ਅਧਿਆਇ 74
ਮਾਰਥਾ ਨੂੰ ਸਲਾਹ, ਅਤੇ ਪ੍ਰਾਰਥਨਾ ਬਾਰੇ ਹਿਦਾਇਤ
ਯਿਸੂ ਦੀ ਯਹੂਦਿਯਾ ਵਿਖੇ ਸੇਵਕਾਈ ਦੇ ਦੌਰਾਨ, ਉਹ ਬੈਤਅਨੀਆ ਦੇ ਪਿੰਡ ਵਿਚ ਦਾਖ਼ਲ ਹੁੰਦਾ ਹੈ। ਮਾਰਥਾ, ਮਰਿਯਮ, ਅਤੇ ਉਨ੍ਹਾਂ ਦਾ ਭਰਾ ਲਾਜ਼ਰ ਇੱਥੇ ਹੀ ਰਹਿੰਦੇ ਹਨ। ਸ਼ਾਇਦ ਯਿਸੂ ਆਪਣੀ ਸੇਵਕਾਈ ਦੇ ਅਗਾਊਂ ਵਿਚ ਇਨ੍ਹਾਂ ਤਿੰਨਾਂ ਨੂੰ ਮਿਲਿਆ ਸੀ ਅਤੇ ਇਸ ਲਈ ਉਹ ਉਨ੍ਹਾਂ ਦਾ ਪਹਿਲਾਂ ਤੋਂ ਹੀ ਗੂੜ੍ਹਾ ਮਿੱਤਰ ਹੈ। ਜੋ ਵੀ ਹੋਵੇ, ਯਿਸੂ ਹੁਣ ਮਾਰਥਾ ਦੇ ਘਰ ਜਾਂਦਾ ਹੈ ਅਤੇ ਉਹ ਉਸ ਦਾ ਸੁਆਗਤ ਕਰਦੀ ਹੈ।
ਮਾਰਥਾ ਯਿਸੂ ਨੂੰ ਆਪਣੀਆਂ ਸਭ ਤੋਂ ਵਧੀਆ ਚੀਜ਼ਾਂ ਦੇਣ ਲਈ ਉਤਸੁਕ ਹੈ। ਸੱਚ-ਮੁੱਚ ਹੀ, ਵਾਅਦਾ ਕੀਤੇ ਹੋਏ ਮਸੀਹਾ ਦਾ ਇਕ ਵਿਅਕਤੀ ਦੇ ਘਰ ਆਉਣਾ ਇਕ ਵੱਡਾ ਸਨਮਾਨ ਹੈ! ਇਸ ਲਈ ਮਾਰਥਾ ਇਕ ਚੰਗਾ ਭੋਜਨ ਤਿਆਰ ਕਰਨ ਅਤੇ ਯਿਸੂ ਦੇ ਠਹਿਰਾਉ ਨੂੰ ਹੋਰ ਆਨੰਦਮਈ ਅਤੇ ਆਰਾਮਦਾਇਕ ਬਣਾਉਣ ਲਈ ਅਨੇਕ ਦੂਜੇ ਵੇਰਵਿਆਂ ਤੇ ਧਿਆਨ ਦੇਣ ਵਿਚ ਜੁਟ ਜਾਂਦੀ ਹੈ।
ਦੂਜੇ ਪਾਸੇ, ਮਾਰਥਾ ਦੀ ਭੈਣ ਮਰਿਯਮ ਯਿਸੂ ਦੇ ਪੈਰਾਂ ਦੇ ਨੇੜੇ ਬੈਠ ਜਾਂਦੀ ਹੈ ਅਤੇ ਉਸ ਨੂੰ ਸੁਣਦੀ ਹੈ। ਕੁਝ ਸਮੇਂ ਬਾਅਦ, ਮਾਰਥਾ ਆ ਕੇ ਯਿਸੂ ਨੂੰ ਕਹਿੰਦੀ ਹੈ: “ਪ੍ਰਭੁ ਜੀ ਤੈਨੂੰ ਕੁਝ ਚਿੰਤਾ ਨਹੀਂ ਜੋ ਮੇਰੀ ਭੈਣ ਨੇ ਮੈਨੂੰ ਟਹਿਲ ਕਰਨ ਲਈ ਕੱਲੀ ਹੀ ਛੱਡਿਆ ਹੈ? ਸੋ ਉਹ ਨੂੰ ਕਹੁ ਕਿ ਮੇਰੀ ਮੱਦਤ ਕਰੇ।”
ਪਰੰਤੂ ਯਿਸੂ ਮਰਿਯਮ ਨੂੰ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੰਦਾ ਹੈ। ਇਸ ਦੀ ਬਜਾਇ, ਉਹ ਮਾਰਥਾ ਨੂੰ ਭੌਤਿਕ ਵਸਤਾਂ ਦੀ ਹੱਦੋਂ ਵਧ ਚਿੰਤਾਂ ਕਰਨ ਦੇ ਬਾਰੇ ਸਲਾਹਾਂ ਦਿੰਦਾ ਹੈ। “ਮਾਰਥਾ ਮਾਰਥਾ,” ਉਹ ਦਇਆਪੂਰਵਕ ਤਾੜਨਾ ਦਿੰਦਾ ਹੈ, “ਤੂੰ ਬਹੁਤੀਆਂ ਵਸਤਾਂ ਦੀ ਚਿੰਤਾ ਕਰਦੀ ਅਤੇ ਘਬਰਾਉਂਦੀ ਹੈਂ। ਪਰ ਇੱਕ ਗੱਲ ਦੀ ਲੋੜ ਹੈ।” ਯਿਸੂ ਕਹਿ ਰਿਹਾ ਹੈ ਕਿ ਭੋਜਨ ਲਈ ਬਹੁਤ ਤਰ੍ਹਾਂ ਦੇ ਪਕਵਾਨ ਤਿਆਰ ਕਰਨ ਵਿਚ ਬਹੁਤਾ ਸਮਾਂ ਬਿਤਾਉਣਾ ਜ਼ਰੂਰੀ ਨਹੀਂ ਹੈ। ਸਿਰਫ਼ ਕੁਝ ਜਾਂ ਇਕ ਹੀ ਪਕਵਾਨ ਕਾਫ਼ੀ ਹੈ।
ਮਾਰਥਾ ਦੇ ਇਰਾਦੇ ਚੰਗੇ ਹਨ; ਉਹ ਇਕ ਪਰਾਹੁਣਾਚਾਰ ਮੇਜ਼ਬਾਨ ਬਣਨਾ ਚਾਹੁੰਦੀ ਹੈ। ਪਰੰਤੂ, ਭੌਤਿਕ ਵਸਤਾਂ ਦੇ ਪ੍ਰਤੀ ਆਪਣੇ ਚਿੰਤਾਵਾਨ ਧਿਆਨ ਦੁਆਰਾ, ਉਹ ਪਰਮੇਸ਼ੁਰ ਦੇ ਆਪਣੇ ਪੁੱਤਰ ਪਾਸੋਂ ਨਿੱਜੀ ਹਿਦਾਇਤ ਪ੍ਰਾਪਤ ਕਰਨ ਦੇ ਮੌਕੇ ਨੂੰ ਖੋਹ ਰਹੀ ਹੈ! ਇਸ ਲਈ ਯਿਸੂ ਸਮਾਪਤ ਕਰਦਾ ਹੈ: “ਮਰਿਯਮ ਨੇ ਤਾਂ ਉਹ ਚੰਗਾ ਹਿੱਸਾ ਪਸਿੰਦ ਕੀਤਾ ਹੈ ਜੋ ਉਸ ਤੋਂ ਖੋਹਿਆ ਨਾ ਜਾਵੇਗਾ।”
ਬਾਅਦ ਵਿਚ, ਇਕ ਹੋਰ ਮੌਕੇ ਤੇ, ਇਕ ਚੇਲਾ ਯਿਸੂ ਨੂੰ ਪੁੱਛਦਾ ਹੈ: “ਪ੍ਰਭੁ ਜੀ ਸਾਨੂੰ ਪ੍ਰਾਰਥਨਾ ਕਰਨੀ ਸਿਖਾਲ ਜਿਵੇਂ ਯੂਹੰਨਾ ਨੇ ਭੀ ਆਪਣੇ ਚੇਲਿਆਂ ਨੂੰ ਸਿਖਾਲੀ।” ਸੰਭਵ ਹੈ ਕਿ ਇਹ ਚੇਲਾ ਲਗਭਗ ਡੇਢ ਵਰ੍ਹੇ ਪਹਿਲਾਂ ਹਾਜ਼ਰ ਨਹੀਂ ਸੀ ਜਦੋਂ ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਆਦਰਸ਼ ਪ੍ਰਾਰਥਨਾ ਪੇਸ਼ ਕੀਤੀ ਸੀ। ਇਸ ਲਈ ਯਿਸੂ ਆਪਣੀਆਂ ਹਿਦਾਇਤਾਂ ਨੂੰ ਦੁਹਰਾਉਂਦਾ ਹੈ, ਪਰੰਤੂ ਫਿਰ ਅੱਗੇ ਜਾ ਕੇ ਪ੍ਰਾਰਥਨਾ ਵਿਚ ਲੱਗੇ ਰਹਿਣ ਦੀ ਲੋੜ ਉੱਪਰ ਜ਼ੋਰ ਦੇਣ ਲਈ ਇਕ ਦ੍ਰਿਸ਼ਟਾਂਤ ਦਿੰਦਾ ਹੈ।
“ਤੁਹਾਡੇ ਵਿੱਚੋਂ ਕੌਣ ਹੈ ਜਿਹ ਦਾ ਇੱਕ ਮਿੱਤਰ ਹੋਵੇ,” ਯਿਸੂ ਸ਼ੁਰੂ ਕਰਦਾ ਹੈ, “ਅਤੇ ਅੱਧੀ ਰਾਤ ਨੂੰ ਉਹ ਦੇ ਕੋਲ ਜਾ ਕੇ ਉਹ ਨੂੰ ਕਹੇ, ਮਿੱਤ੍ਰਾ ਤਿੰਨ ਰੋਟੀਆਂ ਮੈਨੂੰ ਉਧਾਰੀਆਂ ਦਿਹ। ਕਿਉਂ ਜੋ ਮੇਰਾ ਇੱਕ ਮਿੱਤਰ ਪੈਂਡਾ ਕਰ ਕੇ ਮੇਰੇ ਕੋਲ ਆਇਆ ਹੈ ਅਤੇ ਮੇਰੇ ਕੋਲ ਕੁਝ ਨਹੀਂ ਜੋ ਉਹ ਦੇ ਅੱਗੇ ਰੱਖਾਂ। ਅਰ ਉਹ ਅੰਦਰੋਂ ਉੱਤਰ ਦੇਵੇ ਭਈ ਮੈਨੂੰ ਔਖਾ ਨਾ ਕਰ, ਹੁਣ ਬੂਹਾ ਵੱਜਿਆ ਹੋਇਆ ਹੈ ਅਤੇ ਮੇਰੇ ਲੜਕੇ ਬਾਲੇ ਮੇਰੇ ਨਾਲ ਸੁੱਤੇ ਪਏ ਹਨ, ਮੈਂ ਉੱਠ ਕੇ ਤੈਨੂੰ ਦੇ ਨਹੀਂ ਸੱਕਦਾ। ਮੈਂ ਤੁਹਾਨੂੰ ਆਖਦਾ ਹਾਂ ਕਿ ਭਾਵੇਂ ਉਹ ਉਸ ਦਾ ਮਿੱਤਰ ਹੋਣ ਦੇ ਕਾਰਨ ਉੱਠ ਕੇ ਉਹ ਨੂੰ ਨਾ ਦੇਵੇ ਪਰ ਉਹ ਦੇ ਢੀਠਪੁਣੇ ਦੇ ਕਾਰਨ ਉੱਠੇਗਾ ਅਤੇ ਜਿੰਨੀਆਂ ਦੀ ਲੋੜ ਹੋਵੇਗੀ ਉਹ ਨੂੰ ਦੇਵੇਗਾ।”
ਇਸ ਤੁਲਨਾ ਦੁਆਰਾ, ਯਿਸੂ ਦਾ ਸੰਕੇਤ ਕਰਨ ਦਾ ਇਹ ਮਤਲਬ ਨਹੀਂ ਹੈ ਕਿ ਯਹੋਵਾਹ ਪਰਮੇਸ਼ੁਰ ਬੇਨਤੀਆਂ ਦੇ ਜਵਾਬ ਦੇਣ ਵਿਚ ਅਣਇੱਛੁਕ ਹੈ, ਜਿਵੇਂ ਕਿ ਉਸ ਦੀ ਕਹਾਣੀ ਵਿਚ ਉਹ ਮਿੱਤਰ ਸੀ। ਨਹੀਂ, ਪਰੰਤੂ ਉਹ ਇਹ ਦਰਸਾ ਰਿਹਾ ਹੈ ਕਿ ਜੇਕਰ ਇਕ ਅਣਇੱਛੁਕ ਮਿੱਤਰ ਲਗਾਤਾਰ ਬੇਨਤੀਆਂ ਦਾ ਜਵਾਬ ਦੇਵੇਗਾ, ਤਾਂ ਸਾਡਾ ਪਿਆਰਾ ਸਵਰਗੀ ਪਿਤਾ ਕਿੰਨਾ ਜ਼ਿਆਦਾ ਇੰਜ ਕਰੇਗਾ! ਇਸ ਲਈ ਯਿਸੂ ਅੱਗੇ ਕਹਿੰਦਾ ਹੈ: “ਮੈਂ ਤੁਹਾਨੂੰ ਆਖਦਾ ਹਾਂ, ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ, ਢੂੰਡੋ ਤਾਂ ਤੁਹਾਨੂੰ ਲੱਭੇਗਾ, ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ। ਕਿਉਂਕਿ ਹਰੇਕ ਜਿਹੜਾ ਮੰਗਦਾ ਹੈ ਉਹ ਲੈਂਦਾ ਹੈ ਅਤੇ ਜਿਹੜਾ ਢੂੰਡਦਾ ਹੈ ਉਹ ਨੂੰ ਲੱਭਦਾ ਹੈ ਅਤੇ ਜਿਹੜਾ ਖੜਕਾਉਂਦਾ ਹੈ ਉਹ ਦੇ ਲਈ ਖੋਲ੍ਹਿਆ ਜਾਵੇਗਾ।”
ਫਿਰ ਯਿਸੂ ਅਪੂਰਣ, ਪਾਪੀ ਮਾਨਵੀ ਪਿਤਾ ਦਾ ਜ਼ਿਕਰ ਕਰਦੇ ਹੋਏ, ਕਹਿੰਦਾ ਹੈ: “ਪਰ ਤੁਹਾਡੇ ਵਿੱਚੋਂ ਉਹ ਕਿਹੜਾ ਪਿਉ ਹੈ ਕਿ ਜੇ ਉਹ ਦਾ ਪੁੱਤ੍ਰ ਮਛੀ ਮੰਗੇ ਤਾਂ ਉਹ ਨੂੰ ਮਛੀ ਦੇ ਥਾਂ ਸੱਪ ਦੇਵੇਗਾ? ਯਾ ਜੇ ਆਂਡਾ ਮੰਗੇ ਤਾਂ ਉਹ ਨੂੰ ਬਿੱਛੂ ਦੇਵੇਗਾ? ਸੋ ਜੇ ਤੁਸੀਂ ਬੁਰੇ ਹੋ ਕੇ ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਉਹ ਸੁਰਗੀ ਪਿਤਾ ਕਿੰਨਾ ਵਧੀਕ ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ ਦੇਵੇਗਾ!” ਸੱਚ-ਮੁੱਚ ਹੀ, ਯਿਸੂ ਪ੍ਰਾਰਥਨਾ ਵਿਚ ਲੱਗੇ ਰਹਿਣ ਦੇ ਲਈ ਕਿੰਨਾ ਪ੍ਰੇਰਣਾਦਾਇਕ ਉਤਸ਼ਾਹ ਦਿੰਦਾ ਹੈ। ਲੂਕਾ 10:38–11:13.
▪ ਮਾਰਥਾ ਯਿਸੂ ਦੇ ਲਈ ਇੰਨੀਆਂ ਵਿਸਤ੍ਰਿਤ ਤਿਆਰੀਆਂ ਕਿਉਂ ਕਰਦੀ ਹੈ?
▪ ਮਰਿਯਮ ਕੀ ਕਰਦੀ ਹੈ, ਅਤੇ ਕਿਉਂ ਯਿਸੂ ਮਾਰਥਾ ਦੀ ਬਜਾਇ ਉਸ ਦੀ ਪ੍ਰਸ਼ੰਸਾ ਕਰਦਾ ਹੈ?
▪ ਯਿਸੂ ਨੂੰ ਪ੍ਰਾਰਥਨਾ ਬਾਰੇ ਆਪਣੀਆਂ ਹਿਦਾਇਤਾਂ ਦੁਹਰਾਉਣ ਲਈ ਕਿਹੜੀ ਚੀਜ਼ ਪ੍ਰੇਰਿਤ ਕਰਦੀ ਹੈ?
▪ ਯਿਸੂ ਪ੍ਰਾਰਥਨਾ ਵਿਚ ਲੱਗੇ ਰਹਿਣ ਦੀ ਲੋੜ ਨੂੰ ਕਿਸ ਤਰ੍ਹਾਂ ਦਰਸਾਉਂਦਾ ਹੈ?