ਰਸੂਲਾਂ ਦੇ ਕੰਮ
23 ਪੌਲੁਸ ਨੇ ਮਹਾਸਭਾ ਵੱਲ ਧਿਆਨ ਨਾਲ ਦੇਖ ਕੇ ਕਿਹਾ: “ਭਰਾਵੋ, ਮੈਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅੱਜ ਦੇ ਦਿਨ ਤਕ ਬਿਲਕੁਲ ਸਾਫ਼ ਜ਼ਮੀਰ+ ਨਾਲ ਜੀਵਨ ਗੁਜ਼ਾਰਿਆ ਹੈ।” 2 ਇਹ ਸੁਣ ਕੇ ਮਹਾਂ ਪੁਜਾਰੀ ਹਨਾਨਿਆ ਨੇ ਪੌਲੁਸ ਲਾਗੇ ਖੜ੍ਹੇ ਲੋਕਾਂ ਨੂੰ ਕਿਹਾ ਕਿ ਉਹ ਉਸ ਦੇ ਮੂੰਹ ʼਤੇ ਚਪੇੜ ਮਾਰਨ। 3 ਫਿਰ ਪੌਲੁਸ ਨੇ ਉਸ ਨੂੰ ਕਿਹਾ: “ਓਏ ਪਖੰਡੀਆ,* ਪਰਮੇਸ਼ੁਰ ਤੈਨੂੰ ਮਾਰੇਗਾ। ਇਕ ਪਾਸੇ ਤੂੰ ਬੈਠ ਕੇ ਮੂਸਾ ਦੇ ਕਾਨੂੰਨ ਅਨੁਸਾਰ ਮੇਰਾ ਨਿਆਂ ਕਰਦਾ ਹੈਂ ਤੇ ਦੂਜੇ ਪਾਸੇ ਮੇਰੇ ਚਪੇੜ ਮਾਰਨ ਦਾ ਹੁਕਮ ਦੇ ਕੇ ਇਸੇ ਕਾਨੂੰਨ ਦੀ ਉਲੰਘਣਾ ਕਰਦਾ ਹੈਂ!” 4 ਉਸ ਦੇ ਲਾਗੇ ਖੜ੍ਹੇ ਲੋਕਾਂ ਨੇ ਕਿਹਾ: “ਤੂੰ ਪਰਮੇਸ਼ੁਰ ਦੇ ਮਹਾਂ ਪੁਜਾਰੀ ਦੀ ਬੇਇੱਜ਼ਤੀ ਕਰ ਰਿਹਾ ਹੈਂ?” 5 ਪੌਲੁਸ ਨੇ ਕਿਹਾ: “ਭਰਾਵੋ, ਮੈਨੂੰ ਨਹੀਂ ਪਤਾ ਸੀ ਕਿ ਇਹ ਮਹਾਂ ਪੁਜਾਰੀ ਹੈ। ਕਿਉਂਕਿ ਲਿਖਿਆ ਹੈ, ‘ਤੂੰ ਆਪਣੇ ਲੋਕਾਂ ਦੇ ਧਾਰਮਿਕ ਆਗੂ ਦੇ ਖ਼ਿਲਾਫ਼ ਬੁਰਾ-ਭਲਾ ਨਾ ਕਹਿ।’”+
6 ਜਦੋਂ ਪੌਲੁਸ ਨੇ ਦੇਖਿਆ ਕਿ ਮਹਾਸਭਾ ਵਿਚ ਅੱਧੇ ਸਦੂਕੀ ਸਨ ਅਤੇ ਅੱਧੇ ਫ਼ਰੀਸੀ, ਤਾਂ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਭਰਾਵੋ, ਮੈਂ ਇਕ ਫ਼ਰੀਸੀ ਹਾਂ+ ਅਤੇ ਮੈਂ ਫ਼ਰੀਸੀਆਂ ਦਾ ਪੁੱਤਰ ਹਾਂ। ਮੇਰੇ ਉੱਤੇ ਇਸ ਕਰਕੇ ਮੁਕੱਦਮਾ ਚਲਾਇਆ ਜਾ ਰਿਹਾ ਹੈ ਕਿਉਂਕਿ ਮੈਂ ਮਰੇ ਹੋਏ ਲੋਕਾਂ ਦੇ ਜੀਉਂਦਾ ਹੋਣ ਦੀ ਉਮੀਦ ਉੱਤੇ ਵਿਸ਼ਵਾਸ ਕਰਦਾ ਹਾਂ।” 7 ਉਸ ਦੀ ਇਸ ਗੱਲ ਕਰਕੇ ਫ਼ਰੀਸੀਆਂ ਅਤੇ ਸਦੂਕੀਆਂ ਦਾ ਆਪਸ ਵਿਚ ਝਗੜਾ ਹੋ ਗਿਆ ਅਤੇ ਉਨ੍ਹਾਂ ਸਾਰਿਆਂ ਵਿਚ ਫੁੱਟ ਪੈ ਗਈ। 8 ਕਿਉਂਕਿ ਸਦੂਕੀ ਕਹਿੰਦੇ ਹਨ ਕਿ ਮਰੇ ਹੋਏ ਜੀਉਂਦੇ ਨਹੀਂ ਹੋਣਗੇ ਅਤੇ ਦੂਤ ਤੇ ਸਵਰਗੀ ਪ੍ਰਾਣੀ ਨਹੀਂ ਹੁੰਦੇ, ਪਰ ਫ਼ਰੀਸੀ ਇਨ੍ਹਾਂ ਸਾਰੀਆਂ ਗੱਲਾਂ ਨੂੰ ਮੰਨਦੇ ਹਨ।+ 9 ਇਸ ਲਈ ਉੱਥੇ ਬਹੁਤ ਜ਼ਿਆਦਾ ਰੌਲ਼ਾ-ਰੱਪਾ ਪੈਣ ਲੱਗ ਪਿਆ ਅਤੇ ਫ਼ਰੀਸੀਆਂ ਵਿੱਚੋਂ ਕੁਝ ਗ੍ਰੰਥੀ ਉੱਠੇ ਤੇ ਗੁੱਸੇ ਵਿਚ ਲਾਲ-ਪੀਲ਼ੇ ਹੋ ਕੇ ਕਹਿਣ ਲੱਗੇ: “ਅਸੀਂ ਦੇਖ ਲਿਆ ਹੈ ਕਿ ਇਸ ਆਦਮੀ ਨੇ ਕੋਈ ਗੁਨਾਹ ਨਹੀਂ ਕੀਤਾ, ਪਰ ਜੇ ਕਿਸੇ ਸਵਰਗੀ ਪ੍ਰਾਣੀ ਜਾਂ ਦੂਤ ਨੇ ਇਸ ਨਾਲ ਗੱਲ ਕੀਤੀ ਹੈ,+ ਤਾਂ ਫਿਰ . . .।” 10 ਜਦੋਂ ਝਗੜਾ ਬਹੁਤ ਜ਼ਿਆਦਾ ਵਧ ਗਿਆ, ਤਾਂ ਫ਼ੌਜ ਦਾ ਸੈਨਾਪਤੀ ਡਰ ਗਿਆ ਕਿ ਕਿਤੇ ਉਹ ਪੌਲੁਸ ਦੇ ਟੋਟੇ-ਟੋਟੇ ਨਾ ਕਰ ਦੇਣ। ਇਸ ਲਈ ਉਸ ਨੇ ਫ਼ੌਜੀਆਂ ਨੂੰ ਹੁਕਮ ਦਿੱਤਾ ਕਿ ਉਹ ਜਾ ਕੇ ਪੌਲੁਸ ਨੂੰ ਉਨ੍ਹਾਂ ਦੇ ਵਿੱਚੋਂ ਕੱਢ ਲਿਆਉਣ ਅਤੇ ਫ਼ੌਜੀਆਂ ਦੇ ਰਹਿਣ ਦੀ ਜਗ੍ਹਾ ਲੈ ਜਾਣ।
11 ਉਸੇ ਰਾਤ ਪ੍ਰਭੂ ਨੇ ਉਸ ਕੋਲ ਆ ਕੇ ਕਿਹਾ: “ਹੌਸਲਾ ਰੱਖ!+ ਜਿਵੇਂ ਤੂੰ ਯਰੂਸ਼ਲਮ ਵਿਚ ਮੇਰੇ ਬਾਰੇ ਚੰਗੀ ਤਰ੍ਹਾਂ ਗਵਾਹੀ ਦਿੱਤੀ ਹੈ, ਉਸੇ ਤਰ੍ਹਾਂ ਤੂੰ ਰੋਮ ਵਿਚ ਵੀ ਗਵਾਹੀ ਦੇਣੀ ਹੈ।”+
12 ਫਿਰ ਜਦੋਂ ਦਿਨ ਚੜ੍ਹਿਆ, ਤਾਂ ਯਹੂਦੀਆਂ ਨੇ ਸਾਜ਼ਸ਼ ਘੜੀ ਅਤੇ ਇਹ ਸਹੁੰ ਖਾਧੀ ਕਿ ਜਦ ਤਕ ਉਹ ਪੌਲੁਸ ਨੂੰ ਮਾਰ ਨਹੀਂ ਦਿੰਦੇ, ਉਦੋਂ ਤਕ ਜੇ ਉਨ੍ਹਾਂ ਨੇ ਕੁਝ ਖਾਧਾ-ਪੀਤਾ, ਤਾਂ ਉਨ੍ਹਾਂ ਨੂੰ ਸਰਾਪ ਲੱਗੇ। 13 ਇਹ ਸਹੁੰ ਖਾ ਕੇ ਸਾਜ਼ਸ਼ ਘੜਨ ਵਾਲੇ 40 ਤੋਂ ਵੱਧ ਆਦਮੀ ਸਨ। 14 ਉਨ੍ਹਾਂ ਨੇ ਮੁੱਖ ਪੁਜਾਰੀਆਂ ਅਤੇ ਬਜ਼ੁਰਗਾਂ ਕੋਲ ਜਾ ਕੇ ਕਿਹਾ: “ਅਸੀਂ ਸਹੁੰ ਖਾਧੀ ਹੈ ਕਿ ਜੇ ਅਸੀਂ ਉਦੋਂ ਤਕ ਕੁਝ ਖਾਈਏ ਜਦ ਤਕ ਅਸੀਂ ਪੌਲੁਸ ਨੂੰ ਮਾਰ ਨਾ ਦੇਈਏ, ਤਾਂ ਸਾਨੂੰ ਸਰਾਪ ਲੱਗੇ। 15 ਇਸ ਲਈ ਤੁਸੀਂ ਹੁਣ ਮਹਾਸਭਾ ਨਾਲ ਰਲ਼ ਕੇ ਫ਼ੌਜ ਦੇ ਸੈਨਾਪਤੀ ਨੂੰ ਕਹੋ ਕਿ ਉਹ ਪੌਲੁਸ ਨੂੰ ਤੁਹਾਡੇ ਕੋਲ ਲੈ ਆਵੇ, ਮਾਨੋ ਤੁਸੀਂ ਪੌਲੁਸ ਤੋਂ ਚੰਗੀ ਤਰ੍ਹਾਂ ਪੁੱਛ-ਗਿੱਛ ਕਰਨੀ ਚਾਹੁੰਦੇ ਹੋ। ਪਰ ਤੁਹਾਡੇ ਕੋਲ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਅਸੀਂ ਉਸ ਨੂੰ ਖ਼ਤਮ ਕਰਨ ਲਈ ਤਿਆਰ ਬੈਠੇ ਹੋਵਾਂਗੇ।”
16 ਪਰ ਪੌਲੁਸ ਦੇ ਭਾਣਜੇ ਨੇ ਸੁਣ ਲਿਆ ਕਿ ਉਹ ਘਾਤ ਲਾ ਕੇ ਪੌਲੁਸ ʼਤੇ ਹਮਲਾ ਕਰਨਗੇ, ਇਸ ਕਰਕੇ ਉਸ ਨੇ ਫ਼ੌਜੀਆਂ ਦੇ ਰਹਿਣ ਵਾਲੀ ਜਗ੍ਹਾ ਜਾ ਕੇ ਪੌਲੁਸ ਨੂੰ ਸਾਰੀ ਗੱਲ ਦੱਸ ਦਿੱਤੀ। 17 ਫਿਰ ਪੌਲੁਸ ਨੇ ਇਕ ਫ਼ੌਜੀ ਅਫ਼ਸਰ ਨੂੰ ਕੋਲ ਸੱਦ ਕੇ ਕਿਹਾ: “ਇਸ ਨੌਜਵਾਨ ਨੂੰ ਫ਼ੌਜ ਦੇ ਸੈਨਾਪਤੀ ਕੋਲ ਲੈ ਜਾ, ਇਹ ਉਸ ਨੂੰ ਕੁਝ ਦੱਸਣਾ ਚਾਹੁੰਦਾ ਹੈ।” 18 ਇਸ ਲਈ ਉਹ ਉਸ ਨੂੰ ਫ਼ੌਜ ਦੇ ਸੈਨਾਪਤੀ ਕੋਲ ਲੈ ਗਿਆ ਅਤੇ ਉਸ ਨੇ ਕਿਹਾ: “ਕੈਦੀ ਪੌਲੁਸ ਨੇ ਮੈਨੂੰ ਸੱਦ ਕੇ ਬੇਨਤੀ ਕੀਤੀ ਕਿ ਮੈਂ ਇਸ ਨੌਜਵਾਨ ਨੂੰ ਤੇਰੇ ਕੋਲ ਲੈ ਆਵਾਂ ਕਿਉਂਕਿ ਇਹ ਤੈਨੂੰ ਕੁਝ ਦੱਸਣਾ ਚਾਹੁੰਦਾ ਹੈ।” 19 ਫ਼ੌਜ ਦਾ ਸੈਨਾਪਤੀ ਉਸ ਨੂੰ ਹੱਥੋਂ ਫੜ ਕੇ ਇਕ ਪਾਸੇ ਲੈ ਗਿਆ ਅਤੇ ਪੁੱਛਿਆ: “ਤੂੰ ਮੈਨੂੰ ਕੀ ਦੱਸਣਾ ਚਾਹੁੰਦਾ ਹੈਂ?” 20 ਉਸ ਨੇ ਕਿਹਾ: “ਯਹੂਦੀਆਂ ਨੇ ਤੈਅ ਕੀਤਾ ਹੈ ਕਿ ਉਹ ਤੈਨੂੰ ਬੇਨਤੀ ਕਰਨਗੇ ਕਿ ਤੂੰ ਕੱਲ੍ਹ ਪੌਲੁਸ ਨੂੰ ਮਹਾਸਭਾ ਵਿਚ ਲਿਆਵੇਂ, ਮਾਨੋ ਉਹ ਉਸ ਦੇ ਮਾਮਲੇ ਬਾਰੇ ਹੋਰ ਜਾਣਨਾ ਚਾਹੁੰਦੇ ਹੋਣ।+ 21 ਪਰ ਤੂੰ ਉਨ੍ਹਾਂ ਦੀ ਗੱਲ ਨਾ ਮੰਨੀ ਕਿਉਂਕਿ ਉਨ੍ਹਾਂ ਦੇ 40 ਤੋਂ ਜ਼ਿਆਦਾ ਆਦਮੀ ਘਾਤ ਲਾ ਕੇ ਉਸ ਉੱਤੇ ਹਮਲਾ ਕਰਨਗੇ ਅਤੇ ਉਨ੍ਹਾਂ ਨੇ ਸਹੁੰ ਖਾਧੀ ਹੈ ਕਿ ਜੇ ਉਹ ਉਦੋਂ ਤਕ ਕੁਝ ਖਾਣ-ਪੀਣ ਜਦੋਂ ਤਕ ਉਹ ਪੌਲੁਸ ਨੂੰ ਜਾਨੋਂ ਨਹੀਂ ਮਾਰ ਦਿੰਦੇ, ਤਾਂ ਉਨ੍ਹਾਂ ਨੂੰ ਸਰਾਪ ਲੱਗੇ;+ ਉਹ ਤਿਆਰ-ਬਰ-ਤਿਆਰ ਬੈਠੇ ਹਨ ਅਤੇ ਉਡੀਕ ਕਰ ਰਹੇ ਹਨ ਕਿ ਤੂੰ ਉਨ੍ਹਾਂ ਦੀ ਬੇਨਤੀ ਨੂੰ ਮਨਜ਼ੂਰ ਕਰੇਂ।” 22 ਇਸ ਲਈ ਫ਼ੌਜ ਦੇ ਸੈਨਾਪਤੀ ਨੇ ਇਹ ਹੁਕਮ ਦੇ ਕੇ ਉਸ ਨੌਜਵਾਨ ਨੂੰ ਘੱਲ ਦਿੱਤਾ: “ਤੂੰ ਕਿਸੇ ਨੂੰ ਵੀ ਇਹ ਨਾ ਦੱਸੀਂ ਕਿ ਤੂੰ ਮੈਨੂੰ ਇਹ ਖ਼ਬਰ ਦਿੱਤੀ ਹੈ।”
23 ਫਿਰ ਉਸ ਨੇ ਦੋ ਫ਼ੌਜੀ ਅਫ਼ਸਰਾਂ ਨੂੰ ਬੁਲਾ ਕੇ ਕਿਹਾ: “ਆਪਣੇ ਨਾਲ 200 ਫ਼ੌਜੀ, 70 ਘੋੜਸਵਾਰ ਤੇ 200 ਬਰਛਾਧਾਰੀ ਲੈ ਕੇ ਰਾਤ ਨੂੰ 9 ਵਜੇ* ਸਿੱਧੇ ਕੈਸਰੀਆ ਨੂੰ ਚਲੇ ਜਾਓ। 24 ਨਾਲੇ ਪੌਲੁਸ ਦੀ ਸਵਾਰੀ ਵਾਸਤੇ ਵੀ ਘੋੜੇ ਲਓ ਅਤੇ ਉਸ ਨੂੰ ਰਾਜਪਾਲ ਫ਼ੇਲਿਕਸ ਕੋਲ ਸੁਰੱਖਿਅਤ ਲੈ ਜਾਓ।” 25 ਅਤੇ ਉਸ ਨੇ ਇਕ ਚਿੱਠੀ ਵਿਚ ਇਸ ਤਰ੍ਹਾਂ ਲਿਖਿਆ:
26 “ਮੈਂ ਕਲੋਡੀਉਸ ਲੁਸੀਅਸ, ਹਜ਼ੂਰ ਰਾਜਪਾਲ ਫ਼ੇਲਿਕਸ ਨੂੰ ਚਿੱਠੀ ਲਿਖ ਰਿਹਾ ਹਾਂ: ਨਮਸਕਾਰ! 27 ਯਹੂਦੀਆਂ ਨੇ ਇਸ ਆਦਮੀ ਨੂੰ ਫੜਿਆ ਹੋਇਆ ਸੀ ਅਤੇ ਉਹ ਇਸ ਨੂੰ ਜਾਨੋਂ ਮਾਰਨ ਹੀ ਵਾਲੇ ਸਨ ਕਿ ਮੈਂ ਉੱਥੇ ਫਟਾਫਟ ਆਪਣੇ ਫ਼ੌਜੀਆਂ ਨਾਲ ਪਹੁੰਚ ਗਿਆ ਅਤੇ ਇਸ ਨੂੰ ਬਚਾ ਲਿਆ+ ਕਿਉਂਕਿ ਮੈਨੂੰ ਪਤਾ ਲੱਗਾ ਕਿ ਇਹ ਰੋਮੀ ਨਾਗਰਿਕ ਹੈ।+ 28 ਮੈਂ ਜਾਣਨਾ ਚਾਹੁੰਦਾ ਸੀ ਕਿ ਯਹੂਦੀ ਇਸ ਉੱਤੇ ਕਿਹੜਾ ਦੋਸ਼ ਲਾ ਰਹੇ ਸਨ, ਇਸ ਲਈ ਮੈਂ ਇਸ ਨੂੰ ਉਨ੍ਹਾਂ ਦੀ ਮਹਾਸਭਾ ਸਾਮ੍ਹਣੇ ਪੇਸ਼ ਕੀਤਾ।+ 29 ਮੈਂ ਦੇਖਿਆ ਕਿ ਉਹ ਇਸ ਉੱਤੇ ਆਪਣੇ ਕਾਨੂੰਨ ਸੰਬੰਧੀ ਦੋਸ਼ ਲਾ ਰਹੇ ਸਨ,+ ਪਰ ਅਜਿਹਾ ਕੋਈ ਦੋਸ਼ ਸਾਬਤ ਨਹੀਂ ਕਰ ਸਕੇ ਜਿਸ ਕਰਕੇ ਇਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਜਾਂ ਕੈਦ ਵਿਚ ਸੁੱਟਿਆ ਜਾਵੇ। 30 ਪਰ ਮੈਨੂੰ ਸੂਚਨਾ ਮਿਲੀ ਕਿ ਇਸ ਨੂੰ ਜਾਨੋਂ ਮਾਰਨ ਦੀ ਸਾਜ਼ਸ਼ ਘੜੀ ਗਈ ਹੈ,+ ਇਸ ਲਈ ਮੈਂ ਤੁਰੰਤ ਇਸ ਨੂੰ ਤੇਰੇ ਕੋਲ ਘੱਲ ਰਿਹਾ ਹਾਂ ਅਤੇ ਇਸ ਉੱਤੇ ਦੋਸ਼ ਲਾਉਣ ਵਾਲਿਆਂ ਨੂੰ ਵੀ ਹੁਕਮ ਦਿੱਤਾ ਹੈ ਕਿ ਉਹ ਤੇਰੇ ਸਾਮ੍ਹਣੇ ਪੇਸ਼ ਹੋ ਕੇ ਇਸ ਉੱਤੇ ਦੋਸ਼ ਲਾਉਣ।”
31 ਇਸ ਲਈ ਫ਼ੌਜੀ ਇਸ ਹੁਕਮ ਅਨੁਸਾਰ ਪੌਲੁਸ+ ਨੂੰ ਨਾਲ ਲੈ ਕੇ ਰਾਤੋ-ਰਾਤ ਅੰਤਿਪਤ੍ਰਿਸ ਆ ਗਏ। 32 ਅਗਲੇ ਦਿਨ ਉਨ੍ਹਾਂ ਨੇ ਘੋੜਸਵਾਰਾਂ ਨੂੰ ਉਸ ਨਾਲ ਅੱਗੇ ਜਾਣ ਦਿੱਤਾ, ਪਰ ਉਹ ਆਪ ਫ਼ੌਜੀਆਂ ਦੇ ਰਹਿਣ ਦੀ ਜਗ੍ਹਾ ਵਾਪਸ ਮੁੜ ਗਏ। 33 ਘੋੜਸਵਾਰਾਂ ਨੇ ਕੈਸਰੀਆ ਪਹੁੰਚ ਕੇ ਰਾਜਪਾਲ ਨੂੰ ਚਿੱਠੀ ਦੇ ਦਿੱਤੀ ਅਤੇ ਪੌਲੁਸ ਨੂੰ ਵੀ ਉਸ ਅੱਗੇ ਪੇਸ਼ ਕੀਤਾ। 34 ਰਾਜਪਾਲ ਨੇ ਚਿੱਠੀ ਪੜ੍ਹੀ ਅਤੇ ਉਸ ਤੋਂ ਪੁੱਛਿਆ ਕਿ ਉਹ ਕਿਹੜੇ ਜ਼ਿਲ੍ਹੇ ਤੋਂ ਸੀ ਅਤੇ ਜਾਣਿਆ ਕਿ ਉਹ ਕਿਲਿਕੀਆ ਜ਼ਿਲ੍ਹੇ ਤੋਂ ਸੀ।+ 35 ਫਿਰ ਉਸ ਨੇ ਕਿਹਾ: “ਜਦੋਂ ਤੇਰੇ ਉੱਤੇ ਦੋਸ਼ ਲਾਉਣ ਵਾਲੇ ਲੋਕ ਆ ਜਾਣਗੇ,+ ਉਦੋਂ ਮੈਂ ਤੈਨੂੰ ਆਪਣੀ ਸਫ਼ਾਈ ਪੇਸ਼ ਕਰਨ ਦਾ ਪੂਰਾ-ਪੂਰਾ ਮੌਕਾ ਦਿਆਂਗਾ।” ਉਸ ਨੇ ਹੁਕਮ ਦਿੱਤਾ ਕਿ ਉਸ ਨੂੰ ਹੇਰੋਦੇਸ ਦੇ ਮਹਿਲ ਵਿਚ ਪਹਿਰੇ ਅਧੀਨ ਰੱਖਿਆ ਜਾਵੇ।