ਫ਼ੈਸਲਾ ਕਰਨਾ ਪਵੇਗਾ। ਯਿਸੂ ਨੇ ਕਿਹਾ ਕਿ ਬੇਕਸੂਰ ਸਾਥੀ ਕੋਲ ਤਲਾਕ ਲੈਣ ਤੇ ਦੁਬਾਰਾ ਵਿਆਹ ਕਰਾਉਣ ਦਾ ਜਾਇਜ਼ ਕਾਰਨ ਹੈ। ਪਰ ਜੇ ਬੇਕਸੂਰ ਸਾਥੀ ਆਪਣੇ ਸਾਥੀ ਨੂੰ ਮਾਫ਼ ਕਰਨ ਦਾ ਫ਼ੈਸਲਾ ਕਰਦਾ ਹੈ, ਤਾਂ ਇਹ ਗ਼ਲਤ ਨਹੀਂ ਹੋਵੇਗਾ। ਹੋਸ਼ੇਆ ਗੋਮਰ ਨੂੰ ਦੁਬਾਰਾ ਲੈ ਆਇਆ ਸੀ। ਜਦੋਂ ਗੋਮਰ ਹੋਸ਼ੇਆ ਕੋਲ ਵਾਪਸ ਆ ਗਈ, ਤਾਂ ਹੋਸ਼ੇਆ ਨੇ ਉਸ ਨੂੰ ਕਿਹਾ ਕਿ ਉਹ ਕਿਸੇ ਹੋਰ ਆਦਮੀ ਨਾਲ ਸਰੀਰਕ ਸੰਬੰਧ ਨਹੀਂ ਬਣਾ ਸਕਦੀ। ਕੁਝ ਸਮੇਂ ਤਕ ਹੋਸ਼ੇਆ ਨੇ ਆਪਣੀ ਪਤਨੀ ਨਾਲ “ਸਰੀਰਕ ਸੰਬੰਧ ਨਹੀਂ” ਬਣਾਏ। (ਹੋਸ਼ੇ 3:3, NW) ਪਰ ਸਮੇਂ ਦੇ ਬੀਤਣ ਨਾਲ, ਹੋਸ਼ੇਆ ਨੇ ਆਪਣੀ ਪਤਨੀ ਨਾਲ ਦੁਬਾਰਾ ਸਰੀਰਕ ਸੰਬੰਧ ਬਣਾਏ ਹੋਣੇ। ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਇਜ਼ਰਾਈਲੀਆਂ ਨੂੰ ਦੁਬਾਰਾ ਸਵੀਕਾਰ ਕਰਨ ਅਤੇ ਉਨ੍ਹਾਂ ਨਾਲ ਰਿਸ਼ਤਾ ਬਣਾਈ ਰੱਖਣ ਲਈ ਤਿਆਰ ਸੀ। (ਹੋਸ਼ੇ. 1:11; 3:3-5) ਅੱਜ ਸਾਨੂੰ ਇਸ ਤੋਂ ਵਿਆਹੁਤਾ ਰਿਸ਼ਤੇ ਬਾਰੇ ਕੀ ਪਤਾ ਲੱਗਦਾ ਹੈ? ਜੇ ਬੇਕਸੂਰ ਸਾਥੀ ਆਪਣੇ ਦੋਸ਼ੀ ਸਾਥੀ ਨਾਲ ਦੁਬਾਰਾ ਤੋਂ ਸਰੀਰਕ ਸੰਬੰਧ ਬਣਾਉਂਦਾ ਹੈ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਆਪਣੇ ਸਾਥੀ ਨੂੰ ਮਾਫ਼ ਕਰ ਦਿੱਤਾ ਹੈ। (1 ਕੁਰਿੰ. 7:3, 5) ਫਿਰ ਤਲਾਕ ਲੈਣ ਦਾ ਕੋਈ ਜਾਇਜ਼ ਕਾਰਨ ਨਹੀਂ ਰਹਿੰਦਾ। ਇਸ ਤੋਂ ਬਾਅਦ, ਪਤੀ-ਪਤਨੀ ਦੋਵਾਂ ਨੂੰ ਵਿਆਹ ਸੰਬੰਧੀ ਪਰਮੇਸ਼ੁਰ ਦਾ ਨਜ਼ਰੀਆ ਅਪਣਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਮੁਸ਼ਕਲਾਂ ਦੇ ਬਾਵਜੂਦ ਆਪਣੇ ਵਿਆਹੁਤਾ ਰਿਸ਼ਤੇ ਦਾ ਆਦਰ ਕਰੋ
14. 1 ਕੁਰਿੰਥੀਆਂ 7:10, 11 ਮੁਤਾਬਕ ਵਿਆਹੁਤਾ ਰਿਸ਼ਤੇ ਵਿਚ ਕੀ ਹੋ ਸਕਦਾ ਹੈ?
14 ਯਹੋਵਾਹ ਤੇ ਯਿਸੂ ਵਾਂਗ ਸਾਰੇ ਮਸੀਹੀਆਂ ਨੂੰ ਵਿਆਹੁਤਾ ਰਿਸ਼ਤੇ ਦਾ ਆਦਰ ਕਰਨਾ ਚਾਹੀਦਾ ਹੈ। ਪਰ ਪਾਪੀ ਹੋਣ ਕਰਕੇ ਕਈ ਵਾਰ ਕੁਝ ਜਣੇ ਇੱਦਾਂ ਨਹੀਂ ਕਰਦੇ। (ਰੋਮੀ. 7:18-23) ਇਸ ਲਈ ਸਾਨੂੰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਪਹਿਲੀ ਸਦੀ ਦੇ ਕੁਝ ਮਸੀਹੀਆਂ ਦੀ ਵਿਆਹੁਤਾ ਜ਼ਿੰਦਗੀ ਵਿਚ ਗੰਭੀਰ ਮੁਸ਼ਕਲਾਂ ਸਨ। ਪੌਲੁਸ ਨੇ ਲਿਖਿਆ ਕਿ “ਪਤਨੀ ਆਪਣੇ ਪਤੀ ਨੂੰ ਨਾ ਛੱਡੇ।” ਪਰ ਕਦੀ-ਕਦਾਈਂ ਇੱਦਾਂ ਹੋਇਆ ਸੀ।—1 ਕੁਰਿੰਥੀਆਂ 7:10, 11 ਪੜ੍ਹੋ।
15, 16. (ੳ) ਵਿਆਹੁਤਾ ਜ਼ਿੰਦਗੀ ਵਿਚ ਮੁਸ਼ਕਲਾਂ ਦੇ ਬਾਵਜੂਦ ਵੀ ਇਕ ਜੋੜੇ ਦਾ ਕੀ ਟੀਚਾ ਹੋਣਾ ਚਾਹੀਦਾ ਹੈ ਅਤੇ ਕਿਉਂ? (ਅ) ਇਹ ਗੱਲ ਉਦੋਂ ਵੀ ਕਿਵੇਂ ਲਾਗੂ ਹੁੰਦੀ ਹੈ ਜਦੋਂ ਇਕ ਸਾਥੀ ਯਹੋਵਾਹ ਦੀ ਸੇਵਾ ਨਹੀਂ ਕਰਦਾ?
15 ਪੌਲੁਸ ਨੇ ਇਹ ਨਹੀਂ ਦੱਸਿਆ ਕਿ ਕਿਨ੍ਹਾਂ ਕਾਰਨਾਂ ਕਰਕੇ ਪਤੀ-ਪਤਨੀ ਅਲੱਗ ਹੋ ਸਕਦੇ ਹਨ। ਪਰ ਸਾਨੂੰ ਪਤਾ ਹੈ ਕਿ ਸਮੱਸਿਆ ਇਹ ਨਹੀਂ ਸੀ ਕਿ ਪਤੀ ਨੇ ਹਰਾਮਕਾਰੀ ਕੀਤੀ ਸੀ। ਜੇ ਇੱਦਾਂ ਹੁੰਦਾ, ਤਾਂ ਪਤਨੀ ਤਲਾਕ ਲੈ ਸਕਦੀ ਸੀ ਤੇ ਦੁਬਾਰਾ ਵਿਆਹ ਕਰਵਾ ਸਕਦੀ ਸੀ। ਪੌਲੁਸ ਨੇ ਲਿਖਿਆ ਕਿ ਜਿਹੜੀ ਪਤਨੀ ਆਪਣੇ ਪਤੀ ਨੂੰ ਛੱਡ ਚੁੱਕੀ ਹੈ, ਉਹ “ਅਣਵਿਆਹੀ ਰਹੇ ਜਾਂ ਫਿਰ ਆਪਣੇ ਪਤੀ ਨਾਲ ਦੁਬਾਰਾ ਸੁਲ੍ਹਾ ਕਰ ਲਵੇ।” ਸੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉਹ ਅਜੇ ਵੀ ਵਿਆਹੇ ਹੋਏ ਸਨ। ਪੌਲੁਸ ਨੇ ਕਿਹਾ ਕਿ ਇਕ ਜੋੜੇ ਨੂੰ ਜਿਹੜੀਆਂ ਮਰਜ਼ੀ ਮੁਸ਼ਕਲਾਂ ਹੋਣ, ਪਰ ਜੇ ਉਨ੍ਹਾਂ ਵਿੱਚੋਂ ਕਿਸੇ ਨੇ ਹਰਾਮਕਾਰੀ ਨਹੀਂ ਕੀਤੀ, ਤਾਂ ਉਨ੍ਹਾਂ ਦਾ ਮਕਸਦ ਸੁਲ੍ਹਾ ਕਰਨ ਦਾ ਹੋਣਾ ਚਾਹੀਦਾ ਹੈ ਯਾਨੀ ਮੁਸ਼ਕਲਾਂ ਦਾ ਹੱਲ ਕੱਢਣਾ ਤੇ ਇਕੱਠੇ ਰਹਿਣਾ। ਉਹ ਬਜ਼ੁਰਗਾਂ ਤੋਂ ਮਦਦ ਲੈ ਸਕਦੇ ਹਨ। ਬਜ਼ੁਰਗ ਕਿਸੇ ਦਾ ਪੱਖ ਲੈਣ ਦੀ ਬਜਾਇ ਬਾਈਬਲ ਵਿੱਚੋਂ ਵਧੀਆ ਸਲਾਹਾਂ ਦਿੰਦੇ ਹਨ।
16 ਪਰ ਉਦੋਂ ਕੀ ਜੇ ਇਕ ਮਸੀਹੀ ਦਾ ਵਿਆਹ ਉਸ ਵਿਅਕਤੀ ਨਾਲ ਹੋਇਆ ਹੈ ਜੋ ਯਹੋਵਾਹ ਦੀ ਸੇਵਾ ਨਹੀਂ ਕਰਦਾ? ਜਦੋਂ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਵਿਚ ਮੁਸ਼ਕਲਾਂ ਆਉਂਦੀਆਂ ਹਨ, ਤਾਂ ਕੀ ਉਹ ਇਕ-ਦੂਜੇ ਨੂੰ ਛੱਡ ਸਕਦੇ ਹਨ? ਜਿੱਦਾਂ ਪਹਿਲਾਂ ਹੀ ਦੱਸਿਆ ਗਿਆ ਕਿ ਬਾਈਬਲ ਅਨੁਸਾਰ ਤਲਾਕ ਲੈਣ ਦਾ ਇੱਕੋ-ਇਕ ਆਧਾਰ ਹਰਾਮਕਾਰੀ ਹੈ। ਪਰ ਬਾਈਬਲ ਇਹ ਨਹੀਂ ਦੱਸਦੀ ਕਿ ਇਕ ਜੋੜਾ ਕਿਹੜੇ ਕਾਰਨਾਂ ਕਰਕੇ ਅਲੱਗ ਹੋ ਸਕਦਾ ਹੈ। ਪੌਲੁਸ ਨੇ ਲਿਖਿਆ: “ਜੇ ਕਿਸੇ ਤੀਵੀਂ ਦਾ ਪਤੀ ਅਵਿਸ਼ਵਾਸੀ ਹੈ ਅਤੇ ਉਹ ਉਸ ਨਾਲ ਰਹਿਣ ਲਈ ਤਿਆਰ ਹੈ, ਤਾਂ ਉਹ ਆਪਣੇ ਪਤੀ ਨੂੰ ਨਾ ਛੱਡੇ।” (1 ਕੁਰਿੰ. 7:12, 13) ਇਹ ਸਲਾਹ ਅੱਜ ਵੀ ਲਾਗੂ ਹੁੰਦੀ ਹੈ।
17, 18. ਮੁਸ਼ਕਲ ਹਾਲਾਤਾਂ ਵਿਚ ਵੀ ਬਹੁਤ ਸਾਰੇ ਮਸੀਹੀਆਂ ਨੇ ਆਪਣੇ ਅਵਿਸ਼ਵਾਸੀ ਜੀਵਨ ਸਾਥੀਆਂ ਨਾਲ ਰਹਿਣ ਦਾ ਫ਼ੈਸਲਾ ਕਿਉਂ ਕੀਤਾ?
17 ਪਰ ਕੁਝ ਮਾਮਲਿਆਂ ਵਿਚ ‘ਕਿਸੇ ਤੀਵੀਂ ਦੇ ਅਵਿਸ਼ਵਾਸੀ ਪਤੀ’ ਨੇ ਦਿਖਾਇਆ ਹੈ ਕਿ ਉਹ ਆਪਣੀ ਪਤਨੀ ਨਾਲ “ਰਹਿਣ ਲਈ ਤਿਆਰ” ਨਹੀਂ ਹੈ। ਮਿਸਾਲ ਲਈ, ਪਤੀ ਸ਼ਾਇਦ ਉਸ ਨੂੰ ਇੰਨਾ ਮਾਰਦਾ-ਕੁੱਟਦਾ ਹੋਵੇ ਜਿਸ ਕਰਕੇ ਉਸ ਨੂੰ ਆਪਣੀ ਸਿਹਤ ਜਾਂ ਜਾਨ ਦਾ ਖ਼ਤਰਾ ਲੱਗਦਾ ਹੋਵੇ, ਪਰਿਵਾਰ ਦੀ ਦੇਖ-ਭਾਲ ਕਰਨ ਤੋਂ ਸਾਫ਼ ਇਨਕਾਰ ਕਰਦਾ ਹੋਵੇ ਜਾਂ ਉਸ ਨੂੰ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਭਗਤੀ ਕਰਨ ਤੋਂ ਰੋਕਦਾ ਹੋਵੇ। ਭਾਵੇਂ ਉਸ ਦਾ ਅਵਿਸ਼ਵਾਸੀ ਪਤੀ ਜੋ ਮਰਜ਼ੀ ਦਾਅਵੇ ਕਰੇ, ਪਰ ਅਜਿਹੀ ਹਾਲਤ ਵਿਚ ਉਹ ਸ਼ਾਇਦ ਇਸ ਨਤੀਜੇ ʼਤੇ ਪਹੁੰਚੇ ਕਿ ਉਸ ਦਾ ਪਤੀ “ਉਸ ਨਾਲ ਰਹਿਣ ਲਈ ਤਿਆਰ” ਨਹੀਂ ਹੈ ਅਤੇ ਆਪਣੇ ਪਤੀ ਤੋਂ ਅਲੱਗ ਹੋਣ ਤੋਂ ਇਲਾਵਾ ਉਸ ਕੋਲ ਹੋਰ ਕੋਈ ਚਾਰਾ ਨਹੀਂ ਹੈ। ਪਰ ਹੋਰ ਮਸੀਹੀਆਂ ਨੇ ਇਨ੍ਹਾਂ ਹਾਲਾਤਾਂ ਵਿਚ ਆਪਣੇ ਸਾਥੀਆਂ ਨਾਲ ਰਹਿਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਧੀਰਜ ਧਰਿਆ ਅਤੇ ਆਪਣੇ ਵਿਆਹੁਤਾ ਰਿਸ਼ਤੇ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਇਹ ਫ਼ੈਸਲਾ ਕਿਉਂ ਕੀਤਾ ਸੀ?
18 ਜੇ ਇਕ ਜੋੜਾ ਇਸ ਤਰ੍ਹਾਂ ਦੇ ਕਿਸੇ ਹਾਲਾਤ ਕਰਕੇ ਅਲੱਗ ਹੋ ਜਾਂਦਾ ਹੈ, ਤਾਂ ਵੀ ਉਹ ਵਿਆਹੇ ਹੋਏ ਹਨ ਅਤੇ ਉਨ੍ਹਾਂ ਨੂੰ ਪਹਿਲਾਂ ਦੱਸੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇਗਾ। ਪੌਲੁਸ ਰਸੂਲ ਨੇ ਵਿਆਹੇ ਜੋੜਿਆਂ ਨੂੰ ਇਕੱਠੇ ਰਹਿਣ ਦਾ ਇਕ ਹੋਰ ਕਾਰਨ ਦੱਸਿਆ। ਉਸ ਨੇ ਲਿਖਿਆ: “ਮਸੀਹੀ ਪਤਨੀ ਨਾਲ ਰਿਸ਼ਤਾ ਹੋਣ ਕਰਕੇ ਅਵਿਸ਼ਵਾਸੀ ਪਤੀ ਪਵਿੱਤਰ ਹੁੰਦਾ ਹੈ ਅਤੇ ਮਸੀਹੀ ਪਤੀ ਨਾਲ ਰਿਸ਼ਤਾ ਹੋਣ ਕਰਕੇ ਅਵਿਸ਼ਵਾਸੀ ਪਤਨੀ ਪਵਿੱਤਰ ਹੁੰਦੀ ਹੈ; ਨਹੀਂ ਤਾਂ ਤੁਹਾਡੇ ਬੱਚੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਸ਼ੁੱਧ ਹੁੰਦੇ, ਪਰ ਹੁਣ ਉਹ ਪਵਿੱਤਰ ਹਨ।” (1 ਕੁਰਿੰ. 7:14) ਮੁਸ਼ਕਲ ਹਾਲਾਤਾਂ ਵਿਚ ਵੀ ਬਹੁਤ ਸਾਰੇ ਮਸੀਹੀਆਂ ਨੇ ਆਪਣੇ ਅਵਿਸ਼ਵਾਸੀ ਜੀਵਨ ਸਾਥੀਆਂ ਨਾਲ ਰਹਿਣ ਦਾ ਫ਼ੈਸਲਾ ਕੀਤਾ। ਜਦੋਂ ਬਾਅਦ ਵਿਚ ਉਨ੍ਹਾਂ ਦੇ ਸਾਥੀ ਯਹੋਵਾਹ ਦੇ ਗਵਾਹ ਬਣ ਗਏ, ਤਾਂ ਉਨ੍ਹਾਂ ਨੂੰ ਆਪਣੇ ਫ਼ੈਸਲੇ ਤੋਂ ਖ਼ੁਸ਼ੀ ਹੋਈ।—1 ਕੁਰਿੰਥੀਆਂ 7:16 ਪੜ੍ਹੋ; 1 ਪਤ. 3:1, 2.
19. ਮਸੀਹੀ ਮੰਡਲੀਆਂ ਵਿਚ ਅਜਿਹੇ ਜੋੜੇ ਕਿਉਂ ਹਨ ਜਿਨ੍ਹਾਂ ਦਾ ਆਪਸੀ ਰਿਸ਼ਤਾ ਮਜ਼ਬੂਤ ਹੈ?
19 ਯਿਸੂ ਨੇ ਤਲਾਕ ਬਾਰੇ ਸਲਾਹ ਦਿੱਤੀ ਅਤੇ ਪੌਲੁਸ ਨੇ ਅਲੱਗ ਰਹਿਣ ਬਾਰੇ। ਦੋਵੇਂ ਜਣੇ ਚਾਹੁੰਦੇ ਸਨ ਕਿ ਪਰਮੇਸ਼ੁਰ ਦੇ ਸੇਵਕ ਵਿਆਹੁਤਾ ਰਿਸ਼ਤੇ ਦਾ ਆਦਰ ਕਰਨ। ਅੱਜ ਦੁਨੀਆਂ ਭਰ ਦੀਆਂ ਮੰਡਲੀਆਂ ਵਿਚ ਅਜਿਹੇ ਬਹੁਤ ਸਾਰੇ ਜੋੜੇ ਹਨ ਜਿਨ੍ਹਾਂ ਦਾ ਆਪਸੀ ਰਿਸ਼ਤਾ ਮਜ਼ਬੂਤ ਹੈ। ਤੁਸੀਂ ਆਪਣੀ ਮੰਡਲੀ ਵਿਚ ਅਜਿਹੇ ਕਈ ਜੋੜੇ ਦੇਖ ਸਕਦੇ ਹੋ ਜੋ ਖ਼ੁਸ਼ ਹਨ। ਵਫ਼ਾਦਾਰ ਪਤੀ ਆਪਣੀਆਂ ਪਤਨੀਆਂ ਨੂੰ ਪਿਆਰ ਕਰਦੇ ਹਨ ਅਤੇ ਪਿਆਰ ਕਰਨ ਵਾਲੀਆਂ ਪਤਨੀਆਂ ਆਪਣੇ ਪਤੀਆਂ ਦਾ ਆਦਰ ਕਰਦੀਆਂ ਹਨ। ਇਨ੍ਹਾਂ ਸਾਰੇ ਜੋੜਿਆਂ ਤੋਂ ਪਤਾ ਲੱਗਦਾ ਹੈ ਕਿ ਵਿਆਹੁਤਾ ਰਿਸ਼ਤੇ ਦਾ ਆਦਰ ਕੀਤਾ ਜਾ ਸਕਦਾ ਹੈ। ਨਾਲੇ ਅਸੀਂ ਖ਼ੁਸ਼ ਹੋ ਸਕਦੇ ਹਾਂ ਕਿ ਲੱਖਾਂ ਹੀ ਮਸੀਹੀ ਜੋੜੇ ਪਰਮੇਸ਼ੁਰ ਦੇ ਇਹ ਸ਼ਬਦ ਸੱਚ ਸਾਬਤ ਕਰ ਰਹੇ ਹਨ: “ਇਸੇ ਕਰਕੇ ਆਦਮੀ ਆਪਣੇ ਮਾਂ-ਬਾਪ ਨੂੰ ਛੱਡ ਕੇ ਆਪਣੀ ਪਤਨੀ ਨਾਲ ਰਹੇਗਾ ਅਤੇ ਉਹ ਦੋਵੇਂ ਇਕ ਸਰੀਰ ਹੋਣਗੇ।”—ਅਫ਼. 5:31, 33.