“ਪਰਾਇਆਂ ਦੀ ਅਵਾਜ਼” ਤੋਂ ਸਾਵਧਾਨ ਰਹੋ
“ਓਹ ਪਰਾਏ ਦੇ ਮਗਰ ਕਦੇ ਨਾ ਜਾਣਗੀਆਂ ਸਗੋਂ ਉਸ ਤੋਂ ਨੱਸ ਜਾਣਗੀਆਂ ਕਿਉਂਕਿ ਪਰਾਇਆਂ ਦੀ ਅਵਾਜ਼ ਨਹੀਂ ਪਛਾਣਦੀਆਂ।”—ਯੂਹੰਨਾ 10:5.
1, 2. (ੳ) ਜਦ ਯਿਸੂ ਨੇ ਮਰਿਯਮ ਦਾ ਨਾਂ ਲਿਆ ਸੀ, ਤਾਂ ਮਰਿਯਮ ਨੇ ਕੀ ਕੀਤਾ ਸੀ ਅਤੇ ਇਸ ਘਟਨਾ ਤੋਂ ਸਾਨੂੰ ਕੀ ਯਾਦ ਆਉਂਦਾ ਹੈ? (ਅ) ਅਸੀਂ ਯਿਸੂ ਦੇ ਮਗਰ ਕਿਵੇਂ ਚੱਲ ਸਕਦੇ ਹਾਂ?
ਕਲਪਨਾ ਕਰੋ: ਯਿਸੂ ਮੁਰਦਿਆਂ ਵਿੱਚੋਂ ਜੀ ਉਠਾਇਆ ਗਿਆ ਹੈ। ਉਸ ਦੀ ਖਾਲੀ ਕਬਰ ਦੇ ਨੇੜੇ ਇਕ ਔਰਤ ਖੜ੍ਹੀ ਹੈ। ਉਹ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਕਿਉਂਕਿ ਉਹ ਔਰਤ ਉਸ ਦੀ ਅਤੇ ਉਸ ਦੇ ਰਸੂਲਾਂ ਦੀ ਸੇਵਾ ਕਰਦੀ ਹੁੰਦੀ ਸੀ। ਇਹ ਮਰਿਯਮ ਮਗਦਲੀਨੀ ਹੈ। ਲਗਭਗ ਦੋ ਸਾਲ ਪਹਿਲਾਂ ਯਿਸੂ ਨੇ ਉਸ ਵਿੱਚੋਂ ਭੂਤ ਕੱਢੇ ਸਨ। (ਲੂਕਾ 8:1-3) ਪਰ ਇਸ ਵਕਤ ਮਰਿਯਮ ਰੋ ਰਹੀ ਹੈ। ਉਹ ਬਹੁਤ ਉਦਾਸ ਹੈ ਕਿਉਂਕਿ ਉਸ ਨੇ ਯਿਸੂ ਨੂੰ ਮਰਦੇ ਹੋਏ ਦੇਖਿਆ ਅਤੇ ਹੁਣ ਉਸ ਨੂੰ ਪਤਾ ਨਹੀਂ ਕਿ ਉਸ ਦੀ ਲਾਸ਼ ਕਿੱਥੇ ਹੈ। ਸੋ ਯਿਸੂ ਨੇ ਉਸ ਨੂੰ ਪੁੱਛਿਆ: “ਹੇ ਬੀਬੀ, ਤੂੰ ਕਿਉਂ ਰੋਂਦੀ ਹੈਂ? ਕਿਹ ਨੂੰ ਭਾਲਦੀ ਹੈਂ?” ਯਿਸੂ ਨੂੰ ਮਾਲੀ ਸਮਝ ਕੇ ਮਰਿਯਮ ਨੇ ਜਵਾਬ ਦਿੱਤਾ: “ਮਹਾਰਾਜ ਜੇ ਉਹ ਨੂੰ ਤੂੰ ਲੈ ਗਿਆ ਹੈਂ ਤਾਂ ਮੈਨੂੰ ਦੱਸ ਭਈ ਤੈਂ ਉਹ ਨੂੰ ਕਿੱਥੇ ਰੱਖਿਆ ਹੈ ਅਤੇ ਮੈਂ ਉਹ ਨੂੰ ਲੈ ਜਾਵਾਂਗੀ।” ਫਿਰ ਯਿਸੂ ਨੇ ਕਿਹਾ: “ਹੇ ਮਰਿਯਮ!” ਮਰਿਯਮ ਨੇ ਇਕਦਮ ਉਸ ਦੀ ਆਵਾਜ਼ ਪਛਾਣ ਲਈ। ਉਸ ਨੇ ਖ਼ੁਸ਼ੀ ਨਾਲ ਪੁਕਾਰਿਆ: “ਹੇ ਗੁਰੂ!” ਅਤੇ ਫਿਰ ਉਸ ਨੂੰ ਘੁੱਟ ਕੇ ਫੜ ਲਿਆ।—ਯੂਹੰਨਾ 20:11-18.
2 ਇਸ ਘਟਨਾ ਤੋਂ ਸਾਨੂੰ ਯਿਸੂ ਦਾ ਇਕ ਦ੍ਰਿਸ਼ਟਾਂਤ ਯਾਦ ਆਉਂਦਾ ਹੈ ਜਿਸ ਵਿਚ ਉਸ ਨੇ ਆਪਣੀ ਤੁਲਨਾ ਇਕ ਅਯਾਲੀ ਨਾਲ ਕੀਤੀ ਸੀ ਅਤੇ ਆਪਣੇ ਚੇਲਿਆਂ ਦੀ ਤੁਲਨਾ ਭੇਡਾਂ ਨਾਲ ਕੀਤੀ ਸੀ। ਉਸ ਨੇ ਕਿਹਾ ਕਿ ਚਰਵਾਹਾ ਆਪਣੀਆਂ ਭੇਡਾਂ ਨੂੰ ਨਾਂ ਲੈ ਕੇ ਬੁਲਾਉਂਦਾ ਹੈ ਅਤੇ ਉਹ ਉਸ ਦੀ ਆਵਾਜ਼ ਪਛਾਣਦੀਆਂ ਹਨ। (ਯੂਹੰਨਾ 10:3, 4, 14, 27, 28) ਜਿਸ ਤਰ੍ਹਾਂ ਇਕ ਭੇਡ ਆਪਣੇ ਅਯਾਲੀ ਨੂੰ ਪਛਾਣ ਲੈਂਦੀ ਹੈ, ਇਸੇ ਤਰ੍ਹਾਂ ਮਰਿਯਮ ਨੇ ਆਪਣੇ ਅਯਾਲੀ ਯਿਸੂ ਨੂੰ ਪਛਾਣ ਲਿਆ ਸੀ। ਅੱਜ ਵੀ ਯਿਸੂ ਦੇ ਚੇਲੇ ਉਸ ਦੀ ਆਵਾਜ਼ ਪਛਾਣਦੇ ਹਨ। (ਯੂਹੰਨਾ 10:16) ਜਿਸ ਤਰ੍ਹਾਂ ਇਕ ਭੇਡ ਆਪਣੇ ਚਰਵਾਹੇ ਦੀ ਆਵਾਜ਼ ਸੁਣ ਕੇ ਉਸ ਦੇ ਮਗਰ-ਮਗਰ ਤੁਰਦੀ ਹੈ, ਉਸੇ ਤਰ੍ਹਾਂ ਅਸੀਂ ਵੀ ਆਪਣੇ ਅੱਛੇ ਅਯਾਲੀ ਯਿਸੂ ਮਸੀਹ ਦੀ ਆਵਾਜ਼ ਸੁਣ ਕੇ ਉਸ ਦੇ ਮਗਰ ਚੱਲਦੇ ਹਾਂ।—ਯੂਹੰਨਾ 13:15; 1 ਯੂਹੰਨਾ 2:6; 5:20.
3. ਯਿਸੂ ਦੇ ਦ੍ਰਿਸ਼ਟਾਂਤ ਦੇ ਸੰਬੰਧ ਵਿਚ ਕਿਹੜੇ ਸਵਾਲ ਖੜ੍ਹੇ ਹੁੰਦੇ ਹਨ?
3 ਇਸ ਦ੍ਰਿਸ਼ਟਾਂਤ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਭੇਡ ਸਿਰਫ਼ ਆਪਣੇ ਚਰਵਾਹੇ ਦੀ ਆਵਾਜ਼ ਨਹੀਂ ਪਛਾਣਦੀ, ਸਗੋਂ ਪਰਾਏ ਜਾਂ ਵਿਰੋਧੀ ਵਿਅਕਤੀ ਦੀ ਆਵਾਜ਼ ਵੀ ਪਛਾਣਦੀ ਹੈ। ਯਿਸੂ ਦੀਆਂ ਭੇਡਾਂ ਹੋਣ ਕਰਕੇ ਸਾਡੇ ਲਈ ਵੀ ਵਿਰੋਧੀਆਂ ਦੀ ਆਵਾਜ਼ ਪਛਾਣਨੀ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਬਹੁਤ ਸਾਰੇ ਵਿਰੋਧੀ ਹਨ। ਉਹ ਕੌਣ ਹਨ? ਉਹ ਕੀ ਕਰਦੇ ਹਨ? ਅਸੀਂ ਉਨ੍ਹਾਂ ਤੋਂ ਆਪਣਾ ਬਚਾਅ ਕਿਵੇਂ ਕਰ ਸਕਦੇ ਹਾਂ? ਇਹ ਸਭ ਕੁਝ ਪਤਾ ਕਰਨ ਲਈ ਆਓ ਆਪਾਂ ਦੇਖੀਏ ਕਿ ਯਿਸੂ ਨੇ ਭੇਡਾਂ ਦੇ ਵਾੜੇ ਦੇ ਦ੍ਰਿਸ਼ਟਾਂਤ ਵਿਚ ਹੋਰ ਕੀ-ਕੀ ਕਿਹਾ ਸੀ।
ਜਿਹੜਾ “ਬੂਹੇ ਥਾਣੀਂ ਨਹੀਂ ਵੜਦਾ”
4. ਇਸ ਦ੍ਰਿਸ਼ਟਾਂਤ ਵਿਚ ਭੇਡਾਂ ਕਿਹ ਦੇ ਮਗਰ ਤੁਰਦੀਆਂ ਹਨ ਅਤੇ ਕਿਹ ਦੇ ਮਗਰ ਨਹੀਂ ਜਾਂਦੀਆਂ?
4 ਯਿਸੂ ਨੇ ਕਿਹਾ: “ਜਿਹੜਾ ਬੂਹੇ ਥਾਣੀਂ ਵੜਦਾ ਹੈ ਉਹ ਭੇਡਾਂ ਦਾ ਅਯਾਲੀ ਹੈ। ਉਹ ਦੇ ਲਈ ਦਰਬਾਨ ਖੋਲ੍ਹ ਦਿੰਦਾ ਹੈ ਅਤੇ ਭੇਡਾਂ ਉਹ ਦਾ ਬੋਲ ਸੁਣਦੀਆਂ ਹਨ ਅਤੇ ਉਹ ਆਪਣੀਆਂ ਭੇਡਾਂ ਨੂੰ ਨਾਉਂ ਲੈ ਲੈ ਕੇ ਬੁਲਾਉਂਦਾ ਹੈ ਅਰ ਉਨ੍ਹਾਂ ਨੂੰ ਬਾਹਰ ਲੈ ਜਾਂਦਾ ਹੈ। ਜਦ ਉਹ ਆਪਣੀਆਂ ਸਾਰੀਆਂ ਭੇਡਾਂ ਨੂੰ ਕੱਢ ਚੁੱਕਦਾ ਹੈ ਤਾਂ ਉਨ੍ਹਾਂ ਦੇ ਅੱਗੇ ਅੱਗੇ ਤੁਰ ਪੈਂਦਾ ਹੈ ਅਤੇ ਭੇਡਾਂ ਉਹ ਦੇ ਮਗਰ ਮਗਰ ਲੱਗੀਆਂ ਜਾਂਦੀਆਂ ਹਨ ਕਿਉਂ ਜੋ ਓਹ ਉਸ ਦੀ ਅਵਾਜ਼ ਪਛਾਣਦੀਆਂ ਹਨ। ਓਹ ਪਰਾਏ ਦੇ ਮਗਰ ਕਦੇ ਨਾ ਜਾਣਗੀਆਂ ਸਗੋਂ ਉਸ ਤੋਂ ਨੱਸ ਜਾਣਗੀਆਂ ਕਿਉਂਕਿ ਪਰਾਇਆਂ ਦੀ ਅਵਾਜ਼ ਨਹੀਂ ਪਛਾਣਦੀਆਂ।”—ਯੂਹੰਨਾ 10:2-5.
5. ਸਾਨੂੰ ਯੂਹੰਨਾ ਦੇ 10ਵੇਂ ਅਧਿਆਇ ਵਿਚ ਜ਼ਿਕਰ ਕੀਤੇ ਗਏ ਪਰਾਏ ਵਿਅਕਤੀ ਦੀ ਪਰਾਹੁਣਚਾਰੀ ਕਿਉਂ ਨਹੀਂ ਕਰਨੀ ਚਾਹੀਦੀ?
5 ਧਿਆਨ ਦਿਓ ਕਿ ਯਿਸੂ ਨੇ ਅਯਾਲੀ ਦੀ ਆਵਾਜ਼ ਦੇ ਨਾਲ-ਨਾਲ “ਪਰਾਇਆਂ ਦੀ ਅਵਾਜ਼” ਬਾਰੇ ਵੀ ਗੱਲ ਕੀਤੀ ਸੀ। ਕੀ ਇਹ ਪਰਾਇਆ ਵਿਅਕਤੀ ਘਰ ਬੁਲਾਇਆ ਗਿਆ ਪਰਾਹੁਣਾ ਸੀ ਜਿਸ ਬਾਰੇ ਬਾਈਬਲ ਕਹਿੰਦੀ ਹੈ ਕਿ ਉਸ ਦੀ ਪਰਾਹੁਣਚਾਰੀ ਕਰੋ? (ਇਬਰਾਨੀਆਂ 13:2) ਨਹੀਂ, ਇਸ ਦ੍ਰਿਸ਼ਟਾਂਤ ਵਿਚ ਪਰਾਇਆ ਵਿਅਕਤੀ ਘਰ ਨਹੀਂ ਬੁਲਾਇਆ ਗਿਆ ਸੀ। ਉਹ “ਬੂਹੇ ਥਾਣੀਂ ਨਹੀਂ ਵੜਦਾ ਪਰ ਹੋਰ ਪਾਸਿਓਂ ਚੜ੍ਹਦਾ ਹੈ।” ਉਹ “ਚੋਰ ਅਤੇ ਡਾਕੂ ਹੈ।” (ਯੂਹੰਨਾ 10:1) ਬਾਈਬਲ ਅਨੁਸਾਰ ਸਭ ਤੋਂ ਪਹਿਲਾ ਚੋਰ ਅਤੇ ਡਾਕੂ ਕੌਣ ਸੀ? ਸ਼ਤਾਨ। ਆਓ ਆਪਾਂ ਉਤਪਤ ਦੀ ਪੋਥੀ ਵਿਚ ਇਸ ਗੱਲ ਦਾ ਸਬੂਤ ਦੇਖੀਏ।
ਪਹਿਲੇ ਪਰਾਏ ਦੀ ਆਵਾਜ਼
6, 7. ਸ਼ਤਾਨ ਨੂੰ ਪਰਾਇਆ ਅਤੇ ਚੋਰ ਕਿਉਂ ਸੱਦਿਆ ਜਾ ਸਕਦਾ ਹੈ?
6 ਉਤਪਤ 3:1-5 ਵਿਚ ਸਾਨੂੰ ਦੱਸਿਆ ਜਾਂਦਾ ਹੈ ਕਿ ਪਹਿਲੇ ਪਰਾਏ ਦੀ ਆਵਾਜ਼ ਅਦਨ ਦੇ ਬਾਗ਼ ਵਿਚ ਸੁਣੀ ਗਈ ਸੀ। ਬਾਗ਼ ਵਿਚ ਸ਼ਤਾਨ ਨੇ ਇਕ ਸੱਪ ਦੇ ਜ਼ਰੀਏ ਪਹਿਲੀ ਤੀਵੀਂ ਹੱਵਾਹ ਨਾਲ ਗੱਲ ਕਰਕੇ ਉਸ ਨੂੰ ਭਰਮਾ ਲਿਆ। ਇਹ ਸੱਚ ਹੈ ਕਿ ਇਨ੍ਹਾਂ ਆਇਤਾਂ ਵਿਚ ਸ਼ਤਾਨ ਨੂੰ “ਪਰਾਇਆ” ਨਹੀਂ ਕਿਹਾ ਗਿਆ ਹੈ। ਪਰ ਉਸ ਦੇ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਉਹ ਉਸ ਪਰਾਏ ਵਰਗਾ ਹੀ ਸੀ ਜਿਸ ਬਾਰੇ ਯੂਹੰਨਾ ਦੇ 10ਵੇਂ ਅਧਿਆਇ ਵਿਚ ਯਿਸੂ ਨੇ ਗੱਲ ਕੀਤੀ ਸੀ। ਆਓ ਆਪਾਂ ਕੁਝ ਮਿਲਦੀਆਂ-ਜੁਲਦੀਆਂ ਗੱਲਾਂ ਵੱਲ ਧਿਆਨ ਦੇਈਏ।
7 ਯਿਸੂ ਨੇ ਕਿਹਾ ਸੀ ਕਿ ਪਰਾਇਆ ਬੂਹੇ ਥਾਣੀਂ ਨਹੀਂ ਵੜਦਾ, ਪਰ ਚੋਰੀ-ਛਿਪੇ ਆਉਂਦਾ ਹੈ। ਇਸੇ ਤਰ੍ਹਾਂ ਸ਼ਤਾਨ ਚਲਾਕੀ ਨਾਲ ਸੱਪ ਦੇ ਜ਼ਰੀਏ ਹੱਵਾਹ ਨੂੰ ਧੋਖਾ ਦੇਣ ਆਇਆ ਸੀ। ਇਸ ਤੋਂ ਇਲਾਵਾ ਭੇਡਾਂ ਦੇ ਵਾੜੇ ਵਿਚ ਵੜ ਕੇ ਪਰਾਇਆ ਚਰਵਾਹੇ ਦੀਆਂ ਭੇਡਾਂ ਚੁਰਾਉਣ ਆਇਆ ਸੀ। ਦਰਅਸਲ ਉਹ ਚੁਰਾਉਣ ਹੀ ਨਹੀਂ, ਸਗੋਂ ਭੇਡਾਂ ਨੂੰ ‘ਵੱਢਣ ਅਤੇ ਨਾਸ ਕਰਨ’ ਆਇਆ ਸੀ, ਇਸ ਤਰ੍ਹਾਂ ਉਹ ਚੋਰ ਨਾਲੋਂ ਵੀ ਭੈੜਾ ਸੀ। (ਯੂਹੰਨਾ 10:10) ਸ਼ਤਾਨ ਚੋਰ ਅਤੇ ਘਾਤਕ ਕਿਵੇਂ ਬਣਿਆ? ਸ਼ਤਾਨ ਨੇ ਹੱਵਾਹ ਨੂੰ ਆਪਣੇ ਵੱਲ ਮੋੜ ਕੇ ਆਪਣੀ ਭਗਤੀ ਕਰਵਾਈ, ਜਦ ਕਿ ਉਸ ਨੂੰ ਯਹੋਵਾਹ ਦੀ ਭਗਤੀ ਕਰਨੀ ਚਾਹੀਦੀ ਸੀ। ਇਸ ਤਰ੍ਹਾਂ ਉਹ ਚੋਰ ਬਣ ਗਿਆ। ਉਸ ਨੇ ਹੱਵਾਹ ਨੂੰ ਧੋਖਾ ਦਿੱਤਾ। ਇਸ ਦੇ ਨਾਲ-ਨਾਲ ਉਸ ਨੇ ਸਾਰੇ ਇਨਸਾਨਾਂ ਨੂੰ ਮੌਤ ਦੇ ਪੰਜੇ ਵਿਚ ਫਸਾ ਦਿੱਤਾ, ਇਸ ਤਰ੍ਹਾਂ ਉਹ ਘਾਤਕ ਵੀ ਬਣਿਆ।
8. ਸ਼ਤਾਨ ਨੇ ਯਹੋਵਾਹ ਦੀਆਂ ਗੱਲਾਂ ਤੇ ਇਰਾਦਿਆਂ ਨੂੰ ਕਿਵੇਂ ਪੇਸ਼ ਕੀਤਾ ਸੀ?
8 ਸ਼ਤਾਨ ਦੀ ਚਲਾਕੀ ਇਸ ਗੱਲ ਤੋਂ ਦੇਖੀ ਜਾ ਸਕਦੀ ਹੈ ਕਿ ਉਸ ਨੇ ਯਹੋਵਾਹ ਦੀਆਂ ਗੱਲਾਂ ਅਤੇ ਇਰਾਦਿਆਂ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ। ਉਸ ਨੇ ਹੱਵਾਹ ਨੂੰ ਪੁੱਛਿਆ: “ਭਲਾ, ਪਰਮੇਸ਼ੁਰ ਨੇ ਸੱਚ ਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ?” ਸ਼ਤਾਨ ਇਸ ਗੱਲ ਤੋਂ ਹੈਰਾਨ ਹੋਣ ਦਾ ਢੌਂਗ ਕਰ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ‘ਪਰਮੇਸ਼ੁਰ ਕਿੰਨਾ ਬੁਰਾ ਹੈ ਤੇ ਤੁਹਾਨੂੰ ਹਰ ਚੀਜ਼ ਖਾਣ ਦੀ ਇਜਾਜ਼ਤ ਨਹੀਂ ਦੇ ਰਿਹਾ।’ ਉਸ ਨੇ ਅੱਗੇ ਕਿਹਾ: “ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ।” ਧਿਆਨ ਦਿਓ ਕਿ ਉਸ ਨੇ ਕਿਹਾ: “ਪਰਮੇਸ਼ੁਰ ਜਾਣਦਾ ਹੈ।” ਸ਼ਤਾਨ ਦੇ ਕਹਿਣ ਦਾ ਭਾਵ ਸੀ: ‘ਮੈਂ ਵੀ ਜਾਣਦਾ ਹਾਂ ਜੋ ਪਰਮੇਸ਼ੁਰ ਜਾਣਦਾ ਹੈ। ਮੈਨੂੰ ਪਤਾ ਹੈ ਕਿ ਉਹ ਤੁਹਾਡੀ ਭਲਾਈ ਨਹੀਂ ਚਾਹੁੰਦਾ।’ (ਉਤਪਤ 2:16, 17; 3:1, 5) ਅਫ਼ਸੋਸ ਦੀ ਗੱਲ ਹੈ ਕਿ ਹੱਵਾਹ ਤੇ ਆਦਮ ਨੇ ਇਸ ਪਰਾਏ ਤੋਂ ਮੂੰਹ ਨਹੀਂ ਮੋੜਿਆ। ਇਸ ਦੀ ਬਜਾਇ ਉਨ੍ਹਾਂ ਨੇ ਉਸ ਦੀ ਆਵਾਜ਼ ਸੁਣ ਕੇ ਆਪਣੇ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਦੁੱਖਾਂ ਦੀ ਦਲਦਲ ਵਿਚ ਸੁੱਟ ਦਿੱਤਾ।—ਰੋਮੀਆਂ 5:12, 14.
9. ਕੀ ਅੱਜ ਸ਼ਤਾਨ ਲੋਕਾਂ ਨੂੰ ਭਰਮਾ ਰਿਹਾ ਹੈ?
9 ਅੱਜ ਪਰਮੇਸ਼ੁਰ ਦੇ ਲੋਕਾਂ ਨੂੰ ਭਰਮਾਉਣ ਲਈ ਸ਼ਤਾਨ ਉਹੀ ਪੁਰਾਣੇ ਤਰੀਕੇ ਇਸਤੇਮਾਲ ਕਰਦਾ ਹੈ। (ਪਰਕਾਸ਼ ਦੀ ਪੋਥੀ 12:9) ਉਹ “ਝੂਠ ਦਾ ਪਤੰਦਰ ਹੈ” ਅਤੇ ਜਿਹੜੇ ਵੀ ਉਸ ਵਾਂਗ ਪਰਮੇਸ਼ੁਰ ਦੇ ਸੇਵਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਹਨ, ਉਹ ਉਸ ਦੇ ਬੱਚੇ ਹਨ। (ਯੂਹੰਨਾ 8:44) ਆਓ ਆਪਾਂ ਗੌਰ ਕਰੀਏ ਕਿ ਅੱਜ ਸ਼ਤਾਨ ਪਰਮੇਸ਼ੁਰ ਦੇ ਲੋਕਾਂ ਨੂੰ ਭਰਮਾਉਣ ਲਈ ਕਿਹੜੇ ਤਰੀਕੇ ਵਰਤਦਾ ਹੈ।
ਸ਼ਤਾਨ ਦੇ ਭਰਮਾਉਣ ਦੇ ਤਰੀਕੇ
10. ਅੱਜ ਪਰਮੇਸ਼ੁਰ ਦੇ ਸੇਵਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ?
10 ਭਰਮਾਉਣ ਦਾ ਇਕ ਤਰੀਕਾ ਹੈ ਝੂਠੀ ਸਿੱਖਿਆ। ਪੌਲੁਸ ਰਸੂਲ ਨੇ ਕਿਹਾ: “ਤੁਸੀਂ ਰੰਗ ਬਰੰਗੀਆਂ ਅਤੇ ਓਪਰੀਆਂ ਸਿੱਖਿਆਂ ਨਾਲ ਭਰਮਾਏ ਨਾ ਜਾਓ।” (ਇਬਰਾਨੀਆਂ 13:9) ਇਹ ਕਿਹੋ ਜਿਹੀਆਂ ਸਿੱਖਿਆਵਾਂ ਹਨ? ਧਿਆਨ ਦਿਓ ਕਿ ਪੌਲੁਸ ਨੇ ਕਿਹਾ ਸੀ ਕਿ ਇਨ੍ਹਾਂ ਸਿੱਖਿਆਵਾਂ ਨਾਲ ਅਸੀਂ ‘ਭਰਮਾਏ ਜਾ’ ਸਕਦੇ ਹਾਂ। ਇਸ ਲਈ ਇਹ ਸਿੱਖਿਆਵਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਮੰਨ ਕੇ ਸਾਡੀ ਨਿਹਚਾ ਕਮਜ਼ੋਰ ਹੋ ਸਕਦੀ ਹੈ। ਅਜਿਹੀਆਂ ਸਿੱਖਿਆਵਾਂ ਕੌਣ ਦਿੰਦਾ ਹੈ? ਪੌਲੁਸ ਨੇ ਕੁਝ ਮਸੀਹੀ ਬਜ਼ੁਰਗਾਂ ਨੂੰ ਕਿਹਾ ਸੀ: “ਤੁਹਾਡੇ ਆਪਣੇ ਹੀ ਵਿੱਚੋਂ ਕਈ ਪੁਰਸ਼ ਖੜੇ ਹੋਣਗੇ ਜਿਹੜੇ ਉਲਟੀਆਂ ਗੱਲਾਂ ਕਰਨਗੇ ਭਈ ਚੇਲਿਆਂ ਨੂੰ ਆਪਣੀ ਵੱਲ ਖਿੱਚ ਲੈ ਜਾਣ।” (ਰਸੂਲਾਂ ਦੇ ਕਰਤੱਬ 20:30) ਜਿਸ ਤਰ੍ਹਾਂ ਪਹਿਲੀ ਸਦੀ ਵਿਚ ਹੋਇਆ ਸੀ, ਅੱਜ ਕੁਝ ਵਿਅਕਤੀ ਜੋ ਪਹਿਲਾਂ ਕਲੀਸਿਯਾ ਵਿਚ ਹੁੰਦੇ ਸਨ ਹੁਣ “ਉਲਟੀਆਂ ਗੱਲਾਂ” ਕਰ ਕੇ ਸਾਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਹਨ। ਉਹ ਜਾਂ ਤਾਂ ਪੂਰੀ ਤਰ੍ਹਾਂ ਸੱਚ ਨਹੀਂ ਦੱਸਦੇ ਜਾਂ ਸਰਾਸਰ ਝੂਠ ਬੋਲਦੇ ਹਨ। ਪਤਰਸ ਰਸੂਲ ਨੇ ਕਿਹਾ ਸੀ ਕਿ ਉਹ “ਬਣਾਉਟ ਦੀਆਂ ਗੱਲਾਂ” ਕਰਦੇ ਹਨ। ਉਨ੍ਹਾਂ ਦੀਆਂ ਗੱਲਾਂ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਸੱਚ ਬੋਲ ਰਹੇ ਹਨ, ਪਰ ਅਸਲ ਵਿਚ ਉਨ੍ਹਾਂ ਦੀਆਂ ਗੱਲਾਂ ਖੋਟੇ ਸਿੱਕੇ ਦੀ ਤਰ੍ਹਾਂ ਬੇਕਾਰ ਹਨ।—2 ਪਤਰਸ 2:3.
11. ਦੂਜਾ ਪਤਰਸ 2:1, 3 ਅਨੁਸਾਰ ਸੱਚਾ ਧਰਮ ਛੱਡਣ ਵਾਲੇ ਕਲੀਸਿਯਾ ਅੰਦਰ ਕਿਸ ਤਰ੍ਹਾਂ ਆਉਂਦੇ ਹਨ ਤੇ ਉਹ ਕੀ ਕਰਨਾ ਚਾਹੁੰਦੇ ਹਨ?
11 ਪਤਰਸ ਨੇ ਇਹ ਵੀ ਕਿਹਾ ਸੀ ਕਿ ਸੱਚਾ ਧਰਮ ਛੱਡਣ ਵਾਲੇ ਲੋਕ “ਨਾਸ ਕਰਨ ਵਾਲੀਆਂ ਬਿੱਦਤਾਂ ਚੋਰੀ ਅੰਦਰ ਲਿਆਉਣਗੇ।” (2 ਪਤਰਸ 2:1, 3) ਜਿਸ ਤਰ੍ਹਾਂ ਭੇਡਾਂ ਬਾਰੇ ਯਿਸੂ ਦੇ ਦ੍ਰਿਸ਼ਟਾਂਤ ਵਿਚ ਚੋਰ “ਬੂਹੇ ਥਾਣੀਂ ਨਹੀਂ ਵੜਦਾ ਪਰ ਹੋਰ ਪਾਸਿਓਂ ਚੜ੍ਹਦਾ ਹੈ,” ਉਸੇ ਤਰ੍ਹਾਂ ਇਹ ਲੋਕ ਕਲੀਸਿਯਾ ਅੰਦਰ ਚੋਰੀ ਵੜ ਆਉਂਦੇ ਹਨ। (ਗਲਾਤੀਆਂ 2:4; ਯਹੂਦਾਹ 4) ਉਹ ਕੀ ਕਰਨਾ ਚਾਹੁੰਦੇ ਹਨ? ਪਤਰਸ ਨੇ ਕਿਹਾ ਕਿ ਉਹ “ਤੁਹਾਨੂੰ ਖੱਟੀ ਦਾ ਢੰਗ ਬਣਾ ਛੱਡਣਗੇ” ਯਾਨੀ ਉਹ ਤੁਹਾਡਾ ਨਾਜਾਇਜ਼ ਫ਼ਾਇਦਾ ਉਠਾਉਣਗੇ। ਅਜਿਹੇ ਲੋਕ ਚੋਪੜੀਆਂ ਗੱਲਾਂ ਕਰ ਕੇ ਸਾਨੂੰ ‘ਚੁਰਾਉਣਾ ਅਰ ਵੱਢਣਾ ਅਤੇ ਨਾਸ ਕਰਨਾ’ ਚਾਹੁੰਦੇ ਹਨ। (ਯੂਹੰਨਾ 10:10) ਅਜਿਹੇ ਪਰਾਇਆਂ ਤੋਂ ਬਚ ਕੇ ਰਹੋ!
12. (ੳ) ਸਾਡੇ ਸਾਥੀ ਸਾਨੂੰ ਕਿਵੇਂ ਭਰਮਾ ਸਕਦੇ ਹਾਂ? (ਅ) ਸ਼ਤਾਨ ਨੇ ਹੱਵਾਹ ਨੂੰ ਕਿਸ ਗੱਲ ਦਾ ਯਕੀਨ ਦਿਵਾਇਆ ਸੀ ਅਤੇ ਉਸ ਵਾਂਗ ਤੁਹਾਡੇ ਸਾਥੀ ਤੁਹਾਨੂੰ ਕਿਸ ਗੱਲ ਦਾ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਸਕਦੇ ਹਨ?
12 ਭਰਮਾਉਣ ਦਾ ਇਕ ਹੋਰ ਤਰੀਕਾ ਬੁਰੀ ਸੰਗਤ ਹੈ। ਇਸ ਤੋਂ ਖ਼ਾਸਕਰ ਨੌਜਵਾਨਾਂ ਨੂੰ ਖ਼ਤਰਾ ਹੈ। (1 ਕੁਰਿੰਥੀਆਂ 15:33) ਯਾਦ ਰੱਖੋ ਕਿ ਸ਼ਤਾਨ ਹੱਵਾਹ ਕੋਲ ਗਿਆ ਸੀ ਕਿਉਂਕਿ ਹੱਵਾਹ ਨਾਦਾਨ ਸੀ ਅਤੇ ਉਮਰ ਵਿਚ ਆਦਮ ਤੋਂ ਛੋਟੀ ਸੀ। ਸ਼ਤਾਨ ਨੇ ਉਸ ਨੂੰ ਯਕੀਨ ਦਿਵਾਇਆ ਕਿ ਯਹੋਵਾਹ ਉਸ ਨੂੰ ਪੂਰਾ ਮਜ਼ਾ ਲੈਣ ਤੋਂ ਰੋਕ ਰਿਹਾ ਸੀ। ਪਰ ਇਹ ਝੂਠ ਸੀ। ਯਹੋਵਾਹ ਆਪਣੇ ਇਨਸਾਨੀ ਬੱਚਿਆਂ ਨੂੰ ਪਿਆਰ ਕਰਦਾ ਹੈ ਅਤੇ ਉਨ੍ਹਾਂ ਦੀ ਭਲਾਈ ਚਾਹੁੰਦਾ ਹੈ। (ਯਸਾਯਾਹ 48:17) ਨੌਜਵਾਨੋ, ਤੁਹਾਡੇ ਸਾਥੀ ਸ਼ਾਇਦ ਤੁਹਾਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਨ ਕਿ ਤੁਹਾਡੇ ਮਾਪੇ ਤੁਹਾਨੂੰ ਜ਼ਿੰਦਗੀ ਦਾ ਪੂਰਾ ਮਜ਼ਾ ਲੈਣ ਤੋਂ ਰੋਕ ਰਹੇ ਹਨ। ਪਰ ਸੱਚ ਤਾਂ ਇਹ ਹੈ ਕਿ ਤੁਹਾਡੇ ਮਾਪੇ ਤੁਹਾਨੂੰ ਬਹੁਤ ਪਿਆਰ ਕਰਦੇ ਹਨ। ਜ਼ਰਾ ਸੋਚੋ ਤੁਹਾਡੇ ਸਾਥੀਆਂ ਦਾ ਤੁਹਾਡੇ ਉੱਤੇ ਕੀ ਅਸਰ ਪੈ ਸਕਦਾ ਹੈ। ਇਕ ਕੁੜੀ ਨੇ ਕਿਹਾ: “ਕੁਝ ਸਮੇਂ ਲਈ ਮੇਰੀ ਕਲਾਸ ਦੇ ਬੱਚਿਆਂ ਨੇ ਮੇਰੀ ਨਿਹਚਾ ਨੂੰ ਕਮਜ਼ੋਰ ਕਰ ਦਿੱਤਾ। ਉਹ ਕਹਿੰਦੇ ਰਹਿੰਦੇ ਸਨ ਕਿ ਮੇਰੇ ਧਰਮ ਦੇ ਅਸੂਲ ਬਹੁਤ ਸਖ਼ਤ ਸਨ ਅਤੇ ਮੇਰੇ ਮਾਪੇ ਮੈਨੂੰ ਆਪਣੀ ਮਨ-ਮਰਜ਼ੀ ਕਰਨ ਦੀ ਖੁੱਲ੍ਹ ਨਹੀਂ ਦਿੰਦੇ ਸਨ।” ਸੋ ਜੇ ਸਕੂਲ ਦੇ ਬੱਚੇ ਕਹਿਣ ਕਿ ਆਪਣੇ ਮਾਪਿਆਂ ਦੇ ਆਖੇ ਲੱਗਣ ਦੀ ਕੋਈ ਲੋੜ ਨਹੀਂ, ਤਾਂ ਹੱਵਾਹ ਦੀ ਤਰ੍ਹਾਂ ਤੁਸੀਂ ਧੋਖਾ ਨਾ ਖਾਇਓ।
13. ਦਾਊਦ ਨੇ ਕੀ ਕੀਤਾ ਸੀ ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ?
13 ਬੁਰੀ ਸੰਗਤ ਦੇ ਸੰਬੰਧ ਵਿਚ ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਕਿਹਾ ਸੀ: “ਮੈਂ ਨਿਕੰਮਿਆਂ ਦੇ ਸੰਗ ਨਹੀਂ ਬੈਠਾ, ਨਾ ਮੈਂ ਕਪਟੀਆਂ ਦੇ ਨਾਲ ਅੰਦਰ ਜਾਵਾਂਗਾ।” (ਜ਼ਬੂਰਾਂ ਦੀ ਪੋਥੀ 26:4) ਕੀ ਤੁਸੀਂ ਧਿਆਨ ਦਿੱਤਾ ਕਿ ਦਾਊਦ ਕਿਹੋ ਜਿਹੇ ਲੋਕਾਂ ਦੀ ਗੱਲ ਕਰ ਰਿਹਾ ਸੀ? ਉਸ ਨੇ ਕਪਟੀਆਂ ਦੀ ਗੱਲ ਕੀਤੀ ਸੀ ਮਤਲਬ ਅਜਿਹੇ ਲੋਕ ਜੋ ਆਪਣਾ ਅਸਲੀ ਰੂਪ ਲੁਕਾਉਂਦੇ ਹਨ। ਇਹ ਲੋਕ ਐਨ ਸ਼ਤਾਨ ਵਰਗੇ ਹਨ ਜਿਸ ਨੇ ਇਕ ਸੱਪ ਨੂੰ ਵਰਤ ਕੇ ਆਪਣਾ ਅਸਲੀ ਰੂਪ ਲੁਕਾਇਆ ਸੀ। ਅੱਜ ਕੁਝ ਬਦਚਲਣ ਲੋਕ ਇੰਟਰਨੈੱਟ ਦੇ ਚੈਟ ਰੂਮਾਂ ਵਿਚ ਆਪਣੀ ਪਛਾਣ ਲੁਕਾਉਂਦੇ ਹਨ। ਅਜਿਹੇ ਲੋਕ ਨੌਜਵਾਨਾਂ ਨੂੰ ਆਪਣੇ ਜਾਲ ਵਿਚ ਫਸਾਉਣ ਲਈ ਸ਼ਾਇਦ ਕਹਿਣ ਕਿ ਉਹ ਵੀ ਨੌਜਵਾਨ ਹਨ। ਨੌਜਵਾਨੋ, ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਤੁਸੀਂ ਖ਼ਬਰਦਾਰ ਰਹੋ, ਨਹੀਂ ਤਾਂ ਤੁਸੀਂ ਮੁਸੀਬਤ ਵਿਚ ਫਸ ਸਕਦੇ ਹੋ—ਜ਼ਬੂਰਾਂ ਦੀ ਪੋਥੀ 119:101; ਕਹਾਉਤਾਂ 22:3.
14. ਕਦੀ-ਕਦੀ ਮੀਡੀਆ ਵਿਚ ਕਿਹੜੀਆਂ ਝੂਠੀਆਂ ਖ਼ਬਰਾਂ ਦਿੱਤੀਆਂ ਜਾਂਦੀਆਂ ਹਨ?
14 ਝੂਠੀਆਂ ਖ਼ਬਰਾਂ ਫੈਲਾ ਕੇ ਵੀ ਸ਼ਤਾਨ ਭਰਮਾਉਂਦਾ ਹੈ। ਭਾਵੇਂ ਯਹੋਵਾਹ ਦੇ ਗਵਾਹਾਂ ਬਾਰੇ ਕੁਝ ਖ਼ਬਰਾਂ ਸਹੀ ਹੁੰਦੀਆਂ ਹਨ, ਪਰ ਕਦੀ-ਕਦੀ ਟੀ. ਵੀ. ਅਤੇ ਅਖ਼ਬਾਰਾਂ-ਰਸਾਲੇ ਵਗੈਰਾ ਵਿਚ ਉਨ੍ਹਾਂ ਉੱਤੇ ਝੂਠੇ ਦੋਸ਼ ਲਾਏ ਜਾਂਦੇ ਹਨ। ਮਿਸਾਲ ਲਈ, ਇਕ ਦੇਸ਼ ਵਿਚ ਇਹ ਝੂਠੀ ਖ਼ਬਰ ਦਿੱਤੀ ਗਈ ਸੀ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਯਹੋਵਾਹ ਦੇ ਗਵਾਹਾਂ ਨੇ ਹਿਟਲਰ ਦਾ ਸਾਥ ਦਿੱਤਾ ਸੀ। ਇਕ ਹੋਰ ਰਿਪੋਰਟ ਨੇ ਕਿਹਾ ਕਿ ਗਵਾਹ ਚਰਚਾਂ ਦੀ ਤੋੜ-ਫੋੜ ਕਰ ਰਹੇ ਸਨ। ਕਈ ਮੁਲਕਾਂ ਵਿਚ ਮੀਡੀਆ ਗਵਾਹਾਂ ਤੇ ਇਹ ਦੋਸ਼ ਲਾਉਂਦਾ ਹੈ ਕਿ ਉਹ ਆਪਣੇ ਬੀਮਾਰ ਬੱਚਿਆਂ ਦਾ ਇਲਾਜ ਨਹੀਂ ਕਰਾਉਂਦੇ ਅਤੇ ਉਹ ਜਾਣ-ਬੁੱਝ ਕੇ ਦੂਸਰੇ ਗਵਾਹਾਂ ਦੇ ਵੱਡੇ-ਵੱਡੇ ਪਾਪ ਨਜ਼ਰਅੰਦਾਜ਼ ਕਰਦੇ ਹਨ। (ਮੱਤੀ 10:22) ਇਨ੍ਹਾਂ ਸਾਰੀਆਂ ਗੱਲਾਂ ਦੇ ਬਾਵਜੂਦ ਅਸਲੀਅਤ ਜਾਣਨ ਵਾਲੇ ਲੋਕ ਪਛਾਣ ਲੈਂਦੇ ਹਨ ਕਿ ਇਹ ਦੋਸ਼ ਝੂਠੇ ਹਨ।
15. ਮੀਡੀਆ ਦੀ ਹਰ ਗੱਲ ਨੂੰ ਸੱਚ ਮੰਨ ਲੈਣਾ ਬੇਵਕੂਫ਼ੀ ਕਿਉਂ ਹੈ?
15 ਝੂਠੀਆਂ ਖ਼ਬਰਾਂ ਬਾਰੇ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਕਹਾਉਤਾਂ 14:15 ਦੀ ਇਹ ਸਲਾਹ ਲਾਗੂ ਕਰਨੀ ਚਾਹੀਦੀ ਹੈ: “ਭੋਲਾ ਹਰੇਕ ਗੱਲ ਨੂੰ ਸੱਤ ਮੰਨਦਾ ਹੈ, ਪਰ ਸਿਆਣਾ ਵੇਖ ਭਾਲ ਕੇ ਚੱਲਦਾ ਹੈ।” ਭਾਵੇਂ ਅਸੀਂ ਹਰ ਖ਼ਬਰ ਉੱਤੇ ਸ਼ੱਕ ਨਹੀਂ ਕਰਦੇ, ਪਰ ਮੀਡੀਆ ਦੀ ਹਰ ਗੱਲ ਨੂੰ ਸੱਚ ਮੰਨ ਲੈਣਾ ਬੇਵਕੂਫ਼ੀ ਹੋਵੇਗੀ। ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।”—1 ਯੂਹੰਨਾ 5:19.
ਪਰਖ ਕੇ ਦੇਖੋ
16. (ੳ) ਭੇਡਾਂ ਯੂਹੰਨਾ 10:4 ਵਿਚ ਯਿਸੂ ਦੇ ਸ਼ਬਦਾਂ ਨੂੰ ਸਹੀ ਕਿਵੇਂ ਸਾਬਤ ਕਰਦੀਆਂ ਹਨ? (ਅ) ਬਾਈਬਲ ਸਾਨੂੰ ਕੀ ਕਰਨ ਲਈ ਕਹਿੰਦੀ ਹੈ?
16 ਅਸੀਂ ਦੋਸਤ ਜਾਂ ਦੁਸ਼ਮਣ ਨੂੰ ਕਿੱਦਾਂ ਪਛਾਣ ਸਕਦੇ ਹਾਂ? ਯਿਸੂ ਨੇ ਕਿਹਾ ਸੀ ਕਿ ਭੇਡਾਂ ਅਯਾਲੀ ਦੇ ਮਗਰ-ਮਗਰ ਜਾਂਦੀਆਂ ਹਨ “ਕਿਉਂ ਜੋ ਓਹ ਉਸ ਦੀ ਅਵਾਜ਼ ਪਛਾਣਦੀਆਂ ਹਨ।” (ਯੂਹੰਨਾ 10:4) ਉਹ ਚਰਵਾਹੇ ਦੇ ਪਹਿਰਾਵੇ ਨੂੰ ਦੇਖ ਕੇ ਉਸ ਦੇ ਮਗਰ ਨਹੀਂ ਜਾਂਦੀਆਂ, ਬਲਕਿ ਉਸ ਦੀ ਆਵਾਜ਼ ਸੁਣ ਕੇ ਜਾਂਦੀਆਂ ਹਨ। ਬਾਈਬਲ ਵਿਚ ਜ਼ਿਕਰ ਕੀਤੇ ਗਏ ਦੇਸ਼ਾਂ ਬਾਰੇ ਇਕ ਕਿਤਾਬ ਵਿਚ ਇਕ ਘਟਨਾ ਬਾਰੇ ਦੱਸਿਆ ਗਿਆ ਜਿਸ ਵਿਚ ਇਕ ਆਦਮੀ ਨੇ ਦਾਅਵਾ ਕੀਤਾ ਕਿ ਭੇਡਾਂ ਚਰਵਾਹੇ ਦੀ ਆਵਾਜ਼ ਨਹੀਂ, ਸਗੋਂ ਉਸ ਦੇ ਕੱਪੜੇ ਪਛਾਣਦੀਆਂ ਹਨ। ਪਰ ਇਕ ਚਰਵਾਹੇ ਨੇ ਉਸ ਨੂੰ ਕਿਹਾ ਕਿ ਭੇਡਾਂ ਚਰਵਾਹੇ ਦੀ ਆਵਾਜ਼ ਹੀ ਪਛਾਣਦੀਆਂ ਹਨ। ਇਹ ਗੱਲ ਸਾਬਤ ਕਰਨ ਲਈ ਚਰਵਾਹੇ ਨੇ ਇਸ ਪਰਾਏ ਵਿਅਕਤੀ ਨਾਲ ਆਪਣੇ ਕੱਪੜੇ ਬਦਲ ਲਏ। ਚਰਵਾਹੇ ਦੇ ਕੱਪੜਿਆਂ ਵਿਚ ਪਰਾਏ ਵਿਅਕਤੀ ਨੇ ਭੇਡਾਂ ਨੂੰ ਆਵਾਜ਼ ਮਾਰੀ, ਪਰ ਭੇਡਾਂ ਨੇ ਕੁਝ ਨਹੀਂ ਕੀਤਾ। ਉਨ੍ਹਾਂ ਨੇ ਉਸ ਦੀ ਆਵਾਜ਼ ਹੀ ਨਹੀਂ ਪਛਾਣੀ। ਫਿਰ ਚਰਵਾਹੇ ਨੇ ਹਾਕ ਮਾਰੀ। ਭਾਵੇਂ ਉਸ ਨੇ ਹੋਰ ਕੱਪੜੇ ਪਾਏ ਹੋਏ ਸਨ, ਪਰ ਭੇਡਾਂ ਝੱਟ ਉਸ ਦੀ ਆਵਾਜ਼ ਪਛਾਣ ਕੇ ਉਸ ਵੱਲ ਆਈਆਂ। ਸੋ ਪਹਿਰਾਵੇ ਦਾ ਭੇਡਾਂ ਉੱਤੇ ਕੋਈ ਅਸਰ ਨਹੀਂ ਪੈਂਦਾ। ਉਹ ਸਿਰਫ਼ ਆਪਣੇ ਚਰਵਾਹੇ ਦੀ ਆਵਾਜ਼ ਪਰਖਦੀਆਂ ਹਨ। ਬਾਈਬਲ ਵਿਚ ਸਾਨੂੰ ਵੀ ਇਹੋ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਅਸੀਂ ਹਰ ਗੱਲ ਪਰਖ ਕੇ ਦੇਖੀਏ ਕਿ ਇਹ ਪਰਮੇਸ਼ੁਰ ਤੋਂ ਹੈ ਕਿ ਨਹੀਂ। (1 ਯੂਹੰਨਾ 4:1; 2 ਤਿਮੋਥਿਉਸ 1:13) ਅਸੀਂ ਹਰ ਗੱਲ ਨੂੰ ਕਿਵੇਂ ਪਰਖ ਸਕਦੇ ਹਾਂ?
17. (ੳ) ਅਸੀਂ ਯਹੋਵਾਹ ਦੀ ਆਵਾਜ਼ ਨੂੰ ਚੰਗੀ ਤਰ੍ਹਾਂ ਕਿਵੇਂ ਪਛਾਣ ਸਕਦੇ ਹਾਂ? (ਅ) ਯਹੋਵਾਹ ਬਾਰੇ ਗਿਆਨ ਹਾਸਲ ਕਰ ਕੇ ਅਸੀਂ ਕੀ ਕਰ ਸਕਾਂਗੇ?
17 ਅਸੀਂ ਜਿੰਨੀ ਚੰਗੀ ਤਰ੍ਹਾਂ ਯਹੋਵਾਹ ਦੀ ਆਵਾਜ਼ ਜਾਂ ਉਸ ਦੀਆਂ ਗੱਲਾਂ ਨੂੰ ਪਛਾਣਾਂਗੇ, ਉੱਨੀ ਹੀ ਚੰਗੀ ਤਰ੍ਹਾਂ ਅਸੀਂ ਪਰਾਇਆਂ ਦੀ ਆਵਾਜ਼ ਪਛਾਣ ਸਕਾਂਗੇ। ਬਾਈਬਲ ਵਿਚ ਸਾਨੂੰ ਦੱਸਿਆ ਜਾਂਦਾ ਹੈ ਕਿ ਅਸੀਂ ਯਹੋਵਾਹ ਦੀ ਆਵਾਜ਼ ਕਿਵੇਂ ਪਛਾਣ ਸਕਦੇ ਹਾਂ: “ਤੁਹਾਡੇ ਕੰਨ ਤੁਹਾਡੇ ਪਿੱਛੋਂ ਏਹ ਗੱਲ ਸੁਣਨਗੇ ਕਿ ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ।” (ਯਸਾਯਾਹ 30:21) ਇਹ “ਗੱਲ” ਸਾਨੂੰ ਪਰਮੇਸ਼ੁਰ ਦੇ ਬਚਨ ਰਾਹੀਂ ਸੁਣਾਈ ਦਿੰਦੀ ਹੈ। ਜਦੋਂ ਵੀ ਅਸੀਂ ਬਾਈਬਲ ਪੜ੍ਹਦੇ ਹਾਂ, ਤਾਂ ਅਸੀਂ ਉਸ ਦੀ ਆਵਾਜ਼ ਸੁਣ ਰਹੇ ਹਾਂ। (ਜ਼ਬੂਰਾਂ ਦੀ ਪੋਥੀ 23:1) ਇਸ ਲਈ ਅਸੀਂ ਜਿੰਨਾ ਜ਼ਿਆਦਾ ਬਾਈਬਲ ਪੜ੍ਹਾਂਗੇ, ਉੱਨਾ ਹੀ ਜ਼ਿਆਦਾ ਅਸੀਂ ਪਰਮੇਸ਼ੁਰ ਦੀ ਆਵਾਜ਼ ਨੂੰ ਪਛਾਣਾਂਗੇ। ਯਹੋਵਾਹ ਬਾਰੇ ਗਿਆਨ ਹਾਸਲ ਕਰ ਕੇ ਅਸੀਂ ਝੱਟ ਪਰਾਇਆਂ ਦੀ ਆਵਾਜ਼ ਪਛਾਣ ਕੇ ਸਾਵਧਾਨ ਰਹਿ ਸਕਾਂਗੇ।—ਗਲਾਤੀਆਂ 1:8.
18. (ੳ) ਯਹੋਵਾਹ ਦੀ ਆਵਾਜ਼ ਪਛਾਣਨ ਤੋਂ ਬਾਅਦ ਸਾਨੂੰ ਕੀ ਕਰਨਾ ਚਾਹੀਦਾ ਹੈ? (ਅ) ਮੱਤੀ 17:5 ਮੁਤਾਬਕ ਸਾਨੂੰ ਯਿਸੂ ਦੀ ਆਵਾਜ਼ ਕਿਉਂ ਸੁਣਨੀ ਚਾਹੀਦੀ ਹੈ?
18 ਯਹੋਵਾਹ ਦੀ ਆਵਾਜ਼ ਪਛਾਣਨ ਤੋਂ ਬਾਅਦ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਉਸ ਅਨੁਸਾਰ ਚੱਲਣ ਦੀ ਵੀ ਲੋੜ ਹੈ। ਫਿਰ ਤੋਂ ਯਸਾਯਾਹ 30:21 ਵੱਲ ਧਿਆਨ ਦਿਓ। ਉੱਥੇ ਲਿਖਿਆ ਹੈ: “ਤੁਹਾਡਾ ਰਾਹ ਏਹੋ ਈ ਹੈ।” ਜੀ ਹਾਂ, ਬਾਈਬਲ ਦਾ ਅਧਿਐਨ ਕਰਨ ਨਾਲ ਸਾਨੂੰ ਪਰਮੇਸ਼ੁਰ ਦੇ ਰਾਹ ਉੱਤੇ ਚੱਲਣ ਵਿਚ ਮਦਦ ਮਿਲਦੀ ਹੈ। ਅੱਗੇ ਉਸ ਨੇ ਹੁਕਮ ਦਿੱਤਾ: “ਏਸ ਵਿੱਚ ਚੱਲੋ।” ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੀ ਗੱਲ ਸੁਣ ਕੇ ਉਸ ਦਾ ਕਿਹਾ ਮੰਨੀਏ। ਬਾਈਬਲ ਦੀਆਂ ਗੱਲਾਂ ਲਾਗੂ ਕਰ ਕੇ ਅਸੀਂ ਦਿਖਾਵਾਂਗੇ ਕਿ ਅਸੀਂ ਯਹੋਵਾਹ ਦੀ ਗੱਲ ਸਿਰਫ਼ ਸੁਣੀ ਹੀ ਨਹੀਂ, ਪਰ ਉਸ ਉੱਤੇ ਚੱਲੇ ਵੀ ਹਾਂ। (ਬਿਵਸਥਾ ਸਾਰ 28:1) ਯਹੋਵਾਹ ਦੀ ਆਵਾਜ਼ ਉੱਤੇ ਚੱਲਣ ਦਾ ਮਤਲਬ ਇਹ ਵੀ ਹੈ ਕਿ ਅਸੀਂ ਯਿਸੂ ਦੀ ਆਵਾਜ਼ ਵੀ ਸੁਣੀਏ। (ਮੱਤੀ 17:5) ਸਾਡਾ ਅੱਛਾ ਅਯਾਲੀ ਯਿਸੂ ਸਾਨੂੰ ਕੀ ਕਰਨ ਲਈ ਕਹਿੰਦਾ ਹੈ? ਇਹੀ ਕਿ ਅਸੀਂ ਚੇਲੇ ਬਣਾਈਏ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਉੱਤੇ ਭਰੋਸਾ ਰੱਖੀਏ। (ਮੱਤੀ 24:45; 28:18-20) ਜੇ ਅਸੀਂ ਯਿਸੂ ਦੀ ਆਵਾਜ਼ ਸੁਣਾਂਗੇ, ਤਾਂ ਅਸੀਂ ਹਮੇਸ਼ਾ ਲਈ ਜੀਉਂਦੇ ਰਹਿ ਸਕਾਂਗੇ।—ਰਸੂਲਾਂ ਦੇ ਕਰਤੱਬ 3:23.
ਉਹ “ਉਸ ਤੋਂ ਨੱਸ ਜਾਣਗੀਆਂ”
19. ਪਰਾਇਆਂ ਦੀ ਆਵਾਜ਼ ਸੁਣ ਕੇ ਸਾਨੂੰ ਕੀ ਕਰਨਾ ਚਾਹੀਦਾ ਹੈ?
19 ਤਾਂ ਫਿਰ, ਸਾਨੂੰ ਪਰਾਇਆਂ ਦੀ ਆਵਾਜ਼ ਸੁਣ ਕੇ ਕੀ ਕਰਨਾ ਚਾਹੀਦਾ ਹੈ? ਉਸੇ ਤਰ੍ਹਾਂ ਜਿਵੇਂ ਭੇਡਾਂ ਪਰਾਇਆਂ ਨਾਲ ਪੇਸ਼ ਆਉਂਦੀਆਂ ਹਨ। ਯਿਸੂ ਨੇ ਕਿਹਾ: “ਓਹ ਪਰਾਏ ਦੇ ਮਗਰ ਕਦੇ ਨਾ ਜਾਣਗੀਆਂ ਸਗੋਂ ਉਸ ਤੋਂ ਨੱਸ ਜਾਣਗੀਆਂ।” (ਯੂਹੰਨਾ 10:5) ਇੱਥੇ ਦੋ ਗੱਲਾਂ ਦੱਸੀਆਂ ਗਈਆਂ ਹਨ। ਪਹਿਲੀ ਹੈ ਕਿ ਅਸੀਂ “ਪਰਾਏ ਦੇ ਮਗਰ ਕਦੇ ਨਾ” ਜਾਵਾਂਗੇ। ਜੀ ਹਾਂ, ਅਸੀਂ ਪਰਾਏ ਨੂੰ ਠੁਕਰਾਵਾਂਗੇ। ਬਾਈਬਲ ਦੀ ਯੂਨਾਨੀ ਭਾਸ਼ਾ ਵਿਚ ਜਦ “ਕਦੇ ਨਾ” ਕਿਹਾ ਜਾਂਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਕੋਈ ਗੱਲ ਬਿਲਕੁਲ ਹੀ ਨਹੀਂ ਹੋ ਸਕਦੀ। (ਮੱਤੀ 24:35; ਇਬਰਾਨੀਆਂ 13:5) ਦੂਜੀ ਗੱਲ ਹੈ ਕਿ ਅਸੀਂ ‘ਉਸ ਤੋਂ ਨੱਸ ਜਾਵਾਂਗੇ’ ਯਾਨੀ ਪਰਾਏ ਤੋਂ ਮੂੰਹ ਮੋੜ ਲਵਾਂਗੇ। ਸਾਨੂੰ ਉਨ੍ਹਾਂ ਨਾਲ ਇਹੋ ਹੀ ਕਰਨਾ ਚਾਹੀਦਾ ਹੈ ਜਿਨ੍ਹਾਂ ਦੀਆਂ ਸਿੱਖਿਆਵਾਂ ਅੱਛੇ ਅਯਾਲੀ ਦੀਆਂ ਸਿੱਖਿਆਵਾਂ ਦੇ ਖ਼ਿਲਾਫ਼ ਹਨ।
20. ਅਸੀਂ ਯਹੋਵਾਹ ਨੂੰ ਛੱਡਣ ਵਾਲਿਆਂ ਦੀਆਂ ਗੱਲਾਂ, ਬੁਰੀਆਂ ਸੰਗਤਾਂ ਅਤੇ ਮੀਡੀਆ ਦੀਆਂ ਝੂਠੀਆਂ ਰਿਪੋਰਟਾਂ ਬਾਰੇ ਕੀ ਕਰਾਂਗਾ?
20 ਇਸ ਲਈ ਯਹੋਵਾਹ ਨੂੰ ਛੱਡਣ ਵਾਲਿਆਂ ਦੀਆਂ ਗੱਲਾਂ ਸੁਣਨ ਦੀ ਬਜਾਇ ਸਾਨੂੰ ਬਾਈਬਲ ਦੀ ਇਸ ਸਲਾਹ ਉੱਤੇ ਚੱਲਣਾ ਚਾਹੀਦਾ ਹੈ: “ਤੁਸੀਂ ਓਹਨਾਂ ਦੀ ਤਾੜ ਰੱਖੋ ਜਿਹੜੇ ਉਸ ਸਿੱਖਿਆ ਦੇ ਵਿਰੁੱਧ ਜੋ ਤੁਹਾਨੂੰ ਮਿਲੀ ਹੈ ਫੁੱਟ ਪਾਉਂਦੇ ਅਤੇ ਠੋਕਰ ਖੁਆਉਂਦੇ ਹਨ ਅਤੇ ਓਹਨਾਂ ਤੋਂ ਲਾਂਭੇ ਰਹੋ।” (ਰੋਮੀਆਂ 16:17; ਤੀਤੁਸ 3:10) ਇਸੇ ਤਰ੍ਹਾਂ ਜਦ ਨੌਜਵਾਨ ਮਸੀਹੀਆਂ ਨੂੰ ਬੁਰੀ ਸੰਗਤ ਦੇ ਖ਼ਤਰਿਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਤਾਂ ਉਨ੍ਹਾਂ ਨੂੰ ਤਿਮੋਥਿਉਸ ਨੂੰ ਦਿੱਤੀ ਪੌਲੁਸ ਦੀ ਇਹ ਸਲਾਹ ਲਾਗੂ ਕਰਨੀ ਚਾਹੀਦੀ ਹੈ: “ਜੁਆਨੀ ਦੀਆਂ ਕਾਮਨਾਂ ਤੋਂ ਭੱਜ।” ਜਦ ਮੀਡੀਆ ਵਿਚ ਸਾਡੇ ਬਾਰੇ ਝੂਠੀਆਂ ਖ਼ਬਰਾਂ ਸੁਣਾਈਆਂ ਜਾਂਦੀਆਂ ਹਨ, ਤਾਂ ਅਸੀਂ ਤਿਮੋਥਿਉਸ ਨੂੰ ਦਿੱਤੀ ਇਹ ਸਲਾਹ ਵੀ ਲਾਗੂ ਕਰਾਂਗੇ ਕਿ ਭਾਵੇਂ ਪਰਾਇਆਂ ਦੀ ਆਵਾਜ਼ ਸੁਣਨ ਵਾਲੇ “ਖਿਆਲੀ ਕਹਾਣੀਆਂ ਦੀ ਵੱਲ ਫਿਰਨਗੇ। ਪਰ ਤੂੰ ਸਭਨੀਂ ਗੱਲੀਂ ਸੁਚੇਤ ਰਹੀਂ।” (2 ਤਿਮੋਥਿਉਸ 2:22; 4:3-5) ਪਰਾਇਆਂ ਦੀ ਆਵਾਜ਼ ਭਾਵੇਂ ਜਿੰਨੀ ਮਰਜ਼ੀ ਮਿੱਠੀ ਹੋਵੇ, ਫਿਰ ਵੀ ਅਸੀਂ (1) ਉਨ੍ਹਾਂ ਦੀਆਂ ਗੱਲਾਂ ਤੋਂ ਖ਼ਬਰਦਾਰ ਰਹਾਂਗੇ, (2) ਉਨ੍ਹਾਂ ਤੋਂ ਦੂਰ ਭੱਜ ਜਾਵਾਂਗੇ ਅਤੇ (3) ਹਰ ਗੱਲ ਵਿਚ ਸੁਚੇਤ ਰਹਾਂਗੇ ਕਿਉਂਕਿ ਉਨ੍ਹਾਂ ਦੀਆਂ ਗੱਲਾਂ ਸਾਡੀ ਨਿਹਚਾ ਨੂੰ ਨਸ਼ਟ ਕਰ ਸਕਦੀਆਂ ਹਨ।—ਜ਼ਬੂਰਾਂ ਦੀ ਪੋਥੀ 26:5; ਕਹਾਉਤਾਂ 7:5, 21; ਪਰਕਾਸ਼ ਦੀ ਪੋਥੀ 18:2, 4.
21. ਪਰਾਇਆਂ ਦੀ ਆਵਾਜ਼ ਨੂੰ ਰੱਦ ਕਰਨ ਵਾਲਿਆਂ ਨੂੰ ਕਿਹੜਾ ਇਨਾਮ ਮਿਲੇਗਾ?
21 ਮਸਹ ਕੀਤੇ ਹੋਏ ਮਸੀਹੀ ਪਰਾਇਆਂ ਦੀ ਆਵਾਜ਼ ਨੂੰ ਰੱਦ ਕਰ ਕੇ ਲੂਕਾ 12:32 ਵਿਚ ਅੱਛੇ ਅਯਾਲੀ ਦੇ ਸ਼ਬਦਾਂ ਵੱਲ ਧਿਆਨ ਦਿੰਦੇ ਹਨ। ਉੱਥੇ ਯਿਸੂ ਉਨ੍ਹਾਂ ਨੂੰ ਕਹਿੰਦਾ ਹੈ: “ਹੇ ਛੋਟੇ ਝੁੰਡ, ਨਾ ਡਰ ਕਿਉਂਕਿ ਤੁਹਾਡੇ ਪਿਤਾ ਨੂੰ ਪਸਿੰਦ ਆਇਆ ਹੈ ਜੋ ਰਾਜ ਤੁਹਾਨੂੰ ਦੇਵੇ।” ‘ਹੋਰ ਭੇਡਾਂ’ ਵੀ ਯਿਸੂ ਦੇ ਇਹ ਸ਼ਬਦ ਸੁਣਨ ਦੀ ਉਮੀਦ ਰੱਖਦੀਆਂ ਹਨ: “ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ ਆਓ! ਜਿਹੜਾ ਰਾਜ ਸੰਸਾਰ ਦੇ ਮੁੱਢੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ ਉਹ ਦੇ ਵਾਰਸ ਹੋਵੋ।” (ਯੂਹੰਨਾ 10:16; ਮੱਤੀ 25:34) ਸਾਨੂੰ ਕਿੰਨਾ ਵੱਡਾ ਇਨਾਮ ਮਿਲੇਗਾ ਜੇ ਅਸੀਂ “ਪਰਾਇਆਂ ਦੀ ਅਵਾਜ਼” ਨੂੰ ਰੱਦ ਕਰਾਂਗੇ!
ਕੀ ਤੁਹਾਨੂੰ ਯਾਦ ਹੈ?
• ਸ਼ਤਾਨ ਯਿਸੂ ਦੇ ਦ੍ਰਿਸ਼ਟਾਂਤ ਦੇ ਪਰਾਏ ਵਿਅਕਤੀ ਵਰਗਾ ਕਿਵੇਂ ਹੈ?
• ਅੱਜ ਸ਼ਤਾਨ ਸਾਨੂੰ ਭਰਮਾਉਣ ਲਈ ਕਿਹੜੇ ਤਰੀਕੇ ਵਰਤਦਾ ਹੈ?
• ਅਸੀਂ ਪਰਾਇਆਂ ਦੀ ਆਵਾਜ਼ ਕਿਵੇਂ ਪਛਾਣ ਸਕਦੇ ਹਾਂ?
• ਸਾਨੂੰ ਪਰਾਇਆਂ ਦੀ ਆਵਾਜ਼ ਸੁਣ ਕੇ ਕੀ ਕਰਨਾ ਚਾਹੀਦਾ ਹੈ?
[ਸਫ਼ੇ 15 ਉੱਤੇ ਤਸਵੀਰ]
ਮਰਿਯਮ ਨੇ ਯਿਸੂ ਦੀ ਆਵਾਜ਼ ਪਛਾਣੀ
[ਸਫ਼ੇ 16 ਉੱਤੇ ਤਸਵੀਰ]
ਪਰਾਇਆ ਚੋਰੀ-ਛਿਪੇ ਭੇਡਾਂ ਦੇ ਵਾੜੇ ਵਿਚ ਵੜਦਾ ਹੈ
[ਸਫ਼ੇ 18 ਉੱਤੇ ਤਸਵੀਰ]
ਸਾਨੂੰ ਪਰਾਇਆਂ ਦੀ ਆਵਾਜ਼ ਸੁਣ ਕੇ ਕੀ ਕਰਨਾ ਚਾਹੀਦਾ ਹੈ?