ਲੂਕਾ ਮੁਤਾਬਕ ਖ਼ੁਸ਼ ਖ਼ਬਰੀ
6 ਫਿਰ ਜਦੋਂ ਉਹ ਸਬਤ ਦੇ ਦਿਨ ਕਣਕ ਦੇ ਖੇਤਾਂ ਵਿੱਚੋਂ ਦੀ ਲੰਘ ਰਿਹਾ ਸੀ, ਤਾਂ ਉਸ ਦੇ ਚੇਲਿਆਂ ਨੇ ਕਣਕ ਦੇ ਸਿੱਟੇ ਤੋੜੇ+ ਅਤੇ ਹੱਥਾਂ ਵਿਚ ਮਲ਼ ਕੇ ਦਾਣੇ ਕੱਢੇ ਤੇ ਚੱਬਣ ਲੱਗ ਪਏ।+ 2 ਇਹ ਦੇਖ ਕੇ ਕੁਝ ਫ਼ਰੀਸੀਆਂ ਨੇ ਕਿਹਾ: “ਤੁਸੀਂ ਉਹ ਕੰਮ ਕਿਉਂ ਕਰ ਰਹੇ ਜੋ ਸਬਤ ਦੇ ਦਿਨ ਕਰਨਾ ਜਾਇਜ਼ ਨਹੀਂ ਹੈ?”+ 3 ਪਰ ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਕੀ ਤੁਸੀਂ ਕਦੀ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਸੀ ਜਦ ਉਸ ਨੂੰ ਅਤੇ ਉਸ ਦੇ ਆਦਮੀਆਂ ਨੂੰ ਭੁੱਖ ਲੱਗੀ ਸੀ?+ 4 ਉਹ ਪਰਮੇਸ਼ੁਰ ਦੇ ਘਰ ਵਿਚ ਗਿਆ ਸੀ ਅਤੇ ਉਸ ਨੂੰ ਚੜ੍ਹਾਵੇ ਦੀਆਂ ਰੋਟੀਆਂ ਦਿੱਤੀਆਂ ਗਈਆਂ ਸਨ। ਉਸ ਨੇ ਅਤੇ ਉਸ ਦੇ ਕੁਝ ਆਦਮੀਆਂ ਨੇ ਇਹ ਰੋਟੀਆਂ ਖਾਧੀਆਂ ਸਨ, ਭਾਵੇਂ ਕਿ ਪੁਜਾਰੀਆਂ ਤੋਂ ਸਿਵਾਇ ਹੋਰ ਕਿਸੇ ਲਈ ਵੀ ਇਹ ਰੋਟੀਆਂ ਖਾਣੀਆਂ ਜਾਇਜ਼ ਨਹੀਂ ਸੀ।”+ 5 ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਪ੍ਰਭੂ ਹੈ।”+
6 ਫਿਰ ਇਕ ਹੋਰ ਸਬਤ ਦੇ ਦਿਨ,+ ਉਹ ਸਭਾ ਘਰ ਵਿਚ ਜਾ ਕੇ ਸਿਖਾਉਣ ਲੱਗਾ। ਉੱਥੇ ਇਕ ਆਦਮੀ ਸੀ ਜਿਸ ਦਾ ਸੱਜਾ ਹੱਥ ਸੁੱਕਿਆ ਹੋਇਆ ਸੀ।*+ 7 ਗ੍ਰੰਥੀ ਅਤੇ ਫ਼ਰੀਸੀ ਕਿਸੇ ਤਰ੍ਹਾਂ ਯਿਸੂ ਉੱਤੇ ਦੋਸ਼ ਲਾਉਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਦੀਆਂ ਨਜ਼ਰਾਂ ਯਿਸੂ ਉੱਤੇ ਟਿਕੀਆਂ ਹੋਈਆਂ ਸਨ ਕਿ ਉਹ ਸਬਤ ਦੇ ਦਿਨ ਕਿਸੇ ਨੂੰ ਠੀਕ ਕਰੇਗਾ ਜਾਂ ਨਹੀਂ। 8 ਪਰ ਉਹ ਜਾਣਦਾ ਸੀ ਕਿ ਉਹ ਕੀ ਸੋਚ ਰਹੇ ਸਨ,+ ਇਸ ਲਈ ਉਸ ਨੇ ਸੁੱਕੇ ਹੱਥ ਵਾਲੇ ਆਦਮੀ ਨੂੰ* ਕਿਹਾ: “ਉੱਠ ਕੇ ਇੱਥੇ ਵਿਚਕਾਰ ਖੜ੍ਹਾ ਹੋ।” ਉਹ ਆਦਮੀ ਉੱਠਿਆ ਅਤੇ ਵਿਚਕਾਰ ਖੜ੍ਹਾ ਹੋ ਗਿਆ। 9 ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਪੁੱਛਦਾ ਹਾਂ, ਕੀ ਸਬਤ ਦੇ ਦਿਨ ਕਿਸੇ ਦਾ ਭਲਾ ਕਰਨਾ ਠੀਕ ਹੈ ਜਾਂ ਬੁਰਾ ਕਰਨਾ, ਕੀ ਕਿਸੇ ਦੀ ਜਾਨ ਬਚਾਉਣੀ ਠੀਕ ਹੈ ਜਾਂ ਜਾਨ ਲੈਣੀ?”+ 10 ਉਨ੍ਹਾਂ ਸਾਰਿਆਂ ਵੱਲ ਦੇਖ ਕੇ ਉਸ ਨੇ ਆਦਮੀ ਨੂੰ ਕਿਹਾ: “ਆਪਣਾ ਹੱਥ ਅੱਗੇ ਕਰ।” ਉਸ ਆਦਮੀ ਨੇ ਆਪਣਾ ਹੱਥ ਅੱਗੇ ਕੀਤਾ ਅਤੇ ਉਸ ਦਾ ਹੱਥ ਠੀਕ ਹੋ ਗਿਆ। 11 ਪਰ ਉਹ ਗੁੱਸੇ ਵਿਚ ਪਾਗਲ ਹੋ ਗਏ ਅਤੇ ਆਪਸ ਵਿਚ ਸਲਾਹ ਕਰਨ ਲੱਗੇ ਕਿ ਯਿਸੂ ਨਾਲ ਕੀ ਕੀਤਾ ਜਾਵੇ।
12 ਇਕ ਦਿਨ ਯਿਸੂ ਪਹਾੜ ਉੱਤੇ ਪ੍ਰਾਰਥਨਾ ਕਰਨ ਗਿਆ+ ਅਤੇ ਸਾਰੀ ਰਾਤ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਰਿਹਾ।+ 13 ਫਿਰ ਦਿਨ ਚੜ੍ਹੇ ਉਸ ਨੇ ਆਪਣੇ ਚੇਲਿਆਂ ਨੂੰ ਬੁਲਾਇਆ ਅਤੇ ਉਨ੍ਹਾਂ ਵਿੱਚੋਂ 12 ਨੂੰ ਚੁਣ ਕੇ ਉਨ੍ਹਾਂ ਨੂੰ ਰਸੂਲ ਕਿਹਾ:+ 14 ਸ਼ਮਊਨ ਜਿਸ ਦਾ ਨਾਂ ਉਸ ਨੇ ਪਤਰਸ ਵੀ ਰੱਖਿਆ, ਉਸ ਦਾ ਭਰਾ ਅੰਦ੍ਰਿਆਸ, ਯਾਕੂਬ, ਯੂਹੰਨਾ, ਫ਼ਿਲਿੱਪੁਸ,+ ਬਰਥੁਲਮਈ, 15 ਮੱਤੀ, ਥੋਮਾ,+ ਹਲਫ਼ਈ ਦਾ ਪੁੱਤਰ ਯਾਕੂਬ, ਜੋਸ਼ੀਲਾ ਸ਼ਮਊਨ, 16 ਯਾਕੂਬ ਦਾ ਪੁੱਤਰ ਯਹੂਦਾ ਅਤੇ ਯਹੂਦਾ ਇਸਕਰਿਓਤੀ ਜਿਸ ਨੇ ਬਾਅਦ ਵਿਚ ਦਗ਼ਾ ਕੀਤਾ ਸੀ।
17 ਫਿਰ ਉਹ ਉਨ੍ਹਾਂ ਨਾਲ ਪਹਾੜੋਂ ਉੱਤਰ ਆਇਆ ਤੇ ਇਕ ਪੱਧਰੀ ਜਗ੍ਹਾ ਖੜ੍ਹ ਗਿਆ ਅਤੇ ਉੱਥੇ ਉਸ ਦੇ ਬਹੁਤ ਸਾਰੇ ਚੇਲੇ ਆਏ ਹੋਏ ਸਨ। ਨਾਲੇ ਯਹੂਦਿਯਾ ਦੇ ਪੂਰੇ ਇਲਾਕੇ, ਯਰੂਸ਼ਲਮ ਅਤੇ ਸਮੁੰਦਰ ਦੇ ਲਾਗੇ ਸੋਰ ਤੇ ਸੀਦੋਨ ਦੇ ਇਲਾਕਿਆਂ ਤੋਂ ਬਹੁਤ ਸਾਰੇ ਲੋਕ ਉਸ ਦੀਆਂ ਗੱਲਾਂ ਸੁਣਨ ਅਤੇ ਆਪਣੀਆਂ ਬੀਮਾਰੀਆਂ ਤੋਂ ਠੀਕ ਹੋਣ ਲਈ ਆਏ ਹੋਏ ਸਨ। 18 ਜਿਨ੍ਹਾਂ ਲੋਕਾਂ ਨੂੰ ਦੁਸ਼ਟ ਦੂਤ ਚਿੰਬੜੇ ਹੋਏ ਸਨ, ਉਸ ਨੇ ਉਨ੍ਹਾਂ ਨੂੰ ਵੀ ਚੰਗਾ ਕੀਤਾ। 19 ਉਸ ਦੇ ਅੰਦਰੋਂ ਸ਼ਕਤੀ ਨਿਕਲਦੀ ਸੀ+ ਜਿਸ ਨਾਲ ਲੋਕ ਠੀਕ ਹੋ ਜਾਂਦੇ ਸਨ, ਇਸ ਲਈ ਸਾਰੀ ਭੀੜ ਉਸ ਨੂੰ ਛੂਹਣ ਦੀ ਕੋਸ਼ਿਸ਼ ਕਰ ਰਹੀ ਸੀ।
20 ਫਿਰ ਉਸ ਨੇ ਆਪਣੇ ਚੇਲਿਆਂ ਨੂੰ ਦੇਖ ਕੇ ਕਹਿਣਾ ਸ਼ੁਰੂ ਕੀਤਾ:
“ਖ਼ੁਸ਼ ਹੋ ਤੁਸੀਂ ਜਿਹੜੇ ਗ਼ਰੀਬ ਹੋ ਕਿਉਂਕਿ ਪਰਮੇਸ਼ੁਰ ਦਾ ਰਾਜ ਤੁਹਾਡਾ ਹੈ।+
21 “ਖ਼ੁਸ਼ ਹੋ ਤੁਸੀਂ ਜਿਹੜੇ ਹੁਣ ਭੁੱਖੇ ਹੋ ਕਿਉਂਕਿ ਤੁਹਾਨੂੰ ਰਜਾਇਆ ਜਾਵੇਗਾ।+
“ਖ਼ੁਸ਼ ਹੋ ਤੁਸੀਂ ਜਿਹੜੇ ਹੁਣ ਰੋਂਦੇ ਹੋ ਕਿਉਂਕਿ ਤੁਸੀਂ ਹੱਸੋਗੇ।+
22 “ਖ਼ੁਸ਼ ਹੋ ਤੁਸੀਂ ਜਦੋਂ ਵੀ ਮਨੁੱਖ ਦੇ ਪੁੱਤਰ ਕਰਕੇ ਲੋਕ ਤੁਹਾਡੇ ਨਾਲ ਨਫ਼ਰਤ ਕਰਨ,+ ਤੁਹਾਨੂੰ ਆਪਣੇ ਵਿੱਚੋਂ ਛੇਕ ਦੇਣ,+ ਤੁਹਾਡੀ ਬੇਇੱਜ਼ਤੀ ਕਰਨ ਅਤੇ ਤੁਹਾਨੂੰ ਦੁਸ਼ਟ ਕਹਿ ਕੇ ਤੁਹਾਡਾ ਨਾਂ ਬਦਨਾਮ ਕਰਨ। 23 ਉਸ ਦਿਨ ਤੁਸੀਂ ਆਨੰਦ ਮਨਾਇਓ ਕਿਉਂਕਿ ਸਵਰਗ ਵਿਚ ਤੁਹਾਨੂੰ ਵੱਡਾ ਇਨਾਮ ਮਿਲੇਗਾ। ਉਨ੍ਹਾਂ ਦੇ ਪਿਉ-ਦਾਦਿਆਂ ਨੇ ਵੀ ਨਬੀਆਂ ਨਾਲ ਇਸੇ ਤਰ੍ਹਾਂ ਕੀਤਾ ਸੀ।+
24 “ਪਰ ਅਫ਼ਸੋਸ ਤੁਹਾਡੇ ਉੱਤੇ ਜਿਹੜੇ ਅਮੀਰ+ ਹੋ ਕਿਉਂਕਿ ਤੁਸੀਂ ਆਪਣੇ ਹਿੱਸੇ ਦਾ ਸੁੱਖ-ਆਰਾਮ ਪਾ ਚੁੱਕੇ ਹੋ।+
25 “ਅਫ਼ਸੋਸ ਤੁਹਾਡੇ ਉੱਤੇ ਜਿਹੜੇ ਹੁਣ ਰੱਜੇ ਹੋਏ ਹੋ ਕਿਉਂਕਿ ਤੁਸੀਂ ਭੁੱਖੇ ਰਹੋਗੇ।
“ਅਫ਼ਸੋਸ ਤੁਹਾਡੇ ਉੱਤੇ ਜਿਹੜੇ ਹੁਣ ਹੱਸਦੇ ਹੋ ਕਿਉਂਕਿ ਤੁਸੀਂ ਸੋਗ ਮਨਾਓਗੇ ਅਤੇ ਰੋਵੋਗੇ।+
26 “ਅਫ਼ਸੋਸ ਜਦੋਂ ਸਾਰੇ ਲੋਕ ਤੁਹਾਡੀ ਸ਼ਲਾਘਾ ਕਰਨ+ ਕਿਉਂਕਿ ਉਨ੍ਹਾਂ ਦੇ ਪਿਉ-ਦਾਦਿਆਂ ਨੇ ਵੀ ਝੂਠੇ ਨਬੀਆਂ ਦੀ ਸ਼ਲਾਘਾ ਕੀਤੀ ਸੀ।
27 “ਪਰ ਮੈਂ ਤੁਹਾਨੂੰ ਜਿਹੜੇ ਮੇਰੀਆਂ ਗੱਲਾਂ ਸੁਣ ਰਹੇ ਹੋ, ਕਹਿੰਦਾ ਹਾਂ: ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰਦੇ ਰਹੋ, ਜਿਹੜੇ ਤੁਹਾਡੇ ਨਾਲ ਨਫ਼ਰਤ ਕਰਦੇ ਹਨ, ਉਨ੍ਹਾਂ ਦਾ ਭਲਾ ਕਰਦੇ ਰਹੋ,+ 28 ਜਿਹੜੇ ਤੁਹਾਨੂੰ ਸਰਾਪ ਦਿੰਦੇ ਹਨ, ਉਨ੍ਹਾਂ ਨੂੰ ਅਸੀਸਾਂ ਦਿੰਦੇ ਰਹੋ ਅਤੇ ਜਿਹੜੇ ਤੁਹਾਡੀ ਬੇਇੱਜ਼ਤੀ ਕਰਦੇ ਹਨ, ਉਨ੍ਹਾਂ ਲਈ ਪ੍ਰਾਰਥਨਾ ਕਰਦੇ ਰਹੋ।+ 29 ਜਿਹੜਾ ਤੇਰੀ ਇਕ ਗੱਲ੍ਹ ʼਤੇ ਥੱਪੜ ਮਾਰਦਾ ਹੈ, ਉਸ ਵੱਲ ਆਪਣੀ ਦੂਜੀ ਗੱਲ੍ਹ ਵੀ ਕਰ ਦੇ; ਜਿਹੜਾ ਤੇਰੀ ਚਾਦਰ ਲੈ ਲੈਂਦਾ ਹੈ, ਉਸ ਨੂੰ ਆਪਣਾ ਕੁੜਤਾ ਲੈਣ ਤੋਂ ਵੀ ਨਾ ਰੋਕ।+ 30 ਹਰ ਕੋਈ ਜੋ ਤੇਰੇ ਤੋਂ ਕੁਝ ਮੰਗਦਾ ਹੈ,+ ਉਸ ਨੂੰ ਦੇ ਦੇ ਅਤੇ ਜਿਹੜਾ ਤੇਰੀਆਂ ਚੀਜ਼ਾਂ ਖੋਹ ਲੈਂਦਾ ਹੈ, ਉਸ ਤੋਂ ਆਪਣੀਆਂ ਚੀਜ਼ਾਂ ਵਾਪਸ ਨਾ ਮੰਗ।
31 “ਨਾਲੇ ਜਿਸ ਤਰ੍ਹਾਂ ਤੁਸੀਂ ਆਪ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ।+
32 “ਜੇ ਤੁਸੀਂ ਸਿਰਫ਼ ਉਨ੍ਹਾਂ ਨਾਲ ਹੀ ਪਿਆਰ ਕਰਦੇ ਹੋ ਜੋ ਤੁਹਾਡੇ ਨਾਲ ਪਿਆਰ ਕਰਦੇ ਹਨ, ਤਾਂ ਇਹਦੇ ਵਿਚ ਕਿਹੜੀ ਵੱਡੀ ਗੱਲ ਹੈ? ਪਾਪੀ ਲੋਕ ਵੀ ਤਾਂ ਆਪਣੇ ਪਿਆਰ ਕਰਨ ਵਾਲਿਆਂ ਨਾਲ ਪਿਆਰ ਕਰਦੇ ਹਨ।+ 33 ਜੇ ਤੁਸੀਂ ਉਨ੍ਹਾਂ ਦਾ ਹੀ ਭਲਾ ਕਰਦੇ ਹੋ ਜਿਹੜੇ ਤੁਹਾਡਾ ਭਲਾ ਕਰਦੇ ਹਨ, ਤਾਂ ਇਹਦੇ ਵਿਚ ਕਿਹੜੀ ਵੱਡੀ ਗੱਲ ਹੈ? ਪਾਪੀ ਲੋਕ ਵੀ ਤਾਂ ਇਸੇ ਤਰ੍ਹਾਂ ਕਰਦੇ ਹਨ। 34 ਨਾਲੇ ਜੇ ਤੁਸੀਂ ਉਨ੍ਹਾਂ ਨੂੰ ਹੀ ਉਧਾਰ* ਦਿੰਦੇ ਹੋ ਜਿਨ੍ਹਾਂ ਤੋਂ ਤੁਹਾਨੂੰ ਪੈਸਾ ਵਾਪਸ ਮਿਲਣ ਦੀ ਆਸ ਹੈ, ਤਾਂ ਇਹਦੇ ਵਿਚ ਕਿਹੜੀ ਵੱਡੀ ਗੱਲ ਹੈ?+ ਪਾਪੀ ਲੋਕ ਵੀ ਤਾਂ ਦੂਸਰੇ ਪਾਪੀਆਂ ਨੂੰ ਉਧਾਰ ਦਿੰਦੇ ਹਨ ਜਿਨ੍ਹਾਂ ਤੋਂ ਉਨ੍ਹਾਂ ਨੂੰ ਪੂਰਾ ਪੈਸਾ ਵਾਪਸ ਮਿਲਣ ਦੀ ਆਸ ਹੁੰਦੀ ਹੈ। 35 ਪਰ ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰਦੇ ਰਹੋ ਅਤੇ ਉਨ੍ਹਾਂ ਦਾ ਭਲਾ ਕਰਦੇ ਰਹੋ, ਉਨ੍ਹਾਂ ਨੂੰ ਉਧਾਰ ਦਿੰਦੇ ਰਹੋ ਅਤੇ ਕੁਝ ਵਾਪਸ ਮਿਲਣ ਦੀ ਆਸ ਨਾ ਰੱਖੋ।+ ਤੁਹਾਨੂੰ ਵੱਡਾ ਇਨਾਮ ਮਿਲੇਗਾ ਅਤੇ ਤੁਸੀਂ ਅੱਤ ਮਹਾਨ ਦੇ ਪੁੱਤਰ ਬਣੋਗੇ ਕਿਉਂਕਿ ਉਹ ਤਾਂ ਨਾਸ਼ੁਕਰਿਆਂ ਅਤੇ ਦੁਸ਼ਟਾਂ ਉੱਤੇ ਵੀ ਦਇਆ ਕਰਦਾ ਹੈ।+ 36 ਤੁਸੀਂ ਦਇਆਵਾਨ ਬਣੇ ਰਹੋ ਜਿਵੇਂ ਤੁਹਾਡਾ ਪਿਤਾ ਦਇਆਵਾਨ ਹੈ।+
37 “ਇਸ ਤੋਂ ਇਲਾਵਾ, ਦੂਸਰਿਆਂ ਵਿਚ ਨੁਕਸ ਕੱਢਣੇ ਛੱਡ ਦਿਓ, ਤਾਂ ਤੁਹਾਡੇ ਵਿਚ ਵੀ ਕਦੇ ਨੁਕਸ ਨਹੀਂ ਕੱਢੇ ਜਾਣਗੇ।+ ਦੂਸਰਿਆਂ ਨੂੰ ਦੋਸ਼ੀ ਠਹਿਰਾਉਣਾ ਛੱਡ ਦਿਓ, ਤਾਂ ਤੁਹਾਨੂੰ ਵੀ ਕਦੇ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ। ਦੂਸਰਿਆਂ ਨੂੰ ਪੂਰੀ ਤਰ੍ਹਾਂ ਮਾਫ਼ ਕਰਦੇ ਰਹੋ, ਤਾਂ ਤੁਹਾਨੂੰ ਵੀ ਮਾਫ਼ ਕੀਤਾ ਜਾਵੇਗਾ।+ 38 ਦੂਸਰਿਆਂ ਨੂੰ ਦਿੰਦੇ ਰਹੋ, ਤਾਂ ਲੋਕ ਤੁਹਾਨੂੰ ਵੀ ਦੇਣਗੇ।+ ਉਹ ਦੱਬ-ਦੱਬ ਕੇ, ਹਿਲਾ-ਹਿਲਾ ਕੇ ਉੱਪਰ ਤਕ ਮਾਪ ਨੂੰ ਭਰਨਗੇ, ਸਗੋਂ ਜ਼ਿਆਦਾ ਭਰ ਕੇ ਤੁਹਾਡੀ ਝੋਲ਼ੀ ਵਿਚ ਪਾਉਣਗੇ। ਜਿਸ ਮਾਪ ਨਾਲ ਤੁਸੀਂ ਦੂਸਰਿਆਂ ਨੂੰ ਮਾਪ ਕੇ ਦਿੰਦੇ ਹੋ, ਉਸੇ ਮਾਪ ਨਾਲ ਉਹ ਤੁਹਾਨੂੰ ਵੀ ਮਾਪ ਕੇ ਦੇਣਗੇ।”
39 ਫਿਰ ਉਸ ਨੇ ਉਨ੍ਹਾਂ ਨੂੰ ਮਿਸਾਲਾਂ ਵੀ ਦਿੱਤੀਆਂ: “ਅੰਨ੍ਹਾ ਅੰਨ੍ਹੇ ਨੂੰ ਰਾਹ ਕਿਵੇਂ ਦਿਖਾ ਸਕਦਾ ਹੈ? ਜੇ ਦਿਖਾਉਂਦਾ ਹੈ, ਤਾਂ ਉਹ ਦੋਵੇਂ ਟੋਏ ਵਿਚ ਡਿਗ ਪੈਣਗੇ।+ 40 ਚੇਲਾ ਆਪਣੇ ਗੁਰੂ ਤੋਂ ਵੱਡਾ ਨਹੀਂ ਹੁੰਦਾ, ਪਰ ਜਿਸ ਚੇਲੇ ਨੂੰ ਚੰਗੀ ਤਰ੍ਹਾਂ ਸਿਖਾਇਆ ਜਾਂਦਾ ਹੈ, ਉਹ ਆਪਣੇ ਗੁਰੂ ਵਰਗਾ ਬਣ ਜਾਂਦਾ ਹੈ। 41 ਤਾਂ ਫਿਰ, ਤੂੰ ਆਪਣੇ ਭਰਾ ਦੀ ਅੱਖ ਵਿਚ ਪਏ ਕੱਖ ਨੂੰ ਕਿਉਂ ਦੇਖਦਾ ਹੈਂ, ਪਰ ਆਪਣੀ ਅੱਖ ਵਿਚਲੇ ਸ਼ਤੀਰ ਨੂੰ ਨਹੀਂ ਦੇਖਦਾ?+ 42 ਤੂੰ ਆਪਣੇ ਭਰਾ ਨੂੰ ਇਹ ਕਿਵੇਂ ਕਹਿ ਸਕਦਾ ਹੈਂ, ‘ਭਰਾ, ਲਿਆ ਮੈਂ ਤੇਰੀ ਅੱਖ ਵਿੱਚੋਂ ਕੱਖ ਕੱਢ ਦਿਆਂ,’ ਜਦ ਕਿ ਤੂੰ ਆਪਣੀ ਅੱਖ ਵਿਚਲੇ ਸ਼ਤੀਰ ਨੂੰ ਨਹੀਂ ਦੇਖਦਾ? ਪਖੰਡੀਆ, ਪਹਿਲਾਂ ਆਪਣੀ ਅੱਖ ਵਿਚ ਪਏ ਸ਼ਤੀਰ ਨੂੰ ਕੱਢ ਤੇ ਫਿਰ ਤੂੰ ਸਾਫ਼ ਦੇਖ ਸਕੇਂਗਾ ਕਿ ਆਪਣੇ ਭਰਾ ਦੀ ਅੱਖ ਵਿੱਚੋਂ ਕੱਖ ਕਿਵੇਂ ਕੱਢਣਾ ਹੈ।
43 “ਕਿਸੇ ਚੰਗੇ ਦਰਖ਼ਤ ਨੂੰ ਮਾੜਾ ਫਲ ਨਹੀਂ ਲੱਗਦਾ ਅਤੇ ਮਾੜੇ ਦਰਖ਼ਤ ਨੂੰ ਚੰਗਾ ਫਲ ਨਹੀਂ ਲੱਗਦਾ।+ 44 ਦਰਖ਼ਤ ਦੀ ਪਛਾਣ ਉਸ ਦੇ ਫਲਾਂ ਤੋਂ ਹੁੰਦੀ ਹੈ।+ ਮਿਸਾਲ ਲਈ, ਕੀ ਲੋਕ ਕਦੇ ਕੰਡਿਆਲ਼ੀਆਂ ਝਾੜੀਆਂ ਤੋਂ ਅੰਗੂਰ ਜਾਂ ਅੰਜੀਰ ਤੋੜਦੇ ਹਨ? 45 ਚੰਗਾ ਆਦਮੀ ਆਪਣੇ ਦਿਲ ਦੇ ਚੰਗੇ ਖ਼ਜ਼ਾਨੇ ਵਿੱਚੋਂ ਚੰਗੀਆਂ ਚੀਜ਼ਾਂ ਕੱਢਦਾ ਹੈ, ਜਦ ਕਿ ਦੁਸ਼ਟ ਆਦਮੀ ਆਪਣੇ ਦੁਸ਼ਟ ਖ਼ਜ਼ਾਨੇ ਵਿੱਚੋਂ ਦੁਸ਼ਟ ਚੀਜ਼ਾਂ ਕੱਢਦਾ ਹੈ। ਜੋ ਦਿਲ ਵਿਚ ਹੁੰਦਾ ਹੈ, ਉਹੀ ਮੂੰਹ ʼਤੇ ਆਉਂਦਾ ਹੈ।+
46 “ਤੁਸੀਂ ਮੈਨੂੰ ਪ੍ਰਭੂ ਕਿਉਂ ਕਹਿੰਦੇ ਹੋ, ਜਦ ਕਿ ਮੈਂ ਜੋ ਕਹਿੰਦਾ ਹਾਂ, ਉਹ ਤੁਸੀਂ ਨਹੀਂ ਕਰਦੇ?+ 47 ਮੈਂ ਤੁਹਾਨੂੰ ਦੱਸਦਾ ਹਾਂ ਕਿ ਹਰ ਕੋਈ ਜਿਹੜਾ ਮੇਰੇ ਕੋਲ ਆਉਂਦਾ ਹੈ ਅਤੇ ਮੇਰੀਆਂ ਗੱਲਾਂ ਸੁਣ ਕੇ ਉਨ੍ਹਾਂ ਉੱਤੇ ਚੱਲਦਾ ਹੈ, ਉਹ ਇਨਸਾਨ ਕਿਸ ਵਰਗਾ ਹੈ।+ 48 ਉਹ ਉਸ ਆਦਮੀ ਵਰਗਾ ਹੈ ਜਿਸ ਨੇ ਘਰ ਬਣਾਉਣ ਵੇਲੇ ਜ਼ਮੀਨ ਡੂੰਘੀ ਪੁੱਟ ਕੇ ਨੀਂਹਾਂ ਚਟਾਨ ਉੱਤੇ ਧਰੀਆਂ। ਇਸ ਕਰਕੇ, ਜਦੋਂ ਹੜ੍ਹ ਆਇਆ, ਤਾਂ ਦਰਿਆ ਦੇ ਪਾਣੀ ਦੀਆਂ ਛੱਲਾਂ ਉਸ ਘਰ ਨਾਲ ਟਕਰਾਈਆਂ, ਪਰ ਘਰ ਨੂੰ ਹਿਲਾ ਨਾ ਸਕੀਆਂ ਕਿਉਂਕਿ ਘਰ ਦੀਆਂ ਨੀਂਹਾਂ ਪੱਕੀਆਂ ਸਨ।+ 49 ਦੂਜੇ ਪਾਸੇ, ਜਿਹੜਾ ਮੇਰੀਆਂ ਗੱਲਾਂ ਸੁਣ ਕੇ ਉਨ੍ਹਾਂ ਉੱਤੇ ਨਹੀਂ ਚੱਲਦਾ,+ ਉਹ ਉਸ ਆਦਮੀ ਵਰਗਾ ਹੈ ਜਿਸ ਨੇ ਆਪਣਾ ਘਰ ਬਣਾਉਣ ਵੇਲੇ ਨੀਂਹਾਂ ਨਹੀਂ ਧਰੀਆਂ। ਦਰਿਆ ਦੇ ਪਾਣੀ ਦੇ ਜ਼ੋਰ ਨਾਲ ਘਰ ਝੱਟ ਡਿਗ ਗਿਆ ਅਤੇ ਪੂਰੀ ਤਰ੍ਹਾਂ ਤਬਾਹ ਹੋ ਗਿਆ।”