ਅਧਿਆਇ 23
“ਮੇਰੀ ਗੱਲ ਸੁਣੋ”
ਪੌਲੁਸ ਗੁੱਸੇ ਵਿਚ ਭੜਕੇ ਲੋਕਾਂ ਅਤੇ ਮਹਾਸਭਾ ਸਾਮ੍ਹਣੇ ਸੱਚਾਈ ਦੇ ਪੱਖ ਵਿਚ ਬੋਲਦਾ ਹੈ
ਰਸੂਲਾਂ ਦੇ ਕੰਮ 21:18–23:10 ਵਿੱਚੋਂ
1, 2. ਪੌਲੁਸ ਯਰੂਸ਼ਲਮ ਕਿਉਂ ਆਇਆ ਸੀ ਅਤੇ ਉਸ ਨੂੰ ਉੱਥੇ ਕਿਹੜੀਆਂ ਮੁਸ਼ਕਲਾਂ ਸਹਿਣੀਆਂ ਪੈਣੀਆਂ ਸਨ?
ਇਕ ਵਾਰ ਫਿਰ ਪੌਲੁਸ ਯਰੂਸ਼ਲਮ ਦੀਆਂ ਤੰਗ ਤੇ ਭੀੜ-ਭੜੱਕੇ ਵਾਲੀਆਂ ਗਲੀਆਂ ਵਿੱਚੋਂ ਦੀ ਲੰਘ ਰਿਹਾ ਹੈ। ਧਰਤੀ ਉੱਤੇ ਹੋਰ ਕੋਈ ਵੀ ਸ਼ਹਿਰ ਯਰੂਸ਼ਲਮ ਜਿੰਨਾ ਮਹੱਤਵਪੂਰਣ ਤੇ ਖ਼ਾਸ ਨਹੀਂ ਹੈ ਕਿਉਂਕਿ ਇਸ ਸ਼ਹਿਰ ਦਾ ਸੰਬੰਧ ਯਹੋਵਾਹ ਦੇ ਲੋਕਾਂ ਦੇ ਇਤਿਹਾਸ ਨਾਲ ਹੈ। ਇਸ ਸ਼ਹਿਰ ਦੇ ਲੋਕਾਂ ਨੂੰ ਆਪਣੇ ਸ਼ਾਨਦਾਰ ਇਤਿਹਾਸ ʼਤੇ ਮਾਣ ਹੈ। ਪੌਲੁਸ ਜਾਣਦਾ ਹੈ ਕਿ ਇੱਥੇ ਬਹੁਤ ਸਾਰੇ ਮਸੀਹੀ ਆਪਣੇ ਇਤਿਹਾਸ ਨੂੰ ਫੜੀ ਬੈਠੇ ਹਨ ਅਤੇ ਇਸ ਗੱਲ ਨੂੰ ਸਮਝ ਨਹੀਂ ਰਹੇ ਕਿ ਯਹੋਵਾਹ ਨੇ ਭਗਤੀ ਕਰਨ ਦਾ ਨਵਾਂ ਇੰਤਜ਼ਾਮ ਕੀਤਾ ਹੈ। ਉਨ੍ਹਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਯਹੋਵਾਹ ਨੇ ਹੁਣ ਮੂਸਾ ਦੇ ਕਾਨੂੰਨ ਨੂੰ ਖ਼ਤਮ ਕਰ ਦਿੱਤਾ ਸੀ। ਇਸ ਕਰਕੇ ਉੱਥੇ ਦੇ ਮਸੀਹੀਆਂ ਦੀਆਂ ਆਰਥਿਕ ਲੋੜਾਂ ਦੇ ਨਾਲ-ਨਾਲ ਇਸ ਲੋੜ ਨੂੰ ਵੀ ਧਿਆਨ ਵਿਚ ਰੱਖਦਿਆਂ ਉਸ ਨੇ ਅਫ਼ਸੁਸ ਵਿਚ ਹੁੰਦਿਆਂ ਯਰੂਸ਼ਲਮ ਜਾਣ ਦਾ ਫ਼ੈਸਲਾ ਕੀਤਾ। (ਰਸੂ. 19:21) ਜਾਨ ਨੂੰ ਖ਼ਤਰਾ ਹੁੰਦੇ ਹੋਏ ਵੀ ਉਸ ਨੇ ਆਪਣਾ ਫ਼ੈਸਲਾ ਨਹੀਂ ਬਦਲਿਆ।
2 ਯਰੂਸ਼ਲਮ ਵਿਚ ਪੌਲੁਸ ਨੂੰ ਕਿਹੜੀਆਂ ਮੁਸ਼ਕਲਾਂ ਸਹਿਣੀਆਂ ਪੈਣਗੀਆਂ? ਇਕ ਤਾਂ ਮਸੀਹ ਦੇ ਕੁਝ ਚੇਲੇ ਉਸ ਲਈ ਮੁਸ਼ਕਲਾਂ ਖੜ੍ਹੀਆਂ ਕਰਨਗੇ ਜਿਨ੍ਹਾਂ ਵਿੱਚੋਂ ਕਈ ਜਣੇ ਪੌਲੁਸ ਬਾਰੇ ਸੁਣੀਆਂ ਅਫ਼ਵਾਹਾਂ ਕਰਕੇ ਪਰੇਸ਼ਾਨ ਹਨ। ਪਰ ਜ਼ਿਆਦਾ ਮੁਸ਼ਕਲਾਂ ਮਸੀਹ ਦੇ ਦੁਸ਼ਮਣਾਂ ਤੋਂ ਆਉਣਗੀਆਂ। ਉਹ ਉਸ ਉੱਤੇ ਝੂਠੇ ਇਲਜ਼ਾਮ ਲਾਉਣਗੇ, ਉਸ ਨੂੰ ਕੁੱਟਣਗੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣਗੇ। ਇਨ੍ਹਾਂ ਮੁਸ਼ਕਲ ਸਮਿਆਂ ਦੌਰਾਨ ਪੌਲੁਸ ਨੂੰ ਆਪਣੇ ਪੱਖ ਵਿਚ ਬੋਲਣ ਦਾ ਮੌਕਾ ਮਿਲੇਗਾ। ਮੁਸ਼ਕਲਾਂ ਸਹਿੰਦਿਆਂ ਪੌਲੁਸ ਆਪਣੀ ਨਿਮਰਤਾ, ਦਲੇਰੀ ਅਤੇ ਨਿਹਚਾ ਦਾ ਸਬੂਤ ਦੇ ਕੇ ਅੱਜ ਸਾਰੇ ਮਸੀਹੀਆਂ ਲਈ ਇਕ ਵਧੀਆ ਮਿਸਾਲ ਕਾਇਮ ਕਰਦਾ ਹੈ। ਆਓ ਦੇਖੀਏ ਕਿਵੇਂ।
“ਉਨ੍ਹਾਂ ਨੇ ਪਰਮੇਸ਼ੁਰ ਦੀ ਮਹਿਮਾ ਕੀਤੀ” (ਰਸੂ. 21:18-20ੳ)
3-5. (ੳ) ਯਰੂਸ਼ਲਮ ਵਿਚ ਪੌਲੁਸ ਕਿਹੜੀ ਸਭਾ ਵਿਚ ਗਿਆ ਸੀ ਅਤੇ ਉੱਥੇ ਕਿਸ ਗੱਲ ʼਤੇ ਚਰਚਾ ਹੋਈ ਸੀ? (ਅ) ਯਰੂਸ਼ਲਮ ਵਿਚ ਪੌਲੁਸ ਦੀ ਬਜ਼ੁਰਗਾਂ ਨਾਲ ਹੋਈ ਸਭਾ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
3 ਯਰੂਸ਼ਲਮ ਆਉਣ ਤੋਂ ਬਾਅਦ ਦੂਜੇ ਦਿਨ ਪੌਲੁਸ ਅਤੇ ਉਸ ਦੇ ਸਾਥੀ ਮੰਡਲੀ ਦੇ ਜ਼ਿੰਮੇਵਾਰ ਬਜ਼ੁਰਗਾਂ ਨੂੰ ਮਿਲਣ ਗਏ। ਇੱਥੇ ਬਾਕੀ ਬਚੇ ਰਸੂਲਾਂ ਵਿੱਚੋਂ ਕਿਸੇ ਦਾ ਵੀ ਜ਼ਿਕਰ ਨਹੀਂ ਕੀਤਾ ਗਿਆ ਹੈ; ਸ਼ਾਇਦ ਉਦੋਂ ਤਕ ਉਹ ਸਾਰੇ ਦੁਨੀਆਂ ਦੇ ਹੋਰ ਇਲਾਕਿਆਂ ਵਿਚ ਸੇਵਾ ਕਰਨ ਚਲੇ ਗਏ ਸਨ। ਪਰ ਯਿਸੂ ਦਾ ਭਰਾ ਯਾਕੂਬ ਅਜੇ ਵੀ ਉੱਥੇ ਸੀ। (ਗਲਾ. 2:9) ਸ਼ਾਇਦ ਯਾਕੂਬ ਨੇ ਉਸ ਸਭਾ ਦੀ ਪ੍ਰਧਾਨਗੀ ਕੀਤੀ ਸੀ ਜਦੋਂ ਪੌਲੁਸ ਨਾਲ “ਉੱਥੇ ਸਾਰੇ ਬਜ਼ੁਰਗ ਮੌਜੂਦ ਸਨ।”—ਰਸੂ. 21:18.
4 ਪੌਲੁਸ ਨੇ ਬਜ਼ੁਰਗਾਂ ਨੂੰ ਨਮਸਕਾਰ ਕੀਤਾ ਅਤੇ “ਉਨ੍ਹਾਂ ਸਾਰੇ ਕੰਮਾਂ ਦੀ ਪੂਰੀ ਜਾਣਕਾਰੀ ਦਿੱਤੀ ਜੋ ਪਰਮੇਸ਼ੁਰ ਨੇ ਗ਼ੈਰ-ਯਹੂਦੀ ਕੌਮਾਂ ਵਿਚ ਉਸ ਦੇ ਪ੍ਰਚਾਰ ਰਾਹੀਂ ਕੀਤੇ ਸਨ।” (ਰਸੂ. 21:19) ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਰਿਪੋਰਟ ਸੁਣ ਕੇ ਉਨ੍ਹਾਂ ਸਾਰਿਆਂ ਨੂੰ ਕਿੰਨਾ ਹੌਸਲਾ ਮਿਲਿਆ ਹੋਣਾ। ਇਸੇ ਤਰ੍ਹਾਂ ਅੱਜ ਸਾਨੂੰ ਵੀ ਖ਼ੁਸ਼ੀ ਹੁੰਦੀ ਹੈ ਜਦੋਂ ਅਸੀਂ ਹੋਰ ਦੇਸ਼ਾਂ ਵਿਚ ਪ੍ਰਚਾਰ ਦੇ ਕੰਮ ਵਿਚ ਤਰੱਕੀ ਦੀਆਂ ਰਿਪੋਰਟਾਂ ਸੁਣਦੇ ਹਾਂ।—ਕਹਾ. 25:25.
5 ਗੱਲ ਕਰਦਿਆਂ ਪੌਲੁਸ ਨੇ ਦਾਨ ਦਾ ਵੀ ਜ਼ਿਕਰ ਕੀਤਾ ਹੋਣਾ ਜੋ ਉਹ ਯੂਰਪ ਦੀਆਂ ਮੰਡਲੀਆਂ ਤੋਂ ਲਿਆਇਆ ਸੀ। ਉਸ ਦੀ ਗੱਲ ਸੁਣ ਰਹੇ ਬਜ਼ੁਰਗਾਂ ਨੂੰ ਇਹ ਜਾਣ ਕੇ ਕਿੰਨੀ ਖ਼ੁਸ਼ੀ ਹੋਈ ਹੋਣੀ ਕਿ ਦੂਰ-ਦੁਰਾਡੇ ਦੇਸ਼ਾਂ ਦੇ ਭੈਣਾਂ-ਭਰਾਵਾਂ ਨੂੰ ਉਨ੍ਹਾਂ ਦੀ ਕਿੰਨੀ ਚਿੰਤਾ ਸੀ। ਬਾਈਬਲ ਵਿਚ ਲਿਖਿਆ ਹੈ ਕਿ ਰਿਪੋਰਟ ਸੁਣ ਕੇ “ਉਨ੍ਹਾਂ [ਬਜ਼ੁਰਗਾਂ] ਨੇ ਪਰਮੇਸ਼ੁਰ ਦੀ ਮਹਿਮਾ ਕੀਤੀ”! (ਰਸੂ. 21:20ੳ) ਇਸੇ ਤਰ੍ਹਾਂ ਅੱਜ ਵੀ ਕੁਦਰਤੀ ਆਫ਼ਤਾਂ ਜਾਂ ਗੰਭੀਰ ਬੀਮਾਰੀਆਂ ਨੂੰ ਝੱਲ ਰਹੇ ਭੈਣ-ਭਰਾ ਖ਼ੁਸ਼ ਹੁੰਦੇ ਹਨ ਜਦੋਂ ਦੂਸਰੇ ਭੈਣ-ਭਰਾ ਉਨ੍ਹਾਂ ਦੀ ਲੋੜ ਅਨੁਸਾਰ ਮਦਦ ਕਰਦੇ ਅਤੇ ਹੌਸਲਾ ਦਿੰਦੇ ਹਨ।
‘ਜੋਸ਼ ਨਾਲ ਮੂਸਾ ਦੇ ਕਾਨੂੰਨ ਦੀ ਪਾਲਣਾ ਕਰਨ’ ਵਾਲੇ ਮਸੀਹੀ (ਰਸੂ. 21:20ਅ, 21)
6. ਪੌਲੁਸ ਨੂੰ ਕਿਹੜੀ ਇਕ ਸਮੱਸਿਆ ਬਾਰੇ ਦੱਸਿਆ ਗਿਆ?
6 ਫਿਰ ਬਜ਼ੁਰਗਾਂ ਨੇ ਪੌਲੁਸ ਨੂੰ ਦੱਸਿਆ ਕਿ ਉਸ ਕਰਕੇ ਯਹੂਦਿਯਾ ਵਿਚ ਇਕ ਮੁਸ਼ਕਲ ਖੜ੍ਹੀ ਹੋਈ ਸੀ। ਉਨ੍ਹਾਂ ਨੇ ਦੱਸਿਆ: “ਭਰਾ, ਤੈਨੂੰ ਪਤਾ ਹੈ ਕਿ ਹਜ਼ਾਰਾਂ ਯਹੂਦੀਆਂ ਨੇ ਯਿਸੂ ਉੱਤੇ ਨਿਹਚਾ ਕੀਤੀ ਹੈ ਅਤੇ ਉਹ ਸਾਰੇ ਜੋਸ਼ ਨਾਲ ਮੂਸਾ ਦੇ ਕਾਨੂੰਨ ਦੀ ਪਾਲਣਾ ਕਰਦੇ ਹਨ। ਪਰ ਉਨ੍ਹਾਂ ਨੇ ਤੇਰੇ ਬਾਰੇ ਇਹ ਅਫ਼ਵਾਹ ਸੁਣੀ ਹੈ ਕਿ ਤੂੰ ਗ਼ੈਰ-ਯਹੂਦੀ ਕੌਮਾਂ ਵਿਚ ਵੱਸੇ ਸਾਰੇ ਯਹੂਦੀਆਂ ਨੂੰ ਸਿੱਖਿਆ ਦੇ ਰਿਹਾ ਹੈਂ ਕਿ ਉਹ ਮੂਸਾ ਦੇ ਕਾਨੂੰਨ ਨੂੰ ਤਿਆਗ ਦੇਣ ਅਤੇ ਉਹ ਨਾ ਤਾਂ ਆਪਣੇ ਬੱਚਿਆਂ ਦੀ ਸੁੰਨਤ ਕਰਨ ਅਤੇ ਨਾ ਹੀ ਸਦੀਆਂ ਤੋਂ ਚੱਲਦੇ ਆ ਰਹੇ ਰੀਤੀ-ਰਿਵਾਜਾਂ ਨੂੰ ਮੰਨਣ।”a—ਰਸੂ. 21:20ਅ, 21.
7, 8. (ੳ) ਯਹੂਦਿਯਾ ਵਿਚ ਬਹੁਤ ਸਾਰੇ ਮਸੀਹੀਆਂ ਨੂੰ ਕਿਹੜੀ ਗੱਲ ਸਮਝ ਨਹੀਂ ਆਈ ਸੀ? (ਅ) ਇਹ ਕਿਉਂ ਨਹੀਂ ਕਿਹਾ ਜਾ ਸਕਦਾ ਕਿ ਮੂਸਾ ਦੇ ਕਾਨੂੰਨ ʼਤੇ ਚੱਲਣ ਵਾਲੇ ਯਹੂਦੀ ਮਸੀਹੀ ਧਰਮ-ਤਿਆਗੀ ਬਣ ਗਏ ਸਨ?
7 ਬਹੁਤ ਸਾਰੇ ਮਸੀਹੀ ਅਜੇ ਵੀ ਕਿਉਂ ਮੂਸਾ ਦੇ ਕਾਨੂੰਨ ਉੱਤੇ ਚੱਲਣ ʼਤੇ ਇੰਨਾ ਜ਼ੋਰ ਦੇ ਰਹੇ ਸਨ, ਜਦ ਕਿ ਇਸ ਕਾਨੂੰਨ ਨੂੰ ਖ਼ਤਮ ਹੋਇਆਂ 20 ਤੋਂ ਜ਼ਿਆਦਾ ਸਾਲ ਹੋ ਗਏ ਸਨ? (ਕੁਲੁ. 2:14) 49 ਈਸਵੀ ਵਿਚ ਯਰੂਸ਼ਲਮ ਵਿਚ ਰਸੂਲਾਂ ਅਤੇ ਬਜ਼ੁਰਗਾਂ ਦੀ ਸੁੰਨਤ ਦੇ ਮਸਲੇ ਬਾਰੇ ਇਕ ਸਭਾ ਹੋਈ ਸੀ। ਮੀਟਿੰਗ ਤੋਂ ਬਾਅਦ ਉਨ੍ਹਾਂ ਨੇ ਚਿੱਠੀ ਲਿਖ ਕੇ ਮੰਡਲੀਆਂ ਨੂੰ ਦੱਸਿਆ ਸੀ ਕਿ ਗ਼ੈਰ-ਯਹੂਦੀ ਮਸੀਹੀਆਂ ਨੂੰ ਸੁੰਨਤ ਕਰਾਉਣ ਅਤੇ ਮੂਸਾ ਦੇ ਕਾਨੂੰਨ ਦੀ ਪਾਲਣਾ ਕਰਨ ਦੀ ਲੋੜ ਨਹੀਂ ਸੀ। (ਰਸੂ. 15:23-29) ਪਰ ਉਸ ਚਿੱਠੀ ਵਿਚ ਯਹੂਦੀ ਮਸੀਹੀਆਂ ਦਾ ਜ਼ਿਕਰ ਨਹੀਂ ਕੀਤਾ ਗਿਆ ਜਿਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੂੰ ਇਹ ਗੱਲ ਸਮਝ ਨਹੀਂ ਆਈ ਸੀ ਕਿ ਹੁਣ ਮੂਸਾ ਦੇ ਕਾਨੂੰਨ ਉੱਤੇ ਚੱਲਣ ਦੀ ਲੋੜ ਨਹੀਂ ਸੀ।
8 ਕੀ ਇਸ ਦਾ ਇਹ ਮਤਲਬ ਹੈ ਕਿ ਇਸ ਸਮਝ ਦੀ ਘਾਟ ਕਰਕੇ ਉਹ ਯਹੂਦੀ ਮਸੀਹੀ ਸੱਚੇ ਮਸੀਹੀ ਨਹੀਂ ਸਨ? ਨਹੀਂ, ਕਿਉਂਕਿ ਉਹ ਨਾ ਤਾਂ ਮਸੀਹੀ ਬਣਨ ਤੋਂ ਪਹਿਲਾਂ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ ਅਤੇ ਨਾ ਹੀ ਮਸੀਹੀ ਬਣਨ ਤੋਂ ਬਾਅਦ। ਮੂਸਾ ਦਾ ਕਾਨੂੰਨ ਯਹੋਵਾਹ ਵੱਲੋਂ ਦਿੱਤਾ ਗਿਆ ਸੀ ਜਿਸ ਨੂੰ ਉਹ ਇੰਨੀ ਅਹਿਮੀਅਤ ਦਿੰਦੇ ਸਨ। ਉਸ ਕਾਨੂੰਨ ਦਾ ਸੰਬੰਧ ਸ਼ੈਤਾਨ ਨਾਲ ਨਹੀਂ ਸੀ ਜਾਂ ਉਸ ਵਿਚ ਕੁਝ ਵੀ ਗ਼ਲਤ ਨਹੀਂ ਸੀ। ਪਰ ਉਸ ਕਾਨੂੰਨ ਦਾ ਸੰਬੰਧ ਪੁਰਾਣੇ ਇਕਰਾਰ ਨਾਲ ਸੀ, ਜਦ ਕਿ ਮਸੀਹੀ ਨਵੇਂ ਇਕਰਾਰ ਅਧੀਨ ਸਨ। ਯਹੋਵਾਹ ਦੀ ਭਗਤੀ ਕਰਨ ਲਈ ਹੁਣ ਉਸ ਕਾਨੂੰਨ ਨੂੰ ਮੰਨਣ ਦੀ ਲੋੜ ਨਹੀਂ ਸੀ। ਜੋਸ਼ ਨਾਲ ਮੂਸਾ ਦੇ ਕਾਨੂੰਨ ਉੱਤੇ ਚੱਲਣ ਵਾਲੇ ਯਹੂਦੀ ਮਸੀਹੀਆਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਨਵੇਂ ਇਕਰਾਰ ਅਧੀਨ ਹੋਣ ਕਰਕੇ ਉਨ੍ਹਾਂ ਨੂੰ ਮੂਸਾ ਦਾ ਕਾਨੂੰਨ ਛੱਡਣਾ ਚਾਹੀਦਾ ਸੀ। ਹੁਣ ਮੂਸਾ ਦੇ ਕਾਨੂੰਨ ਬਾਰੇ ਯਹੋਵਾਹ ਦੀ ਸੋਚ ਮੁਤਾਬਕ ਉਨ੍ਹਾਂ ਨੂੰ ਆਪਣੀ ਸੋਚ ਬਦਲਣ ਦੀ ਲੋੜ ਸੀ।b—ਯਿਰ. 31:31-34; ਲੂਕਾ 22:20.
‘ਅਫ਼ਵਾਹਾਂ ਸੱਚ ਨਹੀਂ ਹਨ’ (ਰਸੂ. 21:22-26)
9. ਪੌਲੁਸ ਨੇ ਮੂਸਾ ਦੇ ਕਾਨੂੰਨ ਦੇ ਸੰਬੰਧ ਵਿਚ ਕੀ ਸਿੱਖਿਆ ਦਿੱਤੀ ਸੀ?
9 ਕੀ ਇਹ ਅਫ਼ਵਾਹਾਂ ਸੱਚ ਸਨ ਕਿ ਪੌਲੁਸ ਗ਼ੈਰ-ਯਹੂਦੀ ਕੌਮਾਂ ਵਿਚ ਵੱਸੇ ਯਹੂਦੀਆਂ ਨੂੰ ਸਿਖਾ ਰਿਹਾ ਸੀ ਕਿ “ਉਹ ਨਾ ਤਾਂ ਆਪਣੇ ਬੱਚਿਆਂ ਦੀ ਸੁੰਨਤ ਕਰਨ ਅਤੇ ਨਾ ਹੀ ਸਦੀਆਂ ਤੋਂ ਚੱਲਦੇ ਆ ਰਹੇ ਰੀਤੀ-ਰਿਵਾਜਾਂ ਨੂੰ ਮੰਨਣ”? ਪੌਲੁਸ ਰਸੂਲ ਨੂੰ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਨੂੰ ਪ੍ਰਚਾਰ ਕਰਨ ਲਈ ਘੱਲਿਆ ਗਿਆ ਸੀ ਅਤੇ ਉਸ ਨੇ ਉਨ੍ਹਾਂ ਨੂੰ ਇਸ ਫ਼ੈਸਲੇ ਬਾਰੇ ਦੱਸਿਆ ਸੀ ਕਿ ਗ਼ੈਰ-ਯਹੂਦੀ ਮਸੀਹੀਆਂ ਨੂੰ ਮੂਸਾ ਦੇ ਕਾਨੂੰਨ ਉੱਤੇ ਚੱਲਣ ਦੀ ਲੋੜ ਨਹੀਂ ਸੀ। ਉਸ ਨੇ ਉਨ੍ਹਾਂ ਲੋਕਾਂ ਨੂੰ ਵੀ ਗ਼ਲਤ ਸਾਬਤ ਕੀਤਾ ਜਿਹੜੇ ਗ਼ੈਰ-ਯਹੂਦੀ ਮਸੀਹੀਆਂ ਨੂੰ ਮੂਸਾ ਦੇ ਕਾਨੂੰਨ ਅਨੁਸਾਰ ਸੁੰਨਤ ਕਰਾਉਣ ਲਈ ਕਾਇਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। (ਗਲਾ. 5:1-7) ਪੌਲੁਸ ਜਿਨ੍ਹਾਂ-ਜਿਨ੍ਹਾਂ ਸ਼ਹਿਰਾਂ ਵਿਚ ਗਿਆ, ਉਸ ਨੇ ਉੱਥੇ ਰਹਿੰਦੇ ਯਹੂਦੀਆਂ ਨੂੰ ਵੀ ਪ੍ਰਚਾਰ ਕੀਤਾ ਸੀ। ਜਿਹੜੇ ਲੋਕ ਸੁਣਨ ਲਈ ਤਿਆਰ ਸਨ, ਉਸ ਨੇ ਉਨ੍ਹਾਂ ਨੂੰ ਸਮਝਾਇਆ ਹੋਣਾ ਕਿ ਯਿਸੂ ਦੀ ਕੁਰਬਾਨੀ ਨਾਲ ਮੂਸਾ ਦਾ ਕਾਨੂੰਨ ਖ਼ਤਮ ਹੋ ਗਿਆ ਸੀ ਅਤੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਬਣਨ ਲਈ ਨਿਹਚਾ ਰੱਖਣੀ ਜ਼ਰੂਰੀ ਸੀ, ਨਾ ਕਿ ਇਸ ਕਾਨੂੰਨ ਮੁਤਾਬਕ ਕੰਮ ਕਰਨੇ।—ਰੋਮੀ. 2:28, 29; 3:21-26.
10. ਮੂਸਾ ਦੇ ਕਾਨੂੰਨ ਅਤੇ ਸੁੰਨਤ ਦੇ ਮਾਮਲੇ ਵਿਚ ਪੌਲੁਸ ਨੇ ਸਹੀ ਨਜ਼ਰੀਆ ਕਿਵੇਂ ਰੱਖਿਆ?
10 ਇਸ ਤੋਂ ਇਲਾਵਾ, ਪੌਲੁਸ ਨੇ ਉਨ੍ਹਾਂ ਯਹੂਦੀਆਂ ਦੇ ਮਾਮਲੇ ਵਿਚ ਵੀ ਸਮਝਦਾਰੀ ਦਿਖਾਈ ਸੀ ਜਿਹੜੇ ਕੁਝ ਯਹੂਦੀ ਰੀਤਾਂ-ਰਿਵਾਜਾਂ ਨੂੰ ਮੰਨਦੇ ਸਨ, ਜਿਵੇਂ ਕਿ ਸਬਤ ਦੇ ਦਿਨ ਕੰਮ ਨਾ ਕਰਨਾ ਜਾਂ ਕੁਝ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ। (ਰੋਮੀ. 14:1-6) ਨਾਲੇ ਉਸ ਨੇ ਆਪ ਸੁੰਨਤ ਸੰਬੰਧੀ ਕੋਈ ਨਿਯਮ ਨਹੀਂ ਬਣਾਏ। ਅਸਲ ਵਿਚ ਪੌਲੁਸ ਨੇ ਤਿਮੋਥਿਉਸ ਜਿਸ ਦਾ ਪਿਤਾ ਯੂਨਾਨੀ ਸੀ, ਦੀ ਸੁੰਨਤ ਕਰਾਈ ਤਾਂਕਿ ਯਹੂਦੀਆਂ ਨੂੰ ਬੁਰਾ ਨਾ ਲੱਗੇ। (ਰਸੂ. 16:3) ਸੁੰਨਤ ਕਰਾਉਣੀ ਜਾਂ ਨਾ ਕਰਾਉਣੀ ਇਕ ਨਿੱਜੀ ਫ਼ੈਸਲਾ ਸੀ। ਪੌਲੁਸ ਨੇ ਗਲਾਤੀਆਂ ਦੇ ਮਸੀਹੀਆਂ ਨੂੰ ਲਿਖਿਆ ਸੀ: “ਸੁੰਨਤ ਕਰਾਉਣੀ ਜਾਂ ਨਾ ਕਰਾਉਣੀ ਕੋਈ ਮਾਅਨੇ ਨਹੀਂ ਰੱਖਦੀ, ਸਗੋਂ ਪਿਆਰ ਨਾਲ ਨਿਹਚਾ ਦੇ ਕੰਮ ਕਰਨੇ ਜ਼ਰੂਰੀ ਹਨ।” (ਗਲਾ. 5:6) ਪਰ ਜਿਹੜੇ ਕਹਿੰਦੇ ਸਨ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਜਾਂ ਮੂਸਾ ਦੇ ਕਾਨੂੰਨ ਦੀ ਪਾਲਣਾ ਕਰਨ ਲਈ ਸੁੰਨਤ ਕਰਾਉਣੀ ਜ਼ਰੂਰੀ ਸੀ, ਉਨ੍ਹਾਂ ਵਿਚ ਨਿਹਚਾ ਦੀ ਘਾਟ ਸੀ।
11. ਬਜ਼ੁਰਗਾਂ ਨੇ ਪੌਲੁਸ ਨੂੰ ਕੀ ਸਲਾਹ ਦਿੱਤੀ ਸੀ ਅਤੇ ਇਸ ਸਲਾਹ ਮੁਤਾਬਕ ਚੱਲਣ ਲਈ ਉਸ ਨੂੰ ਕੀ ਕਰਨਾ ਪੈਣਾ ਸੀ? (ਫੁਟਨੋਟ ਵੀ ਦੇਖੋ।)
11 ਇਸ ਲਈ ਭਾਵੇਂ ਪੌਲੁਸ ਬਾਰੇ ਸਾਰੀਆਂ ਅਫ਼ਵਾਹਾਂ ਬਿਲਕੁਲ ਝੂਠੀਆਂ ਸਨ, ਪਰ ਫਿਰ ਵੀ ਯਹੂਦੀ ਮਸੀਹੀ ਉਨ੍ਹਾਂ ਅਫ਼ਵਾਹਾਂ ਕਰਕੇ ਬਹੁਤ ਪਰੇਸ਼ਾਨ ਸਨ। ਇਸੇ ਲਈ ਬਜ਼ੁਰਗਾਂ ਨੇ ਪੌਲੁਸ ਨੂੰ ਇਹ ਸਲਾਹ ਦਿੱਤੀ: “ਸਾਡੇ ਕੋਲ ਚਾਰ ਆਦਮੀ ਹਨ ਜਿਨ੍ਹਾਂ ਨੇ ਸੁੱਖਣਾ ਸੁੱਖੀ ਹੈ। ਤੂੰ ਉਨ੍ਹਾਂ ਨੂੰ ਆਪਣੇ ਨਾਲ ਲੈ ਜਾ ਅਤੇ ਰੀਤ ਅਨੁਸਾਰ ਤੁਸੀਂ ਸਾਰੇ ਜਣੇ ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਉਹ ਆਪਣੇ ਸਿਰ ਮੁਨਾਉਣ ਅਤੇ ਤੂੰ ਉਨ੍ਹਾਂ ਦਾ ਖ਼ਰਚਾ ਕਰੀਂ। ਫਿਰ ਸਾਰਿਆਂ ਨੂੰ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੇ ਤੇਰੇ ਬਾਰੇ ਜਿਹੜੀਆਂ ਅਫ਼ਵਾਹਾਂ ਸੁਣੀਆਂ ਹਨ, ਉਹ ਸੱਚ ਨਹੀਂ ਹਨ ਅਤੇ ਤੂੰ ਵੀ ਮੂਸਾ ਦੇ ਕਾਨੂੰਨ ਮੁਤਾਬਕ ਸਹੀ-ਸਹੀ ਚੱਲਦਾ ਹੈਂ।”c—ਰਸੂ. 21:23, 24.
12. ਯਰੂਸ਼ਲਮ ਦੇ ਬਜ਼ੁਰਗਾਂ ਦੀ ਗੱਲ ਮੰਨ ਕੇ ਪੌਲੁਸ ਨੇ ਕਿਵੇਂ ਦਿਖਾਇਆ ਕਿ ਉਹ ਹਾਲਾਤਾਂ ਮੁਤਾਬਕ ਬਦਲਣ ਤੇ ਸਹਿਯੋਗ ਦੇਣ ਲਈ ਤਿਆਰ ਸੀ?
12 ਪੌਲੁਸ ਬਜ਼ੁਰਗਾਂ ਦੀ ਗੱਲ ਦਾ ਇਤਰਾਜ਼ ਕਰਦਿਆਂ ਕਹਿ ਸਕਦਾ ਸੀ ਕਿ ਮੁਸੀਬਤ ਦੀ ਜੜ੍ਹ ਅਸਲ ਵਿਚ ਅਫ਼ਵਾਹਾਂ ਨਹੀਂ, ਸਗੋਂ ਉਹ ਯਹੂਦੀ ਮਸੀਹੀ ਸਨ ਜਿਹੜੇ ਮੂਸਾ ਦੇ ਕਾਨੂੰਨ ਉੱਤੇ ਚੱਲਣ ʼਤੇ ਜ਼ੋਰ ਦੇ ਰਹੇ ਸਨ। ਪਰ ਉਹ ਬਜ਼ੁਰਗਾਂ ਦੀ ਸਲਾਹ ਅਨੁਸਾਰ ਚੱਲਣ ਲਈ ਤਿਆਰ ਸੀ, ਬਸ਼ਰਤੇ ਕਿ ਉਸ ਨੂੰ ਪਰਮੇਸ਼ੁਰ ਦਾ ਕੋਈ ਅਸੂਲ ਨਾ ਤੋੜਨਾ ਪਵੇ। ਉਸ ਨੇ ਪਹਿਲਾਂ ਇਕ ਵਾਰੀ ਕਿਹਾ ਸੀ: “ਜਿਹੜੇ ਮੂਸਾ ਦੇ ਕਾਨੂੰਨ ਅਧੀਨ ਹਨ, ਮੈਂ ਉਨ੍ਹਾਂ ਲਈ ਇਸ ਕਾਨੂੰਨ ਉੱਤੇ ਚੱਲਣ ਵਾਲਾ ਬਣਿਆ ਤਾਂਕਿ ਮੈਂ ਉਨ੍ਹਾਂ ਨੂੰ ਲੈ ਆਵਾਂ ਜਿਹੜੇ ਇਸ ਕਾਨੂੰਨ ਅਧੀਨ ਹਨ, ਭਾਵੇਂ ਮੈਂ ਆਪ ਇਸ ਕਾਨੂੰਨ ਅਧੀਨ ਨਹੀਂ ਹਾਂ।” (1 ਕੁਰਿੰ. 9:20) ਇਸ ਮੌਕੇ ʼਤੇ ਪੌਲੁਸ ਨੇ ਯਰੂਸ਼ਲਮ ਦੇ ਬਜ਼ੁਰਗਾਂ ਦੀ ਗੱਲ ਮੰਨੀ ਅਤੇ ਉਹ “ਕਾਨੂੰਨ ਉੱਤੇ ਚੱਲਣ ਵਾਲਾ ਬਣਿਆ।” ਇਸ ਤਰ੍ਹਾਂ ਕਰ ਕੇ ਉਸ ਨੇ ਅੱਜ ਸਾਡੇ ਸਾਰਿਆਂ ਲਈ ਵਧੀਆ ਮਿਸਾਲ ਰੱਖੀ ਕਿ ਅਸੀਂ ਵੀ ਉਸ ਵਾਂਗ ਬਜ਼ੁਰਗਾਂ ਨੂੰ ਸਹਿਯੋਗ ਦੇਈਏ ਅਤੇ ਆਪਣੀ ਗੱਲ ʼਤੇ ਅੜੇ ਨਾ ਰਹੀਏ।—ਇਬ. 13:17.
“ਇਹ ਜੀਉਂਦਾ ਰਹਿਣ ਦੇ ਲਾਇਕ ਨਹੀਂ ਹੈ!” (ਰਸੂ. 21:27–22:30)
13. (ੳ) ਕੁਝ ਯਹੂਦੀਆਂ ਨੇ ਮੰਦਰ ਵਿਚ ਕਿਉਂ ਫ਼ਸਾਦ ਖੜ੍ਹਾ ਕੀਤਾ ਸੀ? (ਅ) ਪੌਲੁਸ ਦੀ ਜਾਨ ਕਿਵੇਂ ਬਚੀ ਸੀ?
13 ਫਿਰ ਮੰਦਰ ਵਿਚ ਫ਼ਸਾਦ ਖੜ੍ਹਾ ਹੋ ਗਿਆ। ਜਦੋਂ ਉਨ੍ਹਾਂ ਦੀ ਸੁੱਖਣਾ ਦੇ ਦਿਨ ਪੂਰੇ ਹੋਣ ਵਾਲੇ ਹੀ ਸਨ, ਤਾਂ ਏਸ਼ੀਆ ਤੋਂ ਆਏ ਯਹੂਦੀਆਂ ਨੇ ਪੌਲੁਸ ਨੂੰ ਮੰਦਰ ਵਿਚ ਦੇਖ ਲਿਆ ਅਤੇ ਉਸ ਉੱਤੇ ਝੂਠਾ ਇਲਜ਼ਾਮ ਲਾਇਆ ਕਿ ਉਹ ਗ਼ੈਰ-ਯਹੂਦੀ ਲੋਕਾਂ ਨੂੰ ਮੰਦਰ ਵਿਚ ਲੈ ਕੇ ਆਇਆ ਸੀ ਅਤੇ ਉਨ੍ਹਾਂ ਯਹੂਦੀਆਂ ਨੇ ਲੋਕਾਂ ਨੂੰ ਭੜਕਾਇਆ। ਜੇ ਕਮਾਂਡਰ ਉੱਥੇ ਨਾ ਆਉਂਦਾ, ਤਾਂ ਲੋਕਾਂ ਨੇ ਪੌਲੁਸ ਨੂੰ ਕੁੱਟ-ਕੁੱਟ ਕੇ ਮਾਰ ਮੁਕਾਉਣਾ ਸੀ। ਉਸ ਵੇਲੇ ਰੋਮੀ ਕਮਾਂਡਰ ਨੇ ਉਸ ਨੂੰ ਗਿਰਫ਼ਤਾਰ ਕਰ ਲਿਆ। ਉਸ ਦਿਨ ਤੋਂ ਬਾਅਦ ਪੌਲੁਸ ਨੂੰ ਦੁਬਾਰਾ ਆਜ਼ਾਦ ਹੋਣ ਵਿਚ ਚਾਰ ਸਾਲ ਤੋਂ ਜ਼ਿਆਦਾ ਸਮਾਂ ਲੱਗਾ। ਪਰ ਅਜੇ ਖ਼ਤਰਾ ਟਲ਼ਿਆ ਨਹੀਂ ਸੀ। ਜਦੋਂ ਕਮਾਂਡਰ ਨੇ ਯਹੂਦੀਆਂ ਨੂੰ ਪੁੱਛਿਆ ਕਿ ਉਹ ਪੌਲੁਸ ਉੱਤੇ ਕਿਉਂ ਹਮਲਾ ਕਰ ਰਹੇ ਸਨ, ਤਾਂ ਉਨ੍ਹਾਂ ਨੇ ਵੱਖੋ-ਵੱਖਰੇ ਦੋਸ਼ ਲਾਏ। ਉਨ੍ਹਾਂ ਦੇ ਰੌਲ਼ੇ-ਰੱਪੇ ਵਿਚ ਕਮਾਂਡਰ ਨੂੰ ਕੁਝ ਸਮਝ ਨਹੀਂ ਆਇਆ। ਅਖ਼ੀਰ ਵਿਚ ਫ਼ੌਜੀਆਂ ਨੂੰ ਉੱਥੋਂ ਪੌਲੁਸ ਨੂੰ ਚੁੱਕ ਕੇ ਲਿਜਾਣਾ ਪਿਆ। ਜਦੋਂ ਰੋਮੀ ਫ਼ੌਜੀ ਉਸ ਨੂੰ ਲੈ ਕੇ ਫ਼ੌਜੀ ਕੁਆਰਟਰਾਂ ਕੋਲ ਪਹੁੰਚੇ, ਤਾਂ ਉਸ ਨੇ ਕਮਾਂਡਰ ਨੂੰ ਕਿਹਾ: “ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਲੋਕਾਂ ਨਾਲ ਗੱਲ ਕਰਨ ਦੀ ਇਜਾਜ਼ਤ ਦੇ।” (ਰਸੂ. 21:39) ਕਮਾਂਡਰ ਮੰਨ ਗਿਆ ਅਤੇ ਪੌਲੁਸ ਨੇ ਦਲੇਰੀ ਨਾਲ ਗਵਾਹੀ ਦਿੱਤੀ ਕਿ ਉਹ ਮਸੀਹ ਉੱਤੇ ਨਿਹਚਾ ਕਰਦਾ ਸੀ।
14, 15. (ੳ) ਪੌਲੁਸ ਨੇ ਯਹੂਦੀਆਂ ਨੂੰ ਕਿਹੜੀ ਗੱਲ ਦੱਸੀ ਸੀ? (ਅ) ਯਹੂਦੀਆਂ ਦੇ ਗੁੱਸੇ ਦਾ ਕਾਰਨ ਜਾਣਨ ਲਈ ਰੋਮੀ ਕਮਾਂਡਰ ਨੇ ਕੀ ਕੀਤਾ ਸੀ?
14 ਪੌਲੁਸ ਨੇ ਕਿਹਾ: “ਹੁਣ ਮੇਰੀ ਗੱਲ ਸੁਣੋ।” (ਰਸੂ. 22:1) ਪੌਲੁਸ ਨੇ ਭੀੜ ਨਾਲ ਇਬਰਾਨੀ ਭਾਸ਼ਾ ਵਿਚ ਗੱਲ ਕੀਤੀ ਜਿਸ ਕਰਕੇ ਸਾਰੇ ਜਣੇ ਸ਼ਾਂਤ ਹੋ ਗਏ। ਉਸ ਨੇ ਸਾਫ਼-ਸਾਫ਼ ਦੱਸਿਆ ਕਿ ਉਹ ਮਸੀਹ ਦਾ ਚੇਲਾ ਕਿਉਂ ਬਣਿਆ ਸੀ। ਉਸ ਨੇ ਸਮਝਦਾਰੀ ਨਾਲ ਆਪਣੇ ਬਾਰੇ ਕੁਝ ਗੱਲਾਂ ਦੱਸੀਆਂ ਅਤੇ ਜੇ ਉਹ ਯਹੂਦੀ ਚਾਹੁੰਦੇ, ਤਾਂ ਉਨ੍ਹਾਂ ਗੱਲਾਂ ਬਾਰੇ ਪੁੱਛ-ਪੜਤਾਲ ਕਰ ਸਕਦੇ ਸਨ। ਪੌਲੁਸ ਨੇ ਮਸ਼ਹੂਰ ਗੁਰੂ ਗਮਲੀਏਲ ਤੋਂ ਸਿੱਖਿਆ ਲਈ ਸੀ ਅਤੇ ਉਸ ਨੇ ਮਸੀਹ ਦੇ ਚੇਲਿਆਂ ʼਤੇ ਅਤਿਆਚਾਰ ਕੀਤੇ ਸਨ, ਸ਼ਾਇਦ ਉੱਥੇ ਮੌਜੂਦ ਕੁਝ ਲੋਕ ਇਸ ਬਾਰੇ ਜਾਣਦੇ ਹੋਣ। ਪਰ ਦਮਿਸਕ ਜਾਂਦਿਆਂ ਰਾਹ ਵਿਚ ਦੁਬਾਰਾ ਜੀਉਂਦੇ ਹੋਏ ਮਸੀਹ ਨੇ ਉਸ ਨੂੰ ਦਰਸ਼ਣ ਦਿੱਤਾ ਅਤੇ ਉਸ ਨਾਲ ਗੱਲ ਕੀਤੀ। ਪੌਲੁਸ ਦੇ ਸਾਥੀਆਂ ਨੇ ਤੇਜ਼ ਰੌਸ਼ਨੀ ਦੇਖੀ ਸੀ ਅਤੇ ਆਵਾਜ਼ ਸੁਣੀ ਸੀ, ਪਰ ਉਹ ਸ਼ਬਦਾਂ ਦਾ ਮਤਲਬ ਨਹੀਂ ਸਮਝੇ ਸਨ। (ਅੰਗ੍ਰੇਜ਼ੀ ਦੀ ਸਟੱਡੀ ਬਾਈਬਲ ਵਿੱਚੋਂ ਰਸੂਲਾਂ ਦੇ ਕੰਮ 9:7; 22:9 ਦਾ ਸਟੱਡੀ ਨੋਟ ਦੇਖੋ।) ਤੇਜ਼ ਰੌਸ਼ਨੀ ਕਰਕੇ ਪੌਲੁਸ ਅੰਨ੍ਹਾ ਹੋ ਗਿਆ ਸੀ ਜਿਸ ਕਰਕੇ ਉਸ ਨੂੰ ਆਪਣੇ ਸਾਥੀਆਂ ਦਾ ਸਹਾਰਾ ਲੈ ਕੇ ਦਮਿਸਕ ਜਾਣਾ ਪਿਆ। ਉੱਥੇ ਹਨਾਨਿਆ, ਜਿਸ ਨੂੰ ਉੱਥੇ ਦੇ ਯਹੂਦੀ ਜਾਣਦੇ ਸਨ, ਨੇ ਚਮਤਕਾਰੀ ਢੰਗ ਨਾਲ ਪੌਲੁਸ ਨੂੰ ਦੁਬਾਰਾ ਸੁਜਾਖਾ ਕੀਤਾ।
15 ਪੌਲੁਸ ਨੇ ਅੱਗੇ ਦੱਸਿਆ ਕਿ ਯਰੂਸ਼ਲਮ ਵਾਪਸ ਆਉਣ ਤੋਂ ਬਾਅਦ ਯਿਸੂ ਨੇ ਮੰਦਰ ਵਿਚ ਉਸ ਨੂੰ ਦਰਸ਼ਣ ਦਿੱਤਾ। ਇਹ ਗੱਲ ਸੁਣ ਕੇ ਯਹੂਦੀ ਭੜਕ ਉੱਠੇ ਅਤੇ ਗੁੱਸੇ ਵਿਚ ਉੱਚੀ-ਉੱਚੀ ਕਹਿਣ ਲੱਗ ਪਏ: “ਇਹੋ ਜਿਹੇ ਇਨਸਾਨ ਨੂੰ ਧਰਤੀ ਉੱਤੋਂ ਖ਼ਤਮ ਕਰ ਦਿਓ ਕਿਉਂਕਿ ਇਹ ਜੀਉਂਦਾ ਰਹਿਣ ਦੇ ਲਾਇਕ ਨਹੀਂ ਹੈ!” (ਰਸੂ. 22:22) ਉਸ ਦੀ ਜਾਨ ਬਚਾਉਣ ਲਈ ਕਮਾਂਡਰ ਨੇ ਹੁਕਮ ਦਿੱਤਾ ਕਿ ਉਸ ਨੂੰ ਫ਼ੌਜੀ ਕੁਆਰਟਰਾਂ ਵਿਚ ਲਿਜਾਇਆ ਜਾਵੇ। ਕਮਾਂਡਰ ਜਾਣਨਾ ਚਾਹੁੰਦਾ ਸੀ ਕਿ ਯਹੂਦੀ ਪੌਲੁਸ ਕਰਕੇ ਕਿਉਂ ਇੰਨੇ ਭੜਕੇ ਹੋਏ ਸਨ, ਇਸ ਲਈ ਉਸ ਨੇ ਹੁਕਮ ਦਿੱਤਾ ਕਿ ਪੌਲੁਸ ਦੇ ਕੋਰੜੇ ਮਾਰ ਕੇ ਪੁੱਛ-ਗਿੱਛ ਕੀਤੀ ਜਾਵੇ। ਪਰ ਪੌਲੁਸ ਨੇ ਆਪਣੀ ਰੱਖਿਆ ਲਈ ਕਾਨੂੰਨ ਦਾ ਸਹਾਰਾ ਲੈਂਦੇ ਹੋਏ ਦੱਸਿਆ ਕਿ ਉਹ ਰੋਮੀ ਨਾਗਰਿਕ ਸੀ। ਅੱਜ ਯਹੋਵਾਹ ਦੇ ਭਗਤ ਵੀ ਸੱਚੇ ਮਸੀਹੀ ਧਰਮ ਦੀ ਰਾਖੀ ਕਰਨ ਲਈ ਕਾਨੂੰਨ ਦਾ ਸਹਾਰਾ ਲੈਂਦੇ ਹਨ। (“ਰੋਮੀ ਕਾਨੂੰਨ ਅਤੇ ਰੋਮੀ ਨਾਗਰਿਕ” ਅਤੇ “ਅੱਜ ਕਾਨੂੰਨੀ ਲੜਾਈਆਂ” ਨਾਂ ਦੀਆਂ ਡੱਬੀਆਂ ਦੇਖੋ।) ਪੌਲੁਸ ਦੀ ਰੋਮੀ ਨਾਗਰਿਕਤਾ ਬਾਰੇ ਪਤਾ ਲੱਗਣ ਤੇ ਕਮਾਂਡਰ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਕਿਸੇ ਹੋਰ ਤਰੀਕੇ ਨਾਲ ਜਾਣਕਾਰੀ ਲੈਣੀ ਪਵੇਗੀ। ਅਗਲੇ ਦਿਨ ਉਸ ਨੇ ਯਹੂਦੀਆਂ ਦੀ ਮਹਾਸਭਾ ਨਾਲ ਖ਼ਾਸ ਸਭਾ ਰੱਖੀ ਅਤੇ ਪੌਲੁਸ ਨੂੰ ਉਨ੍ਹਾਂ ਸਾਮ੍ਹਣੇ ਪੇਸ਼ ਕੀਤਾ।
“ਮੈਂ ਇਕ ਫ਼ਰੀਸੀ ਹਾਂ” (ਰਸੂ. 23:1-10)
16, 17. (ੳ) ਦੱਸੋ ਕਿ ਪੌਲੁਸ ਦੀ ਮਹਾਸਭਾ ਨਾਲ ਗੱਲਬਾਤ ਦੌਰਾਨ ਕੀ ਹੋਇਆ ਸੀ। (ਅ) ਜਦੋਂ ਪੌਲੁਸ ਦੇ ਚਪੇੜ ਮਾਰੀ ਗਈ ਸੀ, ਤਾਂ ਉਸ ਨੇ ਕਿਵੇਂ ਨਿਮਰਤਾ ਦਿਖਾਈ?
16 ਮਹਾਸਭਾ ਸਾਮ੍ਹਣੇ ਆਪਣੀ ਸਫ਼ਾਈ ਵਿਚ ਬੋਲਦਿਆਂ ਪੌਲੁਸ ਨੇ ਇਸ ਤਰ੍ਹਾਂ ਆਪਣੀ ਗੱਲ ਸ਼ੁਰੂ ਕੀਤੀ: “ਭਰਾਵੋ, ਮੈਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅੱਜ ਦੇ ਦਿਨ ਤਕ ਬਿਲਕੁਲ ਸਾਫ਼ ਜ਼ਮੀਰ ਨਾਲ ਜੀਵਨ ਗੁਜ਼ਾਰਿਆ ਹੈ।” (ਰਸੂ. 23:1) ਪਰ ਉਸ ਦੀ ਗੱਲ ਵਿੱਚੇ ਟੋਕ ਦਿੱਤੀ ਗਈ। ਬਾਈਬਲ ਵਿਚ ਦੱਸਿਆ ਹੈ: “ਇਹ ਸੁਣ ਕੇ ਮਹਾਂ ਪੁਜਾਰੀ ਹਨਾਨਿਆ ਨੇ ਪੌਲੁਸ ਲਾਗੇ ਖੜ੍ਹੇ ਲੋਕਾਂ ਨੂੰ ਕਿਹਾ ਕਿ ਉਹ ਉਸ ਦੇ ਮੂੰਹ ʼਤੇ ਚਪੇੜ ਮਾਰਨ।” (ਰਸੂ. 23:2) ਕਿੰਨੀ ਬੇਇੱਜ਼ਤੀ ਵਾਲੀ ਗੱਲ! ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਪੂਰੀ ਗੱਲ ਸੁਣਨ ਤੋਂ ਪਹਿਲਾਂ ਹੀ ਪੌਲੁਸ ਨੂੰ ਝੂਠਾ ਮੰਨ ਲਿਆ ਸੀ! ਇਸੇ ਕਰਕੇ ਪੌਲੁਸ ਨੇ ਕਿਹਾ: “ਓਏ ਪਖੰਡੀਆ, ਪਰਮੇਸ਼ੁਰ ਤੈਨੂੰ ਮਾਰੇਗਾ। ਇਕ ਪਾਸੇ ਤੂੰ ਬੈਠ ਕੇ ਮੂਸਾ ਦੇ ਕਾਨੂੰਨ ਅਨੁਸਾਰ ਮੇਰਾ ਨਿਆਂ ਕਰਦਾ ਹੈਂ ਤੇ ਦੂਜੇ ਪਾਸੇ ਮੇਰੇ ਚਪੇੜ ਮਾਰਨ ਦਾ ਹੁਕਮ ਦੇ ਕੇ ਇਸੇ ਕਾਨੂੰਨ ਦੀ ਉਲੰਘਣਾ ਕਰਦਾ ਹੈਂ!”—ਰਸੂ. 23:3.
17 ਉੱਥੇ ਖੜ੍ਹੇ ਕੁਝ ਲੋਕਾਂ ਨੂੰ ਪੌਲੁਸ ਦੇ ਚਪੇੜ ਪੈਣ ਤੇ ਇੰਨਾ ਝਟਕਾ ਨਹੀਂ ਲੱਗਾ ਜਿੰਨਾ ਉਸ ਦੀ ਗੱਲ ਸੁਣ ਕੇ ਲੱਗਾ ਸੀ! ਉਨ੍ਹਾਂ ਨੇ ਕਿਹਾ: “ਤੂੰ ਪਰਮੇਸ਼ੁਰ ਦੇ ਮਹਾਂ ਪੁਜਾਰੀ ਦੀ ਬੇਇੱਜ਼ਤੀ ਕਰ ਰਿਹਾ ਹੈਂ?” ਪੌਲੁਸ ਨੇ ਉਨ੍ਹਾਂ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ: “ਭਰਾਵੋ, ਮੈਨੂੰ ਨਹੀਂ ਪਤਾ ਸੀ ਕਿ ਇਹ ਮਹਾਂ ਪੁਜਾਰੀ ਹੈ। ਕਿਉਂਕਿ ਲਿਖਿਆ ਹੈ, ‘ਤੂੰ ਆਪਣੇ ਲੋਕਾਂ ਦੇ ਧਾਰਮਿਕ ਆਗੂ ਦੇ ਖ਼ਿਲਾਫ਼ ਬੁਰਾ-ਭਲਾ ਨਾ ਕਹਿ।’”d (ਰਸੂ. 23:4, 5; ਕੂਚ 22:28) ਇਸ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨਾ ਨਿਮਰ ਸੀ ਅਤੇ ਕਾਨੂੰਨ ਦਾ ਆਦਰ ਕਰਦਾ ਸੀ। ਫਿਰ ਉਸ ਨੇ ਆਪਣਾ ਗੱਲ ਕਰਨ ਦਾ ਤਰੀਕਾ ਬਦਲਿਆ। ਉਸ ਨੇ ਦੇਖਿਆ ਕਿ ਮਹਾਸਭਾ ਵਿਚ ਫ਼ਰੀਸੀ ਅਤੇ ਸਦੂਕੀ ਸਨ, ਇਸ ਲਈ ਉਸ ਨੇ ਕਿਹਾ: “ਭਰਾਵੋ, ਮੈਂ ਇਕ ਫ਼ਰੀਸੀ ਹਾਂ ਅਤੇ ਮੈਂ ਫ਼ਰੀਸੀਆਂ ਦਾ ਪੁੱਤਰ ਹਾਂ। ਮੇਰੇ ਉੱਤੇ ਇਸ ਕਰਕੇ ਮੁਕੱਦਮਾ ਚਲਾਇਆ ਜਾ ਰਿਹਾ ਹੈ ਕਿਉਂਕਿ ਮੈਂ ਮਰੇ ਹੋਏ ਲੋਕਾਂ ਦੇ ਜੀਉਂਦਾ ਹੋਣ ਦੀ ਉਮੀਦ ਉੱਤੇ ਵਿਸ਼ਵਾਸ ਕਰਦਾ ਹਾਂ।”—ਰਸੂ. 23:6.
18. ਪੌਲੁਸ ਨੇ ਆਪਣੇ ਆਪ ਨੂੰ ਫ਼ਰੀਸੀ ਕਿਉਂ ਕਿਹਾ ਸੀ ਅਤੇ ਅਸੀਂ ਵੀ ਕੁਝ ਹਾਲਾਤਾਂ ਵਿਚ ਇਸੇ ਤਰ੍ਹਾਂ ਤਰਕ ਕਿਉਂ ਕਰ ਸਕਦੇ ਹਾਂ?
18 ਪੌਲੁਸ ਨੇ ਆਪਣੇ ਆਪ ਨੂੰ ਫ਼ਰੀਸੀ ਕਿਉਂ ਕਿਹਾ ਸੀ? ਕਿਉਂਕਿ ਉਹ “ਫ਼ਰੀਸੀਆਂ ਦਾ ਪੁੱਤਰ” ਸੀ। ਇਸ ਲਈ ਬਹੁਤ ਸਾਰੇ ਲੋਕ ਉਸ ਨੂੰ ਅਜੇ ਵੀ ਫ਼ਰੀਸੀ ਸਮਝਦੇ ਹੋਣੇ।e ਪਰ ਉਸ ਨੇ ਇਹ ਕਿਉਂ ਕਿਹਾ ਸੀ ਕਿ ਉਹ ਵੀ ਫ਼ਰੀਸੀਆਂ ਵਾਂਗ ਮਰੇ ਹੋਏ ਲੋਕਾਂ ਦੇ ਦੁਬਾਰਾ ਜੀਉਂਦਾ ਹੋਣ ਦੀ ਉਮੀਦ ʼਤੇ ਵਿਸ਼ਵਾਸ ਰੱਖਦਾ ਸੀ? ਫ਼ਰੀਸੀ ਵਿਸ਼ਵਾਸ ਕਰਦੇ ਸਨ ਕਿ ਇਨਸਾਨ ਦੇ ਮਰਨ ਤੋਂ ਬਾਅਦ ਆਤਮਾ ਸਰੀਰ ਵਿੱਚੋਂ ਨਿਕਲ ਕੇ ਜੀਉਂਦੀ ਰਹਿੰਦੀ ਹੈ ਅਤੇ ਧਰਮੀ ਲੋਕਾਂ ਦੀਆਂ ਆਤਮਾਵਾਂ ਦੁਬਾਰਾ ਇਨਸਾਨੀ ਸਰੀਰਾਂ ਵਿਚ ਚਲੀਆਂ ਜਾਂਦੀਆਂ ਹਨ। ਪੌਲੁਸ ਇਨ੍ਹਾਂ ਗੱਲਾਂ ʼਤੇ ਨਹੀਂ, ਸਗੋਂ ਮਰੇ ਹੋਏ ਲੋਕਾਂ ਦੇ ਦੁਬਾਰਾ ਜੀਉਂਦਾ ਹੋਣ ਬਾਰੇ ਯਿਸੂ ਦੀ ਸਿੱਖਿਆ ʼਤੇ ਵਿਸ਼ਵਾਸ ਕਰਦਾ ਸੀ। (ਯੂਹੰ. 5:25-29) ਪਰ ਪੌਲੁਸ ਫ਼ਰੀਸੀਆਂ ਦੀ ਇਸ ਗੱਲ ਨਾਲ ਸਹਿਮਤ ਸੀ ਕਿ ਮਰੇ ਹੋਏ ਲੋਕਾਂ ਦੇ ਦੁਬਾਰਾ ਜੀਉਂਦੇ ਹੋਣ ਦੀ ਉਮੀਦ ਹੈ, ਜਦ ਕਿ ਸਦੂਕੀ ਇਸ ਗੱਲ ʼਤੇ ਵਿਸ਼ਵਾਸ ਨਹੀਂ ਕਰਦੇ ਸਨ। ਅਸੀਂ ਵੀ ਹੋਰ ਧਰਮਾਂ ਦੇ ਲੋਕਾਂ ਨਾਲ ਗੱਲ ਕਰਦੇ ਹੋਏ ਇਸ ਤਰ੍ਹਾਂ ਤਰਕ ਕਰ ਸਕਦੇ ਹਾਂ।
19. ਮਹਾਸਭਾ ਵਿਚ ਝਗੜਾ ਕਿਉਂ ਹੋ ਗਿਆ ਸੀ?
19 ਪੌਲੁਸ ਦੀ ਗੱਲ ਨਾਲ ਮਹਾਸਭਾ ਵਿਚ ਫੁੱਟ ਪੈ ਗਈ। ਬਾਈਬਲ ਵਿਚ ਦੱਸਿਆ ਹੈ: “ਉੱਥੇ ਬਹੁਤ ਜ਼ਿਆਦਾ ਰੌਲ਼ਾ-ਰੱਪਾ ਪੈਣ ਲੱਗ ਪਿਆ ਅਤੇ ਫ਼ਰੀਸੀਆਂ ਵਿੱਚੋਂ ਕੁਝ ਗ੍ਰੰਥੀ ਉੱਠੇ ਤੇ ਗੁੱਸੇ ਵਿਚ ਲਾਲ-ਪੀਲ਼ੇ ਹੋ ਕੇ ਕਹਿਣ ਲੱਗੇ: ‘ਅਸੀਂ ਦੇਖ ਲਿਆ ਹੈ ਕਿ ਇਸ ਆਦਮੀ ਨੇ ਕੋਈ ਗੁਨਾਹ ਨਹੀਂ ਕੀਤਾ, ਪਰ ਜੇ ਕਿਸੇ ਸਵਰਗੀ ਪ੍ਰਾਣੀ ਜਾਂ ਦੂਤ ਨੇ ਇਸ ਨਾਲ ਗੱਲ ਕੀਤੀ ਹੈ, ਤਾਂ ਫਿਰ . . .।’” (ਰਸੂ. 23:9) ਜਦੋਂ ਫ਼ਰੀਸੀਆਂ ਨੇ ਕਿਹਾ ਕਿ ਕਿਸੇ ਦੂਤ ਨੇ ਪੌਲੁਸ ਨਾਲ ਗੱਲ ਕੀਤੀ ਹੋਣੀ, ਤਾਂ ਇਹ ਸੁਣ ਕੇ ਸਦੂਕੀ ਭੜਕ ਉੱਠੇ। (“ਸਦੂਕੀ ਅਤੇ ਫ਼ਰੀਸੀ” ਨਾਂ ਦੀ ਡੱਬੀ ਦੇਖੋ।) ਉੱਥੇ ਝਗੜਾ ਇੰਨਾ ਵਧ ਗਿਆ ਕਿ ਰੋਮੀ ਫ਼ੌਜੀ ਕਮਾਂਡਰ ਨੂੰ ਦੁਬਾਰਾ ਪੌਲੁਸ ਦੀ ਜਾਨ ਬਚਾਉਣੀ ਪਈ। (ਰਸੂ. 23:10) ਪਰ ਖ਼ਤਰਾ ਅਜੇ ਵੀ ਟਲ਼ਿਆ ਨਹੀਂ ਸੀ। ਇਸ ਤੋਂ ਬਾਅਦ ਪੌਲੁਸ ਨਾਲ ਕੀ ਹੋਇਆ? ਇਸ ਬਾਰੇ ਆਪਾਂ ਅਗਲੇ ਅਧਿਆਇ ਵਿਚ ਜਾਣਾਂਗੇ।
a ਇੰਨੇ ਸਾਰੇ ਯਹੂਦੀ ਮਸੀਹੀ ਹੋਣ ਕਰਕੇ ਬਹੁਤ ਸਾਰੀਆਂ ਮੰਡਲੀਆਂ ਸਭਾਵਾਂ ਲਈ ਭੈਣਾਂ-ਭਰਾਵਾਂ ਦੇ ਘਰਾਂ ਵਿਚ ਇਕੱਠੀਆਂ ਹੁੰਦੀਆਂ ਹੋਣੀਆਂ।
b ਕੁਝ ਸਾਲਾਂ ਬਾਅਦ ਪੌਲੁਸ ਨੇ ਇਬਰਾਨੀਆਂ ਨੂੰ ਲਿਖੀ ਚਿੱਠੀ ਵਿਚ ਸਾਬਤ ਕੀਤਾ ਸੀ ਕਿ ਨਵਾਂ ਇਕਰਾਰ ਪੁਰਾਣੇ ਇਕਰਾਰ ਨਾਲੋਂ ਬਿਹਤਰ ਸੀ। ਉਸ ਨੇ ਸਾਫ਼-ਸਾਫ਼ ਦੱਸਿਆ ਕਿ ਨਵੇਂ ਇਕਰਾਰ ਨੇ ਪੁਰਾਣੇ ਇਕਰਾਰ ਨੂੰ ਖ਼ਤਮ ਕਰ ਦਿੱਤਾ ਸੀ। ਨਾਲੇ ਉਸ ਨੇ ਠੋਸ ਦਲੀਲਾਂ ਵੀ ਪੇਸ਼ ਕੀਤੀਆਂ ਜਿਨ੍ਹਾਂ ਦੀ ਮਦਦ ਨਾਲ ਯਹੂਦੀ ਮਸੀਹੀ ਉਨ੍ਹਾਂ ਮਸੀਹੀਆਂ ਨੂੰ ਜਵਾਬ ਦੇ ਸਕਦੇ ਸਨ ਜਿਹੜੇ ਮੂਸਾ ਦੇ ਕਾਨੂੰਨ ਨੂੰ ਮੰਨਣ ʼਤੇ ਜ਼ੋਰ ਦਿੰਦੇ ਸਨ। ਇਸ ਤੋਂ ਇਲਾਵਾ, ਪੌਲੁਸ ਦੀਆਂ ਦਲੀਲਾਂ ਨਾਲ ਉਨ੍ਹਾਂ ਮਸੀਹੀਆਂ ਦੀ ਨਿਹਚਾ ਵੀ ਮਜ਼ਬੂਤ ਹੋਈ ਹੋਣੀ ਜਿਹੜੇ ਮੂਸਾ ਦੇ ਕਾਨੂੰਨ ਨੂੰ ਅਹਿਮੀਅਤ ਦੇ ਰਹੇ ਸਨ।—ਇਬ. 8:7-13.
c ਕਈ ਵਿਦਵਾਨ ਕਹਿੰਦੇ ਹਨ ਕਿ ਉਨ੍ਹਾਂ ਆਦਮੀਆਂ ਨੇ ਨਜ਼ੀਰ ਹੋਣ ਦੀ ਸੁੱਖਣਾ ਸੁੱਖੀ ਸੀ। (ਗਿਣ. 6:1-21) ਇਹ ਸੱਚ ਹੈ ਕਿ ਮੂਸਾ ਦਾ ਕਾਨੂੰਨ, ਜਿਸ ਅਨੁਸਾਰ ਇਹ ਸੁੱਖਣਾ ਸੁੱਖੀ ਗਈ ਸੀ, ਖ਼ਤਮ ਹੋ ਚੁੱਕਾ ਸੀ। ਪਰ ਪੌਲੁਸ ਨੇ ਸ਼ਾਇਦ ਸੋਚਿਆ ਹੋਣਾ ਕਿ ਉਨ੍ਹਾਂ ਆਦਮੀਆਂ ਲਈ ਯਹੋਵਾਹ ਸਾਮ੍ਹਣੇ ਸੁੱਖੀ ਸੁੱਖਣਾ ਪੂਰੀ ਕਰਨੀ ਗ਼ਲਤ ਨਹੀਂ ਸੀ। ਇਸ ਲਈ ਉਨ੍ਹਾਂ ਦੇ ਨਾਲ ਜਾਣਾ ਤੇ ਉਨ੍ਹਾਂ ਦਾ ਖ਼ਰਚਾ ਕਰਨਾ ਵੀ ਗ਼ਲਤ ਨਹੀਂ ਸੀ। ਸਾਨੂੰ ਪੱਕਾ ਤਾਂ ਪਤਾ ਨਹੀਂ ਕਿ ਉਨ੍ਹਾਂ ਨੇ ਕਿਹੜੀ ਸੁੱਖਣਾ ਸੁੱਖੀ ਸੀ, ਪਰ ਜੋ ਵੀ ਸੀ, ਪੌਲੁਸ ਨੇ ਉਨ੍ਹਾਂ ਆਦਮੀਆਂ ਦੇ ਪਾਪਾਂ ਦੀ ਮਾਫ਼ੀ ਵਾਸਤੇ ਕਿਸੇ ਜਾਨਵਰ ਦੀ ਬਲ਼ੀ ਦੇਣ (ਜਿਵੇਂ ਕਿ ਨਜ਼ੀਰ ਦਿੰਦੇ ਹੁੰਦੇ ਸਨ) ਦੇ ਇੰਤਜ਼ਾਮ ਦਾ ਸਮਰਥਨ ਨਹੀਂ ਕੀਤਾ ਹੋਣਾ। ਮਸੀਹ ਦੀ ਮੁਕੰਮਲ ਕੁਰਬਾਨੀ ਕਰਕੇ ਪਾਪਾਂ ਦੀ ਮਾਫ਼ੀ ਲਈ ਹੁਣ ਜਾਨਵਰਾਂ ਦੀਆਂ ਬਲ਼ੀਆਂ ਦੇਣ ਦੀ ਲੋੜ ਨਹੀਂ ਸੀ। ਅਸੀਂ ਨਹੀਂ ਜਾਣਦੇ ਕਿ ਉਸ ਵੇਲੇ ਪੌਲੁਸ ਨੇ ਕੀ ਕੀਤਾ ਸੀ, ਪਰ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਉਹ ਅਜਿਹਾ ਕੋਈ ਵੀ ਕੰਮ ਕਰਨ ਲਈ ਸਹਿਮਤ ਨਹੀਂ ਹੋਇਆ ਹੋਣਾ ਜਿਸ ਕਰਕੇ ਉਸ ਦੀ ਜ਼ਮੀਰ ਨੇ ਉਸ ਨੂੰ ਦੋਸ਼ੀ ਮਹਿਸੂਸ ਕਰਾਇਆ ਹੋਵੇ।
d ਕੁਝ ਕਹਿੰਦੇ ਹਨ ਕਿ ਨਜ਼ਰ ਕਮਜ਼ੋਰ ਹੋਣ ਕਰਕੇ ਪੌਲੁਸ ਮਹਾਂ ਪੁਜਾਰੀ ਨੂੰ ਪਛਾਣ ਨਹੀਂ ਸਕਿਆ। ਜਾਂ ਸ਼ਾਇਦ ਉਹ ਕਾਫ਼ੀ ਲੰਬਾ ਸਮਾਂ ਯਰੂਸ਼ਲਮ ਤੋਂ ਬਾਹਰ ਰਿਹਾ, ਇਸ ਕਰਕੇ ਉਸ ਨੂੰ ਉਸ ਵੇਲੇ ਦੇ ਮਹਾਂ ਪੁਜਾਰੀ ਦੀ ਪਛਾਣ ਨਹੀਂ ਸੀ। ਜਾਂ ਫਿਰ ਪੌਲੁਸ ਨੂੰ ਪਤਾ ਨਹੀਂ ਲੱਗਾ ਕਿ ਇੰਨੇ ਸਾਰੇ ਲੋਕਾਂ ਵਿੱਚੋਂ ਕਿਸ ਨੇ ਉਸ ਨੂੰ ਚਪੇੜ ਮਾਰਨ ਦਾ ਹੁਕਮ ਦਿੱਤਾ ਸੀ।
e ਜਦੋਂ 49 ਈਸਵੀ ਵਿਚ ਰਸੂਲ ਅਤੇ ਬਜ਼ੁਰਗ ਇਸ ਗੱਲ ਬਾਰੇ ਚਰਚਾ ਕਰ ਰਹੇ ਸਨ ਕਿ ਯਹੂਦੀਆਂ ਨੂੰ ਮੂਸਾ ਦੇ ਕਾਨੂੰਨ ਉੱਤੇ ਚੱਲਣਾ ਚਾਹੀਦਾ ਹੈ ਜਾਂ ਨਹੀਂ, ਤਾਂ ਉੱਥੇ ਬੈਠੇ ਕੁਝ ਮਸੀਹੀਆਂ ਬਾਰੇ ਕਿਹਾ ਗਿਆ ਸੀ ਕਿ ਉਹ “ਪਹਿਲਾਂ ਫ਼ਰੀਸੀਆਂ ਦੇ ਪੰਥ ਵਿਚ ਹੁੰਦੇ ਸਨ।” (ਰਸੂ. 15:5) ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਪਛਾਣ ਅਜੇ ਵੀ ਫ਼ਰੀਸੀਆਂ ਦੇ ਤੌਰ ਤੇ ਕੀਤੀ ਜਾਂਦੀ ਸੀ।