ਕਿਸੇ ਦਾ ਬਾਹਰਲਾ ਰੂਪ ਦੇਖ ਕੇ ਰਾਇ ਕਾਇਮ ਨਾ ਕਰੋ
“ਇਨਸਾਨ ਦਾ ਬਾਹਰਲਾ ਰੂਪ ਦੇਖ ਕੇ ਨਿਆਂ ਕਰਨਾ ਛੱਡ ਦਿਓ, ਸੱਚਾਈ ਨਾਲ ਨਿਆਂ ਕਰੋ।”—ਯੂਹੰ. 7:24.
1. ਯਸਾਯਾਹ ਨੇ ਯਿਸੂ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਸੀ ਅਤੇ ਸਾਨੂੰ ਇਸ ਭਵਿੱਖਬਾਣੀ ਤੋਂ ਹੌਸਲਾ ਕਿਉਂ ਮਿਲਦਾ ਹੈ?
ਯਿਸੂ ਬਾਰੇ ਕੀਤੀ ਯਸਾਯਾਹ ਦੀ ਭਵਿੱਖਬਾਣੀ ਤੋਂ ਸਾਨੂੰ ਹੌਸਲਾ ਤੇ ਉਮੀਦ ਮਿਲਦੀ ਹੈ। ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਯਿਸੂ “ਨਾ ਆਪਣੀਆਂ ਅੱਖਾਂ ਦੇ ਵੇਖਣ ਅਨੁਸਾਰ ਨਿਆਉਂ ਕਰੇਗਾ, ਨਾ ਆਪਣੇ ਕੰਨਾਂ ਦੇ ਸੁਣਨ ਅਨੁਸਾਰ ਫ਼ੈਸਲਾ” ਕਰੇਗਾ। ਉਹ “ਧਰਮ ਨਾਲ ਗਰੀਬਾਂ ਦਾ ਨਿਆਉਂ ਕਰੇਗਾ।” (ਯਸਾ. 11:3, 4) ਇਸ ਤੋਂ ਸਾਨੂੰ ਹੌਸਲਾ ਕਿਉਂ ਮਿਲਦਾ ਹੈ? ਕਿਉਂਕਿ ਅਸੀਂ ਅਜਿਹੀ ਦੁਨੀਆਂ ਵਿਚ ਰਹਿੰਦੇ ਹਾਂ ਜਿੱਥੇ ਹਰ ਪਾਸੇ ਪੱਖਪਾਤ ਕੀਤਾ ਜਾਂਦਾ ਹੈ ਅਤੇ ਲੋਕ ਦੂਸਰਿਆਂ ਦਾ ਬਾਹਰਲਾ ਰੂਪ ਦੇਖ ਕੇ ਉਨ੍ਹਾਂ ਪ੍ਰਤੀ ਰਾਇ ਕਾਇਮ ਕਰ ਲੈਂਦੇ ਹਨ। ਸਾਨੂੰ ਮੁਕੰਮਲ ਨਿਆਂਕਾਰ, ਯਿਸੂ, ਦੀ ਲੋੜ ਹੈ ਜੋ ਸਾਡਾ ਬਾਹਰਲਾ ਰੂਪ ਦੇਖ ਕੇ ਨਿਆਂ ਨਹੀਂ ਕਰੇਗਾ।
2. ਯਿਸੂ ਨੇ ਸਾਨੂੰ ਕਿਹੜਾ ਕੰਮ ਕਰਨ ਦਾ ਹੁਕਮ ਦਿੱਤਾ ਸੀ ਅਤੇ ਅਸੀਂ ਇਸ ਲੇਖ ਕਿਨ੍ਹਾਂ ਗੱਲਾਂ ʼਤੇ ਗੌਰ ਕਰਾਂਗੇ?
2 ਹਰ ਰੋਜ਼ ਅਸੀਂ ਦੂਜਿਆਂ ਬਾਰੇ ਰਾਇ ਕਾਇਮ ਕਰਦੇ ਹਾਂ। ਅਸੀਂ ਯਿਸੂ ਵਾਂਗ ਮੁਕੰਮਲ ਨਹੀਂ ਹਾਂ। ਇਸ ਕਰਕੇ ਦੂਸਰਿਆਂ ਪ੍ਰਤੀ ਸਾਡੀ ਰਾਇ ਵੀ ਹਮੇਸ਼ਾ ਸਹੀ ਨਹੀਂ ਹੁੰਦੀ। ਅਸੀਂ ਜੋ ਵੀ ਦੇਖਦੇ ਹਾਂ, ਉਸ ਦਾ ਅਸਰ ਸਾਡੀ ਸੋਚ ʼਤੇ ਸੌਖਿਆਂ ਹੀ ਪੈ ਜਾਂਦਾ ਹੈ। ਪਰ ਯਿਸੂ ਨੇ ਹੁਕਮ ਦਿੱਤਾ: “ਇਨਸਾਨ ਦਾ ਬਾਹਰਲਾ ਰੂਪ ਦੇਖ ਕੇ ਨਿਆਂ ਕਰਨਾ ਛੱਡ ਦਿਓ, ਸੱਚਾਈ ਨਾਲ ਨਿਆਂ ਕਰੋ।” (ਯੂਹੰ. 7:24) ਯਿਸੂ ਚਾਹੁੰਦਾ ਹੈ ਕਿ ਅਸੀਂ ਉਸ ਵਾਂਗ ਬਣੀਏ ਅਤੇ ਲੋਕਾਂ ਦਾ ਬਾਹਰਲਾ ਰੂਪ ਦੇਖ ਕੇ ਰਾਇ ਕਾਇਮ ਨਾ ਕਰੀਏ। ਇਸ ਲੇਖ ਵਿਚ ਅਸੀਂ ਤਿੰਨ ਗੱਲਾਂ ʼਤੇ ਗੌਰ ਕਰਾਂਗੇ ਜਿਨ੍ਹਾਂ ਕਰਕੇ ਲੋਕ ਦੂਸਰਿਆਂ ਪ੍ਰਤੀ ਰਾਇ ਕਾਇਮ ਕਰਦੇ ਹਨ: ਕਿਸੇ ਦੀ ਜਾਤ ਜਾਂ ਕੌਮ, ਕਿਸੇ ਦੀ ਧਨ-ਦੌਲਤ ਅਤੇ ਕਿਸੇ ਦੀ ਉਮਰ ਕਰਕੇ। ਹਰ ਮਾਮਲੇ ਵਿਚ ਅਸੀਂ ਸਿੱਖਾਂਗੇ ਕਿ ਅਸੀਂ ਯਿਸੂ ਦਾ ਹੁਕਮ ਕਿਵੇਂ ਮੰਨ ਸਕਦੇ ਹਾਂ।
ਜਾਤ ਜਾਂ ਕੌਮ ਕਰਕੇ ਰਾਇ ਕਾਇਮ ਨਾ ਕਰੋ
3, 4. (ੳ) ਰਸੂਲ ਪਤਰਸ ਨੇ ਗ਼ੈਰ-ਯਹੂਦੀਆਂ ਪ੍ਰਤੀ ਆਪਣੀ ਸੋਚ ਕਿਉਂ ਬਦਲੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਯਹੋਵਾਹ ਨੇ ਪਤਰਸ ਨੂੰ ਕਿਹੜੀ ਨਵੀਂ ਸੱਚਾਈ ਸਿਖਾਈ?
3 ਕਲਪਨਾ ਕਰੋ ਕਿ ਪਤਰਸ ਰਸੂਲ ਨੂੰ ਕਿਵੇਂ ਲੱਗਾ ਹੋਣਾ ਜਦੋਂ ਉਸ ਨੂੰ ਕੈਸਰੀਆ ਦੇ ਗ਼ੈਰ-ਯਹੂਦੀ ਕੁਰਨੇਲੀਅਸ ਦੇ ਘਰ ਜਾਣ ਲਈ ਕਿਹਾ ਗਿਆ। (ਰਸੂ. 10:17-29) ਉਸ ਨੇ ਬਚਪਨ ਤੋਂ ਹੀ ਸਿੱਖਿਆ ਸੀ ਕਿ ਗ਼ੈਰ-ਯਹੂਦੀ ਅਸ਼ੁੱਧ ਸਨ। ਪਰ ਹਾਲ ਹੀ ਵਿਚ ਜੋ ਕੁਝ ਵਾਪਰਿਆ, ਉਸ ਕਰਕੇ ਪਤਰਸ ਨੇ ਆਪਣੀ ਸੋਚ ਬਦਲੀ। ਮਿਸਾਲ ਲਈ, ਉਸ ਨੂੰ ਪਰਮੇਸ਼ੁਰ ਨੇ ਦਰਸ਼ਣ ਦਿਖਾਇਆ। (ਰਸੂ. 10:9-16) ਦਰਸ਼ਣ ਵਿਚ ਪਤਰਸ ਨੇ ਆਕਾਸ਼ੋਂ ਇਕ ਚਾਦਰ ਵਰਗੀ ਚੀਜ਼ ਆਉਂਦੀ ਦੇਖੀ ਜਿਸ ਵਿਚ ਸਾਰੇ ਅਸ਼ੁੱਧ ਜਾਨਵਰ ਸਨ। ਫਿਰ ਆਵਾਜ਼ ਆਈ: “ਪਤਰਸ, ਉੱਠ ਕੇ ਇਨ੍ਹਾਂ ਨੂੰ ਵੱਢ ਅਤੇ ਖਾ।” ਪਤਰਸ ਨੇ ਸਾਫ਼-ਸਾਫ਼ ਇਨਕਾਰ ਕੀਤਾ। ਫਿਰ ਉਸ ਆਵਾਜ਼ ਨੇ ਕਿਹਾ: “ਜਿਸ ਚੀਜ਼ ਨੂੰ ਪਰਮੇਸ਼ੁਰ ਨੇ ਸ਼ੁੱਧ ਕੀਤਾ ਹੈ, ਉਸ ਚੀਜ਼ ਨੂੰ ਅਸ਼ੁੱਧ ਕਹਿਣਾ ਛੱਡ ਦੇ।” ਦਰਸ਼ਣ ਤੋਂ ਬਾਅਦ, ਪਤਰਸ ਨੂੰ ਸਮਝ ਨਹੀਂ ਲੱਗੀ ਕਿ ਉਹ ਆਵਾਜ਼ ਉਸ ਨੂੰ ਕੀ ਕਹਿਣ ਦੀ ਕੋਸ਼ਿਸ਼ ਕਰ ਰਹੀ ਸੀ। ਫਿਰ ਕੁਰਨੇਲੀਅਸ ਦੇ ਆਦਮੀ ਸੰਦੇਸ਼ ਲੈ ਕੇ ਉਸ ਕੋਲ ਆਏ। ਪਵਿੱਤਰ ਸ਼ਕਤੀ ਨੇ ਪਤਰਸ ਨੂੰ ਕੁਰਨੇਲੀਅਸ ਦੇ ਘਰ ਜਾਣ ਲਈ ਪ੍ਰੇਰਿਆ। ਇਸ ਲਈ ਪਤਰਸ ਕੁਰਨੇਲੀਅਸ ਦੇ ਆਦਮੀਆਂ ਨਾਲ ਚਲਾ ਗਿਆ।
4 ਜੇ ਪਤਰਸ ਨੇ “ਬਾਹਰਲਾ ਰੂਪ ਦੇਖ ਕੇ” ਰਾਇ ਕਾਇਮ ਕੀਤੀ ਹੁੰਦੀ, ਤਾਂ ਉਹ ਕਦੇ ਵੀ ਕੁਰਨੇਲੀਅਸ ਦੇ ਘਰ ਨਾ ਜਾਂਦਾ। ਯਹੂਦੀ ਕਦੇ ਵੀ ਗ਼ੈਰ-ਯਹੂਦੀਆਂ ਦੇ ਘਰ ਨਹੀਂ ਸੀ ਜਾਂਦੇ। ਤਾਂ ਫਿਰ ਪਤਰਸ ਕਿਉਂ ਗਿਆ? ਚਾਹੇ ਉਹ ਗ਼ੈਰ-ਯਹੂਦੀਆਂ ਨਾਲ ਪੱਖਪਾਤ ਕਰਦਾ ਸੀ, ਪਰ ਦਰਸ਼ਣ ਦੇਖਣ ਕਰਕੇ ਅਤੇ ਪਵਿੱਤਰ ਸ਼ਕਤੀ ਦੀ ਅਗਵਾਈ ਕਰਕੇ ਉਸ ਨੇ ਆਪਣੀ ਸੋਚ ਬਦਲੀ। ਕੁਰਨੇਲੀਅਸ ਦੀ ਗੱਲ ਸੁਣਨ ਤੋਂ ਬਾਅਦ ਪਤਰਸ ਨੇ ਕਿਹਾ: “ਹੁਣ ਮੈਂ ਵਾਕਈ ਸਮਝ ਗਿਆ ਹਾਂ ਕਿ ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਪਰ ਹਰ ਕੌਮ ਵਿਚ ਜਿਹੜਾ ਵੀ ਇਨਸਾਨ ਉਸ ਤੋਂ ਡਰਦਾ ਹੈ ਅਤੇ ਸਹੀ ਕੰਮ ਕਰਦਾ ਹੈ, ਪਰਮੇਸ਼ੁਰ ਉਸ ਨੂੰ ਕਬੂਲ ਕਰਦਾ ਹੈ।” (ਰਸੂ. 10:34, 35) ਇਹ ਨਵੀਂ ਸਮਝ ਪਤਰਸ ਦੇ ਦਿਲ ਨੂੰ ਛੂਹ ਗਈ ਅਤੇ ਇਸ ਸਮਝ ਦਾ ਅਸਰ ਸਾਰੇ ਮਸੀਹੀਆਂ ʼਤੇ ਵੀ ਪੈਣਾ ਸੀ। ਕਿਵੇਂ?
5. (ੳ) ਯਹੋਵਾਹ ਨੇ ਸਾਰੇ ਮਸੀਹੀਆਂ ਦੀ ਕਿਹੜੀ ਗੱਲ ਸਮਝਣ ਵਿਚ ਮਦਦ ਕੀਤੀ? (ਅ) ਸੱਚਾਈ ਜਾਣਦੇ ਹੋਏ ਵੀ ਸ਼ਾਇਦ ਸਾਡੇ ਦਿਲ ਵਿੱਚੋਂ ਕਿਹੋ ਜਿਹੀਆਂ ਭਾਵਨਾਵਾਂ ਖ਼ਤਮ ਨਾ ਹੋਣ?
5 ਪਤਰਸ ਰਾਹੀਂ ਯਹੋਵਾਹ ਨੇ ਸਾਰੇ ਮਸੀਹੀਆਂ ਦੀ ਸਮਝਣ ਵਿਚ ਮਦਦ ਕੀਤੀ ਕਿ ਉਹ ਕਿਸੇ ਨਾਲ ਪੱਖਪਾਤ ਨਹੀਂ ਕਰਦਾ। ਯਹੋਵਾਹ ਲਈ ਸਾਡੀ ਜਾਤ, ਕੌਮ, ਕਬੀਲਾ ਜਾਂ ਭਾਸ਼ਾ ਕੋਈ ਮਾਅਨੇ ਨਹੀਂ ਰੱਖਦੀ। ਜਿੰਨੀ ਦੇਰ ਅਸੀਂ ਪਰਮੇਸ਼ੁਰ ਦਾ ਡਰ ਮੰਨਦੇ ਅਤੇ ਸਹੀ ਕੰਮ ਕਰਦੇ ਰਹਾਂਗੇ, ਉਹ ਸਾਨੂੰ ਕਬੂਲ ਕਰੇਗਾ। (ਗਲਾ. 3:26-28; ਪ੍ਰਕਾ. 7:9, 10) ਬਿਨਾਂ ਸ਼ੱਕ, ਤੁਸੀਂ ਇਹ ਗੱਲ ਜਾਣਦੇ ਹੋ। ਪਰ ਉਦੋਂ ਕੀ ਜੇ ਤੁਹਾਡੀ ਪਰਵਰਿਸ਼ ਉਸ ਦੇਸ਼ ਜਾਂ ਪਰਿਵਾਰ ਵਿਚ ਹੋਈ ਹੋਵੇ ਜਿੱਥੇ ਪੱਖਪਾਤ ਕਰਨਾ ਆਮ ਸੀ? ਚਾਹੇ ਤੁਸੀਂ ਸੋਚਦੇ ਹੋ ਕਿ ਤੁਸੀਂ ਪੱਖਪਾਤ ਨਹੀਂ ਕਰਦੇ, ਪਰ ਕੀ ਇਹ ਮੁਮਕਿਨ ਹੈ ਕਿ ਤੁਹਾਡੇ ਦਿਲ ਵਿਚ ਅਜੇ ਵੀ ਪੱਖਪਾਤ ਦੀਆਂ ਭਾਵਨਾਵਾਂ ਹੋਣ? ਚਾਹੇ ਪਤਰਸ ਨੇ ਦੂਸਰਿਆਂ ਦੀ ਇਹ ਸਮਝਣ ਵਿਚ ਮਦਦ ਕੀਤੀ ਸੀ ਕਿ ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਪਰ ਉਸ ਦੇ ਦਿਲ ਵਿਚ ਅਜੇ ਵੀ ਪੱਖਪਾਤ ਦੀਆਂ ਭਾਵਨਾਵਾਂ ਸਨ। (ਗਲਾ. 2:11-14) ਸੋ ਅਸੀਂ ਯਿਸੂ ਦਾ ਹੁਕਮ ਕਿਵੇਂ ਮੰਨ ਸਕਦੇ ਹਾਂ ਅਤੇ ਦੂਸਰਿਆਂ ਦਾ ਬਾਹਰਲਾ ਰੂਪ ਦੇਖ ਕੇ ਰਾਇ ਕਾਇਮ ਕਰਨੀ ਕਿਵੇਂ ਛੱਡ ਸਕਦੇ ਹਾਂ?
6. (ੳ) ਅਸੀਂ ਆਪਣੇ ਅੰਦਰੋਂ ਪੱਖਪਾਤ ਦੀਆਂ ਭਾਵਨਾਵਾਂ ਕਿਵੇਂ ਕੱਢ ਸਕਦੇ ਹਾਂ? (ਅ) ਇਕ ਜ਼ਿੰਮੇਵਾਰ ਭਰਾ ਵੱਲੋਂ ਬਣਾਈ ਰਿਪੋਰਟ ਤੋਂ ਉਸ ਬਾਰੇ ਕੀ ਪਤਾ ਲੱਗਦਾ ਹੈ?
6 ਪਰਮੇਸ਼ੁਰ ਦੇ ਬਚਨ ਅਨੁਸਾਰ ਸਾਨੂੰ ਆਪਣੇ ਰਵੱਈਏ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਸਾਡੇ ਅੰਦਰ ਪੱਖਪਾਤ ਦੀਆਂ ਭਾਵਨਾਵਾਂ ਤਾਂ ਨਹੀਂ ਹਨ। (ਜ਼ਬੂ. 119:105) ਸਾਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਪੱਖਪਾਤ ਕਰਦੇ ਹਾਂ। ਇਸ ਲਈ ਸਾਨੂੰ ਆਪਣੇ ਕਿਸੇ ਭਰੋਸੇਮੰਦ ਦੋਸਤ ਨੂੰ ਪੁੱਛਣਾ ਚਾਹੀਦਾ ਹੈ ਕਿ ਕਿਤੇ ਅਸੀਂ ਪੱਖਪਾਤ ਤਾਂ ਨਹੀਂ ਕਰਦੇ। (ਗਲਾ. 2:11, 14) ਇਸ ਰਵੱਈਏ ਦਾ ਸ਼ਾਇਦ ਸਾਡੇ ʼਤੇ ਇੰਨਾ ਅਸਰ ਪਿਆ ਹੋਵੇ ਕਿ ਸਾਨੂੰ ਅਹਿਸਾਸ ਹੀ ਨਾ ਹੋਵੇ ਕਿ ਅਸੀਂ ਪੱਖਪਾਤ ਕਰਦੇ ਹਾਂ। ਇਕ ਜ਼ਿੰਮੇਵਾਰ ਭਰਾ ਨਾਲ ਇਸ ਤਰ੍ਹਾਂ ਹੋਇਆ। ਉਸ ਨੇ ਸ਼ਾਖ਼ਾ ਦਫ਼ਤਰ ਨੂੰ ਪੂਰੇ ਸਮੇਂ ਦੀ ਸੇਵਾ ਕਰਨ ਵਾਲੇ ਜੋੜੇ ਦੀ ਰਿਪੋਰਟ ਭੇਜੀ। ਪਤੀ ਅਜਿਹੀ ਜਾਤੀ ਵਿੱਚੋਂ ਸੀ ਜਿਸ ਨੂੰ ਨੀਵਾਂ ਸਮਝਿਆ ਜਾਂਦਾ ਸੀ। ਭਰਾ ਨੇ ਪਤੀ ਬਾਰੇ ਬਹੁਤ ਸਾਰੀਆਂ ਚੰਗੀਆਂ ਗੱਲਾਂ ਦੇ ਨਾਲ-ਨਾਲ ਇਹ ਵੀ ਲਿਖਿਆ: “ਚਾਹੇ ਉਹ [ਇਸ ਜਾਤੀ] ਦਾ ਹੈ, ਪਰ ਉਸ ਦੀਆਂ ਆਦਤਾਂ ਅਤੇ ਉਸ ਦੇ ਜੀਉਣ ਦੇ ਤਰੀਕੇ ਤੋਂ ਦੂਸਰਿਆਂ ਦੀ ਇਹ ਸਮਝਣ ਵਿਚ ਮਦਦ ਹੁੰਦੀ ਹੈ ਕਿ ਜ਼ਰੂਰੀ ਨਹੀਂ ਹੈ ਕਿ [ਇਸ ਜਾਤੀ ਦੇ ਲੋਕ] ਸਾਫ਼-ਸਫ਼ਾਈ ਨਹੀਂ ਰੱਖਦੇ ਤੇ ਘਟੀਆ ਤਰੀਕੇ ਨਾਲ ਜ਼ਿੰਦਗੀ ਜੀਉਂਦੇ ਹਨ ਜਿੱਦਾਂ ਕਿ [ਇਸ ਜਾਤੀ] ਦੇ ਬਹੁਤ ਸਾਰੇ ਲੋਕ ਕਰਦੇ ਹਨ।” ਅਸੀਂ ਇਸ ਤੋਂ ਕਿਹੜਾ ਸਬਕ ਸਿੱਖਦੇ ਹਾਂ? ਚਾਹੇ ਸਾਡੇ ਕੋਲ ਯਹੋਵਾਹ ਦੇ ਸੰਗਠਨ ਵਿਚ ਜਿੰਨੀਆਂ ਮਰਜ਼ੀ ਜ਼ਿੰਮੇਵਾਰੀਆਂ ਹੋਣ, ਪਰ ਸਾਨੂੰ ਆਪਣੀ ਜਾਂਚ ਕਰਨੀ ਅਤੇ ਦੂਜਿਆਂ ਤੋਂ ਮਦਦ ਲੈਣੀ ਚਾਹੀਦੀ ਹੈ ਤਾਂਕਿ ਅਸੀਂ ਦੇਖ ਸਕੀਏ ਕਿ ਕਿਤੇ ਹਾਲੇ ਵੀ ਸਾਡੇ ਅੰਦਰ ਪੱਖਪਾਤ ਦੀਆਂ ਭਾਵਨਾਵਾਂ ਤਾਂ ਨਹੀਂ ਹਨ। ਅਸੀਂ ਹੋਰ ਕੀ ਸਕਦੇ ਹਾਂ?
7. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ‘ਆਪਣੇ ਦਿਲਾਂ ਦੇ ਦਰਵਾਜ਼ੇ ਖੋਲ੍ਹੇ’ ਹਨ?
7 ਜੇ ਅਸੀਂ ‘ਆਪਣੇ ਦਿਲਾਂ ਦੇ ਦਰਵਾਜ਼ੇ ਖੋਲ੍ਹਦੇ’ ਹਾਂ, ਤਾਂ ਅਸੀਂ ਪੱਖਪਾਤ ਕਰਨ ਦੀ ਬਜਾਇ ਪਿਆਰ ਕਰਾਂਗੇ। (2 ਕੁਰਿੰ. 6:11-13) ਕੀ ਤੁਸੀਂ ਸਿਰਫ਼ ਆਪਣੀ ਜਾਤੀ, ਕੌਮ, ਕਬੀਲੇ ਜਾਂ ਭਾਸ਼ਾ ਦੇ ਲੋਕਾਂ ਨਾਲ ਹੀ ਸਮਾਂ ਬਿਤਾਉਂਦੇ ਹੋ? ਜੇ ਇਸ ਤਰ੍ਹਾਂ ਹੈ, ਤਾਂ ਦੂਸਰਿਆਂ ਨਾਲ ਵੀ ਸਮਾਂ ਬਿਤਾਉਣ ਦੀ ਕੋਸ਼ਿਸ਼ ਕਰੋ। ਤੁਸੀਂ ਅਲੱਗ-ਅਲੱਗ ਪਿਛੋਕੜ ਦੇ ਭੈਣਾਂ-ਭਰਾਵਾਂ ਨਾਲ ਪ੍ਰਚਾਰ ਕਰ ਸਕਦੇ ਹੋ। ਜਾਂ ਉਨ੍ਹਾਂ ਨੂੰ ਆਪਣੇ ਘਰ ਖਾਣੇ ʼਤੇ ਜਾਂ ਇਕੱਠਿਆਂ ਸਮਾਂ ਬਿਤਾਉਣ ਲਈ ਬੁਲਾ ਸਕਦੇ ਹੋ। (ਰਸੂ. 16:14, 15) ਸਮੇਂ ਦੇ ਬੀਤਣ ਨਾਲ, ਤੁਹਾਡੇ ਦਿਲ ਵਿਚ ਦੂਸਰਿਆਂ ਲਈ ਇੰਨਾ ਪਿਆਰ ਭਰ ਜਾਵੇਗਾ ਕਿ ਪੱਖਪਾਤ ਲਈ ਕੋਈ ਜਗ੍ਹਾ ਹੀ ਨਹੀਂ ਬਚੇਗੀ। ਆਓ ਆਪਾਂ ਇਕ ਹੋਰ ਗੱਲ ʼਤੇ ਚਰਚਾ ਕਰੀਏ ਜਿਸ ਕਰਕੇ ਅਸੀਂ ਕਿਸੇ ਦਾ “ਬਾਹਰਲਾ ਰੂਪ ਦੇਖ ਕੇ” ਰਾਇ ਕਾਇਮ ਕਰ ਸਕਦੇ ਹਾਂ।
ਅਮੀਰੀ-ਗ਼ਰੀਬੀ ਦੇਖ ਕੇ ਰਾਇ ਕਾਇਮ ਨਾ ਕਰੋ
8. ਲੇਵੀਆਂ 19:15 ਮੁਤਾਬਕ ਕਿਸੇ ਦੀ ਅਮੀਰੀ ਜਾਂ ਗ਼ਰੀਬੀ ਕਰਕੇ ਉਨ੍ਹਾਂ ਪ੍ਰਤੀ ਸਾਡੀ ਰਾਇ ʼਤੇ ਕੀ ਅਸਰ ਪੈ ਸਕਦਾ ਹੈ?
8 ਦੂਜਿਆਂ ਦੀ ਅਮੀਰੀ ਜਾਂ ਗ਼ਰੀਬੀ ਦਾ ਉਨ੍ਹਾਂ ਪ੍ਰਤੀ ਸਾਡੀ ਰਾਇ ʼਤੇ ਅਸਰ ਪੈ ਸਕਦਾ ਹੈ। ਲੇਵੀਆਂ 19:15 (CL) ਕਹਿੰਦਾ ਹੈ: ‘ਤੁਸੀਂ ਨਿਆਂ ਕਰਦੇ ਸਮੇਂ ਅਨਿਆਂ ਨਾ ਕਰਨਾ, ਅਤੇ ਨਾ ਹੀ ਗਰੀਬ ਜਾਂ ਅਮੀਰ ਦਾ ਪੱਖ ਲੈਣਾ। ਸਗੋਂ ਤੁਸੀਂ ਸੱਚ ਦੇ ਆਧਾਰ ਤੇ ਫ਼ੈਸਲਾ ਦੇਣਾ।’
9. ਸੁਲੇਮਾਨ ਨੇ ਕਿਹੜੀ ਕੌੜੀ ਸੱਚਾਈ ਲਿਖੀ ਅਤੇ ਇਸ ਤੋਂ ਅਸੀਂ ਕੀ ਸਿੱਖਦੇ ਹਾਂ?
9 ਦੂਜਿਆਂ ਦੀ ਅਮੀਰੀ ਜਾਂ ਗ਼ਰੀਬੀ ਦਾ ਉਨ੍ਹਾਂ ਪ੍ਰਤੀ ਸਾਡੀ ਰਾਇ ʼਤੇ ਅਸਰ ਕਿਵੇਂ ਪੈ ਸਕਦਾ ਹੈ? ਸੁਲੇਮਾਨ ਨੇ ਪਵਿੱਤਰ ਸ਼ਕਤੀ ਦੀ ਅਗਵਾਈ ਅਧੀਨ ਇਹ ਕੌੜੀ ਸੱਚਾਈ ਲਿਖੀ: “ਕੰਗਾਲ ਆਪਣੇ ਗੁਆਂਢੀ ਲਈ ਵੀ ਘਿਣਾਉਣਾ ਹੈ, ਪਰ ਧੰਨਵਾਨ ਦੇ ਪ੍ਰੇਮੀ ਢੇਰ ਸਾਰੇ ਹੁੰਦੇ ਹਨ।” (ਕਹਾ. 14:20) ਇਸ ਕਹਾਉਤ ਤੋਂ ਅਸੀਂ ਕੀ ਸਿੱਖਦੇ ਹਾਂ? ਜੇ ਅਸੀਂ ਧਿਆਨ ਨਹੀਂ ਰੱਖਦੇ, ਤਾਂ ਅਸੀਂ ਗ਼ਰੀਬ ਭੈਣਾਂ-ਭਰਾਵਾਂ ਨਾਲ ਦੋਸਤੀ ਕਰਨ ਦੀ ਬਜਾਇ ਅਮੀਰਾਂ ਨਾਲ ਦੋਸਤੀ ਕਰਨੀ ਚਾਹਾਂਗੇ। ਦੂਜਿਆਂ ਦੀ ਧਨ-ਦੌਲਤ ਦੇਖ ਕੇ ਉਨ੍ਹਾਂ ਪ੍ਰਤੀ ਰਾਇ ਕਾਇਮ ਕਰਨੀ ਇੰਨੀ ਖ਼ਤਰਨਾਕ ਕਿਉਂ ਹੈ?
10. ਯਾਕੂਬ ਨੇ ਮਸੀਹੀਆਂ ਨੂੰ ਕਿਹੜੀ ਚੇਤਾਵਨੀ ਦਿੱਤੀ?
10 ਜੇ ਅਸੀਂ ਭੈਣਾਂ-ਭਰਾਵਾਂ ਨਾਲ ਉਨ੍ਹਾਂ ਦੀ ਅਮੀਰੀ-ਗ਼ਰੀਬੀ ਦੇਖ ਕੇ ਵਰਤਾਅ ਕਰਦੇ ਹਾਂ, ਤਾਂ ਅਸੀਂ ਮੰਡਲੀ ਵਿਚ ਫੁੱਟ ਪਾ ਸਕਦੇ ਹਾਂ। ਪਹਿਲੀ ਸਦੀ ਦੀਆਂ ਮੰਡਲੀਆਂ ਵਿਚ ਇਸ ਤਰ੍ਹਾਂ ਹੋਇਆ ਜਿਸ ਕਰਕੇ ਯਾਕੂਬ ਨੇ ਮਸੀਹੀਆਂ ਨੂੰ ਇਸ ਬਾਰੇ ਚੇਤਾਵਨੀ ਦਿੱਤੀ। (ਯਾਕੂਬ 2:1-4 ਪੜ੍ਹੋ।) ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਸਾਡੀਆਂ ਮੰਡਲੀਆਂ ʼਤੇ ਇਸ ਸੋਚ ਦਾ ਅਸਰ ਨਾ ਪਵੇ। ਤਾਂ ਫਿਰ ਅਸੀਂ ਲੋਕਾਂ ਦੀ ਧਨ-ਦੌਲਤ ਦੇਖ ਕੇ ਉਨ੍ਹਾਂ ਪ੍ਰਤੀ ਰਾਇ ਕਾਇਮ ਕਰਨ ਤੋਂ ਕਿਵੇਂ ਬਚ ਸਕਦੇ ਹਾਂ?
11. ਕੀ ਕਿਸੇ ਦੀ ਧਨ-ਦੌਲਤ ਪਰਮੇਸ਼ੁਰ ਨਾਲ ਉਸ ਦੇ ਰਿਸ਼ਤੇ ʼਤੇ ਅਸਰ ਪਾ ਸਕਦੀ ਹੈ? ਸਮਝਾਓ।
11 ਸਾਨੂੰ ਭੈਣਾਂ-ਭਰਾਵਾਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਰੱਖਣਾ ਚਾਹੀਦਾ ਹੈ। ਯਹੋਵਾਹ ਕਿਸੇ ਵੀ ਇਨਸਾਨ ਨੂੰ ਇਸ ਕਰਕੇ ਅਨਮੋਲ ਨਹੀਂ ਸਮਝਦਾ ਕਿ ਉਹ ਅਮੀਰ ਹੈ ਜਾਂ ਗ਼ਰੀਬ। ਯਹੋਵਾਹ ਨਾਲ ਸਾਡਾ ਰਿਸ਼ਤਾ ਇਸ ਗੱਲ ʼਤੇ ਨਿਰਭਰ ਨਹੀਂ ਕਰਦਾ ਕਿ ਸਾਡੇ ਕੋਲ ਕਿੰਨੀ ਧਨ-ਦੌਲਤ ਜਾਂ ਚੀਜ਼ਾਂ ਹਨ। ਇਹ ਸੱਚ ਹੈ ਕਿ ਯਿਸੂ ਨੇ ਕਿਹਾ ਸੀ ਕਿ “ਕਿਸੇ ਅਮੀਰ ਆਦਮੀ ਲਈ ਪਰਮੇਸ਼ੁਰ ਦੇ ਰਾਜ ਵਿਚ ਜਾਣਾ ਬਹੁਤ ਔਖਾ ਹੋਵੇਗਾ,” ਪਰ ਉਸ ਨੇ ਇਹ ਨਹੀਂ ਕਿਹਾ ਸੀ ਕਿ ਇਹ ਨਾਮੁਮਕਿਨ ਹੋਵੇਗਾ। (ਮੱਤੀ 19:23) ਯਿਸੂ ਨੇ ਇਹ ਵੀ ਕਿਹਾ: “ਖ਼ੁਸ਼ ਹੋ ਤੁਸੀਂ ਜਿਹੜੇ ਗ਼ਰੀਬ ਹੋ, ਕਿਉਂਕਿ ਪਰਮੇਸ਼ੁਰ ਦਾ ਰਾਜ ਤੁਹਾਡਾ ਹੈ।” (ਲੂਕਾ 6:20) ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਸਾਰੇ ਗ਼ਰੀਬਾਂ ਨੇ ਯਿਸੂ ਦੀ ਗੱਲ ਸੁਣੀ ਅਤੇ ਖ਼ਾਸ ਬਰਕਤਾਂ ਹਾਸਲ ਕੀਤੀਆਂ ਸਨ। ਬਹੁਤ ਸਾਰੇ ਗ਼ਰੀਬ ਲੋਕ ਯਿਸੂ ਦੇ ਪਿੱਛੇ ਨਹੀਂ ਚੱਲੇ। ਸੱਚਾਈ ਤਾਂ ਇਹ ਹੈ ਕਿ ਅਸੀਂ ਕਿਸੇ ਦੀ ਧਨ-ਦੌਲਤ ਦੇਖ ਕੇ ਪਰਮੇਸ਼ੁਰ ਨਾਲ ਉਸ ਦੇ ਰਿਸ਼ਤੇ ਬਾਰੇ ਰਾਇ ਕਾਇਮ ਨਹੀਂ ਕਰ ਸਕਦੇ।
12. ਬਾਈਬਲ ਅਮੀਰਾਂ ਅਤੇ ਗ਼ਰੀਬਾਂ ਨੂੰ ਕੀ ਸਲਾਹ ਦਿੰਦੀ ਹੈ?
12 ਯਹੋਵਾਹ ਦੇ ਲੋਕਾਂ ਵਿਚ ਅਮੀਰ ਭੈਣ-ਭਰਾ ਵੀ ਹਨ ਤੇ ਗ਼ਰੀਬ ਵੀ। ਪਰ ਉਹ ਸਾਰੇ ਯਹੋਵਾਹ ਨੂੰ ਪਿਆਰ ਕਰਦੇ ਅਤੇ ਪੂਰੇ ਦਿਲ ਨਾਲ ਉਸ ਦੀ ਸੇਵਾ ਕਰਦੇ ਹਨ। ਬਾਈਬਲ ਅਮੀਰ ਲੋਕਾਂ ਨੂੰ ਕਹਿੰਦੀ ਹੈ ਕਿ ਉਹ ‘ਧਨ-ਦੌਲਤ ਉੱਤੇ ਉਮੀਦ ਨਾ ਰੱਖਣ ਜਿਸ ਦਾ ਕੋਈ ਭਰੋਸਾ ਨਹੀਂ ਹੈ, ਸਗੋਂ ਪਰਮੇਸ਼ੁਰ ਉੱਤੇ ਉਮੀਦ ਰੱਖਣ।’ (1 ਤਿਮੋਥਿਉਸ 6:17-19 ਪੜ੍ਹੋ।) ਪਰਮੇਸ਼ੁਰ ਦਾ ਬਚਨ ਯਹੋਵਾਹ ਦੇ ਸਾਰੇ ਸੇਵਕਾਂ, ਅਮੀਰਾਂ-ਗ਼ਰੀਬਾਂ, ਨੂੰ ਚੇਤਾਵਨੀ ਦਿੰਦਾ ਹੈ ਕਿ ਪੈਸੇ ਨਾਲ ਪਿਆਰ ਕਰਨਾ ਖ਼ਤਰਨਾਕ ਹੈ। (1 ਤਿਮੋ. 6:9, 10) ਭੈਣਾਂ-ਭਰਾਵਾਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਰੱਖ ਕੇ ਅਸੀਂ ਉਨ੍ਹਾਂ ਦੀ ਧਨ-ਦੌਲਤ ਦੇਖ ਕੇ ਉਨ੍ਹਾਂ ਪ੍ਰਤੀ ਰਾਇ ਕਾਇਮ ਨਹੀਂ ਕਰਾਂਗੇ। ਪਰ ਕਿਸੇ ਦੀ ਉਮਰ ਬਾਰੇ ਕੀ? ਕੀ ਇਸ ਆਧਾਰ ʼਤੇ ਦੂਜਿਆਂ ਪ੍ਰਤੀ ਰਾਇ ਕਾਇਮ ਕਰਨੀ ਸਹੀ ਹੈ?
ਕਿਸੇ ਦੀ ਉਮਰ ਦੇਖ ਕੇ ਰਾਇ ਕਾਇਮ ਨਾ ਕਰੋ
13. ਬਾਈਬਲ ਸਿਆਣੀ ਉਮਰ ਦੇ ਲੋਕਾਂ ਨੂੰ ਆਦਰ ਦਿਖਾਉਣ ਬਾਰੇ ਕੀ ਸਿਖਾਉਂਦੀ ਹੈ?
13 ਬਾਈਬਲ ਵਿਚ ਵਾਰ-ਵਾਰ ਸਲਾਹ ਦਿੱਤੀ ਗਈ ਹੈ ਕਿ ਸਾਨੂੰ ਸਿਆਣੀ ਉਮਰ ਦੇ ਲੋਕਾਂ ਦਾ ਆਦਰ ਕਰਨਾ ਚਾਹੀਦਾ ਹੈ। ਲੇਵੀਆਂ 19:32 ਵਿਚ ਲਿਖਿਆ ਹੈ: “ਤੈਂ ਧਉਲੇ ਸਿਰ ਦੇ ਅੱਗੇ ਉੱਠਣਾ, ਬੁੱਢੇ ਦੇ ਮੂੰਹ ਦਾ ਆਦਰ ਕਰਨਾ ਅਤੇ ਆਪਣੇ ਪਰਮੇਸ਼ੁਰ ਤੋਂ ਡਰਨਾ।” ਕਹਾਉਤਾਂ 16:31 ਵਿਚ ਦੱਸਿਆ ਹੈ ਕਿ “ਧੌਲਾ ਸਿਰ ਸਜਾਵਟ ਦਾ ਮੁਕਟ ਹੈ, ਉਹ ਧਰਮ ਦੇ ਮਾਰਗ ਤੋਂ ਪ੍ਰਾਪਤ ਹੁੰਦਾ ਹੈ।” ਪੌਲੁਸ ਨੇ ਤਿਮੋਥਿਉਸ ਨੂੰ ਕਿਹਾ ਕਿ ਉਹ ਸਿਆਣੀ ਉਮਰ ਦੇ ਭਰਾਵਾਂ ਨੂੰ ਝਿੜਕੇ ਨਾ, ਸਗੋਂ ਪਿਤਾ ਸਮਝ ਕੇ ਉਨ੍ਹਾਂ ਨਾਲ ਪੇਸ਼ ਆਵੇ। (1 ਤਿਮੋ. 5:1, 2) ਚਾਹੇ ਤਿਮੋਥਿਉਸ ਕੋਲ ਸਿਆਣੀ ਉਮਰ ਦੇ ਭਰਾਵਾਂ ʼਤੇ ਕੁਝ ਅਧਿਕਾਰ ਸੀ, ਪਰ ਫਿਰ ਵੀ ਉਸ ਨੂੰ ਹਮੇਸ਼ਾ ਉਨ੍ਹਾਂ ਨੂੰ ਹਮਦਰਦੀ ਤੇ ਆਦਰ ਦਿਖਾਉਣ ਦੀ ਲੋੜ ਸੀ।
14. ਸਾਨੂੰ ਸ਼ਾਇਦ ਕਦੋਂ ਸਿਆਣੀ ਉਮਰ ਦੇ ਵਿਅਕਤੀ ਨੂੰ ਸੁਧਾਰਨ ਦੀ ਲੋੜ ਪਵੇ?
14 ਉਦੋਂ ਕੀ ਜਦੋਂ ਕੋਈ ਸਿਆਣੀ ਉਮਰ ਦਾ ਭੈਣ-ਭਰਾ ਜਾਣ-ਬੁੱਝ ਕੇ ਗ਼ਲਤੀ ਕਰਦਾ ਹੈ ਜਾਂ ਅਜਿਹਾ ਕੁਝ ਕਰਨ ਲਈ ਕਹਿੰਦਾ ਹੈ ਜਿਸ ਤੋਂ ਯਹੋਵਾਹ ਨੂੰ ਖ਼ੁਸ਼ੀ ਨਹੀਂ ਹੁੰਦੀ? ਯਹੋਵਾਹ ਜਾਣ-ਬੁੱਝ ਕੇ ਗ਼ਲਤੀ ਕਰਨ ਵਾਲੇ ਵਿਅਕਤੀ ਦੀ ਗ਼ਲਤੀ ਨੂੰ ਨਜ਼ਰਅੰਦਾਜ਼ ਨਹੀਂ ਕਰੇਗਾ, ਚਾਹੇ ਉਹ ਸਿਆਣੀ ਉਮਰ ਦਾ ਹੀ ਕਿਉਂ ਨਾ ਹੋਵੇ। ਯਸਾਯਾਹ 65:20 ਵਿਚ ਦਿੱਤੇ ਅਸੂਲ ʼਤੇ ਗੌਰ ਕਰੋ: “ਸੌ ਵਰਹੇ ਦਾ ਪਾਪੀ ਸਰਾਪੀ ਹੋਵੇਗਾ।” ਇਹੀ ਅਸੂਲ ਅਸੀਂ ਹਿਜ਼ਕੀਏਲ ਦੇ ਦਰਸ਼ਣ ਵਿਚ ਵੀ ਦੇਖ ਸਕਦੇ ਹਾਂ। (ਹਿਜ਼. 9:5-7) ਇਸ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਅੱਤ ਪ੍ਰਾਚੀਨ ਯਹੋਵਾਹ ਦਾ ਆਦਰ ਕਰੀਏ। (ਦਾਨੀ. 7:9, 10, 13, 14) ਯਹੋਵਾਹ ਨੂੰ ਆਦਰ ਦੇਣ ਕਰਕੇ ਸਾਨੂੰ ਦਲੇਰੀ ਮਿਲੇਗੀ ਕਿ ਅਸੀਂ ਲੋੜ ਪੈਣ ʼਤੇ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਸੁਧਾਰ ਸਕਾਂਗੇ।—ਗਲਾ. 6:1.
15. ਨੌਜਵਾਨ ਭਰਾਵਾਂ ਨੂੰ ਆਦਰ ਦੇਣ ਬਾਰੇ ਅਸੀਂ ਪੌਲੁਸ ਰਸੂਲ ਤੋਂ ਕੀ ਸਿੱਖਦੇ ਹਾਂ?
15 ਨੌਜਵਾਨ ਭਰਾਵਾਂ ਬਾਰੇ ਕੀ? ਤੁਸੀਂ ਉਨ੍ਹਾਂ ਪ੍ਰਤੀ ਕਿਹੋ ਜਿਹਾ ਨਜ਼ਰੀਆ ਰੱਖਦੇ ਹੋ? ਪੌਲੁਸ ਨੇ ਤਿਮੋਥਿਉਸ ਨੂੰ ਲਿਖਿਆ: “ਕੋਈ ਵੀ ਤੈਨੂੰ ਨੌਜਵਾਨ ਹੋਣ ਕਰਕੇ ਐਵੇਂ ਨਾ ਸਮਝੇ। ਇਸ ਦੀ ਬਜਾਇ, ਵਫ਼ਾਦਾਰ ਸੇਵਕਾਂ ਲਈ ਆਪਣੀ ਬੋਲੀ ਵਿਚ, ਚਾਲ-ਚਲਣ ਵਿਚ, ਪਿਆਰ ਵਿਚ, ਨਿਹਚਾ ਵਿਚ ਅਤੇ ਸ਼ੁੱਧ ਰਹਿਣ ਵਿਚ ਚੰਗੀ ਮਿਸਾਲ ਕਾਇਮ ਕਰ।” (1 ਤਿਮੋ. 4:12) ਜਦੋਂ ਪੌਲੁਸ ਨੇ ਇਹ ਗੱਲ ਲਿਖੀ, ਉਦੋਂ ਤਿਮੋਥਿਉਸ ਲਗਭਗ 30 ਸਾਲਾਂ ਦਾ ਸੀ, ਪਰ ਫਿਰ ਵੀ ਪੌਲੁਸ ਨੇ ਤਿਮੋਥਿਉਸ ਨੂੰ ਬਹੁਤ ਖ਼ਾਸ ਜ਼ਿੰਮੇਵਾਰੀਆਂ ਦਿੱਤੀਆਂ। ਇਸ ਤੋਂ ਅਸੀਂ ਕਿਹੜਾ ਸਬਕ ਸਿੱਖਦੇ ਹਾਂ? ਸਾਨੂੰ ਨੌਜਵਾਨ ਭਰਾਵਾਂ ਦੀ ਉਮਰ ਦੇਖ ਕੇ ਉਨ੍ਹਾਂ ਪ੍ਰਤੀ ਰਾਇ ਕਾਇਮ ਨਹੀਂ ਕਰਨੀ ਚਾਹੀਦੀ। ਸੋਚੋ ਕਿ ਸਿਰਫ਼ 33 ਸਾਲਾਂ ਦੀ ਉਮਰ ਵਿਚ ਯਿਸੂ ਨੇ ਕੀ ਕੁਝ ਕੀਤਾ ਸੀ।
16, 17. (ੳ) ਮੰਡਲੀ ਦੇ ਬਜ਼ੁਰਗ ਕਿਵੇਂ ਤੈਅ ਕਰਦੇ ਹਨ ਕਿ ਕੋਈ ਭਰਾ ਸਹਾਇਕ ਸੇਵਕ ਜਾਂ ਬਜ਼ੁਰਗ ਬਣਨ ਦੇ ਕਾਬਲ ਹੈ ਜਾਂ ਨਹੀਂ? (ਅ) ਅਸੀਂ ਆਪਣੇ ਵਿਚਾਰਾਂ ਜਾਂ ਸਭਿਆਚਾਰ ਕਰਕੇ ਬਾਈਬਲ ਤੋਂ ਉਲਟ ਕਿਵੇਂ ਜਾ ਸਕਦੇ ਹਾਂ?
16 ਕੁਝ ਸਭਿਆਚਾਰਾਂ ਵਿਚ ਲੋਕ ਨੌਜਵਾਨ ਆਦਮੀਆਂ ਦਾ ਆਦਰ ਨਹੀਂ ਕਰਦੇ। ਨਤੀਜੇ ਵਜੋਂ, ਮੰਡਲੀ ਦੇ ਕੁਝ ਬਜ਼ੁਰਗ ਸ਼ਾਇਦ ਨੌਜਵਾਨਾਂ ਨੂੰ ਸਹਾਇਕ ਸੇਵਕ ਜਾਂ ਬਜ਼ੁਰਗ ਬਣਾਉਣ ਦੀ ਸਿਫ਼ਾਰਸ਼ ਨਾ ਕਰਨ, ਚਾਹੇ ਨੌਜਵਾਨ ਇਸ ਦੇ ਕਾਬਲ ਹੀ ਕਿਉਂ ਨਾ ਹੋਣ। ਪਰ ਸਹਾਇਕ ਸੇਵਕ ਜਾਂ ਬਜ਼ੁਰਗ ਵਜੋਂ ਸੇਵਾ ਕਰਨ ਲਈ ਬਾਈਬਲ ਵਿਚ ਕੋਈ ਖ਼ਾਸ ਉਮਰ ਨਹੀਂ ਦੱਸੀ ਗਈ। (1 ਤਿਮੋ. 3:1-10, 12, 13; ਤੀਤੁ. 1:5-9) ਜੇ ਕੋਈ ਬਜ਼ੁਰਗ ਆਪਣੇ ਸਭਿਆਚਾਰ ਮੁਤਾਬਕ ਇਸ ਬਾਰੇ ਕੋਈ ਨਿਯਮ ਬਣਾਉਂਦਾ ਹੈ, ਤਾਂ ਉਹ ਪਰਮੇਸ਼ੁਰ ਦੇ ਬਚਨ ਦੇ ਅਨੁਸਾਰ ਨਹੀਂ ਚੱਲਦਾ। ਬਜ਼ੁਰਗਾਂ ਨੂੰ ਆਪਣੀ ਰਾਇ ਮੁਤਾਬਕ ਜਾਂ ਸਥਾਨਕ ਸਭਿਆਚਾਰ ਮੁਤਾਬਕ ਨੌਜਵਾਨਾਂ ਪ੍ਰਤੀ ਰਾਇ ਕਾਇਮ ਕਰਨ ਦੀ ਬਜਾਇ ਪਰਮੇਸ਼ੁਰ ਦੇ ਬਚਨ ਵਿਚ ਦਿੱਤੇ ਮਿਆਰਾਂ ਮੁਤਾਬਕ ਚੱਲਣਾ ਚਾਹੀਦਾ ਹੈ।—2 ਤਿਮੋ. 3:16, 17.
17 ਜੇ ਬਜ਼ੁਰਗ ਬਾਈਬਲ ਵਿਚ ਦਿੱਤੇ ਸਹਾਇਕ ਸੇਵਕਾਂ ਜਾਂ ਬਜ਼ੁਰਗਾਂ ਨੂੰ ਨਿਯੁਕਤ ਕਰਨ ਦੇ ਮਿਆਰਾਂ ਮੁਤਾਬਕ ਨਹੀਂ ਚੱਲਦੇ, ਤਾਂ ਉਹ ਕਾਬਲ ਭਰਾਵਾਂ ਨੂੰ ਤਰੱਕੀ ਕਰਨ ਤੋਂ ਰੋਕ ਰਹੇ ਹੋਣਗੇ। ਇਕ ਦੇਸ਼ ਵਿਚ ਇਕ ਸਹਾਇਕ ਸੇਵਕ ਨੇ ਆਪਣੀਆਂ ਜ਼ਿੰਮੇਵਾਰੀਆਂ ਬਹੁਤ ਚੰਗੀ ਤਰ੍ਹਾਂ ਪੂਰੀਆਂ ਕੀਤੀਆਂ। ਇਸ ਕਰਕੇ ਬਜ਼ੁਰਗ ਇਸ ਗੱਲ ਨਾਲ ਸਹਿਮਤ ਸਨ ਕਿ ਉਹ ਬਾਈਬਲ ਵਿਚ ਬਜ਼ੁਰਗ ਲਈ ਦਿੱਤੀਆਂ ਮੰਗਾਂ ਪੂਰੀਆਂ ਕਰਦਾ ਸੀ। ਪਰ ਕੁਝ ਸਿਆਣੀ ਉਮਰ ਦੇ ਬਜ਼ੁਰਗਾਂ ਨੇ ਕਿਹਾ ਕਿ ਬਜ਼ੁਰਗ ਵਜੋਂ ਸੇਵਾ ਕਰਨ ਲਈ ਉਸ ਭਰਾ ਦੀ ਉਮਰ ਬਹੁਤ ਛੋਟੀ ਹੈ ਜਿਸ ਕਰਕੇ ਉਨ੍ਹਾਂ ਨੇ ਭਰਾ ਨੂੰ ਬਜ਼ੁਰਗ ਬਣਾਉਣ ਦੀ ਸਿਫਾਰਸ਼ ਨਹੀਂ ਕੀਤੀ। ਦੁੱਖ ਦੀ ਗੱਲ ਹੈ ਕਿ ਉਸ ਭਰਾ ਨੂੰ ਸਿਰਫ਼ ਇਸ ਕਰਕੇ ਬਜ਼ੁਰਗ ਨਿਯੁਕਤ ਨਹੀਂ ਕੀਤਾ ਗਿਆ ਕਿਉਂਕਿ ਉਸ ਦੀ ਉਮਰ ਛੋਟੀ ਸੀ। ਲੱਗਦਾ ਹੈ ਕਿ ਦੁਨੀਆਂ ਦੇ ਬਹੁਤ ਸਾਰੇ ਹਿੱਸਿਆਂ ਵਿਚ ਇਸ ਤਰ੍ਹਾਂ ਦੀ ਸੋਚ ਆਮ ਹੈ। ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਸੋਚ ਜਾਂ ਵਿਚਾਰਾਂ ਦੀ ਬਜਾਇ ਬਾਈਬਲ ʼਤੇ ਭਰੋਸਾ ਰੱਖੀਏ। ਫਿਰ ਅਸੀਂ ਯਿਸੂ ਦਾ ਹੁਕਮ ਮੰਨਾਂਗੇ ਅਤੇ ਦੂਜਿਆਂ ਦਾ ਬਾਹਰਲਾ ਰੂਪ ਦੇਖ ਕੇ ਰਾਇ ਕਾਇਮ ਕਰਨੀ ਛੱਡ ਦੇਵਾਂਗੇ।
ਸੱਚਾਈ ਨਾਲ ਨਿਆਂ ਕਰੋ
18, 19. ਭੈਣਾਂ-ਭਰਾਵਾਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਰੱਖਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?
18 ਚਾਹੇ ਅਸੀਂ ਨਾਮੁਕੰਮਲ ਹਾਂ, ਪਰ ਫਿਰ ਵੀ ਅਸੀਂ ਯਹੋਵਾਹ ਵਾਂਗ ਨਿਰਪੱਖ ਰਹਿਣਾ ਸਿੱਖ ਸਕਦੇ ਹਾਂ। (ਰਸੂ. 10:34, 35) ਇਸ ਲਈ ਸਾਨੂੰ ਹਮੇਸ਼ਾ ਪਰਮੇਸ਼ੁਰ ਦੇ ਬਚਨ ਵਿਚ ਦਿੱਤੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਜਦੋਂ ਅਸੀਂ ਇਨ੍ਹਾਂ ਮੁਤਾਬਕ ਚੱਲਦੇ ਹਾਂ, ਤਾਂ ਅਸੀਂ ਯਿਸੂ ਦੇ ਹੁਕਮ ਨੂੰ ਮੰਨਦੇ ਹਾਂ ਕਿ “ਇਨਸਾਨ ਦਾ ਬਾਹਰਲਾ ਰੂਪ ਦੇਖ ਕੇ ਨਿਆਂ ਕਰਨਾ ਛੱਡ ਦਿਓ।”—ਯੂਹੰ. 7:24.
19 ਜਲਦੀ ਹੀ ਸਾਡਾ ਰਾਜਾ, ਯਿਸੂ ਮਸੀਹ, ਸਾਰੇ ਲੋਕਾਂ ਦਾ ਨਿਆਂ ਕਰੇਗਾ। ਉਹ ਦੇਖਣ ਜਾਂ ਸੁਣਨ ਦੇ ਮੁਤਾਬਕ ਨਹੀਂ, ਸਗੋਂ ਪਰਮੇਸ਼ੁਰ ਦੇ ਧਰਮੀ ਮਿਆਰਾਂ ਮੁਤਾਬਕ ਸਾਰਿਆਂ ਦਾ ਨਿਆਂ ਕਰੇਗਾ। (ਯਸਾ. 11:3, 4) ਸੱਚ-ਮੁੱਚ ਅਸੀਂ ਇਸ ਸ਼ਾਨਦਾਰ ਸਮੇਂ ਨੂੰ ਦੇਖਣ ਲਈ ਬਹੁਤ ਹੀ ਬੇਤਾਬ ਹਾਂ!