ਅਧਿਆਇ 76
ਇਕ ਫ਼ਰੀਸੀ ਦੇ ਨਾਲ ਭੋਜਨ ਖਾਣਾ
ਯਿਸੂ ਦਾ ਉਨ੍ਹਾਂ ਆਲੋਚਕਾਂ ਨੂੰ ਜਵਾਬ ਦੇਣ ਤੋਂ ਬਾਅਦ, ਜਿਹੜੇ ਇਕ ਗੁੰਗੇ ਆਦਮੀ ਨੂੰ ਚੰਗਾ ਕਰਨ ਦੀ ਉਸ ਦੀ ਸ਼ਕਤੀ ਦੇ ਸ੍ਰੋਤ ਬਾਰੇ ਇਤਰਾਜ਼ ਕਰਦੇ ਹਨ, ਇਕ ਫ਼ਰੀਸੀ ਉਸ ਨੂੰ ਭੋਜਨ ਲਈ ਸੱਦਾ ਦਿੰਦਾ ਹੈ। ਖਾਣਾ ਖਾਣ ਤੋਂ ਪਹਿਲਾਂ, ਫ਼ਰੀਸੀ ਕੋਹਣੀਆਂ ਤਕ ਆਪਣੇ ਹੱਥ ਧੋਣ ਦੀ ਰੀਤੀ ਦਾ ਪਾਲਣ ਕਰਦੇ ਹਨ। ਉਹ ਇਸ ਨੂੰ ਭੋਜਨ ਤੋਂ ਪਹਿਲਾਂ ਅਤੇ ਬਾਅਦ ਵਿਚ ਅਤੇ ਖਾਣੇ ਦੇ ਦੌਰਾਨ ਵੀ ਕਰਦੇ ਹਨ। ਭਾਵੇਂ ਕਿ ਇਹ ਰੀਤੀ ਪਰਮੇਸ਼ੁਰ ਦੀ ਲਿਖਿਤ ਬਿਵਸਥਾ ਨੂੰ ਨਹੀਂ ਤੋੜਦੀ ਹੈ, ਇਹ ਰਸਮੀ ਸ਼ੁੱਧਤਾ ਦੇ ਮਾਮਲੇ ਵਿਚ ਪਰਮੇਸ਼ੁਰ ਦੀ ਮੰਗ ਤੋਂ ਪਰੇ ਹੈ।
ਜਦੋਂ ਯਿਸੂ ਇਸ ਰੀਤੀ ਨੂੰ ਪੂਰਿਆਂ ਕਰਨ ਤੋਂ ਚੁੱਕ ਜਾਂਦਾ ਹੈ, ਤਾਂ ਉਸ ਦਾ ਮੇਜ਼ਬਾਨ ਹੈਰਾਨ ਹੁੰਦਾ ਹੈ। ਚਾਹੇ ਕਿ ਉਸ ਦੀ ਹੈਰਾਨੀ ਸ਼ਾਇਦ ਸ਼ਬਦਾਂ ਰਾਹੀਂ ਪ੍ਰਗਟ ਨਹੀਂ ਕੀਤੀ ਜਾਂਦੀ ਹੈ, ਯਿਸੂ ਇਸ ਨੂੰ ਤਾੜ ਲੈਂਦਾ ਹੈ ਅਤੇ ਕਹਿੰਦਾ ਹੈ: “ਹੁਣ ਤੁਸੀਂ ਫ਼ਰੀਸੀ ਥਾਲੀ ਅਤੇ ਛੱਨੇ ਨੂੰ ਬਾਹਰੋਂ ਮਾਂਜਦੇ ਹੋ ਪਰ ਤੁਹਾਡਾ ਅੰਦਰ ਲੁੱਟ ਅਤੇ ਬੁਰਿਆਈ ਨਾਲ ਭਰਿਆ ਹੋਇਆ ਹੈ। ਹੇ ਮੂਰਖੋ, ਜਿਨ ਬਾਹਰ ਨੂੰ ਬਣਾਇਆ ਭਲਾ ਉਸ ਨੇ ਅੰਦਰ ਨੂੰ ਭੀ ਨਹੀਂ ਬਣਾਇਆ?”
ਇਸ ਤਰ੍ਹਾਂ ਯਿਸੂ ਇਨ੍ਹਾਂ ਫ਼ਰੀਸੀਆਂ ਦੇ ਪਖੰਡ ਦਾ ਭੇਤ ਖੋਲ੍ਹ ਦਿੰਦਾ ਹੈ ਜਿਹੜੇ ਆਪਣੇ ਹੱਥਾਂ ਨੂੰ ਰੀਤੀ ਅਨੁਸਾਰ ਧੋਂਦੇ ਹਨ ਪਰੰਤੂ ਆਪਣੇ ਦਿਲਾਂ ਨੂੰ ਬੁਰਿਆਈ ਤੋਂ ਧੋਣ ਵਿਚ ਚੁੱਕ ਜਾਂਦੇ ਹਨ। ਉਹ ਸਲਾਹ ਦਿੰਦਾ ਹੈ: “ਅੰਦਰਲੀਆਂ ਚੀਜ਼ਾਂ ਨੂੰ ਦਾਨ ਕਰੋ ਤਾਂ ਵੇਖੋ ਸਭ ਕੁਝ ਤੁਹਾਡੇ ਲਈ ਸ਼ੁੱਧ ਹੈ।” ਉਨ੍ਹਾਂ ਦੀ ਦੇਣ ਇਕ ਪ੍ਰੇਮਪੂਰਣ ਦਿਲ ਤੋਂ ਪ੍ਰੇਰਿਤ ਹੋਣੀ ਚਾਹੀਦੀ ਹੈ, ਨਾ ਕਿ ਆਪਣੀ ਧਾਰਮਿਕਤਾ ਦੇ ਆਡੰਬਰ ਨਾਲ ਦੂਸਰੀਆਂ ਨੂੰ ਪ੍ਰਭਾਵਿਤ ਕਰਨ ਦੀ ਇੱਛਾ ਤੋਂ।
“ਤੁਸਾਂ ਫ਼ਰੀਸੀਆਂ ਉੱਤੇ ਹਾਇ ਹਾਇ,” ਯਿਸੂ ਅੱਗੇ ਕਹਿੰਦਾ ਹੈ, “ਕਿਉਂ ਜੋ ਤੁਸੀਂ ਪੂਦਨੇ ਅਤੇ ਹਰਮਲ ਅਤੇ ਹਰੇਕ ਸਾਗ ਦਾ ਦਸੌਂਧ ਦਿੰਦੇ ਹੋ ਅਤੇ ਨਿਆਉਂ ਤੇ ਪਰਮੇਸ਼ੁਰ ਦੀ ਪ੍ਰੀਤ ਨੂੰ ਉਲੰਘਦੇ ਹੋ ਪਰ ਚਾਹੀਦਾ ਸੀ ਜੋ ਇਨ੍ਹਾਂ ਨੂੰ ਕਰਦੇ ਅਤੇ ਉਨ੍ਹਾਂ ਨੂੰ ਵੀ ਨਾ ਛੱਡਦੇ।” ਇਸਰਾਏਲੀਆਂ ਨੂੰ ਦਿੱਤੀ ਗਈ ਪਰਮੇਸ਼ੁਰ ਦੀ ਬਿਵਸਥਾ ਇਹ ਮੰਗ ਕਰਦੀ ਹੈ ਕਿ ਖੇਤ ਦੀ ਪੈਦਾਵਾਰ ਤੋਂ ਦਸਵੰਧ, ਜਾਂ ਦਸਵਾਂ ਹਿੱਸਾ ਦਿੱਤਾ ਜਾਏ। ਪੂਦਨਾ ਅਤੇ ਹਰਮਲ, ਛੋਟੇ ਪੌਦੇ ਜਾਂ ਬੂਟੀਆਂ ਹਨ ਜੋ ਭੋਜਨ ਨੂੰ ਸਵਾਦੀ ਬਣਾਉਣ ਵਿਚ ਇਸਤੇਮਾਲ ਕੀਤੀਆਂ ਜਾਂਦੀਆਂ ਹਨ। ਫ਼ਰੀਸੀ ਧਿਆਨਪੂਰਵਕ ਇਨ੍ਹਾਂ ਮਹੱਤਵਹੀਣ ਬੂਟੀਆਂ ਦਾ ਵੀ ਦਸਵੰਧ ਦਿੰਦੇ ਹਨ, ਪਰੰਤੂ ਯਿਸੂ ਉਨ੍ਹਾਂ ਨੂੰ ਪਿਆਰ ਦਿਖਾਉਣ, ਦਇਆ ਕਰਨ, ਅਤੇ ਨਿਮਰ ਹੋਣ ਦੀ ਹੋਰ ਜ਼ਿਆਦਾ ਮਹੱਤਵਪੂਰਣ ਮੰਗ ਨੂੰ ਅਣਡਿੱਠ ਕਰਨ ਦੇ ਲਈ ਨਿੰਦਦਾ ਹੈ।
ਉਨ੍ਹਾਂ ਨੂੰ ਹੋਰ ਨਿੰਦਦੇ ਹੋਏ, ਯਿਸੂ ਕਹਿੰਦਾ ਹੈ: “ਤੁਸਾਂ ਫ਼ਰੀਸੀਆਂ ਉੱਤੇ ਹਾਇ ਹਾਇ! ਕਿਉਂ ਜੋ ਤੁਸੀਂ ਸਮਾਜਾਂ ਵਿੱਚ ਅਗਲੀ ਕੁਰਸੀ ਅਤੇ ਬਜ਼ਾਰਾਂ ਵਿੱਚ ਸਲਾਮ ਲੈਣ ਦੇ ਭੁੱਖੇ ਹੋ। ਤੁਹਾਡੇ ਉੱਤੇ ਹਾਇ ਹਾਇ! ਕਿਉਂਕਿ ਤੁਸੀਂ ਉਨ੍ਹਾਂ ਕਬਰਾਂ ਵਰਗੇ ਹੋ ਜਿਹੜੀਆਂ ਮਲੂਮ ਨਹੀਂ ਦਿੰਦੀਆਂ ਅਤੇ ਮਨੁੱਖ ਉਨ੍ਹਾਂ ਦੇ ਉੱਤੋਂ ਦੀ ਅਣਜਾਣੇ ਚੱਲਦੇ ਹਨ।” ਉਨ੍ਹਾਂ ਦੀ ਅਸ਼ੁੱਧਤਾ ਜ਼ਾਹਰ ਨਹੀਂ ਹੈ। ਫ਼ਰੀਸੀਆਂ ਦੇ ਧਰਮ ਵਿਚ ਬਾਹਰੀ ਦਿਖਾਵਾ ਹੈ ਪਰੰਤੂ ਕੋਈ ਅੰਦਰੂਨੀ ਗੁਣ ਨਹੀਂ! ਇਹ ਪਖੰਡ ਤੇ ਆਧਾਰਿਤ ਹੈ।
ਅਜਿਹੀ ਨਿੰਦਿਆ ਨੂੰ ਸੁਣਦੇ ਹੋਏ, ਇਕ ਸ਼ਾਸਤਰੀ ਜੋ ਪਰਮੇਸ਼ੁਰ ਦੀ ਬਿਵਸਥਾ ਦਾ ਸਿਖਾਉਣ ਵਾਲਾ ਹੈ, ਸ਼ਿਕਵਾ ਕਰਦਾ ਹੈ: “ਗੁਰੂ ਜੀ ਇਹ ਕਹਿ ਕੇ ਤੂੰ ਸਾਡੀ ਭੀ ਪਤ ਲਾਹੁੰਦਾ ਹੈਂ।”
ਯਿਸੂ ਇਨ੍ਹਾਂ ਬਿਵਸਥਾ ਦੇ ਮਾਹਰਾਂ ਨੂੰ ਵੀ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਹਿੰਦਾ ਹੈ: “ਤੁਸਾਂ ਸ਼ਰ੍ਹਾ ਦੇ ਸਿਖਲਾਉਣ ਵਾਲਿਆਂ ਉੱਤੇ ਵੀ ਹਾਇ ਹਾਇ! ਕਿਉਂ ਜੋ ਤੁਸੀਂ ਮਨੁੱਖਾਂ ਉੱਤੇ ਅਜੇਹੇ ਭਾਰ ਰੱਖਦੇ ਹੋ ਜਿਨ੍ਹਾਂ ਦਾ ਚੁੱਕਣਾ ਔਖਾ ਹੈ ਅਤੇ ਆਪ ਆਪਣੀ ਇੱਕ ਉਂਗਲ ਨਾਲ ਉਨ੍ਹਾਂ ਭਾਰਾਂ ਨੂੰ ਨਹੀਂ ਛੋਹੰਦੇ ਹੋ। ਹਾਇ ਤੁਹਾਨੂੰ! ਕਿਉਂ ਜੋ ਤੁਸੀਂ ਨਬੀਆਂ ਦੀਆਂ ਕਬਰਾਂ ਬਣਾਉਂਦੇ ਹੋ ਅਰ ਤੁਹਾਡਿਆਂ ਪਿਉਦਾਦਿਆਂ ਨੇ ਉਨ੍ਹਾਂ ਨੂੰ ਮਾਰ ਸੁੱਟਿਆ ਸੀ।”
ਯਿਸੂ ਜਿਨ੍ਹਾਂ ਭਾਰਾਂ ਦਾ ਜ਼ਿਕਰ ਕਰਦਾ ਹੈ, ਉਹ ਮੌਖਿਕ ਰੀਤਾਂ ਹਨ, ਪਰੰਤੂ ਇਹ ਸ਼ਾਸਤਰੀ ਆਮ ਲੋਕਾਂ ਦੀ ਸਹੂਲਤ ਲਈ ਇਕ ਛੋਟਾ ਜਿਹਾ ਨਿਯਮ ਵੀ ਨਹੀਂ ਹਟਾਉਂਦੇ ਹਨ। ਯਿਸੂ ਪ੍ਰਗਟ ਕਰਦਾ ਹੈ ਕਿ ਉਹ ਨਬੀਆਂ ਦੇ ਕਤਲ ਲਈ ਵੀ ਰਜ਼ਾਮੰਦ ਹੋਏ ਹਨ, ਅਤੇ ਉਹ ਚੇਤਾਵਨੀ ਦਿੰਦਾ ਹੈ: “ਸਭਨਾਂ ਨਬੀਆਂ ਦਾ ਲਹੂ ਜੋ ਸੰਸਾਰ ਦੇ ਮੁੱਢੋਂ ਵਹਾਇਆ ਗਿਆ ਹੈ, ਹਾਬਲ ਦੇ ਲਹੂ ਤੋਂ ਲੈਕੇ ਜ਼ਕਰਯਾਹ ਦੇ ਲਹੂ ਤੀਕਰ ਜੋ ਜਗਵੇਦੀ ਅਤੇ ਹੈਕਲ ਦੇ ਵਿਚਕਾਰ ਕਤਲ ਕੀਤਾ ਗਿਆ ਇਸ ਪੀਹੜੀ ਤੋਂ ਭਰਿਆ [ਜਾਵੇਗਾ]। ਹਾਂ, ਮੈਂ ਤੁਹਾਨੂੰ ਆਖਦਾ ਹਾਂ, ਇਸੇ ਪੀਹੜੀ ਤੋਂ ਭਰਿਆ ਜਾਵੇਗਾ!”
ਉਧਾਰਯੋਗ ਮਨੁੱਖਜਾਤੀ ਦੇ ਸੰਸਾਰ ਦੀ ਸ਼ੁਰੂਆਤ ਆਦਮ ਅਤੇ ਹੱਵਾਹ ਦੇ ਬੱਚਿਆਂ ਦੇ ਪੈਦਾ ਹੋਣ ਦੇ ਸਮੇਂ ਹੋਈ ਸੀ; ਇਸ ਲਈ, ਹਾਬਲ “ਸੰਸਾਰ ਦੇ ਮੁੱਢੋਂ” ਜੀਉਂਦਾ ਸੀ। ਜ਼ਕਰਯਾਹ ਦੇ ਦੁਸ਼ਟਤਾਪੂਰਵਕ ਕਤਲ ਤੋਂ ਬਾਅਦ, ਅਰਾਮੀ ਸੈਨਾ ਨੇ ਯਹੂਦਾਹ ਨੂੰ ਲੁੱਟ ਲਿਆ। ਪਰੰਤੂ ਯਿਸੂ ਪੂਰਵ-ਸੂਚਨਾ ਦਿੰਦਾ ਹੈ ਕਿ ਉਸ ਦੀ ਆਪਣੀ ਪੀੜ੍ਹੀ ਦੀ ਹੋਰ ਜ਼ਿਆਦਾ ਦੁਸ਼ਟਤਾ ਦੇ ਕਾਰਨ, ਹੋਰ ਭੈੜੀ ਬਰਬਾਦੀ ਹੋਵੇਗੀ। ਇਹ ਬਰਬਾਦੀ ਲਗਭਗ 38 ਵਰ੍ਹਿਆਂ ਬਾਅਦ, 70 ਸਾ.ਯੁ. ਵਿਚ ਹੁੰਦੀ ਹੈ।
ਆਪਣੀ ਨਿੰਦਿਆ ਨੂੰ ਜ਼ਾਰੀ ਰੱਖਦੇ ਹੋਏ, ਯਿਸੂ ਕਹਿੰਦਾ ਹੈ: “ਤੁਸਾਂ ਸ਼ਰ੍ਹਾ ਦੇ ਸਿਖਲਾਉਣ ਵਾਲਿਆਂ ਉੱਤੇ ਹਾਇ ਹਾਇ! ਕਿਉਂ ਜੋ ਤੁਸੀਂ ਗਿਆਨ ਦੀ ਕੁੰਜੀ ਲੈ ਗਏ। ਤੁਸੀਂ ਆਪ ਨਹੀਂ ਵੜੇ ਅਤੇ ਵੜਨ ਵਾਲਿਆਂ ਨੂੰ ਵੀ ਰੋਕ ਦਿੱਤਾ।” ਬਿਵਸਥਾ ਦੇ ਮਾਹਰ, ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਸਮਝਾਉਣ ਲਈ ਅਤੇ ਉਸ ਦਾ ਅਰਥ ਪ੍ਰਗਟ ਕਰਨ ਲਈ ਜ਼ਿੰਮੇਵਾਰ ਹਨ। ਪਰੰਤੂ ਉਹ ਅਜਿਹਾ ਕਰਨ ਤੋਂ ਚੁੱਕ ਜਾਂਦੇ ਹਨ ਅਤੇ ਲੋਕਾਂ ਤੋਂ ਸਮਝਣ ਦਾ ਮੌਕਾ ਵੀ ਖੋਹ ਲੈਂਦੇ ਹਨ।
ਉਨ੍ਹਾਂ ਦਾ ਭੇਤ ਖੋਲ੍ਹਣ ਦੇ ਕਾਰਨ ਫ਼ਰੀਸੀ ਅਤੇ ਬਿਵਸਥਾ ਦੇ ਮਾਹਰ ਯਿਸੂ ਉੱਤੇ ਕ੍ਰੋਧਿਤ ਹੁੰਦੇ ਹਨ। ਜਦੋਂ ਉਹ ਘਰ ਤੋਂ ਬਾਹਰ ਆਉਂਦਾ ਹੈ, ਤਾਂ ਉਹ ਉਸ ਦਾ ਡਾਢਾ ਵਿਰੋਧ ਕਰਦੇ ਹਨ ਅਤੇ ਉਸ ਉੱਪਰ ਸਵਾਲਾਂ ਦੀ ਬੁਛਾੜ ਕਰਦੇ ਹਨ। ਉਹ ਉਸ ਨੂੰ ਕੁਝ ਅਜਿਹੀ ਗੱਲ ਕਹਿਣ ਲਈ ਫਸਾਉਣ ਦੀ ਕੋਸ਼ਿਸ਼ ਕਰਦੇ ਹਨ ਜਿਸ ਲਈ ਉਹ ਉਸ ਨੂੰ ਗਿਰਫ਼ਤਾਰ ਕਰਵਾ ਸਕਣ। ਲੂਕਾ 11:37-54; ਬਿਵਸਥਾ ਸਾਰ 14:22; ਮੀਕਾਹ 6:8; 2 ਇਤਹਾਸ 24:20-25.
▪ ਯਿਸੂ ਫ਼ਰੀਸੀਆਂ ਅਤੇ ਬਿਵਸਥਾ ਦੇ ਮਾਹਰਾਂ ਦੀ ਕਿਉਂ ਨਿੰਦਿਆ ਕਰਦਾ ਹੈ?
▪ ਸ਼ਾਸਤਰੀ ਲੋਕਾਂ ਉੱਪਰ ਕੀ ਭਾਰ ਪਾਉਂਦੇ ਹਨ?
▪ ‘ਸੰਸਾਰ ਦਾ ਮੁੱਢ’ ਕਦੋਂ ਸੀ?