ਲੋਕਾਂ ਦੇ ਵਿਚਾਰਾਂ ਅੱਗੇ ਝੁਕੋ ਨਾ
ਹਰ ਥਾਂ ਦੇ ਲੋਕਾਂ ਦੇ ਆਪੋ-ਆਪਣੇ ਵਿਚਾਰ ਹੁੰਦੇ ਹਨ ਕਿ ਕੀ ਮਾੜਾ ਹੈ ਤੇ ਕੀ ਚੰਗਾ ਅਤੇ ਕਿਹੜੀ ਗੱਲ ਸਲਾਹੁਣਯੋਗ ਹੈ ਤੇ ਕਿਹੜੀ ਨਹੀਂ। ਸਮੇਂ ਦੇ ਬੀਤਣ ਨਾਲ ਇਹ ਵਿਚਾਰ ਬਦਲਦੇ ਰਹਿੰਦੇ ਹਨ। ਇਸ ਕਰਕੇ ਪੁਰਾਣੇ ਜ਼ਮਾਨੇ ਵਿਚ ਘਟੀਆਂ ਘਟਨਾਵਾਂ ਬਾਰੇ ਬਾਈਬਲ ਦੇ ਬਿਰਤਾਂਤ ਪੜ੍ਹਦੇ ਸਮੇਂ ਸਾਨੂੰ ਉਸ ਸਮੇਂ ਦੇ ਲੋਕਾਂ ਦੇ ਪ੍ਰਚਲਿਤ ਖ਼ਿਆਲਾਂ ਅਤੇ ਕਦਰਾਂ-ਕੀਮਤਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਸਾਨੂੰ ਆਪਣੇ ਨਜ਼ਰੀਏ ਤੋਂ ਪੜ੍ਹੀਆਂ ਗੱਲਾਂ ਨੂੰ ਸਹੀ ਜਾਂ ਗ਼ਲਤ ਨਹੀਂ ਠਹਿਰਾਉਣਾ ਚਾਹੀਦਾ।
ਮਿਸਾਲ ਲਈ, ਬਾਈਬਲ ਦੇ ਯੂਨਾਨੀ ਭਾਗ ਵਿਚ ਵਾਰ-ਵਾਰ ਜ਼ਿਕਰ ਕੀਤੇ ਦੋ ਲਫ਼ਜ਼ਾਂ ਉੱਤੇ ਗੌਰ ਕਰੋ, ਇੱਜ਼ਤ ਅਤੇ ਬੇਇੱਜ਼ਤੀ। ਜਿਨ੍ਹਾਂ ਬਿਰਤਾਂਤਾਂ ਵਿਚ ਇਹ ਲਫ਼ਜ਼ ਵਰਤੇ ਗਏ ਹਨ, ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਲੋਕ ਉਨ੍ਹੀਂ ਦਿਨੀਂ ਇਨ੍ਹਾਂ ਲਫ਼ਜ਼ਾਂ ਨੂੰ ਕਿਵੇਂ ਵਿਚਾਰਦੇ ਸਨ।
ਪਹਿਲੀ ਸਦੀ ਵਿਚ ਲੋਕਾਂ ਦੀਆਂ ਕਦਰਾਂ-ਕੀਮਤਾਂ
ਇਕ ਵਿਦਵਾਨ ਨੇ ਕਿਹਾ ਕਿ ‘ਯੂਨਾਨੀ, ਰੋਮੀ ਅਤੇ ਯਹੂਦੀ ਲੋਕ ਨਹੀਂ ਸੀ ਚਾਹੁੰਦੇ ਕਿ ਉਨ੍ਹਾਂ ਦੀ ਬੇਇੱਜ਼ਤੀ ਹੋਵੇ। ਉਨ੍ਹਾਂ ਦੀਆਂ ਨਜ਼ਰਾਂ ਵਿਚ ਇੱਜ਼ਤ ਦੀ ਬਹੁਤ ਅਹਿਮੀਅਤ ਸੀ। ਲੋਕ ਜ਼ਿੰਦਗੀ ਵਿਚ ਆਦਰ-ਸਤਿਕਾਰ, ਨੇਕਨਾਮੀ, ਸ਼ੁਹਰਤ, ਸ਼ਲਾਘਾ ਤੇ ਇੱਜ਼ਤ ਚਾਹੁੰਦੇ ਸਨ ਅਤੇ ਇਸ ਸਭ ਦੀ ਖ਼ਾਤਰ ਜਾਨ ਦੀ ਬਾਜ਼ੀ ਵੀ ਲਾ ਦਿੰਦੇ ਸਨ।’ ਇਹ ਸਭ ਪਾਉਣ ਦੀ ਚਾਹਤ ਕਾਰਨ ਉਹ ਆਸਾਨੀ ਨਾਲ ਹੋਰਨਾਂ ਦੀਆਂ ਗੱਲਾਂ ਵਿਚ ਆ ਜਾਂਦੇ ਸਨ।
ਸ਼ਾਹੀ ਲੋਕਾਂ ਤੋਂ ਲੈ ਕੇ ਗ਼ੁਲਾਮਾਂ ਤਕ, ਸਾਰੇ ਹੀ ਚਾਹੁੰਦੇ ਸਨ ਕਿ ਉਨ੍ਹਾਂ ਦਾ ਉੱਚਾ ਦਰਜਾ, ਰੁਤਬਾ ਤੇ ਇੱਜ਼ਤ-ਮਾਣ ਹੋਵੇ। ਉਨ੍ਹਾਂ ਲਈ ਸਿਰਫ਼ ਐਨਾ ਹੀ ਕਾਫ਼ੀ ਨਹੀਂ ਸੀ ਕਿ ਉਹ ਆਪਣੇ ਆਪ ਨੂੰ ਕਿੰਨਾ ਇੱਜ਼ਤਦਾਰ ਸਮਝਦੇ ਸਨ, ਉਨ੍ਹਾਂ ਲਈ ਇਹ ਵੀ ਬਹੁਤ ਜ਼ਰੂਰੀ ਸੀ ਕਿ ਦੂਜੇ ਉਨ੍ਹਾਂ ਦੀ ਕਿੰਨੀ ਕੁ ਇੱਜ਼ਤ ਕਰਦੇ ਸਨ। ਕਿਸੇ ਦਾ ਇੱਜ਼ਤ-ਮਾਣ ਕਰਨ ਦਾ ਮਤਲਬ ਸੀ ਸਾਰਿਆਂ ਸਾਮ੍ਹਣੇ ਇਹ ਜ਼ਾਹਰ ਕਰਨਾ ਕਿ ਉਹ ਵਿਅਕਤੀ, ਜਿਸ ਦੀ ਇੱਜ਼ਤ ਹੁੰਦੀ ਸੀ, ਉਸੇ ਤਰ੍ਹਾਂ ਦੇ ਕੰਮ ਕਰਦਾ ਸੀ ਜੋ ਕੰਮ ਕਰਨ ਦੀ ਉਸ ਤੋਂ ਉਮੀਦ ਰੱਖੀ ਜਾਂਦੀ ਸੀ। ਇਸ ਦਾ ਇਹ ਵੀ ਮਤਲਬ ਸੀ ਕਿ ਲੋਕ ਉਸ ਦੀ ਧਨ-ਦੌਲਤ, ਅਹੁਦੇ ਤੇ ਖ਼ਾਨਦਾਨ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਸਨ ਜਿਸ ਕਰਕੇ ਉਹ ਉਸ ਨੂੰ ਆਦਰ-ਮਾਣ ਦਿੰਦੇ ਸਨ। ਚੰਗੇ ਕੰਮ ਕਰ ਕੇ ਜਾਂ ਦੂਸਰਿਆਂ ਨਾਲੋਂ ਜ਼ਿਆਦਾ ਸਫ਼ਲ ਹੋ ਕੇ ਇੱਜ਼ਤ-ਮਾਣ ਹਾਸਲ ਕੀਤਾ ਜਾ ਸਕਦਾ ਸੀ। ਇਸ ਦੇ ਉਲਟ, ਲੋਕਾਂ ਦੀਆਂ ਨਜ਼ਰਾਂ ਵਿਚ ਗਿਰ ਕੇ ਉਹ ਬੇਇੱਜ਼ਤ ਹੋ ਸਕਦਾ ਸੀ। ਉਹ ਆਪਣੀਆਂ ਭਾਵਨਾਵਾਂ ਜਾਂ ਜ਼ਮੀਰ ਕਾਰਨ ਇੰਨਾ ਦੁਖੀ ਨਹੀਂ ਹੁੰਦਾ ਸੀ ਜਿੰਨਾ ਦੁਖੀ ਉਹ ਉਦੋਂ ਹੁੰਦਾ ਸੀ ਜਦੋਂ ਸਮਾਜ ਵਿਚ ਉਸ ਦੀ ਬੇਇੱਜ਼ਤੀ ਹੁੰਦੀ ਸੀ।
ਯਿਸੂ ਨੇ ਕਿਹਾ ਸੀ ਕਿ ਦਾਅਵਤ ਤੇ ਸੱਦੇ ਕਿਸੇ ਵਿਅਕਤੀ ਨੂੰ ਜੇ “ਉੱਚੀ ਥਾਂ” ਤੇ ਬਿਠਾਇਆ ਜਾਂਦਾ ਸੀ, ਤਾਂ ਇਹ ਉਸ ਲਈ ਆਦਰ ਦੀ ਗੱਲ ਮੰਨੀ ਜਾਂਦੀ ਸੀ, ਪਰ “ਨੀਵੀਂ ਥਾਂ” ਤੇ ਕਿਸੇ ਨੂੰ ਬਿਠਾਉਣਾ ਸ਼ਰਮ ਦੀ ਗੱਲ ਸੀ। ਇਹ ਉਸ ਜ਼ਮਾਨੇ ਦਾ ਸਭਿਆਚਾਰ ਸੀ। (ਲੂਕਾ 14:8-10) ਘੱਟੋ-ਘੱਟ ਦੋ ਮੌਕਿਆਂ ਤੇ ਯਿਸੂ ਦੇ ਚੇਲਿਆਂ ਦੀ ਇਸ ਮੁੱਦੇ ਉੱਤੇ ਬਹਿਸ ਹੋਈ ਕਿ ‘ਉਨ੍ਹਾਂ ਵਿੱਚੋਂ ਕੌਣ ਵੱਡਾ’ ਸੀ। (ਲੂਕਾ 9:46; 22:24) ਉਨ੍ਹਾਂ ਦੇ ਇਸ ਰਵੱਈਏ ਤੋਂ ਜ਼ਾਹਰ ਹੋਇਆ ਕਿ ਉਨ੍ਹੀਂ ਦਿਨੀਂ ਸਮਾਜ ਵਿਚ ਲੋਕ ਕਿਹੜੀ ਗੱਲ ਨੂੰ ਅਹਿਮੀਅਤ ਦਿੰਦੇ ਸਨ। ਇਸ ਦੇ ਨਾਲ-ਨਾਲ ਘਮੰਡੀ ਤੇ ਮੁਕਾਬਲੇਬਾਜ਼ ਯਹੂਦੀ ਆਗੂਆਂ ਨੇ ਸੋਚਿਆ ਕਿ ਯਿਸੂ ਦੇ ਪ੍ਰਚਾਰ ਕਾਰਨ ਉਨ੍ਹਾਂ ਦਾ ਅਪਮਾਨ ਹੁੰਦਾ ਸੀ ਤੇ ਉਹ ਆਪਣੀ ਪਦਵੀ ਗੁਆ ਸਕਦੇ ਸਨ। ਲੋਕਾਂ ਸਾਮ੍ਹਣੇ ਬਹਿਸ ਕਰਦਿਆਂ ਉਨ੍ਹਾਂ ਨੇ ਯਿਸੂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋਏ।—ਲੂਕਾ 13:11-17.
ਪਹਿਲੀ ਸਦੀ ਦੇ ਯਹੂਦੀ, ਯੂਨਾਨੀ ਤੇ ਰੋਮੀ ਲੋਕਾਂ ਲਈ ਸ਼ਰਮ ਦੀ ਗੱਲ ਹੁੰਦੀ ਸੀ ਜੇ ਕਿਸੇ ਨੂੰ “ਗਿਰਫ਼ਤਾਰ ਕੀਤਾ ਜਾਂਦਾ ਸੀ ਅਤੇ ਲੋਕਾਂ ਸਾਮ੍ਹਣੇ ਗ਼ਲਤ ਕੰਮ ਦਾ ਦੋਸ਼ੀ ਠਹਿਰਾਇਆ ਜਾਂਦਾ ਸੀ।” ਉਸ ਵਿਅਕਤੀ ਦਾ ਬੜਾ ਅਪਮਾਨ ਹੁੰਦਾ ਸੀ ਜਿਸ ਨੂੰ ਰੱਸੀਆਂ ਤੇ ਜ਼ੰਜੀਰਾਂ ਨਾਲ ਬੰਨ੍ਹਿਆ ਜਾਂਦਾ ਸੀ ਜਾਂ ਉਸ ਨੂੰ ਕੈਦ ਵਿਚ ਸੁੱਟਿਆ ਜਾਂਦਾ ਸੀ। ਇਸ ਸਲੂਕ ਕਾਰਨ ਉਹ ਵਿਅਕਤੀ ਆਪਣੇ ਦੋਸਤਾਂ, ਪਰਿਵਾਰ ਅਤੇ ਸਮਾਜ ਅੱਗੇ ਬਦਨਾਮ ਹੋ ਜਾਂਦਾ ਸੀ ਭਾਵੇਂ ਉਸ ਨੇ ਅਪਰਾਧ ਕੀਤਾ ਹੁੰਦਾ ਸੀ ਜਾਂ ਨਹੀਂ। ਬਾਅਦ ਵਿਚ ਉਹ ਆਪਣੀਆਂ ਨਜ਼ਰਾਂ ਵਿਚ ਗਿਰ ਜਾਂਦਾ ਸੀ ਤੇ ਦੂਸਰਿਆਂ ਨਾਲ ਉਸ ਦਾ ਰਿਸ਼ਤਾ ਖ਼ਰਾਬ ਹੋ ਜਾਂਦਾ ਸੀ। ਇਸ ਤੋਂ ਵੀ ਸ਼ਰਮਨਾਕ ਗੱਲ ਹੁੰਦੀ ਸੀ ਜਦੋਂ ਕਿਸੇ ਦੇ ਕੱਪੜੇ ਉਤਾਰ ਦਿੱਤੇ ਜਾਂਦੇ ਸਨ ਜਾਂ ਕੋਰੜਿਆਂ ਨਾਲ ਮਾਰਿਆ-ਕੁੱਟਿਆ ਜਾਂਦਾ ਸੀ। ਅਜਿਹੇ ਸਲੂਕ ਕਰਕੇ ਲੋਕੀ ਉਸ ਵਿਅਕਤੀ ਨੂੰ ਨਿੰਦਦੇ ਸਨ ਤੇ ਉਸ ਦਾ ਮਖੌਲ ਉਡਾਉਂਦੇ ਸਨ। ਇਸ ਤਰ੍ਹਾਂ ਉਸ ਦੀ ਕੋਈ ਇੱਜ਼ਤ ਨਹੀਂ ਰਹਿੰਦੀ ਸੀ।
ਸੂਲ਼ੀ ʼਤੇ ਚੜ੍ਹਾਏ ਜਾਣ ਵਾਲੇ ਵਿਅਕਤੀ ਦੀ ਤਾਂ ਸਭ ਤੋਂ ਜ਼ਿਆਦਾ ਬਦਨਾਮੀ ਹੁੰਦੀ ਸੀ। ਇਕ ਵਿਦਵਾਨ ਮਾਰਟਿਨ ਹੈਂਗਲ ਕਹਿੰਦਾ ਹੈ ਕਿ ਇਹ “ਸਜ਼ਾ ਗ਼ੁਲਾਮਾਂ ਨੂੰ” ਦਿੱਤੀ ਜਾਂਦੀ ਸੀ। “ਇਸ ਕਾਰਨ ਘੋਰ ਨਿਰਾਦਰ ਹੁੰਦਾ ਸੀ ਤੇ ਤਸੀਹੇ ਦਿੱਤੇ ਜਾਂਦੇ ਸਨ।” ਇਸ ਤਰ੍ਹਾਂ ਬਦਨਾਮ ਕੀਤੇ ਗਏ ਵਿਅਕਤੀ ਦੇ ਪਰਿਵਾਰ ਅਤੇ ਦੋਸਤਾਂ ਉੱਤੇ ਲੋਕ ਦਬਾਅ ਪਾਉਂਦੇ ਸਨ ਕਿ ਉਹ ਉਸ ਨੂੰ ਤਿਆਗ ਦੇਣ। ਮਸੀਹ ਇਸ ਤਰ੍ਹਾਂ ਦੀ ਮੌਤ ਮਰਿਆ ਸੀ, ਇਸ ਕਰਕੇ ਪਹਿਲੀ ਸਦੀ ਵਿਚ ਜੋ ਮਸੀਹੀ ਬਣਨਾ ਚਾਹੁੰਦੇ ਸਨ, ਉਨ੍ਹਾਂ ਸਾਰਿਆਂ ਨੂੰ ਲੋਕਾਂ ਦਾ ਮਖੌਲ ਸਹਿਣਾ ਪੈਂਦਾ ਸੀ। ਜ਼ਿਆਦਾਤਰ ਲੋਕ ਉਸ ਇਨਸਾਨ ਨੂੰ ਮੂਰਖ ਸਮਝਦੇ ਸਨ ਜੋ ਸੂਲ਼ੀ ʼਤੇ ਚੜ੍ਹਾਏ ਗਏ ਵਿਅਕਤੀ ਦਾ ਪੈਰੋਕਾਰ ਹੋਣ ਦਾ ਦਾਅਵਾ ਕਰਦਾ ਸੀ। ਪੌਲੁਸ ਰਸੂਲ ਨੇ ਕਿਹਾ ਕਿ “ਅਸੀਂ ਸਲੀਬ ਦਿੱਤੇ ਹੋਏ ਮਸੀਹ ਦਾ ਪਰਚਾਰ ਕਰਦੇ ਹਾਂ। ਉਹ ਯਹੂਦੀਆਂ ਦੇ ਲੇਖੇ ਠੋਕਰ ਦਾ ਕਾਰਨ ਅਤੇ ਪਰਾਈਆਂ ਕੌਮਾਂ ਦੇ ਲੇਖੇ ਮੂਰਖਤਾਈ ਹੈ।” (1 ਕੁਰਿੰ. 1:23) ਮੁਢਲੇ ਮਸੀਹੀਆਂ ਨੇ ਅਜਿਹੀ ਚੁਣੌਤੀ ਦਾ ਕਿੱਦਾਂ ਸਾਮ੍ਹਣਾ ਕੀਤਾ?
ਵੱਖਰੀਆਂ ਕਦਰਾਂ-ਕੀਮਤਾਂ
ਪਹਿਲੀ ਸਦੀ ਦੇ ਮਸੀਹੀ ਕਾਨੂੰਨ ਦੀ ਪਾਲਣਾ ਕਰਦੇ ਸਨ ਅਤੇ ਗ਼ਲਤ ਕੰਮਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਸਨ ਤਾਂਕਿ ਉਨ੍ਹਾਂ ਨੂੰ ਸ਼ਰਮਿੰਦਾ ਨਾ ਹੋਣਾ ਪਵੇ। ਪਤਰਸ ਰਸੂਲ ਨੇ ਲਿਖਿਆ ਸੀ ਕਿ “ਐਉਂ ਨਾ ਹੋਵੇ ਜੋ ਤੁਹਾਡੇ ਵਿੱਚੋਂ ਕੋਈ ਖੂਨੀ ਯਾ ਚੋਰ ਯਾ ਬੁਰਿਆਰ ਯਾ ਹੋਰਨਾਂ ਦੇ ਕੰਮ ਵਿੱਚ ਲੱਤ ਅੜਾਉਣ ਵਾਲਾ ਹੋ ਕੇ ਦੁਖ ਪਾਵੇ!” (1 ਪਤ. 4:15) ਪਰ ਯਿਸੂ ਨੇ ਪਹਿਲਾਂ ਹੀ ਦੱਸਿਆ ਸੀ ਕਿ ਉਸ ਦੇ ਚੇਲੇ ਉਸ ਦੇ ਨਾਂ ਦੀ ਖ਼ਾਤਰ ਸਤਾਏ ਜਾਣਗੇ। (ਯੂਹੰ. 15:20) ਪਤਰਸ ਨੇ ਇਹ ਵੀ ਲਿਖਿਆ: “ਜੇ ਕੋਈ [ਵਿਅਕਤੀ] ਮਸੀਹੀ ਹੋਣ ਕਰਕੇ ਦੁਖ ਪਾਵੇ ਤਾਂ ਲੱਜਿਆਵਾਨ ਨਾ ਹੋਵੇ ਸਗੋਂ ਇਸ ਨਾਮ ਦੇ ਕਾਰਨ ਪਰਮੇਸ਼ੁਰ ਦੀ ਵਡਿਆਈ ਕਰੇ।” (1 ਪਤ. 4:16) ਮਸੀਹ ਦੇ ਚੇਲੇ ਹੋਣ ਕਰਕੇ ਦੁੱਖ ਝੱਲਣ ਵਾਲੇ ਲੱਜਿਆਵਾਨ ਮਹਿਸੂਸ ਨਹੀਂ ਕਰਦੇ ਸਨ ਕਿਉਂਕਿ ਉਨ੍ਹਾਂ ਨੇ ਉਸ ਜ਼ਮਾਨੇ ਦੇ ਲੋਕਾਂ ਦੀਆਂ ਕਦਰਾਂ-ਕੀਮਤਾਂ ਨੂੰ ਮੰਨਣਾ ਇੰਨਾ ਜ਼ਰੂਰੀ ਨਹੀਂ ਸਮਝਿਆ।
ਮਸੀਹੀ ਹੋਰਨਾਂ ਲੋਕਾਂ ਦੇ ਮਿਆਰਾਂ ਅਨੁਸਾਰ ਆਪਣਾ ਚਾਲ-ਚਲਣ ਨਹੀਂ ਢਾਲ਼ ਸਕਦੇ। ਪਹਿਲੀ ਸਦੀ ਵਿਚ ਲੋਕ ਮੰਨਦੇ ਸਨ ਕਿ ਸੂਲ਼ੀ ਉੱਤੇ ਚੜ੍ਹਾਏ ਵਿਅਕਤੀ ਨੂੰ ਮਸੀਹਾ ਸਮਝਣਾ ਬੇਵਕੂਫ਼ੀ ਸੀ। ਮਸੀਹੀਆਂ ਉੱਤੇ ਉਨ੍ਹਾਂ ਲੋਕਾਂ ਦੀ ਸੋਚ ਦਾ ਪ੍ਰਭਾਵ ਪੈ ਸਕਦਾ ਸੀ ਜਿਸ ਕਰਕੇ ਉਹ ਉਨ੍ਹਾਂ ਦੀਆਂ ਗੱਲਾਂ ਵਿਚ ਆ ਸਕਦੇ ਸਨ। ਪਰ ਉਨ੍ਹਾਂ ਦਾ ਵਿਸ਼ਵਾਸ ਸੀ ਕਿ ਯਿਸੂ ਹੀ ਮਸੀਹਾ ਸੀ ਤੇ ਉਨ੍ਹਾਂ ਨੂੰ ਉਸ ਦੇ ਨਕਸ਼ੇ-ਕਦਮਾਂ ਉੱਤੇ ਚੱਲਣਾ ਚਾਹੀਦਾ ਸੀ ਭਾਵੇਂ ਲੋਕ ਉਨ੍ਹਾਂ ਦਾ ਮਖੌਲ ਕਿਉਂ ਨਾ ਉਡਾਉਣ। ਯਿਸੂ ਨੇ ਕਿਹਾ: “ਜੋ ਕੋਈ ਇਸ ਹਰਾਮਕਾਰ ਅਤੇ ਪਾਪੀ ਪੀਹੜੀ ਦੇ ਲੋਕਾਂ ਵਿੱਚੋਂ ਮੈਥੋਂ ਅਤੇ ਮੇਰਿਆਂ ਬਚਨਾਂ ਤੋਂ ਸ਼ਰਮਾਵੇਗਾ ਮਨੁੱਖ ਦਾ ਪੁੱਤ੍ਰ ਭੀ ਉਸ ਤੋਂ ਸ਼ਰਮਾਵੇਗਾ ਜਿਸ ਵੇਲੇ ਉਹ ਆਪਣੇ ਪਿਤਾ ਦੇ ਤੇਜ ਨਾਲ ਪਵਿੱਤ੍ਰ ਦੂਤਾਂ ਸਣੇ ਆਵੇਗਾ।”—ਮਰ. 8:38.
ਅੱਜ ਸਾਡੇ ਉੱਤੇ ਵੀ ਸ਼ਾਇਦ ਮਸੀਹੀਅਤ ਤਿਆਗ ਦੇਣ ਦਾ ਦਬਾਅ ਆ ਸਕਦਾ ਹੈ। ਇਹ ਦਬਾਅ ਸਹਿਪਾਠੀਆਂ, ਗੁਆਂਢੀਆਂ ਜਾਂ ਸਹਿਕਰਮੀਆਂ ਤੋਂ ਆ ਸਕਦਾ ਹੈ ਜੋ ਸਾਡੇ ਤੋਂ ਅਨੈਤਿਕ ਕੰਮ, ਬੇਈਮਾਨੀ ਅਤੇ ਹੋਰ ਗ਼ਲਤ ਕੰਮ ਕਰਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਸ਼ਾਇਦ ਸਾਨੂੰ ਸ਼ਰਮਿੰਦਾ ਮਹਿਸੂਸ ਕਰਾਉਣ ਕਿਉਂਕਿ ਅਸੀਂ ਸਹੀ ਅਸੂਲਾਂ ʼਤੇ ਚੱਲਦੇ ਹਾਂ। ਸਾਨੂੰ ਕੀ ਕਰਨਾ ਚਾਹੀਦਾ ਹੈ?
ਬੇਇੱਜ਼ਤੀ ਨੂੰ ਤੁੱਛ ਸਮਝਣ ਵਾਲਿਆਂ ਦੀ ਰੀਸ ਕਰੋ
ਯਹੋਵਾਹ ਪ੍ਰਤਿ ਵਫ਼ਾਦਾਰ ਰਹਿਣ ਲਈ ਯਿਸੂ ਸਭ ਤੋਂ ਸ਼ਰਮਨਾਕ ਮੌਤ ਮਰਿਆ। ਉਸ ਨੇ “ਲਾਜ ਨੂੰ ਤੁੱਛ ਜਾਣ ਕੇ ਸਲੀਬ ਦਾ ਦੁਖ ਝੱਲਿਆ।” (ਇਬ. 12:2) ਯਿਸੂ ਦੇ ਦੁਸ਼ਮਣਾਂ ਨੇ ਉਸ ਨੂੰ ਚਪੇੜਾਂ ਮਾਰੀਆਂ, ਉਸ ʼਤੇ ਥੁੱਕਿਆ, ਉਸ ਦੇ ਕੱਪੜੇ ਲਾਹੇ, ਉਸ ਨੂੰ ਕੋਰੜਿਆਂ ਨਾਲ ਕੁੱਟਿਆ, ਸੂਲ਼ੀ ʼਤੇ ਚੜ੍ਹਾਇਆ ਅਤੇ ਗਾਲ਼ਾਂ ਕੱਢੀਆਂ। (ਮਰ. 14:65; 15:29-32) ਉਨ੍ਹਾਂ ਨੇ ਭਾਵੇਂ ਯਿਸੂ ਨੂੰ ਜਿੰਨਾ ਮਰਜ਼ੀ ਸ਼ਰਮਿੰਦਾ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਇਸ ਬੇਇੱਜ਼ਤੀ ਨੂੰ ਤੁੱਛ ਸਮਝਿਆ। ਉਹ ਕਿੱਦਾਂ? ਅਜਿਹਾ ਸਲੂਕ ਸਹਿੰਦਿਆਂ ਉਸ ਨੇ ਹਾਰ ਨਹੀਂ ਮੰਨੀ। ਯਿਸੂ ਜਾਣਦਾ ਸੀ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਉਹ ਬੇਇੱਜ਼ਤ ਨਹੀਂ ਹੋਇਆ ਸੀ ਤੇ ਨਾ ਹੀ ਉਸ ਨੇ ਲੋਕਾਂ ਤੋਂ ਆਪਣੀ ਵਾਹ-ਵਾਹ ਕਰਾਉਣੀ ਚਾਹੀ। ਭਾਵੇਂ ਕਿ ਯਿਸੂ ਇਕ ਗ਼ੁਲਾਮ ਦੀ ਮੌਤ ਮਰਿਆ, ਫਿਰ ਵੀ ਯਹੋਵਾਹ ਨੇ ਉਸ ਨੂੰ ਜੀਉਂਦਾ ਕਰ ਕੇ ਆਪਣੇ ਤੋਂ ਬਾਅਦ ਦੂਜਾ ਸਭ ਤੋਂ ਮਾਣਯੋਗ ਅਹੁਦਾ ਦਿੱਤਾ। ਫ਼ਿਲਿੱਪੀਆਂ 2:8-11 ਵਿਚ ਅਸੀਂ ਪੜ੍ਹਦੇ ਹਾਂ: “[ਯਿਸੂ ਮਸੀਹ ਨੇ] ਮਨੁੱਖ ਦੀ ਸ਼ਕਲ ਵਿੱਚ ਪਰਗਟ ਹੋ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤਾਈਂ ਸਗੋਂ ਸਲੀਬ ਦੀ ਮੌਤ ਤਾਈਂ ਆਗਿਆਕਾਰ ਬਣਿਆ। ਇਸ ਕਾਰਨ ਪਰਮੇਸ਼ੁਰ ਨੇ ਵੀ ਉਸ ਨੂੰ ਅੱਤ ਉੱਚਿਆਂ ਕੀਤਾ ਅਤੇ ਉਸ ਨੂੰ ਉਹ ਨਾਮ ਦਿੱਤਾ ਜਿਹੜਾ ਸਭਨਾਂ ਨਾਮਾਂ ਤੋਂ ਉੱਤਮ ਹੈ। ਭਈ ਯਿਸੂ ਦਾ ਨਾਮ ਲੈ ਕੇ ਅਕਾਸ਼ ਉਤਲਿਆਂ ਅਤੇ ਧਰਤੀ ਉਤਲਿਆਂ ਅਤੇ ਧਰਤੀ ਦੇ ਹੇਠਲਿਆਂ ਵਿੱਚੋਂ ਹਰ ਗੋਡਾ ਨਿਵਾਇਆ ਜਾਵੇ। ਅਤੇ ਹਰ ਜ਼ਬਾਨ ਪਰਮੇਸ਼ੁਰ ਪਿਤਾ ਦੀ ਵਡਿਆਈ ਲਈ ਮੰਨ ਲਵੇ ਜੋ ਯਿਸੂ ਮਸੀਹ ਪ੍ਰਭੁ ਹੈ!”
ਪਰ ਇਸ ਦਾ ਇਹ ਮਤਲਬ ਨਹੀਂ ਕਿ ਯਿਸੂ ਨੂੰ ਨਿਰਾਦਰ ਹੋਣ ਦਾ ਕੋਈ ਫ਼ਿਕਰ ਨਹੀਂ ਸੀ। ਪਰਮੇਸ਼ੁਰ ਦੇ ਪੁੱਤਰ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਉਸ ʼਤੇ ਕੁਫ਼ਰ ਬੋਲਣ ਦਾ ਦੋਸ਼ ਲੱਗਣ ਕਾਰਨ ਉਸ ਦੇ ਪਿਤਾ ਦੀ ਬਦਨਾਮੀ ਹੋ ਸਕਦੀ ਸੀ। ਯਿਸੂ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਉਸ ਉੱਤੇ ਇਹ ਦੋਸ਼ ਨਾ ਲੱਗਣ ਦੇਵੇ। ਉਸ ਨੇ ਕਿਹਾ: “ਇਹ ਪਿਆਲਾ ਮੇਰੇ ਕੋਲੋਂ ਹਟਾ ਦਿਹ।” ਪਰ ਯਿਸੂ ਨੇ ਉਹੀ ਚਾਹਿਆ ਜੋ ਪਰਮੇਸ਼ੁਰ ਦੀ ਮਰਜ਼ੀ ਸੀ। (ਮਰ. 14:36) ਫਿਰ ਵੀ ਯਿਸੂ ਨੇ ਆਪਣੇ ਉੱਤੇ ਆਏ ਦਬਾਵਾਂ ਦਾ ਡਟ ਕੇ ਸਾਮ੍ਹਣਾ ਕੀਤਾ ਅਤੇ ਬੇਇੱਜ਼ਤੀ ਨੂੰ ਤੁੱਛ ਸਮਝਿਆ। ਸਿਰਫ਼ ਉਹੀ ਇਸ ਨੂੰ ਬੇਇੱਜ਼ਤੀ ਸਮਝਦੇ ਸਨ ਜੋ ਉਸ ਜ਼ਮਾਨੇ ਦੀਆਂ ਕਦਰਾਂ-ਕੀਮਤਾਂ ਅਨੁਸਾਰ ਚੱਲਦੇ ਸਨ। ਪਰ ਯਿਸੂ ਇਸ ਨੂੰ ਬੇਇੱਜ਼ਤੀ ਨਹੀਂ ਸਮਝਦਾ ਸੀ।
ਯਿਸੂ ਦੇ ਚੇਲਿਆਂ ਨੂੰ ਵੀ ਗਿਰਫ਼ਤਾਰ ਕਰ ਕੇ ਕੋਰੜਿਆਂ ਨਾਲ ਕੁੱਟਿਆ ਗਿਆ ਸੀ। ਇਹ ਸਲੂਕ ਕਈਆਂ ਦੀਆਂ ਨਜ਼ਰਾਂ ਵਿਚ ਨਿਰਾਦਰ ਸੀ। ਲੋਕੀ ਉਨ੍ਹਾਂ ਨੂੰ ਨੀਚ ਸਮਝ ਕੇ ਉਨ੍ਹਾਂ ਤੋਂ ਘਿਣ ਕਰਦੇ ਸਨ। ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ। ਸੱਚੇ ਚੇਲੇ ਲੋਕਾਂ ਦੀਆਂ ਗੱਲਾਂ ਵਿਚ ਨਹੀਂ ਆਏ ਤੇ ਨਾ ਹੀ ਉਨ੍ਹਾਂ ਨੂੰ ਅਜਿਹੀ ਬੇਇੱਜ਼ਤੀ ਦੀ ਚਿੰਤਾ ਸੀ। (ਮੱਤੀ 10:17; ਰਸੂ. 5:40; 2 ਕੁਰਿੰ. 11:23-25) ਉਹ ਜਾਣਦੇ ਸਨ ਕਿ ਉਨ੍ਹਾਂ ਨੇ ‘ਰੋਜ਼ ਆਪਣੀ ਸਲੀਬ ਚੁੱਕ ਕੇ ਯਿਸੂ ਦੇ ਪਿੱਛੇ ਚੱਲਣਾ ਸੀ।’—ਲੂਕਾ 9:23, 26.
ਅੱਜ ਸਾਡੇ ਬਾਰੇ ਕੀ? ਜਿਨ੍ਹਾਂ ਨੂੰ ਦੁਨੀਆਂ ਮੂਰਖ, ਨਿਰਬਲ ਜਾਂ ਨੀਚ ਸਮਝਦੀ ਹੈ, ਪਰਮੇਸ਼ੁਰ ਉਨ੍ਹਾਂ ਨੂੰ ਬੁੱਧਵਾਨ, ਬਲਵੰਤ ਅਤੇ ਮਾਣਯੋਗ ਸਮਝਦਾ ਹੈ। (1 ਕੁਰਿੰ. 1:25-28) ਤਾਂ ਫਿਰ ਕੀ ਦੁਨੀਆਂ ਦੀਆਂ ਗੱਲਾਂ ਵਿਚ ਆਉਣਾ ਸਾਡੇ ਲਈ ਬੇਵਕੂਫ਼ੀ ਨਹੀਂ ਹੋਵੇਗੀ?
ਜੋ ਦੂਸਰਿਆਂ ਤੋਂ ਇੱਜ਼ਤ ਚਾਹੁੰਦੇ ਹਨ, ਉਨ੍ਹਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਦੁਨੀਆਂ ਉਨ੍ਹਾਂ ਬਾਰੇ ਕੀ ਸੋਚਦੀ ਹੈ। ਦੂਜੇ ਪਾਸੇ, ਅਸੀਂ ਯਿਸੂ ਅਤੇ ਪਹਿਲੀ ਸਦੀ ਦੇ ਚੇਲਿਆਂ ਵਾਂਗ ਯਹੋਵਾਹ ਦੇ ਮਿੱਤਰ ਬਣਨਾ ਚਾਹੁੰਦੇ ਹਾਂ। ਇਸ ਕਰਕੇ ਅਸੀਂ ਵੀ ਉਨ੍ਹਾਂ ਗੱਲਾਂ ਨੂੰ ਆਦਰਯੋਗ ਸਮਝਾਂਗੇ ਜੋ ਉਸ ਦੀਆਂ ਨਜ਼ਰਾਂ ਵਿਚ ਆਦਰਯੋਗ ਹਨ ਅਤੇ ਉਨ੍ਹਾਂ ਗੱਲਾਂ ਨੂੰ ਸ਼ਰਮਨਾਕ ਮੰਨਾਂਗੇ ਜਿਹੜੀਆਂ ਉਸ ਦੀ ਨਜ਼ਰ ਵਿਚ ਸ਼ਰਮਨਾਕ ਹਨ।
[ਸਫ਼ਾ 4 ਉੱਤੇ ਤਸਵੀਰ]
ਅਪਮਾਨ ਸੰਬੰਧੀ ਯਿਸੂ ਨੇ ਦੁਨਿਆਵੀ ਨਜ਼ਰੀਆ ਨਹੀਂ ਅਪਣਾਇਆ