ਅਧਿਆਇ 8
“ਮੈਨੂੰ ਇਸੇ ਕੰਮ ਲਈ ਭੇਜਿਆ ਗਿਆ ਹੈ”
1-4. (ੳ) ਯਿਸੂ, ਸਾਮਰੀ ਤੀਵੀਂ ਨੂੰ ਵਧੀਆ ਤਰੀਕੇ ਨਾਲ ਕਿਵੇਂ ਸਿਖਾਉਂਦਾ ਹੈ ਅਤੇ ਇਸ ਦਾ ਕੀ ਨਤੀਜਾ ਹੁੰਦਾ ਹੈ? (ਅ) ਯਿਸੂ ਨੂੰ ਤੀਵੀਂ ਨਾਲ ਗੱਲ ਕਰਦੇ ਹੋਏ ਦੇਖ ਕੇ ਰਸੂਲਾਂ ਨੂੰ ਕਿਵੇਂ ਲੱਗਦਾ ਹੈ?
ਯਿਸੂ ਅਤੇ ਉਸ ਦੇ ਰਸੂਲ ਘੰਟਿਆਂ ਤੋਂ ਪੈਦਲ ਚੱਲਦੇ ਆਏ ਹਨ। ਉਹ ਯਹੂਦੀਆ ਤੋਂ ਗਲੀਲ ਵੱਲ ਉੱਤਰ ਨੂੰ ਜਾ ਰਹੇ ਹਨ। ਸਾਮਰੀਆ ਵਿੱਚੋਂ ਦੀ ਲੰਘਦੇ ਹੋਏ ਇਹ ਰਸਤਾ ਘੱਟੋ-ਘੱਟ ਤਿੰਨ ਦਿਨਾਂ ਦਾ ਹੈ। ਸਿਖਰ ਦੁਪਹਿਰੇ ਉਹ ਸੁਖਾਰ ਸ਼ਹਿਰ ਲਾਗੇ ਪਹੁੰਚਦੇ ਹਨ ਜਿੱਥੇ ਉਹ ਕੁਝ ਖਾਣ ਅਤੇ ਆਰਾਮ ਕਰਨ ਲਈ ਰੁਕਦੇ ਹਨ।
2 ਰਸੂਲ ਖਾਣਾ ਖ਼ਰੀਦਣ ਚਲੇ ਜਾਂਦੇ ਹਨ ਤੇ ਯਿਸੂ ਸ਼ਹਿਰੋਂ ਬਾਹਰ ਇਕ ਖੂਹ ʼਤੇ ਆਰਾਮ ਕਰਨ ਬਹਿ ਜਾਂਦਾ ਹੈ। ਉੱਥੇ ਇਕ ਸਾਮਰੀ ਤੀਵੀਂ ਖੂਹ ਤੋਂ ਪਾਣੀ ਭਰਨ ਆਉਂਦੀ ਹੈ। ਜੇ ਯਿਸੂ ਚਾਹੇ, ਤਾਂ ਉਹ ਅੱਖਾਂ ਮੀਟ ਕੇ ਉਸ ਨੂੰ ਨਜ਼ਰਅੰਦਾਜ਼ ਕਰ ਸਕਦਾ ਹੈ ਕਿਉਂਕਿ ਉਹ “ਸਫ਼ਰ ਤੋਂ ਥੱਕਿਆ ਹੋਇਆ” ਹੈ। (ਯੂਹੰਨਾ 4:6) ਨਾਲੇ ਅਸੀਂ ਚੌਥੇ ਅਧਿਆਇ ਵਿਚ ਦੇਖਿਆ ਸੀ ਕਿ ਯਹੂਦੀ ਲੋਕ ਸਾਮਰੀਆਂ ਨਾਲ ਨਫ਼ਰਤ ਕਰਦੇ ਸਨ, ਇਸ ਲਈ ਇਸ ਤੀਵੀਂ ਨੂੰ ਕੋਈ ਹੈਰਾਨੀ ਨਹੀਂ ਸੀ ਹੋਣੀ ਜੇ ਯਿਸੂ ਉਸ ਨਾਲ ਗੱਲ ਨਾ ਕਰਦਾ। ਪਰ ਯਿਸੂ ਇਸ ਤੀਵੀਂ ਨਾਲ ਗੱਲਬਾਤ ਸ਼ੁਰੂ ਕਰਦਾ ਹੈ।
3 ਇਹ ਤੀਵੀਂ ਪਾਣੀ ਭਰਨ ਆਈ ਹੈ, ਇਸ ਲਈ ਯਿਸੂ ਪਾਣੀ ਦੀ ਉਦਾਹਰਣ ਵਰਤ ਕੇ ਗੱਲਬਾਤ ਸ਼ੁਰੂ ਕਰਦਾ ਹੈ। ਯਿਸੂ ਅਜਿਹੇ ਅੰਮ੍ਰਿਤ ਜਲ ਬਾਰੇ ਗੱਲ ਕਰਦਾ ਹੈ ਜਿਸ ਨਾਲ ਇਸ ਤੀਵੀਂ ਦੀ ਪਰਮੇਸ਼ੁਰ ਬਾਰੇ ਸੱਚਾਈ ਜਾਣਨ ਦੀ ਪਿਆਸ ਬੁਝੇਗੀ। ਤੀਵੀਂ ਅਜਿਹੇ ਕਈ ਸਵਾਲ ਪੁੱਛਦੀ ਹੈ ਜਿਨ੍ਹਾਂ ਕਰਕੇ ਸ਼ਾਇਦ ਬਹਿਸ ਸ਼ੁਰੂ ਹੋ ਸਕਦੀ ਹੈ। ਇਨ੍ਹਾਂ ਸਵਾਲਾਂ ਬਾਰੇ ਬਹਿਸ ਕਰਨ ਦੀ ਬਜਾਇ ਯਿਸੂ ਬਹੁਤ ਹੀ ਵਧੀਆ ਤਰੀਕੇ ਨਾਲ ਗੱਲ ਨੂੰ ਉਸ ਵਿਸ਼ੇ ʼਤੇ ਵਾਪਸ ਲੈ ਆਉਂਦਾ ਹੈ ਜਿਸ ਬਾਰੇ ਉਹ ਗੱਲ ਕਰਨੀ ਚਾਹੁੰਦਾ ਹੈ।a ਹਾਂ, ਉਹ ਸੱਚੀ ਭਗਤੀ ਅਤੇ ਯਹੋਵਾਹ ਪਰਮੇਸ਼ੁਰ ਬਾਰੇ ਆਪਣੀ ਗੱਲ ਜਾਰੀ ਰੱਖਦਾ ਹੈ। ਯਿਸੂ ਦੀਆਂ ਗੱਲਾਂ ਦਾ ਤੀਵੀਂ ਉੱਤੇ ਇੰਨਾ ਅਸਰ ਹੁੰਦਾ ਹੈ ਕਿ ਉਹ ਸ਼ਹਿਰ ਜਾ ਕੇ ਆਦਮੀਆਂ ਨੂੰ ਉਸ ਬਾਰੇ ਦੱਸਦੀ ਹੈ। ਨਤੀਜੇ ਵਜੋਂ ਉਹ ਵੀ ਯਿਸੂ ਦੀਆਂ ਗੱਲਾਂ ਸੁਣਨੀਆਂ ਚਾਹੁੰਦੇ ਹਨ।—ਯੂਹੰਨਾ 4:3-42.
4 ਜਦ ਰਸੂਲ ਵਾਪਸ ਆ ਕੇ ਯਿਸੂ ਨੂੰ ਉਸ ਤੀਵੀਂ ਨਾਲ ਗੱਲ ਕਰਦੇ ਦੇਖਦੇ ਹਨ, ਤਾਂ ਉਨ੍ਹਾਂ ਨੂੰ ਕਿਵੇਂ ਲੱਗਦਾ ਹੈ? ਖ਼ੁਸ਼ ਹੋਣ ਦੀ ਬਜਾਇ ਉਹ ਹੈਰਾਨ ਹੁੰਦੇ ਹਨ, ਪਰ ਉਹ ਆਪ ਤੀਵੀਂ ਨਾਲ ਗੱਲ ਨਹੀਂ ਕਰਦੇ। ਜਦੋਂ ਉਹ ਚਲੀ ਜਾਂਦੀ ਹੈ, ਤਾਂ ਉਹ ਯਿਸੂ ਨੂੰ ਰੋਟੀ ਖਾਣ ਲਈ ਕਹਿੰਦੇ ਹਨ। ਪਰ ਯਿਸੂ ਉਨ੍ਹਾਂ ਨੂੰ ਕਹਿੰਦਾ ਹੈ: “ਮੇਰੇ ਕੋਲ ਖਾਣ ਲਈ ਭੋਜਨ ਹੈ ਜਿਸ ਬਾਰੇ ਤੁਸੀਂ ਨਹੀਂ ਜਾਣਦੇ।” ਉਹ ਸੋਚਦੇ ਹਨ ਕਿ ਉਹ ਸੱਚ-ਮੁੱਚ ਦੇ ਭੋਜਨ ਬਾਰੇ ਗੱਲ ਕਰ ਰਿਹਾ ਹੈ। ਸੋ ਯਿਸੂ ਉਨ੍ਹਾਂ ਨੂੰ ਸਮਝਾਉਂਦਾ ਹੈ: “ਮੇਰਾ ਭੋਜਨ ਇਹ ਹੈ ਕਿ ਮੈਂ ਆਪਣੇ ਘੱਲਣ ਵਾਲੇ ਦੀ ਇੱਛਾ ਪੂਰੀ ਕਰਾਂ ਅਤੇ ਉਸ ਨੇ ਮੈਨੂੰ ਜੋ ਕੰਮ ਦਿੱਤਾ ਹੈ, ਉਹ ਪੂਰਾ ਕਰਾਂ।” (ਯੂਹੰਨਾ 4:32, 34) ਯਿਸੂ ਉਨ੍ਹਾਂ ਨੂੰ ਦੱਸਦਾ ਹੈ ਕਿ ਜੋ ਕੰਮ ਉਸ ਨੂੰ ਸੌਂਪਿਆ ਗਿਆ ਹੈ, ਉਹ ਉਸ ਲਈ ਭੋਜਨ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ। ਉਹ ਚਾਹੁੰਦਾ ਹੈ ਕਿ ਇਸ ਕੰਮ ਬਾਰੇ ਉਹ ਵੀ ਅਜਿਹਾ ਨਜ਼ਰੀਆ ਰੱਖਣ। ਇਹ ਕਿਹੜਾ ਕੰਮ ਹੈ?
5. ਯਿਸੂ ਨੂੰ ਕਿਸ ਕੰਮ ਲਈ ਭੇਜਿਆ ਗਿਆ ਸੀ ਅਤੇ ਅਸੀਂ ਇਸ ਅਧਿਆਇ ਵਿਚ ਕੀ ਸਿੱਖਾਂਗੇ?
5 ਇਕ ਵਾਰ ਯਿਸੂ ਨੇ ਕਿਹਾ: “ਇਹ ਜ਼ਰੂਰੀ ਹੈ ਕਿ ਮੈਂ . . . ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾਂ, ਕਿਉਂਕਿ ਮੈਨੂੰ ਇਸੇ ਕੰਮ ਲਈ ਭੇਜਿਆ ਗਿਆ ਹੈ।” (ਲੂਕਾ 4:43) ਹਾਂ, ਯਿਸੂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਲੋਕਾਂ ਨੂੰ ਸਿੱਖਿਆ ਦੇਣ ਲਈ ਭੇਜਿਆ ਗਿਆ ਸੀ।b ਅੱਜ ਵੀ ਯਿਸੂ ਦੇ ਚੇਲਿਆਂ ਨੂੰ ਇਹੀ ਕੰਮ ਸੌਂਪਿਆ ਗਿਆ ਹੈ। ਤਾਂ ਫਿਰ ਸਾਡੇ ਲਈ ਇਹ ਜਾਣਨਾ ਕਿੰਨਾ ਜ਼ਰੂਰੀ ਹੈ ਕਿ ਯਿਸੂ ਨੇ ਪ੍ਰਚਾਰ ਕਿਉਂ ਕੀਤਾ, ਉਸ ਨੇ ਕਿਸ ਬਾਰੇ ਪ੍ਰਚਾਰ ਕੀਤਾ ਅਤੇ ਇਸ ਕੰਮ ਬਾਰੇ ਉਸ ਦਾ ਕੀ ਨਜ਼ਰੀਆ ਸੀ।
ਯਿਸੂ ਨੇ ਪ੍ਰਚਾਰ ਕਿਉਂ ਕੀਤਾ
6, 7. ਮਿਸਾਲ ਦੇ ਕੇ ਸਮਝਾਓ ਕਿ ਦੂਜਿਆਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਨ ਬਾਰੇ ਯਿਸੂ “ਹਰ ਸਿੱਖਿਅਕ” ਤੋਂ ਕੀ ਉਮੀਦ ਰੱਖਦਾ ਸੀ।
6 ਯਿਸੂ ਲੋਕਾਂ ਨੂੰ ਉਹ ਗੱਲਾਂ ਸਿਖਾਉਂਦਾ ਸੀ ਜੋ ਯਹੋਵਾਹ ਨੇ ਉਸ ਨੂੰ ਸਿਖਾਈਆਂ ਸਨ। ਆਓ ਅਸੀਂ ਪਹਿਲਾਂ ਇਹ ਦੇਖੀਏ ਕਿ ਯਿਸੂ ਇਨ੍ਹਾਂ ਗੱਲਾਂ ਬਾਰੇ ਕਿਵੇਂ ਮਹਿਸੂਸ ਕਰਦਾ ਸੀ। ਫਿਰ ਅਸੀਂ ਦੇਖਾਂਗੇ ਕਿ ਉਹ ਲੋਕਾਂ ਬਾਰੇ ਕਿਵੇਂ ਮਹਿਸੂਸ ਕਰਦਾ ਸੀ। ਲੋਕਾਂ ਨਾਲ ਪਰਮੇਸ਼ੁਰ ਦੀਆਂ ਗੱਲਾਂ ਸਾਂਝੀਆਂ ਕਰਨ ਬਾਰੇ ਯਿਸੂ ਨੇ ਇਕ ਵਧੀਆ ਉਦਾਹਰਣ ਦਿੱਤੀ। ਉਸ ਨੇ ਕਿਹਾ: “ਹਰ ਸਿੱਖਿਅਕ ਜਿਸ ਨੇ ਸਵਰਗ ਦੇ ਰਾਜ ਦੀ ਸਿੱਖਿਆ ਪਾਈ ਹੈ, ਉਸ ਘਰ ਦੇ ਮਾਲਕ ਵਰਗਾ ਹੈ ਜਿਹੜਾ ਆਪਣੇ ਖ਼ਜ਼ਾਨੇ ਵਿੱਚੋਂ ਨਵੀਆਂ ਅਤੇ ਪੁਰਾਣੀਆਂ ਚੀਜ਼ਾਂ ਕੱਢਦਾ ਹੈ।” (ਮੱਤੀ 13:52) ਇਸ ਉਦਾਹਰਣ ਵਿਚ ਘਰ ਦਾ ਮਾਲਕ ਆਪਣੇ ਖ਼ਜ਼ਾਨੇ ਵਿੱਚੋਂ ਚੀਜ਼ਾਂ ਕਿਉਂ ਕੱਢਦਾ ਹੈ?
7 ਉਹ ਆਪਣੀਆਂ ਚੀਜ਼ਾਂ ਦਾ ਦਿਖਾਵਾ ਨਹੀਂ ਕਰਦਾ ਜਿੱਦਾਂ ਇਕ ਵਾਰ ਰਾਜਾ ਹਿਜ਼ਕੀਯਾਹ ਨੇ ਕੀਤਾ ਸੀ ਅਤੇ ਜਿਸ ਕਰਕੇ ਉਸ ਨੂੰ ਬੁਰੇ ਅੰਜਾਮ ਭੁਗਤਣੇ ਪਏ ਸਨ। (2 ਰਾਜਿਆਂ 20:13-20) ਤਾਂ ਫਿਰ ਘਰ ਦਾ ਮਾਲਕ ਆਪਣੀਆਂ ਚੀਜ਼ਾਂ ਕਿਉਂ ਕੱਢਦਾ ਹੈ? ਇਕ ਮਿਸਾਲ ʼਤੇ ਗੌਰ ਕਰੋ: ਤੁਸੀਂ ਆਪਣੇ ਟੀਚਰ ਨੂੰ ਉਸ ਦੇ ਘਰ ਮਿਲਣ ਜਾਂਦੇ ਹੋ। ਉਹ ਦਰਾਜ਼ ਵਿੱਚੋਂ ਆਪਣੇ ਪਿਤਾ ਵੱਲੋਂ ਲਿਖੀਆਂ ਦੋ ਚਿੱਠੀਆਂ ਕੱਢਦਾ ਹੈ। ਇਕ ਪੁਰਾਣੀ ਜੋ ਉਸ ਨੂੰ ਛੋਟੇ ਹੁੰਦਿਆਂ ਮਿਲੀ ਸੀ ਅਤੇ ਦੂਜੀ ਹੁਣੇ-ਹੁਣੇ ਆਈ। ਉਹ ਦੱਸਦਾ ਹੈ ਕਿ ਇਹ ਚਿੱਠੀਆਂ ਉਸ ਲਈ ਕਿੰਨੀਆਂ ਕੀਮਤੀ ਹਨ। ਇਨ੍ਹਾਂ ਵਿਚ ਲਿਖੀ ਉਸ ਦੇ ਪਿਤਾ ਦੀ ਸਲਾਹ ਨੇ ਉਸ ਦੀ ਜ਼ਿੰਦਗੀ ʼਤੇ ਬਹੁਤ ਵੱਡਾ ਅਸਰ ਪਾਇਆ ਹੈ ਅਤੇ ਇਹ ਸਲਾਹ ਤੁਹਾਡੀ ਵੀ ਮਦਦ ਕਰ ਸਕਦੀ ਹੈ। ਉਹ ਤੁਹਾਨੂੰ ਇਹ ਚਿੱਠੀਆਂ ਸ਼ੇਖ਼ੀ ਮਾਰਨ ਜਾਂ ਆਪਣੇ ਫ਼ਾਇਦੇ ਲਈ ਨਹੀਂ ਦਿਖਾਉਂਦਾ, ਸਗੋਂ ਤੁਹਾਡੇ ਫ਼ਾਇਦੇ ਲਈ ਦਿਖਾਉਂਦਾ ਹੈ। ਉਹ ਤੁਹਾਨੂੰ ਅਹਿਸਾਸ ਦਿਵਾਉਣਾ ਚਾਹੁੰਦਾ ਹੈ ਕਿ ਇਹ ਚਿੱਠੀਆਂ ਉਸ ਨੂੰ ਕਿੰਨੀਆਂ ਪਿਆਰੀਆਂ ਹਨ।—ਲੂਕਾ 6:45.
8. ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਸਾਡੇ ਲਈ ਇਕ ਖ਼ਜ਼ਾਨਾ ਕਿਉਂ ਹਨ?
8 ਮਹਾਨ ਸਿੱਖਿਅਕ ਯਿਸੂ ਵੀ ਆਪਣੇ ਪਿਤਾ ਤੋਂ ਸਿੱਖੀਆਂ ਗੱਲਾਂ ਨੂੰ ਬੇਸ਼ਕੀਮਤੀ ਖ਼ਜ਼ਾਨਾ ਸਮਝਦਾ ਸੀ। ਉਹ ਇਨ੍ਹਾਂ ਗੱਲਾਂ ਦੀ ਬਹੁਤ ਕਦਰ ਕਰਦਾ ਸੀ ਅਤੇ ਇਨ੍ਹਾਂ ਨੂੰ ਲੋਕਾਂ ਨਾਲ ਸਾਂਝਿਆਂ ਕਰਨ ਲਈ ਬੇਤਾਬ ਸੀ। ਉਹ ਚਾਹੁੰਦਾ ਸੀ ਕਿ “ਹਰ ਸਿੱਖਿਅਕ” ਯਾਨੀ ਉਸ ਦੇ ਸਾਰੇ ਚੇਲੇ ਇਨ੍ਹਾਂ ਗੱਲਾਂ ਨੂੰ ਕੀਮਤੀ ਸਮਝਣ। ਕੀ ਅਸੀਂ ਵੀ ਪਰਮੇਸ਼ੁਰ ਦੇ ਬਚਨ ਤੋਂ ਸਿੱਖੀ ਹਰ ਗੱਲ ਬਾਰੇ ਇੱਦਾਂ ਮਹਿਸੂਸ ਕਰਦੇ ਹਾਂ? ਚਾਹੇ ਇਹ ਗੱਲਾਂ ਅਸੀਂ ਬਹੁਤ ਚਿਰ ਪਹਿਲਾਂ ਸਿੱਖੀਆਂ ਸਨ ਜਾਂ ਹੁਣੇ-ਹੁਣੇ ਕਿਸੇ ਗੱਲ ਬਾਰੇ ਸਾਨੂੰ ਕੋਈ ਨਵੀਂ ਸਮਝ ਮਿਲੀ ਹੈ, ਇਹ ਸਾਰੀਆਂ ਗੱਲਾਂ ਸਾਡੇ ਲਈ ਅਨਮੋਲ ਖ਼ਜ਼ਾਨਾ ਹਨ। ਸਾਨੂੰ ਯਹੋਵਾਹ ਦੀ ਸਿੱਖਿਆ ਲਈ ਆਪਣੇ ਪਿਆਰ ਨੂੰ ਬਰਕਰਾਰ ਰੱਖਣ ਦੀ ਲੋੜ ਹੈ ਅਤੇ ਸਿੱਖੀਆਂ ਗੱਲਾਂ ਜੋਸ਼ ਨਾਲ ਦੂਜਿਆਂ ਨੂੰ ਦੱਸਣੀਆਂ ਚਾਹੀਦੀਆਂ ਹਨ। ਜੇ ਅਸੀਂ ਇੱਦਾਂ ਕਰਾਂਗੇ, ਤਾਂ ਅਸੀਂ ਲੋਕਾਂ ਦੀ ਮਦਦ ਕਰ ਸਕਾਂਗੇ ਤਾਂਕਿ ਉਹ ਵੀ ਯਿਸੂ ਵਾਂਗ ਇਨ੍ਹਾਂ ਗੱਲਾਂ ਦੀ ਕਦਰ ਕਰਨ।
9. (ੳ) ਯਿਸੂ ਲੋਕਾਂ ਬਾਰੇ ਕਿਵੇਂ ਮਹਿਸੂਸ ਕਰਦਾ ਸੀ? (ਅ) ਅਸੀਂ ਯਿਸੂ ਵਾਂਗ ਲੋਕਾਂ ਵਿਚ ਦਿਲਚਸਪੀ ਕਿਵੇਂ ਲੈ ਸਕਦੇ ਹਾਂ?
9 ਯਿਸੂ ਲੋਕਾਂ ਨੂੰ ਸਿਖਾਉਂਦਾ ਸੀ ਕਿਉਂਕਿ ਉਹ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਸੀ। ਅਸੀਂ ਇਸ ਬਾਰੇ ਤੀਜੇ ਭਾਗ ਵਿਚ ਹੋਰ ਸਿੱਖਾਂਗੇ। ਮਸੀਹ ਬਾਰੇ ਇਹ ਭਵਿੱਖਬਾਣੀ ਕੀਤੀ ਗਈ ਸੀ ਕਿ “ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ।” (ਜ਼ਬੂਰਾਂ ਦੀ ਪੋਥੀ 72:13) ਵਾਕਈ ਯਿਸੂ ਨੂੰ ਲੋਕਾਂ ਦਾ ਬਹੁਤ ਫ਼ਿਕਰ ਸੀ। ਉਹ ਉਨ੍ਹਾਂ ਦੇ ਵਿਚਾਰਾਂ ਅਤੇ ਜਜ਼ਬਾਤਾਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਉਹ ਜਾਣਦਾ ਸੀ ਕਿ ਉਨ੍ਹਾਂ ਦੇ ਮਨਾਂ ʼਤੇ ਕਿਨ੍ਹਾਂ ਗੱਲਾਂ ਦਾ ਬੋਝ ਸੀ ਅਤੇ ਉਨ੍ਹਾਂ ਲਈ ਸੱਚਾਈ ਸਮਝਣੀ ਇੰਨੀ ਔਖੀ ਕਿਉਂ ਸੀ। (ਮੱਤੀ 11:28; 16:13; 23:13, 15) ਮਿਸਾਲ ਲਈ, ਉਸ ਸਾਮਰੀ ਤੀਵੀਂ ਬਾਰੇ ਸੋਚੋ। ਇਸ ਗੱਲ ਨੇ ਉਸ ਦੇ ਦਿਲ ਨੂੰ ਬਹੁਤ ਛੋਹਿਆ ਹੋਣਾ ਕਿ ਯਿਸੂ ਨੇ ਉਸ ਨਾਲ ਗੱਲਬਾਤ ਕੀਤੀ। ਉਸ ਨੇ ਯਿਸੂ ਨੂੰ ਨਬੀ ਸਮਝਿਆ ਕਿਉਂਕਿ ਉਹ ਉਸ ਦੀ ਜ਼ਿੰਦਗੀ ਬਾਰੇ ਬਹੁਤ ਕੁਝ ਜਾਣਦਾ ਸੀ। ਫਿਰ ਉਸ ਨੇ ਹੋਰਨਾਂ ਨੂੰ ਵੀ ਯਿਸੂ ਬਾਰੇ ਦੱਸਿਆ। (ਯੂਹੰਨਾ 4:16-19, 39) ਇਹ ਸੱਚ ਹੈ ਕਿ ਅਸੀਂ ਇਹ ਨਹੀਂ ਜਾਣਦੇ ਕਿ ਲੋਕਾਂ ਦੇ ਦਿਲਾਂ ਵਿਚ ਕੀ ਹੈ। ਪਰ ਯਿਸੂ ਵਾਂਗ ਅਸੀਂ ਲੋਕਾਂ ਵਿਚ ਦਿਲਚਸਪੀ ਜ਼ਰੂਰ ਲੈ ਸਕਦੇ ਹਾਂ। ਨਾਲੇ ਅਸੀਂ ਦਿਖਾ ਸਕਦੇ ਹਾਂ ਕਿ ਸਾਨੂੰ ਉਨ੍ਹਾਂ ਦੀ ਪਰਵਾਹ ਹੈ ਅਤੇ ਅਸੀਂ ਉਸ ਵਿਸ਼ੇ ʼਤੇ ਗੱਲ ਕਰ ਸਕਦੇ ਹਾਂ ਜਿਸ ਬਾਰੇ ਉਹ ਗੱਲ ਕਰਨੀ ਚਾਹੁੰਦੇ ਹਨ। ਅਸੀਂ ਉਨ੍ਹਾਂ ਦੀਆਂ ਲੋੜਾਂ ਮੁਤਾਬਕ ਆਪਣੀ ਗੱਲਬਾਤ ਢਾਲ਼ ਸਕਦੇ ਹਾਂ।
ਯਿਸੂ ਨੇ ਕਿਸ ਬਾਰੇ ਪ੍ਰਚਾਰ ਕੀਤਾ
10, 11. (ੳ) ਯਿਸੂ ਨੇ ਕਿਸ ਬਾਰੇ ਪ੍ਰਚਾਰ ਕੀਤਾ ਸੀ? (ਅ) ਪਰਮੇਸ਼ੁਰ ਦੇ ਰਾਜ ਦੀ ਕਿਉਂ ਲੋੜ ਪਈ?
10 ਯਿਸੂ ਨੇ ਕਿਸ ਬਾਰੇ ਪ੍ਰਚਾਰ ਕੀਤਾ ਸੀ? ਚਰਚ ਜਾਣ ਵਾਲੇ ਲੋਕ ਯਿਸੂ ਨੂੰ ਮੰਨਣ ਦਾ ਦਾਅਵਾ ਕਰਦੇ ਹਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਸ਼ਾਇਦ ਲੱਗੇ ਕਿ ਯਿਸੂ ਸਮਾਜ ਦੀਆਂ ਮੁਸ਼ਕਲਾਂ ਹੱਲ ਕਰਨ ਆਇਆ ਸੀ ਜਾਂ ਸਿਆਸੀ ਮਾਮਲਿਆਂ ਵਿਚ ਸੁਧਾਰ ਕਰਨ ਆਇਆ ਸੀ। ਜਾਂ ਸ਼ਾਇਦ ਲੱਗੇ ਕਿ ਯਿਸੂ ਨੇ ਇਹ ਸਿਖਾਇਆ ਸੀ ਕਿ ਇਨਸਾਨਾਂ ਲਈ ਮੁਕਤੀ ਪਾਉਣੀ ਸਭ ਤੋਂ ਜ਼ਰੂਰੀ ਗੱਲ ਹੈ। ਪਰ ਜਿਵੇਂ ਅਸੀਂ ਪਹਿਲਾਂ ਦੇਖਿਆ ਸੀ, ਯਿਸੂ ਨੇ ਸਾਫ਼-ਸਾਫ਼ ਕਿਹਾ ਸੀ ਕਿ ਉਹ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਆਇਆ ਸੀ। ਇਸ ਵਿਚ ਕੀ-ਕੀ ਸ਼ਾਮਲ ਸੀ?
11 ਯਾਦ ਕਰੋ ਕਿ ਯਿਸੂ ਸਵਰਗ ਵਿਚ ਸੀ ਜਦੋਂ ਸ਼ੈਤਾਨ ਨੇ ਯਹੋਵਾਹ ਦੀ ਹਕੂਮਤ ਬਾਰੇ ਸਵਾਲ ਖੜ੍ਹਾ ਕੀਤਾ ਸੀ। ਯਿਸੂ ਨੂੰ ਕਿੰਨਾ ਦੁੱਖ ਹੋਇਆ ਹੋਣਾ ਜਦੋਂ ਉਸ ਦੇ ਪਿਤਾ ਦੇ ਨਾਂ ਨੂੰ ਬਦਨਾਮ ਕੀਤਾ ਗਿਆ ਅਤੇ ਉਸ ਦੇ ਪਿਤਾ ʼਤੇ ਇਹ ਦੋਸ਼ ਲਾਇਆ ਗਿਆ ਕਿ ਉਹ ਬੇਰਹਿਮ ਹਾਕਮ ਹੈ ਜੋ ਆਪਣੇ ਸੇਵਕਾਂ ਤੋਂ ਚੰਗੀਆਂ ਚੀਜ਼ਾਂ ਲੁਕਾ ਕੇ ਰੱਖਦਾ ਹੈ! ਨਾਲੇ ਸੋਚੋ ਕਿ ਯਿਸੂ ਦੇ ਦਿਲ ʼਤੇ ਕੀ ਬੀਤੀ ਹੋਣੀ ਜਦੋਂ ਆਦਮ ਤੇ ਹੱਵਾਹ ਵੀ ਸ਼ੈਤਾਨ ਦੀਆਂ ਗੱਲਾਂ ਵਿਚ ਆ ਗਏ! ਯਿਸੂ ਨੇ ਇਹ ਵੀ ਦੇਖਿਆ ਕਿ ਪਰਮੇਸ਼ੁਰ ਖ਼ਿਲਾਫ਼ ਆਦਮ ਤੇ ਹੱਵਾਹ ਦੀ ਬਗਾਵਤ ਕਰਕੇ ਸਾਰੇ ਇਨਸਾਨ ਪਾਪ ਅਤੇ ਮੌਤ ਦੇ ਸ਼ਿਕੰਜੇ ਵਿਚ ਫਸ ਗਏ। (ਰੋਮੀਆਂ 5:12) ਪਰ ਉਸ ਨੂੰ ਇਹ ਜਾਣ ਕੇ ਕਿੰਨੀ ਖ਼ੁਸ਼ੀ ਹੋਈ ਹੋਣੀ ਕਿ ਪਰਮੇਸ਼ੁਰ ਆਪਣੇ ਰਾਜ ਦੇ ਜ਼ਰੀਏ ਇਕ ਦਿਨ ਸਾਰੀਆਂ ਮੁਸ਼ਕਲਾਂ ਹੱਲ ਕਰੇਗਾ!
12, 13. ਪਰਮੇਸ਼ੁਰ ਦਾ ਰਾਜ ਕਿਨ੍ਹਾਂ ਮਸਲਿਆਂ ਨੂੰ ਹੱਲ ਕਰੇਗਾ ਅਤੇ ਸਾਨੂੰ ਕਿਵੇਂ ਪਤਾ ਹੈ ਕਿ ਯਿਸੂ ਨੇ ਆਪਣਾ ਧਿਆਨ ਰਾਜ ਦਾ ਪ੍ਰਚਾਰ ਕਰਨ ʼਤੇ ਲਾਈ ਰੱਖਿਆ?
12 ਕਿਹੜਾ ਮਸਲਾ ਸੁਲਝਾਉਣਾ ਸਭ ਤੋਂ ਜ਼ਰੂਰੀ ਸੀ? ਸ਼ੈਤਾਨ ਅਤੇ ਉਸ ਦਾ ਸਾਥ ਦੇਣ ਵਾਲਿਆਂ ਨੇ ਯਹੋਵਾਹ ਦੇ ਪਵਿੱਤਰ ਨਾਂ ʼਤੇ ਕਲੰਕ ਲਾਇਆ ਸੀ। ਇਸ ਕਲੰਕ ਨੂੰ ਮਿਟਾਉਣਾ ਸਭ ਤੋਂ ਜ਼ਰੂਰੀ ਗੱਲ ਸੀ! ਨਾਲੇ ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਸਹੀ ਸਾਬਤ ਕਰਨ ਦੀ ਲੋੜ ਸੀ। ਯਿਸੂ ਇਨ੍ਹਾਂ ਮਾਮਲਿਆਂ ਨੂੰ ਕਿਸੇ ਹੋਰ ਇਨਸਾਨ ਨਾਲੋਂ ਬਿਹਤਰ ਸਮਝਦਾ ਸੀ। ਜਦੋਂ ਉਸ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ, ਤਾਂ ਉਸ ਨੇ ਇਨ੍ਹਾਂ ਗੱਲਾਂ ʼਤੇ ਜ਼ੋਰ ਦਿੱਤਾ: ਪਰਮੇਸ਼ੁਰ ਦਾ ਨਾਂ ਪਵਿੱਤਰ ਕੀਤਾ ਜਾਵੇ, ਉਸ ਦਾ ਰਾਜ ਆਵੇ ਅਤੇ ਧਰਤੀ ਉੱਤੇ ਉਸ ਦੀ ਇੱਛਾ ਪੂਰੀ ਹੋਵੇ। (ਮੱਤੀ 6:9, 10) ਯਿਸੂ ਮਸੀਹ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਬਹੁਤ ਜਲਦੀ ਸ਼ੈਤਾਨ ਦੀ ਬੁਰੀ ਦੁਨੀਆਂ ਦਾ ਖ਼ਾਤਮਾ ਕਰੇਗਾ ਅਤੇ ਯਹੋਵਾਹ ਦੇ ਰਾਜ ਨੂੰ ਹਮੇਸ਼ਾ ਲਈ ਬੁਲੰਦ ਕਰੇਗਾ।—ਦਾਨੀਏਲ 2:44.
13 ਯਿਸੂ ਨੇ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕੀਤਾ ਸੀ। ਉਸ ਨੇ ਆਪਣੇ ਸ਼ਬਦਾਂ ਅਤੇ ਕੰਮਾਂ ਰਾਹੀਂ ਸਮਝਾਇਆ ਕਿ ਇਹ ਰਾਜ ਕੀ ਹੈ ਅਤੇ ਇਸ ਦੇ ਅਧੀਨ ਯਹੋਵਾਹ ਦਾ ਮਕਸਦ ਕਿਵੇਂ ਪੂਰਾ ਹੋਵੇਗਾ। ਇਸ ਰਾਜ ਦਾ ਪ੍ਰਚਾਰ ਕਰਨਾ ਜ਼ਰੂਰੀ ਸੀ ਅਤੇ ਇਸ ਕੰਮ ਤੋਂ ਯਿਸੂ ਦਾ ਧਿਆਨ ਕਦੀ ਨਹੀਂ ਭਟਕਿਆ। ਉਸ ਸਮੇਂ ਸਮਾਜ ਵਿਚ ਕਈ ਮਸਲੇ ਸਨ ਅਤੇ ਲੋਕਾਂ ਨਾਲ ਬਹੁਤ ਬੇਇਨਸਾਫ਼ੀ ਹੋ ਰਹੀ ਸੀ, ਪਰ ਯਿਸੂ ਨੇ ਆਪਣਾ ਸਾਰਾ ਧਿਆਨ ਆਪਣਾ ਸੰਦੇਸ਼ ਸੁਣਾਉਣ ਵਿਚ ਲਾਇਆ। ਕੀ ਇਸ ਦਾ ਮਤਲਬ ਇਹ ਸੀ ਕਿ ਉਹ ਸਿਰਫ਼ ਪਰਮੇਸ਼ੁਰ ਦੇ ਰਾਜ ਬਾਰੇ ਹੀ ਗੱਲਾਂ ਕਰਦਾ ਸੀ? ਕੀ ਉਸ ਦੀਆਂ ਗੱਲਾਂ ਰਟੀਆਂ-ਰਟਾਈਆਂ ਸਨ? ਕੀ ਲੋਕ ਉਸ ਨੂੰ ਸੁਣ-ਸੁਣ ਕੇ ਅੱਕ ਜਾਂਦੇ ਸਨ? ਬਿਲਕੁਲ ਨਹੀਂ!
14, 15. (ੳ) ਯਿਸੂ ‘ਸੁਲੇਮਾਨ ਨਾਲੋਂ ਵੀ ਮਹਾਨ’ ਕਿਵੇਂ ਸਾਬਤ ਹੋਇਆ? (ਅ) ਪ੍ਰਚਾਰ ਕਰਦਿਆਂ ਅਸੀਂ ਯਿਸੂ ਦੇ ਨਕਸ਼ੇ-ਕਦਮਾਂ ʼਤੇ ਕਿਵੇਂ ਚੱਲ ਸਕਦੇ ਹਾਂ?
14 ਅਸੀਂ ਇਸ ਭਾਗ ਵਿਚ ਦੇਖਾਂਗੇ ਕਿ ਯਿਸੂ ਨੇ ਲੋਕਾਂ ਨੂੰ ਦਿਲਚਸਪ ਅਤੇ ਦਮਦਾਰ ਤਰੀਕੇ ਨਾਲ ਸਿਖਾਇਆ ਸੀ। ਉਸ ਨੇ ਆਪਣੀਆਂ ਗੱਲਾਂ ਨਾਲ ਲੋਕਾਂ ਦੇ ਦਿਲਾਂ ਨੂੰ ਛੋਹਿਆ। ਯਾਦ ਕਰੋ ਕਿ ਰਾਜਾ ਸੁਲੇਮਾਨ ਨੇ ਵੀ ਯਹੋਵਾਹ ਦੀਆਂ ਗੱਲਾਂ ਲਿਖਣ ਲਈ ਮਨਭਾਉਂਦੇ ਤੇ ਸਹੀ ਸ਼ਬਦਾਂ ਦੀ ਖੋਜ ਕੀਤੀ ਸੀ। (ਉਪਦੇਸ਼ਕ ਦੀ ਪੋਥੀ 12:10) ਯਹੋਵਾਹ ਨੇ ਉਸ ਨਾਮੁਕੰਮਲ ਆਦਮੀ ਨੂੰ “ਖੁੱਲਾ ਮਨ” ਯਾਨੀ ਬਹੁਤ ਗਿਆਨ ਦਿੱਤਾ ਸੀ ਜਿਸ ਕਰਕੇ ਉਹ ਪੰਛੀਆਂ, ਮੱਛੀਆਂ, ਦਰਖ਼ਤਾਂ ਤੇ ਜਾਨਵਰਾਂ ਵਰਗੇ ਵੱਖੋ-ਵੱਖਰੇ ਵਿਸ਼ਿਆਂ ਬਾਰੇ ਗੱਲ ਕਰ ਸਕਿਆ। ਦੂਰੋਂ-ਦੂਰੋਂ ਲੋਕ ਸੁਲੇਮਾਨ ਦੀਆਂ ਗੱਲਾਂ ਸੁਣਨ ਆਉਂਦੇ ਸਨ। (1 ਰਾਜਿਆਂ 4:29-34) ਪਰ ਯਿਸੂ ‘ਸੁਲੇਮਾਨ ਨਾਲੋਂ ਵੀ ਮਹਾਨ’ ਸੀ। (ਮੱਤੀ 12:42) ਯਿਸੂ ਕੋਲ ਸੁਲੇਮਾਨ ਨਾਲੋਂ ਜ਼ਿਆਦਾ ਗਿਆਨ ਸੀ ਇਸ ਲਈ ਉਹ ਉਸ ਨਾਲੋਂ ਜ਼ਿਆਦਾ ਬੁੱਧੀਮਾਨ ਸੀ। ਲੋਕਾਂ ਨੂੰ ਸਿਖਾਉਂਦੇ ਵੇਲੇ ਯਿਸੂ, ਪਰਮੇਸ਼ੁਰ ਦੇ ਬਚਨ, ਪੰਛੀਆਂ, ਜਾਨਵਰਾਂ, ਮੱਛੀਆਂ, ਖੇਤੀ-ਬਾੜੀ ਅਤੇ ਮੌਸਮ ਦੇ ਨਾਲ-ਨਾਲ ਉਸ ਸਮੇਂ ਤੇ ਬੀਤੇ ਸਮੇਂ ਵਿਚ ਵਾਪਰੀਆਂ ਘਟਨਾਵਾਂ ਅਤੇ ਸਮਾਜ ਦੇ ਹਾਲਾਤਾਂ ਬਾਰੇ ਵੀ ਗੱਲਾਂ ਕਰਦਾ ਸੀ। ਪਰ ਉਸ ਨੇ ਲੋਕਾਂ ਦੀ ਵਾਹ-ਵਾਹ ਖੱਟਣ ਲਈ ਕਦੀ ਆਪਣੇ ਗਿਆਨ ਦਾ ਦਿਖਾਵਾ ਨਹੀਂ ਕੀਤਾ। ਉਸ ਦਾ ਸੰਦੇਸ਼ ਸਾਫ਼ ਤੇ ਸਮਝਣ ਵਿਚ ਸੌਖਾ ਸੀ। ਤਾਹੀਓਂ ਲੋਕ ਉਸ ਦੀਆਂ ਗੱਲਾਂ ਨੂੰ ਸੁਣ ਕੇ ਆਨੰਦ ਮਾਣਦੇ ਸਨ!—ਮਰਕੁਸ 12:37; ਲੂਕਾ 19:48.
15 ਅੱਜ ਮਸੀਹੀ ਯਿਸੂ ਦੇ ਨਕਸ਼ੇ-ਕਦਮਾਂ ʼਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ। ਹਾਲਾਂਕਿ ਸਾਡੇ ਕੋਲ ਯਿਸੂ ਜਿੰਨਾ ਗਿਆਨ ਤੇ ਬੁੱਧ ਨਹੀਂ ਹੈ, ਪਰ ਸਾਡੇ ਸਾਰਿਆਂ ਕੋਲ ਥੋੜ੍ਹਾ-ਬਹੁਤਾ ਗਿਆਨ ਤੇ ਤਜਰਬਾ ਜ਼ਰੂਰ ਹੈ ਜਿਸ ਨੂੰ ਅਸੀਂ ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਸਿਖਾਉਂਦਿਆਂ ਵਰਤ ਸਕਦੇ ਹਾਂ। ਮਿਸਾਲ ਲਈ, ਮਾਪੇ ਬੱਚਿਆਂ ਦੀ ਪਰਵਰਿਸ਼ ਕਰਨ ਦੇ ਆਪਣੇ ਤਜਰਬੇ ਤੋਂ ਸਮਝਾ ਸਕਦੇ ਹਨ ਕਿ ਸਾਡਾ ਪਿਤਾ ਯਹੋਵਾਹ ਸਾਨੂੰ ਕਿੰਨਾ ਪਿਆਰ ਕਰਦਾ ਹੈ। ਅਸੀਂ ਆਪਣੀ ਨੌਕਰੀ, ਸਕੂਲ, ਲੋਕਾਂ ਬਾਰੇ ਆਪਣੇ ਗਿਆਨ ਅਤੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਤੋਂ ਮਿਸਾਲਾਂ ਦੇ ਕੇ ਲੋਕਾਂ ਨੂੰ ਸਿਖਾ ਸਕਦੇ ਹਾਂ। ਪਰ ਸਾਨੂੰ ਆਪਣੀਆਂ ਗੱਲਾਂ ਵੱਲ ਨਹੀਂ, ਸਗੋਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਵੱਲ ਲੋਕਾਂ ਦਾ ਧਿਆਨ ਖਿੱਚਣਾ ਚਾਹੀਦਾ ਹੈ।—1 ਤਿਮੋਥਿਉਸ 4:16.
ਪ੍ਰਚਾਰ ਬਾਰੇ ਯਿਸੂ ਦਾ ਨਜ਼ਰੀਆ
16, 17. (ੳ) ਪ੍ਰਚਾਰ ਬਾਰੇ ਯਿਸੂ ਦਾ ਕੀ ਨਜ਼ਰੀਆ ਸੀ? (ਅ) ਯਿਸੂ ਨੇ ਆਪਣਾ ਪੂਰਾ ਧਿਆਨ ਪ੍ਰਚਾਰ ਕਰਨ ਵਿਚ ਕਿਵੇਂ ਲਾਇਆ?
16 ਯਿਸੂ ਆਪਣੀ ਸੇਵਕਾਈ ਨੂੰ ਇਕ ਅਨਮੋਲ ਖ਼ਜ਼ਾਨਾ ਸਮਝਦਾ ਸੀ। ਲੋਕਾਂ ਨੂੰ ਆਪਣੇ ਸਵਰਗੀ ਪਿਤਾ ਬਾਰੇ ਸਿਖਾ ਕੇ ਯਿਸੂ ਨੂੰ ਬਹੁਤ ਖ਼ੁਸ਼ੀ ਹੁੰਦੀ ਸੀ। ਇਨਸਾਨਾਂ ਦੀਆਂ ਸਿੱਖਿਆਵਾਂ ਤੇ ਰੀਤਾਂ-ਰਿਵਾਜਾਂ ਕਰਕੇ ਲੋਕ ਪਰਮੇਸ਼ੁਰ ਬਾਰੇ ਸੱਚਾਈ ਨਹੀਂ ਜਾਣਦੇ ਸਨ। ਇਸ ਲਈ ਉਹ ਲੋਕਾਂ ਦੀ ਮਦਦ ਕਰਨੀ ਚਾਹੁੰਦਾ ਸੀ ਤਾਂਕਿ ਉਹ ਯਹੋਵਾਹ ਨਾਲ ਰਿਸ਼ਤਾ ਜੋੜ ਸਕਣ ਅਤੇ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਪਾ ਸਕਣ। ਉਹ ਬੜੇ ਚਾਅ ਨਾਲ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦਾ ਸੀ ਜਿਸ ਨਾਲ ਉਨ੍ਹਾਂ ਨੂੰ ਦਿਲਾਸਾ ਤੇ ਖ਼ੁਸ਼ੀ ਮਿਲਦੀ ਸੀ। ਇਹ ਅਸੀਂ ਕਿਵੇਂ ਜਾਣਦੇ ਹਾਂ? ਜ਼ਰਾ ਤਿੰਨ ਗੱਲਾਂ ʼਤੇ ਗੌਰ ਕਰੋ।
17 ਪਹਿਲੀ ਗੱਲ, ਯਿਸੂ ਨੇ ਆਪਣਾ ਪੂਰਾ ਧਿਆਨ ਪ੍ਰਚਾਰ ਕਰਨ ਵਿਚ ਲਾਇਆ। ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨਾ ਹੀ ਉਸ ਦੀ ਜ਼ਿੰਦਗੀ ਦਾ ਮਕਸਦ ਸੀ। ਇਸੇ ਲਈ ਉਸ ਨੇ ਆਪਣੀ ਜ਼ਿੰਦਗੀ ਸਾਦੀ ਰੱਖ ਕੇ ਸਮਝਦਾਰੀ ਦਿਖਾਈ, ਜਿਵੇਂ ਅਸੀਂ ਪੰਜਵੇਂ ਅਧਿਆਇ ਵਿਚ ਸਿੱਖਿਆ ਸੀ। ਉਸ ਨੇ ਆਪਣਾ ਧਿਆਨ ਜ਼ਰੂਰੀ ਗੱਲਾਂ ʼਤੇ ਲਾਈ ਰੱਖਿਆ ਅਤੇ ਦੂਜਿਆਂ ਨੂੰ ਵੀ ਇਸੇ ਤਰ੍ਹਾਂ ਕਰਨ ਲਈ ਕਿਹਾ। ਉਸ ਨੇ ਬਹੁਤ ਸਾਰੀਆਂ ਚੀਜ਼ਾਂ ਇਕੱਠੀਆਂ ਕਰਨ ਵਿਚ ਆਪਣਾ ਸਮਾਂ ਬਰਬਾਦ ਨਹੀਂ ਕੀਤਾ ਕਿਉਂਕਿ ਉਹ ਜਾਣਦਾ ਸੀ ਕਿ ਇਨ੍ਹਾਂ ਨੂੰ ਖ਼ਰੀਦਣ ਤੇ ਇਨ੍ਹਾਂ ਦੀ ਸਾਂਭ-ਸੰਭਾਲ ਕਰਨ ਲਈ ਪੈਸੇ ਦੀ ਲੋੜ ਹੁੰਦੀ ਹੈ। ਜੀ ਹਾਂ, ਉਹ ਸਾਦੀ ਜ਼ਿੰਦਗੀ ਜੀ ਕੇ ਖ਼ੁਸ਼ ਸੀ ਕਿਉਂਕਿ ਇਸ ਤਰ੍ਹਾਂ ਉਹ ਆਪਣਾ ਪੂਰਾ ਧਿਆਨ ਪ੍ਰਚਾਰ ਵਿਚ ਲਗਾ ਸਕਿਆ।—ਮੱਤੀ 6:22; 8:20.
18. ਯਿਸੂ ਨੇ ਪੂਰੀ ਵਾਹ ਲਾ ਕੇ ਕਿਵੇਂ ਪ੍ਰਚਾਰ ਕੀਤਾ?
18 ਦੂਜੀ ਗੱਲ, ਯਿਸੂ ਨੇ ਪੂਰੀ ਵਾਹ ਲਾ ਕੇ ਪ੍ਰਚਾਰ ਕੀਤਾ। ਯਿਸੂ ਨੇ ਇਜ਼ਰਾਈਲ ਦੇਸ਼ ਵਿਚ ਸੈਂਕੜੇ ਕਿਲੋਮੀਟਰ ਪੈਦਲ ਚੱਲ ਕੇ ਨੇਕਦਿਲ ਲੋਕਾਂ ਨੂੰ ਲੱਭਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਤਾਂਕਿ ਉਹ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਸੁਣਾ ਸਕੇ। ਉਹ ਘਰਾਂ, ਚੌਂਕਾਂ, ਬਾਜ਼ਾਰਾਂ ਅਤੇ ਖੁੱਲ੍ਹੀਆਂ ਥਾਵਾਂ ʼਤੇ ਜਾ ਕੇ ਲੋਕਾਂ ਨਾਲ ਗੱਲ ਕਰਦਾ ਸੀ। ਉਸ ਨੇ ਉਦੋਂ ਵੀ ਲੋਕਾਂ ਲਈ ਸਮਾਂ ਕੱਢਿਆ ਜਦੋਂ ਉਹ ਥੱਕਿਆ ਜਾਂ ਭੁੱਖਾ-ਪਿਆਸਾ ਹੁੰਦਾ ਸੀ ਜਾਂ ਆਪਣੇ ਦੋਸਤਾਂ ਨਾਲ ਆਰਾਮ ਕਰਨਾ ਚਾਹੁੰਦਾ ਸੀ। ਸੂਲ਼ੀ ʼਤੇ ਦਮ ਤੋੜਦਿਆਂ ਵੀ ਉਹ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਬਾਰੇ ਹੋਰਨਾਂ ਨੂੰ ਦੱਸਦਾ ਰਿਹਾ!—ਲੂਕਾ 23:39-43.
19, 20. ਯਿਸੂ ਨੇ ਕਿਹੜੀ ਉਦਾਹਰਣ ਦੇ ਕੇ ਪ੍ਰਚਾਰ ਦੀ ਅਹਿਮੀਅਤ ਸਮਝਾਈ?
19 ਤੀਜੀ ਗੱਲ, ਯਿਸੂ ਲਈ ਪ੍ਰਚਾਰ ਦਾ ਕੰਮ ਸਭ ਤੋਂ ਜ਼ਰੂਰੀ ਸੀ। ਸਾਮਰੀ ਤੀਵੀਂ ਨਾਲ ਹੋਈ ਯਿਸੂ ਦੀ ਗੱਲਬਾਤ ਬਾਰੇ ਜ਼ਰਾ ਫਿਰ ਤੋਂ ਸੋਚੋ। ਲੱਗਦਾ ਹੈ ਕਿ ਉਸ ਸਮੇਂ ਤੇ ਰਸੂਲਾਂ ਨੇ ਦੂਜਿਆਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਇੰਨਾ ਜ਼ਰੂਰੀ ਨਹੀਂ ਸਮਝਿਆ। ਯਿਸੂ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਸੀਂ ਨਹੀਂ ਕਹਿੰਦੇ ਕਿ ਵਾਢੀ ਨੂੰ ਅਜੇ ਚਾਰ ਮਹੀਨੇ ਪਏ ਹਨ? ਪਰ ਦੇਖੋ! ਮੈਂ ਤੁਹਾਨੂੰ ਕਹਿੰਦਾ ਹਾਂ: ਆਪਣੀਆਂ ਨਜ਼ਰਾਂ ਚੁੱਕ ਕੇ ਖੇਤਾਂ ਨੂੰ ਦੇਖੋ ਕਿ ਫ਼ਸਲ ਵਾਢੀ ਲਈ ਪੱਕ ਚੁੱਕੀ ਹੈ।”—ਯੂਹੰਨਾ 4:35.
20 ਯਿਸੂ ਨੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਵਾਢੀ ਦੀ ਉਦਾਹਰਣ ਦਿੱਤੀ ਸੀ। ਉਸ ਵੇਲੇ ਕਿਸਲੇਵ (ਨਵੰਬਰ/ਦਸੰਬਰ) ਦਾ ਮਹੀਨਾ ਸੀ। ਜੌਆਂ ਦੀ ਵਾਢੀ ਲਗਭਗ ਪਸਾਹ ਦੇ ਤਿਉਹਾਰ ਸਮੇਂ ਹੁੰਦੀ ਸੀ ਜੋ 14 ਨੀਸਾਨ ਨੂੰ ਮਨਾਇਆ ਜਾਂਦਾ ਸੀ। ਇਸ ਲਈ ਵਾਢੀ ਨੂੰ ਅਜੇ ਚਾਰ ਮਹੀਨੇ ਪਏ ਸਨ ਅਤੇ ਕਿਸਾਨ ਸ਼ਾਇਦ ਅਜੇ ਇਸ ਬਾਰੇ ਸੋਚ ਵੀ ਨਹੀਂ ਰਹੇ ਸਨ। ਯਿਸੂ ਨੇ ਪ੍ਰਚਾਰ ਦੀ ਤੁਲਨਾ ਵਾਢੀ ਨਾਲ ਕੀਤੀ ਸੀ ਕਿਉਂਕਿ ਇਸ ਰਾਹੀਂ ਲੋਕਾਂ ਨੂੰ ਇਕੱਠਾ ਕੀਤਾ ਜਾ ਰਿਹਾ ਸੀ। ਬਹੁਤ ਸਾਰੇ ਲੋਕ ਉਸ ਦੀਆਂ ਗੱਲਾਂ ਸੁਣਨ, ਸਿੱਖਣ ਅਤੇ ਉਸ ਦੇ ਚੇਲੇ ਬਣ ਕੇ ਯਹੋਵਾਹ ਵੱਲੋਂ ਬਰਕਤਾਂ ਪਾਉਣੀਆਂ ਚਾਹੁੰਦੇ ਸਨ। ਇਸੇ ਲਈ ਯਿਸੂ ਨੇ ਕਿਹਾ ਕਿ ਖੇਤਾਂ ਵਿਚ ਲਹਿਰਾਉਂਦੀਆਂ ਫ਼ਸਲਾਂ ਪੱਕ ਚੁੱਕੀਆਂ ਸਨ ਯਾਨੀ ਲੋਕਾਂ ਨੂੰ ਇਕੱਠਾ ਕਰਨ ਦਾ ਸਮਾਂ ਆ ਗਿਆ ਸੀ! ਸੋ ਜਦੋਂ ਇਕ ਸ਼ਹਿਰ ਦੇ ਲੋਕਾਂ ਨੇ ਯਿਸੂ ਨੂੰ ਆਪਣੇ ਕੋਲ ਰਹਿਣ ਲਈ ਮਜਬੂਰ ਕੀਤਾ, ਤਾਂ ਉਸ ਨੇ ਕਿਹਾ: “ਇਹ ਜ਼ਰੂਰੀ ਹੈ ਕਿ ਮੈਂ ਹੋਰਨਾਂ ਸ਼ਹਿਰਾਂ ਵਿਚ ਵੀ ਜਾ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾਂ, ਕਿਉਂਕਿ ਮੈਨੂੰ ਇਸੇ ਕੰਮ ਲਈ ਭੇਜਿਆ ਗਿਆ ਹੈ।”—ਲੂਕਾ 4:43.
21. ਅਸੀਂ ਕਿਨ੍ਹਾਂ ਗੱਲਾਂ ਵਿਚ ਯਿਸੂ ਦੀ ਰੀਸ ਕਰ ਸਕਦੇ ਹਾਂ?
21 ਅਸੀਂ ਇਨ੍ਹਾਂ ਤਿੰਨ ਗੱਲਾਂ ਵਿਚ ਯਿਸੂ ਦੀ ਰੀਸ ਕਰ ਸਕਦੇ ਹਾਂ। ਪਹਿਲੀ ਗੱਲ, ਅਸੀਂ ਆਪਣਾ ਪੂਰਾ ਧਿਆਨ ਪ੍ਰਚਾਰ ਕਰਨ ਵਿਚ ਲਾ ਸਕਦੇ ਹਾਂ। ਹਾਲਾਂਕਿ ਸਾਡੇ ਕੋਲ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਹਨ ਅਤੇ ਸਾਨੂੰ ਨੌਕਰੀ ਕਰਨੀ ਪੈਂਦੀ ਹੈ, ਫਿਰ ਵੀ ਅਸੀਂ ਯਿਸੂ ਵਾਂਗ ਜੋਸ਼ ਨਾਲ ਪ੍ਰਚਾਰ ਕਰ ਕੇ ਇਸ ਕੰਮ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇ ਸਕਦੇ ਹਾਂ। (ਮੱਤੀ 6:33; 1 ਤਿਮੋਥਿਉਸ 5:8) ਦੂਜੀ ਗੱਲ, ਅਸੀਂ ਆਪਣਾ ਸਮਾਂ, ਤਾਕਤ ਤੇ ਪੈਸਾ ਲਾ ਕੇ ਜੋਸ਼ ਨਾਲ ਪ੍ਰਚਾਰ ਕਰ ਸਕਦੇ ਹਾਂ। (ਲੂਕਾ 13:24) ਤੀਜੀ ਗੱਲ, ਅਸੀਂ ਯਾਦ ਰੱਖ ਸਕਦੇ ਹਾਂ ਕਿ ਇਹ ਕੰਮ ਬਹੁਤ ਜ਼ਰੂਰੀ ਹੈ। (2 ਤਿਮੋਥਿਉਸ 4:2) ਇਸ ਲਈ ਸਾਨੂੰ ਪ੍ਰਚਾਰ ਕਰਨ ਦੇ ਹਰ ਮੌਕੇ ਦਾ ਫ਼ਾਇਦਾ ਉਠਾਉਣਾ ਚਾਹੀਦਾ ਹੈ!
22. ਅਸੀਂ ਅਗਲੇ ਅਧਿਆਇ ਵਿਚ ਕੀ ਸਿੱਖਾਂਗੇ?
22 ਯਿਸੂ ਦੀਆਂ ਨਜ਼ਰਾਂ ਵਿਚ ਇਹ ਕੰਮ ਇੰਨਾ ਅਹਿਮ ਸੀ ਕਿ ਉਸ ਨੇ ਆਪਣੀ ਮੌਤ ਤੋਂ ਬਾਅਦ ਇਸ ਕੰਮ ਨੂੰ ਜਾਰੀ ਰੱਖਣ ਦਾ ਇੰਤਜ਼ਾਮ ਕੀਤਾ। ਉਸ ਨੇ ਆਪਣੇ ਚੇਲਿਆਂ ਨੂੰ ਪ੍ਰਚਾਰ ਕਰਨ ਅਤੇ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਸੌਂਪੀ। ਇਸ ਬਾਰੇ ਅਸੀਂ ਅਗਲੇ ਅਧਿਆਇ ਵਿਚ ਸਿੱਖਾਂਗੇ।
a ਮਿਸਾਲ ਲਈ, ਸਾਮਰੀ ਤੀਵੀਂ ਨੇ ਯਿਸੂ ਨੂੰ ਪੁੱਛਿਆ ਕਿ ਉਹ ਯਹੂਦੀ ਹੋ ਕੇ ਉਸ ਨਾਲ ਕਿਉਂ ਗੱਲ ਕਰ ਰਿਹਾ ਸੀ। ਤੀਵੀਂ ਨੇ ਉਸ ਦੁਸ਼ਮਣੀ ਦਾ ਜ਼ਿਕਰ ਕੀਤਾ ਜੋ ਸਦੀਆਂ ਤੋਂ ਯਹੂਦੀ ਤੇ ਸਾਮਰੀ ਕੌਮ ਵਿਚ ਚੱਲਦੀ ਆਈ ਸੀ। (ਯੂਹੰਨਾ 4:9) ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਦੇ ਲੋਕ ਯਾਕੂਬ ਦੀ ਪੀੜ੍ਹੀ ਵਿੱਚੋਂ ਸਨ, ਪਰ ਯਹੂਦੀ ਇਸ ਗੱਲ ਨੂੰ ਬਿਲਕੁਲ ਨਹੀਂ ਮੰਨਦੇ ਸਨ। (ਯੂਹੰਨਾ 4:12) ਯਹੂਦੀ, ਸਾਮਰੀ ਲੋਕਾਂ ਨੂੰ ਕੂਥਾਹੀ ਕਹਿੰਦੇ ਸਨ ਜਿਸ ਤੋਂ ਦੂਜਿਆਂ ਨੂੰ ਪਤਾ ਲੱਗਦਾ ਸੀ ਕਿ ਉਹ ਗ਼ੈਰ-ਯਹੂਦੀ ਸਨ।
b ਪ੍ਰਚਾਰ ਕਰਨ ਦਾ ਮਤਲਬ ਹੈ ਕਿਸੇ ਸੰਦੇਸ਼ ਦਾ ਐਲਾਨ ਕਰਨਾ। ਪਰ ਸਿਖਾਉਣ ਦਾ ਮਤਲਬ ਹੈ ਪ੍ਰਚਾਰ ਕਰਨ ਦੇ ਨਾਲ-ਨਾਲ ਆਪਣੇ ਸੰਦੇਸ਼ ਨੂੰ ਹੋਰ ਚੰਗੀ ਤਰ੍ਹਾਂ ਸਮਝਾਉਣਾ। ਇਕ ਵਧੀਆ ਸਿੱਖਿਅਕ ਲੋਕਾਂ ਦੇ ਦਿਲਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ ਤਾਂਕਿ ਉਹ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ।