ਯਹੋਵਾਹ ਦਾ ਬਚਨ ਜੀਉਂਦਾ ਹੈ
ਯੂਹੰਨਾ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
ਯਿਸੂ ਦੀ ਜ਼ਿੰਦਗੀ ਤੇ ਸੇਵਕਾਈ ਨੂੰ ਕਲਮਬੱਧ ਕਰਨ ਵਾਲਾ ਅਖ਼ੀਰਲਾ ਇਨਸਾਨ ਯੂਹੰਨਾ ਸੀ। ਯੂਹੰਨਾ ਯਿਸੂ ਦਾ ਉਹੋ ਚੇਲਾ ਸੀ “ਜਿਹ ਨੂੰ ਯਿਸੂ ਪਿਆਰ ਕਰਦਾ ਸੀ।” (ਯੂਹੰ. 21:20) ਯੂਹੰਨਾ ਦੀ ਇੰਜੀਲ ਲਗਭਗ 98 ਈ. ਵਿਚ ਲਿਖੀ ਗਈ ਸੀ ਅਤੇ ਇਸ ਵਿਚ ਯਿਸੂ ਬਾਰੇ ਉਹ ਜਾਣਕਾਰੀ ਮਿਲਦੀ ਹੈ ਜੋ ਬਾਕੀ ਤਿੰਨ ਇੰਜੀਲਾਂ ਵਿਚ ਪੜ੍ਹਨ ਨੂੰ ਨਹੀਂ ਮਿਲਦੀ।
ਯੂਹੰਨਾ ਰਸੂਲ ਨੇ ਆਪਣੀ ਇੰਜੀਲ ਇਕ ਖ਼ਾਸ ਮਕਸਦ ਲਈ ਲਿਖੀ। ਉਸ ਨੇ ਆਪਣੇ ਦਰਜ ਕੀਤੇ ਸ਼ਬਦਾਂ ਬਾਰੇ ਕਿਹਾ: “ਏਹ ਇਸ ਲਈ ਲਿਖੇ ਗਏ ਹਨ ਭਈ ਤੁਸੀਂ ਪਰਤੀਤ ਕਰੋ ਕਿ ਯਿਸੂ ਜਿਹੜਾ ਹੈ ਉਹੋ ਮਸੀਹ ਪਰਮੇਸ਼ੁਰ ਦਾ ਪੁੱਤ੍ਰ ਹੈ, ਨਾਲੇ ਪਰਤੀਤ ਕਰ ਕੇ ਉਹ ਦੇ ਨਾਮ ਤੋਂ ਜੀਉਣ ਨੂੰ ਪ੍ਰਾਪਤ ਕਰੋ।” (ਯੂਹੰ. 20:31) ਵਾਕਈ, ਇਹ ਗੱਲਾਂ ਸਾਡੇ ਲਈ ਬਹੁਤ ਲਾਭਦਾਇਕ ਹਨ।—ਇਬ. 4:12.
“ਵੇਖੋ ਪਰਮੇਸ਼ੁਰ ਦਾ ਲੇਲਾ”
ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਿਸੂ ਨੂੰ ਆਉਂਦਿਆਂ ਵੇਖਿਆ ਤੇ ਬੜੇ ਵਿਸ਼ਵਾਸ ਨਾਲ ਕਿਹਾ: “ਵੇਖੋ ਪਰਮੇਸ਼ੁਰ ਦਾ ਲੇਲਾ ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ!” (ਯੂਹੰ. 1:29) ਯਿਸੂ ਨੇ ਪ੍ਰਚਾਰ ਤੇ ਸਿੱਖਿਆ ਦੇਣ ਦਾ ਕੰਮ ਸਾਮਰਿਯਾ, ਗਲੀਲ, ਯਹੂਦਿਯਾ ਤੇ ਯਰਦਨ ਨਦੀ ਦੇ ਪੂਰਬ ਵੱਲ ਕੀਤਾ। ਨਾਲੇ ਉਸ ਨੇ ਚਮਤਕਾਰ ਵੀ ਕੀਤੇ ਜਿਸ ਕਰਕੇ ‘ਬਥੇਰੇ ਉਸ ਕੋਲ ਆਏ ਅਰ ਬਹੁਤਿਆਂ ਨੇ ਉਸ ਉੱਤੇ ਨਿਹਚਾ ਕੀਤੀ।’—ਯੂਹੰ. 10:41, 42.
ਲੋਕਾਂ ਨੂੰ ਹੈਰਾਨ ਕਰ ਦੇਣ ਵਾਲਾ ਯਿਸੂ ਦਾ ਇਕ ਚਮਤਕਾਰ ਸੀ ਲਾਜ਼ਰ ਨੂੰ ਮੌਤ ਦੀ ਨੀਂਦ ਤੋਂ ਜਗਾਉਣਾ। ਜਦੋਂ ਲੋਕਾਂ ਨੇ ਦੇਖਿਆ ਕਿ ਯਿਸੂ ਨੇ ਚਾਰ ਦਿਨਾਂ ਤੋਂ ਮੌਤ ਦੀ ਨੀਂਦ ਸੁੱਤੇ ਲਾਜ਼ਰ ਨੂੰ ਜੀ ਉਠਾਇਆ, ਤਾਂ ਬਹੁਤ ਸਾਰੇ ਲੋਕਾਂ ਨੇ ਯਿਸੂ ʼਤੇ ਨਿਹਚਾ ਕੀਤੀ। ਲੇਕਿਨ ਪ੍ਰਧਾਨ ਜਾਜਕਾਂ ਤੇ ਫ਼ਰੀਸੀਆਂ ਨੇ ਯਿਸੂ ਨੂੰ ਜਾਨੋਂ ਮਾਰਨ ਦਾ ਮਨ ਬਣਾਇਆ। ਇਸ ਲਈ ਯਿਸੂ ਉੱਥੋਂ ਨਿਕਲ ਕੇ “ਉਜਾੜ ਦੇ ਲਾਗੇ ਦੇ ਦੇਸ ਵਿੱਚ ਇਫ਼ਰਾਈਮ ਕਰਕੇ ਇੱਕ ਨਗਰ ਨੂੰ ਗਿਆ।”—ਯੂਹੰ. 11:53, 54.
ਕੁਝ ਸਵਾਲਾਂ ਦੇ ਜਵਾਬ:
1:35, 40—ਅੰਦ੍ਰਿਯਾਸ ਤੋਂ ਇਲਾਵਾ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਨਾਲ ਹੋਰ ਕਿਹੜਾ ਚੇਲਾ ਖੜ੍ਹਾ ਸੀ? ਲਿਖਣ ਵਾਲੇ ਨੇ ਹਮੇਸ਼ਾ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਇੰਜੀਲ ਵਿਚ “ਯੂਹੰਨਾ” ਕਿਹਾ ਅਤੇ ਆਪਣੇ ਨਾਂ ਦਾ ਕਦੇ ਵੀ ਜ਼ਿਕਰ ਨਹੀਂ ਕੀਤਾ। ਇਸ ਲਈ ਲੱਗਦਾ ਹੈ ਕਿ ਗੁਮਨਾਮ ਚੇਲਾ ਇੰਜੀਲ ਲਿਖਣ ਵਾਲਾ ਯੂਹੰਨਾ ਸੀ।
2:20—“ਛਿਤਾਹਲੀਆਂ ਵਰਿਹਾਂ ਵਿੱਚ” ਕਿਹੜੀ ਹੈਕਲ ਉਸਾਰੀ ਗਈ ਸੀ? ਇਸ ਆਇਤ ਵਿਚ ਯਹੂਦੀ ਦੁਬਾਰਾ ਬਣਾਈ ਗਈ ਜ਼ਰੁੱਬਾਬਲ ਦੀ ਹੈਕਲ ਬਾਰੇ ਗੱਲ ਕਰ ਰਹੇ ਸੀ ਜਿਸ ਦੀ ਉਸਾਰੀ ਦਾ ਕੰਮ ਯਹੂਦਿਯਾ ਦੇ ਰਾਜਾ ਹੇਰੋਦੇਸ ਨੇ ਸ਼ੁਰੂ ਕਰਵਾਇਆ। ਇਤਿਹਾਸਕਾਰ ਜੋਸੀਫ਼ਸ ਦੇ ਅਨੁਸਾਰ ਇਹ ਕੰਮ ਹੇਰੋਦੇਸ ਦੇ ਰਾਜ-ਕਾਲ ਦੇ 18ਵੇਂ ਵਰ੍ਹੇ ਜਾਂ 18/17 ਈ. ਪੂ. ਵਿਚ ਸ਼ੁਰੂ ਹੋਇਆ ਸੀ। ਹੈਕਲ ਦਾ ਪਵਿੱਤਰ ਸਥਾਨ ਅਤੇ ਹੋਰ ਮੁੱਖ ਢਾਂਚੇ ਉਸਾਰਨ ਦਾ ਕੰਮ ਅੱਠ ਸਾਲਾਂ ਵਿਚ ਮੁਕਾਇਆ ਗਿਆ ਸੀ। ਲੇਕਿਨ ਹੈਕਲ ਉਸਾਰਨ ਦਾ ਬਾਕੀ ਕੰਮ 30 ਈ. ਦੇ ਪਸਾਹ ਦੇ ਤਿਉਹਾਰ ਤੋਂ ਬਾਅਦ ਵੀ ਜਾਰੀ ਰਿਹਾ। ਇਸ ਲਈ ਯਹੂਦੀਆਂ ਨੇ ਯਿਸੂ ਨੂੰ ਕਿਹਾ ਕਿ ਹੈਕਲ ਨੂੰ ਉਸਾਰਨ ਲਈ 46 ਸਾਲ ਲੱਗੇ।
5:14—ਕੀ ਪਾਪ ਕਰਨ ਨਾਲ ਇਨਸਾਨ ਬੀਮਾਰ ਪੈ ਜਾਂਦਾ ਹੈ? ਹਮੇਸ਼ਾ ਨਹੀਂ। ਯਿਸੂ ਨੇ ਜਿਸ ਬੰਦੇ ਨੂੰ ਰਾਜ਼ੀ ਕੀਤਾ ਸੀ, ਉਹ ਜਨਮ ਤੋਂ ਹੀ ਯਾਨੀ 38 ਸਾਲਾਂ ਤੋਂ ਬੀਮਾਰ ਸੀ। (ਯੂਹੰ. 5:1-9) ਕਿਉਂਕਿ ਉਸ ਬੰਦੇ ʼਤੇ ਦਇਆ ਕੀਤੀ ਗਈ ਸੀ, ਇਸ ਲਈ ਯਿਸੂ ਦੇ ਕਹਿਣ ਦਾ ਮਤਲਬ ਸੀ ਕਿ ਹੁਣ ਉਸ ਬੰਦੇ ਨੂੰ ਰੱਬ ਦੇ ਰਾਹ ਉੱਤੇ ਚੱਲਣਾ ਚਾਹੀਦਾ ਸੀ ਤੇ ਜਾਣ-ਬੁੱਝ ਕੇ ਪਾਪ ਨਹੀਂ ਕਰਨਾ ਚਾਹੀਦਾ ਸੀ। ਨਹੀਂ ਤਾਂ ਬੀਮਾਰੀ ਤੋਂ ਬੁਰੀ ਬਿਪਤਾ ਉਸ ਤੇ ਆ ਸਕਦੀ ਸੀ। ਕਿਹੜੀ ਬਿਪਤਾ? ਉਹ ਅਜਿਹਾ ਪਾਪ ਕਰ ਸਕਦਾ ਸੀ ਜਿਸ ਦੀ ਕੋਈ ਮਾਫ਼ੀ ਨਹੀਂ, ਜਿਸ ਦੀ ਸਜ਼ਾ ਮੌਤ ਦੀ ਉਹ ਨੀਂਦ ਹੈ ਜਿਸ ਤੋਂ ਅੱਖ ਕਦੇ ਨਾ ਖੁੱਲ੍ਹੇਗੀ।—ਮੱਤੀ 12:31, 32; ਲੂਕਾ 12:10; ਇਬ. 10:26, 27.
5:24, 25—‘ਮੌਤ ਤੋਂ ਪਾਰ ਲੰਘ ਕੇ ਜੀਉਣ ਵਿੱਚ ਜਾ ਪਹੁੰਚਣ’ ਵਾਲੇ ਕੌਣ ਹਨ? ਯਿਸੂ ਉਨ੍ਹਾਂ ਲੋਕਾਂ ਬਾਰੇ ਗੱਲ ਕਰ ਰਿਹਾ ਸੀ ਜੋ ਕਦੇ ਪਰਮੇਸ਼ੁਰ ਤੋਂ ਦੂਰ ਸਨ, ਪਰ ਯਿਸੂ ਦੀ ਸਿੱਖਿਆ ਉੱਤੇ ਚੱਲਣ ਤੋਂ ਬਾਅਦ ਉਹ ਗ਼ਲਤ ਰਾਹ ਛੱਡ ਕੇ ਪਰਮੇਸ਼ੁਰ ਉੱਤੇ ਨਿਹਚਾ ਕਰਨ ਲੱਗੇ। ਉਹ ਇਸ ਅਰਥ ਵਿਚ ‘ਮੌਤ ਤੋਂ ਪਾਰ ਲੰਘ ਕੇ ਜੀਉਣ ਵਿੱਚ ਜਾ ਪਹੁੰਚਦੇ’ ਹਨ ਕਿ ਉਨ੍ਹਾਂ ʼਤੇ ਹੁਣ ਮੌਤ ਦੀ ਸਜ਼ਾ ਨਾ ਰਹੀ ਤੇ ਪਰਮੇਸ਼ੁਰ ਉੱਤੇ ਨਿਹਚਾ ਕਰਨ ਕਰਕੇ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਜੀਉਣ ਦੀ ਉਮੀਦ ਦਿੱਤੀ ਗਈ ਹੈ।—1 ਪਤ. 4:3-6.
5:26; 6:53—“ਆਪ ਵਿੱਚ ਜੀਉਣ” ਹੋਣ ਦਾ ਕੀ ਮਤਲਬ ਹੈ? ਯਿਸੂ ਮਸੀਹ ਨੂੰ ਯਹੋਵਾਹ ਨੇ ਦੋ ਖ਼ਾਸ ਕੰਮ ਕਰਨ ਦੀ ਯੋਗਤਾ ਬਖ਼ਸ਼ੀ ਹੈ। ਇਕ ਤਾਂ ਇਹ ਕਿ ਯਿਸੂ ਨੇ ਇਨਸਾਨਾਂ ਲਈ ਯਹੋਵਾਹ ਨਾਲ ਇਕ ਚੰਗਾ ਰਿਸ਼ਤਾ ਰੱਖਣਾ ਮੁਮਕਿਨ ਬਣਾਇਆ ਹੈ ਤੇ ਦੂਜਾ, ਯਿਸੂ ਕੋਲ ਮੁਰਦਿਆਂ ਨੂੰ ਜੀ ਉਠਾਉਣ ਦੀ ਸ਼ਕਤੀ ਹੈ। ਯਿਸੂ ਦੇ ਚੇਲਿਆਂ ਲਈ “ਆਪ ਵਿੱਚ ਜੀਉਣ” ਹੋਣ ਦਾ ਮਤਲਬ ਹੈ ਕਿ ਉਹ ਸਦਾ ਲਈ ਜੀਣਗੇ। ਮਸਹ ਕੀਤੇ ਹੋਏ ਮਸੀਹੀ ਜੀ ਉੱਠਣ ʼਤੇ ਸਵਰਗ ਵਿਚ ਸਦਾ ਲਈ ਜੀਣਗੇ। ਧਰਤੀ ʼਤੇ ਹਮੇਸ਼ਾ ਲਈ ਜੀਣ ਦੀ ਉਮੀਦ ਰੱਖਣ ਵਾਲਿਆਂ ਲਈ ਇਹ ਉਮੀਦ ਉਦੋਂ ਹੀ ਹਕੀਕਤ ਬਣੇਗੀ ਜਦੋਂ ਉਹ ਯਿਸੂ ਦੇ ਹਜ਼ਾਰ ਸਾਲਾਂ ਦੇ ਰਾਜ ਦੇ ਅੰਤ ਵਿਚ ਹੋਣ ਵਾਲੀ ਪਰੀਖਿਆ ਪਾਸ ਕਰ ਲੈਣਗੇ।—1 ਕੁਰਿੰ. 15:52, 53; ਪਰ. 20:5, 7-10.
6:64—ਕੀ ਯਿਸੂ ਨੂੰ ਯਹੂਦਾ ਇਸਕਰਿਯੋਤੀ ਦੇ ਚੇਲਾ ਬਣਨ ਵੇਲੇ ਹੀ ਪਤਾ ਸੀ ਕਿ ਯਹੂਦਾ ਨੇ ਉਸ ਨੂੰ ਦਗ਼ਾ ਦੇਣਾ ਸੀ? ਲੱਗਦਾ ਨਹੀਂ ਕਿ ਯਿਸੂ ਇਸ ਬਾਰੇ ਜਾਣਦਾ ਸੀ। ਲੇਕਿਨ 32 ਈ. ਤਕ ਉਸ ਨੂੰ ਯਹੂਦਾ ਦੀ ਬੇਵਫ਼ਾਈ ਦੇ ਸ਼ੁਰੂਆਤ ਬਾਰੇ ਪਤਾ ਚੱਲ ਗਿਆ ਸੀ। ਉਸ ਸਮੇਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਤੁਹਾਡੇ ਵਿੱਚੋਂ ਇੱਕ ਜਣਾ ਸ਼ਤਾਨ ਹੈ!” ਹੋ ਸਕਦਾ ਹੈ ਕਿ ਯਿਸੂ ਨੇ ਦੇਖਿਆ ਕਿ ਯਹੂਦਾ ਕੁਰਾਹੇ ਪੈਣਾ ਸ਼ੁਰੂ ਹੋ ਗਿਆ ਸੀ। ਇਸ ਸਮੇਂ ਦੇ “ਮੂੱਢੋਂ” ਉਹ ਜਾਣ ਗਿਆ ਕਿ ਯਹੂਦਾ ਉਸ ਨਾਲ ਦਗ਼ਾ ਕਰੇਗਾ।—ਯੂਹੰ. 6:66-71.
ਸਾਡੇ ਲਈ ਸਬਕ:
2:4. ਯਿਸੂ ਆਪਣੀ ਮਾਤਾ ਮਰਿਯਮ ਨੂੰ ਦੱਸ ਰਿਹਾ ਸੀ ਕਿ ਬਪਤਿਸਮੇ ਤੋਂ ਬਾਅਦ ਪਰਮੇਸ਼ੁਰ ਦਾ ਮਸਹ ਕੀਤਾ ਹੋਇਆ ਪੁੱਤਰ ਹੋਣ ਦੇ ਨਾਤੇ, ਉਸ ਨੂੰ ਹੁਣ ਤੋਂ ਆਪਣੇ ਪਿਤਾ ਯਹੋਵਾਹ ਦੀ ਸੇਧ ਵਿਚ ਚੱਲਣ ਦੀ ਲੋੜ ਸੀ। ਭਾਵੇਂ ਯਿਸੂ ਨੇ ਅਜੇ ਪ੍ਰਚਾਰ ਕਰਨਾ ਸ਼ੁਰੂ ਹੀ ਕੀਤਾ ਸੀ, ਪਰ ਉਸ ਨੂੰ ਪਤਾ ਸੀ ਕਿ ਧਰਤੀ ʼਤੇ ਆਪਣੇ ਪਿਤਾ ਦੀ ਮਰਜ਼ੀ ਪੂਰੀ ਕਰਨ ਲਈ ਉਸ ਕੋਲ ਕਿੰਨਾ ਕੁ ਸਮਾਂ ਸੀ। ਕੋਈ ਵੀ ਉਸ ਨੂੰ ਇਹ ਕੰਮ ਪੂਰਾ ਕਰਨ ਤੋਂ ਨਹੀਂ ਰੋਕ ਸਕਦਾ ਸੀ, ਇੱਥੋਂ ਤਕ ਕਿ ਉਸ ਦੀ ਮਾਤਾ ਵੀ ਨਹੀਂ। ਸਾਨੂੰ ਵੀ ਠਾਣ ਲੈਣਾ ਚਾਹੀਦਾ ਹੈ ਕਿ ਯਹੋਵਾਹ ਦੀ ਸੇਵਾ ਕਰਨ ਤੋਂ ਸਾਨੂੰ ਕੋਈ ਨਹੀਂ ਰੋਕ ਸਕੇਗਾ।
3:1-9. ਯਹੂਦੀਆਂ ਦੇ ਸਰਦਾਰ ਨਿਕੁਦੇਮੁਸ ਦੀ ਉਦਾਹਰਣ ਤੋਂ ਅਸੀਂ ਦੋ ਸਬਕ ਸਿੱਖ ਸਕਦੇ ਹਾਂ। ਪਹਿਲਾ ਸਬਕ—ਨਿਕੁਦੇਮੁਸ ਨੇ ਨਿਮਰਤਾ ਤੇ ਸਮਝਦਾਰੀ ਦਿਖਾਈ ਜਦੋਂ ਉਸ ਨੇ ਦੇਖਿਆ ਕਿ ਯਿਸੂ ਪਰਮੇਸ਼ੁਰ ਵੱਲੋਂ ਘੱਲਿਆ ਗੁਰੂ ਸੀ ਅਤੇ ਉਸ ਨੇ ਉਸ ਤੋਂ ਸਿੱਖਿਆ ਲਈ ਹਾਲਾਂਕਿ ਉਹ ਜਾਣਦਾ ਸੀ ਕਿ ਯਿਸੂ ਗ਼ਰੀਬ ਤਰਖਾਣ ਦਾ ਪੁੱਤਰ ਸੀ। ਅੱਜ ਵੀ ਮਸੀਹੀਆਂ ਲਈ ਨਿਮਰ ਹੋਣਾ ਜ਼ਰੂਰੀ ਹੈ। ਦੂਜਾ ਸਬਕ—ਜਦ ਯਿਸੂ ਧਰਤੀ ਉੱਤੇ ਸੀ, ਤਾਂ ਨਿਕੁਦੇਮੁਸ ਉਸ ਦਾ ਚੇਲਾ ਨਹੀਂ ਬਣਿਆ। ਸ਼ਾਇਦ ਉਹ ਦੂਜਿਆਂ ਤੋਂ ਡਰਦਾ ਸੀ, ਜਾਂ ਉਸ ਨੂੰ ਆਪਣੀ ਪਦਵੀ ਜ਼ਿਆਦਾ ਪਿਆਰੀ ਸੀ, ਜਾਂ ਫਿਰ ਉਸ ਦਾ ਪੈਸਿਆਂ ਨਾਲ ਮੋਹ ਸੀ। ਸਾਨੂੰ ਇਨ੍ਹਾਂ ਗੱਲਾਂ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਸਾਨੂੰ ‘ਰੋਜ਼ ਆਪਣੀ ਸਲੀਬ ਚੁੱਕਣ ਤੇ ਯਿਸੂ ਪਿੱਛੇ ਚਲਣ’ ਤੋਂ ਰੋਕ ਸਕਦੀਆਂ ਹਨ।—ਲੂਕਾ 9:23.
4:23, 24. ਯਹੋਵਾਹ ਨੂੰ ਸਾਡੀ ਭਗਤੀ ਤਾਹੀਓਂ ਮਨਜ਼ੂਰ ਹੈ ਜੇ ਇਹ ਬਾਈਬਲ ʼਤੇ ਆਧਾਰਿਤ ਹੈ ਅਤੇ ਪਵਿੱਤਰ ਆਤਮਾ ਦੀ ਸੇਧ ਅਨੁਸਾਰ ਹੈ।
6:27. ‘ਸਦੀਪਕ ਜੀਉਣ ਤੀਕਰ ਰਹਿਣ ਵਾਲੇ ਭੋਜਨ’ ਲਈ ਮਿਹਨਤ ਕਰਨ ਦਾ ਮਤਲਬ ਹੈ ਕਿ ਅਸੀਂ ਪਰਮੇਸ਼ੁਰ ਦੇ ਗਿਆਨ ਨੂੰ ਹਮੇਸ਼ਾ ਲੈਂਦੇ ਰਹਿੰਦੇ ਹਾਂ। ਧੰਨ ਉਹ ਇਨਸਾਨ ਹੈ ਜੋ ਇਸ ਤਰ੍ਹਾਂ ਕਰਦਾ ਹੈ!—ਮੱਤੀ 5:3.
6:44. ਯਹੋਵਾਹ ਸਾਡੀ ਪਰਵਾਹ ਕਰਦਾ ਹੈ। ਪ੍ਰਚਾਰ ਦੇ ਕੰਮ ਰਾਹੀਂ ਉਹ ਸਾਨੂੰ ਆਪਣੇ ਪੁੱਤਰ ਦੇ ਵੱਲ ਖਿੱਚ ਲਿਆਉਂਦਾ ਹੈ ਅਤੇ ਆਪਣੇ ਬਚਨ ਨੂੰ ਸਮਝਣ ਤੇ ਲਾਗੂ ਕਰਨ ਵਿਚ ਸਾਡੀ ਮਦਦ ਕਰਦਾ ਹੈ।
11:33-36. ਹੰਝੂ ਵਹਾਉਣੇ ਕਮਜ਼ੋਰ ਹੋਣ ਦੀ ਨਿਸ਼ਾਨੀ ਨਹੀਂ ਹੈ।
‘ਉਸ ਦੇ ਮਗਰ ਹੋ ਤੁਰੋ’
33 ਈ. ਦੇ ਪਸਾਹ ਦੀ ਤਾਰੀਖ਼ ਨੇੜੇ ਆਉਣ ʼਤੇ ਯਿਸੂ ਬੈਤਅਨੀਆ ਨੂੰ ਵਾਪਸ ਮੁੜਿਆ ਸੀ। ਨੀਸਾਨ 9 ਨੂੰ ਉਹ ਗਧੀ ਦੇ ਬੱਚੇ ʼਤੇ ਸਵਾਰ ਹੋ ਕੇ ਯਰੂਸ਼ਲਮ ਆਇਆ। ਨੀਸਾਨ 10 ਨੂੰ ਉਹ ਹੈਕਲ ਨੂੰ ਫਿਰ ਆਇਆ। ਉਸ ਨੇ ਆਪਣੇ ਪਿਤਾ ਨੂੰ ਦੁਆ ਕੀਤੀ ਕਿ ਉਹ ਆਪਣੇ ਨਾਂ ਨੂੰ ਵਡਿਆਵੇ। ਇਸ ʼਤੇ ਸਵਰਗੋਂ ਬਾਣੀ ਆਈ: “ਮੈਂ ਉਹ ਨੂੰ ਵਡਿਆਈ ਦਿੱਤੀ ਹੈ ਅਰ ਫੇਰ ਵੀ ਦਿਆਂਗਾ।”—ਯੂਹੰ. 12:28.
ਯਿਸੂ ਜਾਣਦਾ ਸੀ ਕਿ ਧਰਤੀ ʼਤੇ ਉਸ ਦਾ ਸਮਾਂ ਥੋੜ੍ਹਾ ਹੀ ਰਹਿੰਦਾ ਸੀ। ਇਸ ਲਈ ਆਪਣੇ ਚੇਲਿਆਂ ਨਾਲ ਪਸਾਹ ਦਾ ਭੋਜਨ ਖਾਣ ਵੇਲੇ ਉਸ ਨੇ ਉਨ੍ਹਾਂ ਨੂੰ ਚੰਗੀ ਨਸੀਹਤ ਦਿੱਤੀ ਤੇ ਉਨ੍ਹਾਂ ਲਈ ਪ੍ਰਾਰਥਨਾ ਵੀ ਕੀਤੀ। ਉਸ ਦੀ ਗਿਰਫ਼ਤਾਰੀ, ਮੁਕੱਦਮੇ ਤੇ ਸੂਲੀ ਦੀ ਸਜ਼ਾ ਤੋਂ ਬਾਅਦ ਯਹੋਵਾਹ ਨੇ ਯਿਸੂ ਨੂੰ ਜੀ ਉਠਾਇਆ।
ਕੁਝ ਸਵਾਲਾਂ ਦੇ ਜਵਾਬ:
14:2—ਯਿਸੂ ਨੇ ਕਿਸ ਤਰ੍ਹਾਂ ਆਪਣੇ ਚੇਲਿਆਂ ਵਾਸਤੇ ਸਵਰਗ ਵਿਚ “ਜਗ੍ਹਾ ਤਿਆਰ” ਕਰਨੀ ਸੀ? “ਜਗ੍ਹਾ ਤਿਆਰ” ਕਰਨ ਵਿਚ ਦੋ ਗੱਲਾਂ ਸ਼ਾਮਲ ਹਨ। ਪਹਿਲੀ ਗੱਲ ਨਵੇਂ ਨੇਮ ਨਾਲ ਸੰਬੰਧ ਰੱਖਦੀ ਹੈ ਜੋ ਨੇਮ ਯਿਸੂ ਨੇ ਉਸ ਵੇਲੇ ਜਾਇਜ਼ ਠਹਿਰਾਇਆ ਜਦੋਂ ਉਹ ਯਹੋਵਾਹ ਅੱਗੇ ਪੇਸ਼ ਹੋਇਆ ਤੇ ਆਪਣੇ ਵਹਾਏ ਲਹੂ ਦੀ ਕੀਮਤ ਭੇਟ ਕੀਤੀ। ਦੂਜੀ ਗੱਲ, ਇਸ ਤਿਆਰੀ ਵਿਚ ਯਿਸੂ ਦਾ ਰਾਜਾ ਬਣਨਾ ਵੀ ਸ਼ਾਮਲ ਸੀ ਕਿਉਂਕਿ ਉਸ ਤੋਂ ਬਾਅਦ ਹੀ ਉਸ ਦੇ ਮਸਹ ਕੀਤੇ ਹੋਏ ਚੇਲਿਆਂ ਨੂੰ ਸਵਰਗੀ ਜੀਵਨ ਲਈ ਜੀ ਉਠਾਇਆ ਜਾਣਾ ਸੀ।—1 ਥੱਸ. 4:14-17; ਇਬ. 9:12, 24-28; 1 ਪਤ. 1:19; ਪਰ. 11:15.
19:11—ਜਦੋਂ ਯਿਸੂ ਨੇ ਪਿਲਾਤੁਸ ਨੂੰ ਕਿਹਾ: “ਜਿਨ ਮੈਨੂੰ ਤੇਰੇ ਹਵਾਲੇ ਕੀਤਾ,” ਤਾਂ ਕੀ ਉਹ ਯਹੂਦਾ ਇਸਕਰਿਯੋਤੀ ਬਾਰੇ ਗੱਲ ਕਰ ਰਿਹਾ ਸੀ? ਨਹੀਂ। ਲੱਗਦਾ ਹੈ ਕਿ ਯਿਸੂ ਦੇ ਮਨ ਵਿਚ ਉਹ ਸਾਰੇ ਇਨਸਾਨ ਸਨ ਜੋ ਉਸ ਨੂੰ ਜਾਨੋਂ ਮਾਰਨ ਦੇ ਦੋਸ਼ੀ ਸਨ। ਇਸ ਵਿਚ ਯਹੂਦਾ, “ਪਰਧਾਨ ਜਾਜਕ ਅਰ ਸਾਰੀ ਮਹਾਸਭਾ” ਅਤੇ ਉਹ ‘ਲੋਕ’ ਵੀ ਸ਼ਾਮਲ ਸਨ ਜੋ ਬਰੱਬਾ ਨੂੰ ਰਿਹਾ ਕਰਵਾਉਣਾ ਚਾਹੁੰਦੇ ਸਨ।—ਮੱਤੀ 26:59-65; 27:1, 2, 20-22.
20:17—ਯਿਸੂ ਨੇ ਮਰਿਯਮ ਨੂੰ ਉਸ ਨੂੰ ਛੋਹਣ ਤੋਂ ਕਿਉਂ ਰੋਕਿਆ ਸੀ? ਮੁਢਲੀ ਯੂਨਾਨੀ ਭਾਸ਼ਾ ਦੀ ਜਿਸ ਕਿਰਿਆ ਦਾ ਅਨੁਵਾਦ ਕਈ ਵਾਰ “ਛੋਹਣਾ” ਕੀਤਾ ਜਾਂਦਾ ਹੈ, ਉਸ ਦਾ ਅਸਲ ਮਤਲਬ ਹੈ “ਘੁੱਟ ਕੇ ਫੜਨਾ,” “ਗਰਿਫਤ ਵਿਚ ਲੈਣਾ,” “ਜੱਫੀ ਪਾਉਣੀ,” “ਚਿੰਬੜਨਾ।” ਮਰਿਯਮ ਨੇ ਇਸ ਤਰ੍ਹਾਂ ਕੀਤਾ ਕਿਉਂਕਿ ਉਸ ਨੂੰ ਲੱਗਾ ਕਿ ਯਿਸੂ ਨੇ ਸਵਰਗ ਨੂੰ ਚਲੇ ਜਾਣਾ ਸੀ ਅਤੇ ਉਹ ਉਸ ਨੂੰ ਫਿਰ ਕਦੇ ਨਹੀਂ ਦੇਖ ਪਾਏਗੀ। ਇਸ ਲਈ ਯਿਸੂ ਨੇ ਉਸ ਨੂੰ ਕਿਹਾ: “ਮੈਨੂੰ ਨਾ ਛੋਹ।” ਮਰਿਯਮ ਨੂੰ ਤਸੱਲੀ ਦੇਣ ਲਈ ਕਿ ਉਹ ਅਜੇ ਕਿਤੇ ਨਹੀਂ ਜਾ ਰਿਹਾ ਸੀ, ਯਿਸੂ ਨੇ ਉਸ ਨੂੰ ਕਿਹਾ ਕਿ ਉਹ ਜਾ ਕੇ ਚੇਲਿਆਂ ਨੂੰ ਉਸ ਦੇ ਜੀ ਉੱਠਣ ਬਾਰੇ ਖ਼ੁਸ਼ ਖ਼ਬਰੀ ਦੇਵੇ।
ਸਾਡੇ ਲਈ ਸਬਕ:
12:36. “ਚਾਨਣ ਦੇ ਪੁੱਤ੍ਰ” ਬਣਨ ਲਈ ਜਾਂ ਰੌਸ਼ਨੀ ਫੈਲਾਉਣ ਲਈ ਜ਼ਰੂਰੀ ਹੈ ਕਿ ਅਸੀਂ ਬਾਈਬਲ ਤੋਂ ਸੱਚਾ ਗਿਆਨ ਲੈਂਦੇ ਰਹੀਏ। ਫਿਰ ਸਾਨੂੰ ਇਸ ਗਿਆਨ ਨੂੰ ਵਰਤਦੇ ਹੋਏ ਦੂਸਰਿਆਂ ਨੂੰ ਵੀ ਇਸ ਹਨੇਰ-ਭਰੇ ਜਗਤ ਵਿੱਚੋਂ ਕੱਢ ਕੇ ਰੱਬ ਦੀ ਰੌਸ਼ਨੀ ਵਿਚ ਲਿਆਉਣਾ ਚਾਹੀਦਾ ਹੈ।
14:6. ਸਿਰਫ਼ ਯਿਸੂ ਮਸੀਹ ਦੇ ਜ਼ਰੀਏ ਹੀ ਅਸੀਂ ਯਹੋਵਾਹ ਦੀ ਮਨਜ਼ੂਰੀ ਪਾ ਸਕਦੇ ਹਾਂ। ਯਿਸੂ ਉੱਤੇ ਨਿਹਚਾ ਕਰ ਕੇ ਅਤੇ ਉਸ ਦੀ ਮਿਸਾਲ ʼਤੇ ਚੱਲ ਕੇ ਅਸੀਂ ਯਹੋਵਾਹ ਦੇ ਨਜ਼ਦੀਕ ਜਾ ਸਕਦੇ ਹਾਂ।—1 ਪਤ. 2:21.
14:15, 21, 23, 24; 15:10. ਰੱਬ ਦੀ ਮਰਜ਼ੀ ਪੂਰੀ ਕਰ ਕੇ ਅਸੀਂ ਉਸ ਦੇ ਅਤੇ ਉਸ ਦੇ ਪੁੱਤਰ ਦੇ ਪਿਆਰ ਵਿਚ ਕਾਇਮ ਰਹਿ ਸਕਦੇ ਹਾਂ।—1 ਯੂਹੰ. 5:3.
14:26; 16:13. ਯਹੋਵਾਹ ਸਾਡਾ ਗੁਰੂ ਹੈ ਤੇ ਉਹ ਆਪਣੀ ਪਵਿੱਤਰ ਆਤਮਾ ਨਾਲ ਸਾਨੂੰ ਸਿੱਖੀਆਂ ਗੱਲਾਂ ਨੂੰ ਯਾਦ ਕਰਨ ਵਿਚ ਮਦਦ ਦਿੰਦਾ ਹੈ। ਉਹ ਇਸ ਸ਼ਕਤੀ ਨਾਲ ਸੱਤ ਦਾ ਬਚਨ ਪ੍ਰਗਟ ਕਰਦਾ ਹੈ ਅਤੇ ਸਾਨੂੰ ਗਿਆਨ, ਬੁੱਧ, ਸੂਝ-ਬੂਝ ਤੇ ਸਮਝਦਾਰੀ ਬਖ਼ਸ਼ਦਾ ਹੈ। ਇਸ ਲਈ ਸਾਨੂੰ ਯਹੋਵਾਹ ਨੂੰ ਪਵਿੱਤਰ ਆਤਮਾ ਲਈ ਦੁਆ ਕਰਦੇ ਰਹਿਣਾ ਚਾਹੀਦਾ ਹੈ।—ਲੂਕਾ 11:5-13.
21:15, 19. ਯਿਸੂ ਨੇ ਪਤਰਸ ਨੂੰ ਪੁੱਛਿਆ ਕਿ ਕੀ ਉਹ ਉਸ ਅੱਗੇ ਪਈਆਂ ਮੱਛੀਆਂ ਨਾਲ ਯਿਸੂ ਨਾਲੋਂ ਜ਼ਿਆਦਾ ਤੇਹ ਕਰਦਾ ਸੀ? ਯਿਸੂ ਨੇ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਪਤਰਸ ਲਈ ਉਸ ਮਗਰ ਚੱਲਣਾ ਮੱਛੀਆਂ ਦਾ ਕਾਰੋਬਾਰ ਚਲਾਉਣ ਨਾਲੋਂ ਜ਼ਿਆਦਾ ਮਹੱਤਵਪੂਰਣ ਸੀ। ਇੰਜੀਲ ਦੇ ਕੁਝ ਖ਼ਾਸ ਨੁਕਤਿਆਂ ਵੱਲ ਧਿਆਨ ਦੇਣ ਤੋਂ ਬਾਅਦ ਆਓ ਆਪਾਂ ਦੁਨੀਆਂ ਦੀ ਕਿਸੇ ਵੀ ਚੀਜ਼ ਨਾਲੋਂ ਯਿਸੂ ਨੂੰ ਜ਼ਿਆਦਾ ਪਿਆਰ ਕਰੀਏ। ਹਾਂ, ਆਓ ਆਪਾਂ ਪੂਰੇ ਦਿਲ ਨਾਲ ਯਿਸੂ ਦੇ ਮਗਰ ਹੋ ਤੁਰੀਏ।
[ਸਫ਼ਾ 31 ਉੱਤੇ ਤਸਵੀਰ]
ਅਸੀਂ ਨਿਕੁਦੇਮੁਸ ਦੀ ਉਦਾਹਰਣ ਤੋਂ ਕੀ ਸਿੱਖਦੇ ਹਾਂ?