ਪਾਠਕਾਂ ਵੱਲੋਂ ਸਵਾਲ
ਯਿਸੂ ਨੇ ਕਾਨਾ ਵਿਚ ਹੋਏ ਇਕ ਵਿਆਹ ਵਿਚ ਆਪਣੇ ਮਾਤਾ ਜੀ ਨੂੰ “ਔਰਤ” ਕਹਿ ਕੇ ਬੁਲਾਇਆ ਸੀ। ਕੀ “ਔਰਤ” ਸ਼ਬਦ ਇਸਤੇਮਾਲ ਕਰ ਕੇ ਯਿਸੂ ਨੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ ਸੀ?—ਯੂਹੰਨਾ 2:4.
ਆਪਣੇ ਬਪਤਿਸਮੇ ਤੋਂ ਕੁਝ ਸਮੇਂ ਬਾਅਦ ਯਿਸੂ ਆਪਣੇ ਚੇਲਿਆਂ ਨਾਲ ਕਾਨਾ ਵਿਚ ਇਕ ਵਿਆਹ ਦੀ ਦਾਅਵਤ ਵਿਚ ਗਿਆ। ਉਸ ਦੇ ਮਾਤਾ ਜੀ ਵੀ ਉੱਥੇ ਸਨ। ਮੈ ਮੁੱਕ ਜਾਣ ਤੇ ਉਸ ਦੀ ਮਾਤਾ ਮਰਿਯਮ ਨੇ ਯਿਸੂ ਨੂੰ ਦੱਸਿਆ: “ਉਨ੍ਹਾਂ ਕੋਲ ਮੈ ਨਾ ਰਹੀ।” ਜਵਾਬ ਵਿਚ ਯਿਸੂ ਨੇ ਆਪਣੇ ਮਾਤਾ ਜੀ ਨੂੰ ਕਿਹਾ: “ਬੀਬੀ ਜੀ, ਮੈਨੂੰ ਤੈਨੂੰ ਕੀ? [“ਮੈਨੂੰ ਤੇਰੇ ਨਾਲ ਕੀ, ਹੇ ਔਰਤ,” NW] ਮੇਰਾ ਸਮਾ ਅਜੇ ਨਹੀਂ ਆਇਆ।”—ਯੂਹੰਨਾ 2:1-4.
ਅੱਜ ਜੇ ਕੋਈ ਆਪਣੇ ਮਾਤਾ ਜੀ ਨੂੰ “ਔਰਤ” ਕਹਿ ਕੇ ਬੁਲਾਵੇ ਤੇ ਕਹੇ “ਮੈਨੂੰ ਤੇਰੇ ਨਾਲ ਕੀ,” ਤਾਂ ਇਹ ਗੱਲ ਬੜੀ ਬੁਰੀ ਸਮਝੀ ਜਾਵੇਗੀ। ਪਰ ਜੇ ਅਸੀਂ ਯਿਸੂ ਦੇ ਸਭਿਆਚਾਰ ਨੂੰ ਧਿਆਨ ਵਿਚ ਰੱਖੀਏ, ਤਾਂ “ਔਰਤ” ਕਹਿ ਕੇ ਯਿਸੂ ਨੇ ਆਪਣੇ ਮਾਤਾ ਜੀ ਦੀ ਬੇਇੱਜ਼ਤੀ ਨਹੀਂ ਕੀਤੀ ਸੀ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਉਸ ਵੇਲੇ ਜਾਂ ਉਸ ਤੋਂ ਪਹਿਲਾਂ ਦੇ ਜ਼ਮਾਨੇ ਦੇ ਲੋਕ ਅਜਿਹੇ ਸ਼ਬਦਾਂ ਨੂੰ ਕਿਵੇਂ ਇਸਤੇਮਾਲ ਕਰਦੇ ਸਨ।
ਵਾਈਨਜ਼ ਐਕਸਪੌਜ਼ੀਟਰੀ ਡਿਕਸ਼ਨਰੀ ਆਫ਼ ਓਲਡ ਐਂਡ ਨਿਊ ਟੈਸਟਾਮੈਂਟ ਵਰਡਜ਼ ਵਿਚ ਸ਼ਬਦ “ਔਰਤ” ਬਾਰੇ ਕਿਹਾ ਗਿਆ ਹੈ: “ਕਿਸੇ ਔਰਤ ਨੂੰ ਸੰਬੋਧਨ ਕਰਦਿਆਂ ਇਹ ਸ਼ਬਦ ਉਸ ਨੂੰ ਝਿੜਕਣ ਜਾਂ ਤਾੜਨ ਲਈ ਨਹੀਂ ਵਰਤਿਆ ਜਾਂਦਾ ਸੀ, ਸਗੋਂ ਇਸ ਦੁਆਰਾ ਪਿਆਰ ਜਾਂ ਸਤਿਕਾਰ ਦਿਖਾਇਆ ਜਾਂਦਾ ਸੀ।” ਹੋਰ ਕਿਤਾਬਾਂ ਵੀ ਇਸ ਗੱਲ ਨਾਲ ਸਹਿਮਤ ਹਨ। ਉਦਾਹਰਣ ਲਈ, ਦੀ ਐਂਕਰ ਬਾਈਬਲ ਕਹਿੰਦੀ ਹੈ: ‘ਇਹ ਸ਼ਬਦ ਨਾ ਹੀ ਫਿਟਕਾਰਨ ਲਈ ਤੇ ਨਾ ਹੀ ਬੇਇੱਜ਼ਤ ਕਰਨ ਲਈ ਵਰਤਿਆ ਜਾਂਦਾ ਸੀ ਆਮ ਤੌਰ ਤੇ ਯਿਸੂ ਇਸੇ ਲਹਿਜੇ ਨਾਲ ਔਰਤਾਂ ਨੂੰ ਪਿਆਰ ਨਾਲ ਬੁਲਾਇਆ ਕਰਦਾ ਸੀ।’ ਦ ਨਿਊ ਇੰਟਰਨੈਸ਼ਨਲ ਡਿਕਸ਼ਨਰੀ ਆਫ਼ ਨਿਊ ਟੈਸਟਾਮੈਂਟ ਥੀਓਲਾਜੀ ਵਿਚ ਕਿਹਾ ਗਿਆ ਹੈ ਕਿ ਇਸ ਸ਼ਬਦ ਨੂੰ ਬੇਅਦਬੀ ਕਰਨ ਲਈ ਨਹੀਂ ਵਰਤਿਆ ਜਾਂਦਾ ਸੀ। ਗਰਹਾਰਟ ਕਿਟਲ ਦੀ ਥੀਓਲਾਜੀਕਲ ਡਿਕਸ਼ਨਰੀ ਆਫ਼ ਦ ਨਿਊ ਟੈਸਟਾਮੈਂਟ ਵਿਚ ਕਿਹਾ ਗਿਆ ਹੈ ਕਿ ਇਹ ਸ਼ਬਦ ‘ਕਿਸੇ ਵੀ ਤਰ੍ਹਾਂ ਅਪਮਾਨ ਜਾਂ ਨਿਰਾਦਰ’ ਕਰਨ ਲਈ ਨਹੀਂ ਵਰਤਿਆ ਜਾਂਦਾ ਸੀ। ਇਸ ਲਈ, ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਯਿਸੂ ਨੇ ਆਪਣੇ ਮਾਤਾ ਜੀ ਨੂੰ “ਔਰਤ” ਬੁਲਾ ਕੇ ਉਸ ਦੀ ਬੇਇੱਜ਼ਤੀ ਕੀਤੀ ਸੀ।—ਮੱਤੀ 15:28; ਲੂਕਾ 13:12; ਯੂਹੰਨਾ 4:21; 19:26; 20:13, 15.a
“ਮੈਨੂੰ ਤੇਰੇ ਨਾਲ ਕੀ” ਸ਼ਬਦਾਂ ਬਾਰੇ ਕੀ ਕਿਹਾ ਜਾ ਸਕਦਾ ਹੈ? ਇਹ ਇਕ ਯਹੂਦੀ ਕਹਾਵਤ ਸੀ ਜੋ ਪੁਰਾਣੇ ਸਮਿਆਂ ਵਿਚ ਆਮ ਵਰਤੀ ਜਾਂਦੀ ਸੀ। ਉਦਾਹਰਣ ਲਈ, 2 ਸਮੂਏਲ 16:10 ਵਿਚ, ਦਾਊਦ ਨੇ ਅਬੀਸ਼ਈ ਨੂੰ ਸ਼ਿਮਈ ਦੀ ਜਾਨ ਲੈਣ ਤੋਂ ਰੋਕਦਿਆਂ ਕਿਹਾ ਸੀ: “ਹੇ ਸਰੂਯਾਹ ਦੇ ਪੁੱਤ੍ਰੋ, ਤੁਹਾਡੇ ਨਾਲ ਮੇਰਾ ਕੀ ਕੰਮ ਹੈ? ਉਹ ਨੂੰ ਸਰਾਪ ਦੇਣ ਦਿਓ ਕਿਉਂ ਜੋ ਯਹੋਵਾਹ ਨੇ ਉਹ ਨੂੰ ਆਖਿਆ ਹੈ ਭਈ ਦਾਊਦ ਨੂੰ ਸਰਾਪ ਦੇਹ।” ਇਸੇ ਤਰ੍ਹਾਂ 1 ਰਾਜਿਆਂ 17:18 ਵਿਚ ਲਿਖਿਆ ਹੈ ਕਿ ਸਾਰਫਥ ਦੀ ਵਿਧਵਾ ਨੇ ਜਦੋਂ ਆਪਣੇ ਮੁੰਡੇ ਨੂੰ ਮਰਿਆ ਹੋਇਆ ਪਾਇਆ, ਤਾਂ ਉਸ ਨੇ ਏਲੀਯਾਹ ਨੂੰ ਕਿਹਾ: “ਮੇਰਾ ਤੇਰੇ ਨਾਲ ਕੀ ਕੰਮ ਹੈ ਹੇ ਪਰਮੇਸ਼ੁਰ ਦੇ ਬੰਦੇ? ਕੀ ਤੂੰ ਏਸ ਲਈ ਮੇਰੇ ਕੋਲ ਆਇਆ ਕਿ ਮੇਰੇ ਪਾਪ ਮੈਨੂੰ ਚੇਤੇ ਕਰਾਵੇਂ ਅਤੇ ਮੇਰੇ ਪੁੱਤ੍ਰ ਨੂੰ ਮਾਰ ਸੁੱਟੇਂ?”
ਇਨ੍ਹਾਂ ਉਦਾਹਰਣਾਂ ਤੋਂ ਪਤਾ ਲੱਗਦਾ ਹੈ ਕਿ “ਮੈਨੂੰ ਤੇਰੇ ਨਾਲ ਕੀ” ਸ਼ਬਦ ਨਫ਼ਰਤ ਜਾਂ ਘਮੰਡ ਵਰਗੇ ਜਜ਼ਬਾਤਾਂ ਨੂੰ ਜ਼ਾਹਰ ਕਰਨ ਲਈ ਨਹੀਂ ਵਰਤੇ ਜਾਂਦੇ ਸਨ, ਸਗੋਂ ਕਿਸੇ ਕੰਮ ਦਾ ਇਨਕਾਰ ਕਰਨ ਲਈ ਜਾਂ ਕਿਸੇ ਦੀ ਗੱਲ ਤੇ ਅਸਹਿਮਤੀ ਪ੍ਰਗਟ ਕਰਨ ਲਈ ਵਰਤੇ ਜਾਂਦੇ ਸਨ। ਤਾਂ ਫਿਰ ਮਰਿਯਮ ਨੂੰ ਕਹੇ ਯਿਸੂ ਦੇ ਸ਼ਬਦਾਂ ਦਾ ਕੀ ਮਤਲਬ ਸੀ?
ਜਦੋਂ ਮਰਿਯਮ ਨੇ ਯਿਸੂ ਨੂੰ ਕਿਹਾ ਕਿ “ਉਨ੍ਹਾਂ ਕੋਲ ਮੈ ਨਾ ਰਹੀ,” ਤਾਂ ਉਹ ਯਿਸੂ ਨੂੰ ਸਿਰਫ਼ ਇਸ ਬਾਰੇ ਦੱਸ ਹੀ ਨਹੀਂ ਰਹੀ ਸੀ, ਸਗੋਂ ਉਸ ਨੂੰ ਇਸ ਬਾਰੇ ਕੁਝ ਕਰਨ ਲਈ ਕਹਿ ਰਹੀ ਸੀ। ਯਿਸੂ ਨੇ ਇਸ ਕੰਮ ਤੋਂ ਇਨਕਾਰ ਕਰਨ ਲਈ ਇਹ ਮੁਹਾਵਰਾ ਵਰਤਿਆ ਤੇ ਕਿਹਾ: “ਮੇਰਾ ਸਮਾ ਅਜੇ ਨਹੀਂ ਆਇਆ।”
ਸੰਨ 29 ਈ. ਵਿਚ ਬਪਤਿਸਮਾ ਲੈਣ ਅਤੇ ਮਸਹ ਹੋਣ ਤੋਂ ਬਾਅਦ ਯਿਸੂ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਸੀ ਕਿ ਪਰਮੇਸ਼ੁਰ ਉਸ ਤੋਂ ਚਾਹੁੰਦਾ ਸੀ ਕਿ ਉਹ ਮਸੀਹਾ ਹੋਣ ਦੇ ਨਾਤੇ ਆਪਣੀ ਮੌਤ ਤਕ ਵਫ਼ਾਦਾਰ ਰਹੇ, ਦੁਬਾਰਾ ਜੀ ਉੱਠੇ ਤੇ ਮੁੜ ਸਵਰਗ ਵਿਚ ਮਹਿਮਾ ਪਾਵੇ। “ਮਨੁੱਖ ਦਾ ਪੁੱਤ੍ਰ ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ ਅਤੇ ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ।” (ਮੱਤੀ 20:28) ਜਿਉਂ-ਜਿਉਂ ਯਿਸੂ ਦੇ ਮਰਨ ਦਾ ਵੇਲਾ ਨੇੜੇ ਆਇਆ, ਉਸ ਨੇ ਇਹ ਗੱਲ ਬਿਲਕੁਲ ਸਪੱਸ਼ਟ ਕਰ ਦਿੱਤੀ: “ਵੇਲਾ ਆ ਪੁੱਜਿਆ ਹੈ।” (ਯੂਹੰਨਾ 12:1, 23; 13:1) ਇਸ ਲਈ ਆਪਣੀ ਮੌਤ ਦੀ ਰਾਤ ਪ੍ਰਾਰਥਨਾ ਵਿਚ ਯਿਸੂ ਨੇ ਕਿਹਾ: “ਹੇ ਪਿਤਾ ਘੜੀ ਆ ਪਹੁੰਚੀ ਹੈ। ਆਪਣੇ ਪੁੱਤ੍ਰ ਦੀ ਵਡਿਆਈ ਕਰ ਤਾਂ ਜੋ ਪੁੱਤ੍ਰ ਤੇਰੀ ਵਡਿਆਈ ਕਰੇ।” (ਯੂਹੰਨਾ 17:1) ਅਤੇ ਅਖ਼ੀਰ ਵਿਚ ਜਦੋਂ ਭੀੜ ਉਸ ਨੂੰ ਫੜਨ ਗਥਸਮਨੀ ਦੇ ਬਾਗ਼ ਵਿਚ ਆ ਪਹੁੰਚੀ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਨੀਂਦ ਤੋਂ ਜਗਾਉਂਦਿਆਂ ਕਿਹਾ: “ਘੜੀ ਆ ਢੁੱਕੀ। ਵੇਖੋ ਮਨੁੱਖ ਦਾ ਪੁੱਤ੍ਰ ਪਾਪੀਆਂ ਦੇ ਹੱਥਾਂ ਵਿੱਚ ਫੜਵਾਇਆ ਜਾਂਦਾ ਹੈ।”—ਮਰਕੁਸ 14:41.
ਪਰ ਕਾਨਾ ਵਿਚ ਵਿਆਹ ਦੇ ਸਮੇਂ ਯਿਸੂ ਨੇ ਮਸੀਹਾ ਵਜੋਂ ਆਪਣਾ ਕੰਮ ਅਜੇ ਸ਼ੁਰੂ ਹੀ ਕੀਤਾ ਸੀ ਤੇ ਉਸ ਦਾ “ਸਮਾ” ਅਜੇ ਨਹੀਂ ਆਇਆ ਸੀ। ਉਸ ਦਾ ਮੁੱਖ ਕੰਮ ਆਪਣੇ ਪਿਤਾ ਦੇ ਤਰੀਕੇ ਤੇ ਸਮੇਂ ਅਨੁਸਾਰ ਉਸ ਦੀ ਇੱਛਾ ਪੂਰੀ ਕਰਨਾ ਸੀ ਅਤੇ ਕੋਈ ਵੀ ਉਸ ਦੇ ਕੰਮ ਵਿਚ ਦਖ਼ਲਅੰਦਾਜ਼ੀ ਨਹੀਂ ਕਰ ਸਕਦਾ ਸੀ। ਆਪਣੇ ਮਾਤਾ ਜੀ ਨੂੰ ਇਹ ਗੱਲ ਦੱਸਦਿਆਂ ਉਹ ਉਨ੍ਹਾਂ ਨਾਲ ਗੁਸਤਾਖ਼ੀ ਨਾਲ ਨਹੀਂ ਬੋਲਿਆ ਸੀ। ਮਰਿਯਮ ਨੂੰ ਵੀ ਉਸ ਦੀ ਗੱਲ ਬੁਰੀ ਨਹੀਂ ਲੱਗੀ ਸੀ ਜਾਂ ਉਸ ਨੇ ਕੋਈ ਬੇਇੱਜ਼ਤੀ ਮਹਿਸੂਸ ਨਹੀਂ ਕੀਤੀ ਸੀ। ਅਸਲ ਵਿਚ ਯਿਸੂ ਦੀ ਗੱਲ ਸਮਝਦੇ ਹੋਏ, ਮਰਿਯਮ ਨੇ ਨੌਕਰਾਂ ਨੂੰ ਕਿਹਾ: “ਜੋ ਕੁਝ ਉਹ ਤੁਹਾਨੂੰ ਕਹੇ ਸੋ ਕਰੋ।” ਆਪਣੇ ਮਾਤਾ ਜੀ ਦੀ ਗੱਲ ਨੂੰ ਅਣਗੌਲਿਆਂ ਕਰਨ ਦੀ ਬਜਾਇ, ਯਿਸੂ ਨੇ ਮਸੀਹਾ ਵਜੋਂ ਪਹਿਲਾ ਚਮਤਕਾਰ ਕੀਤਾ। ਉਸ ਨੇ ਪਾਣੀ ਨੂੰ ਵਧੀਆ ਕੁਆਲਟੀ ਦੀ ਮੈ ਵਿਚ ਬਦਲ ਦਿੱਤਾ। ਇਸ ਤਰ੍ਹਾਂ ਉਸ ਨੇ ਆਪਣੇ ਪਿਤਾ ਦੀ ਇੱਛਾ ਨੂੰ ਵੀ ਧਿਆਨ ਵਿਚ ਰੱਖਿਆ ਤੇ ਆਪਣੇ ਮਾਤਾ ਜੀ ਦੀ ਗੱਲ ਵੀ ਪੂਰੀ ਕੀਤੀ।—ਯੂਹੰਨਾ 2:5-11.
[ਸਫ਼ਾ 31 ਉੱਤੇ ਤਸਵੀਰ]
ਯਿਸੂ ਨੇ ਆਪਣੇ ਮਾਤਾ ਜੀ ਨਾਲ ਪਿਆਰ ਨਾਲ ਪਰ ਦ੍ਰਿੜ੍ਹ ਹੋ ਕੇ ਗੱਲ ਕੀਤੀ
[ਫੁਟਨੋਟ]
a ਇਨ੍ਹਾਂ ਆਇਤਾਂ ਵਿਚ ਮਾਤਾ ਜੀ ਅਤੇ ਬੀਬੀ ਜੀ ਲਈ ਯੂਨਾਨੀ ਵਿਚ ਔਰਤ ਸ਼ਬਦ ਇਸਤੇਮਾਲ ਕੀਤਾ ਗਿਆ ਹੈ।