ਪੁਨਰ-ਉਥਾਨ ਵਿਚ ਤੁਹਾਡਾ ਵਿਸ਼ਵਾਸ ਕਿੰਨਾ ਮਜ਼ਬੂਤ ਹੈ?
“ਮੈਂ ਹੀ ਪੁਨਰ ਉੱਥਾਨ ਅਤੇ ਜੀਵਣ ਹਾਂ, ਜੋ ਕੋਈ ਮੇਰੇ ਤੇ ਵਿਸ਼ਵਾਸ ਰੱਖਦਾ ਹੈ, ਬੇਸ਼ਕ ਉਹ ਮਰ ਵੀ ਜਾਵੇ, ਉਹ ਫਿਰ ਵੀ ਜੀਵੇਗਾ।”—ਯੂਹੰਨਾ 11:25, ਪਵਿੱਤਰ ਬਾਈਬਲ ਨਵਾਂ ਅਨੁਵਾਦ।
1, 2. ਯਹੋਵਾਹ ਦੇ ਉਪਾਸਕ ਨੂੰ ਪੁਨਰ-ਉਥਾਨ ਦੀ ਉਮੀਦ ਵਿਚ ਕਿਉਂ ਭਰੋਸਾ ਰੱਖਣ ਦੀ ਲੋੜ ਹੈ?
ਪੁਨਰ-ਉਥਾਨ ਵਿਚ ਤੁਹਾਡੀ ਉਮੀਦ ਕਿੰਨੀ ਮਜ਼ਬੂਤ ਹੈ? ਕੀ ਇਹ ਤੁਹਾਡੇ ਵਿੱਚੋਂ ਮੌਤ ਦਾ ਡਰ ਕੱਢ ਦਿੰਦੀ ਹੈ ਅਤੇ ਤੁਹਾਨੂੰ ਦਿਲਾਸਾ ਦਿੰਦੀ ਹੈ ਜਦੋਂ ਤੁਹਾਡੇ ਕਿਸੇ ਪਿਆਰੇ ਦੀ ਮੌਤ ਹੋ ਜਾਂਦੀ ਹੈ? (ਮੱਤੀ 10:28; 1 ਥੱਸਲੁਨੀਕੀਆਂ 4:13) ਕੀ ਤੁਸੀਂ ਪਰਮੇਸ਼ੁਰ ਦੇ ਉਨ੍ਹਾਂ ਪ੍ਰਾਚੀਨ ਸਮੇਂ ਦੇ ਸੇਵਕਾਂ ਵਾਂਗ ਹੋ, ਜਿਨ੍ਹਾਂ ਨੇ ਪੁਨਰ-ਉਥਾਨ ਵਿਚ ਵਿਸ਼ਵਾਸ ਕਾਰਨ, ਤਕੜੇ ਹੋ ਕੇ ਕੋਰੜਿਆਂ ਦੀ ਮਾਰ ਨੂੰ, ਠੱਠਿਆਂ ਨੂੰ, ਤਸੀਹਿਆਂ ਨੂੰ, ਅਤੇ ਕੈਦ ਨੂੰ ਸਹਿਣ ਕੀਤਾ?—ਇਬਰਾਨੀਆਂ 11:35-38.
2 ਜੀ ਹਾਂ, ਯਹੋਵਾਹ ਦੇ ਸੱਚੇ ਉਪਾਸਕ ਨੂੰ ਕੋਈ ਵੀ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਪੁਨਰ-ਉਥਾਨ ਹੋਵੇਗਾ, ਅਤੇ ਉਸ ਦੇ ਭਰੋਸੇ ਨੂੰ ਉਸ ਦੇ ਜੀਉਣ ਦੇ ਢੰਗ ਉੱਤੇ ਅਸਰ ਪਾਉਣਾ ਚਾਹੀਦਾ ਹੈ। ਇਸ ਅਸਲੀਅਤ ਉੱਤੇ ਵਿਚਾਰ ਕਰਨਾ ਆਨੰਦਦਾਇਕ ਹੈ ਕਿ ਪਰਮੇਸ਼ੁਰ ਦੇ ਨਿਸ਼ਚਿਤ ਸਮੇਂ ਤੇ, ਸਮੁੰਦਰ, ਕਾਲ, ਅਤੇ ਪਤਾਲ ਉਹ ਮੁਰਦੇ ਵਾਪਸ ਮੋੜ ਦੇਣਗੇ ਜਿਹੜੇ ਉਨ੍ਹਾਂ ਵਿਚ ਹਨ, ਅਤੇ ਪੁਨਰ-ਉਥਿਤ ਲੋਕਾਂ ਦੀ ਪਰਾਦੀਸ ਧਰਤੀ ਉੱਤੇ ਹਮੇਸ਼ਾ ਜੀਉਂਦੇ ਰਹਿਣ ਦੀ ਆਸ ਹੋਵੇਗੀ।—ਪਰਕਾਸ਼ ਦੀ ਪੋਥੀ 20:13; 21:4, 5.
ਭਾਵੀ ਜੀਵਨ ਬਾਰੇ ਸ਼ੱਕ
3, 4. ਬਹੁਤ ਸਾਰੇ ਲੋਕ ਅਜੇ ਵੀ ਮੌਤ ਮਗਰੋਂ ਜੀਵਨ ਬਾਰੇ ਕੀ ਵਿਸ਼ਵਾਸ ਕਰਦੇ ਹਨ?
3 ਈਸਾਈ-ਜਗਤ ਨੇ ਲੰਬੇ ਸਮੇਂ ਤੋਂ ਸਿਖਾਇਆ ਹੈ ਕਿ ਮੌਤ ਮਗਰੋਂ ਵੀ ਜੀਵਨ ਹੁੰਦਾ ਹੈ। ਯੂ. ਐੱਸ. ਕੈਥੋਲਿਕ ਰਸਾਲੇ ਵਿਚ ਇਕ ਲੇਖ ਨੇ ਕਿਹਾ: “ਸਦੀਆਂ ਤੋਂ, ਈਸਾਈਆਂ ਨੇ ਇਕ ਅਜਿਹੇ ਜੀਵਨ ਦੀ ਆਸ ਰੱਖਣ ਦੁਆਰਾ, ਜਿਸ ਵਿਚ ਸ਼ਾਂਤੀ ਅਤੇ ਸੰਤੁਸ਼ਟੀ, ਇੱਛਾਵਾਂ ਦੀ ਪੂਰਤੀ ਅਤੇ ਖ਼ੁਸ਼ੀ ਹੋਵੇਗੀ, ਮੌਜੂਦਾ ਜੀਵਨ ਦੀਆਂ ਨਿਰਾਸ਼ਾਵਾਂ ਅਤੇ ਦੁੱਖਾਂ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਹੈ।” ਭਾਵੇਂ ਕਿ ਈਸਾਈ-ਜਗਤ ਦੇ ਕਈ ਦੇਸ਼ਾਂ ਵਿਚ, ਲੋਕ ਧਰਮਹੀਣ ਅਤੇ ਧਰਮ ਪ੍ਰਤੀ ਥੋੜ੍ਹੇ-ਬਹੁਤੇ ਸ਼ੱਕੀ ਹੋ ਗਏ ਹਨ, ਪਰ ਅਜੇ ਵੀ ਬਹੁਤ ਸਾਰੇ ਮਹਿਸੂਸ ਕਰਦੇ ਹਨ ਕਿ ਮੌਤ ਮਗਰੋਂ ਕੁਝ ਤਾਂ ਜ਼ਰੂਰ ਜੀਉਂਦਾ ਰਹਿੰਦਾ ਹੈ। ਪਰੰਤੂ ਬਹੁਤ ਸਾਰੀਆਂ ਗੱਲਾਂ ਹਨ ਜਿਨ੍ਹਾਂ ਬਾਰੇ ਉਹ ਯਕੀਨੀ ਨਹੀਂ ਹਨ।
4 ਟਾਈਮ ਰਸਾਲੇ ਵਿਚ ਇਕ ਲੇਖ ਨੇ ਟਿੱਪਣੀ ਕੀਤੀ: “ਲੋਕ ਅਜੇ ਵੀ [ਮੌਤ ਮਗਰੋਂ ਜੀਵਨ] ਵਿਚ ਵਿਸ਼ਵਾਸ ਰੱਖਦੇ ਹਨ: ਪਰੰਤੂ ਇਸ ਬਾਰੇ ਉਨ੍ਹਾਂ ਦੇ ਵਿਚਾਰ ਧੁੰਦਲੇ ਪੈ ਗਏ ਹਨ ਕਿ ਇਹ ਅਸਲ ਵਿਚ ਕੀ ਹੈ, ਅਤੇ ਉਹ ਆਪਣੇ ਪਾਦਰੀਆਂ ਤੋਂ ਇਸ ਬਾਰੇ ਪਹਿਲਾਂ ਨਾਲੋਂ ਘੱਟ ਭਾਸ਼ਣ ਸੁਣਦੇ ਹਨ।” ਪਾਦਰੀ ਮੌਤ ਮਗਰੋਂ ਜੀਵਨ ਬਾਰੇ ਕਿਉਂ ਪਹਿਲਾਂ ਨਾਲੋਂ ਘੱਟ ਗੱਲ ਕਰਦੇ ਹਨ? ਧਾਰਮਿਕ ਵਿਦਵਾਨ ਜੈਫ਼ਰੀ ਬਰਟਨ ਰਸਲ ਕਹਿੰਦਾ ਹੈ: “ਮੇਰੇ ਖ਼ਿਆਲ ਵਿਚ [ਪਾਦਰੀ] ਇਸ ਵਿਸ਼ੇ ਤੋਂ ਦੂਰ ਹੀ ਰਹਿਣਾ ਚਾਹੁੰਦੇ ਹਨ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਪ੍ਰਚਲਿਤ ਸੰਦੇਹਵਾਦ ਦਾ ਸਾਮ੍ਹਣਾ ਕਰਨਾ ਪਵੇਗਾ।”
5. ਅੱਜ ਬਹੁਤ ਸਾਰੇ ਲੋਕ ਨਰਕ ਦੀ ਅੱਗ ਦੀ ਸਿੱਖਿਆ ਨੂੰ ਕਿਵੇਂ ਵਿਚਾਰਦੇ ਹਨ?
5 ਬਹੁਤ ਸਾਰੇ ਗਿਰਜਿਆਂ ਵਿਚ ਇਹ ਸਿਖਾਇਆ ਜਾਂਦਾ ਹੈ ਕਿ ਮੌਤ ਮਗਰੋਂ ਸਵਰਗ ਵਿਚ ਜਾਂ ਅਗਨਮਈ ਨਰਕ ਵਿਚ ਜੀਵਨ ਹੁੰਦਾ ਹੈ। ਅਤੇ ਜੇਕਰ ਪਾਦਰੀ ਸਵਰਗ ਬਾਰੇ ਗੱਲ ਕਰਨ ਤੋਂ ਹਿਚਕਿਚਾਉਂਦੇ ਹਨ, ਤਾਂ ਉਹ ਨਰਕ ਬਾਰੇ ਗੱਲ ਕਰਨ ਤੋਂ ਹੋਰ ਵੀ ਜ਼ਿਆਦਾ ਹਿਚਕਿਚਾਉਂਦੇ ਹਨ। ਇਕ ਅਖ਼ਬਾਰ ਦੇ ਲੇਖ ਨੇ ਕਿਹਾ: “ਅੱਜ-ਕੱਲ੍ਹ ਉਹ ਗਿਰਜੇ ਵੀ ਜੋ ਅਗਨਮਈ ਨਰਕ ਵਿਚ ਸਦੀਵੀ ਸਜ਼ਾ ਦਿੱਤੀ ਜਾਣ ਦੀ ਸਿੱਖਿਆ ਦਿੰਦੇ ਹਨ . . . ਇਸ ਸਿੱਖਿਆ ਉੱਤੇ ਘੱਟ ਹੀ ਜ਼ੋਰ ਦਿੰਦੇ ਹਨ।” ਅਸਲ ਵਿਚ, ਜ਼ਿਆਦਾਤਰ ਆਧੁਨਿਕ ਧਰਮ-ਸ਼ਾਸਤਰੀ ਹੁਣ ਨਰਕ ਨੂੰ ਤਸੀਹੇ ਦੇਣ ਵਾਲੀ ਥਾਂ ਵਜੋਂ ਨਹੀਂ ਮੰਨਦੇ, ਜਿਵੇਂ ਕਿ ਮੱਧਯੁਗ ਵਿਚ ਸਿਖਾਇਆ ਜਾਂਦਾ ਸੀ। ਇਸ ਦੀ ਬਜਾਇ, ਉਹ ਇਕ ਜ਼ਿਆਦਾ “ਨਰਮ” ਕਿਸਮ ਦੀ ਨਰਕ ਉੱਤੇ ਜ਼ੋਰ ਦਿੰਦੇ ਹਨ। ਬਹੁਤ ਸਾਰੇ ਆਧੁਨਿਕ ਖ਼ਿਆਲਾਂ ਵਾਲੇ ਵਿਅਕਤੀਆਂ ਅਨੁਸਾਰ, ਨਰਕ ਵਿਚ ਪਾਪੀਆਂ ਨੂੰ ਸੱਚ-ਮੁੱਚ ਤਸੀਹੇ ਨਹੀਂ ਦਿੱਤੇ ਜਾਂਦੇ, ਪਰੰਤੂ ਉਹ “ਪਰਮੇਸ਼ੁਰ ਤੋਂ ਧਾਰਮਿਕ ਅਲਹਿਦਗੀ ਕਾਰਨ” ਦੁੱਖ ਭੋਗਦੇ ਹਨ।
6. ਜਦੋਂ ਕੁਝ ਲੋਕ ਕਿਸੇ ਦੁਖਾਂਤ ਦਾ ਸਾਮ੍ਹਣਾ ਕਰਦੇ ਹਨ, ਤਾਂ ਉਨ੍ਹਾਂ ਵਿਚ ਨਿਹਚਾ ਦੀ ਘਾਟ ਕਿਵੇਂ ਪ੍ਰਗਟ ਹੁੰਦੀ ਹੈ?
6 ਅੱਜ-ਕੱਲ੍ਹ ਲੋਕਾਂ ਦੇ ਜਜ਼ਬਾਤਾਂ ਨੂੰ ਠੇਸ ਨਾ ਪਹੁੰਚਾਉਣ ਲਈ ਗਿਰਜੇ ਦੇ ਸਿਧਾਂਤ ਨੂੰ ਕਮਜ਼ੋਰ ਕਰਨਾ ਸ਼ਾਇਦ ਕੁਝ ਪਾਦਰੀਆਂ ਨੂੰ ਪ੍ਰਿਯ ਬਣਾਵੇ, ਪਰੰਤੂ ਇਸ ਦੇ ਕਾਰਨ ਗਿਰਜੇ ਜਾਣ ਵਾਲੇ ਲੱਖਾਂ ਸੁਹਿਰਦ ਲੋਕ ਉਲਝਣ ਵਿਚ ਹਨ ਕਿ ਉਹ ਕਿਸ ਗੱਲ ਦਾ ਵਿਸ਼ਵਾਸ ਕਰਨ ਅਤੇ ਕਿਸ ਗੱਲ ਦਾ ਨਾ ਕਰਨ। ਇਸ ਲਈ, ਜਦੋਂ ਮੌਤ ਇਨ੍ਹਾਂ ਲੋਕਾਂ ਦੇ ਸਾਮ੍ਹਣੇ ਹੁੰਦੀ ਹੈ, ਤਾਂ ਇਹ ਅਕਸਰ ਪਾਉਂਦੇ ਹਨ ਕਿ ਉਨ੍ਹਾਂ ਵਿਚ ਨਿਹਚਾ ਦੀ ਘਾਟ ਹੈ। ਉਨ੍ਹਾਂ ਦਾ ਰਵੱਈਆ ਉਸ ਔਰਤ ਵਰਗਾ ਹੁੰਦਾ ਹੈ ਜਿਸ ਨੇ ਇਕ ਦਰਦਨਾਕ ਹਾਦਸੇ ਵਿਚ ਆਪਣੇ ਪਰਿਵਾਰ ਦੇ ਕਈ ਮੈਂਬਰ ਗੁਆਏ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਕੀ ਉਸ ਦੀ ਨਿਹਚਾ ਨੇ ਉਸ ਨੂੰ ਦਿਲਾਸਾ ਦਿੱਤਾ ਸੀ, ਤਾਂ ਉਸ ਨੇ ਹਿਚਕਿਚਾਉਂਦੇ ਹੋਏ ਜਵਾਬ ਦਿੱਤਾ: “ਸ਼ਾਇਦ।” ਪਰੰਤੂ ਜੇ ਉਸ ਨੇ ਭਰੋਸੇ ਨਾਲ ਵੀ ਜਵਾਬ ਦਿੱਤਾ ਹੁੰਦਾ ਕਿ ਉਸ ਦੀ ਨਿਹਚਾ ਨੇ ਉਸ ਦੀ ਮਦਦ ਕੀਤੀ ਸੀ, ਤਾਂ ਉਸ ਨੂੰ ਇਸ ਦਾ ਕਿੰਨੇ ਸਮੇਂ ਤਕ ਲਾਭ ਹੋਵੇਗਾ ਜੇ ਉਸ ਦੇ ਵਿਸ਼ਵਾਸਾਂ ਦਾ ਠੋਸ ਆਧਾਰ ਨਹੀਂ ਹੈ? ਇਸ ਉੱਤੇ ਵਿਚਾਰ ਕਰਨਾ ਜ਼ਰੂਰੀ ਹੈ ਕਿਉਂਕਿ, ਅਸਲ ਵਿਚ, ਜ਼ਿਆਦਾਤਰ ਗਿਰਜੇ ਭਾਵੀ ਜੀਵਨ ਬਾਰੇ ਜੋ ਸਿਖਾਉਂਦੇ ਹਨ ਉਹ ਬਾਈਬਲ ਨਾਲੋਂ ਬਹੁਤ ਵੱਖਰਾ ਹੈ।
ਮੌਤ ਮਗਰੋਂ ਜੀਵਨ ਪ੍ਰਤੀ ਈਸਾਈ-ਜਗਤ ਦਾ ਦ੍ਰਿਸ਼ਟੀਕੋਣ
7. (ੳ) ਜ਼ਿਆਦਾਤਰ ਗਿਰਜੇ ਸਾਂਝੇ ਤੌਰ ਤੇ ਕੀ ਵਿਸ਼ਵਾਸ ਕਰਦੇ ਹਨ? (ਅ) ਇਕ ਧਾਰਮਿਕ ਵਿਦਵਾਨ ਨੇ ਅਮਰ ਆਤਮਾ ਦੀ ਸਿੱਖਿਆ ਦਾ ਕਿਵੇਂ ਵਰਣਨ ਕੀਤਾ?
7 ਵੱਖੋ-ਵੱਖਰੇ ਵਿਚਾਰ ਰੱਖਣ ਦੇ ਬਾਵਜੂਦ, ਈਸਾਈ-ਜਗਤ ਦੇ ਲਗਭਗ ਸਾਰੇ ਫ਼ਿਰਕੇ ਇਸ ਗੱਲ ਵਿਚ ਸਹਿਮਤ ਹਨ ਕਿ ਇਨਸਾਨਾਂ ਵਿਚ ਇਕ ਅਮਰ ਆਤਮਾ ਹੈ ਜੋ ਸਰੀਰ ਦੀ ਮੌਤ ਮਗਰੋਂ ਜੀਉਂਦੀ ਰਹਿੰਦੀ ਹੈ। ਜ਼ਿਆਦਾਤਰ ਫ਼ਿਰਕੇ ਵਿਸ਼ਵਾਸ ਕਰਦੇ ਹਨ ਕਿ ਜਦੋਂ ਕੋਈ ਮਰਦਾ ਹੈ, ਤਾਂ ਉਸ ਦੀ ਆਤਮਾ ਸ਼ਾਇਦ ਸਵਰਗ ਨੂੰ ਜਾਵੇ। ਕੁਝ ਡਰਦੇ ਹਨ ਕਿ ਸ਼ਾਇਦ ਉਨ੍ਹਾਂ ਦੀ ਆਤਮਾ ਅਗਨਮਈ ਨਰਕ ਜਾਂ ਕਿਸੇ ਸੋਧਣ-ਸਥਾਨ ਵਿਚ ਜਾਵੇ। ਪਰੰਤੂ ਭਾਵੀ ਜੀਵਨ ਪ੍ਰਤੀ ਉਨ੍ਹਾਂ ਦੇ ਦ੍ਰਿਸ਼ਟੀਕੋਣ ਲਈ ਅਮਰ ਆਤਮਾ ਦੀ ਧਾਰਣਾ ਜ਼ਰੂਰੀ ਹੈ। ਧਾਰਮਿਕ ਵਿਦਵਾਨ, ਔਸਕਰ ਕਲਮਨ ਨੇ ਅਮਰਤਾ ਅਤੇ ਪੁਨਰ-ਉਥਾਨ (ਅੰਗ੍ਰੇਜ਼ੀ) ਕਿਤਾਬ ਵਿਚ ਛਪੇ ਇਕ ਲੇਖ ਵਿਚ ਇਸ ਉੱਤੇ ਟਿੱਪਣੀ ਕੀਤੀ। ਉਸ ਨੇ ਲਿਖਿਆ: “ਜੇਕਰ ਅਸੀਂ ਅੱਜ ਇਕ ਸਾਧਾਰਣ ਈਸਾਈ ਕੋਲੋਂ ਪੁੱਛੀਏ . . . ਕਿ ਉਸ ਦੇ ਵਿਚਾਰ ਅਨੁਸਾਰ ਮੌਤ ਮਗਰੋਂ ਆਦਮੀ ਦੇ ਜੀਵਨ ਬਾਰੇ ਨਵੇਂ ਨੇਮ ਦੀ ਕੀ ਸਿੱਖਿਆ ਹੈ, ਤਾਂ ਤਕਰੀਬਨ ਸਾਰੇ ਹੀ ਕਹਿਣਗੇ: ‘ਅਮਰ ਆਤਮਾ।’” ਪਰੰਤੂ ਕਲਮਨ ਅੱਗੇ ਕਹਿੰਦਾ ਹੈ: “ਇਹ ਵਿਆਪਕ ਤੌਰ ਤੇ ਸਵੀਕਾਰ ਕੀਤੀ ਗਈ ਧਾਰਣਾ ਈਸਾਈ ਧਰਮ ਦੀ ਇਕ ਸਭ ਤੋਂ ਵੱਡੀ ਗ਼ਲਤਫ਼ਹਿਮੀ ਹੈ।” ਕਲਮਨ ਨੇ ਦੱਸਿਆ ਕਿ ਜਦੋਂ ਉਸ ਨੇ ਪਹਿਲੀ ਵਾਰ ਇਹ ਗੱਲ ਕਹੀ ਸੀ, ਤਾਂ ਕਾਫ਼ੀ ਹੰਗਾਮਾ ਮਚਿਆ ਸੀ। ਪਰੰਤੂ, ਉਹ ਸਹੀ ਸੀ।
8. ਯਹੋਵਾਹ ਨੇ ਪਹਿਲੇ ਆਦਮੀ ਅਤੇ ਔਰਤ ਨੂੰ ਕਿਹੜੀ ਉਮੀਦ ਦਿੱਤੀ ਸੀ?
8 ਯਹੋਵਾਹ ਪਰਮੇਸ਼ੁਰ ਨੇ ਇਨਸਾਨ ਨੂੰ ਮਰ ਕੇ ਸਵਰਗ ਵਿਚ ਜਾਣ ਲਈ ਨਹੀਂ ਬਣਾਇਆ। ਇਹ ਉਸ ਦਾ ਮੁਢਲਾ ਮਕਸਦ ਨਹੀਂ ਸੀ ਕਿ ਉਹ ਮਰਨ। ਆਦਮ ਅਤੇ ਹੱਵਾਹ ਨੂੰ ਸੰਪੂਰਣ ਸ੍ਰਿਸ਼ਟ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਧਰਤੀ ਨੂੰ ਧਾਰਮਿਕ ਔਲਾਦ ਨਾਲ ਆਬਾਦ ਕਰਨ ਦਾ ਮੌਕਾ ਦਿੱਤਾ ਗਿਆ ਸੀ। (ਉਤਪਤ 1:28; ਬਿਵਸਥਾ ਸਾਰ 32:4) ਸਾਡੇ ਪਹਿਲੇ ਮਾਤਾ-ਪਿਤਾ ਨੂੰ ਦੱਸਿਆ ਗਿਆ ਸੀ ਕਿ ਉਹ ਸਿਰਫ਼ ਪਰਮੇਸ਼ੁਰ ਦੀ ਅਵੱਗਿਆ ਕਰਨ ਤੇ ਹੀ ਮਰਨਗੇ। (ਉਤਪਤ 2:17) ਜੇ ਉਹ ਆਪਣੇ ਸਵਰਗੀ ਪਿਤਾ ਪ੍ਰਤੀ ਆਗਿਆਕਾਰ ਰਹਿੰਦੇ, ਤਾਂ ਉਨ੍ਹਾਂ ਨੇ ਧਰਤੀ ਉੱਤੇ ਅਨੰਤ ਕਾਲ ਤਕ ਜੀਉਂਦੇ ਰਹਿਣਾ ਸੀ।
9. (ੳ) ਕੀ ਆਦਮੀ ਵਿਚ ਇਕ ਅਮਰ ਆਤਮਾ ਹੁੰਦੀ ਹੈ? (ਅ) ਆਦਮੀ ਨੂੰ ਕੀ ਹੁੰਦਾ ਹੈ ਜਦੋਂ ਉਹ ਮਰ ਜਾਂਦਾ ਹੈ?
9 ਪਰ ਅਫ਼ਸੋਸ ਦੀ ਗੱਲ ਹੈ ਕਿ ਆਦਮ ਅਤੇ ਹੱਵਾਹ ਪਰਮੇਸ਼ੁਰ ਦੀ ਆਗਿਆ ਮੰਨਣ ਵਿਚ ਅਸਫ਼ਲ ਹੋ ਗਏ। (ਉਤਪਤ 3:6, 7) ਪੌਲੁਸ ਰਸੂਲ ਨੇ ਇਸ ਦੇ ਦੁਖਦਾਈ ਸਿੱਟਿਆਂ ਦਾ ਵਰਣਨ ਕੀਤਾ: “ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ।” (ਰੋਮੀਆਂ 5:12) ਧਰਤੀ ਉੱਤੇ ਅਨੰਤ ਕਾਲ ਤਕ ਜੀਉਂਦੇ ਰਹਿਣ ਦੀ ਬਜਾਇ, ਆਦਮ ਅਤੇ ਹੱਵਾਹ ਮਰ ਗਏ। ਫਿਰ ਕੀ ਹੋਇਆ? ਕੀ ਉਨ੍ਹਾਂ ਵਿਚ ਅਮਰ ਆਤਮਾ ਸੀ ਜਿਸ ਨੂੰ ਹੁਣ ਉਨ੍ਹਾਂ ਦੇ ਪਾਪ ਕਰਕੇ ਅਗਨਮਈ ਨਰਕ ਵਿਚ ਸੁੱਟਿਆ ਜਾ ਸਕਦਾ ਸੀ? ਜਦੋਂ ਆਦਮ ਅਤੇ ਹੱਵਾਹ ਮਰੇ, ਤਾਂ ਉਹ ਪੂਰੀ ਤਰ੍ਹਾਂ ਮਰੇ ਸਨ। ਆਖ਼ਰਕਾਰ, ਉਨ੍ਹਾਂ ਨਾਲ ਉਹੀ ਹੋਇਆ ਜੋ ਯਹੋਵਾਹ ਨੇ ਆਦਮ ਨੂੰ ਕਿਹਾ ਸੀ: “ਤੂੰ ਆਪਣੇ ਮੂੰਹ ਦੇ ਮੁੜ੍ਹਕੇ ਨਾਲ ਰੋਟੀ ਖਾਵੇਂਗਾ ਜਦ ਤੀਕ ਤੂੰ ਮਿੱਟੀ ਵਿੱਚ ਫੇਰ ਨਾ ਮੁੜੇਂ ਕਿਉਂਜੋ ਤੂੰ ਉਸ ਤੋਂ ਕੱਢਿਆ ਗਿਆ ਸੀ। ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ।”—ਉਤਪਤ 3:19.
10, 11. ਡੌਨ ਫਲੇਮਿੰਗ ਦੁਆਰਾ ਲਿਖੀ ਗਈ ਬਾਈਬਲ ਡਿਕਸ਼ਨਰੀ ਆਤਮਾ ਦੀ ਬਾਈਬਲੀ ਸਿੱਖਿਆ ਬਾਰੇ ਕੀ ਸਵੀਕਾਰ ਕਰਦੀ ਹੈ, ਅਤੇ ਇਹ ਬਾਈਬਲ ਦੀ ਸਿੱਖਿਆ ਨਾਲ ਕਿਵੇਂ ਮੇਲ ਖਾਂਦੀ ਹੈ?
10 ਬੁਨਿਆਦੀ ਤੌਰ ਤੇ, ਡੌਨ ਫਲੇਮਿੰਗ ਦੁਆਰਾ ਲਿਖੀ ਗਈ ਬਾਈਬਲ ਡਿਕਸ਼ਨਰੀ (ਹਿੰਦੀ) ਇਸ ਨਾਲ ਸਹਿਮਤ ਹੈ। ਇਹ ਆਤਮਾ ਬਾਰੇ ਚਰਚਾ ਕਰਨ ਵਾਲੇ ਇਕ ਲੇਖ ਵਿਚ ਕਹਿੰਦੀ ਹੈ: “ਪੁਰਾਣੇ ਨਿਯਮ ਦੇ ਲੇਖਕਾਂ ਨੇ ਇਹ ਨਹੀਂ ਕਿਹਾ ਕਿ ਆਤਮਾ ਅਜਿਹੀ ਹੈ ਜਿਸ ਦੀ ਹੋਂਦ ਸਰੀਰ ਤੋਂ ਅਲੱਗ ਹੈ। ਉਨ੍ਹਾਂ ਲਈ ਆਤਮਾ (‘ਨੇਫ਼ੇਸ਼’) ਦਾ ਅਰਥ ਜੀਵਨ ਸੀ। ਪਸ਼ੂ ਅਤੇ ਮਨੁੱਖ ਦੋਵੇਂ ਹੀ ‘ਨੇਫ਼ੇਸ਼’ ਹਨ, ਅਰਥਾਤ ‘ਜੀਵਧਾਰੀ’ ਹਨ। ਅੰਗ੍ਰੇਜ਼ੀ ਦੇ ਪੁਰਾਣੇ ਸੰਸਕਰਣ ਨੇ ਆਪਣੇ ਇਸ ਅਨੁਵਾਦ ਨਾਲ ਉਲਝਣ ਪੈਦਾ ਕਰ ਦਿੱਤੀ ਹੈ ਕਿ ‘ਮਨੁੱਖ ਜੀਉਂਦੀ ਆਤਮਾ (ਪ੍ਰਾਣੀ) ਬਣ ਗਿਆ।’ (ਉਤ. 2:7), ਕਿਉਂਕਿ ਦੂਸਰੇ ਅਨੁਵਾਦਾਂ ਵਿਚ ‘ਜੀਉਂਦੀ ਆਤਮਾ’ ਉਹੀ ਸ਼ਬਦ ਹਨ ਜਿਨ੍ਹਾਂ ਦਾ ਅਨੁਵਾਦ ਪਹਿਲਾਂ ‘ਜੀਉਂਦਾ ਪ੍ਰਾਣੀ’ ਕੀਤਾ ਗਿਆ ਹੈ।” (ਉਤਪਤ 1:21, 24) ਇਹ ਅੱਗੇ ਕਹਿੰਦੀ ਹੈ ਕਿ ਬਾਈਬਲ ਦੇ ਅਨੁਸਾਰ, “ਸਾਨੂੰ ਵਿਅਕਤੀ ਨੂੰ ਇਸ ਪ੍ਰਕਾਰ ਨਹੀਂ ਸਮਝਣਾ ਚਾਹੀਦਾ ਹੈ ਕਿ ਉਹ ਨਿਰਜੀਵ ਦੇਹ ਅਤੇ ਦੇਹ-ਰਹਿਤ ਪ੍ਰਾਣ ਦੇ ਮੇਲ ਤੋਂ ਬਣਿਆ ਹੈ। ਪਰੰਤੂ ਉਸ ਨੂੰ ਇਕ ਇਕਾਈ ਸਮਝਣਾ ਚਾਹੀਦਾ ਹੈ। . . . ਇਸ ਨੇਫ਼ੇਸ਼ ਦਾ ਅਨੁਵਾਦ ‘ਵਿਅਕਤੀ’ ਵੀ ਕੀਤਾ ਜਾ ਸਕਦਾ ਹੈ।” ਅਜਿਹੀ ਸਪੱਸ਼ਟਤਾ ਉਤਸ਼ਾਹਜਨਕ ਹੈ, ਪਰੰਤੂ ਇਕ ਵਿਅਕਤੀ ਸ਼ਾਇਦ ਪੁੱਛੇ ਕਿ ਗਿਰਜੇ ਜਾਣ ਵਾਲੇ ਲੋਕਾਂ ਨੂੰ ਇਹ ਅਸਲੀਅਤਾਂ ਕਿਉਂ ਨਹੀਂ ਦੱਸੀਆਂ ਗਈਆਂ।
11 ਗਿਰਜੇ ਜਾਣ ਵਾਲੇ ਲੋਕਾਂ ਨੂੰ ਵੱਡੀ ਚਿੰਤਾ ਅਤੇ ਡਰ ਤੋਂ ਬਚਾਇਆ ਜਾ ਸਕਦਾ ਸੀ ਜੇ ਉਨ੍ਹਾਂ ਨੂੰ ਬਾਈਬਲ ਦੀ ਇਹ ਸਾਧਾਰਣ ਸੱਚਾਈ ਸਿਖਾਈ ਗਈ ਹੁੰਦੀ: ਕਿ ਆਦਮੀ ਦੇ ਅੰਦਰ ਕੋਈ ਅਮਰ ਆਤਮਾ ਨਹੀਂ ਹੈ ਜੋ ਮੌਤ ਮਗਰੋਂ ਜੀਉਂਦੀ ਰਹਿ ਕੇ ਦੁੱਖ ਭੋਗਦੀ ਹੈ। ਇਹ ਈਸਾਈ-ਜਗਤ ਦੀ ਸਿੱਖਿਆ ਨਾਲੋਂ ਬਹੁਤ ਭਿੰਨ ਹੈ, ਪਰ ਇਹ ਬੁੱਧੀਮਾਨ ਆਦਮੀ ਸੁਲੇਮਾਨ ਦੁਆਰਾ ਪ੍ਰੇਰਣਾ ਅਧੀਨ ਕਹੀ ਗਈ ਗੱਲ ਦੇ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ: “ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ ਅਤੇ ਓਹਨਾਂ ਦੇ ਲਈ [ਇਸ ਜੀਵਨ ਵਿਚ] ਹੋਰ ਕੋਈ ਬਦਲਾ ਨਹੀਂ ਕਿਉਂ ਜੋ ਉਨ੍ਹਾਂ ਦਾ ਚੇਤਾ ਜਾਂਦਾ ਰਹਿੰਦਾ ਹੈ। ਜਿਹੜਾ ਕੰਮ ਤੇਰੇ ਹੱਥ ਲੱਗਦਾ ਹੈ ਉਹੋ ਆਪਣੇ ਸਾਰੇ ਜ਼ੋਰ ਨਾਲ ਕਰ ਕਿਉਂ ਜੋ ਪਤਾਲ [ਮਨੁੱਖਜਾਤੀ ਦੀ ਆਮ ਕਬਰ] ਵਿੱਚ ਜਿੱਥੇ ਤੂੰ ਜਾਂਦਾ ਹੈਂ ਕੋਈ ਕੰਮ, ਨਾ ਖਿਆਲ, ਨਾ ਗਿਆਨ, ਨਾ ਬੁੱਧ ਹੈ।”—ਉਪਦੇਸ਼ਕ ਦੀ ਪੋਥੀ 9:5, 10.
12. ਈਸਾਈ-ਜਗਤ ਨੂੰ ਅਮਰ ਆਤਮਾ ਦੀ ਸਿੱਖਿਆ ਕਿੱਥੋਂ ਮਿਲੀ?
12 ਈਸਾਈ-ਜਗਤ ਬਾਈਬਲ ਦੀ ਸਿੱਖਿਆ ਤੋਂ ਇੰਨੀ ਭਿੰਨ ਸਿੱਖਿਆ ਕਿਉਂ ਦਿੰਦਾ ਹੈ? ਨਿਊ ਕੈਥੋਲਿਕ ਐਨਸਾਈਕਲੋਪੀਡੀਆ ਕਹਿੰਦਾ ਹੈ ਕਿ ਮੁਢਲੇ ਚਰਚ ਪਿਤਾਵਾਂ ਨੂੰ ਅਮਰ ਆਤਮਾ ਦੇ ਵਿਸ਼ਵਾਸ ਲਈ ਆਧਾਰ ਬਾਈਬਲ ਵਿਚ ਨਹੀਂ ਮਿਲਿਆ, ਬਲਕਿ “ਯੂਨਾਨੀ ਵਿਚਾਰਾਂ ਵਾਲੇ ਕਵੀਆਂ ਅਤੇ ਫ਼ਿਲਾਸਫ਼ਰਾਂ ਅਤੇ ਆਮ ਪਰੰਪਰਾ ਵਿਚ ਮਿਲਿਆ . . . ਬਾਅਦ ਵਿਚ ਵਿਦਵਾਨਾਂ ਨੇ ਅਫਲਾਤੂਨ ਜਾਂ ਅਰਸਤੂ ਦੇ ਸਿਧਾਂਤਾਂ ਦੀ ਵਰਤੋਂ ਨੂੰ ਪਸੰਦ ਕੀਤਾ।” ਇਹ ਬਿਆਨ ਕਰਦਾ ਹੈ ਕਿ “ਅਫਲਾਤੂਨੀ ਅਤੇ ਨਵ-ਅਫਲਾਤੂਨੀ ਵਿਚਾਰਾਂ ਦਾ ਪ੍ਰਭਾਵ”—ਜਿਸ ਵਿਚ ਅਮਰ ਆਤਮਾ ਦਾ ਵਿਸ਼ਵਾਸ ਸੀ—ਆਖ਼ਰ ਵਿਚ “ਈਸਾਈ ਧਰਮ-ਸ਼ਾਸਤਰ ਵਿਚ ਪੂਰੀ ਤਰ੍ਹਾਂ ਸ਼ਾਮਲ ਕਰ ਦਿੱਤਾ ਗਿਆ।”
13, 14. ਗ਼ੈਰ-ਮਸੀਹੀ ਯੂਨਾਨੀ ਫ਼ਿਲਾਸਫ਼ਰਾਂ ਤੋਂ ਗਿਆਨ ਪ੍ਰਾਪਤ ਕਰਨ ਦੀ ਉਮੀਦ ਕਿਉਂ ਨਹੀਂ ਰੱਖੀ ਜਾ ਸਕਦੀ ਹੈ?
13 ਕੀ ਮਸੀਹੀ ਹੋਣ ਦਾ ਦਾਅਵਾ ਕਰਨ ਵਾਲਿਆਂ ਨੂੰ ਮੌਤ ਮਗਰੋਂ ਜੀਵਨ ਦੀ ਉਮੀਦ ਵਰਗੇ ਬੁਨਿਆਦੀ ਵਿਸ਼ੇ ਬਾਰੇ ਸਿੱਖਣ ਲਈ ਗ਼ੈਰ-ਮਸੀਹੀ ਯੂਨਾਨੀ ਫ਼ਿਲਾਸਫ਼ਰਾਂ ਵੱਲ ਮੁੜਨਾ ਚਾਹੀਦਾ ਸੀ? ਬਿਲਕੁਲ ਨਹੀਂ। ਜਦੋਂ ਪੌਲੁਸ ਨੇ ਕੁਰਿੰਥੁਸ, ਯੂਨਾਨ, ਵਿਚ ਰਹਿਣ ਵਾਲੇ ਮਸੀਹੀਆਂ ਨੂੰ ਲਿਖਿਆ, ਤਾਂ ਉਸ ਨੇ ਕਿਹਾ: “ਇਸ ਸੰਸਾਰ ਦਾ ਗਿਆਨ ਪਰਮੇਸ਼ੁਰ ਦੇ ਭਾਣੇ ਮੂਰਖਪੁਣਾ ਹੈ ਕਿਉਂ ਜੋ ਲਿਖਿਆ ਹੋਇਆ ਹੈ ਭਈ ਉਹ ਗਿਆਨੀਆਂ ਨੂੰ ਓਹਨਾਂ ਦੀ ਹੀ ਚਤਰਾਈ ਵਿੱਚ ਫਸਾ ਦਿੰਦਾ ਹੈ। ਅਤੇ ਫੇਰ ਇਹ ਕਿ ਪ੍ਰਭੁ ਗਿਆਨੀਆਂ ਦੀਆਂ ਸੋਚਾਂ ਨੂੰ ਜਾਣਦਾ ਹੈ ਜੋ ਓਹ ਅਵਿਰਥੀਆਂ ਹਨ।” (1 ਕੁਰਿੰਥੀਆਂ 3:19, 20) ਪ੍ਰਾਚੀਨ ਯੂਨਾਨੀ ਲੋਕ ਮੂਰਤੀ-ਪੂਜਕ ਸਨ। ਤਾਂ ਫਿਰ, ਉਹ ਸੱਚਾਈ ਦਾ ਸੋਮਾ ਕਿਵੇਂ ਹੋ ਸਕਦੇ ਸਨ? ਪੌਲੁਸ ਨੇ ਕੁਰਿੰਥੀਆਂ ਨੂੰ ਪੁੱਛਿਆ: “ਪਰਮੇਸ਼ੁਰ ਦੀ ਹੈਕਲ ਨੂੰ ਮੂਰਤੀਆਂ ਨਾਲ ਕੀ ਵਾਸਤਾ ਹੈ? ਅਸੀਂ ਤਾਂ ਅਕਾਲ ਪੁਰਖ ਦੀ ਹੈਕਲ ਹਾਂ ਜਿਵੇਂ ਪਰਮੇਸ਼ੁਰ ਨੇ ਬਚਨ ਕੀਤਾ—ਮੈਂ ਓਹਨਾਂ ਵਿੱਚ ਵਾਸ ਕਰਾਂਗਾ ਅਤੇ ਫਿਰਿਆ ਕਰਾਂਗਾ, ਮੈਂ ਓਹਨਾਂ ਦਾ ਪਰਮੇਸ਼ੁਰ ਹੋਵਾਂਗਾ, ਅਤੇ ਓਹ ਮੇਰੀ ਪਰਜਾ ਹੋਣਗੇ।”—2 ਕੁਰਿੰਥੀਆਂ 6:16.
14 ਪਵਿੱਤਰ ਸੱਚਾਈਆਂ ਪਹਿਲਾਂ ਇਸਰਾਏਲੀ ਕੌਮ ਰਾਹੀਂ ਪ੍ਰਗਟ ਕੀਤੀਆਂ ਗਈਆਂ ਸਨ। (ਰੋਮੀਆਂ 3:1, 2) ਤੇਤੀ ਸਾ.ਯੁ. ਤੋਂ ਬਾਅਦ, ਇਹ ਪਹਿਲੀ ਸਦੀ ਦੀ ਮਸਹ ਕੀਤੀ ਹੋਈ ਮਸੀਹੀ ਕਲੀਸਿਯਾ ਦੁਆਰਾ ਪ੍ਰਗਟ ਕੀਤੀਆਂ ਗਈਆਂ। ਪੌਲੁਸ ਨੇ ਪਹਿਲੀ ਸਦੀ ਦੇ ਮਸੀਹੀਆਂ ਬਾਰੇ ਗੱਲ ਕਰਦੇ ਹੋਏ ਕਿਹਾ: “[ਜਿਹੜੀਆਂ ਵਸਤਾਂ ਪਰਮੇਸ਼ੁਰ ਨੇ ਆਪਣੇ ਪ੍ਰੇਮੀਆਂ ਲਈ ਤਿਆਰ ਕੀਤੀਆਂ] ਓਹਨਾਂ ਨੂੰ ਪਰਮੇਸ਼ੁਰ ਨੇ ਆਤਮਾ ਦੇ ਦੁਆਰਾ ਸਾਡੇ ਉੱਤੇ ਪਰਗਟ ਕੀਤਾ।” (1 ਕੁਰਿੰਥੀਆਂ 2:10; ਨਾਲੇ ਦੇਖੋ ਪਰਕਾਸ਼ ਦੀ ਪੋਥੀ 1:1, 2.) ਈਸਾਈ-ਜਗਤ ਨੇ ਅਮਰ ਆਤਮਾ ਦਾ ਸਿਧਾਂਤ ਯੂਨਾਨੀ ਫ਼ਲਸਫ਼ੇ ਤੋਂ ਲਿਆ ਹੈ। ਇਹ ਨਾ ਤਾਂ ਪਰਮੇਸ਼ੁਰ ਵੱਲੋਂ ਇਸਰਾਏਲ ਨੂੰ ਦਿੱਤੇ ਪ੍ਰਗਟੀਕਰਨ ਦੁਆਰਾ, ਅਤੇ ਨਾ ਹੀ ਪਹਿਲੀ ਸਦੀ ਦੇ ਮਸਹ ਕੀਤੇ ਹੋਏ ਮਸੀਹੀਆਂ ਦੀ ਕਲੀਸਿਯਾ ਦੁਆਰਾ ਦਿੱਤਾ ਗਿਆ ਸੀ।
ਮਰੇ ਹੋਇਆਂ ਲਈ ਅਸਲੀ ਉਮੀਦ
15. ਯਿਸੂ ਦੇ ਅਨੁਸਾਰ, ਮਰੇ ਹੋਇਆਂ ਲਈ ਕਿਹੜੀ ਅਸਲੀ ਉਮੀਦ ਹੈ?
15 ਜੇਕਰ ਅਮਰ ਆਤਮਾ ਨਹੀਂ ਹੈ, ਤਾਂ ਮਰੇ ਹੋਇਆਂ ਲਈ ਕਿਹੜੀ ਅਸਲੀ ਉਮੀਦ ਹੈ? ਨਿਰਸੰਦੇਹ, ਇਹ ਪੁਨਰ-ਉਥਾਨ ਦੀ ਉਮੀਦ ਹੈ ਜੋ ਬਾਈਬਲ ਦੀ ਮੁੱਖ ਸਿੱਖਿਆ ਹੈ ਅਤੇ ਸੱਚ-ਮੁੱਚ ਇਕ ਸ਼ਾਨਦਾਰ ਈਸ਼ਵਰੀ ਵਾਅਦਾ ਹੈ। ਯਿਸੂ ਨੇ ਮਾਰਥਾ ਨੂੰ ਇਹ ਕਹਿੰਦੇ ਹੋਏ ਪੁਨਰ-ਉਥਾਨ ਦੀ ਉਮੀਦ ਦਿੱਤੀ: “ਮੈਂ ਹੀ ਪੁਨਰ ਉੱਥਾਨ ਅਤੇ ਜੀਵਣ ਹਾਂ, ਜੋ ਕੋਈ ਮੇਰੇ ਤੇ ਵਿਸ਼ਵਾਸ ਰੱਖਦਾ ਹੈ, ਬੇਸ਼ਕ ਉਹ ਮਰ ਵੀ ਜਾਵੇ, ਉਹ ਫਿਰ ਵੀ ਜੀਵੇਗਾ।” (ਯੂਹੰਨਾ 11:25) ਯਿਸੂ ਵਿਚ ਵਿਸ਼ਵਾਸ ਰੱਖਣ ਦਾ ਅਰਥ ਹੈ ਪੁਨਰ-ਉਥਾਨ ਵਿਚ ਵਿਸ਼ਵਾਸ ਰੱਖਣਾ, ਨਾ ਕਿ ਅਮਰ ਆਤਮਾ ਵਿਚ।
16. ਪੁਨਰ-ਉਥਾਨ ਵਿਚ ਵਿਸ਼ਵਾਸ ਕਰਨਾ ਉਚਿਤ ਕਿਉਂ ਹੈ?
16 ਯਿਸੂ ਨੇ ਪੁਨਰ-ਉਥਾਨ ਬਾਰੇ ਪਹਿਲਾਂ ਉਦੋਂ ਗੱਲ ਕੀਤੀ ਸੀ ਜਦੋਂ ਉਸ ਨੇ ਕੁਝ ਯਹੂਦੀਆਂ ਨੂੰ ਕਿਹਾ ਸੀ: “ਇਹ ਨੂੰ ਅਚਰਜ ਨਾ ਜਾਣੋ ਕਿਉਂਕਿ ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ ਉਹ ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।” (ਯੂਹੰਨਾ 5:28, 29) ਯਿਸੂ ਇੱਥੇ ਜਿਸ ਘਟਨਾ ਦਾ ਵਰਣਨ ਕਰਦਾ ਹੈ, ਉਹ ਸਰੀਰ ਦੀ ਮੌਤ ਮਗਰੋਂ ਅਮਰ ਆਤਮਾ ਦੇ ਬਚ ਕੇ ਸਿੱਧੇ ਸਵਰਗ ਨੂੰ ਚਲੇ ਜਾਣ ਤੋਂ ਬਹੁਤ ਭਿੰਨ ਹੈ। ਉਹ ਭਵਿੱਖ ਵਿਚ ਕਬਰਾਂ ਵਿੱਚੋਂ ਲੋਕਾਂ ਦੇ “ਨਿੱਕਲ ਆਉਣ” ਬਾਰੇ ਦੱਸ ਰਿਹਾ ਸੀ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਸਦੀਆਂ ਤੋਂ ਜਾਂ ਹਜ਼ਾਰਾਂ ਸਾਲਾਂ ਤੋਂ ਕਬਰਾਂ ਵਿਚ ਹਨ। ਮਰੇ ਹੋਏ ਲੋਕ ਦੁਬਾਰਾ ਜੀਉਂਦੇ ਹੋਣਗੇ। ਕੀ ਇਹ ਅਸੰਭਵ ਹੈ? ਉਸ ਪਰਮੇਸ਼ੁਰ ਲਈ ਨਹੀਂ, “ਜਿਹੜਾ ਮੁਰਦਿਆਂ ਨੂੰ ਜਿਵਾਲਦਾ ਅਤੇ ਓਹਨਾਂ ਅਣਹੋਈਆਂ ਵਸਤਾਂ ਨੂੰ ਇਉਂ ਸੱਦਦਾ ਹੈ ਭਈ ਜਾਣੋ ਓਹ ਸਨਮੁਖ ਹਨ।” (ਰੋਮੀਆਂ 4:17) ਸੰਦੇਹਵਾਦੀ ਸ਼ਾਇਦ ਮਰੇ ਹੋਏ ਲੋਕਾਂ ਦੇ ਦੁਬਾਰਾ ਜੀਉਂਦੇ ਹੋਣ ਦੇ ਵਿਚਾਰ ਦਾ ਮਜ਼ਾਕ ਉਡਾਉਣ, ਪਰੰਤੂ ਇਹ ਪੂਰੀ ਤਰ੍ਹਾਂ ਇਸ ਅਸਲੀਅਤ ਦੀ ਇਕਸਾਰਤਾ ਵਿਚ ਹੈ ਕਿ “ਪਰਮੇਸ਼ੁਰ ਪ੍ਰੇਮ ਹੈ” ਅਤੇ ਕਿ ਉਹ “ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।”—1 ਯੂਹੰਨਾ 4:16; ਇਬਰਾਨੀਆਂ 11:6.
17. ਪੁਨਰ-ਉਥਾਨ ਦੁਆਰਾ ਪਰਮੇਸ਼ੁਰ ਕਿਹੜੇ ਕੰਮ ਕਰੇਗਾ?
17 ਆਖ਼ਰ, ਪਰਮੇਸ਼ੁਰ “ਮਰਨ ਤੋੜੀ ਵਫ਼ਾਦਾਰ” ਸਾਬਤ ਹੋਏ ਲੋਕਾਂ ਨੂੰ ਕਿਵੇਂ ਇਨਾਮ ਦੇ ਸਕਦਾ ਹੈ ਜੇ ਉਹ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਨਹੀਂ ਕਰਦਾ? (ਪਰਕਾਸ਼ ਦੀ ਪੋਥੀ 2:10) ਪੁਨਰ-ਉਥਾਨ ਰਾਹੀਂ ਪਰਮੇਸ਼ੁਰ ਉਹ ਕੰਮ ਵੀ ਪੂਰਾ ਕਰ ਸਕੇਗਾ ਜਿਸ ਬਾਰੇ ਯੂਹੰਨਾ ਰਸੂਲ ਨੇ ਲਿਖਿਆ ਸੀ: “ਪਰਮੇਸ਼ੁਰ ਦਾ ਪੁੱਤ੍ਰ ਇਸੇ ਲਈ ਪਰਗਟ ਹੋਇਆ ਭਈ ਸ਼ਤਾਨ ਦੇ ਕੰਮਾਂ ਨੂੰ ਨਸ਼ਟ ਕਰੇ।” (1 ਯੂਹੰਨਾ 3:8) ਅਦਨ ਦੇ ਬਾਗ਼ ਵਿਚ, ਸ਼ਤਾਨ ਸਾਰੀ ਮਨੁੱਖਜਾਤੀ ਦਾ ਕਾਤਲ ਬਣ ਗਿਆ ਜਦੋਂ ਉਸ ਨੇ ਸਾਡੇ ਪਹਿਲੇ ਮਾਤਾ-ਪਿਤਾ ਨੂੰ ਪਾਪ ਅਤੇ ਮੌਤ ਵਿਚ ਫਸਾਇਆ। (ਉਤਪਤ 3:1-6; ਯੂਹੰਨਾ 8:44) ਯਿਸੂ ਨੇ ਸ਼ਤਾਨ ਦੇ ਕੰਮਾਂ ਨੂੰ ਉਦੋਂ ਨਸ਼ਟ ਕਰਨਾ ਸ਼ੁਰੂ ਕੀਤਾ ਜਦੋਂ ਉਸ ਨੇ ਅਨੁਰੂਪ ਰਿਹਾਈ-ਕੀਮਤ ਵਜੋਂ ਆਪਣਾ ਸੰਪੂਰਣ ਜੀਵਨ ਦਿੱਤਾ। ਇਸ ਨੇ ਸਿੱਟੇ ਵਜੋਂ, ਆਦਮ ਦੁਆਰਾ ਜਾਣ-ਬੁੱਝ ਕੇ ਕੀਤੀ ਅਵੱਗਿਆ ਕਾਰਨ, ਵਿਰਸੇ ਵਿਚ ਪ੍ਰਾਪਤ ਪਾਪ ਦੀ ਗ਼ੁਲਾਮੀ ਤੋਂ ਮਨੁੱਖਜਾਤੀ ਨੂੰ ਛੁਡਾਉਣ ਦਾ ਰਾਹ ਖੋਲ੍ਹ ਦਿੱਤਾ। (ਰੋਮੀਆਂ 5:18) ਆਦਮ ਦੇ ਪਾਪ ਕਰਕੇ ਮਰਨ ਵਾਲਿਆਂ ਦੇ ਪੁਨਰ-ਉਥਾਨ ਨਾਲ ਸ਼ਤਾਨ ਦੇ ਕੰਮਾਂ ਨੂੰ ਹੋਰ ਨਸ਼ਟ ਕੀਤਾ ਜਾਵੇਗਾ।
ਸਰੀਰ ਅਤੇ ਅਮਰ ਆਤਮਾ
18. ਯੂਨਾਨੀ ਫ਼ਿਲਾਸਫ਼ਰਾਂ ਨੂੰ ਉਹ ਕਿਵੇਂ ਲੱਗਾ ਜੋ ਪੌਲੁਸ ਨੇ ਯਿਸੂ ਦੇ ਪੁਨਰ-ਉਥਾਨ ਬਾਰੇ ਕਿਹਾ ਅਤੇ ਇਵੇਂ ਕਿਉਂ?
18 ਜਦੋਂ ਪੌਲੁਸ ਰਸੂਲ ਅਥੇਨੈ ਵਿਚ ਸੀ, ਉਸ ਨੇ ਇਕ ਭੀੜ ਨੂੰ ਖ਼ੁਸ਼ ਖ਼ਬਰੀ ਸੁਣਾਈ ਜਿਸ ਵਿਚ ਕੁਝ ਯੂਨਾਨੀ ਫ਼ਿਲਾਸਫ਼ਰ ਵੀ ਸਨ। ਉਨ੍ਹਾਂ ਨੇ ਸੱਚੇ ਪਰਮੇਸ਼ੁਰ ਬਾਰੇ ਉਸ ਦੀ ਚਰਚਾ ਅਤੇ ਤੋਬਾ ਕਰਨ ਲਈ ਉਸ ਦੀ ਪੁਕਾਰ ਨੂੰ ਸੁਣਿਆ। ਪਰੰਤੂ ਇਸ ਤੋਂ ਬਾਅਦ ਕੀ ਹੋਇਆ? ਪੌਲੁਸ ਨੇ ਆਪਣਾ ਭਾਸ਼ਣ ਇਸ ਤਰ੍ਹਾਂ ਖ਼ਤਮ ਕੀਤਾ: “[ਪਰਮੇਸ਼ੁਰ] ਨੇ ਇੱਕ ਦਿਨ ਠਹਿਰਾ ਛੱਡਿਆ ਹੈ ਜਿਹ ਦੇ ਵਿੱਚ ਉਹ ਸਚਿਆਈ ਨਾਲ ਸੰਸਾਰ ਦਾ ਨਿਆਉਂ ਕਰੇਗਾ ਓਸ ਮਨੁੱਖ ਦੇ ਰਾਹੀਂ ਜਿਹ ਨੂੰ ਉਸ ਨੇ ਠਹਿਰਾਇਆ ਅਤੇ ਉਹ ਨੂੰ ਮੁਰਦਿਆਂ ਵਿੱਚੋਂ ਜਿਵਾਲ ਕੇ ਇਹ ਗੱਲ ਸਭਨਾਂ ਉੱਤੇ ਸਾਬਤ ਕਰ ਦਿੱਤੀ ਹੈ।” ਇਨ੍ਹਾਂ ਸ਼ਬਦਾਂ ਨੇ ਹਲਚਲ ਪੈਦਾ ਕਰ ਦਿੱਤੀ। “ਜਾਂ ਉਨ੍ਹਾਂ ਨੇ ਮੁਰਦਿਆਂ ਦੇ ਜੀ ਉੱਠਣ ਦੀ ਗੱਲ ਸੁਣੀ ਤਾਂ ਕਈ ਮਖੌਲ ਕਰਨ ਲੱਗੇ।” (ਰਸੂਲਾਂ ਦੇ ਕਰਤੱਬ 17:22-32) ਧਾਰਮਿਕ ਵਿਦਵਾਨ ਔਸਕਰ ਕਲਮਨ ਟਿੱਪਣੀ ਕਰਦਾ ਹੈ: “ਅਮਰ ਆਤਮਾ ਵਿਚ ਵਿਸ਼ਵਾਸ ਰੱਖਣ ਵਾਲੇ ਯੂਨਾਨੀ ਲੋਕਾਂ ਲਈ ਪੁਨਰ-ਉਥਾਨ ਦੀ ਮਸੀਹੀ ਸਿੱਖਿਆ ਨੂੰ ਸਵੀਕਾਰ ਕਰਨਾ ਦੂਸਰੇ ਲੋਕਾਂ ਨਾਲੋਂ ਸ਼ਾਇਦ ਜ਼ਿਆਦਾ ਮੁਸ਼ਕਲ ਸੀ। . . . ਵੱਡੇ ਫ਼ਿਲਾਸਫ਼ਰਾਂ ਸੁਕਰਾਤ ਅਤੇ ਅਫਲਾਤੂਨ ਦੀ ਸਿੱਖਿਆ ਨੂੰ ਕਿਸੇ ਵੀ ਤਰ੍ਹਾਂ ਨਵੇਂ ਨੇਮ ਦੀ ਇਕਸੁਰਤਾ [ਸਹਿਮਤੀ] ਵਿਚ ਨਹੀਂ ਲਿਆਇਆ ਜਾ ਸਕਦਾ।”
19. ਈਸਾਈ-ਜਗਤ ਦੇ ਧਾਰਮਿਕ ਵਿਦਵਾਨਾਂ ਨੇ ਪੁਨਰ-ਉਥਾਨ ਦੀ ਸਿੱਖਿਆ ਨੂੰ ਅਮਰ ਆਤਮਾ ਦੀ ਸਿੱਖਿਆ ਦੀ ਇਕਸੁਰਤਾ ਵਿਚ ਲਿਆਉਣ ਦੀ ਕਿਵੇਂ ਕੋਸ਼ਿਸ਼ ਕੀਤੀ?
19 ਫਿਰ ਵੀ, ਰਸੂਲਾਂ ਦੀ ਮੌਤ ਮਗਰੋਂ ਹੋਏ ਵੱਡੇ ਧਰਮ-ਤਿਆਗ ਤੋਂ ਬਾਅਦ, ਧਾਰਮਿਕ ਵਿਦਵਾਨਾਂ ਨੇ ਪੁਨਰ-ਉਥਾਨ ਦੀ ਮਸੀਹੀ ਸਿੱਖਿਆ ਵਿਚ ਅਫਲਾਤੂਨ ਵੱਲੋਂ ਸਿਖਾਏ ਗਏ ਅਮਰ ਆਤਮਾ ਦੇ ਵਿਸ਼ਵਾਸ ਨੂੰ ਰਲਾਉਣ ਦੀ ਕੋਸ਼ਿਸ਼ ਕੀਤੀ। ਸਮੇਂ ਦੇ ਬੀਤਣ ਨਾਲ, ਕੁਝ ਵਿਅਕਤੀ ਇਕ ਵਿਲੱਖਣ ਹੱਲ ਤੇ ਸਹਿਮਤ ਹੋਏ: ਮੌਤ ਹੋਣ ਤੇ, ਆਤਮਾ ਸਰੀਰ ਵਿੱਚੋਂ ਨਿਕਲ ਜਾਂਦੀ ਹੈ (“ਆਜ਼ਾਦ ਹੋ ਜਾਂਦੀ ਹੈ,” ਜਿਵੇਂ ਕਿ ਕੁਝ ਲੋਕ ਕਹਿੰਦੇ ਹਨ)। ਫਿਰ, ਆਰ. ਜੇ. ਕੁਕ ਦੁਆਰਾ ਲਿਖੀ ਗਈ ਪੁਸਤਕ ਪੁਨਰ-ਉਥਾਨ ਦੀ ਸਿੱਖਿਆ ਦੀ ਰੂਪ-ਰੇਖਾ (ਅੰਗ੍ਰੇਜ਼ੀ) ਅਨੁਸਾਰ, ਨਿਆਉਂ ਦੇ ਦਿਨ ਤੇ “ਹਰੇਕ ਸਰੀਰ ਆਪਣੀ ਆਤਮਾ ਨਾਲ ਦੁਬਾਰਾ ਮਿਲ ਜਾਵੇਗਾ, ਅਤੇ ਹਰੇਕ ਆਤਮਾ ਆਪਣੇ ਸਰੀਰ ਨਾਲ।” ਭਵਿੱਖ ਵਿਚ ਸਰੀਰ ਦੇ ਆਪਣੀ ਆਤਮਾ ਨਾਲ ਦੁਬਾਰਾ ਮਿਲ ਜਾਣ ਨੂੰ ਪੁਨਰ-ਉਥਾਨ ਕਿਹਾ ਗਿਆ ਹੈ।
20, 21. ਪੁਨਰ-ਉਥਾਨ ਬਾਰੇ ਕਿਨ੍ਹਾਂ ਨੇ ਲਗਾਤਾਰ ਸੱਚਾਈ ਸਿਖਾਈ ਹੈ, ਅਤੇ ਇਸ ਤੋਂ ਉਨ੍ਹਾਂ ਨੂੰ ਕਿਵੇਂ ਲਾਭ ਪਹੁੰਚਿਆ ਹੈ?
20 ਇਹ ਵਿਚਾਰ ਅਜੇ ਵੀ ਪ੍ਰਮੁੱਖ ਗਿਰਜਿਆਂ ਦੀ ਅਧਿਕਾਰਿਤ ਸਿੱਖਿਆ ਹੈ। ਹਾਲਾਂਕਿ ਅਜਿਹੀ ਧਾਰਣਾ ਇਕ ਧਾਰਮਿਕ ਵਿਦਵਾਨ ਨੂੰ ਸ਼ਾਇਦ ਤਰਕਸੰਗਤ ਜਾਪੇ, ਪਰ ਗਿਰਜੇ ਜਾਣ ਵਾਲੇ ਜ਼ਿਆਦਾਤਰ ਲੋਕ ਇਸ ਤੋਂ ਅਣਜਾਣ ਹਨ। ਉਹ ਸਿਰਫ਼ ਵਿਸ਼ਵਾਸ ਕਰਦੇ ਹਨ ਕਿ ਜਦੋਂ ਉਹ ਮਰ ਜਾਣਗੇ, ਤਾਂ ਉਹ ਸਿੱਧੇ ਸਵਰਗ ਨੂੰ ਚੱਲੇ ਜਾਣਗੇ। ਇਸ ਕਰਕੇ, ਕਾਮਨਵੀਲ ਦੇ ਮਈ 5, 1995 ਦੇ ਅੰਕ ਵਿਚ, ਲੇਖਕ ਜੌਨ ਗਾਰਵੀ ਨੇ ਦੋਸ਼ ਲਾਇਆ: “[ਮੌਤ ਮਗਰੋਂ ਜੀਵਨ ਬਾਰੇ] ਜ਼ਿਆਦਾਤਰ ਈਸਾਈਆਂ ਦਾ ਵਿਸ਼ਵਾਸ ਸੱਚੀ ਮਸੀਹੀਅਤ ਨਾਲੋਂ ਨਵ-ਅਫਲਾਤੂਨਵਾਦ ਦੇ ਜ਼ਿਆਦਾ ਨੇੜੇ ਜਾਪਦਾ ਹੈ, ਅਤੇ ਇਸ ਦਾ ਬਾਈਬਲੀ ਆਧਾਰ ਨਹੀਂ ਹੈ।” ਅਸਲ ਵਿਚ, ਬਾਈਬਲ ਨੂੰ ਅਫਲਾਤੂਨ ਦੀ ਸਿੱਖਿਆ ਨਾਲ ਵਟਾਉਣ ਦੁਆਰਾ, ਈਸਾਈ-ਜਗਤ ਦੇ ਪਾਦਰੀਆਂ ਨੇ ਆਪਣੇ ਝੁੰਡ ਲਈ ਪੁਨਰ-ਉਥਾਨ ਦੀ ਬਾਈਬਲੀ ਉਮੀਦ ਖ਼ਤਮ ਕਰ ਦਿੱਤੀ।
21 ਦੂਸਰੇ ਪਾਸੇ, ਯਹੋਵਾਹ ਦੇ ਗਵਾਹ ਗ਼ੈਰ-ਮਸੀਹੀ ਫ਼ਲਸਫ਼ੇ ਨੂੰ ਰੱਦ ਕਰਦੇ ਹਨ ਅਤੇ ਪੁਨਰ-ਉਥਾਨ ਦੀ ਬਾਈਬਲ ਦੀ ਸਿੱਖਿਆ ਦਾ ਸਮਰਥਨ ਕਰਦੇ ਹਨ। ਉਹ ਅਜਿਹੀ ਸਿੱਖਿਆ ਨੂੰ ਗਿਆਨਦਾਇਕ, ਤਸੱਲੀਬਖ਼ਸ਼, ਅਤੇ ਦਿਲਾਸਾ ਦੇਣ ਵਾਲੀ ਪਾਉਂਦੇ ਹਨ। ਅਗਲੇ ਲੇਖਾਂ ਵਿਚ, ਅਸੀਂ ਦੇਖਾਂਗੇ ਕਿ ਜ਼ਮੀਨੀ ਉਮੀਦ ਰੱਖਣ ਵਾਲਿਆਂ ਲਈ ਅਤੇ ਪੁਨਰ-ਉਥਿਤ ਹੋ ਕੇ ਸਵਰਗ ਜਾਣ ਦੀ ਆਸ ਰੱਖਣ ਵਾਲਿਆਂ ਲਈ ਪੁਨਰ-ਉਥਾਨ ਦੀ ਬਾਈਬਲ ਦੀ ਸਿੱਖਿਆ ਕਿੰਨੀ ਤਰਕਸੰਗਤ ਅਤੇ ਠੋਸ ਆਧਾਰ ਵਾਲੀ ਹੈ। ਇਨ੍ਹਾਂ ਲੇਖਾਂ ਦੀ ਚਰਚਾ ਕਰਨ ਤੋਂ ਪਹਿਲਾਂ, ਅਸੀਂ ਸਲਾਹ ਦਿੰਦੇ ਹਾਂ ਕਿ ਤੁਸੀਂ ਕੁਰਿੰਥੀਆਂ ਨੂੰ ਲਿਖੀ ਪਹਿਲੀ ਪੱਤਰੀ ਦੇ 15 ਅਧਿਆਇ ਨੂੰ ਧਿਆਨ ਨਾਲ ਪੜ੍ਹੋ।
ਕੀ ਤੁਹਾਨੂੰ ਯਾਦ ਹੈ?
◻ ਪੁਨਰ-ਉਥਾਨ ਵਿਚ ਸਾਨੂੰ ਦ੍ਰਿੜ੍ਹ ਭਰੋਸਾ ਕਿਉਂ ਵਿਕਸਿਤ ਕਰਨਾ ਚਾਹੀਦਾ ਹੈ?
◻ ਯਹੋਵਾਹ ਨੇ ਆਦਮ ਅਤੇ ਹੱਵਾਹ ਸਾਮ੍ਹਣੇ ਕਿਹੜੀ ਆਸ ਰੱਖੀ ਸੀ?
◻ ਯੂਨਾਨੀ ਫ਼ਲਸਫ਼ੇ ਵਿੱਚੋਂ ਸੱਚਾਈ ਕਿਉਂ ਨਹੀਂ ਭਾਲੀ ਜਾ ਸਕਦੀ?
◻ ਪੁਨਰ-ਉਥਾਨ ਦੀ ਉਮੀਦ ਤਰਕਸੰਗਤ ਕਿਉਂ ਹੈ?
[ਸਫ਼ੇ 9 ਉੱਤੇ ਤਸਵੀਰ]
ਜਦੋਂ ਸਾਡੇ ਪਹਿਲੇ ਮਾਤਾ-ਪਿਤਾ ਨੇ ਪਾਪ ਕੀਤਾ, ਤਾਂ ਉਨ੍ਹਾਂ ਨੇ ਧਰਤੀ ਉਤੇ ਸਦੀਪਕ ਜੀਵਨ ਦੀ ਉਮੀਦ ਨੂੰ ਗੁਆ ਦਿੱਤਾ
[ਸਫ਼ੇ 11 ਉੱਤੇ ਤਸਵੀਰ]
ਅਮਰ ਆਤਮਾ ਵਿਚ ਅਫਲਾਤੂਨ ਦੇ ਵਿਸ਼ਵਾਸ ਤੋਂ ਗਿਰਜੇ ਦੇ ਪਾਦਰੀ ਪ੍ਰਭਾਵਿਤ ਹੋਏ
[ਕ੍ਰੈਡਿਟ ਲਾਈਨ]
Musei Capitolini, Roma