ਈਸ਼ਵਰੀ ਸ਼ਾਂਤੀ ਦੇ ਸੰਦੇਸ਼ਵਾਹਕਾਂ ਵਜੋਂ ਸੇਵਾ ਕਰਨਾ
“ਉਹ ਦੇ ਪੈਰ ਪਹਾੜਾਂ ਉੱਤੇ ਕਿੰਨੇ ਫੱਬਦੇ ਹਨ! ਜਿਹੜਾ ਸ਼ਾਂਤੀ ਸੁਣਾਉਂਦਾ . . . ਹੈ।”—ਯਸਾਯਾਹ 52:7.
1, 2. (ੳ) ਜਿਵੇਂ ਕਿ ਯਸਾਯਾਹ 52:7 ਵਿਚ ਪਹਿਲਾਂ ਤੋਂ ਦੱਸਿਆ ਗਿਆ ਸੀ, ਕਿਹੜੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਣਾ ਹੈ? (ਅ) ਯਸਾਯਾਹ ਦੇ ਭਵਿੱਖ-ਸੂਚਕ ਸ਼ਬਦ ਪ੍ਰਾਚੀਨ ਇਸਰਾਏਲ ਦੇ ਮਾਮਲੇ ਵਿਚ ਕੀ ਅਰਥ ਰੱਖਦੇ ਸਨ?
ਐਲਾਨ ਕਰਨ ਲਈ ਖ਼ੁਸ਼ ਖ਼ਬਰੀ ਹੈ! ਇਹ ਸ਼ਾਂਤੀ—ਅਸਲੀ ਸ਼ਾਂਤੀ—ਦੀ ਖ਼ਬਰ ਹੈ। ਇਹ ਮੁਕਤੀ ਦਾ ਸੰਦੇਸ਼ ਹੈ ਜੋ ਪਰਮੇਸ਼ੁਰ ਦੇ ਰਾਜ ਨਾਲ ਸੰਬੰਧ ਰੱਖਦਾ ਹੈ। ਬਹੁਤ ਸਮੇਂ ਪਹਿਲਾਂ ਨਬੀ ਯਸਾਯਾਹ ਨੇ ਇਸ ਬਾਰੇ ਲਿਖਿਆ, ਅਤੇ ਉਸ ਦੇ ਸ਼ਬਦ ਯਸਾਯਾਹ 52:7 ਵਿਚ ਸਾਡੇ ਲਈ ਸਾਂਭ ਕੇ ਰੱਖੇ ਗਏ ਹਨ, ਜਿੱਥੇ ਅਸੀਂ ਪੜ੍ਹਦੇ ਹਾਂ: “ਜਿਹੜਾ ਖੁਸ਼ ਖਬਰੀ ਲੈ ਆਉਂਦਾ ਹੈ, ਉਹ ਦੇ ਪੈਰ ਪਹਾੜਾਂ ਉੱਤੇ ਕਿੰਨੇ ਫੱਬਦੇ ਹਨ! ਜਿਹੜਾ ਸ਼ਾਂਤੀ ਸੁਣਾਉਂਦਾ, ਭਲਿਆਈ ਦੀ ਖੁਸ਼ ਖਬਰੀ ਲਿਆਉਂਦਾ, ਜਿਹੜਾ ਮੁਕਤੀ ਸੁਣਾਉਂਦਾ ਹੈ, ਉਹ ਸੀਯੋਨ ਨੂੰ ਆਖਦਾ ਹੈ, ਤੇਰਾ ਪਰਮੇਸ਼ੁਰ ਰਾਜ ਕਰਦਾ ਹੈ।”
2 ਯਹੋਵਾਹ ਨੇ ਪ੍ਰਾਚੀਨ ਇਸਰਾਏਲ ਦੇ ਫਾਇਦੇ ਲਈ ਅਤੇ ਅੱਜ ਸਾਡੇ ਫ਼ਾਇਦੇ ਲਈ ਇਸ ਸੰਦੇਸ਼ ਨੂੰ ਕਲਮਬੱਧ ਕਰਨ ਲਈ ਆਪਣੇ ਨਬੀ ਯਸਾਯਾਹ ਨੂੰ ਪ੍ਰੇਰਿਆ। ਇਸ ਦਾ ਕੀ ਅਰਥ ਹੈ? ਜਿਸ ਵੇਲੇ ਯਸਾਯਾਹ ਨੇ ਇਹ ਸ਼ਬਦ ਲਿਖੇ, ਉਦੋਂ ਇਸਰਾਏਲ ਦੇ ਉੱਤਰੀ ਰਾਜ ਨੂੰ ਸ਼ਾਇਦ ਪਹਿਲਾਂ ਤੋਂ ਹੀ ਅੱਸ਼ੂਰੀਆਂ ਦੁਆਰਾ ਕੈਦ ਵਿਚ ਲੈ ਲਿਆ ਗਿਆ ਸੀ। ਬਾਅਦ ਵਿਚ, ਯਹੂਦਾਹ ਦੇ ਦੱਖਣੀ ਰਾਜ ਦੇ ਵਾਸੀਆਂ ਨੂੰ ਕੈਦੀਆਂ ਵਜੋਂ ਬਾਬਲ ਨੂੰ ਲਿਜਾਇਆ ਜਾਂਦਾ। ਇਹ ਉਸ ਕੌਮ ਲਈ ਦੁੱਖ ਅਤੇ ਹਲਚਲ ਦੇ ਦਿਨ ਸਨ ਕਿਉਂਕਿ ਲੋਕਾਂ ਨੇ ਯਹੋਵਾਹ ਦੀ ਅਵੱਗਿਆ ਕੀਤੀ ਸੀ ਅਤੇ ਇਸ ਕਰਕੇ ਪਰਮੇਸ਼ੁਰ ਅਤੇ ਉਨ੍ਹਾਂ ਦੇ ਵਿਚਕਾਰ ਸ਼ਾਂਤੀ ਨਹੀਂ ਸੀ। ਜਿਵੇਂ ਕਿ ਯਹੋਵਾਹ ਨੇ ਉਨ੍ਹਾਂ ਨੂੰ ਦੱਸਿਆ, ਉਨ੍ਹਾਂ ਦਾ ਪਾਪਪੂਰਣ ਆਚਰਣ ਉਨ੍ਹਾਂ ਅਤੇ ਉਨ੍ਹਾਂ ਦੇ ਪਰਮੇਸ਼ੁਰ ਵਿਚਕਾਰ ਜੁਦਾਈ ਪਾ ਰਿਹਾ ਸੀ। (ਯਸਾਯਾਹ 42:24; 59:2-4) ਪਰੰਤੂ, ਯਸਾਯਾਹ ਦੁਆਰਾ, ਯਹੋਵਾਹ ਨੇ ਪੂਰਵ-ਸੂਚਿਤ ਕੀਤਾ ਕਿ ਸਮਾਂ ਆਉਣ ਤੇ ਬਾਬਲ ਦੇ ਫਾਟਕ ਖੁੱਲ੍ਹ ਜਾਣਗੇ। ਪਰਮੇਸ਼ੁਰ ਦੇ ਲੋਕ ਆਪਣੇ ਜੱਦੀ ਦੇਸ਼ ਨੂੰ ਪਰਤਣ ਲਈ ਆਜ਼ਾਦ ਹੋਣਗੇ, ਜਿੱਥੇ ਉਹ ਯਹੋਵਾਹ ਦੀ ਹੈਕਲ ਨੂੰ ਮੁੜ ਉਸਾਰਨਗੇ। ਸੀਯੋਨ ਮੁੜ ਬਹਾਲ ਕੀਤਾ ਜਾਵੇਗਾ, ਅਤੇ ਯਰੂਸ਼ਲਮ ਵਿਚ ਸੱਚੇ ਪਰਮੇਸ਼ੁਰ ਦੀ ਉਪਾਸਨਾ ਫਿਰ ਤੋਂ ਕੀਤੀ ਜਾਵੇਗੀ।—ਯਸਾਯਾਹ 44:28; 52:1, 2.
3. ਇਸਰਾਏਲ ਲਈ ਮੁੜ ਬਹਾਲੀ ਦਾ ਵਾਅਦਾ ਕਿਵੇਂ ਸ਼ਾਂਤੀ ਦੀ ਭਵਿੱਖਬਾਣੀ ਵੀ ਸੀ?
3 ਛੁਟਕਾਰੇ ਦਾ ਇਹ ਵਾਅਦਾ ਸ਼ਾਂਤੀ ਦੀ ਭਵਿੱਖਬਾਣੀ ਵੀ ਸੀ। ਉਸ ਦੇਸ਼ ਵਿਚ ਮੁੜ ਬਹਾਲ ਕੀਤੇ ਜਾਣਾ, ਜੋ ਯਹੋਵਾਹ ਨੇ ਇਸਰਾਏਲੀਆਂ ਨੂੰ ਦਿੱਤਾ ਸੀ, ਪਰਮੇਸ਼ੁਰ ਦੀ ਦਇਆ ਦਾ ਅਤੇ ਉਨ੍ਹਾਂ ਦੀ ਤੋਬਾ ਦਾ ਸਬੂਤ ਹੁੰਦਾ। ਇਹ ਸੰਕੇਤ ਕਰਦਾ ਕਿ ਪਰਮੇਸ਼ੁਰ ਅਤੇ ਉਨ੍ਹਾਂ ਦੇ ਵਿਚਕਾਰ ਸ਼ਾਂਤੀ ਸੀ।—ਯਸਾਯਾਹ 14:1; 48:17, 18.
“ਤੇਰਾ ਪਰਮੇਸ਼ੁਰ ਰਾਜ ਕਰਦਾ ਹੈ”
4. (ੳ) ਸੰਨ 537 ਸਾ.ਯੁ.ਪੂ. ਵਿਚ ਕਿਹੜੇ ਅਰਥ ਵਿਚ ਇਹ ਕਿਹਾ ਜਾ ਸਕਦਾ ਸੀ ਕਿ ‘ਯਹੋਵਾਹ ਰਾਜ ਕਰਦਾ ਸੀ’? (ਅ) ਯਹੋਵਾਹ ਨੇ ਬਾਅਦ ਦਿਆਂ ਸਾਲਾਂ ਵਿਚ ਆਪਣੇ ਲੋਕਾਂ ਦੇ ਫਾਇਦੇ ਲਈ ਮਾਮਲਿਆਂ ਨੂੰ ਕਿਵੇਂ ਨਿਰਦੇਸ਼ਿਤ ਕੀਤਾ?
4 ਜਦੋਂ ਯਹੋਵਾਹ ਨੇ 537 ਸਾ.ਯੁ.ਪੂ. ਵਿਚ ਇਹ ਛੁਟਕਾਰਾ ਦਿਲਾਇਆ, ਉਦੋਂ ਉਚਿਤ ਤੌਰ ਤੇ ਸੀਯੋਨ ਨੂੰ ਐਲਾਨ ਕੀਤਾ ਜਾ ਸਕਦਾ ਸੀ: “ਤੇਰਾ ਪਰਮੇਸ਼ੁਰ ਰਾਜ ਕਰਦਾ ਹੈ।” ਬੇਸ਼ੱਕ, ਯਹੋਵਾਹ ‘ਸਦੀਵਤਾ ਦਾ ਰਾਜਾ’ ਹੈ। (ਪਰਕਾਸ਼ ਦੀ ਪੋਥੀ 15:3, ਨਿ ਵ) ਲੇਕਿਨ ਉਸ ਦੇ ਲੋਕਾਂ ਦਾ ਇਹ ਛੁਟਕਾਰਾ ਉਸ ਦੀ ਸਰਬਸੱਤਾ ਦਾ ਇਕ ਹੋਰ ਪ੍ਰਦਰਸ਼ਨ ਸੀ। ਇਸ ਨੇ ਉੱਘੜਵੇਂ ਢੰਗ ਨਾਲ ਪ੍ਰਦਰਸ਼ਿਤ ਕੀਤਾ ਕਿ ਉਸ ਦੀ ਸ਼ਕਤੀ ਉਸ ਸਮੇਂ ਤਕ ਦੇ ਸਭ ਤੋਂ ਸ਼ਕਤੀਸ਼ਾਲੀ ਮਾਨਵ ਸਾਮਰਾਜ ਨਾਲੋਂ ਵੱਡੀ ਸੀ। (ਯਿਰਮਿਯਾਹ 51:56, 57) ਯਹੋਵਾਹ ਦੀ ਆਤਮਾ ਦੀ ਕਾਰਵਾਈ ਦੇ ਸਿੱਟੇ ਵਜੋਂ, ਉਸ ਦੇ ਲੋਕਾਂ ਵਿਰੁੱਧ ਦੂਜੀਆਂ ਸਾਜ਼ਸ਼ਾਂ ਵੀ ਨਾਕਾਮ ਕੀਤੀਆਂ ਗਈਆਂ। (ਅਸਤਰ 9:24, 25) ਵਾਰ-ਵਾਰ ਯਹੋਵਾਹ ਨੇ ਕਈ ਤਰੀਕਿਆਂ ਤੋਂ ਦਖ਼ਲ ਦੇ ਕੇ ਆਪਣੀ ਸ਼ਾਹੀ ਇੱਛਾ ਨੂੰ ਪੂਰਿਆਂ ਕਰਨ ਵਿਚ ਮਾਦੀ-ਫਾਰਸੀ ਰਾਜਿਆਂ ਨੂੰ ਸਹਿਯੋਗ ਦੇਣ ਲਈ ਪ੍ਰੇਰਿਆ। (ਜ਼ਕਰਯਾਹ 4:6) ਉਨ੍ਹਾਂ ਦਿਨਾਂ ਵਿਚ ਵਾਪਰੀਆਂ ਅਦਭੁਤ ਘਟਨਾਵਾਂ ਨੂੰ ਸਾਡੇ ਲਈ ਅਜ਼ਰਾ, ਨਹਮਯਾਹ, ਅਸਤਰ, ਹੱਜਈ, ਅਤੇ ਜ਼ਕਰਯਾਹ ਦੀਆਂ ਬਾਈਬਲ ਪੋਥੀਆਂ ਵਿਚ ਦਰਜ ਕੀਤੀਆਂ ਗਈਆਂ ਹਨ। ਅਤੇ ਇਨ੍ਹਾਂ ਦਾ ਪੁਨਰ-ਵਿਚਾਰ ਕਰਨਾ ਕਿੰਨਾ ਹੀ ਨਿਹਚਾ-ਵਧਾਉ ਹੈ!
5. ਯਸਾਯਾਹ 52:13–53:12 ਕਿਹੜੀਆਂ ਮਹੱਤਵਪੂਰਣ ਘਟਨਾਵਾਂ ਵੱਲ ਸੰਕੇਤ ਕਰਦਾ ਹੈ?
5 ਪਰੰਤੂ, 537 ਸਾ.ਯੁ.ਪੂ. ਵਿਚ ਅਤੇ ਉਸ ਮਗਰੋਂ ਜੋ ਕੁਝ ਵਾਪਰਿਆ, ਉਹ ਕੇਵਲ ਇਕ ਸ਼ੁਰੂਆਤ ਹੀ ਸੀ। ਅਧਿਆਇ 52 ਵਿਚ ਮੁੜ ਬਹਾਲੀ ਦੀ ਭਵਿੱਖਬਾਣੀ ਦੇ ਤੁਰੰਤ ਮਗਰੋਂ, ਯਸਾਯਾਹ ਨੇ ਮਸੀਹਾ ਦੇ ਆਉਣ ਬਾਰੇ ਲਿਖਿਆ। (ਯਸਾਯਾਹ 52:13–53:12) ਮਸੀਹਾ, ਜੋ ਯਿਸੂ ਮਸੀਹ ਸਿੱਧ ਹੋਇਆ, ਦੇ ਜ਼ਰੀਏ ਯਹੋਵਾਹ ਛੁਟਕਾਰੇ ਅਤੇ ਸ਼ਾਂਤੀ ਦਾ ਇਕ ਅਜਿਹਾ ਸੰਦੇਸ਼ ਪ੍ਰਦਾਨ ਕਰਦਾ, ਜੋ 537 ਸਾ.ਯੁ.ਪੂ. ਵਿਚ ਵਾਪਰੀਆਂ ਘਟਨਾਵਾਂ ਨਾਲੋਂ ਵੀ ਵੱਧ ਮਹੱਤਤਾ ਰੱਖਦਾ।
ਯਹੋਵਾਹ ਦਾ ਸ਼ਾਂਤੀ ਦਾ ਮਹਾਨਤਮ ਸੰਦੇਸ਼ਵਾਹਕ
6. ਯਹੋਵਾਹ ਦਾ ਸ਼ਾਂਤੀ ਦਾ ਮਹਾਨਤਮ ਸੰਦੇਸ਼ਵਾਹਕ ਕੌਣ ਹੈ, ਅਤੇ ਉਸ ਨੇ ਕਿਹੜੀ ਕਾਰਜ-ਨਿਯੁਕਤੀ ਨੂੰ ਆਪਣੇ ਉੱਤੇ ਲਾਗੂ ਕੀਤਾ?
6 ਯਿਸੂ ਮਸੀਹ ਯਹੋਵਾਹ ਦਾ ਸ਼ਾਂਤੀ ਦਾ ਮਹਾਨਤਮ ਸੰਦੇਸ਼ਵਾਹਕ ਹੈ। ਉਹ ਪਰਮੇਸ਼ੁਰ ਦਾ ਸ਼ਬਦ ਹੈ, ਅਥਵਾ ਯਹੋਵਾਹ ਦਾ ਆਪਣਾ ਨਿੱਜੀ ਪ੍ਰਵਕਤਾ। (ਯੂਹੰਨਾ 1:14) ਇਸ ਦੀ ਇਕਸਾਰਤਾ ਵਿਚ, ਯਰਦਨ ਨਦੀ ਵਿਚ ਬਪਤਿਸਮਾ ਹਾਸਲ ਕਰਨ ਤੋਂ ਕੁਝ ਸਮੇਂ ਮਗਰੋਂ, ਯਿਸੂ ਨੇ ਨਾਸਰਤ ਵਿਖੇ ਯਹੂਦੀ ਸਭਾ-ਘਰ ਵਿਚ ਖੜ੍ਹੇ ਹੋ ਕੇ ਯਸਾਯਾਹ ਅਧਿਆਇ 61 ਵਿੱਚੋਂ ਆਪਣੀ ਕਾਰਜ-ਨਿਯੁਕਤੀ ਨੂੰ ਉੱਚੀ ਆਵਾਜ਼ ਵਿਚ ਪੜ੍ਹਿਆ। ਇਸ ਕਾਰਜ-ਨਿਯੁਕਤੀ ਨੇ ਸਪੱਸ਼ਟ ਕੀਤਾ ਕਿ ਉਸ ਨੂੰ ਜੋ ਪ੍ਰਚਾਰ ਕਰਨ ਲਈ ਘੱਲਿਆ ਗਿਆ ਸੀ, ਉਸ ਵਿਚ ‘ਛੁਟਕਾਰਾ’ ਅਤੇ “ਪੁਨਰ-ਪ੍ਰਾਪਤੀ” ਸ਼ਾਮਲ ਸੀ, ਨਾਲ ਹੀ ਯਹੋਵਾਹ ਦੇ ਨਾਲ ਮਨਜ਼ੂਰੀ ਪ੍ਰਾਪਤ ਕਰਨ ਦਾ ਅਵਸਰ ਵੀ। ਪਰ ਯਿਸੂ ਨੇ ਸ਼ਾਂਤੀ ਦਾ ਸੰਦੇਸ਼ ਐਲਾਨ ਕਰਨ ਨਾਲੋਂ ਜ਼ਿਆਦਾ ਕੁਝ ਕੀਤਾ। ਪਰਮੇਸ਼ੁਰ ਨੇ ਉਸ ਨੂੰ ਸਥਾਈ ਸ਼ਾਂਤੀ ਦਾ ਆਧਾਰ ਮੁਹੱਈਆ ਕਰਨ ਲਈ ਵੀ ਭੇਜਿਆ ਸੀ।—ਲੂਕਾ 4:16-21, ਨਿ ਵ.
7. ਪਰਮੇਸ਼ੁਰ ਦੇ ਨਾਲ ਸ਼ਾਂਤੀ ਜੋ ਯਿਸੂ ਮਸੀਹ ਦੁਆਰਾ ਸੰਭਵ ਬਣਾਈ ਜਾਂਦੀ ਹੈ, ਤੋਂ ਕੀ ਪਰਿਣਿਤ ਹੁੰਦਾ ਹੈ?
7 ਯਿਸੂ ਦੇ ਜਨਮ ਵੇਲੇ, ਬੈਤਲਹਮ ਨੇੜੇ ਅਯਾਲੀਆਂ ਨੂੰ ਦੂਤ ਪ੍ਰਗਟ ਹੋਏ ਸਨ, ਜਿਨ੍ਹਾਂ ਨੇ ਪਰਮੇਸ਼ੁਰ ਦੀ ਉਸਤਤ ਕਰਦੇ ਹੋਏ ਕਿਹਾ: “ਪਰਮਧਾਮ ਵਿੱਚ ਪਰਮੇਸ਼ੁਰ ਦੀ ਵਡਿਆਈ, ਅਤੇ ਧਰਤੀ ਉੱਤੇ ਸ਼ਾਂਤੀ ਉਨ੍ਹਾਂ ਲੋਕਾਂ ਵਿੱਚ ਜਿਨ੍ਹਾਂ ਨਾਲ ਉਹ ਪਰਸਿੰਨ ਹੈ।” (ਟੇਢੇ ਟਾਈਪ ਸਾਡੇ।) (ਲੂਕਾ 2:8, 13, 14) ਜੀ ਹਾਂ, ਉਨ੍ਹਾਂ ਲੋਕਾਂ ਨੂੰ ਸ਼ਾਂਤੀ ਹਾਸਲ ਹੁੰਦੀ ਜਿਨ੍ਹਾਂ ਨਾਲ ਪਰਮੇਸ਼ੁਰ ਪਰਸੰਨ ਸੀ, ਕਿਉਂਕਿ ਉਨ੍ਹਾਂ ਨੇ ਉਸ ਪ੍ਰਬੰਧ ਵਿਚ ਨਿਹਚਾ ਦਿਖਾਈ ਜੋ ਉਹ ਆਪਣੇ ਪੁੱਤਰ ਰਾਹੀਂ ਕਰ ਰਿਹਾ ਸੀ। ਇਸ ਦਾ ਕੀ ਅਰਥ ਹੁੰਦਾ? ਇਸ ਦਾ ਇਹ ਅਰਥ ਹੁੰਦਾ ਕਿ ਹਾਲਾਂਕਿ ਮਨੁੱਖ ਪਾਪ ਵਿਚ ਜਨਮ ਲੈਂਦੇ ਹਨ, ਉਹ ਪਰਮੇਸ਼ੁਰ ਦੇ ਨਾਲ ਇਕ ਸ਼ੁੱਧ ਸਥਿਤੀ, ਅਥਵਾ ਉਸ ਨਾਲ ਇਕ ਪ੍ਰਵਾਨਿਤ ਸੰਬੰਧ ਕਾਇਮ ਕਰ ਸਕਦੇ ਹਨ। (ਰੋਮੀਆਂ 5:1) ਉਹ ਉਸ ਅੰਦਰੂਨੀ ਸਕੂਨ, ਅਥਵਾ ਸ਼ਾਂਤੀ ਦਾ ਆਨੰਦ ਮਾਣ ਸਕਦੇ ਹਨ ਜੋ ਹੋਰ ਕਿਸੇ ਵੀ ਤਰੀਕਿਓਂ ਸੰਭਵ ਨਹੀਂ ਹੈ। ਪਰਮੇਸ਼ੁਰ ਦੇ ਨਿਯਤ ਸਮੇਂ ਤੇ, ਆਦਮ ਤੋਂ ਵਿਰਸੇ ਵਿਚ ਮਿਲੇ ਪਾਪ ਦਿਆਂ ਸਭ ਅਸਰਾਂ ਤੋਂ ਛੁਟਕਾਰਾ ਦਿੱਤਾ ਜਾਵੇਗਾ, ਜਿਸ ਵਿਚ ਬੀਮਾਰੀ ਅਤੇ ਮੌਤ ਵੀ ਸ਼ਾਮਲ ਹਨ। ਲੋਕੀ ਫਿਰ ਅੰਨ੍ਹੇ ਜਾਂ ਬੋਲੇ ਜਾਂ ਲੰਗੜੇ ਨਹੀਂ ਹੋਣਗੇ। ਨਿਰਾਸ਼ਾਜਨਕ ਕਮਜ਼ੋਰੀ ਅਤੇ ਦਿਲ-ਤੋੜ ਮਾਨਸਿਕ ਰੋਗ ਹਮੇਸ਼ਾ ਦੇ ਲਈ ਹਟਾ ਦਿੱਤੇ ਜਾਣਗੇ। ਸੰਪੂਰਣਤਾ ਵਿਚ ਸਦਾ ਲਈ ਜੀਵਨ ਦਾ ਆਨੰਦ ਮਾਣਨਾ ਸੰਭਵ ਹੋਵੇਗਾ।—ਯਸਾਯਾਹ 33:24; ਮੱਤੀ 9:35; ਯੂਹੰਨਾ 3:16.
8. ਈਸ਼ਵਰੀ ਸ਼ਾਂਤੀ ਕਿਨ੍ਹਾਂ ਨੂੰ ਪੇਸ਼ ਕੀਤੀ ਜਾਂਦੀ ਹੈ?
8 ਈਸ਼ਵਰੀ ਸ਼ਾਂਤੀ ਕਿਨ੍ਹਾਂ ਨੂੰ ਪੇਸ਼ ਕੀਤੀ ਜਾਂਦੀ ਹੈ? ਇਹ ਉਨ੍ਹਾਂ ਸਾਰਿਆਂ ਨੂੰ ਪੇਸ਼ ਕੀਤੀ ਜਾਂਦੀ ਹੈ ਜੋ ਯਿਸੂ ਮਸੀਹ ਵਿਚ ਨਿਹਚਾ ਦਿਖਾਉਂਦੇ ਹਨ। ਰਸੂਲ ਪੌਲੁਸ ਨੇ ਲਿਖਿਆ ਕਿ ‘ਪਿਤਾ ਨੂੰ ਇਹ ਭਾਇਆ ਜੋ ਯਿਸੂ ਦੀ ਸਲੀਬ [“ਤਸੀਹੇ ਦੀ ਸੂਲੀ,” ਨਿ ਵ] ਦੇ ਲਹੂ ਦੇ ਵਸੀਲੇ ਮੇਲ ਕਰਾ ਕੇ ਸਾਰੀਆਂ ਵਸਤਾਂ ਨੂੰ ਮਸੀਹ ਦੇ ਰਾਹੀਂ ਆਪਣੇ ਨਾਲ ਮਿਲਾਵੇ।’ ਰਸੂਲ ਨੇ ਅੱਗੇ ਕਿਹਾ ਕਿ ਇਸ ਮੇਲ ਵਿਚ ‘ਅਕਾਸ਼ ਉਤਲੀਆਂ ਵਸਤਾਂ’ ਸ਼ਾਮਲ ਹੁੰਦੀਆਂ—ਯਾਨੀ, ਉਹ ਜੋ ਸਵਰਗ ਵਿਚ ਮਸੀਹ ਦੇ ਨਾਲ ਸੰਗੀ ਵਾਰਸ ਹੁੰਦੇ। ਇਸ ਵਿਚ ‘ਧਰਤੀ ਉਤਲੀਆਂ ਵਸਤਾਂ’ ਵੀ ਸ਼ਾਮਲ ਹੁੰਦੀਆਂ—ਯਾਨੀ, ਉਹ ਜਿਨ੍ਹਾਂ ਨੂੰ ਇਸ ਧਰਤੀ ਉੱਤੇ ਸਦਾ ਲਈ ਜੀਉਣ ਦਾ ਮੌਕਾ ਦਿੱਤਾ ਜਾਂਦਾ, ਜਦੋਂ ਧਰਤੀ ਪਰਾਦੀਸ ਦੀ ਪੂਰਣ ਹਾਲਤ ਵਿਚ ਲਿਆਈ ਜਾਵੇਗੀ। (ਕੁਲੁੱਸੀਆਂ 1:19, 20) ਯਿਸੂ ਦੇ ਬਲੀਦਾਨ ਦੀ ਕੀਮਤ ਤੋਂ ਲਾਭ ਉਠਾਉਣ ਅਤੇ ਪਰਮੇਸ਼ੁਰ ਦੇ ਪ੍ਰਤੀ ਦਿਲੀ ਆਗਿਆਕਾਰਤਾ ਦਿਖਾਉਣ ਦੇ ਕਾਰਨ, ਇਹ ਸਾਰੇ ਲੋਕ ਪਰਮੇਸ਼ੁਰ ਦੇ ਨਾਲ ਨਿੱਘੀ ਮਿੱਤਰਤਾ ਦਾ ਆਨੰਦ ਮਾਣ ਸਕਦੇ ਹਨ।—ਤੁਲਨਾ ਕਰੋ ਯਾਕੂਬ 2:22, 23.
9. (ੳ) ਪਰਮੇਸ਼ੁਰ ਦੇ ਨਾਲ ਸ਼ਾਂਤੀ ਹੋਰ ਕਿਹੜੇ ਸੰਬੰਧਾਂ ਨੂੰ ਪ੍ਰਭਾਵਿਤ ਕਰਦੀ ਹੈ? (ਅ) ਹਰ ਜਗ੍ਹਾ ਸਥਾਈ ਸ਼ਾਂਤੀ ਕਾਇਮ ਕਰਨ ਦੇ ਮਨੋਰਥ ਨਾਲ, ਯਹੋਵਾਹ ਨੇ ਆਪਣੇ ਪੁੱਤਰ ਨੂੰ ਕਿਹੜਾ ਅਧਿਕਾਰ ਦਿੱਤਾ ਹੈ?
9 ਪਰਮੇਸ਼ੁਰ ਦੇ ਨਾਲ ਅਜਿਹੀ ਸ਼ਾਂਤੀ ਕਿੰਨੀ ਹੀ ਜ਼ਰੂਰੀ ਹੈ! ਜੇਕਰ ਪਰਮੇਸ਼ੁਰ ਦੇ ਨਾਲ ਸ਼ਾਂਤੀ ਨਾ ਹੋਵੇ, ਤਾਂ ਹੋਰ ਕਿਸੇ ਵੀ ਸੰਬੰਧ ਵਿਚ ਸਥਾਈ ਜਾਂ ਅਰਥਪੂਰਣ ਸ਼ਾਂਤੀ ਨਹੀਂ ਹੋ ਸਕਦੀ ਹੈ। ਯਹੋਵਾਹ ਨਾਲ ਸ਼ਾਂਤੀ ਹੀ ਧਰਤੀ ਉੱਤੇ ਸੱਚੀ ਸ਼ਾਂਤੀ ਦੀ ਬੁਨਿਆਦ ਹੈ। (ਯਸਾਯਾਹ 57:19-21) ਉਚਿਤ ਤੌਰ ਤੇ, ਯਿਸੂ ਮਸੀਹ ਸ਼ਾਂਤੀ ਦਾ ਰਾਜਕੁਮਾਰ ਹੈ। (ਯਸਾਯਾਹ 9:6) ਇਹ ਵਿਅਕਤੀ, ਜਿਸ ਦੁਆਰਾ ਮਾਨਵ ਨੂੰ ਪਰਮੇਸ਼ੁਰ ਨਾਲ ਮਿਲਾਇਆ ਜਾ ਸਕਦਾ ਹੈ, ਨੂੰ ਯਹੋਵਾਹ ਨੇ ਹਕੂਮਤੀ ਅਧਿਕਾਰ ਵੀ ਸੌਂਪਿਆ ਹੈ। (ਦਾਨੀਏਲ 7:13, 14) ਅਤੇ ਮਨੁੱਖਜਾਤੀ ਉੱਤੇ ਯਿਸੂ ਦੀ ਸ਼ਾਹਾਨਾ ਹਕੂਮਤ ਦੇ ਨਤੀਜਿਆਂ ਬਾਰੇ, ਯਹੋਵਾਹ ਵਾਅਦਾ ਕਰਦਾ ਹੈ: “ਹਮੇਸ਼ਾ ਸ਼ਾਂਤੀ ਰਹੇਗੀ।”—ਯਸਾਯਾਹ 9:7, ਪਵਿੱਤਰ ਬਾਈਬਲ ਨਵਾਂ ਅਨੁਵਾਦ; ਜ਼ਬੂਰ 72:7.
10. ਯਿਸੂ ਨੇ ਪਰਮੇਸ਼ੁਰ ਦੇ ਸ਼ਾਂਤੀ ਦੇ ਸੰਦੇਸ਼ ਨੂੰ ਪ੍ਰਚਾਰ ਕਰਨ ਵਿਚ ਕਿਵੇਂ ਇਕ ਮਿਸਾਲ ਪੇਸ਼ ਕੀਤੀ?
10 ਸਾਰੀ ਮਾਨਵਜਾਤੀ ਨੂੰ ਪਰਮੇਸ਼ੁਰ ਦੇ ਸ਼ਾਂਤੀ ਦੇ ਸੰਦੇਸ਼ ਦੀ ਲੋੜ ਹੈ। ਇਸ ਨੂੰ ਪ੍ਰਚਾਰ ਕਰਨ ਵਿਚ ਯਿਸੂ ਨੇ ਨਿੱਜੀ ਤੌਰ ਤੇ ਇਕ ਸਰਗਰਮ ਮਿਸਾਲ ਪੇਸ਼ ਕੀਤੀ। ਉਸ ਨੇ ਯਰੂਸ਼ਲਮ ਵਿਖੇ ਹੈਕਲ ਦੇ ਇਲਾਕੇ ਵਿਚ, ਪਹਾੜ ਦੀ ਢਲਾਣ ਤੇ, ਸੜਕ ਤੇ, ਖੂਹ ਵਿਖੇ ਇਕ ਸਾਮਰੀ ਔਰਤ ਨੂੰ, ਅਤੇ ਲੋਕਾਂ ਦੇ ਘਰਾਂ ਵਿਚ ਪ੍ਰਚਾਰ ਕੀਤਾ। ਜਿੱਥੇ ਕਿਤੇ ਵੀ ਲੋਕੀ ਮੌਜੂਦ ਸਨ, ਉੱਥੇ ਯਿਸੂ ਨੇ ਸ਼ਾਂਤੀ ਅਤੇ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨ ਲਈ ਮੌਕੇ ਬਣਾਏ।—ਮੱਤੀ 4:18, 19; 5:1, 2; 9:9; 26:55; ਮਰਕੁਸ 6:34; ਲੂਕਾ 19:1-10; ਯੂਹੰਨਾ 4:5-26.
ਮਸੀਹ ਦੇ ਕਦਮਾਂ ਉੱਤੇ ਚੱਲਣ ਲਈ ਸਿਖਲਾਏ ਗਏ
11. ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜੇ ਕਾਰਜ ਲਈ ਸਿਖਲਾਈ ਦਿੱਤੀ?
11 ਯਿਸੂ ਨੇ ਆਪਣੇ ਚੇਲਿਆਂ ਨੂੰ ਪਰਮੇਸ਼ੁਰ ਦਾ ਸ਼ਾਂਤੀ ਦਾ ਸੰਦੇਸ਼ ਪ੍ਰਚਾਰ ਕਰਨ ਲਈ ਸਿਖਲਾਇਆ। ਜਿਵੇਂ ਯਿਸੂ ਯਹੋਵਾਹ ਦਾ “ਵਫ਼ਾਦਾਰ ਅਤੇ ਸੱਚਾ ਗਵਾਹ” ਸੀ, ਉਵੇਂ ਹੀ ਇਨ੍ਹਾਂ ਨੇ ਵੀ ਪਛਾਣਿਆ ਕਿ ਉਨ੍ਹਾਂ ਉੱਤੇ ਵੀ ਗਵਾਹੀ ਦੇਣ ਦੀ ਜ਼ਿੰਮੇਵਾਰੀ ਸੀ। (ਪਰਕਾਸ਼ ਦੀ ਪੋਥੀ 3:14; ਯਸਾਯਾਹ 43:10-12) ਉਨ੍ਹਾਂ ਨੇ ਮਸੀਹ ਨੂੰ ਆਪਣਾ ਆਗੂ ਮੰਨਿਆ।
12. ਪੌਲੁਸ ਨੇ ਪ੍ਰਚਾਰ ਕਾਰਜ ਦੀ ਮਹੱਤਤਾ ਕਿਵੇਂ ਦਿਖਾਈ?
12 ਰਸੂਲ ਪੌਲੁਸ ਨੇ ਪ੍ਰਚਾਰ ਕਾਰਜ ਦੀ ਮਹੱਤਤਾ ਉੱਤੇ ਤਰਕ ਕਰਦੇ ਹੋਏ, ਕਿਹਾ: “ਧਰਮ ਪੁਸਤਕ ਇਉਂ ਕਹਿੰਦਾ ਹੈ ਭਈ ਜੋ ਕੋਈ ਓਸ ਉੱਤੇ ਨਿਹਚਾ ਕਰੇ ਉਹ ਲੱਜਿਆਵਾਨ ਨਾ ਹੋਵੇਗਾ।” ਯਾਨੀ, ਕੋਈ ਵੀ ਜੋ ਯਿਸੂ ਮਸੀਹ ਵਿਚ ਨਿਹਚਾ ਰੱਖਦਾ ਹੈ ਕਿ ਉਹ ਹੀ ਯਹੋਵਾਹ ਵੱਲੋਂ ਮੁਕਤੀ ਦਾ ਮੁੱਖ ਕਰਤਾ ਹੈ, ਉਹ ਨਿਰਾਸ਼ ਨਹੀਂ ਹੋਵੇਗਾ। ਅਤੇ ਕੋਈ ਵੀ ਵਿਅਕਤੀ ਆਪਣੇ ਨਸਲੀ ਪਿਛੋਕੜ ਕਾਰਨ ਅਯੋਗ ਨਹੀਂ ਠਹਿਰਾਇਆ ਜਾਂਦਾ ਹੈ, ਕਿਉਂਕਿ ਪੌਲੁਸ ਨੇ ਅੱਗੇ ਕਿਹਾ: “ਯਹੂਦੀ ਅਤੇ ਯੂਨਾਨੀ ਵਿੱਚ ਤਾਂ ਕੁਝ ਭਿੰਨ ਭੇਦ ਨਹੀਂ ਹੈ ਇਸ ਲਈ ਜੋ ਉਹੀ ਪ੍ਰਭੁ ਸਭਨਾਂ ਦਾ ਪ੍ਰਭੁ ਹੈ ਅਤੇ ਉਨ੍ਹਾਂ ਸਭਨਾਂ ਲਈ ਜਿਹੜੇ ਉਹ ਦਾ ਨਾਮ ਲੈਂਦੇ ਹਨ ਵੱਡਾ ਦਾਤਾਰ ਹੈ। ਕਿਉਂ ਜੋ ਹਰੇਕ ਜਿਹੜਾ ਪ੍ਰਭੁ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ।” (ਰੋਮੀਆਂ 10:11-13) ਪਰੰਤੂ ਲੋਕੀ ਇਸ ਅਵਸਰ ਬਾਰੇ ਕਿਵੇਂ ਸਿਖਦੇ?
13. ਕਿਸ ਚੀਜ਼ ਦੀ ਲੋੜ ਸੀ ਜੇਕਰ ਲੋਕਾਂ ਨੇ ਖ਼ੁਸ਼ ਖ਼ਬਰੀ ਸੁਣਨੀ ਸੀ, ਅਤੇ ਪਹਿਲੀ-ਸਦੀ ਦੇ ਮਸੀਹੀਆਂ ਨੇ ਇਸ ਲੋੜ ਪ੍ਰਤੀ ਕਿਵੇਂ ਪ੍ਰਤਿਕ੍ਰਿਆ ਦਿਖਾਈ?
13 ਪੌਲੁਸ ਨੇ ਇਸ ਲੋੜ ਨਾਲ ਨਜਿੱਠਦੇ ਹੋਏ ਅਜਿਹੇ ਸਵਾਲ ਪੁੱਛੇ ਜਿਨ੍ਹਾਂ ਬਾਰੇ ਯਹੋਵਾਹ ਦੇ ਹਰੇਕ ਸੇਵਕ ਨੂੰ ਵਿਚਾਰ ਕਰਨਾ ਚਾਹੀਦਾ ਹੈ। ਰਸੂਲ ਨੇ ਪੁੱਛਿਆ: “ਜਿਹ ਦੇ ਉੱਤੇ ਨਿਹਚਾ ਨਹੀਂ ਕੀਤੀ ਓਹ ਉਸ ਦਾ ਨਾਮ ਕਿੱਕੁਰ ਲੈਣ? ਅਤੇ ਜਿਹ ਦੀ ਖਬਰ ਸੁਣੀ ਹੀ ਨਹੀਂ ਉਸ ਉੱਤੇ ਨਿਹਚਾ ਕਿੱਕੁਰ ਕਰਨ? ਅਤੇ ਪਰਚਾਰਕ ਬਾਝੋਂ ਕਿੱਕੁਰ ਸੁਣਨ? ਅਤੇ ਜੇ ਘੱਲੇ ਨਾ ਜਾਣ ਤਾਂ ਕਿੱਕੁਰ ਪਰਚਾਰ ਕਰਨ?” (ਰੋਮੀਆਂ 10:14, 15) ਮੁਢਲੀ ਮਸੀਹੀਅਤ ਦਾ ਰਿਕਾਰਡ ਪ੍ਰਭਾਵਕਾਰੀ ਪ੍ਰਮਾਣ ਦਿੰਦਾ ਹੈ ਕਿ ਮਰਦਾਂ ਅਤੇ ਔਰਤਾਂ, ਜਵਾਨ ਅਤੇ ਬੁੱਢਿਆਂ ਨੇ ਮਸੀਹ ਅਤੇ ਉਸ ਦੇ ਰਸੂਲਾਂ ਦੁਆਰਾ ਰੱਖੀ ਗਈ ਮਿਸਾਲ ਦੇ ਅਨੁਸਾਰ ਕੰਮ ਕੀਤਾ। ਉਹ ਖ਼ੁਸ਼ ਖ਼ਬਰੀ ਦੇ ਜੋਸ਼ੀਲੇ ਘੋਸ਼ਕ ਬਣੇ। ਯਿਸੂ ਦੀ ਰੀਸ ਵਿਚ, ਉਨ੍ਹਾਂ ਨੂੰ ਜਿੱਥੇ ਕਿਤੇ ਲੋਕੀ ਮਿਲੇ, ਉੱਥੇ ਉਨ੍ਹਾਂ ਨੇ ਪ੍ਰਚਾਰ ਕੀਤਾ। ਇਸ ਇੱਛਾ ਨਾਲ ਕਿ ਕੋਈ ਵੀ ਛੁੱਟ ਨਾ ਜਾਵੇ, ਉਨ੍ਹਾਂ ਨੇ ਦੋਵੇਂ ਸਰਬਜਨਕ ਥਾਵਾਂ ਵਿਖੇ ਅਤੇ ਘਰ-ਘਰ ਵਿਚ ਆਪਣੀ ਸੇਵਕਾਈ ਪੂਰੀ ਕੀਤੀ।—ਰਸੂਲਾਂ ਦੇ ਕਰਤੱਬ 17:17; 20:20.
14. ਇਹ ਕਿਵੇਂ ਸੱਚ ਸਾਬਤ ਹੋਇਆ ਕਿ ਖ਼ੁਸ਼ ਖ਼ਬਰੀ ਸੁਣਾਉਣ ਵਾਲਿਆਂ ਦੇ ‘ਚਰਨ ਸੁੰਦਰ’ ਸਨ?
14 ਬੇਸ਼ੱਕ, ਹਰ ਕਿਸੇ ਨੇ ਮਸੀਹੀ ਪ੍ਰਚਾਰਕਾਂ ਦਾ ਚੰਗਾ ਸਵਾਗਤ ਨਹੀਂ ਕੀਤਾ। ਫਿਰ ਵੀ, ਯਸਾਯਾਹ 52:7 ਤੋਂ ਲਿਆ ਗਿਆ ਪੌਲੁਸ ਦਾ ਹਵਾਲਾ ਸੱਚ ਸਾਬਤ ਹੋਇਆ। ਇਹ ਸਵਾਲ, “ਜੇ ਘੱਲੇ ਨਾ ਜਾਣ ਤਾਂ ਕਿੱਕੁਰ ਪਰਚਾਰ ਕਰਨ?” ਪੁੱਛਣ ਮਗਰੋਂ, ਉਸ ਨੇ ਅੱਗੇ ਕਿਹਾ: “ਜਿਵੇਂ ਲਿਖਿਆ ਹੋਇਆ ਹੈ ਭਹੀ ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ ਖਬਰੀ ਸੁਣਾਉਂਦੇ ਹਨ ਓਹਨਾਂ ਦੇ ਚਰਨ ਕਿਹੇ ਸੁੰਦਰ ਹਨ!” ਸਾਡੇ ਵਿੱਚੋਂ ਅਧਿਕਤਰ ਆਪਣੇ ਚਰਨਾਂ ਨੂੰ ਸੁੰਦਰ ਨਹੀਂ ਵਿਚਾਰਦੇ ਹਨ। ਤਾਂ ਫਿਰ, ਇਸ ਦਾ ਕੀ ਅਰਥ ਹੈ? ਇਹ ਚਰਨ ਹੀ ਹੁੰਦੇ ਹਨ ਜੋ ਆਮ ਤੌਰ ਤੇ ਇਕ ਵਿਅਕਤੀ ਨੂੰ ਤੋਰਦੇ ਹਨ ਜਿਉਂ-ਜਿਉਂ ਉਹ ਦੂਜਿਆਂ ਨੂੰ ਪ੍ਰਚਾਰ ਕਰਨ ਲਈ ਜਾਂਦਾ ਹੈ। ਅਜਿਹੇ ਚਰਨ ਅਸਲ ਵਿਚ ਉਸ ਵਿਅਕਤੀ ਨੂੰ ਦਰਸਾਉਂਦੇ ਹਨ। ਅਤੇ ਅਸੀਂ ਯਕੀਨੀ ਹੋ ਸਕਦੇ ਹਾਂ ਕਿ ਉਨ੍ਹਾਂ ਅਨੇਕਾਂ ਲਈ ਜਿਨ੍ਹਾਂ ਨੇ ਰਸੂਲਾਂ ਤੋਂ ਅਤੇ ਯਿਸੂ ਮਸੀਹ ਦੇ ਦੂਜੇ ਪਹਿਲੀ-ਸਦੀ ਚੇਲਿਆਂ ਤੋਂ ਖ਼ੁਸ਼ ਖ਼ਬਰੀ ਸੁਣੀ ਸੀ, ਇਹ ਮੁਢਲੇ ਮਸੀਹੀ ਸੱਚ-ਮੁੱਚ ਹੀ ਇਕ ਸੁੰਦਰ ਨਜ਼ਾਰਾ ਸਨ। (ਰਸੂਲਾਂ ਦੇ ਕਰਤੱਬ 16:13-15) ਇਸ ਨਾਲੋਂ ਵੱਧ, ਉਹ ਪਰਮੇਸ਼ੁਰ ਦੀ ਨਜ਼ਰ ਵਿਚ ਵਡਮੁੱਲੇ ਸਨ।
15, 16. (ੳ) ਮੁਢਲੇ ਮਸੀਹੀਆਂ ਨੇ ਕਿਵੇਂ ਪ੍ਰਦਰਸ਼ਿਤ ਕੀਤਾ ਕਿ ਉਹ ਸੱਚ-ਮੁੱਚ ਹੀ ਸ਼ਾਂਤੀ ਦੇ ਸੰਦੇਸ਼ਵਾਹਕ ਸਨ? (ਅ) ਜਿਵੇਂ ਕਿ ਪਹਿਲੀ-ਸਦੀ ਦੇ ਮਸੀਹੀਆਂ ਨੇ ਆਪਣੀ ਸੇਵਕਾਈ ਪੂਰੀ ਕੀਤੀ ਸੀ, ਉਸੇ ਤਰ੍ਹਾਂ ਕਰਨ ਵਿਚ ਸਾਨੂੰ ਕਿਹੜੀ ਚੀਜ਼ ਮਦਦ ਕਰ ਸਕਦੀ ਹੈ?
15 ਯਿਸੂ ਦੇ ਪੈਰੋਕਾਰਾਂ ਕੋਲ ਸ਼ਾਂਤੀ ਦਾ ਸੰਦੇਸ਼ ਸੀ, ਅਤੇ ਉਨ੍ਹਾਂ ਨੇ ਇਸ ਨੂੰ ਸ਼ਾਂਤੀਪੂਰਣ ਢੰਗ ਨਾਲ ਪੇਸ਼ ਕੀਤਾ। ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਹਿਦਾਇਤਾਂ ਦਿੱਤੀਆਂ: “ਜਿਸ ਘਰ ਵਿੱਚ ਤੁਸੀਂ ਜਾਓ ਪਹਿਲਾਂ ਆਖੋ ਭਈ ਇਸ ਘਰ ਦੀ ਸ਼ਾਂਤੀ ਹੋਵੇ। ਅਰ ਜੇ ਸ਼ਾਂਤੀ ਦਾ ਪੁੱਤ੍ਰ ਉੱਥੇ ਹੋਵੇ ਤਾਂ ਤੁਹਾਡੀ ਸ਼ਾਂਤੀ ਉਸ ਉੱਤੇ ਠਹਿਰੇਗੀ ਨਹੀਂ ਤਾਂ ਉਹ ਮੁੜ ਤੁਹਾਡੇ ਕੋਲ ਆ ਜਾਵੇਗੀ।” (ਲੂਕਾ 10:5, 6) ਸ਼ਾਲੋਮ, ਜਾਂ “ਸ਼ਾਂਤੀ,” ਇਕ ਰਵਾਇਤੀ ਯਹੂਦੀ ਨਮਸਕਾਰ ਹੈ। ਪਰੰਤੂ, ਯਿਸੂ ਦੀਆਂ ਹਿਦਾਇਤਾਂ ਵਿਚ ਇਸ ਤੋਂ ਵੱਧ ਕੁਝ ਸ਼ਾਮਲ ਸੀ। “ਮਸੀਹ ਦੇ ਏਲਚੀ” ਵਜੋਂ, ਉਸ ਦੇ ਮਸਹ ਕੀਤੇ ਹੋਏ ਚੇਲਿਆਂ ਨੇ ਲੋਕਾਂ ਨੂੰ ਅਨੁਰੋਧ ਕੀਤਾ: “ਤੁਸੀਂ ਪਰਮੇਸ਼ੁਰ ਨਾਲ ਮੇਲ ਮਿਲਾਪ ਕਰ ਲਓ।” (2 ਕੁਰਿੰਥੀਆਂ 5:20) ਯਿਸੂ ਦੀਆਂ ਹਿਦਾਇਤਾਂ ਦੀ ਇਕਸਾਰਤਾ ਵਿਚ, ਉਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਬਾਰੇ ਲੋਕਾਂ ਨਾਲ ਗੱਲਾਂ ਕੀਤੀਆਂ ਅਤੇ ਕਿ ਵਿਅਕਤੀਗਤ ਤੌਰ ਤੇ ਇਹ ਉਨ੍ਹਾਂ ਵਾਸਤੇ ਕੀ ਅਰਥ ਰੱਖ ਸਕਦਾ ਸੀ। ਜਿਨ੍ਹਾਂ ਨੇ ਧਿਆਨ ਦਿੱਤਾ ਉਨ੍ਹਾਂ ਨੂੰ ਬਰਕਤ ਮਿਲੀ; ਜਿਨ੍ਹਾਂ ਨੇ ਸੰਦੇਸ਼ ਨੂੰ ਠੁਕਰਾਇਆ, ਉਹ ਇਸ ਤੋਂ ਵਾਂਝੇ ਰਹੇ।
16 ਯਹੋਵਾਹ ਦੇ ਗਵਾਹ ਅੱਜ ਇਸੇ ਢੰਗ ਨਾਲ ਆਪਣੀ ਸੇਵਕਾਈ ਪੂਰੀ ਕਰਦੇ ਹਨ। ਉਹ ਜੋ ਖ਼ੁਸ਼ ਖ਼ਬਰੀ ਲੋਕਾਂ ਤਕ ਪਹੁੰਚਾਉਂਦੇ ਹਨ, ਇਹ ਉਨ੍ਹਾਂ ਦੀ ਆਪਣੀ ਨਹੀਂ ਹੈ; ਇਹ ਉਸ ਦੀ ਹੈ ਜਿਸ ਨੇ ਉਨ੍ਹਾਂ ਨੂੰ ਘੱਲਿਆ। ਉਨ੍ਹਾਂ ਦੀ ਕਾਰਜ-ਨਿਯੁਕਤੀ ਇਸ ਨੂੰ ਪੇਸ਼ ਕਰਨਾ ਹੈ। ਜੇਕਰ ਲੋਕੀ ਇਸ ਨੂੰ ਸਵੀਕਾਰ ਕਰਨ, ਤਾਂ ਉਹ ਖ਼ੁਦ ਨੂੰ ਸ਼ਾਨਦਾਰ ਬਰਕਤਾਂ ਦੇ ਉਮੀਦਵਾਰ ਬਣਾਉਂਦੇ ਹਨ। ਜੇਕਰ ਉਹ ਇਸ ਨੂੰ ਠੁਕਰਾਉਣ, ਤਾਂ ਉਹ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਪੁੱਤਰ, ਯਿਸੂ ਮਸੀਹ ਦੇ ਨਾਲ ਸ਼ਾਂਤੀ ਨੂੰ ਠੁਕਰਾ ਰਹੇ ਹਨ।—ਲੂਕਾ 10:16.
ਅਸ਼ਾਂਤ ਸੰਸਾਰ ਵਿਚ ਸ਼ਾਂਤਮਈ
17. ਜਦੋਂ ਸਾਡਾ ਸਾਮ੍ਹਣਾ ਅਪਮਾਨਜਨਕ ਲੋਕਾਂ ਨਾਲ ਹੁੰਦਾ ਹੈ, ਉਦੋਂ ਵੀ ਸਾਨੂੰ ਕਿਵੇਂ ਸਲੂਕ ਕਰਨਾ ਚਾਹੀਦਾ ਹੈ, ਅਤੇ ਕਿਉਂ?
17 ਲੋਕਾਂ ਦੀ ਪ੍ਰਤਿਕ੍ਰਿਆ ਭਾਵੇਂ ਜੋ ਵੀ ਹੋਵੇ, ਯਹੋਵਾਹ ਦੇ ਸੇਵਕਾਂ ਲਈ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਉਹ ਈਸ਼ਵਰੀ ਸ਼ਾਂਤੀ ਦੇ ਸੰਦੇਸ਼ਵਾਹਕ ਹਨ। ਸੰਸਾਰ ਦੇ ਲੋਕ ਸ਼ਾਇਦ ਗੁਸੈਲੀਆਂ ਬਹਿਸਾਂ ਕਰਨ ਅਤੇ ਗੁੱਸੇ ਨੂੰ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ ਕੱਟਵੀਆਂ ਗੱਲਾਂ ਕਹਿਣ ਜਾਂ ਗਾਲਾਂ ਕੱਢਣ ਜੋ ਉਨ੍ਹਾਂ ਨੂੰ ਖਿਝਾਉਂਦੇ ਹਨ। ਸ਼ਾਇਦ ਸਾਡੇ ਵਿੱਚੋਂ ਕਈਆਂ ਨੇ ਬੀਤੇ ਸਮੇਂ ਵਿਚ ਇਹੋ ਹੀ ਕੀਤਾ ਹੋਵੇ। ਪਰੰਤੂ, ਜੇਕਰ ਅਸੀਂ ਨਵਾਂ ਵਿਅਕਤਿੱਤਵ ਪਹਿਨ ਲਿਆ ਹੈ ਅਤੇ ਹੁਣ ਜਗਤ ਦੇ ਨਹੀਂ ਹਾਂ, ਤਾਂ ਅਸੀਂ ਉਨ੍ਹਾਂ ਦੇ ਤੌਰ-ਤਰੀਕਿਆਂ ਦੀ ਰੀਸ ਨਹੀਂ ਕਰਾਂਗੇ। (ਅਫ਼ਸੀਆਂ 4:23, 24, 31; ਯਾਕੂਬ 1:19, 20) ਦੂਜੇ ਭਾਵੇਂ ਜਿਸ ਤਰ੍ਹਾਂ ਵੀ ਵਰਤਾਉ ਕਰਨ, ਅਸੀਂ ਇਸ ਸਲਾਹ ਨੂੰ ਲਾਗੂ ਕਰਾਂਗੇ: “ਜੇ ਹੋ ਸੱਕੇ ਤਾਂ ਆਪਣੀ ਵਾਹ ਲੱਗਦਿਆਂ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ।”—ਰੋਮੀਆਂ 12:18.
18. ਜੇਕਰ ਇਕ ਸਰਕਾਰੀ ਅਫ਼ਸਰ ਸਾਡੇ ਨਾਲ ਰੁੱਖੇ ਢੰਗ ਨਾਲ ਵਰਤਾਉ ਕਰਦਾ ਹੈ, ਤਾਂ ਸਾਨੂੰ ਕਿਵੇਂ ਪ੍ਰਤਿਕ੍ਰਿਆ ਦਿਖਾਉਣੀ ਚਾਹੀਦੀ ਹੈ, ਅਤੇ ਕਿਉਂ?
18 ਸਾਡੀ ਸੇਵਕਾਈ ਸ਼ਾਇਦ ਕਦੇ-ਕਦੇ ਸਾਨੂੰ ਸਰਕਾਰੀ ਅਫ਼ਸਰਾਂ ਦੇ ਸਾਮ੍ਹਣੇ ਲਿਆਵੇਗੀ। ਆਪਣਾ ਹੱਕ ਜਤਾਉਂਦੇ ਹੋਏ, ਉਹ ਸ਼ਾਇਦ ‘ਸਾਡੇ ਕੋਲੋਂ ਪੁੱਛਣ’ ਕਿ ਅਸੀਂ ਕਿਸੇ ਖ਼ਾਸ ਕਾਰਜ ਨੂੰ ਕਿਉਂ ਕਰਦੇ ਹਾਂ ਜਾਂ ਕੁਝ ਖ਼ਾਸ ਸਰਗਰਮੀ ਵਿਚ ਹਿੱਸਾ ਲੈਣ ਤੋਂ ਕਿਉਂ ਪਰਹੇਜ਼ ਕਰਦੇ ਹਾਂ। ਉਹ ਸ਼ਾਇਦ ਜਾਣਨਾ ਚਾਹੁਣ ਕਿ ਅਸੀਂ ਕਿਉਂ ਅਜਿਹਾ ਸੰਦੇਸ਼ ਪ੍ਰਚਾਰ ਕਰਦੇ ਹਾਂ—ਉਹ ਜੋ ਝੂਠੇ ਧਰਮ ਨੂੰ ਬੇਨਕਾਬ ਕਰਦਾ ਹੈ ਅਤੇ ਜੋ ਵਰਤਮਾਨ ਰੀਤੀ-ਵਿਵਸਥਾ ਦੇ ਅੰਤ ਬਾਰੇ ਦੱਸਦਾ ਹੈ। ਮਸੀਹ ਵੱਲੋਂ ਰੱਖੀ ਗਈ ਮਿਸਾਲ ਪ੍ਰਤੀ ਸਾਡਾ ਆਦਰ ਸਾਨੂੰ ਨਰਮਾਈ ਅਤੇ ਗਹਿਰਾ ਆਦਰ ਪ੍ਰਗਟ ਕਰਨ ਲਈ ਪ੍ਰੇਰਿਤ ਕਰੇਗਾ। (1 ਪਤਰਸ 2:23; 3:15) ਅਕਸਰ, ਅਜਿਹੇ ਅਫ਼ਸਰ ਪਾਦਰੀਆਂ ਦੇ ਜਾਂ ਸੰਭਵ ਤੌਰ ਤੇ ਆਪਣੇ ਹੀ ਉੱਚ ਅਧਿਕਾਰੀਆਂ ਦੇ ਦਬਾਉ ਹੇਠ ਹੁੰਦੇ ਹਨ। ਨਰਮ ਜਵਾਬ ਸ਼ਾਇਦ ਉਨ੍ਹਾਂ ਨੂੰ ਇਸ ਗੱਲ ਦੀ ਕਦਰ ਕਰਨ ਲਈ ਮਦਦ ਕਰੇ ਕਿ ਸਾਡੀ ਸਰਗਰਮੀ ਉਨ੍ਹਾਂ ਲਈ ਜਾਂ ਸਮਾਜ ਦੀ ਸ਼ਾਂਤੀ ਲਈ ਕੋਈ ਖ਼ਤਰਾ ਨਹੀਂ ਹੈ। ਅਜਿਹਾ ਜਵਾਬ ਉਨ੍ਹਾਂ ਵਿਚ ਆਦਰ, ਸਹਿਯੋਗ, ਅਤੇ ਸ਼ਾਂਤੀ ਦੀ ਭਾਵਨਾ ਉਤਪੰਨ ਕਰਦਾ ਹੈ ਜੋ ਇਸ ਨੂੰ ਸਵੀਕਾਰ ਕਰਦੇ ਹਨ।—ਤੀਤੁਸ 3:1, 2.
19. ਯਹੋਵਾਹ ਦੇ ਗਵਾਹ ਕਿਹੜੀਆਂ ਸਰਗਰਮੀਆਂ ਵਿਚ ਕਦੇ ਵੀ ਭਾਗ ਨਹੀਂ ਲੈਂਦੇ ਹਨ?
19 ਯਹੋਵਾਹ ਦੇ ਗਵਾਹ ਧਰਤੀ ਭਰ ਵਿਚ ਪ੍ਰਸਿੱਧ ਹਨ ਕਿ ਉਹ ਸੰਸਾਰ ਦਿਆਂ ਝਗੜਿਆਂ ਵਿਚ ਹਿੱਸਾ ਨਹੀਂ ਲੈਂਦੇ ਹਨ। ਉਹ ਸੰਸਾਰ ਦੇ ਜਾਤੀ, ਧਰਮ, ਜਾਂ ਰਾਜਨੀਤੀ ਸੰਬੰਧੀ ਝਗੜਿਆਂ ਵਿਚ ਨਹੀਂ ਪੈਂਦੇ ਹਨ। (ਯੂਹੰਨਾ 17:14) ਕਿਉਂ ਜੋ ਪਰਮੇਸ਼ੁਰ ਦਾ ਬਚਨ ਸਾਨੂੰ ‘ਹਕੂਮਤਾਂ ਦੇ ਅਧੀਨ ਰਹਿਣ’ ਲਈ ਆਦੇਸ਼ ਦਿੰਦਾ ਹੈ, ਅਸੀਂ ਸਰਕਾਰੀ ਨੀਤੀਆਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਸੱਤਿਆਗ੍ਰਹਿਆਂ ਵਿਚ ਭਾਗ ਲੈਣ ਬਾਰੇ ਵੀ ਵਿਚਾਰ ਨਹੀਂ ਕਰਾਂਗੇ। (ਰੋਮੀਆਂ 13:1) ਯਹੋਵਾਹ ਦੇ ਗਵਾਹਾਂ ਨੇ ਕਦੇ ਵੀ ਅਜਿਹੇ ਕਿਸੇ ਅੰਦੋਲਨ ਵਿਚ ਹਿੱਸਾ ਨਹੀਂ ਲਿਆ ਹੈ, ਜਿਸ ਦਾ ਉਦੇਸ਼ ਸਰਕਾਰ ਨੂੰ ਉਲਟਾਉਣਾ ਸੀ। ਯਹੋਵਾਹ ਵੱਲੋਂ ਆਪਣੇ ਮਸੀਹੀ ਸੇਵਕਾਂ ਲਈ ਕਾਇਮ ਕੀਤੇ ਗਏ ਮਿਆਰਾਂ ਨੂੰ ਧਿਆਨ ਵਿਚ ਰੱਖਦੇ ਹੋਏ, ਉਨ੍ਹਾਂ ਲਈ ਕਿਸੇ ਵੀ ਪ੍ਰਕਾਰ ਦੇ ਖ਼ੂਨ-ਖ਼ਰਾਬੇ ਜਾਂ ਹਿੰਸਾ ਵਿਚ ਹਿੱਸਾ ਲੈਣ ਬਾਰੇ ਸੋਚਣਾ ਵੀ ਪਾਪ ਹੈ! ਸੱਚੇ ਮਸੀਹੀ ਨਾ ਕੇਵਲ ਸ਼ਾਂਤੀ ਬਾਰੇ ਗੱਲਾਂ ਕਰਦੇ ਹਨ; ਉਹ ਆਪਣੇ ਪ੍ਰਚਾਰ ਅਨੁਸਾਰ ਜੀਵਨ ਵੀ ਬਤੀਤ ਕਰਦੇ ਹਨ।
20. ਸ਼ਾਂਤੀ ਦੇ ਸੰਬੰਧ ਵਿਚ, ਵੱਡੀ ਬਾਬਲ ਦਾ ਕੀ ਰਿਕਾਰਡ ਰਿਹਾ ਹੈ?
20 ਸੱਚੇ ਮਸੀਹੀਆਂ ਦੇ ਉਲਟ, ਮਸੀਹੀ-ਜਗਤ ਦਿਆਂ ਧਾਰਮਿਕ ਸੰਗਠਨਾਂ ਦੇ ਪ੍ਰਤਿਨਿਧ ਸ਼ਾਂਤੀ ਦੇ ਸੰਦੇਸ਼ਵਾਹਕ ਸਾਬਤ ਨਹੀਂ ਹੋਏ ਹਨ। ਵੱਡੀ ਬਾਬੁਲ ਦੇ ਧਰਮ—ਮਸੀਹੀ-ਜਗਤ ਦੇ ਗਿਰਜੇ ਅਤੇ ਗ਼ੈਰ-ਮਸੀਹੀ ਧਰਮ ਦੋਹਾਂ—ਨੇ ਕੌਮਾਂ ਦਿਆਂ ਯੁੱਧਾਂ ਨੂੰ ਅਣਡਿੱਠ ਕੀਤਾ, ਸਮਰਥਨ ਦਿੱਤਾ, ਅਤੇ ਅਸਲ ਵਿਚ ਇਨ੍ਹਾਂ ਵਿਚ ਅਗਵਾਈ ਕੀਤੀ ਹੈ। ਉਨ੍ਹਾਂ ਨੇ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਦੀ ਸਤਾਹਟ ਅਤੇ ਇੱਥੋਂ ਤਕ ਕਿ ਕਤਲ ਨੂੰ ਵੀ ਉਕਸਾਇਆ ਹੈ। ਇਸ ਲਈ, ਪਰਕਾਸ਼ ਦੀ ਪੋਥੀ 18:24 ਵੱਡੀ ਬਾਬੁਲ ਦੇ ਸੰਬੰਧ ਵਿਚ ਐਲਾਨ ਕਰਦੀ ਹੈ: “ਨਬੀਆਂ, ਸੰਤਾਂ ਅਤੇ ਓਹਨਾਂ ਸਭਨਾਂ ਦਾ ਲਹੂ ਜਿਹੜੇ ਧਰਤੀ ਉੱਤੇ ਕੋਹੇ ਗਏ ਸਨ, ਉਹ ਦੇ ਵਿੱਚ ਪਾਇਆ ਗਿਆ।”
21. ਅਨੇਕ ਸੁਹਿਰਦ ਵਿਅਕਤੀ ਕਿਵੇਂ ਪ੍ਰਤਿਕ੍ਰਿਆ ਦਿਖਾਉਂਦੇ ਹਨ ਜਦੋਂ ਉਹ ਯਹੋਵਾਹ ਦੇ ਲੋਕਾਂ ਅਤੇ ਝੂਠੇ ਧਰਮ ਦੇ ਪੈਰੋਕਾਰਾਂ ਦੇ ਆਚਰਣ ਵਿਚ ਫ਼ਰਕ ਦੇਖਦੇ ਹਨ?
21 ਮਸੀਹੀ-ਜਗਤ ਦੇ ਧਰਮਾਂ ਅਤੇ ਬਾਕੀ ਵੱਡੀ ਬਾਬੁਲ ਦੇ ਉਲਟ, ਸੱਚਾ ਧਰਮ ਇਕ ਸਕਾਰਾਤਮਕ, ਏਕਤਾ-ਉਪਜਾਊ ਸ਼ਕਤੀ ਹੈ। ਆਪਣੇ ਸੱਚੇ ਪੈਰੋਕਾਰਾਂ ਨੂੰ, ਯਿਸੂ ਮਸੀਹ ਨੇ ਕਿਹਾ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:35) ਇਹ ਉਹ ਪ੍ਰੇਮ ਹੈ ਜੋ ਉਨ੍ਹਾਂ ਕੌਮੀ, ਸਮਾਜਕ, ਆਰਥਿਕ, ਅਤੇ ਜਾਤੀਗਤ ਹੱਦਾਂ ਨੂੰ ਪਾਰ ਕਰ ਜਾਂਦਾ ਹੈ ਜਿਹੜੀਆਂ ਇਸ ਸਮੇਂ ਬਾਕੀ ਦੀ ਮਨੁੱਖਜਾਤੀ ਨੂੰ ਵਿਭਾਜਿਤ ਕਰ ਰਹੀਆਂ ਹਨ। ਇਸ ਨੂੰ ਦੇਖਦੇ ਹੋਏ, ਧਰਤੀ ਭਰ ਵਿਚ ਲੱਖਾਂ ਹੀ ਲੋਕ ਯਹੋਵਾਹ ਦੇ ਮਸਹ ਕੀਤੇ ਹੋਏ ਸੇਵਕਾਂ ਨੂੰ ਕਹਿ ਰਹੇ ਹਨ: “ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ।”—ਜ਼ਕਰਯਾਹ 8:23.
22. ਅਸੀਂ ਉਸ ਗਵਾਹੀ ਕਾਰਜ ਨੂੰ ਕਿਵੇਂ ਵਿਚਾਰਦੇ ਹਾਂ ਜੋ ਅਜੇ ਕਰਨਾ ਬਾਕੀ ਹੈ?
22 ਯਹੋਵਾਹ ਦੇ ਲੋਕ ਹੋਣ ਦੇ ਨਾਤੇ, ਅਸੀਂ ਉਸ ਵਿਚ ਵੱਡਾ ਆਨੰਦ ਮਾਣਦੇ ਹਾਂ ਜੋ ਅੱਜ ਤਕ ਸੰਪੰਨ ਕੀਤਾ ਗਿਆ ਹੈ, ਲੇਕਿਨ ਕਾਰਜ ਅਜੇ ਪੂਰਾ ਨਹੀਂ ਹੋਇਆ ਹੈ। ਬੀ ਨੂੰ ਬੀਜਣ ਅਤੇ ਖੇਤ ਦੀ ਵਾਹੀ ਕਰਨ ਮਗਰੋਂ, ਕਿਸਾਨ ਆਰਾਮ ਨਹੀਂ ਕਰਨ ਲੱਗਦਾ ਹੈ। ਉਹ ਕੰਮ ਕਰਨਾ ਜਾਰੀ ਰੱਖਦਾ ਹੈ, ਖ਼ਾਸ ਕਰਕੇ ਜਦੋਂ ਵਾਢੀ ਦਾ ਮੌਸਮ ਆਪਣੀ ਸਿਖਰ ਤੇ ਹੁੰਦਾ ਹੈ। ਵਾਢੀ ਦਾ ਸਮਾਂ ਬਾਕਾਇਦਾ, ਅਤਿਅੰਤ ਜਤਨ ਦੀ ਮੰਗ ਕਰਦਾ ਹੈ। ਅਤੇ ਠੀਕ ਇਸ ਵੇਲੇ ਸੱਚੇ ਪਰਮੇਸ਼ੁਰ ਦੇ ਉਪਾਸਕਾਂ ਦੀ ਅੱਗੇ ਨਾਲੋਂ ਅਧਿਕ ਫ਼ਸਲ ਹਾਸਲ ਹੋ ਰਹੀ ਹੈ। ਇਹ ਖ਼ੁਸ਼ੀਆਂ ਮਨਾਉਣ ਦਾ ਸਮਾਂ ਹੈ। (ਯਸਾਯਾਹ 9:3) ਇਹ ਸੱਚ ਹੈ ਕਿ ਅਸੀਂ ਵਿਰੋਧ ਅਤੇ ਉਦਾਸੀਨਤਾ ਦਾ ਸਾਮ੍ਹਣਾ ਕਰਦੇ ਹਾਂ। ਨਿੱਜੀ ਤੌਰ ਤੇ, ਅਸੀਂ ਸ਼ਾਇਦ ਗੰਭੀਰ ਬੀਮਾਰੀ, ਕਠਿਨ ਪਰਿਵਾਰਕ ਹਾਲਾਤ, ਜਾਂ ਮਾਲੀ ਮੁਸ਼ਕਲਾਂ ਨਾਲ ਨਿਪਟਣ ਦੀ ਕੋਸ਼ਿਸ਼ ਕਰ ਰਹੇ ਹੋਈਏ। ਪਰੰਤੂ ਯਹੋਵਾਹ ਦੇ ਲਈ ਪ੍ਰੇਮ ਸਾਨੂੰ ਡਟੇ ਰਹਿਣ ਲਈ ਪ੍ਰੇਰਦਾ ਹੈ। ਪਰਮੇਸ਼ੁਰ ਵੱਲੋਂ ਸਾਨੂੰ ਸੌਂਪਿਆ ਗਿਆ ਸੰਦੇਸ਼ ਅਜਿਹੀ ਚੀਜ਼ ਹੈ ਜਿਸ ਨੂੰ ਲੋਕਾਂ ਨੂੰ ਸੁਣਨ ਦੀ ਲੋੜ ਹੈ। ਇਹ ਸ਼ਾਂਤੀ ਦਾ ਸੰਦੇਸ਼ ਹੈ। ਸੱਚ-ਮੁੱਚ, ਇਹ ਉਹ ਸੰਦੇਸ਼ ਹੈ ਜੋ ਖ਼ੁਦ ਯਿਸੂ ਨੇ ਪ੍ਰਚਾਰ ਕੀਤਾ ਸੀ—ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ।
ਤੁਹਾਡਾ ਜਵਾਬ ਕੀ ਹੈ?
◻ ਪ੍ਰਾਚੀਨ ਇਸਰਾਏਲ ਉੱਤੇ ਯਸਾਯਾਹ 52:7 ਕਿਵੇਂ ਪੂਰਾ ਹੋਇਆ?
◻ ਯਿਸੂ ਕਿਵੇਂ ਸ਼ਾਂਤੀ ਦਾ ਮਹਾਨਤਮ ਸੰਦੇਸ਼ਵਾਹਕ ਸਾਬਤ ਹੋਇਆ?
◻ ਰਸੂਲ ਪੌਲੁਸ ਨੇ ਯਸਾਯਾਹ 52:7 ਨੂੰ ਉਸ ਕਾਰਜ ਨਾਲ ਕਿਵੇਂ ਜੋੜਿਆ ਜਿਸ ਵਿਚ ਮਸੀਹੀ ਹਿੱਸਾ ਲੈਂਦੇ ਹਨ?
◻ ਸਾਡੇ ਦਿਨਾਂ ਵਿਚ ਸ਼ਾਂਤੀ ਦੇ ਸੰਦੇਸ਼ਵਾਹਕ ਹੋਣ ਵਿਚ ਕੀ ਕੁਝ ਸ਼ਾਮਲ ਹੈ?
[ਸਫ਼ੇ 17 ਉੱਤੇ ਤਸਵੀਰਾਂ]
ਯਿਸੂ ਵਾਂਗ, ਯਹੋਵਾਹ ਦੇ ਗਵਾਹ ਈਸ਼ਵਰੀ ਸ਼ਾਂਤੀ ਦੇ ਸੰਦੇਸ਼ਵਾਹਕ ਹਨ
[ਸਫ਼ੇ 19 ਉੱਤੇ ਤਸਵੀਰਾਂ]
ਯਹੋਵਾਹ ਦੇ ਗਵਾਹ ਸ਼ਾਂਤਮਈ ਰਹਿੰਦੇ ਹਨ ਭਾਵੇਂ ਲੋਕੀ ਰਾਜ ਸੰਦੇਸ਼ ਪ੍ਰਤੀ ਜੋ ਵੀ ਪ੍ਰਤਿਕ੍ਰਿਆ ਦਿਖਾਉਣ