ਸਮਾਪਤੀ
“ਉਨ੍ਹਾਂ ਲੋਕਾਂ ਦੀ ਰੀਸ ਕਰੋ ਜਿਹੜੇ ਨਿਹਚਾ ਤੇ ਧੀਰਜ ਦੇ ਰਾਹੀਂ ਪਰਮੇਸ਼ੁਰ ਦੁਆਰਾ ਵਾਅਦਾ ਕੀਤੀਆਂ ਚੀਜ਼ਾਂ ਹਾਸਲ ਕਰਦੇ ਹਨ।”—ਇਬਰਾਨੀਆਂ 6:12.
1, 2. ਸਾਡੇ ਲਈ ਹੁਣ ਆਪਣੀ ਨਿਹਚਾ ਨੂੰ ਮਜ਼ਬੂਤ ਰੱਖਣਾ ਕਿਉਂ ਜ਼ਰੂਰੀ ਹੈ? ਉਦਾਹਰਣ ਦਿਓ।
ਨਿਹਚਾ ਇਕ ਬਹੁਤ ਵਧੀਆ ਗੁਣ ਹੈ। ਜੇ ਸਾਡੇ ਵਿਚ ਇਹ ਗੁਣ ਨਹੀਂ ਹੈ, ਤਾਂ ਸਾਨੂੰ ਹੁਣੇ ਆਪਣੇ ਵਿਚ ਇਹ ਗੁਣ ਪੈਦਾ ਕਰਨਾ ਚਾਹੀਦਾ ਹੈ। ਪਰ ਜੇ ਸਾਡੇ ਵਿਚ ਨਿਹਚਾ ਹੈ, ਤਾਂ ਸਾਨੂੰ ਇਸ ਨੂੰ ਮਜ਼ਬੂਤ ਰੱਖਣ ਦੀ ਲੋੜ ਹੈ। ਕਿਉਂ?
2 ਮੰਨ ਲਓ ਕਿ ਤੁਸੀਂ ਇਕ ਵੱਡੇ ਰੇਗਿਸਤਾਨ ਵਿੱਚੋਂ ਦੀ ਲੰਘ ਰਹੇ ਹੋ। ਪਿਆਸ ਨਾਲ ਤੁਹਾਡੀ ਜਾਨ ਨਿਕਲਦੀ ਜਾ ਰਹੀ ਹੈ। ਜਦੋਂ ਤੁਹਾਨੂੰ ਪਾਣੀ ਮਿਲ ਜਾਂਦਾ ਹੈ, ਤਾਂ ਤੁਹਾਨੂੰ ਇਸ ਨੂੰ ਹਰ ਹਾਲ ਵਿਚ ਧੁੱਪ ਤੋਂ ਬਚਾ ਕੇ ਰੱਖਣ ਦੀ ਲੋੜ ਹੈ। ਫਿਰ ਤੁਹਾਨੂੰ ਆਪਣੀ ਮੰਜ਼ਲ ʼਤੇ ਪਹੁੰਚਣ ਤਕ ਪਾਣੀ ਦੁਬਾਰਾ ਭਰਦੇ ਰਹਿਣ ਦੀ ਲੋੜ ਹੈ। ਅੱਜ ਅਸੀਂ ਅਜਿਹੀ ਦੁਨੀਆਂ ਵਿਚ ਰਹਿੰਦੇ ਹਾਂ ਜਿੱਥੇ ਲੋਕਾਂ ਨੂੰ ਯਹੋਵਾਹ ਦੀ ਭਗਤੀ ਕਰਨ ਵਿਚ ਕੋਈ ਦਿਲਚਸਪੀ ਨਹੀਂ। ਜਿਵੇਂ ਰੇਗਿਸਤਾਨ ਵਿਚ ਪਾਣੀ ਘੱਟ ਮਿਲਦਾ ਹੈ, ਉਸੇ ਤਰ੍ਹਾਂ ਲੋਕਾਂ ਵਿਚ ਨਿਹਚਾ ਦਾ ਗੁਣ ਘੱਟ ਹੀ ਦਿਖਾਈ ਦਿੰਦਾ ਹੈ। ਇਸ ਮਾਹੌਲ ਵਿਚ ਸਾਡੀ ਨਿਹਚਾ ਝੱਟ ਖ਼ਤਮ ਹੋ ਸਕਦੀ ਹੈ ਜੇ ਅਸੀਂ ਇਸ ਨੂੰ ਮਜ਼ਬੂਤ ਰੱਖਣ ਦੀ ਹਰ ਸੰਭਵ ਕੋਸ਼ਿਸ਼ ਨਾ ਕਰੀਏ। ਸੋ ਜਿਵੇਂ ਅਸੀਂ ਪਾਣੀ ਤੋਂ ਬਿਨਾਂ ਜੀਉਂਦੇ ਨਹੀਂ ਰਹਿ ਸਕਦੇ, ਉਸੇ ਤਰ੍ਹਾਂ ਅਸੀਂ ਨਿਹਚਾ ਤੋਂ ਬਿਨਾਂ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਕਾਇਮ ਨਹੀਂ ਰੱਖ ਸਕਦੇ।—ਰੋਮੀ. 1:17.
3. ਯਹੋਵਾਹ ਨੇ ਸਾਡੀ ਨਿਹਚਾ ਪੱਕੀ ਰੱਖਣ ਲਈ ਕੀ ਪ੍ਰਬੰਧ ਕੀਤਾ ਹੈ ਅਤੇ ਸਾਨੂੰ ਕਿਹੜੀਆਂ ਦੋ ਗੱਲਾਂ ਯਾਦ ਰੱਖਣ ਦੀ ਲੋੜ ਹੈ?
3 ਯਹੋਵਾਹ ਜਾਣਦਾ ਹੈ ਕਿ ਸਾਡੇ ਵਿਚ ਨਿਹਚਾ ਦਾ ਗੁਣ ਹੋਣਾ ਕਿੰਨਾ ਜ਼ਰੂਰੀ ਹੈ। ਨਾਲੇ ਉਸ ਨੂੰ ਪਤਾ ਹੈ ਕਿ ਅੱਜ ਸਾਡੇ ਲਈ ਆਪਣੀ ਨਿਹਚਾ ਨੂੰ ਮਜ਼ਬੂਤ ਰੱਖਣਾ ਬੇਹੱਦ ਔਖਾ ਹੈ। ਇਸੇ ਕਰਕੇ ਉਸ ਨੇ ਆਪਣੇ ਬਚਨ ਵਿਚ ਅਜਿਹੇ ਲੋਕਾਂ ਦੀਆਂ ਮਿਸਾਲਾਂ ਦਰਜ ਕਰਾਈਆਂ ਹਨ ਜਿਨ੍ਹਾਂ ਦੀ ਨਿਹਚਾ ਦੀ ਅਸੀਂ ਰੀਸ ਕਰ ਸਕਦੇ ਹਾਂ। ਯਹੋਵਾਹ ਨੇ ਪੌਲੁਸ ਰਸੂਲ ਨੂੰ ਇਹ ਲਿਖਣ ਲਈ ਪ੍ਰੇਰਿਤ ਕੀਤਾ: “ਉਨ੍ਹਾਂ ਲੋਕਾਂ ਦੀ ਰੀਸ ਕਰੋ ਜਿਹੜੇ ਨਿਹਚਾ ਤੇ ਧੀਰਜ ਦੇ ਰਾਹੀਂ ਪਰਮੇਸ਼ੁਰ ਦੁਆਰਾ ਵਾਅਦਾ ਕੀਤੀਆਂ ਚੀਜ਼ਾਂ ਹਾਸਲ ਕਰਦੇ ਹਨ।” (ਇਬ. 6:12) ਇਸੇ ਕਾਰਨ ਯਹੋਵਾਹ ਦਾ ਸੰਗਠਨ ਸਾਨੂੰ ਗੁਜ਼ਾਰਸ਼ ਕਰਦਾ ਹੈ ਕਿ ਅਸੀਂ ਉਨ੍ਹਾਂ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਦੀ ਰੀਸ ਕਰਨ ਦੀ ਹਰ ਕੋਸ਼ਿਸ਼ ਕਰੀਏ ਜਿਨ੍ਹਾਂ ਵਿੱਚੋਂ ਕੁਝ ਬਾਰੇ ਇਸ ਕਿਤਾਬ ਵਿਚ ਚਰਚਾ ਕੀਤੀ ਗਈ ਹੈ। ਸਾਨੂੰ ਹੁਣ ਕੀ ਕਰਨਾ ਚਾਹੀਦਾ ਹੈ? ਆਓ ਦੋ ਗੱਲਾਂ ʼਤੇ ਗੌਰ ਕਰੀਏ: (1) ਸਾਨੂੰ ਆਪਣੀ ਨਿਹਚਾ ਪੱਕੀ ਕਰਦੇ ਰਹਿਣ ਦੀ ਲੋੜ ਹੈ; (2) ਸਾਨੂੰ ਆਪਣੀਆਂ ਨਜ਼ਰਾਂ ਆਪਣੀ ਉਮੀਦ ʼਤੇ ਟਿਕਾਈ ਰੱਖਣ ਦੀ ਲੋੜ ਹੈ।
4. ਸਾਡਾ ਦੁਸ਼ਮਣ ਸ਼ੈਤਾਨ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਫਿਰ ਵੀ ਅਸੀਂ ਨਿਰਾਸ਼ ਕਿਉਂ ਨਹੀਂ ਹੁੰਦੇ?
4 ਆਪਣੀ ਨਿਹਚਾ ਪੱਕੀ ਕਰਦੇ ਰਹੋ। ਸਾਡਾ ਦੁਸ਼ਮਣ ਸ਼ੈਤਾਨ ਸਾਡੀ ਨਿਹਚਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੁਨੀਆਂ ਦੇ ਇਸ ਹਾਕਮ ਨੇ ਅੱਜ ਇਸ ਦੁਨੀਆਂ ਦੀ ਹਾਲਤ ਰੇਗਿਸਤਾਨ ਵਰਗੀ ਕਰ ਦਿੱਤੀ ਹੈ ਜਿੱਥੇ ਆਪਣੀ ਨਿਹਚਾ ਪੱਕੀ ਰੱਖਣੀ ਬਹੁਤ ਔਖੀ ਹੈ। ਉਹ ਸਾਡੇ ਨਾਲੋਂ ਬਹੁਤ ਤਕੜਾ ਹੈ। ਕੀ ਇਹ ਸੋਚ ਕੇ ਸਾਨੂੰ ਨਿਰਾਸ਼ ਹੋ ਜਾਣਾ ਚਾਹੀਦਾ ਹੈ ਕਿ ਅਸੀਂ ਆਪਣੀ ਨਿਹਚਾ ਮਜ਼ਬੂਤ ਨਹੀਂ ਰੱਖ ਸਕਾਂਗੇ? ਬਿਲਕੁਲ ਨਹੀਂ! ਯਹੋਵਾਹ ਸੱਚੀ ਨਿਹਚਾ ਰੱਖਣ ਵਾਲਿਆਂ ਦੀ ਮਦਦ ਕਰਦਾ ਹੈ। ਉਹ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਉਹ ਸਾਡੇ ਨਾਲ ਹੈ ਅਤੇ ਉਸ ਦੀ ਮਦਦ ਨਾਲ ਅਸੀਂ ਸ਼ੈਤਾਨ ਦਾ ਵਿਰੋਧ ਕਰ ਕੇ ਉਸ ਨੂੰ ਭਜਾ ਸਕਦੇ ਹਾਂ! (ਯਾਕੂ. 4:7) ਸ਼ੈਤਾਨ ਦਾ ਵਿਰੋਧ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਰੋਜ਼ ਸਮਾਂ ਕੱਢ ਕੇ ਆਪਣੀ ਨਿਹਚਾ ਪੱਕੀ ਕਰਨ ਲਈ ਮਿਹਨਤ ਕਰੀਏ। ਕਿਵੇਂ?
5. ਬਾਈਬਲ ਦੇ ਜ਼ਮਾਨੇ ਵਿਚ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਨੇ ਆਪਣੇ ਵਿਚ ਨਿਹਚਾ ਕਿਵੇਂ ਪੈਦਾ ਕੀਤੀ ਸੀ? ਸਮਝਾਓ।
5 ਬਾਈਬਲ ਦੇ ਜ਼ਮਾਨੇ ਵਿਚ ਨਿਹਚਾ ਦਿਖਾਉਣ ਵਾਲੇ ਆਦਮੀਆਂ ਅਤੇ ਔਰਤਾਂ ਵਿਚ ਜਨਮ ਤੋਂ ਇਹ ਗੁਣ ਨਹੀਂ ਸੀ, ਸਗੋਂ ਉਨ੍ਹਾਂ ਨੂੰ ਆਪਣੇ ਵਿਚ ਇਹ ਗੁਣ ਪੈਦਾ ਕਰਨਾ ਪਿਆ। ਉਨ੍ਹਾਂ ਦੀ ਜ਼ਿੰਦਗੀ ਤੋਂ ਇਸ ਗੱਲ ਦਾ ਸਬੂਤ ਮਿਲਦਾ ਹੈ ਕਿ ਯਹੋਵਾਹ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਹੀ ਨਿਹਚਾ ਦਾ ਗੁਣ ਪੈਦਾ ਕੀਤਾ ਜਾ ਸਕਦਾ ਹੈ। (ਗਲਾ. 5:22, 23) ਉਨ੍ਹਾਂ ਨੇ ਮਦਦ ਲਈ ਯਹੋਵਾਹ ਨੂੰ ਫ਼ਰਿਆਦ ਕੀਤੀ ਅਤੇ ਉਹ ਉਨ੍ਹਾਂ ਦੀ ਨਿਹਚਾ ਪੱਕੀ ਕਰਦਾ ਰਿਹਾ। ਆਓ ਆਪਾਂ ਵੀ ਕਦੇ ਇਹ ਨਾ ਭੁੱਲੀਏ ਜੇ ਅਸੀਂ ਯਹੋਵਾਹ ਕੋਲੋਂ ਪਵਿੱਤਰ ਸ਼ਕਤੀ ਮੰਗਾਂਗੇ ਅਤੇ ਆਪਣੀਆਂ ਪ੍ਰਾਰਥਨਾਵਾਂ ਮੁਤਾਬਕ ਕੰਮ ਕਰਾਂਗੇ, ਤਾਂ ਉਹ ਸਾਨੂੰ ਵੀ ਨਿਹਚਾ ਪੈਦਾ ਕਰਨ ਲਈ ਖੁੱਲ੍ਹੇ ਦਿਲ ਨਾਲ ਪਵਿੱਤਰ ਸ਼ਕਤੀ ਦੇਵੇਗਾ। (ਲੂਕਾ 11:13) ਨਿਹਚਾ ਦਾ ਗੁਣ ਪੈਦਾ ਕਰਨ ਲਈ ਅਸੀਂ ਹੋਰ ਕੀ ਕਰ ਸਕਦੇ ਹਾਂ?
6. ਅਸੀਂ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ʼਤੇ ਗੌਰ ਕਰਦੇ ਵੇਲੇ ਕਿਵੇਂ ਫ਼ਾਇਦਾ ਲੈ ਸਕਦੇ ਹਾਂ?
6 ਇਸ ਕਿਤਾਬ ਵਿਚ ਅਸੀਂ ਬੇਮਿਸਾਲ ਨਿਹਚਾ ਰੱਖਣ ਵਾਲੇ ਕੁਝ ਕੁ ਲੋਕਾਂ ਦੀਆਂ ਜ਼ਿੰਦਗੀਆਂ ʼਤੇ ਗੌਰ ਕੀਤਾ ਹੈ। ਉਨ੍ਹਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰਿਆਂ ਨੇ ਨਿਹਚਾ ਦਿਖਾਈ। (ਇਬਰਾਨੀਆਂ 11:32 ਪੜ੍ਹੋ।) ਇਹ ਕਿੰਨੀ ਵਧੀਆ ਗੱਲ ਹੈ ਕਿ ਅਸੀਂ ਇੰਨੇ ਸਾਰੇ ਵਫ਼ਾਦਾਰ ਸੇਵਕਾਂ ਦੀਆਂ ਜ਼ਿੰਦਗੀਆਂ ਉੱਤੇ ਗਹਿਰਾਈ ਨਾਲ ਸੋਚ-ਵਿਚਾਰ ਕਰ ਸਕਦੇ ਹਾਂ। ਪਰ ਜੇ ਅਸੀਂ ਬਾਈਬਲ ਵਿਚ ਉਨ੍ਹਾਂ ਬਾਰੇ ਧਿਆਨ ਨਾਲ ਨਹੀਂ ਪੜ੍ਹਦੇ, ਤਾਂ ਅਸੀਂ ਆਪਣੀ ਨਿਹਚਾ ਪੱਕੀ ਨਹੀਂ ਕਰ ਸਕਾਂਗੇ। ਸਾਨੂੰ ਖੋਜਬੀਨ ਕਰਨੀ ਚਾਹੀਦੀ ਹੈ ਕਿ ਬਿਰਤਾਂਤਾਂ ਵਿਚ ਕਿਹੋ ਜਿਹੇ ਹਾਲਾਤਾਂ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਵਿਚ ਕੌਣ-ਕੌਣ ਸ਼ਾਮਲ ਹਨ ਅਤੇ ਉਨ੍ਹਾਂ ਦਾ ਪਿਛੋਕੜ ਕੀ ਹੈ। ਜੇ ਅਸੀਂ ਹਮੇਸ਼ਾ ਯਾਦ ਰੱਖੀਏ ਕਿ ਇਹ ਨਾਮੁਕੰਮਲ ਲੋਕ “ਸਾਡੇ ਵਰਗੀਆਂ ਭਾਵਨਾਵਾਂ” ਰੱਖਣ ਵਾਲੇ ਇਨਸਾਨ ਸਨ, ਤਾਂ ਉਨ੍ਹਾਂ ਨੂੰ ਸਮਝਣਾ ਸਾਡੇ ਲਈ ਜ਼ਿਆਦਾ ਆਸਾਨ ਹੋਵੇਗਾ। (ਯਾਕੂ. 5:17) ਇਸ ਤਰ੍ਹਾਂ ਅਸੀਂ ਮਹਿਸੂਸ ਕਰਾਂਗੇ ਕਿ ਉਨ੍ਹਾਂ ਨੂੰ ਸਾਡੇ ਵਰਗੀਆਂ ਚੁਣੌਤੀਆਂ ਅਤੇ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਵੇਲੇ ਕਿੱਦਾਂ ਲੱਗਾ ਹੋਣਾ।
7-9. (ੳ) ਪੁਰਾਣੇ ਜ਼ਮਾਨੇ ਦੇ ਕੁਝ ਸੇਵਕ ਯਹੋਵਾਹ ਦੀ ਭਗਤੀ ਕਰਨ ਦੇ ਸਾਡੇ ਤਰੀਕੇ ਬਾਰੇ ਕਿਵੇਂ ਮਹਿਸੂਸ ਕਰਦੇ? (ਅ) ਸਾਨੂੰ ਆਪਣੇ ਕੰਮਾਂ ਰਾਹੀਂ ਆਪਣੀ ਨਿਹਚਾ ਕਿਉਂ ਪੱਕੀ ਕਰਨੀ ਚਾਹੀਦੀ ਹੈ?
7 ਅਸੀਂ ਆਪਣੇ ਫ਼ੈਸਲਿਆਂ ਅਤੇ ਕੰਮਾਂ ਰਾਹੀਂ ਵੀ ਆਪਣੀ ਨਿਹਚਾ ਪੱਕੀ ਕਰਦੇ ਹਾਂ ਕਿਉਂਕਿ “ਕੰਮਾਂ ਤੋਂ ਬਿਨਾਂ ਨਿਹਚਾ ਮਰੀ ਹੁੰਦੀ ਹੈ।” (ਯਾਕੂ. 2:26) ਜ਼ਰਾ ਕਲਪਨਾ ਕਰੋ ਕਿ ਜੇ ਯਹੋਵਾਹ ਉਨ੍ਹਾਂ ਵਫ਼ਾਦਾਰ ਸੇਵਕਾਂ ਨੂੰ ਉਹ ਕੰਮ ਕਰਨ ਲਈ ਕਹਿੰਦਾ ਹੈ ਜੋ ਅੱਜ ਅਸੀਂ ਕਰਦੇ ਹਾਂ, ਤਾਂ ਉਹ ਕਿੰਨੇ ਖ਼ੁਸ਼ ਹੁੰਦੇ!
8 ਮਿਸਾਲ ਲਈ, ਅਬਰਾਹਾਮ ਨੇ ਉਜਾੜ ਵਿਚ ਪੱਥਰ ਦੀਆਂ ਵੇਦੀਆਂ ਉੱਤੇ ਯਹੋਵਾਹ ਦੀ ਭਗਤੀ ਕੀਤੀ। ਪਰ ਉਸ ਨੂੰ ਕਿੱਦਾਂ ਲੱਗਦਾ ਜੇ ਉਸ ਨੂੰ ਇਹ ਕਿਹਾ ਜਾਂਦਾ ਕਿ ਉਹ ਪਰਮੇਸ਼ੁਰ ਦੇ ਹੋਰ ਸੇਵਕਾਂ ਨਾਲ ਮਿਲ ਕੇ ਸੋਹਣੇ ਕਿੰਗਡਮ ਹਾਲਾਂ ਅਤੇ ਵੱਡੇ ਸੰਮੇਲਨਾਂ ਵਿਚ ਭਗਤੀ ਕਰੇ ਜਿੱਥੇ ਉਨ੍ਹਾਂ ਵਾਅਦਿਆਂ ʼਤੇ ਚਰਚਾ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਉਸ ਨੇ “ਦੂਰੋਂ” ਦੇਖਿਆ ਸੀ? (ਇਬਰਾਨੀਆਂ 11:13 ਪੜ੍ਹੋ।) ਏਲੀਯਾਹ ਨੇ ਇਕ ਧਰਮ-ਤਿਆਗੀ ਦੁਸ਼ਟ ਰਾਜੇ ਦੇ ਰਾਜ ਅਧੀਨ ਪਰਮੇਸ਼ੁਰ ਦੀ ਸੇਵਾ ਕਰਦਿਆਂ ਬਆਲ ਦੇ ਨਬੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਸੀ। ਪਰ ਜੇ ਉਸ ਨੂੰ ਇਹ ਕਿਹਾ ਜਾਂਦਾ ਕਿ ਉਹ ਇਹ ਸਭ ਕੁਝ ਕਰਨ ਦੀ ਬਜਾਇ ਘਰ-ਘਰ ਜਾ ਕੇ ਲੋਕਾਂ ਨੂੰ ਦਿਲਾਸਾ ਤੇ ਚੰਗੇ ਭਵਿੱਖ ਦੀ ਉਮੀਦ ਦੇਵੇ, ਤਾਂ ਉਸ ਨੂੰ ਕਿੱਦਾਂ ਲੱਗਦਾ? ਸੱਚ-ਮੁੱਚ ਇਨ੍ਹਾਂ ਵਫ਼ਾਦਾਰ ਲੋਕਾਂ ਨੇ ਉਹ ਸਾਰੇ ਕੰਮ ਕਰਨ ਲਈ ਝੱਟ ਤਿਆਰ ਹੋ ਜਾਣਾ ਸੀ ਜੋ ਅੱਜ ਅਸੀਂ ਯਹੋਵਾਹ ਦੀ ਸੇਵਾ ਵਿਚ ਕਰਦੇ ਹਾਂ।
9 ਸੋ ਆਓ ਆਪਾਂ ਆਪਣੇ ਕੰਮਾਂ ਰਾਹੀਂ ਆਪਣੀ ਨਿਹਚਾ ਮਜ਼ਬੂਤ ਕਰਦੇ ਰਹੀਏ। ਇੱਦਾਂ ਕਰ ਕੇ ਅਸੀਂ ਦਿਖਾਵਾਂਗੇ ਕਿ ਅਸੀਂ ਨਿਹਚਾ ਰੱਖਣ ਵਾਲੇ ਸੇਵਕਾਂ ਦੀ ਮਿਸਾਲ ਉੱਤੇ ਚੱਲ ਰਹੇ ਹਾਂ। ਜਿਵੇਂ ਇਸ ਕਿਤਾਬ ਦੀ ਜਾਣ-ਪਛਾਣ ਵਾਲੇ ਭਾਗ ਵਿਚ ਦੱਸਿਆ ਗਿਆ ਹੈ, ਅਸੀਂ ਮਹਿਸੂਸ ਕਰਾਂਗੇ ਕਿ ਇਹ ਸਾਡੇ ਦੋਸਤ ਹਨ। ਪਰ ਜਲਦੀ ਹੀ ਅਸੀਂ ਸੱਚੀਂ-ਮੁੱਚੀ ਇਨ੍ਹਾਂ ਦੇ ਦੋਸਤ ਬਣਾਂਗੇ।
10. ਨਵੀਂ ਦੁਨੀਆਂ ਵਿਚ ਸਾਨੂੰ ਕੀ ਖ਼ੁਸ਼ੀ ਮਿਲੇਗੀ?
10 ਆਪਣੀਆਂ ਨਜ਼ਰਾਂ ਆਪਣੀ ਉਮੀਦ ʼਤੇ ਟਿਕਾਈ ਰੱਖੋ। ਵਫ਼ਾਦਾਰ ਆਦਮੀਆਂ ਅਤੇ ਔਰਤਾਂ ਨੇ ਹਮੇਸ਼ਾ ਆਪਣੀ ਉਮੀਦ ਉੱਤੇ ਧਿਆਨ ਲਾਈ ਰੱਖਿਆ। ਕੀ ਤੁਸੀਂ ਇੱਦਾਂ ਕਰਦੇ ਹੋ? ਮਿਸਾਲ ਲਈ, ਸੋਚੋ ਕਿ ਪਰਮੇਸ਼ੁਰ ਦੇ ਵਫ਼ਾਦਾਰ ਭਗਤਾਂ ਨੂੰ ਮਿਲ ਕੇ ਸਾਨੂੰ ਕਿੰਨੀ ਖ਼ੁਸ਼ੀ ਹੋਵੇਗੀ ਜਦ ‘ਮਰ ਚੁੱਕੇ ਧਰਮੀ ਲੋਕਾਂ ਨੂੰ ਦੁਬਾਰਾ ਜੀਉਂਦਾ’ ਕੀਤਾ ਜਾਵੇਗਾ। (ਰਸੂਲਾਂ ਦੇ ਕੰਮ 24:15 ਪੜ੍ਹੋ।) ਤੁਸੀਂ ਉਨ੍ਹਾਂ ਨੂੰ ਕਿਹੜੇ ਸਵਾਲ ਪੁੱਛਣੇ ਚਾਹੋਗੇ?
11, 12. ਨਵੀਂ ਦੁਨੀਆਂ ਵਿਚ ਤੁਸੀਂ ਇਨ੍ਹਾਂ ਨੂੰ ਕਿਹੜੇ ਸਵਾਲ ਪੁੱਛੋਗੇ: (ੳ) ਹਾਬਲ? (ਅ) ਨੂਹ? (ੲ) ਅਬਰਾਹਾਮ? (ਸ) ਰੂਥ? (ਹ) ਅਬੀਗੈਲ? (ਕ) ਅਸਤਰ?
11 ਜਦ ਤੁਸੀਂ ਹਾਬਲ ਨੂੰ ਮਿਲੋਗੇ, ਤਾਂ ਕੀ ਤੁਸੀਂ ਉਸ ਨੂੰ ਪੁੱਛੋਗੇ ਕਿ ਉਸ ਦੇ ਮਾਪੇ ਕਿਹੋ ਜਿਹੇ ਸਨ? ਜਾਂ ਤੁਸੀਂ ਇਹ ਪੁੱਛੋਗੇ: “ਕੀ ਤੂੰ ਅਦਨ ਦੇ ਬਾਗ਼ ਦੀ ਰਾਖੀ ਕਰ ਰਹੇ ਕਰੂਬੀਆਂ ਨਾਲ ਕਦੇ ਗੱਲ ਕੀਤੀ ਸੀ? ਕੀ ਉਨ੍ਹਾਂ ਨੇ ਕਦੇ ਤੈਨੂੰ ਜਵਾਬ ਦਿੱਤਾ ਸੀ?” ਨੂਹ ਦੇ ਬਾਰੇ ਕੀ? ਤੁਸੀਂ ਸ਼ਾਇਦ ਉਸ ਨੂੰ ਪੁੱਛੋ: “ਕੀ ਤੈਨੂੰ ਕਦੇ ਦੈਤਾਂ ਤੋਂ ਡਰ ਲੱਗਾ ਸੀ? ਤੂੰ ਕਿਸ਼ਤੀ ਵਿਚ ਪੂਰਾ ਸਾਲ ਸਾਰੇ ਜਾਨਵਰਾਂ ਦੀ ਦੇਖ-ਭਾਲ ਕਿੱਦਾਂ ਕੀਤੀ?” ਤੁਸੀਂ ਸ਼ਾਇਦ ਅਬਰਾਹਾਮ ਤੋਂ ਪੁੱਛੋ: “ਕੀ ਤੂੰ ਕਦੇ ਸ਼ੇਮ ਨੂੰ ਮਿਲਿਆ ਸੀ? ਤੈਨੂੰ ਯਹੋਵਾਹ ਬਾਰੇ ਕਿਸ ਨੇ ਸਿਖਾਇਆ? ਕੀ ਊਰ ਦੇਸ਼ ਛੱਡਣਾ ਔਖਾ ਸੀ?”
12 ਇਸੇ ਤਰ੍ਹਾਂ, ਤੁਸੀਂ ਸ਼ਾਇਦ ਵਫ਼ਾਦਾਰ ਔਰਤਾਂ ਤੋਂ ਵੀ ਕੁਝ ਸਵਾਲ ਪੁੱਛਣੇ ਚਾਹੋ। “ਰੂਥ, ਤੂੰ ਕਿਸ ਵਜ੍ਹਾ ਕਰਕੇ ਯਹੋਵਾਹ ਦੀ ਭਗਤੀ ਕਰਨ ਲੱਗੀ?” “ਅਬੀਗੈਲ, ਕੀ ਤੈਨੂੰ ਨਾਬਾਲ ਨੂੰ ਇਹ ਦੱਸਦਿਆਂ ਡਰ ਲੱਗਾ ਸੀ ਕਿ ਤੂੰ ਦਾਊਦ ਦੀ ਮਦਦ ਕੀਤੀ ਸੀ?” “ਅਸਤਰ, ਬਾਈਬਲ ਵਿਚ ਜਿੰਨਾ ਕੁ ਤੇਰੇ ਬਾਰੇ ਦੱਸਿਆ ਗਿਆ ਹੈ, ਉਸ ਤੋਂ ਬਾਅਦ ਤੇਰੇ ਅਤੇ ਮਾਰਦਕਈ ਨਾਲ ਕੀ ਹੋਇਆ?”
13. (ੳ) ਦੁਬਾਰਾ ਜੀਉਂਦੇ ਹੋਏ ਲੋਕ ਸ਼ਾਇਦ ਤੁਹਾਡੇ ਤੋਂ ਕਿਹੜੇ ਸਵਾਲ ਪੁੱਛਣਗੇ? (ਅ) ਪੁਰਾਣੇ ਸਮੇਂ ਦੇ ਵਫ਼ਾਦਾਰ ਆਦਮੀਆਂ ਤੇ ਔਰਤਾਂ ਨੂੰ ਮਿਲਣ ਬਾਰੇ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ?
13 ਉਹ ਵਫ਼ਾਦਾਰ ਲੋਕ ਤੁਹਾਨੂੰ ਵੀ ਬਹੁਤ ਸਾਰੇ ਸਵਾਲ ਪੁੱਛਣਗੇ। ਸਾਨੂੰ ਉਨ੍ਹਾਂ ਨੂੰ ਆਖ਼ਰੀ ਦਿਨਾਂ ਬਾਰੇ ਦੱਸ ਕੇ ਬੇਹੱਦ ਖ਼ੁਸ਼ੀ ਹੋਵੇਗੀ। ਨਾਲੇ ਇਹ ਵੀ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਔਖੀਆਂ ਘੜੀਆਂ ਵਿਚ ਕਿਵੇਂ ਬਚਾਇਆ। ਵਾਕਈ ਇਹ ਜਾਣ ਕੇ ਉਨ੍ਹਾਂ ਦੇ ਦਿਲ ਖ਼ੁਸ਼ੀ ਨਾਲ ਖਿੜ ਉੱਠਣਗੇ ਕਿ ਯਹੋਵਾਹ ਨੇ ਆਪਣਾ ਹਰੇਕ ਵਾਅਦਾ ਕਿਵੇਂ ਨਿਭਾਇਆ। ਨਵੀਂ ਦੁਨੀਆਂ ਵਿਚ ਸਾਨੂੰ ਬਾਈਬਲ ਵਿਚ ਦਰਜ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਨੂੰ ਮਨ ਦੀਆਂ ਅੱਖਾਂ ਨਾਲ ਦੇਖਣ ਦੀ ਕੋਈ ਲੋੜ ਨਹੀਂ ਪਵੇਗੀ ਕਿਉਂਕਿ ਉਹ ਤਾਂ ਸਾਡੇ ਨਾਲ ਹੀ ਹੋਣਗੇ! ਇਸ ਲਈ, ਅੱਜ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣੋ, ਉਨ੍ਹਾਂ ਤੋਂ ਸਿੱਖੋ ਅਤੇ ਉਨ੍ਹਾਂ ਦੀ ਨਿਹਚਾ ਦੀ ਰੀਸ ਕਰਦੇ ਰਹੋ। ਸਾਡੀ ਦੁਆ ਹੈ ਕਿ ਤੁਸੀਂ ਆਪਣੇ ਉਨ੍ਹਾਂ ਦੋਸਤਾਂ ਦੇ ਨਾਲ ਹਮੇਸ਼ਾ ਯਹੋਵਾਹ ਦੀ ਸੇਵਾ ਕਰਦੇ ਰਹੋ!