ਯਹੋਵਾਹ ਦਾ ਬਚਨ ਜੀਉਂਦਾ ਹੈ
ਲੂਕਾ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
ਨਮੰਨਿਆ ਜਾਂਦਾ ਹੈ ਕਿ ਮੱਤੀ ਨੇ ਆਪਣੀ ਇੰਜੀਲ ਮੁੱਖ ਤੌਰ ਤੇ ਯਹੂਦੀ ਪਾਠਕਾਂ ਲਈ ਲਿਖੀ ਸੀ ਤੇ ਮਰਕੁਸ ਨੇ ਆਪਣੀ ਇੰਜੀਲ ਗ਼ੈਰ-ਯਹੂਦੀਆਂ ਲਈ। ਪਰ ਲੂਕਾ ਨੇ ਆਪਣੀ ਇੰਜੀਲ ਸਾਰੀਆਂ ਕੌਮਾਂ ਦੇ ਲੋਕਾਂ ਲਈ ਲਿਖੀ ਸੀ। ਇਹ 56 ਈ. ਤੋਂ 58 ਈ. ਦੌਰਾਨ ਲਿਖੀ ਗਈ ਸੀ। ਲੂਕਾ ਦੀ ਕਿਤਾਬ ਵਿਚ ਯਿਸੂ ਦੀ ਜ਼ਿੰਦਗੀ ਅਤੇ ਸੇਵਕਾਈ ਦਾ ਪੂਰਾ ਵੇਰਵਾ ਦਿੱਤਾ ਗਿਆ ਹੈ।
ਚੰਗੇ ਵੈਦ ਲੂਕਾ ਨੇ “ਸਿਰੇ ਤੋਂ ਸਾਰੀ ਵਾਰਤਾ” ਦੱਸੀ ਜਿਸ ਵਿਚ 3 ਈ. ਪੂ. ਤੋਂ ਲੈ ਕੇ 33 ਈ. ਤਕ 35 ਸਾਲਾਂ ਦਾ ਇਤਿਹਾਸ ਦਰਜ ਹੈ। (ਲੂਕਾ 1:3) ਲੂਕਾ ਦੀ ਇੰਜੀਲ ਵਿਚ ਪਾਈ ਜਾਂਦੀ ਤਕਰੀਬਨ 60 ਪ੍ਰਤਿਸ਼ਤ ਜਾਣਕਾਰੀ ਹੋਰਨਾਂ ਇੰਜੀਲਾਂ ਵਿਚ ਨਹੀਂ ਮਿਲਦੀ।
ਮੁਢਲੀ ਸੇਵਕਾਈ
ਇੰਜੀਲ ਦੇ ਸ਼ੁਰੂ ਵਿਚ ਲੂਕਾ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਜਨਮ ਬਾਰੇ ਅਤੇ ਯਿਸੂ ਦੇ ਜਨਮ ਬਾਰੇ ਜਾਣਕਾਰੀ ਦਿੱਤੀ। ਫਿਰ ਉਸ ਨੇ ਦੱਸਿਆ ਕਿ ਯੂਹੰਨਾ ਨੇ 29 ਈ. (ਮਾਰਚ-ਅਪ੍ਰੈਲ) ਵਿਚ ਤਿਬਿਰਿਯੁਸ ਕੈਸਰ ਦੇ ਰਾਜ ਦੇ 15ਵੇਂ ਸਾਲ ਵਿਚ ਸੇਵਕਾਈ ਸ਼ੁਰੂ ਕੀਤੀ ਸੀ। (ਲੂਕਾ 3:1, 2) ਯਿਸੂ ਨੇ ਉਸੇ ਸਾਲ (ਸਤੰਬਰ-ਅਕਤੂਬਰ) ਯੂਹੰਨਾ ਤੋਂ ਬਪਤਿਸਮਾ ਲਿਆ ਸੀ। (ਲੂਕਾ 3:21, 22) 30 ਈ. ਵਿਚ ਯਿਸੂ ‘ਗਲੀਲ ਨੂੰ ਮੁੜਿਆ ਅਤੇ ਉਨ੍ਹਾਂ ਦੀਆਂ ਸਮਾਜਾਂ ਵਿੱਚ ਉਪਦੇਸ਼ ਦੇਣ ਲੱਗਾ।’—ਲੂਕਾ 4:14, 15.
ਯਿਸੂ ਨੇ ਪਹਿਲੀ ਵਾਰ ਗਲੀਲ ਦੇ ਇਲਾਕੇ ਵਿਚ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ। ਉਸ ਨੇ ਕਿਹਾ: “ਮੈਨੂੰ ਚਾਹੀਦਾ ਹੈ ਜੋ ਹੋਰਨਾਂ ਨਗਰਾਂ ਵਿੱਚ ਵੀ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਸੁਣਾਵਾਂ।” (ਲੂਕਾ 4:43) ਉਹ ਆਪਣੇ ਨਾਲ ਮਛਿਆਰੇ ਸ਼ਮਊਨ ਅਤੇ ਹੋਰਨਾਂ ਨੂੰ ਵੀ ਲੈ ਗਿਆ ਜਿਨ੍ਹਾਂ ਨੂੰ ਉਸ ਨੇ ਕਿਹਾ ਕਿ ਉਹ “ਮਨੁੱਖਾਂ ਦੇ ਸ਼ਿਕਾਰੀ” ਬਣਨਗੇ। (ਲੂਕਾ 5:1-11; ਮੱਤੀ 4:18, 19) ਗਲੀਲ ਵਿਚ ਦੂਜੀ ਵਾਰ ਪ੍ਰਚਾਰ ਕਰਦਿਆਂ ਉਸ ਦੇ ਨਾਲ ਉਸ ਦੇ 12 ਚੇਲੇ ਸਨ। (ਲੂਕਾ 8:1) ਤੀਸਰੀ ਵਾਰ ਉਸ ਨੇ ਆਪਣੇ 12 ਚੇਲਿਆਂ ਨੂੰ “ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਨ ਅਤੇ ਰੋਗੀਆਂ ਨੂੰ ਚੰਗੇ ਕਰਨ ਲਈ ਘੱਲਿਆ।”—ਲੂਕਾ 9:1, 2.
ਕੁਝ ਸਵਾਲਾਂ ਦੇ ਜਵਾਬ:
1:35—ਕੀ ਮਰਿਯਮ ਦੇ ਗਰਭਵਤੀ ਹੋਣ ਵਿਚ ਉਸ ਦੇ ਅੰਡਾਣੂ ਦਾ ਕੋਈ ਯੋਗਦਾਨ ਸੀ? ਯਹੋਵਾਹ ਦੇ ਵਾਅਦੇ ਅਨੁਸਾਰ ਬੱਚਾ ਮਰਿਯਮ ਦੇ ਪੂਰਵਜਾਂ ਅਬਰਾਹਾਮ, ਯਹੂਦਾਹ ਅਤੇ ਦਾਊਦ ਦੇ ਵੰਸ਼ ਵਿਚ ਪੈਦਾ ਹੋਣਾ ਸੀ। ਇਸ ਲਈ ਮਰਿਯਮ ਦੇ ਗਰਭਵਤੀ ਹੋਣ ਵਿਚ ਉਸ ਦੇ ਅੰਡਾਣੂ ਦਾ ਯੋਗਦਾਨ ਹੋਣਾ ਜ਼ਰੂਰੀ ਸੀ। (ਉਤ. 22:15, 18; 49:10; 2 ਸਮੂ. 7:8, 16) ਇਸ ਤੋਂ ਇਲਾਵਾ, ਯਹੋਵਾਹ ਨੇ ਆਪਣੀ ਪਵਿੱਤਰ ਆਤਮਾ ਨਾਲ ਆਪਣੇ ਪੁੱਤਰ ਦਾ ਮੁਕੰਮਲ ਜੀਵਨ ਮਰਿਯਮ ਦੀ ਕੁੱਖ ਵਿਚ ਪਾ ਕੇ ਉਸ ਨੂੰ ਗਰਭਵਤੀ ਕੀਤਾ ਸੀ। (ਮੱਤੀ 1:18) ਇਸ ਤੋਂ ਲੱਗਦਾ ਹੈ ਕਿ ਮਰਿਯਮ ਦੇ ਅੰਡਾਣੂ ਵਿਚ ਜੇ ਕੋਈ ਨੁਕਸ ਸੀ, ਤਾਂ ਉਹ ਦੂਰ ਹੋ ਗਿਆ ਹੋਣਾ ਅਤੇ ਪਰਮੇਸ਼ੁਰ ਨੇ ਸ਼ੁਰੂ ਤੋਂ ਹੀ ਕੁੱਖ ਵਿਚ ਪਲ ਰਹੇ ਬੱਚੇ ਦੀ ਰਾਖੀ ਕਰ ਕੇ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦਿੱਤਾ।
1:62—ਕੀ ਜ਼ਕਰਯਾਹ ਗੁੰਗਾ ਤੇ ਬੋਲ਼ਾ ਹੋ ਗਿਆ ਸੀ? ਨਹੀਂ। ਉਸ ਦੀ ਸਿਰਫ਼ ਬੋਲਣ-ਸ਼ਕਤੀ ਤੇ ਹੀ ਅਸਰ ਪਿਆ ਸੀ। ਲੋਕਾਂ ਨੇ “ਸੈਨਤ” ਕਰ ਕੇ ਜਾਂ ਇਸ਼ਾਰਿਆਂ ਨਾਲ ਜ਼ਕਰਯਾਹ ਨੂੰ ਪੁੱਛਿਆ ਸੀ ਕਿ ਉਹ ਬੱਚੇ ਦਾ ਕੀ ਨਾਂ ਰੱਖਣਾ ਚਾਹੁੰਦਾ ਸੀ। ਉਨ੍ਹਾਂ ਨੇ ਇਸ ਕਰਕੇ ਇਸ਼ਾਰਿਆਂ ਨਾਲ ਜ਼ਕਰਯਾਹ ਤੋਂ ਨਹੀਂ ਪੁੱਛਿਆ ਸੀ ਕਿਉਂਕਿ ਉਹ ਬੋਲ਼ਾ ਹੋ ਗਿਆ ਸੀ। ਆਪਣੇ ਪੁੱਤਰ ਦਾ ਨਾਂ ਰੱਖਣ ਸੰਬੰਧੀ ਉਸ ਨੇ ਆਪਣੀ ਪਤਨੀ ਦੀ ਗੱਲ ਸੁਣ ਲਈ ਸੀ। ਉਸ ਦੀ ਸਿਰਫ਼ ਬੋਲਣ-ਸ਼ਕਤੀ ਬਹਾਲ ਕੀਤੀ ਗਈ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਜ਼ਕਰਯਾਹ ਦੀ ਸੁਣਨ-ਸ਼ਕਤੀ ਉੱਤੇ ਕੋਈ ਅਸਰ ਨਹੀਂ ਪਿਆ ਸੀ।—ਲੂਕਾ 1:13, 18-20, 60-64.
2:1, 2—“ਪਹਿਲੀ ਮਰਦੁਮਸ਼ੁਮਾਰੀ” ਦਾ ਜ਼ਿਕਰ ਯਿਸੂ ਦੇ ਜਨਮ ਦਾ ਸਮਾਂ ਪਤਾ ਕਰਨ ਵਿਚ ਸਾਡੀ ਕਿਵੇਂ ਮਦਦ ਕਰਦਾ ਹੈ? ਕੈਸਰ ਅਗਸਟਸ ਦੇ ਸ਼ਾਸਨ ਦੌਰਾਨ ਦੋ ਵਾਰ ਮਰਦੁਮਸ਼ੁਮਾਰੀ ਹੋਈ ਸੀ। ਪਹਿਲੀ ਮਰਦੁਮਸ਼ੁਮਾਰੀ 2 ਈ. ਪੂ. ਵਿਚ ਹੋਈ ਸੀ ਜੋ ਕਿ ਦਾਨੀਏਲ 11:20 ਦੀ ਪੂਰਤੀ ਸੀ ਅਤੇ ਦੂਜੀ 6 ਜਾਂ 7 ਈ. ਵਿਚ ਹੋਈ ਸੀ। (ਰਸੂ. 5:37) ਦੋਵੇਂ ਮਰਦੁਮਸ਼ੁਮਾਰੀਆਂ ਹੋਣ ਸਮੇਂ ਸੀਰੀਆ ਦਾ ਗਵਰਨਰ ਕੁਰੇਨਿਯੁਸ ਸੀ। ਲੂਕਾ ਵੱਲੋਂ ਪਹਿਲੀ ਮਰਦੁਮਸ਼ੁਮਾਰੀ ਦਾ ਜ਼ਿਕਰ ਇਹ ਪਤਾ ਕਰਨ ਵਿਚ ਮਦਦ ਕਰਦਾ ਹੈ ਕਿ ਯਿਸੂ ਦਾ ਜਨਮ 2 ਈ. ਪੂ. ਵਿਚ ਹੋਇਆ ਸੀ।
2:35—ਕਿਸ ਅਰਥ ਵਿਚ “ਤਲਵਾਰ” ਮਰਿਯਮ ਦੀ ਜਿੰਦ ਵਿੱਚੋਂ ਦੀ ਫਿਰੀ ਸੀ? ਇਸ ਦਾ ਮਤਲਬ ਹੈ ਕਿ ਜਦੋਂ ਬਹੁਤ ਸਾਰੇ ਲੋਕਾਂ ਨੇ ਯਿਸੂ ਨੂੰ ਮਸੀਹਾ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਸ ਨੂੰ ਦਰਦਨਾਕ ਮੌਤ ਮਾਰਿਆ ਸੀ, ਤਾਂ ਇਹ ਸਭ ਕੁਝ ਦੇਖ ਕੇ ਮਰਿਯਮ ਦਾ ਕਲੇਜਾ ਵਿੰਨ੍ਹਿਆ ਗਿਆ।—ਯੂਹੰ. 19:25.
9:27, 28—ਯਿਸੂ ਨੇ ਆਪਣੇ ਚੇਲਿਆਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਵਿੱਚੋਂ ਕੁਝ “ਮੌਤ ਦਾ ਸੁਆਦ ਨਾ ਚੱਖਣਗੇ” ਜਦ ਤਾਈਂ ਉਹ ਉਸ ਨੂੰ ਰਾਜ-ਸੱਤਾ ਵਿਚ ਆਉਂਦਾ ਨਾ ਦੇਖ ਲੈਣ। ਲੂਕਾ ਨੇ ਕਿਉਂ ਕਿਹਾ ਸੀ ਕਿ ਇਸ ਤੋਂ “ਅੱਠਕੁ ਦਿਨ” ਪਿੱਛੋਂ ਦਰਸ਼ਣ ਵਿਚ ਯਿਸੂ ਦਾ ਰੂਪ ਬਦਲ ਗਿਆ ਜਦ ਕਿ ਮੱਤੀ ਅਤੇ ਮਰਕੁਸ ਨੇ ਕਿਹਾ ਸੀ “ਛਿਆਂ ਦਿਨਾਂ ਪਿੱਛੋਂ” ਇੱਦਾਂ ਹੋਇਆ ਸੀ? (ਮੱਤੀ 17:1; ਮਰ. 9:2) ਸਪੱਸ਼ਟ ਹੈ ਕਿ ਲੂਕਾ ਨੇ ਵਾਅਦੇ ਦਾ ਦਿਨ ਅਤੇ ਵਾਅਦਾ ਪੂਰਾ ਹੋਣ ਦਾ ਦਿਨ ਵੀ ਸ਼ਾਮਲ ਕੀਤਾ ਸੀ।
9:49, 50—ਯਿਸੂ ਨੇ ਉਸ ਆਦਮੀ ਨੂੰ ਭੂਤ ਕੱਢਣ ਤੋਂ ਕਿਉਂ ਨਹੀਂ ਰੋਕਿਆ ਜੋ ਉਸ ਦੇ ਨਾਲ-ਨਾਲ ਨਹੀਂ ਰਹਿੰਦਾ ਸੀ ਸੀ? ਯਿਸੂ ਨੇ ਇਸ ਲਈ ਉਸ ਨੂੰ ਨਹੀਂ ਰੋਕਿਆ ਕਿਉਂਕਿ ਉਸ ਵੇਲੇ ਅਜੇ ਮਸੀਹੀ ਕਲੀਸਿਯਾ ਸਥਾਪਿਤ ਨਹੀਂ ਕੀਤੀ ਗਈ ਸੀ। ਇਸ ਲਈ ਯਿਸੂ ਵਿਚ ਨਿਹਚਾ ਕਰਨ ਅਤੇ ਭੂਤ ਕੱਢਣ ਲਈ ਉਸ ਆਦਮੀ ਦਾ ਯਿਸੂ ਦੇ ਨਾਲ-ਨਾਲ ਰਹਿਣਾ ਜ਼ਰੂਰੀ ਨਹੀਂ ਸੀ।—ਮਰ. 9:38-40.
ਸਾਡੇ ਲਈ ਸਬਕ:
1:32, 33; 2:19, 51. ਮਰਿਯਮ ਨੇ ਉਨ੍ਹਾਂ ਘਟਨਾਵਾਂ ਅਤੇ ਗੱਲਾਂ ਨੂੰ ਆਪਣੇ ਦਿਲ ਵਿਚ ਰੱਖਿਆ ਜੋ ਭਵਿੱਖਬਾਣੀਆਂ ਅਨੁਸਾਰ ਪੂਰੀਆਂ ਹੋਈਆਂ ਸਨ। ਕੀ ਅਸੀਂ ਯਿਸੂ ਦੀਆਂ ਉਨ੍ਹਾਂ ਗੱਲਾਂ ਨੂੰ ਯਾਦ ਰੱਖਦੇ ਹਾਂ ਜੋ ‘ਜੁਗ ਦਾ ਅੰਤ’ ਹੋਣ ਤੋਂ ਪਹਿਲਾਂ ਯਾਨੀ ਅੱਜ ਪੂਰੀਆਂ ਹੋ ਰਹੀਆਂ ਹਨ?—ਮੱਤੀ 24:3.
2:37. ਆੱਨਾ ਦੀ ਮਿਸਾਲ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਵਫ਼ਾਦਾਰੀ ਨਾਲ ਯਹੋਵਾਹ ਦੀ ਭਗਤੀ ਕਰਦੇ ਰਹਿਣ ਦੇ ਨਾਲ-ਨਾਲ ‘ਪ੍ਰਾਰਥਨਾ ਲਗਾਤਾਰ ਕਰਦੇ ਰਹਿਣਾ’ ਚਾਹੀਦਾ ਹੈ ਅਤੇ ਸਭਾਵਾਂ ਵਿਚ ‘ਇਕੱਠੇ ਹੋਣਾ’ ਚਾਹੀਦਾ।—ਰੋਮੀ. 12:12; ਇਬ. 10:24, 25.
2:41-50. ਯੂਸੁਫ਼ ਨੇ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਭਗਤੀ ਨੂੰ ਪਹਿਲ ਦਿੱਤੀ ਅਤੇ ਆਪਣੇ ਪਰਿਵਾਰ ਦੀਆਂ ਭੌਤਿਕ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਪਰਮੇਸ਼ੁਰ ਬਾਰੇ ਸਿਖਾਇਆ। ਇਸ ਤਰ੍ਹਾਂ ਉਸ ਨੇ ਪਿਤਾਵਾਂ ਲਈ ਵਧੀਆ ਮਿਸਾਲ ਕਾਇਮ ਕੀਤੀ।
4:4. ਪਰਮੇਸ਼ੁਰ ਦੇ ਬਚਨ ਬਾਰੇ ਗੱਲ ਕਰਨ ਤੋਂ ਬਿਨਾਂ ਸਾਨੂੰ ਇਕ ਦਿਨ ਵੀ ਨਹੀਂ ਲੰਘਣ ਦੇਣਾ ਚਾਹੀਦਾ।
6:40. ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲਿਆਂ ਨੂੰ ਆਪਣੇ ਵਿਦਿਆਰਥੀਆਂ ਲਈ ਵਧੀਆ ਮਿਸਾਲ ਬਣਨਾ ਚਾਹੀਦਾ ਹੈ। ਜੋ ਗੱਲਾਂ ਉਹ ਦੂਜਿਆਂ ਨੂੰ ਸਿਖਾਉਂਦਾ ਹੈ, ਉਨ੍ਹਾਂ ਉੱਤੇ ਆਪ ਵੀ ਚੱਲਣਾ ਚਾਹੀਦਾ ਹੈ।
8:15. ‘ਧੀਰਜ ਨਾਲ ਫਲ ਦੇਣ’ ਲਈ ਸਾਨੂੰ ਪਰਮੇਸ਼ੁਰ ਦੇ ਬਚਨ ਨੂੰ ਸਮਝਣ, ਇਸ ਦੀ ਕਦਰ ਕਰਨ ਅਤੇ ਆਪਣੇ ਦਿਲ ਵਿਚ ਬਿਠਾਉਣ ਦੀ ਲੋੜ ਹੈ। ਪ੍ਰਾਰਥਨਾ ਕਰਨ ਤੋਂ ਬਾਅਦ ਸਾਨੂੰ ਬਾਈਬਲ ਅਤੇ ਬਾਈਬਲ ਤੇ ਆਧਾਰਿਤ ਪ੍ਰਕਾਸ਼ਨ ਪੜ੍ਹ ਕੇ ਮਨਨ ਕਰਨ ਦੀ ਲੋੜ ਹੈ।
ਯਿਸੂ ਦੀ ਸੇਵਕਾਈ ਦੇ ਆਖ਼ਰੀ ਸਾਲ
ਯਿਸੂ ਨੇ ਹੋਰ ਸੱਤਰ ਜਣਿਆਂ ਨੂੰ ਉਨ੍ਹਾਂ ਸ਼ਹਿਰਾਂ ਅਤੇ ਯਹੂਦਿਯਾ ਦੇ ਇਲਾਕਿਆਂ ਵਿਚ ਪ੍ਰਚਾਰ ਕਰਨ ਲਈ ਭੇਜਿਆ ਜਿੱਥੇ ਉਹ ਆਪ ਵੀ ਜਾਣ ਵਾਲਾ ਸੀ। (ਲੂਕਾ 10:1) ਉਹ “ਉਪਦੇਸ਼ ਦਿੰਦਾ ਹੋਇਆ ਨਗਰ ਨਗਰ ਅਤੇ ਪਿੰਡ ਪਿੰਡ” ਗਿਆ।—ਲੂਕਾ 13:22.
33 ਈ. ਵਿਚ ਪਸਾਹ ਦੇ ਤਿਉਹਾਰ ਤੋਂ ਪੰਜ ਦਿਨ ਪਹਿਲਾਂ ਗਧੀ ਦੇ ਬੱਚੇ ਉੱਤੇ ਸਵਾਰ ਹੋ ਕੇ ਯਿਸੂ ਯਰੂਸ਼ਲਮ ਵਿਚ ਦਾਖ਼ਲ ਹੋਇਆ। ਉਸ ਦੇ ਆਪਣੇ ਚੇਲਿਆਂ ਨੂੰ ਕਹੇ ਇਨ੍ਹਾਂ ਸ਼ਬਦਾਂ ਦੇ ਪੂਰਾ ਹੋਣ ਦਾ ਸਮਾਂ ਆ ਗਿਆ ਸੀ: “ਜ਼ਰੂਰ ਹੈ ਜੋ ਮਨੁੱਖ ਦਾ ਪੁੱਤ੍ਰ ਬਹੁਤ ਦੁਖ ਝੱਲੇ ਅਤੇ ਬਜ਼ੁਰਗਾਂ ਅਰ ਪਰਧਾਨ ਜਾਜਕਾਂ ਅਰ ਗ੍ਰੰਥੀਆਂ ਥੀਂ ਰੱਦਿਆ ਜਾਏ ਅਤੇ ਮਾਰ ਸੁੱਟਿਆ ਜਾਏ ਅਤੇ ਤੀਜੇ ਦਿਨ ਜੁਆਲਿਆ ਜਾਏ।”—ਲੂਕਾ 9:22, 44.
ਕੁਝ ਸਵਾਲਾਂ ਦੇ ਜਵਾਬ:
10:18—ਯਿਸੂ ਦਾ ਆਪਣੇ 70 ਚੇਲਿਆਂ ਨੂੰ ਇਹ ਕਹਿਣ ਦਾ ਕੀ ਮਤਲਬ ਸੀ: “ਮੈਂ ਸ਼ਤਾਨ ਨੂੰ ਬਿਜਲੀ ਵਾਂਙੁ ਅਕਾਸ਼ ਤੋਂ ਡਿੱਗਾ ਹੋਇਆ ਡਿੱਠਾ”? ਯਿਸੂ ਇਹ ਨਹੀਂ ਕਹਿ ਰਿਹਾ ਸੀ ਕਿ ਸ਼ਤਾਨ ਨੂੰ ਸਵਰਗ ਤੋਂ ਥੱਲੇ ਸੁੱਟਿਆ ਜਾ ਚੁੱਕਾ ਸੀ। ਅਸਲ ਵਿਚ ਸ਼ਤਾਨ ਨੂੰ ਸਦੀਆਂ ਬਾਅਦ 1914 ਵਿਚ ਸਵਰਗ ਵਿਚ ਮਸੀਹ ਦੇ ਰਾਜਾ ਬਣਨ ਤੋਂ ਬਾਅਦ ਹੀ ਧਰਤੀ ਉੱਤੇ ਸੁੱਟਿਆ ਗਿਆ ਸੀ। (ਪਰ. 12:1-10) ਸ਼ਾਇਦ ਯਿਸੂ ਨੇ ਭਵਿੱਖ ਵਿਚ ਹੋਣ ਵਾਲੀ ਘਟਨਾ ਨੂੰ ਇਸ ਤਰ੍ਹਾਂ ਦੱਸਿਆ ਜਿਵੇਂ ਕਿ ਉਹ ਹੋ ਗਈ ਹੋਵੇ। ਇਸ ਤਰ੍ਹਾਂ ਕਹਿ ਕੇ ਉਹ ਇਸ ਗੱਲ ਤੇ ਜ਼ੋਰ ਦੇ ਰਿਹਾ ਸੀ ਕਿ ਸ਼ਤਾਨ ਦਾ ਸਵਰਗ ਤੋਂ ਡੇਗਿਆ ਜਾਣਾ ਪੱਕਾ ਸੀ।
14:26—ਮਸੀਹ ਦੇ ਚੇਲਿਆਂ ਨੇ ਕਿਸ ਅਰਥ ਵਿਚ ਆਪਣੇ ਰਿਸ਼ਤੇਦਾਰਾਂ ਨਾਲ “ਵੈਰ” ਰੱਖਣਾ ਹੈ? ਬਾਈਬਲ ਵਿਚ “ਵੈਰ” ਕਰਨ ਦਾ ਮਤਲਬ ਹੋ ਸਕਦਾ ਹੈ ਕਿਸੇ ਵਿਅਕਤੀ ਜਾਂ ਚੀਜ਼ ਨੂੰ ਹੋਰ ਕਿਸੇ ਨਾਲੋਂ ਘੱਟ ਪਿਆਰ ਕਰਨਾ। (ਉਤ. 29:30, 31) ਮਸੀਹੀਆਂ ਦਾ ਆਪਣੇ ਰਿਸ਼ਤੇਦਾਰਾਂ ਨੂੰ “ਵੈਰ” ਕਰਨ ਦਾ ਮਤਲਬ ਹੈ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਯਿਸੂ ਨਾਲੋਂ ਘੱਟ ਪਿਆਰ ਕਰਦੇ ਹਨ।—ਮੱਤੀ 10:37.
17:34-37—“ਗਿਰਝਾਂ” ਕੌਣ ਹਨ ਅਤੇ ਉਹ ਕਿਹੜੀ “ਲੋਥ” ਕੋਲ ਇਕੱਠੀਆਂ ਹੁੰਦੀਆਂ ਹਨ? ‘ਲੈ ਲੀਤੇ ਗਏ’ ਜਾਂ ਬਚਾਏ ਗਏ ਮਸੀਹੀਆਂ ਦੀ ਤੁਲਨਾ ਤੇਜ਼ ਨਜ਼ਰ ਵਾਲੀਆਂ ਗਿਰਝਾਂ ਨਾਲ ਕੀਤੀ ਗਈ ਹੈ। ਜਿਵੇਂ ਗਿਰਝਾਂ ਲੋਥ ਕੋਲ ਆਉਂਦੀਆਂ ਹਨ, ਉਸੇ ਤਰ੍ਹਾਂ ਸੱਚੇ ਮਸੀਹੀ ਰਾਜਾ ਯਿਸੂ ਮਸੀਹ ਕੋਲ ਆਉਂਦੇ ਹਨ ਅਤੇ ਯਹੋਵਾਹ ਵੱਲੋਂ ਦਿੱਤਾ ਜਾ ਰਿਹਾ ਗਿਆਨ ਲੈਂਦੇ ਹਨ।—ਮੱਤੀ 24:28.
22:44—ਯਿਸੂ ਨੂੰ ਇੰਨਾ ਮਾਨਸਿਕ ਕਸ਼ਟ ਕਿਉਂ ਸਹਿਣਾ ਪਿਆ? ਇਸ ਦੇ ਕਈ ਕਾਰਨ ਹਨ। ਯਿਸੂ ਨੂੰ ਚਿੰਤਾ ਸੀ ਕਿ ਅਪਰਾਧੀ ਦੀ ਮੌਤ ਮਰਨ ਕਰਕੇ ਯਹੋਵਾਹ ਪਰਮੇਸ਼ੁਰ ਦਾ ਨਾਂ ਬਦਨਾਮ ਹੋਣਾ ਸੀ। ਇਸ ਤੋਂ ਇਲਾਵਾ, ਯਿਸੂ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸ ਦਾ ਸਦੀਪਕ ਜੀਵਨ ਅਤੇ ਸਾਰੀ ਮਨੁੱਖਜਾਤੀ ਦਾ ਭਵਿੱਖ ਉਸ ਦੇ ਵਫ਼ਾਦਾਰ ਰਹਿਣ ਉੱਤੇ ਨਿਰਭਰ ਕਰਦਾ ਸੀ।
23:44—ਕੀ ਸੂਰਜ ਗ੍ਰਹਿਣ ਲੱਗਣ ਕਰਕੇ ਤਿੰਨ ਘੰਟੇ ਹਨੇਰਾ ਛਾਇਆ ਰਿਹਾ ਸੀ? ਨਹੀਂ। ਸੂਰਜ ਗ੍ਰਹਿਣ ਨਵੇਂ ਚੰਦ ਦੇ ਸਮੇਂ ਹੀ ਲੱਗਦਾ ਹੈ, ਨਾ ਕਿ ਪੂਰੇ ਚੰਦ ਦੇ ਸਮੇਂ। ਪਸਾਹ ਦੇ ਤਿਉਹਾਰ ਸਮੇਂ ਪੂਰਾ ਚੰਦ ਸੀ। ਯਿਸੂ ਦੀ ਮੌਤ ਦੇ ਦਿਨ ਹਨੇਰਾ ਪਰਮੇਸ਼ੁਰ ਦੇ ਚਮਤਕਾਰ ਦਾ ਨਤੀਜਾ ਸੀ।
ਸਾਡੇ ਲਈ ਸਬਕ:
11:1-4. ਯਿਸੂ ਨੇ ਪਹਾੜੀ ਉਪਦੇਸ਼ ਵਿਚ ਪ੍ਰਾਰਥਨਾ ਕਰਨੀ ਸਿਖਾਈ ਸੀ। ਇਸ ਤੋਂ 18 ਮਹੀਨਿਆਂ ਬਾਅਦ ਉਸ ਨੇ ਆਪਣੇ ਇਕ ਹੋਰ ਚੇਲੇ ਨੂੰ ਥੋੜ੍ਹੇ ਜਿਹੇ ਵੱਖਰੇ ਤਰੀਕੇ ਨਾਲ ਪ੍ਰਾਰਥਨਾ ਕਰਨੀ ਸਿਖਾਈ। ਇਸ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਪ੍ਰਾਰਥਨਾ ਵਿਚ ਹਰ ਵਾਰ ਉਹੀ-ਉਹੀ ਸ਼ਬਦ ਨਹੀਂ ਦੁਹਰਾਉਣੇ ਚਾਹੀਦੇ।—ਮੱਤੀ 6:9-13.
11:5, 13. ਹਾਲਾਂਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਣ ਲਈ ਤਿਆਰ ਰਹਿੰਦਾ ਹੈ, ਫਿਰ ਵੀ ਸਾਨੂੰ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ।—1 ਯੂਹੰ. 5:14.
11:27, 28. ਖ਼ੂਨ ਦੇ ਰਿਸ਼ਤਿਆਂ ਅਤੇ ਧਨ-ਦੌਲਤ ਨੂੰ ਅਹਿਮੀਅਤ ਦੇਣ ਨਾਲੋਂ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਕੇ ਸੱਚੀ ਖ਼ੁਸ਼ੀ ਮਿਲਦੀ ਹੈ।
11:41. ਜਦ ਅਸੀਂ ਕਿਸੇ ਨੂੰ ਕੋਈ ਤੋਹਫ਼ਾ ਦਿੰਦੇ ਹਾਂ, ਤਾਂ ਇਹ ਸਾਨੂੰ ਦਿਲੋਂ ਦੇਣਾ ਚਾਹੀਦਾ ਹੈ।
12:47, 48. ਜੋ ਬੰਦਾ ਆਪਣੀ ਜ਼ਿੰਮੇਵਾਰੀ ਨੂੰ ਜਾਣਦਾ ਹੋਇਆ ਵੀ ਇਸ ਨੂੰ ਪੂਰਾ ਨਹੀਂ ਕਰਦਾ, ਉਹ ਉਸ ਬੰਦੇ ਨਾਲੋਂ ਜ਼ਿਆਦਾ ਦੋਸ਼ੀ ਹੋਵੇਗਾ ਜਿਸ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਪਤਾ ਨਹੀਂ ਹੈ ਜਾਂ ਪੂਰੀ ਤਰ੍ਹਾਂ ਸਮਝਦਾ ਨਹੀਂ ਹੈ।
14:28, 29. ਸਾਨੂੰ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ ਯਾਨੀ ਸੋਚ-ਸਮਝ ਕੇ ਖ਼ਰਚਾ ਕਰਨਾ ਚਾਹੀਦਾ ਹੈ।
22:36-38. ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਨਹੀਂ ਕਿਹਾ ਸੀ ਕਿ ਉਹ ਬਚਾਅ ਲਈ ਆਪਣੇ ਕੋਲ ਹਥਿਆਰ ਰੱਖਣ। ਇਸ ਦੇ ਉਲਟ, ਆਪਣੀ ਗਿਰਫ਼ਤਾਰੀ ਦੀ ਰਾਤ ਚੇਲਿਆਂ ਕੋਲ ਤਲਵਾਰਾਂ ਦੇਖ ਕੇ ਉਸ ਨੂੰ ਆਪਣੇ ਚੇਲਿਆਂ ਨੂੰ ਇਕ ਜ਼ਰੂਰੀ ਸਬਕ ਸਿਖਾਉਣ ਦਾ ਮੌਕਾ ਮਿਲਿਆ: “ਸਭ ਜੋ ਤਲਵਾਰ ਖਿੱਚਦੇ ਹਨ ਤਲਵਾਰ ਨਾਲ ਮਾਰੇ ਜਾਣਗੇ।”—ਮੱਤੀ 26:52.
[ਸਫ਼ਾ 31 ਉੱਤੇ ਤਸਵੀਰ]
ਯੂਸੁਫ਼ ਨੇ ਪਰਿਵਾਰ ਦੇ ਸਿਰ ਵਜੋਂ ਚੰਗੀ ਮਿਸਾਲ ਕਾਇਮ ਕੀਤੀ
[ਸਫ਼ਾ 32 ਉੱਤੇ ਤਸਵੀਰ]
ਲੂਕਾ ਨੇ ਯਿਸੂ ਦੀ ਜ਼ਿੰਦਗੀ ਅਤੇ ਸੇਵਕਾਈ ਦਾ ਪੂਰਾ ਵੇਰਵਾ ਲਿਖਿਆ