ਯੂਹੰਨਾ ਮੁਤਾਬਕ ਖ਼ੁਸ਼ ਖ਼ਬਰੀ
4 ਜਦੋਂ ਪ੍ਰਭੂ ਨੂੰ ਪਤਾ ਲੱਗਾ ਕਿ ਫ਼ਰੀਸੀਆਂ ਨੇ ਸੁਣ ਲਿਆ ਸੀ ਕਿ ਯਿਸੂ ਯੂਹੰਨਾ ਨਾਲੋਂ ਵੀ ਜ਼ਿਆਦਾ ਚੇਲੇ ਬਣਾ ਰਿਹਾ ਸੀ ਅਤੇ ਬਪਤਿਸਮਾ ਦੇ ਰਿਹਾ ਸੀ,+ 2 (ਭਾਵੇਂ ਕਿ ਯਿਸੂ ਨਹੀਂ, ਸਗੋਂ ਉਸ ਦੇ ਚੇਲੇ ਬਪਤਿਸਮਾ ਦੇ ਰਹੇ ਸਨ।) 3 ਤਾਂ ਉਹ ਯਹੂਦਿਯਾ ਤੋਂ ਦੁਬਾਰਾ ਗਲੀਲ ਨੂੰ ਚਲਾ ਗਿਆ। 4 ਪਰ ਉਸ ਲਈ ਸਾਮਰਿਯਾ ਵਿੱਚੋਂ ਦੀ ਲੰਘਣਾ ਜ਼ਰੂਰੀ ਸੀ। 5 ਤੁਰਦਾ-ਤੁਰਦਾ ਉਹ ਸਾਮਰਿਯਾ ਦੇ ਸ਼ਹਿਰ ਸੁਖਾਰ ਵਿਚ ਆਇਆ। ਇਹ ਸ਼ਹਿਰ ਉਸ ਖੇਤ ਦੇ ਲਾਗੇ ਸੀ ਜੋ ਯਾਕੂਬ ਨੇ ਆਪਣੇ ਪੁੱਤਰ ਯੂਸੁਫ਼ ਨੂੰ ਦਿੱਤਾ ਸੀ।+ 6 ਇੱਥੇ ਯਾਕੂਬ ਦਾ ਖੂਹ ਵੀ ਸੀ।+ ਯਿਸੂ ਸਫ਼ਰ ਤੋਂ ਥੱਕਿਆ ਹੋਇਆ ਉਸ ਖੂਹ ʼਤੇ ਬੈਠ ਗਿਆ। ਉਸ ਵੇਲੇ ਦੁਪਹਿਰ ਦੇ 12 ਕੁ ਵੱਜੇ* ਸਨ।
7 ਉਦੋਂ ਇਕ ਸਾਮਰੀ ਤੀਵੀਂ ਉੱਥੇ ਪਾਣੀ ਭਰਨ ਆਈ। ਯਿਸੂ ਨੇ ਉਸ ਨੂੰ ਕਿਹਾ: “ਮੈਨੂੰ ਪਾਣੀ ਪਿਲਾਈਂ।” 8 (ਉਸ ਦੇ ਚੇਲੇ ਸ਼ਹਿਰੋਂ ਖਾਣ ਨੂੰ ਕੁਝ ਖ਼ਰੀਦਣ ਗਏ ਹੋਏ ਸਨ।) 9 ਇਸ ਲਈ ਸਾਮਰੀ ਤੀਵੀਂ ਨੇ ਉਸ ਨੂੰ ਕਿਹਾ: “ਤੂੰ ਯਹੂਦੀ ਹੁੰਦੇ ਹੋਏ ਮੇਰੇ ਤੋਂ ਪਾਣੀ ਕਿੱਦਾਂ ਮੰਗ ਸਕਦਾ ਹੈਂ ਜਦ ਕਿ ਮੈਂ ਸਾਮਰੀ ਤੀਵੀਂ ਹਾਂ?” (ਯਹੂਦੀ ਸਾਮਰੀਆਂ ਨਾਲ ਮਿਲਦੇ-ਗਿਲ਼ਦੇ ਨਹੀਂ ਸਨ।)+ 10 ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਜੇ ਤੈਨੂੰ ਪਤਾ ਹੁੰਦਾ ਕਿ ਪਰਮੇਸ਼ੁਰ ਦਾ ਮੁਫ਼ਤ ਵਰਦਾਨ ਕੀ ਹੈ+ ਅਤੇ ਕੌਣ ਤੈਨੂੰ ਕਹਿ ਰਿਹਾ ਹੈ, ‘ਮੈਨੂੰ ਪਾਣੀ ਪਿਲਾਈਂ,’ ਤਾਂ ਤੂੰ ਉਸ ਤੋਂ ਮੰਗਦੀ ਅਤੇ ਉਹ ਤੈਨੂੰ ਅੰਮ੍ਰਿਤ ਜਲ* ਦਿੰਦਾ।”+ 11 ਤੀਵੀਂ ਨੇ ਉਸ ਨੂੰ ਕਿਹਾ: “ਵੀਰਾ, ਤੇਰੇ ਕੋਲ ਤਾਂ ਪਾਣੀ ਕੱਢਣ ਲਈ ਬਾਲਟੀ ਵੀ ਨਹੀਂ ਹੈਂ ਤੇ ਖੂਹ ਵੀ ਡੂੰਘਾ ਹੈ। ਤਾਂ ਫਿਰ, ਤੇਰੇ ਕੋਲ ਇਹ ਅੰਮ੍ਰਿਤ ਜਲ ਕਿੱਥੋਂ ਆਇਆ? 12 ਕੀ ਤੂੰ ਸਾਡੇ ਪੂਰਵਜ ਯਾਕੂਬ ਨਾਲੋਂ ਵੀ ਮਹਾਨ ਹੈਂ ਜਿਸ ਨੇ ਸਾਨੂੰ ਇਹ ਖੂਹ ਦਿੱਤਾ ਸੀ ਅਤੇ ਇਸੇ ਖੂਹ ਤੋਂ ਉਸ ਨੇ ਅਤੇ ਉਸ ਦੇ ਪੁੱਤਰਾਂ ਨੇ ਅਤੇ ਉਸ ਦੇ ਪਸ਼ੂਆਂ ਨੇ ਪਾਣੀ ਪੀਤਾ ਸੀ?” 13 ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਜਿਹੜਾ ਵੀ ਇਹ ਪਾਣੀ ਪੀਂਦਾ ਹੈ, ਉਸ ਨੂੰ ਦੁਬਾਰਾ ਪਿਆਸ ਲੱਗੇਗੀ। 14 ਪਰ ਜੇ ਕੋਈ ਉਹ ਪਾਣੀ ਪੀਵੇ ਜਿਹੜਾ ਮੈਂ ਦਿਆਂਗਾ, ਤਾਂ ਉਸ ਨੂੰ ਫਿਰ ਕਦੀ ਪਿਆਸ ਨਹੀਂ ਲੱਗੇਗੀ,+ ਸਗੋਂ ਜੋ ਪਾਣੀ ਮੈਂ ਦਿਆਂਗਾ, ਉਹ ਪਾਣੀ ਉਸ ਵਿਚ ਚਸ਼ਮਾ ਬਣ ਕੇ ਹਮੇਸ਼ਾ ਦੀ ਜ਼ਿੰਦਗੀ ਦੇਣ ਲਈ ਫੁੱਟਦਾ ਰਹੇਗਾ।”+ 15 ਤੀਵੀਂ ਨੇ ਉਸ ਨੂੰ ਕਿਹਾ: “ਵੀਰਾ, ਮੈਨੂੰ ਇਹ ਪਾਣੀ ਦੇ ਦੇ ਤਾਂਕਿ ਮੈਨੂੰ ਫਿਰ ਕਦੀ ਪਿਆਸ ਨਾ ਲੱਗੇ ਅਤੇ ਨਾ ਮੈਨੂੰ ਪਾਣੀ ਭਰਨ ਲਈ ਮੁੜ-ਮੁੜ ਇੱਥੇ ਆਉਣਾ ਪਵੇ।”
16 ਯਿਸੂ ਨੇ ਉਸ ਨੂੰ ਕਿਹਾ: “ਜਾਹ, ਆਪਣੇ ਪਤੀ ਨੂੰ ਇੱਥੇ ਲੈ ਆ।” 17 ਉਸ ਤੀਵੀਂ ਨੇ ਜਵਾਬ ਦਿੱਤਾ: “ਮੇਰਾ ਕੋਈ ਪਤੀ ਨਹੀਂ ਹੈ।” ਯਿਸੂ ਨੇ ਉਸ ਨੂੰ ਕਿਹਾ: “ਤੂੰ ਠੀਕ ਕਿਹਾ ਕਿ ਤੇਰਾ ਕੋਈ ਪਤੀ ਨਹੀਂ ਹੈ। 18 ਤੂੰ ਪੰਜ ਪਤੀ ਕਰ ਚੁੱਕੀ ਹੈਂ ਅਤੇ ਜਿਸ ਆਦਮੀ ਨਾਲ ਤੂੰ ਹੁਣ ਰਹਿੰਦੀ ਹੈਂ, ਉਹ ਤੇਰਾ ਪਤੀ ਨਹੀਂ ਹੈ। ਤੂੰ ਸੱਚ ਦੱਸਿਆ।” 19 ਉਸ ਤੀਵੀਂ ਨੇ ਉਸ ਨੂੰ ਕਿਹਾ: “ਵੀਰਾ, ਮੈਨੂੰ ਲੱਗਦਾ ਤੂੰ ਕੋਈ ਨਬੀ ਹੈਂ।+ 20 ਸਾਡੇ ਪਿਉ-ਦਾਦੇ ਤਾਂ ਇਸ ਪਹਾੜ ਉੱਤੇ ਭਗਤੀ ਕਰਦੇ ਸਨ, ਪਰ ਤੁਸੀਂ ਲੋਕ ਕਹਿੰਦੇ ਹੋ ਕਿ ਯਰੂਸ਼ਲਮ ਵਿਚ ਹੀ ਸਾਰਿਆਂ ਨੂੰ ਭਗਤੀ ਕਰਨੀ ਚਾਹੀਦੀ ਹੈ।”+ 21 ਯਿਸੂ ਨੇ ਉਸ ਨੂੰ ਕਿਹਾ: “ਮੇਰੀ ਗੱਲ ਦਾ ਯਕੀਨ ਕਰ ਕਿ ਉਹ ਸਮਾਂ ਆ ਰਿਹਾ ਹੈ ਜਦੋਂ ਤੁਸੀਂ ਨਾ ਤਾਂ ਇਸ ਪਹਾੜ ਉੱਤੇ ਅਤੇ ਨਾ ਹੀ ਯਰੂਸ਼ਲਮ ਵਿਚ ਪਿਤਾ ਦੀ ਭਗਤੀ ਕਰੋਗੇ। 22 ਤੁਸੀਂ ਬਿਨਾਂ ਗਿਆਨ ਤੋਂ ਭਗਤੀ ਕਰਦੇ ਹੋ;+ ਪਰ ਅਸੀਂ ਗਿਆਨ ਨਾਲ ਭਗਤੀ ਕਰਦੇ ਹਾਂ ਕਿਉਂਕਿ ਮੁਕਤੀ ਦਾ ਗਿਆਨ ਪਹਿਲਾਂ ਯਹੂਦੀਆਂ ਨੂੰ ਦਿੱਤਾ ਗਿਆ ਸੀ।+ 23 ਪਰ ਉਹ ਸਮਾਂ ਆ ਰਿਹਾ ਹੈ, ਸਗੋਂ ਹੁਣ ਹੈ ਜਦੋਂ ਸੱਚੇ ਭਗਤ ਪਵਿੱਤਰ ਸ਼ਕਤੀ ਅਤੇ ਸੱਚਾਈ ਅਨੁਸਾਰ ਪਿਤਾ ਦੀ ਭਗਤੀ ਕਰਨਗੇ। ਅਸਲ ਵਿਚ, ਪਿਤਾ ਉਨ੍ਹਾਂ ਲੋਕਾਂ ਨੂੰ ਚਾਹੁੰਦਾ ਹੈ ਜਿਹੜੇ ਉਸ ਦੀ ਭਗਤੀ ਇਸ ਤਰ੍ਹਾਂ ਕਰਨਗੇ।+ 24 ਪਰਮੇਸ਼ੁਰ ਅਦਿੱਖ* ਹੈ+ ਅਤੇ ਉਸ ਦੀ ਭਗਤੀ ਕਰਨ ਵਾਲੇ ਲੋਕਾਂ ਲਈ ਜ਼ਰੂਰੀ ਹੈ ਕਿ ਉਹ ਪਵਿੱਤਰ ਸ਼ਕਤੀ ਅਤੇ ਸੱਚਾਈ ਅਨੁਸਾਰ ਭਗਤੀ ਕਰਨ।”+ 25 ਤੀਵੀਂ ਨੇ ਉਸ ਨੂੰ ਕਿਹਾ: “ਮੈਨੂੰ ਪਤਾ ਮਸੀਹ ਆ ਰਿਹਾ ਹੈ। ਜਦੋਂ ਉਹ ਆਵੇਗਾ, ਤਾਂ ਉਹ ਸਾਨੂੰ ਸਾਰੀਆਂ ਗੱਲਾਂ ਖੋਲ੍ਹ ਕੇ ਸਮਝਾਵੇਗਾ।” 26 ਯਿਸੂ ਨੇ ਉਸ ਨੂੰ ਕਿਹਾ: “ਮੈਂ ਜੋ ਤੇਰੇ ਨਾਲ ਗੱਲ ਕਰ ਰਿਹਾ ਹਾਂ, ਉਹੀ ਹਾਂ।”+
27 ਉਸੇ ਵੇਲੇ ਚੇਲੇ ਆ ਗਏ ਅਤੇ ਉਹ ਇਸ ਗੱਲੋਂ ਹੈਰਾਨ ਹੋਏ ਕਿ ਉਹ ਤੀਵੀਂ ਨਾਲ ਗੱਲਾਂ ਕਰ ਰਿਹਾ ਸੀ। ਪਰ ਕਿਸੇ ਨੇ ਨਾ ਕਿਹਾ: “ਤੈਨੂੰ ਕੀ ਚਾਹੀਦਾ?” ਜਾਂ “ਤੂੰ ਉਸ ਤੀਵੀਂ ਨਾਲ ਕਿਉਂ ਗੱਲਾਂ ਕਰਦਾ ਹੈਂ?” 28 ਫਿਰ ਤੀਵੀਂ ਆਪਣਾ ਘੜਾ ਛੱਡ ਕੇ ਸ਼ਹਿਰ ਨੂੰ ਚਲੀ ਗਈ ਅਤੇ ਉਸ ਨੇ ਜਾ ਕੇ ਲੋਕਾਂ ਨੂੰ ਕਿਹਾ: 29 “ਮੇਰੇ ਨਾਲ ਆ ਕੇ ਉਸ ਆਦਮੀ ਨੂੰ ਮਿਲੋ। ਉਸ ਨੇ ਮੈਨੂੰ ਉਹ ਸਭ ਕੁਝ ਦੱਸਿਆ ਜੋ ਮੈਂ ਕੀਤਾ ਸੀ। ਕਿਤੇ ਉਹ ਮਸੀਹ ਤਾਂ ਨਹੀਂ?” 30 ਇਸ ਲਈ ਉਹ ਸ਼ਹਿਰੋਂ ਬਾਹਰ ਯਿਸੂ ਕੋਲ ਆਉਣ ਲੱਗੇ।
31 ਇਸ ਦੌਰਾਨ ਉਸ ਦੇ ਚੇਲੇ ਉਸ ਉੱਤੇ ਜ਼ੋਰ ਪਾਉਂਦੇ ਰਹੇ: “ਗੁਰੂ ਜੀ,*+ ਰੋਟੀ ਖਾ ਲੈ।” 32 ਪਰ ਉਸ ਨੇ ਉਨ੍ਹਾਂ ਨੂੰ ਕਿਹਾ: “ਮੇਰੇ ਕੋਲ ਖਾਣ ਲਈ ਭੋਜਨ ਹੈ ਜਿਸ ਬਾਰੇ ਤੁਸੀਂ ਨਹੀਂ ਜਾਣਦੇ।” 33 ਇਸ ਕਰਕੇ ਚੇਲੇ ਇਕ-ਦੂਜੇ ਨੂੰ ਪੁੱਛਣ ਲੱਗ ਪਏ: “ਕੋਈ ਹੋਰ ਤਾਂ ਨਹੀਂ ਉਸ ਵਾਸਤੇ ਖਾਣਾ ਲੈ ਕੇ ਆਇਆ?” 34 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੇਰਾ ਭੋਜਨ ਇਹ ਹੈ ਕਿ ਮੈਂ ਆਪਣੇ ਘੱਲਣ ਵਾਲੇ ਦੀ ਇੱਛਾ ਪੂਰੀ ਕਰਾਂ+ ਅਤੇ ਉਸ ਦਾ ਕੰਮ ਪੂਰਾ ਕਰਾਂ।+ 35 ਕੀ ਤੁਸੀਂ ਨਹੀਂ ਕਹਿੰਦੇ ਕਿ ਵਾਢੀ ਨੂੰ ਅਜੇ ਚਾਰ ਮਹੀਨੇ ਪਏ ਹਨ? ਪਰ ਦੇਖੋ! ਮੈਂ ਤੁਹਾਨੂੰ ਕਹਿੰਦਾ ਹਾਂ: ਆਪਣੀਆਂ ਨਜ਼ਰਾਂ ਚੁੱਕ ਕੇ ਖੇਤਾਂ ਨੂੰ ਦੇਖੋ ਕਿ ਫ਼ਸਲ ਵਾਢੀ ਲਈ ਪੱਕ ਚੁੱਕੀ ਹੈ।+ 36 ਵਾਢੇ ਨੂੰ ਆਪਣੀ ਮਜ਼ਦੂਰੀ ਮਿਲ ਰਹੀ ਹੈ ਅਤੇ ਉਹ ਹਮੇਸ਼ਾ ਦੀ ਜ਼ਿੰਦਗੀ ਲਈ ਫ਼ਸਲ ਸਾਂਭ ਰਿਹਾ ਹੈ ਤਾਂਕਿ ਬੀ ਬੀਜਣ ਵਾਲਾ ਅਤੇ ਵਾਢਾ ਦੋਵੇਂ ਖ਼ੁਸ਼ੀਆਂ ਮਨਾਉਣ।+ 37 ਇਸ ਮਾਮਲੇ ਵਿਚ ਇਹ ਕਹਾਵਤ ਸੱਚੀ ਹੈ: ਇਕ ਬੀ ਬੀਜਦਾ ਹੈ ਅਤੇ ਦੂਸਰਾ ਵੱਢਦਾ ਹੈ। 38 ਮੈਂ ਤੁਹਾਨੂੰ ਉਹ ਫ਼ਸਲ ਵੱਢਣ ਲਈ ਘੱਲਿਆ ਜਿਸ ਲਈ ਤੁਸੀਂ ਮਿਹਨਤ ਨਹੀਂ ਕੀਤੀ। ਮਿਹਨਤ ਹੋਰਨਾਂ ਨੇ ਕੀਤੀ ਅਤੇ ਤੁਸੀਂ ਉਨ੍ਹਾਂ ਦੀ ਮਿਹਨਤ ਦਾ ਫਲ ਪਾ ਰਹੇ ਹੋ।”
39 ਹੁਣ ਉਸ ਸ਼ਹਿਰ ਦੇ ਬਹੁਤ ਸਾਰੇ ਸਾਮਰੀਆਂ ਨੇ ਉਸ ਤੀਵੀਂ ਦੀ ਇਹ ਗੱਲ ਸੁਣ ਕੇ ਯਿਸੂ ਉੱਤੇ ਨਿਹਚਾ ਕੀਤੀ: “ਉਸ ਨੇ ਮੈਨੂੰ ਉਹ ਸਭ ਕੁਝ ਦੱਸਿਆ ਜੋ ਮੈਂ ਕੀਤਾ ਸੀ।”+ 40 ਇਸ ਲਈ ਸਾਮਰੀ ਉਸ ਕੋਲ ਆਏ ਅਤੇ ਉਨ੍ਹਾਂ ਨੇ ਉਸ ਨੂੰ ਉਨ੍ਹਾਂ ਦੇ ਨਾਲ ਰਹਿਣ ਲਈ ਕਿਹਾ ਅਤੇ ਉਹ ਦੋ ਦਿਨ ਉੱਥੇ ਰਿਹਾ। 41 ਨਤੀਜੇ ਵਜੋਂ ਬਹੁਤ ਸਾਰੇ ਲੋਕ ਉਸ ਦੀਆਂ ਗੱਲਾਂ ਸੁਣ ਕੇ ਉਸ ਉੱਤੇ ਵਿਸ਼ਵਾਸ ਕਰਨ ਲੱਗ ਪਏ 42 ਅਤੇ ਉਸ ਤੀਵੀਂ ਨੂੰ ਕਹਿਣ ਲੱਗੇ: “ਹੁਣ ਅਸੀਂ ਤੇਰੀਆਂ ਗੱਲਾਂ ਕਰਕੇ ਹੀ ਵਿਸ਼ਵਾਸ ਨਹੀਂ ਕਰਦੇ, ਸਗੋਂ ਅਸੀਂ ਆਪ ਸੁਣ ਲਿਆ ਹੈ ਅਤੇ ਅਸੀਂ ਜਾਣ ਗਏ ਹਾਂ ਕਿ ਇਹੀ ਆਦਮੀ ਦੁਨੀਆਂ ਦਾ ਮੁਕਤੀਦਾਤਾ ਹੈ।”+
43 ਦੋ ਦਿਨਾਂ ਬਾਅਦ ਉਹ ਉੱਥੋਂ ਗਲੀਲ ਨੂੰ ਚਲਾ ਗਿਆ। 44 ਯਿਸੂ ਨੇ ਆਪ ਕਿਹਾ ਸੀ ਕਿ ਕਿਸੇ ਵੀ ਨਬੀ ਦਾ ਆਦਰ ਉਸ ਦੇ ਆਪਣੇ ਇਲਾਕੇ ਵਿਚ ਨਹੀਂ ਕੀਤਾ ਜਾਂਦਾ।+ 45 ਜਦੋਂ ਉਹ ਗਲੀਲ ਵਿਚ ਪਹੁੰਚਿਆ, ਤਾਂ ਗਲੀਲ ਦੇ ਲੋਕਾਂ ਨੇ ਉਸ ਦਾ ਸੁਆਗਤ ਕੀਤਾ ਕਿਉਂਕਿ ਉਨ੍ਹਾਂ ਨੇ ਯਰੂਸ਼ਲਮ ਵਿਚ ਤਿਉਹਾਰ ਦੌਰਾਨ ਉਸ ਦੇ ਸਾਰੇ ਚਮਤਕਾਰ ਦੇਖੇ ਸਨ।+ ਉਹ ਵੀ ਉੱਥੇ ਤਿਉਹਾਰ ਮਨਾਉਣ ਗਏ ਸਨ।+
46 ਫਿਰ ਉਹ ਗਲੀਲ ਦੇ ਕਾਨਾ ਸ਼ਹਿਰ ਵਿਚ ਦੁਬਾਰਾ ਆਇਆ ਜਿੱਥੇ ਉਸ ਨੇ ਪਾਣੀ ਨੂੰ ਦਾਖਰਸ ਵਿਚ ਬਦਲਿਆ ਸੀ।+ ਉੱਥੇ ਰਾਜੇ ਦਾ ਇਕ ਕਰਮਚਾਰੀ ਸੀ ਜਿਸ ਦਾ ਮੁੰਡਾ ਕਫ਼ਰਨਾਹੂਮ ਵਿਚ ਬੀਮਾਰ ਸੀ। 47 ਜਦੋਂ ਉਸ ਆਦਮੀ ਨੇ ਸੁਣਿਆ ਕਿ ਯਿਸੂ ਯਹੂਦਿਯਾ ਤੋਂ ਗਲੀਲ ਆ ਗਿਆ ਸੀ, ਤਾਂ ਉਹ ਜਾ ਕੇ ਉਸ ਅੱਗੇ ਤਰਲੇ ਕਰਨ ਲੱਗਾ ਕਿ ਉਹ ਆ ਕੇ ਉਸ ਦੇ ਮੁੰਡੇ ਨੂੰ ਠੀਕ ਕਰ ਦੇਵੇ ਕਿਉਂਕਿ ਮੁੰਡਾ ਮਰਨ ਕਿਨਾਰੇ ਸੀ। 48 ਪਰ ਯਿਸੂ ਨੇ ਉਸ ਨੂੰ ਕਿਹਾ: “ਨਿਸ਼ਾਨੀਆਂ ਅਤੇ ਕਰਾਮਾਤਾਂ ਦੇਖੇ ਬਗੈਰ ਤੁਸੀਂ ਲੋਕ ਕਦੀ ਵਿਸ਼ਵਾਸ ਨਹੀਂ ਕਰੋਗੇ।”+ 49 ਰਾਜੇ ਦੇ ਕਰਮਚਾਰੀ ਨੇ ਉਸ ਨੂੰ ਕਿਹਾ: “ਪ੍ਰਭੂ, ਮੇਰੇ ਬੱਚੇ ਦੇ ਮਰਨ ਤੋਂ ਪਹਿਲਾਂ-ਪਹਿਲਾਂ ਮੇਰੇ ਨਾਲ ਚੱਲ।” 50 ਯਿਸੂ ਨੇ ਉਸ ਨੂੰ ਕਿਹਾ: “ਜਾਹ, ਤੇਰਾ ਪੁੱਤਰ ਜੀਉਂਦਾ ਰਹੇਗਾ।”+ ਉਹ ਆਦਮੀ ਯਿਸੂ ਦੀ ਗੱਲ ʼਤੇ ਯਕੀਨ ਕਰ ਕੇ ਚਲਾ ਗਿਆ। 51 ਪਰ ਅਜੇ ਉਹ ਰਾਹ ਵਿਚ ਹੀ ਸੀ ਕਿ ਉਸ ਦੇ ਨੌਕਰਾਂ ਨੇ ਆ ਕੇ ਦੱਸਿਆ ਕਿ ਉਸ ਦਾ ਮੁੰਡਾ ਬਚ ਗਿਆ ਸੀ।* 52 ਇਸ ਲਈ ਉਸ ਨੇ ਉਨ੍ਹਾਂ ਤੋਂ ਪੁੱਛਿਆ ਕਿ ਮੁੰਡਾ ਕਿਸ ਵੇਲੇ ਠੀਕ ਹੋਇਆ ਸੀ। ਉਨ੍ਹਾਂ ਨੇ ਉਸ ਨੂੰ ਦੱਸਿਆ: “ਕੱਲ੍ਹ ਦੁਪਹਿਰੇ ਇਕ ਕੁ ਵਜੇ* ਉਸ ਦਾ ਬੁਖ਼ਾਰ ਉੱਤਰ ਗਿਆ ਸੀ।” 53 ਮੁੰਡੇ ਦਾ ਪਿਤਾ ਜਾਣਦਾ ਸੀ ਕਿ ਇਸੇ ਸਮੇਂ ਯਿਸੂ ਨੇ ਉਸ ਨੂੰ ਕਿਹਾ ਸੀ: “ਤੇਰਾ ਮੁੰਡਾ ਜੀਉਂਦਾ ਰਹੇਗਾ।”+ ਇਸ ਲਈ ਉਸ ਨੇ ਅਤੇ ਉਸ ਦੇ ਘਰ ਦੇ ਸਾਰੇ ਜੀਆਂ ਨੇ ਨਿਹਚਾ ਕੀਤੀ। 54 ਯਹੂਦਿਯਾ ਤੋਂ ਵਾਪਸ ਆ ਕੇ ਯਿਸੂ ਨੇ ਗਲੀਲ ਵਿਚ ਇਹ ਦੂਜਾ ਚਮਤਕਾਰ ਕੀਤਾ ਸੀ।+